Thursday, 16 February 2012

ਈਰਾਨ ਨੇ ਦਿਖਾਈ ਪ੍ਰਮਾਣੂ ਤਾਕਤ
ਯੂਰਪ ਦੇ 6 ਦੇਸ਼ਾਂ ਨੂੰ ਤੇਲ ਸਪਲਾਈ ਬੰਦ
ਤਹਿਰਾਨ, -ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਨੇ ਅੱਜ ਨਵਾਂ ਮੋੜ ਲੈ ਲਿਆ ਹੈ ਅਤੇ ਈਰਾਨ ਨੇ ਯੂਰਪੀਨ ਯੂਨੀਅਨ ਦੇ 6 ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਹੈ ਕਿ ਤਹਿਰਾਨ ਨੇ ਯੂਰੇਨੀਅਮ ਨਾਲ ਬਣੇ ਸੈਂਟਰੀਫਿਊਜ਼ ਅਤੇ ਪ੍ਰਮਾਣੂ ਪ੍ਰੋਗਰਾਮ ਲਈ ਬਾਲਣ ਦੀ ਪਲੇਟ ਬਣਾ ਲਈ ਹੈ। ਇਸ ਖਬਰ ਤੋਂ ਨਾਰਾਜ਼ ਅਮਰੀਕਾ ਨੇ ਸਾਰਿਆਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਰਾਨ ਨਾਲ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਕਰੇ। ਇਸ ਦੇ ਜਵਾਬ ਵਿਚ ਈਰਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਜ਼ਿਆਦਾ ਦਮ ਨਹੀਂ ਅਤੇ ਜੇ ਕਰ ਜ਼ਰੂਰਤ ਪਈ ਤਾਂ ਈਰਾਨ ਉਸ ਨੂੰ ਸਬਕ ਸਿਖਾ ਸਕਦਾ ਹੈ। ਇਸੇ ਦੌਰਾਨ ਈਰਾਨ ਨੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਯੂਰਪੀਨ ਦੇਸ਼ ਸਾਨੂੰ ਪ੍ਰਮਾਣੂ ਤਾਕਤ ਬਣਨ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਪ੍ਰਮਾਣੂ ਹਥਿਆਰ ਹਨ ਉਹੀ ਸਾਡੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਹਨ। ਇਸੇ ਦੌਰਾਨ ਈਰਾਨ ਦੇ ਤੇਲ ਮੰਤਰਾਲੇ ਨੇ ਕਿਹਾ ਹੈ ਕਿ ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਟੀ. ਵੀ. ਰਿਪੋਰਟ ਵਿਚ ਕਿਹਾ ਗਿਆ ਸੀ ਕਿ ਈਰਾਨ ਨੇ ਫਰਾਂਸ, ਪੁਰਤਗਾਲ, ਇਟਲੀ, ਗਰੀਸ, ਨੀਂਦਰਲੈਂਡ ਅਤੇ ਸਪੇਨ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਹੈ।

ਖੇਤੀਬਾੜੀ ਉਤਪਾਦਨ ਵਧਾਉਣ ਦੀ ਲੋੜ-ਮਨਮੋਹਨ ਸਿੰਘ
ਮੀਂਹ 'ਤੇ ਨਿਰਭਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਨਾਜ ਉਤਪਾਦਨ ਵਧਾਉਣ ਦੀ ਲੋੜ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਫਸਲੀ ਵਿਭਿੰਨਤਾ ਜ਼ਰੂਰੀ ਹੈ। ਉਨ੍ਹਾਂ ਨੇ ਟੀਚੇ ਦੀ ਪ੍ਰਾਪਤੀ ਲਈ ਖੋਜ ਤੇ ਵਿਕਾਸ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਉਪਰ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਇਥੇ ਰਾਸ਼ਟਰਪਤੀ ਭਵਨ ਵਿਖੇ ਖੇਤੀਬਾੜੀ ਬਾਰੇ ਹੋਈ ਇਕ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2020-2021 ਵਿਚ ਅਨਾਜ਼ ਦੀ ਮੰਗ ਦੀ ਪੂਰਤੀ ਲਈ ਖੇਤੀਬਾੜੀ ਉਤਪਾਦਨ ਵਿਚ ਪ੍ਰਤੀ ਸਾਲ ਘਟੋ ਘੱਟ 2% ਵਾਧਾ ਕਰਨ ਦੀ ਲੋੜ ਹੈ ਪਰੰਤੂ 1995-96 ਤੋਂ 2004-05 ਤੱਕ 10 ਸਾਲਾਂ ਵਿਚ ਔਸਤ ਵਾਧਾ ਕੇਵਲ 1% ਸਾਲਾਨਾ ਹੀ ਰਿਹਾ ਹੈ। ਉਨ੍ਹਾਂ ਕਿਹਾ ਹਾਲਾਂ ਕਿ ਪਿੱਛਲੇ ਸਾਲਾਂ ਦੌਰਾਨ ਅਨਾਜ ਉਤਪਾਦਨ ਨੇ ਰਫਤਾਰ ਫੜੀ ਹੈ ਪਰ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਬਹੁਤ ਤੇਜੀ ਨਾਲ ਵਧ ਰਹੀ ਮੰਗ ਨੂੰ ਮੁੱਖ ਰਖਦਿਆਂ ਇਸ ਵਾਧੇ 'ਤੇ ਸੰਤਸ਼ੁਟੀ ਨਹੀਂ ਕੀਤੀ ਜਾ ਸਕਦੀ। ਇਸ ਲਈ ਅਨਾਜ ਉਤਪਾਦਨ ਹੇਠਲੇ ਰਕਬੇ ਨੂੰ ਹੋਰ ਫਸਲਾਂ ਦੇ ਉਤਪਾਦਨ ਹੇਠ ਤਬਦੀਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਖੇਤੀਬਾੜੀ ਉਤਪਾਦਨ ਦਾ ਕਾਫੀ ਹਿੱਸਾ ਖੋਜਾਂ ਤੇ ਵਿਕਾਸ ਕੋਸ਼ਿਸ਼ਾਂ ਰਾਹੀਂ ਪੈਦਾ ਹੋਵੇਗਾ ਜਿਸ ਲਈ ਨਵੀਆਂ ਤਕਨੀਕਾਂ ਤੇ ਉਤਪਾਦਨ ਪ੍ਰਾਸੈਸ ਬਾਰੇ ਨਵੀਆਂ ਖੋਜਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਮੀਂਹ 'ਤੇ ਨਿਰਭਰ ਖੇਤਰਾਂ ਜਿਥੇ ਲਗਾਤਾਰ ਉਤਪਾਦਨ ਘੱਟ ਰਹਿ ਰਿਹਾ ਹੈ, ਵੱਲ ਵਿਸ਼ੇਸ਼ ਧਿਆਨ ਦੇਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਂਹ ਉਪਰ ਨਿਰਭਰ ਖੇਤਰਾਂ ਵਿਚ ਖੇਤੀ ਨਿਰੰਤਰ ਇਕ ਜੂਆ ਬਣੀ ਹੋਈ ਹੈ ਤੇ ਇਨ੍ਹਾਂ ਖੇਤਰਾਂ ਵਿਚ ਉਤਪਾਦਨ ਹਰ ਹਾਲਤ ਵਿਚ ਵਧਾਇਆ ਜਾਣਾ ਚਾਹੀਦਾ ਹੈ। ਦੇਸ਼ ਦੇ ਕੁਲ ਖੇਤੀ ਰਕਬੇ ਦਾ 60% ਦੇ ਆਸਪਾਸ ਖੇਤਰ ਮੀਂਹ 'ਤੇ ਨਿਰਭਰ ਹੈ ਤੇ ਇਹ ਖੇਤਰ ਤੇਲੀ ਫਸਲਾਂ ਤੇ ਦਾਲਾਂ ਦੇ ਉਤਪਾਦਨ ਵਿਚ 80% ਤੋਂ ਵਧ ਹਿੱਸਾ ਪਾਉਂਦਾ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਗਠਿਤ ਕੀਤੀਆਂ 3 ਕੋਰ ਕਮੇਟੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਆਪਣੀਆਂ ਰਿਪੋਰਟਾਂ ਸੌਂਪ ਦਿੱਤੀਆਂ ਹਨ ਤੇ ਖੁਰਾਕ ਤੇ ਖੇਤੀਬਾੜੀ ਮੰਤਰਾਲੇ ਵੱਲੋਂ ਇਨ੍ਹਾਂ ਦਾ ਨਰੀਖਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸਿਫਾਰਿਸ਼ਾਂ ਪ੍ਰਵਾਨ ਕਰਨ ਯੋਗ ਹਨ ਤੇ ਇਸ ਸਬੰਧੀ ਕਾਰਵਾਈ ਜਾਂ ਤਾਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਾਂ ਫਿਰ ਹੋ ਰਹੀ ਹੈ।

ਸੰਗਰੂਰ/ ਧੂਰੀ,-ਇਥੋਂ ਨੇੜਲੇ ਪਿੰਡ ਬੇਨੜਾ ਲਾਗੇ ਇਕ ਮਾਨਵ ਰਹਿਤ ਰੇਲਵੇ ਫਾਟਕ ਉਤੇ ਹੋਏ ਹਾਦਸੇ ਦੌਰਾਨ 5 ਔਰਤਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਰੇਲਵੇ ਪੁਲਿਸ ਧੂਰੀ ਦੇ ਇੰਚਾਰਜ ਸ੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਜਾਖਲ ਤੋਂ ਸ਼ਾਮੀਂ 5 ਵਜੇ ਦੇ ਕਰੀਬ ਯਾਤਰੂ ਰੇਲ ਗੱਡੀ ਜਿਉਂ ਹੀ ਪਿੰਡ ਦੇ ਮਾਨਵ ਰਹਿਤ ਫਾਟਕ ਪਾਸ ਪੁੱਜੀ ਤਾਂ ਪਿੰਡ ਸਾਰੋਂ ਲਾਗਲੇ ਕੈਨੇਡਾ ਫਾਰਮ ਹਾਊਸ ਵਿਚ ਵਿਆਹ ਤੋਂ ਵਾਪਸ ਪਰਤ ਰਹੇ 7 ਬਰਾਤੀਆਂ ਵਾਲੀ ਇੰਡੀਕਾ ਕਾਰ ਰੇਲ ਗੱਡੀ ਦੀ ਲਪੇਟ ਵਿਚ ਆ ਗਈ। ਮ੍ਰਿਤਕ ਪਿੰਡ ਕਾਉਂਕੇ ਕਲਾਂ (ਜਗਰਾਓਂ) ਦੇ ਵਸਨੀਕ ਦੱਸੇ ਗਏ ਹਨ। ਇਹ ਕਾਰ ਸਵਾਰ ਪਿੰਡ ਧੂਰਾ ਦੇ ਬਲਵਿੰਦਰ ਸਿੰਘ ਦੀ ਲੜਕੀ ਨੂੰ ਵਿਆਹ ਕੇ ਵਾਪਸ ਪਰਤ ਰਹੇ ਸਨ। ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਧੂਰੀ ਸ੍ਰੀ ਭੁਪਿੰਦਰ ਮੋਹਨ ਸਿੰਘ, ਡੀ.ਐਸ.ਪੀ ਸ੍ਰੀ ਕੰਵਲਪ੍ਰੀਤ ਸਿੰਘ ਚਹਿਲ, ਐਸ.ਐਚ.ਓ. ਸਿਟੀ ਸ੍ਰੀ ਸਤਪਾਲ ਸ਼ਰਮਾ, ਸ੍ਰੀ ਸੂਰਤ ਸਿੰਘ ਇੰਚਾਰਜ ਰੇਲਵੇ ਪੁਲਿਸ ਫੋਰਸ ਅਤੇ ਹੋਰ ਅਧਿਕਾਰੀਆਂ ਨੇ ਮ੍ਰਿਤਕਾਂ ਨੂੰ ਸੰਭਾਲਣ ਲਈ ਫੁਰਤੀ ਵਿਖਾਈ। ਮ੍ਰਿਤਕਾਂ ਵਿਚ ਲਾੜੇ ਸੁਰਜੀਤ ਸਿੰਘ ਦੀ ਮਾਂ ਸੁਰਿੰਦਰ ਕੌਰ ਕਰਤਾਰੋ, ਲਾੜੇ ਦੀ ਭੈਣ ਮਨਦੀਪ ਕੌਰ ਮੋਨਾ, ਦੋ ਚਚੇਰੀਆਂ ਭੈਣਾਂ ਗੁਰਦੀਪ ਕੌਰ ਅਤੇ ਅਮਨਦੀਪ ਕੌਰ, ਇਕ ਤਾਈ ਅਤੇ ਕਾਰ ਚਾਲਕ ਸਾਧੂ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਇਕ ਚਚੇਰੀ ਭੈਣ ਹਰਪਿੰਦਰ ਕੌਰ ਪਿੰਡ ਝੰਡਾ ਵਾਲਾ (ਮੋਗਾ) ਨੂੰ ਗੰਭੀਰ ਹਾਲਤ ਵਿਚ ਪਟਿਆਲਾ ਭੇਜ ਦਿੱਤਾ ਗਿਆ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਅਗਲੀ ਕਾਰਵਾਈ ਲਈ ਧੂਰੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਇਹ ਪਰਿਵਾਰ ਭਾਵੇਂ ਦਿੱਲੀ ਵਿਚ ਰਹਿੰਦਾ ਹੈ ਪਰ ਉਹ ਵਿਆਹ ਲਈ ਆਪਣੇ ਪਿਤਰੀ ਪਿੰਡ ਕਾਉਂਕੇ ਵਿਖੇ ਆਇਆ ਹੋਇਆ ਸੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੁਣ ਤੱਕ ਇਸ ਮਾਨਵ ਰਹਿਤ ਰੇਲਵੇ ਫਾਟਕ ਉਤੇ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦੀ ਵਾਰ ਵਾਰ ਮੰਗ ਉਤੇ ਰੇਲਵੇ ਵੱਲੋਂ ਹੁਣ ਇਥੇ ਫਾਟਕ ਲਗਾਉਣ ਦੀ ਪ੍ਰੀਕ੍ਰਿਆ ਆਰੰਭੀ ਹੋਈ ਹੈ। ਗੇਟਮੈਨ ਲਈ ਕਮਰਾ ਬਣਾਏ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਇਥੇ ਫਾਟਕ ਨਹੀਂ ਲਗਾਏ ਗਏ। ਰੇਲਵੇ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਪਟੇਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। 

ਨਵੀਂ ਦਿੱਲੀ- ਦਿੱਲੀ ਹਾਈਕੋਰਟ 'ਚ ਪੇਸ਼ ਕੀਤੀ ਗਈ ਡੀ. ਐੱਨ. ਏ. ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਰੋਹਿਤ ਸ਼ੇਖਰ ਦੀ ਮਾਂ ਦਾ ਪਤੀ ਬੀ. ਪੀ. ਸ਼ਰਮਾ ਰੋਹਿਤ ਦਾ ਅਸਲੀ ਪਿਤਾ ਨਹੀਂ ਹੈ। ਦੱਸਣਯੋਗ ਹੈ ਕਿ ਰੋਹਿਤ ਨੇ ਦਾਅਵਾ ਕੀਤਾ ਹੈ ਕਿ ਇਹ ਕਾਂਗਰਸ ਦੇ ਬਜ਼ੁਰਗ ਨੇਤਾ ਐੱਨ. ਕੇ. ਤਿਵਾੜੀ ਦਾ ਪੁੱਤਰ ਹੈ। ਅਦਾਲਤ ਦੇ ਕਹਿਣ 'ਤੇ ਹੈਦਰਾਬਾਦ ਪ੍ਰਯੋਗਸ਼ਾਲਾ ਵੱਲੋਂ ਕੀਤੀ ਗਈ ਜਾਂਚ ਰਿਪੋਰਟ 'ਚ 31 ਸਾਲਾ ਰੋਹਿਤ ਦੀ ਮਾਂ ਤਾਂ ਉਜਵਲਾ ਹੀ ਹੈ ਪਰ ਪਿਤਾ ਨਾਲ ਉਸ ਦਾ ਡੀ. ਐੱਨ. ਏ. ਮੇਲ ਨਹੀਂ ਖਾਧਾ। ਇਸ ਰਿਪੋਰਟ ਨਾਲ ਰੋਹਿਤ ਦੇ ਉਸ ਦਾਅਵੇ ਨੂੰ ਬਲ ਮਿਲਿਆ ਹੈ ਜਿਸ 'ਚ ਉਸ ਨੇ ਆਪਣਾ ਪਿਤਾ ਐੱਨ. ਡੀ.ਤਿਵਾੜੀ ਨੂੰ ਦੱਸਿਆ ਸੀ। 

ਭਿੱਖੀਵਿੰਡ,-ਇਥੇ ਪਾਮ ਗਾਰਡਨ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਬਰਾਤ ਵਿਚ ਆਏ ਇਕ ਪੁਲਿਸ ਦੇ ਥਾਣੇਦਾਰ ਵੱਲੋਂ ਚਲਾਈ ਗੋਲੀ ਨਾਲ ਆਰਕੈਸਟਰਾ ਦੇ ਅਨਾਊਂਸਰ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਮੌਜੂਦ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਸ: ਗੁਰਚਰਨ ਸਿੰਘ ਨੇ ਦੱਸਿਆ ਕਿ ਜੈਮਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬੱਠੇ ਭੈਣੀ ਥਾਣਾ ਪੱਟੀ ਦੀ ਬਰਾਤ ਆਈ ਸੀ, ਜਿਥੇ ਮੁੰਡੇ ਵਾਲਿਆਂ ਵੱਲੋਂ ਫਰੈਂਡਜ਼ ਆਰਕੈਸਟਰਾ ਤੇ ਡੀ. ਜੇ ਸਿਸਟਮ ਨਕੋਦਰ ਨੂੰ ਪ੍ਰੋਗਰਾਮ ਪੇਸ਼ ਕਰਨ ਲਈ ਸੱਦਿਆ ਸੀ, ਚੱਲ ਰਹੇ ਗਾਣੇ ਦੌਰਾਨ ਵਿਆਹ ਸਮਾਗਮ ਵਿਚ ਮੌਜੂਦ ਪੰਜਾਬ ਪੁਲਿਸ ਦੇ ਥਾਣੇਦਾਰ ਕੁਲਵਿੰਦਰ ਸਿੰਘ ਵਾਸੀ ਬੱਠੇ ਭੈਣੀ ਹਾਲ ਵਾਸੀ ਤਰਨ ਤਾਰਨ ਨੇ ਪਿਸਤੌਲ ਨਾਲ ਤਿੰਨ ਚਾਰ ਫਾਇਰ ਕੀਤੇ, ਜਿੰਨਾਂ ਵਿਚੋਂ ਇਕ ਗੋਲੀ ਆਰਕੈਸਟਰਾ ਦੇ ਅਨਾਊਂਸਰ ਬਲਵੀਰ ਕੁਮਾਰ ਦੀ ਧੌਣ ਦੇ ਪਿਛਲੇ ਪਾਸੇ ਲੱਗੀ ਜੋ ਗੋਲੀ ਵੱਜਦਿਆਂ ਹੀ ਡਿੱਗ ਪਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀ.ਐੱਸ.ਪੀ. ਭਿੱਖੀਵਿੰਡ ਨੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨਾਂ 'ਤੇ ਥਾਣੇਦਾਰ ਕੁਲਵਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। ਦੋਸ਼ੀ ਨੇ ਜਦੋਂ ਗੋਲੀ ਚਲਾਈ, ਉਸ ਸਮੇਂ ਆਰਕੈਸਟਰਾ ਦਾ ਪ੍ਰੋਗਰਾਮ ਖਤਮ ਹੋ ਚੁੱਕਾ ਸੀ ਤੇ ਵਿਆਹ ਵਾਲਾ ਮੁੰਡਾ ਤੇ ਕੁੜੀ ਇਕੱਲੇ ਹੀ ਸਟੇਜ ਦੇ ਬਿਲਕੁਲ ਸਾਹਮਣੇ 'ਅੱਜ ਤੋਂ ਮੈਂ ਹੋ ਗਈ ਤੇਰੀ ਵੇ ਸੋਹਣਿਆ' 'ਤੇ ਨੱਚ ਰਹੇ ਸਨ ਤੇ ਜੇ ਗੋਲੀ ਅਨਾਊਂਸਰ ਦੇ ਨਾ ਲੱਗਦੀ ਤਾਂ ਵਿਆਹ ਵਾਲਾ ਮੁੰਡਾ ਜਾਂ ਕੁੜੀ ਗੋਲੀ ਦੀ ਲਪੇਟ ਵਿਚ ਆ ਸਕਦੇ ਸਨ। ਗੋਲੀ ਚਲਾਉਣ ਵਾਲਾ ਵਿਆਹ ਵਾਲੇ ਮੁੰਡੇ ਦੇ ਸ਼ਰੀਕੇ ਵਿਚੋਂ ਰਿਸ਼ਤੇਦਾਰ ਸੀ।

