Saturday, 17 March 2012

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਬਾਦਲ ਸਰਕਾਰ ਨੇ ਕਮਰ ਕਸੀ
ਅੰਮ੍ਰਿਤਸਰ, 17 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 5ਵੀਂ ਵਾਰ ਸਰਕਾਰ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੀ ਵਜ਼ਾਰਤ ਦੇ ਸਮੂਹ ਮੈਂਬਰਾਂ ਨਾਲ਼ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਫਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਸਰਕਾਰ ਕਾਨੂੰਨੀ ਮਾਹਿਰਾਂ ਨਾਲ਼ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨਾਲ਼ ਖ਼ਾਸ ਤੌਰ ਉਤੇ ਇਸ ਮੁੱਦੇ ’ਤੇ ਗੱਲਬਾਤ ਹੋ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਹੋ ਰਹੀ ਦੇਰੀ ਲਈ ਕੇਂਦਰ ਸਰਕਾਰ ਮੁੱਖ ਤੌਰ ਉਤੇ ਜ਼ਿੰਮੇਵਾਰ ਹੈ। ਸ਼੍ਰੋਮਣੀ ਕਮੇਟੀ ਦਾ ਬਜਟ ਪਾਸ ਕਰਨ ਸਬੰਧੀ ਆ ਰਹੀਆਂ ਔਕੜਾਂ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ਼ ਗੱਲਬਾਤ ਲਈ ਸਮਾਂ ਮੰਗਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦਾ ਕੰਮਕਾਜ ਚਲਾਉਣ ਲਈ 31 ਮਾਰਚ ਤੋਂ ਪਹਿਲਾਂ ਬਜਟ ਪਾਸ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਸੰਸਥਾਨ ਵਿੱਚ ਸੇਵਾ ਨਿਭਾ ਰਹੇ ਸੇਵਾਦਾਰਾਂ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦਿੱਤੀਆਂ ਜਾ ਸਕਣ। ਸ. ਬਾਦਲ ਨੇ ਕਿਹਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਅਜਿਹੀ ਸੰਸਥਾ ਹੈ, ਜਿਸ ਦੀ ਸਥਾਪਨਾ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਿਤਾ ਨੇ ਵੀ ਜੇਲ੍ਹ ਕੱਟੀ ਸੀ। ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਚੁਣਨ ਲਈ ਬੀਤੇ ਵਰ੍ਹੇ ਸਤੰਬਰ ਮਹੀਨੇ ’ਚ ਚੋਣ ਹੋਈ ਸੀ। ਦਸੰਬਰ ’ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਦਨ ਨੇ 15 ਕੋ-ਆਪਟ ਮੈਂਬਰਾਂ ਦੀ ਚੋਣ ਕਰ ਲਈ ਸੀ। ਪੰਜ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਦਨ ਦੇ ਐਕਸ-ਆਫ਼ਿਸ਼ਿਓ ਮੈਂਬਰ ਹਨ। ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਵੇਂ ਆਮ ਸਦਨ ਦੀ ਮੀਟਿੰਗ ਸੱਦਣ ਲਈ ਕੋਈ ਨੋਟੀਫ਼ਿਕੇਸ਼ਨ ਹੀ ਜਾਰੀ ਨਹੀਂ ਕੀਤਾ; ਉਸੇ ਆਮ ਸਦਨ ਵਿੱਚ ਹੀ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਕਾਰਜਕਾਰਣੀ ਦੀ ਚੋਣ ਵੀ ਕੀਤੀ ਜਾਣੀ ਹੈ। ਨੋਟੀਫ਼ਿਕੇਸ਼ਨ ਜਾਰੀ ਨਾ ਕੀਤੇ ਜਾਣ ਕਰ ਕੇ ਨਵੰਬਰ 2010 ’ਚ ਪ੍ਰਧਾਨ ਚੁਣੇ ਗਏ ਜੱਥੇਦਾਰ ਅਵਤਾਰ ਸਿੰਘ ਮੱਕੜ ਅਤੇ ਹੋਰ ਅਹੁਦੇਦਾਰ ਆਪਣੇ ਅਹੁਦਿਆਂ ਉਤੇ ਕਾਇਮ ਹਨ। ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾਣ ਵਿੱਚ ਦੇਰੀ ਲਈ ਮੁੱਖ ਅੜਿੱਕਾ ਸਹਿਜਧਾਰੀ ਸਿੱਖ ਫ਼ੈਡਰੇਸ਼ਨ ਵੱਲੋਂ ਦਾਖ਼ਲ ਕੀਤੀ ਇੱਕ ਪਟੀਸ਼ਨ ਨੇ ਪਾਇਆ ਹੋਇਆ ਹੈ, ਜੋ ਇਸ ਵੇਲੇ ਹਾਈ ਕੋਰਟ ਵਿੱਚ ਮੁਲਤਵੀ ਪਈ ਹੈ। ਪੰਜਾਬ ਪੁਲਿਸ ਦੇ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਬਾਰੇ ਵੱਖੋ ਵੱਖਰੇ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧ ਵਿੱਚ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਭ ਤੋਂ ਵੱਧ ਜ਼ੁਲਮ ਸਿੱਖ ਕੌਮ ਉਤੇ ਢਾਹੇ ਹਨ। ਹੁਣ ਕੁੱਝ ਅਖੌਤੀ ਸਿੱਖ ਸੰਗਠਨਾਂ ਦੇ ਆਗੂਆਂ ਨੇ ਕਾਂਗਰਸ ਦੀ ਪਨਾਹ ਲੈ ਲਈ ਹੈ ਅਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਫ਼ੈਸਲਿਆਂ ਦਾ ਬਿਨਾਂ ਕਿਸੇ ਆਧਾਰ ਦੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਦੋਂ ਮੰਤਰੀ ਮੰਡਲ ਨਾਲ਼ ਮੁੱਖ ਮੰਤਰੀ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਤਾਂ ਉਸ ਸਮੇਂ ਦਰਬਾਰ ਦੇ ਅਰਦਾਸੀਏ ਭਾਈ ਸਤਿਨਾਮ ਸਿੰਘ ਨੇ ਉਨ੍ਹਾਂ ਨੂੰ ਸਿਰਪਾਓ ਬਖ਼ਸ਼ਿਸ਼ ਕੀਤਾ। ਇਸ ਤੋਂ ਬਾਅਦ ਸ. ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਮੱਥਾ ਟੇਕਣ ਲਈ ਗਏ। ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਸ. ਬਾਦਲ ਅਤੇ ਹੋਰ ਮੰਤਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ, ਸਕੱਤਰ ਦਲਮੇਘ ਸਿੰਘ ਅਤੇ ਵੱਖੋ ਵੱਖਰੇ ਅਧਿਕਾਰੀਆਂ ਨੇ ਸਿਰੋਪਾਓ ਬਖ਼ਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਸ. ਬਾਦਲ ਨੇ ਸਹਿਯੋਗੀਆਂ ਦੇ ਨਾਲ਼ ਸ੍ਰੀ ਹਰਿਮੰਦਰ ਸਾਹਿਬ ਦੇ ¦ਗਰ ਹਾਲ ਵਿੱਚ ¦ਗਰ ਵੀ ਛਕਿਆ। ਇਸ ਤੋਂ ਬਾਅਦ ਸ. ਬਾਦਲ ਜੱਲ੍ਹਿਆਂ ਵਾਲ਼ੇ ਬਾਗ਼, ਸ੍ਰੀ ਦੁਰਗਿਆਣਾ ਮੰਦਰ ਤੇ ਸ੍ਰੀ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਗਏ। ਇਸ ਦੌਰਾਨ ਉਨ੍ਹਾਂ ਨਾਲ਼ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਅਜੀਤ ਸਿੰਘ ਕੋਹਾੜ, ਸਰਵਣ ਸਿੰਘ ਫਿਲੌਰ, ਮਦਨ ਮੋਹਨ ਮਿੱਤਲ, ਭਗਤ ਚੁੰਨੀ ਲਾਲ, ਅਨਿਲ ਜੋਸ਼ੀ ਜਿਹੇ ਕੈਬਿਨੇਟ ਮੰਤਰੀ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਮਨਜੀਤ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੂੰ ਮੁੜ ਜਿਤਾ ਕੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦੇ ਕੇ ਇੱਕ ਤਰ੍ਹਾਂ ਭਾਰਤ ਰਤਨ ਨਾਲ਼ ਸਨਮਾਨਿਤ ਕਰ ਦਿੱਤਾ ਹੈ। ਜਨਤਾ ਨੇ ਹੀ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਸੁਨਹਿਰੀ ਬਣਾਉਣ ਲਈ 5ਵੀਂ ਵਾਰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਉਸ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਉਤੇ ਪੁੱਜਣ ਲਈ ਲੋੜੀਂਦੀ ਸ਼ਕਤੀ ਤੇ ਤਾਕਤ ਬਖ਼ਸ਼ੀ ਹੈ। ਸ. ਬਾਦਲ ਨੇ ਆਪਣੀ ਸਮੁੱਚੀ ਵਜ਼ਾਰਤ ਸਮੇਤ ਇਤਿਹਾਸਕ ਮੰਦਰ ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਰਾਮ ਤੀਰਥ ਧੂਣਾ ਸਾਹਿਬ ਮੰਦਰ ’ਚ ਵੀ ਮੱਥਾ ਟੇਕਿਆ ਅਤੇ ਮਹੰਤ ਮਲਕੀਤ ਨਾਥ ਤੋਂ ਆਸ਼ੀਰਵਾਦ ਹਾਸਲ ਕੀਤਾ।

ਬੱਚੀ ਨੂੰ ਗਰਭਵਤੀ ਬਣਾਇਆ ਤੇ ਦਬੰਗਾ ਨੇ ਪਿੰਡ 'ਚੋਂ ਕੱਢਿਆ

ਕਾਂਕੇਰ :ਪਰਿਵਾਰਕ ਮੈਂਬਰਾਂ ਦੀ ਗੈਰ-ਹਾਜਰੀ ਦਾ ਫਾਇਦਾ ਉਠਾਉਂਦਿਆਂ ਇਕ ਨੌਜਵਾਨ ਨੇ ਜਦੋਂ ਦਿੱਲ ਕੀਤਾ ਉਦੋਂ ਆਪਣੀ ਹਵਸ ਦੀ ਭੁਖ ਪੂਰੀ ਕਰਨ ਲਈ ਅਪਣੇ ਤੋਂ ਅੱਧੀ ਉਮਰ ਦੀ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਵਿਦਿਆਰਥਣ ਜਦੋਂ ਗਰਭਵਤੀ ਹੋ ਗਈ ਤਾਂ ਮਾਮਲਾ ਸਾਹਮਣੇ ਆਇਆ ਪਰ ਸ਼ੋਸ਼ਣ ਦਾ ਸ਼ਿਕਾਰ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਹੀ ਸਜਾ ਭੁਗਤਣੀ ਪਈ।
ਮਾਮਲਾ ਕੇਸ਼ਕਾਲ ਬਲਾਕ ਦੇ ਵਿਸ਼ਰਾਮਪੁਰੀ ਥਾਣੇ ਹੇਠ ਆਉਂਦੇ ਪਿੰਡ ਸੋਨਪੁਰ ਦਾ ਹੈ। ਇੱਥੋਂ ਦੀ ਇਕ 13 ਸਾਲ ਵਿਦਿਆਰਥਣ ਦੋ ਸਾਲ ਦੀ ਉਮਰ ਤੋਂ ਦੁਖਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਦੋ ਸਾਲ ਦੀ ਉਮਰ 'ਚ ਮਾਂ-ਬਾਪ ਗੁਜਰ ਗਏ ਤੇ ਮਾਸੀ ਨੇ ਅਪਣੇ ਕੋਲ ਰੱਖ ਲਿਆ।
ਮਾਸੀ-ਮਾਸੜ ਇਟਾਂ ਦੇ ਭੱਠੇ 'ਤੇ ਕੰਮ ਕਰਦੇ ਸਨ। ਇਸ ਦਾ ਫਾਇਦਾ ਉਠਉਂਦਿਆਂ ਪਿੰਡ ਦੇ ਇਕ ਲੜਕੇ ਨੇ ਲੜਕੀ ਨੂੰ ਗਰਭਵਤੀ ਕਰ ਦਿੱਤਾ। ਪਿੰਡ ਦੀ ਪੰਚਾਇਤ ਨੇ ਲੜਕੇ ਨੂੰ ਸਜਾ ਦੇਣ ਦੀ ਬਜਾਏ ਲੜਕੀ 'ਤੇ ਚਰਿਤਰਹੀਣ ਹੋਣ ਦਾ ਦੋਸ਼ ਲਾਇਆ ਅਤੇ ਉਲਟਾ ਦੋਸ਼ ਨਾ ਸਾਬਤ ਹੋਣ 'ਤੇ ਲੜਕੇ ਨੂੰ 50 ਹਜਾਰ ਰੁ. ਦੇਣ ਲਈ ਕਿਹਾ। ਇਸ ਤੋਂ ਇਲਾਵਾ ਪਿੰਡ ਵਾਲਿਆਂ ਨੇ ਲੜਕੀ ਦੇ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਨੂੰ 5 ਰੁ. ਦਾ ਡਨ ਲਾ ਦਿੱਤਾ। ਇਸ ਤੋਂ ਇਲਾਨਾ ਪੁਲਸ ਕੋਲ ਨਾ ਜਾਣ ਸਬੰਧੀ ਵੀ ਦਬਾਅ ਪਾਇਆ ਗਿਆ। ਇਸ ਤੋਂ ਇਲਾਵਾ ਲੜਕੀ ਦੇ ਮਾਸੀ-ਮਾਸੜ 'ਤੇ ਬੱਚੇ ਦਾ ਪਿਤਾ ਕੋਈ ਹੋਰ ਹੋਣ ਦਾ ਵੀ ਦਬਾਅ ਪਾਇਆ ਗਿਆ।
ਇਸ ਦੌਰਾਨ ਲੜਕੀ ਨੇ ਇਕ ਲੜਕੇ ਨੂੰ ਜਨਮ ਦੇ ਦਿੱਤਾ ਤਾਂ ਪਿੰਡ ਵਾਲਿਆਂ ਨੇ ਪਿੰਡ 'ਚ ਰਹਿਣ ਲਈ ਪਰਿਵਾਰ 'ਤੋਂ 50 ਰੁ. ਦੀ ਮੰਗ ਕੀਤੀ। ਜਦੋਂ ਪਿੰਡ ਦਾ ਦਬਾਅ ਵਧਿਆ ਤਾਂ ਮਾਸੀ-ਮਾਸੜ ਲੜਕੀ ਨੂੰ ਲੈ ਕੇ ਕਾਂਕੇਰ ਪਹੁੰਚ ਗਏ। ਪਰਿਵਾਰ ਨੇ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਲੜਕੇ ਦੇ ਪਰਿਵਾਰ ਦਾ ਦਬਦਬਾ ਹੋਣ ਕਾਰਨ ਇੱਥੇ ਵੀ ਕੋਈ ਗੱਲ ਨਹੀਂ ਬਣੀ।
ਆਮ ਲੋਕਾਂ 'ਤੇ ਭਾਰੀ ਬੋਝ ਪਾ ਗਿਆ ਪ੍ਰਣਾਬ ਦਾ ਬਜਟ


