Thursday, 29 March 2012

ਦਾਦਾ ਜੀ ਨੂੰ ਕਰਿਸ਼ਮਾ ਜਿਆਦਾ ਪਿਆਰੀ ਸੀ—ਕਰੀਨਾ

'ਮੇਰੇ ਦਾਦਾ ਰਾਜ ਕਪੂਰ ਦਾ ਝੁਕਾਅ ਕਰਿਸ਼ਮਾ ਵੱਲ ਸੀ ਕਿਉਂਕਿ ਉਨ੍ਹਾਂ ਦੋਵਾਂ ਦੀਆਂ ਅੱਖਾਂ ਦਾ ਰੰਗ ਨੀਲਾ ਸੀ ਜਦੋਂ ਕਿ ਮੇਰੀ ਅਤੇ ਮੇਰੇ ਪਿਤਾ ਜੀ ਦੀਆਂ ਅੱਖਾਂ ਦਾ ਰੰਗ ਹਰਾ ਸੀ।' ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰੀਨਾ ਨੇ ਕਿਹਾ, ''ਗਰਮੀਆਂ ਦੇ ਮੌਸਮ 'ਚ ਦਾਦਾ ਜੀ ਕਰਿਸ਼ਮਾ ਨੂੰ ਦੋ ਅੰਬ ਦਿੰਦੇ ਸਨ ਜਦੋਂ ਕਿ ਮੈਨੂੰ ਸਿਰਫ ਇੱਕ ਹੀ ਮਿਲਦਾ ਸੀ।
ਮੈਨੂੰ ਆਪਣੇ ਦਾਦਾ ਜੀ ਨੂੰ ਖੁਸ਼ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਸੀ। ਭਾਰਤੀ ਸਿਨੇਮਾ ਦੇ ਪ੍ਰਸਿੱਧ ਪਰਿਵਾਰਾਂ ਚੋਂ ਇੱਕ ਕਪੂਰ ਖਾਨਦਾਨ ਨੂੰ ਵਧਾਈ ਦੇਣ ਲਈ ਬੈਂਡਸਟੈਂਡ 'ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ਕਰੀਨਾ ਆਪਣੇ ਪਿਤਾ ਰਣਧੀਰ ਕਪੂਰ ਨਾਲ ਉਸਦੇ ਦਾਦਾ ਜੀ ਦੀ ਮੂਰਤੀ ਦਾ ਉਦਘਾਟਨ ਕਰਨ ਆਈ ਸੀ।
ਕਰੀਨਾ ਨੇ ਕਿਹਾ, ''ਮੇਰੇ ਕੋਲ ਸ਼ਬਦ ਨਹੀਂ ਹਨ। ਮੇਰੇ ਪਿਤਾ ਅਤੇ ਦਾਦਾ ਜੀ ਕਾਰਨ ਹੀ ਅੱਜ ਮੈਂ ਇਸ ਮੁਕਾਮ 'ਤੇ ਹਾਂ। ਕਿਸ ਕੁੜੀ ਨੂੰ ਅਜਿਹਾ ਮੌਕਾ ਮਿਲਦਾ ਹੈ।'' ਕਰੀਨਾ ਨੇ ਕਿਹਾ, ''ਅਦਾਕਾਰੀ ਕਪੂਰ ਖਾਨਦਾਨ ਦੀਆਂ ਨਸਾਂ ਅਤੇ ਖੂਨ 'ਚ ਹੈ। ਮੇਰੇ ਲਈ ਭਾਰਤੀ ਸਿਨੇਮਾ ਦੇ ਸੌ ਸਾਲਾਂ ਦਾ ਇਸ ਤੋਂ ਵਧੀਆ ਗਿਫਟ ਹੋ ਕੀ ਹੋ ਸਕਦਾ ਹੈ।''

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

 ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਮੁਖੀ
 ਇੰਦਰਮੋਹਨ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
 ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ
ਚਾਰ ਦੋਸ਼ੀ ਬਰਾਮਦ ਕੀਤੇ ਸਾਮਾਨ ਨਾਲ।
ਸ੍ਰੀ ਮੁਕਤਸਰ ਸਾਹਿਬ- 28 ਮਾਰਚ - ਜ਼ਿਲ੍ਹਾ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਈ ਵੱਡੀਆਂ ਘਟਨਾਵਾਂ ਵਿਚ ਸ਼ਾਮਿਲ ਲੁੱਟਾਂ ਖੋਹਾਂ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਇਕ ਚੋਰੀ ਦੀ ਕਾਰ, ਪਿਸਤੌਲ ਅਤੇ ਹੋਰ ਕਾਫੀ ਸਾਮਾਨ ਬਰਾਮਦ ਕੀਤਾ ਹੈ।
ਜਦ ਕਿ ਗਿਰੋਹ ਦਾ ਇਕ ਮੈਂਬਰ ਭੱਜਣ ਵਿਚ ਸਫ਼ਲ ਹੋ ਗਿਆ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ: ਇੰਦਰਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਕੋਟਭਾਈ ਦੇ ਐੱਸ. ਐੱਚ. ਓ ਪਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੇਆਬਾਦ ਜਗ੍ਹਾ 'ਤੇ ਪਿੰਡ ਭਲਾਈਆਣਾ ਦੇ ਸੇਮਨਾਲੇ ਦੀ ਪਟੜੀ ਕੋਲ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਇਕ ਗਿਰੋਹ ਦੇ ਚਾਰ ਮੈਂਬਰਾਂ ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਨਾਜਮਵਾਲਾ (ਫਿਰੋਜ਼ਪੁਰ), ਗੁਰਬਾਜ ਸਿੰਘ ਪੁੱਤਰ ਮੁਖਤਿਆਰ ਸਿੰਘ, ਤਰਸੇਮ ਸਿੰਘ ਪੁੱਤਰ ਕਰਤਾਰ ਸਿੰਘ ਦੋਵੇਂ ਪਿੰਡ ਬੂੜਾ ਗੁੱਜਰ (ਮੁਕਤਸਰ), ਮਨਦੀਪ ਸਿੰਘ ਪੁੱਤਰ ਸ਼ਿੰਗਾਰ ਸਿੰਘ ਪਿੰਡ ਮੱਲੋਕੀ (ਜ਼ੀਰਾ) ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਗੋਰਾ ਸਿੰਘ ਪੁੱਤਰ ਅਨੋਖ ਸਿੰਘ ਪਿੰਡ ਸੁਖਨਾ ਅਬਲੂ ਭੱਜਣ ਵਿਚ ਸਫਲ ਹੋ ਗਿਆ। ਗ੍ਰਿਫਤਾਰ ਕੀਤੇ ਗਿਰੋਹ ਦਾ ਮੁਖੀ ਜਸਵਿੰਦਰ ਸਿੰਘ ਪਹਿਲਾਂ ਇਕ ਵੱਡੇ ਗਿਰੋਹ ਦਾ ਮੈਂਬਰ ਵੀ ਰਿਹਾ ਹੈ, ਜਿਸ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ 50 ਕਾਰਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਬਾਅਦ ਤੋਂ ਜਸਵਿੰਦਰ ਸਿੰਘ ਵੱਲੋਂ ਇਕ ਅਲੱਗ ਗਿਰੋਹ ਬਣਾ ਕੇ ਮੋਗਾ, ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਸਨ। ਵੱਖ-ਵੱਖ ਮੁਕੱਦਮਿਆਂ ਵਿਚ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਗ੍ਰਿਫਤਾਰ ਦੋਸ਼ੀਆਂ ਕੋਲੋਂ ਮੁਕਤਸਰ ਤੋਂ ਚੋਰੀ ਹੋਈ ਸਵਿਫਟ ਡਿਜ਼ਾਇਰ ਕਾਰ, ਇਕ ਲੈਪਟਾਪ, ਇਕ ਪਿਸਤੌਲ 315 ਬੋਰ, 70 ਕਾਰਤੂਸ , ਇਕ ਕਾਪਾ, ਇਕ ਕਿਰਚ, ਇਕ ਬੇਸਬਾਲ ਤੋਂ ਇਲਾਵਾ ਕਾਰਾਂ ਚੋਰੀ ਕਰਨ ਲਈ ਵਰਤੀਆਂ ਜਾਂਦੀਆਂ ਚਾਬੀਆਂ, ਵੱਖ-ਵੱਖ ਗੱਡੀਆਂ ਦੀਆਂ ਸਟੇਰਿੰਗ ਲਾਕ ਕਿੱਟਾਂ, ਲੋਹਾ ਕੱਟਣ ਵਾਲੀ ਆਰੀ ਸਮੇਤ ਬਲੇਡ, ਚੋਰੀ ਕੀਤੀਆਂ ਗੱਡੀਆਂ ਦੇ ਜ਼ਾਅਲੀ ਦਸਤਾਵੇਜ਼ ਤਿਆਰ ਕਰਨ ਲਈ ਵੱਖ-ਵੱਖ ਅਥਾਰਟੀਆਂ ਦੀਆਂ ਮੋਹਰਾਂ, ਆਰ. ਸੀ. ਖਾਲੀ ਕਾਪੀਆਂ, ਡਰਾਇਵਿੰਗ ਲਾਇੰਸੈਂਸ ਬਣਾਉਣ ਵਾਲੀਆਂ ਖਾਲੀ ਕਾਪੀਆਂ ਬਰਾਮਦ ਹੋਈਆਂ ਹਨ। ਦੋਸ਼ੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਹੈੱਡਕੁਆਰਟਰ ਸ: ਜਸਵਿੰਦਰ ਸਿੰਘ ਘਾਰੂ, ਪੁਲਿਸ ਉਪ ਕਪਤਾਨ ਗਿੱਦੜਬਾਹਾ ਸ੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਅਤੇ ਥਾਣਾ ਕੋਟਭਾਈ ਦੇ ਮੁੱਖੀ ਸ: ਪਰਮਿੰਦਰ ਸਿੰਘ ਵੀ ਹਾਜਰ ਸਨ।
ਪ੍ਰੀਖਿਆ ਕੇਂਦਰ ਅੰਦਰੋਂ ਅਗਵਾ ਕੀਤਾ ਨੌਜਵਾਨ ਫਿਰੋਜ਼ਪੁਰ ਤੋਂ ਬਰਾਮਦ
ਜਗਰਾਉਂ.- 28 ਮਾਰਚ  ਪਿੰਡ ਹੇਰਾਂ ਦੇ ਪ੍ਰੀਖਿਆ ਕੇਂਦਰ ਅੰਦਰੋਂ ਪਿਸਤੌਲ ਦੀ ਨੋਕ 'ਤੇ ਅਗਵਾ ਕਰ ਕੇ ਲਿਜਾਏ ਗਏ ਨੌਜਵਾਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।
ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਅਮਰ ਸਿੰਘ ਚਾਹਲ ਨੇ ਦੱਸਿਆ ਕਿ ਹਾਂਸ ਕਲਾਂ ਦੇ ਰਹਿਣ ਵਾਲੇ ਨੌਜਵਾਨ ਜਗਤਾਰ ਸਿੰਘ ਨੂੰ ਪ੍ਰੀਖਿਆ ਕੇਂਦਰ ਦੇ ਅੰਦਰੋਂ ਅਗਵਾ ਕਰ ਕੇ ਲੈ ਜਾਣ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਪੰਜਾਬ ਭਰ ਦੇ ਪੁਲਿਸ ਥਾਣਿਆਂ ਨੂੰ ਸੂਚਨਾ ਭੇਜੀ ਗਈ ਸੀ ਤੇ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਨੇੜੇ ਲੱਗੇ ਪੁਲਿਸ ਨਾਕੇ ਨੂੰ ਦੇਖ ਕਥਿਤ ਦੋਸ਼ੀਆਂ ਨੇ ਅਗਵਾ ਕੀਤੇ ਨੌਜਵਾਨ ਜਗਤਾਰ ਸਿੰਘ ਉਤਾਰ ਦਿੱਤਾ ਤੇ ਆਪ ਮੌਕੇ ਤੋਂ ਖਿਸਕਣ 'ਚ ਕਾਮਯਾਬ ਹੋ ਗਏ। ਸੂਚਨਾ ਮਿਲਣ 'ਤੇ ਫਿਰੋਜ਼ਪੁਰ ਪੁਲਿਸ ਵੱਲੋਂ ਜਗਤਾਰ ਸਿੰਘ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ ਗਿਆ, ਜਿਥੋਂ ਸਥਾਨਕ ਪੁਲਿਸ ਨੇ ਉਸ ਨੂੰ ਸਹੀ ਸਲਾਮਤ ਵਾਪਿਸ ਲੈ ਆਂਦਾ। ਪੁਲਿਸ ਮੁਖੀ ਅਨੁਸਾਰ ਅਗਵਾਕਾਰਾਂ ਨੇ ਰਸਤੇ 'ਚ ਵੀ ਨੌਜਵਾਨ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪਹਿਲੀ ਕੋਸ਼ਿਸ਼ ਅਗਵਾ ਹੋਏ ਨੌਜਵਾਨ ਨੂੰ ਬਰਾਮਦ ਕਰਨਾ ਸੀ ਜੋ ਕਰ ਲਿਆ ਤੇ ਹੁਣ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਕਾਰ ਦੀ ਫੇਟ ਵੱਜਣ ਨਾਲ ਸਕੂਟਰ ਸਵਾਰ ਪਤੀ-ਪਤਨੀ ਦੀ ਮੌਤ

 ਹਾਦਸੇ 'ਚ ਨੁਕਸਾਨੀ ਗਈ ਕਾਰ ਅਤੇ (ਸੱਜੇ) ਮਾਰੇ ਗਏ ਗੁਰਮੇਜ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਦੀਆਂ ਪੁਰਾਣੀਆਂ ਤਸਵੀਰਾਂ।
ਸੁਲਤਾਨਪੁਰ ਲੋਧੀ, 28 ਮਾਰਚ ਅੱਜ ਸਵੇਰੇ ਲਗਭਗ 9 ਵਜੇ ਸੁਲਤਾਨਪੁਰ ਲੋਹੀਆਂ ਸੜਕ 'ਤੇ ਪਿੰਡ ਦੀਪੇਵਾਲ ਨੇੜੇ ਸਕੂਟਰ ਅਤੇ ਕਾਰ ਦੇ ਹੋਏ ਹਾਦਸੇ ਵਿਚ ਸਕੂਟਰ ਸਵਾਰ ਪਤੀ-ਪਤਨੀ ਦੀ ਮੌਕੇ ਤੇ ਮੌਤ ਹੋ ਗਈ। ਪਿੰਡ ਸੱਦੂਪੁਰ ਨਿਵਾਸੀ ਗੁਰਮੇਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿੱਦੂਪੁਰ ਅਤੇ ਉਨ੍ਹਾਂ ਦੀ ਪਤਨੀ ਸਕੂਟਰ ਤੇ ਗੁਰਦੁਆਰਾ ਬੇਰ ਸਾਹਿਬ ਵੱਲ ਆ ਰਹੇ ਸਨ।
ਸੁਲਤਾਨਪੁਰ ਲੋਧੀ ਵੱਲੋਂ ਆ ਰਹੀ ਇਕ ਸਵਿਫਟ ਕਾਰ ਨੇ ਇਕ ਬੱਸ ਨੂੰ ਓਵਰਟੇਕ ਕਰਦੇ ਸਮੇਂ ਸਕੂਟਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਾਰ ਭੱਠੇ ਨੇੜੇ ਖਤਾਨਾ ਵੱਲ ਦੋਵਾਂ ਨੂੰ ਸਕੂਟਰ ਸਮੇਤ ਧੂਹ ਕੇ ਲੈ ਗਈ। ਟੱਕਰ ਇਨ੍ਹੀ ਭਿਅੰਕਰ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਨੰਬਰ ਪੀ.ਬੀ.08 ਐਨ. 8621 ਨੂੂੰ ਜੱਲੋਪੁਰ ਨਿਵਾਸੀ 22 ਸਾਲਾ ਗੁਰਸ਼ਰਨ ਸਿੰਘ ਪੁੱਤਰ ਗਿਆਨ ਸਿੱਘ ਜੱਲੋਪੁਰ ਚਲਾ ਰਿਹਾ ਸੀ। ਤੀਰਥ ਸਿੰਘ ਇੰਸਪੈਕਟਰ ਤੇ ਹਵਲਦਾਰ ਭਜਨ ਸਿੰਘ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਗੁਰਸ਼ਰਨ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ।
ਪੋਸਟ ਮਾਰਟਮ ਪਿੱਛੋਂ ਸ਼ਾਮ 6 ਵਜੇ ਮ੍ਰਿਤਕ ਜੋੜੇ ਦਾ ਪਿੰਡ ਸਿੱਧੂਪੁਰ ਵਿਖੇ ਇੱਕ ਹੀ ਚਿਤਾ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਜੰਮੂ, ਮਾ: ਮਨਜੀਤ ਸਿੰਘ, ਅਮਰਜੀਤ ਸਿੰਘ ਰਾਣਾ, ਸੁਰਿੰਦਰ ਸਿੰਘ ਰਤਨਪਾਲ, ਗੁਰਨਾਮ ਸਿੰਘ ਰਤਨਪਾਲ, ਗੁਰਚਰਨ ਸਿੰਘ ਸਫਰੀ, ਬਚਿੰਤ ਸਿੰਘ ਸਾ: ਸਰਪੰਚ, ਧਰਮ ਸਿੰਘ ਪੰਚ, ਸਾਧੂ ਸਿੰਘ ਪੰਚ, ਸੁਰਜੀਤ ਸਿੰਘ ਜੋਸਣ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ।

