Saturday, 5 October 2013

ਵਿਆਹਿਆ ਭਰਾ ਚਚੇਰੀ ਭੈਣ ਨੂੰ ਲੈ ਕੇ ਹੋਇਆ ਫਰਾਰ

ਕਰਨਾਲ -ਕਰਨਾਲ ‘ਚ ਇਕ ਕਲਯੁਗੀ ਭਰਾ ਅਤੇ ਇਕ ਬੱਚੀ ਦੇ ਪਿਓ ਵੱਲੋਂ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜੀ ਭੈਣ ਆਪਣੇ ਭਰਾ ਦੇ ਹੱਥ ਦੀ ਗੁੱਟ ‘ਤੇ ਰੱਖੜੀ ਬੰਨ੍ਹਦੀ ਸੀ ਉਹੀ ਭੈਣ ਨੂੰ ਭਰਾ ਵਿਆਹਿਆ ਹੋਣ ਦੇ ਬਾਵਜੂਦ ਉਸ ਨੂੰ ਭੱਜਾ ਕੇ ਫਰਾਰ ਹੋ ਗਿਆ। ਉਧਰ ਦੂਜੇ ਪਾਸੇ ਦੋਸ਼ੀ ਭਰਾ ਦੀ ਮਾਂ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਕਰਨਾਲ ਸਦਰ ਥਾਣਾ ਪੁਲਸ ਨੇ ਪਤਨੀ ਦੀ ਸ਼ਿਕਾਇਤ ‘ਤੇ ਦੋਸ਼ੀ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਰਵੀ ਜਿਸ ਲੜਕੀ ਨੂੰ ਭੱਜਾ ਕੇ ਲੈ ਕੇ ਗਿਆ ਸੀ ਉਹ ਅੰਬਾਲਾ ‘ਚ ਰਹਿੰਦੀ ਹੈ ਅਤੇ ਬੀ.ਐਸ.ਸੀ. ਦੀ ਵਿਦਿਆਰਥਣ ਹੈ ਜੋ ਕਿ ਰਵੀ ਦੇ ਸਕੇ ਚਾਚਾ ਦੀ ਲੜਕੀ ਹੈ। ਜਾਂਦੇ ਜਾਂਦੇ ਰਵੀ ਆਪਣੇ ਘਰ ‘ਚ ਪਏ ਗਹਿਣੇ ਅਤੇ ਲਗਭਗ 20 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।


ਅੱਤਵਾਦ ਦਾ ਬੁਨਿਆਦੀ ਢਾਂਚਾ ਖਤਮ ਕਰੇ ਪਾਕਿਸਤਾਨ-ਮੁਖਰਜੀ

ਇਸਤੰਬੁਲ, 5 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ 'ਤੇ ਵਰ੍ਹਦੇ ਹੋਏ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਜਦੋਂ ਤਕ ਉਹ ਆਪਣੀ ਜ਼ਮੀਨ 'ਤੇ ਅੱਤਵਾਦ ਦਾ ਬੁਨਿਆਦੀ ਢਾਂਚਾ ਨਸ਼ਟ ਨਹੀਂ ਕਰਦਾ ਉਦੋਂ ਤਕ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਵਿਚ ਪ੍ਰਗਤੀ ਦੀ ਕੋਈ ਆਸ ਨਹੀਂ। ਤੁਰਕਿਸ਼ ਅਕਬਾਰ 'ਟੂਡੇਜ਼ ਜ਼ਮਾਨ' ਨਾਲ ਇਕ ਮੁਲਾਕਾਤ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਮੰਗ ਕਰਦੇ ਹਾਂ ਕਿ ਉਹ ਅੱਤਵਾਦੀ ਸੰਗਠਨਾਂ ਵਲੋਂ ਉਸ ਦੀ ਜ਼ਮੀਨ 'ਤੇ ਉਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਕੀਤਾ ਵਾਅਦਾ ਨਿਭਾਏ ਕਿ ਉਹ ਅੱਤਵਾਦੀਆਂ ਨੂੰ ਭਾਰਤ ਦੇ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਜਦੋਂ ਤਕ ਸੁਖਾਵਾਂ ਮਾਹੌਲ ਪੈਦਾ ਨਹੀਂ ਕੀਤਾ ਜਾਂਦਾ ਉਦੋਂ ਤਕ ਤੁਸੀਂ ਦੂਸਰੇ ਵਿਕਾਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ. ਇਸ ਲਈ ਅਸੀਂ ਆਸ ਕਰਦੇ ਹਾਂ ਕਿ ਜੋ ਕੁਝ ਨਵਾਜ਼ ਸ਼ਰੀਫ ਨੇ ਕਿਹਾ ਹੈ ਉਸ ਨੂੰ ਉਹ ਲਾਗੂ ਕਰਨ ਦਾ ਯਤਨ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਇਸ ਵਿਸ਼ੇ 'ਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਭਾਰਤ ਖਿਲਾਫ ਬਹੁਤੀਆਂ ਅੱਤਵਾਦੀ ਕਾਰਵਾਈਆਂ ਉਨ੍ਹਾਂ ਇਲਾਕਿਆਂ ਤੋਂ ਹੋ ਰਹੀਆਂ ਹਨ ਜਿਹੜੇ ਪਾਕਿਸਤਾਨ ਦੇ ਕਬਜ਼ੇ ਹੇਠ ਹਨ। ਉਨ੍ਹਾਂ ਕਿਹਾ ਕਿ ਆਉ ਗੱਲਬਾਤ ਲਈ ਢੁਕਵਾਂ ਮਾਹੌਲ ਪੈਦਾ ਕਰੀਏ।