ਨਵੀਂ ਦਿੱਲੀ, 16 ਮਾਰਚ
ਵਿੱਤ ਮੰਤਰੀ ਪ੍ਰਣਾਬ ਮੁਖਰਜੀ ਵੱਲੋਂ ਅਗਲੇ ਸਾਲ 2012-13 ਲਈ ਲੋਕ ਸਭਾ ਵਿਚ ਪੇਸ਼ ਆਮ ਬਜਟ 'ਚ ਆਮਦਨ ਟੈਕਸ ਛੋਟ ਹੱਦ ਵਿਚ ਮਾਮੂਲੀ ਰਾਹਤ ਦਿੰਦਿਆਂ 1.80 ਲੱਖ ਰੁਪਏ ਤੋਂ ਵਧਾਕੇ 2 ਲੱਖ ਰੁਪਏ ਕਰਨ ਦੀ ਤਜਵੀਜ਼ ਰਖੀ ਗਈ ਹੈ। 20 ਫ਼ੀਸਦੀ ਟੈਕਸ ਦੀ ਹੱਦ 8 ਲੱਖ ਤੋਂ ਵਧਾਕੇ 10 ਲੱਖ ਰੁਪਏ ਕਰਨ ਤੇ 10 ਹਜ਼ਾਰ ਰੁਪਏ ਤੱਕ ਦੀ ਵਿਆਜ ਆਮਦਨੀ ਨੂੰ ਟੈਕਸ ਤੋਂ ਛੋਟ ਦੇਣ ਦੀ ਤਜਵੀਜ਼ ਹੈ ਜਦ ਕਿ ਕੁਝ ਸੇਵਾਵਾਂ ਨੂੰ ਛੱਡਕੇ ਸਰਵਿਸ ਟੈਕਸ ਦੀ ਦਰ ਵਿਚ 2 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਐਕਸਾਈਜ਼ ਕਰ ਵੀ 2 ਫ਼ੀਸਦੀ ਵਧਾਇਆ ਗਿਆ ਹੈ। ਮੁੱਖਰਜੀ ਨੇ ਕਿਹਾ ਕਿ ਇਨ੍ਹਾਂ ਤਜਵੀਜ਼ਾਂ ਨਾਲ ਸਰਕਾਰ ਨੂੰ 45940 ਕਰੋੜ ਰੁਪਏ ਦੀ ਹੋਰ ਆਮਦਨ ਹੋਵੇਗੀ। ਵਿੱਤ ਮੰਤਰੀ ਨੇ ਨਕਾਰਾਤਮਿਕ ਸੂਚੀ ਜਾਰੀ ਕੀਤੀ ਹੈ ਜਿਸ ਦਾ ਮੰਤਵ ਹੋਰ ਵਸਤਾਂ ਨੂੰ ਟੈਕਸ ਦੇ ਘੇਰੇ ਵਿਚ ਲੈਣਾ ਹੈ। ਸਕੂਲੀ ਸਿੱਖਿਆ ਨੂੰ ਸਰਵਿਸ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ।
ਤਜਵੀਜ਼ ਟੈਕਸ ਦਰਾਂ ਕਾਰਨ ਸੀਮਿੰਟ, ਸਕੂਟਰ, ਮੋਟਰਸਾਈਕਲ, ਕਾਰਾਂ, ਫਰਿੱਜ, ਏ. ਸੀ, ਟੀ.ਵੀ, ਵਾਸ਼ਿੰਗ ਮਸ਼ੀਨਾਂ , ਘੜੀਆਂ ਤੇ ਸਾਬਣ ਮਹਿੰਗਾ ਹੋ ਜਾਵੇਗਾ ਜਦ ਕਿ ਮੋਬਾਇਲ ਫ਼ੋਨਾਂ ਦੇ ਹਿੱਸੇ ਪੁਰਜੇ, ਚਾਂਦੀ ਦੇ ਬਰੈਂਡਡ ਗਹਿਣੇ, ਬਰੈਂਡਡ ਕੱਪੜੇ, ਐਲ. ਸੀ.ਡੀ, ਐਲ.ਈ.ਡੀ, ਸੋਇਆਬੀਨ ਤੋਂ ਬਣੇ ਪਦਾਰਥ ਤੇ ਲਿਖਣ ਸਮਗਰੀ ਸਸਤੀ ਹੋ ਜਾਵੇਗੀ।
ਰੱਖਿਆ ਬਜਟ 'ਚ 17 ਫ਼ੀਸਦੀ ਵਾਧਾ ਕੀਤਾ ਗਿਆ ਹੈ ਤੇ ਕੁੱਲ ਰੱਖਿਆ ਖਰਚ 1,93, 407 ਕਰੋੜ ਰੁਪਏ ਕਰਨ ਦੀ ਤਜਵੀਜ਼ ਹੈ। ਪਿਛਲੇ ਸਾਲ ਰੱਖਿਆ ਵਾਸਤੇ 1,64,415 ਕਰੋੜ ਰੁਪਏ ਰੱਖੇ ਗਏ ਸਨ। ਅਗਲੇ ਸਾਲ ਦੇ ਰੱਖਿਆ ਬਜਟ ਵਿਚੋਂ 79,500 ਕਰੋੜ ਰੁਪਏ ਆਧੁਨਿਕ ਹੱਥਿਆਰ ਪ੍ਰਣਾਲੀ ਲੈਣ ਤੇ ਫੌਜੀ ਹਾਰਡਵੇਅਰ ਉਪਰ ਖਰਚ ਕੀਤੇ ਜਾਣਗੇ।
ਮੁਖਰਜੀ ਨੇ ਕਿਹਾ ਕਿ ਰੱਖਿਆ ਖਰਚ ਮੌਜੂਦਾ ਲੋੜਾਂ ਨੂੰ ਮੁੱਖ ਰੱਖਦਿਆਂ ਤਜਵੀਜ਼ ਕੀਤਾ ਗਿਆ ਹੈ ਤੇ ਰੱਖਿਆ ਸਬੰਧੀ ਕਿਸੇ ਵੀ ਤਰਾਂ ਦੀ ਹੋਰ ਲੋੜ ਨੂੰ ਪੂਰਾ ਕੀਤਾ ਜਾਵੇਗਾ। ਕਾਰਪੋਰੇਟ ਟੈਕਸ ਨੂੰ ਨਹੀਂ ਛੇੜਿਆ ਗਿਆ । ਸੋਨੇ ਉਪਰ ਦਰਾਮਦ ਟੈਕਸ ਦਰ ਵਧਾਈ ਗਈ ਹੈ ਜਦ ਕਿ ਸਿਗਰਟਾਂ, ਬੀੜੀਆਂ, ਪਾਨ ਮਸਾਲਾ, ਤੰਬਾਕੂ ਤੇ ਵੱਡੀਆਂ ਲਗਜ਼ਰੀ ਗੱਡੀਆਂ ਉਪਰ ਟੈਕਸ ਦਰ ਵਧਾਈ ਗਈ ਹੈ। ਵਿੱਤ ਮੰਤਰੀ ਵੱਲੋਂ ਖੇਤੀਬਾੜੀ ਖੇਤਰ ਨੂੰ ਰਾਹਤ ਦਿੱਤੀ ਗਈ ਹੈ। ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਵਿਚ ਦਿੱਤੀ ਜਾ ਰਹੀ ਮੌਜੂਦਾ 3 ਫ਼ੀਸਦੀ ਛੋਟ ਅਗਲੇ ਸਾਲ ਵੀ ਜਾਰੀ ਰਹੇਗੀ। ਬਜਟ ਵਿਚ ਖੇਤੀਬਾੜੀ ਵਾਸਤੇ ਕਰਜ਼ਾ ਦੇਣ ਲਈ 5 ਲੱਖ 75 ਕਰੋੜ ਰੁਪਏ ਰਖੇ ਗਏ ਹਨ। ਚੱਲ ਰਹੇ ਵਿੱਤੀ ਵਰ੍ਹੇ 'ਚ 4 ਲੱਖ 75 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇਣ ਦੀ ਵਿਵਸਥਾ ਕੀਤੀ ਗਈ ਸੀ।
ਲੋਕ ਵਿਰੋਧੀ ਬਜਟ-ਭਾਜਪਾ
ਕੇਂਦਰ 'ਚ ਮੁਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਸੰਸਦ 'ਚ ਅੱਜ ਪੇਸ਼ ਕੀਤੇ ਗਏ ਆਮ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਮਹਿੰਗਾਈ 'ਚ ਵਾਧਾ ਹੋਵੇਗਾ ਤੇ ਆਮ ਲੋਕਾਂ 'ਤੇ ਵਾਧੂ ਭਾਰ ਪਵੇਗਾ। ਭਾਜਪਾ ਜੇ ਉਪ ਪ੍ਰਧਾਨ ਮੁਖ਼ਤਾਰ ਅਬਾਸ ਨਕਵੀ ਨੇ ਕਿਹਾ ਕਿ ਵਿੱਤ ਮੰਤਰੀ ਦਾ ਆਰਥਿਕ ਫਾਰਮੂਲਾ ਬੁਰੀ ਤਰਾਂ ਫਲਾਪ ਰਿਹਾ ਹੈ। ਨਕਵੀ ਦਾ ਕਹਿਣਾ ਹੈ ਕਿ 'ਦਾਦ' ਵੱਲੋਂ ਪੇਸ਼ ਕੀਤਾ ਗਿਆ ਬੱਜਟ ਰਾਸ਼ਟਰ ਨੂੰ ਸੁਧਾਰ ਵੱਲ ਲਿਜਾਣ ਦੀ ਥਾਂ 'ਤੇ ਕਰਜ ਵੱਲ ਲੈ ਜਾਵੇਗਾ। ਭਾਜਪਾ ਨੇਤਾ ਸ਼ਾਹਨਵਾਜ ਹੁਸੈਨ, ਸ਼ਤਰੂਘਣ ਸਿਨਹਾ ਅਤੇ ਅਨੰਤ ਕੁਮਾਰ ਨੇ ਵੀ ਇਸ ਬਜਟ ਨੂੰ ਲੋਕ ਵਿਰੋਧੀ ਦੱਸਿਆ ਹੈ।
 
ਸਚਿਨ ਨੇ ਸੈਂਕੜਿਆਂ ਦਾ ਮਹਾਂ ਸੈਂਕੜਾ ਲਾ ਕੇ ਰਚਿਆ ਇਤਿਹਾਸ
ਢਾਕਾ.16 ਮਾਰਚ  ਆਖਰ 'ਚ ਸਚਿਨ ਤੇਂਦੁਲਕਰ ਨੇ ਸੈਂਕੜਿਆਂ ਦੇ ਮਹਾਂ ਸੈਂਕੜੇ ਦੇ ਐਵਰੈਸਟ 'ਤੇ ਆਪਣੀ ਚੜ੍ਹਾਈ ਇਕ ਸਾਲ ਅਤੇ ਚਾਰ ਦਿਨ ਦੇ ਸੰਘਰਸ਼ ਦੇ ਬਾਅਦ ਪੂਰੀ ਕਰ ਲਈ। ਸਚਿਨ ਨੇ ਏਸ਼ੀਆ ਕੱਪ 'ਚ ਬੰਗਲਾਦੇਸ਼ ਖਿਲਾਫ਼ ਸੰਜਮ ਨਾਲ ਖੇਡਦੇ ਹੋਏ ਅੰਤਰਰਾਸ਼ਟਰੀ ਕੈਰੀਅਰ ਦਾ ਸੌਵਾਂ ਸੈਂਕੜਾ ਲਾ ਕੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਦੁਰਲੱਭ ਕਾਰਨਾਮਾ ਰਚ ਦਿੱਤਾ। ਸਚਿਨ ਨੇ ਇਕ ਦਿਨਾ 'ਚ 49 ਤੇ ਟੈਸਟ 'ਚ 51 ਸੈਕੜੇ ਲਾਏ ਹਨ। ਸੈਂਕੜਿਆਂ ਦੇ ਮਹਾਂ ਸੈਕੜੇ ਦਾ ਇੰਤਜ਼ਾਰ ਦੁਨੀਆ ਭਰ ਦੇ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਸੀ, ਜੋ ਅੱਜ ਸ਼ੇਰੇ ਬੰਗਾਲ ਸਟੇਡੀਅਮ 'ਚ ਪੂਰਾ ਹੋਇਆ। ਸਚਿਨ ਨੂੰ ਸ਼ੁਰੂ 'ਚ ਦੌੜਾਂ ਬਣਾਉਣ 'ਚ ਥੋੜੀ ਮੁਸ਼ਕਿਲ ਹੋਈ ਪਰ  ਵਿਚ-ਵਿਚ ਚੌਕੇ ਲਾ ਕੇ ਆਪਣਾ ਸਕੋਰ ਅੱਗੇ ਵਧਾਉਂਦੇ ਰਹੇ ਤੇ ਵਿਰਾਟ ਕੋਹਲੀ (66) ਦੇ ਨਾਲ ਦੂਜੇ ਵਿਕਟ ਲਈ 148 ਦੌੜਾਂ ਦੀ ਸੈਕੜੇ ਵਾਲੀ ਪਾਰੀ 'ਚ 10 ਚੌਕਿਆਂ ਦੇ ਇਲਾਵਾ ਇਕ ਛਿੱਕਾ ਵੀ ਲਾਇਆ। 12 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ਼ ਸੈਂਕੜਾ ਲਾਉਣ ਦੇ ਬਾਅਦ 33 ਪਾਰੀਆਂ ਦੇ ਬਾਅਦ ਇਹ ਸੁਪਨਿਆਂ ਦਾ ਸੈਂਕੜਾ ਆਇਆ ਹੈ।
ਸੈਂਕੜਿਆਂ ਦਾ ਮਹਾਂ ਸੈਂਕੜਾ ਲਾਉਣ ਵਾਲੇ ਸਚਿਨ ਲਈ ਇਹ ਸੈਂਕੜਾ ਇਸ ਮਾਮਲੇ 'ਚ ਵੀ ਖਾਸ ਹੈ ਕਿਉਂਕਿ ਆਪਣੀ ਇਸ ਮਹਾਨ ਪਾਰੀ 'ਚ ਉਨ੍ਹਾਂ ਨੇ ਅੰਤਰਰਾਸ਼ਟਰੀ ਕੈਰੀਅਰ 'ਚ 2008 ਚੌਕੇ ਵੀ ਲਾ ਦਿੱਤੇ ਹਨ। ਆਸਟ੍ਰੇਲੀਆ 'ਚ ਖੇਡੀ ਗਈ ਤਿਕੋਣੀ ਇਕ ਦਿਨਾ ਲੜੀ 'ਚ ਸਚਿਨ ਮਹਾਂ ਸੈਂਕੜੇ ਦਾ ਸੁਪਨਾ ਨਹੀਂ ਪੂਰਾ ਕਰ ਸਕੇ ਸਨ। ਉਨ੍ਹਾਂ ਨੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਏਸ਼ੀਆ ਕੱਪ 'ਚ ਖੇਡਣ ਦੀ ਇੱਛਾ ਪ੍ਰਗਟਾਈ ਸੀ ਜਿਸ ਕਾਰਨ ਉਨ੍ਹਾਂ ਨੂੰ ਇਸ ਟੂਰਨਾਮੈਂਟ 'ਚ ਸ਼ਾਮਿਲ ਕੀਤਾ ਗਿਆ ਸੀ। ਸਚਿਨ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਖਿਲਾਫ਼ 12 ਇਕ ਦਿਨਾ ਮੈਚ ਖੇਡੇ ਸਨ ਪਰ ਉਸ ਵਿਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 82 ਦੌੜਾਂ ਸਨ। ਇਸ ਤਰਾਂ ਉਨ੍ਹਾਂ ਨੇ ਬੰਗਲਾ ਦੇਸ਼ ਖਿਲਾਫ਼ ਇਕ ਦਿਨਾ ਕ੍ਰਿਕਟ 'ਚ ਸੈਂਕੜਿਆਂ ਦੇ ਸੋਕੇ ਨੂੰ ਸਮਾਪਤ ਕਰ ਦਿੱਤਾ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਉਨ੍ਹਾਂ ਦਾ ਬੱਲਾ ਪੂਰੇ ਇਸ ਸਾਲ ਭਾਵ 365 ਦਿਨ ਤੱਕ ਬਿਨਾਂ ਕਿਸੇ ਸੈਕੜੇ ਦੇ ਰਿਹਾ। ਤੇਂਦੁਲਕਰ ਨੇ ਆਪਣਾ ਆਖਰੀ ਸੈਂਕੜਾ ਵਿਸ਼ਵ ਕੱਪ 2011 'ਚ 12 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ਼ ਨਾਗਪੁਰ 'ਚ ਲਾਇਆ ਸੀ ਤੇ ਇਸ ਦੇ ਬਾਅਦ ਉਹ ਟੈਸਟ ਤੇ ਇਕ ਦਿਨਾ ਮੈਚ 'ਚ ਕੁਲ ਮਿਲਾ ਕੇ 33 ਪਾਰੀਆਂ ਖੇਡਣ ਦੇ ਬਾਅਦ ਉਨ੍ਹਾਂ ਦਾ ਮਹਾਂ ਸੈਂਕੜਾ ਆਇਆ ਹੈ। ਇਸ ਦਰਮਿਆਨ ਉਨ੍ਹਾਂ ਨੇ 8 ਅਰਧ ਸੈਂਕੜੇ ਲਾਏ ਜਿਸ ਵਿਚ ਦੋ ਵਾਰ 90 ਦੌੜਾਂ ਦੇ ਪਾਰ ਪਹੁੰਚੇ। ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ 'ਚ ਭਾਰਤ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ ਪਰ ਸਚਿਨ ਇਸ ਵਿਚ ਦਹਾਈ ਦਾ ਅੰਕੜਾ ਨਹੀਂ ਛੂਹ ਸਕੇ ਸਨ। ਮਾਸਟਰ ਬਲਾਸਟਰ ਆਪਣੇ ਕੈਰੀਅਰ 'ਚ ਇਕ ਬਾਰ 34 ਅੰਤਰਰਾਸ਼ਟਰੀ ਪਾਰੀਆਂ ਤੱਕ ਸੈਂਕੜਾ ਨਹੀਂ ਲਾ ਸਕੇ ਸਨ ਪਰ ਤਦ ਸਮਾਂ ਇੰਨਾ ਲੰਬਾ ਨਹੀਂ ਖਿੱਚਿਆ ਸੀ। ਤੇਂਦੁਲਕਰ ਨੇ 26 ਮਈ 2007 ਤੋਂ ਚਾਰ ਜਨਵਰੀ 2008 ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ 'ਚ 34 ਅਜਿਹੀਆਂ ਪਾਰੀਆਂ ਖੇਡੀਆਂ ਸਨ ਜਿਨ੍ਹਾਂ 'ਚ ਉਹ ਤੀਹਰੇ ਅੰਕ ਤੱਕ ਨਹੀਂ ਪਹੁੰਚ ਸਕੇ ਸਨ। ਉਨ੍ਹਾਂ ਨੇ ਤਦ ਹਾਲਾਂਕਿ 223 ਦਿਨ ਦੇ ਅੰਦਰ ਇਹ ਪਾਰੀਆਂ ਖੇਡ ਲਈਆਂ ਸਨ। ਉਹ ਤਦ ਕਈ ਮੌਕਿਆਂ 'ਤੇ ਨਰਵਸ ਨਾਈਂਟੀਜ਼ ਦੇ ਸ਼ਿਕਾਰ ਬਣੇ ਤੇ ਤਿੰਨ ਵਾਰ ਤਾਂ 99 ਦੌੜਾਂ 'ਤੇ ਆਊਟ ਹੋਏ ਸਨ। ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ੁਰੂਆਤ ਕਰਨ ਦੇ ਬਾਅਦ ਆਪਣਾ ਪਹਿਲਾ ਸੈਕੜਾ ਲਾਉਣ ਲਈ ਵੀ 272 ਦਿਨਾਂ ਦਾ ਸਮਾਂ ਲਿਆ ਸੀ। ਪਾਕਿਸਤਾਨ ਖਿਲਾਫ਼ 15 ਨਵੰਬਰ 1989 ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਣ ਵਾਲੇ ਸਚਿਨ ਨੇ ਆਪਣਾ ਪਹਿਲਾ ਸੈਕੜਾ 14 ਅਗਸਤ 1990 ਨੂੰ ਇੰਗਲੈਂਡ ਖਿਲਾਫ਼ ਮੈਨਚੈਸਟਰ 'ਚ ਲਾਇਆ ਸੀ। ਇਸਦੇ ਬਾਅਦ 1992 'ਚ ਵੀ 299 ਦਿਨ ਤੱਕ ਉਨ੍ਹਾਂ ਦੇ ਨਾਂਅ 'ਤੇ ਕੋਈ ਅੰਤਰਰਾਸ਼ਟਰੀ ਸੈਂਕੜਾ ਦਰਜ ਨਹੀਂ ਹੋ ਸਕਿਆ ਸੀ ਪਰ ਇਸ ਦਰਮਿਆਨ ਬੱਲੇਬਾਜ਼ੀ ਦੇ ਬਾਦਸ਼ਾਹ ਨੇ ਕੇਵਲ 11 ਪਾਰੀਆਂ ਹੀ ਖੇਡੀਆਂ ਸਨ। ਤੇਂਦੁਲਕਰ ਨੇ ਵਰਤਮਾਨ ਦੌਰ ਤੋਂ ਪਹਿਲਾਂ ਆਪਣੇ ਅੰਤਰਰਾਸ਼ਟਰੀ ਸੈਂਕੜੇ ਲਈ ਸਭ ਤੋਂ ਲੰਬਾ ਸਮਾਂ 1995-96 'ਚ ਲਿਆ ਸੀ। ਉਹ ਤਦ 315 ਦਿਨ ਤੱਕ ਸੈਂਕੜਾ ਨਹੀਂ ਲਾ ਸਕੇ ਸਨ ਪਰ ਇਸ ਦਰਮਿਆਨ ਭਾਰਤ ਨੇ ਬਹੁਤ ਘੱਟ ਕ੍ਰਿਕਟ ਖੇਡੀ ਸੀ। ਇਸਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਸਚਿਨ ਨੇ ਇਸ ਦੌਰਾਨ ਕੇਵਲ 10 ਅੰਤਰਰਾਸ਼ਟਰੀ ਪਾਰੀਆਂ ਖੇਡੀਆਂ ਸਨ। ਇਸ ਦੇ ਬਾਅਦ 2004 'ਚ ਵੀ ਅਜਿਹਾ ਦੌਰ ਆਇਆ ਸੀ ਜਦਕਿ ਤੇਂਦੁਲਕਰ ਨੂੰ ਸੈਂਕੜੇ ਲਈ 257 ਦਿਨ ਤੱਕ ਦਾ ਇੰਤਜ਼ਾਰ ਕਰਨਾ ਪਿਆ ਸੀ।
ਆਸਟ੍ਰੇਲੀਆ ਵਿਰੁੱਧ ਲਾਏ ਸਭ ਤੋਂ ਵੱਧ ਸੈਂਕੜੇ
ਸਚਿਨ ਨੇ ਆਪਣੇ ਕੈਰੀਅਰ 'ਚ ਹਰ ਉਸ ਟੀਮ ਖਿਲਾਫ਼ ਸੈਂਕੜਾ ਜੜਿਆ ਜਿਸਦੇ ਖਿਲਾਫ਼ ਉਨ੍ਹਾਂ ਨੇ 10 ਜਾਂ ਇਸ ਤੋਂ ਜ਼ਿਆਦਾ ਮੈਚ ਖੇਡੇ ਹਨ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਸੈਂਕੜੇ ਦੁਨੀਆ ਦੀ ਸਭ ਤੋਂ ਜ਼ਿਆਦਾ ਮਜ਼ਬੂਤ ਟੀਮ ਆਸਟ੍ਰੇਲੀਆ ਖਿਲਾਫ਼ ਲਾਏ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ਼ ਸਭ ਤੋਂ ਜ਼ਿਆਦਾ 20 ਸੈਂਕੜੇ ਲਾਏ। ਇਨ੍ਹਾਂ 'ਚ 11 ਸੈਂਕੜੇ ਉਨ੍ਹਾਂ ਨੇ ਟੈਸਟ ਮੈਚ ਦੌਰਾਨ ਤੇ 9 ਸੈਂਕੜੇ ਇਕ ਦਿਨਾ ਮੈਚਾਂ ਦੌਰਾਨ ਲਾਏ।
100 ਸੈਂਕੜੇ ਬਣਾਉਣ 'ਚ ਸਚਿਨ ਨੂੰ ਲੱਗੇ 7891 ਦਿਨ
ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ੁਰੂਆਤ ਕਰਨ ਦੇ ਲਗਭਗ 9 ਮਹੀਨਿਆਂ ਬਾਅਦ 14 ਅਗਸਤ 1990 ਨੂੰ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੇ ਸਚਿਨ ਤੇਂਦੁਲਕਰ ਨੇ ਆਪਣੇ ਪਹਿਲੇ ਤੋਂ 100ਵੇਂ ਸੈਂਕੜੇ ਤੱਕ ਲਈ 7891 ਦਿਨਾਂ ਦਾ ਸਮਾਂ ਲਿਆ। ਸਚਿਨ ਇਹ ਪ੍ਰਾਪਤੀ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ।
ਸਚਿਨ ਦੀਆਂ ਪ੍ਰਾਪਤੀਆਂ
ਇਕ ਦਿਨਾ ਮੈਚਾਂ 'ਚ ਸੈਂਕੜੇ 00049
ਇਕ ਦਿਨਾ ਮੈਚਾਂ 'ਚ ਦੌੜਾਂ 18360
ਇਕ ਦਿਨਾ ਮੈਚਾਂ 'ਚ ਅਰਧ ਸੈਂਕੜੇ 00095
ਟੈਸਟ ਮੈਚਾਂ 'ਚ ਦੌੜਾਂ 15470
ਟੈਸਟ ਮੈਚਾਂ 'ਚ ਸੈਂਕੜੇ 00051
ਟੈਸਟ ਮੈਚਾਂ 'ਚ ਅਰਧ ਸੈਂਕੜੇ 00065
ਮੈਨ ਆਫ ਦਿ ਸੀਰੀਜ਼ 00018
 