ਕੈਨੇਡੀਅਨ ਸਿਆਸਤਦਾਨ ਰੂਬੀ ਢੱਲਾ ਭਾਰਤ ਪਹੁੰਚੇ

 ਰੂਬੀ ਢੱਲਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਭਾਰਤ ਪਰਤਣ 'ਤੇ ਸਵਾਗਤ ਕਰਦੇ ਹੋਏ ਸੁਪਰਡੈਂਟ ਡਾ: ਬੀ. ਐੱਸ. ਬੇਦੀ, ਕੇਵਲ ਸਿੰਘ ਭੱਟੀ ਤੇ ਹੋਰ।
ਅਟਾਰੀ. 28 ਮਾਰਚ  ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਅਤੇ ਪੰਜਾਬੀ ਮੂਲ ਦੀ ਉੱਘੀ ਸਿਆਸਤਦਾਨ ਰੂਬੀ ਢੱਲਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਤੇ ਆਪਣੇ ਪੜਨਾਨਕਿਆਂ ਦੇ ਪੁਸ਼ਤੈਨੀ ਘਰ ਵੇਖ ਕੇ ਵਾਪਸ ਭਾਰਤ ਪਰਤ ਆਏ। ਰੂਬੀ ਢੱਲਾ ਦੇ ਨਾਲ ਗਈ ਉਨ੍ਹਾਂ ਦੀ ਮਾਤਾ ਅਤੇ ਮਾਸੀਆਂ ਆਪਣੇ ਨਾਨਕਿਆਂ ਦੇ ਘਰ ਵੇਖ ਕੇ ਆਉਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀਆਂ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਅੰ ਰੂਬੀ ਢੱਲਾ ਨੇ ਕਿਹਾ ਕਿ ਉਹ ਬੜੀ ਖੁਸ਼ ਹੈ ਕਿ ਉਸ ਨੇ ਆਪਣੀ ਅਤੇ ਆਪਣੀ ਮਾਂ ਅਤੇ ਮਾਸੀਆਂ ਦੀ ਇੱਛਾ ਪੂਰੀ ਕਰਦਿਆਂ ਆਪਣੀ ਮਾਂ ਦੇ ਕਸੂਰ ਵਿਖੇ ਸਥਿਤ ਉਨ੍ਹਾਂ ਨੇ ਨਾਨਕੇ ਘਰ ਨੂੰ ਵੇਖਿਆ, ਜਿਥੇ 80 ਵਰੇਂ ਪਹਿਲਾਂ ਉਨ੍ਹਾਂ ਦੀ ਨਾਨੀ ਨੇ ਜਨਮ ਲਿਆ ਅਤੇ ਉਨ੍ਹਾਂ ਦੀ ਮਾਂ ਖੇਡਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਸੂਰ ਸਥਿਤ ਉਨ੍ਹਾਂ ਘਰ ਉਵੇ ਹੀ ਹੈ। ਉਨ੍ਹਾਂ ਕਿਹਾ ਕਿ ਕਸੂਰ ਵਾਸੀਆਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਬੜਾ ਲਾਡ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਥੇ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਰੂਬੀ ਢੱਲਾ ਦੀ ਮਾਤਾ ਤਵਿੰਦਰ ਢੱਲਾ ਨੇ ਕਿਹਾ ਕਿ ਉਹ ਪਹਿਲੀ ਵਾਰ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਦੀ ਬੇਟੀ ਨੇ ਉਸ ਦੀ ਅਤੇ ਉਸ 2 ਭੈਣਾਂ ਜੋ ਇੰਗਲੈਂਡ ਤੋਂ ਆਈਆਂ ਹਨ ਦੀ ਇੱਛਾ ਪੂਰੀ ਕਰ ਦਿੱਤੀ ਹੈ।

ਅੱਠ ਨੌਜਵਾਨ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ

ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਨੌਜਵਾਨ ਅਤੇ (ਹੇਠਾਂ)
ਨੌਜਵਾਨ ਸੰਤ ਜਗਜੀਤ ਸਿੰਘ ਤੋਂ ਅਸ਼ੀਰਵਾਦ ਲੈਂਦੇ ਹੋਏ।
ਬਠਿੰਡਾ, 28 ਮਾਰਚ- ਸਿੱਖ ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਦੇਣ ਖਿਲਾਫ਼ ਜੋਸ਼ ਵਿਚ ਆਏ ਅੱਠ ਨੌਜਵਾਨ ਅੱਜ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਪਿੰਡ ਗਿੱਲ ਪੱਤੀ ਅਤੇ ਭੋਖੜਾ ਵਿਚਕਾਰ ਬਣੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਨੌਜਵਾਨਾਂ ਨੇ ਭਾਈ ਰਾਜੋਆਣਾ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਉਸ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਘਟਨਾ ਦੀ ਸੂਚਨਾ ਮਿਲਦਿਆ ਹੀ ਡੀ. ਐੱਸ. ਪੀ, ਤਹਿਸੀਲਦਾਰ ਬਠਿੰਡਾ ਸ: ਅਵਤਾਰ ਸਿੰਘ ਮੱਕੜ ਭਾਰੀ ਪੁਲਿਸ ਫੌਰਸ ਸਮੇਤ ਮੌਕੇ 'ਤੇ ਪੁੱਜੇ ਅਤੇ ਨੌਜਵਾਨਾਂ ਨੂੰ ਟੈਂਕੀ ਤੋਂ ਹੇਠਾਂ ਉਤਰਨ ਲਈ ਕਿਹਾ। ਪਰ ਨੌਜਵਾਨ ਆਪਣੀ ਮੰਗ 'ਤੇ ਅੜੇ ਰਹੇ। ਪ੍ਰਾਪਤ ਜਾਣਕਾਰੀ ਅਹਨੁਸਾਰ ਹਰਪ੍ਰੀਤ ਸਿੰਘ ਤੇ ਕੁਲਦੀਪ ਸ਼ਰਮਾ ਵਾਸੀ ਗੋਨਿਆਣਾ ਮੰਡੀ, ਮਨਦੀਪ ਸਿੰਘ ਮਨੀ, ਕਰਮਜੀਤ ਸਿੰਘ, ਗ਼ਗਨਦੀਪ ਸਿੰਘ, ਸ਼ਾਮ ਸਿੰਘ ਅਤੇ ਰਣਜੀਤ ਸਿੰਘ ਵਾਸੀਅਨ ਪਿੰਡ ਕੋਠੇ ਨੱਥਾ ਸਿੰਘ ਵਾਲੇ ਅਤੇ ਪ੍ਰਦੀਪ ਸਿੰਘ ਬਰਾੜ ਵਾਸੀ ਮਹਿਮਾ ਸਰਜਾ ਅੱਜ ਭਾਈ ਰਾਜੋਆਣਾਂ ਦੀ ਫ਼ਾਂਸੀ ਖਿਲਾਫ਼ ਸਿੱਖ ਸੰਗ਼ਤਾਂ ਵੱਲੋਂ ਕੱਢੇ ਗਏ ਰੋਸ ਮਾਰਚ ਵਿਚ ਸ਼ਾਮਿਲ ਸਨ। ਉਕਤ ਸਿੱਖ ਨੌਜਵਾਨ ਇਸ ਕਦਰ ਜੋਸ਼ ਵਿਚ ਆ ਗਏ ਕਿ ਉਹ ਪਿੰਡ ਗਿੱਲਪੱਤੀ ਅਤੇ ਭੋਖੜਾ ਦੇ ਵਿਚਕਾਰ ਸਥਿੱਤ ਪਾਣੀ ਵਾਲੀ ਟੈਂਕੀ ਉਪਰ ਜਾ ਚੜ੍ਹੇ। ਸਿੱਖ ਨੌਜਵਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਭਾਈ ਰਾਜੋਆਣਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਨੌਜਵਾਨਾਂ ਦੇ ਸਿਰਾਂ 'ਤੇ ਪੀਲੇ ਪਟਕੇ ਬੰਨੇ ਹੋਏ ਸਨ ਅਤੇ ਹੱਥਾਂ ਵਿਚ ਕੇਸਰੀ ਝੰਡੇ ਫੜੇ ਹੋਏ ਸਨ। ਉਹ ਪਾਣੀ ਵਾਲੀ ਟੈਂਕੀ ਤੋਂ ਵਾਰ-ਵਾਰ ਭਾਈ ਰਾਜੋਆਣਾਂ ਦੀ ਰਿਹਾਈ ਦੀ ਮੰਗ ਕਰਦੇ ਰਹੇ। ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਈ ਰਾਜੋਆਣਾ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਕੋਈ ਵੀ ਸਖ਼ਤ ਕਦਮ ਉਠਾ ਸਕਦੇ ਹਨ। ਜ਼ਿਲ੍ਹਾ ਪ੍ਰਸਾਸ਼ਨ ਨੇ ਵੱਡੀ ਗਿਣਤੀ ਪੁਲਿਸ ਟੈਂਕੀ ਦੇ ਆਸੇ-ਪਾਸੇ ਤਾਇਨਾਤ ਕਰ ਦਿੱਤੀ। ਨੇੜਲੇ ਪਿੰਡਾਂ ਦੇ ਕੁੱਝ ਮੋਹਤਵਰ ਵਿਅਕਤੀਆਂ ਨੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਨੌਜਵਾਨਾਂ ਨੂੰ ਹੇਠਾਂ ਉਤਰਨ ਲਈ ਮਨਾ ਲਿਆ। ਪਰ ਉਕਤ ਸਿੱਖ ਨੌਜਵਾਨਾਂ ਨੇ ਸ਼ਰਤ ਰੱਖ ਦਿੱਤੀ ਕਿ ਉਹ ਕਿਸੇ ਧਾਰਮਿਕ ਆਗੂ ਦੇ ਕਹਿਣ 'ਤੇ ਹੀ ਹੇਠਾਂ ਉਤਰਣਗੇ। ਮੌਕੇ 'ਤੇ ਪੁੱਜੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਭਾਜਪਾ ਆਗੂ ਪ੍ਰਸ਼ੋਤਮ ਦਾਸ ਟੰਡਨ, ਰਾਜਾ ਸਰਪੰਚ ਅਤੇ ਹੋਰਨਾਂ ਨੌਜਵਾਨਾਂ ਦੀ ਸ਼ਰਤ ਮੁਤਾਬਿਕ ਸੰਤ ਜਗਜੀਤ ਸਿੰਘ ਟਿਕਾਣਾ ਭਾਈ ਜਗਤਾ ਨੂੰ ਪਾਣੀ ਵਾਲੀ ਟੇੈਂਕੀ ਕੋਲ ਲਿਆਂਦਾ ਅਤੇ ਟੈਕੀ 'ਤੇ ਚੜ੍ਹੇ ਨੌਜਵਾਨਾਂ ਨਾਲ ਮੋਬਾਇਲ 'ਤੇ ਗੱਲ ਕਰਵਾਈ। ਨੌਜਵਾਨਾਂ ਨੇ ਸੰਤਾਂ ਨੂੰ ਦੱਸਿਆ ਕਿ ਸਿੱਖ ਸੰਗ਼ਤਾਂ ਨੇ ਭਾਈ ਰਾਜੋਆਣਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਕਈ ਘੰਟੇ ਆਵਾਜਾਈ ਠੱਪ ਕੀਤੀ ਸੀ। ਪਰ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਨਣ ਨਹੀਂ ਆਇਆ। ਨੌਜਵਾਨਾਂ ਦਾ ਕਹਿਣਾ ਸੀ ਕਿ ਸਿੱਖ ਕੌਮ ਦੇ ਨੌਜਵਾਨਾਂ ਦੀ ਭਾਵਨਾਵਾਂ ਭਾਈ ਰਾਜੋਆਣਾ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਭਾਈ ਸਾਹਿਬ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਸੰਤ ਜਗਜੀਤ ਸਿੰਘ ਵੱਲੋ ਉਨ੍ਹਾਂ ਦੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਭਰੋਸੇ ਬਾਅਦ ਅੱਠੇ ਨੌਜਵਾਨ ਟੈਂਕੀ ਤੋਂ ਹੇਠਾਂ ਉੱਤਰ ਆਏ। ਨੌਜਵਾਨਾਂ ਦੇ ਪਾਣੀ ਵਾਲੀ ਟੈਂਕੀ ਤੋਂ ਉਤਰਨ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੁੱਖ ਦਾ ਸਾਹ ਮਿਲਿਆ। ਇਸ ਮੌਕੇ ਅਮੀਰ ਸਿੰਘ ਮੱਕੜ ਸ਼ਹਿਰੀ ਪ੍ਰਧਾਨ, ਚਰਨਜੀਤ ਸ਼ਰਮਾ ਪ੍ਰੈਸ ਸੈਕਟਰੀ ਸ਼੍ਰੋਮਣੀ ਅਕਾਲੀ ਦਲ, ਕੁਲਵੰਤ ਸਿੰਘ ਸਰਕਲ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਪੁੱਜੇ ਹੋਏ ਸਨ।

ਟੀ. ਵੀ. ਜਗਤ ਦੇ ਸਭ ਤੋਂ ਵੱਡੇ ਰਿਆਲਟੀ
ਸ਼ੋਅ ਦੇ ਆਖਰੀ 12 'ਚ ਪੁੱਜੀ ਸੋਨੀਆ

ਸਟਾਰ ਟੀ. ਵੀ. ਦੇ ਰਿਅਲਟੀ ਸ਼ੋਅ ਦੌਰਾਨ ਸੋਨੀਆ ਸ਼ਰਮਾ।
ਨੂਰਪੁਰ ਬੇਦੀ, 28 ਮਾਰਚ -ਪੰਜਾਬ ਦੇ ਅਨੰਦਪੁਰ ਸਾਹਿਬ ਦੀ ਸੁਰੀਲੀ ਕਲਾਕਾਰ ਸੋਨੀਆ ਸ਼ਰਮਾ ਨੇ ਟੀ. ਵੀ. ਜਗਤ ਦੇ ਸਭ ਤੋਂ ਵੱਡੇ ਰਿਅਲਟੀ ਸ਼ੋਅ 'ਜੋ ਜੀਤਾ ਵਹੀ ਸੁਪਰ ਸਟਾਰ-2' ਦੇ ਆਖਰੀ 12 ਪ੍ਰਤੀਯੋਗੀਆ ਵਿਚ ਦਾਖਲਾ ਪਾ ਲਿਆ ਹੈ। ਪਿਛਲੇ ਇਕ ਮਹੀਨੇ ਤੋਂ ਮੁੰਬਈ ਵਿਚ ਹੋ ਰਹੇ ਆਡੀਸ਼ਨਾਂ ਨੂੰ ਪਾਰ ਕਰਦੀ ਹੋਈ ਸੋਨੀਆ ਨੇ ਅਪਣੀ ਕਲਾ ਦਾ ਲੋਹਾ ਮੰਨਵਾਇਆ ਹੈ। ਉਹ ਇਸ ਮੁਕਾਬਲੇ ਵਿਚ ਥਾਂ ਬਣਾਉਣ ਵਾਲੀ ਉੱਤਰੀ ਭਾਰਤ ਦੇ ਰਾਜਾਂ ਦੀ ਇਕਲੌਤੀ ਕਲਾਕਾਰ ਹੈ। ਸਟਾਰ ਪਲੱਸ ਚੈਨਲ 'ਤੇ 31 ਮਾਰਚ ਤੋਂ ਹਰੇਕ ਸ਼ਨੀਵਾਰ ਅਤੇ ਐਤਵਾਰ ਰਾਤੀ 9 ਤੋਂ 10 ਵਜੇ ਪ੍ਰਸਾਰਿਤ ਹੋਣੇ ਵਾਲੇ ਇਸ ਪ੍ਰੋਗਰਾਮ ਵਿਚ ਸੋਨੀਆ ਆਪਣੀ ਸੁਰੀਲੇ ਸੁਰਾਂ ਦੀ ਕਲਾ ਦਾ ਜਾਦੂ ਬਿਖੇਰੇਗੀ। ਆਪਣੀ ਇਸ ਚੋਣ ਸਬੰਧੀ ਮੁੰਬਈ ਤੋਂ ਟੈਲੀਫੋਨ 'ਤੇ ਗੱਲਬਾਤ ਦੌਰਾਨ ਸੋਨੀਆ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲਾ ਬੁਹਤ ਹੀ ਚੁਣੌਤੀਆਂ ਭਰਪੂਰ ਹੈ ਕਿਉਂਕਿ ਇਸ ਮੁਕਾਬਲੇ ਵਿਚ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਪ੍ਰਸਾਰਤਿ ਹੋ ਚੁੱਕੇ ਰਿਅਲਟੀ ਸ਼ੋਆਂ ਦੇ ਜੇਤੂ ਕਲਾਕਾਰ ਹੀ ਭਾਗ ਲੈ ਰਹੇ ਹਨ। ਹਰੇਕ ਪ੍ਰਤੀਯੋਗੀ ਇਕ ਤੋਂ ਵੱਧ ਕੇ ਇਕ ਹੈ। ਸੋਨੀਆ ਨੇ ਦੱਸਿਆ ਕਿ ਇਸ ਰਿਅਲਟੀ ਸ਼ੋਅ ਵਿਚ ਐਂਕਰ ਦੀ ਭੂਮਿਕਾ ਪ੍ਰਸਿੱਧ ਫਿਲਮੀ ਅਦਾਕਾਰਾ ਮੰਦਿਰਾ ਬੇਦੀ ਨਿਭਾਏਗੀ। ਜਦਕਿ ਜੱਜਾਂ ਦੀ ਭੂਮਿਕਾ ਵਿਚ ਸ਼ਾਨ, ਸ਼ਾਂਤਨੂ ਮੋਏਤ੍ਰਾ ਅਤੇ ਸਵਾਨੰਦ ਕਿਰਕਿਰੇ ਸਮੇਤ ਹੋਰ ਦਿੱਗਜ਼ ਸ਼ਾਮਿਲ ਹੋਣਗੇ। ਉਸ ਨੇ ਦੱਸਿਆ ਕਿ ਇਹ ਸ਼ੋਅ ਸ਼ੁਰੂ ਤੋਂ ਹੀ ਪਬਲਿਕ ਵੋਟਿੰਗ 'ਤੇ ਆਧਾਰਿਤ ਹੋਏਗਾ। ਸੋਨੀਆ ਨੇ ਕਿਹਾ ਕਿ ਉਹ ਇਸ ਸ਼ੋਅ ਵਿਚ ਪੰਜਾਬ ਸਮੇਤ ਉੱਤਰੀ ਭਾਰਤ ਦਾ ਨਾਂਅ ਰੌਸ਼ਨ ਕਰੇਗੀ। ਉਸ ਨੇ ਦੱਸਿਆ ਕਿ ਉਹ ਪੰਜਾਬ ਦੀ ਗੁਰੂਆਂ ਦੀ ਧਰਤੀ ਅਨੰਦਪੁਰ ਸਾਹਿਬ ਦੀ ਜੰਮਪਲ ਹੈ ਅਤੇ ਆਪਣੇ ਪਿਤਾ ਦੀ ਨੌਕਰੀ ਕਾਰਨ ਉਹ ਅੱਜਕੱਲ ਕੁਰੂਕਸ਼ੇਤਰ ਵਿਖੇ ਰਹਿ ਰਹੀ ਹੈ।