1984 ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ
ਦੀ ਰਿਹਾਈ ਦੇ ਅਮਲ 'ਤੇ ਰੋਕ

ਸਿੱਖਿਆ ਮੰਤਰੀ ਦੀ ਅਗਵਾਈ 'ਚ ਦਿੱਲੀ ਕਮੇਟੀ ਦੇ ਵਫ਼ਦ
ਵੱਲੋਂ ਉਪ-ਰਾਜਪਾਲ ਨਾਲ ਮੁਲਾਕਾਤ
ਨਵੀਂ ਦਿੱਲੀ, 15 ਫਰਵਰੀ (ਜਗਤਾਰ ਸਿੰਘ)-ਨਵੰਬਰ '84 ਦੇ ਦੌਰਾਨ ਹੋਏ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਦੋਸ਼ੀ ਕਿਸ਼ੋਰੀ ਲਾਲ, ਜਿਸ ਨੂੰ ਦਿੱਲੀ ਹਾਈਕੋਰਟ ਵੱਲੋਂ ਸੱਤ ਵਾਰ ਫਾਂਸੀ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਅਤੇ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ, ਨੂੰ ਦਿੱਲੀ ਦੇ ਉਪ-ਰਾਜਪਾਲ ਵੱਲੋਂ ਰਿਹਾਅ ਕਰ ਦਿੱਤੇ ਜਾਣ ਦੇ ਆਦੇਸ਼ ਜਾਰੀ ਕਰਨ ਦੀ ਖ਼ਬਰ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸਕੱਤਰ ਕਰਤਾਰ ਸਿੰਘ ਕੋਛੜ, ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ 'ਤੇ ਅਧਾਰਿਤ ਇੱਕ ਪ੍ਰਤੀਨਿਧੀ ਮੰਡਲ ਨੇ ਦਿੱਲੀ ਦੇ ਟਰਾਂਸਪੋਰਟ ਅਤੇ ਸਿੱਖਿਆ ਮੰਤਰੀ ਸ: ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਦਿੱਲੀ ਦੇ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ: ਸਰਨਾ ਨੇ ਜਾਣਕਾਰੀ ਦਿੱਤੀ ਕਿ ਪ੍ਰਤੀਨਿਧੀ ਮੰਡਲ ਨੇ ਸ੍ਰੀ ਤੇਜਿੰਦਰ ਖੰਨਾ ਨੂੰ ਦੱਸਿਆ ਕਿ ਕਈ ਸਿੱਖਾਂ ਦੇ ਕਾਤਲ ਕਿਸ਼ੋਰੀ ਨੂੰ ਰਿਹਾਅ ਕਰਨ ਦੇ ਕੀਤੇ ਗਏ ਫੈਸਲੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਹੈ ਜੋ ਸੜਕਾਂ 'ਤੇ ਵੀ ਆ ਸਕਦਾ ਹੈ। ਪ੍ਰਤੀਨਿਧੀ ਮੰਡਲ ਵੱਲੋਂ ਸ: ਸਰਨਾ ਨੇ ਉਪ-ਰਾਜਪਾਲ ਨੂੰ ਦੱਸਿਆ ਕਿ ਇੱਕ ਤਾਂ ਉਸ ਦੀਆਂ ਸੱਤ ਫਾਂਸੀ ਦੀਆਂ ਸਜ਼ਾਵਾਂ ਉਮਰ ਕੈਦ ਵਿੱਚ ਬਦਲ ਦਿੱਤੀਆਂ ਗਈਆਂ, ਜਦਕਿ ਉਸ ਦੇ ਵਿਰੁੱਧ ਅਨੇਕਾਂ ਸਿੱਖਾਂ ਦਾ ਕਤਲ ਕਰਨ ਦਾ ਦੋਸ਼ ਹੈ। ਫਿਰ ਹੁਣ ਉਸ ਨੂੰ ਰਿਹਾਅ ਕਰਕੇ ਸਿੱਖਾਂ ਦੀਆਂ ਭਾਵਨਾਵਾਂ 'ਤੇ ਸੱਟ ਮਾਰੀ ਜਾ ਰਹੀ ਹੈ। ਸ: ਸਰਨਾ ਨੇ ਦੱਸਿਆ ਕਿ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨੇ ਉਨ੍ਹਾਂ ਦੀ ਗੱਲ ਨੂੰ ਬਹੁਤ ਧਿਆਨ ਤੇ ਗੰਭੀਰਤਾ ਨਾਲ ਸੁਣਿਆ ਤੇ ਸਵੀਕਾਰ ਕੀਤਾ ਕਿ ਸਰਕਾਰ ਪਾਸੋਂ ਇਹ ਗਲਤੀ ਹੋਈ ਹੈ, ਜਿਸ ਨੂੰ ਤੁਰੰਤ ਹੀ ਸੁਧਾਰਿਆ ਜਾਏਗਾ। ਉਨ੍ਹਾਂ ਦੱਸਿਆ ਕਿ ਉਪ-ਰਾਜਪਾਲ ਨੇ ਉਨ੍ਹਾਂ ਦੇ ਸਾਹਮਣੇ ਹੀ ਜੇਲ੍ਹ ਅਧਿਕਾਰੀਆਂ ਨੂੰ ਫੋਨ ਕਰਕੇ ਹਿਦਾਇਤ ਕੀਤੀ ਕਿ ਕਿਸ਼ੋਰੀ ਦੀ ਰਿਹਾਈ ਬਾਰੇ ਦਿੱਤੇ ਗਏ ਆਦੇਸ਼ 'ਤੇ ਅਮਲ ਨਾ ਕੀਤਾ ਜਾਏ ਕਿਉਂਕਿ ਇਹ ਆਦੇਸ਼ ਵਾਪਸ ਲਿਆ ਜਾ ਰਿਹਾ ਹੈ। ਸ੍ਰੀ ਖੰਨਾ ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੇ ਵਿਚਾਰਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਏਗਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਏਗਾ।

ਇਸਲਾਮਾਬਾਦ, 15 ਫਰਵਰੀ (ਏਜੰਸੀ)-ਪਾਕਿਸਤਾਨ ਸਰਕਾਰ ਭਾਰਤ ਨਾਲ ਨਾਂਹਪੱਖੀ ਸੂਚੀ ਵਪਾਰ ਪ੍ਰਬੰਧ ਬਾਰੇ ਆਉਣ ਵਾਲੇ 15 ਦਿਨਾਂ 'ਚ ਨਿਰਣਾਕਾਰੀ ਫੈਸਲਾ ਲੈ ਸਕਦੀ ਹੈ। ਅੱਜ ਦੋਵਾਂ ਦੇਸ਼ਾਂ ਵੱਲੋਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਭਾਰਤੀ ਵਪਾਰ ਮੰਤਰੀ ਅਨੰਦ ਕੁਮਾਰ ਸ਼ਰਮਾ ਅਤੇ ਪਾਕਿਸਤਾਨ ਦੇ ਵਪਾਰ ਮੰਤਰੀ ਆਮੀਨ ਫਾਹਿਮ ਵੱਲੋਂ ਆਯਾਤ ਕਰ 'ਚ ਸਹਿਯੋਗ, ਵਪਾਰਕ ਔਕੜਾਂ ਨੂੰ ਦੂਰ ਕਰਨਾ ਤੇ ਵਪਾਰ ਦੇ ਮਿਆਰ ਦੇ ਪੱਧਰ ਨੂੰ ਉੱਚਾ ਚੁੱਕਣ ਵਰਗੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। 120 ਕਾਰੋਬਾਰੀਆਂ ਨੂੰ ਨਾਲ ਲੈ ਕੇ ਪਾਕਿਸਤਾਨ ਗਏ ਮੰਤਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਾਕਿ ਗ੍ਰਹਿ ਮੰਤਰੀ ਨਾਲ ਵੀਜ਼ੇ ਦੇ ਮੁੱਦੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ 1974 'ਚ ਵੀਜ਼ੇ ਦੇ ਨਿਯਮਾਂ ਬਾਰੇ ਦਸਤਖ਼ਤ ਕੀਤੇ ਗਏ ਸਮਝੌਤੇ 'ਚ ਸੁਧਾਰ ਕੀਤਾ ਜਾਵੇਗਾ ਅਤੇ ਇਸ ਬਾਰੇ ਪਾਕਿ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ। 

ਨਵੀਂ ਦਿੱਲੀ,-ਅੰਤਰਰਾਸ਼ਟਰੀ ਹਵਾਈ ਅੱਡਾ ਕੌਂਸਲ ਦੇ ਹਵਾਈ ਅੱਡਾ ਦਰਜਾਬੰਦੀ ਵਿਭਾਗ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਸ਼ਵ ਦੇ ਦੂਸਰੇ ਸਭ ਤੋਂ ਬਿਹਤਰੀਨ ਹਵਾਈ ਅੱਡੇ ਦਾ ਦਰਜਾ ਦਿੱਤਾ ਹੈ। ਇੰਦਰਾ ਗਾਂਧੀ ਅੰਤਰਤਾਸ਼ਟਰੀ ਹਵਾਈ ਅੱਡੇ ਨੂੰ 2011 'ਚ 6ਵੀਂ ਦਰਜਾਬੰਦੀ ਮਿਲੀ ਸੀ ਅਤੇ 2007 'ਚ ਇਹ ਹਵਾਈ ਅੱਡਾ ਵਿਸ਼ਵ ਦੇ ਬਿਹਤਰੀਨ 100 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਇਹ ਹਵਾਈ ਅੱਡਾ ਹੁਣ ਸਾਲਾਨਾ 6 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ।

ਨਵੀਂ ਦਿੱਲੀ, -ਸੁਪਰੀਮ ਕੋਰਟ ਨੇ ਅੱਜ ਵਿਸ਼ੇਸ਼ ਜੱਜ ਓ ਪੀ ਸੈਣੀ ਦੀ ਅਦਾਲਤ ਵਿਚ ਸੁਣਵਾਈ ਅਧੀਨ 2-ਜੀ ਸਪੈਕਟਰਮ ਘੁਟਾਲੇ ਦੇ ਮਾਮਲੇ 'ਚ ਐਸਾਰ ਤੇ ਲੂਪ ਕੰਪਨੀ ਵਿਰੁੱਧ ਕਾਰਵਾਈ 'ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ ਹਾਲਾਂ ਕਿ ਜੱਜ ਜੀ. ਐਸ ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਵਿਸ਼ੇਸ਼ ਜੱਜ ਪਟਿਆਲਾ ਹਾਊਸ ਅਦਾਲਤ ਨਵੀਂ ਦਿੱਲੀ ਦੇ ਅਦਾਲਤੀ ਖੇਤਰ 'ਤੇ ਸਮਰਥਾ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਸੀ.ਬੀ.ਆਈ ਨੂੰ ਨੋਟਿਸ ਜਾਰੀ ਕਰ ਦਿੱਤਾ। ਉਕਤ ਦੋਨਾਂ ਕੰਪਨੀਆਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਮਾਮਲਾ ਮਜਿਸਟ੍ਰੇਟ ਦੀ ਅਦਾਲਤ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਵਿਰੁੱਧ ਲਾਏ ਦੋਸ਼ਾਂ ਤਹਿਤ ਮਾਮਲਾ ਇਕ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਹੀ ਸੁਣ ਸਕਦੀ ਹੈ।

ਗੁਜਰਾਤ ਹਾਈ ਕੋਰਟ ਵੱਲੋਂ ਮੋਦੀ ਸਰਕਾਰ
ਨੂੰ ਮਾਣਹਾਨੀ ਦਾ ਨੋਟਿਸ

ਗੁਰਬਰਗ ਕੇਸ : ਜ਼ਾਕੀਆ ਨੂੰ ਸੌਂਪੀ ਜਾਵੇਗੀ ਜਾਂਚ ਰਿਪੋਰਟ
ਅਹਿਮਦਾਬਾਦ-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੂਬਾਈ ਹਾਈ ਕੋਰਟ ਨੇ ਸਾਲ 2002 ਵਿਚ ਹੋਏ ਫਿਰਕੂ ਦੰਗਿਆਂ ਦੌਰਾਨ 56 ਵਿਅਕਤੀਆਂ ਜਿਨ੍ਹਾਂ ਦੀਆਂ ਦੁਕਾਨਾਂ ਤਬਾਹ ਹੋ ਗਈਆਂ ਸਨ, ਨੂੰ ਮੁਆਵਜ਼ਾ ਦੇਣ ਵਿਚ ਦੇਰੀ ਕਰਨ ਦੇ ਮਾਮਲੇ ਵਿਚ ਮੋਦੀ ਸਰਕਾਰ ਨੂੰ ਅਦਾਲਤੀ ਅਵੱਗਿਆ ਲਈ ਨੋਟਿਸ ਜਾਰੀ ਕੀਤਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਹਾਈ ਕੋਰਟ ਨੇ ਭਾਜਪਾ ਸਰਕਾਰ ਦੀ ਇਸ ਗੱਲ ਤੋਂ ਖਿਚਾਈ ਕੀਤੀ ਕਿ ਇਕ ਸਾਲ ਪਹਿਲਾਂ ਅਦਾਲਤੀ ਆਦੇਸ਼ ਜਾਰੀ ਹੋਣ ਦੇ ਬਾਵਜੂਦ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਹਾਈ ਕੋਰਟ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਇਹ ਦੱਸਿਆ ਜਾਵੇ ਕਿ ਹੁਣ ਤੱਕ ਪੀੜਤਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ। ਪਿਛਲੇ ਹਫ਼ਤੇ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਦੰਗਿਆਂ ਦੌਰਾਨ ਨਿਸ਼ਾਨਾ ਬਣਾਏ ਗਏ ਕਰੀਬ 600 ਧਾਰਮਿਕ ਅਸਥਾਨਾਂ ਦੀ ਮੁਰੰਮਤ ਲਈ ਫੰਡ ਮੁਹੱਈਆ ਕਰਵਾਏ ਜਾਣ।
ਗੁਲਬਰਗ ਮਾਮਲਾ
ਗੁਲਬਰਗਾ ਕੇਸ ਵਿਚ ਅਹਿਮਦਾਬਾਦ ਅਦਾਲਤ ਨੇ ਵਿਸ਼ੇਸ਼ ਜਾਂਚ ਰਿਪੋਰਟ (ਐਸ. ਆਈ. ਟੀ.) ਰਿਪੋਰਟ 'ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਟੀਸ਼ਨ ਦੇਣ ਵਾਲੇ ਜ਼ਾਕੀਆ ਜਾਫ਼ਰੀ ਨੂੰ ਜਾਂਚ ਰਿਪੋਰਟ ਦੀ ਨਕਲ ਸੌਂਪੀ ਜਾਵੇਗੀ। ਰਿਪੋਰਟ ਦੀ ਨਕਲ ਇਕ ਮਹੀਨੇ ਬਾਅਦ ਦਿੱਤੀ ਜਾਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਨਕਲ ਕੇਵਲ ਜ਼ਾਕੀਆ ਨੂੰ ਹੀ ਸੌਂਪੀ ਜਾਵੇਗੀ। ਪਿਛਲੇ ਹਫ਼ਤੇ ਮੀਡੀਆ ਵਿਚ ਆਈ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੀ ਖ਼ਬਰ ਦੇ ਨਾਲ ਐਸ.ਆਈ. ਟੀ. ਨੇ ਪੱਲਾ ਝਾੜ ਲਿਆ ਸੀ। ਉਦੋਂ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਕਿਆਸ ਅਰਾਈਆਂ ਲੱਗ ਰਹੀਆਂ ਹਨ। ਵਿਸ਼ੇਸ਼ ਜਾਂਚ ਟੀਮ ਨੇ ਗੁਲਬਰਗ ਸੁਸਾਇਟੀ ਹੱਤਿਆ ਕਾਂਡ ਨਾਲ ਸਬੰਧਿਤ ਰਿਪੋਰਟ ਨੂੰ ਦੋ ਹਫ਼ਤੇ ਪਹਿਲਾਂ ਹੀ ਹਾਈ ਕੋਰਟ ਨੂੰ ਸੌਂਪ ਦਿੱਤਾ ਸੀ। ਹੁਣ ਇਸ ਫ਼ੈਸਲੇ ਨੂੰ ਲੈ ਕੇ ਸਾਰਿਆਂ ਦੀਆਂ ਅੱਖਾਂ ਅੱਜ ਦੇ ਅਦਾਲਤੀ ਫ਼ੈਸਲੇ 'ਤੇ ਟਿਕੀਆਂ ਸਨ। ਇਸ ਤੋਂ ਪਹਿਲਾਂ ਮੈਟਰੋਪਾਲੀਟਨ ਮਜਿਸਟਰੇਟ ਅਹਿਮਦਾਬਾਦ ਦੀ ਅਦਾਲਤ ਵਿਚ ਸੋਮਵਾਰ ਨੂੰ ਜਾਂਚ ਟੀਮ ਦੀ ਦੰਗਾ ਮਾਮਲਿਆਂ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਲੈ ਕੇ ਬਹਿਸ ਹੋਈ।
ਤਹਿਰਾਨ, -ਇਰਾਨ ਨੇ ਬੈਂਕਾਕ 'ਚ ਹੋਏ ਧਮਾਕਿਆਂ ਦੀ ਆਲੋਚਨਾ ਕੀਤੀ। ਇਨ੍ਹਾਂ ਧਮਾਕਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚ ਇਕ ਇਰਾਨੀ ਵੀ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਮੀਨ ਮਹਿਮਾਨ-ਪਰਸਤ ਨੇ ਇਜ਼ਰਾਈਲ ਵੱਲੋਂ ਇਰਾਨ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਮੰਗਲਵਾਰ ਨੂੰ ਬੈਂਕਾਕ 'ਚ ਹੋਏ ਧਮਾਕਿਆਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ। ਯਾਦ ਰਹੇ ਕਿ ਨਵੀਂ ਦਿੱਲੀ 'ਚ ਸੋਮਵਾਰ ਨੂੰ ਇਜ਼ਰਾਈਲੀ ਦੂਤਘਰ ਦੀ ਇਕ ਕਾਰ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਇਜ਼ਰਾਇਲੀ ਰਾਜਦੂਤ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ। ਉਸੇ ਦਿਨ ਜਾਰਜੀਆ ਦੀ ਰਾਜਧਾਨੀ ਤਬਲਿਸੀ 'ਚ ਇਕ ਹਮਲੇ ਨੂੰ ਉਸ ਸਮੇਂ ਅਸਫਲ ਕਰ ਦਿੱਤਾ ਗਿਆ ਸੀ ਜਦੋਂ ਇਜ਼ਰਾਇਲੀ ਦੂਤ ਘਰ ਦੇ ਇਕ ਜਾਗਰੂਕ ਕਰਮਚਾਰੀ ਨੇ ਆਪਣੀ ਕਾਰ ਦੇ ਥੱਲੇ ਇਕ ਬੰਬ ਲੱਗਿਆ ਹੋਇਆ ਦੇਖਿਆ। ਇਸ ਤੋਂ ਇਕ ਦਿਨ ਬਾਅਦ ਬੈਂਕਾਕ 'ਚ ਤਿੰਨ ਧਮਾਕੇ ਹੋਏ ਅਤੇ ਇਕ ਇਰਾਨੀ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਇਰਾਨੀ ਨੇ ਇਕ ਬੰਬ ਸੁੱਟਿਆ ਸੀ ਜੋ ਇਕ ਦਰੱਖਤ ਨਾਲ ਟਕਰਾ ਕੇ ਉਸ ਦੇ ਕੋਲ ਆ ਕੇ ਫਟ ਗਿਆ। ਇਸ ਘਟਨਾ 'ਚ ਉਸ ਦੇ ਦੋਵੇਂ ਪੈਰ ਉੱਡ ਗਏ।