ਸਖ਼ਤ ਫ਼ੈਸਲੇ ਲੈਣੇ ਹੀ ਪੈਣਗੇ-ਪ੍ਰਧਾਨ ਮੰਤਰੀ
ਨਵੀਂ ਦਿੱਲੀ-16 ਮਾਰਚ  ਵਿੱਤ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸੰਤੁਲਿਤ ਕਰਾਰ ਦਿੰਦਿਆਂ ਆਖਿਆ ਕਿ ਇਹ ਅਰਥਵਿਵਸਥਾ ਨੂੰ ਸਥਿਰ ਕਰਨ ਵਲ ਅਹਿਮ ਕਦਮ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ 8 ਤੋਂ 9 ਫ਼ੀਸਦੀ ਵਿਕਾਸ ਦਰ ਦਾ ਟੀਚਾ ਬਰਕਰਾਰ ਰੱਖਣਾ ਹੈ ਤਾਂ ਸਾਨੂੰ ਸਖ਼ਤ ਫ਼ੈਸਲੇ ਲੈਣੇ ਹੀ ਪੈਣਗੇ। ਉਨ੍ਹਾਂ ਆਖਿਆ ਕਿ ਬੇਸ਼ੱਕ ਸਰਕਾਰ ਵਿਚ ਭਾਈਵਾਲ ਰੁਕਾਵਟਾਂ ਵੀ ਖੜ੍ਹੀਆ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਭਰੋਸੇ ਵਿਚ ਲੈ ਕੇ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕਈ ਤਰ੍ਹਾਂ ਦੀਆਂ ਸਬਸਿਡੀਆਂ ਦੇਣ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ ਪਰ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਵਕਤ ਆਉਣ 'ਤੇ ਸਬਸਿਡੀਆਂ ਘਟਾਉਣੀਆਂ ਹੀ ਪੈਣਗੀਆਂ। ਮਮਤਾ ਬੈਨਰਜੀ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਆਪਣੇ ਭਾਈਵਾਲਾਂ ਨੂੰ ਨਾਲ ਰੱਖਣਾ ਸਾਡੇ ਲਈ ਜ਼ਰੂਰੀ ਹੈ ਪਰ ਕੋਈ ਵੀ ਫ਼ੈਸਲਾ ਲੈਣ ਸਮੇਂ ਸਭ ਨੂੰ ਭਰੋਸੇ ਵਿਚ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਬਸਿਡੀਆਂ ਘਟਾਉਣ ਤੋਂ ਪਹਿਲਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਵੇਗਾ। ਉਨ੍ਹਾਂ ਅਨੇਕ ਚੁਣੌਤੀਆਂ ਦੇ ਬਾਵਜੂਦ ਵਿਕਾਸ ਦਰ ਨੂੰ ਬਰਕਰਾਰ ਰੱਖਣ ਨੂੰ ਕੇਂਦਰ ਸਰਕਾਰ ਦੀ ਅਹਿਮ ਪ੍ਰਾਪਤੀ ਕਰਾਰ ਦਿੱਤਾ।

ਨਵੀਂ ਦਿੱਲੀ.16 ਮਾਰਚਵਿੱਤ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਨੇ ਅੱਜ ਸੰਸਦ ਵਿਚ 2012-13 ਦੇ ਵਿੱਤੀ ਵਰ੍ਹੇ ਦਾ ਬਜਟ ਪੇਸ਼ ਕੀਤਾ ਜਿਸ ਵਿਚ ਰੱਖਿਆ ਬਜਟ ਵਿਚ 17 ਫੀਸਦੀ ਵਾਧਾ ਕਰਕੇ ਇਸ ਨੂੰ 1,93,407 ਕਰੋੜ ਰੁਪਏ ਕਰ ਦਿੱਤਾ ਗਿਆ ਜੋ ਪਿਛਲੇ ਸਾਲ 'ਚ 1,64,415 ਕਰੋੜ ਸੀ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਭਾਰਤੀ ਵਾਯੂ ਸੈਨਾ ਦੇ ਲਈ ਕਈ ਰੱਖਿਆ ਸੌਦੇ ਹੋਣੇ ਹਨ ਜਿਨ੍ਹਾਂ 'ਚ 126 ਲੜਾਕੂ ਜਹਾਜ਼ਾਂ ਦੀ ਖਰੀਦ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਅਤਿ ਆਧੁਨਿਕ 145 ਹੋਵਿਤਜਰ ਜਹਾਜ਼ ਤੇ 197 ਦਰਮਿਆਨੀ ਰੇਂਜ ਵਾਲੇ ਹੈਲੀਕਾਪਟਰ ਵੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਅਗਲੇ ਪੰਜ ਸਾਲਾਂ ਵਿਚ ਰੱਖਿਆ ਬਜਟ ਦੇ ਲਈ 100 ਅਰਬ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਹੈ।

ਨਵੀਂ ਦਿੱਲੀ, 16 ਮਾਰਚ -ਰੇਲ ਬਜਟ ਆਮ ਕਿਰਾਇਆ ਵਧਾਉਣ ਕਾਰਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਰਿਸ਼ਤਿਆਂ 'ਚ ਤਰੇੜਾਂ 'ਤੇ ਟਿੱਪਣੀ ਕਰਦਿਆਂ ਸਮਾਜਵਾਦੀ ਪਾਰਟੀ ਨੇ ਅੱਜ ਕਿਹਾ ਕਿ ਜੇ ਤ੍ਰਿਣਮੂਲ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਤਾਂ ਸਮਾਜਵਾਦੀ ਪਾਰਟੀ ਕੇਂਦਰ ਨੂੰ ਆਪਣੀ ਬਾਹਰੋਂ ਹਮਾਇਤ ਜਾਰੀ ਰੱਖੇਗੀ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਕੇਂਦਰ ਵਿਚ ਸਰਕਾਰ ਨੂੰ ਆਪਣੀ ਹਮਾਇਤ ਜਾਰੀ ਰੱਖੇਗੀ। ਸ਼ੈਲੇਂਦਰ ਕੁਮਾਰ ਨੇ ਇਨ੍ਹਾਂ ਕਿਆਸ ਅਰਾਈਆਂ ਦਾ ਖੰਡਨ ਕੀਤਾ ਕਿ ਸਮਾਜਵਾਦੀ ਪਾਰਟੀ ਕੇਂਦਰੀ ਮੰਤਰੀ ਮੰਡਲ ਵਿਚ ਹਿੱਸੇਦਾਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੋਈ ਵਿਚਾਰ ਨਹੀਂ ਹੋਇਆ। ਸ਼ੈਲੇਂਦਰ ਕੁਮਾਰ ਦੀ ਇਹ ਟਿੱਪਣੀ 15 ਮਾਰਚ ਨੂੰ ਅਖਿਲੇਸ਼ ਯਾਦਵ ਦੇ ਸਹੁੰ ਚੁੱਕ ਸਮਾਗਮ 'ਚ ਸੰਸਦ ਮਾਮਲਿਆਂ ਬਾਰੇ ਮੰਤਰੀ ਪਵਨ ਬਾਂਸਲ ਨੂੰ ਭੇਜ ਕੇ ਸੋਨੀਆ ਗਾਂਧੀ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤ੍ਰਿਣਮੂਲ ਕਾਂਗਰਸ, ਜਿਸ ਦੇ ਲੋਕ ਸਭਾ ਵਿਚ 19 ਮੈਂਬਰ ਹਨ, ਪਿੱਛੇ ਹਟਦੀ ਹੈ ਤਾਂ ਕਾਂਗਰਸ ਸਮਾਜਵਾਦੀ ਪਾਰਟੀ ਜਿਸ ਦੇ ਹੇਠਲੇ ਸਦਨ ਵਿਚ 22 ਮੈਂਬਰ ਹਨ, ਨੂੰ ਸਰਕਾਰ ਵਿਚ ਭਾਗੀਦਾਰ ਬਣਾ ਸਕਦੀ ਹੈ।
ਨਵੀਂ ਦਿੱਲੀ, 16 ਮਾਰਚ - ਲੋਕ ਸਭਾ 'ਚ ਸ਼ੁੱਕਰਵਾਰ ਨੂੰ ਆਪਣਾ ਸੱਤਵਾਂ ਬਜਟ ਪੇਸ਼ ਕਰ ਰਹੇ ਕੇਂਦਰੀ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਦੀ ਇਕ ਟਿੱਪਣੀ 'ਤੇ ਜਮ ਕੇ ਠਹਾਕੇ ਲੱਗੇ। ਭਾਸ਼ਣ ਦੇ ਦੌਰਾਨ ਮਾਈਕ 'ਚ ਗੜਬੜੀ ਦੇ ਚਲਦਿਆਂ ਪੈਦਾ ਰੁਕਾਵਟ 'ਤੇ ਮੁਖਰਜੀ ਨੇ ਮੁਸਕਰਾਂਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੂੰ ਭਾਸ਼ਣ ਦੁਬਾਰਾ ਬੋਲਣ 'ਚ ਕੋਈ ਪਰੇਸ਼ਾਨੀ ਨਹੀਂ ਹੈ। ਦਰਅਸਲ ਜਦੋਂ ਪ੍ਰਣਾਬ ਦਾ ਭਾਸ਼ਣ ਸ਼ੁਰੂ ਹੋਇਆ ਤਾਂ ਮਾਈਕ ਦੀ ਗੜਬੜੀ ਦੇ ਕਾਰਨ ਸੰਸਦ ਮੈਂਬਰ ਉਨ੍ਹਾਂ ਦੀ ਆਵਾਜ਼ ਠੀਕ ਤਰ੍ਹਾਂ ਨਹੀਂ ਸੁਣ ਪਾ ਰਹੇ ਸਨ। ਭਾਜਪਾ ਨੇਤਾ ਯਸ਼ਵੰਤ ਸਿਨਹਾ ਸਮੇਤ ਹੋਰ ਨੇਤਾਵਾਂ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ। ਸਪੀਕਰ ਮੀਰਾ ਕੁਮਾਰ ਨੇ ਮੈਂਬਰਾਂ ਨੂੰ ਗੜਬੜੀ ਦੂਰ ਹੋਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਲੋਕ ਸਭਾ ਦੇ ਕਰਮਚਾਰੀ ਇਸ ਸਮੱਸਿਆ ਨੂੰ ਦੇਖ ਰਹੇ ਹਨ। ਗੜਬੜੀ ਨੂੰ ਦੇਖਦੇ ਹੋਏ ਪ੍ਰਣਬ ਨੇ ਆਪਣਾ ਭਾਸ਼ਣ ਅੱਧ 'ਚ ਹੀ ਰੋਕ ਕੇ ਆਪਣਾ ਮਾਈਕ ਜਾਂਚਿਆਂ ਉਨ੍ਹਾਂ ਮੈਂਬਰਾਂ ਤੋਂ ਪੁੱਛਿਆ ਕਿ ਉਹ ਭਾਸ਼ਣ ਦਾ ਪੜ੍ਹਿਆ ਹਿੱਸਾ ਦੁਬਾਰਾ ਪੜ੍ਹਨ? ਤਦ ਇਕ ਵਿਰੋਧੀ ਪਾਰਟੀ ਦੇ ਇਕ ਮੈਂਬਰ ਦੀ ਟਿੱਪਣੀ ਆਈ ਕਿ ਵਿਤ ਮੰਤਰੀ ਆਪਣਾ ਭਾਸ਼ਣ ਵਾਪਸ ਲੈ ਰਹੇ ਹਨ। ਇਸ 'ਤੇ ਪ੍ਰਣਾਬ ਨੇ ਮੁਸਕਰਾਂਉਂਦੇ ਹੋਏ ਕਿਹਾ ਕਿ ਭਾਸ਼ਣ ਵਾਪਸ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਦੇ ਇਸ ਜਵਾਬ ਨਾਲ ਪੂਰੇ ਸਦਨ 'ਚ ਹਾਸੇ ਦਾ ਮਾਹੌਲ ਬਣ ਗਿਆ। ਪ੍ਰਣਾਬ ਨੇ ਭਾਸ਼ਣ ਦਾ ਪੜ੍ਹਿਆ ਹੋਇਆ ਹਿੱਸਾ ਦੁਹਰਾ ਕੇ ਦੁਬਾਰਾ ਸ਼ੁਰੂਆਤ ਕੀਤੀ।

