Sunday 18 March 2012


ਟੈਕਨੋ-ਫੈਸਟ ਦੇ ਦੂਸਰੇ ਦਿਨ ਸਟਾਰ ਨਾਈਟ 'ਚ ਕਮਲ ਹੀਰ
ਨੇ ਕਰਵਾਈ ਬੱਲੇ-ਬੱਲੇ

ਸਟਾਰ ਨਾਈਟ 'ਚ ਦਰਸ਼ਕਾਂ ਦਾ ਮਨੌਰੰਜਨ ਕਰਦੇ ਹੋਏ ਗਾਇਕ ਕਮਲ ਹੀਰ।
ਹੁਸ਼ਿਆਰਪੁਰ/ਜਹਾਨਖੇਲਾਂ-17 ਮਾਰਚ ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਬਜਵਾੜਾ ਹੁਸ਼ਿਆਰਪੁਰ ਵਿਖੇ ਸਾਲਾਨਾ ਸਭਿਆਚਾਰਕ ਅਤੇ ਟੈਕਨੋ-ਫੈਸਟ ਅਨੰਤ-2012 ਦੇ ਦੂਜੇ ਦਿਨ ਸਟਾਰ ਨਾਈਟ ਕਰਵਾਈ ਗਈ। ਜਿਸ 'ਚ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਕਮਲ ਹੀਰ ਨੇ ਦੇਰ ਰਾਤ ਤੱਕ ਸਰੋਤਿਆਂ ਦਾ ਭਰਪੂਰ ਮਨੌਰੰਜਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਰਿਜਨਲ ਸੈਂਟਰ ਦੇ ਡਾਇਰੈਕਟਰ ਪ੍ਰੋ. ਜੇ.ਕੇ. ਗੋਸਵਾਮੀ ਅਤੇ ਡਾ: ਵੀ. ਕੇ. ਨੇਗੀ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਜੀ ਆਇਆ ਆਖਿਆ। ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਟਾਰ ਨਾਈਟ ਦੌਰਾਨ ਗਾਇਕ ਕਮਲ ਹੀਰ ਨੇ ਆਪਣੇ ਮਸ਼ਹੂਰ ਗਾਣੇ 'ਜਿੰਦੇ ਨੀ ਜਿੰਦੇ', 'ਸਾਲ 2001 ਮਹੀਨਾ ਭੈੜਾ ਮਈ ਦਾ', 'ਫੇਸਬੁੱਕ', 'ਇੰਡੀਆ ਤੋਂ ਆਇਆ ਕੱਲ੍ਹ ਫੋਨ ਯਾਰ ਦਾ', 'ਕਦੇ ਖ਼ੂਨ ਨੇ ਘੱਟਣਾ ਨਾ', 'ਕੈਂਠੇ ਵਾਲਾ ਪੁੱਛੇ ਤੇਰਾ ਨਾਂਅ', 'ਲੋਕੀ ਕਹਿੰਦੇ ਕਮਲੀ-ਕਮਲੀ' ਅਤੇ ਹੋਰਨਾਂ ਅਨੇਕਾਂ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੌਰੰਜਨ ਕੀਤਾ। ਸਟਾਰ ਨਾਈਟ ਦੇ ਆਖ਼ੀਰ 'ਚ ਕਨਵੀਨਰ ਡਾ: ਵੀ.ਕੇ. ਨੇਗੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਮਨਜੀਤ ਸਿੰਘ ਨਾਇਬ ਤਹਿਸੀਲਦਾਰ, ਐਡਵੋਕੇਟ ਇੰਦਰਪਾਲ ਸਿੰਘ, ਸ: ਅਮਰਪਾਲ ਸਿੰਘ ਕਾਕਾ, ਐਡਵੋਕੇਟ ਕੁਲਦੀਪ ਸਿੰਘ, ਸ: ਕੁਲਦੀਪ ਸਿੰਘ ਹੱਲੂਵਾਲ, ਸ: ਸਰਤਾਜ ਸਿੰਘ ਹੱਲੂਵਾਲ, ਡਾ. ਸਤੀਸ਼ ਕੁਮਾਰ ਕੋਆਰਡੀਨੇਟਰ ਐਮ.ਸੀ.ਏ. ਵਿਭਾਗ, ਡਾ. ਗੁਰਿੰਦਰ ਸਿੰਘ, ਪ੍ਰੋ: ਮੋਨਿਕਾ, ਪ੍ਰੋ: ਮਨੂੰ ਡੋਗਰਾ, ਪ੍ਰੋ. ਪੂਜਾ ਸੂਦ, ਪ੍ਰੋ. ਸੁਖਵੀਰ ਕੌਰ, ਪ੍ਰੋ: ਸੁਨੀਲ ਕੁਮਾਰ, ਪ੍ਰੋ: ਰਜਿੰਦਰ ਕੁਮਾਰ, ਪ੍ਰੋ. ਵਿਨੈ ਸ਼ਰਮਾ, ਪ੍ਰੋ. ਕਮਲਜੀਤ ਸਿੰਘ ਮੱਲੀ, ਡਾ. ਕਮਿਕਸ਼ਾ, ਪ੍ਰੋ. ਵਿਨੈ ਅਰੋੜਾ, ਪ੍ਰੋ. ਨੀਰਜ ਸ਼ਰਮਾ ਆਦਿ ਵੀ ਹਾਜ਼ਰ ਸਨ।
ਬਾਦਲ ਵੱਲੋਂ ਨਾਬਾਰਡ ਦੀਆਂ ਸਕੀਮਾਂ ਦੇ ਬਕਾਇਆ ਫੰਡਾਂ ਦੀ
ਪੂਰੀ ਵਰਤੋਂ ਕਰਨ ਦੀਆਂ ਹਦਾਇਤਾਂ

ਚੰਡੀਗੜ੍ਹ 17 ਮਾਰਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਾਬਾਰਡ ਦੇ ਪੰਜਾਬ ਖੇਤਰ ਦੇ ਚੀਫ ਜਨਰਲ ਮੈਨੇਜਰ ਸ੍ਰੀ ਕ੍ਰਿਸ਼ਨ ਜਿੰਦਲ ਨੂੰ ਆਖਿਆ ਕਿ ਵੱਖ-ਵੱਖ ਸਕੀਮਾਂ ਤਹਿਤ ਨਾਬਾਰਡ ਦੇ ਪ੍ਰਵਾਨਿਤ ਫੰਡਾਂ ਨੂੰ ਨਿਰਧਾਰਤ ਸਮੇਂ ਵਿੱਚ ਵਰਤੋਂ 'ਚ ਲਿਆਂਦਾ ਜਾਵੇ ਤਾਂ ਜੋ ਇਹ ਫੰਡ ਖਤਮ ਹੋਣ ਤੋਂ ਬਚ ਸਕਣ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਾਬਾਰਡ ਦੀ ਟੀਮ ਦੇ ਮੁੱਖ ਨੁਮਾਇੰਦੇ ਸ੍ਰੀ ਕ੍ਰਿਸ਼ਨ ਜਿੰਦਲ ਵੱਲੋਂ ਨਾਬਾਰਡ ਦੀਆਂ ਸਕੀਮਾਂ ਤਹਿਤ ਪੰਜਾਬ ਵੱਲੋਂ ਨਾ ਵਰਤੇ ਗਏ ਫੰਡਾਂ/ਵਰਤੇ ਗਏ ਫੰਡਾਂ ਬਾਰੇ ਤਿਆਰ ਕੀਤੀ ਰਿਪੋਰਟ ਦੀ ਸਮੀਖਿਆ ਕੀਤੀ। ਟੀਮ ਦੇ ਹੋਰਨਾਂ ਮੈਂਬਰਾਂ ਵਿੱਚ ਜਨਰਲ ਮੈਨੇਜਰ ਸ੍ਰੀ ਡੀ. ਸੀ. ਸ਼ਰਮਾ ਅਤੇ ਏ. ਜੀ. ਐੱਮ. ਸ੍ਰੀ ਆਰ. ਆਰ. ਬਦਿਆਲ ਨੇ ਵੀ ਮੁੱਖ ਮੰਤਰੀ ਨੂੰ ਚਾਲੂ ਮਾਲੀ ਸਾਲ 2011-12 ਵਿੱਚ ਚੱਲ ਰਹੇ ਪ੍ਰਾਜੈਕਟਾਂ ਲਈ ਪੰਜਾਬ ਦੇ ਹਿੱਸੇ ਦੀ ਨਾਬਾਰਡ ਪਾਸ ਵਰਤੋਂ ਲਈ ਪਈ 130 ਕਰੋੜ ਦੇ ਕਰਜ਼ੇ ਦੀ ਰਕਮ ਨੂੰ ਬਕਾਇਆ ਸਕੀਮਾਂ ਲਈ ਜਾਰੀ ਕਰਵਾਏ ਜਾਣ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਇਸੇ ਤਰ੍ਹਾਂ ਚਾਲੂ ਵਿੱਤੀ ਸਾਲ ਦੌਰਾਨ ਆਰ. ਆਈ. ਡੀ. ਐੱਫ. ਕਰਜ਼ਾ ਤਹਿਤ 50 ਕਰੋੜ ਰੁਪਏ ਦਾ ਇਕ ਨਵਾਂ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਵੀ ਦਿੱਤੀ। ਮੀਟਿੰਗ ਦੌਰਾਨ ਸ੍ਰੀ ਜਿੰਦਲ ਨੇ ਦੱਸਿਆ ਕਿ ਨਾਬਾਰਡ ਤੈਅ ਕੀਤੇ ਫੰਡਾਂ ਤੋਂ ਵੱਧ ਫੰਡ ਜਾਰੀ ਨਹੀਂ ਕਰ ਸਕਦਾ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਰਾਜ ਨੂੰ 450 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਨਾਲ ਸਾਲ 2012-13 ਲਈ ਨਿਰਧਾਰਤ ਹੱਦ ਵਧਾ ਕੇ 600 ਕਰੋੜ ਕਰਨ ਦਾ ਮਾਮਲਾ ਉਠਾਇਆ ਜਾਵੇ। ਸ. ਬਾਦਲ ਨੇ ਸਿੰਜਾਈ, ਡਰੇਨੇਜ਼, ਕੰਢੀ ਖੇਤਰ ਵਿਕਾਸ, ਜਲ ਸਪਲਾਈ ਅਤੇ ਸਫਾਈ, ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਅਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰਾਂ ਨੂੰ ਆਦੇਸ਼ ਦਿੱਤੇ ਕਿ 20 ਮਾਰਚ, 2012 ਤੱਕ ਵਿੱਤ ਵਿਭਾਗ ਰਾਹੀਂ ਨਾਬਾਰਡ ਪਾਸੋ ਫੰਡ ਲੈਣ ਲਈ ਪ੍ਰਾਜੈਕਟ ਰਿਪੋਰਟਾਂ ਸੌਂਪਣ ਤਾਂ ਜੋ ਨਾਬਾਰਡ ਪਾਸ ਬਕਾਇਆ ਫੰਡਾਂ ਨੂੰ ਵਰਤੋਂ ਵਿੱਚ ਲਿਆ ਕੇ ਰਾਜ ਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਉਸਾਰੀ ਅਤੇ ਵੇਅਰ ਹਾਊਸ ਦਾ ਨਿਰਮਾਣ ਕਰਨ ਲਈ ਅਗਲੇ ਦੋ ਦਿਨ ਤੱਕ ਨਾਬਾਰਡ ਨੂੰ ਪ੍ਰਾਜੈਕਟ ਰਿਪੋਰਟਾਂ ਵੀ ਭੇਜੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਚਾਲੂ ਮਾਲੀ ਸਾਲ ਵਿੱਚ ਨਾਬਾਰਡ ਦੀਆਂ ਸਕੀਮਾਂ ਹੇਠ ਲਿਆ ਜਾ ਸਕੇ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਵਿੱਤ ਕਮਿਸ਼ਨਰ ਮਾਲ ਸ. ਐੱਨ. ਐੱਸ. ਕੰਗ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ. ਐੱਸ. ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਕੇ. ਜੇ. ਐੱਸ. ਚੀਮਾ ਤੇ ਸ. ਕੇ. ਐੱਸ. ਪੰਨੂ, ਪ੍ਰਮੁੱਖ ਸਕੱਤਰ ਪਸ਼ੂ-ਪਾਲਣ ਸ. ਜਗਪਾਲ ਸਿੰਘ ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ. ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਸਿੰਜਾਈ ਸ. ਕੇ. ਬੀ. ਐੱਸ. ਸਿੱਧੂ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ. ਐਂਡ. ਆਰ.) ਸ. ਪੀ. ਐੱਸ. ਔਜਲਾ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਅਤੇ ਤਕਨੀਕੀ ਸਿੱਖਿਆ ਸ੍ਰੀ ਐੱਸ. ਐੱਸ. ਚੰਨੀ ਅਤੇ ਸਕੱਤਰ ਜਲ ਸਪਲਾਈ ਅਤੇ ਸਫਾਈ ਸ੍ਰੀ ਸੰਜੇ ਕੁਮਾਰ ਹਾਜ਼ਰ ਸਨ।
ਸਿਟੀ ਸੈਂਟਰ ਘੁਟਾਲਾ
ਅਗਲੀ ਸੁਣਵਾਈ 7 ਅਪ੍ਰੈਲ ਨੂੰ

ਪੇਸ਼ੀ ਭੁਗਤਣ ਆਏ ਚੌਧਰੀ ਜਗਜੀਤ ਸਿੰਘ ਅਦਾਲਤ ਵਿਚ ਜਾਂਦੇ ਹੋਏ।
ਲੁਧਿਆਣਾ.- 17 ਮਾਰਚ  ਸਥਾਨਕ ਅਦਾਲਤ 'ਚ ਬਹੁਕਰੋੜੀ ਸਿਟੀ ਸੈਂਟਰ ਘੁਟਾਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ। ਅੱਜ ਅਦਾਲਤ ਵਿਚ ਨਾਮਜ਼ਦ ਕੀਤੇ ਮੁੱਖ ਕਥਿਤ ਦੋਸ਼ੀ ਕੈਪਟਨ ਅਮਰਿੰਦਰ ਸਿੰਘ ਸਮੇਤ 11 ਵਿਅਕਤੀ ਹਾਜ਼ਰ ਨਹੀਂ ਹੋਏ। ਅੱਜ ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਸ: ਕੇ. ਐੱਸ. ਕੰਗ ਨੇ ਕੀਤੀ। ਸੈਸ਼ਨ ਜੱਜ ਸ੍ਰੀ ਐੱਸ. ਪੀ. ਬਾਂਗੜ ਦੀ ਸੇਵਾ ਮੁਕਤੀ ਤੋਂ ਬਾਅਦ ਸੈਸ਼ਨ ਜੱਜ ਦੀ ਨਿਯੁਕਤੀ ਨਾ ਹੋਣ ਕਾਰਨ ਸੁਣਵਾਈ ਮਾਨਯੋਗ ਜੱਜ ਕੇ. ਐਸ. ਕੰਗ ਨੇ ਕੀਤੀ। ਅੱਜ ਅਦਾਲਤ ਵਿਚ ਕੈਪਟਨ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ, ਦਾਮਾਦ ਰਮਿੰਦਰ ਸਿੰਘ ਰਿਚੀ ਸਮੇਤ 11 ਵਿਅਕਤੀ ਹਾਜ਼ਰ ਨਹੀਂ ਸਨ। ਇਨ੍ਹਾਂ ਦੇ ਵਕੀਲਾਂ ਨੇ ਗੈਰ ਹਾਜ਼ਰੀ ਦੇ ਵੱਖ-ਵੱਖ ਕਾਰਨ ਦੱਸੇ। ਮਾਨਯੋਗ ਜੱਜ ਨੇ ਬਾਕੀ ਕਥਿਤ ਦੋਸ਼ੀਆਂ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ। ਅੱਜ ਅਦਾਲਤ ਵਿਚ ਮੁੱਖ ਤੌਰ 'ਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਵੀ ਹਾਜ਼ਰ ਸਨ।
ਪੰਜਾਬ ਵਿਚ ਕਾਂਗਰਸ ਨੂੰ 'ਅ' ਅੱਖਰ ਦਾ ਸੰਤਾਪ ਹੀ ਲੈ
ਡੁੱਬਾ-ਬੀਰ ਦਵਿੰਦਰ ਸਿੰਘ
ਪਟਿਆਲਾ, 17 ਮਾਰਚ-ਪੰਜਾਬ ਦੇ ਸਾਬਕਾ ਉਪ ਸਪੀਕਰ ਸ: ਬੀਰ ਦਵਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਿੱਧਾ ਨਿਸ਼ਾਨ ਸਾਧਦਿਆਂ ਇੱਕ ਪ੍ਰੈੱਸ ਬਿਆਨ 'ਚ ਆਖਿਆ ਕਿ ਜੇਕਿਰ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕੋਈ ਅਤਿਕਥਨੀ ਨਹੀਂ, ਉਨ੍ਹਾਂ ਨੂੰ ਖ਼ੁਦ ਹੀ ਅਸਤੀਫ਼ਾ ਦੇ ਕੇ ਬਾਗ਼ੀ ਸੁਰਾਂ ਦਾ ਮੂੰਹ ਬੰਦ ਕਰਾ ਦੇਣਾ ਚਾਹੀਦਾ ਹੈ। ਉਨ੍ਹਾਂ ਇੱਕ ਲਿਖਤੀ ਬਿਆਨ 'ਚ ਕਿਹਾ ਕਿ ਇਸ ਨੂੰ ਵਕਤ ਦੀ ਸਿਤਮ-ਜ਼ਰੀਫ਼ੀ ਕਹੋ ਜਾਂ ਫਿਰ ਮਹਿਜ਼ ਇਤਫ਼ਾਕ, ਪਰ ਮੰਜ਼ਰ ਬੜਾ ਦਿਲਚਸਪ ਹੈ। ਅਚਨਚੇਤ ਮੇਰੀ ਸੋਚ ਉਡਾਰੀ, ਪੰਜਾਬੀ ਬੋਲੀ ਦੀ ਗੁਰਮੁਖੀ ਲਿਪੀ ਦੇ 'ਅ' ਅੱਖਰ 'ਤੇ ਆ ਠਹਿਰੀ, ਇੱਕ ਦਮ ਮੇਰੇ ਮਨ ਵਿਚ 'ਅ' ਅਮਰਿੰਦਰ ਸਿੰਘ ਤੇ ਫਿਰ 'ਅ' ਤੋਂ ਸ਼ੁਰੂ ਹੋਣ ਵਾਲੇ ਅੱਖਰਾਂ ਦੀ ਝੜੀ ਲੱਗ ਗਈ ਤੇ ਇਹ ਸਾਰੇ ਹੀ ਅੱਖਰ ਕਿਸੇ ਨਾ ਕਿਸੇ ਸੰਦਰਭ ਵਿਚ, ਕੈਪਟਨ ਅਮਰਿੰਦਰ ਸਿੰਘ ਨਾਲ ਜੁੜਦੇ ਸਨ, ਜਿਵੇਂ 'ਅ' ਅਮਰਿੰਦਰ 'ਅ' ਅਸਫਲ 'ਅ' ਅਸਤੀਫ਼ਾ, 'ਅ' ਅੜ ਜਾਣਾ 'ਅ' ਅੜੀਅਲ, 'ਅ' ਅਹੰਕਾਰ ਤੇ 'ਅ' ਐਸ਼ ਤੇ 'ਅ' ਅੱਯਾਸ਼ੀ ਆਦਿ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਬਾਨੀ ਬਾਬਾ 'ਅ' ਆਲਾ ਸਿੰਘ ਦੀ 'ਅ' ਆਲੀਸ਼ਾਨ ਰਿਆਸਤੀ ਵਿਰਾਸਤ ਦਾ 'ਅ' ਅਲਮਬਰਦਾਰ ਹੈ। ਕੁਲ-ਹਿੰਦ ਕਾਂਗਰਸ ਵਿਚ ਇਸ ਦਾ ਵੱਡਾ ਮੁੱਦਈ 'ਅ' ਅਹਿਮਦ ਪਟੇਲ ਤੇ ਅੰਬਿਕਾ ਸੋਨੀ ਹੈ, ਪੰਜਾਬ ਕਾਂਗਰਸ ਵਿਚ ਇਸ ਦਾ ਪੱਕਾ ਆੜੀ 'ਅ' ਅਰਵਿੰਦ ਖੰਨਾ ਹੈ ਤੇ ਇਸ ਦਾ 'ਅ' ਆਫ਼ੀਸਰ ਔਨ ਸਪੈਸ਼ਲ ਡਿਊਟੀ 'ਅ' ਅਮਰਦੀਪ ਸਿੰਘ (ਮੇਜਰ) ਹੈ। ਪਾਕਿਸਤਾਨੀ ਔਰਤ ਪੱਤਰਕਾਰ 'ਅ' ਅਰੂਸਾ ਆਲਮ ਨਾਲ ਅਮਰਿੰਦਰ ਸਿੰਘ ਦੀ ਹੱਦੋਂ ਵੱਧ ਆਸ਼ਨਾਈ ਨੇ ਉਸ ਨੂੰ ਕਾਂਗਰਸ ਦੇ ਆਮ ਸਾਧਾਰਨ ਵਰਕਰ ਅਤੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ 'ਅਪਹੁੰਚ' ਬਣਾਈ ਰੱਖਿਆ। ਹੁਣ ਪੰਜਾਬ ਅਤੇ ਦਿੱਲੀ ਦੇ ਕਾਂਗਰਸੀਆਂ ਲਈ, 'ਸਮੇਂ ਦੇ ਸੱਚ' ਦਾ ਏਹੀ ਸਬਕ ਹੈ ਕਿ 'ਅ' ਅਮਰਿੰਦਰ ਸਿੰਘ ਤੋਂ ਪੱਲਾ ਛੁਡਾਓ ਤੇ ਬਾਕੀ ਆੜਿਆਂ ਨਾਲ ਜੁੜੀਆਂ ਅਲਾਮਤਾਂ ਤੋਂ ਕਾਂਗਰਸ ਦਾ ਖਹਿੜਾ ਆਪਣੇ ਆਪ ਹੀ ਛੁੱਟ ਜਾਵੇਗਾ।
ਰੇਲ ਬਜਟ ਤੋਂ ਬਾਅਦ ਹੁਣ ਆਮ ਬਜਟ ਵੀ ਪੰਜਾਬ-ਵਿਰੋਧੀ
ਅਤੇ ਲੋਕ-ਮਾਰੂ ਸਾਬਤ ਹੋਇਆ-ਮਜੀਠੀਆ

ਸ: ਬਿਕਰਮ ਸਿੰਘ ਮਜੀਠੀਆ ਨੂੰ ਬਾਬਾ ਸੱਜਣ ਸਿੰਘ ਸਿਰਪਾਓ ਦੇ ਕੇ ਸਨਮਾਨਿਤ
ਕਰਦੇ ਹੋਏ ।
ਮੱਤੇਵਾਲ, 17 ਮਾਰਚ -ਪੰਜਾਬ ਦੇ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ, ਗ਼ੈਰ ਰਵਾਇਤੀ ਊਰਜਾ ਅਤੇ ਐੱਨ. ਆਰ. ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਲ 2012-13 ਦੇ ਆਮ ਬਜਟ ਅਤੇ ਰੇਲ ਬਜਟ ਦੋਵਾਂ ਵਿਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜਿੱਥੇ ਰੇਲ ਬਜਟ ਵਿਚ ਪੰਜਾਬ ਨੂੰ ਕੇਵਲ ਇੱਕ ਹੀ ਨਵੀਂ ਗੱਡੀ ਦਿੱਤੀ ਗਈ, ਉਥੇ ਆਮ ਬਜਟ ਵਿਚ ਰਾਜ ਦੀ ਕਿਸਾਨੀ ਨੂੰ ਮੰਦੀ ਤੋਂ ਰਾਹਤ ਦਿਵਾਉਣ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਅੱਜ ਸਥਾਨਕ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਬਾਬਾ ਸੱਜਣ ਸਿੰਘ ਵੱਲੋਂ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲ ਬਜਟ ਅਤੇ ਆਮ ਬਜਟ ਦੀਆਂ ਤਜ਼ਵੀਜ਼ਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣਾ ਪੰਜਾਬ-ਵਿਰੋਧੀ ਅਤੇ ਲੋਕ-ਮਾਰੂ ਚਿਹਰਾ ਬਦਲਣ ਦੀ ਕੋਈ ਖੇਚਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਰੇਲ ਬਜਟ ਦੌਰਾਨ ਪੰਜਾਬ ਨੂੰ ਸਿਰਫ਼ ਗੁਰੂ-ਪਰਿਕਰਮਾ ਰੇਲਗੱਡੀ ਨਾਲ ਹੀ ਸੰਤੁਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ ਜਦ ਕਿ ਆਮ ਜਨਤਾ 'ਤੇ ਰੇਲ ਕਿਰਾਏ ਵਧਾ ਕੇ ਭਾਰੀ ਬੋਝ ਪਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਮ ਬਜਟ ਵਿਚ ਵੀ ਪੰਜਾਬ ਦੇ ਕਿਸਾਨਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਅਤੇ ਉਨ੍ਹਾਂ ਦੀ ਕਰਜ਼ਾ-ਮੁਕਤੀ ਸਬੰਧੀ ਕੋਈ ਵੀ ਠੋਸ ਯੋਜਨਾ ਨਹੀਂ ਉਲੀਕੀ ਗਈ, ਜੋ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਹੋ ਚੁੱਕੀ ਕਿਸਾਨੀ ਲਈ ਹੋਰ ਧੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਤਲਬੀਰ ਸਿੰਘ ਗਿੱਲ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਬਾਬਾ ਗੁਰਭੇਜ ਸਿੰਘ ਖੁਜਾਲਾ, ਬਾਬਾ ਗੁਰਦੀਪ ਸਿੰਘ ਖੁਜਾਲਾ, ਸਰੰਪਚ ਮੇਜਰ ਸਿੰਘ ਕਲੇਰ, ਸਰਪੰਚ ਦਵਿੰਦਰ ਸਿੰਘ, ਸਰਵਣ ਸਿੰਘ ਰਾਮਦੀਵਾਲੀ, ਬਲਜੀਤ ਸਿੰਘ ਸਰਾਂ, ਅਮਰਪਾਲ ਸਿੰਘ ਪਾਲੀ, ਦਿਲਬਾਗ ਸਿੰਘ ਕਲੇਰ, ਗੁਰਪਾਲ ਸਿੰਘ ਤੰਨੇਲ, ਮਲਕੀਤ ਸਿੰਘ, ਰਣਧੀਰ ਸਿੰਘ ਭੋਏ ਆਦਿ ਮੌਜੂਦ ਸਨ।
ਸੰਤ ਰਾਮ ਸਿੰਘ ਗਿਆਰਵੀਂ ਵਾਲਿਆਂ ਦੀ ਤੀਸਰੀ ਬਰਸੀ
'ਤੇ ਭਾਵਭਿੰਨੀਆਂ ਸ਼ਰਧਾਂਜਲੀਆਂ

ਸੰਤ ਰਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਬਾਬਾ ਅਰਜਨ ਸਿੰਘ, ਜਥੇਦਾਰ ਤੋਤਾ ਸਿੰਘ,
ਬਾਬਾ ਸੁਰਿੰਦਰ ਸਿੰਘ ਤੇ ਸੰਤ ਨਿਰਮਲਜੀਤ ਦਾਸ।
ਸਮਾਗਮ ਦੇ ਦੌਰਾਨ ਸ਼ਾਮਿਲ ਸੰਗਤਾਂ।
ਮੋਗਾ. 17 ਮਾਰਚ  ਦੇਸ਼-ਵਿਦੇਸ਼ ਵਿਚ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸ਼ਖਸੀਅਤ ਸੱਚਖੰਡ ਵਾਸੀ ਪਰਮ ਸੰਤ ਰਾਮ ਸਿੰਘ ਗਿਆਰਵੀਂ ਵਾਲਿਆਂ ਦੀ ਤੀਸਰੀ ਬਰਸੀ 'ਤੇ ਉਨ੍ਹਾਂ ਦੇ ਸ਼ਗਿਰਦ ਬਾਬਾ ਕੁਲਵੰਤ ਸਿੰਘ ਦੀ 10ਵੀਂ ਬਰਸੀ ਮੌਜੂਦਾ ਗੱਦੀ ਨਸ਼ੀਨ ਬਾਬਾ ਅਰਜਨ ਸਿੰਘ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਤਿਸੰਗ ਘਰ ਦੌਧਰ ਵਿਖੇ ਮਨਾਈ ਗਈ। ਸੰਤ ਰਾਮ ਸਿੰਘ ਸਤਿਸੰਗ ਦੌਧਰ (ਮੋਗਾ) ਵਿਖੇ ਹੋਏ ਬਰਸੀ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਮੰਚ ਸੰਚਾਲਨ ਕਰਦਿਆਂ ਸਵਸਾਚਨ ਸਿੰਘ ਨੇ ਸੰਤ ਰਾਮ ਸਿੰਘ ਗਿਆਰਵੀਂ ਵਾਲਿਆਂ ਦੇ ਜੀਵਨ ਫਲਸਫੇ 'ਤੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਬਹੁਤ ਹੀ ਪਵਿੱਤਰ ਰੂਹ ਸਨ ਜਿੰਨ੍ਹਾਂ ਨੇ ਧਾਰਮਿਕ ਤੇ ਸਮਾਜ ਸੇਵੀ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਤੇ ਲੋਕਾਈ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਸੁਰਿੰਦਰ ਸਿੰਘ ਕਾਨਾ ਢੇਸੀਆਂ ਤੇ ਸੰਤ ਨਿਰਮਲ ਦਾਸ ਜੌੜੇ ਵਾਲਿਆਂ ਨੇ ਕਿਹਾ ਕਿ ਸੰਤ ਰਾਮ ਸਿੰਘ ਦੀਆਂ ਕੀਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।  ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਅਰਜਨ ਸਿੰਘ ਨੇ ਸਮਾਗਮ ਵਿਚ ਪੁੱਜੀਆਂ ਸੰਗਤਾਂ ਤੇ ਸ਼ਖਸੀਅਤਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਹਮੇਸ਼ਾਂ ਗੁਣਾਂ ਦੀ ਕਦਰ ਹੁੰਦੀ ਹੈ ਤੇ ਇਸ ਲਈ ਸਾਨੂੰ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਹੈ। ਸੰਤ ਅਰਜਨ ਸਿੰਘ ਵੱਲੋਂ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਸੰਤ ਸੁਰਿੰਦਰ ਸਿੰਘ ਕਾਨਾਢੇਸੀਆਂ, ਸੰਤ ਨਿਰਮਲ ਦਾਸ ਜੌੜੇ ਵਾਲੇ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵਿਧਾਇਕ ਬਾਘਾ ਪੁਰਾਣਾ, ਕਰਤਾਰ ਸਿੰਘ ਪਹਿਲਵਾਨ ਆਈ. ਜੀ. ਪੰਜਾਬ ਪੁਲਿਸ, ਗਿਆਨੀ ਬਲਵਿੰਦਰ ਸਿੰਘ ਰੰਗੀਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਰਾਮ ਸਿੰਘ ਮੱਦੋਕੇ ਸਾਬਕਾ ਚੇਅਰਮੈਨ, ਬੀਬੀ ਮੁਖਤਿਆਰ ਕੌਰ, ਬਰਜਿੰਦਰ ਸਿੰਘ ਮੱਖਣ ਬਰਾੜ ਪ੍ਰਧਾਨ ਨਗਰ ਕੌਂਸਲ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਸਾਬਕਾ ਜ਼ਿਲ੍ਹਾ ਪ੍ਰਧਾਨ, ਖਣਮੁੱਖ ਭਾਰਤੀ ਪੱਤੋ ਚੇਅਰਮੈਨ ਡੀ. ਸੀ. ਯੂ., ਮੁਖਤਿਆਰ ਸਿੰਘ ਡੀ. ਐੱਸ. ਪੀ. ਟਹਿਲ ਸਿੰਘ ਪੁਲਿਸ ਇੰਸਪੈਕਟਰ, ਸਤਨਾਮ ਸਿੰਘ ਪੁਲਿਸ ਇੰਸਪੈਕਟਰ, ਕਮਲਜੀਤ ਸਿੰਘ ਮੋਗਾ ਜ਼ਿਲ੍ਹਾ ਪ੍ਰਧਾਨ ਬੀ. ਸੀ. ਸੈੱਲ, ਪ੍ਰਿੰਸੀਪਲ ਐੱਸ. ਕੇ. ਖੋਸਲਾ, ਗੁਰਮਿੰਦਰਜੀਤ ਸਿੰਘ ਬਬਲੂ ਕੌਂਸਲਰ, ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ਼ਮਸ਼ੇਰ ਸਿੰਘ ਡਾਂਗੀਆ ਚੇਅਰਮੈਨ, ਸਤਿੰਦਰਪਾਲ ਸਿੰਘ ਰਾਜੂ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ, ਸੁਖਮੰਦਰ ਸਿੰਘ ਸਰਪੰਚ, ਗੁਰਮੀਤ ਸਿੰਘ ਡੀ.ਐੱਸ.ਪੀ. ਬਾਘਾ ਪੁਰਾਣਾ, ਭੁਪਿੰਦਰ ਸਿੰਘ ਸਾਹੋਕੇ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਸੈੱਲ, ਸਤਪਾਲ ਢੁੱਡੀਕੇ, ਸੰਤ ਲਖਮੀਰ ਸਿੰਘ ਵੱਡਾ ਡੇਰਾ ਦੌਧਰ, ਸੰਤ ਬਾਬਾ ਕਪੂਰ ਸਿੰਘ ਸਨ੍ਹੇਰਾਂ ਵਾਲੇ, ਬਾਬਾ ਇਕਬਾਲ ਸਿੰਘ, ਸੰਤ ਧਰਮਦਾਸ ਸੈਦੋਕੇ, ਮਹੰਤ ਮਨਜੀਤ ਦਾਸ ਲਧਾੜਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ, ਹਕੀਕਤ ਸਿੰਘ, ਸੁਖਨਿਰਮਲ ਸਿੰਘ, ਭਾਈ ਉਦੈ ਸਿੰਘ, ਕੌਲ ਸਿੰਘ, ਚਰਨਜੀਤ ਸਿੰਘ ਸੰਧੂ, ਬਲਦੇਵ ਸਿੰਘ ਮੈਂਬਰ ਬਲਾਕ ਸੰਮਤੀ, ਕੇਵਲ ਸਿੰਘ ਸਾਬਕਾ ਐੱਮ.ਪੀ., ਗੁਰਮੀਤ ਸਿੰਘ ਦਾਦੂਵਾਲ ਮੈਂਬਰ ਸ਼੍ਰੋਮਣੀ ਕਮੇਟੀ, ਜਗਰੂਪ ਸਿੰਘ ਕੁੱਸਾ ਚੇਅਰਮੈਨ, ਜਸਵਿੰਦਰ ਸਿੰਘ ਰਾਇਲਦੀਪ ਕੰਪਨੀ, ਲਖਵੀਰ ਸਿੰਘ ਗਿੱਲ ਚੇਅਰਮੈਨ ਨਾਰਥ ਵੈਸਟ ਕਾਲਜ ਢੁੱਡੀਕੇ, ਸੁਖਦੀਪ ਸਿੰਘ ਦੌਧਰ, ਅਜਮੇਰ ਸਿੰਘ ਕੌਂਸਲਰ ਬੱਧਨੀ ਕਲਾਂ, ਗੁਰਜੰਟ ਸਿੰਘ ਰਾਮੂੰਵਾਲਾ, ਮਨਜੀਤ ਸਿੰਘ ਮਾਨ ਸਾਬਕਾ ਜ਼ਿਲ੍ਹਾ ਪ੍ਰਧਾਨ, ਅਮਰਜੀਤ ਸਿੰਘ ਮਾਣੂੰਕੇ ਚੇਅਰਮੈਨ, ਕ੍ਰਿਸ਼ਨ ਦੇਵ ਸ਼ਰਮਾ ਡੀ.ਐੱਸ.ਪੀ., ਜਗਤਾਰ ਸਿੰਘ ਮੱਲ੍ਹੀ, ਗੁਰਬਿੰਦਰ ਸਿੰਘ ਡੀ. ਐੱਸ. ਪੀ., ਸੁਰਿੰਦਰ ਸਿੰਘ ਬਰਾੜ ਡੀ. ਐੱਸ. ਪੀ., ਜਗਦੀਸ਼ ਸਿੰਘ ਮੱਕੜ ਫੂਲੇਵਾਲਾ ਸਮੇਤ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਹਾਜ਼ਰ ਸਨ।
