ਗੈਸ ਦੀਆਂ ਕੀਮਤਾਂ 10 ਫੀ ਸਦੀ ਤੱਕ ਵਧਣ ਦਾ ਅੰਦੇਸ਼ਾ
ਟੋਰਾਂਟੋ, 29 ਫਰਵਰੀ : ਮਾਹਿਰਾਂ ਦਾ ਕਹਿਣਾ ਹੈ ਕਿ ਰਿਫਾਈਨਰੀਆਂ ਦੇ ਬੰਦ ਹੋਣ, ਯੂਰਪ ਦੇ ਸੰਕਟ ਤੇ ਅਰਬ ਜਗਤ ਵਿੱਚ ਮਚੀ ਤਰਥੱਲੀ ਤੋਂ ਇਲਾਵਾ ਬਜ਼ਾਰਾਂ ਦੇ ਪਲ ਪਲ ਬਦਲ ਰਹੇ ਮਿਜਾਜ਼ ਤੋਂ ਭਾਵ ਹੈ ਕਿ ਕੈਨੇਡੀਅਨ ਮੋਟਰ ਚਾਲਕਾਂ ਨੂੰ ਗਰਮੀਆਂ ਵਿੱਚ ਗੈਸ ਲਈ ਵਧੇਰੇ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਹਨ। ਇਸ ਹਫਤੇ ਮਾਂਟਰੀਅਲ ਦੇ ਡਰਾਈਵਰਾਂ ਨੂੰ ਅਚਨਚੇਤੀ ਹੀ ਰਾਤੋ ਰਾਤ ਗੈਸ ਦੀਆਂ ਕੀਮਤਾਂ ਵਿੱਚ 14 ਸੈਂਟ ਵਾਧੇ ਦਾ ਸਾਹਮਣਾ ਕਰਨਾ ਪਿਆ, ਗੈਸ ਦੀਆਂ ਜਿਹੜੀਆਂ ਕੀਮਤਾਂ ਸੋਮਵਾਰ ਨੂੰ 1.30 ਡਾਲਰ ਪ੍ਰਤੀ ਲੀਟਰ ਸਨ ਮੰਗਲਵਾਰ ਨੂੰ ਉਹੀ ਕੀਮਤਾਂ 1.44 ਡਾਲਰ ਤੱਕ ਅੱਪੜ ਗਈਆਂ। ਬੁੱਧਵਾਰ ਨੂੰ ਦੇਸ਼ ਭਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਆਪਸ ਵਿੱਚ ਕੋਈ ਮੇਲ ਹੀ ਨਹੀਂ ਸੀ। ਵੈਨਕੂਵਰ ਵਿੱਚ ਪ੍ਰਤੀ ਲੀਟਰ ਪਿੱਛੇ ਗੈਸ ਦੀ ਕੀਮਤ 1.41 ਡਾਲਰ ਵਸੂਲੀ ਗਈ, ਐਡਮੰਟਨ ਵਿੱਚ ਇਹ ਪ੍ਰਤੀ ਲੀਟਰ ਪਿੱਛੇ 1.07 ਡਾਲਰ ਰਹੀ ਤੇ ਟੋਰਾਂਟੋ ਵਿੱਚ ਗੈਸ ਦੀ ਕੀਮਤ ਪ੍ਰਤੀ ਲੀਟਰ ਪਿੱਛੇ 1.30 ਡਾਲਰ ਰਹੀ। ਇੱਕ ਗੱਲ ਤਾਂ ਮੰਨਣ ਵਾਲੀ ਇਹ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਹਰ ਥਾਂ ਉੱਤੇ ਵਾਧਾ ਹੀ ਹੋਇਆ ਹੈ। ਤੇਲ ਸਨਅਤ ਦੇ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਪਰੈਲ ਦੇ ਅੰਤ ਤੱਕ 12 ਤੋਂ 15 ਫੀ ਸਦੀ ਤੱਕ ਵਾਧੇ ਦੀ ਗੱਲ ਕੀਤੀ ਗਈ ਸੀ। ਇਹ ਪਹਿਲਾਂ ਹੀ 3 ਫੀ ਸਦੀ ਤੋਂ ਵੀ ਵੱਧ ਚੁੱਕੀ ਹੈ ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਅਪਰੈਲ ਤੱਕ ਇਹ 10 ਫੀ ਸਦੀ ਹੋਰ ਵੱਧ ਜਾਣਗੀਆਂ। ਆਮ ਤੌਰ ਉੱਤੇ ਗੈਸ ਦੀਆਂ ਕੀਮਤਾਂ ਮਈ ਦੇ ਅੰਤ ਤੱਕ ਘੱਟ ਜਾਂਦੀਆਂ ਹਨ ਪਰ ਇਸ ਸਾਲ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਇੰਜ ਲੱਗਦਾ ਹੈ ਜਿਵੇਂ ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ ਜੁਲਾਈ ਦੇ ਮੱਧ ਤੱਕ ਰਹੇਗਾ। ਇਸ ਤੋਂ ਭਾਵ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਟੋਰਾਂਟੋ ਦੇ ਕਾਰ ਮਾਲਕਾਂ ਨੂੰ ਪ੍ਰਤੀ ਲੀਟਰ ਪਿੱਛੇ 1.43 ਡਾਲਰ ਦੇਣੇ ਪੈਣਗੇ। Thursday, 1 March 2012
ਬੇਸਮੈਂਟਾਂ ਦੀ ਸਾਈਡ ਐਂਟਰੈਂਸਾਂ ਦਾ ਮੁੱਦਾ : ਕਾਨੂੰਨ ਚੁੱਪ ਚੁਪੀਤੇ
ਵਾਪਸਬਰੈਂਪਟਨ 29 ਫਰਵਰੀ-ਬਰੈਂਪਟਨ ਵਿੱਚ ਬੇਸਮੈਂਟਾਂ ਅਤੇ ਗਰਾਜ਼ਾਂ ਵਿੱਚ ਸਾਈਡ ਐਂਟਰੈਂਸ ਨਾ ਬਣਾਉਣ ਦੀ ਇਜਾਜ਼ਤ ਦੇਣ ਵਾਲਾ ਜੋ ਬਾਈ ਲਾਅ (109-2011) ਮਿਉਂਸਪਲ ਕਾਉਂਸਲ ਨੇ ਅਪਰੈਲ 2011 ਵਿੱਚ ਪਾਸ ਕੀਤਾ ਸੀ, ਉਹ ਵਾਪਸ ਲੈ ਲਿਆ ਹੈ। ਮੇਅਰ ਸੂਜ਼ਨ ਫੈਨਲ ਅਤੇ ਸਿਟੀ ਕਲਰਕ ਪੀਟਰ ਫੇਅ ਦੇ ਦਸਤਖਤਾਂ ਹੇਠ 22 ਫਰਵਰੀ ਨੂੰ ਜਾਰੀ ਇਸ ਸਬੰਧੀ ਮਤਾ ਸਿਟੀ ਕਾਉਂਸਲ ਦੀ ਖੁੱਲੀ ਮੀਟਿੰਗ ਵਿੱਚ ਪਾਸ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਬਾਈ ਲਾਅ ਨੂੰ ਲੈ ਕੇ ਕਮਿਉਨਿਟੀ ਵਿੱਚ ਵੱਡੀ ਪੱਧਰ ਉੱਤੇ ਤੌਖਲੇ ਪਾਏ ਜਾ ਰਹੇ ਸਨ ਅਤੇ ਸਿਟੀ ਦੇ ਇਸ ਫੈਸਲੇ ਨੂੰ ਉਂਟੇਰੀਓ ਮਿਉਂਸੀਪਲ ਬੋਰਡ ਕੋਲ ਮਈ 2011 ਵਿੱਚ ਚੁਣੌਤੀ ਦਿੱਤੀ ਗਈ ਸੀ।
