ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਅਜੋਕੇ ਸਮੇਂ ਦਾ ਹਿੰਸਕ ਤੇ ਅਸ਼ਲੀਲਤਾ ਭਰਪੂਰ ਗੀਤ ਸੰਗੀਤ ਸਾਡੇ ਬੱਚਿਆਂ ਨੂੰ ਹਿੰਸਕ ਬਣਾਉਣ ਲਈ ਤਾਂ ਜਿੰਮੇਵਾਰ ਨਹੀਂ, ਜੋ ਨਿੱਤ ਟੀ. ਵੀ. ਚੈਨਲਾਂ ਤੇ ਐਲਬਮਾਂ ਰਾਹੀਂ ਸਾਡੇ ਬੱਚਿਆਂ 'ਤੇ ਜ਼ਬਰੀ ਠੋਸਿਆ ਜਾ ਰਿਹਾ ਹੈ?
ਅੰਮ੍ਰਿਤਸਰ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਦੇ 11ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਵੱਲੋਂ ਗੋਲੀਆਂ ਚਲਾਉਣ ਦੇ ਚਰਚਿਤ ਮਾਮਲੇ ਨੇ ਇਕ ਵਾਰ ਤਾਂ ਸਭ ਨੂੰ ਹਲੂਣ ਕੇ ਰੱਖ ਦਿੱਤਾ ਹੈ। ਪੰਜਾਬੀ ਸਭਿਆਚਾਰ, ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ 'ਚ ਆ ਰਿਹਾ ਨਿਘਾਰ ਨਾਬਾਲਗਾਂ ਵੱਲੋਂ ਚਲਾਈਆਂ ਗੋਲੀਆਂ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ ਹੈ।
ਅੰਮ੍ਰਿਤਸਰ-21 ਫਰਵਰੀ ૿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ ਤੇ ਆਪਣੇ ਸਿੱਖਾਂ ਨੂੰ ਸ਼ਸਤਰ ਬਖਸ਼ਿਸ਼ ਕੀਤੇ, ਇਹ ਸ਼ਸਤਰ ਤੇ ਹਥਿਆਰ ਜ਼ਬਰ ਜੁਲਮ ਨੂੰ ਠੱਲ੍ਹ ਪਾਉਣ ਤੇ ਕਿਸੇ ਨਾਲ ਹੁੰਦੀ ਬੇਇਨਸਾਫ਼ੀ ਨੂੰ ਰੋਕਣ ਲਈ ਦਿੱਤੇ ਗਏ ਸਨ ਨਾ ਕਿ ਨਿਰਦੋਸ਼ਾਂ ਦਾ ਖੂਨ ਵਹਾਉਣ ਲਈ।
ਪਰ ਅਜੋਕੇ ਪੰਜਾਬੀ ਗਾਇਕ ਸਭਿਆਚਾਰ ਦਾ ਜਨਾਜਾ ਕੱਢਕੇ ਹਥਿਆਰ ਰੱਖਣਾ, ਚਲਾਉਣਾ ਤੇ ਬੰਦੇ ਮਾਰਨਾਂ ਪੰਜਾਬੀਆਂ ਦਾ ਸ਼ੌਕ ਦਸਦੇ ਹਨ। ਅੱਜਕੱਲ੍ਹ ਟੀ. ਵੀ. ਚੈਨਲਾਂ 'ਤੇ ਚੱਲ ਰਿਹਾ ਇਕ ਗੀਤ 'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ' ਵੀ ਇਸੇ ਤਰ੍ਹਾਂ ਦਾ ਗੀਤ ਹੈ। ਅਜਿਹੇ ਗਾਇਕ ਆਪਣੀ ਲਚਰ ਤੇ ਹਿੰਸਕ ਗਾਇਕੀ ਰਾਹੀਂ ਨੌਜਵਾਨਾਂ ਨੂੰ ਉਕਸਾ ਰਹੇ ਹਨ।
ਇਨ੍ਹਾਂ ਗਾਣਿਆਂ ਦੀ ਵੀਡੀਓ ਐਲਬਮਾਂ 'ਚ ਮਹਿੰਗੀਆਂ ਗੱਡੀਆਂ, ਦੇਸੀ ਵਿਦੇਸ਼ੀ ਪਿਸਤੌਲਾਂ, ਬੰਦੂਕਾਂ ਤੇ ਬੇਵਸ ਕੁੜੀਆਂ ਦੀ ਇਕ ਤਰ੍ਹਾਂ ਨੁੰਮਾਇਸ਼ ਲਗਾਈ ਜਾਂਦੀ ਹੈ। ਵਿਦਿਅਰਥੀਆਂ ਵੱਲੋਂ ਗੋਲੀ ਚਲਾਉਣ ਦੀ ਪ੍ਰਵਿਤੀ ਪੱਛਮੀ ਸਮਾਜ 'ਚ ਤਾਂ ਹੈ ਪਰ ਭਾਰਤੀ ਤੇ ਖਾਸਕਰ ਪੰਜਾਬੀ ਸਭਿਆਚਾਰ 'ਚ ਬਿਲਕੁਲ ਨਹੀਂ। ਬਾਲ ਮਨਾ ਤੇ ਹਿੰਸਕ , ਗੀਤ, ਸੰਗੀਤ ਪੱਛਮੀ ਤਰਜ ਦਾ ਰਹਿਣ ਸਹਿਣ ਮਾਰੂ ਪ੍ਰਭਾਵ ਪਾ ਰਿਹਾ ਹੈ, ਜਿਸਦੀ ਇਕ ਮਿਸਾਲ ਸਾਡੇ ਸਾਹਮਣੇ ਹੈ। ਇਸ ਤਰ੍ਹਾਂ ਦੇ ਗਇਕੀ ਤੇ ਐਬਲਮਾਂ ਨੂੰ ਨਕਾਰਨਾ ਤੇ ਰੋਕਣਾ ਜਿਥੇ ਸਾਡੀ ਸਰਕਾਰਾਂ ਦਾ ਫ਼ਰਜ ਹੈ, ਉਥੇ ਘਰਾਂ 'ਚ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਅਜਿਹੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਆਪਣੇ ਅਮੀਰ ਵਿਰਸੇ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਭੰਗਾਲੀ ਕਲਾਂ 'ਚ ਬੀਤੀ 16 ਫਰਵਰੀ ਨੂੰ ਸਕੂਲੀ ਵਿਦਿਆਰਥੀਆਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਇਕ ਦੂਜੇ 'ਤੇ ਗੋਲੀਆਂ ਚਲਾ ਕੇ ਚਾਰ ਵਿਦਿਆਰਥੀਆਂ ਨੂੰ ਜਖਮੀ ਕਰ ਦਿੱਤਾ ਗਿਆ।
ਪੰਜਾਬ ਵੱਡੇ ਵਿੱਤੀ ਸੰਕਟ ਵਿਚ
ਰਾਜ ਦੇ ਖ਼ਜ਼ਾਨੇ 2200 ਕਰੋੜ ਦੇ ਬਿੱਲਾਂ ਦੀਆਂ
ਅਦਾਇਗੀਆਂ ਕਰਨ ਵਿਚ ਅਸਮਰਥ
ਬਿਜਲੀ ਬੋਰਡ ਨੂੰ ਰਹਿੰਦੀ 978 ਕਰੋੜ ਦੀ ਸਬਸਿਡੀ ਦੇਣੀ ਮੁਸ਼ਕਿਲ ਹੋਈ