ਐੱਲ. ਪੀ. ਜੀ. ਸੁਰੱਖਿਆ ਮੇਲਿਆਂ 'ਚ 13 ਹਜ਼ਾਰ
ਤੋਂ ਵਧ ਗ੍ਰਹਿਣੀਆਂ ਨੇ ਹਿੱਸਾ ਲਿਆ
ਜਲੰਧਰ, 28 ਮਾਰਚ- ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਐਲ. ਪੀ. ਜੀ. ਯੂਨਿਟ ਵੱਲੋਂ ਆਯੋਜਿਤ ਸੁਰੱਖਿਆ ਸੰਚੇਤਨਾ ਮੁਹਿੰਮ ਮੇਲੇ 'ਚ 13000 ਗ੍ਰਹਿਣੀਆਂ ਨਾਲ ਇਕੱਠੇ ਹੋ ਕੇ ਪੰਜਾਬ 'ਚ ਹੁਸ਼ਿਆਰਪੁਰ, ਬਠਿੰਡਾ, ਲੁਧਿਆਣਾ, ਜਲੰਧਰ ਜ਼ਿਲ੍ਹਿਆਂ 'ਚ ਘਰ ਵਿਚ ਰਸੋਈ ਸੁਰੱਖਿਆ ਸਮੱਸਿਆਵਾਂ ਦੇ ਬਾਰੇ 'ਚ ਜਾਗਰੂਕਤਾ ਫੈਲਾਈ। ਗ੍ਰਹਿਣੀਆਂ ਵੱਲੋਂ ਦਸੂਹਾ, ਭਾਂਗਲਾ, ਗੜ੍ਹਦੀਵਾਲਾ, ਹਰਿਆਣਾ, ਬੰਗਾ ਅਤੇ ਮਾਹਿਲਪੁਰ ਜਿਹੇ ਕਸਬਿਆਂ ਨਾਲ ਪ੍ਰਭਾਵਸ਼ਾਲੀ ਸਾਂਝੀਦਾਰੀ ਦੇਖੀ ਗਈ। ਐੱਚ. ਪੀ. ਗੈੱਸ ਨੇ ਇਸ ਪ੍ਰੋਗਰਾਮ ਦਾ ਆਯੋਜਨ ਸੁਰੱਖਿਆ ਸੰਚੇਤਨਾ ਮੁਹਿੰਮ ਦੇ ਤਹਿਤ ਪਿੰਡ ਮੇਲਿਆਂ ਦੇ ਤੌਰ 'ਤੇ ਕੀਤਾ ਸੀ, ਜੋ ਭਾਰਤ ਦਾ ਮੌਲਿਕ ਮਨੋਰੰਜਨ ਸਾਧਨ ਹੈ। ਇਸ ਵਿਚ ਪਿੰਡ ਦੀਆਂ ਸਾਰੀਆਂ ਔਰਤਾਂ ਨੇ ਗੰਭੀਰਤਾ ਨਾਲ ਹਿੱਸਾ ਲਿਆ। ਭਾਰਤ ਦੇ ਪੇਂਡੂ ਖੇਤਰਾਂ ਵਿਚ ਐੱਲ. ਪੀ. ਜੀ. ਦੇ ਵਧਦੇ ਹੋਏ ਪ੍ਰਯੋਗ ਦੇ ਨਾਲ ਐੱਚ. ਪੀ. ਗੈੱਸ ਦਾ ਮੁੱਖ ਕੇਂਦਰਿਤ ਇਨ੍ਹਾਂ ਖੇਤਰਾਂ ਵਿਚ ਐੱਲ. ਪੀ. ਜੀ. ਗੈੱਸ ਦੇ ਸੁਰੱਖਿਅਤ ਇਸਤੇਮਾਲ ਦੇ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਹੈ। ਇਸ ਮੁਹਿੰਮ ਦੇ ਬਾਰੇ 'ਚ ਐੱਚ. ਪੀ. ਸੀ. ਐੱਲ. ਦੇ ਡੀ. ਜੀ. ਐੱਮ., ਐੱਲ. ਪੀ. ਜੀ. ਸੇਲਜ਼ ਐਂਡ ਮਾਰਕੀਟਿੰਗ ਸ਼੍ਰੀ ਸ਼ੁਭੰਕਰ ਬਿਸਵਾਸ ਨੇ ਦੱਸਿਆ ਕਿ ਪਿਛਲੇ ਦੋ ਵਰ੍ਹਿਆਂ ਵਿਚ ਇਸ ਅਭਿਆਨ ਦੇ ਦੋ ਪੱਧਰਾਂ ਨੂੰ ਪਾਰ ਕਰ ਲਿਆ ਹੈ। ਇਸ ਸਾਲ ਸਾਡਾ ਟੀਚਾ 3 ਟੀਅਰ ਅਤੇ 4 ਟੀਅਰ ਕਸਬਿਆਂ ਵਿਚ ਸਥਿਤ ਔਰਤਾਂ 'ਤੇ ਵਿਸ਼ੇਸ਼ ਕੇਂਦਰਿਤ ਕਰਨ ਦੇ ਨਾਲ ਐੱਸ. ਈ. ਬੀ./ਸੀ. ਵਿਚ 50 ਲੱਖ ਲੋਕਾਂ ਤੱਕ ਪਹੁੰਚਣ ਦਾ ਹੈ।'
ਪਹਿਲੀ ਤੋਂ ਟੋਲ ਟੈਕਸ 'ਚ 10 ਫੀਸਦੀ ਵਾਧਾ
ਮੋਗਾ, 28 ਮਾਰਚ -ਪੰਜਾਬ ਅੰਦਰ ਸੜਕ ਉੱਪਰ ਚੱਲਣ ਵਾਲੇ ਹਰੇਕ ਵਾਹਨ ਉੱਪਰ ਲੱਗ ਰਹੇ ਟੋਲ ਟੈਕਸ ਵਿਚ 1 ਅਪ੍ਰੈਲ ਤੋਂ ਵਾਧਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਡੀ. ਅਗਰਵਾਲ ਇਨਫਰਾਟੈਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਰਦਵ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਟੋਲ ਟੈਕਸ ਵਿਚ ਹਰ ਸਾਲ 10 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਇਸ ਸਾਲ ਵੀ 1 ਅਪ੍ਰੈਲ 2012 ਤੋਂ 10 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇਗਾ। ਜਿਸ ਨਾਲ ਸੜਕ ਉੱਪਰ ਚੱਲਣ ਵਾਲੇ ਹਰ ਵਾਹਨ ਚਾਲਕ ਨੂੰ ਵਧਿਆ ਹੋਇਆ ਟੋਲ ਟੈਕਸ ਦੇਣਾ ਪਵੇਗਾ।
ਸ਼ਿਵ ਸੈਨਾ ਪ੍ਰਧਾਨ ਵੱਲੋਂ ਭੁੱਖ ਹੜਤਾਲ

ਸ਼ਿਵ ਸੈਨਾ ਮਹਾਂ ਸੰਗਰਾਮ ਦੇ ਕੌਮੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਨੂੰ
ਸਨਮਾਨਿਤ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ।
ਸੰਗਰੂਰ, 28 ਮਾਰਚ - ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੇ ਵਿਰੋਧ ਵਜੋਂ ਜਿਥੇ ਸਮੁੱਚੇ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਥੇ ਹੀ ਸ਼ਿਵ ਸੈਨਾ ਮਹਾਂ ਸੰਗਰਾਮ ਦੇ ਕੌਮੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਈ ਰਾਜੋਆਣਾ ਦੀ ਰਿਹਾਈ ਲਈ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀੁੰ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨੰਦਾ ਨੇ ਕਿਹਾ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਦੀ ਰਿਹਾਈ ਤੱਕ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਬਹਾਲੀ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਭੁੱਖ ਹੜਤਾਲ 'ਤੇ ਬੈਠੇ ਸ੍ਰੀ ਨੰਦਾ ਨੂੰ ਸਿੱਖ ਜਥੇਬੰਦੀਆਂ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੇੈਨਾ ਮਹਾ ਸੰਗਰਾਮ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਰਾਜਾ, ਸੁਰਿੰਦਰ ਸਿੰਘ ਸੇਖੋਂ, ਲੱਕੀ ਸ਼ਰਮਾ, ਸਿਕੰਦਰ ਮਾਨ ਅਤੇ ਰਾਜ ਕੁਮਾਰ ਧੂਰੀ ਵੀ ਮੌਜੂਦ ਸਨ।
ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ਼ ਠੀਕ ਕਰਨ ਦੀ ਮੰਗ
ਅਬੋਹਰ, 28 ਮਾਰਚ -ਮਾਡਲ ਟਾਊਨ ਨਿਵਾਸੀਆਂ ਨੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ਼ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਮਲਕੀਤ ਸਿੰਘ, ਟੀ. ਕੇ. ਦੱਤਾ, ਰੋਸ਼ਨ ਲਾਲ, ਮੋਹਨ ਲਾਲ, ਓ.ਪੀ. ਪੁਜਾਰਾ, ਇੰਦਰਜੀਤ ਸਿੰਘ ਤੇ ਦਰਸ਼ੀ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਲੱਖਾਂ ਰੁਪਏ ਖ਼ਰਚ ਕੇ ਸੜਕ ਬਣ ਰਹੀ ਹੈ। ਪਰ ਇਸ ਨਾਲ ਸਮੱਸਿਆ ਹੱਲ ਨਹੀਂ ਹੋਣੀ। ਕਿਉਂਕਿ ਸੀਵਰੇਜ ਸਿਸਟਮ ਦਾ ਮਾੜਾ ਹਾਲ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੜਕ ਬਣਨ ਤੋਂ ਪਹਿਲਾਂ ਸੀਵਰੇਜ ਸਿਸਟਮ ਵਿਚ ਸੁਧਾਰ ਕੀਤਾ ਜਾਵੇ। ਨਹੀਂ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਵਰੇਜ਼ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਹਿਲਾਂ ਹੀ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।
ਥਾਣੇਦਾਰ ਤਬਦੀਲ
ਅਬੋਹਰ, 28 ਮਾਰਚ -ਉਪ ਮੰਡਲ ਅਧੀਨ ਪੈਂਦੇ ਥਾਣਾ ਖੂਈਆਂ ਸਰਵਰ ਦੇ ਥਾਣੇਦਾਰ ਵੀਰ ਚੰਦ ਨੂੰ ਇੱਥੋਂ ਤਬਦੀਲ ਕਰਕੇ ਥਾਣਾ ਸਦਰ ਜਲਾਲਾਬਾਦ ਭੇਜ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੀ ਥਾਂ 'ਤੇ ਸ: ਦਰਸ਼ਨ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕਿ ਫ਼ਰੀਦਕੋਟ ਤੋਂ ਤਬਦੀਲ ਹੋ ਕਿ ਇੱਥੇ ਆਏ ਹਨ ਤੇ ਇਸ ਤੋਂ ਪਹਿਲਾਂ ਵੀ ਉਹ ਕਾਫ਼ੀ ਸਮਾਂ ਥਾਣਾ ਖੂਈਆਂ ਸਰਵਰ ਵਿਚ ਤੈਨਾਤ ਰਹੇ ਹਨ।
ਖੇਤਰੀ ਪਾਰਟੀਆਂ ਇੱਕਜੁੱਟ ਹੋ ਕੇ ਕੇਂਦਰ ਦੀ ਘਪਲੇਬਾਜ਼ ਸਰਕਾਰ
ਤੋਂ ਜਨਤਾ ਦਾ ਖਹਿੜਾ ਛੁਡਾਉਣ-ਓਮ ਪ੍ਰਕਾਸ਼ ਚੌਟਾਲਾ

ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਚੰਦੂਮਾਜਰਾ ਪਰਿਵਾਰ
ਨਾਲ ਦੁੱਖ ਸਾਂਝਾ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 28 ਮਾਰਚ  - ਇਨੈਲੋ ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਪੰਜਾਬ ਵਾਸੀਆਂ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਦੇ ਲਈ ਅਮਨ ਸ਼ਾਂਤੀ ਨਾਲ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਮਨ ਅਮਾਨ ਨਾਲ ਕੀਤਾ ਗਿਆ ਰੋਸ ਪ੍ਰਰਦਰਸ਼ਨ ਅਸਰਦਾਇਕ ਹੁੰਦਾ ਹੈ। ਸ੍ਰੀ ਚੌਟਾਲਾ ਅੱਜ ਪਿੰਡ ਚੰਦੂਮਾਜਰਾ ਵਿਖੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਉਨ੍ਹਾਂ ਦੇ ਭਰਾ ਉਜਾਗਰ ਸਿੰਘ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰਨ ਆਏ ਸਨ। ਸ੍ਰੀ ਚੌਟਾਲਾ ਨੇ ਕਿਹਾ ਕਿ ਪੰਜਾਬੀਆਂ ਦਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕੇਂਦਰ ਦੀ ਯੂ. ਪੀ. ਏ. ਸਰਕਾਰ 'ਤੇ ਵਰਦਿਆਂ ਕਿਹਾ ਕਿ ਇਹ ਸਰਕਾਰ ਘਪਲਿਆਂਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨਵਾਂ ਸਾਹਮਣੇ ਆਇਆ ਕੋਲਾ ਘੋਟਾਲਾ 11 ਲੱਖ ਹਜ਼ਾਰ ਕਰੋੜ ਦਾ ਨਹੀਂ ਸਗੋਂ 42 ਲੱਖ ਹਜ਼ਾਰ ਕਰੋੜ ਦਾ ਹੈ। ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅੱਗੇ ਆਉਣ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਬੰਦ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਗੁਰਵਿੰਦਰ ਸਿੰਘ ਜਿੰਦੂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ, ਸਿਮਰਨਜੀਤ ਸਿੰਘ ਚੰਦੂਮਾਜਰਾ ਡਿਪਟੀ ਐਡਵੋਕੇਟ ਜਨਰਲ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਜਸਵਿੰਦਰ ਸਿੰਘ ਗਰੇਵਾਲ, ਹਰਭਜਨ ਸਿੰਘ ਚਨਾਰਥਲ, ਬਲਜੀਤ ਸਿੰਘ ਭੁੱਟਾ, ਜਰਨੈਲ ਸਿੰਘ ਹਿੰਦੂਪੁਰ, ਸੁਖਬੀਰ ਸਿੰਘ, ਜਸਵਿੰਦਰ ਸਿੰਘ ਕੌਂਸਲਰ ਪਟਿਆਲਾ, ਜਗਦੀਸ਼ ਕੁਮਾਰ ਜੱਗਾ ਵਾਈਸ ਚੇਅਰਮੈਨ ਰਾਜਪੁਰਾ, ਨਿਰਪਾਲ ਸਿੰਘ ਵੜਿੰਗ ਚੇਅਰਮੈਨ ਪੀਏਡੀਬੀ ਰਾਜਪੁਰਾ, ਹਰਵਿੰਦਰਪਾਲ ਸਿੰਘ ਹਰਪਾਲਪੁਰ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਚੇਅਰਮੈਨ ਸਹਿਕਾਰੀ ਬੈਂਕ ਪਟਿਆਲਾ, ਜਰਨੈਲ ਸਿੰਘ ਬਲਸੂਆਂ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ, ਹਰਦੇਵ ਸਿੰਘ ਹਰਪਾਲਪੁਰ, ਨਿਰਦੇਵ ਸਿੰਘ ਆਕੜੀ, ਅਵਰਿੰਦਰ ਸਿੰਘ ਕੰਗ, ਟੋਡਰ ਸਿੰਘ, ਮਹਿੰਦਰਜੀਤ ਸਿੰਘ ਖਰੋੜੀ, ਜਗਜੀਤ ਸਿੰਘ ਕੋਹਲੀ, ਸੁਖਦੇਵ ਸਿੰਘ ਢੀਂਡਸਾ ਸਾਬਕਾ ਇੰਸਪੈਕਟਰ, ਕੁਲਦੀਪ ਸਿੰਘ ਤਿਸਾਬਲੀ, ਜਿੰਦਰ ਤਿਸਾਬਲੀ ਆਦਿ ਨੇ ਵੀ ਚੰਦੂਮਾਜਰਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
 ਵਿਧਾਨ ਸਭਾ 'ਚ ਹੰਗਾਮਾ
ਜਾਖੜ ਨੇ ਸ਼ਰਮਾ ਤੇ ਭਾਜਪਾ ਨੂੰ ਲਲਕਾਰਿਆ
ਚੰਡੀਗੜ੍ਹ, 28 ਮਾਰਚ-ਅੱਜ ਪੰਜਾਬ ਵਿਧਾਨ ਸਭਾ ਵਿਚ ਸਿਫਰ ਕਾਲ ਦੇ ਦੌਰਾਨ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਹੱਤਿਆ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਲਈ ਦਿੱਤੀ ਗਈ 'ਪੰਜਾਬ ਬੰਦ' ਦੇ ਸੱਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਜੋ ਲਗਪਗ 10 ਮਿੰਟ ਤੱਕ ਜਾਰੀ ਰਿਹਾ। ਜਿਉਂ ਹੀ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਦਲ ਦੇ ਆਗੂ ਸੁਨੀਲ ਜਾਖੜ ਨੇ ਇਕ ਅਖਬਾਰ ਲਹਿਰਾਉਂਦੇ ਹੋਏ ਦੋਸ਼ ਲਾਇਆ ਕਿ ਇਸ ਸਦਨ ਦੇ ਅਕਾਲੀ ਮੈਂਬਰ ਸ੍ਰੀ ਨਰੇਸ਼ ਸ਼ਰਮਾ ਜ਼ੀਰਕਪੁਰ ਵਿਚ ਲੋਕਾਂ ਨੂੰ ਭੜਕਾ ਰਹੇ ਹਨ ਤੇ ਦੁਕਾਨਾਂ ਬੰਦ ਕਰਾਉਣ ਲਈ ਮਜ਼ਬੂਰ ਕਰ ਰਹੇ ਹਨ, ਜਿਸ ਤੋਂ ਇਉਂ ਲੱਗਦਾ ਹੈ ਕਿ ਰਾਜ ਸਰਕਾਰ ਆਪ ਹੀ ਅਮਨ-ਕਾਨੂੰਨ ਨੂੰ ਖਰਾਬ ਕਰਨ ਵਿਚ ਲੱਗੀ ਹੋਈ ਹੈ। ਸਰਕਾਰ ਜੁਆਬ ਦੇਵੇ ਕਿ ਉਹ ਇਸ ਬਾਰੇ ਕੀ ਕਰ ਰਹੀ ਹੈ? ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਨੂੰ ਲਪੇਟਦੇ ਹੋਏ ਕਿਹਾ ਕਿ ਉਹ ਇਸ ਨਾਜ਼ਕ ਮਾਮਲੇ ਬਾਰੇ ਚੁੱਪ ਕਿਉਂ ਬੈਠੀ ਹੈ? ਉਹ ਆਪਣਾ ਪੱਖ ਸਪੱਸ਼ਟ ਕਰੇ। ਇਸ 'ਤੇ ਸਦਨ ਵਿਚ ਕੁਝ ਸ਼ੋਰ-ਸ਼ਰਾਬਾ ਜਿਹਾ ਮੱਚ ਗਿਆ ਤੇ ਕਈ ਅਕਾਲੀ ਅਤੇ ਕਾਂਗਰਸੀ ਮੈਂਬਰ ਆਪੋ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਕੁਝ ਕਹਿਣ ਲੱਗੇ ਜੋ ਪੂਰਾ ਪ੍ਰੈਸ ਗੈਲਰੀ ਤੱਕ ਸੁਣਾਈ ਨਾ ਦਿੱਤਾ। ਪਰ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਉਚੀ ਦੇਣੀ ਕਿਹਾ ਕਿ ਸ੍ਰੀ ਸ਼ਰਮਾ ਤਾਂ ਲੋਕਾਂ ਨੂੰ ਸਮਝਾਉਣ ਬੁਝਾਉਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਬਾਰੇ ਅਪੀਲਾਂ ਕਰਨ ਗਏ ਸਨ। ਕਾਂਗਰਸੀ ਮੈਂਬਰ, ਭੜਕਾਊ ਗੱਲਾਂ ਕਰ ਕੇ ਮਾਹੌਲ ਖਰਾਬ ਨਾ ਕਰਨ। ਇਸ ਮੌਕੇ 'ਤੇ ਸ੍ਰੀ ਨਰੇਸ਼ ਸ਼ਰਮਾ ਜੋ ਕਿ ਹੰਗਾਮਾ ਅਰਾਈ ਦੇ ਦੌਰਾਨ ਸਦਨ ਵਿਚ ਮੌਜੂਦ ਸਨ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸ. ਮਜੀਠੀਆ ਦੇ ਉੱਤਰ ਦੇਣ ਪਿੱਛੋਂ ਉਹ ਆਪਣੀ ਸੀਟ 'ਤੇ ਬੈਠ ਗਏ। ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਅੱਜ 14ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੇ ਆਖਰੀ ਦਿਨ ਹੋਈ ਹੰਗਾਮਾ ਅਰਾਈ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਵਿਧਾਇਕ ਦਲ ਦੀ ਸਾਬਕਾ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਗੈਰ ਹਾਜ਼ਰ ਸਨ। ਇਨ੍ਹਾਂ ਦੀ ਗੈਰ ਹਾਜ਼ਰੀ ਸਦਨ ਵਿਚ ਦੋਵੇਂ ਧਿਰਾਂ ਮਹਿਸੂਸ ਕਰ ਰਹੀਆਂ ਸਨ ਅਤੇ ਭਾਜਪਾ ਵਾਲੇ ਚੁੱਪ ਕਰਕੇ ਸਭ ਕੁਝ ਸੁਣ ਰਹੇ ਸਨ। ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਾਂਗਰਸੀ ਮੈਂਬਰਾਂ ਦੇ ਵਿਹਾਰ ਬਾਰੇ ਹੀ ਕੁਝ ਗੱਲਾਂ ਕਹੀਆਂ ਅਸਲ ਮੁੱਦੇ ਨੂੰ ਛੋਹਿਆ ਤੱਕ ਨਾ । ਹਾਲਾਂਕਿ ਉਸ ਸਮੇਂ ਭਾਜਪਾ ਵਿਧਾਇਕ ਦਲ ਦੇ ਆਗੂ ਭਗਤ ਚੂਨੀ ਲਾਲ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਦਨ ਵਿਚ ਮੌਜੂਦ ਸਨ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਭਾਜਪਾ ਦੇ ਮਨੋਰੰਜਨ ਕਾਲੀਆ ਅਤੇ ਆਜ਼ਾਦ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਵੀ ਕਈ ਮਾਮਲੇ ਉਠਾਏ ਪਰ ਉਨ੍ਹਾਂ ਦਾ ਸਦਨ ਨੇ ਕੋਈ ਗੰਭੀਰ ਨੋਟਿਸ ਨਾ ਲਿਆ। ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਇਕ ਹਲਕੇ ਤੋਂ ਭਾਜਪਾ ਟਿਕਟ 'ਤੇ ਜਿੱਤੀ ਡਾ. ਨਵਜੋਤ ਕੌਰ ਸਿੱਧੂ ਨੇ ਅਜੇ ਤੱਕ ਵੀ ਵਿਧਾਇਕ ਵਜੋਂ ਸਹੁੰ ਨਹੀਂ ਚੁੱਕੀ। ਦੱਸਿਆ ਗਿਆ ਹੈ ਕਿ ਉਹ ਕੁਝ ਬਿਮਾਰ ਹਨ ਜਿਸ ਕਾਰਨ ਉਨ੍ਹਾਂ ਇਸ ਨਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਵਿਚ ਹਾਜ਼ਰੀ ਤੱਕ ਨਹੀਂ ਲਗਵਾਈ। ਹੁਣ ਉਨ੍ਹਾਂ ਨੂੰ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਕਿਸੇ ਦਿਨ ਵਿਧਾਇਕ ਵਜੋਂ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਕਾਨੂੰਨੀ ਪੱਖ ਤੋਂ ਡਾ. ਨਵਜੋਤ ਕੌਰ ਸਿੱਧੂ ਉਸ ਦਿਨ ਤੋਂ ਹੀ ਬਕਾਇਦਾ ਵਿਧਾਇਕ ਸਮਝੇ ਜਾਣਗੇ, ਜਦੋਂ ਉਹ ਸਹੁੰ ਚੁੱਕਣਗੇ।
ਵੈਟ ਦੀ ਦੁਗਣੀ ਰਕਮ ਨਗਰ ਕੌਂਸਲਾਂ 'ਚ ਭੇਜਣ ਦੀ ਮੰਗ
ਜਲੰਧਰ, 28 ਮਾਰਚ- ਪੰਜਾਬ ਮੁਲਾਜ਼ਮ ਮਿਉਂਸਪਲ ਐਕਸ਼ਨ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਵਾਲੀਆ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਵੇਲੇ ਰਾਜ ਭਰ ਦੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਵਿੱਤੀ ਹਾਲਤ ਕਾਫ਼ੀ ਮਾੜੀ ਹੈ ਤੇ ਇਸ ਲਈ ਉਨ੍ਹਾਂ ਨੂੰ ਵੈਟ ਦੀ ਰਕਮ ਦੁੱਗਣੀ ਭੇਜਣ ਦੀ ਮੰਗ ਕੀਤੀ ਹੈ। ਨਗਰ ਕੌਂਸਲਾਂ ਦੇ ਮੁਲਾਜ਼ਮਾਂ ਨੂੰ ਦੋ-ਦੋ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ ਤੇ ਤਿੰਨ ਸਾਲ ਤੋਂ ਮੁਲਾਜ਼ਮਾਂ ਦੀ ਜੀ. ਪੀ. ਐਫ. ਫ਼ੰਡ ਅਜੇ ਤੱਕ ਜਮਾਂ ਨਹੀਂ ਹੋਇਆ ਹੈ। ਉਲਟਾ ਜੀ. ਪੀ. ਐਫ. 'ਤੇ ਲੱਗਦਾ 8 ਫ਼ੀਸਦੀ ਵਿਆਜ ਵੀ ਖ਼ਤਮ ਹੋ ਰਿਹਾ ਹੈ। ਉਨ੍ਹਾਂ ਹੋਰ ਮੰਗ ਕਰਦੇ ਹੋਏ ਕਿਹਾ ਹੈ ਕਿ ਆਦਰਸ਼ ਚੋਣ ਜ਼ਾਬਤਾ ਲੱਗ ਜਾਣ ਕਾਰਨ ਅਹਿਮ ਮੰਗਾਂ ਰਹਿ ਗਈਆਂ ਹਨ , ਜਿਸ ਵਿਚ ਕਲਰਕਾਂ ਨੂੰ ਇੰਸਪੈਕਟਰ ਬਣਾਉਣ ਸਮੇਤ ਹੋਰ ਵੀ ਮੰਗਾਂ ਨੂੰ ਪੁਰੀਆਂ ਕਰਨਾ ਚਾਹੀਦਾ ਹੈ। ਸ. ਵਾਲੀਆ ਨੇ ਕਿਹਾ ਕਿ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਵਿੱਤੀ ਹਾਲਤ ਇਸ ਕਰਕੇ ਵੀ ਮਜ਼ਬੂਤ ਕਰਨ ਲਈ ਲੋੜ ਹੈ ਕਿਉਂਕਿ ਵਿਕਾਸ ਦੇ ਕੰਮ ਵਿੱਤੀ ਸੰਕਟ ਕਰਕੇ ਪ੍ਰਭਾਵਿਤ ਹੋ ਰਹੇ ਹਨ।
ਝੁਲਸੇ ਤਿੱਬਤੀ ਨਾਗਰਿਕ ਦੀ ਮੌਤ
ਨਵੀਂ ਦਿੱਲੀ, 28 ਮਾਰਚ -ਚੀਨ ਦੇ ਰਾਸ਼ਟਰਪਤੀ ਹੂ ਜੀਨਤਾਓ ਦੀ ਭਾਰਤ ਫੇਰੀ ਦਾ ਵਿਰੋਧ ਕਰ ਰਹੇ ਇਕ ਤਿੱਬਤੀ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਅੱਗ 'ਚ ਝੁਲਸ ਗਿਆ ਸੀ, ਦੀ ਅੱਜ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਸਵੇਰੇ ਮੌਤ ਹੋ ਗਈ ਹੈ। ਆਪਣੇ ਆਪ ਨੂੰ ਅੱਗ ਲਗਾ ਕੇ ਚੀਨ ਦੇ ਰਾਸ਼ਟਰਪਤੀ ਦਾ ਵਿਰੋਧ ਕਰ ਰਹੇ ਜੈਮਯੈਂਗ ਯੇਸ਼ੀ ਨਾਂਅ ਦੇ ਇਸ ਨੌਜਵਾਨ ਦੀ ਮੌਤ ਦੀ ਪੁਸ਼ਟੀ ਉਸ ਦੇ ਇਲਾਜ ਕਰ ਰਹੇ ਡਾ ਐਲ. ਕੇ. ਮਖੀਜਾ ਨੇ ਦਿੱਤੀ। ਚੀਨ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਜੰਤਰ-ਮੰਤਰ 'ਚ ਵਿਰੋਧ ਕਰ ਰਹੇ ਤਿੱਬਤੀਆਂ 'ਚ ਉਸ ਵੇਲੇ ਯੇਸ਼ੀ ਨਾਂਅ ਦੇ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ।
ਭਾਰਤ-ਪਾਕਿ ਵੱਲੋਂ ਵੂਲਰ ਬੈਰਜ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ
ਨਵੀਂ ਦਿੱਲੀ, 28 ਮਾਰਚ- ਭਾਰਤ ਅਤੇ ਪਾਕਿਸਤਾਨ ਦੇ ਪਾਣੀ ਸ੍ਰੋਤਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਇਥੇ ਇਕ ਮੀਚਿੰਗ ਦੌਰਾਨ ਤੁਲਬੁਲ ਨੇਵੀਗੇਸ਼ਨ/ਵੂਲਰ ਬੈਰੇਜ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਬਾਅਦ ਭਾਰਤ ਨੇ ਇਸ ਗੱਲ ਦੀ ਸਹਿਮਤੀ ਪ੍ਰਗਟਾਈ ਕਿ ਉਹ ਪਾਕਿਸਤਾਨ ਨੂੰ ਇਸ ਬਾਰੇ ਵਾਧੂ ਤਕਨੀਕਾਂ ਮੁਹੱਈਆ ਕਰਵਾਏਗਾ। ਵਿਦੇਸ਼ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਇਸ ਮੁੱਦੇ ਨਾਲ ਸਬੰਧਤ ਸਾਰੇ ਤੱਥਾਂ ਦੀ ਸਮੀਖਿਆ ਕਰੇਗਾ। ਇਸ ਗੱਲਬਾਤ ਦੌਰਾਨ ਭਾਰਤੀ ਟੀਮ ਦੀ ਅਗਵਾਈ ਪਾਣਾ ਸ੍ਰੋਤਾਂ ਦੇ ਮੰਤਰਾਲੇ ਦੇ ਸਕੱਤਰ ਧਰੁਵ ਵਿਜੈ ਸਿੰਘ ਨੇ ਕੀਤੀ ਜਦੋਂ ਕਿ ਪਾਕਿਸਤਾਨੀ ਦਲ ਦੀ ਅਗਵਾਈ ਪਾਣੀ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਇਮਤਿਆਜ਼ ਕਾਜ਼ੀ ਨੇ ਕੀਤੀ। ਦੱਸਿਆ ਜਾਂਦਾ ਹੈ ਕਿ ਗੱਲਬਾਤ ਬਹੁਤ ਹੀ ਦੋਸਤਾਨਾ ਮਾਹੌਲ 'ਚ ਹੋਈ।
ਅਮਰੀਕਾ ਨੇ ਐਚ-1ਬੀ ਵੀਜ਼ਾ ਫੀਸ 'ਚ ਕੀਤਾ ਵਾਧਾ
ਵਾਸ਼ਿੰਗਟਨ, 28 ਮਾਰਚ - ਅਮਰੀਕਾ ਨੇ ਅਗਲੇ ਵਿੱਤੀ ਵਰ੍ਹੇ ਤੋਂ ਐਚ-1ਬੀ ਵੀਜ਼ੇ ਦੀ ਫੀਸ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਜਿਸ ਨਾਲ ਭਾਰਤ ਦੀਆਂ ਕਈ ਸੂਚਨਾ ਤਕਨੀਕ (ਆਈ. ਟੀ.) ਕੰਪਨੀਆਂ ਪ੍ਰਭਾਵਤ ਹੋਣਗੀਆਂ। ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਜ਼ (ਯੂ. ਐਸ. ਸੀ. ਆਈ. ਐਸ.) ਨੇ ਇਸ ਵੀਜ਼ੇ ਲਈ ਫੀਸ ਦੀ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ਅਨੁਸਾਰ ਵੀਜ਼ੇ ਲਈ ਅਪੀਲ ਕਰਨ ਵਾਲੇ ਨੂੰ 325 ਡਾਲਰ ਤੋਂ ਲੈ ਕੇ 2000 ਡਾਲਰ ਤਕ ਫੀਸ ਅਦਾ ਕਰਨੀ ਹੋਵੇਗੀ ਜੋ ਅਮਰੀਕਾ 'ਚ 50 ਜਾਂ ਇਸ ਤੋਂ ਜ਼ਿਆਦਾ ਕਾਮਿਆਂ ਨੂੰ ਕੰਮ 'ਤੇ ਰੱਖੇਗਾ ਅਤੇ ਜਿਨ੍ਹਾਂ 'ਚ 50 ਫੀਸਦੀ ਤੋਂ ਜ਼ਿਆਦਾ ਕਾਮੇ ਐਚ-1ਬੀ ਜਾਂ ਐਲ-1 ਵੀਜ਼ੇ 'ਤੇ ਕੰਮ ਕਰਨਗੇ। ਇਸ ਸਾਲ ਤੋਂ ਯੂ.ਐਸ.ਸੀ.ਆਈ.ਐਸ. ਨੇ ਕਿਸੇ ਕੰਪਨੀ 'ਚ ਕੰਮ ਕਰਦੇ 1 ਤੋਂ 25 ਤਕ ਕਾਮਿਆਂ ਲਈ 750 ਡਾਲਰ ਅਤੇ 26 ਜਾਂ ਇਸ ਤੋਂ ਜ਼ਿਆਦਾ ਕਾਮਿਆਂ ਲਈ 1500 ਡਾਲਰ ਫੀਸ ਰੱਖੀ ਹੈ।