ਪਿਛਲੀਆਂ ਚੋਣਾਂ ਵਿੱਚ ਰੀਜਨਲ ਕਾਉਂਸਲਰ ਲਈ ਚੋਣ ਲੜ ਚੁੱਕੇ ਅਤੇ ਸਿਟੀ ਬਾਈ ਲਾਅ ਨੂੰ ਚੁਣੌਤੀ ਦੇ ਵਾਲੇ ਹਰਕੰਵਲ ਸਿੰਘ ਥਿੰਦ ਨੇ ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਕਿਹਾ,” ਇਹ ਬਾਈ ਲਾਅ ਇਸ ਲਈ ਵਾਪਸ ਲਿਆ ਗਿਆ ਹੈ ਕਿਉਂਕਿ ਸਿਟੀ ਅਧਿਕਾਰੀ ਅਤੇ ਕਾਉਂਸਲ ਜਾਣਦੀ ਸੀ ਕਿ ਉਹਨਾਂ ਦਾ ਪੱਖ ਬਹੁਤ ਕਮਜ਼ੋਰ ਹੈ ਅਤੇ ਇਸਨੇ ਚੁਣੌਤੀ ਦੀਆਂ ਦਲੀਲਾਂ ਸਾਹਮਣੇ ਟਿਕਣਾ ਨਹੀਂ ਹੈ”। ਹਰਕੰਵਲ ਥਿੰਦ ਦਾ ਇਹ ਵੀ ਆਖਣਾ ਹੈ ਕਿ ਇਸ ਬਾਈ ਲਾਅ ਨੂੰ ਚੁਣੌਤੀ ਦੇਣ ਵਾਲੀ ਅਪੀਲ ਉੱਤੇ 3 ਮਈ 2012 ਨੂੰ ਬਹਿਸ ਹੋਣੀ ਪਰ ਸਿਟੀ ਨੇ ਨਮੋਸ਼ੀ ਤੋਂ ਬੱਚਣ ਲਈ ਪਹਿਲਾਂ ਹੀ ਆਪਣਾ ਬਾਈ ਲਾਅ ਵਾਪਸ ਲੈ ਲਿਆ ਹੈ।
ਇਹ ਗੱਲ ਵਰਨਣਯੋਗ ਹੈ ਕਿ ਬੇਸਮੈਂਟਾਂ ਵਿੱਚ ਸਾਈਡ ਐਂਟਰੈਂਸ ਬਾਰੇ ਰੋਕ ਲਾਉਣ ਵਾਲਾ ਬਾਈ ਲਾਅ ਅਪਰੈਲ 2008 ਵਿੱਚ ਪਾਸ ਕੀਤਾ ਗਿਆ ਸੀ ਜੋ ਤਿੰਨ ਸਾਲ ਦੇ ਵਕਫੇ ਬਾਅਦ ਅਪਰੈਲ 2011 ਵਿੱਚ ਲਾਗੂ ਕੀਤਾ ਗਿਆ। ਹਰਕੰਵਲ ਸਿੰਘ ਥਿੰਦ ਦਾ ਆਖਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਇਸ ਬਾਈ ਲਾਅ ਨੂੰ ਲਾਗੂ ਨਾ ਕੀਤਾ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਕਮਿਉਨਿਟੀ ਨੇ ਬੇਸਮੈਂਟਾਂ ਬਣਾਈਆਂ ਹੋਈਆਂ ਹਨ ਅਤੇ ਇਸਨੇ ਸੰਵੇਦਨਸ਼ੀਲ ਚੋਣ ਮੁੱਦਾ ਬਣ ਜਾਣਾ ਸੀ।
ਪੰਜਾਬੀ ਨੌਜਵਾਨ ਨੇ ਟੱਕਰ ਮਾਰ ਕੇ ਬਜ਼ੁਰਗ ਜੋੜੇ ਦੀ ਜਾਨ ਲੈਣ ਦਾ ਗੁਨਾਹ ਕਬੂਲ ਕੀਤਾ
ਸਰ੍ਹੀ ਦੇ ਬਜੁ਼ਰਗ ਪੰਜਾਬੀ ਜੋੜੇ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਰਵਿੰਦਰ ਬਿਨਿੰਗ ਨੂੰ ਮੰਗਲਵਾਰ ਨੂੰ ਸਰ੍ਹੀ ਦੀ ਪ੍ਰੋਵਿੰਸ਼ੀਅਲ ਅਦਾਲਤ ਵੱਲੋਂ ਖਤਰਨਾਕ ਡਰਾਈਵਿੰਗ ਰਾਹੀਂ ਕਿਸੇ ਦੀ ਜਾਨ ਲੈਣ, ਖਤਰਨਾਕ ਡਰਾਈਵਿੰਗ ਰਾਹੀਂ ਸਰੀਰਕ ਤੌਰ ਉੱਤੇ ਨੁਕਸਾਨ ਪਹੁੰਚਾਉਣ ਤੇ ਹਾਦਸੇ ਵਾਲੀ ਥਾਂ ਤੋਂ ਫਰਾਰ ਹੋਣ ਦੇ ਸਬੰਧ ਵਿੱਚ ਕਸੂਰਵਾਰ ਠਹਿਰਾਇਆ ਗਿਆ। ਬਾਧ ਪਰਿਵਾਰ ਜੁਲਾਈ 2008 ਵਿੱਚ ਮੰਗਣੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ ਜਦੋਂ ਇੱਕ ਹੋਰ ਗੱਡੀ ਵੱਲੋਂ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿੱਚ 60ਵਿਆਂ ਨੂੰ ਢੁਕੇ ਦਿਲਬਾਗ ਬਾਧ ਤੇ ਉਨ੍ਹਾਂ ਦੀ ਪਤਨੀ ਬਖਸ਼ੀਸ਼ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਟੱਕਰ ਐਨੀ ਜ਼ਬਰਦਸਤ ਸੀ ਕਿ ਬਿਨਿੰਗ ਦੀ ਗੱਡੀ ਵੀ ਉਛਲ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਮੰਗਲਵਾਰ ਨੂੰ ਅਦਾਲਤ ਦੇ ਬਾਹਰ ਬਾਧ ਪਰਿਵਾਰ ਨੇ ਇਸ ਨੂੰ ਸਹੀ ਫੈਸਲਾ ਦੱਸਿਆ ਪਰ ਉਨ੍ਹਾਂ ਇਸ ਗੱਲ ਉੱਤੇ ਹੈਰਾਨੀ ਵੀ ਪ੍ਰਗਟਾਈ ਕਿ ਬਿਨਿੰਗ ਨੂੰ ਕਸੂਰਵਾਰ ਠਹਿਰਾਉਣ ਵਿੱਚ ਐਨੀ ਦੇਰ ਕਿਉਂ ਲੱਗੀ। ਬਾਧ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਬਿਨਿੰਗ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਬਿਨਿੰਗ ਨੂੰ 13 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।
