ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 14 ਮਾਰਚ ਨੂੰ ਚੱਪੜਚਿੜੀ ’ਚ ਸਹੁੰ ਚੁੱਕੇਗੀ ਪੰਜਾਬ ਦੀ ਨਵੀਂ ਕੈਬਿਨੇਟ
ਚੰਡੀਗੜ੍ਹ, 8 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਆਉਂਦੀ 14 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਦੀ ਨਵੀਂ ਕੈਬਿਨੇਟ ਮੋਹਾਲ਼ੀ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਵਿਖੇ ਸਹੁੰ ਚੁੱਕੇਗੀ। ਸ. ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣਨਗੇ, ਜੋ ਕਿ ਆਪਣੇ ਆਪ ਵਿੱਚ ਹੀ ਇੱਕ ਰਿਕਾਰਡ ਹੈ। ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਆਖਿਆ ਸੀ ਅਤੇ ਹੁਣ ਫਿਰ ਦੋਹਰਾ ਰਹੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਸ ਤਰ੍ਹਾਂ ਅਜਿਹੀਆਂ ਕਿਆਸਅਰਾਈਆਂ ਨੂੰ ਹੁਣ ਠੱਲ੍ਹ ਪੈ ਗਈ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਵੱਡੇ ਬਾਦਲ ਹੁਣ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨਗੇ ਕਿਉਂਕਿ ਮੰਗਲ਼ਵਾਰ ਨੂੰ ਚੋਣ ਨਤੀਜਿਆਂ ਦੇ ਐਲਾਨ ਦੇ ਤੁਰੰਤ ਪਿੱਛੋਂ ਜਦੋਂ ਪੱਤਰਕਾਰਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਤਦ ਉਨ੍ਹਾਂ ਜਵਾਬ ਦਿੱਤਾ ਸੀ ਕਿ ਇਸ ਦਾ ਫ਼ੈਸਲਾ ਵੀਰਵਾਰ ਨੂੰ ਅਕਾਲੀ ਦਲ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ ਸੀ। ਤਦ ਤੋਂ ਕੁੱਝ ਹਲਕਿਆਂ ਵਿੱਚ ਇਹੋ ਅੰਦਾਜ਼ਾ ਲਾਇਆ ਜਾਣ ਲੱਗਾ ਸੀ ਕਿ ਸ਼ਾਇਦ ਇਸ ਵਾਰ ਵੱਡੇ ਬਾਦਲ ਦਾ ਇਰਾਦਾ ਮੁੱਖ ਮੰਤਰੀ ਬਣਨ ਦਾ ਨਹੀਂ ਹੈ। ਜਦੋਂ ਸ. ਸੁਖਬੀਰ ਬਾਦਲ ਤੋਂ ਅੱਜ ਪੁੱਛਿਆ ਗਿਆ ਕਿ ਬਾਦਲ ਕੈਬਿਨੇਟ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਵੱਲੋਂ ਲਿਆ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ’ਚ ਵਾਪਸੀ ਦਾ ਸਿਹਰਾ ਆਪਣੇ ਪਿਤਾ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ‘ਬਾਦਲ ਸਾਹਿਬ ਦੀ ਅਗਵਾਈ ਹੇਠ ਹੀ ਸੂਬੇ ’ਚ ਸਰਕਾਰ ਵਧੀਆ ਤਰੀਕੇ ਨਾਲ਼ ਕੰਮ ਕਰਨ ਦੇ ਯੋਗ ਹੋ ਸਕੀ ਹੈ ਅਤੇ ਅਕਾਲੀਆਂ ਨੂੰ ਵੱਡੀਆਂ ਜਿੱਤਾਂ ਹਾਸਲ ਹੋਈਆਂ ਹਨ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਪ ਮੁੱਖ ਮੰਤਰੀ ਕੌਣ ਬਣੇਗਾ, ਤਦ ਉਨ੍ਹਾਂ ਜਵਾਬ ਦਿੱਤਾ ਕਿ ਇਸ ਮੁੱਦੇ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਭੰਬਲ਼ਭੂਸਾ ਨਹੀਂ ਹੈ। ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਮਿਲ਼ ਕੇ ਇਹ ਫ਼ੈਸਲਾ ਲੈਣਗੀਆਂ ਕਿ ਕੌਣ ਉਪ ਮੁੱਖ ਮੰਤਰੀ ਹੋਵੇਗਾ।’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਭਰੋਸਾ ਪ੍ਰਗਟਾਏ ਜਾਣ ਲਈ ਪੰਜਾਬ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੂਬੇ ਦੀ ਜਨਤਾ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਿਰਤੋੜ ਜਤਨ ਕਰੇਗੀ। ਇਹ ਲੋਕਾਂ ਦੀ ਹਕੂਮਤ ਹੈ ਅਤੇ ਵੋਟਰਾਂ ਨੇ ਹੀ ਇਸ ਗੱਠਜੋੜ ਦੇ ਹੱਕ ਵਿੱਚ ਫ਼ਤਵਾ ਸੁਣਾਇਆ ਹੈ। ਇਸ ਫ਼ਤਵੇ ਵਿੱਚ ਇਹ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਕਾਰਗੁਜ਼ਾਰੀ ਵਧੀਆ ਹੋਵੇਗੀ, ਉਹੀ ਸਰਕਾਰ ਬਣਾਉਣਗੇ। ਉਨ੍ਹਾਂ ਕਾਂਗਰਸ ਅਤੇ ਪੀਪਲ’ਜ਼ ਪਾਰਟੀ ਆੱਫ਼ ਪੰਜਾਬ ਦੇ ਅਜਿਹੇ ਦਾਅਵਿਆਂ ਨੂੰ ਰੱਦ ਕੀਤਾ, ਜਿਨ੍ਹਾਂ ਵਿੱਚ ਆਖਿਆ ਜਾ ਰਿਹਾ ਹੈ ਕਿ ਸੂਬੇ ਦਾ ਖ਼ਜ਼ਾਨਾ ਖ਼ਾਲੀ ਪਿਆ ਹੈ। ‘ਪਿਛਲੀ ਵਾਰ ਵੀ ਵਿਰੋਧੀ ਧਿਰ ਨੇ ਇਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਆਮਦਨ ਦੇ ਵਸੀਲੇ ਪੈਦਾ ਕਰ ਹੀ ਲਏ ਸਨ। ਮੈਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਪੰਜਾਬ ਨੂੰ ਹਰ ਮੋਰਚੇ ’ਤੇ ਮੋਹਰੀ ਰੱਖਣ ਲਈ ਕੰਮ ਕਰੇਗੀ।’ ਪੀਪਲ’ਜ਼ ਪਾਰਟੀ ਆੱਫ਼ ਪੰਜਾਬ ਦੇ ਬਾਨੀ ਸ. ਮਨਪ੍ਰੀਤ ਸਿੰਘ ਬਾਦਲ ਬਾਰੇ ਬੋਲਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਟਿਕਟ ਉਤੇ ਉਹ ਚਾਰ ਵਾਰ ਵਿਧਾਇਕ ਬਣੇ ਸਨ ਪਰ ਇਸ ਵਾਰ ਉਹ ਚੋਣ ਹਾਰ ਗਏ ਹਨ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਉਤੇ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਚੇਤੇ ਰਹੇ ਕਿ ਸ. ਮਨਪ੍ਰੀਤ ਬਾਦਲ ਨੇ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਧਨ ਦੀ ਸ਼ਕਤੀ ਨੂੰ ਵਰਤਿਆ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ,‘ਮਨਪ੍ਰੀਤ ਸਿੰਘ ਬਾਦਲ ਨੂੰ ਜਨਤਾ ਦਾ ਫ਼ੈਸਲਾ ਪ੍ਰਵਾਨ ਕਰਲਾ ਚਾਹੀਦਾ ਹੈ। ਸਾਡਾ ਟੀਚਾ ਹੈ ਕਿ ਅਸੀਂ ਆਪਣੀ ਕਾਰਗੁਜ਼ਾਰੀ ਨੂੰ ਸਿਖ਼ਰ ’ਤੇ ਲਿਜਾਈਏ, ਤਾਂ ਜੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਅਗਲੇ 25 ਵਰ੍ਹਿਆਂ ਤੱਕ ਰਾਜ ਕਰਦੀ ਰਹੇ। ਪਾਰਟੀ ਦੇ ਬਾਕੀ ਫ਼ੈਸਲੇ ਚੰਡੀਗੜ੍ਹ ’ਚ ਹੋਣ ਵਾਲ਼ੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਜਾਣਗੇ।’ ਉਧਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈਆਂ ਦੇਣ ਵਾਲ਼ਿਆਂ ਦੀਆਂ ਅੱਜ ਉਨ੍ਹਾਂ ਦੀ ਸਰਕਾਰੀ ਰਿਹਾਇਸ਼ਗਾਹ ’ਤੇ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ’ਚ ਵਾਪਸੀ ਲਈ ਆਪਣੇ ਪੁੱਤਰ ਸੁਖਬੀਰ ਬਾਦਲ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।Thursday, 8 March 2012
ਤਨ ਹੀ ਨਹੀਂ ਮਨ ਵੀ ਰੰਗੋ ਹੋਲੀ ਦੇ ਰੰਗਾਂ ਨਾਲ
ਰੰਗ, ਅਬੀਰ, ਗੁਲਾਲ, ਸ਼ਰਾਰਤ ਤੇ ਮਸਤੀ, ਭਾਂਗ ਦੀ ਪਿਆਲੀ ਤੇ ਮਸਤਾਨਿਆਂ ਦੀ ਟੋਲੀ 'ਚ ਮਨਾਈ ਹੋਲੀ। ਜੀ ਹਾਂ, ਲਾਲ, ਹਰਾ, ਪੀਲਾ, ਨੀਲਾ ਤੇ ਗੁਲਾਬੀ ਰੰਗਾਂ ਨਾਲ ਜੀਵਨ ਦੇ ਹਰ ਰੰਗ ਨੂੰ ਜ਼ਿੰਦਗੀ ਦੇ ਕੈਨਵਾਸ ਤੇ ਉਤਾਰਣ ਦਾ ਸੰਦੇਸ਼ ਦੇ ਦਿੰਦਾ ਹੈ ਹੋਲੀ ਦਾ ਤਿਉਹਾਰ। ਉਂਝ ਤਾਂ ਹੋਲੀ ਦਾ ਨਾਮ ਸੁਣਦੇ ਹੀ ਸਾਡਾ ਦਿਲ ਸ਼ੈਤਾਨੀ ਕਰਨ ਨੂੰ ਕਰਦਾ ਹੈ ਕਿ ਕਿਸੇ 'ਤੇ ਰੰਗ ਸੁਟਿਆ ਜਾਵੇ ਜਾਂ ਫਿਰ ਕਿਸੇ ਤੇ ਪਾਣੀ ਦਾ ਗੁਬਾਰਾ ਸੁਟਿਆ ਜਾਵੇ ਪਰ ਇਹ ਸਭ ਕੁਝ ਇਕ ਪਾਸੇ ਹੈ, ਜੇਕਰ ਅਸੀਂ ਗਲ ਕਰੀਏ ਹੋਲੀ ਦੀ ਪਰੰਪਰਾ ਦੀ ਤੇ ਇਹ ਕਾਫੀ ਪੁਰਾਣੀ ਹੈ। ਕਿਹਾ ਜਾਂਦਾ ਹੈ ਕਿ ਦੈਤਰਾਜ ਹਿਰਣਕਸ਼ਿਅਪ ਸਾਰੀ ਦੁਨੀਆ ਜਿੱਤ ਚੁਕਿਆ ਸੀ ਤੇ ਉਸਨੇ ਆਪਣੀ ਪ੍ਰਜਾ ਨੂੰ ਆਦੇਸ਼ ਦਿਤਾ ਕਿ ਹੁਣ ਸਿਰਫ ਮੇਰੀ ਪੂਜਾ ਹੋਵੇਗੀ ਪਰ ਉਸਦੇ ਵਿਰੁੱਧ ਖੜਾ ਹੋ ਗਿਆ ਉਸਦਾ ਆਪਣਾ ਬੇਟਾ ਪ੍ਰਹਿਲਾਦ। ਪ੍ਰਹਿਲਾਦ ਵਿਸ਼ਣੂ ਭਗਤ ਸੀ ਤੇ ਉਹ ਵਿਸ਼ਣੂ ਭਗਵਾਨ ਦੀ ਹੀ ਪੂਜਾ ਕਰਦੇ ਸੀ ਜੋ ਕਿ ਹਿਰਣਕਸ਼ਪ ਨੂੰ ਗਵਾਰਾ ਨਹੀਂ ਸੀ। ਉਸਨੇ ਪ੍ਰਹਿਲਾਦ 'ਤੇ ਕਈ ਜ਼ੁਲਮ ਕੀਤੇ ਪਰ ਉਹ ਨਹੀਂ ਮੰਨਿਆ, ਹਰ ਵਾਰ ਭਗਵਾਨ ਵਿਸ਼ਣੂ ਪ੍ਰਹਿਲਾਦ ਦੀ ਰੱਖਿਆ ਕਰਦੇ ਹਰੇ। ਫਿਰ ਪ੍ਰਹਲਾਦ ਨੂੰ ਸਬਕ ਸਿਖਾਉਣ ਲਈ ਹਿਰਣਕਸ਼ਪ ਨੇ ਭੈਣ ਹੋਲਿਆ ਨੂੰ ਕਿਹਾ। ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਅੱਗ ਉਸਨੂੰ ਨਹੀਂ ਜਲਾ ਸਕਦੀ, ਹੋਲਿਕਾ ਪ੍ਰਹਲਾਦ ਨੂੰ ਲੈ ਕੇ ਅੱਗ 'ਚ ਬੈਠ ਗਈ। ਆਸ਼ਾ ਸੀ ਕਿ ਪ੍ਰਹਲਾਦ ਡਰੇਗਾ ਪਰ ਉਹ ਨਹੀਂ ਡਰਿਆ ਤੇ ਭਗਵਾਨ ਵਿਸ਼ਣੂ ਦਾ ਨਾਂ ਜਪਦਾ ਰਿਹਾ। ਪ੍ਰਹਲਾਦ ਸਹੀ ਸਲਾਮਤ ਅੱਗ ਤੋਂ ਬਾਹਰ ਆ ਗਿਆ ਪਰ ਹੋਲਿਆ ਅੱਗ 'ਚ ਸੜ ਗਈ। ਮਨਿਆ ਜਾਂਦਾ ਹੈ ਕਿ ਹੋਲਿਕਾ ਨੂੰ ਕੱਲੇ ਹੀ ਅੱਗ 'ਚ ਜਾਣ ਦਾ ਵਰਦਾਨ ਮਿਲਿਆ ਸੀ। ਇਸੀ ਪਰੰਪਰਾ ਨੂੰ ਅਗੇ ਜਾਰੀ ਰਖਦੇ ਹੋਏ ਲੋਕ ਹੋਲੀ ਜਲਾਉਂਦੇ ਹਨ।
ਇਸ ਹੋਲੀ ਦੀ ਇਕ ਹੋਰ ਕਹਾਣੀ ਭਗਵਾਣ ਕ੍ਰਿਸ਼ਣ ਨਾਲ ਜੁੜੀ ਹੋਈ ਹੈ। ਮੰਨਿਆ ਜਾਂਦਾ ਹੈ ਕ੍ਰਿਸ਼ਣ ਭਗਵਾਨ ਨੇ ਰਾਧਾ ਤੇ ਬਾਕੀ ਗੋਪੀਆਂ ਨਾਲ ਰੰਗਾਂ ਨਾਲ ਖੇਡਣਾ ਸ਼ੁਰੂ ਕੀਤਾ, ਉਂਝ ਵੀ ਉਹ ਰਾਸ ਰਚਾਉਣ 'ਚ ਮਾਹਿਰ ਜੋ ਸਨ। ਰਾਸ ਦਾ ਇਹ ਰੂਪ ਯਾਨਿ ਕਿ ਰੰਗਾਂ ਨਾਲ ਖੇਡਣ ਦੀ ਇਹ ਪਰੰਪਰਾ ਲੋਕਾਂ 'ਚ ਹੌਲੀ-ਹੌਲੀ ਬੈਠ ਗਈ ਤੇ ਹੁਣ ਵੀ ਚਲ ਰਹੀ ਹੈ।
ਲੋਕ ਪਛਤਾਉਣਗੇ : ਮਾਇਆਵਤੀ
ਲਖਨਊ :- ਉੱਤਰ ਪ੍ਰਦੇਸ਼ ਦੀ ਅਹੁਦਾ ਛੱਡ ਰਹੀ ਮੁੱਖ ਮੰਤਰੀ ਮਾਇਆਵਤੀ ਨੇ ਸੂਬਾਈ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ ਐਲਾਨੇ ਨਤੀਜਿਆਂ 'ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ ਅਤੇ ਭਾਜਪਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਬੁੱਧਵਾਰ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਬਹੁਮਤ ਦੇਣ ਵਾਲੇ ਸੂਬੇ ਦੇ ਲੋਕ ਕੁਝ ਸਮੇਂ ਬਾਅਦ ਆਪਣੇ ਇਸ ਕਦਮ 'ਤੇ ਪਛਤਾਉਣਗੇ। ਰਾਜਪਾਲ ਬੀ. ਐੱਲ. ਜੋਸ਼ੀ ਨੂੰ ਅਸਤੀਫਾ ਸੌਂਪਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਹੁਣ ਸੂਬੇ ਵਿਚ ਸੱਤਾ ਅਜਿਹੀ ਪਾਰਟੀ ਦੇ ਹੱਥਾਂ ਵਿਚ ਆ ਰਹੀ ਹੈ ਜੋ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਠੰਡੇ ਬਸਤੇ ਵਿਚ ਪਾ ਕੇ ਸੂਬੇ ਨੂੰ ਹਰ ਪੱਧਰ 'ਤੇ ਮੁੜ ਤੋਂ ਕਈ ਸਾਲ ਪਿੱਛੇ ਲੈ ਜਾਵੇਗੀ। ਇਸ ਲਈ ਸਾਡੀ ਪਾਰਟੀ ਕਾਂਗਰਸ ਅਤੇ ਭਾਜਪਾ ਨੂੰ ਜ਼ਿੰਮੇਵਾਰ ਮੰਨਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਬਹੁਤ ਜਲਦੀ ਹੀ ਸਪਾ ਦੇ ਕੰਮ ਕਰਨ ਦੇ ਢੰਗ ਤੋਂ ਤੰਗ ਆ ਕੇ ਬਸਪਾ ਦੇ ਰਾਜ ਨੂੰ ਯਾਦ ਕਰਨਗੇ। ਮੈਨੂੰ ਪੂਰਾ ਭਰੋਸਾ ਹੈ ਕਿ ਸੂਬੇ ਦੇ ਲੋਕ ਅਗਲੀ ਵਾਰ ਬਸਪਾ ਨੂੰ ਮੁਕੰਮਲ ਬਹੁਮਤ ਨਾਲ ਸੱਤਾ ਵਿਚ ਜ਼ਰੂਰ ਵਾਪਸ ਲਿਆਉਣਗੇ। ਨਵੀਂ ਦਿੱਲੀ, 7 ਮਾਰਚ - ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲੈ ਆਉਂਦੀ ਤਾਂ ਵਿਧਾਨ ਸਭਾ ਚੋਣਾਂ 'ਚ ਉਸ ਦੀ ਸਥਿਤੀ ਮਜ਼ਬੂਤ ਹੁੰਦੀ। ਸ੍ਰੀ ਹਜ਼ਾਰੇ ਨੇ ਆਪਣੇ ਪਿੰਡ ਰਾਲੇਗਣ ਸਿੱਧੀ 'ਚ ਚੋਣ ਨਤੀਜਿਆਂ ਬਾਰੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੇ ਚੋਣਾਂ ਦੇ ਨਤੀਜਿਆਂ 'ਤੇ ਅਸਰ ਪਾਇਆ ਹੈ। ਜੇਕਰ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲੈ ਆਉਂਦੀ ਤਾਂ ਚੋਣਾਂ 'ਚ ਮੱਤਦਾਤਾ ਉਸ ਦਾ ਸਮਰਥਨ ਕਰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨਿਕੰਮਾ ਲੋਕਪਾਲ ਬਿੱਲ ਲਿਆਉਣਾ ਚਾਹੁੰਦੀ ਸੀ ਅਤੇ ਹੁਣ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ ਹੈ। ਚੋਣਾਂ 'ਚ ਕਾਂਗਰਸ ਦੀ ਹਾਰ ਸਾਡੇ ਕਾਰਨ ਨਹੀਂ ਹੋਈ ਬਲਕਿ ਇਹ ਲੋਕਾਂ ਦਾ ਆਦੇਸ਼ ਹੈ। ਇਸ ਦੌਰਾਨ ਟੀਮ ਅੰਨਾ ਦੀ ਅਹਿਮ ਮੈਂਬਰ ਕਿਰਨ ਬੇਦੀ ਨੇ ਵੀ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਨੇ ਭਿਸ਼ਟਾਚਾਰ ਦੇ ਮਾਮਲਿਆਂ 'ਚ ਅਸਮਰਥਾ ਵਿਖਾਈ ਸੀ ਅਤੇ ਆਪਣੀ ਇਸ ਅਸਮਰਥਾ ਦੀ ਕੀਮਤ ਇਨ੍ਹਾਂ ਚੋਣਾਂ 'ਚ ਅਦਾ ਕਰਨੀ ਪਈ ਹੈ।
ਵਾਸ਼ਿੰਗਟਨ, 7 ਮਾਰਚ - ਵਿਕੀਲੀਕਸ ਨੇ ਕੁਝ ਈਮੇਲਜ਼ ਦੇ ਹਵਾਲੇ ਨਾਲ ਇਕ ਸਨਸਨੀਖੇਜ਼ ਖੁਲਾਸਾ ਕਰਦਿਆਂ ਕਿਹਾ ਹੈ ਕਿ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦਿਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸਮੁੰਦਰ 'ਚ ਦਫ਼ਨ ਨਹੀਂ ਸੀ ਕੀਤਾ ਗਿਆ ਜਿਵੇਂ ਕਿ ਅਮਰੀਕਾ ਨੇ ਦਾਅਵਾ ਕੀਤਾ ਸੀ ਸਗੋਂ ਅਮਰੀਕਾ ਉਸ ਦੀ ਲਾਸ਼ ਨੂੰ ਆਪਣੇ ਨਾਲ ਅਮਰੀਕਾ ਲੈ ਗਿਆ ਸੀ। ਇਨ੍ਹਾਂ ਈਮੇਲਜ਼ 'ਚ ਜਾਂਚ ਏਜੰਸੀ ਦੇ ਉਪ ਚੇਅਰਮੈਨ ਫਰੈਡ ਬਰਟਨ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਨੇਵੀ ਸੀਲਜ਼ ਦੁਆਰਾ ਪਾਕਿਸਤਾਨ ਦੇ ਐਬਟਾਬਾਦ 'ਚ ਓਸਾਮਾ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਦਫਨਾਇਆ ਨਹੀਂ ਸੀ ਗਿਆ। ਬਰਟਨ ਨੇ ਦਾਅਵਾ ਕੀਤਾ ਹੈ ਕਿ ਓਸਾਮਾ ਦੇ ਮ੍ਰਿਤਕ ਸਰੀਰ ਨੂੰ ਅਮਰੀਕਾ ਦੇ ਮੈਰੀਲੈਂਡ 'ਚ ਸਥਿਤ 'ਆਰਮਡ ਫੋਰਸਜ਼ ਇੰਸਟੀਚਿਊਟ ਆਫ ਪੈਥੋਲੋਜ਼ੀ' ਵਿਖੇ ਲਿਜਾਇਆ ਗਿਆ ਸੀ। ਹੁਣ ਤਕ ਅਮਰੀਕਾ ਇਹ ਕਹਿੰਦਾ ਰਿਹਾ ਹੈ ਕਿ ਓਸਾਮਾ ਦੀ ਲਾਸ਼ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਖਾੜੀ ਸਾਗਰ 'ਚ ਇਕ ਅਣਪਛਾਤੀ ਥਾਂ 'ਤੇ ਦਫ਼ਨ ਕਰ ਦਿੱਤੀ ਗਈ ਸੀ।
ਬੰਗਲੌਰ, 7 ਮਾਰਚ-ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੂੰ ਰਾਹਤ ਦਿੰਦਿਆਂ ਗੈਰਕਾਨੂੰਨੀ ਖਾਣਾਂ ਦੇ ਮਾਮਲੇ 'ਚ ਲੋਕਆਯੁਕਤ ਵੱਲੋਂ ਉਨ੍ਹਾਂ ਵਿਰੁੱਧ ਦਾਖਲ ਕੀਤੀ ਐਫ.ਆਈ.ਆਰ. ਅੱਜ ਕਰਨਾਟਕ ਹਾਈਕੋਰਟ ਨੇ ਖਾਰਜ ਕਰ ਦਿੱਤੀ। ਇਸ ਮਾਮਲੇ ਕਾਰਨ ਯੇਦੀਯੁਰੱਪਾ ਨੂੰ 31 ਜੁਲਾਈ 2011 ਨੂੰ ਮੁੱਖ ਮੰਤਰੀ ਦਾ ਪਦ ਤਿਆਗਣਾ ਪਿਆ ਸੀ। ਜਸਟਿਸ ਗੋਵਿੰਦਰਾਜੂ ਅਤੇ ਭਕਤਾਵਤਸਾਲਾ 'ਤੇ ਅਧਾਰਿਤ ਜੱਜਾਂ ਦੇ ਬੈਂਚ ਨੇ ਪਹਿਲਾਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਪਰ ਅੱਜ ਉਨ੍ਹਾਂ ਕਿਹਾ ਕਿ ਇਹ ਐਫ.ਆਈ.ਆਰ. ਮਹਿਜ਼ ਲੋਕਆਯੁਕਤ ਦੀ ਰਿਪੋਰਟ ਦੇ ਆਧਾਰ 'ਤੇ ਹੈ। ਰਿਪੋਰਟ 'ਚ ਰਾਜਪਾਲ ਵੱਲੋਂ ਲੋਕਆਯੁਕਤ ਨੂੰ ਐਫ.ਆਈ.ਆਰ. ਦਰਜ ਕਰਨ ਲਈ ਕਿਹਾ ਗਿਆ ਹੈ ਜੋ ਕਿ ਗਲਤ ਹੈ ਕਿਉਂਕਿ ਲੋਕਆਯੁਕਤ ਨੂੰ ਪਹਿਲਾਂ ਖੁਦ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ। ਰਿਪੋਰਟ 'ਚ ਦੋਸ਼ ਲਗਾਏ ਗਏ ਹਨ ਕਿ ਯੇਦੀਯੁਰੱਪਾ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਆਪਣੇ ਨਿੱਜੀ ਫਾਇਦੇ ਲਈ ਖਾਣਾਂ ਦੀ ਖੁਦਾਈ ਦੇ ਨਿਯਮਾਂ ਦੀ ਅਣਦੇਖੀ ਕੀਤੀ।
