Friday, 20 January 2012


ਵੈਨਕੂਵਰ 'ਚ ਚੋਟੀ ਦੇ ਗੈਂਗਸਟਰ
ਸੰਦੀਪ ਦੂਹੜੇ ਦੀ ਹੱਤਿਆ


ਵੈਨਕੂਵਰ, 20 ਜਨਵਰੀ-ਬ੍ਰਿਟਿਸ਼ ਕੋਲੰਬੀਆ 'ਚ ਚੋਟੀ ਦਾ ਗੈਂਗਸਟਰ ਪੰਜਾਬੀ ਨੌਜਵਾਨ 38 ਸਾਲਾ ਸੰਦੀਪ ਦੂਹੜੇ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਬੀਤੀ ਰਾਤ ਵੈਨਕੂਵਰ ਡਾਊਨ ਟਾਊਨ ਦੇ ਪੰਜ ਸਿਤਾਰਾ ਹੋਟਲ ਸ਼ੈਰੇਟਨ ਵਾਲ ਸੈਂਟਰ ਦੀ ਦੂਜੀ ਮੰਜ਼ਿਲ 'ਤੇ ਰਾਤ ਦੇ ਕਰੀਬ ਪੌਣੇ ਨੌਂ ਵਜੇ ਜਦੋਂ ਸੰਦੀਪ ਦੇ ਸਾਹਮਣਿਓਂ ਮੂੰਹ 'ਤੇ ਗੋਲੀਆਂ ਮਾਰੀਆਂ ਗਈਆਂ, ਉਦੋਂ ਹੋਟਲ ਵਿਚ ਅਮਰੀਕਾ ਦੀ ਨੈਸ਼ਨਲ ਸੌਕਰ ਟੀਮ ਦੀਆਂ ਖਿਡਾਰਨਾਂ ਵੀ ਮੌਜੂਦ ਸਨ। ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਦੇ ਸੁਪਰਡੈਂਟ ਟੌਮ ਮੈਕਲੂਸੀ ਅਨੁਸਾਰ ਬੀਤੇ ਵਰ੍ਹੇ ਕਲੋਨਾ 'ਚ ਮਾਰੇ ਗਏ ਜੌਨਾਥਨ ਬੇਕਨ ਤੇ ਜ਼ਖ਼ਮੀ ਹੋਏ ਹੋਰਨਾਂ ਗੈਂਗਾਂ ਦੇ ਨੌਜਵਾਨਾਂ ਦੇ ਹਮਲੇ ਮਗਰੋਂ ਸਤੰਬਰ 2011 ਨੂੰ ਜਾਰੀ ਚਿਤਾਵਨੀ ਵਿਚ ਕਿਹਾ ਗਿਆ ਸੀ ਕਿ ਦੂਹੜੇ ਗੈਂਗ ਤੇ ਢੱਡ ਗਰੁੱਪ ਦੇ ਮੈਂਬਰਾਂ ਉੱਪਰ ਵਿਰੋਧੀ ਗਰੁੱਪ ਦੇ ਸਰਗਨੇ ਹਮਲਾ ਕਰ ਸਕਦੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ ਪੈਂਦੇ ਆਦਮਪੁਰ ਨੇੜਲੇ ਪਿੰਡ ਦੂਹੜੇ ਦੇ ਨਾਮੀ ਪੰਜਾਬੀ ਲੇਖਕ ਦੇ ਉੱਤਰੀ ਵੈਨਕੂਵਰ 'ਚ ਜਨਮੇ ਪੁੱਤਰ 38 ਸਾਲਾ ਬਲਰਾਜ ਉਰਫ ਬਾਜ, 36 ਸਾਲਾ ਸੰਦੀਪ ਤੇ 35 ਸਾਲਾ ਪਾਲ ਦੂਹੜੇ ਡਰੱਗ ਮਾਫੀਏ ਦੀ ਦੁਨੀਆ 'ਚ ਇਸ ਵੇਲੇ ਪੁਲਿਸ ਤੇ ਵਿਰੋਧੀਆਂ ਦੀ ਨਜ਼ਰ 'ਚ ਰੜਕ ਰਹੇ ਸਨ। ਅੱਜਕਲ੍ਹ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਏ ਸੰਦੀਪ ਤੇ ਉਸ ਦੇ ਭਰਾਵਾਂ ਉੱਪਰ 1997 ਵਿਚ ਦੁਸਾਂਝ, ਜੌਹਲ ਤੇ ਹੋਰਨਾਂ ਸਣੇ ਅਦਾਲਤੀ ਕਾਰਵਾਈ 'ਚ ਰੁਕਾਵਟ ਪਾਉਣ, 1998 'ਚ ਬਿੰਦੀ ਜੌਹਲ ਦੇ ਵੈਨਕੂਵਰ ਨਾਈਟ ਕਲੱਬ 'ਚ ਹੋਏ ਕਤਲ ਮਗਰੋਂ ਗੈਂਗਵਾਰ 'ਚ ਸਰਗਰਮ ਹੋਣ, ਮਈ 2005 ਵਿਚ ਸੰਦੀਪ 'ਤੇ ਸਰੀ 'ਚ ਕਨਵੀਨੀਐਂਸ ਸਟੋਰ 'ਤੇ ਹੋਏ ਹਮਲੇ 'ਚ ਵਾਲ-ਵਾਲ ਬਚਣ, ਸੰਨ 2009 ਤੋਂ ਦੂਹੜੇ ਭਰਾਵਾਂ ਦੇ ਬੀ. ਸੀ. ਤੋਂ ਬਾਹਰ ਚਲੇ ਜਾਣ, ਪਰ 2010 ਵਿਚ ਮੁੜ ਸਰੀ ਪਰਤਣ ਅਤੇ ਐਬਟਸਫੋਰਡ 'ਚ ਡਰੱਗ ਸਮਗਲਿੰਗ ਦੇ ਧੰਦੇ ਨੂੰ ਕੰਟਰੋਲ ਕਰਨ ਤੱਕ ਵਾਰ-ਵਾਰ ਮੌਤ ਨਾਲ ਲੁਕਣ-ਮੀਟੀ ਖੇਡਦਿਆਂ ਬਚਣ ਦਾ ਖੌਫਨਾਕ ਸਫਰ ਅੱਜ ਖਤਮ ਹੋ ਗਿਆ। ਸੰਦੀਪ ਦੀ ਸਕੂਲ ਸਮੇਂ ਤੋਂ ਮਿੱਤਰ ਅਤੇ ਗੈਂਗਸਟਰਾਂ ਦੇ ਜੀਵਨ 'ਤੇ ਨਾਵਲ 'ਡਾਕੂ' ਲਿਖਣ ਵਾਲੇ ਰੈਂਜ ਧਾਲੀਵਾਲ ਨੇ ਕਿਹਾ ਚੰਗਾ ਖਿਡਾਰੀ ਤੇ ਹਸਮੁੱਖ ਹੋਣ ਦੇ ਬਾਵਜੂਦ, ਗਲਤ ਰਾਹ 'ਤੇ ਚਲਣ ਕਾਰਨ ਸੰਦੀਪ ਬੁਰੀ ਮੌਤ ਮਰਿਆ। ਡੇਢ ਦਹਾਕੇ 'ਚ ਡੇਢ ਸੌ ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਡਰੱਗ ਮਾਫੀਏ ਤੇ ਹਿੰਸਾ 'ਚ ਮਾਰੇ ਜਾਣ ਕਾਰਨ, ਕੈਨੇਡੀਅਨ ਪੰਜਾਬੀ ਭਾਈਚਾਰਾ ਨਾਜ਼ਕ ਮੌੜ ਤੋਂ ਲੰਘ ਰਿਹਾ ਹੈ। ਦੂਹੜੇ ਗੈਂਗ ਦੇ ਹੋਰ ਆਗੂ ਬਲਰਾਜ ਦੂਹੜੇ ਤੇ ਪਾਲ ਦੂਹੜੇ ਦੇ ਆਪਣੇ ਕਰੀਬ ਸੌ ਦੇ ਸਾਥੀਆਂ ਸਣੇ, ਵਿਰੋਧੀ ਗੈਂਗ ਲਈ ਜਾਨਲੇਵਾ ਸਾਬਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਕਾਂਗਰਸ ਦੇ ਮੁਕਾਬਲੇ ਗਠਜੋੜ ਸਰਕਾਰ ਵੱਲੋਂ
ਕਰਵਾਏ ਵਿਕਾਸ ਕਾਰਜ ਕਈ ਗੁਣਾਂ ਵੱਧ-ਬਾਦਲ

ਬੀਬੀ ਜੋਸ਼ ਦੇ ਹੱਕ 'ਚ ਚੋਣ ਰੈਲੀ


ਹੁਸ਼ਿਆਰਪੁਰ/ਹਰਿਆਣਾ, 20 ਜਨਵਰੀ -ਮੌਜੂਦਾ ਪੰਜਾਬ ਸਰਕਾਰ ਵੱਲੋਂ ਸੂਬੇ 'ਚ 5 ਸਾਲਾਂ ਦੌਰਾਨ ਅਤੇ ਕਾਂਗਰਸ ਵੱਲੋਂ 50 ਸਾਲਾਂ 'ਚ ਕਰਵਾਏ ਵਿਕਾਸ ਕਾਰਜਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਗੱਠਜੋੜ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜ ਕਈ ਗੁਣਾਂ ਵੱਧ ਹੋਣਗੇ। ਇਹ ਵਿਚਾਰ ਅੱਜ ਹਲਕਾ ਸ਼ਾਮਚੁਰਾਸੀ ਤੋਂ ਅਕਾਲੀ-ਭਾਜਪਾ ਦੀ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੇ ਹੱਕ 'ਚ ਕਾਹਲੋਂ ਪੈਲੇਸ ਘਾਸੀਪੁਰ ਵਿਖੇ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਖੂੰਡਿਆਂ ਨਾਲ ਨਹੀਂ ਹੁੰਦੇ ਬਲਕਿ ਸਿਆਣਪ ਨਾਲ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਦੋਆਬਾ ਖੇਤਰ ਦੇ ਲੋਕ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਹਨ, ਜਿਨ੍ਹਾਂ ਸਦਕਾ ਹੀ ਪਿਛਲੇ ਸਮੇਂ ਮੈਂ ਮੁੱਖ ਮੰਤਰੀ ਬਣ ਸਕਿਆ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਮਾਣ ਹੈ ਸਾਰੇ ਦੋਆਬੇ ਤੇ ਮਾਝੇ 'ਤੇ ਅਤੇ ਹੁਣ ਵੀ ਮੈਂ ਆਸ ਕਰਦਾ ਹਾਂ ਕਿ ਤੁਹਾਡੇ ਵੱਲੋਂ ਹੋਰ ਵੀ ਮਾਣ ਮਿਲੇਗਾ। ਸ: ਬਾਦਲ ਨੇ ਕਿਹਾ ਕਿ ਸੂਬੇ ਅੰਦਰ ਸਿਰਫ਼ ਦੋ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਦੀ ਹੀ ਆਪਸੀ ਟੱਕਰ ਹੈ, ਬਾਕੀ ਪਾਰਟੀਆਂ ਤਾਂ ਆਪਣੀ ਹੋਂਦ ਬਚਾਉਣ ਲਈ ਹੀ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਦੀਆਂ ਹਨ। ਇਸ ਮੌਕੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਵੋਟਰ ਆਪਣੀ ਹਰਮਨ ਪਿਆਰੀ ਆਗੂ ਬੀਬੀ ਮਹਿੰਦਰ ਕੌਰ ਜੋਸ਼ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜੋ ਤਾਂ ਜੋ ਅੱਗੇ ਤੋਂ ਵੀ ਇਹ ਬੀਬੀ ਤੁਹਾਡੇ ਹਲਕੇ ਦੀ ਨੁਹਾਰ ਬਦਲ ਸਕੇ। ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਨੇ ਸੰਬੋਧਨ ਕਰਦਿਆਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਜਨਵਰੀ ਦੇ ਦਿਨ ਤੱਕੜੀ ਦੇ ਨਿਸ਼ਾਨ 'ਤੇ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤਾਂ ਜੋ ਉਹ ਹਲਕੇ ਦੇ ਰਹਿ ਗਏ ਵਿਕਾਸ ਕਾਰਜ ਵੀ ਪੂਰੇ ਕਰ ਸਕਣ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਵਰਿੰਦਰ ਸਿੰਘ ਬਾਜਵਾ, ਜਰਨੈਲ ਸਿੰਘ ਵਾਹਦ, ਜਸਜੀਤ ਸਿੰਘ ਥਿਆੜਾ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਮਰਜੀਤ ਸਿੰਘ ਚੌਹਾਨ, ਕਰਮਜੀਤ ਸਿੰਘ ਬੱਬਲੂ, ਸਰਬਜੋਤ ਸਿੰਘ ਸਾਬੀ, ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸ: ਅਵਤਾਰ ਸਿੰਘ ਕਪੂਰ, ਰਣਜੀਤ ਸਿੰਘ ਰਾਣਾ ਯੂਥ ਆਗੂ, ਹਰਦੇਵ ਸਿੰਘ ਕੌਂਸਲ, ਰਾਣਾ ਰਣਬੀਰ ਸਿੰਘ, ਜਥੇ: ਹਰਦੇਵ ਸਿੰਘ ਕੋਠੇ ਜੱਟਾਂ, ਬਖਸ਼ੀਸ਼ ਕੌਰ ਖੁਣ-ਖੁਣ ਗੋਬਿੰਦਪੁਰ, ਕੈਪ: ਗਿਆਨ ਸਿੰਘ, ਸ: ਦਵਿੰਦਰ ਸਿੰਘ ਸਤੌਰ, ਸੰਗਤ ਰਾਮ ਸਿੰਘ ਢੋਲਵਾਹਾ, ਮਨਜੀਤ ਸਿੰਘ ਭਾਟੀਆ, ਪਰਮਜੀਤ ਸਿੰਘ ਪੰਮੀ, ਸਤਪਾਲ ਸਿੰਘ ਭੁਲਾਣਾ, ਹਰਜਿੰਦਰ ਸਿੰਘ ਅਧਿਕਾਰੇ, ਹਰਮੇਸ਼ ਸਿੰਘ ਬਰਿਆਣਾ, ਸਰਬਜੀਤ ਸਿੰਘ, ਸ: ਤੀਰਥ ਸਿੰਘ ਸਤੌਰ, ਸ: ਰਵੇਲ ਸਿੰਘ, ਸ: ਪਰਮਜੀਤ ਸਿੰਘ, ਸ: ਇਕਬਾਲ ਸਿੰਘ, ਸ: ਜਸਵਿੰਦਰ ਸਿੰਘ ਬਾਗਪੁਰ, ਲੱਕੀ ਧੰਨੋਵਾਲ, ਹਰਦੀਪ ਸਿੰਘ ਨੌਸ਼ਹਿਰਾ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਦਰਸ਼ਨ ਸਿੰਘ ਬਿੱਟੂ, ਅਮਨਦੀਪ ਸਿੰਘ ਗਿੱਲ, ਸਤਪਾਲ ਸਿੰਘ, ਕਰਮਵੀਰ ਸਿੰਘ ਘੁੰਮਣ, ਬਿਕਰਮਜੀਤ ਕੌਰ ਗਿੱਲ, ਸ: ਜੀਵਨ ਸਿੰਘ, ਅਵਤਾਰ ਸਿੰਘ ਵਾਲੀਆ, ਜਸਪਾਲ ਭੱਟੀ, ਜਗਮੋਹਨ ਘਈ, ਵਰਿੰਦਰ ਸਿੰਘ ਗਿੱਲ, ਦਲਵੀਰ ਸਿੰਘ ਬਿੱਲੂ ਆਦਿ ਹਾਜ਼ਰ ਸਨ।
 
200 ਬੂਥਾਂ 'ਤੇ ਚੋਣ ਪ੍ਰਕਿਰਿਆ ਦਾ ਵੈਬ
ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਣ ਹੋਵੇਗਾ
ੲ ਸੂਬੇ ਭਰ 'ਚ 999 ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ
ੲ ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ 25 ਕਰੋੜ
83 ਲੱਖ ਤੋਂ ਵੱਧ ਦੀ ਰਾਸ਼ੀ ਬਰਾਮਦ

ਚੰਡੀਗੜ੍ਹ, 20 ਜਨਵਰੀ -ਪੰਜਾਬ ਵਿਧਾਨ ਸਭਾ ਚੋਣਾਂ ਆਜ਼ਾਦ ਤੇ ਨਿਰਪੱਖ ਕਰਵਾਉਣ ਦੇ ਮੰਤਵ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ 'ਚ ਪਹਿਲੀ ਵਾਰ 200 ਪੋਲਿੰਗ ਬੂਥਾਂ 'ਤੇ ਚੱਲ ਰਹੀ ਚੋਣ ਪ੍ਰਕਿਰਿਆ ਦਾ ਵੈਬ ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਬੂਥਾਂ 'ਤੇ ਵੈਬ ਕਾਸਟਿੰਗ ਰਾਹੀਂ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਿੱਧਾ ਪ੍ਰਸਾਰਣ ਹੁੰਦਾ ਰਹੇਗਾ ਤੇ ਇਸ ਲਈ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੀ ਸਹਾਇਤਾ ਲਈ ਗਈ ਹੈ। ਇਸ ਕੰਮ ਲਈ 11 ਤਕਨੀਕੀ ਕਾਲਜਾਂ ਨੂੰ ਨਾਲ ਜੋੜਿਆ ਗਿਆ ਹੈ ਤੇ 20 ਵਿਦਿਆਰਥੀ ਹਰ ਬੂਥ 'ਤੇ ਤਾਇਨਾਤ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੂੰ ਇਕ ਲੈਪਟਾਪ ਤੇ 'ਵੈਬ ਕੈਮ' ਮੁਹੱਈਆ ਕਰਵਾਇਆ ਜਾਵੇਗਾ। ਇਸ ਸਿੱਧੇ ਪ੍ਰਸਾਰਣ ਨੂੰ ਕੇਵਲ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਵੇਖ ਸਕਣਗੇ। ਉਨ੍ਹਾਂ ਕਿਹਾ ਕਿ 'ਪੇਡ ਨਿਊਜ਼' ਸਬੰਧੀ ਚੋਣ ਕਮਿਸ਼ਨ ਦੀਆਂ ਟੀਮਾਂ ਤਿੱਖੀ ਨਿਗ੍ਹਾ ਰੱਖ ਰਹੀਆਂ ਹਨ ਤੇ ਹਰ ਉਮੀਦਵਾਰ ਦੇ ਚੋਣ ਖਰਚੇ ਸਬੰਧੀ 'ਸ਼ੈਡੋ ਰਜਿਸਟਰ' ਤਿਆਰ ਕੀਤਾ ਜਾਵੇਗਾ। ਇਸ ਮੌਕੇ ਸੰਯੁਕਤ ਮੁੱਖ ਚੋਣ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ 'ਚ ਪਹਿਲੀ ਵਾਰ ਆਪਣੀ ਤਰ੍ਹਾਂ ਦਾ ਇਕ ਸਰਵੇ  ਕੀਤਾ ਗਿਆ ਹੈ, ਜਿਸ ਰਾਹੀਂ ਸੂਬੇ ਭਰ 'ਚ 999 ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਸਭ ਤੋਂ ਵੱਧ ਗੁਰਦਾਸਪੁਰ ਜ਼ਿਲ੍ਹੇ 'ਚ 457, ਅੰਮ੍ਰਿਤਸਰ 'ਚ 113, ਮੋਗਾ 'ਚ 118 ਹਨ ਜਦਕਿ ਮੁਕਤਸਰ, ਫ਼ਰੀਦਕੋਟ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਤਰਨਤਾਰਨ, ਪਠਾਨਕੋਟ ਤੇ ਕਪੂਰਥਲਾ 'ਚ ਕੋਈ ਅਜਿਹਾ ਇਲਾਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ 'ਚ ਕੇਂਦਰੀ ਨੀਮ ਸੁਰੱਖਿਆ ਬਲ/ਮਾਈਕ੍ਰੋ ਅਬਜ਼ਰਵਰ ਨਿਯੁਕਤ ਕੀਤੇ ਜਾਣਗੇ ਜਾਂ ਫਿਰ ਇਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ 'ਚ ਸੁਰੱਖਿਆ ਦਸਤਿਆਂ ਵਲੋਂ ਚੋਣਾਂ ਤੋਂ ਪਹਿਲਾਂ ਤੇ ਵੋਟਾਂ ਦੌਰਾਨ ਲਗਾਤਾਰ ਫਲੈਗ ਮਾਰਚ ਕੀਤਾ ਜਾਵੇਗਾ ਤੇ ਸ਼ਰਾਰਤੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਡੀ. ਐਸ. ਪੀ. ਮਲੋਟ ਨੂੰ ਬਦਲ ਕੇ ਡੀ. ਐਸ. ਪੀ. 9 ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ ਲਾਇਆ ਗਿਆ ਹੈ ਜਦਕਿ ਮਲੋਟ ਵਿਖੇ ਜਸਵੰਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 1940 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 980 ਦਾ ਨਿਪਟਾਰਾ ਹੋ ਚੁੱਕਾ ਹੈ। ਚੋਣ ਖਰਚਾ ਨਿਗਰਾਨ ਟੀਮਾਂ ਵਲੋਂ ਹੁਣ ਤੱਕ 25 ਕਰੋੜ 83 ਲੱਖ 14 ਹਜ਼ਾਰ 445 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਚੋਣਾਂ ਲਈ 1 ਲੱਖ 87 ਹਜ਼ਾਰ 238 ਲਾਇਸੈਂਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ ਤੇ 50 ਨਾਜਾਇਜ਼ ਹਥਿਆਰ ਤੇ 163 ਕਾਰਤੂਸ ਬਰਾਮਦ ਕੀਤੇ ਗਏ ਹਨ।