ਫਲੈਹਰਟੀ 29 ਮਾਰਚ ਨੂੰ ਪੇਸ਼ ਕਰਨਗੇ ਫੈਡਰਲ ਬਜਟ
ਓਟਵਾ, 29 ਫਰਵਰੀ -ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਬੁੱਧਵਾਰ ਨੂੰ ਆਖਿਆ ਕਿ ਫੈਡਰਲ ਸਰਕਾਰ 29 ਮਾਰਚ ਨੂੰ ਆਪਣਾ ਬਜਟ ਪੇਸ਼ ਕਰੇਗੀ। ਇਸ ਵਾਰੀ ਆਮ ਨਾਲੋਂ ਬਜਟ ਕੁੱਝ ਲੇਟ ਹੈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੰਜ਼ਰਵੇਟਿਵਾਂ ਵੱਲੋਂ ਕਈ ਵਿਭਾਗਾਂ ਦੇ ਖਰਚਿਆਂ ਵਿੱਚ ਕਟੌਤੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਮੰਤਰੀਆਂ ਨੇ ਵੀ ਇਹ ਸੰਕੇਤ ਦਿੱਤਾ ਹੈ ਕਿ ਉਹ ਕਟੌਤੀਆਂ ਬਾਰੇ ਅਜੇ ਵੀ ਆਖਰੀ ਫੈਸਲੇ ਲੈ ਰਹੇ ਹਨ। ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਕੁੱਝ ਕੁ ਵਿਭਾਗਾਂ ਵਿੱਚ ਤਾਂ ਇਹ ਕਟੌਤੀਆਂ 20 ਫੀ ਸਦੀ ਤੋਂ ਵੀ ਜਿ਼ਆਦਾ ਹੋਣਗੀਆਂ। ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 4 ਬਿਲੀਅਨ ਤੋਂ 8 ਬਿਲੀਅਨ ਡਾਲਰ ਤੱਕ ਦੀ ਬਚਤ ਚਾਹੁੰਦੀ ਹੈ ਤੇ ਪਤਾ ਲੱਗਿਆ ਹੈ ਕਿ ਇਸ ਟੀਚੇ ਨੂੰ ਪੂਰਾ ਕਰਨ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ ਪਰ ਫਲੈਹਰਟੀ ਵੱਲੋਂ ਕਿਸੇ ਤਰ੍ਹਾਂ ਦੇ ਵੇਰਵੇ ਨਹੀਂ ਦਿੱਤੇ ਗਏ। ਉਨ੍ਹਾਂ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਕੋਈ ਗੁੰਝਲਦਾਰ ਵੇਰਵੇ ਨਹੀਂ ਹੋਣ ਵਾਲੇ। ਫਲੈਹਰਟੀ ਨੇ ਆਖਿਆ ਕਿ ਘਾਟੇ ਨੂੰ ਖ਼ਤਮ ਕਰਨ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੀ ਝਲਕ ਇਸ ਬਜਟ ਵਿੱਚੋਂ ਜ਼ਰੂਰ ਮਿਲੇਗੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਬਜਟ ਵਿੱਚ ਵਧੇਰੇ ਧਿਆਨ ਰੋਜ਼ਗਾਰ ਤੇ ਵਿਕਾਸ ਵੱਲ ਦਿੱਤਾ ਗਿਆ ਹੈ। ਇਹ ਬਜਟ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ 2012-13 ਦੇ ਵਿੱਤੀ ਵਰ੍ਹੇ ਤੋਂ ਕੁੱਝ ਕੁ ਦਿਨ ਪਹਿਲਾਂ ਹੀ ਆਵੇਗਾ। ਫਲੈਹਰਟੀ ਨੇ ਇਹ ਬਿਆਨ ਹਾਊਸ ਆਫ ਕਾਮਨਜ਼ ਦੇ ਬਾਹਰ ਦਿੱਤਾ। ਉਨ੍ਹਾਂ ਹੋਣ ਵਾਲੀਆਂ ਕਟੌਤੀਆਂ ਬਾਰੇ ਵੀ ਹਿੰਟ ਦਿੱਤਾ ਤੇ ਆਖਿਆ ਕਿ ਪਬਲਿਕ ਸਰਵਿਸ ਨੂੰ ਵੀ ਹੱਥ ਘੁੱਟਣ ਦੀ ਲੋੜ ਹੈ। ਫਲੈਹਰਟੀ ਨੇ ਆਖਿਆ ਕਿ ਅਸੀਂ 265 ਬਿਲੀਅਨ ਡਾਲਰ ਦੇ ਬਜਟ ਦੀ ਗੱਲ ਕਰ ਰਹੇ ਹਾਂ ਤੇ ਐਡੇ ਵੱਡੇ ਬਜਟ ਵਿੱਚ ਖਰਚਿਆਂ ਵਿੱਚ ਵਾਜਬ ਕਟੌਤੀਆਂ ਤਾਂ ਕੀਤੀਆਂ ਜਾਣੀਆਂ ਜਾਇਜ਼ ਹੀ ਹਨ। ਅਸੀਂ ਮੁਕਾਬਲਤਨ ਖਰਚਿਆਂ ਵਿੱਚ ਨਿੱਕੀਆਂ ਕਟੌਤੀਆਂ ਦੀ ਗੱਲ ਕਰ ਰਹੇ ਹਾਂ। ਜੇ ਤੁਸੀਂ ਸਖ਼ਤ ਪ੍ਰੋਗਰਾਮਾਂ ਬਾਰੇ ਜਾਣਨਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਯੂਨਾਇਟਿਡ ਕਿੰਗਡਮ ਵੱਲ ਨਜ਼ਰ ਮਾਰ ਸਕਦੇ ਹੋਂ ਜਾਂ 1995 ਤੇ 1996 ਦੇ ਕੈਨੇਡਾ ਨੂੰ ਯਾਦ ਕਰ ਸਕਦੇ ਹੋਂ। ਸਾਡੇ ਵੱਲੋਂ ਇਸ ਸਮੇਂ ਬਜਟ ਵਿੱਚ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਫਿਰ ਵੀ ਮਾਮੂਲੀ ਹੀ ਹਨ। ਉਨ੍ਹਾਂ ਆਖਿਆ ਕਿ ਸਰਕਾਰ 2015-16 ਤੱਕ ਬਜਟ ਨੂੰ ਸੰਤੁਲਿਤ ਕਰਨਾ ਚਾਹੁੰਦੀ ਹੈ। ਇਸ ਪੇਸ਼ੀਨਿਗੋਈ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਸੰਭਾਵਨਾ ਇਸ ਸਮੇਂ ਤਾਂ ਨਹੀਂ ਹੈ।