ਨਵੀਂ ਦਿੱਲੀ.-16 ਮਾਰਚ ૿ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਅੱਜ ਲੋਕ ਸਭਾ 'ਚ ਉਦੋਂ ਹੰਗਾਮਾ ਕੀਤਾ ਜਦੋਂ ਵਿੱਤ ਮੰਤਰੀ ਨੇ ਪੇਸ਼ ਕੀਤੇ ਕੇਂਦਰੀ ਬਜਟ 'ਚ ਈ.ਪੀ.ਐਫ. ਦੇ ਵਿਆਜ 'ਚ 1.25 ਫੀਸਦੀ ਦੀ ਕਮੀ ਕਰ ਦਿੱਤੀ। ਜਦੋਂ ਮੁਖਰਜੀ ਨੇ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਤਾਂ ਭਾਜਪਾ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਖੜ੍ਹੇ ਹੋ ਗਏ। ਕੇਂਦਰੀ ਬਜਟ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਵਾਸੂਦੇਵ ਅਚਾਰੀਆ (ਮਾਰਕਸਵਾਦੀ ਪਾਰਟੀ) ਗੁਰੂਦਾਸ ਗੁਪਤਾ ਨੇ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ, ਜਦੋਂ ਕਿ ਭਾਜਪਾ ਦੇ ਉਪ ਨੇਤਾ ਗੋਪੀਨਾਥ ਮੁੰਡੇ ਅਤੇ ਸੀਨੀਅਰ ਪਾਰਟੀ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਫੈਸਲੇ ਦਾ ਸਖਤੀ ਨਾਲ ਵਿਰੋਧ ਕੀਤਾ। ਸਪੀਕਰ ਮੀਰਾ ਕੁਮਾਰ ਨੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਨਾ ਚੁੱਕਣ ਲਈ ਕਹਿੰਦਿਆਂ ਹੋਇਆਂ ਮੁਖਰਜੀ ਨੂੰ ਆਪਣਾ ਭਾਸ਼ਣ ਜਾਰੀ ਰੱਖਣ ਲਈ ਕਿਹਾ।
ਨਵੀਂ ਦਿੱਲੀ, 16 ਮਾਰਚ -ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਲਈ ਅੱਜ ਬਜਟ ਦੌਰਾਨ ਇਹ ਵੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਸੋਨੇ ਦੀ ਖਰੀਦ ਅਤੇ ਕਿਸੇ ਵੀ ਅਚਲ ਜਾਇਦਾਦ ਦੀ ਤਬਦੀਲੀ ਕਰਨ ਸਮੇਂ ਟੀ. ਡੀ. ਐੱਸ ਲਗਾ ਦਿੱਤਾ ਜਾਵੇ। ਵਿੱਤੀ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਨੇ ਆਖਿਆ ਕਿ ਪੈਸੇ ਦੇ ਗਿਣਤੀ ਵਿਚ ਨਾ ਆਉਣ ਦਾ ਇਕ ਕਾਰਨ ਅਚੱਲ ਜਾਇਦਾਦ ਵੀ ਹੈ। ਸਰਕਾਰ ਦਾ ਪ੍ਰਸਤਾਵ ਹੈ ਕਿ ਹਰ ਅਚੱਲ ਜਾਇਦਾਦ ਦੀ ਖ੍ਰੀਦ-ਵੇਚ ਸਮੇਂ ਟੀ. ਡੀ. ਐੱਸ. ਵਸੂਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤੀਬਾੜੀ ਵਾਲੀ ਜਾਇਦਾਦ ਇਸ ਦੇ ਘੇਰੇ ਵਿਚ ਨਹੀਂ ਆਵੇਗੀ। ਉਨ੍ਹਾਂ ਪ੍ਰਸਤਾਵ ਪੇਸ਼ ਕੀਤਾ ਕਿ ਟੈਕਸ ਤੋਂ ਬਚਣ ਦੀਆਂ ਚੋਰ ਮੋਰੀਆਂ ਨੂੰ ਬੰਦ ਕਰਨ ਲਈ 'ਜਨਰਲ ਐਂਟੀ ਓਵਾਇਡੈਂਸ ਰੂਲ' ਬਣਾਇਆ ਜਾਵੇ।


ਨਵੀਂ ਦਿੱਲੀ, 16 ਮਾਰਚ-ਸਾਲ 2012-13 'ਚ ਸਰਕਾਰ ਦੇ ਫੰਡ 'ਚ ਹਰ ਰੁਪਏ ਪਿੱਛੇ 29 ਪੈਸੇ ਬਾਜ਼ਾਰ 'ਚੋਂ ਉਧਾਰ ਲੈਣ ਨਾਲ ਆਉਣਗੇ। ਅੱਜ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵਿਤ ਬਜਟ 'ਚ ਤਜਵੀਜ਼ ਹੈ ਕਿ ਚਾਲੂ ਵਿੱਤੀ ਸਾਲ ਦੇ 4.36 ਲੱਖ ਕਰੋੜ ਦੇ ਮੁਕਾਬਲੇ ਅਗਲੇ ਵਿੱਤੀ ਸਾਲ ਲਈ ਸਰਕਾਰੀ ਖਜ਼ਾਨੇ 'ਚ 4.79 ਲੱਖ ਕਰੋੜ ਰੁਪਏ ਬਾਜ਼ਾਰ 'ਚੋਂ ਉਧਾਰ ਲਏ ਜਾਣਗੇ। ਕਮਾਈ ਦੇ ਮੱਦੇਨਜ਼ਰ ਸਰਕਾਰ ਮੌਜੂਦਾ ਵਰ੍ਹੇ ਦੀ ਤਰ੍ਹਾਂ ਅਗਲੇ ਵਿੱਤੀ ਵਰ੍ਹੇ 'ਚ ਵੀ ਉਦਯੋਗ ਜਗਤ ਕੋਲੋਂ 21 ਪੈਸੇ ਹੀ ਟੈਕਸ ਦੇ ਤੌਰ 'ਤੇ ਵਸੂਲੇਗੀ। ਸਰਵਿਸ ਟੈਕਸ ਤੋਂ ਸਰਕਾਰੀ ਖਜ਼ਾਨੇ 'ਚ ਮੌਜ਼ੂਦਾ ਸਾਲ ਦੇ 6 ਪੈਸੇ ਦੇ ਮੁਕਾਬਲੇ ਅਗਲੇ ਸਾਲ 7 ਪੈਸੇ ਆਉਣਗੇ। ਐਕਸਾਈਜ਼ ਅਤੇ ਕਸਟਮਜ਼ ਵਰਗਿਆਂ ਵਿਭਾਗਾਂ ਤੋਂ 21 ਪੈਸੇ ਦੀ ਕਮਾਈ ਹੋਵੇਗੀ। ਸਰਕਾਰ ਸਿੱਧੇ ਤੌਰ ਤੇ ਉਗਰਾਹੇ ਜਾਣ ਵਾਲੇ ਟੈਕਸ ਤੋਂ ਇਸ ਸਾਲ ਦੀ ਤਰਾਂ ਅਗਲੇ ਸਾਲ ਵੀ 9 ਪੈਸੇ ਹੀ ਕਮਾਈ ਕਰ ਪਾਵੇਗੀ। ਵਿਸ਼ਵ ਦੀ ਆਰਥਿਕ ਹਾਲਤ 'ਚ ਅਸਥਿਰਤਾ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਮੌਜੂਦਾ ਵਿੱਤੀ ਸਾਲ ਦੇ 9 ਪੈਸੇ ਦੇ ਮੁਕਾਬਲੇ ਅਗਲੇ ਸਾਲ ਸਰਕਾਰ 'ਤੇ ਪਵੇਗਾ 10 ਪੈਸੇ ਦਾ ਬੋਝ।