ਚੰਡੀਗੜ੍ਹ,-ਕਸ਼ਮੀਰ ਅਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਦਾ ਜ਼ੋਰ ਅਜੇ ਜਾਰੀ ਹੈ। ਅਮ੍ਰਿਤਸਰ ਵਿਚ ਘਟੋ ਘੱਟ ਤਾਪਮਾਨ 1.6 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦੋਨਾਂ ਰਾਜਾਂ ਵਿਚ ਸਭ ਤੋਂ ਵਧ ਠੰਡਾ ਰਿਹਾ ਤੇ ਇਥੇ ਘਟੋ ਘੱਟ ਤਾਪਮਾਨ ਸਧਾਰਨ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ। ਪਟਿਆਲਾ ਵਿਚ ਘਟੋ ਘੱਟ ਤਾਪਮਾਨ 5.6 ਡਿਗਰੀ ਰਿਹਾ ਜੋ ਸਧਾਰਨ ਤਾਪਮਾਨ ਦੀ ਤੁਲਨਾ ਵਿਚ 4 ਡਿਗਰੀ ਘੱਟ ਹੈ ਜਦ ਕਿ ਲੁਧਿਆਣਾ ਵਿਚ ਘਟੋ ਘੱਟ ਤਾਪਮਾਨ ਆਮ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ ਤੇ ਇਹ 5 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ਵਿਚ ਘਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 1 ਡਿਗਰੀ ਘੱਟ ਹੈ।

ਸ੍ਰੀਨਗਰ-ਇਲਾਕੇ 'ਚ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਦੇ ਕਾਰਨ ਘੱਟੋ-ਘੱਟ ਤਾਪਮਾਨ ਦੇ ਜੰਮ ਜਾਣ ਵਾਲੇ ਬਿੰਦੂ ਤੋਂ ਕਈ ਡਿਗਰੀ ਹੇਠਾਂ ਚਲੇ ਜਾਣ ਦੇ ਕਾਰਨ ਕਸ਼ਮੀਰ ਇਕ ਵਾਰ ਫੇਰ ਤੋਂ ਠੰਡ ਦੀ ਜਕੜ 'ਚ ਆ ਗਿਆ ਹੈ। ਮੌਸਮ ਵਿਭਾਗ ਦੇ ਦੱਸਿਆ ਕਿ ਸ੍ਰੀਨਗਰ ਸ਼ਹਿਰ 'ਚ ਦੋ ਇੰਚ ਬਰਫ਼ਬਾਰੀ ਅਤੇ 4.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਤੋਂ ਪਾਰਾ ਡਿੱਗ ਕੇ ਸਿਫ਼ਰ ਤੋਂ 1.2 ਡਿਗਰੀ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ 'ਚ ਤਿੰਨ ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਨਾਲ ਤਾਪਮਾਨ ਡਿੱਗ ਕੇ ਸਿਫ਼ਰ ਤੋਂ 14.6 ਡਿਗਰੀ ਸੈਲਸਿਅਸ ਹੇਠਾਂ ਚਲਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 17 ਸੈਂਟੀਮੀਟਰ ਬਰਫ਼ਬਾਰੀ ਅਤੇ 46.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਲਖਨਊ, 15 ਫਰਵਰੀ-ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੀ ਤਰਫ ਤੋਂ ਆਪਣਾ ਨਾਂਅ ਬਦਲੇ ਜਾਣ ਵਿਰੁੱਧ ਕਾਰਵਾਈ ਦੇ ਹੁਕਮ ਦੇਣ ਦੀ ਬੇਨਤੀ ਸਬੰਧੀ ਜਨ ਹਿੱਤ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ। ਜੱਜ ਇਮਤਿਆਜ ਮੁਰਤਜਾ ਅਤੇ ਜੱਜ ਦੇਵੇਂਦਰ ਕੁਮਾਰ ਉਪਾਧਿਆਇ ਦੀ ਬੈਂਚ ਨੇ ਸਭਾਜੀਤ ਸਿੰਘ ਨਾਮਕ ਵਿਅਕਤੀ ਦੀ ਤਰਫ ਤੋਂ ਦਾਖਲ ਇਸ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਅਦਾਲਤ ਇਸ ਪੂਰੇ ਨਤੀਜੇ 'ਤੇ ਪਹੁੰਚਦੀ ਹੈ ਕਿ ਮੌਜੂਦਾ ਅਪੀਲ ਵਿਆਪਕ ਜਨ ਹਿੱਤ ਦਾ ਕੋਈ ਅਜਿਹਾ ਸਵਾਲ ਨਹੀਂ ਉਠਾਉਂਦੀ ਹੈ ਜਿਸ ਨਾਲ ਅਦਾਲਤ ਦੇ ਦਖਲ ਦੀ ਜ਼ਰੂਰਤ ਹੋਵੇ।
ਮਾਮਲਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਹੁਣ 9 ਨੂੰ

ਮਾਨਸਾ- 15 ਫਰਵਰੀ ਸਥਾਨਕ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਕਤਲ ਕਾਂਡ 'ਚ ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੱਖ ਨੌਜਵਾਨਾਂ ਦੀ ਮੁੜ ਪੇਸ਼ੀ 9 ਮਾਰਚ 'ਤੇ ਪਾ ਦਿੱਤੀ ਹੈ।
ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਗਮਦੂਰ ਸਿੰਘ ਝੰਡੂਕੇ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਵੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ ਆਦਿ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਕੇਸ ਗਵਾਹੀਆਂ 'ਤੇ ਲੱਗਿਆ ਹੋਇਆ ਹੈ ਪ੍ਰੰਤੂ ਮੁੱਖ ਗਵਾਹ ਤੇ ਮ੍ਰਿਤਕ ਦੇ ਭਰਾ ਬਲੀ ਕੁਮਾਰ ਸਮੇਤ ਹੋਰ ਹਾਜ਼ਰ ਨਹੀਂ ਹੋਏ। ਅੱਜ ਮਾਣਯੋਗ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਪੈਰਵਾਈ ਅਫ਼ਸਰ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਅਗਲੀ ਪੇਸ਼ੀ 'ਤੇ ਸਾਰੇ ਗਵਾਹਾਂ ਨੂੰ ਹਰ ਹਾਲਤ 'ਚ ਪੇਸ਼ ਕਰਨ।
ਇਸ ਮਾਮਲੇ 'ਚ ਦਲਜੀਤ ਸਿੰਘ ਟੈਣੀ, ਡਾ. ਛਿੰਦਾ ਤੇ ਮਿੱਠੂ ਸਿੰਘ ਆਲਮਪੁਰ ਮੰਦਰਾਂ ਨੂੰ ਵੀ ਵੱਖਰੇ ਤੌਰ 'ਤੇ ਪੇਸ਼ ਕੀਤਾ ਗਿਆ। ਸਿੱਖ ਨੌਜਵਾਨਾਂ ਦੀ ਤਰਫ਼ੋਂ ਪੇਸ਼ ਹੋਏ ਵਕੀਲ ਅਜੀਤ ਸਿੰਘ ਭੰਗੂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਕੇਸ ਨੂੰ ਲਟਕਾ ਰਿਹਾ ਹੈ ਤੇ ਬਿਨਾਂ ਕਿਸੇ ਕਾਰਨ ਗਵਾਹ ਪੇਸ਼ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ 'ਤੇ ਕੇਸ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ। ਪੇਸ਼ੀ ਮੌਕੇ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖ਼ਾਲਸਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਹੋਰ ਆਗੂ ਹਾਜ਼ਰ ਸਨ। 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਮਾਮਲੇ 'ਚ
ਸਿੱਖ ਸੰਗਤਾਂ ਨੇ ਡੱਬਵਾਲੀ ਸਦਰ ਥਾਣਾ ਘੇਰਿਆ


ਡੱਬਵਾਲੀ. - 15 ਫਰਵਰੀ ૿ ਤੇਜਾ ਖੇੜਾ ਮਾਈਨਰ 'ਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਮਿਲਣ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿਛ ਨਾ ਕੀਤੇ ਜਾਣ ਕਾਰਨ ਭੜਕੀ ਸਿੱਖ ਸੰਗਤ ਨੇ ਅੱਜ ਦੇਰ ਸ਼ਾਮ ਡੱਬਵਾਲੀ ਪਿੰਡ ਸਦਰ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਧਰਨੇ 'ਤੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਵੱਡੀ ਗਿਣਤੀ ਕਾਰਕੁੰਨ ਪੁਲਿਸ ਵੱਲੋਂ ਰਾਜਸਥਾਨ ਦੇ ਕਸਬੇ ਪੀਲੀਬੰਗਾ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਸਾਧ ਸੂਰਜਮਣੀ ਤੋਂ ਖੁਦ ਪੁੱਛਗਿਛ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਦੀ ਇਮਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ।
ਥਾਣਾ ਮੁਖੀ ਦਲੀਪ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਭਾਰੀ ਮਸ਼ੱਕਤ ਉਪਰੰਤ ਰੋਹ 'ਚ ਆਈ ਸਿੱਖ ਸੰਗਤ ਨੂੰ ਸ਼ਾਂਤ ਕੀਤਾ। ਕਰੀਬ ਇੱਕ ਘੰਟੇ ਤੱਕ ਇਸ ਮਾਮਲੇ ਨੂੰ ਲੈ ਕੇ ਸਦਰ ਥਾਣਾ ਦੇ ਮਾਹੌਲ ਭਖਿਆ ਰਿਹਾ। ਇਸੇ ਦੌਰਾਨ ਡੱਬਵਾਲੀ ਦੇ ਡੀ.ਐਸ.ਪੀ. ਬਾਬੂ ਲਾਲ ਨੇ ਥਾਣਾ ਸਦਰ ਪਹੁੰਚ ਕੇ ਸਿੱਖ ਸੰਗਠਨਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪੰਜ ਮੈਂਬਰੀ ਕਮੇਟੀ ਦੇ ਸਾਹਮਣੇ ਮੁਲਜ਼ਮ ਤੋਂ ਪੁੱਛਗਿੱਛ ਕੀਤੇ ਜਾਣ ਦਾ ਭਰੋਸਾ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਤਣਾਅ ਦੇ ਮੱਦੇਨਜ਼ਰ ਨੇੜਲੇ ਥਾਣਿਆਂ ਤੋਂ ਵੀ ਪੁਲਿਸ ਨੂੰ ਬੁਲਾਉਣਾ ਪਿਆ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਾਈਨਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੁੱਟ ਕੇ ਬੇਅਦਬੀ ਕੀਤੇ ਜਾਣ ਦੀ ਘਟਨਾ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਨੂੰ ਹੀ ਇਸ ਮਾਮਲੇ 'ਚ ਕੜੀ ਜੋੜਦੇ ਹੋਏ ਪੁਲਿਸ ਵੱਲੋਂ ਰਾਜਸਥਾਨ ਦੇ ਪੀਲੀਬੰਗਾਂ ਕਸਬੇ ਦੇ ਇਕ ਸਾਧੂ ਸੂਰਜਮਨੀ ਨੂੰ ਗ੍ਰਿਫ਼ਤਾਰ ਕੀਤੇ 24 ਘੰਟੇ ਬੀਤਣ ਵਾਲੇ ਹਨ, ਪਰ ਪੁਲਿਸ ਨੇ ਨਾ ਤਾਂ ਉਸਦਾ ਰਿਮਾਂਡ ਲਿਆ ਹੈ ਤੇ ਨਾ ਹੀ ਉਸ ਤੋਂ ਪੁੱਛਗਿੱਛ ਕਰਕੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਤੇ ਇਸ 'ਚ ਸ਼ਾਮਿਲ ਹੋਰ ਦੋਸ਼ੀਆਂ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਬਾਬੂ ਲਾਲ ਨਾਲ ਗੱਲਬਾਤ ਤੋਂ ਬਾਅਦ ਬਾਬਾ ਅਮਰੀਕ ਸਿੰਘ ਅਜਨਾਲਾ, ਅਮਰਜੀਤ ਸਿੰਘ ਕਨਕਕਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਖਾਲਸਾ ਤੇ ਬਾਬਾ ਪ੍ਰੇਮ ਸਿੰਘ ਜੋਗੇਵਾਲਾ 'ਤੇ ਆਧਾਰਿਤ ਪੰਜ ਮੈਂਬਰੀ ਬਣਾਈ ਗਈ ਕਮੇਟੀ ਦੇ ਸਾਹਮਣੇ ਪੁਲਿਸ ਮੁਲਜਮ ਤੋਂ ਪੁੱਛਗਿੱਛ ਕਰੇਗੀ। ਥਾਣਾ ਸਦਰ ਦੇ ਮੁਖੀ ਦਲੀਪ ਸਿੰਘ ਨੇ ਦੱਸਿਆ ਕਿ ਸਾਧੂ ਸੂਰਜਮਣੀ ਡੇਰੇ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਚੋਰੀ ਹੋਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਸਾਧੂ ਸੂਰਜਮਣੀ ਤੋਂ ਪੁੱਛਗਿੱਛ ਤੋਂ ਬਾਅਦ ਹੀ ਇਸ ਪੂਰੀ ਘਟਨਾ ਤੋਂ ਪਰਦਾ ਉੱਠ ਸਕੇਗਾ। ਸਦਰ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 153 ਤੇ 295 ਦੇ ਤਹਿਤ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 

ਪੰਜ ਸਿੰਘਾਂ ਦਾ ਦੂਸਰਾ ਜਥਾ ਪੁੱਜਾ ਯੂਨੀਵਰਸਿਟੀ

ਫ਼ਤਹਿਗੜ੍ਹ ਸਾਹਿਬ- 15 ਫਰਵਰੀ ૿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਡਾ: ਜਸਵੀਰ ਸਿੰਘ ਆਹਲੂਵਾਲੀਆ ਦੀ ਕੀਤੀ ਗਈ ਨਿਯੁਕਤੀ ਵਿਰੁੱਧ 14 ਫਰਵਰੀ ਤੋਂ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਫ਼ਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਭੇਜੇ ਜਾ ਰਹੇ ਪੰਜ ਸਿੰਘਾਂ ਦੇ ਜਥੇ ਦੇ ਪ੍ਰੋਗਰਾਮ ਦੇ ਦੂਸਰੇ ਦਿਨ ਵੀ ਸ: ਮਾਨ ਨੇ ਖ਼ੁਦ ਅਰਦਾਸ ਕਰਕੇ ਸ਼ਿੰਗਾਰਾ ਸਿੰਘ ਬੱਡਲਾ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਜਥੇ ਨੂੰ ਜੈਕਾਰਿਆਂ ਦੇ ਰੂਪ 'ਚ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਤੋਰਿਆ।
ਇਸ ਜਥੇ 'ਚ ਦੂਸਰੇ ਮੈਂਬਰ ਤਰਸੇਮ ਸਿੰਘ, ਲਖਵੀਰ ਸਿੰਘ, ਚਰਨਜੀਤ ਸਿੰਘ ਤੇ ਗੁਰਚਰਨ ਸਿੰਘ ਸਾਰੇ ਹੀ ਬਡਲਾ ਪਿੰਡ ਦੇ ਨਿਵਾਸੀ ਤੇ ਪਾਰਟੀ ਦੇ ਸਰਗਰਮ ਮੈਂਬਰ ਹਨ। ਪ੍ਰਭਾਵਸ਼ਾਲੀ ਅਤੇ ਦਿਲਚਸਪ ਗੱਲ ਇਹ ਹੈ ਕਿ ਪੰਜਾਂ ਸਿੰਘਾਂ ਦੇ ਹੱਥਾਂ 'ਚ ''ਆਹਲੂਵਾਲੀਆ ਹਟਾਓ ਪੰਥ ਦੀ ਇੱਜ਼ਤ ਬਚਾਓ", ਦੇ ਮਾਟੋ ਫੜੀ ਇਹ ਪੰਜੇ ਸਿੰਘ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ ਤੇ ਉਨ੍ਹਾਂ ਦੇ ਪਿੱਛੇ ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਰਣਦੇਵ ਸਿੰਘ ਦੇਬੀ, ਜੋਗਿੰਦਰ ਸਿੰਘ ਸੈਪਲੀ ਆਦਿ ਸੀਨੀਅਰ ਆਗੂਆਂ ਨਾਲ ਵੱਡੀ ਗਿਣਤੀ 'ਚ ਵਰਕਰ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਅਮਨਮਈ ਤਰੀਕੇ ਨਾਲ ਵੱਧ ਰਹੇ ਸਨ। ਯੂਨੀਵਰਸਿਟੀ ਦੇ ਗੇਟ 'ਤੇ ਇਕੱਤਰ ਹੋਏ ਪਾਰਟੀ ਹਮਦਰਦਾਂ ਦੇ ਇਕੱਠ ਨੂੰ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਬੋਧਨ ਕੀਤਾ।
ਅੱਜ ਦੇ ਇਕੱਠ 'ਚ ਉਪਰੋਕਤ ਆਗੂਆਂ ਤੋਂ ਇਲਾਵਾ ਜੋਗਿੰਦਰ ਸਿੰਘ ਸੈਪਲੀ, ਰਣਦੇਵ ਸਿੰਘ ਦੇਬੀ, ਬਲਜਿੰਦਰ ਸਿੰਘ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਸੰਤੋਖਗੜ੍ਹ, ਸੁਰਿੰਦਰ ਸਿੰਘ ਬੋਰਾਂ, ਕੁਲਦੀਪ ਸਿੰਘ ਦਭਾਲੀ, ਗੁਰਮੁੱਖ ਸਿੰਘ ਸੋਸਪੁਰ, ਕਿਰਪਾਲ ਸਿੰਘ ਖਮਾਣੋਂ, ਲਖਵਿੰਦਰ ਸਿੰਘ ਗੋਪਾਲੋ ਕੋਟਲਾ ਆਦਿ ਆਗੂ ਹਾਜ਼ਰ ਸਨ।


ਪਾਵਨ ਸਰੂਪ ਨਹਿਰ 'ਚ ਸੁੱਟਣ ਦਾ ਤਖ਼ਤ ਸ੍ਰੀ
ਦਮਦਮਾ ਸਾਹਿਬ ਨੇ ਲਿਆ ਗੰਭੀਰ ਨੋਟਿਸ
ਤਲਵੰਡੀ ਸਾਬੋ- 15 ਫਰਵਰੀ ૿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਜੋ ਸਿਰਫਿਰੇ ਵਿਅਕਤੀਆਂ ਵਲੋਂ ਨਹਿਰ 'ਚ ਸੁੱਟ ਕੇ ਘੋਰ ਅਪਰਾਧ ਕੀਤਾ ਹੈ, ਦੀ ਮੰਦਭਾਗੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੰਭੀਰ ਨੋਟਿਸ ਲੈਦਿਆਂ ਜਿਥੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਸਬੰਧਤ ਸਰਕਾਰਾਂ ਤੋਂ ਕੀਤੀ ਜਾ ਰਹੀ ਹੈ ਉਥੇ ਬੇ-ਅਦਬ ਕੀਤੇ ਸਰੂਪਾਂ ਦੀ ਸਾਂਭ ਸੰਭਾਲ ਲਈ ਸਿੰਘ ਸਾਹਿਬ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਹਰਿਆਣਾ ਵਿਖੇ ਸਿੱਖਾਂ ਦੀ ਢਾਣੀ ਵਿਖੇ ਠਹਿਰ ਕੇ ਸਮੁੱਚੀ ਕਾਰਵਾਈ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ ਜਦਕਿ ਸਿਰਸਾ ਹਰਿਆਣਾ ਦੀ ਪੁਲਿਸ ਨੇ ਕਾਰਾ ਕਰਨ ਵਾਲੇ ਕਥਿਤ ਮੁਜ਼ਰਮ ਸੂਰਜ ਮਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਬਹੁਤੇ ਡੇਰਾਵਾਦੀ ਲੋਕ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਕਾ ਹੀ ਲਗਾਓ ਜਾਂ ਸਬੰਧ ਨਹੀਂ ਹੁੰਦਾ ਆਪਣੇ ਡੇਰਿਆਂ ਅੰਦਰ ਪਾਵਨ ਸਰੂਪ ਰੱਖ ਕੇ ਉਨ੍ਹਾਂ ਦੀ ਬੇ-ਅਦਬੀ ਕੀਤੀ ਜਾ ਰਹੀ ਹੈ ਜੋਕਿ ਬਹੁਤ ਹੀ ਮੰਦਭਾਗਾ ਰੁਝਾਨ ਹੈ ਉਨ੍ਹਾਂ ਕਿਹਾ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਾ ਵੀ ਇਕ ਅਪਰਾਧੀ ਕਿਸਮ ਦਾ ਸਾਧ ਸੂਰਜ ਮੁਨੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰਿਆਣਾ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਭਾਈ ਭਰਪੂਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਦਮਦਮੀ ਟਕਸਾਲ ਤੇ ਭਾਈ ਅਮਰਜੀਤ ਸਿੰਘ ਤੇ ਹੋਰ ਪੰਥਕ ਆਗੂ ਪੂਰਨ ਸਹਿਯੋਗ ਦੇ ਰਹੇ ਹਨ। 