ਲਖਨਊ, 7 ਮਾਰਚ -ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਸਪਸ਼ੱਟ ਬਹੁਮਤ ਪ੍ਰਾਪਤ ਕਰਨ ਵਾਲੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਰਾਜਪਾਲ ਬੀ. ਐਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਦੇ ਮੁੱਖ ਸਕੱਤਰ ਜੀ. ਬੀ. ਪਟਨਾਇਕ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਰਾਜਪਾਲ ਬੀ. ਐਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਰਸਮੀ ਤੌਰ 'ਤੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਮੁਲਾਇਮ ਸਿੰਘ ਦਾ ਦਾਅਵਾ ਸਵੀਕਾਰ ਕਰਦਿਆ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਢੁਕਵੀਂ ਮਿਤੀ ਦੱਸਣ ਲਈ ਕਿਹਾ ਹੈ। ਮੁਲਾਇਮ ਵਿਧਾਨਕਾਰ ਦਲ ਦੇ ਨੇਤਾ ਚੁਣੇ ਸਮਾਜਵਾਦੀ ਪਾਰਟੀ ਸੰਸਦੀ ਬੋਰਡ ਦੀ ਹੋਈ ਬੈਠਕ ਵਿਚ ਵਿਧਾਨਕਾਰ ਦਲ ਦਾ ਨੇਤਾ ਚੁਣ ਲਏ ਜਾਣ ਬਾਅਦ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦਾ ਯੂ. ਪੀ. ਦੇ ਨਵੇਂ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਜਦਕਿ ਵਿਧਾਨਕਾਰ ਪਾਰਟੀ ਦੀ ਮੀਟਿੰਗ ਜੋ ਹੋਲੀ ਤੋਂ ਬਾਅਦ ਹੋਵੇਗੀ, ਵਿਚ ਇਸ ਸਬੰਧੀ ਰਸਮੀ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਪਾ ਦੇ ਰਾਸ਼ਟਰੀ ਸਕੱਤਰ ਕਿਰਨਮਾਏ ਨੰਦਾ ਨੇ ਦਿੱਤੀ। ਸ੍ਰੀ ਨੰਦਾ ਨੇ ਕਿਹਾ ਕਿ ਜਿੱਤ ਦੀ ਖੁਸ਼ੀ ਤੇ ਹੋਲੀ ਕਾਰਨ ਕਈ ਵਿਧਾਇਕ ਮੀਟਿੰਗ ਵਿਚ ਪੁੱਜ ਨਹੀਂ ਸਕੇ। ਵਿਧਾਨਕਾਰ ਦਲ ਦੀ ਬੈਠਕ 10 ਮਾਰਚ ਨੂੰ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਵਰਕਰਾਂ ਨੇ ਅਖਿਲੇਸ਼ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਪਰ ਅਖਿਲੇਸ਼ ਨੇ ਸਾਰੀਆਂ ਅਟਕਲਾਂ ਰੋਕਦਿਆਂ ਕਿਹਾ ਕਿ 'ਨੇਤਾ ਜੀ (ਮੁਲਾਇਮ) ਹੀ ਮੁੱਖ ਮੰਤਰੀ ਹੋਣਗੇ।