ਮੁਸਤਫਾ ਦਾ ਟੀਮ ਵੱਲੋਂ ਮੈਡੀਕਲ
ਚੰਡੀਗੜ੍ਹ, 20 ਜਨਵਰੀ -ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਆਦੇਸ਼ਾਂ 'ਤੇ ਰਾਜ ਸਰਕਾਰ ਵੱਲੋਂ ਬਿਮਾਰੀ ਕਾਰਨ ਛੁੱਟੀ 'ਤੇ ਚੱਲ ਰਹੇ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਮੁਸ਼ਤਫਾ ਦਾ ਸੀ. ਐਮ. ਓ. ਦੀ ਅਗਵਾਈ ਵਿਚਲੀ ਇਕ ਡਾਕਟਰੀ ਟੀਮ ਤੋਂ ਮੈਡੀਕਲ ਕਰਵਾਇਆ ਗਿਆ, ਜਿਸ ਦੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇਗੀ। ਮੁਹੰਮਦ ਮੁਸ਼ਤਫਾ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਦਿਲ ਦੀ ਐਨਜਿਓਪਲਾਸਟੀ ਕੀਤੀ ਗਈ ਸੀ, ਤਿੰਨ ਮਹੀਨੇ ਦੀ ਛੁੱਟੀ 'ਤੇ ਚੱਲ ਰਹੇ ਹਨ, ਪ੍ਰੰਤੂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਸੀ। ਸ੍ਰੀ ਮੁਸ਼ਤਫਾ ਅਮਰਗੜ੍ਹ ਸਥਿਤ ਆਪਣੇ ਨਿਵਾਸ 'ਤੇ ਇਨ੍ਹਾਂ ਦਿਨਾਂ ਦੌਰਾਨ ਆਰਾਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਦੱਸੀ ਜਾ ਰਹੀ ਸੀ, ਇਸ ਲਈ ਉਨ੍ਹਾਂ ਡਿਊਟੀ 'ਤੇ ਹਾਜ਼ਰ ਹੋਣ ਵਿਚ ਆਪਣੀ ਅਸਮਰਥਤਾ ਪ੍ਰਗਟਾਉਂਦਿਆਂ ਰਾਜ ਸਰਕਾਰ ਨੂੰ ਆਪਣਾ ਮੈਡੀਕਲ ਸਰਟੀਫਿਕੇਟ ਵੀ ਭੇਜ ਦਿੱਤਾ ਸੀ। ਸ੍ਰੀ ਮੁਸ਼ਤਫਾ ਦੀ ਸੁਪਤਨੀ ਰਜ਼ੀਆ ਸੁਲਤਾਨਾ ਜੋ ਮਲੇਰਕੋਟਲਾ ਤੋਂ ਕਾਂਗਰਸ ਵਿਧਾਨਕਾਰ ਹਨ, ਇਸ ਵਾਰ ਵੀ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
1
ਖਰਾਬ ਮੌਸਮ ਕਾਰਨ ਸੋਨੀਆ ਗਾਂਧੀ
ਮੋਗਾ ਰੈਲੀ ਵਿਚ ਨਹੀਂ ਪਹੁੰਚ ਸਕੇ
ਚੜਕ ਨੇ ਪੜ੍ਹ ਕੇ ਸੁਣਾਇਆ ਸੰਦੇਸ਼

ਮੋਗਾ, 20 ਜਨਵਰੀ ਪੰਜਾਬ ਦੇ ਲੋਕ ਸੂਬੇ ਵਿਚ ਸੱਤਾ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਆਉਣ ਵਾਲੇ 10 ਦਿਨਾਂ ਬਾਅਦ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦਾ ਸਫਾਇਆ ਹੋ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਾਣਾ ਮੰਡੀ ਮੋਗਾ ਵਿਖੇ 11 ਵਿਧਾਨ ਸਭਾ ਚੋਣ ਹਲਕਿਆਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਰੈਲੀ ਨੂੰ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸੰਬੋਧਨ ਕਰਨਾ ਸੀ ਤੇ 11 ਹਲਕਿਆਂ ਤੋਂ ਪੁੱਜੇ ਲੋਕ ਉਨ੍ਹਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਪਰ ਮੌਸਮ ਦੀ ਖਰਾਬੀ ਤੇ ਧੁੰਦ ਕਾਰਨ ਉਹ ਰੈਲੀ ਵਿਚ ਨਹੀਂ ਪੁੱਜ ਸਕੇ। ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਗੁਲਚੈਨ ਸਿੰਘ ਚੜਕ ਨੇ ਕਿਹਾ ਕਿ ਮੌਸਮ ਦੀ ਖਰਾਬੀ ਹੋਣ ਕਾਰਨ ਸ੍ਰੀਮਤੀ ਸੋਨੀਆ ਗਾਂਧੀ ਭਾਵੇਂ ਇਥੇ ਨਹੀਂ ਪੁੱਜ ਸਕੇ ਪਰ ਉਨ੍ਹਾਂ ਨੇ ਮੋਗਾ ਰੈਲੀ ਵਿਚ ਪੁੱਜੇ ਲੋਕਾਂ ਨੂੰ ਸੰਦੇਸ਼ ਭੇਜ ਕੇ ਕਿਹਾ ਹੈ ਕਿ ਕਾਂਗਰਸ ਵੱਲੋਂ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਨੂੰ ਸਰਕਾਰ ਬਣਨ 'ਤੇ ਤੁਰੰਤ ਲਾਗੂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਅੱਜ ਸੂਬੇ ਵਿਚ 2 ਕਰੋੜ 74 ਲੱਖ ਲੋਕਾਂ ਵਿਚ 47 ਲੱਖ ਬੇਰੁਜ਼ਗਾਰ ਬੈਠੇ ਹਨ। ਕਾਂਗਰਸ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਲਚੈਨ ਸਿੰਘ ਚੜਕ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਵੇਗੀ। ਰੈਲੀ ਦੌਰਾਨ ਮੋਗਾ ਹਲਕੇ ਤੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਵਿਜੇ ਸਾਥੀ ਨੇ ਵਿਧਾਇਕ ਜੈਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਮੰਚ ਸੰਚਾਲਨ ਰੈਲੀ ਦੇ ਇੰਚਾਰਜ਼ ਵਿਜੇ ਇੰਦਰ ਸਿੰਗਲਾ ਸੰਸਦ ਮੈਂਬਰ ਨੇ ਕੀਤਾ। ਇਸ ਮੌਕੇ 11 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਵਿਧਾਇਕ ਜੋਗਿੰਦਰਪਾਲ ਜੈਨ ਮੋਗਾ, ਵਿਧਾਇਕ ਦਰਸ਼ਨ ਸਿੰਘ ਬਰਾੜ ਬਾਘਾ ਪੁਰਾਣਾ, ਵਿਧਾਇਕ ਅਜੀਤ ਸਿੰਘ ਸ਼ਾਂਤ ਨਿਹਾਲ ਸਿੰਘ ਵਾਲਾ, ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ, ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ, ਵਿਧਾਇਕ ਅਵਤਾਰ ਸਿੰਘ ਬਰਾੜ ਫਰੀਦਕੋਟ, ਵਿਧਾਇਕ ਰਿਪਜੀਤ ਸਿੰਘ ਬਰਾੜ ਕੋਟਕਪੂਰਾ, ਸੁਖਜੀਤ ਸਿੰਘ ਲੋਹਗੜ੍ਹ ਉਮੀਦਵਾਰ ਹਲਕਾ ਧਰਮਕੋਟ, ਈਸ਼ਰ ਸਿੰਘ ਮਿਹਰਵਾਲਾ ਜਗਰਾਉਂ, ਮੁਹੰਮਦ ਸਦੀਕ ਹਲਕਾ ਭਦੌੜ, ਬੀਬੀ ਹਰਚੰਦ ਕੌਰ ਮਹਿਲ ਕਲਾਂ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਤੇ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਾ. ਹਰਜੋਤ ਕਮਲ ਸਿੰਘ ਸੂਬਾ ਸਕੱਤਰ, ਬੀਬੀ ਜਗਦਰਸ਼ਨ ਕੌਰ ਜ਼ਿਲ੍ਹਾ ਪ੍ਰਧਾਨ ਮੋਗਾ, ਮਨਜੀਤ ਸਿੰਘ ਮਾਨ ਸਾਬਕਾ ਪ੍ਰਧਾਨ ਯੂਥ ਕਾਂਗਰਸ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ, ਜਗਰੂਪ ਸਿੰਘ ਤਖਤੂਪੁਰਾ ਸਾਬਕਾ ਚੇਅਰਮੈਨ, ਨਵਦੀਪ ਸਿੰਘ ਸੰਘਾ ਸ਼ਹਿਰੀ ਪ੍ਰਧਾਨ, ਡੈਲੀਗੇਟ ਬਲਜਿੰਦਰ ਸਿੰਘ ਲੰਗੇਆਣਾ, ਤਰਨਦੀਪ ਸਿੰਘ ਦਮਨ ਸੂਬਾ ਸਕੱਤਰ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਨਰਿੰਦਰਪਾਲ ਸਿੰਘ ਸਿੱਧੂ ਸੀਨੀਅਰ ਆਗੂ, ਰਜਿੰਦਰ ਸਿੰਘ ਰਾਜੂ ਟੱਕਰ, ਪੁਨੀਤ ਜੈਨ, ਰਣਵਿੰਦਰ ਸਿੰਘ ਰਾਣੂੰ ਗਿੱਲ, ਅਕਸ਼ਿਤ ਜੈਨ, ਰੂਬਲ ਕਿਸ਼ਨਪੁਰਾ, ਕੁਲਵਿੰਦਰ ਸਿੰਘ ਕਿੰਦੋ ਬਲਾਕ ਪ੍ਰਧਾਨ, ਗੁਰਮੀਤ ਸਿੰਘ ਮੁਕੰਦਪੁਰੀ, ਦਲਜੀਤ ਸਿੰਘ ਰਵੀ ਲੰਢੇਕੇ, ਵਿਜੇ ਧੀਰ ਸਾਬਕਾ ਚੇਅਰਮੈਨ, ਸੁਖਮੰਦਰ ਸਿੰਘ ਸਮਰਾ ਯੂ. ਐੱਸ. ਏ., ਸਾਧੂ ਸਿੰਘ ਮਹਿਰੋਂ, ਡਾ. ਤਾਰਾ ਸਿੰਘ ਸੰਧੂ ਸਾਬਕਾ ਜ਼ਿਲ੍ਹਾ ਪ੍ਰਧਾਨ, ਹਰੀ ਸਿੰਘ ਖਾਈ ਸਾਬਕਾ ਪ੍ਰਧਾਨ, ਗੁਰਬਚਨ ਸਿੰਘ ਬਰਾੜ, ਇੰਦਰਜੀਤ ਸਿੰਘ ਬੀੜ ਚੜਿੱਕ, ਬੇਅੰਤ ਸਿੰਘ ਤਲਵੰਡੀ ਭੰਗੇਰੀਆਂ, ਪਰਮਜੀਤ ਸਿੰਘ ਦੌਧਰ, ਵਿਜੇ ਕਾਲੜਾ, ਅਮਰਜੀਤ ਸਿੰਘ ਕਲਕੱਤਾ, ਦਵਿੰਦਰ ਸਿੰਘ ਲਿੱਲੀ, ਭੁਪਿੰਦਰ ਸਿੰਘ ਬਰਾੜ ਲੰਗੇਆਣਾ ਬਲਾਕ ਉਪ ਪ੍ਰਧਾਨ ਬਾਘਾ ਪੁਰਾਣਾ, ਡੈਲੀਗੇਟ ਮਨਵੀਰ ਸਿੰਘ, ਬਲਦੇਵ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸਾਹਬਜੀਤ ਸਿੰਘ, ਜਗਸੀਰ ਸਿੰਘ ਲੰਗੇਆਣਾ, ਅਵਿਨਾਸ਼ ਗੁਪਤਾ, ਵਿੱਕੀ ਸਰਪੰਚ, ਗੁਰਿੰਦਰ ਸਿੰਘ ਗੁੱਗੂ ਦਾਤਾ, ਗੁਰਪਾਲ ਸਿੰਘ ਸਰਪੰਚ ਸੰਧੂਆਂ ਵਾਲਾ, ਐਡਵੋਕੇਟ ਪਰਮਪਾਲ ਸਿੰਘ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਲਹਿੰਬਰ ਸਿੰਘ ਕਿੰਗਰਾ, ਗੁਰਵਿੰਦਰ ਸਿੰਘ ਬੱਬੂ ਪ੍ਰਧਾਨ, ਹਰਪਾਲ ਸਿੰਘ ਬਰਾੜ ਸੂਬਾ ਸਕੱਤਰ, ਅੰਗਰੇਜ਼ ਸਿੰਘ ਬਲਾਕ ਪ੍ਰਧਾਨ ਰੰਗਰੇਟਾ ਦਲ, ਡਾ. ਨਿਰਮਲ ਸਿੰਘ, ਅਮਰਜੀਤ ਸਿੰਘ ਦੌਲੇਵਾਲੀਆ, ਸੋਹਣ ਸਿੰਘ ਸੱਗੂ, ਦਾਸਸਰੂਪ ਸਿੰਘ, ਪ੍ਰਸ਼ੋਤਮ ਪੁਰੀ ਕੌਂਸਲਰ, ਬੂਟਾ ਸਿੰਘ ਸੱਦਾ ਸਿੰਘ ਵਾਲਾ, ਦਵਿੰਦਰ ਸਿੰਘ ਤਿਵਾੜੀ, ਕੁਲਵੰਤ ਸਿੰਘ ਨਿਹਾਲਗੜ੍ਹ, ਹਰਬੰਸ ਸਿੰਘ ਧੱਲੇਕੇ ਬਲਾਕ ਪ੍ਰਧਾਨ, ਗੁਰਦੀਪ ਸਿੰਘ ਧੀਮਾਨ, ਪਵਨ ਬਾਂਸਲ, ਪ੍ਰਿੰਸ ਅਰੋੜਾ, ਦਲੇਰ ਸਿੰਘ, ਵਿੱਕੀ ਸਰਪੰਚ ਸੰਤ ਨਗਰ, ਦਰਸ਼ਨਵੀਰ, ਚੰਦਰ ਮੋਹਣ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਤੇ ਲੋਕ ਹਾਜ਼ਰ ਸਨ।

ਸੰਘਣੀ ਧੁੰਦ ਤੇ ਹੱਡ-ਚੀਰਵੀਂ ਸੀਤ ਲਹਿਰ ਦਾ ਦੌਰ ਜਾਰੀ
ਦੱਖਣ ਵਿਚ ਵੀ ਠੰਢ ਦਾ ਜ਼ੋਰ
ਨਵੀਂ ਦਿੱਲੀ, 20 ਜਨਵਰੀ )-ਪੂਰੇ ਦੇਸ਼ 'ਚ ਅੱਜ ਵੀ ਸਰਦ ਹਵਾਵਾਂ ਅਤੇ ਗਹਿਰੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ। ਨਵੀਂ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ 'ਚ ਹਵਾਈ, ਰੇਲ ਅਤੇ ਸੜਕੀ ਆਵਾਜਾਈ 'ਚ ਵਿਘਨ ਪਿਆ ਰਿਹਾ। ਕਸ਼ਮੀਰ ਵਾਦੀ ਬਾਕੀ ਦੁਨੀਆ ਨਾਲੋਂ ਅੱਜ ਵੀ ਕੱਟੀ ਰਹੀ ਅਤੇ ਹਿਮਾਚਲ ਦੀਆਂ ਪਹਾੜੀਆਂ 'ਤੇ ਬਰਫ਼ਬਾਰੀ ਹੁੰਦੀ ਰਹੀ। ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ 'ਚ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਗਹਿਰੀ ਧੁੰਦ ਪੈਣ ਕਾਰਨ ਉਡਾਣਾਂ ਅਤੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਕਈ ਘੰਟੇ ਪੱਛੜ ਕੇ ਰਹਿ ਗਈਆਂ। ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਲੁਧਿਆਣਾ 'ਚ 6.3 ਡਿਗਰੀ, ਜਲੰਧਰ 'ਚ 4 ਅਤੇ ਪਟਿਆਲਾ 'ਚ ਤਾਪਮਾਨ 7.3 ਡਿਗਰੀ ਸੈਲਸੀਅਸ ਰਿਹਾ।

ਚੰਡੀਗੜ੍ਹ 'ਚ ਤਾਪਮਾਨ 9.2 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਜ਼ਿਲ੍ਹਾ ਨਰਨੌਲ 'ਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ, ਹਿਸਾਰ 'ਚ 4.1, ਰੋਹਤਕ 'ਚ 4.5 ਅਤੇ ਕਰਨਾਲ 'ਚ 6.2 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ, ਪਟਿਆਲਾ, ਮੋਹਾਲੀ, ਅੰਮ੍ਰਿਤਸਰ ਅਤੇ ਪੰਚਕੂਲਾ 'ਚ ਮੀਂਹ ਵੀ ਪਿਆ। ਕਸ਼ਮੀਰ ਵਾਦੀ 'ਚ ਅੱਜ ਵੀ ਭਾਰੀ ਬਰਫ਼ਬਾਰੀ ਹੁੰਦੀ ਰਹੀ ਅਤੇ ਲੋਕ ਜ਼ਰੂਰੀ ਵਸਤੂਆਂ ਪ੍ਰਾਪਤ ਕਰਨ ਤੋਂ ਵੀ ਵਾਂਝੇ ਬੈਠੇ ਹਨ। ਵਾਦੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹਨ ਅਤੇ ਹਵਾਈ ਸੇਵਾ ਵੀ ਠੱਪ ਹੈ। ਜੰਮੂ ਅਤੇ ਪਹਿਲਗਾਮ ਸਮੇਤ ਹੋਰ ਥਾਵਾਂ 'ਤੇ ਸੈਂਕੜੇ ਗੱਡੀਆਂ ਅਤੇ ਲੋਕ ਫਸੇ ਹੋਏ ਹਨ। ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਗੁਲਮਰਗ 'ਚ ਮਨਫ਼ੀ 12.6 ਡਿਗਰੀ ਅਤੇ ਪਹਿਲਗਾਮ 'ਚ ਮਨਫੀ 5.0 ਡਿਗਰੀ ਸੈਲਸੀਅਸ, ਲੇਹ 'ਚ ਮਨਫ਼ੀ 16.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਇਸਲਾਮਾਬ20ਾਦ,  ਜਨਵਰੀ  - ਪਾਕਿਸਤਾਨ ਦੀ ਸਰਕਾਰ ਵੱਲੋਂ ਦੇਸ਼ ਪਰਤਣ 'ਤੇ ਤੁਰੰਤ ਗ੍ਰਿਫ਼ਤਾਰ ਕਰ ਲੈਣ ਦੀ ਚਿਤਾਵਨੀ ਮਿਲਣ ਤੋਂ ਬਾਅਦ ਸਾਬਕਾ ਸੈਨਾ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਹਾਲ ਦੀ ਘੜੀ ਵਤਨ ਆਉਣ ਦੀ ਆਪਣੀ ਯੋਜਨਾ ਟਾਲ ਦਿੱਤੀ ਹੈ। ਮੁਸ਼ੱਰਫ  ਦੀ ਪਾਰਟੀ 'ਆਲ ਪਾਕਿਸਤਾਨ ਮੁਸਲਿਮ ਲੀਗ' ਦੇ ਨੇਤਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਸ਼ੱਰਫ ਨੇ ਆਪਣੇ ਦੋਸਤਾਂ ਅਤੇ ਪਾਰਟੀ ਦੇ ਨੇਤਾਵਾਂ ਵਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਪਣੀ ਵਾਪਸੀ ਅੱਗੇ ਪਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਵਤਨ ਪਰਤਣ ਨਾਲ ਕਈ ਸੰਕਟਾਂ ਦਾ ਸਾਹਮਣਾ ਕਰ ਰਹੀ ਪਾਕਿਸਤਾਨੀ ਸਰਕਾਰ ਨੂੰ ਰਾਹਤ ਮਿਲ ਸਕਦੀ ਹੈ ਇਸ ਲਈ ਉਨ੍ਹਾਂ ਨੇ ਆਪਣੀ ਯੋਜਨਾ ਮੁਲਤਵੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁਸ਼ੱਰਫ ਨੇ ਐਲਾਨ ਕੀਤਾ ਸੀ ਕਿ ਉਹ 27 ਤੋਂ 30 ਜਨਵਰੀ ਤਕ ਦੇਸ਼ ਵਾਪਸ ਪਰਤ ਸਕਦੇ ਹਨ। ਉਨ੍ਹਾਂ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਸਿੰਧ ਦੇ ਗ੍ਰਹਿ ਮੰਤਰੀ ਮਨਜ਼ੂਰ ਵੱਸਣ ਨੇ ਕਿਹਾ ਸੀ ਕਿ ਦੇਸ਼ ਪਰਤਣ 'ਤੇ ਮੁਸ਼ੱਰਫ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