ਵਿਸ਼ਵ ਪੰਜਾਬੀ ਕਾਨਫਰੰਸ ਸਫ਼ਲਤਾ ਪੂਰਵਕ ਸਮਾਪਤ
ਇੰਦੌਰ ਨਾਲ ਪੰਜਾਬੀ ਯੂਨੀਵਰਸਿਟੀ ਦੀ ਰਿਸ਼ਤੇਦਾਰੀ
ਹੋਰ ਮਜ਼ਬੂਤ ਹੋਵੇਗੀ : ਡਾ: ਜਸਪਾਲ ਸਿੰਘ





ਇੰਦੌਰ, 15 ਫਰਵਰੀ-ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸਥਾਨਕ ਪੰਜਾਬੀ ਸਭਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੰਦੌਰ ਵਿਖੇ ਪਹਿਲੀ ਵਾਰ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸਮਾਪਤ ਹੋਈ, ਜਿਸ ਵਿਚ ਪਟਿਆਲਾ ਤੋਂ ਆਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਡਾ: ਜੋਧ ਸਿੰਘ ਸਹਿਤ ਕਈ ਵਿਦਵਾਨ ਤੇ ਸੱਭਿਆਚਾਰਕ ਟੀਮ ਦੇ ਮੈਂਬਰਾਂ ਦੀ ਹੌਂਸਲਾ ਅਫਜਾਈ ਨਾਲ ਇਥੇ ਇਕ ਨਿਵਕੇਲੇ ਅਧਿਆਏ ਦੀ ਸ਼ੁਰੂਆਤ ਹੋਈ। ਕਾਨਫਰੰਸ ਦਾ ਉਦਘਾਟਨ ਮੱਧ ਪ੍ਰਦੇਸ਼ ਦੇ ਵਣ ਮੰਤਰੀ ਸ: ਸਰਤਾਰ ਸਿੰਘ ਨੇ ਕੀਤਾ, ਪਦਮ ਭੂਸ਼ਣ ਡਾ: ਪ੍ਰਿਥੀਪਾਲ ਸਿੰਘ ਮੈਨੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਦੇਵੀ ਅਹਿਲੀਆ ਯੂਨੀਵਰਸਿਟੀ ਦੇ ਵੀ. ਸੀ. ਡਾ: ਰਾਜਕਮਲ, ਮੱਧ ਪ੍ਰਦੇਸ਼ ਘੱਟ-ਗਿਣਤੀ ਦੇ ਮੈਂਬਰ ਸ: ਤ੍ਰਿਲੋਚਨ ਸਿੰਘ ਵਾਸੂ ਤੇ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਗੁਰਦੀਪ ਸਿੰਘ ਭਾਟੀਆ ਹਾਜ਼ਰ ਸਨ। ਉਦਘਾਟਨੀ ਸੈਸ਼ਨ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਆਰਤੀ ਨਾਲ ਕੀਤਾ ਗਿਆ ਜਿਸ ਦੀ ਵਿਆਖਿਆ ਸ: ਮਨਮੋਹਨ ਸਿੰਘ ਟੁਟੇਜਾ ਨੇ ਕੀਤੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਧੁਨੀ (ਥੀਮ ਸ਼ਬਦ ਵਿਦਿਆ ਵੀਚਾਰੀ...) ਪੇਸ਼ ਕੀਤੀ ਗਈ। ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਡਾ: ਸਤੀਸ਼ ਕੁਮਾਰ ਵਰਮਾ (ਡਾਇਰੈਕਟਰ, ਯੁਵਕ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਵਿਚ ਪੰਜਾਬੀ ਭਾਸ਼ਾ ਦਾ ਅਧਿਐਨ ਤੇ ਅਧਿਆਪਨ ਵਿਸ਼ੇ 'ਤੇ ਕੁੰਜੀਬੱਧ ਭਾਸ਼ਣ ਦਿੱਤਾ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਡਾ: ਵਰਮਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਹੋਰ ਭਾਸ਼ਾਵਾਂ ਮਾਸੀਆਂ ਤਾਂ ਹੋ ਸਕਦੀਆਂ ਹਨ ਪਰ ਮਾਂ ਭਾਸ਼ਾ ਸਿਰਫ ਪੰਜਾਬੀ ਭਾਸ਼ਾ ਹੀ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾਣਾ ਚਾਹੀਦਾ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਪੰਜਾਬ ਤੋਂ ਬਾਹਰ ਪੰਜਾਬੀਅਤ ਲਈ ਯੋਗਦਾਨ ਪਾਉਣ ਬਦਲੇ ਡਾ: ਚਰਨਜੀਤ ਸਿੰਘ ਚੱਢਾ, ਸ੍ਰੀਮਤੀ ਵੀਨਾ ਸਾਹਨੀ, ਸ੍ਰੀ ਪ੍ਰੀਤਮ ਲਾਲ ਦੂਆ ਤੇ ਸ: ਈਸ਼ਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਦੁਪਹਿਰ ਵਾਲੇ ਸੈਸ਼ਨ ਦੇ ਦੌਰਾਨ ਡਾ: ਜੋਧ ਸਿੰਘ ਨੇ ਕਿਹਾ ਕਿ ਵੇਦਾਂ ਵਿਚ ਦਿੱਤੇ ਗਏ ਮੰਤਰਾਂ ਦੀ ਵਿਆਖਿਆ, ਪੰਡਿਤਾਂ ਵੱਲੋਂ ਗਲਤ ਕੀਤੀ ਗਈ ਹੈ, ਜਿਸ ਨਾਲ ਜਾਤ-ਪਾਤ ਦਾ ਝਗੜਾ ਵਧਿਆ ਹੈ।
ਇਸ ਕਾਨਫਰੰਸ ਵਿਚ ਪੰਜਾਬ ਦਾ ਪੂਰਾ ਇਤਿਹਾਸ, ਵਿਸ਼ਵ ਭਰ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲ੍ਹਾਂ ਤੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਪੰਜਾਬੀਆਂ ਬਾਰੇ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ। 44 ਮੈਂਬਰਾਂ ਦੀ ਭੰਗੜਾ/ਗਿੱਧਾ ਟੀਮ ਜੋ ਵਿਸ਼ੇਸ਼ ਤੌਰ 'ਤੇ ਪਟਿਆਲੇ ਤੋਂ ਆਈ ਸੀ, ਵੱਲੋਂ ਸ਼ਮਸ਼ੇਰ ਕੌਰ ਚਹਿਲ ਤੇ ਬਲਕਰਨ ਦੇ ਨਿਰਦੇਸ਼ਨ ਵਿਚ ਮਨ ਟੁੰਬਵਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਪੁਰਾਤਨ ਲੋਕ ਗੀਤ, ਲੋਕ ਧਾਰਾ, ਲੋਕ ਸਾਜ਼ਾਂ ਰਾਹੀਂ ਲੋਕ ਨਾਚਾਂ ਦੀਆਂ ਕਈ ਵੰਨਗੀਆਂ ਜਿਵੇਂ ਮਲਵਈ ਗਿੱਧਾ, ਝੂਮਰ, ਕਿਕਲੀ ਪੇਸ਼ ਕਰਕੇ ਖੂਬ ਵਾਹ-ਵਾਹ ਲੁੱਟੀ। ਆਪਣੇ ਸੰਬੋਧਨ ਵਿਚ ਵੀ. ਸੀ. ਡਾ: ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਭਾਸ਼ਾ ਦੇ ਨਾਂਅ 'ਤੇ ਸਿਰਫ ਦੋ ਹੀ ਯੂਨੀਵਰਸਿਟੀਆਂ ਹਨ ਇਕ ਹੀਥਰੋ ਯੂਨੀਵਰਸਿਟੀ ਇਜਰਾਈਲ ਦੀ ਤੇ ਦੂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਇਥੋਂ ਦੇ ਪੰਜਾਬੀਆਂ ਦਾ ਪ੍ਰੇਮ ਦੇਖ ਕੇ ਸਾਡੀ ਪੂਰੀ ਟੀਮ ਨੂੰ ਬੜਾ ਵਧਿਆ ਨਵਾਂ ਅਨੁਭਵ ਪ੍ਰਾਪਤ ਹੋਇਆ ਹੈ। ਇਸ ਕਾਨਫਰੰਸ ਰਾਹੀਂ ਅਸੀਂ ਇਥੇ ਰਿਸ਼ਤੇਦਾਰੀ ਪਾ ਚੱਲੇ ਹਾਂ, ਆਸ ਹੈ ਇੰਦੌਰ ਵਾਲੇ ਖਰੇ ਉਤਰਨਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਜੋਗਾ ਸਿੰਘ, ਡਾ: ਰਜਿੰਦਰ ਪਾਲ ਸਿੰਘ ਬਰਾੜ, ਡਾ: ਦਵਿੰਦਰ ਸਿੰਘ, ਡਾ: ਦੀਪਕ ਮਨਮੋਹਨ ਸਿੰਘ, ਡਾ: ਪਰਮਵੀਰ ਸਿੰਘ, ਸ: ਰਜਿੰਦਰ ਸਿੰਘ ਚਹਿਲ ਤੇ ਡਾ: ਬਲਦੇਵ ਸਿੰਘ ਚੀਮਾ ਨੇ ਵੱਖ-ਵੱਖ ਚਰਚਾਵਾਂ ਰਾਹੀਂ ੰਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ। ਸਟੇਜ ਦਾ ਸੰਚਾਲਨ ਡਾ: ਜੋਧ ਸਿੰਘ ਨੇ ਕੀਤਾ ਤੇ ਕਾਨਫਰੰਸ ਦੇ ਕਨਵੀਨਰ ਸ: ਅਜੀਤ ਸ਼ੇਰ ਇੰਦਰ ਸਿੰਘ ਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।


ਨੇਕ-ਚਲਨੀ 'ਤੇ ਰਿਹਾਅ ਹੋਏ ਪੁਲਿਸ ਅਫ਼ਸਰਾਂ
ਵਿਰੁੱਧ ਕਾਰਵਾਈ ਦੇ ਹੁਕਮ
ਚੰਡੀਗੜ੍ਹ, 15 ਫਰਵਰੀ -'ਅਜੇ ਵੀ ਤਾਇਨਾਤ ਹਨ ਅਹਿਮ ਅਹੁਦਿਆਂ 'ਤੇ ਪੰਜਾਬ ਪੁਲਿਸ ਦੇ 'ਦਾਗ਼ੀ ਅਫ਼ਸਰ' ਜੋ ਕਿ ਸਜ਼ਾ ਜਾਫ਼ਤਾ ਹਨ ਤੇ ਅਦਾਲਤ ਵੱਲੋਂ ਨੇਕ-ਚਲਨੀ 'ਤੇ ਰਿਹਾਅ ਕੀਤੇ ਗਏ ਹਨ ਅਹਿਮ ਪਰ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ।' ਅਜਿਹਾ ਪ੍ਰਗਟਾਵਾ ਏ.ਆਈ.ਜੀ. ਭਲਾਈ ਤੇ ਲਿਟੀਗੇਸ਼ਨ ਐਮ.ਐਮ. ਛੀਨਾ ਵੱਲੋਂ 27 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੇ ਆਪਣੇ ਹਲਫ਼ਨਾਮੇ 'ਚ ਕੀਤਾ ਗਿਆ ਹੈ। ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਐਚ.ਸੀ. ਅਰੋੜਾ ਵੱਲੋਂ ਸਿਪਾਹੀ ਲਾਲ ਚੰਦ 686 ਫ਼ਿਰੋਜ਼ਪੁਰ, ਹੌਲਦਾਰ ਗੁਰਲਾਭ ਸਿੰਘ 732 ਸੰਗਰੂਰ ਤੇ ਸਿਪਾਹੀ ਸ਼ੇਰ ਸਿੰਘ ਤੇ ਥਾਣੇਦਾਰ ਰਮੇਸ਼ ਚੰਦਰ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਜਵਾਬ 'ਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਵਿਰੁੱਧ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅਦਾਲਤ ਨੇ ਇਨ੍ਹਾਂ ਅਫ਼ਸਰਾਂ ਵਿਰੁੱਧ 4 ਹਫ਼ਤਿਆਂ 'ਚ ਕਾਰਵਾਈ ਕਰਕੇ ਸਥਿਤੀ ਰਿਪੋਰਟ 28 ਮਾਰਚ ਤੱਕ ਅਦਾਲਤ ਨੂੰ ਸੌਂਪਣ ਲਈ ਕਿਹਾ।

ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਦੇ ਉਪਰਾਲੇ
ਕੀਤੇ-ਭਾਈ ਪਰਮਜੀਤ ਸਿੰਘ ਖ਼ਾਲਸਾ


ਅੰਮ੍ਰਿਤਸਰ, 15 ਫਰਵਰੀ -ਸਿੱਖ ਕੌਮ ਦੇ ਹਰਿਆਵਲ ਦਸਤੇ ਤੇ ਨੌਜਵਾਨਾਂ ਦੀ ਸਿਰਮੌਰ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ) ਦੇ ਢਾਂਚੇ ਦਾ ਐਲਾਨ ਅੱਜ ਪ੍ਰਭਾਵਸ਼ਾਲੀ ਸਮਾਗਮ 'ਚ ਕੀਤਾ ਗਿਆ। ਜਿਸ ਵਿਚ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਉਪਕਾਰ ਸਿੰਘ ਸੰਧੂ, ਭਾਈ ਹਰਜਾਪ ਸਿੰਘ, ਭਾਈ ਬਾਵਾ ਸਿੰਘ ਗੁਮਾਨਪੁਰਾ ਨੇ ਸ਼ਿਰਕਤ ਕੀਤੀ। 243 ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਤੇ ਫੈਡਰੇਸ਼ਨ ਦੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਭਾਈ ਮਹਿਤਾ ਨੇ ਸ਼ਲਾਘਾ ਕੀਤੀ। ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ। ਅਖੀਰ 'ਚ ਭਾਈ ਅਮਰਬੀਰ ਸਿੰਘ ਢੋਟ ਨੇ ਫੈਡਰੇਸ਼ਨ ਦੇ ਸ਼ਹਿਰੀ ਢਾਂਚੇ ਦੀ ਪਹਿਲੀ ਸੂਚੀ 243 ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਹੈ ਤੇ ਬਾਕੀ ਅਹੁਦੇਦਾਰਾਂ ਤੇ ਸਰਕਲ ਪ੍ਰਧਾਨਾਂ ਦੀ ਸੂਚੀ 10 ਦਿਨਾਂ ਅੰਦਰ ਜਾਰੀ ਹੋਵੇਗੀ। ਇਸ ਮੌਕੇ ਫੈਡਰੇਸ਼ਨ ਦੇ ਸਕੱਤਰ ਜਨਰਲ ਮੇਜਰ ਸਿੰਘ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸ਼ੀਸ਼ਪਾਲ ਸਿੰਘ ਮੀਰਾਂ ਕੋਟ, ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਲੋਹਾਰਕਾ, ਜਨਰਲ ਸਕੱਤਰ ਕੁਲਦੀਪ ਸਿੰਘ ਪੰਡੋਰੀ, ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰ ਸਿੰਘ, ਦਿਹਾਤੀ ਪ੍ਰਧਾਨ ਮਨਜੀਤ ਸਿੰਘ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮ ਗੰਜ ਹਾਜ਼ਰ ਹੋਏ।
ਸ਼ਹਿਰੀ ਇਕਾਈ ਦੇ 243 ਅਹੁਦੇਦਾਰਾਂ ਦੀ ਪਹਿਲੀ ਸੂਚੀ : ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ 'ਚ ਸੀਨੀਅਰ ਮੀਤ ਪ੍ਰਧਾਨ 13, ਮੀਤ ਪ੍ਰਧਾਨ 40, ਜਨਰਲ ਸਕੱਤਰ 39, ਸਕੱਤਰ 47, ਮੀਤ ਸਕੱਤਰ 29, ਜਥੇਬੰਦਕ ਸਕੱਤਰ 36, ਸੰਯੁਕਤ ਸਕੱਤਰ 25, ਪ੍ਰਚਾਰ ਸਕੱਤਰ 03, ਸਲਾਹਕਾਰ 03, ਕਾਨੂੰਨੀ ਸਲਾਹਕਾਰ 03, ਮੁੱਖ ਬੁਲਾਰਾ 01, ਬੁਲਾਰਾ 02, ਪ੍ਰੈਸ ਸਕੱਤਰ 01, ਖਜ਼ਾਨਚੀ 01 ਚੁਣੇ ਗਏ ਹਨ। ਭਾਈ ਅਮਰਬੀਰ ਸਿੰਘ ਢੋਟ ਨੂੰ ਛੇਵੀਂ ਵਾਰ ਪ੍ਰਧਾਨ ਚੁਣਿਆ ਗਿਆ

Tuesday, 14 February 2012

ਇਸਰਾਈਲੀ ਦੂਤਘਰ ਦੀ ਕਾਰ 'ਚ ਧਮਾਕਾ-4 ਜ਼ਖ਼ਮੀ
ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਵਾਪਰੀ ਘਟਨਾ
ਮੋਟਰਸਾਈਕਲ ਸਵਾਰਾਂ ਨੇ ਕਾਰ ਨੂੰ ਚਿਪਕਾਈ ਸ਼ੱਕੀ ਚੀਜ਼