ਸ਼ੁੱਧ ਗੁਰਬਾਣੀ ਪਾਠ ਬੋਧ ਸਮਾਗਮ ਸ਼ੁਰੂ

ਗੁ: ਜਨਮ ਅਸਥਾਨ ਵਿਖੇ ਸ਼ੁੱਧ ਗੁਰਬਾਣੀ ਪਾਠ ਬੋਧ ਸਮਾਗਮ ਦੀ ਸ਼ੁਰੂਆਤ ਮੌਕੇ ਅਰਦਾਸ
ਬੇਨਤੀ ਕਰਦੇ ਹੋਏ ਸਿੰਘ ਸਾਹਿਬਾਨ।
ਚੀਮਾ ਮੰਡੀ, 17 ਮਾਰਚ -ਸੰਪ੍ਰਦਾਇ ਭਿੰਡਰਾਂ ਵੱਲੋਂ ਸਥਾਨਕ ਗੁਰਦੁਆਰਾ ਜਨਮ ਅਸਥਾਨ ਵਿਖੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਜਨਮ-ਦਿਹਾੜੇ 'ਤੇ ਸ਼ੁੱਧ ਗੁਰਬਾਣੀ ਪਾਠ ਬੋਧ ਸਮਾਗਮ ਸ਼ੁਰੂ ਹੋਇਆ। 17 ਮਾਰਚ ਤੋਂ 17 ਅਪ੍ਰੈਲ ਤੱਕ ਚੱਲਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਅੱਜ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਦੁਆਰਾ ਅਰਦਾਸ ਬੇਨਤੀ ਕਰਨ ਉਪਰੰਤ ਹੋਈ। ਸਮਾਗਮ ਵਿਚ ਗਿਆਨੀ ਹਰਭਜਨ ਸਿੰਘ ਢੁੱਡੀਕੇ, ਬਾਬਾ ਇਕਬਾਲ ਸਿੰਘ ਬੜੂ ਸਾਹਿਬ, ਬਾਬਾ ਸਰੂਪ ਸਿੰਘ ਸੰਪ੍ਰਦਾਇ ਬਿਧੀ ਚੰਦ, ਬਾਬਾ ਛੋਟਾ ਸਿੰਘ ਦਮਦਮਾ ਸਾਹਿਬ, ਡਾ: ਖੇਮ ਸਿੰਘ ਗਿੱਲ ਸੇਵਾ-ਮੁਕਤ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ, ਬਾਬਾ ਹਰਚਰਨ ਸਿੰਘ ਕਮਾਏ ਵਾਲੇ, ਇੰਦਰਮੋਹਨ ਸਿੰਘ ਲਖਮੀਰਵਾਲਾ ਤੋਂ ਇਲਾਵਾ ਹੋਰ ਵੀ ਸੰਤਾਂ-ਮਹਾਂਪੁਰਸ਼ਾਂ, ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ। ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿਥੇ ਪਾਠ ਬੋਧ ਸਮਾਗਮ ਕਰਵਾਉਣ 'ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਕਿਹਾ ਕਿ ਇਕ ਮਹੀਨਾ ਚੱਲਣ ਵਾਲੇ ਇਸ ਸਮਾਗਮ ਦੌਰਾਨ ਵੱਧ ਤੋਂ ਵੱਧ ਮਾਈ-ਭਾਈ ਇਸ ਸਮਾਗਮ ਵਿਚ ਭਾਗ ਲੈ ਕੇ ਸ਼ੁੱਧ ਗੁਰਬਾਣੀ ਪੜ੍ਹਨ ਦੀ ਜਾਂਚ ਸਿੱਖ ਕੇ ਆਪਣਾ ਜੀਵਨ ਸਫਲਾ ਕਰ ਸਕਦੀਆਂ ਹਨ। ਗਿਆਨੀ ਹਰਭਜਨ ਸਿੰਘ ਢੁੱਡੀਕੇ ਨੇ ਸੰਗਤਾਂ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਫੰਡ ਕੱਟਣ ਦੇ ਬਾਵਜੂਦ ਕਰਮਚਾਰੀਆਂ ਨੂੰ ਨਹੀਂ ਦਿੱਤੀ
ਜਾ ਰਹੀ ਡਾਕਟਰੀ ਸਹੂਲਤ
ਜਲੰਧਰ, 17 ਮਾਰਚ - ਬੀ. ਐੱਸ. ਐੱਫ. ਤੇ ਹੋਰ ਅਰਧ ਸਰਕਾਰੀ ਨੀਮ ਬਲਾਂ ਸੀ. ਆਰ. ਪੀ. ਐੱਫ., ਸੀ. ਆਈ. ਐੱਸ. ਐੱਫ., ਆਈ. ਟੀ. ਬੀ. ਪੀ., ਆਸਾਮ ਰਾਈਫਲਜ਼ ਤੇ ਐੱਸ. ਐੱਸ. ਬੀ. ਨਾਲ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਬਲਾਂ ਦੇ ਸੇਵਾ ਮੁਕਤ ਕਰਮਚਾਰੀਆਂ 'ਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਸਾਰੇ ਬਲਾਂ ਨੂੰ ਯੂਨੀਅਨ ਆਫ ਇੰਡੀਆ ਮੰਨਿਆ ਜਾਂਦਾ ਹੈ, ਪਰ ਜਦ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਸਾਰੇ ਹੀ ਅਰਧ ਸੈਨਿਕ ਬਲਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ, ਜੋ ਇਨ੍ਹਾਂ ਬਲਾਂ ਨਾਲ ਸਰਾਸਰ ਬੇਇਨਸਾਫੀ ਹੈ। ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸੇਵਾ ਮੁਕਤ ਅਤੇ ਸੇਵਾ ਕਰਨ ਵਾਲੇ ਅਰਧ ਸੈਨਿਕ ਬਲਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ, ਜਿਸ ਕਾਰਨ ਇਸ ਸਮੇਂ ਤਕਰਬੀਨ 15 ਲੱਖ ਤੋਂ ਵੱਧ ਸੇਵਾ ਮੁਕਤ ਅਧਿਕਾਰੀ ਪੂਰੀ ਤਰ੍ਹਾਂ ਨਾਲ ਨਿਰਾਸ਼ ਹਨ। ਇਥੇ ਹੀ ਬੱਸ ਨਹੀਂ ਇਨ੍ਹਾਂ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਪੋਜਿਟ ਹਸਪਤਾਲਾਂ ਤੋਂ ਜੋ ਡਾਕਟਰੀ ਸਹੂਲਤ ਦਿੱਤੀ ਜਾਂਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ, ਜਦਕਿ ਉਨ੍ਹਾਂ ਦੇ ਫੰਡ ਵਿਚੋਂ ਇਸ ਸਹੂਲਤ ਦੇ ਪੈਸੇ ਦੀ ਕਟੌਤੀ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ 1998 'ਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਆਈ. ਕੇ. ਗੁਜਰਾਲ ਵੱਲੋਂ ਇਹ ਡਾਕਟਰੀ ਸਹੂਲਤ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਣ ਦੇ ਹੁਕਮ ਦਿੱਤੇ ਗਏ ਸਨ ਪਰ 2010 ਤੋਂ ਬੀ. ਐੱਸ. ਐੱਫ. ਕੰਪੋਜਿਟ ਹਸਪਤਾਲ ਵੱਲੋਂ ਇਹ ਕਹਿ ਕੇ ਡਾਕਟਰੀ ਸਹੂਲਤ ਬੰਦ ਕਰ ਦਿੱਤੀ ਗਈ ਕਿ ਸਾਡੇ ਕੋਲ ਕੋਈ ਵੱਖਰਾ ਬਜਟ ਨਹੀਂ ਆਉਂਦਾ, ਜਦੋਂਕਿ 300 ਰੁਪਏ ਇਲਾਜ ਭੱਤਾ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਵਿਚੋਂ ਬੈਂਕਾਂ ਵੱਲੋਂ ਕੱਟ ਲਿਆ ਜਾਂਦਾ ਹੈ। ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਸੀ. ਜੀ. ਐੱਚ. ਐੱਸ. ਧਾਰਕਾਂ ਨੂੰ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ, ਉਸ ਤਰ੍ਹਾਂ ਹਰ ਕੰਪੋਜਿਟ ਹਸਪਤਾਲ 'ਚ ਦਿੱਤੀ ਜਾਵੇ। ਇਸ ਸਮੇਂ ਸੀ. ਜੀ. ਐੱਚ. ਐੱਸ. ਕਾਰਡ ਬਣਾਉਣ ਲਈ ਜਵਾਨਾਂ ਤੇ ਅਧਿਕਾਰੀਆਂ ਨੂੰ 25 ਤੋਂ 40 ਹਜ਼ਾਰ ਰੁਪਏ ਇਕ ਮੁਸ਼ਤ ਅਦਾ ਕਰਨੇ ਪੈ ਰਹੇ ਹਨ ਪਰ ਜੇ ਕਰ 500 ਰੁਪਏ ਜਾਂ ਇਕ ਹਜ਼ਾਰ ਰੁਪਏ ਮਹੀਨਾਵਾਰ ਕਿਸ਼ਤ ਕੱਟੀ ਜਾਵੇ ਤਾਂ ਅਰਧ ਸੈਨਿਕ ਬਲ ਦੇ ਜਵਾਨ ਵੀ ਇਸ ਸਹੂਲਤ ਨੂੰ ਮਾਣ ਸਕਦੇ ਹਨ।
ਪੰਚਾਇਤਾਂ ਨੂੰ ਮਿਲਣਗੇ 30 ਅਪ੍ਰੈਲ ਤੱਕ ਟਿਊਬਵੈੱਲ ਕੁਨੈਕਸ਼ਨ
