Sunday, 25 March 2012

ਅਫ਼ਗਾਨਿਸਤਾਨ ਵਿੱਚ 500 ਸਕੂਲ ਬੰਦ

* ਤਾਲਿਬਾਨ ਦੀਆਂ ਧਮਕੀਆਂ ਕਾਰਨ ਬੱਚੇ ਸਕੂਲ ਜਾਣਾ ਛੱਡੇ

* ਭਾਰਤ ਤੇ ਤੁਰਕੀ ਵਿੱਚ ਅਫ਼ਗਾਨ ਵਿਦਿਆਰਥੀ ਵਧੇ

ਕਾਬੁਲ, 24 ਮਾਰਚ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਅਤਿਵਾਦੀਆਂ ਦੀਆਂ ਧਮਕੀਆਂ ਕਾਰਨ ਦੇਸ਼ ਅੰਦਰ 500 ਤੋਂ ਵੱਧ ਸਕੂਲ ਬੰਦ ਹੋ ਚੁੱਕੇ ਹਨ। ਇਸੇ ਨਾਲ ਉਨ੍ਹਾਂ ਦੱਸਿਆ ਕਿ ਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਤੁਰਕੀ ਯੂਨੀਵਰਸਿਟੀਆਂ ਵਿੱਚ ਦੁੱਗਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਅਤਿਵਾਦੀਆਂ ਦੀ ਧਮਕੀ ਅੱਗੇ ਗੋਡੇ ਨਹੀਂ ਟੇਕਣਗੇ।
ਰਾਸ਼ਟਰਪਤੀ ਨੇ ਤਾਲਿਬਾਨ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਨੂੰ ਬੰਦ ਕਰਵਾ ਕੇ ਦੇਸ਼ ਦਾ ਭੱਠਾ ਨਾ ਬਿਠਾਉਣ। ਸਿੱਖਿਆ ਬੰਦ ਹੋਣ ਨਾਲ ਦੇਸ਼ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਅੱਜ ਸਿੱਖਿਆ ਦੇ ਦਮ ‘ਤੇ ਹੋਰ ਮੁਲਕ ਅੱਗੇ ਵਧ ਰਹੇ ਹਨ, ਪਰ ਅਫ਼ਗਾਨਿਸਤਾਨ ਪੱਛੜੇ ਮੁਲਕਾਂ ਦੀ ਕਤਾਰ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੋਕਾਂ ਨੂੰ ਸਿੱਖਿਆ ਦੇਣ ਨਾਲ ਹੀ ਹੋਵੇਗਾ। ਇਸ ਨੂੰ ਤਾਲਿਬਾਨ ਸਣੇ ਹੋਰ ਧਿਰਾਂ ਸਮਝ ਲੈਣ।
ਅਮਾਨੀ ਹਾਈ ਸਕੂਲ ਵਿੱਚ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਇਸ ਸਾਲ 1000 ਹਾਈ ਸਕੂਲ ਗਰੈਜੂਏਟਾਂ ਨੂੰ ਉੱਚ ਸਿੱਖਿਆ ਲਈ ਭਾਰਤ ਤੇ ਤੁਰਕੀ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਤੇ ਤੁਰਕੀ ਵਿੱਚ ਗਏ ਵਿਦਿਆਰਥੀਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਖਰਚਾ ਸਮੇਂ ਸਿਰ ਨਹੀਂ ਮਿਲਦਾ। ਇਸ ਪਾਸੇ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ। ਇਸੇ ਲਈ ਭਾਰਤ ਤੇ ਤੁਰਕੀ ਗਏ ਵਿਦਿਆਰਥੀਆਂ ਦੇ ਉੱਥੇ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ। ਸ੍ਰੀ ਕਰਜ਼ਈ ਨੇ ਕਿਹਾ ਕਿ ਭਾਰਤ ਤੇ ਤੁਰਕੀ ਵਿੱਚ ਭੇਜੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ। ਹੁਣ ਤੱਕ ਅਫ਼ਗਾਨਿਸਤਾਨ ਦੇ 500 ਵਿਦਿਆਰਥੀ ਇਨ੍ਹਾਂ ਮੁਲਕਾਂ ਵਿੱਚ ਉੱਚ ਸਿੱਖਿਆ ਲਈ ਜਾਂਦੇ ਸਨ ਤੇ ਹੁਣ ਇਹ ਗਿਣਤੀ ਹਜ਼ਾਰ ਕਰ ਦਿੱਤੀ ਜਾਵੇਗੀ। ਇਸੇ ਨਾਲ ਸਰਕਾਰ ਨੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਫੰਡ 50 ਲੱਖ ਡਾਲਰ ਤੋਂ ਵਧਾ ਕੇ ਇਕ ਕਰੋੜ ਡਾਲਰ ਕਰ ਦਿੱਤਾ ਹੈ।
ਰਾਸ਼ਟਰਪਤੀ ਨੇ ਅਫ਼ਗ਼ਾਨਿਸਤਾਨ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਵਿੱਚ ਕੀਤੇ ਜਾ ਰਹੇ ਸਹਿਯੋਗ ਲਈ ਭਾਰਤ ਤੇ ਤੁਰਕੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਸਤੇ ਉਤਸ਼ਾਹਤ ਕਰਦਿਆਂ ਸਲਾਹ ਦਿੱਤੀ ਕਿ ਉਹ ਵਿਦੇਸ਼ੀ ਭਾਸ਼ਾਵਾਂ ਵੀ ਸਿੱਖਣ।

ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਘਰ ਬੈਠੇ ਪੜ੍ਹਦਾ ਦੇਖ ਸਕਣਗੇ-ਵਿਰਦੀ

ਸਾਹਨੇਵਾਲ, 25 ਮਾਰਚ )-ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਰੋਡ ਕੁਹਾੜਾ ਦੇ ਪ੍ਰਿੰਸੀਪਲ ਵਿਪਨਜੀਤ ਸਿੰਘ ਵਿਰਦੀ ਨੇ ਸਾਹਨੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪ੍ਰੈਲ ਮਹੀਨੇ 'ਚ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਘਰ ਬੈਠੇ ਹੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਦਾ ਵੇਖ ਸਕਣਗੇ। ਇਸ ਲਈ ਸਕੂਲ ਵਿਚ ਅਤਿ-ਆਧੁਨਿਕ ਇੰਟਰਨੈੱਟ ਸਿਸਟਮ ਲਾਇਆ ਜਾ ਰਿਹਾ ਹੈ। ਇਸ ਤਕਨੀਕ ਦੇ ਸ਼ੁਰੂ ਹੋਣ ਦੇ ਨਾਲ ਬੱਚੇ ਹਰ ਸਮੇਂ ਆਪਣੇ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਰਹਿਣਗੇ। ਵਿਰਦੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਦਸ਼ਮੇਸ਼ ਸਕੂਲ ਇਸ ਇਲਾਕੇ ਦੇ ਬਾਕੀ ਸਕੂਲਾਂ ਵਿਚੋਂ ਇਕੋ ਇਕ ਅਜਿਹਾ ਸਕੂਲ ਹੈ ਜਿਸ ਵਿਚ ਇੰਟਰਨੈਟ ਰਾਹੀਂ ਵਿਦਿਆਰਥੀਆਂ ਨੂੰ ਦੇਖਣ ਦੀ ਸਹੂਲਤ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਨੂੰ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੰਸਰਾਜ ਵਿਰਦੀ ਤੇ ਉਨ੍ਹਾਂ ਦੇ ਸਾਥੀਆਂ ਦਾ ਇਕੋ-ਇਕ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਬਾਕੀ ਸਕੂਲਾਂ ਦੇ ਨਾਲੋਂ ਘੱਟ ਫ਼ੀਸਾਂ ਲੈ ਕੇ ਚੰਗੀ ਤੇ ਮਿਆਰੀ ਪੜ੍ਹਾਈ ਕਰਵਾਉਣੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਮਿਹਨਤੀ ਸਟਾਫ਼ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ 31 ਮਾਰਚ ਨੂੰ ਸੰਘੂ ਮੈਰਜ ਪੈਲੇਸ ਕੁਹਾੜਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ 'ਚ ਸ਼ਰਨਜੀਤ ਸਿੰਘ ਢਿੱਲੋਂ ਪੀ. ਡਬਲਯੂ. ਡੀ. ਮੰਤਰੀ ਪੰਜਾਬ, ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਮੰਡੀ ਬੋਰਡ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਐੱਸ. ਐੱਸ. ਐੱਸ.ਬੋਰਡ ਪੰਜਾਬ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਵਿਸ਼ੇਸ਼ ਤੌਰ 'ਤੇ ਪੁੱਜਣਗੇ। ਇਸ ਮੌਕੇ ਸ਼੍ਰੀ ਵਿਰਦੀ ਦੇ ਨਾਲ ਗੁਰਦੀਪ ਸਿੰਘ ਕਲਰਕ ਤੇ ਰਘਵੀਰ ਸਿੰਘ ਵੀ ਹਾਜ਼ਰ ਸਨ।

ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ 'ਚ 4 ਗ੍ਰਿਫ਼ਤਾਰ

ਲੁਧਿਆਣਾ, 25 ਮਾਰਚ -ਸਥਾਨਕ ਬਸਤੀ ਜੋਧੇਵਾਲ ਦੀ ਸ਼ਿਮਲਾ ਕਾਲੋਨੀ ਵਿਚ ਚਾਰ ਦਿਨ ਪਹਿਲਾਂ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ੍ਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਬਸਤੀ ਜੋਧੇਵਾਲ ਦੇ ਐਸ. ਐਚ. ਓ. ਸ੍ਰੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਉਂਦੀ ਹੈ ਤੇ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਮਨੀ ਕੁਮਾਰ, ਮਨਜੀਤ ਸਿੰਘ ਉਰਫ਼ ਸੰਨੀ, ਬੂਟਾ ਸਿੰਘ ਊਰਫ਼ ਸਾਬੀ ਬਾਬਾ ਅਤੇ ਕੋਮਲ ਕੁਮਾਰ ਉਰਫ਼ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਇਨ੍ਹਾਂ ਕਥਿਤ ਦੋਸ਼ੀਆਂ ਨੇ ਸ਼ਿਮਲਾ ਕਾਲੋਨੀ ਵਿਚ ਸੁਖਵਿੰਦਰ ਸਿੰਘ ਉਰਫ਼ ਸੰਨੀ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮ੍ਰਿਤਕ ਦੀ ਕਥਿਤ ਦੋਸ਼ੀਆਂ ਨਾਲ ਮੋਟਰਸਾਈਕਲ ਟੱਕਰ ਹੋਣ ਕਾਰਨ ਲੜਾਈ ਹੋਈ ਜਿਸ ਕਾਰਨ ਉਹ ਰੰਜਿਸ਼ ਰੱਖਣ ਲੱਗ ਪਏ ਸਨ। ਸੰਨੀ ਨੂੰ ਉਸਦੇ ਜਨਮ ਦਿਨ ਵਾਲੇ ਦਿਨ 20 ਮਾਰਚ ਨੂੰ ਘਰੋ ਬਹਾਨੇ ਨਾਲ ਬੁਲਾ ਲਿਆ ਤੇ ਫਿਰ ਉਸਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।

ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਖ਼ਿਲਾਫ ਪੁਤਲਾ ਫੂਕ ਮੁਜ਼ਾਹਰਾ

ਲੁਧਿਆਣਾ, 25 ਮਾਰਚ -ਹਿੰਦੂ ਸਿੱਖ ਜਾਗ੍ਰਿਤੀ ਸੈਨਾ ਨੇ ਸੀ. ਬੀ. ਐਸ. ਸੀ. ਤਹਿਤ ਚੱਲ ਰਹੇ ਪ੍ਰਾਈਵੇਟ ਸਕੂਲਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗਕੇ ਦੋਹਾਂ ਹੱਥਾਂ ਨਾਲ ਮਚਾਈ ਲੁੱਟ-ਖਸੁੱਟ ਦੇ ਵਿਰੋਧ ਵਿਚ ਸਕੂਲ ਮਾਫੀਆ ਦਾ ਪੁਤਲਾ ਫੂਕਿਆ ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਡੱਟ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦਿੱਲੀ ਦੀ ਸੂਬਾ ਯੂਥ ਇਕਾਈ ਨੇ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਵਲੋਂ ਸੀ. ਬੀ .ਐਸ. ਸੀ. ਸਕੂਲਾਂ ਖਿਲਾਫ ਵਿੱਢੀ ਮੁਹਿੰਮ 'ਚ ਸ਼ਾਮਿਲ ਹੋਣ ਦਾ ਐਲਾਨ ਕਰਦੇ ਹੋਏ ਰੋਸ ਪ੍ਰਦਸ਼ਨ 'ਚ ਹਿੱਸਾ ਲਿਆ ਤੇ ਐਲਾਨ ਕੀਤਾ ਗਿਆ ਸਿੱਖਿਆ ਖੇਤਰ 'ਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ। ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਤੇ ਚੇਅਰਮੈਨ ਅਸ਼ਵਨੀ ਕਤਿਆਲ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿੱਖਿਆ ਮੰਤਰੀ ਪੰਜਾਬ, ਸੀਬੀਐਸਸੀ ਚੇਅਰਮੈਨ, ਰਿਜ਼ਨਲ ਡਾਇਰੈਕਟਰ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਚਰਨਜੀਤ ਕੁਮਾਰ, ਅਰਵਿੰਦਰ ਸਿੰਘ ਚੀਨੀ, ਸੁਰਜੀਤ ਜੈਨ, ਦਿਨੇਸ਼ ਜੈਨ, ਕੰਚਨ ਖਹਿਰਾ, ਆਰਤੀ ਕਪੂਰ, ਬੰਟੀ ਬਜਾਜ, ਪਵਨ ਸਾਹਨੀ, ਜਤਿੰਦਰ ਤਨੇਜਾ, ਅਕਾਲੀ ਦਲ ਦਿੱਲੀ ਤੋਂ ਚਰਨਪ੍ਰੀਤ ਸਿੰਘ ਮਿੱਕੀ, ਗਗਨਦੀਪ ਸਿੰਘ, ਕਵਲਪ੍ਰੀਤ ਸਿੰਘ ਬੰਟੀ, ਦਲਜੀਤ ਸਿੰਘ ਚਾਵਲਾ, ਅਮਨਦੀਪ ਸਿੰਘ ਪਾਰਸ, ਅਮਨਦੀਪ ਸਿੰਘ ਰਾਜਾ, ਅਮਨਿੰਦਰ ਸਿੰਘ ਇੰਮੀ ਤੇ ਹੋਰ ਵੀ ਹਾਜ਼ਰ ਸਨ।