ਆਂਧਰਾ 'ਚ ਘਰ 'ਚ ਵੜੇ ਦੋ ਅੱਤਵਾਦੀ ਕਾਬੂ-ਮੁਕਾਬਲੇ ਦੌਰਾਨ ਇੰਸਪੈਕਟਰ ਸ਼ਹੀਦ

ਹੈਦਰਾਬਾਦ, 5 ਅਕਤੂਬਰ (ਏਜੰਸੀ)-ਆਂਧਰਾ ਪ੍ਰਦੇਸ ਦੇ ਚਿਤੁਰ ਜ਼ਿਲ੍ਹੇ ਵਿਚ ਇਕ ਘਰ ਵਿਚ ਛਿਪੇ ਚਾਰ-ਪੰਜ ਅੱਤਵਾਦੀਆਂ ਵਿਚੋਂ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੀ ਪੁਲਿਸ ਨੇ ਇਕ ਸਾਂਝੇ ਆਪਰੇਸ਼ਨ ਦੌਰਾਨ ਦੋ ਅੱਤਵਾਦੀਆਂ ਨੂੰ ਕਾਬੂ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਿਸ ਘਰ ਵਿਚ ਅੱਤਵਾਦੀ ਲੁਕੇ ਸਨ, ਉਥੇ ਇਕ ਔਰਤ ਤੇ ਦੋ ਬੱਚੇ ਵੀ ਸਨ। ਇਨ੍ਹਾਂ ਫੜੇ ਅੱਤਵਾਦੀਆਂ ਦੇ ਨਾਂਅ ਬਿਲਾਲ ਇਸਮਾਈਲ ਤੇ ਪੰਨਾ ਮਲਿਕ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਪਹਿਲਾਂ ਫੜੇ ਇਕ ਅੱਤਵਾਦੀ ਫਖਰੂਦੀਨ ਨੇ ਜਾਣਕਾਰੀ ਦਿੱਤੀ ਸੀ ਕਿ ਕੁਝ ਅੱਤਵਾਦੀ ਇਕ ਘਰ ਵਿਚ ਲੁਕੇ ਹੋਏ ਹਨ। ਸੂਤਰਾਂ ਅਨੁਸਾਰ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਅੱਗੋਂ ਅੱਤਵਾਦੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਇੰਸਪੈਕਟਰ ਰਮੇਸ਼ ਸ਼ਹੀਦ ਹੋ ਗਿਆ ਜਦਕਿ ਦੋ ਹੋਰ ਪੁਲਿਸ ਜਵਾਨ ਜ਼ਖ਼ਮੀ ਹੋ ਗਏ। ਇਸ ਮੌਕੇ ਦੋਵਾਂ ਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀ ਪੁੱਜੇ ਹੋਏ ਸਨ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਦੋ ਬੰਬ ਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲੇ ਵਿਚ 4 ਸ਼ੱਕੀ ਅੱਤਵਾਦੀਆਂ ਨੂੰ ਫੜਨ ਲਈ ਯਤਨ ਤੇਜ਼ ਕਰ ਦਿੱਤੇ ਹਨ ਤੇ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਪ੍ਰਿੰਸ ਹੈਰੀ ਨੂੰ ਮਾਰਨਾ ਚਾਹੁੰਦਾ ਸੀ ਤਾਲਿਬਾਨ

ਲੰਦਨ, 5 ਅਕਤੂਬਰ (ਏਜੰਸੀ)- ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਜਦ ਬ੍ਰਿਟਿਸ਼ ਸੈਨਾ ਦੀ ਸੇਵਾ ਲਈ ਅਫਗਾਨਿਸਤਾਨ 'ਚ ਸੀ ਤਾਂ ਉਸ ਸਮੇਂ ਉਹ ਤਾਲਿਬਾਨ ਦਾ ਸਭ ਤੋਂ ਪ੍ਰਮੁੱਖ ਨਿਸ਼ਾਨਾ ਸੀ। ਤਾਲਿਬਾਨੀ ਅੱਤਵਾਦੀ ਕਾਰੀ ਨਸਰੁੱਲਾ ਨੇ ਇਕ ਅਖਬਾਰ ਨੂੰ ਦਿੱਤੀ ਗੁਪਤ ਇੰਟਰਵਿਊ 'ਚ ਕਿਹਾ ਹੈ ਕਿ ਤਾਲਿਬਾਨ ਨੇ ਪ੍ਰਿੰਸ ਨੂੰ ਕਬਜ਼ੇ 'ਚ ਲੈਣ ਅਤੇ ਉਸ ਦੀ ਹੱਤਿਆ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਨਸਰੁੱਲਾ ਨੇ ਕਿਹਾ ਕਿ ਉਹ ਬ੍ਰਿਟੇਨ ਦੇ ਲਈ ਰਾਜਕੁਮਾਰ ਹੋ ਸਕਦੇ ਸਨ ਪਰ ਉਹ ਤਾਲਿਬਾਨ ਲਈ ਆਮ ਸੈਨਿਕ ਹੀ ਸੀ।


ਅਮਰੀਕਾ 'ਚ ਸਰਕਾਰੀ ਕੰਮਕਾਜ 5ਵੇਂ ਦਿਨ ਵੀ ਠੱਪ-ਸੰਕਟ ਦਾ ਨਹੀਂ ਮਿਲ ਰਿਹਾ ਹੱਲ

ਵਾਸ਼ਿੰਗਟਨ, 5 ਅਕਤੂਬਰ (ਪੀ. ਟੀ. ਆਈ.)-ਅਮਰੀਕਾ 'ਚ ਜਾਰੀ ਰਾਜਨੀਤਕ ਸੰਕਟ ਦੇ ਚੱਲਦਿਆਂ ਅੱਜ 5ਵੇਂ ਦਿਨ ਵੀ ਸਰਕਾਰੀ ਕੰਮਕਾਜ ਠੱਪ ਰਹੇ ਅਤੇ ਇਸ ਸੰਕਟ ਦਾ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਦੋਂ ਕਿ ਕਰਜ਼ਾ ਹੱਦ ਵਧਾਉਣ ਦਾ ਸਮਾਂ ਹੋਰ ਨੇੜੇ ਆ ਗਿਆ ਹੈ। ਅਮਰੀਕਾ 'ਚ ਕੰਮਕਾਜ ਠੱਪ ਹੋਣ ਨਾਲ ਕਰੀਬ ਸੰਘੀ ਸਰਕਾਰ ਦੇ 8 ਲੱਖ ਕਰਮਚਾਰੀ ਘਰ ਬਹਿਣ ਲਈ ਮਜ਼ਬੂਰ ਹਨ। ਦੇਣਦਾਰੀਆਂ 'ਚ ਅਸਫਲ ਰਹਿਣ ਤੋਂ ਅਮਰੀਕਾ ਨੂੰ ਬਚਾਉਣ ਲਈ ਕਾਂਗਰਸ ਨੂੰ 17 ਅਕਤੂਬਰ ਤੱਕ ਕਰਜ਼ਾ ਹੱਦ ਵਧਾਉਣ ਦੀ ਲੋੜ ਹੈ। ਪ੍ਰਤੀਨਿਧੀ ਸਦਨ ਦੇ ਸਪੀਕਰ ਜਾਨ ਬੋਏਹਨਰ ਨੇ ਆਪਣੀ ਪਾਰਟੀ ਦੇ ਸਾਥੀਆਂ ਦੇ ਨਾਲ ਬੈਠਕ ਤੋਂ ਬਾਅਦ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਸੰਕਟ ਕਿਵੇਂ ਦੂਰ ਹੋਵੇਗਾ। ਉਨ੍ਹਾਂ ਨੇ ਕਿਹਾ 'ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸਰਕਾਰ ਠੱਪ ਰਹੇ ਅਤੇ ਅਸੀਂ ਵੀ ਅਜਿਹਾ ਨਹੀਂ ਚਾਹੁੰਦੇ। ਅਸੀਂ ਸਾਰੇ ਇਕੱਠੇ ਬੈਠ ਕੇ ਇਸ 'ਤੇ ਵਿਚਾਰ ਕਰਨ ਅਤੇ ਓਬਾਮਾਕੇਅਰ ਦੇ ਤਹਿਤ ਅਮਰੀਕੀ ਲੋਕਾਂ ਦੇ ਲਈ ਬਿਹਤਰ ਵਾਤਾਵਰਣ ਬਣਾਉਣ ਦੀ ਪਹਿਲ ਕਰਨਾ ਚਾਹੁੰਦੇ ਹਾਂ। ਇਹ ਬਹੁਤ ਆਸਾਨ ਹੈ, ਪ੍ਰੰਤੂ ਇਕ ਆਸਾਨ ਗੱਲਬਾਤ ਦੇ ਰਾਹੀਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ।' ਵਾਈਟ ਹਾਊਸ ਨੇ ਕਿਹਾ ਹੈ ਕਿ ਜਦੋਂ ਤੱਕ ਰਿਪਬਲਿਕਨ ਸਰਕਾਰ ਦਾ ਕੰਮਕਾਜ ਬਹਾਲ ਕਰਨ ਦੇ ਲਈ ਕਦਮ ਨਹੀਂ ਉਠਾਉਂਦੇ, ਉਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰੇਗਾ।


ਸਹਾਰਨਪੁਰ 'ਚ ਦੋ ਸਾਧੂਆਂ ਦੀ ਗੋਲੀ ਮਾਰ ਕੇ ਹੱਤਿਆ

ਮੁਜ਼ੱਫਰਨਗਰ , 5 ਅਕਤੂਬਰ (ਏਜੰਸੀ)- ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਦੋ ਸਾਧੂਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਸਹਾਰਨਪੁਰ 'ਚ ਵਾਪਰੀ ਹੈ। ਐਸ.ਐਸ.ਪੀ. ਦੇਵੇਂਦਰ ਕੁਮਾਰ ਨੇ ਦੱਸਿਆ ਕਿ ਸਵਾਮੀ ਬਲਦਵਾਅਨੰਦ (35) ਅਤੇ ਉਸ ਦੇ ਸਹਿਯੋਗੀ ਨੂੰ ਕਿਸੇ ਅਣਪਛਾਤੇ ਬਦਮਾਸ਼ਾ ਵੱਲੋਂ ਗੋਲੀ ਮਾਰੀ ਗਈ ਹੈ। ਇਨ੍ਹਾਂ ਹੱਤਿਆਵਾਂ ਮਗਰ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ।

ਪੰਜ ਰਾਜਾਂ 'ਚ ਚੋਣਾਂ ਦਾ ਐਲਾਨ

 ਦਿੱਲੀ ਤੇ ਮਿਜ਼ੋਰਮ 'ਚ 4 ਦਸੰਬਰ, ਮੱਧ ਪ੍ਰਦੇਸ਼ 25 ਨਵੰਬਰ, ਰਾਜਸਥਾਨ 1 ਦਸੰਬਰ ਤੇ ਛੱਤੀਸਗੜ੍ਹ 11 ਤੇ 19 ਨਵੰਬਰ ਨੂੰ ਹੋਵੇਗੀ ਪੋਲਿੰਗ P ਗਿਣਤੀ 8 ਦਸੰਬਰ ਨੂੰ
ਨਵੀਂ ਦਿੱਲੀ, 5 ਅਕਤੂਬਰ (ਉਪਮਾ ਡਾਗਾ ਪਾਰਥ, ਏਜੰਸੀ)-ਚੋਣ ਕਮਿਸ਼ਨ ਨੇ ਅੱਜ ਪੰਜ ਰਾਜਾਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ | ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਦੱਸਿਆ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 4 ਦਸੰਬਰ ਨੂੰ , 200 ਮੈਂਬਰੀ ਰਾਜਸਥਾਨ ਵਿਧਾਨ ਸਭਾ ਲਈ 1 ਦਸੰਬਰ, 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 25 ਨਵੰਬਰ ਅਤੇ 40 ਸੀਟਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਲਈ4 ਦਸੰਬਰ ਨੂੰ ਇਕ ਪੜਾਵੀ ਚੋਣਾਂ ਹੋਣਗੀਆਂ ਜਦਕਿ 90 ਮੈਂਬਰੀ ਛਤੀਸਗੜ੍ਹ ਵਿਚ 11 ਅਤੇ 19 ਨਵਬੰਰ ਨੂੰ ਦੋ ਪੜਾਵਾਂ 'ਚ ਪੋਲਿੰਗ ਹੋਵੇਗੀ | ਚੋਣ ਕਮਿਸ਼ਨ ਨੇ ਗੁਜਰਾਤ ਵਿਚ ਸੂਰਤ (ਪੱਛਮੀ) ਵਿਧਾਨ ਸਭਾ ਸੀਟ ਅਤੇ ਤਾਮਿਲਨਾਡੂ ਵਿਚ ਯੇਰਕਾਡ ਵਿਧਾਨ ਸਭਾ ਸੀਟ ਲਈ ਵੀ ਉਪ ਚੋਣ 4 ਦਸੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਾਰੇ ਪੰਜਾ ਰਾਜਾਂ ਦੀਆਂ ਵੋਟਾਂ ਦੇ ਗਿਣਤੀ ਇਕੋ ਦਿਨ 8 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਪੰਜੇ ਰਾਜਾਂ ਵਿਚ ਤੁਰੰਤ ਲਾਗੂ ਹੋ ਗਿਆ ਹੈ। ਦਿੱਲੀ ਵਿਚ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਲਗਤਾਰ ਚੌਥੀ ਵਾਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਰਹਿਣ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁਕੰਮਲ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ। ਚੋਣ ਕਮਿਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜੇ ਰਾਜਾਂ ਵਿਚ 60 ਹਜ਼ਾਰ ਨਾਮ ਫ਼ੌਜੀ ਬਲ ਤਾਇਨਾਤ ਕਰਨ ਲਈ ਪਹਿਲਾਂ ਕਹਿ ਚੁੱਕਾ ਹੈ। ਮੌਜੂਦਾ ਵਿਧਾਨ ਸਭਾ ਚੋਣਾਂ ਕਾਫੀ ਅਹਿਮ ਹਨ ਕਿਉਂਕਿ ਇਨ੍ਹਾਂ ਨੂੰ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ 'ਚ ਵੋਟਰਾਂ ਨੂੰ ਉਮੀਦਵਾਰ ਰੱਦ ਕਰਨ ਦਾ ਅਧਿਕਾਰ ਹੋਵੇਗਾ। ਵੋਟਿੰਗ ਮਸ਼ੀਨਾਂ ਵਿਚ 'ਨੋਟਾ' ਦਾ ਇਕ ਬਟਨ ਹੋਵੇਗਾ ਜਿਹੜਾ ਇਹ ਦਰਸਾਏਗਾ ਕਿ ਉਪਰੋਕਤ ਉਮੀਦਵਾਰਾਂ ਚੋਂ ਕੋਈ ਵੀ ਪਸੰਦ ਨਹੀਂ। ਚੋਣ ਕਮਿਸ਼ਨ ਚੋਣ ਪ੍ਰਕਿਰਿਆ ਪ੍ਰਬੰਧ 'ਤੇ ਨਿਗਰਾਨੀ ਅਤੇ ਜ਼ਿਆਦਾ ਪੋਲਿੰਗ ਯਕੀਨੀ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਵਿਚ ਪਾੜਾ ਦੂਰ ਕਰਨ ਅਤੇ ਪੇਡ ਨਿਊਜ਼ ਦੀ ਬੁਰਾਈ ਨੂੰ ਰੋਕਣ ਲਈ ਪਹਿਲੀ ਵਾਰ ਜਾਗਰੂਕਤਾ ਪੈਦਾ ਕਰਨ ਵਾਲੇ ਅਬਜ਼ਰਵਰ ਤਾਇਨਾਤ ਕਰੇਗਾ। ਪੰਜੇ ਰਾਜਾਂ ਦੇ ਕੁੱਲ 630 ਵਿਧਾਨ ਸਭਾ ਹਲਕਿਆਂ ਲਈ 11.60 ਕਰੋੜ ਵੋਟਰਾਂ ਵੱਲੋਂ ਆਪਣੇ ਮਤ ਦਾ ਇਸਤੇਮਾਲ ਕਰਨ ਦੀ ਆਸ ਹੈ। ਪਹਿਲੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ 18 ਅਕਤੂਬਰ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਜ਼ਾ ਯਾਫ਼ਤਾ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪ੍ਰਸ਼ਨ ਦੇ ਜਵਾਬ ਵਿਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਰਾਜ ਸਭਾ ਦੇ ਸਭਾਪਤੀ ਅਤੇ ਲੋਕ ਸਭਾ ਦੇ ਸਪੀਕਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਪਿੱਛੋਂ ਹੀ ਚੋਣ ਕਮਿਸ਼ਨ ਸੀਟਾਂ ਖਾਲੀ ਹੋਣ ਬਾਰੇ ਐਲਾਨ ਕਰੇਗਾ।