ਹਿਸਾਰ, 7 ਮਾਰਚ -ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ 18 ਦਿਨਾਂ ਤੋਂ ਹਰਿਆਣਾ ਰਾਜ ਅੰਦਰ ਚੱਲ ਰਿਹਾ ਜਾਟਾਂ ਦਾ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਹੈ, ਜਿਸ ਨੂੰ ਠੱਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਮੰਗ ਲਈ ਹੈ। ਬੀਤੀ ਰਾਤ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਵਿਚ ਇਕ ਵਿਅਕਤੀ ਤੋਂ ਮੌਤ ਹੋ ਜਾਣ ਤੋਂ ਬਾਅਦ ਜਾਟ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਚਰਮ ਸੀਮਾ ਤੱਕ ਪੁੱਜ ਗਿਆ। ਜਾਟਾਂ ਨੇ ਜਿਥੇ ਰਾਤ ਜ਼ਿਲ੍ਹਾ ਸੈਸ਼ਨ ਜੱਜ ਰਮਿੰਦਰ ਜੈਨ ਦੀ ਕਾਰ ਵੀ ਲੂਹ ਦਿੱਤੀ, ਉਥੇ ਹਿਸਾਰ ਛਾਉਣੀ ਵਿਚ ਇਕ ਪੁਲਿਸ ਚੌਕੀ ਨੂੰ ਵੀ ਅੱਗ ਲਾ ਦਿੱਤੀ। ਇਸ ਦੇ ਨਾਲ ਹੀ ਇਕ ਐੱਸ. ਬੀ. ਆਈ ਬੈਂਕ ਦਾ ਏ.ਟੀ.ਐੱਮ ਵੀ ਤਬਾਹ ਕਰ ਦਿੱਤਾ। ਹਾਲਾਤ ਵਿਗੜ ਜਾਣ ਕਾਰਨ ਅੱਜ ਇਸ ਜ਼ਿਲ੍ਹੇ ਵਿਚ ਕੋਈ ਵੀ ਬੱਸ ਨਾ ਚੱਲ ਸਕੀ ਅਤੇ ਅਗਲੇ ਤਿੰਨ ਦਿਨਾਂ ਲਈ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿੱਤ ਅਗਰਵਾਲ ਨੇ ਦੱਸਿਆ ਕਿ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਫ਼ੌਜ ਬੁਲਾ ਲਈ ਗਈ ਹੈ।
ਮੌਤ ਤੋਂ ਭੜਕਿਆ ਮਾਮਲਾ
ਰਾਖਵੇਂਕਰਨ ਨੂੰ ਲੈ ਕੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਮਾਇਣ ਵਿਖੇ ਜਾਟ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਸਨ ਤਾਂ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸੰਦੀਪ ਨਾਂਅ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਜਾਟਾਂ ਦਾ ਵਿਦਰੋਹ ਹਿੰਸਕ ਹੋ ਗਿਆ। ਹਰਿਆਣਾ ਦੇ ਡੀ. ਜੀ. ਪੀ ਸ੍ਰੀ ਰਜੀਵ ਦਲਾਲ ਨੇ ਇਸ ਸਬੰਧੀ ਦੱਸਿਆ ਕਿ ਸੰਦੀਪ ਦੀ ਮੌਤ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਹੈ। ਉਨ੍ਹਾਂ ਆਖਿਆ ਕਿ ਪ੍ਰਦਰਸ਼ਕਾਰੀਆਂ ਨੇ ਪੁਲਿਸ ਦੇ ਜਵਾਨਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਰੇਲ ਤੇ ਸੜਕਾਂ 'ਤੇ ਛੇਤੀ ਵੀ ਆਮ ਵਾਂਗ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਖਾਪ ਆਗੂ ਸਥਿਤੀ ਨੂੰ ਸਮਝ ਗਏ ਹਨ ਤੇ ਉਨ੍ਹਾਂ ਨੇ ਅੰਦੋਲਨ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ ਹੈ ਪਰ ਸਮਾਜ ਵਿਰੋਧੀ ਅਨਸਰ ਸਥਿਤੀ ਵਿਗਾੜ ਰਹੇ ਹਨ।
Subscribe to:
Posts (Atom)