ਟਰੈਫਿਕ ਸਮੱਸਿਆ ਦੀ ਗ੍ਰਿਫ਼ਤ 'ਚ ਬਟਾਲਾ ਸ਼ਹਿਰ

ਬਟਾਲਾ.25 ਮਾਰਚ  ਦਿਨੋ-ਦਿਨ ਵਧ ਰਹੇ ਵਾਹਨਾਂ ਦੀ ਗਿਣਤੀ ਨਾਲ ਸੜਕਾਂ 'ਤੇ ਟਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਟਰੈਫਿਕ ਦੀ ਸਮੱਸਿਆ ਕੇਵਲ ਇਕ ਸ਼ਹਿਰ ਦੀ ਨਹੀਂ, ਬਲਕਿ ਸਾਰਾ ਮੁਲਕ ਹੀ ਇਸ ਦੀ ਗ੍ਰਿਫ਼ਤ 'ਚ ਆ ਚੁੱਕਾ ਹੈ, ਪਰ ਛੋਟੇ ਤੇ ਤੰਗ ਇਲਾਕੇ ਵਾਲੇ ਸ਼ਹਿਰਾਂ 'ਚ ਟਰੈਫਿਕ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ, ਅਜਿਹੀ ਹੀ ਗੰਭੀਰ ਟਰੈਫਿਕ ਦੀ ਸਮੱਸਿਆ ਬਟਾਲਾ 'ਚੋਂ ਲੰਘਦੀ ਜਰਨੈਲੀ ਸੜਕ 'ਤੇ ਸਥਿਤ ਗਾਂਧੀ ਚੌਕ ਦੀ ਹੈ, ਜਿਥੇ ਦਿਨ-ਰਾਤ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਿਸ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧੀ ਹੈ, ਉਸ ਪੱਧਰ ਤੱਕ ਨਾ ਤਾਂ ਇਸ ਚੌਕ ਦਾ ਘੇਰਾ ਖੁੱਲ੍ਹਾ ਕੀਤਾ ਗਿਆ ਹੈ ਤੇ ਨਾ ਹੀ ਸੜਕਾਂ ਦੀ ਚੌੜਾਈ ਵਧਾਈ ਗਈ। ਗਾਂਧੀ ਚੌਕ ਦੇ ਦੋਹੀਂ ਪਾਸੀਂ ਡਵਾਈਡਰ ਬਣਾ ਕੇ ਵੰਨ ਵੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਡਵਾਈਡਰ ਵੀ ਹਾਦਸਿਆਂ ਦਾ ਕਾਰਨ ਬਣੇ ਪਏ ਹਨ। ਇਕ ਤਾਂ ਗਾਂਧੀ ਚੌਕ ਨਜ਼ਦੀਕ ਹੀ ਬੱਸ ਸਟੈਂਡ ਹੈ, ਦੂਜੀ ਮੁਸੀਬਤ ਡੇਰਾ ਰੋਡ 'ਤੇ ਰੇਲਵੇ ਲਾਈਨ 'ਤੇ ਬਣੇ ਪੁਲ ਨੇ ਖੜ੍ਹੀ ਕਰ ਰੱਖੀ ਹੈ, ਕਿਉਂਕਿ ਉਕਤ ਪੁਲ ਤੋਂ ਬੜੀ ਤੇਜ਼ੀ ਨਾਲ ਵਾਹਨ ਸਿੱਧੇ ਗਾਂਧੀ ਚੌਕ 'ਚ ਪ੍ਰਵੇਸ਼ ਕਰਕੇ ਟਰੈਫਿਕ ਵਿਚ ਰੁਕਾਵਟ ਖੜ੍ਹੀ ਕਰਦੇ ਹਨ। ਇਸ ਚੌਕ ਦੀ ਹਾਲਤ ਏਨੀ ਤਰਸਯੋਗ ਬਣ ਚੁੱਕੀ ਹੈ ਕਿ ਇਸ ਚੌਕ ਨੂੰ ਹੁਣ ਤੱਕ ਟਰੈਫਿਕ ਕੰਟਰੋਲ ਲਾਈਟਾਂ ਵੀ ਰਾਸ ਨਹੀਂ ਆਈਆਂ, ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ਹਿਰ 'ਚ ਕੇਵਲ ਇਸੇ ਚੌਕ 'ਚ ਟ੍ਰੈਫਿਕ ਲਾਈਟਾਂ ਹਨ। ਸਿਰਫ ਟਰੈਫਿਕ ਪੁਲਿਸ ਵਾਲੇ ਹੀ ਟਰੈਫਿਕ ਕੰਟਰੋਲ ਕਰਨ ਦੇ ਆਹਰ 'ਚ ਦਿਨ-ਰਾਤ ਲੱਗੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਚੌਕ ਵਿਚ ਕਈ-ਕਈ ਘੰਟੇ ਟਰੈਫਿਕ ਰੁਕੀ ਰਹਿੰਦੀ ਹੈ। ਟਰੈਫਿਕ ਦੀ ਇਹ ਗੰਭੀਰ ਸਮਸਿਆ ਗਾਂਧੀ ਚੌਕ ਤੋਂ ਲੈ ਕੇ ਜਲੰਧਰ ਰੋਡ 'ਤੇ ਕਾਦੀਆਂ ਚੌਕ, ਗੁਰਦਾਸਪੁਰ ਰੋਡ 'ਤੇ ਸਿੰਬਲ ਚੌਕ, ਅੰਮ੍ਰਿਤਸਰ ਰੋਡ 'ਤੇ ਬਾਈਪਾਸ ਚੌਕ, ਡੇਰਾ ਬਾਬਾ ਨਾਨਕ ਰੋਡ 'ਤੇ ਹੈ, ਜਿਥੇ ਵਾਹਨਾਂ ਦਾ ਅਸਾਨੀ ਨਾਲ ਲੰਘਣਾ ਸੌਖੀ ਨਹੀਂ। ਭਾਵੇਂ ਕਿ ਸ਼ਹਿਰ ਦੇ ਬਾਹਰ ਬਾਈਪਾਸ ਵੀ ਬਣਿਆ ਹੋਇਆ ਹੈ, ਪਰ ਕੁਝ ਥਾਂਵਾਂ ਤੋਂ ਬਾਈਪਾਸ ਦੀ ਹਾਲਤ ਖਸਤਾ ਤੇ ਸੜਕ ਦਾ ਕੰਮ ਉਸਾਰੀ ਅਧੀਨ ਹੋਣ ਕਰਕੇ ਵੱਡੇ-ਵੱਡੇ ਟਰਾਲੇ ਤੇ ਟਰੱਕ ਵੀ ਸ਼ਹਿਰ ਦੀ ਸੰਘਣੀ ਆਬਾਦੀ ਦੀਆਂ ਕਾਲੋਨੀਆਂ 'ਚੋਂ ਲੰਘਦੇ ਹਨ। ਇਥੇ ਹੀ ਬੱਸ ਨਹੀਂ ਦੋ ਪਹੀਏ ਵਾਹਨ ਚਾਲਕ ਤੇ ਮਿੰਨੀ ਬੱਸਾਂ ਵਾਲੇ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ, ਜਦ ਕੋਈ ਮਿੰਨੀ ਬੱਸ ਬੱਸ ਸਟੈਂਡ ਤੋਂ ਰਵਾਨਾ ਹੁੰਦੀ ਹੈ ਤਾਂ ਉਕਤ ਬੱਸਾਂ ਵਾਲੇ ਅਣ ਅਧਿਕਾਰਤ ਥਾਂਵਾਂ ਤੋਂ ਬੱਸਾਂ ਰੋਕ ਕੇ ਸਵਾਰੀਆਂ ਚੜ੍ਹਾਉਂਦੇ ਹਨ ਤੇ ਉਨ੍ਹਾਂ ਦੇ ਪਿਛੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।

