ਖਾੜਕੂ ਭੂਤਨਾ ਤੇ 5 ਹੋਰ ਸਿੱਖ ਨੌਜਵਾਨ ਅਦਾਲਤ ਵੱਲੋਂ ਬਾਇੱਜ਼ਤ ਬਰੀ
ਮਾਨਸਾ, 17 ਜਨਵਰੀ -ਸਥਾਨਕ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਨੇ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ ਤੇ 5 ਹੋਰ ਸਿੱਖ ਨੌਜਵਾਨਾਂ ਨੂੰ ਡੇਰਾ ਸਿਰਸਾ ਦੇ ਪ੍ਰੇਮੀ 'ਤੇ ਹਮਲੇ ਦੇ ਦੋਸ਼ ਵਿਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਭੀਖੀ ਦੇ ਜਥੇਦਾਰ ਭਰਪੂਰ ਸਿੰਘ ਭੀਖੀ ਤੇ ਉਨ੍ਹਾਂ ਦੇ ਸਪੁੱਤਰ ਹਰਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਨੂੰ ਭਲਕੇ ਸਜ਼ਾ ਸੁਣਾਈ ਜਾਵੇਗੀ। ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਦੇ ਸਾਥੀ ਮੁਲਾਜ਼ਮ ਆਗੂ ਪਰਮਜੀਤ ਸਿੰਘ ਭੀਖੀ ਨੂੰ ਵੀ ਬਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 6 ਸਤੰਬਰ, 2008 ਨੂੰ ਜ਼ਿਲ੍ਹੇ ਦੇ ਪਿੰਡ ਸਮਾਉਂ ਵਿਖੇ ਡੇਰਾ ਪ੍ਰੇਮੀ ਭੋਲਾ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਭੀਖੀ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਥਾਣਾ ਭੀਖੀ ਦੀ ਪੁਲਿਸ ਨੇ ਉਸ ਦੇ ਭਰਾ ਦੇ ਬਿਆਨਾਂ 'ਤੇ ਜਥੇ: ਭਰਪੂਰ ਸਿੰਘ ਭੀਖੀ, ਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਭੀਖੀ 'ਤੇ ਧਾਰਾ 307/ 34 ਆਈ. ਪੀ. ਸੀ. , 25/54/59 ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਨ੍ਹਾਂ ਵਿਅਕਤੀਆਂ ਵੱਲੋਂ ਦਿੱਤੀ ਦਰਖਾਸਤ ਨੂੰ ਆਧਾਰ ਬਣਾ ਕੇ ਪੁਲਿਸ ਨੇ ਜਾਂਚ ਦੌਰਾਨ ਉਨ੍ਹਾਂ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਅਤੇ ਖਾੜਕੂ ਬਲਵੀਰ ਸਿੰਘ ਭੂਤਨਾ, ਭਾਈ ਮੱਖਣ ਸਿੰਘ ਸਮਾਉਂ, ਬਹਾਲ ਸਿੰਘ ਸਿੰਘਪੁਰਾ, ਦੀਦਾਰ ਸਿੰਘ ਬਾਬਾ ਬਕਾਲਾ ਅਤੇ ਦਰਸ਼ਨ ਸਿੰਘ ਨੂੰ ਕਥਿਤ ਦੋਸ਼ੀ ਗਰਦਾਨ ਕੇ ਚਲਾਨ ਪੇਸ਼ ਕਰ ਦਿੱਤਾ। ਸਿੱਖ ਨੌਜਵਾਨਾਂ ਵੱਲੋਂ ਪੇਸ਼ ਹੋਏ ਵਕੀਲ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਦੋਸ਼ੀ ਗਰਦਾਨੇ ਗਏ ਵਿਅਕਤੀ ਹਿਰਾਸਤ ਵਿਚ ਲੈ ਲਏ ਗਏ ਹਨ, ਨੂੰ ਸਜ਼ਾ 17 ਜਨਵਰੀ ਨੂੰ ਸੁਣਾਈ ਜਾਵੇਗੀ।
ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਪੁਲਿਸ ਵੱਲੋਂ
2.95 ਕਰੋੜ ਦੀ ਬੇਹਿਸਾਬੀ ਰਕਮ ਬਰਾਮਦ
ਬਠਿੰਡਾ ਪੁਲਿਸ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਸ: ਨਿਰਮਲ ਸਿੰਘ ਢਿੱਲੋਂ
ਪੱਤਰਕਾਰ ਸੰਮੇਲਨ ਦੌਰਾਨ ਸੰਬੋਧਨ ਕਰਦੇ ਹੋਏ। ਤਸਵੀਰ: ਭੁਪਿੰਦਰ ਢਿੱਲੋਂ ਬਠਿੰਡਾ, 17 ਜਨਵਰੀ -ਬਠਿੰਡਾ ਪੁਲਿਸ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਸ: ਨਿਰਮਲ ਸਿੰਘ ਢਿੱਲੋਂ ਨੇ ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਅਤੇ ਡੀ. ਆਈ. ਜੀ. ਫ਼ਰੀਦਕੋਟ ਰੇਂਜ ਨਾਲ ਫਰੀਦਕੋਟ ਵਿਖੇ ਮੀਟਿੰਗ ਕਰਨ ਉਪਰੰਤ ਬਠਿੰਡਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੀਟਿੰਗ ਵਿਚ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਚੋਣਾਂ ਨੂੰ ਸਾਹਮਣੇ ਰੱਖ ਕੇ ਅਮਨ ਕਾਨੂੰਨ ਕਾਇਮ ਰੱਖਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਰੋਕਣ ਲਈ ਗੰਭੀਰ ਵਿਚਾਰ-ਵਟਾਂਦਰੇ ਦੇ ਬਾਅਦ ਵਿਸ਼ੇਸ਼ ਵਿਉਂਦਬੰਦੀ ਕੀਤੀ ਗਈ ਹੈ। ਸ: ਢਿੱਲੋਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਬਠਿੰਡਾ ਪੁਲਿਸ ਜ਼ੋਨ ਅਧੀਨ ਪੈਂਦੇ ਜ਼ਿਲ੍ਹਿਆਂ ਵਿਚ ਪੁਲਿਸ ਨੇ 25 ਨਾਜਾਇਜ਼ ਪਿਸਤੌਲ, 38 ਰਾਇਫ਼ਲਾਂ, 9 ਰਿਵਾਲਵਰ ਅਤੇ 100 ਤੋਂ ਵੱਧ ਇਨ੍ਹਾਂ ਦੇ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਕਾਲੇ ਧਨ ਦੀ ਵਰਤੋਂ ਰੋਕਣ ਲਈ ਲਗਾਏ ਗਏ ਨਾਕਿਆਂ ਦੌਰਾਨ 2 ਕਰੋੜ 95 ਲੱਖ 14970 ਰੁਪਏ ਦੀ ਬਿਨ੍ਹਾਂ ਹਿਸਾਬ ਕਿਤਾਬ ਦੇ ਨਗਦੀ ਬਰਾਮਦ ਕਰਕੇ ਇਸ ਮਾਮਲੇ ਨੂੰ ਆਮਦਨ ਕਰ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਹੈ। ਵਿਸ਼ੇਸ਼ ਚੈਕਿੰਗ ਦੌਰਾਨ 100 ਤੋਂ ਵੱਧ ਭਗੌੜੇ ਅਤੇ 655 ਵਿਅਕਤੀ ਜਿੰਨ੍ਹਾਂ ਦੇ ਗੈਰ ਜ਼ਮਾਨਤੀ ਵਾਰੰਟ ਅਦਾਲਤਾਂ ਵੱਲੋਂ ਜਾਰੀ ਕੀਤੇ ਗਏ ਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਨ ਕਾਨੂੰਨ ਵਿਚ ਖੱਲਲ ਪਾਉਣ ਦੇ ਦੋਸ਼ ਹੇਠ 2384 ਵਿਅਕਤੀਆਂ ਨੂੰ ਧਾਰਾ 107, 151 ਜ਼ਾਬਤਾ ਫੌਜਦਾਰੀ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਸ: ਢਿੱਲੋਂ ਨੇ ਹੋਰ ਦੱਸਿਆ ਕਿ ਬਠਿੰਡਾ ਪੁਲਿਸ ਰੇਂਜ ਦੀਆਂ ਸਾਰੀਆਂ ਅੰਤਰਰਾਜੀ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ 24 ਘੰਟੇ ਨਾਕਾਬੰਦੀ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ, ਨਸ਼ੇ ਅਤੇ ਪੈਸੇ ਵੰਡਣ ਨੂੰ ਰੋਕਣ ਲਈ ਸਾਰੇ ਜ਼ਿਲ੍ਹੇ ਸੈਕਟਰਾਂ ਵਿਚ ਵੰਡ ਦਿੱਤੇ ਗਏ ਹਨ ਅਤੇ ਹਰ ਸੈਕਟਰ ਦਾ ਇੰਚਾਰਜ ਉਪ-ਪੁਲਿਸ ਕਪਤਾਨ ਪੱਧਰ ਦਾ ਅਧਿਕਾਰੀ ਲਾਇਆ ਗਿਆ ਹੈ। ਉਨ੍ਹਾ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਲਈ ਲੋਕਾਂ ਤੋਂ ਲਾਇਸੰਸੀ ਅਸਲੇ ਦੇ ਹਥਿਆਰ ਜਮ੍ਹਾ ਕਰਵਾਏ ਜਾ ਰਹੇ ਹਨ ਅਤੇ ਮਾੜੇ ਅਨਸਰਾਂ ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ
ਨਿਹਾਲ ਸਿੰਘ ਵਾਲਾ, -ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮ੍ਰਿਤਕ ਮਲਕੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਕਰਵਾਏ ਬਿਆਨਾਂ ਅਨੁਸਾਰ ਮ੍ਰਿਤਕ ਦਾ ਵੱਡਾ ਭਰਾ ਪ੍ਰੀਤਮ ਸਿੰਘ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਚਾਲ ਚੱਲਣ 'ਤੇ ਸ਼ੱਕ ਕਰਦਾ ਸੀ। ਜਿਸ ਨੂੰ ਲੈ ਕੇ ਘਰ ਵਿਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਇਸੇ ਤਹਿਤ ਬੀਤੀ ਰਾਤ ਪ੍ਰੀਤਮ ਸਿੰਘ ਅਤੇ ਮਲਕੀਤ ਸਿੰਘ 'ਚ ਝਗੜਾ ਹੋਇਆ। ਗੱਲ ਹੱਥੋ ਪਾਈ ਤੱਕ ਪਹੁੰਚ ਗਈ ਪ੍ਰੰਤੂ ਮਲਕੀਤ ਸਿੰਘ ਵੱਲੋਂ ਵਿਰੋਧ ਕਰਨ 'ਤੇ ਆਪਣੇ ਹੱਥ ਵਿਚਲੇ ਮੂਗਲੇ ਨਾਲ ਜ਼ਬਰਦਸਤ ਵਾਰ ਕਰ ਦਿੱਤੇ ਜਿਨ੍ਹਾਂ ਦੀ ਸੱਟ ਨਾ ਸਹਾਰਦਿਆਂ ਮਲਕੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਿਸ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਿੱਤੀ ਗਈ। ਹਰਪ੍ਰੀਤ ਕੌਰ ਦੀ ਬਿਆਨਾਂ 'ਤੇ ਉਸ ਦੇ ਜੇਠ ਪ੍ਰੀਤਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਸ਼ਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ-ਅਵਤਾਰ ਸਿੰਘ