ਚੰਡੀਗੜ੍ਹ.-21 ਫਰਵਰੀ ૿ ਪੰਜਾਬ ਵਿਚਲੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਡੇ ਮਾਲੀ ਸੰਕਟ ਵਿਚ ਹੈ। ਰਾਜ ਦੇ ਖ਼ਜ਼ਾਨਿਆਂ ਵਿਚ ਕੋਈ 2200 ਕਰੋੜ ਤੋਂ ਵੱਧ ਦੇ ਬਿੱਲ ਅਦਾਇਗੀਆਂ ਲਈ ਬਕਾਇਆ ਪਏ ਹਨ। ਅਤੇ ਸਰਕਾਰ ਦੇ ਖ਼ਜ਼ਾਨਾ ਵਿਭਾਗ ਵੱਲੋਂ ਬਿਜਲੀ ਬੋਰਡ ਨੂੰ ਜਨਵਰੀ ਤੋਂ ਮਾਰਚ ਤੱਕ ਲਈ ਦਿੱਤੀ ਜਾਣ ਵਾਲੀ 978 ਕਰੋੜ ਦੀ ਬਿਜਲੀ ਸਬਸਿਡੀ ਦੀ ਅਦਾਇਗੀ ਕਰਨ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਗਏ ਹਨ, ਜਿਸ ਕਾਰਨ ਬਿਜਲੀ ਬੋਰਡ ਵੀ ਮਾਲੀ ਸੰਕਟ ਵਿਚ ਆ ਗਿਆ ਹੈ ਅਤੇ ਬੋਰਡ ਵੱਲੋਂ ਇਸ ਮਾਲੀ ਸੰਕਟ ਕਾਰਨ ਬਾਹਰੋਂ ਬਿਜਲੀ ਦੀ ਖ਼ਰੀਦ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਰਾਜ ਵਿਚ ਬਿਜਲੀ ਦੀ ਥੁੜ੍ਹ ਦੀ ਸਮੱਸਿਆ ਵੀ ਸਾਹਮਣੇ ਆ ਗਈ ਹੈ। ਉੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਲਈ ਫਰਵਰੀ ਅਤੇ ਮਾਰਚ 2012 ਦੇ ਮਹੀਨਿਆਂ ਲਈ ਮੁਲਾਜ਼ਮਾਂ ਦੀ ਤਨਖਾਹ ਦੀ ਅਦਾਇਗੀ ਵੀ ਇੱਕ ਵੱਡੀ ਚੁਣੌਤੀ ਬਣ ਗਈ ਹੈ, ਕਿਉਂਕਿ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਵੱਡੀਆਂ ਛੋਟਾਂ ਕਾਰਨ ਜਿੱਥੇ ਰਾਜ ਦਾ ਮਾਲੀਆ ਵੀ ਘੱਟ ਗਿਆ ਹੈ, ਉੱਥੇ ਨਵੀਆਂ ਰਿਆਇਤਾਂ ਦੀਆਂ ਅਦਾਇਗੀਆਂ ਮਾਰਚ-ਅਪ੍ਰੈਲ 2012 ਤੋਂ ਸ਼ੁਰੂ ਹੋ ਜਾਣ ਕਾਰਨ ਸਾਲਾਨਾ ਹੋਈ 2000 ਕਰੋੜ ਦਾ ਸਰਕਾਰੀ ਖ਼ਜਾਨੇ 'ਤੇ ਨਵਾਂ ਬੋਝ ਪੈ ਜਾਵੇਗਾ। ਰਾਜ ਸਰਕਾਰ ਵੱਲੋਂ ਦਸੰਬਰ 2011 ਤੱਕ ਪ੍ਰਾਪਤ ਮਾਲੀਏ ਦੇ ਆਧਾਰ 'ਤੇ ਜੋ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਅਨੁਸਾਰ ਦਸੰਬਰ 2011 ਤੱਕ ਰਾਜ ਦਾ ਮਾਲੀ ਘਾਟਾ 3394.38 ਕਰੋੜ ਸੀ, ਜਦੋਂ ਕਿ ਇਸ ਸਮੇਂ ਤੱਕ ਰਾਜ ਦਾ ਕੁੱਲ ਬੀਤੀ ਘਾਟਾ 4536.43 ਕਰੋੜ ਸੀ। ਰਾਜ ਦੇ ਇਨ੍ਹਾਂ ਪਲਾਨ ਤੇ ਨਾਨ ਪਲਾਨ ਘਾਟਿਆਂ ਦਾ ਜੋੜ ਕਰ ਲਿਆ ਜਾਵੇ ਤਾਂ ਰਾਜ ਦਾ ਕੁੱਲ ਘਾਟਾ 7934 ਕਰੋੜ ਹੈ, ਜੋ ਰਾਜ ਦੇ ਇਤਹਾਸ ਵਿਚ ਘਾਟੇ ਦਾ ਇੱਕ ਨਵਾਂ ਰਿਕਾਰਡ ਹੈ। ਰਿਪੋਰਟ ਅਨੁਸਾਰ ਰਾਜ ਸਰਕਾਰ ਵੱਲੋਂ ਬਜਟ ਤਜ਼ਵੀਜਾਂ ਵਿਚ ਮਾਲੀ ਸਾਲ ਦੌਰਾਨ ਕੁੱਲ 32026.76 ਕਰੋੜ ਦੀਆਂ ਜੋ ਮਾਲੀ ਪ੍ਰਾਪਤੀਆਂ ਦਰਸਾਈਆਂ ਗਈਆਂ ਸਨ, ਉਨ੍ਹਾਂ ਦੇ ਮੁਕਾਬਲੇ ਦਸੰਬਰ 2011 ਤੱਕ ਰਾਜ ਦੀਆਂ ਅਸਲ ਮਾਲੀ ਪ੍ਰਾਪਤੀਆਂ 19104.62 ਕਰੋੜ ਰੁਪਏ ਸਨ। ਜਿਸ ਤੋਂ ਸਪਸ਼ਟ ਹੈ ਕਿ ਮਾਲੀਆਂ ਪ੍ਰਾਪਤੀਆਂ ਸਬੰਧੀ ਬਜਟ ਅਨੁਮਾਨਾਂ ਦੇ ਆਂਕੜਿਆਂ ਤੱਕ ਪੁੱਜਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋਵੇਗਾ। ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਰਾਜ ਦੀ ਵੈਟ ਅਤੇ ਵਿਕਰੀ ਕਰ ਤੋਂ ਕੁੱਲ ਆਮਦਨ ਜੋ ਦਸੰਬਰ 2010 ਵਿਚ 8142.94 ਕਰੋੜ ਸੀ, ਵੱਧ ਕੇ ਦਸੰਬਰ 2011 ਵਿਚ 9267. 72 ਕਰੋੜ ਹੋ ਗਈ ਸੀ, ਪ੍ਰੰਤੂ ਮਨੋਰੰਜਨ ਕਰ ਤੋਂ ਬਜਟ ਅਨੁਮਾਨਾਂ ਵਿਚ ਸਾਲ ਦੌਰਾਨ 238.70 ਕਰੋੜ ਦੀ ਪ੍ਰਾਪਤੀ ਦਾ ਜੋ ਅਨੁਮਾਨ ਲਗਾਇਆ ਗਿਆ ਸੀ, ਅਸਲ ਵਿਚ ਉਸ ਤੋਂ ਦਸੰਬਰ 2011 ਤੱਕ ਦੀ ਪ੍ਰਾਪਤੀ 23.82 ਕਰੋੜ ਰੁਪਏ ਸੀ। ਕੇਂਦਰ ਤੋਂ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਅਤੇ ਸਹਾਇਤਾ ਜਿਸ ਦਾ ਬਜਟ ਅਨੁਮਾਨਾਂ ਵਿਚ 4327.78 ਕਰੋੜ ਰੁਪਏ ਅਨੁਮਾਨ ਲਗਾਇਆ ਗਿਆ ਸੀ, ਉਸ ਸਬੰਧੀ ਦਸੰਬਰ 2011 ਤੱਕ ਅਸਲ ਪ੍ਰਾਪਤੀ 1748.63 ਕਰੋੜ ਸੀ। ਲੇਕਿਨ ਰਿਪੋਰਟ ਵਿਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਨ੍ਹਾਂ ਪ੍ਰਾਪਤੀਆਂ ਵਿਚ ਕਮੀ ਦਾ ਕਾਰਨ ਇਹ ਤਾਂ ਨਹੀਂ ਸੀ ਕਿ ਰਾਜ ਕੇਂਦਰੀ ਗ੍ਰਾਂਟਾਂ ਵਿਚ ਬਣਦੀ ਹਿੱਸੇਦਾਰੀ ਦੇ ਰਾਸ਼ੀ ਜਮ੍ਹਾਂ ਨਹੀਂ ਕਰਵਾ ਸਕਿਆ। ਕੇਂਦਰ ਸਰਕਾਰ ਵੱਲੋਂ ਮਗਰਲੇ ਸਾਲ ਦੌਰਾਨ ਪ੍ਰਾਪਤ ਹੋਈਆਂ ਗ੍ਰਾਂਟਾਂ ਨੂੰ ਕਿਸੇ ਹੋਰ ਪਾਸੇ ਵਰਤ ਲਏ ਜਾਣ ਕਾਰਨ ਨਿਯਮਾਂ ਅਨੁਸਾਰ ਕੇਂਦਰ ਦੀ ਗ੍ਰਾਂਟ ਉਸ ਸਕੀਮ ਲਈ ਦੁਬਾਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਅਜਿਹੀ ਰਾਸ਼ੀ ਵਾਪਸ ਉਸ ਮਦ ਵਿਚ ਜਮ੍ਹਾਂ ਨਾ ਕਰਵਾਈ ਜਾਵੇ, ਜਿਸ ਲਈ ਕੇਂਦਰ ਤੋਂ ਉਸ ਦੀ ਪ੍ਰਾਪਤ ਕੀਤੀ ਗਈ ਹੋਵੇ। ਰਾਜ ਸਰਕਾਰ ਚਾਲੂ ਮਾਲੀ ਸਾਲ ਦੌਰਾਨ ਕਈ ਕੇਂਦਰੀ ਸਕੀਮਾਂ ਅਧੀਨ ਬਣਦੀ ਰਾਸ਼ੀ ਇਸ ਲਈ ਹੁਣ ਤੱਕ ਪ੍ਰਾਪਤ ਨਹੀਂ ਕਰ ਸਕੀ ਕਿ ਉਸ ਵੱਲੋਂ ਮਗਰਲੇ ਸਾਲ ਕੁੱਝ ਖਾਸ ਸਕੀਮਾਂ ਲਈ ਪ੍ਰਾਪਤ ਕੀਤੀ ਰਾਸ਼ੀ ਦੂਜੇ ਕੰਮਾਂ ਲਈ ਵਰਤ ਲਏ ਜਾਣ ਅਤੇ ਚਾਲੂ ਸਾਲ ਵਿਚ ਉਕਤ ਰਾਸ਼ੀ ਉਸ ਹੈੱਡ ਵਿਚ ਵਾਪਸ ਨਾ ਜਮ੍ਹਾਂ ਕਰਵਾਏ ਜਾਣ ਕਾਰਨ ਕੇਂਦਰੀ ਗ੍ਰਾਂਟਾਂ ਰਿਲੀਜ਼ ਨਹੀਂ ਹੋ ਸਕੀਆਂ। ਇਸੇ ਤਰ੍ਹਾਂ ਕੇਂਦਰੀ ਟੈਕਸਾਂ ਵਿਚੋਂ ਰਾਜ ਸਰਕਾਰ ਵੱਲੋਂ ਬਜਟ ਅਨੁਮਾਨਾਂ ਵਿਚ ਰਾਜ ਦਾ ਹਿੱਸਾ ਜੋ 3665.03 ਕਰੋੜ ਵਿਖਾਇਆ ਗਿਆ, ਉਸ ਵਿਚੋਂ ਅਸਲ ਪ੍ਰਾਪਤੀ ਦਸੰਬਰ 2011 ਤੱਕ 2356.11 ਕਰੋੜ ਦੀ ਸੀ। ਇੱਕੋ ਇੱਕ ਮਦ ਜਿੱਥੇ ਰਾਜ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ ਕਾਫ਼ੀ ਤਸੱਲੀਬਖਸ਼ ਸਨ, ਉਹ ਭੌਂ ਮਾਲੀਏ ਦੀ ਹੈ, ਜਿੱਥੇ ਬਜਟ ਅਨੁਮਾਨਾਂ ਵਿਚ ਦਰਸਾਏ 19 ਕਰੋੜ ਮੁਕਾਬਲੇ ਦਸੰਬਰ 2011 ਤੱਕ ਰਾਜ ਸਰਕਾਰ ਨੂੰ 18.02 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਸਨ। ਇਸੇ ਤਰ੍ਹਾਂ ਅਸ਼ਟਾਮ ਡਿਊਟੀ ਅਤੇ ਰਜਿਸਟਰੇਸ਼ਨ ਤੋਂ ਵੀ ਬਜਟ ਅਨੁਮਾਨਾਂ ਵਿਚ ਸਾਲ ਦੌਰਾਨ 2900 ਕਰੋੜ ਦੀਆਂ ਪ੍ਰਾਪਤੀਆਂ ਵਿਖਾਈਆਂ ਗਈਆਂ ਸਨ, ਉਸ ਮੁਕਾਬਲੇ ਦਸੰਬਰ 2011 ਤੱਕ ਰਾਜ ਸਰਕਾਰ ਨੂੰ 2342.88 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਸ ਤੋਂ ਸਪਸ਼ਟ ਹੈ ਕਿ ਇਸ ਟੀਚੇ ਨੂੰ ਵੀ ਪੂਰਾ ਕਰਨਾ ਸੰਭਵ ਨਹੀਂ ਹੋਵੇਗਾ। ਪ੍ਰਸ਼ਾਸਨਿਕ ਹਲਕਿਆਂ ਦਾ ਵੀ ਵਿਚਾਰ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਸੱਤਾ ਵਿਚ ਭਾਵੇਂ ਕੋਈ ਵੀ ਪਾਰਟੀ ਆਵੇ, ਲੇਕਿਨ ਰਾਜ ਦੀ ਮੌਜੂਦਾ ਮਾਲੀ ਸਥਿਤੀ ਉਸ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਵੇਗੀ। ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਲਈ ਰਾਜ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਕੁੱਝ ਇੱਕ ਕੌੜੇ ਤੇ ਮੁਸ਼ਕਿਲ ਫ਼ੈਸਲੇ ਵੀ ਲੈਣੇ ਪੈ ਸਕਦੇ ਹਨ, ਤਾਂ ਜੋ ਰਾਜ ਦੀ ਵਿੱਤੀ ਸਥਿਤੀ ਨੂੰ ਦੁਬਾਰਾ ਲਾਈਨ ਤੇ ਲਿਆਂਦਾ ਜਾ ਸਕੇ। ਅਕਾਲੀ ਭਾਜਪਾ ਸਰਕਾਰ ਜਿਸ ਵੱਲੋਂ ਆਪਣੇ ਮਗਰਲੇ ਕੁੱਝ ਮਹੀਨਿਆਂ ਦੌਰਾਨ ਚੋਣਾਂ ਨੂੰ ਮੁੱਖ ਰੱਖ ਕੇ ਵੋਟਰਾਂ ਨੂੰ ਲੁਭਾਉਣ ਲਈ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਦੇ ਆਪਣੇ ਸੀਨੀਅਰ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੌਰਾਨ ਇਹ ਟਿੱਪਣੀਆਂ ਕਰਦੇ ਰਹੇ ਕਿ ਅਗਰ ਲੋਕਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਸੱਤਾ ਵਿਚ ਲਿਆਂਦਾ ਗਿਆ, ਤਾਂ ਉਨ੍ਹਾਂ ਨੂੰ ਖ਼ੁਦ ਹੀ ਇਨ੍ਹਾਂ ਵਿਚੋਂ ਕਈ ਰਿਆਇਤਾਂ ਵਾਪਿਸ ਲੈਣ ਲਈ ਵੀ ਮਜ਼ਬੂਰ ਹੋਣ ਪੈ ਸਕਦਾ ਹੈ, ਨਹੀਂ ਤਾਂ ਰਾਜ ਸਰਕਾਰ ਲਈ ਆਪਣੇ ਰੋਜ ਮਰਾ ਦੇ ਖਰਚੇ ਚਲਾਉਣੇ ਮੁਸ਼ਕਿਲ ਹੋ ਜਾਣਗੇ।
ਢੋਲਬਾਹਾ ਵਾਸੀ ਸੋਹਣ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ
ਭਰਾ ਨੇ ਹੀ ਰਚੀ ਸੀ ਸਾਜ਼ਿਸ਼
ਹੁਸ਼ਿਆਰਪੁਰ-21 ਫਰਵਰੀ ਪਿੰਡ ਭਟੋਲੀਆਂ ਵਿਖੇ ਤਿੰਨ ਫ਼ਰਵਰੀ ਨੂੰ ਢੋਲਬਾਹਾ ਵਾਸੀ ਸੋਹਣ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸੋਹਣ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਉਸ ਦੇ ਮਾੜੇ ਰਵੱਈਏ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ। ਕੁਲਦੀਪ ਸਿੰਘ ਨੇ ਵਾਰਦਾਤ ਵਾਲੀ ਰਾਤ ਹਰਿਆਣਾ ਪੁਲਿਸ ਨੂੰ ਇਹ ਬਿਆਨ ਦਿੱਤਾ ਸੀ ਕਿ ਜਦੋਂ ਉਹ ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਪੰਜਾਬ ਨੈਸ਼ਨਲ ਬੈਂਕ ਭੂੰਗਾ ਦੇ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਗਏ ਸਨ ਤਾਂ ਪੈਸੇ ਨਿਕਲੇ ਨਹੀਂ। ਜਦੋਂ ਉਹ ਵਾਪਿਸ ਪਿੰਡ ਨੂੰ ਆ ਰਹੇ ਸਨ ਤਾਂ ਕਰੀਬ ਸਾਢੇ 8 ਵਜੇ ਪਿੰਡ ਭਟੋਲੀਆਂ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਪਿੰਡ ਮਸਤੀਵਾਲ ਦਾ ਰਸਤਾ ਪੁੱਛਿਆ ਅਤੇ ਬੇਸ ਬਾਲ ਦੇ ਬੈਟ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਦੋਂ ਸੋਹਣ ਸਿੰਘ ਨੂੰ ਡੀ. ਐੱਮ. ਸੀ ਲੁਧਿਆਣਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੋਹਣ ਸਿੰਘ ਜੋ ਦੁਬਈ ਤੋਂ ਆਇਆ ਸੀ, ਅਕਸਰ ਆਪਣੀ ਮਾਂ ਸੋਮਾ ਦੇਵੀ ਨਾਲ ਲੜਦਾ ਝਗੜਦਾ ਰਹਿੰਦਾ ਸੀ। ਨਿੱਤ ਦਿਨ ਦੇ ਕਲੇਸ਼ ਤੋਂ ਤੰਗ ਆ ਚੁੱਕੇ ਕੁਲਦੀਪ ਨੇ ਇਸ ਸਬੰਧੀ ਆਪਣੇ ਦੋਸਤ ਜਗਮਨਪ੍ਰੀਤ ਸਿੰਘ ਵਾਸੀ ਮਕਸੂਦਾਂ, ਜਲੰਧਰ ਨਾਲ ਗੱਲਬਾਤ ਕੀਤੀ। ਜਗਮਨਪ੍ਰੀਤ ਅਤੇ ਕੁਲਦੀਪ ਦੋਵੇਂ ਦੋਹਾ ਕਤਰ ਵਿਖੇ ਇਕੱਠੇ ਕੰਮ ਕਰਦੇ ਸਨ। ਸ਼ਾਮ ਵੇਲੇ ਉਹ ਸੋਹਣ ਸਿੰਘ ਨੂੰ ਮੋਟਰ ਸਾਈਕਲ ਵਿਚ ਤੇਲ ਪੁਆਉਣ ਦਾ ਕਹਿ ਕੇ ਭੂੰਗਾ ਵਾਲੇ ਪਾਸੇ ਲੈ ਗਿਆ ਜਿੱਥੇ ਜਗਮਨਪ੍ਰੀਤ ਪਹਿਲਾਂ ਹੀ ਮੌਜੂਦ ਸੀ। ਜਗਮਨਪ੍ਰੀਤ ਨੇ ਸਾਜ਼ਿਸ਼ ਅਨੁਸਾਰ ਦੋਵਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਨ੍ਹਾਂ ਦੇ ਰੁਕਦੇ ਸਾਰ ਹੀ ਸੋਹਣ ਸਿੰਘ ਦੇ ਸਿਰ 'ਤੇ ਬੈਟ ਨਾਲ ਸੱਟਾਂ ਮਾਰੀਆਂ ਅਤੇ ਫ਼ਰਾਰ ਹੋ ਗਿਆ। ਬਾਅਦ ਵਿਚ ਕੁਲਦੀਪ ਨੇ ਪੁਲਿਸ ਨੂੰ ਮਨਘੜਤ ਕਹਾਣੀ ਸੁਣਾ ਕੇ ਪਰਚਾ ਦਰਜ ਕਰਵਾ ਦਿੱਤਾ। ਐੱਸ. ਐੱਸ. ਪੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਮੋਬਾਇਲ ਫ਼ੋਨਾਂ ਦੀਆਂ ਕਾਲਾਂ ਦਾ ਵੇਰਵਾ ਕਢਵਾਇਆ ਅਤੇ ਬੈਂਕ ਤੋਂ ਜਾਣਕਾਰੀ ਲਈ ਜਿਸ ਦੇ ਏ. ਟੀ. ਐੱਮ. 'ਚੋਂ ਪੈਸੇ ਕਢਾਉਣ ਬਾਰੇ ਕੁਲਦੀਪ ਨੇ ਪੁਲਿਸ ਨੂੰ ਦੱਸਿਆ ਸੀ। ਪਤਾ ਲੱਗਿਆ ਕਿ ਦਿੱਤੇ ਸਮੇਂ ਦੌਰਾਨ ਕਿਸੇ ਨੇ ਏ. ਟੀ. ਐੱਮ. ਓਪਰੇਟ ਨਹੀਂ ਕੀਤਾ ਸੀ ਅਤੇ ਕੁਲਦੀਪ ਦੇ ਬਿਆਨਾਂ ਤੋਂ ਉਲਟ ਏ. ਟੀ. ਐੱਮ. ਬਿਲਕੁੱਲ ਸਹੀ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੱਤਿਆ ਲਈ ਵਰਤੇ ਗਏ ਬੈਟ ਅਤੇ ਪਲਸਰ ਮੋਟਰ ਸਾਈਕਲ (ਪੀ.ਬੀ-08-ਬੀ. ਜੇ-5375) ਬਰਾਮਦ ਕਰ ਲਏ ਹਨ।