Wednesday, 28 March 2012


ਸਾਲ ਵਿਚ ਕੇਵਲ ਮਈ ਮਹੀਨੇ ਹੀ ਹੋਣਗੇ
ਅਧਿਆਪਕਾਂ ਦੇ ਤਬਾਦਲੇ- ਜਥੇ: ਮਲੂਕਾ
ਚੰਡੀਗੜ੍ਹ. 27 ਮਾਰਚ ਪੰਜਾਬ ਦੇ ਭਾਸ਼ਾ ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਰਾਜ ਦੇ ਸਰਕਾਰੀ, ਪ੍ਰਾਇਮਰੀ, ਮਿਡਲ ਹਾਈ ਤੇ ਹਾਇਰ ਸਕੈਂਡਰੀ ਸਕੂਲਾਂ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਅਧਿਆਪਕਾਂ ਦੀਆਂ ਤਬਦੀਲੀਆਂ ਕਰਨ ਬਾਰੇ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ, ਜਿਸ ਦੇ ਅਨੁਸਾਰ ਸਾਰੇ ਸਾਲ ਵਿਚ ਕੇਵਲ ਮਈ ਮਹੀਨੇ ਇੱਕ ਵਾਰ ਹੀ ਤਬਦੀਲੀ ਕੀਤੀ ਜਾਵੇਗੀ, ਅੱਗੇ ਪਿੱਛੇ ਨਹੀਂ। ਸਬੰਧਿਤ ਅਧਿਆਪਕ ਖਾਲੀ ਪਈਆਂ ਆਸਾਮੀਆਂ ਤੇ ਆਪਣੇ ਮਨਪਸੰਦ ਦੇ ਤਿੰਨ ਸਟੇਸ਼ਨ ਲਿਖ ਕੇ ਦੇ ਸਕਦਾ ਹੈ, ਜਿਸ ਵਿਚੋਂ ਕਿਸੇ ਇੱਕ ਸਟੇਸ਼ਨ 'ਤੇ ਉਸ ਦਾ ਤਬਾਦਲਾ ਕਰ ਦਿੱਤਾ ਜਾਵੇਗਾ। ਫਿਰ ਤਿੰਨ ਸਾਲ ਤੱਕ ਉਸ ਦੀ ਤਬਦੀਲੀ ਬਿਲਕੁਲ ਨਹੀਂ ਕੀਤੀ ਜਾਵੇਗੀ।
ਇੱਕ ਸਵਾਲ ਦੇ ਉੱਤਰ ਵਿਚ ਸ. ਮਲੂਕਾ ਨੇ ਕਿਹਾ ਕਿ ਮੇਰੀ ਰਾਏ
ਹੈ ਕਿ ਸਾਰੇ ਸਰਕਾਰੀ ਸਕੂਲਾਂ ਦਾ ਇੱਕ ਹੀ ਡਾਇਰੈਕਟੋਰੇਟ ਬਣਾ ਦਿੱਤਾ ਜਾਵੇ, ਦੂਜੇ ਸ਼ਬਦਾਂ ਵਿਚ 2 ਦੀ ਥਾਂ ਸਾਰੇ ਸਰਕਾਰੀ ਸਕੂਲਾਂ ਦਾ ਕੰਟਰੋਲ ਕੇਵਲ ਇੱਕ ਡਾਇਰੈਕਟਰ ਦੇ ਅਧੀਨ ਹੀ ਕਰ ਦਿੱਤਾ ਜਾਵੇ, ਪਰ ਇਸ ਬਾਰੇ ਅੰਤਿਮ ਫ਼ੈਸਲਾ ਸੋਚ ਸਮਝ ਕੇ ਕੀਤਾ ਜਾਵੇਗਾ।''
ਵਰਨਣਯੋਗ ਹੈ ਕਿ ਕੁੱਝ ਸਕੂਲਾਂ ਦਾ ਪ੍ਰਬੰਧ ਪੰਚਾਇਤੀ ਰਾਜ ਸੰਸਥਾਵਾਂ ਕੋਲ ਹੈ ਤੇ ਕੁੱਝ ਇੱਕ ਦੀ ਨਿਗਰਾਨੀ ਸਿੱਖਿਆ ਵਿਭਾਗ ਕਰਦਾ ਹੈ। ਇਕ ਹੋਰ ਸਵਾਲ ਦੇ ਉੱਤਰ ਵਿਚ ਸ. ਮਲੂਕਾ ਨੇ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਦੇ ਦੌਰ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਭਾਸ਼ਾਵਾਂ ਦੇ ਲੇਖਕਾਂ, ਸਾਹਿਤਕਾਰਾਂ ਤੇ ਦੋ ਸ਼੍ਰੋਮਣੀ ਪੰਜਾਬੀ ਪੱਤਰਕਾਰਾਂ ਨੂੰ 2 ਸਾਲਾਂ ਲਈ ਪੁਰਸਕਾਰ ਦੇਣ ਬਾਰੇ ਚੁਣਿਆ ਸੀ, ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਛੇਤੀ ਹੀ ਸਮਾਗਮ ਦੀ ਤਾਰੀਖ ਨਿਸਚਤ ਕੀਤੀ ਜਾਵੇਗੀ। ਸੰਭਵ ਹੈ ਕਿ ਇਹ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਦਿਵਾਏ ਜਾਣ।
ਬੜੂੰਦੀ 'ਚ ਵਿਸ਼ਾਲ ਨਗਰ ਕੀਰਤਨ 'ਤੇ ਰੈਣ ਸੁਬਾਈ ਕੀਰਤਨ ਦਰਬਾਰ

 ਨਾਨਕਸਰ ਠਾਠ ਬੜੂੰਦੀ ਵਿਖੇ ਬਾਬਾ ਈਸ਼ਰ ਸਿੰਘ ਤੇ ਬਾਬਾ ਜਗੀਰ ਸਿੰਘ ਦੇ ਜਨਮ ਦਿਨ ਸਬੰਧੀ ਸਜਾਏ ਨਗਰ ਕੀਰਤਨ ਦੌਰਾਨ ਬਾਬਾ ਧੰਨਾ ਸਿੰਘ ਚੌਰ ਸਾਹਿਬ ਦੀ ਸੇਵਾ ਕਰਦੇ ਹੋਏ, ਨਾਲ ਦੀ ਤਸਵੀਰ 'ਚ ਭੋਰਾ ਸਾਹਿਬ ਤੋਂ ਬਾਬਾ ਈਸ਼ਰ ਸਿੰਘ ਦੀ ਤਸਵੀਰ ਨਾਲ ਪੰਡਾਲ 'ਚ ਆ ਰਹੇ ਪਾਠੀ ਸਿੰਘ ਅਤੇ ਬਾਬਾ ਹਰਭਜਨ ਸਿੰਘ।
ਜਗਰਾਉਂ/ਲੋਹਟਬੱਦੀ. 27 ਮਾਰਚ  ਨਾਨਕਸਰ ਸੰਪਰਦਾਇ ਦੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਦੇ ਨਾਨਕੇ ਨਗਰ ਬੜੂੰਦੀ (ਲੁਧਿਆਣਾ) ਸਥਿਤ ਸੱਚਖੰਡ ਵਾਸੀ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਪੱਤੀ ਮਾਨ ਵਿਖੇ ਮੌਜੂਦਾ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਈਸ਼ਰ ਸਿੰਘ ਅਤੇ ਬਾਬਾ ਜਗੀਰ ਸਿੰਘ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੇ 26 ਦਿਨਾਂ ਤੁੱਕ-ਤੁੱਕ ਵਾਲੇ 17 ਸ੍ਰੀ ਸੰਪਟ ਅਖੰਡ ਪਾਠ ਅਤੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਸਮਾਪਤੀ ਹੋਈ। ਇਸ ਤੋਂ ਪਹਿਲਾਂ ਪੂਰੇ ਨਗਰ ਦੀ ਪ੍ਰਕਿਰਮਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ 'ਚ ਦੇਸ਼ਾਂ, ਵਿਦੇਸ਼ਾਂ ਤੋਂ ਪੁੱਜੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਸੰਗਤਾਂ ਦਾ ਮਹਾਂਪੁਰਸ਼ਾਂ ਪ੍ਰਤੀ ਪ੍ਰੇਮ ਉਜਾਗਰ ਕੀਤਾ। ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ 'ਤੇ ਅੰਤਰਰਾਸ਼ਟਰੀ ਢਾਡੀ ਚਰਨ ਸਿੰਘ ਆਲਮਗੀਰ, ਢਾਡੀ ਗੁਰਨਾਮ ਸਿੰਘ, ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ, ਢਾਡੀ ਕਮਲ ਸਿੰਘ ਬੱਦੋਵਾਲ, ਢਾਡੀ ਬਰਖੁਰਦਾਰ ਗੌਸਲਾਂ ਵਾਲੇ, ਢਾਡੀ ਸਤਨਾਮ ਸਿੰਘ ਚਮਿੰਡਾ, ਗਿਆਨੀ ਕੁੰਢਾ ਸਿੰਘ ਮਹੋਲੀ, ਢਾਡੀ ਸਾਧੂ ਸਿੰਘ ਰਾਜਸਥਾਨੀ ਤੋਂ ਇਲਾਵਾ ਕਵੀਸ਼ਰੀ ਜਥਿਆਂ 'ਚ ਗੁਰਨਾਮ ਸਿੰਘ ਬਰਾੜ, ਪੰਡਤ ਸੋਮਨਾਥ ਸਿੰਘ ਰੋਡਿਆਂ ਵਾਲੇ, ਪੰਜਾਬ ਸਿੰਘ ਪੰਜਾਬ, ਰੂਪ ਸਿੰਘ ਅਲਬੇਲਾ ਆਦਿ ਨੇ ਬਾਬਾ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਨਗਰ ਕੀਰਤਨ ਉਪਰੰਤ ਰੈਣ ਸੁਬਾਈ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਬਾਬਾ ਧੰਨਾ ਸਿੰਘ ਬੜੂੰਦੀ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸੰਤ ਮਹਾਂਪੁਰਸ਼ ਜਦੋਂ ਵੀ ਸੰਸਾਰ 'ਤੇ ਆਉਂਦੇ ਹਨ ਤਾਂ ਉਹ ਇਸ ਭੂਮੀ ਨੂੰ ਨਾਮ ਦੀ ਕਮਾਈ ਨਾਲ ਸਿੰਜਦੇ ਹਨ, ਨਾਮ ਰੂਪੀ ਫ਼ਸਲ ਰਹਿੰਦੀ ਦੁਨੀਆਂ ਤੱਕ ਆਪਣਾ ਫ਼ਲ ਦਿੰਦੀ ਹੋਈ ਲੋਕਾਈਂ ਨੂੰ ਪ੍ਰਮਾਤਮਾ ਨਾਲ ਜੋੜਦੀ ਹੈ।
ਇਸ ਮੌਕੇ ਕੀਰਤਨੀ ਜਥਿਆਂ 'ਚ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਇੰਦਰਪਾਲ ਸਿੰਘ, ਭਾਈ ਗੁਰਇਕਬਾਲ ਸਿੰਘ ਲੱਖਾ ਨੇ ਰਸਭਿੰਨੇ ਕੀਰਤਨ ਦੁਆਰਾ ਹਾਜ਼ਰੀ ਲੁਆਈ। ਇਸ ਮੌਕੇ ਮਹਾਂਪੁਰਸ਼ਾਂ 'ਚ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਸੇਵਾ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਕਲਾਂ, ਭਾਈ ਤਜਿੰਦਰ ਸਿੰਘ ਜਿੰਦੂ, ਸੰਤ ਰਵਿੰਦਰ ਸਿੰਘ ਜੌਨੀ, ਸੰਤ ਅਵਤਾਰ ਸਿੰਘ ਧੂਲਕੋਟ, ਸੰਤ ਬੇਅੰਤ ਸਿੰਘ ਬੇਰ ਕਲਾਂ, ਸੰਤ ਪਿਆਰਾ ਸਿੰਘ ਸਿਰਥਲਾ, ਸੰਤ ਬਲਵੰਤ ਸਿੰਘ ਸੁਖਮਨੀ ਨਾਨਕਸਰ, ਮਹੰਤ ਪ੍ਰਤਾਪ ਸਿੰਘ ਦੇ ਸੇਵਾਦਾਰ ਬਾਬਾ ਹਰਬੰਸ ਸਿੰਘ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਝੋਰੜਾਂ ਤੋਂ ਬਾਬਾ ਜੀ ਦੇ ਭਤੀਜੇ ਬਾਬਾ ਹਰਚੰਦ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਹਰਪਾਲ ਸਿੰਘ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਸੰਤ ਰਣਜੀਤ ਸਿੰਘ ਫਲੌਂਡ ਵਿਸ਼ੇਸ਼ ਤੌਰ 'ਤੇ ਪਹੁੰਚੇ। ਠਾਠ ਦੇ ਪ੍ਰਮੁੱਖ ਸੇਵਾਦਾਰਾਂ 'ਚ ਭਾਈ ਗੁਰਮੇਲ ਸਿੰਘ ਨੀਲੂ, ਭਾਈ ਈਸ਼ਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਸਵੀਰ ਸਿੰਘ ਲੱਡੂ, ਬਾਈ ਰਵੀ ਸਿੰਘ, ਭਾਈ ਨਵਜੋਤ ਸਿੰਘ ਗੋਲੂ ਨੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗ ਦਿੱਤਾ। ਇਸੇ ਦੌਰਾਨ ਹੀ ਰੂਹਾਨੀਅਤ ਕਿਰਨ ਆਰਟਸ ਵੱਲੋਂ ਪ੍ਰੋ: ਨਿਰਮਲ ਜੌੜਾ ਦਾ ਲਿਖਿਆ ਨਾਟਕ ਮਾਤਾ ਗੁਜਰ ਕੌਰ (ਸਾਕਾ ਸਰਹੰਦ) ਦਾ ਸਫ਼ਲ ਮੰਚਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਾਏ ਸਿੰਘ ਲੱਖਾ ਨੇ ਨਿਭਾਈ।
ਉੱਤਰ ਪੱਤਰੀ ਸਾੜਨ ਵਾਲੇ ਵਿਦਿਆਰਥੀ 'ਤੇ ਪਰਚਾ ਦਰਜ