ਨਵੀਂ ਦਿੱਲੀ, 13 ਫਰਵਰੀ -ਅੱਜ ਇਥੇ ਇਸਰਾਈਲੀ ਦੂਤਘਰ ਨੇੜੇ ਦੂਤਘਰ ਦੀ ਹੀ ਕਾਰ ਵਿਚ ਹੋਏ ਧਮਾਕੇ ਵਿਚ ਦੂਤਘਰ ਦੇ ਇਕ ਕੂਟਨੀਤਕ (ਡਿਫੈਂਸ ਅਟੈਚੀ) ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਧਮਾਕਾ ਪੂਰੇ ਤਾਲਮੇਲ ਨਾਲ ਕੀਤਾ ਗਿਆ, ਕਿਉਂਕਿ ਕੁਝ ਚਿਰ ਪਹਿਲਾਂ ਜਾਰਜੀਆ ਦੀ ਰਾਜਧਾਨੀ ਤਬਲਿਸੀ ਵਿਚ ਇਸਰਾਈਲ ਦੂਤਘਰ ਦੀ ਕਾਰ ਵਿਚ ਰੱਖੇ ਬੰਬ ਨੂੰ ਨਕਾਰਾ ਕੀਤਾ ਗਿਆ। ਇਸਰਾਈਲ ਨੇ ਇਸ ਧਮਾਕੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਦੋਂਕਿ ਇਰਾਨ ਨੇ ਇਸ ਦੋਸ਼ 'ਤੋਂ ਇਨਕਾਰ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਿਕ ਯੁੱਧ ਛਿੜ ਗਿਆ ਹੈ। ਘਟਨਾ ਦੀ ਮੁੱਢਲੀ ਜਾਂਚ ਮੁਤਾਬਕ ਮੋਟਰ-ਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਉੱਚ ਸੁਰੱਖਿਆ ਵਾਲੇ ਇਲਾਕੇ ਵਿਚ ਇਸਰਾਈਲੀ ਦੂਤਘਰ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਜਦੋਂ ਇਹ ਟਰੈਫਿਕ ਸਿਗਨਲ 'ਤੇ ਰੁਕੀ ਤਾਂ ਉਨ੍ਹਾਂ ਨੇ ਕਾਰ ਦੇ ਪਿਛਲੇ ਪਾਸੇ ਕੁਝ ਰੱਖ ਦਿੱਤਾ। ਇਸ ਪਿੱਛੋਂ ਕੁਝ ਹੀ ਮਿੰਟਾਂ ਵਿਚ ਧਮਾਕਾ ਹੋ ਗਿਆ ਅਤੇ ਟੋਇਟਾ ਕੰਪਨੀ ਦੀ ਇਨੋਵਾ ਕਾਰ ਨੰਬਰ 109- ਸੀ ਡੀ-35 ਨੂੰ ਅੱਗ ਲੱਗ ਗਈ। ਪੈਟਰੋਲ ਪੰਪ ਨੇੜੇ ਸ਼ਾਮ 3.15 ਵਜੇ ਵਾਪਰੀ ਇਸ ਘਟਨਾ ਵਿਚ ਇਸਰਾਈਲੀ ਦੂਤਘਰ ਦੇ ਇਕ ਕੂਟਨੀਤਕ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਸੰਕੇਤ ਮਿਲਿਆ ਹੈ ਕਿ ਦਿੱਲੀ ਵਿਚਲੀ ਘਟਨਾ ਇਸਰਾਈਲੀ ਸਟਾਫ ਨੂੰ ਨਿਸ਼ਾਨਾ ਬਣਾਏ ਜਾਣ ਦਾ ਹਿੱਸਾ ਹੋ ਸਕਦੀ ਹੈ। ਯੋਰੋਸ਼ਲਮ ਵਿਚ ਇਸਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਘਟਨਾਵਾਂ ਨੂੰ ਅੱਤਵਾਦੀ ਘਟਨਾਵਾਂ ਕਰਾਰ ਦਿੰਦੇ ਹੋਏ ਕਿਹਾ ਕਿ ਤਬਲਿਸੀ ਅਤੇ ਨਵੀਂ ਦਿੱਲੀ ਵਿਚ ਇਸਰਾਈਲ ਸਟਾਫ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਿਜ਼ਬੁਲਾ ਦੇ ਡਿਪਟੀ ਆਗੂ ਇਮਾਦ ਮੁਘਨੀਯਾਹ ਦੀ ਚੌਥੀ ਬਰਸੀ ਮਨਾਏ ਜਾਣ ਤੋਂ ਇਕ ਦਿਨ ਬਾਅਦ ਇਹ ਹਮਲਾ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਬੁਲਾਰੇ ਰਾਜਨ ਭਗਤ ਦਾ ਕਹਿਣਾ ਕਿ ਘਟਨਾ ਵਿਚ ਇਸਰਾਈਲੀ ਦੂਤਘਰ ਦੇ ਦੋ ਮੁਲਾਜ਼ਮ ਜ਼ਖ਼ਮੀ ਹੋਏ ਹਨ। ਦਿੱਲੀ ਪੁਲਿਸ ਦੇ ਦਸਤਿਆਂ ਖੋਜੀ ਕੁੱਤਿਆਂ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਫੋਰੈਂਸਿਕ ਲੈਬਾਰਟੇਰੀ ਦੇ ਅਧਿਕਾਰੀ ਵੀ ਘਟਨਾ ਵਾਲੀ ਥਾਂ ਤੋਂ ਨਮੂਨੇ ਲੈ ਕੇ ਜਾਂਚ ਕਰ ਰਹੇ ਹਨ। ਪਰਿਮਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੂਟਨੀਤਕ ਦੀ ਪਤਨੀ ਤਿਲ ਯੇਹੋਸ਼ੁਵਾ ਨੂੰ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਡੂੰਘੇ ਜ਼ਖ਼ਮ ਹਨ। ਡਾਕਟਰ ਉਸ ਦਾ ਆਪਰੇਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਸ ਨੂੰ ਆਈ. ਸੀ. ਯੂ. ਵਿਚ ਰੱਖਿਆ ਹੋਇਆ ਹੈ। ਵਿਸ਼ਵ ਭਰ ਵਿਚ ਇਸਰਾਈਲੀ ਕੂਟਨੀਤਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਥਹੁ ਪਤੇ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਤੁਰੰਤ ਆਪੋ ਆਪਣੇ ਦੂਤਘਰਾਂ 'ਚ ਵਾਪਸ ਆਉਣ ਲਈ ਕਿਹਾ ਹੈ।
ਭਾਰਤ ਨੇ ਮੁਕੰਮਲ ਜਾਂਚ ਦਾ ਭਰੋਸਾ ਦਿੱਤਾ
ਇਸੇ ਦੌਰਾਨ ਭਾਰਤ ਨੇ ਇਸਰਾਈਲ ਨੂੰ ਘਟਨਾ ਦੀ ਮੁਕੰਮਲ ਜਾਂਚ ਦਾ ਭਰੋਸਾ ਦਿੱਤਾ ਹੈ। ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਨਵੀਂ ਦਿੱਲੀ ਵਿਚ ਇਕ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਸਰਾਈਲ ਦੇ ਵਿਦੇਸ਼ ਮੰਤਰੀ ਐਵਿਗਡਰ ਲਿਬਰਮੈਨ ਨੂੰ ਟੈਲੀਫੋਨ 'ਤੇ ਭਰੋਸਾ ਦਿੱਤਾ ਕਿ ਇਸ ਘਟਨਾ ਵਿਚ ਦੇਸ਼ ਦਾ ਕਾਨੂੰਨ ਆਪਣੇ ਆਪ ਕੰਮ ਕਰੇਗਾ।
ਧਮਾਕੇ ਪਿੱਛੇ ਈਰਾਨ ਦਾ ਹੱਥ-ਇਸਰਾਈਲ
ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਜਾਰਜੀਆ ਵਿਚ ਇਸਰਾਈਲੀ ਦੂਤਘਰਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਇਸਰਾਈਲ ਦੇ ਕੱਟੜ ਦੁਸ਼ਮਣ ਈਰਾਨ ਦਾ ਹੱਥ ਹੈ। ਯੋਰੋਸ਼ਲਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਪਿਛਲੇ ਮਹੀਨੇ ਥਾਈਲੈਂਡ ਅਤੇ ਅਜ਼ਰਬਾਈਜਾਨ ਵਿਚ ਨਾਕਾਮ ਹੋਏ ਹਮਲਿਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਪਿੱਛੇ ਈਰਾਨ ਅਤੇ ਉਸ ਦੇ ਲਿਬਨਾਨੀ ਗੁਰੀਲੇ ਹਿਜ਼ਬੁੱਲਾ ਦਾ ਹੱਥ ਹੈ।
 
ਵਿਦੇਸ਼ੀ ਬੈਂਕਾਂ 'ਚ ਭਾਰਤੀਆਂ ਦਾ 500 ਅਰਬ ਡਾਲਰ ਕਾਲਾ ਧਨ-ਸੀ. ਬੀ. ਆਈ.
ਸਭ ਤੋਂ ਇਮਾਨਦਾਰ ਸਮਝੇ ਜਾਂਦੇ ਦੇਸ਼ ਹੀ ਹਨ ਵੱਡੇ ਕਰ ਚੋਰ
ਨਵੀਂ ਦਿੱਲੀ, 13 ਫਰਵਰੀ-ਵਿਦੇਸ਼ੀ ਬੈਂਕਾਂ ਵਿਚ ਸਭ ਤੋਂ ਵੱਧ ਕਾਲਾ ਧਨ ਭਾਰਤੀਆਂ ਦਾ ਹੈ ਅਤੇ ਉਨ੍ਹਾਂ ਨੇ ਕਰ ਚੋਰ (ਟੈਕਸ ਹੈਵਨ) ਦੇਸ਼ਾਂ ਵਿਚ ਅੰਦਾਜ਼ਨ 500 ਅਰਬ ਡਾਲਰ (24.5 ਲੱਖ ਕਰੋੜ ਰੁਪਏ) ਗੈਰ-ਕਾਨੂੰਨੀ ਪੈਸਾ ਜਮ੍ਹਾਂ ਕਰਵਾਇਆ ਹੋਇਆ ਹੈ। ਇਥੇ 'ਭ੍ਰਿਸ਼ਟਾਚਾਰ ਵਿਰੋਧੀ ਅਤੇ ਜਾਇਦਾਦ ਬਰਾਮਦਗੀ' 'ਤੇ ਪਹਿਲੇ ਇੰਟਰਪੋਲ ਪ੍ਰੋਗਰਾਮ ਦੇ ਉਦਘਾਟਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ. ਬੀ. ਆਈ. ਦੇ ਡਾਇਰਕੈਟਰ ਏ. ਪੀ. ਸਿੰਘ ਨੇ ਦੱਸਿਆ ਕਿ ਭਾਰਤੀਆਂ ਦਾ ਗੈਰ-ਕਾਨੂੰਨੀ ਪੈਸਾ ਮਾਰੀਸ਼ਸ, ਸਵਿਟਜ਼ਰਲੈਂਡ, ਲਿਚਟੇਨਸਟੀਨ, ਬ੍ਰਿਟਿਸ਼ ਵਰਜਨ ਟਾਪੂਆਂ ਵਰਗੇ ਟੈਕਸ ਚੋਰ ਦੇਸ਼ਾਂ ਵਿਚ ਜਮ੍ਹਾਂ ਹੈ ਅਤੇ ਭਾਰਤੀਆਂ ਦਾ ਸਭ ਤੋਂ ਵੱਧ ਕਾਲਾ ਧਨ ਸਵਿਟਜ਼ਰਲੈਂਡ ਦੀਆਂ ਬੈਂਕਾਂ 'ਚ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਲੈਣ-ਦੇਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫੀ ਸਮਾਂ ਲੈਂਦੀ ਹੈ, ਕਿਉਂਕਿ ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੇਸ਼ਾਂ ਜਿਥੇ ਇਸ ਤਰ੍ਹਾਂ ਦਾ ਪੈਸਾ ਜਮ੍ਹਾਂ ਕਰਵਾਇਆ ਹੋਇਆ ਹੈ ਵਿਚ ਨਿਆਇਕ ਬੇਨਤੀਆਂ ਭੇਜ ਕੇ ਮਾਮਲੇ ਦੀ ਹਰੇਕ ਪਰਤ ਫਰੋਲਣੀ ਪੈਂਦੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਜਿਨ੍ਹਾਂ ਦੇਸ਼ਾਂ ਨੂੰ ਬਹੁਤ ਹੀ ਘੱਟ ਭ੍ਰਿਸ਼ਟ ਦੇਸ਼ਾਂ ਦਾ ਦਰਜਾ ਦਿੱਤਾ ਹੋਇਆ ਹੈ ਉਨ੍ਹਾਂ 'ਚੋਂ 53 ਫ਼ੀਸਦੀ ਉਹ ਦੇਸ਼ ਹਨ ਜਿਥੇ ਇਹ ਗੈਰ-ਕਾਨੂੰਨੀ ਪੈਸਾ ਪਹੁੰਚਦਾ ਹੈ। ਇਨ੍ਹਾਂ ਕਰ ਚੋਰ ਦੇਸ਼ਾਂ ਵਿੱਚ ਨਿਊਜ਼ੀਲੈਂਡ ਜਿਹੜਾ ਸਭ ਤੋਂ ਇਮਾਨਦਾਰ ਦੇਸ਼ ਸਮਝਿਆ ਜਾਂਦਾ ਹੈ, ਵੀ ਸ਼ਾਮਿਲ ਹੈ। ਇਮਾਨਦਾਰ ਦੇਸ਼ਾਂ ਵਿਚ ਸਿੰਗਾਪੁਰ ਦਾ ਪੰਜਵਾਂ ਅਤੇ ਸਵਿਟਜ਼ਰਲੈਂਡ ਦਾ ਸੱਤਵਾਂ ਨੰਬਰ ਹੈ, ਪਰ ਕਾਲਾ ਧਨ ਜਮ੍ਹਾਂ ਕਰਨ ਵਿਚ ਇਹ ਸਾਰਿਆਂ ਤੋਂ ਮੋਹਰੀ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਕਾਰਨ ਕਰ ਚੋਰ ਦੇਸ਼ ਗੈਰ-ਕਾਨੂੰਨੀ ਪੈਸੇ ਦੀ ਜਾਣਕਾਰੀ ਨਹੀਂ ਦੇ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਗਰੀਬ ਦੇਸ਼ਾਂ ਤੋਂ ਆਏ ਗੈਰ-ਕਾਨੂੰਨੀ ਪੈਸੇ ਨਾਲ ਹੀ ਉਨ੍ਹਾਂ ਦੀ ਆਰਥਿਕਤਾ ਵਧ-ਫੁਲ ਰਹੀ ਹੈ। ਸੀ. ਬੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਗੈਰ-ਕਾਨੂੰਨੀ ਢੰਗਾਂ ਨਾਲ ਇਕੱਠੇ ਕੀਤੇ ਇਸ ਪੈਸੇ ਦਾ ਪਤਾ ਲਾਉਣਾ, ਜਾਮ ਕਰਨਾ ਅਤੇ ਕਬਜ਼ੇ 'ਚ ਲੈ ਕੇ ਦੇਸ਼ ਵਾਪਸ ਲਿਆਉਣਾ ਇਕ ਕਾਨੂੰਨੀ ਚੁਣੌਤੀ ਅਤੇ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਲਈ ਮੁਹਾਰਤ ਅਤੇ ਰਾਜਨੀਤਕ ਇੱਛਾ ਸ਼ਕਤੀ ਦੀ ਲੋੜ ਹੈ। ਸ੍ਰੀ ਸਿੰਘ ਨੇ ਦੱਸਿਆ ਕਿ ਸੀ. ਬੀ. ਆਈ. ਵਲੋਂ 2 ਜੀ, ਰਾਸ਼ਟਰ ਮੰਡਲ ਖੇਡਾਂ ਅਤੇ ਮਧੂ ਕੋਡਾ ਵਰਗੇ ਮਾਮਲਿਆਂ ਦੀ ਕੀਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਭ੍ਰਿਸ਼ਟਾਚਾਰ ਰਾਹੀਂ ਇਕੱਠਾ ਕੀਤਾ ਪੈਸਾ ਪਹਿਲਾਂ ਦੁਬਈ, ਸਿੰਗਾਪੁਰ ਅਤੇ ਮਾਰੀਸ਼ਸ ਲਿਜਾਇਆ ਗਿਆ ਜਿਥੋਂ ਇਹ ਸਵਿਟਜ਼ਰਲੈਂਡ ਅਤੇ ਦੂਸਰੇ ਹੋਰ ਕਰ ਚੋਰ ਦੇਸ਼ਾਂ 'ਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਕ ਹੁਣ ਤਕ ਅਪਰਾਧਿਕ ਕਾਰਵਾਈਆਂ ਅਤੇ ਕਰ ਚੋਰੀ ਨਾਲ ਲਗਪਗ 1.5 ਖਰਬ ਡਾਲਰ ਪੈਸਾ ਗਰੀਬ ਦੇਸ਼ਾਂ ਤੋਂ ਬਾਹਰ ਲਿਜਾਇਆ ਗਿਆ, ਜਿਸ ਵਿਚੋਂ 40 ਅਰਬ ਡਾਲਰ ਰਿਸ਼ਵਤ ਦਾ ਪੈਸਾ ਸੀ, ਜਿਹੜਾ ਵਿਕਾਸਸ਼ੀਲ ਦੇਸ਼ਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਗਿਆ। ਸ੍ਰੀ ਸਿੰਘ ਨੇ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਸ ਪੈਸੇ ਵਿਚੋਂ ਕੇਵਲ 5 ਅਰਬ ਡਾਲਰ ਹੀ ਪਿਛਲੇ 15 ਸਾਲਾਂ ਦੌਰਾਨ ਵਾਪਸ ਲਿਜਾਇਆ ਜਾ ਸਕਿਆ ਹੈ।
 
ਪੰਜਾਬੀ ਫ਼ਿਲਮਾਂ ਦੇ ਖਲਨਾਇਕ ਮਦਨ ਲਾਲ ਰਾਹੀ ਨਹੀਂ ਰਹੇ
ਕੋਟਕਪੂਰਾ, 13 ਫਰਵਰੀ -ਪੰਜਾਬੀ ਫ਼ਿਲਮ ਜਗਤ ਨਾਲ ਜੁੜੇ ਕਲਾਕਾਰਾਂ, ਅਦਾਕਾਰਾਂ ਅਤੇ ਪ੍ਰਸ਼ੰਸਕਾਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਵੇਗੀ ਕਿ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਮਦਨ ਲਾਲ ਰਾਹੀ ਨਹੀਂ ਰਹੇ। ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਕਰੀਬ 70 ਵਰ੍ਹਿਆਂ ਦੇ ਸਨ। ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ਪਟੋਲਾ, ਪੰਜਾਬ 1947, ਗੁੱਡੋ, ਧਰਮ ਜੱਟ ਦਾ, ਪਰਮਵੀਰ ਚੱਕਰ, ਜ਼ੈਲਦਾਰ, ਪੁੱਤ ਸਰਦਾਰਾਂ ਦੇ ਅਤੇ ਕਈ ਟੈਲੀਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗਾਇਕੀ ਦਾ ਸ਼ੌਕ ਸੀ ਅਤੇ ਕਈ ਨਾਮੀ ਕਲਾਕਾਰਾਂ ਨਾਲ ਉਹ ਸਟੇਜ 'ਤੇ ਗਾ ਚੁਕੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਾਂਤੀਵਨ ਵਿਚ ਕਰ ਦਿੱਤਾ ਗਿਆ ਹੈ। ਇਸ ਮੌਕੇ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ, ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
1
ਬੰਦ ਫਾਟਕ ਪਾਰ ਕਰਦਿਆਂ ਪਿਉ-ਪੁੱਤਰ ਦੀ
ਰੇਲ ਗੱਡੀ ਹੇਠਾਂ ਆਉਣ ਨਾਲ ਮੌਤ

ਭੋਗਪੁਰ, 13 ਫਰਵਰੀ -ਜਲੰਧਰ ਨਜ਼ਦੀਕ ਭੋਗਪੁਰ ਵਿਖੇ ਬੰਦ ਰੇਲਵੇ ਫਾਟਕ ਪਾਰ ਕਰਦਿਆਂ ਸਾਈਕਲ ਸਵਾਰ ਪਿਉ-ਪੁੱਤਰ ਦੀ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ। ਹਾਦਸਾ ਸਵੇਰੇ 8.45 ਦੇ ਕਰੀਬ ਵਾਪਰਿਆ, ਜਦੋਂ ਜੋਗਿੰਦਰਪਾਲ ਪੁੱਤਰ ਪ੍ਰੀਤਮ ਦਾਸ ਵਾਸੀ ਰਵਿਦਾਸ ਮੁਹੱਲਾ ਭੋਗਪੁਰ ਰੋਜ਼ ਦੀ ਤਰ੍ਹਾਂ ਆਪਣੇ ਛੇ ਸਾਲਾ ਪੁੱਤਰ ਕਰਨ ਬੰਗੜ ਨੂੰ ਮਾਡਲ ਨੈਸ਼ਨਲ ਸਕੂਲ ਭੋਗਪੁਰ (ਮੰਦਿਰ ਸਕੂਲ) ਛੱਡਣ ਜਾਣ ਸਮੇਂ ਭੋਗਪੁਰ-ਆਦਮਪੁਰ ਚੌਕ ਨਜ਼ਦੀਕ ਫਾਟਕ ਸੀ-40 ਪਾਰ ਕਰ ਰਿਹਾ ਸੀ। ਸਾਈਕਲ ਸਵਾਰ ਪਿਉ-ਪੁੱਤਰ ਬੰਦ ਫਾਟਕ ਥੱਲਿਓਂ ਦੀ ਲੰਘ ਰਹੇ ਸਨ ਕਿ ਇੰਨੇ ਸਮੇਂ ਨੂੰ 12491, ਰੇਲ ਗੱਡੀ ਜੋ ਕਿ ਸੋਨਪੁਰ ਤੋਂ ਜੰਮੂ ਜਾ ਰਹੀ ਸੀ ਨਾਲ ਟਕਰਾਉਣ 'ਤੇ ਬੁਰੀ ਤਰ੍ਹਾਂ ਕੱਟੇ ਗਏ। ਮੌਕੇ 'ਤੇ ਖੜ੍ਹੇ ਵਿਅਕਤੀਆਂ ਨੇ ਦੱਸਿਆ ਕਿ ਜੋਗਿੰਦਰਪਾਲ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕਰਨ ਬੰਗੜ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਛੇ ਭੈਣਾਂ 'ਚ ਸਭ ਤੋਂ ਛੋਟਾ ਸੀ ਅਤੇ ਪਹਿਲੀ ਸ਼੍ਰੇਣੀ ਦਾ ਵਿਦਿਆਰਥੀ ਸੀ। ਭੋਗਪੁਰ ਰੇਲਵੇ ਪੁਲਿਸ ਇੰਚਾਰਜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਾ 174 ਸੀ. ਆਰ. ਪੀ. ਸੀ. ਕਾਰਵਾਈ ਕਰਦਿਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਦੇ ਦਿੱਤੀਆਂ ਹਨ।
ਨਵੀਂ ਦਿੱਲੀ,13 ਫਰਵਰੀ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦਿੱਲੀ ਮੈਟਰੋ ਰੇਲ ਵਿਚ ਸਫਰ ਕੀਤਾ। ਇਸ ਦੌਰਾਨ ਉਹ ਸੈਂਟਰਲ ਸੈਕਟਰੀਏਟ ਮੈਟਰੋ ਸਟੇਸ਼ਨ ਤੋਂ ਰਾਜੀਵ ਚੌਕ ਤੱਕ ਗਏ ਅਤੇ ਵਾਪਸੀ ਦੌਰਾਨ ਪਟੇਲ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਆਉਣ ਤੋਂ ਪਹਿਲਾਂ ਦਿੱਲੀ ਮੈਟਰੋ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਵੇਖੀ। ਇਸ ਦੌਰਾਨ ਸ: ਬਾਦਲ ਨੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਜਤਾਈ ਅਤੇ ਇਹ ਵੀ ਕਿਹਾ ਕਿ ਉਹ ਕੌਮਾਂਤਰੀ ਪੱਧਰ 'ਤੇ ਕਈ ਮੁਲਕਾਂ ਵਿਚ ਮੈਟਰੋ ਟਰੇਨ ਵਿਚ ਸਫਰ ਕਰ ਚੁੱਕੇ ਹਨ ਅਤੇ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਦਿੱਲੀ ਮੈਟਰੋ ਟਰੇਨ ਦਾ ਪ੍ਰਬੰਧ ਬਹੁਤ ਹੀ ਸ਼ਾਨਦਾਰ ਤੇ ਸ਼ਲਾਘਾਯੋਗ ਹੈ।

ਗੁਰਦਾਸਪੁਰ, 13 ਫਰਵਰੀ-ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰੋਂ ਜੇਲ੍ਹ ਅੰਦਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 2 ਕੈਦੀ ਭੱਜਣ 'ਚ ਕਾਮਯਾਬ ਹੋ ਗਏ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਕੈਦ ਹਵਾਲਾਤੀ ਸੁਨੀਲ ਕੁਮਾਰ ਉਰਫ਼ ਸੋਨੀ ਪੁੱਤਰ ਜੋਗਿੰਦਰ ਪਾਲ ਵਾਸੀ ਲਮੀਣੀ ਪਠਾਨਕੋਟ ਅਤੇ ਸੰਦੀਪ ਉਰਫ਼ ਅਮਨ ਪੁੱਤਰ ਨਰਿੰਦਰ ਪਾਲ ਵਾਸੀ ਰਿੰਕੂ ਮੰਦਰ ਡਵੀਜ਼ਨ ਨੰਬਰ 2 ਪਠਾਨਕੋਟ ਰਾਤ ਸਮੇਂ ਜੇਲ੍ਹ ਦੀ ਸੁਰੱਖਿਆ ਲਈ ਬਣੀਆਂ ਦੀਵਾਰਾਂ ਨੂੰ ਟੱਪ ਕੇ ਜੇਲ੍ਹ ਵਿਚੋਂ ਭੱਜ ਗਏ। ਇੱਥੇ ਜ਼ਿਕਰਯੋਗ ਹੈ ਕਿ ਉਕਤ ਕੈਦੀਆਂ ਵਿਚੋਂ ਸੁਨੀਲ ਕੁਮਾਰ ਧਾਰਾ 307 ਅਤੇ ਸੰਦੀਪ ਉਰਫ਼ ਅਮਨ ਧਾਰਾ 379 (ਚੋਰੀ) ਦੇ ਅਧੀਨ ਜੇਲ੍ਹ ਵਿਚ ਬੰਦ ਸਨ। ਇਸ ਸਬੰਧੀ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ਼ੰਮੀ ਕੁਮਾਰ ਦੀ ਲਿਖਤੀ ਸ਼ਿਕਾਇਤ 'ਤੇ ਉਕਤ ਕੈਦੀਆਂ ਖ਼ਿਲਾਫ਼ ਧਾਰਾ 223, 224 ਅਧੀਨ ਮੁਕੱਦਮਾ ਨੰਬਰ 34 ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਸਬੰਧੀ ਜਦੋਂ ਸ਼ੰਮੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਅਤੇ ਉਨ੍ਹਾਂ ਨੇ ਵਿਭਾਗੀ ਕਾਰਵਾਈ ਕਰਦੇ ਹੋਏ 4 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਜ਼ਮੀਨੀ ਝਗੜੇ ਕਾਰਨ ਕਿਸਾਨ ਦੀ ਹੱਤਿਆ
ਮ੍ਰਿਤਕ ਦੇ ਭਰਾ ਅਤੇ ਸਾਲੇ ਨੇ ਭੱਜ ਕੇ ਜਾਨ ਬਚਾਈ
ਤਰਨ ਤਾਰਨ, 13 ਫਰਵਰੀ -ਤਰਨ ਤਾਰਨ ਦੇ ਥਾਣਾ ਸਿਟੀ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਅੱਜ ਸਵੇਰੇ ਤੜਕਸਾਰ ਟਰਾਲੀ ਵਿਚ ਪੱਠੇ ਲੈ ਕੇ ਵੇਚਣ ਜਾ ਰਹੇ ਇਕ ਕਿਸਾਨ ਦੀ ਰਸਤੇ ਵਿਚ ਪਿੰਡ ਦੇ ਕੁਝ ਹੋਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਦੀ ਗਿਣਤੀ 5 ਤੋਂ 6 ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੇ ਕਿਸਾਨ ਦੇ 11 ਗੋਲੀਆਂ ਮਾਰੀਆਂ। ਮ੍ਰਿਤਕ ਦੇ ਭਰਾ ਅਤੇ ਸਾਲੇ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ 'ਤੇ 6 ਵਿਅਕਤੀਆਂ ਖਿਲਾਫ ਕਤਲ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. (ਸਿਟੀ) ਗੁਰਪ੍ਰੀਤ ਸਿੰਘ ਢਿੱਲੋਂ, ਡੀ.ਐੱਸ.ਪੀ. (ਡੀ) ਕੁਲਦੀਪ ਸਿੰਘ ਅਤੇ ਐੱਸ. ਐੱਚ. ਓ. ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਪਿੰਡ ਠਰੂ ਦੇ ਰਹਿਣ ਵਾਲੇ ਸਿਕੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ  ਕਿ ਅੱਜ ਸਵੇਰੇ ਤੜਕਸਾਰ ਉਸਦਾ ਭਰਾ ਗੁਰਸੇਵਕ ਸਿੰਘ ਅਤੇ ਗੁਰਸੇਵਕ ਸਿੰਘ ਦਾ ਸਾਲਾ ਰੇਸ਼ਮ ਸਿੰਘ ਵਾਸੀ ਜੌਹਲ ਰਾਜੂ ਸਿੰਘ ਟਰੈਕਟਰ-ਟਰਾਲੀ 'ਤੇ ਪੱਠੇ ਲੈ ਕੇ ਵੇਚਣ ਲਈ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਉਹ ਜਦ ਪਿੰਡ ਖਾਰਾ ਦੇ ਕਮਲ ਹਸਪਤਾਲ ਸਾਹਮਣੇ ਪਹੁੰਚੇ ਤਾਂ ਇਕ ਕਾਰ ਵਿਚੋਂ ਪਿੰਡ ਦੇ ਰਹਿਣ ਵਾਲੇ ਸਿਕੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਅਤੇ 5-6 ਹੋਰ ਵਿਅਕਤੀ ਉਤਰੇ, ਜਿਨ੍ਹਾਂ ਕੋਲ 2 ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਕਾਰ ਵਿਚੋਂ ਉਤਰਦਿਆਂ ਹੀ ਸਿਕੰਦਰ ਸਿੰਘ ਨੇ ਲਲਕਾਰਾ ਮਾਰਿਆ ਕਿ ਗੁਰਸੇਵਕ ਸਿੰਘ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਇਸ ਨੂੰ ਅੱਜ ਬਚ ਕੇ ਨਹੀਂ ਜਾਣ ਦੇਣਾ, ਜਿਸ 'ਤੇ ਸਿਕੰਦਰ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨੇ ਆਪਣੇ ਪਿਸਤੌਲਾਂ ਨਾਲ 11 ਗੋਲੀਆਂ ਉਸਦੇ ਭਰਾ ਗੁਰਸੇਵਕ ਸਿੰਘ ਦੇ ਮਾਰੀਆਂ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਪਿੱਛਾ ਕੀਤਾ, ਲੇਕਿਨ ਉਹ ਟਰਾਲੀ ਤੋਂ ਛਾਲ ਮਾਰ ਕੇ ਪਿੰਡ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਦਾ ਉਨ੍ਹਾਂ ਨਾਲ ਅਦਾਲਤ ਵਿਚ ਜ਼ਮੀਨ ਦਾ ਕੇਸ ਚੱਲਦਾ ਸੀ। ਕੇਸ ਉਨ੍ਹਾਂ ਦੇ ਹੱਕ ਵਿਚ ਹੋਣ ਕਾਰਨ ਉਨ੍ਹਾਂ ਨੇ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ 2010 ਵਿਚ ਵੀ ਉਨ੍ਹਾਂ ਦਾ ਸਿਕੰਦਰ ਸਿੰਘ ਨਾਲ ਝਗੜਾ ਹੋਇਆ ਸੀ, ਜਿਸ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦਾ ਤਰਨ ਤਾਰਨ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਟੀਮਾਂ ਬਣਾ ਕੇ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਨਵੀਂ ਦਿੱਲੀ, 13 ਫਰਵਰੀ -ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਉਰਦੂ ਦੇ ਮਸ਼ਹੂਰ ਸ਼ਾਇਰ ਤੇ ਗੀਤਕਾਰ ਸ਼ਹਿਰਯਾਰ ਦਾ ਅੱਜ ਅਲੀਗੜ੍ਹ 'ਚ ਦਿਹਾਂਤ ਹੋ ਗਿਆ। ਉਹ 76 ਸਾਲਾਂ ਦੇ ਸਨ। ਸ਼ਹਿਰਯਾਰ ਕਾਫੀ ਸਮੇਂ ਤੋਂ ਫੇਫੜੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਆਪਣੇ ਨਿਵਾਸ 'ਤੇ ਰਾਤ ਅੱਠ ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਦੋ ਬੇਟੇ ਤੇ ਇਕ ਬੇਟੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਦੇ ਇਲਾਵਾ ਕਈ ਹੋਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

ਨਵੀਂ ਦਿੱਲੀ, 13 ਫਰਵਰੀ -ਅੱਜ ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅੰਤਿਮ ਬਹਿਸ ਲਈ 16 ਮਾਰਚ ਦੀ ਤਾਰੀਕ ਮੁਕੱਰਰ ਕੀਤੀ ਹੈ ਅਤੇ ਇਸ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ 'ਤੇ ਦਿੱਲੀ ਦੇ ਛਾਉਣੀ ਇਲਾਕੇ ਵਿਚ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਜ਼ਿਲ੍ਹਾ ਜੱਜ ਜੇ. ਆਰ ਆਰੀਅਨ ਨੇ ਕਿਹਾ ਕਿ ਸੀ. ਬੀ. ਆਈ ਬਹਿਸ ਸ਼ੁਰੂ ਕਰੇਗੀ ਅਤੇ ਇਸ ਨੂੰ 5 ਮਾਰਚ ਤਕ ਦਲੀਲਾਂ ਦਾ ਸਮੁੱਚਾ ਖੁਲਾਸਾ ਲਿਖਤੀ ਰੂਪ ਵਿਚ ਪੇਸ਼ ਕਰਨ ਲਈ ਕਿਹਾ ਗਿਆ ਹੈ। 

ਬੰਗਲੌਰ 13 ਫਰਵਰੀ- ਇਕ ਸਥਾਨਕ ਅਦਾਲਤ ਨੇ ਪੁਲਿਸ ਨੂੰ ਕਰਨਾਟਕ ਦੇ 3 ਸਾਬਕਾ ਮੰਤਰੀਆਂ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੌਰਾਨ ਕਥਿੱਤ ਤੌਰ 'ਤੇ ਅਸ਼ਲੀਲ ਵੀਡਓ ਵੇਖਣ ਦੇ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਧਰਮਪਾਲ ਗੌਡਾ ਨਾਮੀ ਵਕੀਲ ਵੱਲੋਂ ਦਾਇਰ ਸ਼ਕਾਇਤ 'ਤੇ ਅਦਾਲਤ ਨੇ ਵਿਧਾਨ ਸਭਾ ਪੁਲਿਸ ਸਟੇਸ਼ਨ ਦੇ ਇਕ ਸਬ ਇੰਸਪੈਕਟਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਕੇ 27 ਫਰਵਰੀ ਨੂੰ ਆਪਣੀ ਰਿਪੋਰਟ ਦਾਇਰ ਕਰੇ। ਇਸੇ ਦੌਰਾਨ ਸਪੀਕਰ ਕੇ.ਜੀ ਬੋਪਈਆਹ ਨੇ ਇਨ੍ਹਾਂ 3 ਮੰਤਰੀਆਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦਾ ਸਮਾਂ 19 ਫਰਵਰੀ ਤੱਕ ਵਧਾ ਦਿੱਤਾ ਹੈ। ਮੰਤਰੀਆਂ ਜਿਨ੍ਹਾਂ ਨੇ ਅੱਜ ਜਵਾਬ ਦੇਣਾ ਸੀ, ਨੇ 7 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ ਇਸ ਨੋਟਿਸ ਵਿਚ ਸਪੀਕਰ ਨੇ ਇਨ੍ਹਾਂ ਮੰਤਰੀਆਂ ਨੂੰ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦੇ ਦਿੱਤਾ ਜਾਵੇ? 8 ਫਰਵਰੀ ਨੂੰ ਵਾਪਰੀ ਇਸ ਘਟਨਾ ਵਿਚ ਸਾਬਕਾ ਮੰਤਰੀ ਲਕਸ਼ਮਨ ਸਵਾਦੀ, ਸੀ. ਸੀ ਪਾਟਿਲ ਨੂੰ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਹੀ ਇਕ ਨਿੱਜੀ ਚੈਨਲ ਨੇ ਮੋਬਾਇਲ ਉਪਰ ਅਸ਼ਲੀਲ ਵੀਡੀਓ ਫਿਲਮ ਵੇਖਦਿਆਂ ਕੈਮਰੇ ਵਿਚ ਕੈਦ ਕਰ ਲਿਆ ਸੀ । ਸਾਬਕਾ ਮੰਤਰੀ ਜੇ ਕ੍ਰਿਸ਼ਨਾ ਪਾਲੇਮਰ ਨੇ ਇਹ ਵੀਡੀਓ ਫਿਲਮ ਕਥਿੱਤ ਤੌਰ 'ਤੇ ਸਵਾਦੀ ਦੇ ਮੋਬਾਇਲ 'ਤੇ ਭੇਜੀ ਸੀ।
ਇਸਲਾਮਾਬਾਦ, 13 ਫਰਵਰੀ -ਪਾਕਿਸਤਾਨ ਦੇ ਦੱਖਣੀ ਪੱਛਮੀ ਬਲੋਚਿਸਤਾਨ ਸੂਬੇ 'ਚ ਪੁਲਿਸ ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਘੱਟੋ-ਘੱਟ 3 ਵਿਅਕਤੀ ਮਾਰੇ ਗਏ ਅਤੇ 8 ਜ਼ਖਮੀ ਹੋ ਗਏ। ਅਖ਼ਬਾਰ ਏਜੰਸੀ ਸਿਨਹੂਆ ਨੇ ਉਰਦੂ ਟੀ. ਵੀ. ਚੈਨਲ ਏ. ਆਰ. ਵਾਈ. ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਡੇਰਾ ਮੁਰਾਦ ਜਮਾਲੀ ਕਸਬੇ 'ਚ ਰੋਜ਼ਾਨਾ ਗਸ਼ਤ ਦੌਰਾਨ ਦੁਪਹਿਰ 12.45 ਵਜੇ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਧਮਾਕਾਖੇਜ਼ ਸਮੱਗਰੀ ਬੱਕਰਾ ਬਾਜ਼ਾਰ ਦੇ ਕੋਲ ਖੜ੍ਹੇ ਇਕ ਮੋਟਰਸਾਈਕਲ 'ਚ ਲਗਾਈ ਗਈ ਸੀ। ਜ਼ਖ਼ਮੀਆਂ 'ਚ ਚਾਰ ਪੁਲਿਸ ਕਰਮਚਾਰੀ ਸ਼ਾਮਿਲ ਹਨ। ਅੱਜ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਕਾਬੁਲ, 13 ਫਰਵਰੀ-ਅਫਗਾਨਿਸਤਾਨ 'ਚ ਸੁਰੱਖਿਆ ਸੈਨਾ ਨਾਲ ਹੋਈ ਝੜਪ 'ਚ ਫਿਦਾ ਮੁਹੰਮਦ ਨਾਂਅ ਦੇ ਇਕ ਕਮਾਂਡਰ ਸਮੇਤ ਘੱਟੋ ਘੱਟ 6 ਅੱਤਵਾਦੀ ਮਾਰੇ ਗਏ, ਜਦੋਂਕਿ ਇਕ ਹੋਰ ਘਟਨਾ 'ਚ 19 ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸਮਾਚਾਰ ਏਜੰਸੀ ਸਿੰਨਹੁਆ ਨੇ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਪੂਰਬੀ ਪਾਕਟੀਆ ਸੂਬੇ 'ਚ ਬੀਤੀ ਰਾਤ ਹੋਈ ਝੜਪ 'ਚ ਦੋ ਅਫਗਾਨ ਪੁਲਿਸ ਮੁਲਾਜ਼ਮ ਵੀ ਮਾਰੇ ਗਏ। ਏਜੰਸੀ ਨੇ ਹੇਰਾਤ ਸੂਬੇ ਦੇ ਗਵਰਨਰ ਦਾਊਦ ਸਬਾਹ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਤੋਂ ਕਰੀਬ 640 ਕਿਲੋਮੀਟਰ ਦੂਰ ਸੂਬੇ ਦੇ ਚਿਸ਼ਤੀ ਸ਼ਰੀਫ ਜ਼ਿਲ੍ਹੇ 'ਚ ਸਈਅਦ ਜੀਆ ਨਾਂਅ ਦੇ ਇਕ ਕਮਾਂਡਰ ਦੀ ਅਗਵਾਈ 'ਚ ਕੁਲ 19 ਤਾਲਿਬਾਨੀਆਂ ਨੇ ਸਰਕਾਰ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਅਫ਼ਗਾਨਿਸਤਾਨ 'ਚ ਤਿੰਨ ਹਜ਼ਾਰ ਤੋਂ ਵੱਧ ਅੱਤਵਾਦੀ ਆਤਮਸਮਰਪਣ ਕਰਕੇ ਆਮ ਜ਼ਿੰਦਗੀ ਜੀਅ ਰਹੇ ਹਨ। ਇਨ੍ਹਾਂ ਦੋਵਾਂ ਘਟਨਾਵਾਂ ਦੀ ਤਾਲਿਬਾਨ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਨਵੀਂ ਦਿੱਲੀ, 13 ਫਰਵਰੀ - ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਦੀ ਉਮਰ ਸਬੰਧੀ ਵਿਵਾਦ ਹੱਲ ਹੋਣ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਅੱਜ ਮੇਲ-ਮਿਲਾਪ ਦਾ ਵਾਤਾਵਰਨ ਤਿਆਰ ਕਰਨ ਲਈ ਕਿਹਾ, ਤਾਂ ਜੋ ਹਰ ਕੋਈ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰ ਸਕੇ। ਉਨ੍ਹਾਂ ਨੇ ਏਸ਼ੀਆਈ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਹ ਵਿਵਾਦ ਖ਼ਤਮ ਹੋ ਗਿਆ ਹੈ। ਆਪਣੇ ਸਾਰੇ ਸਹਿਯੋਗੀਆਂ ਅਤੇ ਮੀਡੀਆ ਨੂੰ ਉਹ ਬੇਨਤੀ ਕਰਦੇ ਹਨ ਕਿ ਇਸ ਅਧਿਆਏ ਨੂੰ ਹੁਣ ਬੰਦ ਕਰ ਦੇਣ ਅਤੇ ਰਾਸ਼ਟਰੀ ਸੁਰੱਖਿਆ ਦੀ ਮਜ਼ਬੂਤੀ ਲਈ ਉਹ ਸਾਰੇ ਮਿਲ ਕੇ ਕੰਮ ਕਰਨ। ਰਾਸ਼ਟਰੀ ਸੁਰੱਖਿਆ ਦੀ ਖਾਤਰ ਕ੍ਰਿਪਾ ਕਰਕੇ ਇਸ ਮਾਮਲੇ ਨੂੰ ਭੁੱਲ ਜਾਉ। ਆਉ, ਮੇਲ ਮਿਲਾਪ ਦਾ ਵਾਤਾਵਰਨ ਤਿਆਰ ਕਰੀਏ। ਭਾਵਨਾਵਾਂ ਨੂੰ ਸ਼ਾਂਤ ਹੋਣ ਦਿਉ। ਉਨ੍ਹਾਂ ਨੂੰ ਇਹ ਪੁੱਛਣ 'ਤੇ ਕਿ ਕੀ ਫ਼ੌਜ ਮੁਖੀ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਉਨ੍ਹਾਂ ਕਿਹਾ ਕਿ ਮੌਜੂਦਾ ਫ਼ੌਜ ਮੁਖੀ 'ਤੇ ਸਰਕਾਰ ਨੂੰ ਪੂਰਾ ਭਰੋਸਾ ਹੈ, ਜਿਸ ਤਰ੍ਹਾਂ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਹਾ ਸੀ। ਰੱਖਿਆ ਮੰਤਰੀ ਐਂਟਨੀ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਜਨਰਲ ਸਿੰਘ ਅੱਜ ਬਰਤਾਨੀਆ ਦੀ ਯਾਤਰਾ 'ਤੇ ਗਏ ਹਨ। 2008 ਤੋਂ ਬਾਅਦ ਕਿਸੇ ਭਾਰਤੀ ਫ਼ੌਜ ਮੁਖੀ ਦੀ ਇਹ ਪਹਿਲੀ ਬਰਤਾਨੀਆ ਯਾਤਰਾ ਹੈ। ਦੂਜੇ ਪਾਸੇ ਰੱਖਿਆ ਮੰਤਰੀ ਵੀ ਅੱਜ ਸਾਊਦੀ ਅਰਬ ਦੀ 2 ਦਿਨਾ ਯਾਤਰਾ 'ਤੇ ਰਵਾਨਾ ਹੋਏ ਹਨ। ਕਿਸੇ ਭਾਰਤੀ ਰੱਖਿਆ ਮੰਤਰੀ ਦੀ ਇਹ ਪਹਿਲੀ ਸਾਊਦੀ ਅਰਬ ਯਾਤਰਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ ਆਰ. ਐਮ. ਲੋਡਾ ਅਤੇ ਐਚ. ਐਲ. ਗੋਖਲੇ ਦੀ ਅਗਵਾਈ ਵਾਲੀ ਬੈਂਚ ਨੇ 10 ਫਰਵਰੀ ਨੂੰ ਇਹ ਸਪਸ਼ਟ ਕੀਤਾ ਸੀ ਕਿ ਜਨਰਲ ਸਿੰਘ ਦੀ ਜਨਮ ਤਰੀਕ 10 ਮਈ, 1950 ਹੀ ਮੰਨੀ ਜਾਵੇਗੀ, ਨਾ ਕਿ 10 ਮਈ,1951, ਜਿਸ ਤਰ੍ਹਾਂ ਕਿ ਉਨ੍ਹਾਂ ਦੇ ਸਕੂਲ ਦੇ ਸਰਟੀਫਿਕੇਟ 'ਚ ਦਰਜ ਹੈ। ਇਸ ਤੋਂ ਬਾਅਦ ਜਨਰਲ ਸਿੰਘ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ।
ਅੱਡਾ ਕਲੇਰ ਵਿਖੇ ਅੰਨ੍ਹਵਾਹ ਗੋਲੀਆਂ ਚੱਲਣ ਕਾਰਨ ਫੈਲੀ ਦਹਿਸ਼ਤ