ਸਰਹੱਦ ਤੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ 7 ਗੋਲੀਆਂ ਮਿਲੀਆਂ
ਖਾਲੜਾ.-21 ਫਰਵਰੀ ਬੀ. ਐੱਸ. ਐੱਫ. ਦੀ ਚੌਕੀ ਨਾਰਲੀ 'ਤੇ ਤਾਇਨਾਤ 43 ਬਟਾਲੀਅਨ ਕੰਪਨੀ ਐੱਫ ਦੇ ਜਵਾਨਾਂ ਵੱਲੋਂ ਹਿੰਦ-ਪਾਕਿ ਸਰਹੱਦ ਤੋਂ ਇਕ ਪਿਸਤੌਲ, ਇਕ ਮੈਗਜੀਨ ਤੇ 7 ਗੋਲੀਆਂ ਬਰਾਮਦ ਹੋਈਆਂ ਹਨ। ਬੀ. ਐੱਸ. ਐੱਫ. ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਥਾਣਾ ਖਾਲੜਾ ਵਿਖੇ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਬੀ. ਐੱਸ. ਐੱਫ. ਦੀ ਚੌਕੀ ਨਾਰਲੀ ਅਧੀਨ ਆਉਂਦੇ ਗੇਟ ਨੰਬਰ 128/26 ਤੋਂ ਅੱਗੇ ਬੀ. ਐੱਸ. ਐੱਫ. ਦੀ ਕਿਸਾਨ ਗਾਰਡ ਗਈ ਸੀ, ਜਿਸ ਵਿਚ ਸ਼ਾਮਿਲ ਜਵਾਨਾਂ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਘਾਹ ਵਿਚ ਪਈ ਇਕ 30 ਬੋਰ ਦੀ ਕੈਲੀਬਰ ਪਿਸਤੌਲ (ਚੀਨ ਮਾਰਕਾ), ਇਕ ਮੈਗਜ਼ੀਨ ਅਤੇ 7 ਗੋਲੀਆਂ ਮਿਲੀਆਂ, ਜਿਸ 'ਤੇ ਥਾਣਾ ਖਾਲੜਾ ਵੱਲੋਂ ਮੁਕੱਦਮਾ ਨੰਬਰ 15 ਧਾਰਾ 25/54/59 ਆਰਮਡ ਐਕਟ ਅਧੀਨ ਦਰਜ ਕਰ ਲਿਆ ਗਿਆ ਹੈ।
ਬੱਸ ਆਪ੍ਰੇਟਰਾਂ ਵੱਲੋਂ ਆਰ. ਟੀ. ਏ. ਦਫ਼ਤਰ ਬਾਹਰ ਧਰਨਾ
ਜਲੰਧਰ.-21 ਫਰਵਰੀ ૿ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਪੱਟੀ ਤੋਂ ਆਏ ਸੈਂਕੜੇ ਬੱਸ ਆਪ੍ਰੇਟਰਾਂ ਨੇ ਆਰ. ਟੀ. ਏ. (ਖੇਤਰੀ ਟਰਾਂਸਪੋਰਟ ਅਥਾਰਿਟੀ) ਦੇ ਦਫ਼ਤਰ ਬਾਹਰ ਬੱਸਾਂ ਦੇ ਰੂਟਾਂ ਵਿਚ ਗ਼ਲਤ ਸਮਾਂ ਲਗਾਉਣ ਤੋਂ ਇਲਾਵਾ ਦਲਾਲਾਂ ਦੇ ਦਖ਼ਲ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ। ਦੋ ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਲਗਾਏ ਗਏ ਧਰਨੇ ਵਿਚ ਮੌਜੂਦ ਬੱਸ ਆਪ੍ਰੇਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰ ਸਮੱਸਿਆ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ-ਗੁਰਦਾਸਪੁਰ ਬੱਸ ਆਪ੍ਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮੰਨਣ ਤੇ ਮਿੰਨੀ ਬੱਸ ਵਰਕਰ ਯੂਨੀਅਨ ਦੇ ਸਕੱਤਰ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਆਰ. ਟੀ. ਏ. ਜਲੰਧਰ ਨੇ ਆਦਰਸ਼ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ 15 ਦਸੰਬਰ 2012 ਬੱਸਾਂ ਦੇ ਰੂਟਾਂ ਦੇ ਸਮੇਂ ਦੀ ਐਡਜਸਟਮੈਂਟ ਬਣਾਈ ਸੀ ਜੋ ਕਿ ਬਿਲਕੁਲ ਗਲਤ ਹੈ। ਇਸ ਬਾਰੇ ਚੋਣ ਕਮਿਸ਼ਨ ਤੋਂ ਇਲਾਵਾ ਅੰਨ੍ਹਾ ਹਜ਼ਾਰੇ ਦੀ ਟੀਮ ਨੂੰ ਵੀ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿਚ ਇਸ ਵੇਲੇ ਦਲਾਲਾਂ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਤੇ ਆਮ ਬੱਸ ਆਪ੍ਰੇਟਰ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ। ਯੂਨੀਅਨ ਆਗੂ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਆਰ. ਟੀ. ਏ. ਨੇ ਸਮਾਂ ਨਾ ਹੋਣ ਦੀ ਗੱਲ ਕਹਿ ਕੇ ਅੰਦਰ ਨਹੀਂ ਸੱਦਿਆ ਪਰ ਬਾਅਦ ਵਿਚ ਆਪ੍ਰੇਟਰਾਂ ਨੂੰ ਅੰਦਰ ਸੱਦ ਕੇ ਭਰੋਸਾ ਦਿੱਤਾ ਕਿ ਉਹ ਮਸਲਾ ਹੱਲ ਕਰਵਾ ਦੇਣਗੇ। ਬਲਦੇਵ ਸਿੰਘ ਸਕੱਤਰ ਯੂਨੀਅਨ ਦਾ ਕਹਿਣਾ ਸੀ ਕਿ ਜੇ ਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਸ਼ੁਰੂ ਕਰ ਦੇਣਗੇ। ਇਸ ਮੌਕੇ ਦਵਿੰਦਰ ਸਿੰਘ ਬਿੱਲੂ, ਕੁਲਦੀਪ ਸਿੰਘ, ਸਾਧੂ ਸਿੰਘ, ਸਤਨਾਮ ਸਿੰਘ ਸੇਖੋਂ, ਸੋਨੂੰ ਨਿਸ਼ਾਦ, ਬਲਵਿੰਦਰ ਮੱਲ੍ਹੀ ਸਮੇਤ ਸੈਂਕੜੇ ਆਪ੍ਰੇਟਰ ਹਾਜ਼ਰ ਸਨ।