ਪੀਲ ਪੁਲੀਸ ਦੇ ਮੁਖੀ ਮਾਇਕ ਮੈਟਕਾਫ ਵਲੋਂ ਰਿਟਾਇਰ ਹੋਣ ਦਾ ਐਲ਼ਾਨ
ਬਰੈਂਪਟਨ/ਫਰਵਰੀ 29, 2012-- ਪੀਲ ਪੁਲੀਸ ਦੇ ਮੁਖੀ ਮਾਇਕ ਮੈਟਕਾਫ ਨੇ ਮਾਰਚ ਦੇ ਅਖੀਰ ਵਿਚ ਪੁਲੀਸ ਮੁਖੀ ਵਜੋਂ ਰਿਟਾਇਰ ਹੋਣ ਦਾ ਐਲ਼ਾਨ ਕੀਤਾ ਹੈ। ਪੁਲੀਸ ਮੁਖੀ ਦੇ ਬੁਲਾਰੇ ਨੇ ਦੱਸਿਆ ਕਿ 62 ਸਾਲ ਦੇ ਮੈਟਕਾਫ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੂੰਦੇ ਹਨ।
ਮੈਟਕਾਫ ਨੇ 41 ਸਾਲ ਪੀਲ ਪੁਲੀਸ ਵਿਚ ਨੌਕਰੀ ਕੀਤੀ ਹੈ ਅਤੇ ਉਹ ਪਿਛਲੇ 6 ਸਾਲ ਤੋਂ ਪੀਲ ਪੁਲੀਸ ਦੇ ਮੂਖੀ ਵਜੌਂ ਆਪਣੀਆਂ ਬਿਹਤਰੀਨ ਸੇਵਾਵਾਂ ਨਿਭਾ ਰਹੇ ਸਨ।
ਮੈਟਕਾਫ ਇਸ ਮਾਰਚ ਦੇ ਅਖੀਰ ਵਿਚ ਪੁਲੀਸ ਦੇ ਮੁਖੀ ਵਜੋਂ ਆਪਣੀ ਡਿਊਟੀ ਛੱਡ ਦੇਣਗੇ ਅਤੇ ਗਰਮੀਆਂ ਦੇ ਮੱਧ ਵਿਚ ਪੁਲੀਸ ਸੇਵਾ ਤੋਂ ਮੁਕਤ ਹੋ ਜਾਣਗੇ। ਪੀਲ ਪੁਲੀਸ ਵਿਚ 1900 ਪੁਲੀਸ ਅਫਸਰ ਅਤੇ 900 ਸਿਵਲੀਅਨ ਅਫਸਰ ਕੰਮ ਕਰਦੇ ਹਨ।
ਸਰਕਾਰੀ ਕਟੌਤੀਆਂ ਕਾਰਨ ਇੱਕ ਲੱਖ ਤੋਂ ਵੱਧ ਨੌਕਰੀਆਂ ਜਾਣ ਦਾ ਖਦਸ਼ਾ : ਯੂਨੀਅਨ
ਕੰਜ਼ਰਵੇਟਿਵ ਸਰਕਾਰ ਵੱਲੋਂ ਫੈਡਰਲ ਖਰਚਾ 8 ਬਿਲੀਅਨ ਡਾਲਰ ਤੱਕ ਘਟਾਏ ਜਾਣ ਸਬੰਧੀ ਕੀਤੇ ਗਏ ਫੈਸਲੇ ਤੋਂ ਪਰੇਸ਼ਾਨ ਅਰਥਸ਼ਾਸਤਰੀਆਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੇ ਆਖਿਆ ਹੈ ਕਿ ਇਸ ਨਾਲ ਇੱਕ ਲੱਖ ਤੋਂ ਵੱਧ ਨੌਕਰੀਆਂ ਜਾਣ ਦਾ ਖਦਸ਼ਾ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਦ ਪ੍ਰੋਫੈਸ਼ਨਲ ਇੰਪਲਾਈਜ਼ (ਸੀਏਪੀਈ) ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਸਰਕਾਰ ਵੱਲੋਂ ਖਰਚਿਆਂ ਵਿੱਚ ਕਟੌਤੀਆਂ ਕਰਨ ਸਬੰਧੀ ਫੈਸਲੇ ਦਾ ਅਸਰ ਪੂਰੇ ਦੇਸ਼ ਵਿੱਚ ਮਹਿਸੂਸ ਕੀਤਾ ਜਾਵੇਗਾ। ਯੂਨੀਅਨ ਦੇ ਅੰਦਾਜੇ਼ ਮੁਤਾਬਕ ਕੰਜ਼ਰਵੇਟਿਵਾਂ ਦੇ ਖਰਚਿਆਂ ਆਦਿ ਦੇ ਮੁਲਾਂਕਣ ਦੇ ਨਤੀਜੇ, ਜਿਸ ਨੂੰ ਆਉਣ ਵਾਲੇ ਬਜਟ ਵਿੱਚ ਐਲਾਨਿਆ ਜਾਵੇਗਾ, ਨਾਲ ਦੇਸ਼ ਭਰ ਵਿੱਚ 116,000 ਲੋਕਾਂ ਦਾ ਰੋਜ਼ਗਾਰ ਖੁੱਸ ਜਾਵੇਗਾ। ਜਿਨ੍ਹਾਂ ਦੀਆਂ ਨੌਕਰੀਆਂ ਜਾਣਗੀਆਂ ਉਨ੍ਹਾਂ ਵਿੱਚੋਂ 61,000 ਪ੍ਰਾਈਵੇਟ ਖੇਤਰ ਨਾਲ ਸਬੰਧਤ ਹੋਣਗੇ ਤੇ 55,000 ਜਨਤਕ ਖੇਤਰ ਨਾਲ ਸਬੰਧਤ ਹੋਣਗੇ। ਯੂਨੀਅਨ ਦਾ ਕਹਿਣਾ ਹੈ ਕਿ ਸੱਭ ਤੋਂ ਵੱਧ ਵਾਢਾ ਓਨਟਾਰੀਓ ਵਿੱਚ ਲੱਗੇਗਾ, ਜਿੱਥੇ 50,000 ਰੋਜ਼ਗਾਰ ਦੇ ਮੌਕੇ ਖੁੱਸਣਗੇ ਤੇ ਦੂਜੇ ਨੰਬਰ ਉੱਤੇ ਰਹੇਗਾ ਕਿਊਬਿਕ ਜਿੱਥੇ 25,000 ਲੋਕਾਂ ਨੂੰ ਨੌਕਰੀ ਤੋਂ ਹੱਥ ਧੁਆਉਣੇ ਪੈਣਗੇ, ਫਿਰ ਵਾਰੀ ਆਵੇਗੀ ਪੱਛਮੀ ਕੈਨੇਡਾ ਦੀ ਜਿੱਥੋਂ 15,000 ਨੌਕਰੀਆਂ ਖ਼ਤਮ ਹੋਣਗੀਆਂ ਤੇ ਇਸ ਫੈਸਲੇ ਤੋਂ ਅਲਬਰਟਾ ਵੀ ਬਚ ਨਹੀਂ ਸਕੇਗਾ ਇੱਥੇ ਵੀ 8,000 ਨੌਕਰੀਆਂ ਖ਼ਤਮ ਕੀਤੀਆਂ ਜਾਣਗੀਆਂ। ਕੈਨੇਡਾ ਦੇ ਸਰਵਿਸ ਸੈਕਟਰ ਨਾਲ ਸਬੰਧਤ 9,000 ਕਾਮੇ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਣਗੇ, ਫੂਡ ਸਰਵਿਸ ਇੰਡਸਟਰੀ ਨਾਲ ਜੁੜੇ 4,400 ਲੋਕਾਂ ਦੀ ਨੌਕਰੀ ਜਾਵੇਗੀ ਤੇ ਹੋਲਸੇਲ ਖੇਤਰ ਦੇ 3,000 ਲੋਕਾਂ ਨੂੰ ਨੌਕਰੀ ਤੋਂ ਹੱਥ ਧੁਆਉਣੇ ਪੈਣਗੇ ਜਦਕਿ ਉਸਾਰੀ ਦੇ ਖੇਤਰ ਨਾਲ ਜੁੜੇ 2,500 ਲੋਕ ਵਿਹਲੇ ਹੋ ਜਾਣਗੇ। ਸੀਏਪੀਈ ਦੇ ਪ੍ਰਧਾਨ ਕਲਾਡ ਪੋਇਰੀਅਰ ਨੇ ਆਖਿਆ ਕਿ ਸਰਕਾਰ ਪ੍ਰੋਗਰਾਮਾਂ ਤੇ ਸੇਵਾਵਾਂ ਵਿੱਚ ਵੱਡੀਆਂ ਕਟੌਤੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਗੱਲ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਇਸ ਦਾ ਅਰਥਚਾਰੇ ਉੱਤੇ ਕੀ ਅਸਰ ਹੋਵੇਗਾ। ਯੂਨੀਅਨ ਵੱਲੋਂ ਇਸ ਤੋਂ ਕੁੱਝ ਪਹਿਲਾਂ ਹੀ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਸੀ ਕਿ 8 ਬਿਲੀਅਨ ਡਾਲਰ ਦੀ ਖਰਚਿਆਂ ਵਿੱਚ ਕੀਤੀ ਕਟੌਤੀ ਨਾਲ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵੀ 10 ਬਿਲੀਅਨ ਡਾਲਰ ਤੱਕ ਘਟ ਸਕਦਾ ਹੈ ਤੇ ਇਸ ਨਾਲ ਇੱਕ ਵਾਰੀ ਫਿਰ ਦੇਸ਼ ਵਿੱਚ ਮੰਦਵਾੜਾ ਆ ਸਕਦਾ ਹੈ। ਯੂਨੀਅਨ 14,000 ਫੈਡਰਲ ਅਰਥਸ਼ਾਸਤਰੀਆਂ, ਸੋਸ਼ਲ ਸਾਇੰਟਿਸਟਾਂ, ਟਰਾਂਸਲੇਟਰਾਂ ਤੇ ਲਾਇਬ੍ਰੇਰੀ ਆਫ ਪਾਰਲੀਆਮੈਂਟ ਦੇ ਖੋਜਕਾਰੀਆਂ ਦੀ ਨੁਮਾਇੰਦਗੀ ਕਰਦੀ ਹੈ।
ਤਾਂਬਾ ਤਾਰ ਚੋਰ ਗਿਰੋਹ ਦਾ ਇਕ ਮੈਂਬਰ ਕਾਬੂ
ਥਾਣਾ ਛਾਜਲੀ ਦੀ ਪੁਲਿਸ ਵੱਲੋਂ ਤਾਂਬੇ ਸਮੇਤ ਗ੍ਰਿਫਤਾਰ ਕੀਤਾ
ਵਿਅਕਤੀ ਪੁਲਿਸ ਪਾਰਟੀ ਨਾਲ।
ਛਾਜਲੀ, 29 ਫਰਵਰੀ :- ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਸਫਾਰਮਰਾਂ ਵਿੱਚੋਂ ਤਾਂਬਾ ਤਾਰ ਚੋਰ ਗਰੋਹ ਜਿਨ੍ਹਾਂ ਦੀ ਕਿਸਾਨਾਂ ਅਤੇ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਭਾਲ ਸੀ, ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਉਕਤ ਗਰੋਹ ਦੇ ਇੱਕ ਮੈਂਬਰ ਨੂੰ ਰੰਗੇ ਹੱਥੀ ਕਾਬੂ ਕਰਦਿਆਂ ਉਸ ਪਾਸੋਂ ਭਾਰੀ ਮਾਤਰਾ ਵਿੱਚ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਥਾਣਾ ਛਾਜਲੀ ਦੇ ਮੁੱਖ ਅਫਸਰ ਸ: ਜਸਵੰਤ ਸਿੰਘ ਮਾਂਗਟ ਨੇ ਦਿੱਤੀ। ਤੋਰਾਂ ਨੇ ਇਹ ਤਾਂਬਾ ਛਾਜਲੀ ਦੇ ਦੋ ਕਿਸਾਨ ਮਨੋਹਰ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਨਰੰਗ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਛਾਜਲੀ ਦੇ ਖੇਤਾਂ ਵਿੱਚੋਂ ਬਿਜਲੀ ਦੇ ਟਰਾਂਸਫਾਰਮਰ 'ਚੋ ਤਾਂਬਾ ਚੋਰੀ ਕੀਤਾ ਸੀ । ਸ੍ਰ: ਮਾਂਗਟ ਨੇ ਦੱਸਿਆ ਕਿ ਲਾਡਲਾ ਪੁੱਤਰ ਅਕਬਰ ਖਾਂ ਵਾਸੀ ਖਿੱਲੀਟੋਲਾ ਜ਼ਿਲ੍ਹਾ ਉਤਰ ਦਿਨਾਜਪੁਰ (ਪੱਛਮੀ ਬੰਗਾਲ) ਇਸ ਗ੍ਰੋਹ ਦਾ ਮੈਂਬਰ ਹੈ ਜਿਸ ਨੂੰ ਪੁਲਿਸ ਨੇ ਫੜਿਆ। ਥਾਣਾ ਛਾਜਲੀ ਦੀ ਪੁਲਿਸ ਵੱਲੋਂ ਤਾਂਬੇ ਸਮੇਤ ਗ੍ਰਿਫਤਾਰ ਕੀਤਾ
ਵਿਅਕਤੀ ਪੁਲਿਸ ਪਾਰਟੀ ਨਾਲ।
ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਲੱਗੇ ਕੈਮਰਿਆਂ ਨੇ ਚੋਰੀ ਨੂੰ ਪਾਈ ਠੱਲ੍ਹ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ ਅਤੇ
ਕੰਟਰੋਲ ਰੂਮ ਦਾ ਦ੍ਰਿਸ਼।
ਅੰਮ੍ਰਿਤਸਰ, 29 ਫਰਵਰੀ -ਸੁਰੱਖਿਆ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤੇ ਗਏ ਸੀ. ਸੀ. ਟੀ. ਵੀ. ਕੈਮਰਿਆਂ ਚੋਰੀ ਦੀਆਂ ਵਾਰਦਾਤਾਂ ਤੇ ਹੋਰ ਸਮਾਜ ਵਿਰੋਧੀ ਤੱਤਾਂ ਨੂੰ ਠੱਲ੍ਹ ਪਾਈ ਹੈ। ਲਗਭਗ 130 ਸੀ. ਸੀ. ਟੀ. ਵੀ. ਕੈਮਰੇ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਲਾਏ ਗਏ ਹਨ, ਜੋ ਲੰਗਰ ਹਾਲ, ਗਠੜੀ ਘਰ, ਦੁੱਖ ਭੰਜਨੀ ਬੇਰੀ, ਸੂਚਨਾ ਕੇਂਦਰ, ਖਜਾਨਾ ਘਰ, ਸ਼੍ਰੋਮਣੀ ਕਮੇਟੀ ਦਫ਼ਤਰ, ਲਾਚੀ ਬੇਰ ਤੇ ਹੋਰ ਅਹਿੰਮ ਥਾਵਾਂ 'ਤੇ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ 150 ਤੋਂ ਵੱਧ ਚੋਰ ਫੜ ਕੇ ਪੁਲਿਸ ਹਵਾਲੇ ਕੀਤੇ ਹਨ, ਜੋ ਇਸ਼ਨਾਨ ਸਮੇਂ ਸ਼ਰਧਾਲੂਆਂ ਦੇ ਕਪੜੇ ਚੋਰੀ ਕਰਦੇ ਸਨ, ਜਿਨ੍ਹਾਂ 'ਚੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਪ੍ਰਾਪਤ ਹੋ ਜਾਂਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸੀ. ਸੀ. ਟੀ. ਬੀ. ਕੈਮਰਿਆਂ ਦਾ ਕੰਟਰੋਲ ਰੂਮ ਪ੍ਰਕਰਮਾ 'ਚ ਬਣਾਇਆ ਹੈ, ਜਿਥੇ ਅੱਧੀ ਦਰਜ਼ਨ ਅਪਰੇਟਰ ਪੜਾਅ ਵਾਰ ਡਿਊਟੀ ਦਿੰਦੇ ਹਨ। ਇਨ੍ਹਾਂ ਤੋਂ ਇਲਾਵਾ ਸਿਵਲ ਕੱਪੜਿਆਂ 'ਚ 12 ਕਰਮਚਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੱਖ-ਵੱਖ ਥਾਵਾਂ ਖ਼ਾਸ ਕਰਕੇ ਭੀੜ ਵਾਲੇ ਸਥਾਨਾਂ 'ਤੇ ਸ਼ੱਕੀਆਂ 'ਤੇ ਨਜ਼ਰ ਰੱਖਦੇ ਹਨ। ਇਨ੍ਹਾਂ ਕੋਲ ਬਕਾਇਦਾ ਵਾਕੀ-ਟਾਕੀ ਸੈਟ ਹਨ। ਇਨ੍ਹਾਂ ਦਾ ਸਿੱਧਾ ਸੰਪਰਕ ਸੀ. ਸੀ. ਟੀ. ਵੀ. ਕੰਟਰੋਲ ਰੂਮ ਨਾਲ ਹੈ। ਇਹ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰਦੇ ਹਨ, ਜਿਨ੍ਹਾਂ ਦੀ ਸਰਗਰਮੀਆਂ ਨੂੰ ਕੈਮਰਿਆਂ 'ਚ ਨਾਲੋਂ ਨਾਲ ਬੰਦ ਕਰ ਲਿਆ ਜਾਂਦਾ ਹੈ। ਇਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸ਼ੱਕੀ ਵਿਅਕਤੀ ਨੂੰ ਘਟਨਾ ਨੂੰ ਅੰਜ਼ਾਮ ਦੇਣ ਸਮੇਂ ਕਾਬੂ ਕਰ ਲਿਆ ਜਾਵੇ। ਸ੍ਰੀ ਹਰਿਮੰਦਰ ਸਾਹਿਬ 'ਚ ਬਣੇ ਸੀ. ਸੀ. ਟੀ. ਵੀ. ਕੰਟਰੋਲ ਰੂਮ 'ਚ ਸ਼ਿਕਾਇਤ ਰਜਿਸਟਰ ਲਾਇਆ ਹੈ। ਸ਼ਿਕਾਇਤ ਮਿਲਣ 'ਤੇ ਤੁਰੰਤ ਕੈਮਰਿਆਂ ਰਾਹੀਂ ਦੋਸ਼ੀਆਂ ਖਿਲਾਫ਼ ਕਾਰਵਾਈ ਹੁੰਦੀ ਹੈ ਤੇ ਪੁਲਿਸ ਦੀ ਮਦਦ ਵੀ ਲਈ ਜਾਂਦੀ ਹੈ। ਇਸ ਕੰਟਰੋਲ ਰੂਮ ਕੋਲ ਸ਼ਿਕਾਇਤ ਦਾ ਨਿਪਟਾਰਾ ਤਿੰਨ ਦਿਨ ਤੱਕ ਰਿਕਾਰਡ ਕਰਨ ਦੀ ਵਿਵਸਥਾ ਹੈ, ਜਿਸ ਦਾ ਵਿਸਥਾਰ 10 ਦਿਨ ਕਰਨ ਦੀ ਤਜਵੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੋਈ ਹੈ। ਇਸ ਤੋਂ ਇਲਾਵਾ ਦਰਸ਼ਨੀ ਡਿਓਡੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਅਜੇ ਬਾਕੀ ਹਨ।ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ ਅਤੇ
ਕੰਟਰੋਲ ਰੂਮ ਦਾ ਦ੍ਰਿਸ਼।