ਜਲੰਧਰ, 17 ਮਾਰਚ - ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਲਈ ਟਿਊਬਵੈੱਲ ਕੁਨੈਕਸ਼ਨ ਪਹਿਲ ਦੇ ਆਧਾਰ ਉੱਪਰ ਦਿੱਤੇ ਜਾਣ ਉੱਪਰ ਤੇਜ਼ੀ ਨਾਲ ਅਮਲ ਕਰਵਾਉਣ ਲਈ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ 30 ਅਪ੍ਰੈਲ ਤੱਕ ਸਾਰੇ ਪਿੰਡਾਂ ਦੀਆਂ ਲੋੜਵੰਦ ਪੰਚਾਇਤਾਂ ਨੂੰ ਟਿਊਬਵੈੱਲ ਬਿਜਲੀ ਕੁਨੈਕਸ਼ਨ ਜਾਰੀ ਕਰਵਾਏ ਜਾਣ। ਇਸ ਸਬੰਧੀ ਹਰ ਸੋਮਵਾਰ ਨੂੰ ਪ੍ਰਗਤੀ ਰਿਪੋਰਟ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ। ਸੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਹਰ ਹਫ਼ਤੇ ਮੀਟਿੰਗ ਕਰਨ ਅਤੇ ਤਹਿਸੀਲਦਾਰਾਂ ਤੇ ਬਲਾਕ ਪੰਚਾਇਤ ਅਫਸਰਾਂ ਦੀ ਪੰਚਾਇਤਾਂ ਦੇ ਕਾਗਜ਼ਾਤ ਪੂਰੇ ਕਰਵਾਉਣ ਲਈ ਜ਼ਿੰਮੇਵਾਰੀ ਲਗਾਈ ਜਾਵੇ। ਜਲੰਧਰ ਡਵੀਜ਼ਨ ਵਿਚ ਇਸ ਸਮੇਂ 4500 ਦੇ ਕਰੀਬ ਪਿੰਡ ਹਨ ਪਰ ਇਸ ਸਮੇਂ ਪੰਚਾਇਤੀ ਜ਼ਮੀਨਾਂ ਦੀ ਸਿੰਚਾਈ ਲਈ ਟਿਊਬਵੈੱਲ ਕੁਨੈਕਸ਼ਨ ਕਿਸੇ ਕੋਲ ਵੀ ਨਹੀਂ। ਸ੍ਰੀ ਵਰਮਾ ਨੇ ਦੱਸਿਆ ਕਿ ਪੰਚਾਇਤਾਂ ਨਾਲ ਮੀਟਿੰਗਾਂ 'ਚ ਵਿਚਾਰ-ਵਟਾਂਦਰੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਟਿਊਬਵੈੱਲ ਲੱਗਣ ਨਾਲ ਪੰਚਾਇਤੀ ਜ਼ਮੀਨਾਂ ਦਾ ਠੇਕਾ ਘੱਟੋਂ-ਘੱਟ ਦੁੱਗਣਾ ਹੋ ਜਾਵੇਗਾ ਤੇ ਇਕ ਸਾਲ ਦੇ ਵਧੇ ਠੇਕੇ ਨਾਲ ਹੀ ਟਿਊਬਵੈੱਲ ਦਾ ਖਰਚਾ ਨਿਕਲ ਆਵੇਗਾ। ਇਸ ਦੇ ਨਾਲ ਪੰਚਾਇਤਾਂ ਦੀ ਆਮਦਨੀ ਵਧ ਜਾਵੇਗੀ। 26 ਜੁਲਾਈ, 2011 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਚਾਇਤਾਂ ਨੂੰ ਪਹਿਲ ਦੇ ਆਧਾਰ ਉੱਪਰ ਕੁਨੈਕਸ਼ਨ ਜਾਰੀ ਵਾਸਤੇ ਪਾਵਰਕਾਮ ਦੇ ਐਕਸੀਅਨ, ਤਹਿਸੀਲਦਾਰ ਤੇ ਬੀ. ਡੀ. ਓ. ਆਧਾਰਿਤ ਕਮੇਟੀਆਂ ਗਠਿਤ ਕਰਕੇ ਹਰ ਸਨਿਚਰਵਾਰ ਨੂੰ ਮੀਟਿੰਗਾਂ ਕਰਨ ਦੀ ਹਦਾਇਤ ਕੀਤੀ ਸੀ, ਪਰ ਪਤਾ ਲੱਗਾ ਹੈ ਕਿ ਇਨ੍ਹਾਂ ਕਮੇਟੀਆਂ ਨੇ ਅਜੇ ਤੱਕ ਕੰਮ ਹੀ ਸ਼ੁਰੂ ਨਹੀਂ ਕੀਤਾ। ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਪੰਚਾਇਤਾਂ ਨੇ ਕੁਨੈਕਸ਼ਨ ਲੈਣ ਲਈ ਅਪਲਾਈ ਹੀ ਨਹੀਂ ਕੀਤਾ, ਜਿਨ੍ਹਾਂ ਕੁਝ ਪੰਚਾਇਤਾਂ ਨੇ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਕੁਨੈਕਸ਼ਨ ਦੇਣ ਬਾਰੇ ਪਾਵਰਕਾਮ ਨੇ ਕੋਈ ਕਾਰਵਾਈ ਨਹੀਂ ਕੀਤੀ। ਕਈ ਪੰਚਾਇਤਾਂ ਦੀ ਇਹ ਵੀ ਸਮੱਸਿਆ ਹੈ ਕਿ ਡਿਮਾਂਡ ਨੋਟਿਸ ਲਈ ਉਨ੍ਹਾਂ ਕੋਲ ਫੰਡ ਹੀ ਨਹੀਂ ਹਨ। ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਲਿਖਿਆ ਹੈ ਕਿ ਹੁਣ ਪੰਚਾਇਤੀ ਜ਼ਮੀਨਾਂ ਦੀ ਨਵੀਂ ਬੋਲੀ ਹੋਣ ਵਾਲੀ ਹੈ, ਇਸ ਕਰਕੇ ਆਮਦਨ 'ਚ ਵਾਧੇ ਲਈ ਤੁਰੰਤ ਕੁਨੈਕਸ਼ਨ ਲਗਵਾਏ ਜਾਣ। ਉਨ੍ਹਾਂ ਡੀ. ਸੀਜ਼ ਨੂੰ ਕਿਹਾ ਹੈ ਕਿ ਇਹ ਯਕੀਨੀ ਬਣਾਉ ਕਿ ਹਰ ਲੋੜਵੰਦ ਪੰਚਾਇਤ 31 ਮਾਰਚ ਤੱਕ ਕੁਨੈਕਸ਼ਨ ਲਈ ਅਪਲਾਈ ਕਰੇ। ਬੀ. ਡੀ. ਓ. ਤੇ ਤਹਿਸੀਲਦਾਰਾਂ ਨੂੰ ਪੰਚਾਇਤਾਂ ਨੂੰ ਕਾਗਜ਼ ਤਿਆਰ ਕਰਨ 'ਚ ਮਦਦ ਲਈ ਲਗਾਇਆ ਜਾਵੇ। ਉਨ੍ਹਾਂ ਇਹ ਹਦਾਇਤ ਕੀਤੀ ਹੈ ਕਿ ਪਹਿਲਾਂ ਅਪਲਾਈ ਕਰਨ ਵਾਲੀਆਂ ਪੰਚਾਇਤਾਂ ਨੂੰ 7 ਅਪ੍ਰੈਲ ਤੱਕ ਕੁਨੈਕਸ਼ਨ ਲਗਵਾ ਦਿੱਤੇ ਜਾਣ ਅਤੇ ਹੁਣ ਅਪਲਾਈ ਕਰਨ ਵਾਲੀਆਂ ਪੰਚਾਇਤਾਂ ਨੂੰ 30 ਅਪ੍ਰੈਲ ਤੱਕ ਕੁਨੈਕਸ਼ਨ ਲਗਵਾਏ ਜਾਣ। ਜਿਹੜੀਆਂ ਪੰਚਾਇਤਾਂ ਕੋਲ ਫੰਡਾਂ ਦੀ ਘਾਟ ਹੈ, ਉਹ ਬੋਲੀਕਾਰਾਂ ਨੂੰ 30 ਅਪ੍ਰੈਲ ਤੱਕ ਕੁਨੈਕਸ਼ਨ ਲਗਣ ਦਾ ਭਰੋਸਾ ਦੇ ਕੇ ਬੋਲੀ ਦੇ ਅਡਵਾਂਸ ਵਿਚੋਂ ਡਿਮਾਂਡ ਨੋਟਿਸ ਦੀ ਰਕਮ ਭਰ ਸਕਦੇ ਹਨ।
ਬਾਦਲ ਸਰਕਾਰ ਲੋਕਤੰਤਰ ਦਾ ਗਲਾ ਘੁਟ ਰਹੀ ਹੈ-ਪ੍ਰਨੀਤ ਕੌਰ

ਸ੍ਰੀਮਤੀ ਪ੍ਰਨੀਤ ਕੌਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਸਮਾਣਾ, 17 ਮਾਰਚ -ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਕਾਂਗਰਸੀ ਵਰਕਰਾਂ 'ਤੇ ਤਸ਼ਦੱਦ ਦਾ ਦੌਰ ਸ਼ੁਰੂ ਕਰ ਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਜਿਸ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਸਮਾਣਾ ਦੇ ਕੇਬਲ ਆਪ੍ਰੇਟਰ ਸੁਖਵੰਤ ਸਿੰਘ ਸੁੱਖਾ, ਆੜ੍ਹਤੀ ਯਸ਼ਪਾਲ 'ਤੇ ਸ਼ਿਵਰਾਮ ਅਤੇ ਇਕ ਕਾਂਗਰਸੀ ਵਰਕਰ ਬਿਕਰਮਜੀਤ ਸਿੰਘ ਵਿੱਕੀ ਨੂੰ ਅਕਾਲੀ ਵਰਕਰਾਂ ਵੱਲੋਂ ਕਥਿਤ ਧਮਕੀਆਂ ਦੇਣ ਅਤੇ ਉਨ੍ਹਾਂ ਦੀ ਮਾਰਕੁੱਟ ਕਰਨ ਉਪਰੰਤ ਉਨ੍ਹਾਂ ਦਾ ਪਤਾ ਲੈਣ ਪਹੁੰਚੇ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਘਟੀਆ ਕੰਮ ਸ਼ੋਭਾ ਨਹੀਂ ਦਿੰਦੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਜਿੱਤ ਹਾਸਲ ਹੋਈ ਹੈ, ਉਨ੍ਹਾਂ ਦੀ ਸਰਕਾਰ ਬਣ ਗਈ ਹੈ ਅਤੇ ਮੰਤਰੀ ਮੰਡਲ ਦਾ ਗਠਨ ਹੋ ਗਿਆ ਹੈ। ਇਸ ਦੀ ਉਹ ਸ: ਬਾਦਲ ਨੂੰ ਵਧਾਈ ਦਿੰਦੇ ਹਨ ਪਰ ਕਾਂਗਰਸੀ ਵਰਕਰਾਂ 'ਤੇ ਤਸ਼ਦੱਦ ਦੌਰ ਸ਼ੁਰੂ ਕਰ ਦੇਣਾ ਸਰਕਾਰ ਦਾ ਕੰਮ ਨਹੀਂ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਨਾਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਸਗੋਂ ਪਹਿਲਾਂ ਨਾਲੋਂ ਹੋਰ ਵੱਧ ਕੰਮ ਕਰਨ ਲਈ ਇਕਜੁਟ ਹੋਣਾ ਚਾਹੀਦਾ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਡਾ: ਪ੍ਰੇਮਪਾਲ, ਹੀਰਾ ਜੈਨ, ਪਵਨ ਸ਼ਾਸਤਰੀ, ਪ੍ਰਮੋਦ ਸਿੰਗਲਾ, ਜਗਮਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ, ਸੱਤਪਾਲ ਸਿੰਘ ਬੇਦੀ, ਕੁਲਦੀਪ ਦੀਪਾ, ਪਰਮਜੀਤ ਸਿੰਘ ਬੱਬੂ ਅਤੇ ਸ਼ਹਿਰ ਦੇ ਸੈਂਕੜੇ ਵਰਕਰ ਹਾਜ਼ਰ ਸਨ।
ਭਾਈ ਰਾਜੋਆਣਾ ਦੇ ਖਾੜਕੂਵਾਦ ਪ੍ਰਤੀ ਲਗਾਅ ਤੋਂ ਉੱਕਾ
ਅਨਜਾਣ ਸਨ ਪਰਿਵਾਰਕ ਮੈਂਬਰ

ਪਿੰਡ ਵਾਸੀਆਂ ਵਿਚਕਾਰ ਬੈਠਾ ਜਾਣਕਾਰੀ ਦਿੰਦਾ ਹੋਇਆ ਭਰਾ ਕੁਲਵੰਤ ਸਿੰਘ ਤੇ ਚਾਚਾ
ਅਵਤਾਰ ਸਿੰਘ (ਹਾਸ਼ੀਏ) 'ਚ ਭਾਈ ਬਲਵੰਤ ਸਿੰਘ।
 ਰਾਏਕੋਟ, 17 ਮਾਰਚ-ਰਾਏਕੋਟ ਤੋਂ 7 ਕਿਲੋਮੀਟਰ ਦੂਰ ਲੁਧਿਆਣਾ ਪ੍ਰਮੁੱਖ ਰੋਡ 'ਤੇ 2 ਕਿਲੋਮੀਟਰ ਹਟਵੇਂ ਪਿੰਡ ਰਾਜੋਆਣਾ ਕਲਾਂ ਦੇ ਕਿਸਾਨ ਮਲਕੀਤ ਸਿੰਘ (ਸਵ:) ਤੇ ਮਾਤਾ ਗੁਰਮੀਤ ਕੌਰ ਦੇ ਛੋਟੇ ਸਪੁੱਤਰ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੂੰ ਸਵਰਗੀ ਬੇਅੰਤ ਸਿੰਘ ਹੱਤਿਆ ਕਾਂਡ ਸਬੰਧੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਮਿਤੀ 31 ਮਾਰਚ 2012 ਨੂੰ ਫਾਂਸੀ ਦੇ ਦੇਣ ਦਾ ਹੁਕਮ ਮਾਣਯੋਗ ਅਦਾਲਤ ਵੱਲੋਂ ਸੁਣਾ ਦਿੱਤਾ ਗਿਆ ਹੈ, ਸਬੰਧੀ ਉਸ ਦੀ ਮਾਤਾ ਗੁਰਮੀਤ ਕੌਰ, ਵੱਡੇ ਭਰਾ ਕੁਲਵੰਤ ਸਿੰਘ, ਚਾਚਾ ਅਵਤਾਰ ਸਿੰਘ ਆਦਿ ਅੱਜ ਵੀ ਇਹ ਗੱਲ ਭਾਰੀ ਹੈਰਾਨੀ ਨਾਲ ਆਖ ਰਹੇ ਹਨ ਕਿ ਬਲਵੰਤ ਸਿੰਘ ਸਵਰਗੀ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਾਲੇ ਕਾਂਡ ਵਿਚ ਸ਼ਾਮਿਲ ਹੋ ਕਿਵੇਂ ਗਿਆ, ਕਿਉਂਕਿ ਉਹ ਬੇਹੱਦ ਸਾਊ, ਮਿਹਨਤੀ, ਮਿਲਾਪੜਾ ਤੇ ਸੰਗਾਊ ਸੀ। ਚਾਚਾ ਅਵਤਾਰ ਸਿੰਘ ਅਨੁਸਾਰ ਪੰਜਾਬ ਵਿਚ ਡੇਢ ਦਹਾਕਾ ਚੱਲੀ ਖਾੜਕੂਵਾਦ ਦੀ ਲਹਿਰ ਪ੍ਰਤੀ ਉਸ ਅੰਦਰ ਕੋਈ ਲਗਾਅ ਉਨ੍ਹਾਂ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ ਤੇ ਪੜ੍ਹਨ 'ਚ ਹੁਸ਼ਿਆਰ ਬਲਵੰਤ ਸਿੰਘ ਬੀ. ਏ. ਕਰ ਕੇ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਸਵਰਗੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਤੋਂ 4-5 ਦਿਨ ਬਾਅਦ ਪਤਾ ਲੱਗਿਆ ਸੀ ਕਿ ਹੱਤਿਆ ਕਾਂਡ ਵਿਚ ਬਲਵੰਤ ਸਿੰਘ ਵੀ ਸ਼ਾਮਿਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਤੇ ਹੱਤਿਆ ਕਾਂਡ ਤੋਂ ਲੈ ਕੇ 6 ਮਹੀਨੇ ਤੱਕ ਦੀ ਗ੍ਰਿਫ਼ਤਾਰੀ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੇ ਭਰੇ-ਭੁਕੰਨੇ ਘਰ-ਬਾਰ ਛੱਡ ਲੁਕ-ਛਿਪ ਕੇ ਰਹਿਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮਿਤੀ 18 ਮਾਰਚ ਨੂੰ ਭਾਈ ਬਲਵੰਤ ਸਿੰਘ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਣ ਵਾਲੇ ਅਰਦਾਸ ਦਿਵਸ ਤੋਂ ਬਾਅਦ ਇਕ ਮੰਗ ਪੱਤਰ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੇਣਗੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਫਾਂਸੀ ਵਾਲੇ ਦਿਨ 31 ਮਾਰਚ ਨੂੰ ਖੰਡੇ ਦੇ ਨਿਸ਼ਾਨ ਵਾਲਾ ਕੇਸਰੀ ਝੰਡਾ ਆਪਣੇ ਮਕਾਨ 'ਤੇ ਲਹਿਰਾਉਣ ਦਾ ਸੁਨੇਹਾ ਧਰਮ ਭੈਣ ਕਮਲਦੀਪ ਕੌਰ ਰਾਹੀਂ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਵਿਖੇ ਭੇਜਿਆ ਸੀ, ਉਸ ਨੂੰ ਸਿਰਫ਼ ਪਿੰਡ ਰਾਜੋਆਣਾ ਕਲਾਂ ਦੇ ਵਾਸੀਆਂ ਨੇ ਹੀ ਪ੍ਰਵਾਨ ਨਹੀਂ ਕੀਤਾ, ਸਗੋਂ ਬਿਲਕੁੱਲ ਨਾਲ ਲਗਦੇ ਪਿੰਡ ਰਾਜੋਆਣਾ ਖੁਰਦ ਦੇ ਵਾਸੀਆਂ ਨੇ ਵੀ ਖਿੜੇ ਮੱਥੇ ਪ੍ਰਵਾਨ ਕਰ ਆਪਣੇ ਮਕਾਨਾਂ ਦੇ ਬਨੇਰਿਆਂ 'ਤੇ ਕੇਸਰੀ ਰੰਗ ਵਾਲੇ ਝੰਡੇ ਲਹਿਰਾ ਦਿੱਤੇ ਹਨ। ਕੋਈ ਵਿਰਲਾ-ਟਾਂਵਾਂ ਮਕਾਨ ਹੀ ਕੇਸਰੀ ਝੰਡੇ ਤੋਂ ਵਾਂਝਾ ਨਜ਼ਰ ਆ ਰਿਹਾ ਹੈ। ਪ੍ਰਮੁੱਖ ਰੋਡ ਲੁਧਿਆਣਾ ਤੋਂ ਸਿਰਫ਼ 2 ਕਿਲੋਮੀਟਰ ਹਟਵੇਂ ਉਕਤ ਦੋਵਾਂ ਪਿੰਡਾਂ ਦੀ ਸੰਪਰਕ ਸੜਕ ਦੁਆਲੇ ਖੜ੍ਹੇ ਸੈਂਕੜੇ ਦਰੱਖਤਾਂ 'ਤੇ ਕੇਸਰੀ ਝੰਡੇ ਨਜ਼ਰ ਆ ਰਹੇ ਹਨ।
ਰਸੋਈ ਗੈਸ ਖ਼ਪਤਕਾਰਾਂ ਵੱਲੋਂ ਟਾਇਰਾਂ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ

ਖਪਤਕਾਰ ਸੜਕ 'ਤੇ ਟਾਇਰਾਂ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਤੇ
ਪੁਲਿਸ ਲੋਕਾਂ ਨੂੰ ਸ਼ਾਂਤ ਕਰਦੀ ਹੋਈ।
ਅਹਿਮਦਗੜ੍ਹ, 17 ਮਾਰਚ -ਸਥਾਨਕ ਗੈਸ ਏਜੰਸੀ ਪ੍ਰਬੰਧਕਾਂ ਦੇ ਮਾੜੇ ਵਤੀਰੇ ਤੇ ਗੈਸ ਸਪਲਾਈ ਦੀ ਦੁਰਦਸ਼ਾ ਤੋਂ ਪੀੜ੍ਹਤ ਇਲਾਕੇ ਦੇ ਖਪਤਕਾਰਾਂ ਦੀ ਕੋਈ ਸੁਣਵਾਈ ਨਾ ਹੋਣ 'ਤੇ ਅੱਜ ਸਵੇਰੇ ਸੈਂਕੜੇ ਗੈਸ ਖਪਤਕਾਰ ਜੋ ਅੱਧੀ ਰਾਤ ਤੋਂ ਹੀ ਗੈਸ ਸਿਲੰਡਰ ਲੈਣ ਲਈ ਕਤਾਰਾਂ 'ਚ ਖੜ੍ਹੇ ਸਨ, ਨੂੰ ਸਿਲੰਡਰ ਨਾ ਮਿਲਣ 'ਤੇ ਭੜਕੇ ਲੋਕਾਂ ਨੇ ਅਹਿਮਦਗੜ੍ਹ-ਰਾਏਕੋਟ ਸੜਕ 'ਤੇ ਟਾਇਰਾਂ ਨੂੰ ਅੱਗ ਲਗਾ ਕੇ ਰਸਤਾ ਜਾਮ ਕਰ ਦਿੱਤਾ ਤੇ ਗੁੱਸੇ 'ਚ ਆਏ ਖਪਤਕਾਰਾਂ ਨੇ ਗੈਸ ਸਪਲਾਈ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪਹਿਲਾਂ ਤੋਂ ਹੀ ਗੈਸ ਸਪਲਾਈ ਤੋਂ ਪੀੜ੍ਹਤ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਰਹੇ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਅਮਰ ਸਿੰਘ ਸਰਾਓਂ, ਸੀਨੀਅਰ ਮੀਤ ਪ੍ਰਧਾਨ ਵਿਨੋਦ ਜੈਨ, ਭਾਜਪਾ ਆਗੂ ਪ੍ਰੇਮ ਗੁਪਤਾ, ਸੁਰਜੀਤ ਗੋਗਨਾ, ਗੋਰਾ ਲਾਲ ਜੈਨ ਤੇ ਅਕਾਲੀ ਦਲ ਦੇ ਸਰਪ੍ਰਸਤ ਗੁਰਦਿਆਲ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਭਾਰਤ ਪੈਟਰੋਲੀਅਮ ਕੰਪਨੀ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਕਾਰਨ ਗੈਸ ਸਪਲਾਈ 'ਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋ ਰਹੀ ਹੈ। ਉੱਕਤ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਗੈਸ ਸਪਲਾਈ ਦਾ ਪ੍ਰਬੰਧ ਕਿਸੇ ਵੀ ਸਰਕਾਰੀ ਏਜੰਸੀ ਨੂੰ ਸਾਂਭਣ।
ਮਹਿਰਾਜ ਦਾ 14ਵਾਂ ਖੇਡ ਮੇਲਾ ਤੇ ਕਬੱਡੀ ਕੱਪ 22 ਤੋਂ