ਮੋਟਰਸਾਈਕਲਾਂ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
ਜੌੜਾ ਛੱਤਰਾਂ-
21 ਫਰਵਰੀ ૿ ਸਥਾਨਕ ਕਸਬਾ ਜੌੜਾ ਛੱਤਰਾਂ ਦੇ ਨਜ਼ਦੀਕ ਪੈਂਦੇ ਅੱਡਾ ਅਮੀਪੁਰ ਦੇ ਨੇੜੇ ਦੋ ਮੋਟਰ ਸਾਈਕਲ ਦੀ ਆਹਮਣੇ-ਸਾਹਮਣੇ ਟੱਕਰ ਹੋ ਜਾਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪੁਲਿਸ ਚੌਂਕੀ ਜੌੜਾ ਛੱਤਰਾਂ ਦੇ ਚੌਂਕੀ ਇੰਚਾਰਜ ਸ. ਜਗੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰਮੇਸ਼ ਮਸੀਹ ਪੁੱਤਰ ਅਸ਼ੋਕ ਮਸੀਹ ਵਾਸੀ ਪਿੰਡ ਪਾਹੜਾ, ਮੋਟਰਸਾਈਕਲ ਨੰਬਰ ਪੀ. ਬੀ. 17 ਬੀ 8512 'ਤੇ ਸਵਾਰ ਹੋ ਕੇ ਕਲਾਨੌਰ ਤੋਂ ਂਗੁਰਦਾਸਪੁਰ ਨੂੰ ਆ ਰਿਹਾ ਸੀ ਕਿ ਅੱਡਾ ਅਮੀਪੁਰ ਦੇ ਨਜ਼ਦੀਕ ਗੁਰਦਾਸਪੁਰ ਵੱਲੋਂ ਆ ਰਹੇ ਦਰਸ਼ਨ ਸਿੰਘ ਪੁੱਤਰ ਮਿਲਖੀ ਰਾਮ ਪਿੰਡ ਬਾਗੜੀਆ ਹਾਲ ਦਬੁਰਜੀ ਥਾਣਾ ਕਲਾਨੌਰ ਦੇ ਮੋਟਰਸਾਈਕਲ ਨੰਬਰ ਪੀ.ਬੀ.58 ਐੱਚ 0295 ਨਾਲ ਆਹਮੋ-ਸਾਹਮਣੇ ਦੀ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ ਜਿਥੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।
ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
ਬੂਟਾ ਸਿੰਘ ਅਤੇ ਰਾਮ ਪਿਆਰੀ ਦੀਆਂ ਤਸਵੀਰਾਂ। ਹੁਸ਼ਿਆਰਪੁਰ.-21 ਫਰਵਰੀ ਅੱਜ ਸਵੇਰੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਅਸਲਾਮਾਬਾਦ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ (60) ਪੁੱਤਰ ਹਰੀ ਰਾਮ ਆਪਣੀ ਪਤਨੀ ਰਾਮ ਪਿਆਰੀ (56) ਵਾਸੀ ਗੁਰੂ ਗੋਬਿੰਦ ਸਿੰਘ ਨਗਰ ਹੁਸ਼ਿਆਰਪੁਰ ਨਾਲ ਆਪਣੇ ਸਕੂਟਰ ਐਕਟਿਵਾ ਪੀ. ਬੀ.07 ਟੀ. 9413 'ਤੇ ਹੁਸ਼ਿਆਰਪੁਰ ਵੱਲੋਂ ਗੁਰਦੁਆਰਾ ਹਰੀਆਂ ਵੇਲਾਂ ਨੂੰ ਮੱਥਾ ਟੇਕਣ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਅਸਲਾਮਾਬਾਦ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਪਨਬਸ ਨੰਬਰ ਪੀ.ਬੀ 06 ਕੇ 9592 ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਥਾਣਾ ਸਦਰ ਪੁਲਿਸ ਨੇ ਬੱਸ ਡਰਾਈਵਰ ਖਿਲਾਫ਼ ਧਾਰਾ 279, 304 ਏ., 427 ਤਹਿਤ ਕੇਸ ਦਰਜ ਕਰ ਲਿਆ ਹੈ।
311 ਵਿਅਕਤੀ ਅਜੇ ਵੀ ਹਨ ਲਾਪਤਾ: ਪੰਜਾਬ ਪੁਲਿਸ
ਚੰਡੀਗੜ੍ਹ.-21 ਫਰਵਰੀ ૿ ਪੰਜਾਬ ਪੁਲਿਸ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਇੱਕ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਕਿ ਪੰਜਾਬ ਵਿਚ ਅਜੇ ਵੀ 311 ਵਿਅਕਤੀ ਗੁੰਮਸ਼ੁਦਾ ਹਨ। ਇਹ ਹਲਫ਼ਨਾਮਾ ਲਾਇਨਜ਼ ਫ਼ਾਰ ਹਿਊਮਨ ਰਾਈਟ ਸੰਗਠਨ ਵੱਲੋਂ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ ਸਟੇਟ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਗੁੰਮਸ਼ੁਦਾ ਵਿਅਕਤੀਆਂ ਨੂੰ ਲੱਭਣ ਲਈ ਵਿਸ਼ੇਸ਼ ਵਿੰਗ ਬਣਾਏ ਜਾਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਵਿਚ ਦਾਇਰ ਕੀਤਾ ਗਿਆ ਹੈ। ਮਨਜੀਤ ਸਿੰਘ ਏ. ਡੀ. ਸੀ. ਪੀ.