ਹੁਨਰ ਨੂੰ ਸਲਾਮ: ਕੁਲਰਾਜ ਰੰਧਾਵਾ


ਟੈਲੀਵਿਜ਼ਨ ਦੁਨੀਆਂ ਦੀ ਰਾਣੀ ਕੁਲਰਾਜ ਰੰਧਾਵਾ ਤਦ ਹੀ ਬਣ ਗਈ ਸੀ ਜਦ ਲੜੀਵਾਰ ‘ਕਰੀਨਾ ਕਰੀਨਾ’ ਹਰੇਕ ਦੀ ਨਜ਼ਰ ਦਾ ਕੇਂਦਰ ਬਣ ਗਿਆ ਸੀ। ਪੰਜਾਬੀ ਫ਼ਿਲਮਾਂ ਨੇ ਵੀ ਕੁਲਰਾਜ ਨੂੰ ਪਲਕਾਂ ’ਤੇ ਬਿਠਾਇਆ ਤੇ ਫਿਰ ਧਰਮ ਪਰਿਵਾਰ ਦੀ ‘ਯਮਲਾ ਪਗਲਾ ਦੀਵਾਨਾ’ ਨੇ ਕੁਲਰਾਜ ਦੀ ਬੱਲੇ-ਬੱਲੇ ਕਰਵਾ ਦਿੱਤੀ। ਇਸ ਵੇਲੇ ਕੁਲਰਾਜ ਰੰਧਾਵਾ ਦੀ ਚਰਚਾ ਸਮੀਰ ਕਾਰਣਿਕ ਦੀ ਨਵੀਂ ਫ਼ਿਲਮ ‘ਚਾਰ ਦਿਨ ਕੀ ਚਾਂਦਨੀ’ ਕਰਵਾ ਰਹੀ ਹੈ। ਰੱਜ ਕੇ ਢੀਠ ਪਰ ਚੁਸਤ ਕੁੜੀ ਦਾ ਕਿਰਦਾਰ ਸਮੀਰ ਦੀ ਇਸ ਫ਼ਿਲਮ ਵਿੱਚ ਕੁਲਰਾਜ ਦਾ ਹੈ। ਫ਼ਿਲਮ ਵਿੱਚ ਚਾਂਦਨੀ ਬਣੀ ਕੁਲਰਾਜ ਨੂੰ ਖ਼ੁਸ਼ੀ ਹੈ ਕਿ ਫ਼ਿਲਮ ਦੀਆਂ ਝਲਕਾਂ ਚੈਨਲਜ਼ ’ਤੇ ਦੇਖ ਕੇ ਪ੍ਰਸ਼ੰਸਕਾਂ ਦਾ ਵੱਡਾ ਵਰਗ ਉਸ ਨਾਲ ਜੁੜਿਆ ਹੈ।
ਇਸ ਫ਼ਿਲਮ ’ਚ ਉਸ ਨਾਲ ਬਤੌਰ ਨਾਇਕ ਤੁਸ਼ਾਰ ਕਪੂਰ ਮੁੱਖ ਕਿਰਦਾਰ ’ਚ ਹਨ।  ਇਸ ਫ਼ਿਲਮ ਵਿੱਚ ਸਰਦਾਰ ਬਣੇ ਤੁਸ਼ਾਰ ਕਪੂਰ ਦੇ ਸਬੰਧ ਵਿੱਚ ਕੁਲਰਾਜ ਕਹਿੰਦੀ ਹੈ ਕਿ ਲੱਗਦਾ ਹੈ ਜਿਵੇਂ ਤੁਸ਼ਾਰ ਸਰਦਾਰਾਂ ਦਾ ਮੁੰਡਾ ਹੋਵੇ। ਹਕੀਕੀ ਤੇ ਮਾਨਸਿਕ ਤੌਰ ’ਤੇ ਤੁਸ਼ਾਰ ਵੱਲੋਂ ਨਿਭਾਏ ਕਿਰਦਾਰ ਨੂੰ ਕੁਲਰਾਜ ਰੰਧਾਵਾ ਫ਼ਿਲਮ ਦਾ ਉਤਸ਼ਾਹੀ ਬਿੰਦੂ ਕਰਾਰ ਦਿੰਦੀ ਹੈ। ਚਾਹੇ ਨੱਚਣ ਵਿੱਚ ਉਹ ਥੋੜ੍ਹੀ ਢਿੱਲੀ ਹੈ ਪਰ ਤੁਸ਼ਾਰ ਨੇ ਖਾਸ ਕਦਮ ਸਿਖਾ ਕੇ ਕੁਲਰਾਜ ਦੇ ਇਸ ਔਗੁਣ ਨੂੰ ਵੀ ‘ਚਾਰ ਦਿਨ ਕੀ ਚਾਂਦਨੀ’ ਵਿੱਚ ਢੱਕ ਦਿੱਤਾ ਹੈ। ਇੱਕ ਗੱਲ ਹੋਰ ਤੁਸ਼ਾਰ ਦੇ ਪਿਤਾ ਜਤਿੰਦਰ ਦੀ ਕੁਲਰਾਜ ਸ਼ੁਰੂ ਤੋਂ ਪ੍ਰਸ਼ੰਸਕ ਰਹੀ ਹੈ। ਇਸ ਫ਼ਿਲਮ ਦੇ ਸਬੰਧ ਵਿੱਚ ਕੁਲਰਾਜ ਨਾਲ ਹੋਈ  ਮੁਲਾਕਾਤ ਦੇ ਅੰਸ਼ ਪੇਸ਼ ਹਨ:
ਸਵਾਲ: ਆਪਣੇ ਹੁਣ ਤਕ ਦੇ ਫ਼ਿਲਮੀ ਸਫ਼ਰ ਬਾਰੇ ਕੀ ਕਹੋਗੋ?
ਜਵਾਬ: ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤੇ ਮੇਰੇ ਪਿਤਾ ਫ਼ੌਜ ’ਚ ਹਨ। ਅਦਾਕਾਰੀ ਦੇ ਸ਼ੌਕ ਕਾਰਨ ਮੈਂ ਮੁੰਬਈ ਆਈ ਤੇ ਮਾਡਲਿੰਗਦੇ ਖੇਤਰ ’ਚ ਪੈਰ ਧਰਿਆ। ਫਿਰ ਕਿਸ਼ੋਰ ਜੀ ਅਤੇ ਅਨੁਪਮ ਖੇਰ ਦੇ ਐਕਟਿੰਗ ਇੰਸਟੀਚਿਊਟ ਤੋਂ ਅਦਾਕਾਰੀ ਦੀ ਸਿਖਲਾਈ ਲਈ।  ਫਿਰ ਜ਼ੀ ਟੀ.ਵੀ. ਦੇ ਮਕਬੂਲ ਲੜੀਵਾਰ ਕਰੀਨਾ-ਕਰੀਨਾ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਈ, ਜਿਸ ਨੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਮੈਨੂੰ ਵੱਖਰੀ ਪਛਾਣ ਦਿਵਾਈ। ਉਸ ਤੋਂ ਬਾਅਦ ‘ਮੰਨਤ’ ਅਤੇ ‘ਤੇਰਾ-ਮੇਰਾ ਕੀ ਰਿਸ਼ਤਾ’ ਦੋ ਪੰਜਾਬੀ ਫ਼ਿਲਮਾਂ ਕੀਤੀਆਂ। ਜੇ ਗੱਲ ਕਰੀਏ ਫ਼ਿਲਮੀ ਸਫ਼ਰ ਦੀ ਤਾਂ ਰਿਸ਼ੀ ਕਪੂਰ ਜੀ ਨਾਲ ਇੱਕ ਫ਼ਿਲਮ ‘ਚਿੰਟੂ ਜੀ’ ’ਚ ਅਦਾਕਾਰੀ ਕੀਤੀ। ਫਿਰ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਨਾਲ ਫ਼ਿਲਮ ਯਮਲਾ ਪਗਲਾ ਦੀਵਾਨਾ ’ਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਤੁਸ਼ਾਰ ਨਾਲ ਚਾਰ ਦਿਨ ਕੀ ਚਾਂਦਨੀ ਫ਼ਿਲਮ ਆਈ ਹੈ।
ਸਵਾਲ: ਫ਼ਿਲਮ ‘ਚਾਰ  ਦਿਨ ਕੀ ਚਾਂਦਨੀ’ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
ਜਵਾਬ: ਇਸ ਵਿੱਚ ਮੈਂ ਚਾਂਦਨੀ ਦਾ ਕਿਰਦਾਰ ਨਿਭਾਇਆ ਹੈ। ‘ਚਾਰ ਦਿਨ ਕੀ ਚਾਂਦਨੀ’ ਦੀ ਜ਼ਿਆਦਾਤਰ ਸ਼ੂਟਿੰਗ  ਰਾਜਸਥਾਨ ਵਿੱਚ ਹੋਈ ਹੈ। ਇਸ ਨਾਲ ਮੈਨੂੰ ਰਾਜਸਥਾਨੀ ਸੱਭਿਆਚਾਰ ਤੋਂ ਵਾਕਿਫ ਹੋਣ ਦਾ ਮੌਕਾ ਮਿਲਿਆ ਹੈ।  ਸਮੀਰ ਨੇ ਰਾਜਸਥਾਨੀ ਵਿਆਹ ਦੇ ਪਿਛੋਕੜ ’ਤੇ ਬਣਾਈ ਇਸ ਫ਼ਿਲਮ ਵਿੱਚ ਹਾਸੇ ਤੇ ਸੱਭਿਆਚਾਰ ਦਾ ਬਾਖ਼ੂਬੀ ਨਾਲ ਮਿਸ਼ਰਣ ਕੀਤਾ ਹੈ। ਇਸ ਲਈ ਜਦੋਂ ਸਮੀਰ ਨੇ ਮੈਨੂੰ ਇਸ ਦੀ ਕਹਾਣੀ ਸੁਣਾਈ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਚਾਂਦਨੀ ਇੱਕ ਵਿਦੇਸ਼ੀ ਲੜਕੀ ਹੈ ਜੋ ਆਪਣੇ ਹਿੰਦੁਸਤਾਨੀ ਪ੍ਰੇਮੀ ਨਾਲ ਉਸ ਦੀ ਭੈਣ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਹੈ। ਵਿਦੇਸ਼ੀ ਹੋਣ ਦੇ ਨਾਲ ਭੋਲੇਪਣ ਵਿੱਚ ਹਰ ਗੱਲ ਮੂੰਹ ’ਤੇ ਕਰਦੀ ਹੈ। ਉਸ ਲਈ ਜ਼ਿੰਦਗੀ ਇੱਕ ਕਹਾਣੀ ਵਾਂਗ ਹੈ। ਉਸ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਸ ਦੀ ਕਿਸੇ ਹਰਕਤ ਨਾਲ ਵੱਡੇ ਬਜ਼ੁਰਗ ਨਾਰਾਜ਼ ਹੋ ਜਾਣਗੇ ਜਾਂ ਕੋਈ ਕੀ ਸੋਚੇਗਾ। ਉਹ ਆਪਣੇ ਮਨ ਦੀ ਕਰਨ ’ਚ ਵਿਸ਼ਵਾਸ ਰੱਖਦੀ ਹੈ।
ਸਵਾਲ: ਫ਼ਿਲਮ ’ਚ ਚਾਂਦਨੀ ਦੇ ਦੋ ਹੀਰੋ ਵੀਰ ਤੇ ਪੱਪੀ ਬਾਰੇ ਕੀ ਕਹੋਗੇ?
ਜਵਾਬ: ਚਾਂਦਨੀ ਦੇ ਉਲਟ ਦੋ ਹੀਰੋ ਵੀਰ ਅਤੇ ਪੱਪੀ ਹਨ, ਜੋ ਕਿ ਸੁਭਾਅ ਪੱਖੋਂ ਬਹੁਤ ਹੀ ਅਲੱਗ ਹਨ। ਵੀਰ ਸ਼ਾਂਤ ਸੁਭਾਅ ਦਾ ਜਦੋਂਕਿ ਪੱਪੀ ਰੌਲਾ-ਰੱਪਾ ਪਾਉਣ ਵਾਲਾ।
ਸਵਾਲ: ਫ਼ਿਲਮ ਚਾਰ ਦਿਨ ਕੀ ਚਾਂਦਨੀ ਵਿੱਚ ਤੁਹਾਡਾ ਕਿਰਦਾਰ ‘ਜਬ ਵੀ ਮੈੱਟ’ ਦੀ ਕਰੀਨਾ ਕਪੂਰ ਦੇ ਕਿਰਦਾਰ ਨਾਲ ਮੇਲ ਖਾਂਦਾ ਹੈ?
ਜਵਾਬ: ਜੀ ਨਹੀਂ, ਦੋਵਾਂ ਭੂਮਿਕਾਵਾਂ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਸਵਾਲ: ਤੁਹਾਡੇ ਲਈ ਚਾਂਦਨੀ ਦਾ ਕਿਰਦਾਰ ਕਾਫ਼ੀ ਚੁਣੌਤੀਪੂਰਨ ਰਿਹਾ?
ਜਵਾਬ: ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਦੀ ਸਾਹਿਬਾ ਦੇ ਮੁਕਾਬਲੇ ਚਾਂਦਨੀ ਦਾ ਕਿਰਦਾਰ ਨਿਭਾਉਣ ਲਈ ਮੈਨੂੰ ਕਾਫ਼ੀ ਮੁਸ਼ਕਲ ਆਈ ਕਿਉਂਕਿ ਚਾਂਦਨੀ ਦਾ ਕਿਰਦਾਰ ਮੇਰੀ ਨਿੱਜੀ ਜ਼ਿੰਦਗੀ ਤੋਂ ਬਿਲਕੁਲ ਵੱਖਰਾ ਹੈ।
ਸਵਾਲ: ਕੀ ਸਾਹਿਬਾ ਦਾ ਕਿਰਦਾਰ ਤੁਹਾਡੀ ਜ਼ਿੰਦਗੀ ਦੇ ਨੇੜੇ ਸੀ?
ਜਵਾਬ: ਮੈਂ ਨਿੱਜੀ ਜ਼ਿੰਦਗੀ ’ਚ ਨਾ ਚਾਂਦਨੀ ਹਾਂ ਤੇ ਨਾ ਹੀ ਸਾਹਿਬਾ।
ਸਵਾਲ: ਕੀ ਫ਼ਿਲਮ ਚਾਰ ਦਿਨ ਕੀ ਚਾਂਦਨੀ ਰਾਹੀਂ ਕੋਈ ਸੰਦੇਸ਼ ਵੀ ਦਿੱਤਾ ਗਿਆ ਹੈ?
ਜਵਾਬ: ਇਸ ਫ਼ਿਲਮ ਰਾਹੀਂ ਅੰਤਰਜਾਤੀ ਵਿਆਹਾਂ ਬਾਰੇ ਗੱਲ ਕੀਤੀ ਗਈ ਹੈ। ਇਸ ਫ਼ਿਲਮ ’ਚ ਦਿਖਾÂਆ ਗਿਆ ਹੈ ਕਿ ਇਨਸਾਨ ਦਾ ਚੰਗਾ ਹੋਣਾ ਜ਼ਿਆਦਾ ਜ਼ਰੂਰੀ ਹੈ। ਜੇ ਇਨਸਾਨ ਵਧੀਆ ਹੈ ਤਾਂ ਜਾਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਗੱਲ ਨੂੰ ਫ਼ਿਲਮ ਵਿੱਚ ਹਾਸਰਸ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੋਕਾਂ ਨੂੰ ਇਸ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਸਵਾਲ: ਪੰਜਾਬ ਅਤੇ ਹਰਿਆਣਾ ’ਚ ਅੰਤਰਜਾਤੀ ਵਿਆਹ ਤਾਂ ਵੱਖਰੀ ਗੱਲ ਰਹੀ, ਇੱਕ ਗੋਤ ’ਚ ਵਿਆਹ ਕਰਨ ’ਤੇ ਵੀ ਲੋਕ ਆਪਣੇ ਪੁੱਤ ਜਾਂ ਧੀ ਦਾ ਕਤਲ ਕਰ ਰਹੇ ਹਨ?
ਜਵਾਬ: ਸਾਡੇ ਅੰਦਰ ਇਨਸਾਨੀਅਤ ਖ਼ਤਮ ਹੋ ਰਹੀ ਹੈ। ਮੈਂ ਧਰਮ ਅਤੇ ਅਣਖ ਦੇ ਨਾਂ ’ਤੇ ਕਤਲ ਨੂੰ ਗ਼ਲਤ ਮੰਨਦੀ ਹਾਂ ਤੇ ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਹ ਵੀ ਗ਼ਲਤ ਹਨ।
ਸਵਾਲ: ਫ਼ਿਲਮ ਦੇ ਨਿਰਦੇਸ਼ਕ ਸਮੀਰ ਕਾਰਤਿਕ ਬਾਰੇ ਕੀ ਕਹੋਗੇ? ਤੁਹਾਡੇ ਤੇ ਸਮੀਰ ਦੇ ਰਿਸ਼ਤੇ ਸਬੰਧੀ ਵੀ ਕਾਫ਼ੀ ਚਰਚਾ ਹੁੰਦੀ ਰਹੀ ਹੈ?
ਜਵਾਬ: ਸਮੀਰ ਬਹੁਤ ਹੀ ਵਧੀਆ ਨਿਰਦੇਸ਼ਕ ਹਨ। ਉਹ ਸੈੱਟ ’ਤੇ ਕਦੇ ਵੀ ਉਲਝੇ-ਉਲਝੇ ਨਜ਼ਰ ਨਹੀਂ ਆਏ। ਉਨ੍ਹਾਂ ਦੇ ਦਿਮਾਗ਼ ’ਚ ਫ਼ਿਲਮ ਦੀ ਕਹਾਣੀ ਤੇ ਕਿਰਦਾਰ ਪੂਰੀ ਤਰ੍ਹਾਂ ਵਸੇ ਹੋਏ ਸਨ। ਜਿੱਥੋਂ ਤਕ ਮੇਰੇ ਤੇ ਸਮੀਰ ਵਿਚਲੇ ਰਿਸ਼ਤੇ ਦੀ ਗੱਲ ਹੈ ਤਾਂ ਸਭ ਕੁਝ ਬਕਵਾਸ ਤੇ ਮਨਘੜਤ ਹੈ। ਮੈਂ ਸਮੀਰ ਨਾਲ ਕੋਈ ਡੇਟਿੰਗ ਨਹੀਂ ਕਰ ਰਹੀ। ਸਾਡੇ ਵਿੱਚ ਇੱਕ ਨਿਰਦੇਸ਼ਕ ਤੇ ਕਲਾਕਾਰ ਦਾ ਹੀ ਰਿਸ਼ਤਾ ਹੈ।
ਸਵਾਲ: ਤੁਹਾਡਾ ਹਾਸਰਸ ਫ਼ਿਲਮਾਂ ਵੱਲ ਝੁਕਾਅ ਦਾ ਕੀ ਕਾਰਨ ਹੈ?
ਜਵਾਬ: ਇਹ ਕੇਵਲ ਇਤਫ਼ਾਕ ਦੀ ਗੱਲ ਹੈ ਕਿ ਮੈਨੂੰ ਹਾਲੇ ਤਕ ਕਾਮੇਡੀ ਫ਼ਿਲਮਾਂ ਦੀ ਹੀ ਪੇਸ਼ਕਸ਼ ਹੋਈ ਹੈ ਪਰ ਮੇਰੀ ਇੱਛਾ ਹੈ ਕਿ ਮੈਂ ਗੰਭੀਰ, ਰੁਮਾਂਟਿਕ ਤੇ ਦਿਲਚਸਪ ਫ਼ਿਲਮਾਂ ਵੀ ਕਰਾਂ ਤੇ ਅਜਿਹੀਆਂ ਭੂਮਿਕਾਵਾਂ ਵਾਲੀਆਂ ਫ਼ਿਲਮਾਂ ਦੀ ਪੇਸ਼ਕਸ਼ ਦਾ ਇੰਤਜ਼ਾਰ ਹੈ। ਹਾਂ, ਮੈਂ ਸਿਰਫ਼ ਉਹੀ ਫ਼ਿਲਮਾਂ ਕਰਨਾ ਪਸੰਦ ਕਰਦੀ ਹਾਂ, ਜਿਨ੍ਹਾਂ ਦੀ ਕਹਾਣੀ ਤੇ ਮੇਰੀ ਭੂਮਿਕਾ ਦਮਦਾਰ ਹੋਵੇ। ਮੈਂ ਫ਼ਿਲਮਾਂ ਦੀ ਚੋਣ ਨੂੰ ਲੈ ਕੇ ਕਾਫ਼ੀ ਚੌਕੰਨੀ ਹਾਂ ਕਿਉਂਕਿ ਬਾਲੀਵੁੱਡ ’ਚ ਇਹ ਮੇਰੀ ਸ਼ੁਰੂਆਤ ਦੇ ਵੇਲਾ ਹੈ।
ਸਵਾਲ: ਕੀ ਤੁਸੀਂ ਛੋਟੇ ਪਰਦੇ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ ਹੈ?
ਜਵਾਬ: ਟੀ.ਵੀ. ’ਤੇ ਅੱਜ ਕੱਲ੍ਹ ਜਿਹੋ-ਜਿਹੇ ਪ੍ਰੋਗਰਾਮ ਆ ਰਹੇ ਹਨ, ਉਹ ਕੰਮ ਮੈਂ ਨਹੀਂ ਕਰ ਸਕਦੀ। ਜੇ ਕੁਝ ਵੱਖਰਾ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰੂੰਗੀ। ਮੈਨੂੰ ਛੋਟੇ ਜਾਂ ਵੱਡੇ ਪਰਦੇ ਤੋਂ ਕੋਈ ਪਰਹੇਜ਼ ਨਹੀਂ। ਮੇਰਾ ਮਕਸਦ ਵਧੀਆ ਕੰਮ ਕਰਨਾ ਤੇ ਆਪਣੀ ਕਲਾ ’ਚ ਹੋਰ ਨਿਖਾਰ ਲਿਆਉਣਾ ਹੈ।
ਸਵਾਲ: ਹੁਣ ਤਕ ਤੁਸੀਂ ਰਿਸ਼ੀ ਕਪੂਰ, ਧਰਮਿੰਦਰ ਵਰਗੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ। ਉਨ੍ਹਾਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਜਵਾਬ: ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਧਰਮਿੰਦਰ, ਰਿਸ਼ੀ ਕਪੂਰ ਤੇ ਤੁਸ਼ਾਰ ਕਪੂਰ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਸਾਰੇ ਜ਼ਮੀਨ ਨਾਲ ਜੁੜੇ ਇਨਸਾਨ ਹਨ।   ਕੁਲਰਾਜ ਸਾਫ਼ ਕਹਿੰਦੀ ਹੈ ਕਿ ਰਿਸ਼ੀ ਕਪੂਰ, ਸ੍ਰੀ ਦੇਵੀ ਤੇ ਜਤਿੰਦਰ ਬਣਨਾ ਬਹੁਤ ਮੁਸ਼ਕਲ ਹੈ ਤੇ ਅੱਜ ਦੇ ਕਲਾਕਾਰ ਕਾਫ਼ੀ ਹੱਦ ਤਕ ‘ਚਾਰ ਦਿਨ ਕੀ ਚਾਂਦਨੀ’ ਹੀ ਹਨ।
ਸਵਾਲ: ਤੁਸ਼ਾਰ ਬਾਰੇ ਕੀ ਕਹੋਗੇ?
ਜਵਾਬ: ਤੁਸ਼ਾਰ ਇੱਕ ਸਟਾਰ ਪਿਤਾ ਦਾ ਪੁੱਤਰ ਹੋਣ ਦੇ ਬਾਵਜੂਦ ਬਹੁਤ ਮਿਹਨਤੀ ਹੈ। ਉਹ ਹਰ ਪਲ ਕੁਝ ਨਾ ਕੁਝ ਨਵਾਂ ਸਿੱਖਣ ’ਚ ਲੱਗਿਆ ਰਹਿੰਦਾ ਹੈ। ਅਜਿਹੇ ਮਾਹੌਲ ’ਚ ਨਵੇਂ ਕਲਾਕਾਰਾਂ ਲਈ ਕੰਮ ਕਰਨਾ ਸੁਖਾਲਾ ਹੋ ਜਾਂਦਾ ਹੈ। ਫ਼ਿਲਮ ਚਾਰ ਦਿਨ ਕੀ ਚਾਂਦਨੀ ਵਿੱਚ ਓਮਪੁਰੀ, ਫਰੀਦਾ ਜਲਾਲ, ਅਨੀਤਾ ਰਾਜ, ਅਨੁਪਮ ਖੇਰ, ਚੰਦਰਚੂਹੜ ਸਿੰਘ, ਮੁਕੁਲ ਦੇਵ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ।
ਸਵਾਲ: ਗੈਰ-ਫ਼ਿਲਮੀ ਪਰਿਵਾਰ ਤੋਂ ਹੋਣ ਕਰਕੇ ਤੁਹਾਨੂੰ ਕਾਫ਼ੀ ਸੰਘਰਸ਼ ਕਰਨਾ ਪਿਆ?
ਜਵਾਬ: ਮੇਰੇ ਮੁਤਾਬਕ ਇਹ ਸਭ ਫਾਲਤੂ ਗੱਲਾਂ ਹਨ। ਸਿਨੇਮਾ ਕਲਾ ਦੇ ਨਾਲ ਵਪਾਰ ਦਾ ਵੀ ਵੱਡਾ ਸਾਧਨ ਹੈ। ਇੱਥੇ ਤੁਹਾਡੇ ਫ਼ਿਲਮੀ ਜਾਂ ਗੈਰ ਫ਼ਿਲਮੀ ਪਰਿਵਾਰ ਨਾਲ ਸਬੰਧ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਹਰ ਇੱਕ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਹੁਨਰ ਦੀ ਕਦਰ ਹੁੰਦੀ ਹੈ। ਜ਼ਰੂਰੀ ਹੈ ਆਪਣੇ ਕੰਮ ਦਾ ਲੋਹਾ ਮਨਵਾਉਣਾ।
ਸਵਾਲ: ਤੁਸੀਂ ਆਪਣੇ ਹੁਣ ਤਕ ਦੇ ਕਰੀਅਰ ਤੋਂ ਸੰਤੁਸ਼ਟ ਹੋ?
ਜਵਾਬ: ਮੈਂ ਇੱਥੇ ਸਟਾਰ ਨਹੀਂ ਕਲਾਕਾਰ ਬਣਨ ਆਈ ਹਾਂ। ਮੈਨੂੰ ਚੰਗਾ ਕੰਮ ਮਿਲ ਰਿਹਾ ਹੈ। ਚੰਗਾ ਕੰਮ ਤੇ ਤੁਹਾਡਾ ਆਪਣਾ ਵਜੂਦ ਹੋਣਾ ਬਹੁਤ ਮਾਅਨੇ ਰੱਖਦਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਨਾਇਕਾ ਵੀ ਖੜਕੇ ਦੜਕੇ ਵਾਲੇ ਕਿਰਦਾਰ ਕਰਕੇ ਨਾਇਕ ਦੇ ਬਰਾਬਰ ਆ ਗਈ ਹੈ ਤੇ ਨਾਇਕਾ ਪ੍ਰਧਾਨ ਫ਼ਿਲਮਾਂ ਦਾ ਯੁੱਗ ਆ ਰਿਹਾ ਹੈ।
ਸਵਾਲ: ਤੁਸੀਂ ਕਿਨ੍ਹਾਂ ਅਭਿਨੇਤਰੀਆਂ ਤੋਂ ਪ੍ਰਭਾਵਤ ਹੋ?
ਜਵਾਬ: ਮੈਂ ਸ੍ਰੀਦੇਵੀ, ਮਾਧੁਰੀ ਦੀਕਸ਼ਤ, ਮਧੂਬਾਲਾ ਤੋਂ ਬਹੁਤ ਪ੍ਰਭਾਵਤ ਹਾਂ ਕਿਉਂਕਿ ਇਹ ਸਟਾਰ ਅਭਿਨੇਤਰੀਆਂ ਹੀ ਨਹੀਂ, ਸਗੋਂ ਸਹੀ ਮਾਅਨਿਆਂ ਵਿੱਚ ਅਦਾਕਾਰਾਂ ਹਨ। ਅਫ਼ਸੋਸ ਹੁਣ ਕਲਾਕਾਰ ਖ਼ਤਮ ਹੋ ਗਏ ਹਨ ਤੇ ਸਾਰੇ ਸਟਾਰ ਬਣ ਗਏ ਹਨ।
‘ਚਾਰ ਦਿਨ ਕੀ ਚਾਂਦਨੀ’ ਵਿੱਚ ਕੁਲਰਾਜ ਨੇ ਚਮਕ ਦਮਕ ਦਿਖਾਈ ਹੈ।   ਜਾਣਕਾਰੀ ਮੁਤਾਬਕ ਅਨੁਪਮ ਖੇਰ ਤੇ ਸਮੀਰ ਕਾਰਣਿਕ ਸ਼ੁਰੂ ਤੋਂ ਹੀ ਕੁਲਰਾਜ ਨੂੰ ਚਾਂਦਨੀ ਦੇ ਰੂਪ ਵਿਚ ਫਿੱਟ ਸਮਝਦੇ ਸਨ।