 ਉੱਤਰ ਪੱਤਰੀ ਸਾੜਨ ਵਾਲਾ ਵਿਦਿਆਰਥੀ ਜਤਿੰਦਰ ਸਿੰਘ
ਪੁਲਿਸ ਕਰਮਚਾਰੀ ਨਾਲ।
ਮੋਗਾ.- 27 ਮਾਰਚ ૿ ਕੱਲ੍ਹ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਜਿਸ ਨੇ ਹਿਸਾਬ ਦਾ ਪੇਪਰ ਮਾੜਾ ਹੋਣ 'ਤੇ ਉੱਤਰ ਪੱਤਰੀ ਪਾੜ ਕੇ ਸਾੜ ਦਿੱਤੀ ਸੀ, ਵਿਰੁੱਧ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।
ਉਕਤ ਵਿਦਿਆਰਥੀ ਜਤਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨੰਗਲ (ਮਖੂ) ਜੋ ਕਿ ਸੀਤਾ ਰਾਮ ਮੈਮੋਰੀਅਲ ਆਰਕਲੈਂਡ ਗਾਰਮੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਨੀ ਸੱਜਣਾਂ ਦੇ ਖਰਚੇ 'ਤੇ ਪੜ੍ਹਾਈ ਕਰ ਰਿਹਾ ਸੀ। ਉਹ ਦਸਵੀਂ ਦਾ ਇਮਤਿਹਾਨ ਫਤਹਿਗੜ੍ਹ ਪੰਜਤੂਰ ਦੇ ਪ੍ਰੀਖਿਆ ਕੇਂਦਰ ਵਿਚ ਦਿੰਦਾ ਸੀ ਜਿਥੇ ਕੱਲ੍ਹ ਇਸ ਨੇ ਹਿਸਾਬ ਦਾ ਪੇਪਰ ਮਾੜਾ ਹੋਣ 'ਤੇ ਉੱਤਰ ਪੱਤਰੀ ਲੈ ਕੇ ਬਾਹਰ ਦੌੜ ਗਿਆ ਅਤੇ ਬਾਹਰ ਲਿਜਾ ਕੇ ਉੱਤਰੀ ਪੱਤਰੀ ਪਾੜ ਕੇ ਸਾੜ ਦਿੱਤੀ।
ਪ੍ਰੀਖਿਆ ਕੇਂਦਰ ਵਿਚ ਡਿਊਟੀ ਕਰ ਰਹੇ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਵਿਦਿਆਰਥੀ ਨੂੰ ਕਾਬੂ ਕਰ ਕੇ ਦਫਾ 406, 201 ਤਹਿਤ ਪਰਚਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ 16 ਦਿਨਾਂ ਲਈ ਫਰੀਦਕੋਟ ਦੀ ਬਾਲ ਜੇਲ੍ਹ ਵਿਚ ਭੇਜ ਦਿੱਤਾ ਹੈ।

'ਵਰਸਿਟੀ ਨੇ ਐੱਮ.ਏ. ਅਤੇ ਐੱਮ.ਐੱਸ.ਸੀ. ਦੇ ਨਤੀਜੇ ਐਲਾਨੇ
ਅੰਮ੍ਰਿਤਸਰ, 27 ਮਾਰਚ-ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2011 ਵਿਚ ਲਈਆਂ ਗਈਆਂ ਐੱਮ. ਏ. ਅਤੇ ਐੱਮ. ਐੱਸ. ਸੀ. ਸਮੈਸਟਰ ਪਹਿਲਾ ਅਤੇ ਤੀਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੋਫੈਸਰ ਮੁਖੀ (ਪ੍ਰੀਖਿਆਵਾਂ) ਪ੍ਰੋ. ਆਰ.ਕੇ. ਮਹਾਜਨ ਨੇ ਦੱਸਿਆ ਕਿ ਐੱਮ.ਏ.- ਹਿਸਟਰੀ, ਪੰਜਾਬੀ, ਰਾਜਨੀਤੀ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਸੰਸਕ੍ਰਿਤ, ਧਰਮ ਅਧਿਐਨ, ਸੰਗੀਤ ਇੰਸਟਰੂਮੈਂਟਲ, ਫਰੈਂਚ, ਫਰਮਾਰਮਿੰਗ ਆਰਟ, ਡਾਂਸ, ਫਾਈਨ ਆਰਟਸ, ਜਿਓਗ੍ਰਫੀ, ਹਿਸਟਰੀ ਆਫ ਆਰਟ ਦੇ ਸਮੈਸਟਰ ਪਹਿਲਾ ਦੇ ਨਤੀਜਿਆਂ ਤੋਂ ਇਲਾਵਾ ਐੱਮ.ਐੱਸ.ਸੀ.-ਗਣਿਤ, ਇੰਟਰਨੈੱਟ ਸਟੱਡੀਜ਼, ਇਨਟੀਰੀਅਰ ਡਿਜ਼ਾਇਨ, ਕੰਪਿਊਟਰ ਸਾਇੰਸ, ਬਾਇਓਟੈਕਨਾਲੋਜੀ, ਬੌਟਨੀ, ਬਾਇਓਇਨਫਰਮੈਟਿਕਸ, ਫਿਜ਼ਿਕਸ, ਜ਼ਿਓਲੋਜੀ ਦੇ ਸਮੈਸਟਰ ਪਹਿਲਾ ਅਤੇ ਐੱਮ. ਐੱਸ. ਸੀ. ਬਾਇਓ ਟੈਕਨਾਲੋਜੀ, ਬਾਇਓ ਇਨਫਰਮੈਟਿਕਸ, ਫਿਜ਼ਿਕਸ, ਜ਼ਿਓਲੋਜੀ ਅਤੇ ਕੰਪਿਊਟਰ ਸਾਇੰਸ ਦੇ ਤੀਜੇ ਸਮੈਟਸਟਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜੋ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਉਪਲਬਧ ਹਨ।

1133 ਅਧਿਆਪਕ ਕਰ ਰਹੇ ਨੇ ਅਹੁਦਾ ਸੰਭਾਲਣ ਦੀ ਉਡੀਕ
ਰੂਪਨਗਰ. 27 ਮਾਰਚ  ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਿਤ ਪੰਜਾਬ ਦੇ 1133 ਅਧਿਆਪਕ/ਅਧਿਆਪਕਾਵਾਂ ਆਪਣੀ ਡਿਊਟੀ 'ਤੇ ਹਾਜ਼ਰ ਹੋਣ ਲਈ ਪੰਜਾਬ ਸਰਕਾਰ ਦੇ ਆਦੇਸ਼ ਵੀ ਉਡੀਕ ਵਿਚ ਹਨ। ਵੱਖ-ਵੱਖ ਸਮੇਂ ਅਦਾਲਤਾਂ ਵਿਚ ਪੈਂਦੀਆਂ ਰਿਟ ਪਟੀਸ਼ਨਾਂ ਕਾਰਨ ਇਹ ਅਸਾਮੀਆਂ ਬੀਤੇ ਸਵਾ ਚਾਰ ਸਾਲ ਤੋਂ ਲਟਕ ਰਹੀਆਂ ਹਨ।
ਇਨ੍ਹਾਂ ਅਧਿਆਪਕਾਂ ਵਿਚੋਂ ਨਵਤੇਜ ਸਿੰਘ, ਪ੍ਰਕਾਸ਼ ਚੰਦ, ਸੀਮਾ ਰਾਣੀ, ਸਿਮਰਨਜੀਤ ਕੌਰ, ਸਤਨਾਮ ਸਿੰਘ, ਕਮਲ ਕਿਸ਼ੋਰ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਸਕੂਲਾਂ ਵਿਚ ਭੇਜਿਆ ਜਾਵੇ। ਵਰਨਣਯੋਗ ਹੈ ਜ਼ਿਲ੍ਹਾ ਰੂਪਨਗਰ ਵਿਚ 10, ਅੰਮ੍ਰਿਤਸਰ ਵਿਚ 187, ਬਠਿੰਡਾ ਵਿਚ 61, ਬਰਨਾਲਾ ਵਿਚ 20, ਫਤਿਹਗੜ੍ਹ ਸਾਹਿਬ ਵਿਚ 14, ਫਰੀਦਕੋਟ ਵਿਚ 15, ਫਿਰੋਜ਼ਪੁਰ ਵਿਚ 54, ਗੁਰਦਾਸਪੁਰ ਵਿਚ 147, ਹੁਸ਼ਿਆਰਪੁਰ ਵਿਚ 31, ਜਲੰਧਰ ਵਿਚ 101, ਕਪੂਰਥਲਾ ਵਿਚ 65, ਲੁਧਿਆਣਾ ਵਿਚ 193, ਮਾਨਸਾ ਵਿਚ 25, ਮੋਗਾ ਵਿਚ 73, ਮੁਕਤਸਰ ਵਿਚ 67, ਮੁਹਾਲੀ ਵਿਚ 73, ਸ਼ਹੀਦ ਭਗਤ ਸਿੰਘ ਨਗਰ ਵਿਚ 16, ਪਟਿਆਲਾ ਵਿਚ 67, ਸੰਗਰੂਰ ਵਿਚ 76 ਅਤੇ ਤਰਨਤਾਰਨ ਵਿਚ 112 ਅਸਾਮੀਆਂ 'ਤੇ ਟੀਚਿੰਗ ਫੈਲੋਜ਼ ਦੀ ਬਕਾਇਦਾ ਜਾਬਤਾ-ਬੱਧ ਚੋਣ ਹੋ ਚੁੱਕੀ ਹੈ।
ਭਤੀਜੇ ਵੱਲੋਂ ਚਾਚੇ ਦੀ ਹੱਤਿਆ

 ਹੱਤਿਆ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਹਰਵਿੰਦਰ
ਸਿੰਘ ਵਿਰਕ।
ਤਪਾ ਮੰਡੀ/ਰੂੜੇਕੇ ਕਲਾਂ 27 ਮਾਰਚ  ਨੇੜਲੇ ਪਿੰਡ ਧੌਲਾ ਵਿਖੇ ਇਕ ਵਿਅਕਤੀ ਨੂੰ ਉਸ ਦੇ ਭਤੀਜੇ ਨੇ ਇੱਟ ਮਾਰ ਕੇ ਮਾਰ ਦਿੱਤਾ ਹੈ। ਇਸ ਸਬੰਧੀ ਸਬ-ਡਵੀਜ਼ਨ ਦੇ ਡੀ. ਐੱਸ. ਪੀ ਸ: ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧੌਲਾ ਦਾ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਜੋ ਕਿੱਤੇ ਵੱਜੋਂ ਮਿਸਤਰੀ ਹੈ, ਉਸ ਨੇ ਅਪਣਾ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤੇ ਉਸ ਦਾ ਭਤੀਜਾ ਗਗਨਦੀਪ ਸਿੰਘ ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਕਈ ਦਿਨਾਂ ਤੋਂ ਉਸ ਕੋਲ ਆਇਆ ਹੋਇਆ ਸੀ। ਰਾਤ ਵੇਲੇ ਗਗਨਦੀਪ ਨੇ ਅਪਣੇ ਚਾਚੇ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਨੂੰ ਮਾਰ ਦਿੱਤਾ ਅਤੇ ਉਥੋਂ ਦੌੜ ਗਿਆ। ਪੁਲਿਸ ਨੇ ਮ੍ਰਿਤਕ ਦੇ ਬੇਟੇ ਰਣਜੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ 'ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

ਭਾਜਪਾ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੋਂ ਗੁਰੇਜ ਕਰੇ-ਖਾਲਸਾ

ਅ ਸੀਨੀਅਰ ਕਾਂਗਰਸੀ ਆਗੂ ਪ੍ਰਮਿੰਦਰਪਾਲ ਸਿੰਘ ਖਾਲਸਾ ਅਤੇ
ਸੁਰਿੰਦਰਪਾਲ ਸਿੰਘ ਗੋਲਡੀ ਗੱਲਬਾਤ ਕਰਦੇ ਹੋਏ।
ਜਲੰਧਰ. 27 ਮਾਰਚ  ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਸਵਰਗੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪਰਿਵਾਰ ਨੂੰ ਆਪਣੇ ਨਾਲ ਸਹਿਮਤ ਕਰਕੇ ਜੋ ਨੀਤੀ ਅਪਣਾਈ ਹੈ, ਉਹ ਇਕ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਸ. ਪ੍ਰਮਿੰਦਰਪਾਲ ਸਿੰਘ ਖਾਲਸਾ ਅਤੇ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਅਕਾਲੀ ਦਲ ਨਾਲੋਂ ਕਾਂਗਰਸ ਦਾ ਪੱਖ ਵਧੇਰੇ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵਲੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਬਿਆਨ ਜਾਰੀ ਕੀਤੇ ਜਾ ਰਹੇ ਹਨ। ਸ. ਖਾਲਸਾ ਨੇ ਕਿਹਾ ਕਿ ਇਕ ਪਾਸੇ ਸਵਰਗੀ ਬੇਅੰਤ ਸਿੰਘ ਦਾ ਪਰਿਵਾਰ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਫਾਂਸੀ ਰੱਦ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਅਜਿਹੇ ਸਮੇਂ ਭਾਜਪਾ ਵਲੋਂ ਇਹ ਸਟੈਂਡ ਲੈਣਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ, ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹੈ।
3 ਅਪ੍ਰੈਲ ਨੂੰ ਰੇਲ ਚੱਕਾ ਜਾਮ ਕੀਤਾ ਜਾਵੇਗਾ-ਗਰੇਵਾਲ