ਡੀ. ਟੀ. ਐਫ ਵਲੋਂ ਕਰਾਈ ਵਜੀਫਾ ਪ੍ਰੀਖਿਆ 'ਚ ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਲਹਿਰਾਗਾਗਾ, 29 ਫਰਵਰੀ - ਡੈਮੋਕਰੇਟਿਕ ਟੀਚਰ ਫਰੰਟ ਸੰਗਰੂਰ ਵਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਵਜੀਫਾ ਪ੍ਰੀਖਿਆ ਵਿਚ ਪ੍ਰਾਈਵੇਟ ਸਕੂਲਾਂ ਦੀ ਕੈਟਾਗਿਰੀ ਵਿਚ ਸਥਾਨਕ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਸੋਨੀਕਾ ਰਾਣੀ ਪੁੱਤਰੀ ਰਾਮ ਗੋਪਾਲ ਭਟਾਲੀਆ ਨੇ 243/400 ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਸਕੂਲ ਵਿਚ ਖੁਸ਼ੀ ਦਾ ਆਲਮ ਛਾ ਗਿਆ। ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਅਤੇ ਵਾਈਸ ਪ੍ਰਿੰਸੀਪਲ ਨੀਰੂ ਸਚਦੇਵਾ ਨੇ ਸੋਨਿਕਾ ਰਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਅਜਾਈ ਨਹੀਂ ਜਾਂਦੀ ਅਤੇ ਉਸ ਦਾ ਰੰਗ ਕਦੇ ਨਾ ਕਦੇ ਆਉਂਦਾ ਹੀ ਹੈ। ਸੋਨੀਕਾ ਰਾਣੀ ਖੋ - ਖੋ ਦੀ ਵਧੀਆ ਖਿਡਾਰਣ ਅਤੇ ਲੇਖਿਕਾ ਵੀ ਹੈ। ਇਸ ਪ੍ਰਕਾਰ ਸਰਕਾਰੀ ਸਕੂਲਾਂ ਦੀ ਪੈਂਡੂ ਕੈਟਾਗਿਰੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਦੀ ਬਬੀਤਾ ਅਤੇ ਸੰਜੈ ਕੁਮਾਰ ਨੇ ਕ੍ਰਮਵਾਰ 264 ਅਤੇ 260 ਅੰਕ ਪ੍ਰਾਪਤ ਕਰਕੇ ਨੌਵਾਂ, ਦਸਵਾਂ ਸਥਾਨ ਪ੍ਰਾਪਤ ਕੀਤਾ ਜਿਸਦਾ ਸਿਹਰਾ ਅਧਿਆਪਕ ਜਗਸੀਰ ਜੱਗੀ ਗੰਢੂਆਂ, ਕਿਰਨਪਾਲ ਗਾਗਾ ਅਤੇ ਹਰਪ੍ਰੀਤ ਸਿੰਘ ਨੂੰ ਜਾਂਦਾ ਹੈ। ਸਰਕਾਰੀ ਸਕੂਲਾਂ ਦੀ ਅੱਠਵੀਂ ਸ਼ਹਿਰੀ ਕੈਟਾਗਿਰੀ ਵਿਚ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦੇ ਅੱਠਵੀਂ ਦੇ ਵਿਦਿਆਰਥੀ ਗੁਰਕਮਲ ਨੂੰ 166 ਅੰਕ ਪ੍ਰਾਪਤ ਨੌਵਾਂ ਸਥਾਨ ਹਾਸਲ ਕੀਤਾ ਹੈ। ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਹਰਭਗਵਾਨ ਸਿੰਘ, ਪ੍ਰਿੰਸੀਪਲ ਦੇਸ ਰਾਜ ਛਾਜਲੀ, ਰਾਮ ਕੁਮਾਰ ਚੋਟੀਆਂ, ਦਰਸ਼ਨ ਸਿੰਘ ਨੇ ਵਜੀਫਾ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀ ਦਾ ਭਵਿੱਖ ਚਿੰਤਾ 'ਚ
1928 ਈਸਵੀ ਤੋਂ ਵਿੱਦਿਅਕ ਸੇਵਾਵਾਂ ਅਦਾ ਕਰ ਰਿਹਾ ਗੌਰਮਿਟ
ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਊਧਮ ਸਿੰਘ ਵਾਲਾ।
ਊਧਮ ਸਿੰਘ ਵਾਲਾ, 29 ਫਰਵਰੀ - ਇਲਾਕੇ ਵਿਚ 1928 ਤੋਂ ਸ਼ਾਨਦਾਰ ਵਿੱਦਿਅਕ ਸੇਵਾਵਾਂ ਦਿੰਦਾ ਆ ਰਿਹਾ ਪ੍ਰਸਿੱਧ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਇਜ਼ ਹੁਣ ਸਰਕਾਰੀ ਨੀਤੀਆਂ ਕਰ ਕੇ ਮੰਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੈ। ਪ੍ਰਿੰਸੀਪਲ ਦਿਨੇਸ਼ ਕੁਮਾਰ ਨੇ ਦੱਸਿਆ ਕਿ ਕਈ ਸਾਲਾਂ ਤੋਂ +2 ਮੈਡੀਕਲ, ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹਨ। ਇਸ ਸੈਸ਼ਨ ਲਈ ਵੀ 80 ਵਿਦਿਆਰਥੀ ਹਨ। ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਹੋਣ ਦੇ ਬਾਵਜੂਦ ਕਾਮਰਸ ਦਾ ਲੈਕਚਰਾਰ ਉਪਲਬਧ ਨਹੀਂ ਹੈ। ਇੰਝ ਹੀ ਸਾਇੰਸ ਗਰੁੱਪ ਦੇ ਫਿਜਿਕਸ, ਕੈਮਿਸਟਰੀ ਅਤੇ ਬਾਇਆਲੋਜੀ ਲੈਕਚਰਾਰ ਵੀ ਨਹੀਂ ਹਨ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿਚ ਸਾਇੰਸ ਕੋਈ ਨਹੀਂ ਪੜ੍ਹਾਉਂਦਾ। ਸਿੱਟੇ ਵਜੋਂ ਉਨ੍ਹਾਂ ਨੂੰ ਪ੍ਰਾਈਵੇਟ ਟਿਊਸ਼ਨਾਂ ਰੱਖ ਕੇ ਸਿਲੇਬਸ ਕਵਰ ਕਰਨਾ ਪੈਂਦਾ ਹੈ। ਗਰੀਬ ਪਰਿਵਾਰਾਂ ਦੇ ਬੱਚੇ ਕੇਵਲ ਰੱਟਾ ਲਗਾ ਕੇ ਕੰਮ ਸਾਰਦੇ ਹਨ। ਇੱਥੋਂ ਤੱਕ ਲੈਬੋਰਟਰੀ ਵਿਚ ਸੀਨੀਅਰ ਅਟੈਡੈਂਟ ਵੀ ਮੌਜੂਦ ਨਹੀਂ ਹੈ ਜਿਸ ਕਰ ਕੇ ਨਾ ਥਿਊਰੀ ਅਤੇ ਨਾ ਹੀ ਪ੍ਰੈਕਟੀਕਲ ਕਰਵਾਏ ਜਾਂਦੇ ਹਨ। ਸਕੂਲ ਵਿਚ ਸਫ਼ਾਈ ਦਾ ਬੁਰਾ ਹਾਲ ਸੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਸਕੂਲ 7 ਪੋਸਟਾਂ ਚੌਥਾ ਦਰਜਾ ਲਈ ਮਨਜੂਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 6 ਖਾਲ੍ਹੀ ਹਨ। 1928 ਈਸਵੀ ਤੋਂ ਵਿੱਦਿਅਕ ਸੇਵਾਵਾਂ ਅਦਾ ਕਰ ਰਿਹਾ ਗੌਰਮਿਟ
ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਊਧਮ ਸਿੰਘ ਵਾਲਾ।
4 ਲੱਖ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ
ਲੁਧਿਆਣਾ. 29 ਫਰਵਰੀ ૿ ਡਾ: ਸੁਭਾਸ਼ ਬੱਤਾ ਸਿਵਲ ਸਰਜਨ ਦੀ ਹਦਾਇਤ ਤੇ ਸਿਹਤ ਵਿਭਾਗ ਦੀ ਇਕ ਟੀਮ ਜਿਸ ਦੀ ਅਗਵਾਈ ਜ਼ਿਲ੍ਹਾ ਡਰੱਗ ਇੰਸਪੈਕਟਰ ਸ੍ਰੀ ਸੰਜੀਵ ਗਰਗ ਕਰ ਰਹੇ ਸਨ, ਨੇ ਪਿੰਡੀ ਗਲੀ ਵਿਚ ਨੈਸ਼ਨਲ ਪਲਾਜ਼ਾ ਨਾਮ ਦੀ ਇਮਾਰਤ ਉਪਰ ਕੁਝ ਡੱਬੇ ਵੇਖੇ ਅਤੇ ਸ਼ੱਕ ਪੈਣ 'ਤੇ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਉਥੇ ਤੱਕ ਪਹੁੰਚ ਕੀਤੀ ਅਤੇ ਇਨ੍ਹਾਂ ਡੱਬਿਆਂ ਨੂੰ ਜਦੋਂ ਖੋਲ੍ਹਿਆ ਤਾਂ ਇਨ੍ਹਾਂ ਵਿਚੋਂ ਲਗਭਗ 12 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ ਲਗਭਗ 4 ਲੱਖ ਦੇ ਕਰੀਬ ਬਣਦੀ ਹੈ। ਸਿਹਤ ਵਿਭਾਗ ਦੀ ਟੀਮ ਵਿਚ ਡਰੱਗ ਇੰਸਪੈਕਟਰ ਸੁਖਦੀਪ ਚੰਦ, ਵਿਕਾਂਤ ਸਿੰਗਲਾ ਅਤੇ ਸੁਖਦੀਪ ਸਿੰਘ ਸ਼ਾਮਿਲ ਸਨ। ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗ਼ਰੀਬਾਂ ਨੂੰ 5 ਮਰਲਿਆਂ ਦੇ ਪਲਾਟ ਦੇਣ ਦੇ ਇੱਕ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਫਤਹਿਗੜ ਸਾਹਿਬ ਦੇ ਪਿੰਡ ਸੱਬਾਬਡਹੇੜੀ ਵਾਸੀ ਹਰਦੀਪ ਸਿੰਘ ਅਤੇ ਸਾਧੂ ਸਿੰਘ ਵੱਲੋਂ ਦਾਇਰ ਇੱਕ ਜਨਹਿਤ ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਬੇਘਰਿਆਂ ਨੂੰ 5 ਮਰਲੇ ਦੇ ਪਲਾਟ ਵੰਡਣ ਸਬੰਧੀ ਬਣਾਈ ਗਈ ਸੂਚੀ ਨੂੰ ਰੱਦ ਕਰਕ ੇ ਨਵੀਂ ਸੂਚੀ ਬਣਾਵੇ। ਉਨ੍ਹਾਂ ਪਿੰਡ ਦੇ ਸਰਪੰਚ ਅਤੇ ਪੰਚਾਂ ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ 5 ਜੂਨ 2006 ਨੂੰ ਇੱਕ ਮਤਾ ਪਾਸ ਕਰਕੇ ਆਪਣੇ 26 ਰਿਸ਼ਤੇਦਾਰਾਂ ਨੂੰ ਇਸ ਸੂਚੀ ਵਿਚ ਰੱਖਿਆ ਹੈ ਜਦੋਂਕਿ ਅਸਲ ਹੱਕਦਾਰ ਦੇ ਨਾਂਅ ਸੂਚੀ ਵਿਚ ਨਹੀਂ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਮਹੇਸ਼ ਗਰੋਵਰ ਦੇ ਬੈਂਚ ਨੇ ਪੰਜਾਬ ਸਰਕਾਰ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ, ਡਿਪਟੀ ਕਮਿਸ਼ਨਰ ਫਤਹਿਗੜ ਸਾਹਿਬ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਤਹਿਗੜ ਸਾਹਿਬ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਲੋਹ ਨੂੰ 1 ਮਈ ਤੱਕ ਜਵਾਬ ਦੇਣ ਲਈ ਕਿਹਾ ਹੈ।
Subscribe to:
Posts (Atom)