ਨਵੀਂ ਦਿੱਲੀ, 20 ਜਨਵਰੀ -ਰਾਜਪਾਲ ਦੁਆਰਾ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਆਰ .ਏ. ਮਹਿਤਾ ਦੀ ਨਿਯੁਕਤੀ ਨੂੰ ਗੁਜਰਾਤ ਹਾਈਕੋਰਟ ਦੁਆਰਾ ਸਹੀ ਠਹਿਰਾਏ ਜਾਣ ਦੇ ਫੈਸਲੇ ਨੂੰ ਅੱਜ ਪ੍ਰਦੇਸ਼ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ। ਹਾਈਕੋਰਟ ਨੇ ਕੱਲ੍ਹ ਆਪਣਾ ਫੈਸਲਾ ਸੁਣਾਉਂਦਿਆਂ ਜਸਟਿਸ ਮਹਿਤਾ ਦੀ ਨਿਯੁਕਤੀ ਨੂੰ ਸਹੀ ਕਿਹਾ ਅਤੇ ਇਸ ਨੂੰ ਬਰਕਰਾਰ ਰੱਖਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵੀ ਕੀਤੀ ਸੀ। ਸਰਕਾਰ ਦੀ ਅਪੀਲ ਖਾਰਜ ਕਰਦਿਆਂ ਜਸਟਿਸ ਵੀ. ਐਮ. ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਮੁੱਦੇ 'ਤੇ ਮੁੱਖ ਮੰਤਰੀ ਦੀਆਂ ਟਿੱਪਣੀਆਂ ਸਾਡੇ ਦੇਸ਼ ਦੇ ਲੋਕਤੰਤਰ ਲਈ ਠੀਕ ਨਹੀਂ ਹਨ। ਜਸਟਿਸ ਸਹਾਏ, ਜਿਨ੍ਹਾਂ ਨੂੰ ਇਸ ਮੁੱਦੇ 'ਤੇ ਦੋ ਜੱਜਾਂ ਦੇ ਵੱਖ-ਵੱਖ ਰਾਏ ਤੋਂ ਬਾਅਦ ਮਾਮਲੇ ਦੀ ਸੁਣਵਾਈ ਸੌਂਪੀ ਗਈ ਸੀ, ਨੇ ਕਿਹਾ ਕਿ ਮੋਦੀ ਦਾ ਜਸਟਿਸ ਮਹਿਤਾ ਦੀ ਲੋਕਆਯੁਕਤ ਦੇ ਤੌਰ 'ਤੇ ਨਿਯੁਕਤੀ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ ਕਾਨੂੰਨ ਦੇ ਨਿਯਮਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਦੇ ਮਸ਼ਵਰੇ ਨੂੰ ਮੋਦੀ ਦੀ ਅਗਵਾਈ 'ਚ ਕਈ ਮੰਤਰੀਆਂ ਵੱਲੋਂ ਮੰਨਣ ਤੋਂ ਇਨਕਾਰ ਕਰਨ ਨਾਲ ਸੰਕਟ ਵਾਲੇ ਹਾਲਾਤ ਪੈਦਾ ਹੋ ਗਏ ਹਨ। ਜਸਟਿਸ ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਮਹਿਤਾ ਦੇ ਨਾਮ ਨੂੰ ਰੱਦ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ ਕਿਉਂਕਿ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਪਹਿਲਾਂ ਹੀ ਮੁੱਖ ਮੰਤਰੀ ਦੇ ਇਤਰਾਜ਼ਾਂ ਨੂੰ ਨਕਾਰ ਚੁੱਕੇ ਹਨ।
ਰਾਜਾਸਾਂਸੀ, 20 ਜਨਵਰੀ -ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਵਿਖੇ ਬੰਦ ਇਕ ਹਵਾਲਾਤੀ ਚਿੱਟੇ ਦਿਨ 22 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ, ਜਿਸ ਦੀ ਇੱਥੇ ਤਾਇਨਾਤ ਅਧਿਕਾਰੀਆਂ ਨੁੰ ਸ਼ਾਮ ਤਾਈਂ ਕੋਈ ਭਿਣਕ ਨਹੀਂ ਸੀ ਲੱਗ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ 10 ਜਨਵਰੀ 2011 ਨੂੰ ਲਗਭਗ 15 ਕਿਲੋ ਹੈਰੋਇਨ ਦੀ ਸਮਗਲਿੰਗ ਦੇ ਮਾਮਲੇ 'ਚ 20 ਚੱਕੀਆਂ ਦੇ ਹੋਸਟਲ ਨੰਬਰ 7 'ਚ ਬੰਦ ਸੁਖਬੀਰ ਸਿੰਘ ਉਰਫ਼ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਭੁੱਸੇ, ਜ਼ਿਲ੍ਹਾ ਤਰਨ ਤਾਰਨ ਇਕ ਗਿਣੀ-ਮਿਥੀ ਯੋਜਨਾ ਤਹਿਤ ਸਵੇਰੇ 7 ਕੁ ਵਜੇ ਬੰਦੀ ਖੁੱਲ੍ਹਣ ਤੋਂ ਬਾਅਦ ਧੁੰਦ ਦੀ ਆੜ 'ਚ ਤਾਬੋਵਾਲੀ ਪਿੰਡ ਦੇ ਪਾਸੇ ਸਥਿਤ ਖਾਲੀ ਟਾਵਰ ਨੰਬਰ 3 ਦੇ ਨੇੜਿਉਂ 22 ਫੁੱਟ ਉੱਚੀ ਜੇਲ੍ਹ ਦੀ ਕੰਧ ਟੱਪ ਕੇ ਭੱਜਣ 'ਚ ਕਾਮਯਾਬ ਹੋ ਗਿਆ ਹੈ। ਸੁੱਖੇ ਦੇ ਭੱਜਣ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਕਈ ਘੰਟੇ ਬੀਤ ਜਾਣ ਤੋਂ ਬਾਅਦ ਪਤਾ ਲੱਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਵਿਚਾਰ ਅਧੀਨ ਪਾਕਿ ਮੂਲ ਦੇ ਕੈਦੀ ਨੇ ਵੀ ਚਿੱਟੇ ਦਿਨ ਇੱਥੋਂ ਖਿਸਕ ਕੇ ਜੇਲ੍ਹ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ। ਤਾਜ਼ੀ ਵਾਪਰੀ ਇਸ ਘਟਨਾ 'ਤੇ ਜੇਲ੍ਹ ਪ੍ਰਸ਼ਾਸਨ ਨੇ 5 ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਨਾਲ 'ਅਜੀਤ' ਵੱਲੋਂ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਮੋਬਾਈਲ ਫ਼ੋਨ ਨਹੀਂ ਚੁੱਕਿਆ।
ਨਵੀਂ ਦਿੱਲੀ, 20ਜਨਵਰੀ -ਸੈਨਾ ਮੁਖੀ ਜਨਰਲ ਵੀ ਕੇ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਉਨ੍ਹਾਂ ਨਾਲ ਵਰਤਾਅ ਕੀਤਾ ਹੈ ਉਸ ਤੋਂ ਇਹ ਗੱਲ ਸਾਫ ਝਲਕਦੀ ਹੈ ਕਿ ਉਨ੍ਹਾਂ ਦੀ ਉਮਰ ਬਾਰੇ ਫ਼ੈਸਲਾ ਕਰਨ ਲਈ ਕੋਈ ਤੌਰ-ਤਰੀਕਾ ਨਹੀਂ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਪੂਰੀ ਘਾਟ ਹੈ। ਆਪਣੀ ਜਨਮ ਤਰੀਕ 10 ਮਈ 1950 ਦੀ ਬਜਾਏ 1951 ਨਾ ਮੰਨਣ ਦੇ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਆਪਣੀ 68 ਸਫ਼ਿਆਂ ਦੀ ਪਟੀਸ਼ਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਸਮੇਂ ਦੇ ਸੈਨਾ ਮੁਖੀ 'ਤੇ ਭਰੋਸਾ ਕਰਦੇ ਹੋਏ ਉਨ੍ਹਾਂ ਦੇ ਕਹਿਣ 'ਤੇ ਆਪਣੀ ਉਮਰ ਤਰੀਕ 1950 ਸਵੀਕਾਰ ਕਰ ਲਈ ਸੀ ਨਾ ਕਿ ਸੈਨਾ ਸਕੱਤਰ ਬ੍ਰਾਂਚ ਨਾਲ ਹੋਏ ਸਮਝੌਤੇ ਤਹਿਤ। ਉਨ੍ਹਾਂ ਪਟੀਸ਼ਨ 'ਚ ਕਿਹਾ ਕਿ ਸਰਕਾਰ ਨੂੰ ਇਹ ਸਪਸ਼ਟੀਕਰਨ ਦੇਣ ਦੀ ਲੋੜ ਹੈ ਕਿ ਫ਼ੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾਵੇ ਜਿਸ ਵਿਚ ਕਿਸੇ ਤੌਰ ਤਰੀਕੇ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਮੁਕੰਮਲ ਘਾਟ ਹੈ। ਜਨਰਲ ਸਿੰਘ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਸਰਕਾਰ ਨੂੰ ਫ਼ੌਜ ਦਾ ਸਰਕਾਰੀ ਰਿਕਾਰਡ ਰੱਖਣ ਵਾਲੀ ਸ਼ਾਖਾ ਐਡਜੂਟੈਂਟ ਜਨਰਲ ਬ੍ਰਾਂਚ ਦੇ ਰਿਕਾਰਡ 'ਤੇ ਕਿਉਂ ਸ਼ੱਕ ਹੈ ਅਤੇ ਇਸ ਬਾਰੇ ਕਿਉਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸੇ ਵੀ ਅਥਾਰਟੀ ਨੇ ਉਨ੍ਹਾਂ ਦੀ ਜਨਮ ਤਰੀਕ 10.5 1951 ਮੰਨਣ ਲਈ ਉਨ੍ਹਾਂ ਵਲੋਂ ਕੀਤੀ ਅਪੀਲ ਨੂੰ ਰੱਦ ਕਰਨ ਸਮੇਂ ਉਨ੍ਹਾਂ ਦੇ ਸਰਟੀਫਿਕੇਟ 'ਤੇ ਕੋਈ ਸ਼ੱਕ ਦੀ ਉਂਗਲੀ ਉਠਾਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਹ ਗੱਲ ਨਹੀਂ ਸਮਝ ਸਕਦਾ ਕਿ ਸਰਕਾਰੀ ਰਿਕਾਰਡ ਵਿਚ ਦਰਜ ਜਨਮ ਤਰੀਕ ਨੂੰ ਨਜ਼ਰਅੰਦਾਜ਼ ਕਰਕੇ ਯੂ. ਪੀ. ਐਸ. ਸੀ. ਫਾਰਮ ਭਰਨ ਸਮੇਂ ਹੋਈ ਅਚਨਚੇਤ ਭੁੱਲ ਨੂੰ ਕਿਉਂ ਇੰਨਾ ਮਹੱਤਵ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ, 20 ਜਨਵਰੀ -ਦਿੱਲੀ ਹਾਈ ਕੋਰਟ ਵੱਲੋਂ ਰਾਸ਼ਟਰ ਮੰਡਲ ਖੇਡ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸੰਸਦ ਮੈਂਬਰ ਸੁਰੇਸ਼ ਕਲਮਾਡੀ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸਾਲ 2010 'ਚ ਅਕਤੂਬਰ ਮਹੀਨੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ ਪ੍ਰਬੰਧ ਘੁਟਾਲੇ ਦੇ ਦੋਸ਼ੀ ਕਲਮਾਡੀ ਬੀਤੇ 9 ਮਹੀਨਿਆਂ ਤੋਂ ਜੇਲ੍ਹ 'ਚ ਸਨ। ਕਲਮਾਡੀ ਦੇ ਸਹਿਯੋਗੀ ਵੀ. ਕੇ. ਸ਼ਰਮਾ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ। ਹਾਈ ਕੋਰਟ ਦੇ ਜੱਜ ਮੁਕਤਾ ਗੁਪਤਾ ਨੇ ਕਲਮਾਡੀ ਨੂੰ 5 ਲੱਖ ਰੁਪਏ ਦੀ ਜ਼ਮਾਨਤ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਬੇਸ਼ੱਕ ਅਦਾਲਤ ਨੇ ਉਨ੍ਹਾਂ ਦੇ ਬਿਨਾਂ ਆਗਿਆ ਵਿਦੇਸ਼ ਜਾਣ 'ਤੇ ਰੋਕ ਲਗਾਈ ਹੈ। ਰਿਹਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਕਲਮਾਡੀ ਬਹੁ-ਕਰੋੜੀ ਘੁਟਾਲੇ ਦਾ ਸਾਹਮਣਾ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਕੋਈ ਵਿਰੋਧਤਾ ਨਹੀਂ ਕੀਤੀ ਜਾ ਰਹੀ, ਉਹ ਚਾਹੁੰਣ ਤਾਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕਦੇ ਹਨ। ਵਰਣਨਯੋਗ ਹੈ ਕਲਮਾਡੀ ਨੂੰ ਬੀਤੇ ਸਾਲ 26 ਅਪ੍ਰੈਲ ਅਤੇ ਵਰਮਾ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਸਵਿਸ ਟਾਈਮਜ਼ ਓਮੇਗਾ ਕੰਪਨੀ ਨੂੰ 'ਸਮਾਂ, ਅੰਕ ਨਤੀਜਾ ਪ੍ਰਣਾਲੀ' ਲਈ 141 ਕਰੋੜ ਰੁਪਏ ਦੀ ਉੱਚੀ ਕੀਮਤ 'ਤੇ ਠੇਕਾ ਦੇਣ ਅਤੇ ਸਰਕਾਰੀ ਖਜ਼ਾਨੇ ਨੂੰ 95 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਹੇਠਲੀ ਅਦਾਲਤ ਨੇ ਬੀਤੇ ਸਾਲ ਜੂਨ ਮਹੀਨੇ ਕਲਮਾਡੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਅਤੇ 2 ਕੰਪਨੀਆਂ ਦੇ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਧੋਖਾਧੜੀ, ਸਾਜ਼ਿਸ਼ ਅਤੇ ਠੱਗੀ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ ਸੀ।
ਨਵੀਂ ਦਿੱਲੀ, 20 ਜਨਵਰੀ -ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਹਰੀਸ਼ ਖਰੇ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ 'ਚ 2 ਸਾਲਾਂ ਤੋਂ ਵੱਧ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਹਰੀਸ਼ ਖਰੇ (65) ਦੇ ਅਸਤੀਫੇ ਉਪਰੰਤ ਇਕ ਟੀ. ਵੀ. ਪੱਤਰਕਾਰ ਪੰਕਜ ਪਚੌਰੀ ਨੂੰ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਹੈ। ਸਾਬਕਾ ਪੱਤਰਕਾਰ ਖਰੇ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੱਤਰਕਾਰੀ 'ਚ ਵਾਪਸ ਜਾਣਾ ਚਾਹੁੰਦਾ ਹਾਂ। ਜੂਨ 2009 'ਚ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਨਿਯੁਕਤ ਹੋਣ ਤੋਂ ਪਹਿਲਾਂ ਹਰੀਸ਼ ਖਰੇ ਨਵੀਂ ਦਿੱਲੀ ਵਿਖੇ 'ਦਾ ਹਿੰਦੂ' ਦੇ 'ਸੀਨੀਅਰ ਐਸੋਸੀਏਟ ਐਡੀਟਰ' ਅਤੇ 'ਚੀਫ਼ ਆਫ਼ ਬਿਊਰੋ' ਸਨ ਅਤੇ ਇਸ ਤੋਂ ਪਹਿਲਾਂ ਅਹਿਮਦਾਬਾਦ ਵਿਖੇ 'ਟਾਈਮਸ ਆਫ਼ ਇੰਡੀਆ' ਦੇ 'ਰੈਜੀਡੈਂਟ ਐਡੀਟਰ' ਸਨ। ਮੀਡੀਆ ਸਲਾਹਕਾਰ ਵਜੋਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਕੱਤਰ ਦਾ ਦਰਜਾ ਪ੍ਰਾਪਤ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ 'ਐਨ ਡੀ ਟੀ ਵੀ ਇੰਡੀਆ' ਦੇ 'ਮੈਨੇਜਿੰਗ ਐਡੀਟਰ' ਪੰਕਜ ਪਚੌਰੀ (48) ਨੂੰ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ, 20 ਜਨਵਰੀ -1984 ਦੀ ਸਿੱਖ ਨਸਲਕੁਸ਼ੀ ਦੇ ਪ੍ਰਭਾਵਿਤ ਲੋਕਾਂ ਦੇ ਹੱਕਾਂ ਲਈ ਲੜ ਰਹੇ ਵਕੀਲ ਦੀ ਮਾਣਹਾਨੀ ਦੇ ਮਾਮਲੇ 'ਚ ਅੱਜ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸੰਮਨ ਜਾਰੀ ਕੀਤੇ। ਐਡਵੋਕੇਟ ਐਚ. ਐਸ. ਫੂਲਕਾ ਵੱਲੋਂ ਟਾਈਟਲਰ ਖ਼ਿਲਾਫ਼ ਮਾਣਹਾਨੀ ਦੇ ਲਗਾਏ ਦੋਸ਼ਾਂ ਸਬੰਧੀ ਕਾਰਵਾਈ ਕਰਦਿਆਂ ਵਧੀਕ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਅਮਿਤ ਬਾਂਸਲ ਨੇ ਟਾਈਟਲਰ ਨੂੰ ਸੰਮਨ ਜਾਰੀ ਕਰਦਿਆਂ 11 ਅਪ੍ਰੈਲ ਤੋਂ ਪਹਿਲਾਂ ਅਦਾਲਤ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਐਡਵੋਕੇਟ ਫੂਲਕਾ ਨੇ ਟਾਈਟਲਰ 'ਤੇ ਦੋਸ਼ ਲਗਾਏ ਹਨ ਕਿ 7 ਸਤੰਬਰ, 2004 ਨੂੰ ਇਕ ਨਿਊਜ਼ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਪ੍ਰੋਗਰਾਮ ਦੌਰਾਨ ਟਾਈਟਲਰ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਐਡਵੋਕੇਟ ਫੂਲਕਾ ਨੇ ਕਿਹਾ ਕਿ ਟਾਈਟਲਰ ਨੇ ਉਨ੍ਹਾਂ ਖ਼ਿਲਾਫ਼ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾ ਕੇ ਉਨ੍ਹਾਂ ਦੇ ਸਮਾਜਿਕ ਰੁਤਬੇ ਨੂੰ ਨੁਕਸਾਨ ਪਹੁੰਚਾਇਆ ਹੈ।