Tuesday, 20 March 2012

ਕਸ਼ਮੀਰ ਘਾਟੀ 'ਚ ਤੁਫਾਨ ਨਾਲ ਭਾਰੀ ਨੁਕਸਾਨ

ਸ਼੍ਰੀਨਗਰ : ਕਸ਼ਮੀਰ ਘਾਟੀ 'ਚ ਬੀਤੀ ਰਾਤ ਆਏ ਸ਼ਕਤੀਸ਼ਾਲੀ ਤੁਫਾਨ ਨਾਲ ਕਰੋੜਾਂ ਰੁ. ਦੀ ਸੰਪੱਤੀ ਦਾ ਨੁਕਸਾਨ ਹੋਇਆ ਹੈ ਅਤੇ ਅਧਿਕਾਰੀਆਂ ਨੇ ਸਾਰੇ ਵਿਦਿਆਰਥੀਆਂ ਨੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲ ਬੰਦ ਕਰਨ ਅਦੇਸ਼ ਜਾਰੀ ਦਿੱਤੇ ਹਨ।
ਅਧਿਕਾਰਿਕ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਖਬਰਾਂ ਅਨੁਸਾਰ ਤੇਜ ਹਵਾਵਾਂ ਨਾਲ ਘੱਟ ਤੋਂ ਘੱਟ 300 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਿਸੇ ਦੇ ਮਾਰੇ ਜਾਣ ਦੀ ਹੁਣ ਤੱਕ ਖਬਰ ਨਹੀਂ  ਹੈ।
ਉਧਰ ਮੁੱਖ ਮੰਤਰੀ ਉਮਰ ਅਬਦੁਲਾ ਨੇ ਅਪਣੇ ਟਵਿਟਰ 'ਤੇ ਲਿਖਿਆ ਹੈ ਕਿ ਘਰਾਂ ਦੀਆਂ ਛੱਤਾਂ ਉੱਡਣ ਦੀਆਂ ਖਬਰਾਂ ਮਿਲ ਰਹੀਆਂ ਹਨ ਅਤੇ ਹਵਾਵਾਂ ਦੀ ਗਤੀ ਘੱਟ ਹੋਣ 'ਤੇ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਦਰਖਤਾਂ ਦੇ ਡਿੱਗਣ ਨਾਲ ਬਿਜਲੀ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਊਰਜਾ ਵਿਕਾਸ ਵਿਭਾਗ ਇਸ ਨੂੰ ਠੀਕ ਕਰਨ ਲੱਗਾ ਹੋਇਆ ਹੈ।

ਸਕੂਲ ਬਸ ਨਹਿਰ 'ਚ ਡਿੱਗੀ, 14 ਬੱਚਿਆਂ ਦੀ ਮੌਤ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਖੱਮ ਜਿਲ੍ਹੇ 'ਚ ਇਕ ਸਕੂਲ ਬਸ ਨਹਿਰ 'ਚ ਡਿੱਗ ਜਾਣ ਕਾਰਨ 14 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 18 ਬੱਚੇ ਜ਼ਖਮੀ ਹੋ ਗਏ।
ਰਿਪੋਰਟ ਦੇ ਅਨੁਸਾਰ ਨਹਿਰ ਇਹ ਹਾਦਸਾ ਬਸ ਦੇ ਸਾਹਮਣੇ ਤੋਂ ਆਏ ਬਾਈਕ ਸਵਾਰ ਨੂੰ ਬਚਾਉਣ ਦੇ ਕਾਰਨ ਹੋਇਆ। ਬਸ ਡਰਾਇਵਰ ਨੇ ਸਾਹਮਣੇ ਤੋਂ ਆ ਰਿਹੇ ਬਾਇਕ ਸਵਾਰ ਨੂੰ ਬਚਾਉਣ ਦੇ ਚਕਰ 'ਚ ਸੰਤੁਲਨ ਗੁਆ ਲਿਆ ਅਤੇ ਬਸ ਪੁਲ ਦੀ ਰੇਲਿੰਗ ਨੂੰ ਤੋੜਦੀ ਨਹਿਰ 'ਚ ਜਾ ਡਿੱਗੀ।
ਹਾਲੇ ਤਕ ਜਾਣਕਾਰੀ ਅਨੁਸਾਰ 14 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 18 ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਸ 'ਚ ਕੁਲ 40 ਬੱਚੇ ਸਵਾਰ ਸਨ।