 ਸੁਖਮਿੰਦਰਪਾਲ ਸਿੰਘ ਗਰੇਵਾਲ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ।
ਅਜੀਤਗੜ੍ਹ. 27 ਮਾਰਚ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ 'ਤੇ 500 ਰੁਪਏ ਪ੍ਰਤੀ ਕਵਿੰਟਲ ਬੋਨਸ ਅਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ 3 ਅਪ੍ਰੈਲ ਨੂੰ ਸਮੁੱਚੇ ਪੰਜਾਬ 'ਚ ਰੇਲ ਗੱਡੀਆਂ ਰੋਕ ਕੇ ਅੰਦੋਲਨ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾਵੇਗਾ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਦੇਸ਼ ਦੇ ਅੱਠ ਖੇਤੀ ਪ੍ਰਧਾਨ ਸੂਬਿਆਂ ਵਿੱਚ ਕਿਸਾਨ ਰੇਲ ਪਟੜੀਆਂ 'ਤੇ ਬੈਠ ਕੇ ਗੱਡੀਆਂ ਰੋਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਹਨੇਵਾਲ, ਸੰਗਰੂਰ ਅਤੇ ਬਠਿੰਡਾ ਵਿੱਚ ਗੱਡੀਆਂ ਰੋਕੀਆਂ ਜਾਣਗੀਆਂ ਅਤੇ ਯੂ. ਪੀ. ਏ. ਸਰਕਾਰ ਨੂੰ ਜਗਾਉਣ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਖੇ 3 ਅਪ੍ਰੈਲ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਤੋਂ 50 ਕਾਰਤੂਸ ਬਰਾਮਦ
ਰਾਜਾਸਾਂਸੀ. ਹੇਰ/ 27 ਮਾਰਚ ਅਮਰੀਕਨ ਕਸਟਮ ਅਧਿਕਾਰੀਆਂ ਕੋਲੋਂ ਲਿਖ਼ਤੀ ਆਗਿਆ ਪ੍ਰਾਪਤ ਇਕ ਪ੍ਰਵਾਸੀ ਭਾਰਤੀ ਕੋਲੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ 50 ਰੌਂਦ (9 ਐੱਮ. ਐੱਮ.) ਬਰਾਮਦ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 4:40 ਵਜੇ ਇੱਥੇ ਪੁੱਜੀ ਕਤਰ ਏਅਰਵੇਜ਼ ਉਡਾਣ ਨੰਬਰ 298 ਰਾਹੀਂ ਪੁੱਜੇ ਪ੍ਰਵਾਸੀ ਭਾਰਤੀ ਸਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਾਕੋਵਾਲ ਥਾਣਾ ਰਮਦਾਸ, ਤਹਿ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਸਾਮਾਨ 'ਚ (ਐਕਸਰੇ ਸਕੈਨਿੰਗ) ਰਾਹੀਂ ਜਾਂਚ-ਪੜਤਾਲ ਕਰਨ 'ਤੇ 50-9 ਐੱਮ. ਐੱਮ. ਦੇ ਰੌਂਦ ਬਰਾਮਦ ਕੀਤੇ ਗਏ। ਕਸਟਮ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਉਕਤ ਪ੍ਰਵਾਸੀ ਭਾਰਤੀ ਵਿਅਕਤੀ ਨੇ ਦੱਸਿਆ ਕਿ ਅਮਰੀਕਾ 'ਚ ਉਸ ਕੋਲੋਂ 9 ਐੱਮ.ਐੱਮ. ਦਾ ਲਾਇਸੈਂਸੀ ਪਿਸਤੌਲ ਹੈ, ਜਿਸ ਦੇ ਇਹ ਰੌਂਦ ਅਮਰੀਕੀ ਕਸਟਮ ਅਧਿਕਾਰੀਆਂ ਦੇ ਧਿਆਨ ਹਿੱਤ ਹਨ ਤੇ ਲਿਖ਼ਤੀ ਰੂਪ ਰਸੀਦ ਵੀ ਪ੍ਰਾਪਤ ਹੈ।
ਪਤਾ ਲੱਗਾ ਹੈ ਕਿ ਕਸਟਮ ਅਧਿਕਾਰੀਆਂ ਵੱਲੋਂ ਅਮਰੀਕਾ ਦੇ ਕਸਟਮ ਅਧਿਕਾੀਆਂ ਨਾਲ ਰਾਬਤਾ ਕਾਇਮ ਕਰਕੇ ਉਕਤ ਵਿਕਅਤੀ 50 ਰੌਂਦ ਜਮ੍ਹਾਂ ਕਰਕੇ ਇਹ ਕਹਿ ਕੇ ਛੱਡ ਦਿੱਤਾ ਗਿਆ ਹੈ, ਜਾਂਦੇ ਸਮੇਂ 50 ਰੌਂਦ ਵਾਪਸ ਦੇ ਦਿੱਤੇ ਜਾਣਗੇ। ਇਸ ਸਬੰਧੀ ਜਦ ਅੰਮ੍ਰਿਤਸਰ ਦੇ ਕਸਟਮ ਕਮਿਸ਼ਨਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਰੌਂਦ (ਕਾਰਤੂਸ) ਆਉਣੇ ਸਵੀਕਾਰ ਹਨ, ਜੇਕਰ ਕਿਸੇ ਵਿਅਕਤੀ ਕੋਲ ਲਾਇਸੈਂਸ ਹੋਵੇ ਪਰ ਅਮਰੀਕਾ 'ਤੋਂ ਪੁੱਜੇ ਉਕਤ ਵਿਅਕਤੀ ਕੋਲ ਲਾਇਸੈਂਸ ਮੌਜੂਦ ਨਹੀਂ ਸੀ, ਇਸ ਲਈ ਕਾਰਤੂਸ ਜਮ੍ਹਾਂ ਕਰ ਲਏ ਗਏ ਹਨ ਜੋ ਵਾਪਸ ਜਾਂਦੇ ਸਮੇਂ ਦਿੱਤੇ ਜਾਣਗੇ।
ਪੁਲਿਸ ਨੇ ਅਗਵਾ ਵਿਅਕਤੀ ਨੂੰ ਧਾੜਵੀਆਂ
 ਕੋਲੋਂ ਛੁਡਵਾਇਆ-ਪਰਚਾ ਦਰਜ

 ਅਗਵਾ ਹੋਇਆ ਵਿਅਕਤੀ ਬਰਾਮਦਗੀ ਤੋਂ ਬਾਅਦ
 ਪੁਲਿਸ ਪਾਰਟੀ ਨਾਲ।
ਅਬੋਹਰ. 27 ਮਾਰਚ  ਉਪ ਮੰਡਲ ਦੇ ਪਿੰਡ ਬਿਸ਼ਨਪੁਰਾ ਵਿਚ ਸੱਤਾਧਾਰੀ ਧਿਰ ਨਾਲ ਸਬੰਿਧਤ ਕੁੱਝ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਢਾਣੀ ਵਿਚ ਦਾਖ਼ਲ ਹੋ ਕੇ ਉੱਥੇ ਮੌਜੂਦ ਵਿਅਕਤੀਆਂ ਦੀ ਕੁੱਟਮਾਰ ਕੀਤੀ ਅਤੇ ਇੱਕ ਵਿਅਕਤੀ ਨੂੰ ਜਬਰੀ ਅਗਵਾ ਕਰ ਕੇ ਅਤੇ ਉਨ੍ਹਾਂ ਦੀ ਲਾਇਸੰਸੀ ਬਾਰਾਂ ਬੋਰ ਬੰਦੂਕ ਨਾਲ ਲੈ ਗਏ। ਪੁਲਿਸ ਨੇ ਕਾਰਵਾਈ ਕਰਦਿਆਂ ਅਗਵਾ ਵਿਅਕਤੀ ਨੂੰ ਧਾੜਵੀਆਂ ਦੇ ਚੁੰਗਲ ਵਿਚੋਂ ਛੁਡਾ ਲਿਆ ਹੈ ਜਦ ਕਿ ਬਾਰਾਂ ਬੋਰ ਬੰਦੂਕ ਦੀ ਬਰਾਮਦਗੀ ਬਾਰੇ ਅਜੇ ਤਫ਼ਤੀਸ਼ ਚੱਲ ਰਹੀ ਹੈ।
ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਬਿਸ਼ਨਪੁਰਾ ਵਾਸੀ ਰਜਿੰਦਰ ਕੁਮਾਰ ਨੇ ਦੱਸਿਆ 'ਕੱਲ੍ਹ ਜਦ ਮੈਂ ਆਪਣੇ ਰਿਸ਼ਤੇਦਾਰ ਦਲੀਪ ਬਿਸ਼ਨੋਈ ਪੁੱਤਰ ਓਮ ਪ੍ਰਕਾਸ਼ ਵਾਸੀ ਬਿਸ਼ਨਪੁਰਾ ਦੀ ਢਾਣੀ ਗਿਆ ਤਾਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗੋਦਾਰਾ ਆਪਣੇ ਵੀਂਹ-ਪੱਚੀ ਸਾਥੀਆਂ ਨਾਲ ਹਥਿਆਰਾਂ-ਲਾਠੀਆਂ ਨਾਲ ਲੈਸ ਹੋ ਕੇ ਘਰ ਵਿਚ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਘਰ 'ਚ ਕੰਮ ਕਰਦੇ ਮਜ਼ਦੂਰਾਂ ਅਤੇ ਘਰ ਦੀਆਂ ਔਰਤਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਉਸ ਨੇ ਅੱਗੇ ਦੱਸਿਆ ਕਿ ਉਸ ਵੇਲੇ ਦਲੀਪ ਬਿਸ਼ਨੋਈ ਘਰ ਵਿਚ ਮੌਜੂਦ ਨਹੀਂ ਸੀ। ਮੈਂ ਘਰ ਦੀ ਛੱਤ ਉੱਪਰੋਂ ਛਾਲ ਮਾਰ ਕੇ ਭੱਜ ਕੇ ਜਾਨ ਬਚਾਈ ਜਦ ਕਿ ਧਾੜਵੀ ਮੇਰੇ ਗੰਨਮੈਨ ਕਪਿਲ ਉਰਫ਼ ਪਹਿਲਵਾਨ ਨੂੰ ਸਮੇਤ ਮੇਰੀ ਬਾਰਾਂ ਬੋਰ ਦੀ ਲਾਇਸੰਸੀ ਗੰਨ ਅਗਵਾ ਕਰ ਕੇ ਲੈ ਗਏ।' ਪੁਲਿਸ ਨੇ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਕਾਰਵਾਈ ਕਰਦਿਆਂ ਸੀਤੋ ਗੁੰਨੋ-ਮਹਿਰਾਣਾ ਲਿੰਕ ਮਾਰਗ 'ਤੇ ਸਥਿਤ ਵਿਜੈਪਾਲ ਉਰਫ਼ ਰਾਏ ਸਾਹਿਬ ਦੀ ਢਾਣੀ ਵਿਚੋਂ ਇੱਕ ਕਮਰੇ ਵਿਚ ਬੰਦ ਅਗਵਾ ਕੀਤਾ ਗੰਨਮੈਨ ਕਪਿਲ ਨੂੰ ਬਰਾਮਦ ਕਰ ਲਿਆ। ਥਾਣਾ ਬਹਾਵਵਾਲਾ ਦੇ ਮੁਖੀ ਮੱਖਣ ਸਿੰਘ ਨੇ ਦੱਸਿਆ ਕਿ ਪੂਨਮ ਬਿਸ਼ਨੋਈ ਪਤਨੀ ਦਲੀਪ ਬਿਸ਼ਨੋਈ ਦੇ ਬਿਆਨਾਂ 'ਤੇ ਵਿਜੇ ਪਾਲ ਉਰਫ਼ ਰਾਏ ਸਾਹਿਬ ਅਤੇ 19 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 451, 380, 323, 148, 149, 365, 506, 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਗਵਾ ਹੋਏ ਕਪਿਲ ਦਾ ਡਾਕਟਰੀ ਮੁਆਇਨਾ ਕਰਵਾ ਕੇ ਉਸ ਨੂੰ ਫ਼ਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਗੋਦਾਰਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਖ਼ਿਲਾਫ਼ ਅਜੇ ਕਿਸੇ ਨੇ ਬਿਆਨ ਦਰਜ ਨਹੀਂ ਕਰਵਾਏ ਅਤੇ ਅਣਪਛਾਤੇ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਬਾਰੇ ਜਾਂਚ ਚੱਲ ਰਹੀ ਹੈ।
ਵਿਦਿਆਰਥਣ ਵੱਲੋਂ ਖ਼ੁਦਕੁਸ਼ੀ
ਨਵਾਂਸ਼ਹਿਰ, 27 ਮਾਰਚ -ਇਥੋਂ ਦੇ ਇੱਕ ਚਰਚਿਤ ਕਾਲਜ ਦੀ ਵਿਦਿਆਰਥਣ ਵੱਲੋਂ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇੱਕ ਮਸ਼ਹੂਰ ਕਾਲਜ 'ਚ 20 ਸਾਲਾ ਬੀ. ਬੀ. ਏ ਦੀ ਵਿਦਿਆਰਥਣ ਨੇ ਚੜ੍ਹਦੀ ਸਵੇਰ ਨੂੰ ਹੀ ਸਲਫ਼ਾਸ ਦੀਆਂ ਕਿਸੇ ਪ੍ਰੇਸ਼ਾਨੀ ਕਾਰਨ 3 ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਹਾਲਤ ਵਿਗੜਦੀ ਗਈ ਤੇ ਉਹ ਮੁੱਖ ਸੜਕ ਦੇ ਕਿਨਾਰੇ ਜਾ ਡਿੱਗੀ। ਦਿਨ ਚੜ੍ਹਦੇ ਸਾਰ ਜਦੋਂ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਉਕਤ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਵੱਲੋਂ ਪੀ. ਜੀ. ਆਈ. ਲਈ ਰੈਫ਼ਰ ਕਰ ਦਿੱਤਾ ਗਿਆ। ਕਾਲਜ ਦੇ ਪ੍ਰਬੰਧਕਾਂ ਵੱਲੋਂ ਪੀ. ਜੀ. ਆਈ. ਦੀ ਬਜਾਇ ਉਸ ਦੀ ਹਾਲਤ ਨਾਜ਼ੁਕ ਵੇਖ ਕੇ ਉਸ ਨੂੰ ਇੱਥੋਂ ਦੇ ਹੀ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਪਰ ਦੇਰ ਸ਼ਾਮ ਲੜਕੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟ-ਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰੱਖ ਦਿੱਤਾ ਗਿਆ ਹੈ। ਥਾਣਾ ਸਿਟੀ ਦੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਹਾਲੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ।
ਨਵੀਂ ਪੰਜਾਬ ਵਿਧਾਨ ਸਭਾ ਦਾ ਖੁਸ਼ਗੁਵਾਰ ਪਹਿਲੂ
ਕਾਂਗਰਸੀਆਂ ਵੱਲੋਂ ਸਰਕਾਰੀ ਖਾਣੇ ਦਾ ਬਾਈਕਾਟ ਖ਼ਤਮ
ਚੰਡੀਗੜ੍ਹ, 27 ਮਾਰਚ -14ਵੀਂ ਪੰਜਾਬ ਵਿਧਾਨ ਸਭਾ ਦੀ ਸ਼ੁਰੂਆਤ ਦਾ ਇਕ ਖ਼ੁਸ਼ਗੁਵਾਰ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਇਸ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਸਬੰਧਤ ਵਿਧਾਇਕਾਂ ਨੇ ਸਪੀਕਰ, ਮੁੱਖ ਮੰਤਰੀ ਅਤੇ ਦੂਜੇ ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਚੱਲ ਰਹੇ ਇਜਲਾਸ ਦੇ ਦੌਰਾਨ ਦਿੱਤੇ ਜਾਣ ਵਾਲੇ ਲੰਚ ਤੇ ਡਿਨਰ ਦਾ ਬਾਈਕਾਟ ਕਰਨ ਦਾ ਸਿਲਸਿਲਾ ਖ਼ਤਮ ਕਰ ਦਿੱਤਾ, ਜੋ ਪਿਛਲੇ 5 ਸਾਲ ਤੋਂ ਚਲਾ ਆ ਰਿਹਾ ਸੀ। ਇਸ ਦਾ ਕਾਰਨ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਵਿਚਾਲੇ ਹੱਦੋਂ ਵੱਧ ਚੱਲ ਰਿਹਾ ਟਕਰਾਓ ਸੀ। ਕਈ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਦੀ ਰਾਏ ਹੈ ਕਿ ਬਾਈਕਾਟ ਦਾ ਮੁੱਖ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ-ਭਾਜਪਾ ਗਠਜੋੜ ਪ੍ਰਤੀ ਧਾਰਨ ਕੀਤੀ ਗਈ ਸਿਆਸੀ ਦੁਸ਼ਮਣੀ ਸੀ। ਨਵੀਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਪਹਿਲੇ ਇਜਲਾਸ ਦੇ ਦੌਰਾਨ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਵੱਲੋਂ ਮੰਤਰੀਆਂ, ਵਿਧਾਇਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਦੇ ਸਨਮਾਨ ਵਿਚ ਅੱਜ ਇਥੇ ਅਸੈਂਬਲੀ ਕੰਪਲੈਕਸ ਵਿਚ ਦੁਪਹਿਰ ਦਾ ਜੋ ਖਾਣਾ ਦਿੱਤਾ ਗਿਆ, ਉਸ ਵਿਚ ਅਕਾਲੀ-ਭਾਜਪਾ, ਕਾਂਗਰਸੀ ਅਤੇ ਆਜ਼ਾਦ ਵਿਧਾਇਕ ਵੀ ਸ਼ਾਮਿਲ ਹੋਏ। ਪਰ ਇਸ ਖਾਣੇ ਵਿਚ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗੈਰ-ਹਾਜ਼ਰ ਦੇਖੇ ਗਏ। ਪਰ ਉਨ੍ਹਾਂ ਦੇ ਲਗਭਗ ਸਾਰੇ ਕਾਂਗਰਸੀ ਵਿਧਾਇਕ ਜ਼ਰੂਰ ਪਹੁੰਚੇ ਹੋਏ ਸਨ। ਅੱਜ ਦੇ ਖਾਣੇ ਵਿਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਨਜ਼ਰ ਨਹੀਂ ਆਏ। ਕੁਝ ਨੌਜਵਾਨ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਕ੍ਰਿਕਟ ਦਾ ਫਰੈਂਡਲੀ ਮੈਚ ਖੇਡਣ ਬਾਰੇ ਪੁਰਾਣੀ ਰਿਵਾਇਤ ਨੂੰ ਫਿਰ ਤੋਂ ਸੁਰਜੀਤ ਕਰਨ ਲੱਗੇ ਹਨ। ਵਰਨਣਯੋਗ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਫਰੈਂਡਲੀ ਕ੍ਰਿਕਟ ਮੈਚ ਕਈ ਸਾਲ ਪਹਿਲਾਂ ਜਦੋਂ ਖੇਡਿਆ ਗਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ, ਪਰ ਉਸ ਸਮੇਂ ਦੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਾਂ-ਪੱਖੀ ਹੁੰਗਾਰਾ ਭਰਿਆ ਸੀ, ਜਿਸ ਨੂੰ ਕੈਪਟਨ ਦੇ ਕੁਝ ਇਕ ਕਾਂਗਰਸੀ ਵਿਧਾਇਕਾਂ ਨੇ ਪਸੰਦ ਨਹੀਂ ਸੀ ਕੀਤਾ।
ਪੰਜਾਬ ਕਲਚਰ ਸੁਸਾਇਟੀ ਦੀ 'ਵਿਨੀਪੈਗ ਸ਼ਾਖਾ'
 ਦਾ ਗਠਨ-ਨਵੀ ਭੰਗੂ ਪ੍ਰਧਾਨ ਬਣੇ