ਨਵੀਂ ਦਿੱਲੀ, 20 ਜਨਵਰੀ -ਬਿਜਲਈ ਵੋਟਿੰਗ ਮਸ਼ੀਨਾਂ ਬਣਾ ਰਹੇ ਰੱਖਿਆ ਖੇਤਰ ਦੇ ਸਰਕਾਰੀ ਅਦਾਰੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੈੱਲ) ਨੇ ਅੱਜ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਹੇਰਾਫੇਰੀ ਦੀ ਗੂੰਜਾਇਸ਼ ਰਹਿਤ ਬਣਾਉਣ ਲਈ ਹੁਣ ਅੱਗੇ ਤੋਂ ਬਿਜਲਈ ਵੋਟਿੰਗ ਮਸ਼ੀਨਾਂ ਪਾਈ ਗਈ ਵੋਟ ਦਾ ਪ੍ਰਿੰਟ ਵੀ ਕੱਢਣਗੀਆਂ। 'ਬੈੱਲ' ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਆਪਣੀ ਜ਼ਰੂਰਤ ਬਾਰੇ ਸਾਨੂੰ ਦੱਸ ਦਿੱਤਾ ਹੈ ਅਤੇ ਮਸ਼ੀਨ ਵਿਚ ਨਵਾਂ ਸਿਸਟਮ ਜੋੜਨ ਦਾ ਕੰਮ ਚੱਲ ਰਿਹਾ ਹੈ। ਸ੍ਰੀ ਕੁਮਾਰ ਨੇ ਅੱਗੇ ਕਿਹਾ ਕਿ ਮਸ਼ੀਨ ਦੇ ਸਾਫਟਵੇਅਰ ਵਿਚ ਸੋਧ ਕੀਤੀ ਜਾਵੇਗੀ ਅਤੇ ਇਸ ਨਾਲ ਪ੍ਰਿੰਟਰ ਜੋੜਿਆ ਜਾਵੇਗਾ। ਜਦੋਂ ਕੋਈ ਵੋਟਰ ਆਪਣੀ ਵੋਟ ਪਾਵੇਗਾ ਤਾਂ ਪ੍ਰਿੰਟ ਨਿਕਲੇਗਾ ਜਿਸ ਉਪਰ ਲੜੀ ਨੰਬਰ ਅਤੇ ਕੁਝ ਅੰਕੜੇ ਛਪੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਵੋਟਿੰਗ ਪ੍ਰਣਾਲੀ ਵਿਚ ਹੇਰਾਫੇਰੀ ਦੀ ਕੋਈ ਗੂੰਜਾਇਸ਼ ਨਾ ਰਹੇ। ਪ੍ਰਿੰਟਾਂ ਨੂੰ ਵੋਟਿੰਗ ਮਸ਼ੀਨਾਂ ਵਿਚ ਸਟੋਰ ਹੋਏ ਅੰਕੜਿਆਂ ਨਾਲ ਮਿਲਾਉਣ ਲਈ ਵਰਤਿਆ ਜਾਵੇਗਾ। ਇਹ ਮਸ਼ੀਨ ਅਗਲੇ 6 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ।
ਮੁੰਬਈ, 29 ਜਨਵਰੀ -2008 ਨੂੰ ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਕਰੀਬ 3 ਸਾਲਾਂ ਦੇ ਬਾਅਦ ਇਨ੍ਹਾਂ ਹਮਲਿਆਂ ਦੀ ਜਾਂਚ ਕਰ ਰਿਹਾ ਪਾਕਿਸਤਾਨੀ ਨਿਆਇਕ ਕਮਿਸ਼ਨ 3 ਫਰਵਰੀ ਨੂੰ ਇਥੇ ਪੁੱਜੇਗਾ। ਬੰਬੇ ਹਾਈ ਕੋਰਟ ਨੇ ਬੀਤੇ ਹਫ਼ਤੇ ਪਾਕਿਸਤਾਨੀ ਨਿਆਇਕ ਕਮਿਸ਼ਨ ਨੂੰ ਮੁੰਬਈ ਅੱਤਵਾਦੀ ਹਮਲਿਆਂ ਨਾਲ ਸੰਬੰਧਤ ਪ੍ਰਮੁੱਖ ਵਿਅਕਤੀਆਂ ਦੀ ਇੰਟਰਵਿਊ ਵਾਸਤੇ ਸ਼ਹਿਰ ਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਨਾਲ ਹੀ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੂੰ ਇਸ ਬਾਰ ਸੂਚਨਾ ਦੇ ਦਿੱਤੀ ਸੀ।

Thursday, 19 January 2012

 ਲੀਡਰਾਂ ਵਲੋਂ ਵੋਟਾਂ ਲਈ ਡੇਰਿਆਂ 'ਤੇ ਡੋਰੇ
ਹਿਸਾਰ, 19 ਜਨਵਰੀ— ਵਿਧਾਨ ਸਭਾ ਚੋਣਾਂ ਪੰਜਾਬ 'ਚ ਹਨ ਪਰ ਉਮੀਦਵਾਰਾਂ ਦੇ ਇੰਟਰਵਿਊ ਚੱਲ ਰਹੇ ਹਨ। ਹਰਿਆਣਾ ਦੇ ਸਿਰਸਾ 'ਚ ਮੌਜੂਦ ਡੇਰਾ ਸੱਚਾ ਸੌਦਾ 'ਚ ਬਾਬਾ ਰਾਮ ਰਹੀਮ ਦਾ ਅਸ਼ੀਰਵਾਦ ਪਾਉਣ ਲਈ ਹਰ ਪਾਰਟੀ ਦੇ ਤਕਰੀਬਨ 200 ਉਮੀਦਵਾਰ ਹੁਣ ਤੱਕ ਡੇਰੇ 'ਤੇ ਹਾਜ਼ਰੀ ਲਗਵਾ ਚੁੱਕੇ ਹਨ। ਜੋ ਉਮੀਦਵਾਰ ਡੇਰਾ ਸੱਚਾ ਸੌਦਾ ਦਾ ਸਮਰਥਨ ਚਾਹੁੰਦੇ ਹਨ, ਡੇਰੇ ਦਾ ਰਾਜਨੀਤਿਕ ਵਿੰਗ ਉਨ੍ਹਾਂ ਦਾ ਇੰਟਰਵਿਊ ਲੈ ਰਿਹਾ ਹੈ। ਉਮੀਦਵਾਰਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਚੋਣਾਂ ਜਿੱਤਣ ਦੀ ਸੂਰਤ 'ਚ ਉਹ ਇਲਾਕੇ ਦੇ ਲੋਕਾਂ ਲਈ ਕੀ ਕਰਨਗੇ।
ਜੋ ਉਮੀਦਵਾਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕਿਆਂ 'ਚ ਚੋਣਾਂ ਲੜ ਰਹੇ ਹਨ, ਉਨ੍ਹਾਂ ਤੋਂ ਇਲਾਕਾ ਬਦਲਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੰਜਾਬ ਚੋਣਾਂ ਨੂੰ ਲੈ ਕੇ ਡੇਰੇ ਨੇ ਹੁਣ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਨਾ ਕਿਸੇ ਨੂੰ ਸਮਰਥਨ ਦਾ ਐਲਾਨ ਕੀਤਾ ਹੈ।
ਅਸਲ 'ਚ ਪੰਜਾਬ ਦੇ ਮਾਲਵਾ ਇਲਾਕੇ ਦੀ ਸਿਆਸਤ ਡੇਰੇ ਦੀ ਅਣਦੇਖੀ ਕਰਕੇ ਨਹੀਂ ਕੀਤੀ ਜਾ ਸਕਦੀ। ਇਸ ਇਲਾਕੇ 'ਚ ਡੇਰਾ ਸੱਚਾ ਸੌਦਾ ਦਾ ਖਾਸਾ ਅਸਰ ਹੈ ਅਤੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਵੋਟਰਾਂ ਦੀ ਮੌਜੂਦਗੀ ਵੀ ਹੈ। ਮਾਲਵਾ ਦੇ 69 ਵਿਧਾਨ ਸਭਾ ਖੇਤਰਾਂ 'ਚੋਂ 45 'ਤੇ ਡੇਰਾ ਪ੍ਰੇਮੀ ਚੋਣ ਦਾ ਰੁਖ ਤੈਅ ਕਰਦੇ ਹਨ। 2007 ਦੀਆਂ ਚੋਣਾਂ 'ਚ ਡੇਰਾ ਨੇ ਖੁੱਲੇਆਮ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਅਤੇ 37 ਸੀਟਾਂ ਕਾਂਗਰਸ ਦੀ ਝੋਲੀ 'ਚ ਆਈਆਂ ਸਨ। ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਇਹ ਇਲਾਕਾ ਕਾਂਗਰਸੀ ਰੰਗ 'ਚ ਰੰਗਿਆ ਗਿਆ ਸੀ। ਪਿਛਲੀਆਂ ਚੋਣਾਂ ਤੋਂ ਬਾਅਦ ਡੇਰਾ ਮੁਖੀ ਦੀ ਵਿਵਾਦਿਤ ਤਸਵੀਰ ਆਈ ਅਤੇ ਅਕਾਲੀ ਦਲ-ਭਾਜਪਾ ਸਰਕਾਰ ਨਾਲ ਉਸਦੇ ਸੰਬੰਧਾਂ 'ਚ ਖਟਾਸ ਪੈਦਾ ਹੋ ਗਈ ਸੀ ਪਰ ਸਿਆਸਤ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। ਬਗੈਰ ਆਪਣਾ ਪੁਰਾਣਾ ਸਿੱਖ ਵੋਟ ਬੈਂਕ ਗੁਆਏ ਅਕਾਲੀ ਦਲ ਇਸ ਵਾਰ ਫਿਰ ਮਾਲਵਾ 'ਤੇ ਪਕੜ ਬਣਾਉਣ ਨੂੰ ਬੇਚੈਨ ਹੈ।
ਪੰਜਾਬ ਦੇ ਕਈ ਇਲਾਕਿਆਂ 'ਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਹੁਣ ਵੀ ਖਟਾਸ ਖਤਮ ਨਹੀਂ ਹੋਈ ਪਰ ਮਾਲਵਾ ਦੀ ਅਣਦੇਖੀ ਵੀ ਅਕਾਲੀ ਦਲ ਲਈ ਮੁਮਕਿਨ ਨਹੀਂ ਇਸ ਲਈ ਸਮਝੌਤੇ ਦੀ ਰਾਹ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਪੰਜਾਬ ਦੀ ਕੁਲ 117 ਸੀਟਾਂ 'ਚੋਂ 69 ਸੀਟਾਂ ਮਾਲਵਾ ਇਲਾਕੇ 'ਚ ਆਉਂਦੀਆਂ ਹਨ। ਇਸੇ ਇਲਾਕੇ 'ਚ ਡੇਰੇ ਦਾ ਸਭ ਤੋਂ ਜ਼ਿਆਦਾ ਦਬਦਬਾ ਹੈ ਲਿਹਾਜ਼ਾ ਡੇਰੇ ਦਾ ਅਸ਼ੀਰਵਾਦ ਲੈਣ ਲਈ ਹਰ ਪਾਰਟੀ ਦੇ ਉਮੀਦਵਾਰਾਂ 'ਚ ਦੌੜ ਲੱਗੀ ਹੈ। ਇਹ ਗੱਲ ਵੱਖ ਹੈ ਕਿ ਇਸ ਵਾਰ ਡੇਰੇ ਨੇ ਆਪਣੇ ਪੱਤੇ ਅਜੇ ਤੱਕ ਨਹੀਂ ਖੋਲ੍ਹੇ ਹਨ।
 ਹਵਾਈ ਅੱਡੇ 'ਤੇ ਆਤਮਘਾਤੀ ਹਮਲਾ!