ਸੱਜਣ ਕੁਮਾਰ ਿਖ਼ਲਾਫ਼ ਜਾਰੀ ਰਹੇਗੀ ਸੁਣਵਾਈ

♦ ਸੁਪਰੀਮ ਕੋਰਟ ਨੇ ਕੀਤਾ ਸਪੱਸ਼ਟ ♦ ਮਾਮਲਾ 28 ਤੱਕ ਮੁਲਤਵੀ
ਨਵੀਂ ਦਿੱਲੀ, 5 ਅਕਤੂਬਰ (ਏਜੰਸੀ)—ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ 1984 ਵਿਚ ਵਾਪਰੇ ਸਿੱਖ ਕਤਲੇਆਮ ਦੌਰਾਨ 6 ਵਿਅਕਤੀਆਂ ਨੂੰ ਮਾਰਨ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਅਤੇ ਹੋਰਾਂ ਖਿਲਾਫ਼ ਸੁਣਵਾਈ ਜਾਰੀ ਰਹੇਗੀ | ਅਦਾਲਤ ਨੇ ਕੇਸ ਦੀ ਸੁਣਵਾਈ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ | ਜਸਟਿਸ ਏ. ਕੇ. ਪਟਨਾਇਕ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਕਿਹਾ, 'ਅਸੀਂ ਮਾਮਲੇ ਦੀ ਸੁਣਵਾਈ 'ਤੇ ਰੋਕ ਨਹੀ ਲਗਾ ਰਹੇ ਹਾਂ |' ਇਸ ਤੋਂ ਪਹਿਲਾਂ ਅਦਾਲਤ ਵਿਚ ਦਲੀਲ ਦਿੱਤੀ ਗਈ ਸੀ ਕਿ ਸੱਜਣ ਕੁਮਾਰ ਤੇ ਹੋਰਾਂ ਦੋਸ਼ੀਆਂ ਦੀ ਅਪੀਲ ਅਦਾਲਤ ਵਿਚ ਲੰਬੇ ਸਮੇਂ ਤੋਂ ਪਈ ਰਹਿਣ ਦੇ ਆਧਾਰ 'ਤੇ ਹੇਠਲੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਨਹੀਂ ਕਰਨੀ ਚਾਹੀਦੀ | ਸੁਪਰੀਮ ਕੋਰਟ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ਼ ਦੋਸ਼ ਸਾਬਿਤ ਕਰਨ ਵਾਲੀ ਪਟੀਸ਼ਨ ਰੱਦ ਲਈ ਦਾਇਰ ਕੀਤੀ ਪਟੀਸ਼ਨ ਖਾਰਜ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ |

ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਮਨਜ਼ੂਰ

ਨਵੀਂ ਦਿੱਲੀ, 5 ਅਕਤੂਬਰ (ਜਗਤਾਰ ਸਿੰਘ)-ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪੈਸ਼ਲ ਲੀਵ ਪਟੀਸ਼ਨ (ਐਸ.ਐਲ.ਪੀ.) ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰਦਿਆਂ ਇਸ ਮਾਮਲੇ ਦੀ ਸੁਣਵਾਈ ਇਕ ਵਰ੍ਹੇ ਦੌਰਾਨ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ | ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਅਧਿਕਾਰ ਦੇ ਫੈਸਲੇ 'ਤੇ ਕੋਈ ਰੋਕ ਨਹੀਂ ਲਗਾਈ | ਸ਼੍ਰੋਮਣੀ ਕਮੇਟੀ ਦੇ ਨਵੇਂ ਜਿੱਤੇ 170 ਮੈਂਬਰ ਕਾਰਜਸ਼ੀਲ ਨਹੀਂ ਹੋਣਗੇ ਅਤੇ ਪੁਰਾਣੀ 15 ਮੈਂਬਰੀ ਕਮੇਟੀ ਹੀ ਕੰਮ ਕਰਦੀ ਰਹੇਗੀ | ਸਹਿਜਧਾਰੀ ਫੈਡਰੇਸ਼ਨ ਦੇ ਮੁਖੀ ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਦਾ ਫੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਹੈ | ਉਨ੍ਹਾਂ ਦਲੀਲ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਐਸ.ਐਲ.ਪੀ. ਕਮੇਟੀ ਦੇ ਜਨਰਲ ਹਾਊਸ ਦਾ ਸਿੱਟਾ ਨਹੀਂ ਹੈ,ਕਿਉਂਕਿ ਤਕਨੀਕੀ ਤੌਰ 'ਤੇ ਪੁਰਾਣਾ ਤੇ ਨਵਾਂ ਦੋਵੇਂ ਹਾਊਸ ਕਾਨੂੰਨੀ ਰੂਪ 'ਚ ਹੋਂਦ 'ਚ ਨਹੀਂ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਸੀਂ ਕੋਈ ਚੋਣ ਨਹੀਂ ਲੜਨੀ ਸਗੋਂ ਸਾਡਾ ਮਕਸਦ ਚੰਗੇ ਕਿਰਦਾਰ ਦੇ ਵਿਅਕਤੀ ਅੱਗੇ ਲਿਆਉਣਾ ਹੈ |