ਰਈਆ/ਖਿਲਚੀਆਂ/ਬਾਬਾ ਬਕਾਲਾ, 13 ਫਰਵਰੀ -ਅੱਜ ਅੱਡਾ ਕਲੇਰ ਘੁੰਮਾਣ ਵਿਖੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰਈਆ ਵੱਲੋਂ ਆਈ ਇਕ ਕਾਲੇ ਰੰਗ ਦੀ ਕਾਰ ਵਿਚੋਂ ਉੱਤਰੇ ਪਿਸਤੌਲਾਂ ਨਾਲ ਲੈੱਸ 5 ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਹਿਰੀਨ ਬੇਕਰੀ ਅੱਡਾ ਕਲੇਰ ਘੁੰਮਾਣ ਦੇ ਮਾਲਕ ਗਰਨੈਟ ਸਿੰਘ ਪੁੱਤਰ ਸ: ਕਸ਼ਮੀਰ ਸਿੰਘ ਵਾਸੀ ਕਲੇਰ ਘੁਮਾਣ, ਡਾਕਖਾਨਾ ਧਿਆਨਪੁਰ ਜ਼ਿਲ੍ਹਾ ਅੰਮਿਤਸਰ ਦੇ ਦੁਕਾਨ ਅੰਦਰ ਕੋਲਡ ਡਰਿੰਕਸ ਪੀ ਰਹੇ 4 ਨੌਜਵਾਨਾਂ ਨੇ ਪੌੜੀਆਂ ਰਾਹੀਆਂ ਕੋਠੇ 'ਤੇ ਚੜ੍ਹ ਕੇ ਜਾਨ ਬਚਾਈ। ਇਕ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਹੈ, ਪ੍ਰੰਤੂ ਇਸ ਦੀ ਖ਼ਬਰ ਲਿਖਣ ਤੱਕ ਪੁਸ਼ਟੀ ਨਹੀਂ ਹੋ ਸਕੀ। ਡੀ. ਐਸ. ਪੀ. ਉਪ ਮੰਡਲ ਬਾਬਾ ਬਕਾਲਾ ਸ੍ਰੀ ਸੂਬਾ ਸਿੰਘ ਤੇ ਥਾਣਾ ਮੁਖੀ ਖਿਲਚੀਆਂ ਸ੍ਰੀ ਰਣਧੀਰ ਸਿੰਘ ਪੁਲਿਸ ਪਾਰਟੀ ਨਾਲ ਮੌਕਾ ਵਾਰਦਾਤ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੂੰ ਮੌਕਾ ਵਾਰਦਾਤ ਤੋਂ ਵੱਖ ਵੱਖ ਕਿਸਮ ਦੇ ਪਿਸਤੌਲਾਂ/ਰਿਵਾਲਵਰਾਂ ਦੇ 10 ਖਾਲੀ ਰੌਂਦ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਬਹਿਰੀਨ ਬੇਕਰੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਕਾਲੇ ਰੰਗ ਦੀ ਰਈਆ ਵੱਲੋਂ ਆ ਕੇ ਕਾਰ ਰੁਕੀ ਅਤੇ ਵਿਚੋਂ 5 ਹਥਿਆਰਬੰਦ ਨੌਜਵਾਨ ਨਿਕਲੇ ਤਾਂ ਗਰਨੈਟ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਗਰਨੈਡ ਨੂੰ ਦੱਸ ਦਿੱਤਾ ਜਿਸ ਨੇ ਫੁਰਤੀ ਨਾਲ ਪੌੜੀਆਂ ਚੜ੍ਹ ਗਿਆ ਅਤੇ ਦੂਸਰੀ ਮੰਜ਼ਿਲ ਤੋਂ ਪੌੜੀ ਲਗਾ ਕੇ ਉਪਰਲੀ ਛੱਤ 'ਤੇ ਚੜ੍ਹ ਕੇ ਪੌੜੀ ਹੇਠਾਂ ਸੁੱਟ ਦਿੱਤੀ। ਹਮਲਾਵਰ ਵੀ ਪਿੱਛੇ ਗੋਲੀਆਂ ਚਲਾਉਂਦੇ ਦੌੜੇ ਜਿਸ ਦੇ ਫਲ ਸਰੂਪ ਦੁਕਾਨ 'ਚ ਬੈਠੇ ਇਕ ਵਿਅਕਤੀ ਵੱਖੀ ਵਿਚ ਗੋਲੀ ਲੱਗੀ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਹਮਲਾਵਰ ਕੁਝ ਕਦਮਾਂ ਦੀ ਦੂਰੀ 'ਤੇ ਖਲੋਤੀ ਕਾਰ 'ਚ ਬੈਠ ਕੇ ਰਈਏ ਵੱਲ ਨੂੰ ਦੌੜ ਗਏ। ਹਮਲਾਵਰਾਂ ਵਿਚੋਂ ਇਕ ਨੂੰ ਗਰਨੈਟ ਸਿੰਘ ਨੇ ਪਹਿਚਾਣ ਲਿਆ ਹੈ, ਕਿਉਂਕਿ ਉਸ ਨਾਲ ਕੁਝ ਦਿਨ ਪਹਿਲਾਂ ਕਿਸੇ ਗੱਲ ਤੋਂ ਹੋਏ ਤਕਰਾਰ ਦਾ ਰਈਆ ਪੁਲਿਸ ਚੌਂਕੀ ਵਿਖੇ ਰਾਜ਼ੀਨਾਮਾ ਹੋ ਗਿਆ ਸੀ।
ਨਵਾਂਸ਼ਹਿਰ 'ਚ ਪੀਲੀਏ ਕਾਰਨ ਇਕ ਹੋਰ ਮੌਤ
13 ਫਰਵਰੀ ૿ ਨਵਾਂਸ਼ਹਿਰ 'ਚ ਪੀਲੀਏ ਕਾਰਨ 4 ਦਿਨ ਪਹਿਲਾਂ ਬੂਟਾ ਰਾਮ ਦੀ ਦੀ ਹੋਈ ਮੌਤ ਕਾਰਨ ਚਿਤਾ ਠੰਢੀ ਨਹੀਂ ਹੋਈ ਕਿ ਅੱਜ ਤੀਸਰੀ ਜਮਾਤ ਦੀ 10 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ।
ਮ੍ਰਿਤਕ ਬੱਚੀ ਮੁਸਕਾਨ ਉਮਰ 10 ਸਾਲ ਵਾਸੀ ਮੁਹੱਲਾ ਨਵੀਂ ਅਬਾਦੀ ਨਵਾਂਸ਼ਹਿਰ ਦੇ ਪਿਤਾ ਹਰਦੀਪ ਕੁਮਾਰ ਨੇ ਦੱਸਿਆ ਕਿ ਦਸੰਬਰ 2011 'ਚ ਮੁਸਕਾਨ ਦੀ ਥੋੜ੍ਹੀ ਸਿਹਤ ਖ਼ਰਾਬ ਹੋ ਗਈ ਸੀ ਜਿਸ 'ਤੇ ਉਨ੍ਹਾਂ ਜਦੋਂ ਇੱਥੋਂ ਦੇ ਸਰਕਾਰੀ ਹਸਪਤਾਲ 'ਚ ਟੈੱਸਟ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਪੀਲੀਏ ਤੋਂ ਪੀੜਤ ਹੈ। ਉਨ੍ਹਾਂ ਦੱਸਿਆ ਕਿ 11 ਦਿਨ ਹਸਪਤਾਲ ਵਿਚ ਦਾਖ਼ਲ ਰਹਿਣ ਉਪਰੰਤ ਮੁਸਕਾਨ ਬਿਲਕੁਲ ਠੀਕ ਹੋ ਗਈ ਤੇ ਅਸੀਂ ਘਰ ਲੈ ਆਏ ਜਦ ਕਿ ਇਲਾਜ ਲਗਾਤਾਰ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਇੱਕ ਬਾਰ ਢਾਹਾਂ ਹਸਪਤਾਲ 'ਚ ਵੀ ਮੁਸਕਾਨ ਦੀ ਜਾਂਚ ਕਰਵਾਈ ਗਈ ਤੇ ਟੈੱਸਟ ਕਰਵਾਏ ਗਏ।
ਉਨ੍ਹਾਂ ਕਿਹਾ ਕਿ 4 ਦਿਨ ਪਹਿਲਾਂ ਜਦੋਂ ਫਿਰ ਬੱਚੀ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਅਸੀਂ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਸਬੰਧਿਤ ਡਾਕਟਰ ਵੱਲੋਂ ਦੱਸਿਆ ਗਿਆ ਕਿ ਹੁਣ ਬੱਚੀ ਨੂੰ ਕੁੱਝ ਹੋਰ ਬਿਮਾਰੀਆਂ ਨੇ ਬੁਰੀ ਤਰਾਂ ਜਕੜ ਲਿਆ ਹੈ ਤੇ ਹੁਣ ਇਸ ਨੂੰ ਬਚਾਉਣਾ ਨਾ ਮੁਮਕਿਨ ਹੈ। ਉਨ੍ਹਾਂ ਕਿਹਾ ਕਿ 4 ਦਿਨ ਤੋਂ ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਨ ਬੀਤੀ ਸ਼ਾਮ ਉਸ ਦੀ ਅਚਾਨਕ ਮੌਤ ਹੋ ਗਈ।
ਸੜਕ ਹਾਦਸੇ 'ਚ ਦੋ ਮੌਤਾਂ
13 ਫਰਵਰੀ ૿ ਕੋਟਕਪੂਰਾ ਮੁਕਤਸਰ ਮੁੱਖ ਮਾਰਗ 'ਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਚਰਨ ਦਾਸ ਪੁੱਤਰ ਦੇਵੀ ਦਾਸ ਤੇ ਸੁਖਮੰਦਰ ਸਿੰਘ ਰਿੰਕੂ ਪੁੱਤਰ ਨੱਥਾ ਸਿੰਘ ਵਾਸੀਆਨ ਮੰਡੀ ਬਰੀਵਾਲਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਛੋਟੇ ਹਾਥੀ ਨੰ: ਪੀ.ਬੀ.29.ਐੱਚ/7821 'ਤੇ ਕੋਟਕਪੂਰੇ ਦੀ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਕੇ ਵਾਪਸ ਮੰਡੀ ਬਰੀਵਾਲਾ ਜਾ ਰਹੇ ਸਨ ਕਿ ਪਿੰਡ ਵਾੜਾਦਰਾਕਾ ਵਿਖੇ ਉਨ੍ਹਾਂ ਦਾ ਛੋਟਾ ਹਾਥੀ ਸਾਹਮਣੇ ਤੋਂ ਆ ਰਹੇ ਟੈਂਪੂ ਟਰੈਵਲ ਨੰ: ਪੀ.ਬੀ.01/9236 ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਚਰਨ ਦਾਸ ਦੀ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸੁਖਮੰਦਰ ਸਿੰਘ ਰਿੰਕੂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਉਚੇਰੇ ਇਲਾਜ ਲਈ ਲਿਆਂਦਾ ਗਿਆ ਪਰ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਉਸਦੀ ਮੌਤ ਹੋ ਗਈ। ਇਸ ਹਾਦਸੇ ਵਿਚ ਟੈਂਪੂ-ਟਰੈਵਲ ਡਰਾਈਵਰ ਕੁਲਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਮ੍ਰਿਤਕ ਰਿੰਕੂ ਦੇ ਭਰਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਲਿੱਧੜ ਜ਼ਿਲ੍ਹਾ ਜਲੰਧਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
13 ਫਰਵਰੀ ૿ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ 64 ਉੱਤੇ ਸਥਿਤ ਪਿੰਡ ਬਸੀ ਈਸੇ ਖਾਂ ਨੇੜੇ ਪਟਿਆਲਾ ਢਾਬੇ ਦੇ ਸਾਹਮਣੇ ਇੱਕ ਕਾਰ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਲੱਗੇ ਸਫ਼ੈਦੇ ਵਿਚ ਵੱਜਣ ਕਾਰਨ ਦੋ ਸਕੇ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਕਾਰ ਸਵਾਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਨੀਰਜ ਕੁਮਾਰ, ਦਿਨੇਸ਼ ਭਾਰਤ, ਪ੍ਰਵੀਨ ਕੁਮਾਰ ਧੀਮਾਨ (ਤਿੰਨੇ ਸਕੇ ਭਰਾ) ਪੁਤਰਾਨ ਮੇਹਰ ਚੰਦ ਵਾਸੀ ਡੇਰਾਬਸੀ ਆਪਣੇ ਦੋਸਤ ਸੁਨੀਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਰਾਜੇਸ਼ ਮਿੱਤਲ ਪੁੱਤਰ ਮਾਮ ਚੰਦ ਵਾਸੀਆਨ ਮੁਸਤਫਾਬਾਦ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਨਾਲ ਸੰਨਾਟਾ ਕਾਰ ਵਿਚ ਸਵਾਰ ਹੋ ਕੇ ਰਾਜਪੁਰਾ ਤੋਂ ਜ਼ੀਰਕਪੁਰ ਨੂੰ ਜਾ ਰਹੇ ਸਨ। ਜਿਵੇਂ ਹੀ ਉਹ ਆਪਣੀ ਕਾਰ ਸਮੇਤ ਪਿੰਡ ਬੱਸੀ ਈਸੇ ਖਾਂ ਕੋਲ ਪਟਿਆਲਾ ਢਾਬੇ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੇ ਟਰਾਲੇ ਦੇ ਡਰਾਈਵਰ ਨੇ ਟਰਾਲੇ ਨੂੰ ਇੱਕ ਦਮ ਢਾਬੇ ਵੱਲ ਮੋੜ ਦਿੱਤਾ, ਜਿਸ ਕਾਰਨ ਪਿੱਛੇ ਆ ਰਹੀ ਉਕਤ ਕਾਰ ਜਿਸ ਵਿਚ ਤਿੰਨ ਸਕੇ ਭਰਾਵਾਂ ਤੇ ਦੋ ਦੋਸਤਾਂ ਸਮੇਤ ਪੰਜ ਵਿਅਕਤੀ ਸਵਾਰ ਸਨ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਤੇ ਕਿਸੇ ਵਾਹਨ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਸਫ਼ੈਦੇ ਵਿਚ ਬਹੁਤ ਹੀ ਜ਼ੋਰ ਨਾਲ ਵੱਜੀ।
ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਸਕੇ ਭਰਾਵਾਂ ਵਿਚੋਂ ਨੀਰਜ ਕੁਮਾਰ ਉਮਰ 45 ਸਾਲ ਅਤੇ ਦਿਨੇਸ਼ ਭਰਤ ਉਮਰ 34 ਸਾਲ ਪੁਤਰਾਨ ਮੇਹਰ ਚੰਦ ਵਾਸੀ ਡੇਰਾਬਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੰਜਾਬ ਦੀਆਂ 9 ਸਹਿਕਾਰੀ ਮਿੱਲਾਂ ਵਿਚ ਗੰਨੇ
ਦੀ ਆਮਦ ਰਿਕਾਰਡ ਤੋੜ-ਵਾਹਲਾ