ਰਵਿੰਦਰ ਰੰਗੂਵਾਲ ਤੇ ਹੋਰ ਮੈਂਬਰ ਨਵੀ ਭੰਗੂ ਨੂੰ ਵਿਨੀਪੈਗ ਇਕਾਈ
ਦਾ ਪ੍ਰਧਾਨ ਨਿਯੁਕਤ ਕਰਨ ਸਮੇਂ।
ਲੁਧਿਆਣਾ, 27 ਮਾਰਚ (-ਪੰਜਾਬ ਕਲਚਰ ਸੁਸਾਇਟੀ ਵੱਲੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਭਰਪੂਰ ਯਤਨ ਕੀਤੇ ਜਾਣਗੇ ਅਤੇ ਇਸ ਮੰਤਵ ਲਈ ਵਿਦੇਸ਼ਾਂ ਵਿਚ ਸੁਸਾਇਟੀ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਇਹ ਫ਼ੈਸਲਾ ਅੱਜ ਇੱਥੇ ਸੁਸਾਇਟੀ ਦੀ ਮੀਟਿੰਗ ਵਿਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸ੍ਰੀ ਰਵਿੰਦਰ ਰੰਗੂਵਾਲ ਨੇ ਕੀਤੀ। ਸ: ਰੰਗੂਵਾਲ ਨੇ ਇਸ ਮੌਕੇ ਵਿਨੀਪੈਗ ਇਕਾਈ ਦਾ ਗਠਨ ਕਰਦਿਆਂ ਸ੍ਰੀ ਨਵੀ ਭੰਗੂ ਨੂੰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਸ: ਭੰਗੂ ਪਿਛਲੇ 15 ਸਾਲਾਂ ਤੋਂ ਜਥੇਬੰਦੀ ਨਾਲ ਜੁੜਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਵੱਲੋਂ ਕੈਨੇਡਾ ਦੀ ਧਰਤੀ 'ਤੇ ਰਹਿੰਦਿਆਂ ਵੀ ਸੱਭਿਆਚਾਰ ਦਾ ਝੰਡਾ ਬੁਲੰਦ ਰੱਖਿਆ ਗਿਆ ਹੈ। ਇਸ ਸਮੇਂ ਦੀਦਾਰਜੀਤ ਸਿੰਘ ਲੋਟੇ, ਕਮਲ ਭੰਗੂ, ਰਣਦੀਪ ਚਾਹਲ, ਜਰਨੈਲ ਸਿੰਘ ਤੂਰ, ਕੰਵਲਜੀਤ ਸਿੰਘ, ਗੁਰਸ਼ਰਨ ਸਿੰਘ ਮੱਗੂ, ਕੁਲਜੀਤ ਸਿੰਘ ਜਗਦੇਵ, ਰਜਿੰਦਰ ਮਲਹਾਰ (ਗਾਇਕ), ਗੀਤਕਾਰ ਖੁਦ ਗੁਹਾਰੀਆ, ਤੋਚੀ ਤੁਰਕੋਟੀਆ, ਰਕੇਸ਼ ਜੋਗੀ, ਵਿੰਦਰ ਕੁਮਾਰ ਰਾਜੂ ਅਤੇ ਗੁਰਕ੍ਰਿਪਾਲ ਸਿੰਘ ਵੀ ਹਾਜ਼ਰ ਸਨ।
ਕਿਸੇ ਵੀ ਡਾਇਰੈਕਟਰ ਸਿਰ ਨਾ ਸਜਿਆ ਚੇਅਰਮੈਨੀ ਦਾ ਤਾਜ
ਲੋਹਟਬੱਦੀ, 27 ਮਾਰਚ -ਭਾਵੇਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ ਹੋਈ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਗਿਆ ਹੈ, ਜਿਨ੍ਹਾਂ 'ਚ ਪੰਜਾਬ ਦੀ ਸੱਤਾ 'ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 11 ਅਤੇ ਕਾਂਗਰਸ ਦਾ ਸਿਰਫ ਇਕ ਹੀ ਡਾਇਰੈਕਟਰ ਹੈ। ਪਿੰਡਾਂ ਅੰਦਰ ਸਥਿਤ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਅਤੇ ਅਧਿਕਾਰਤ ਮੈਂਬਰ ਵੋਟਰਾਂ ਵਲੋਂ ਚੁਣੇ ਗਏ ਇੰਨ੍ਹਾਂ ਡਾਇਰੈਕਟਰਾਂ 'ਚੋਂ ਚੇਅਰਮੈਨ ਅਤੇ ਉਪ ਚੇਅਰਮੈਨ ਚੁਣਨ ਲਈ ਪਹਿਲਾਂ ਬੀਤੀ 26 ਨਵੰਬਰ 2010 ਦਾ ਸਮਾਂ ਤੈਅ ਕੀਤਾ ਸੀ ਪਰ ਇਸ ਚੋਣ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਕੇ 24 ਨਵੰਬਰ 2010 ਨੂੰ ਹੀ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਸਾਰੇ ਡਾਇਰੈਕਟਰਜ਼ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿੱਪ ਨੂੰ ਚੰਡੀਗੜ੍ਹ ਬੁਲਾ ਕੇ ਹਰ ਇਕ ਦੀ ਨਿੱਜੀ ਰਾਇ ਜਾਣੀ ਅਤੇ ਚੁਣੇ ਗਏ ਡਾਇਰੈਕਟਰਾਂ ਪਾਸੋਂ ਅਕਾਲੀ ਦਲ ਬਾਦਲ ਲਈ ਸੇਵਾ ਨਿਭਾਉਣ ਦੇ ਸਮੇਂ ਬਾਰੇ ਜਾਣਕਾਰੀ ਹਾਸਲ ਕੀਤੀ। ਫਿਰ 29 ਜੁਲਾਈ 2011 ਨੂੰ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਦੂਜੀ ਵਾਰ ਚੋਣ ਰੱਖੀ ਗਈ ਪ੍ਰੰਤੂ ਸਤੰਬਰ ਮਹੀਨੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਚੋਣ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਮੁੜ ਵਿਧਾਨ ਸਭਾ ਚੋਣਾਂ ਤੱਕ ਮੁਲਤਵੀ ਹੀ ਕਰੀ ਰੱਖਿਆ। ਹੁਣ ਨਵਾਂ ਇਤਿਹਾਸ ਸਿਰਜ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਏ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਚੋਣ ਕਰਾਉਣ ਲਈ ਫਿਰ 27 ਮਾਰਚ ਦਾ ਦਿਨ ਤੈਅ ਕਰਵਾਇਆ। ਅੱਜ ਅਕਾਲੀ ਦਲ ਨਾਲ ਸਬੰਧਿਤ ਸਾਰੇ ਹੀ ਡਾਇਰੈਕਟਰ ਵਿਭਾਗ ਵੱਲੋਂ ਜਾਰੀ ਚੋਣ ਪ੍ਰੋਗਰਾਮ 'ਚ ਸ਼ਾਮਿਲ ਵੀ ਹੋ ਰਹੇ ਸਨ ਪਰ ਹਾਈਕਮਾਨ ਦੇ ਇਸ਼ਾਰੇ 'ਤੇ ਇਹ ਚੋਣ ਨਾ ਹੋ ਸਕੀ। ਇਸ ਵੱਕਾਰੀ ਅਹੁਦੇ ਲਈ ਸ਼ੁਰੂ ਤੋਂ ਹੀ ਪਹਿਲਾਂ ਚੇਅਰਮੈਨ ਰਹੇ ਅਜਮੇਰ ਸਿੰਘ ਭਾਗਪੁਰ ਭਰਾ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ ਅਤੇ ਜਗਜੀਤ ਸਿੰਘ ਭੋਲਾ ਦਾਖਾ ਫਰਜ਼ੰਦ ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਆਹਮੋ-ਸਾਹਮਣੇ ਸਨ ਪਰ ਅੱਜ ਕੱਲ੍ਹ ਦੀਆਂ ਸੂਚਨਾਵਾਂ 'ਚ ਅਜਮੇਰ ਸਿੰਘ ਭਾਗਪੁਰ ਦੇ ਸਿਰ ਮੁੜ ਤਾਜ ਸਜਣ ਦੇ ਚਰਚੇ ਸਨ, ਜਦਕਿ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਆਪਣੇ ਡਾਇਰੈਕਟਰ ਲਈ ਕਿਸੇ ਅਹੁਦੇ ਦੀ ਤਾਕ 'ਚ ਸਨ। ਦੂਜੇ ਪਾਸੇ ਇਕਬਾਲ ਸਿੰਘ ਡਾਂਗੋਂ ਡਾਇਰੈਕਟਰ ਆਪਣੀ ਸੀਨੀਆਰਤਾ ਅਨੁਸਾਰ ਬਣਦਾ ਅਹੁਦਾ ਪ੍ਰਾਪਤ ਕਰਨ ਲਈ ਪਾਰਟੀ ਹਾਈਕਮਾਨ ਅੱਗੇ ਆਪਣੇ ਪੱਖ ਰਹੇ ਸਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਚੋਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਦੱਸਿਆ ਜਾਂਦਾ ਹੈ।
ਸੁੰਦਰ ਦਸਤਾਰ ਸਜਾਉਣ ਵਾਲੇ ਨੌਜਵਾਨ
ਸਨਮਾਨਿਤ ਹੋਣਗੇ-ਬਾਬਾ ਸਰੂਪ ਸਿੰਘ
ਗੁਰਦਾਸਪੁਰ, 27 ਮਾਰਚ -ਨੌਜਵਾਨਾਂ ਅੰਦਰ ਦਸਤਾਰਾਂ ਸਜਾਉਣ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ 'ਪ੍ਰਗਟਿਓ ਖਾਲਸਾ ਸਮਾਗਮ' ਦੌਰਾਨ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੌਰਾਨ ਅੱਵਲ ਰਹਿਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਸਵਿੰਦਰ ਸਿੰਘ ਪਾਹੜਾ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸੰਤਸਰ ਸਾਹਿਬ ਚੰਡੀਗੜ੍ਹ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਰੋਜਾ 'ਪ੍ਰਗਟਿਓ ਖਾਲਸਾ ਸਮਾਗਮ' ਦੌਰਾਨ 61 ਆਖੰਡ ਪਾਠ ਸਾਹਿਬਾਂ ਦੇ ਮਹਾਨ ਜਾਪ ਹੋਣਗੇ ਜਿਨ੍ਹਾਂ ਦੀ ਆਰੰਭਤਾ 6 ਅਪ੍ਰੈਲ ਨੂੰ ਹੋਵੇਗੀ ਅਤੇ 8 ਅਪ੍ਰੈਲ ਨੂੰ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼ਾਮ ਨੂੰ 4 ਵਜੇ ਤੋਂ 12 ਵਜੇ ਤੱਕ ਰਾਤ ਦੇ ਦੀਵਾਨ ਵੀ ਸਜਾਏ ਜਾਣਗੇ ਜਿਨ੍ਹਾਂ ਦੌਰਾਨ ਸਿੱਖ ਪੰਥ ਦੇ ਮਹਾਨ ਜਥੇਦਾਰ ਅਤੇ ਰਾਗੀ ਜੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਇਲਾਵਾ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਈ. ਟੀ. ਟੀ. ਅਧਿਆਪਕ ਮੁਅੱਤਲ
ਜਲੰਧਰ, 27 ਮਾਰਚ -ਸਰਕਾਰੀ ਐਲੀਮੈਂਟਰੀ ਸਕੂਲ ਮਾੜੀ ਸਮਰਾ ਬਲਾਕ ਭਿੱਖੀਵਿੰਡ, ਤਰਨ ਤਾਰਨ ਦੇ ਈ. ਟੀ. ਟੀ. ਅਧਿਆਪਕ ਹਰਮਨਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਆਦੇਸ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ-ਕਮ-ਸਪੈਸ਼ਲ ਸਕੱਤਰ ਪੰਜਾਬ ਸਰਕਾਰ ਸ. ਬਲਵਿੰਦਰ ਸਿੰਘ ਵਲੋਂ ਦਿੱਤੇ ਗਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਇਨ੍ਹਾਂ ਹੁਕਮਾਂ 'ਤੇ ਅਮਲ ਕਰਨ ਲਈ ਇਕ ਪੱਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭਿੱਖੀਵਿੰਡ ਨੂੰ ਲਿਖ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਹਰਮਨਬੀਰ ਸਿੰਘ ਦਾ ਸਦਰ ਮੁਕਾਮ ਦਫਤਰ ਡਵੀਜ਼ਨਲ ਡਿਪਟੀ ਕਮਿਸ਼ਨਰ ਪੰਚਾਇਤ ਜਲੰਧਰ ਵਿਖੇ ਨਿਯਤ ਕੀਤਾ ਗਿਆ ਹੈ ਅਤੇ ਗੁਜ਼ਾਰਾ ਭੱਤਾ ਇਸ ਸ਼ਰਤ 'ਤੇ ਦਿੱਤਾ ਜਾਵੇਗਾ, ਕਿ ਉਹ ਇਹ ਸਰਟੀਫਿਕੇਟ ਪੇਸ਼ ਕਰੇਗਾ ਕਿ ਇਸ ਸਮੇਂ ਦੌਰਾਨ ਉਸ ਨੇ ਕੋਈ ਨੌਕਰੀ ਜਾਂ ਕੋਈ ਹੋਰ ਕੰਮ ਨਹੀਂ ਕੀਤਾ।
ਦਿੱਲੀ ਗੁ: ਕਮੇਟੀ ਵੱਲੋਂ ਭਾਈ ਰਾਜੋਆਣਾ ਦੀ
ਸਜ਼ਾ ਮੁਆਫ਼ੀ ਲਈ ਰਾਸ਼ਟਰਪਤੀ ਨੂੰ ਪਟੀਸ਼ਨ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ, ਆਰ. ਐਸ. ਜੌੜਾ, ਸਕੱਤਰ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਕਰਤਾਰ ਸਿੰਘ ਕੋਛੜ, ਸ: ਮੋਹਨਪਾਲ ਸਿੰਘ ਤੇ ਸ: ਮਨਜੀਤ ਸਿੰਘ ਸਰਨਾ ਰਾਸ਼ਟਰਪਤੀ ਨੂੰ ਮੰਗ-ਪੱਤਰ ਦੇਣ ਮਗਰੋਂ ਰਾਸ਼ਟਰਪਤੀ ਭਵਨ 'ਚੋਂ ਬਾਹਰ ਆਉਂਦੇ ਹੋਏ।
ਨਵੀਂ ਦਿੱਲੀ, 27 ਮਾਰਚ -ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਪੰਜਾਬੀ ਸਿਵਲ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਜੌੜਾ, ਕਰਤਾਰ ਸਿੰਘ ਕੋਛੜ, ਮਨਜੀਤ ਸਿੰਘ ਸਰਨਾ ਤੇ ਮੋਹਨਪਾਲ ਸਿੰਘ 'ਤੇ ਆਧਾਰਿਤ ਇਕ ਵਫ਼ਦ ਨੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਦੇ ਨਾਂਅ ਇਕ ਪਟੀਸ਼ਨ ਰਾਸ਼ਟਰਪਤੀ ਦਫ਼ਤਰ ਵਿਚ ਸੌਂਪੀ । ਇਸ ਪਟੀਸ਼ਨ ਰਾਹੀਂ ਮੰਗ ਕੀਤੀ ਕਿ ਦੇਸ਼ ਅਤੇ ਪੰਜਾਬ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਮੁਆਫ ਕੀਤੀ ਜਾਵੇ। ਇਸ ਪਟੀਸ਼ਨ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਅੱਤਵਾਦ ਤੇ ਹਿੰਸਾ ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਹੋਵੇ, ਅਸੀਂ ਉਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਅਮਨ ਅਤੇ ਕਾਨੂੰਨ ਦੇ ਵਾਤਾਵਰਨ ਵਿਚ ਹੀ ਦੇਸ਼ ਤਰੱਕੀ ਦੀਆਂ ਪੁਲਾਘਾਂ ਪੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਜੋ 16 ਵਰ੍ਹਿਆਂ ਤੋਂ ਵੱਧ ਸਮਾਂ ਜੇਲ੍ਹ ਦੀ ਕਾਲ ਕੋਠੜੀ ਵਿਚ ਬਿਤਾ ਚੁੱਕਾ ਹੈ , ਨੂੰ ਫਾਂਸੀ ਦਿੱਤੇ ਜਾਣਾ ਮਨੁੱਖੀ ਕਦਰਾਂ ਕੀਮਤਾਂ ਦੇ ਵਿਰੁੱਧ ਹੋਵੇਗਾ। ਉਕਤ ਪਟੀਸ਼ਨ ਵਿਚ ਕਈ ਤੱਥਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਆਧਾਰ 'ਤੇ ਭਾਈ ਰਾਜੋਆਣਾ ਨੂੰ ਫਾਂਸੀ ਦੇਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੋਵੇਗਾ। ਸ: ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਦੇਸ਼ ਜਾਰੀ ਕਰਨ ਕਿ ਉਹ ਪੰਜਾਬ ਵਿਧਾਨ ਸਭਾ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੁੱਧ ਮਤਾ ਪਾਸ ਕਰਨ।