ਕੰਧਾਰ,  19 ਜਨਵਰੀ -  ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਕੰਧਾਰ 'ਚ ਵਿਦੇਸ਼ੀ ਸੈਨਾ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਤਾਲਿਬਾਨੀ ਅੱਤਵਾਦੀਆਂ  ਨੇ ਆਤਮਘਾਤੀ ਹਮਲਾ ਕੀਤਾ ਜਿਸ 'ਚ ਘੱਟੋ-ਘੱਟ 6 ਲੋਕ ਮਾਰੇ ਗਏ। ਅੱਤਵਾਦੀ ਸੰਗਠਨ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੰਧਾਰ ਪ੍ਰਾਂਤ ਦੇ ਪੁਲਸ ਮੁਖੀ ਅਬਦੁੱਲ ਰਜ਼ਾਕ ਨੇ ਇਥੇ ਦੱਸਿਆ ਕਿ ਹਮਲਾਵਰ ਪੈਦਲ ਆਇਆ ਸੀ ਅਤੇ ਉਸ ਨੇ ਕੰਧਾਰ ਏਅਰ ਫੀਲਡ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਾਲੇ ਉਸਨੇ ਵਿਸਫੋਟ ਕਰਕੇ ਖੁਦ ਨੂੰ ਉਡਾ ਦਿੱਤਾ। ਵਿਸਫੋਟ ਦੀ ਲਪੇਟ 'ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਗਈ।  ਹਾਲਾਂਕਿ ਨਾਟੋ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰ ਵਾਹਨ 'ਚ ਆਇਆ ਸੀ। ਸੂਤਰਾਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਬਾਅਦ ਕਰੀਬ 1.13 ਮਿੰਟ 'ਤੇ ਹੋਇਆ ਇਹ ਹਮਲਾ ਹਵਾਈ ਅੱਡੇ ਦੇ ਬਾਹਰੀ ਹਿੱਸੇ 'ਚ ਹੋਇਆ ਜਿੱਥੇ ਵਿਦੇਸ਼ੀ ਸੈਨਾ ਦੇ ਹਜ਼ਾਰਾਂ ਜਵਾਨ ਰਹਿੰਦੇ ਹਨ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹੀ ਇਹ ਹਮਲਾ ਕੀਤਾ ਗਿਆ ਸੀ। ਹਾਲਾਂਕਿ ਨਾਟੋ ਨੇ ਦੱਸਿਆ ਕਿ ਹਮਲੇ 'ਚ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਹੈ।
 ਬੁਨਿਆਦੀ ਜਿੰਮੇਦਾਰੀਆਂ ਨਿਭਾਉਣ 'ਚ ਅਸਫਲ ਰਹੀ ਸੂਬਾ ਸਰਕਾਰ : ਸੋਨੀਆ
ਕਪੂਰਥਲਾ : ਪੰਜਾਬ ਸਰਕਾਰ 'ਤੇ  ਮਹਾਤਮਾ ਗਾਂਧੀ ਪੇਂਡੂ ਵਿਕਾਸ ਰੁਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਲਈ ਕੇਂਦਰ ਸਰਕਾਰ ਤੋਂ ਮਿਲੀ ਰਾਸ਼ੀ ਖਰਚ ਨਹੀਂ ਕਰਨ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਪਿਛਲੇ 5 ਸਾਲਾਂ 'ਚ ਬੁਨਿਆਦੀ ਜਿੰਮੇਦਾਰੀਆਂ ਨਿਭਾਉਣ 'ਚ ਅਸਫਲ ਰਹੀ ਹੈ।
ਕਾਂਗਰਸ ਵਲੋਂ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ 'ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦੇ ਸੋਨੀਆ ਨੇ ਕਿਹਾ ਕਿ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਦੌਰਾਨ ਵਿਕਾਸ ਦੀ ਜੋ ਗਤੀ ਸੀ ਉਹ ਮੌਜੂਦਾ ਸਰਕਾਰ ਦੌਰਾਨ ਰੁਕ ਗਈ।
ਸੋਨੀਆ ਨੇ ਕਿਹਾ, '' ਅਸੀਂ ਪੰਜਾਬ ਨੂੰ ਹਜ਼ਾਰਾਂ ਕਰੋੜ ਰੁ. ਦਿੱਤੇ। ਵਿਕਾਸ ਦੀਆਂ ਵੱਖ-ਵੱਖ ਯੋਜਨਾਵਾਂ ਅਰੰਭ ਕੀਤੀਆਂ ਪਰ ਉਨ੍ਹਾਂ ਦਾ ਲਾਭ ਪੰਜਾਬ ਦੀ ਜਨਤਾ ਨੂੰ ਨਹੀਂ ਮਿਲਿਆ। ਅਸੀਂ ਮਨਰੇਗਾ ਦੇ ਲਈ ਪੰਜਾਬ ਸਰਕਾਰ ਨੂੰ 5 ਸਾਲਾਂ 'ਚ 5 ਹਜਾਰ ਕਰੋੜ ਰੁ. ਦਿੱਤੇ ਹਨ ਪਰ ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਉਸ ਨੇ 5 ਸੌ 26 ਕਰੌੜ ਰੁ. ਹੀ ਖਰਚ ਕੀਤੇ। ''
ਉਨ੍ਹਾਂ ਕਿਹਾ, '' ਅਕਾਲੀ-ਭਾਜਪਾ ਗੱਠਜੋੜ ਦੀਆਂ ਨੀਤੀਆਂ ਕਾਰਨ ਸੂਬੇ 'ਚੋਂ ਉਦਯੋਗ-ਧੰਦੇ ਦੂਜੇ ਰਾਜਾਂ 'ਚ ਚਲੇ ਗਏ ਹਨ ਤੇ ਇੱਥੋਂ ਦੇ ਲੋਕ ਬੇਰੁਜ਼ਗਾਰ ਹੋ ਗਏ ਹਨ। ਸਰਕਾਰ ਨੇ ਅਜਿਹੀਆਂ ਨੀਤੀਆਂ ਬਣਾਈਆਂ ਹਨ ਜਿਸ ਨਾਲ ਸਿਖਿਆ, ਸਿਹਤ ਅਤੇ ਬੁਨਿਆਦੀ ਵਿਵਸਥਾਵਾਂ ਬਰਬਾਦ ਹੋ ਗਈਆਂ ਤੇ ਗਰੀਬ ਤਬਕਾ ਇਨ੍ਹਾਂ ਤੋਂ ਵਾਝਾਂ ਹੋ ਗਿਆ। ''
ਉਨ੍ਹਾਂ ਨੇ ਸੂਬਾ ਸਰਕਾਰ 'ਤੇ ਦੋਸ਼ ਲਾਇਆ ਕਿ ਉਸ ਨੇ ਜਾਣਬੁਝ ਕੇ ਅਜਿਹੀਆਂ ਨੀਤੀਆਂ ਬਣਾਈਆਂ ਜਿਸ ਨਾਲ ਸਰਕਾਰ ਨੂੰ ਚਲਾਉਣ ਵਾਲੇ ਆਗਆਂ ਨੂੰ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਲਾਭ ਮਿਲਿਆ। ਇਨ੍ਹਾਂ ਨੀਤੀਆਂ ਦਾ ਗਰੀਬਾਂ ਨੂੰ ਕੋਈ ਲਾਭ ਨਹੀਂ ਹੋਇਆ, ਜਿਸ ਕਾਰਨ ਇੱਥੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ।
ਸੋਨੀਆ ਨੇ ਅਪੀਲ ਕਰਦਿਆਂ ਕਿਹਾ ਕਿ ਤੁਹਾਡੀ ਇਛਾ ਹੈ ਕਿ ਤੁਸੀਂ ਇਸੇ ਵਿਵਸਥਾ 'ਚ ਰਹਿਣਾ ਚਹੁੰਦੇ ਹੋ ਜਾਂ ਇਸ ਨੂੰ ਬਦਲਣਾ ਚਹੁੰਦੇ ਹੋ।
 ਗਰੀਬਾਂ ਨੂੰ ਮਿਲੇਗਾ 1 ਰੁ. ਕਿਲੋ ਆਟਾ : ਅਮਰਿੰਦਰ
ਮੋਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਗਰੀਬਾਂ ਨੂੰ 1 ਰੁ. ਕਿਲੋ ਆਟਾ ਤੇ ਕਿਸਾਨਾ ਨੂੰ ਫਸਲ ਬੀਮਾ ਦੇਣ ਦਾ ਐਲਾਨ ਕੀਤਾ ਹੈ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਚਾਰਾਧੀਨ ਖਾਧ ਸੁਰੱਖਿਆ ਕਨੂੰਨ ਦੇ ਤਹਿਤ ਪੂਰੇ ਦੇਸ਼ ਦੇ ਗਰੀਬਾਂ ਨੂੰ 1 ਰੁ. ਕਿਲੋ ਆਟਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਇਸ ਬਿਲ ਨੂੰ ਮੰਜੂਰੀ ਮਿਲ ਚੁੱਕੀ ਹੈ ਤੇ ਇਸ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ।
ਅਮਰਿੰਦਰ ਨੇ ਕਿਹਾ ਕਿ ਇਹ ਅਕਾਲੀਆਂ ਵਲੋਂ ਐਲਾਨੇ 4 ਰੁ. ਪ੍ਰਤੀ ਕਿਲੋ ਦਰ ਤੋਂ ਵੀ ਕਿਤੇ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀਆਂ ਵਲੋਂ ਦਿੱਤੀ ਗਈ ਇਹ ਦਰ ਉਨ੍ਹਾਂ ਦੀ ਨਹੀਂ ਹੈ, ਕਿਉਂਕਿ ਕੇਂਦਰ ਸਰਕਾਰ ਗਰੀਬਾਂ 'ਚ ਵੰਡਣ ਲਈ ਸੂਬੇ ਨੂੰ ਹਰ ਮਹੀਨੇ 10 ਹਜ਼ਾਰ ਟਨ ਕਣਕ ਮੁਹੱਈਆ ਕਰਾਉਂਦੀ ਹੈ।