  1. 13 ਫਰਵਰੀ ૿ ਪੰਜਾਬ ਵਿਚ ਪ੍ਰਾਈਵੇਟ ਮਿੰਲਾਂ ਦੇ ਖੁੱਲ੍ਹਣ ਨਾਲ ਸਹਿਕਾਰੀ ਮਿੱਲਾਂ ਵਿਚ ਗੰਨਾ ਲਿਆਉਣ ਦਾ ਰੁਝਾਨ ਘਟਣ ਨਾਲ ਇਨ੍ਹਾਂ ਮਿੱਲਾਂ ਦੀ ਹਾਲਤ ਬਦਤਰ ਹੋ ਗਈ ਸੀ, ਪਰ ਅਕਾਲੀ-ਭਾਜਪਾ ਸਰਕਾਰ ਵੱਲਂ ਇਨ੍ਹਾਂ ਮਿੱਲਾਂ ਦੀ ਹਾਲਤ ਸੁਧਾਰਨ ਅਤੇ ਕਿਸਾਨਾਂ ਦਾ ਰਹਿੰਦਾ ਬਕਾਇਆ ਦੇਣ ਨਾਲ ਇਸ ਵਾਰ ਸਹਿਕਾਰੀ ਮਿੰਲਾਂ ਵਿਚ ਰਿਕਾਰਡ ਤੋੜ ਗੰਨਾ ਆਉਣ ਨਾਲ ਸਰਕਾਰ ਦੀ ਸਹਿਕਾਰੀ ਮਿੱਲਾਂ ਲਈ ਕੀਤੀ ਮਿਹਨਤ ਨੂੰ ਬੂਰ ਪੈ ਗਿਆ।
  2. ਇਸ ਸਬੰਧੀ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਸ: ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਤੁਰੰਤ ਅਦਾਇਗੀ ਹੋਣ ਕਾਰਨ ਪੰਜਾਬ ਦੀ ਹਰ ਸਹਿਕਾਰੀ ਮਿੱਲ 'ਤੇ ਲਗਭਗ 400 ਤੋਂ 500 ਟਰਾਲੀ ਖੜ੍ਹੀ ਹੈ। ਪਿਛਲੇ ਸਾਲ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 99 ਲੱਖ ਟਨ ਗੰਨਾ ਪੰਜਾਬ ਦੀਆਂ 9 ਸਹਿਕਾਰੀ ਮਿੱਲਾਂ ਵਿਚ ਪੀੜਿਆ ਗਿਆ ਸੀ, ਪਰ ਇਸ ਵਾਰ ਰਿਕਾਰਡਤੋੜ ਆਮਦ ਕਾਰਨ 150 ਕਰੋੜ ਟਨ ਤੱਕ ਗੰਨਾ ਪੀੜਿਆ ਜਾਵੇਗਾ।
  3. ਉਨ੍ਹਾਂ ਦੱਸਿਆ ਕਿ ਇਸ ਵਾਰ ਗੰਨੇ ਦੀ ਲਗਾਤਾਰ ਆਮਦ ਕਰਕੇ ਕੁਝ ਮਿੱਲਾਂ ਮਾਰਚ ਤੱਕ ਅਤੇ ਕੁਝ ਅਪ੍ਰੈਲ ਤੱਕ ਚੱਲਦੀਆਂ ਰਹਿਣਗੀਆਂ॥ ਤੁਰੰਤ ਅਦਾਇਗੀ, ਸਮੇਂ ਸਿਰ ਦਿੱਤੀਆਂ ਜਾ ਰਹੀਆਂ ਪਰਚੀਆਂ, ਘੱਟ ਲੇਬਰ ਅਤੇ ਵਧੀਆ ਰੇਟ ਨਾਲ ਕਿਸਾਨਾਂ ਨੇ ਮੁੜ ਸਹਿਕਾਰੀ ਮਿੱਲਾਂ ਵੱਲ ਵਹੀਰ ਘੱਤ ਦਿੱਤੀ ਹੈ।

ਗੁਰਦਾਸਪੁਰ ਵਿਖੇ ਸੜਕ ਹਾਦਸੇ 'ਚ 2 ਮੌਤਾਂ

13 ਫਰਵਰੀ ૿ ਬੀਤੀ ਰਾਤ 11.30 ਵਜੇ ਦੇ ਕਰੀਬ ਗੁਰਦਾਸਪੁਰ ਸ਼ਹਿਰ ਦੇ ਬਾਹਰ ਵਾਰ ਮਾਨ ਕੌਰ ਸਿੰਘ ਦੇ ਨਜ਼ਦੀਕ ਬਾਈਪਾਸ ਦੇ ਕੋਲ ਹੋਏ ਸੜਕ ਹਾਦਸੇ 'ਚ 2 ਕਾਰ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਸੜਕ ਹਾਦਸੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਹ ਸੜਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈ ਅਤੇ ਹਾਦਸਾ ਗ੍ਰਸਤ ਟਰੱਕ ਟੇਢਾ ਹੋ ਕੇ ਸੜਕ ਦੇ ਹੇਠਾਂ ਜਾ ਡਿੱਗਾ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ 'ਚ ਗੁਰਦਾਸਪੁਰ ਸ਼ਹਿਰ ਦੇ ਨੌਜਵਾਨ ਵਿਸ਼ਾਲ ਟੰਡਨ (20) ਪੁੱਤਰ ਕਮਲ ਟੰਡਨ ਵਾਸੀ ਪੰਚਾਇਤੀ ਗਲੀ ਗੁਰਦਾਸਪੁਰ ਅਤੇ ਮਾਣਕ ਦੱਤ (20) ਪੁੱਤਰ ਰਮੇਸ਼ਵਰ ਦੱਤ ਵਾਸੀ ਪੁਰਾਣਾ ਬਾਜ਼ਾਰ ਜੋਸ਼ੀਆ ਗਲੀ ਗੁਰਦਾਸਪੁਰ ਸ਼ਾਮਿਲ ਹਨ, ਜਦੋਂ ਕਿ ਗੰਭੀਰ ਰੂਪ ਵਿਚ ਜ਼ਖਮੀ ਹੋਏ 3 ਨੌਜਵਾਨਾਂ ਵਿਚ ਰਿੰਕੂ ਉਰਫ਼ ਖੈਰੂ (22) ਪੁੱਤਰ ਪਤਰਸ ਵਾਸੀ ਚੱਕ ਆਲਾ ਬਖਸ਼ ਮੁਕੇਰੀਆਂ, ਮੰਗੀ (28) ਵਾਸੀ ਮੁਕੇਰੀਆਂ ਅਤੇ ਬਲਵਿੰਦਰ ਮਸੀਹ ਪੁੱਤਰ ਮੰਗਤ ਰਾਮ ਬਾਲਮੀਕ ਗਲੀ ਮੁਕੇਰੀਆਂ ਸ਼ਾਮਿਲ ਹਨ। 

ਮੰਗੂਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸਰਕਾਰੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰਨ ਤੋਂ ਔਰਤਾਂ ਦੀ ਹੋਈ ਲੜ੍ਹਾਈ ਕਾਰਨ ਅੱਜ ਮੰਗੂਪੁਰ ਦੇ 24 ਸਾਲ ਨੌਜਵਾਨ ਗੁਰਜਿੰਦਰ ਸਿੰਘ ਵਿੱਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਸੂਤਰਾਂ ਦੱਸਿਆ ਕਿ ਬੀਤੇ ਕੱਲ੍ਹ ਟੂਟੀ ਤੋਂ ਪਾਣੀ ਭਰਨ ਤੋਂ ਬਲਵਿੰਦਰ ਸਿੰਘ ਸੂਰਮੇ ਦੀਆਂ ਔਰਤਾਂ ਅਤੇ ਜਗਦੀਸ਼ ਸਿੰਘ ਦੀਸ਼ੇ ਦੀਆਂ ਔਰਤਾਂ ਕਾਫ਼ੀ ਲੜਦੀਆਂ ਰਹੀਆਂ। ਅੱਜ ਜਦ ਸਵੇਰੇ 10 ਦੇ ਕਰੀਬ ਗੁਰਜਿੰਦਰ ਸਿੰਘ ਵਿੱਕੀ ਜੋ ਜਗਦੀਸ਼ ਸਿੰਘ ਦਾ ਵੱਡਾ ਲੜਕਾ ਹੈ, ਆਪਣੀ ਮਾਂ ਨੂੰ ਜੋ ਰਿਸ਼ਤੇਦਾਰ ਦੇ ਜਾ ਰਹੀ ਸੀ, ਨੂੰ ਮੰਗੂਪੁਰ ਬੱਸ ਸਟੈਂਡ 'ਤੇ ਛੱਡ ਕੇ ਵਾਪਿਸ ਪਿੰਡ ਦੇ ਚੌਕ ਵਿਚ ਆਇਆ ਤਾਂ ਸੂਰਮਾ ਪਹਿਲਾ ਹੀ ਕ੍ਰਿਪਾਨ ਲੈ ਕੇ ਪਾਸੇ 'ਤੇ ਤਾਕ ਵਿਚ ਖੜ੍ਹਾ ਸੀ। ਉਸ ਨੇ ਮੋਟਰਸਾਈਕਲ 'ਤੇ ਚੜ੍ਹੇ ਹੀ ਵਿੱਕੀ 'ਤੇ ਕ੍ਰਿਪਾਨ ਨਾਲ ਉਸ ਦੀ ਧੌਣ ਲਾਗੇ ਵਾਰ ਕੀਤਾ। ਗੁਰਜਿੰਦਰ ਸਿੰਘ ਮੋਟਰਸਾਈਕਲ ਛੱਡ ਕੇ ਘਰ ਨੂੰ ਭੱਜਾ, ਬੂਹਾ ਬੰਦ ਹੋਣ ਕਾਰਨ ਉਹ ਆਪਣੇ ਤਾਏ ਦੇ ਘਰ ਵੜ ਗਿਆ। ਬੂਹਾ ਬੰਦ ਕਰਨ ਹੀ ਲੱਗਾ ਸੀ ਕਿ ਸੂਰਮਾ ਭੱਜ ਕੇ ਬੂਹੇ ਕੋਲ ਪਹੁੰਚ ਗਿਆ। ਬੂਹਾ ਬੰਦ ਕਰਦੇ ਗੁਰਜਿੰਦਰ ਦੇ ਸੂਰਮੇ ਨੇ ਸਿੱਧੀ ਕ੍ਰਿਪਾਨ ਖੋਭੀ, ਜੋ ਉਸਦੇ ਖੱਬੇ ਪਾਸੇ ਦਿਲ ਵਿਚ ਵਿਚ ਖੁੱਭ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੂਰਮੇ ਨੂੰ ਸਮੇਤ ਕ੍ਰਿਪਾਨ ਕਾਬੂ ਕਰ ਲਿਆ।
ਥਾਣਾ ਤਲਵੰਡੀ ਚੌਧਰੀਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਵਿੱਕੀ ਦੇ ਪਿਤਾ ਜਗਦੀਸ਼ ਸਿੰਘ ਮੰਗੂਪੁਰ ਦੇ ਬਿਆਨਾਂ 'ਤੇ ਬਲਵਿੰਦਰ ਸਿੰਘ ਸੂਰਮੇ, ਲਖਵਿੰਦਰ ਸਿੰਘ, ਮਲਕੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ, ਮੰਗੂਪੁਰ ਖਿਲਾਫ਼ ਧਾਰਾ 302, 452 ਅਤੇ 34 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।

ਫ਼ਸਲ ਦੀ ਸਿੱਧੀ ਅਦਾਇਗੀ ਲਈ ਸੂਬਾ ਸਕੱਤਰਾਂ ਦੀ ਮੀਟਿੰਗ 21 ਨੂੰ

ਫ਼ਿਰੋਜ਼ਪੁਰ, 13 ਫਰਵਰੀ - ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਅਦਾਇਗੀ ਸਿੱਧੀ ਕਿਸਾਨ ਨੂੰ ਕਰਨ ਲਈ ਸਮੂਹ ਸੂਬਿਆਂ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰਾਂ ਦੀ ਇਕ ਅਹਿਮ ਮੀਟਿੰਗ 21 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸੱਦੀ ਗਈ ਹੈ। ਕਿਸਾਨੀ ਨਾਲ ਸਬੰਧਿਤ ਆਲ੍ਹਾ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਰਾਕ ਮੰਤਰੀ ਸ੍ਰੀ ਥਾਮਸ ਦੀ ਅਗਵਾਈ ਹੇਠ ਹੋ ਰਹੀ ਸਕੱਤਰਾਂ ਦੀ ਬੈਠਕ 'ਚ ਫ਼ਸਲਾਂ ਦੇ ਖਰੀਦਦਾਰ ਵੱਲੋਂ ਸਿੱਧੀ ਕਿਸਾਨਾਂ ਨੂੰ ਚੈੱਕ ਰਾਹੀਂ ਪੈਮੇਂਟ ਕਰਨ ਲਈ ਹੋਏ ਫ਼ੈਸਲੇ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ 'ਚ ਫ਼ਸਲ ਵੇਚਣ ਦੇ ਅਸਲੀ ਹੱਕਦਾਰ ਕਿਸਾਨ ਨੂੰ ਹੀ ਸਿੱਧੀ ਅਦਾਇਗੀ ਕਰਨ ਦਾ ਫ਼ੈਸਲਾ ਲਿਆ ਗਿਆ। ਓਧਰ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਨਵੇਂ ਮਾਡਲ ਮੰਡੀਕਰਨ ਕਾਨੂੰਨ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਅਤੇ ਵਪਾਰ ਸੈੱਲ ਪੰਜਾਬ ਦੇ ਸੂਬਾ ਸਕੱਤਰ ਮਨਮੋਹਨ ਗਰੋਵਰ ਨੇ ਆਖਿਆ ਕਿ ਨਵੇਂ ਮਾਡਲ ਮੰਡੀਕਰਨ ਕਾਨੂੰਨ ਅਨੁਸਾਰ ਮੌਜੂਦਾ ਮੰਡੀਆਂ ਲਈ ਕੋਈ ਥਾਂ ਨਹੀਂ ਕਿ ਕੰਪਨੀਆਂ ਆਪਣੇ ਪ੍ਰਾਈਵੇਟ ਯਾਰਡ ਬਣਾਉਣਗੀਆਂ ਅਤੇ ਉਥੇ ਹੀ ਕਿਸਾਨਾਂ ਦੀ ਜਿਣਸ ਸਿੱਧੀ ਖਰੀਦਣਗੀਆਂ। ਵਿਜੈ ਕਾਲੜਾ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸੂਬੇ ਦਾ 45 ਹਜ਼ਾਰ ਆੜ੍ਹਤੀਆ ਵੇਹਲਾ ਹੋ ਜਾਵੇਗਾ। ਕਾਲੜਾ ਨੇ ਦੱਸਿਆ ਕਿ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਖਿਲਾਫ਼ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ 20 ਫਰਵਰੀ ਨੂੰ ਬੁਲਾ ਲਈ ਗਈ ਹੈ।

ਮੀਨੂੰ ਸਿੰਘ ਦੀ ਐਲਬਮ 'ਇਸ਼ਕ ਮੁਹੱਬਤ ਪਿਆਰ' ਜਲਦ ਹੋਵੇਗੀ ਜਾਰੀ
ਮਾਨਸਾ, 13 ਫਰਵਰੀ ਧਾਸਥਾਨਕ ਸ਼ਹਿਰ ਦੀ ਨੌਜਵਾਨ ਗਾਇਕਾ ਮੀਨੂੰ ਸਿੰਘ ਦੀ ਪਲੇਠੀ ਐਲਬਮ 'ਇਸ਼ਕ ਮੁਹੱਬਤ ਪਿਆਰ' ਜਲਦੀ ਹੀ ਸਰੋਤਿਆਂ ਦੇ ਹੱਥਾਂ ਵਿਚ ਹੋਵੇਗੀ। ਸਪੀਡ ਰਿਕਾਰਡ ਵੱਲੋਂ ਇਸ ਐਲਬਮ ਨੂੰ ਦੇਸ਼-ਵਿਦੇਸ਼ ਵਿਚ ਇੱਕੋ ਸਮੇਂ ਜਾਰੀ ਕੀਤਾ ਜਾਵੇਗਾ। ਉੱਘੇ ਗੀਤਕਾਰ ਤੇ ਪੇਸ਼ਕਾਰ ਅਮਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਿਦਆਂ ਦੱਸਿਆ ਕਿ ਇਸ ਐਲਬਮ ਵਿਚ 1-1 ਗੀਤ ਗੁਰਚਰਨ ਵਿਰਕ ਤੇ ਮਨਪ੍ਰੀਤ ਟਿਵਾਣਾ ਦਾ ਲਿਖਿਆ ਹੋਇਆ ਹੈ ਜਦਕਿ 7 ਗੀਤ ਉਨ੍ਹਾਂ ਖ਼ੁਦ ਲਿਖੇ ਹਨ। ਸੰਗੀਤ ਹਰਪ੍ਰੀਤ ਸਿੰਘ ਦਾ ਹੈ। 2 ਗੀਤਾਂ ਦੀ ਵੀਡੀਓ ਜਤਿੰਦਰ ਸਾਈਰਾਜ਼ ਦੀ ਨਿਰਦੇਸ਼ਨਾ ਹੇਠ ਫ਼ਿਲਮਾਏ ਗਏ ਹਨ। ਗੀਤਕਾਰ ਅਮਰਦੀਪ ਗਿੱਲ ਦਾ ਦਾਅਵਾ ਕਿ ਇਹ ਐਲਬਮ ਆਮ ਗੀਤਾਂ ਦੀ ਚਲੰਤ ਐਲਬਮ ਨਾ ਹੋ ਕੇ ਅਰਥ ਭਰਪੂਰ ਗੀਤਾਂ ਦਾ ਗੁਲਦਸਤਾ ਹੈ ਜੋ ਪੰਜਾਬੀ ਸੰਗੀਤ ਵਿਚ ਹੀ ਨਵੀਆਂ ਪੈੜਾਂ ਪਾਵੇਗੀ। 

ਕਿਸਾਨ ਰੇਹੜੀਆਂ ਲਾ ਕੇ ਕਿੰਨੂ ਵੇਚਣ ਲਈ ਮਜਬੂਰ

ਅਬੋਹਰ, 13 ਫਰਵਰੀ -ਕੇਂਦਰ ਤੇ ਸੂਬਾ ਸਰਕਾਰ ਦੀ ਅਣਦੇਖੀ ਕਾਰਨ ਕਿੰਨੂ ਉਤਪਾਦਕਾਂ ਦੀ ਇਸ ਵਾਰ ਇੰਨੀ ਮੰਦੀ ਹਾਲਤ ਹੋਈ ਪਈ ਹੈ ਕਿ ਉਹ ਬਾਜ਼ਾਰ ਵਿਚ ਰੇਹੜੀਆਂ ਲਾ ਕੇ ਕਿੰਨੂ ਵੇਚਣ ਲਈ ਮਜਬੂਰ ਹੋ ਗਏ ਹਨ। ਪਿੰਡ ਗੋਬਿੰਦਗੜ੍ਹ ਦੇ ਕਿਸਾਨ ਤੇਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਕਿੰਨੂ ਤੋੜ ਕੇ ਟਰਾਲੀ ਭਰ ਕੇ ਲਿਆਇਆ ਹੈ ਤੇ ਸ਼ਹਿਰ ਵਿਚ ਦੋ ਵੱਖ-ਵੱਖ ਥਾਵਾਂ 'ਤੇ ਰੇਹੜੀਆਂ ਲਾ ਕੇ ਕਿੰਨੂ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 25 ਏਕੜ ਕਿੰਨੂ ਦਾ ਬਾਗ ਹੈ। ਜੇਕਰ ਕੇਂਦਰ ਤੇ ਸੂਬਾ ਸਰਕਾਰ ਅਬੋਹਰ ਵਿਚ ਕਰੋੜਾਂ ਦੀ ਲਾਗਤ ਨਾਲ ਲਾਈ ਜੂਸ ਫੈਕਟਰੀ ਚਲਾ ਦਿੰਦੀ ਤਾਂ ਕਿੰਨੂ ਉਤਪਾਦਕਾਂ ਦੀ ਇੰਨੀ ਮਾੜੀ ਹਾਲਤ ਨਾ ਹੁੰਦੀ। ਕਿੰਨੂ ਉਤਪਾਦਕ ਕਿਸਾਨ ਦੀ ਮਾੜੀ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਦੋਨੇਂ ਹੀ ਜ਼ਿੰਮੇਵਾਰ ਹਨ। ਕਿਉਂਕਿ ਦੋਨਾਂ ਸਰਕਾਰ ਵਿਚੋਂ ਕਿੰਨੂ ਉਤਪਾਦਕ ਕਿਸਾਨਾਂ ਦੀ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦੁਖੀ ਕਿਸਾਨ ਸੜਕਾਂ 'ਤੇ ਗਧੀ ਰੇਹੜੀਆਂ ਰਾਹੀਂ ਕਿੰਨੂ ਵੇਚਣ ਨੂੰ ਮਜਬੂਰ ਹਨ।