ਚੰਡੀਗੜ੍ਹ, 17 ਜਨਵਰੀ -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਸ਼ਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸ: ਸ਼ਵਿੰਦਰ ਸਿੰਘ ਨਾਂਅ ਦਾ ਕੋਈ ਵਿਅਕਤੀ ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਜੋ ਤਰਨਤਾਰਨ ਹਲਕੇ ਜਾਂ ਇਸ ਜ਼ਿਲ੍ਹੇ ਦੇ ਕਿਸੇ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੋਵੇ। ਸੰਪਰਕ ਕਰਨ 'ਤੇ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਜਿਸ ਕਿਸੇ ਵੀ ਵਿਅਕਤੀ ਨੇ ਇਸ ਨਾਂਅ 'ਤੇ ਕੱਲ੍ਹ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਚ ਕਾਂਗਰਸ ਦਾ ਚੋਣ ਮਨੋਰਥ ਪੱਤਰ ਰਿਲੀਜ਼ ਕਰਨ ਸਮੇਂ ਬੀ. ਕੇ. ਹਰੀ ਪ੍ਰਸ਼ਾਦ, ਜੀ. ਐਸ. ਚੜਕ, ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੀ ਮੌਜੂਦਗੀ ਵਿਚ ਆਪਣੇ ਆਪ ਨੂੰ ਤਰਨਤਾਰਨ ਤੋਂ ਸ਼੍ਰੋਮਣੀ ਕਮੇਟੀ ਦਾ ਅਕਾਲੀ ਮੈਂਬਰ ਦੱਸ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ, ਉਸ ਨੇ ਗਲਤ ਬਿਆਨੀ ਕੀਤੀ ਤੇ ਜਨਤਾ ਨਾਲ ਧੋਖਾ ਤੇ ਠੱਗੀ ਕੀਤੀ ਹੈ। ਉਸ ਵਿਰੁੱਧ ਕੇਸ ਕੀਤਾ ਜਾ ਸਕਦਾ ਹੈ।
ਪੰਜਾਬੀ ਲੋਕ ਗਾਇਕਾ ਬੀਬਾ ਢਿੱਲੋਂ ਦੀ ਮੌਤ
ਬੀਬਾ ਗੁਰਮੀਤ ਢਿੱਲੋਂ ਮਹਿਮਾ ਸਰਜਾ, 17 ਜਨਵਰੀ -ਮਾਲਵੇ ਦੀ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਬੀਬਾ ਗੁਰਮੀਤ ਢਿੱਲੋਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 38 ਵਰ੍ਹਿਆਂ ਦੇ ਸਨ। ਬੀਬਾ ਢਿਲੋਂ ਆਪਣੇ ਪਿੱਛੇ ਲੜਕਾ ਇੰਦਰਜੀਤ ਸਿੰਘ (17) ਅਤੇ ਲੜਕੀ ਸੁਖਵੀਰ ਕੌਰ (17) ਨੂੰ ਛੱਡ ਗਏ। ਬੀਬਾ ਢਿੱਲੋਂ ਨੂੰ ਅਨੇਕਾਂ ਮਾਣ ਸਨਮਾਨ ਮਿਲ ਚੁੱਕੇ ਹਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਸਮੁੱਚੇ ਕਲਾਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰਸਿੱਧ ਲੋਕ ਗਾਇਕ ਹਾਕਮ ਬਖਤੜੀ ਵਾਲਾ ਅਤੇ ਦਲਜੀਤ ਕੌਰ, ਜਗਮੋਹਣ ਸੰਧੂ, ਗੋਰਾ ਚੱਕ ਵਾਲਾ, ਗੁਰਤੇਜ ਕਾਬਲ, ਗੀਤਕਾਰ ਹਰਚੰਦ ਕੰਦੀ, ਭਿੰਦਰ ਜੈਤੋ, ਧਰਮਪ੍ਰੀਤ, ਭਿੰਦਰ ਡੱਬਵਾਲੀ ਗੀਤਕਾਰ, ਜ਼ਸਨਦੀਪ, ਗੀਤਕਾਰ ਅਮਰਦੀਪ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।