-1 ਲੁਧਿਆਣਾ ਵੱਲੋਂ ਦਾਇਰ ਸਥਿਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 1 ਜਨਵਰੀ 2011 ਤੋਂ 31 ਦਸੰਬਰ 2011 ਤੱਕ ਪੰਜਾਬ ਵਿਚੋਂ ਕੁੱਲ 433 ਵਿਅਕਤੀ, ਜਿਨ੍ਹਾਂ ਵਿਚ 192 ਮਰਦ, 91 ਔਰਤਾਂ ਅਤੇ 146 ਬੱਚੇ ਸ਼ਾਮਿਲ ਹਨ, ਲਾਪਤਾ ਹੋਏ ਸਨ। ਹੁਣ ਤੱਕ 122 ਵਿਅਕਤੀ ਲੱਭ ਲਏ ਗਏ ਹਨ। 1 ਜਨਵਰੀ 2012 ਤੋਂ 31 ਜਨਵਰੀ 2012 ਤੱਕ 15 ਮਰਦ, 4 ਔਰਤਾਂ ਅਤੇ 7 ਬੱਚੇ ਗੁੰਮ ਹੋਏ ਸਨ, ਜਿਨ੍ਹਾਂ ਵਿਚ 2 ਲੱਭ ਲਏ ਗਏ ਹਨ। ਜੱਜ ਅੱੈਮ. ਐੱਮ. ਕੁਮਾਰ ਅਤੇ ਜੱਜ ਆਲੋਕ ਸਿੰਘ ਦੇ ਬੈਂਚ ਨੇ ਹਲਫ਼ਨਾਮੇ ਰਿਕਾਰਡ ਤੇ ਰੱਖਦੇ ਹੋਏ ਕੇਸ ਨੂੰ 12 ਮਾਰਚ ਤੱਕ ਮੁਲਤਵੀ ਕੀਤਾ ਹੈ।
ਡਰੱਗ ਇੰਸਪੈਕਟਰਾਂ ਨੂੰ ਤਨਖਾਹ ਦੇਣ ਲਈ ਹੁਕਮ ਜਾਰੀ
ਲੁਧਿਆਣਾ.-21 ਫਰਵਰੀ ૿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਤਾਇਨਾਤ ਡਰੱਗ ਇੰਸਪੈਕਟਰਾਂ ਨੂੰ ਤਨਖਾਹ ਦੇਣ ਲਈ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤਾਇਨਾਤ 27 ਡਰੱਗ ਇੰਸਪੈਕਟਰਾਂ ਨੂੰ ਤਨਖਾਹ ਦਾ ਭੁਗਤਾਨ ਕਰਨ ਲਈ ਸਮੂਹ ਸਿਵਲ ਸਰਜਨਾਂ ਨੂੰ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਨਜ਼ੂਰ ਸ਼ੁਦਾ ਬਰਾਬਰ ਜਾਂ ਇਸ ਤੋਂ ਵੱਧ ਦੇ ਸਕੇਲ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਵਿਰੁੱਧ ਉਨ੍ਹਾਂ ਦੇ ਤਨਖਾਹ ਹੈੱਡ 'ਚੋਂ ਉਨ੍ਹਾਂ ਦੀਆਂ ਬਣਦੀਆਂ ਤਨਖਾਹਾਂ ਦਿੱਤੀਆਂ ਜਾਣ। ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਜੁਲਾਈ 2011 'ਚ ਸੂਬੇ 'ਚ 27 ਡਰੱਗ ਇੰਸਪੈਕਟਰਾਂ ਦੀਆਂ ਅਸਾਮੀਆਂ ਪੈਦਾ ਕਰ ਕੇ, ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ, ਪਰ ਨਿਯੁਕਤੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ 7 ਮਹੀਨਿਆਂ ਦੀ ਤਨਖਾਹ ਨਹੀਂ ਸੀ ਮਿਲੀ ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਸਨ।
ਡੀ.ਐੱਸ.ਪੀ. ਕਤਲ ਕਾਂਡ
ਪਹਿਲੀ ਬਣਾਈ ਵਿਸ਼ੇਸ਼ ਟੀਮ ਭੰਗ
ਦੋ ਨਵੀਆਂ ਟੀਮਾਂ ਕਰਨਗੀਆਂ ਜਾਂਚ
ਲੁਧਿਆਣਾ.-21 ਫਰਵਰੀ ૿ ਸਥਾਨਕ ਹੰਬੜਾਂ ਸੜਕ ਸਥਿਤ ਗੋਲਫ ਲਿੰਕ ਕਲੋਨੀ ਵਿਚ 20 ਦਿਨ ਪਹਿਲਾਂ ਹੋਏ ਡੀ. ਐੱਸ. ਪੀ. ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਕਤਲ ਕਾਂਡ ਨੂੰ ਹੱਲ ਕਰਨ ਲਈ ਬਣਾਈ ਇਕ ਵਿਸ਼ੇਸ਼ ਟੀਮ ਨੂੰ ਭੰਗ ਕਰ ਕੇ ਦੋ ਨਵੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲੀ ਟੀਮ ਵਿਚ ਏ. ਸੀ. ਪੀ. ਹੈੱਡਕੁਆਰਟਰ ਸ੍ਰੀ ਨਗਿੰਦਰ ਰਾਣਾ, ਬਠਿੰਡਾ ਤੋਂ ਆਏ ਇੰਸਪੈਕਟਰ ਪ੍ਰੇਮ ਸਿੰਘ, ਇੰਸਪੈਕਟਰ ਮਨਿੰਦਰ ਬੇਦੀ ਅਤੇ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਦੂਜੀ ਟੀਮ ਵਿਚ ਏ. ਡੀ. ਸੀ. ਪੀ. ਸ. ਮਨਜੀਤ ਸਿੰਘ ਢੇਸੀ, ਏ. ਡੀ. ਸੀ. ਪੀ. ਸ. ਕੁਲਵਿੰਦਰ ਸਿੰਘ ਥਿਆੜਾ, ਸੀ. ਆਈ. ਏ. ਸਟਾਫ-2 ਦੇ ਇੰਚਾਰਜ ਗੁਰਬੰਸ ਸਿੰਘ ਬੈਂਸ ਅਤੇ ਏ. ਸੀ. ਪੀ. ਸ੍ਰੀ ਸਵਪਣ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਭਾਵੇਂ ਚੋਣ ਕਮਿਸ਼ਨਰ ਨੂੰ ਇਸ ਕਤਲ ਕਾਂਡ ਦਾ ਹਵਾਲਾ ਦੇ ਕੇ ਤਿੰਨ ਇੰਸਪੈਕਟਰਾਂ ਨੂੰ ਬਾਹਰਲੇ ਸ਼ਹਿਰਾਂ ਤੋਂ ਲੁਧਿਆਣਾ ਤਬਦੀਲ ਕਰਨ ਦੀ ਆਗਿਆ ਮੰਗੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਇੰਸਪੈਕਟਰਾਂ ਨੂੰ ਇਨ੍ਹਾਂ ਟੀਮਾਂ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਏ. ਸੀ. ਪੀ. ਰਵਨੀਸ਼ ਚੌਧਰੀ ਅਤੇ ਗੁਰਪ੍ਰੀਤ ਕੌਰ ਜੋ ਕਿ ਪਹਿਲਾਂ ਇਸ ਟੀਮ ਵਿਚ ਸ਼ਾਮਿਲ ਸਨ ਉਨ੍ਹਾਂ ਨੂੰ ਇਨ੍ਹਾਂ ਟੀਮਾਂ ਤੋਂ ਅਲੱਗ ਰੱਖਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ. ਸੀ. ਪੀ. ਸ੍ਰੀ ਆਸ਼ੀਸ਼ ਚੌਧਰੀ ਨੇ ਕੀਤੀ ਹੈ।