ਮਹਿਰਾਜ, 14 ਮਾਰਚ -ਪਿੰਡ ਮਹਿਰਾਜ ਦਾ 14ਵਾਂ ਸਲਾਨਾ ਖੇਡ ਮੇਲਾ ਤੇ ਕਬੱਡੀ ਕੱਪ 22 ਤੋਂ 25 ਮਾਰਚ ਤੱਕ ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਵੱਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਦੇ ਸਹਿਯੋਗ ਨਾਲ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਮੇਜ਼ਬਾਨ ਕਲੱਬ ਦੇ ਪ੍ਰਧਾਨ ਸ੍ਰੀ ਛਹਿਬਰ ਸਿੰਘ, ਜਤਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਚੀਨਾ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਵਾਲੀਬਾਲ, ਫੁੱਟਬਾਲ, ਕੁੱਤਿਆਂ ਦੀਆਂ ਦੌੜਾਂ ਤੇ ਕਬੱਡੀ ਇਕ ਪਿੰਡ ਓਪਨ, 70,60, 52,45 ਤੇ 37 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇੱਕ ਪਿੰਡ ਓਪਨ ਦੀ ਜੇਤੂ ਟੀਮ ਨੂੰ 61 ਅਤੇ ਉੱਪ-ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੇ ਮੁੱਖ ਸਪਾਂਸਰ ਤੇ ਖੇਡ ਪ੍ਰਮੋਟਰ ਬਲਜੀਤ ਸਿੰਘ ਰਿੱਕੀ ਰਾਮਪੁਰਾ ਵੱਲੋਂ ਇੱਕ ਪਿੰਡ ਓਪਨ ਕਬੱਡੀ ਮੁਕਾਬਲਿਆਂ ਦੇ ਜੇਤੂ ਧਾਵੀ ਅਤੇ ਜਾਫ਼ੀ ਨੂੰ ਨੈਨੋ ਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕੌਮਾਂਤਰੀ ਕਬੱਡੀ ਖਿਡਾਰੀ ਸੁੱਚਾ ਪਿੱਥੋ ਨੂੰ ਆਲਟੋ ਕਾਰ ਅਤੇ ਅੰਤਰਰਾਸ਼ਟਰੀ ਕੁਮੈਂਟੇਟਰ ਰੁਪਿੰਦਰ ਜਲਾਲ ਨੂੰ ਪੋਲੋ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਲਜੀਤ ਰਿੱਕੀ ਵੱਲੋਂ 10 ਪੁਰਾਣੇ ਕਬੱਡੀ ਖਿਡਾਰੀਆਂ ਅਤੇ ਐਬਸਫੋਰਡ ਕਲੱਬ ਕੈਨੇਡਾ ਦੇ ਪ੍ਰਧਾਨ ਜਗਦੀਪ ਸਿੰਘ ਲੱਭੀ ਧਾਲੀਵਾਲ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਫ਼ੈਕਟਰੀ ਦੀ ਜ਼ਹਿਰੀਲੀ ਰਹਿੰਦ-ਖੂੰਹਦ ਖਾਣ ਕਾਰਨ 25 ਭੇਡਾਂ ਮਰੀਆਂ
ਫ਼ਤਹਿਗੜ੍ਹ ਸਾਹਿਬ, 17 ਮਾਰਚ  - ਪਿੰਡ ਜਲਵੇੜੀ ਗਹਿਲਾਂ ਦੀਆਂ ਭੇਡਾਂ ਵਲੋਂ ਜੀ. ਟੀ. ਰੋਡ ਦੇ ਖਤਾਨਾਂ ਵਿਚ ਸਥਾਨਕ ਇੱਕ ਫ਼ੈਕਟਰੀ ਨਬੀਪੁਰ ਵਲੋਂ ਸੁੱਟੇ ਜਾਂਦੇ ਰਹਿੰਦ ਖੂੰਹਦ ਖਾਣ ਕਾਰਨ ਬਿਮਾਰ ਹੋਈਆਂ 50 ਭੇਡਾਂ ਵਿਚੋਂ ਲਗਭਗ 25 ਭੇਡਾਂ ਮਰ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਬੀਪੁਰ ਪੁਲਸ ਚੌਂਕੀ ਦੇ ਨਜ਼ਦੀਕ ਇੱਕ ਫ਼ੈਕਟਰੀ ਵਲੋਂ ਰਹਿੰਦ ਖੂੰਹਦ ਜੀ. ਟੀ. ਰੋਡ ਦੇ ਨੇੜੇ ਤੇੜੇ ਸੁੱਟੀ ਜਾਂਦੀ ਸੀ ਜਿਸ ਨੂੰ ਅਵਤਾਰ ਸਿੰਘ ਤੇ ਰਣਜੀਤ ਸਿੰਘ ਵਾਸੀ ਜਲਵੇੜੀ ਗਹਿਲਾਂ ਦੀਆਂ ਭੇਡਾਂ ਨੇ ਜਦੋਂ ਖਾ ਲਿਆ ਤਾਂ ਉਹ ਬਿਮਾਰ ਹੋਣੀਆਂ ਸ਼ੁਰੂ ਹੋ ਗਈਆਂ। ਭੇਡਾਂ ਦੇ ਮਾਲਕ ਨੇ ਉਨ੍ਹਾਂ ਨੂੰ ਆਪਣੇ ਵਾੜੇ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਇਤਲਾਹ ਨਬੀਪੁਰ ਦੇ ਪਸ਼ੂ ਹਸਪਤਾਲ ਨੂੰ ਦਿੱਤੀ ਗਈ। ਬਿਨਾਂ ਕਿਸੇ ਦੇਰੀ ਦੇ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਹਾਜ਼ਰ ਡਾਕਟਰ ਧਰਮਵੀਰ ਸਿੰਘ ਗਿੱਲ ਨੇ ਦੱਸਿਆ ਕਿ ਭੇਡਾਂ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾਣ ਕਾਰਨ ਕੁੱਝ ਭੇਡਾਂ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਹਾਲਤ ਵਿਚ ਹਨ। ਉਨ੍ਹਾਂ ਦੱਸਿਆ ਕਿ ਮਰੀਆਂ ਭੇਡਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਹੀ ਪਤਾ ਲੱਗੇਗਾ ਕਿ ਉਨ੍ਹਾਂ ਵਲੋਂ ਖਾਧਾ ਗਿਆ ਜ਼ਹਿਰੀਲਾ ਪਦਾਰਥ ਕੀ ਸੀ।
ਮੁੱਖ ਮੰਤਰੀ ਹਰਦੇਵ ਸਿੰਘ ਮੱਤੇਵਾਲ ਨੂੰ ਮਿਲਣ ਗਏ
ਚੰਡੀਗੜ੍ਹ, 17 ਮਾਰਚ - ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਸਾਬਕਾ ਐਡਵੋਕੇਟ ਜਨਰਲ ਪੰਜਾਬ ਸ. ਹਰਦੇਵ ਸਿੰਘ ਮੱਤੇਵਾਲ ਦੇ ਨਿਵਾਸ ਅਸਥਾਨ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਗਏ, ਜਿੱਥੇ ਉਨ੍ਹਾਂ ਤਕਰੀਬਨ ਇੱਕ ਘੰਟਾ ਸ. ਮੱਤੇਵਾਲ ਨਾਲ ਬਿਤਾਇਆ। ਸ. ਮੱਤੇਵਾਲ ਇਨ੍ਹਾਂ ਦਿਨਾਂ ਦੌਰਾਨ ਇਲਾਜ ਅਧੀਨ ਹਨ। ਇਸ ਮੌਕੇ ਸ. ਮੱਤੇਵਾਲ ਦੇ ਬੇਟੇ ਸ. ਪਵਿੱਤ ਸਿੰਘ ਮੱਤੇਵਾਲ ਅਤੇ ਸੀਨੀਅਰ ਵਕੀਲ ਸ. ਪਰਮਜੀਤ ਸਿੰਘ ਥਿਆੜਾ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਸ. ਮੱਤੇਵਾਲ ਨੂੰ ਕੈਬਨਿਟ ਰੈਂਕ ਵਿਚ ਇਸ ਵੇਲੇ ਰਾਜ ਸਰਕਾਰ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਹੋਇਆ ਹੈ।
ਸੁਰੇਸ਼ ਅਰੋੜਾ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਜਨਰਲ ਨਿਯੁਕਤ
ਚੰਡੀਗੜ੍ਹ, 17 ਮਾਰਚ - ਪੰਜਾਬ ਕਾਰਡਰ ਦੇ ਸੀਨੀਅਰ ਪੁਲਿਸ ਅਧਿਕਾਰੀ ਸ੍ਰੀ ਸੁਰੇਸ਼ ਅਰੋੜਾ ਨੂੰ ਰਾਜ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਡੀ.ਜੀ.ਪੀ. ਦੀ ਤਰੱਕੀ ਦੇ ਕੇ ਕੀਤੀ ਗਈ ਹੈ। 1982 ਬੈਚ ਦੇ ਪੁਲਿਸ ਅਧਿਕਾਰੀ ਸ੍ਰੀ ਅਰੋੜਾ ਇਸ ਵੇਲੇ ਅਡੀਸ਼ਨਲ ਡੀ. ਜੀ. ਪੀ. ਇੰਟੈਲੀਜੈਂਸ ਦੇ ਅਹਿਮ ਅਹੁਦੇ 'ਤੇ ਕੰਮ ਕਰ ਰਹੇ ਸਨ ਅਤੇ ਇੱਕ ਇਮਾਨਦਾਰ ਤੇ ਨਿਪੁੰਨ ਅਧਿਕਾਰੀ ਸਮਝੇ ਜਾਂਦੇ ਹਨ। ਉਹ ਰਾਜ ਦੇ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਤੋਂ ਇਲਾਵਾ ਚੰਡੀਗੜ੍ਹ ਦੇ ਵੀ ਐੱਸ. ਐੱਸ. ਪੀ. ਰਹਿ ਚੁੱਕੇ ਹਨ, ਜਦੋਂਕਿ ਜਲੰਧਰ ਅਤੇ ਲੁਧਿਆਣਾ ਦੀਆਂ ਰੇਂਜਾਂ ਦੇ ਡੀ. ਆਈ. ਜੀ. ਵਜੋਂ ਵੀ ਉਨ੍ਹਾਂ ਕੰਮ ਕੀਤਾ ਹੈ। ਉਕਤ ਅਹੁਦਾ ਸ੍ਰੀ ਸੁਮਿਤ ਸੈਣੀ ਦੀ ਰਾਜ ਦੇ ਡੀ. ਜੀ. ਪੀ. ਵਜੋਂ ਨਿਯੁਕਤੀ ਕਾਰਨ ਖਾਲ੍ਹੀ ਹੋਇਆ ਸੀ। ਡਾਇਰੈਕਟਰ ਜਨਰਲ ਵਿਜੀਲੈਂਸ ਵਜੋਂ ਸ੍ਰੀ ਅਰੋੜਾ ਸਿੱਧੇ ਹੁਣ ਮੁੱਖ ਸਕੱਤਰ ਪੰਜਾਬ ਨੂੰ ਰਿਪੋਰਟ ਕਰਨਗੇ।
ਪੀ. ਆਰ. 118 ਕਿਸਮ ਝੁਲਸ ਰੋਗ ਤੋਂ ਮੁਕਤ-ਡਾ: ਗਿੱਲ
ਪਾਇਲ, 17 ਮਾਰਚ-ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਡਾ: ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਝੋਨੇ ਦੀ ਰੋਗ ਰਹਿਤ ਕਿਸਮ ਪੀ ਆਰ 118 ਕਿਸਮ ਝੁਲਸ ਰੋਗ ਦੇ ਹਮਲੇ ਤੋਂ ਮੁਕਤ ਹੈ। ਡਾ: ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ ਝੋਨੇ ਦੀਆਂ 21 ਤੇ ਬਾਸਮਤੀ ਦੀਆਂ 10 ਕਿਸਮਾਂ ਕਾਸ਼ਤ ਲਈ ਸਿਫਾਰਸ਼ ਕੀਤੀਆਂ ਗਈਆਂ ਹਨ। ਡਾ: ਗਿੱਲ ਨੇ ਦੱਸਿਆ ਕਿ ਸਾਲ 1995 ਤੋਂ ਬਾਅਦ ਯੂਨੀਵਰਸਿਟੀ ਦੁਆਰਾ ਝੋਨੇ ਦੀਆਂ ਸਿਫਾਰਸ਼ ਕਿਸਮਾਂ ਪੀ ਆਰ 111, ਪੀ ਆਰ 113, ਪੀ ਆਰ 144, ਪੀ ਆਰ 115, ਪੀ ਆਰ 116 ਤੇ ਪੀ ਆਰ 118 ਵਿਚ ਝੁਲਸ ਰੋਗ ਨੂੰ ਸਹਿਣ ਦੀ ਸਮਰੱਥਾ ਹੈ ਤੇ ਇਸੇ ਕਰਕੇ ਪਿਛਲੇ ਦੋ ਦਹਾਕਿਆਂ ਦੌਰਾਨ ਝੁਲਸ ਰੋਗ ਦਾ ਕੋਈ ਵੀ ਮਾਰੂ ਹਮਲਾ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆਂ ਕਿ ਪੂਸਾ 44 ਨਾਲੋਂ 3 ਫੀ ਸਦੀ ਵੱਧ ਝਾੜ ਦੇਣ ਕਰਕੇ ਇਸ ਕਿਸਮ ਹੇਠ ਦਿਨ ਬ ਦਿਨ ਰਕਬਾ ਵੱਧ ਰਿਹਾ ਹੈ।