ਤੇਲੰਗਾਨਾ ਮੱੁਦਾ

ਕੇਂਦਰੀ ਮੰਤਰੀ ਪੱਲਮ ਰਾਜੂ ਵੱਲੋਂ ਵੀ ਅਸਤੀਫ਼ਾ ਦੇਣ ਦਾ ਫ਼ੈਸਲਾ ਨਵੀਂ ਦਿੱਲੀ/ ਹੈਦਰਾਬਾਦ, 5 ਅਕਤੂਬਰ (ਏਜੰਸੀਆਂ)-ਕੇਂਦਰੀ ਕੈਬਨਿਟ ਵੱਲੋਂ ਤੇਲੰਗਾਨਾ ਸੂਬੇ ਦੇ ਗਠਨ ਦਾ ਐਲਾਨ ਕਰਨ 'ਤੇ ਕੇਂਦਰ ਸਰਕਾਰ ਅਤੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿਚ 'ਭੁਚਾਲ' ਆ ਗਿਆ ਹੈ | ਆਂਧਰਾ ਪ੍ਰਦੇਸ਼ ਦੇ ਬਟਵਾਰੇ ਦੇ ਵਿਰੋਧ ਵਿਚ ਵਾਈ. ਐਸ. ਆਰ. ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੈਡੀ ਸਮੇਤ ਕਈ ਸੰਗਠਨਾਂ ਨੇ 72 ਘੰਟਿਆਂ ਦੇ ਬੰਦ ਦਾ ਐਲਾਨ ਕੀਤਾ ਹੈ | ਜਗਨ ਮੋਹਨ ਰੈਡੀ ਨੇ ਸਨਿਚਰਵਾਰ ਤੋਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ | ਕੇਂਦਰੀ ਸੈਰ-ਸਪਾਟਾ ਮੰਤਰੀ ਚਿਰੰਜੀਵੀ ਅਤੇ ਆਂਧਰਾ ਪ੍ਰਦੇਸ਼ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪੱਲਮ ਰਾਜੂ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਜਦਕਿ ਰੇਲਵੇ ਰਾਜ ਮੰਤਰੀ ਕੋਟਲਾ ਜੱਸਾ ਸੁਰੀਆ ਪ੍ਰਕਾਸ਼ ਰੈਡੀ ਨੇ ਵੀ ਅਸਤੀਫਾ ਦੇ ਦਿੱਤਾ ਹੈ | ਸ੍ਰੀ ਰੈਡੀ ਕਰਨੂਲ ਤੋਂ ਸੰਸਦ ਮੈਂਬਰ ਹਨ | ਇਸੇ ਦੌਰਾਨ ਰਾਇਲ ਸੀਮਾ ਖੇਤਰ ਤੋਂ ਕਾਂਗਰਸੀ ਸੰਸਦ ਮੈਂਬਰ ਰਿਆਪਤੀ ਸਾਂਬਾ ਸ਼ਿਵਾ ਰਾਉ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ | ਇਸ ਦੌਰਾਨ ਬਟਵਾਰੇ ਦੇ ਐਲਾਨ ਤੋਂ ਬਾਅਦ ਅੱਜ ਆਂਧਰਾ ਪ੍ਰਦੇਸ਼ ਵਿਚ ਹੜਤਾਲਾਂ ਦਾ ਦੌਰ ਸ਼ੁਰੂ ਹੋ ਗਿਆ | ਬੰਦ ਦੇ ਸੱਦੇ ਕਾਰਨ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਅਤੇ ਰਾਇਲਸੀਮਾ ਖੇਤਰਾਂ ਵਿਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ | 
ਕੇਂਦਰ ਵੱਲੋਂ ਹਾਈ ਅਲਰਟ
ਫ਼ੈਸਲੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਇਲਸੀਮਾ ਤੇ ਤੱਟੀ ਖੇਤਰਾਂ ਵਿਚ ਪੁਲਿਸ ਨੂੰ ਹਾਈ-ਅਲਰਟ ਜਾਰੀ ਕੀਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਇਹਤਿਹਾਤੀ ਕਦਮ ਚੁੱਕਣ ਲਈ ਕਿਹਾ ਹੈ |
ਆਂਧਰਾ ਦੇ ਮੰਤਰੀ ਵੱਲੋਂ ਅਸਤੀਫ਼ਾ
ਫ਼ੈਸਲੇ ਦੇ ਵਿਰੋਧ ਵਿਚ ਆਂਧਰਾ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਨੇ ਅੱਜ ਹੈਦਰਾਬਾਦ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਦੇ ਦਿੱਤਾ | ਭਾਵੇਂ ਮੁੱਖ ਮੰਤਰੀ ਨੇ ਅਜੇ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ | ਇਸ ਦੌਰਾਨ ਗੰਤੂਰ ਤੋਂ ਸੀਨੀਅਰ ਕਾਂਗਰਸੀ ਸੰਸਦ ਮੈਂਬਰ ਆਰ.ਐਸ. ਰਾਓ ਨੇ ਵੀ ਆਪਣਾ ਅਸਤੀਫ਼ਾ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ ਜਦਕਿ ਦੋ ਆਂਧਰਾ ਦੇ ਦੋ ਹੋਰ ਮੰਤਰੀਆਂ ਨੇ ਵੀ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ |
ਆਂਧਰਾ ਵਿਚ ਹੜਤਾਲ
ਅੱਜ ਸੂਬੇ ਦੇ ਤੱਟੀ ਅਤੇ ਰਾਇਲਸੀਮਾ ਖੇਤਰਾਂ ਵਿਚ ਹੜਤਾਲ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ | ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਰਾਸ਼ਟਰੀ ਮਾਰਗ ਨੂੰ ਜਾਮ ਰੱਖਿਆ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ | ਇਸ ਦੌਰਾਨ ਉਕਤ ਖੇਤਰਾਂ ਵਿਚ ਵਪਾਰਕ ਅਤੇ ਸਿੱਖਿਆ ਸੰਸਥਾਵਾਂ ਬੰਦ ਰਹੀਆਂ | ਬੰਦ ਦੀ ਹਿਮਾਇਤ ਆਂਧਰਾ ਪ੍ਰਦੇਸ਼ ਨਾਨ-ਗਜ਼ਟਿਡ ਆਫੀਸਰਜ਼ ਯੂਨੀਅਨ ਤੋਂ ਇਲਾਵਾ ਹੋਰ ਸੰਗਠਨਾਂ ਨੇ ਦਿੱਤਾ ਜਦਕਿ ਵਾਈ.ਐਸ.ਆਰ. ਕਾਂਗਰਸ ਨੇ 72 ਘੰਟਿਆਂ ਦੇ ਬੰਦ ਦਾ ਵੱਖਰਾ ਸੱਦਾ ਦਿੱਤਾ ਹੈ | ਵਿਸ਼ਾਖਾਪਟਨਮ ਵਿਚ ਬੰਦ ਦਾ ਅਸਰ ਵਧੇਰੇ ਰਿਹਾ ਜਿਥੇ ਕੋਈ ਬਸ ਨਹੀਂ ਚੱਲੀ | ਵਿਖਾਵਾਕਾਰੀਆਂ ਨੇ ਚੇਨਈ-ਕੋਲਕਾਤਾ ਰਾਸ਼ਟਰੀ ਮਾਰਗ 'ਤੇ ਟਰੈਫਿਕ ਨਹੀਂ ਚੱਲਣ ਦਿੱਤਾ |
ਅਨੰਤਪੁਰ ਜ਼ਿਲ੍ਹੇ ਵਿਚ ਟਕਰਾਅ
ਇਸ ਦੌਰਾਨ ਅਨੰਤਪੁਰ ਜ਼ਿਲ੍ਹੇ ਵਿਚ ਤੇਲਗੂ ਦੇਸਮ (ਟੀ.ਡੀ.ਪੀ.) ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ | ਟੀ.ਡੀ.ਪੀ. ਵਿਧਾਇਕ ਪਰੀਤਾਲਾ ਸੁਨੀਤਾ ਨੇ ਦੋਸ਼ ਲਾਇਆ ਕਿ ਵਾਈ. ਐਸ.ਆਰ. ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਨੂੰ ਜਬਰੀ ਰੋਕਿਆ ਤੇ ਉਨ੍ਹਾਂ 'ਤੇ ਪਥਰਾਅ ਵੀ ਕੀਤਾ |
ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ 'ਚ ਭੰਨਤੋੜ
ਹੈਦਰਾਬਾਦ-ਪ੍ਰਦਰਸ਼ਨਕਾਰੀਆਂ ਨੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ ਵਿਚ ਭੰਨਤੋੜ ਕੀਤੀ | ਕਾਂਗਰਸੀ ਨੇਤਾਵਾਂ ਦੇ ਪੁਤਲੇ ਸਾੜੇ ਗਏ ਵਿਸ਼ਾਖਾਪਟਨਮ, ਵਿਜੇਵਾੜਾ, ਤਿਰੁਪਤੀ, ਅਨੰਤਪੁਰ ਤੇ ਹੋਰ ਸ਼ਹਿਰਾਂ ਵਿਚ ਹੜਤਾਲ ਰਹੀ ਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ |
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਘਰ 'ਚ ਦਾਖ਼ਲ ਹੋਣ ਦਾ ਯਤਨ
ਵਿਸ਼ਾਖਾਪਟਨਮ-ਇਸ ਦੌਰਾਨ ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸਤਾ ਸਤਿਆ ਨਾਰਾਇਣਾ ਦੇ ਵਿਸ਼ਾਖਾਪਟਨਮ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਜਿਸ 'ਤੇ ਪੁਲਿਸ ਨੇ ਹਲਕਾ ਲਾਠੀਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ | ਜਿਸ 'ਤੇ ਗੱੁਸੇ ਵਿਚ ਆਏ ਵਿਖਾਵਾਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ |
ਫੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ-ਕਾਂਗਰਸ
ਨਵੀਂ ਦਿੱਲੀ ਵਿ ਖੇ ਕਾਂਗਰਸ ਦੇ ਬੁਲਾਰੇ ਮੀਮ ਅਫ਼ਜ਼ਲ ਨੇ ਕਿਹਾ ਕਿ ਹੁਣ ਫ਼ੈਸਲੇ ਤੋਂ ਪਿਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਜਪਾ, ਤੇਲਗੂ ਦੇਸਮ ਅਤੇ ਵਾਈ.ਐਸ. ਆਰ. ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੀ ਸਲਾਹ ਨਾਲ ਹੀ ਲਿਆ ਗਿਆ ਹੈ |
ਦਿੱਲੀ 'ਚ ਭੁੱਖ ਹੜਤਾਲ ਕਰਨਗੇ ਨਾਇਡੂ
ਹੈਦਰਾਬਾਦ, ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਸੋਮਵਾਰ ਤੋਂ ਨਵੀਂ ਦਿੱਲੀ ਵਿਖੇ ਭੁੱਖ ਹੜਤਾਲ 'ਤੇ ਬੈਠਣਗੇ | ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਤੇਲੰਗਾਨਾ ਮੁੱਦੇ 'ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ ਲੱਗੀ ਕਾਂਗਰਸ ਦਾ ਉਹ ਭਾਂਡਾ ਭੰਨਣਗੇ |