ਬਰਨਾਲਾ ਦੇ ਪੁੱਤਰ ਜਸਜੀਤ ਸਿੰਘ ਦੀ ਕੰਪਨੀ ’ਤੇ ਛਾਪੇ

ਚੇਨਈ, 16 ਮਾਰਚ- ਤਾਮਿਲਨਾਡੂ ਦੀ ਅੰਨਾ ਯੂਨੀਵਰਸਿਟੀ ਵਿੱਚ ਬਿਜਲਈ ਸਾਜ਼ੋ-ਸਾਮਾਨ ਦੀ ਖ਼ਰੀਦ ਵਿੱਚ ਹੋਏ ਘਪਲੇ ਸਬੰਧੀ ਵਿਜੀਲੈਂਸ ਤੇ ਭ੍ਰਿਸ਼ਟਾਚਾਰ-ਰੋਕੂ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਅੱਜ ਸੂਬੇ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਜਸਜੀਤ ਸਿੰਘ ਦੀ ਮਾਲਕੀ ਵਾਲੀ ਕੰਪਨੀ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ। ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਣੇ ਹੋਰ ਕਈ ਅਧਿਕਾਰੀ ਵੀ ਛਾਪਿਆਂ ਦੀ ਜ਼ੱਦ ਵਿੱਚ ਆਏ।
ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਮੈਸਰਜ਼ ਬਰਨਾਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ ਉੱਤੇ ਛਾਪੇ ਮਾਰੇ, ਜਿਸ ਦੇ ਸ੍ਰੀ ਜਸਜੀਤ ਸਿੰਘ ਚੇਅਰਮੈਨ   ਅਤੇ ਮੈਨੇਜਿੰਗ ਡਾਇਰੈਕਟਰ ਹਨ। ਜਿਨ੍ਹਾਂ ਹੋਰਨਾਂ ਦੇ ਟਿਕਾਣਿਆਂ ਦੀਆਂ ਤਲਾਸ਼ੀਆਂ ਲਈਆਂ ਗਈਆਂ, ਉਨ੍ਹਾਂ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਣੇ ਹੋਰ ਕਈ ਅਧਿਕਾਰੀ ਵੀ ਛਾਪਿਆਂ ਦੀ ਜ਼ੱਦ ਵਿੱਚ ਆਏ। ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਮੈਸਰਜ਼ ਬਰਨਾਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ ਉੱਤੇ ਛਾਪੇ ਮਾਰੇ, ਜਿਸ ਦੇ ਸ੍ਰੀ ਜਸਜੀਤ ਸਿੰਘ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ। ਜਿਨ੍ਹਾਂ ਹੋਰਨਾਂ ਦੇ ਟਿਕਾਣਿਆਂ ਦੀਆਂ ਤਲਾਸ਼ੀਆਂ ਲਈਆਂ ਗਈਆਂ, ਉਨ੍ਹਾਂ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡੀ. ਵਿਸ਼ਵਨਾਥਨ, ਬਰਨਾਸ ਇੰਟਰਨੈਸ਼ਨਲ ਦੇ ਸੀ.ਈ.ਓ.-ਪੀ.ਐਮ. ਨਾਜਿਮੂਦੀਨ, ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਪੀ. ਨਰਾਇਣਾਸਮਰੀ, ਬਰਨਾਸ ਇੰਟਰਨੈਸ਼ਨਲ ਦੇ ਮੈਨੇਜਰ ਪ੍ਰਾਜੈਕਟਸ ਆਰ. ਯਸ਼ਵੰਤ ਕੁਮਾਰ ਅਤੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੈਂਟ ਕੇ. ਨਾਗਰਾਜਨ ਸ਼ਾਮਲ ਹਨ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਕੁਝ ਹੋਰ ਅਣਪਛਾਤੇ ਅਧਿਕਾਰੀਆਂ ਖ਼ਿਲਾਫ਼ ਵੀ ਇਸ ਮਾਮਲੇ ਵਿੱਚ ਧੋਖਾਧੜੀ, ਜਾਅਲਸਾਜ਼ੀ ਤੇ ਮੁਜਰਮਾਨਾ ਸਾਜ਼ਿਸ਼ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਮਾਮਲੇ ਵਿੱਚ ਦੋਸ਼ ਹੈ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਬਰਨਾਸ ਇੰਟਰਨੈਸ਼ਨਲ ਨਾਲ ਮਿਲੀਭੁਗਤ ਕਰਦਿਆਂ ਕੁਝ ਹੋਰ ਕੰਪਨੀਆਂ ਦੇ ਨਾਂ ਉੱਤੇ ਜਾਅਲੀ ਕੁਟੇਸ਼ਨਾਂ ਤਿਆਰ ਕੀਤੀਆਂ ਤਾਂ ਕਿ ਬਰਨਾਸ ਇੰਟਰਨੈਸ਼ਨਲ ਤੋਂ ਸਾਮਾਨ ਖਰੀਦਿਆ ਜਾ ਸਕੇ। ਯੂਨੀਵਰਸਿਟੀ ਨੇ ਇਸ ਸਬੰਧੀ ਇਕ ਟੈਂਡਰ ਕੱਢਿਆ ਸੀ, ਜਿਸ ਦੇ ਜਵਾਬ ਵਿੱਚ ਦੂਜੀਆਂ ਕੰਪਨੀਆਂ ਦੀਆਂ ਇਹ ਕਥਿਤ ਜਾਅਲੀ ਕੁਟੇਸ਼ਨਾਂ ਬਣਾਈਆਂ ਗਈਆਂ।

ਅਗਵਾ ਹੋਏ ਤਿੰਨ ਸਾਲਾ ਬੱਚੇ ਦੀ ਲਾਸ਼ ਛੱਪੜ 'ਚੋਂ ਬਰਾਮਦ

ਬੱਚੇ ਦੀ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਣ ਸਮੇਂ ਪੁਲਿਸ ਅਤੇ ਸਥਾਨਕ ਲੋਕ। ਮ੍ਰਿਤਕ ਲੱਕੀ ਦੀ ਮਾਂ ਵਿਰਲਾਪ ਕਰਦੇ ਹੋਏ। ਤੇ (ਇਨਸੈੱਟ 'ਚ) ਲੱਕੀ ਦੀ ਪੁਰਾਣੀ ਤਸਵੀਰ। ਤਸਵੀਰਾਂ : ਵਿਰਦੀ
ਮਕਸੂਦਾਂ/ਕਿਸ਼ਨਗੜ੍ਹ-ਵਿਰਦੀ 16 ਮਾਰਚ ਕਰੀਬ ਇਕ ਮਹੀਨਾ ਪਹਿਲਾਂ ਅਗਵਾ ਤਿੰਨ ਸਾਲਾ ਬੱਚੇ ਦੀ ਗਲੀ-ਸੜੀ ਲਾਸ਼ ਕਾਲਾ ਬਾਹੀਆ-ਈਸਪੁਰ ਦੇ ਨੇੜਿਓਂ ਛੱਪੜ ਵਿਚੋਂ ਬਰਾਮਦ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਗਦਾਈਪੁਰ ਨਿਵਾਸੀ ਵਿਸ਼ਨੂੰ ਪ੍ਰਸਾਦ ਪੁੱਤਰ ਮਿੱਤਰਾ ਲਾਲ ਸ਼ਰਮਾ ਜੋ ਕਿ ਕੇ. ਕੇ. ਇੰਡਸਟਰੀ ਵਿਖੇ ਮਜ਼ਦੂਰੀ ਕਰਦਾ ਹੈ, ਕਰੀਬ ਮਹੀਨਾ ਪਹਿਲਾਂ ਉਸ ਦਾ ਵੱਡਾ ਲੜਕਾ ਸ਼ਾਦੀ ਉਮਰ 9 ਸਾਲ ਅਤੇ ਲੱਕੀ ਉਮਰ ਕਰੀਬ ਤਿੰਨ ਸਾਲ ਜੋ ਕਿ ਲੋਟਸ ਮਾਡਲ ਸਕੂਲ ਗਦਾਈਪੁਰ ਵਿਖੇ ਪੜ੍ਹਦੇ ਹਨ, ਜਦੋਂ ਉਹ ਮਿਤੀ 16 ਫਰਵਰੀ ਨੂੰ ਗੁ: ਸਾਹਿਬ ਤੋਂ ਸ਼ਾਮੀਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਇਕ ਅਣਪਛਾਤੇ ਮੋਨੇ ਸਾਈਕਲ ਸਵਾਰ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਅਤੇ ਲੱਕੀ ਨੂੰ ਸਾਈਕਲ 'ਤੇ ਬਿਠਾ ਲਿਆ। ਸਥਾਨਕ ਅੱਠ ਨੰਬਰ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ, ਪ੍ਰੰਤੂ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਬੱਚੇ ਦਾ ਥਹੁ-ਪਤਾ ਨਹੀਂ ਚੱਲਿਆ। ਅਗਰ ਪੁਲਿਸ ਬੱਚੇ ਦੀ ਭਾਲ ਕਰਦੀ ਤਾਂ ਸ਼ਾਇਦ ਬੱਚੇ ਨੂੰ ਲੱਭਣ ਵਿਚ ਕਾਮਯਾਬ ਹੋ ਜਾਂਦੀ। ਅੱਜ ਜਦੋਂ ਛੱਪੜ ਵਿਚ ਲਾਸ਼ ਬਾਰੇ ਪਤਾ ਚੱਲਿਆ ਤਾਂ ਮਕਸੂਦਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਕਸੂਦਾਂ ਪੁਲਿਸ ਵੱਲੋਂ ਐਸ. ਐਚ. ਓ. ਧਰਮ ਪਾਲ ਵੱਲੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ।
ਸਥਾਨਕ ਪੱਤਰਕਾਰਾਂ ਵੱਲੋਂ ਕੀਤੀ ਬੱਚੇ ਦੀ ਸ਼ਨਾਖਤ : ਸਥਾਨਕ ਪੱਤਰਕਾਰ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਮਕਸੂਦਾਂ ਪੁਲਿਸ ਦੇ ਧਿਆਨ ਵਿਚ ਲਿਆਂਦਾ ਕਿ ਗਦਾਈਪੁਰ ਤੋਂ ਕਰੀਬ ਤਿੰਨ ਸਾਲਾ ਬੱਚਾ ਮਹੀਨਾ ਪਹਿਲਾਂ ਅਗਵਾ ਹੋਇਆ ਸੀ, ਜਿਸ ਦਾ ਕੋਈ ਅਜੇ ਤੱਕ ਸੁਰਾਗ ਨਹੀਂ ਲੱਗਾ। ਇਸ ਸਬੰਧੀ ਥਾਣਾ ਅੱਠ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦੇ ਮਾਮਲੇ ਬਾਰੇ ਵੀ ਦੱਸਿਆ ਤਾਂ ਉਨ੍ਹਾਂ ਐਸ. ਐਚ. ਓ. ਅੱਠ ਨੰਬਰ ਨਾਲ ਸੰਪਰਕ ਕਰਕੇ ਦੱਸਿਆ ਤਾਂ ਉਹ ਲੱਕੀ ਦੀ ਮਾਤਾ ਨੂੰ ਸ਼ਨਾਖਤ ਲਈ ਲੈ ਕੇ ਆਏ ਤੇ ਉਹ ਆਪਣੇ ਬੱਚੇ ਦੀ ਲਾਸ਼ ਦੇਖ ਕੇ ਗਸ਼ ਖਾ ਕੇ ਡਿੱਗ ਪਈ।
ਅੰਧ-ਵਿਸ਼ਵਾਸ ਕਾਰਨ ਕਿਸੇ ਤਾਂਤਰਿਕ ਵੱਲੋਂ ਅਗਵਾ ਕਰਕੇ ਮਾਸੂਮ ਬੱਚੇ ਦੇ ਕਤਲ ਦੀ ਸ਼ੰਕਾ : ਕਰੀਬ ਇਕ ਮਹੀਨੇ ਤੱਕ ਲੱਕੀ ਦੇ ਅਗਵਾ ਤੋਂ ਬਾਅਦ ਫਿਰੌਤੀ ਲਈ ਕੋਈ ਵੀ ਫੋਨ ਨਹੀਂ ਆਇਆ। ਸਥਾਨਕ ਪੁਲਿਸ ਇਹੀ ਕਹਿੰਦੀ ਰਹੀ ਕਿ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਬੇਔਲਾਦਾਂ ਨੂੰ ਬੱਚੇ ਵੇਚਣ ਵਾਲੇ ਗਿਰੋਹ ਦਾ ਕਾਰਾ ਲੱਗਦਾ ਹੈ, ਪ੍ਰੰਤੂ ਜਿਸ ਤਰ੍ਹਾਂ ਦੇ ਅਗਵਾਕਾਰ ਦਾ ਹੁਲੀਆ ਬੱਚਿਆਂ ਨੇ ਦੱਸਿਆ ਪੁਲਿਸ ਨੇ ਉਸ ਦੇ ਸਕੈਚ ਬਣਾ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬੱਚੇ ਦੇ ਸਿਰ ਵਿਚ ਸੱਟਾਂ ਦੇ ਨਿਸ਼ਾਨ ਹਨ। ਇਹੀ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਅੰਧ-ਵਿਸ਼ਵਾਸ ਕਾਰਨ ਕਿਸੇ ਤਾਂਤਰਿਕ ਵੱਲੋਂ ਅਗਵਾ ਕਰਕੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਛੱਪੜ ਵਿਚ ਸੁੱਟ ਦਿੱਤਾ ਗਿਆ ਹੈ।