ਮਾਰਕੀਟ ਕਮੇਟੀ ਸਮਰਾਲਾ ਵੱਲੋਂ 2 ਕਰੋੜ 83 ਲੱਖ ਦਾ ਬਜਟ ਪਾਸ
ਸਮਰਾਲਾ, 17 ਮਾਰਚ-ਮਾਰਕੀਟ ਕਮੇਟੀ ਸਮਰਾਲਾ ਦਾ ਸਾਲ 2012-13 ਦੀ ਆਮਦਨ, ਖ਼ਰਚ ਦਾ ਬਜਟ ਪਾਸ ਕੀਤਾ ਗਿਆ, ਜਿਸ ਬਾਰੇ ਜੋਗਿੰਦਰ ਸਿੰਘ ਸੇਹ ਚੇਅਰਮੈਨ, ਸ੍ਰੀ ਰਮਨ ਖੁੱਲਰ ਵਾਈਸ ਚੇਅਰਮੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2012-13 ਦੌਰਾਨ ਆਮਦਨ 2,83,56,163 ਰੁਪਏ ਹੈ ਤੇ ਖ਼ਰਚਾ 3,15,64,000 ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਇਹ ਬਜਟ 32,07,837 ਰੁਪਏ ਘਾਟੇ ਦਾ ਹੈ। ਇਹ ਘਾਟਾ ਖਰਚਿਆਂ ਵਿਚ ਸੰਕੋਚ ਵਰਤ ਕੇ ਪੂਰਾ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ, ਸਮਰਾਲਾ ਦੀ 24 ਦਸੰਬਰ 2011 ਤੋਂ 3 ਸਾਲ ਲਈ ਮੁਨਿਆਦ ਵਧਾ ਦਿੱਤੀ ਹੈ, ਜਿਸ ਲਈ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਅਪਣੀ ਜਿੰਮੇਵਾਰੀ ਨੂੰ ਪੂਰੀ ਤਨ ਦੇਹੀ ਨਾਲ ਨਿਭਾਵੇਗੀ। ਇਸ ਮੌਕੇ ਚੇਅਰਮੈਨ ਜੋਗਿੰਦਰ ਸਿੰਘ ਸੇਹ ਨੇ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੀ ਮੁੜ ਵਾਪਸੀ ਨੇ ਦਿਹਾਤੀ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ ਤੇ ਸਾਰੇ ਅਹੁਦੇਦਾਰ ਮੰਡੀਕਰਨ ਬੋਰਡ ਰਾਹੀਂ ਮੁੜ ਤੋਂ ਵਿਕਾਸ ਦੀਆਂ ਤਿਆਰੀਆਂ 'ਚ ਜੁੱਟ ਜਾਣ। ਇਸ ਸਮੇਂ ਕਮੇਟੀ ਦੇ ਡਾਇਰੈਕਟਰ ਸਰਪੰਚ ਮੇਵਾ ਸਿੰਘ ਰਾਣਵਾਂ, ਸਰਪੰਚ ਹਰਬੰਸ ਸਿੰਘ ਭਰਥਲਾ, ਪੰਚ ਜਗਜੀਤ ਸਿੰਘ ਚਹਿਲਾਂ, ਸਰਪੰਚ ਹਰਬੰਸ ਸਿੰਘ ਉਟਾਲ਼ਾਂ, ਸਰਪੰਚ ਸੁਰਜੀਤ ਸਿੰਘ ਢੀਂਡਸਾ, ਸਰਪੰਚ ਜਸਵੀਰ ਸਿੰਘ ਮੱਲਮਾਜ਼ਰਾ, ਸ਼ੇਰ ਸਿੰਘ ਮੁਸ਼ਕਾਬਾਦ, ਰਾਮਜੀ ਦਾਸ ਸਮਰਾਲਾ, ਅਦਰਸ਼ ਸਿੰਘ ਸਮਰਾਲਾ ਤੇ ਕਮੇਟੀ ਕਰਮਚਾਰੀ ਹਾਜ਼ਰ ਸਨ।
ਮੱਝ 1 ਲੱਖ 35 ਹਜ਼ਾਰ 'ਚ ਵਿਕੀ
ਮਾਨਸਾ. 17 ਮਾਰਚ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਦੋਧੀ ਦੀ ਮੱਝ 1 ਲੱਖ 35 ਹਜ਼ਾਰ ਰੁਪਏ ਵਿਕਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਨੀ ਕੀਮਤ 'ਚ ਕੋਈ ਵੀ ਮੱਝ ਨਹੀਂ ਵਿਕੀ। ਦੋਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਯੂਨੀਅਨ ਦੇ ਮੈਂਬਰ ਸਾਧੂ ਰਾਮ ਦੀ ਮੋਹਰਾ ਨਸਲ ਦੀ ਝੋਟੀ (ਮੱਝ) 16 ਲੀਟਰ ਦੁੱਧ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਪਿਤਾ ਪੁਰਖੀ ਮੱਝਾਂ ਪਾਲਣ ਦਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਘਰ ਦੀ ਖੁਰਾਕ ਹੀ ਜ਼ਿਆਦਾ ਦਿੰਦੇ ਹਨ, ਦੀ ਇਹ ਮੱਝ ਵੀ ਘਰੇਲੂ ਸੀ। ਇਹ ਮੱਝ ਗੋਗੀ ਸਿੰਘ ਪਿੰਡ ਮਾਖਾ ਚਹਿਲਾਂ ਨੇ ਖਰੀਦੀ ਹੈ।
ਪੰਜਾਬ ਦੇ ਸਪੀਕਰ ਅਟਵਾਲ ਦੀ ਕਾਰ ਹਾਦਸਾ ਗ੍ਰਸਤ

ਸਮਰਾਲਾ ਨੇੜੇ ਪਿੰਡ ਚਹਿਲਾਂ ਲਾਗੇ ਦੁਕਾਨਾਂ ਵਿਚ ਧੁਸੀ ਪੰਜਾਬ ਦੇ ਸਪੀਕਰ ਦੀ
ਸਰਕਾਰੀ ਕੈਮਰੀ ਕਾਰ।
ਸਮਰਾਲਾ. 17 ਮਾਰਚ  ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਸਰਕਾਰੀ ਕੈਮਰੀ ਗੱਡੀ ਹਾਦਸਾਗ੍ਰਸਤ ਹੋ ਗਈ। ਪਿੰਡ ਚਹਿਲਾਂ ਲਾਗੇ ਇੱਕ ਦੋ ਪਹੀਆ ਗੱਡੀ ਨੂੰ ਬਚਾਉਣ ਦੇ ਚੱਕਰ ਵਿਚ ਡਰਾਇਵਰ ਦੇ ਹੱਥੋਂ ਬੇਕਾਬੂ ਹੋਈ ਇਹ ਕਾਰ ਦੂਜੇ ਪਾਸੇ ਜਾ ਕੇ ਦੁਕਾਨਾਂ ਨਾਲ ਜਾ ਟਕਰਾਈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਲਈ ਅਲਾਟ ਹੋਈ ਕੈਮਰੀ ਕਾਰ ਪੀ. ਬੀ. 10 ਸੀ. ਐੱਲ -3333 ਦਾ ਸਰਕਾਰੀ ਡਰਾਇਵਰ ਬੀਤੀ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਸ. ਅਟਵਾਲ ਦੇ ਗ੍ਰਹਿ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਰਾਤ ਮੌਕੇ ਇਹ ਹਾਦਸਾ ਵਾਪਰ ਗਿਆ। ਗੱਡੀ ਵਿਚ ਉਸ ਵਕਤ ਸਿਰਫ ਸਰਕਾਰੀ ਡਰਾਇਵਰ ਹੀ ਮੌਜੂਦ ਸੀ। ਸਮਰਾਲਾ ਦੇ ਥਾਣਾ ਮੁੱਖੀ ਸ. ਗੁਰਿੰਦਰ ਸਿੰਘ ਬੱਲ ਅਨੁਸਾਰ ਇਸ ਹਾਦਸੇ ਸਬੰਧੀ ਕੋਈ ਵੀ ਸ਼ਿਕਾਇਤ ਦਰਜ਼ ਨਹੀਂ ਹੋਈ।
ਮੋਟਰਸਾਈਕਲ ਤੋਂ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਨੰਗਲ. 17 ਮਾਰਚ  ਨੰਗਲ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਪਿੰਡ ਅਜੌਲੀ ਦੇ ਨਜ਼ਦੀਕ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਦੇ ਮੋਟਰਸਾਈਕਲ ਤੋਂ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ 3 ਨੌਜਵਾਨ ਇਕ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ. ਬੀ.-12-ਕੇ-9331 'ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਤੋਂ ਨੰਗਲ ਨੂੰ ਆ ਰਹੇ ਸਨ ਕਿ ਉਕਤ ਸਥਾਨ 'ਤੇ ਮੋਟਰਸਾਈਕਲ ਚਾਲਕ ਵੱਲੋਂ ਅਚਾਨਕ ਤੇਜ਼ ਰਫਤਾਰ ਵਿਚ ਬਰੇਕ ਲਗਾ ਦਿੱਤੀ ਗਈ ਜਿਸ ਕਾਰਨ ਤਿੰਨੋਂ ਨੌਜਵਾਨ ਥੱਲੇ ਡਿੱਗ ਪਏ ਜਿਨ੍ਹਾਂ 'ਚੋਂ ਦੋ ਨੌਜਵਾਨਾਂ ਦੇ ਸਿਰਾਂ ਵਿਚ ਡੂੰਘੀ ਸੱਟ ਲੱਗ ਗਈ ਤੇ ਇਨ੍ਹਾਂ ਨੂੰ ਇਲਾਜ ਲਈ ਸਥਾਨਕ ਬੀ. ਬੀ. ਐੱਮ. ਬੀ. ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਪਹੁੰਚਦਿਆਂ ਹੀ ਪਿੱਛੇ ਬੈਠੇ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਕਾਰਨ ਦਾਖਲ ਕਰ ਲਿਆ ਗਿਆ। ਮ੍ਰਿਤਕਾਂ ਦੀ ਪਹਿਚਾਣ ਵਿਸ਼ਾਲ ਕੁਮਾਰ 16 ਸਾਲ ਪੁੱਤਰ ਹਰੀ ਓਮ ਵਾਸੀ ਮੁਹੱਲਾ ਕੁਰਾਲੀ ਵਾਲਾ, ਅਨੰਦਪੁਰ ਸਾਹਿਬ ਤੇ ਸੋਨੂੰ ਰੰਜਨ 18 ਸਾਲ ਪੁੱਤਰ ਮਹੇਸ਼ ਸ਼ਰਮਾ ਵਾਸੀ ਮੁਹੱਲਾ ਬੜੀ ਸਰਕਾਰ, ਅਨੰਦਪੁਰ ਸਾਹਿਬ ਵਜੋਂ ਹੋਈ ਹੈ ਤੇ ਜ਼ਖ਼ਮੀ ਦੀ ਪਹਿਚਾਣ ਅੰਮਿਤ ਸ਼ਰਮਾ ਪੁੱਤਰ ਸ਼ਾਮ ਸੁੰਦਰ ਵਾਸੀ 382 ਮੁਹੱਲਾ ਬੜੀ ਸਰਕਾਰ ਵਜੋਂ ਹੋਈ ਹੈ।