ਕੇਰਨ ਸੈਕਟਰ 'ਚ ਇਕ ਹੋਰ ਘੁਸਪੈਠ-3 ਅੱਤਵਾਦੀ ਹਲਾਕ

ਸ੍ਰੀਨਗਰ, 5 ਅਕਤੂਬਰ (ਮਨਜੀਤ ਸਿੰਘ)-ਭਾਰਤੀ ਸੈਨਾ ਨੇ ਅੱਜ ਕਸ਼ਮੀਰ ਦੇ ਕੇਰਨ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਤੇ ਤਿੰਨ ਅੱਤਵਾਦੀ ਮਾਰ ਮੁਕਾਏ | ਕੇਰਨ ਸੈਕਟਰ 'ਚ 30-40 ਘੁਸਪੈਠੀਆਂ ਖਿਲਾਫ਼ ਅਭਿਆਨ ਦਾ ਅੱਜ 11ਵਾਂ ਦਿਨ ਹੋ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਇਹ ਘੁਸਪੈਠ ਕੇਰਨ ਦੇ ਗੁਜਰ ਦਰ ਖੇਤਰ 'ਚ ਹੋ ਰਹੀ ਸੀ | ਸੈਨਿਕ ਕਾਰਵਾਈ ਦੌਰਾਨ ਇਸ ਘੁਸਪੈਠ ਨੂੰ ਨਾਕਾਮ ਕੀਤਾ ਗਿਆ ਤੇ ਤਿੰਨ ਅੱਤਵਾਦੀ ਮਾਰ-ਮੁਕਾਏ | ਉਨ੍ਹਾਂ ਦੱਸਿਆ ਕਿ ਅਜੇ ਇਸ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ | ਸੈਨਾ ਦਾ ਦਾਅਵਾ ਹੈ ਕਿ ਉਸ ਨੇ ਹੁਣ ਤੱਕ 15 ਅੱਤਵਾਦੀ ਮਾਰ ਮੁਕਾਏ ਹਨ ਪਰ ਅਜੇ ਤੱਕ ਕਿਸੇ ਦੀ ਲਾਸ਼ ਬਰਾਮਦ ਨਹੀਂ ਹੋ ਸਕੀ