ਕਦੇ ਲੱਗਦੇ ਸੀ ਜਲੰਧਰ ਦੀ ਪੁਰਾਣੀ ਕਚਹਿਰੀ 'ਚ ਮੇਲੇ

ਜਲੰਧਰ ਦੀ ਵੀਰਾਨ ਪਈ ਪੁਰਾਣੀ ਕਚਹਿਰੀ।
ਜਲੰਧਰ- 16 ਮਾਰਚ ਪੁਰਾਣੇ ਜਲੰਧਰ ਸ਼ਹਿਰ ਦੀ ਪੁਰਾਣੀ ਕਚਹਿਰੀ ਜੋ ਪੁਰਾਣੀ ਜੀ. ਟੀ. ਰੋਡ 'ਤੇ ਸਥਿਤ ਸੀ, ਵਿਖੇ ਕਦੇ ਰੋਜ਼ਾਨਾ ਮੇਲੇ ਵਾਲੀ ਰੌਣਕ ਲੱਗੀ ਰਹਿੰਦੀ ਸੀ, ਕਿਉਂਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਕੰਮਕਾਜ ਇਸ ਵਿਚ ਹੁੰਦੇ ਸਨ। ਇਸ ਵਿਚ ਜ਼ਿਲ੍ਹਾ ਕਚਹਿਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਾ ਦਫਤਰ, ਐਸ. ਐਸ. ਪੀ. ਦਫਤਰ, ਡੀ. ਟੀ. ਓ. ਦਾ ਦਫਤਰ, ਸੀਨੀਅਰ ਸਬ ਜੱਜ ਦੀ ਅਦਾਲਤ ਤੋਂ ਇਲਾਵਾ, ਸਰਕਾਰੀ ਖਜ਼ਾਨਾ, ਮਾਲ ਖਾਨਾ ਹੋਣ ਤੋਂ ਇਲਾਵਾ ਅੰਗਰੇਜ਼ਾਂ ਵੇਲੇ ਦੀ ਜੇਲ੍ਹ ਵੀ ਸੀ। ਉਥੇ ਹੁਣ ਸਿਰਫ ਢੱਠਾ ਹੋਇਆ ਕਮਰਾ ਹੀ ਰਹਿ ਗਿਆ ਹੈ। ਹੁਣ ਇਹ ਸਾਰੀ ਕਚਿਹਰੀ ਬਾਹਰ ਜਾਣ ਕਰਕੇ ਢਾਹ ਦਿੱਤੀ ਗਈ ਹੈ ਅਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ, ਪਰ ਅਜੇ ਵੀ ਪੁਰਾਣੀਆਂ ਖੰਡਰ ਹੋਈਆਂ ਅੱਧ-ਪਚੱਧੀਆਂ ਢੱਠੀਆਂ ਇਮਾਰਤਾਂ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੀਆਂ ਹਨ। ਹੁਣ ਅੰਦਰ ਗਿਣਤੀ ਦੇ ਸਰਕਾਰੀ ਮੁਲਾਜ਼ਮ ਰਹਿ ਗਏ ਹਨ ਜੋ ਉਥੇ ਪਏ ਸਰਕਾਰੀ ਰਿਕਾਰਡ ਦੀ ਦੇਖਭਾਲ ਕਰ ਰਹੇ ਹਨ। ਮਾਲਖਾਨਾ ਜੋ ਕਦੇ ਅੰਗਰੇਜ਼ਾਂ ਵੇਲੇ ਜੇਲ੍ਹ ਹੁੰਦੀ ਸੀ, ਖੰਡਰ ਬਣ ਚੁੱਕਿਆ ਹੈ। ਬਾਕੀ ਬਿਲਡਿੰਗਾਂ ਵੀ ਨਹੀਂ ਰਹੀਆਂ। ਸਿਵਾਏ ਰੜੇ ਮੈਦਾਨ, ਘਾਹ ਫੂਸ ਤੇ ਝਾੜੀਆਂ ਦੇ ਕੁਝ ਵੀ ਨਹੀਂ ਰਿਹਾ। 'ਅਜੀਤ' ਦੀ ਟੀਮ ਨੇ ਜਦੋਂ ਪੁਰਾਣੀ ਖੰਡਰ ਹੋ ਚੁੱਕੀ ਕਚਹਿਰੀ ਦਾ ਦੌਰਾ ਕੀਤਾ ਤਾਂ ਉਥੇ ਸਬ ਜੱਜ ਦੀ ਅਦਾਲਤ ਵਿਚਲੀ ਅਲਮਾਰੀ ਵਿਚ ਅਜੇ ਵੀ ਕੁਝ ਨਸ਼ਟ ਹੋਈਆਂ ਕਿਤਾਬਾਂ ਪਈਆਂ ਹਨ। ਦੋਸ਼ੀਆਂ ਦੇ ਖੜ੍ਹਾ ਹੋਣ ਵਾਲਾ ਟੁੱਟਾ-ਭੱਜਾ ਕਟਹਿਰਾ ਵੀ ਅਜੇ ਮੌਜੂਦ ਹੈ। ਬਾਹਰ ਮੱਧਮ ਪਈ ਸਿਆਹੀ ਨਾਲ 'ਸਬ ਜੱਜ ਦੀ ਅਦਾਲਤ' ਵੀ ਲਿਖਿਆ ਹੋਇਆ ਹੈ। ਕਚਹਿਰੀ ਦੇ ਬਾਹਰ ਪਲਾਜ਼ਾ ਹੋਟਲ ਦੇ ਸਾਹਮਣੇ ਅਜੇ ਵੀ ਕੁਝ ਨੌਟਰੀ (ਵਕੀਲ) ਤੇ ਫਾਰਮ ਵਿਕਰੇਤਾ ਬੈਠੇ ਹਨ। ਸ਼ਹਿਰ ਦੇ ਅੰਦਰ ਹੋਣ ਕਾਰਨ ਲੋਕ ਸਰਕਾਰੀ ਫਾਰਮ ਲੈਣ ਅਤੇ ਨੌਟਰੀ ਦੀਆਂ ਮੋਹਰਾਂ ਲਗਵਾਉਣ ਲਈ ਸਾਰਾ ਦਿਨ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ।
ਇਸ ਕਚਹਿਰੀ ਦੇ ਤਿੰਨ ਪਰਵੇਸ਼ ਗੇਟ ਸਨ। (ਜੋ ਅਜੇ ਵੀ ਹਨ) ਵਿਚਕਾਰਲਾ ਮੁੱਖ ਦੁਆਰ ਟਰਿਪਲੈਕਸ ਡਰਾਈਕਲੀਨਰ ਦੇ ਸਾਹਮਣੇ ਸੀ। ਦੂਸਰਾ ਗੇਟ ਮਾਡਲ ਟਾਊਨ ਰੋਡ ਵੱਲ ਸੀ, ਜਿਥੇ ਐਸ. ਐਸ. ਪੀ. ਦਾ ਦਫਤਰ ਸੀ, ਤੀਜਾ ਗੇਟ ਪਲਾਜ਼ਾ ਹੋਟਲ ਵੱਲ ਸੀ। ਜਿਥੇ ਦਾਖਲ ਹੁੰਦਿਆਂ ਸੱਜੇ ਪਾਸੇ ਡੀ. ਟੀ. ਓ. ਦਾ ਦਫਤਰ ਸੀ। ਮੇਨ ਗੇਟ ਦੇ ਅੰਦਰ ਦਾਖਲ ਹੁੰਦਿਆਂ ਇਕ ਕੰਟੀਨ ਸੀ, ਜੋ ਫਿਰ ਆਪਣਾ ਢਾਬਾ ਵੀ ਬਣਿਆ। ਖੱਬੇ ਹੱਥ ਸਰਕਾਰੀ ਕਮਰੇ ਸਨ, ਅੱਗੇ ਜਾ ਕੇ ਅਰਜ਼ੀ ਨਵੀਸਾਂ ਦੇ ਬੈਠਣ ਲਈ ਸ਼ੈੱਡ ਬਣੇ ਹੋਏ ਸਨ, ਜਿਥੇ ਉਨ੍ਹਾਂ ਲਈ ਬੈਠ ਕੇ ਕੰਮ ਕਰਨ ਵਾਸਤੇ ਤਖਤਪੋਸ਼ ਰੱਖੇ ਹੁੰਦੇ ਸਨ। ਟਾਈਪ ਮਸ਼ੀਨਾਂ ਰਾਹੀਂ ਟਾਈਪ ਕੀਤੀ ਜਾਂਦੀ ਤੇ ਹੱਥਾਂ ਨਾਲ ਰਜਿਸਟਰੀਆਂ, ਪਾਸਪੋਰਟ ਫਾਰਮ ਤੇ ਹੋਰ ਫਾਰਮ ਭਰੇ ਜਾਂਦੇ ਸਨ। ਅਸਲ੍ਹੇ ਅਤੇ ਡਰਾਈਵਿੰਗ ਲਾਇੰਸਸ ਵੀ ਇਥੇ ਬਣਦੇ ਸਨ। ਅਰਜ਼ੀ ਨਵੀਸਾਂ ਦੇ ਨਾਲ ਵਕੀਲਾਂ ਦੇ ਬੈਠਣ ਲਈ ਕਮਰੇ ਸਨ। ਇਸ ਤੋਂ ਇਲਾਵਾ ਅੰਦਰ ਇਕ ਛੋਟਾ ਡਾਕਖਾਨਾ ਵੀ ਸੀ, ਜਿਥੋਂ ਲੋਕ ਰਸੀਦੀ ਟਿਕਟਾਂ, ਲਿਫਾਫੇ ਤੇ ਖਤ ਖਰੀਦਦੇ ਸਨ, ਮਨੀਆਰਡਰ ਕਰਨ ਦੀ ਵੀ ਸਹੂਲਤ ਸੀ। ਅੰਦਰ ਸਾਈਕਲ ਰੱਖਣ ਲਈ ਪਾਰਕਿੰਗ ਵੀ ਸੀ ਜੋ ਤਿੰਨ ਗੇਟਾਂ ਲਈ ਵੱਖੋ-ਵੱਖਰੀ ਸੀ। ਸਰਕਾਰੀ ਕਾਰਾਂ ਤੋਂ ਇਲਾਵਾ ਆਮ ਨਿੱਜੀ ਕਾਰਾਂ ਤਾਂ ਹੁੰਦੀਆਂ ਹੀ ਨਹੀਂ ਸਨ, ਸਕੂਟਰ ਵੀ ਬਹੁਤ ਘੱਟ ਸਨ। ਆਵਾਜਾਈ ਲਈ ਸਾਰੇ ਸਾਈਕਲ ਹੀ ਵਰਤਦੇ ਸਨ। ਕਚਹਿਰੀ ਵਿਚ ਸਵੇਰ ਤੋਂ ਲੈ ਕੇ ਦਿਨ ਢਲਣ ਤੱਕ ਲੋਕਾਂ ਦੀ ਆਵਾਜਾਈ ਰਹਿੰਦੀ ਸੀ। ਤਰੀਕਾਂ ਭੁਗਤਣ ਵਾਲੇ ਪਿੰਡਾਂ ਦੇ ਲੋਕ ਅੰਦਰ ਸਾਰਾ ਦਿਨ ਬੈਠੇ ਰਹਿੰਦੇ ਸਨ। ਤਹਿਸੀਲ ਦਾ ਕੰਮ ਵੀ ਇਥੋਂ ਹੀ ਹੁੰਦਾ ਸੀ। ਪਹਿਲਾਂ ਤਹਿਸੀਲ ਰੈਣਕ ਬਾਜ਼ਾਰ ਵਿਚ ਦਾਖਲ ਹੁੰਦਿਆਂ ਖੱਬੇ ਹੱਥ ਬਣੀ ਅੱਜ ਵਾਲੀ ਮਿੰਨੀ ਸਬਜ਼ੀ ਮੰਡੀ ਅਤੇ ਪੁਲਿਸ ਥਾਣਾ ਡਵੀਜ਼ਨ ਨੰ: 4 ਦੇ ਵਿਚਕਾਰ ਹੁੰਦੀ ਸੀ। ਇਸ ਕਚਹਿਰੀ ਵਿਚ ਬਹੁਤ ਸਾਲ ਪਹਿਲਾਂ ਇਕ ਬਹੁਤ ਵੱਡਾ ਗੋਲੀ ਕਾਂਡ ਵੀ ਹੋਇਆ ਸੀ। ਇਹ ਪੁਰਾਣੀ ਕਚਹਿਰੀ ਜੋ ਹੁਣ ਖੰਡਰ ਬਣ ਚੁੱਕੀ ਹੈ 150 ਸਾਲ ਤੋਂ ਵੀ ਪੁਰਾਣੀ ਹੋਵੇਗੀ। ਇਸ ਨੂੰ ਉਸ ਜ਼ਮਾਨੇ ਵਿਚ ਅੰਗਰੇਜ਼ਾਂ ਨੇ ਬਣਾਇਆ ਸੀ, ਹੁਣ ਇਹ ਕਚਹਿਰੀ ਸ਼ਹਿਰ ਅੰਦਰ ਆਉਣ ਅਤੇ ਆਬਾਦੀ ਵੱਧਣ ਕਰਕੇ ਬਾਹਰ ਮਾਸਟਰ ਤਾਰਾ ਸਿੰਘ ਨਗਰ ਕੋਲ ਚਲੀ ਗਈ ਹੈ। ਜਿਸ ਨੂੰ 'ਮਿੰਨੀ ਸਕੱਤਰੇਤ' ਕਹਿੰਦੇ ਹਨ। ਤਹਿਸੀਲ, ਡੀ. ਸੀ. ਤੇ ਐਸ. ਐਸ. ਪੀ. ਸਮੇਤ ਸਾਰੇ ਦਫਤਰ ਉਥੇ ਚਲੇ ਗਏ ਹਨ। ਕਮਿਸ਼ਨਰ ਜਲੰਧਰ ਡਵੀਜ਼ਨ ਦਾ ਦਫਤਰ ਵੀ ਨਾਲੇ ਹੀ ਹੈ, ਐਨ. ਆਰ. ਆਈ. ਭਵਨ ਵੀ ਨਾਲ ਹੈ। ਪੁਰਾਣੀ ਕਚਹਿਰੀ ਦੇ ਬਾਹਰ ਬਣੀਆਂ ਰੈੱਡ ਕਰਾਸ ਦੀਆਂ ਦੁਕਾਨਾਂ ਢਾਹ ਦਿੱਤੀਆਂ ਗਈਆਂ ਹਨ। ਸਿਰਫ ਦੋ ਤਿੰਨ ਦੁਕਾਨਾਂ ਰਹਿ ਗਈਆਂ ਹਨ। ਬਾਹਰ ਬਹੁਤੇ ਸਿਹਰੇ, ਨਵੇਂ ਨੋਟ ਲੈਣ ਵਾਲੇ, ਪੁਰਾਣੇ ਨੋਟ ਬਦਲਣ ਵਾਲੇ ਜਾਂ ਫਿਰ ਲੋਹ ਟੋਪ ਤੇ ਐਨਕਾਂ ਵੇਚਣ ਵਾਲੇ ਬੈਠੇ ਹਨ। ਇਥੇ 'ਸੰਡੇ ਬਾਜ਼ਾਰ' ਵੀ ਲੱਗਦਾ ਹੈ। ਜਿਥੇ ਐਤਵਾਰ ਨੂੰ ਸਾਰਾ ਦਿਨ ਸਸਤੇ ਬੂਟ ਵੇਚਣ ਦੀਆਂ ਫੜੀ-ਨੁਮਾ ਦੁਕਾਨਾਂ ਲੱਗਦੀਆਂ ਹਨ। ਨਵੀਂ ਪਨੀਰੀ ਨੂੰ ਪੁਰਾਣੀ ਕਚਹਿਰੀ ਬਾਰੇ ਕੋਈ ਇਲਮ ਨਹੀਂ ਕਿ ਇਥੇ ਕਿਵੇਂ ਰੌਣਕਾਂ ਲੱਗਦੀਆਂ ਸਨ। ਸੋ ਜਿਨ੍ਹਾਂ ਲੋਕਾਂ ਨੇ ਉਹ ਜ਼ਮਾਨਾ ਵੇਖਿਆ, ਅੱਜ ਵੀ ਉਹ ਲੋਕ ਪੁਰਾਣੇ ਜਲੰਧਰ ਸ਼ਹਿਰ ਨੂੰ ਯਾਦ ਕਰਕੇ ਪੁਰਾਣੀਆਂ ਇਮਾਰਤਾਂ ਤੇ ਪੁਰਾਣੀਆਂ ਗੱਲਾਂ ਦੀ ਚਰਚਾ ਕਰਦੇ ਹਨ। ਇਸ ਹਾਲਤ ਨੂੰ ਵੇਖ ਕੇ ਕਿਸੇ ਸ਼ਾਇਰ ਨੇ ਸੱਚ ਕਿਹਾ ਹੈ ਕਿ 'ਯੇਹ ਜ਼ਿੰਦਗੀ ਕੇ ਮੇਲੇ, ਦੁਨੀਆ ਮੇ ਕਮ ਨਾ ਹੋਂਗੇ, ਅਫਸੋਸ ਹਮ ਨਾ ਹੋਂਗੇ।'
ਤਹਿ ਬਾਜ਼ਾਰੀ ਵਿੰਗ ਨੇ ਰੈੱਡਕਰਾਸ ਮਾਰਕੀਟ
ਫੜ੍ਹੀਆਂ ਦਾ ਸਾਮਾਨ ਲਿਆ ਕਬਜ਼ੇ 'ਚ

ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗੀਆਂ ਫੜ੍ਹੀਆਂ ਨੂੰ ਹਟਾਉਣ ਸਮੇਂ
ਤਹਿ-ਬਾਜ਼ਾਰੀ ਸਟਾਫ ਕਾਰਵਾਈ ਕਰਦਾ ਹੋਇਆ।
ਜਲੰਧਰ, 16 ਮਾਰਚ ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਨੇ ਜੋਤੀ ਚੌਕ ਨੇੜੇ ਰੈਡ ਕਰਾਸ ਮਾਰਕੀਟ ਦੇ ਬਾਹਰ ਫੁਟਪਾਥ 'ਤੇ ਲੱਗੀਆਂ ਫੜੀ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਦੇ ਲਗਭਗ ਦੋ ਦਰਜਨ ਮੇਜ਼ ਕਬਜ਼ੇ ਵਿਚ ਲਏ । ਇਸ ਦੌਰਾਨ ਫੜੀ ਵਾਲਿਆਂ ਨੇ ਨਿਗਮ ਕਾਰਵਾਈ ਦਾ ਵਿਰੋਧ ਵੀ ਕੀਤਾ ਜਦੋਂਕਿ ਵੀਰਵਾਰ ਨੂੰ ਕੀਤੇ ਗਏ ਚਲਾਨਾਂ ਤੋਂ 57 ਹਜ਼ਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਇਸ ਸਬੰਧ ਵਿਚ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨੇ ਦੱਸਿਆ ਕਿ ਰੈੱਡ ਕਰਾਸ ਮਾਰਕੀਟ ਪੁੱਡਾ ਨੇ ਢਾਹ ਦਿੱਤੀ ਸੀ ਅਤੇ ਉਥੇ ਕੁੱਝ ਲੋਕਾਂ ਨੇ ਕਬਜ਼ਾ ਕਰਕੇ ਬੂਟਾਂ ਦੀਆਂ ਫੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਦੀ ਸ਼ਿਕਾਇਤ ਆਸ ਪਾਸ ਦੇ ਲੋਕਾਂ ਵਲੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਫੜੀ ਵਾਲਿਆਂ ਨੂੰ ਉਥੋਂ ਹਟਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ, ਪਰ ਉਹ ਨਹੀਂ ਹਟੇ ਸਨ। ਜਿਸ ਨੂੂੰ ਦੇਖਦੇ ਹੋਏ ਅੱਜ ਤਹਿ ਬਾਜ਼ਾਰੀ ਸੁਪਰਡੈਂਟ ਨੇ ਉਥੇ ਕਾਰਵਾਈ ਕਰਦੇ ਹੋਏ ਫੜੀ ਵਾਲਿਆਂ ਦੀਆਂ ਲਗਭਗ ਦੋ ਦਰਜਨ ਮੇਜ਼ਾਂ ਕਬਜ਼ੇ ਵਿਚ ਲੈ ਲਈਆਂ ਅਤੇ ਟਰੱਕ ਵਿਚ ਭਰ ਕੇ ਨਿਗਮ ਦਫ਼ਤਰ ਲੈ ਆਉਂਦੀਆਂ। ਬਾਅਦ ਵਿਚ ਫੜੀ ਵਾਲਿਆਂ ਨੇ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨਾਲ ਗਲਬਾਤ ਕੀਤੀ ਅਤੇ ਸਾਮਾਨ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਫੜੀ ਵਾਲਿਆਂ ਨੂੰ 7 ਹਜ਼ਾਰ ਰੁਪਏ ਜੁਰਮਾਨਾ ਕਰਕੇ ਉਨ੍ਹਾਂ ਦਾ ਸਾਮਾਨ ਆਦਿ ਵਾਪਸ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਦੂਜੇ ਪਾਸੇ ਤਹਿਬਾਜ਼ਾਰੀ ਵਿਭਾਗ ਨੇ ਅਜੇ ਰੈਡ ਕਰਾਸ ਮਾਰਕੀਟ ਵਿਚ ਕਾਰਵਾਈ ਕੀਤੀ ਹੀ ਸੀ ਕਿ ਅਧਿਕਾਰੀਆਂ ਨੂੰ ਸਿਆਸਤਦਾਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਸਿਆਸੀ ਦਬਾਅ ਪੈਣ ਕਾਰਨ ਤਹਿਬਾਜ਼ਾਰੀ ਦੀ ਵਸੂਲੀ ਵਿਚ ਕਮੀਂ ਹੋਣੀ ਸ਼ੁਰੂ ਹੋ ਗਈ ਅਤੇ ਮਿਥੇ ਟੀਚੇ ਤੋਂ ਘੱਟ ਵਸੂਲੀ ਹੀ ਤਹਿਬਾਜ਼ਾਰੀ ਨੂੰ ਪ੍ਰਾਪਤ ਹੋ ਸਕੀ।

ਜਦੋਂ ਟੀਮ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ
ਤਹਿ ਬਾਜ਼ਾਰੀ ਦੀ ਟੀਮ ਅੱਜ ਜਿਸ ਤਰ੍ਹਾਂ ਹੀ ਭਾਂਡਿਆਂ ਬਾਜ਼ਾਰ ਵਿਚ ਚਲਾਨ ਵੰਡਣ ਲਈ ਗਈ ਤਾਂ ਦੁਕਾਨਦਾਰਾਂ ਨੇ ਜਿਥੇ ਟੀਮ ਨੂੰ ਦੌੜਨ ਲਈ ਮਜਬੂਰ ਕਰ ਦਿੱਤਾ ਉਥੇ ਉਨ੍ਹਾਂ ਦੇ ਚਾਲਾਨ ਫਾੜਨ ਦਾ ਅਸਫਲ ਯਤਨ ਵੀ ਕੀਤਾ। ਤਹਿ ਬਾਜ਼ਾਰੀ ਦੀ ਟੀਮ ਜਿਸ ਤਰ੍ਹਾਂ ਹੀ ਇੰਸਪੈਕਟਰ ਦੀ ਅਗਵਾਈ ਵਿਚ ਸਵੇਰੇ ਨੋਟਿਸ ਲੈ ਕੇ ਦੁਕਾਨਦਾਰਾਂ ਪਾਸ ਗਈ ਤਾਂ ਸਾਰੇ ਦੁਕਾਨਦਾਰ ਇਕੱਠੇ ਹੋਏ ਅਤੇ ਉਨ੍ਹਾਂ ਤਹਿ ਬਾਜ਼ਾਰੀ ਦੀ ਟੀਮ ਨਾਲ ਪਹਿਲਾਂ ਬਹਿਸ ਕਰਨ ਲੱਗੇ ਫਿਰ ਉਨ੍ਹਾਂ ਨੇ ਇਕੱਠੇ ਹੋ ਕੇ ਜਿਸ ਤਰ੍ਹਾਂ ਦਬਾਅ ਬਣਾਇਆ ਤਾਂ ਤਹਿ ਬਾਜ਼ਾਰੀ ਦੀ ਟੀਮ ਉਥੋਂ ਭੱਜ ਆਈ ਅਤੇ ਉਸ ਨੇ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਇਸ ਸਬੰਧ ਵਿਚ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਜੇ ਮਾਮਲਾ ਮੇਰੇ ਨੋਟਿਸ ਵਿਚ ਨਹੀਂ ਆਇਆ ਜਦੋਂ ਆਏਗਾ ਤਾਂ ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

ਨਿਹੰਗ ਸਿੰਘਾਂ ਵੱਲੋਂ ਦਿਖਾਏ ਗਏ ਘੋੜਿਆਂ ਦੀਆਂ ਦੌੜਾਂ ਦੇ ਜੌਹਰ



ਨੂਰਪੁਰ ਬੇਦੀ, 16 ਮਾਰਚ -ਇਤਿਹਾਸਕ ਗੁ: 34 ਸ਼ਹੀਦ ਸਿੰਘਾਂ ਸਰਾਂਏ ਪੱਤਣ (ਸ਼ਾਹਪੁਰ ਬੇਲਾ) ਵਿਖੇ ਬਾਬਾ ਸਵਰਨ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਦੌਰਾਨ ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਘੋੜਿਆਂ ਦੀਆਂ ਦੌੜਾਂ ਤੇ ਹੋਰ ਕਰਤੱਵ ਦਿਖਾਏ ਗਏ। ਕਰੀਬ 2 ਘੰਟੇ ਚੱਲੀਆਂ ਉਕਤ ਦੌੜਾਂ ਵਿਚ ਦੋ ਦਰਜਨ ਤੋਂ ਵਧੇਰੇ ਨਿਹੰਗ ਸਿੰਘਾਂ ਨੇ ਜੰਗਜੂ ਕਰਤੱਵ ਦਿਖਾਏ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਚੜਦੀ ਕਲਾ ਦਾ ਸੁਨੇਹਾ ਦਿੱਤਾ। ਮਿਸਲ ਸ਼ਹੀਦਾਂ ਪੰਥ ਅਕਾਲੀ ਤਰਨਾ ਦਲ ਦੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੱਲੋਂ ਜਥੇ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਉਕਤ ਦੌੜਾਂ ਮੇਲੇ ਵਿਚ ਪਹੁੰਚੇ ਘੋੜ ਸਵਾਰ ਸਿੰਘਾਂ ਨੂੰ ਬਾਬਾ ਸਵਰਨ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ 5100 ਰੁਪਏ ਦੀ ਨਗਦੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਾ: ਜਸਵਿੰਦਰ ਸਿੰਘ ਮੀਰਪੁਰ, ਕਸ਼ਮੀਰ ਸਿੰਘ ਬੜਵਾ, ਨੰਬਰਦਾਰ ਗੁਰਚੇਤ ਸਿੰਘ ਸ਼ਾਹਪੁਰ ਬੇਲਾ ਤੇ ਪਰਮਜੀਤ ਸਿੰਘ ਗੁੱਡ ਫਾਈਟਰ ਆਦਿ ਵਿਸ਼ੇਸ਼ ਰੂਪ ਵਿਚ ਮੌਜੂਦ ਸਨ।

ਸਾਨੀਆ-ਵੈਸਨੀਨਾ ਜੋੜੀ ਫਾਈਨਲ ’ਚ ਦਾਖ਼ਲ

ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ

 ਇੰਡੀਅਨ ਵੇਲਜ਼-ਭਾਰਤ ਦੀ ਸਟਾਰ ਖਿਡਾਰਣ ਸਾਨੀਆ ਮਿਰਜ਼ਾ ਤੇ ਰੂਸ ਦੀ ਅਲੇਨਾ ਵੈਸਨੀਨਾ ਦੀ ਜੋੜੀ ਨੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ’ਚ ਆਪਣੀ ਜੇਤੂ ਮੁਹਿੰਮ ਅੱਗੇ ਵਧਾਉਂਦੇ ਹੋਏ ਇੱਥੇ ਆਂਦਰੇ ਹਲਾਵਾਕੋਵਾ ਤੇ ਲੂਸੀ ਹਰਡੇਕਾ ਦੀ ਤੀਜਾ ਰੈਂਕ ਪ੍ਰਾਪਤ ਚੈੱਕ ਗਣਰਾਜ ਦੀ ਜੋੜੀ ਨੂੰ ਤਿੰਨ ਸੈੱਟਾਂ ’ਚ ਹਰਾ ਕੇ ਮਹਿਲਾ ਡਬਲਜ਼ ਦੇ ਖ਼ਿਤਾਬੀ ਮੁਕਾਬਲੇ ’ਚ ਥਾਂ ਬਣਾ ਲਈ ਹੈ।
ਸਾਨੀਆ-ਵੈਸਨੀਨਾ ਦੀ ਜੋੜੀ ਨੇ ਇਕ ਘੰਟੇ 45 ਮਿੰਟ ਤੇ 59 ਸੈਕਿੰਡ ਤੱਕ ਚੱਲੇ ਸੰਘਰਸ਼ਪੂਰਨ ਸੈਮੀਫਾਈਨਲ ’ਚ ਚੈੱਕ ਗਣਰਾਜ ਦੀ ਜੋੜੀ ਨੂੰ 5-7, 7-5, 10-3 ਨਾਲ ਕਰਾਰੀ ਹਾਰ ਦੇ ਕੇ ਫਾਈਨਲ ’ਚ ਥਾਂ ਬਣਾਈ। ਸੈਮੀਫਾਈਨਲ ’ਚ ਸਾਨੀਆ-ਵੈਸਨੀਨਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਹ ਪਹਿਲਾ ਸੈੱਟ 0-7 ਨਾਲ ਗਵਾ ਬੈਠੀਆਂ। ਇੰਨਾ ਹੀ ਨਹੀਂ, ਦੂਜੇ ਸੈੱਟ ’ਚ ਵੀ ਇਹ ਜੋੜੀ ਇਕ ਵੇਲੇ 5-3 ਨਾਲ ਪਛੜ ਗਈ ਸੀ, ਪਰ ਇੱਥੋਂ ਹੀ ਰੁਖ਼ ਪਲਟ ਗਿਆ ਤੇ ਸਾਨੀਆ-ਵੈਸਨੀਨਾ ਨੇ ਇੰਨੀ ਜ਼ੋਰਦਾਰ ਵਾਪਸੀ ਕੀਤੀ ਕਿ ਵਿਰੋਧੀ ਜੋੜੀ ਨੂੰ ਫਿਰ ਸੰਭਲਣ ਦਾ ਕੋਈ ਮੌਕਾ ਨਹੀਂ ਮਿਲਿਆ।
ਦੂਜੇ ਸੈੱਟ ’ਚ ਸਾਨੀਆ-ਵੈਸਨੀਨਾ ਨੇ ਪਹਿਲਾਂ 5-5 ਨਾਲ ਬਰਾਬਰੀ ਕੀਤੀ ਤੇ ਫਿਰ 7-5 ਨਾਲ ਸੈੱਟ ਆਪਣੇ ਨਾਂ ਕਰ ਲਿਆ। ਇਸ ਤਰ੍ਹਾਂ ਸਕੋਰ 1-1 ਨਾਲ ਬਰਾਬਰ ਹੋ ਗਿਆ। ਫ਼ੈਸਲਾਕੁੰਨ ਸੈੱਟ ’ਚ ਸਾਨੀਆ-ਵੈਸਨੀਨਾ ਨੇ 10-3 ਦੀ ਜਿੱਤ ਹਾਸਲ ਕਰਕੇ ਮੈਚ ਆਪਣੇ ਨਾਂ ਕਰ ਲਿਆ।
ਡਿਊਕੋਵਿਚ ਤੇ ਸ਼ਾਰਾਪੋਵਾ ਸੈਮੀਫਾਈਨਲ ’ਚ: ਵਿਸ਼ਵ ਦੇ ਨੰਬਰ ਇਕ ਨੋਵਾਨ ਡਿਊਕੋਵਿਚ, ਮਾਰੀਆ ਸ਼ਾਰਾਪੋਵਾ ਤੇ ਸਰਬੀਆ ਦੀ ਅੰਨਾ ਇਵਾਨੋਵਿਚ ਨੇ ਆਪਣੇ ਮੁਕਾਬਲੇ ਜਿੱਤ ਕੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ  ਥਾਂ ਬਣਾ ਲਈ ਹੈ।
ਸਰਬੀਆ ਦੇ ਡਿਊਕੋਵਿਚ ਨੇ ਸਪੇਨ ਦੇ ਨਿਕੋਲਸ ਅਲਮਾਗਰੋ ਨੂੰ ਲਗਾਤਾਰ ਸੈੱਟਾਂ ’ਚ 6-3, 6-4 ਨਾਲ ਹਰਾ ਕੇ ਆਖਰੀ ਚਾਰਾਂ ’ਚ ਸ਼ਾਨ ਨਾਲ ਆਪਣੀ ਥਾਂ ਪੱਕੀ ਕਰ ਲਈ ਹੈ, ਜਦੋਂ ਕਿ ਅਮਰੀਕੀ ਖਿਡਾਰੀ ਜਾਨ ਇਸਨਰ ਨੇ ਫਰਾਂਸ ਦੇ ਜਾਇਲਸ ਸਿਮੋਨ ਨੂੰ ਤਿੰਨ ਸੈੱਟਾਂ ’ਚ 6-3, 1-6, 7-5 ਨਾਲ ਹਰਾ ਕੇ ਇਸ ਗੇੜ ’ਚ ਥਾਂ ਬਣਾਈ। ਮਹਿਲਾ ਵਰਗ ’ਚ ਸ਼ਾਰਾਪੋਵਾ ਨੇ ਹਮਵਤਨ ਮਾਰੀਆ ਕਿਰਲੈਂਕੋ ਨੂੰ 3-6, 7-5, 6-2 ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾਇਆ, ਉੱਥੇ ਇਕ ਹੋਰ ਮੁਕਾਬਲੇ ’ਚ ਅੰਨਾ ਇਵਾਨੋਵਿਚ ਨੇ ਫਰਾਂਸ ਦੀ ਮਾਰੀਅਨ ਬਾਰਤੋਨੀ ਨੂੰ 6-3, 6-4 ਨਾਲ ਹਰਾ ਕੇ ਆਖ਼ਰੀ ਚਾਰਾਂ ’ਚ ਆਪਣੀ ਥਾਂ ਪੱਕੀ ਕੀਤੀ।        

ਜ਼ਮੀਨ ਹੜੱਪਣ ਵਾਲੇ ਗਰੋਹ ਦੇ 5 ਮੈਂਬਰ 3 ਦਿਨਾਂ ਦੀ ਪੁਲਿਸ ਹਿਰਾਸਤ 'ਚ

ਸਿੱਧਵਾਂ ਬੇਟ, 16 ਮਾਰਚ -ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਬੇਟ ਇਲਾਕੇ ਵਿਚ ਪੈਂਦੀ ਕਰੀਬ 65 ਕਨਾਲ ਜ਼ਮੀਨ ਦੇ ਮਾਲਕ ਦਾ ਜਾਅਲੀ ਮੌਤ ਸਰਟੀਫਿਕੇਟ ਅਤੇ ਜਾਅਲੀ ਮੁਖਤਿਆਰਨਾਮਾ ਤਿਆਰ ਕਰਵਾ ਕੇ ਉਕਤ ਜ਼ਮੀਨ ਨੂੰ ਹੜੱਪਣ ਵਾਲੇ ਧਾਰਾ 419, 420, 466, 467, 468, 471, 120-ਬੀ ਭਾਰਤੀ ਦੰਡਾਵਲੀ ਤਹਿਤ ਮਾਮਲਾ ਦਰਜ ਮੁਕੱਦਮਾ ਨੰ: 26 ਵਿਚ ਨਾਮਜ਼ਦ ਗਿਰੋਹ ਦੇ 6 ਮੈਂਬਰਾਂ 'ਚੋਂ 5 ਮੈਂਬਰ ਅਜੈਬ ਸਿੰਘ ਪੁੱਤਰ ਜਸਵੰਤ ਸਿੰਘ, ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ, ਮਾਨੋ ਸਰਪੰਚ ਪਤਨੀ ਗੁਰਦੀਪ ਸਿੰਘ, ਮੱਖਣ ਸਿੰਘ ਚੌਂਕੀਦਾਰ ਪੁੱਤਰ ਹੱਜਾ ਸਿੰਘ ਅਤੇ ਕਸ਼ਮੀਰ ਸਿੰਘ ਨੰਬਰਦਾਰ ਸਪੁੱਤਰ ਕਿਸ਼ਨ ਸਿੰਘ ਜਿਨ੍ਹਾਂ ਨੂੰ ਬੀਤੀ ਰਾਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਨੂੰ ਅੱਜ ਮਾਣਯੋਗ ਜਗਰਾਉਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਪੰਜਾਂ ਦੋਸ਼ੀਆਂ ਨੂੰ 3 ਦਿਨ ਦੀ ਪੁਲਿਸ ਹਿਰਾਸਤ ਵਿਚ ਰੱਖਣ ਦਾ ਹੁਕਮ ਸੁਣਾਇਆ। ਇਸ ਦੌਰਾਨ ਥਾਣਾ ਮੁਖੀ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਛੇਵਾਂ ਦੋਸ਼ੀ ਬਰਕਤ ਸਿੰਘ ਪੁੱਤਰ ਨਾਜ਼ਰ ਸਿੰਘ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਦੋਸ਼ੀਆਂ ਤੋਂ ਪੂਰੇ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।