ਵਿਸ਼ਵ ਦੀਆਂ 700 ਸਿੱਖ ਜੱਥੇਬੰਦੀਆਂ ਸੱਤਵੇਂ ਪਾਤਿਸ਼ਾਹ ਦਾ ਪ੍ਰਕਾਸ਼ ਦਿਵਸ
'ਸਿੱਖ ਵਾਤਾਵਰਨ ਦਿਹਾੜੇ' ਵਜੋਂ ਮਨਾਉਣਗੀਆਂ
ਚੰਡੀਗੜ੍ਹ, 21 ਫਰਵਰੀ - ਵਾਸ਼ਿੰਗਟਨ ਦੀ ਕੌਮਾਂਤਰੀ ਸਿੱਖ ਜੱਥੇਬੰਦੀ 'ਈਕੋ ਸਿੱਖ' ਦੇ ਸੱਦੇ ਤੇ ਵਿਸ਼ਵ ਦੀਆਂ 700 ਸਿੱਖ ਜੱਥੇਬੰਦੀਆਂ ਵੱਲੋਂ 14 ਮਾਰਚ ਨੂੰ ਸੱਤਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਵਸ 'ਸਿੱਖ ਵਾਤਾਵਰਨ ਦਿਹਾੜੇ' ਵਜੋਂ ਮਨਾਇਆ ਜਾਵੇਗਾ ਜਿਸ ਦਾ ਮੁੱਖ ਮਕਸਦ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਲਈ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲਾਉਣਾ ਹੈ। ਅੱਜ ਇੱਥੇ ਪੰਜਾਬ ਆਰਟਸ ਕੌਂਸਲ ਵਿਖੇ ਉੱਘੇ ਵਾਤਾਵਰਣ ਪ੍ਰੇਮੀ ਅਤੇ ਪਦਮਸ੍ਰੀ ਐਵਾਰਡੀ ਬਾਬਾ ਸੇਵਾ ਸਿੰਘ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਸ਼ਿੰਗਟਨ ਤੋਂ ਵਿਸੇਸ਼ ਤੌਰ 'ਤੇ ਪੁੱਜੇ ਈਕੋ ਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਸੇਧ ਦੇਣ ਵਾਲਾ ਇਹ ਇਕ ਸਭ ਤੋਂ ਵੱਡਾ ਦਿਹਾੜਾ ਹੈ ਜਿਸ ਦਿਨ ਸਾਨੂੰ ਸਾਰਿਆਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਈਕੋ ਸਿੱਖ ਸੰਸਥਾ ਨੇ ਹੁਣ ਤੱਕ ਵਿਸ਼ਵ ਦੀਆਂ ਕਰੀਬ 700 ਸਿੱਖ ਜੱਥੇਬੰਦੀਆਂ ਨਾਲ ਇਸ ਦਿਹਾੜੇ ਨੂੰ ਮਨਾਉਣ ਲਈ ਰਾਬਤਾ ਕਾਇਮ ਕੀਤਾ ਹੈ, ਜਿਨ੍ਹਾਂ ਵੱਲੋਂ ਇਸ ਕਾਰਜ ਲਈ ਪੂਰੀ ਹੱਲਾਸ਼ੇਰੀ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਦੂਸ਼ਿਤ ਹੋ ਰਹੇ ਪਾਣੀ ਕਾਰਨ ਪੰਜਾਬੀਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ ਜੇ ਕਰ ਇਸ ਦੀ ਸੰਭਾਲ ਵੱਲ ਕੋਈ ਕਦਮ ਨਾ ਚੁੱਕੇ ਗਏ ਤਾਂ ਬਹੁਤ ਦੇਰ ਹੋ ਜਾਵੇਗੀ। ਇਸ ਮੌਕੇ ਸਿੱਖ ਆਗੂਆਂ ਵੱਲੋਂ ਸਿੱਖ ਵਾਤਾਵਰਨ ਦਿਹਾੜੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਵਪਾਰਕ ਸੰਸਥਾ ਏ. ਆਈ. ਪੀ. ਐੱਲ. ਦੇ ਸ. ਹਰਜਿੰਦਰ ਸਿੰਘ ਅਤੇ ਸ. ਮਨਮੋਹਨ ਸਿੰਘ ਵੀ ਮੌਜੂਦ ਸਨ।
ਕੈਨੇਡਾ ਦੇ ਸੰਸਦ ਮੈਂਬਰਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ.-21 ਫਰਵਰੀ ૿ ਕੈਨੇਡਾ ਸੰਸਦ ਦੇ 5 ਮੈਂਬਰ ਤੇ ਦੋ ਸੈਨੇਟਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਕੈਨੇਡਾ ਦੇ ਸੰਸਦ ਮੈਂਬਰਾਂ ਰੂਸ ਹੀਬਰਟ, ਪੀਟਰ ਸਟੌਫ਼ਰ, ਲੈਰੀ ਮਿਲਰ, ਮਰਵਿਨ ਸੀ. ਟਵੀਡ ਤੇ ਹੋਰਨਾਂ ਬੜੀ ਸ਼ਰਧਾ ਨਾਲ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਵਿਖੇ ਸੰਗਤ ਤੇ ਪੰਗਤ 'ਚ ਬੈਠੇ ਕੇ ਪ੍ਰਸ਼ਾਦਾ ਛੱਕਿਆ। ਉਨ੍ਹਾਂ ਪ੍ਰਸ਼ਾਦੇ ਪੱਕਦੇ ਤੇ ਲੰਗਰ ਤਿਆਰ ਕਰਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਕੈਨੇਡਾ ਸੰਸਦ ਦੇ ਉਚ ਪੱਧਰੀ ਵਫ਼ਦ ਨੂੰ ਸਿੱਖ ਇਤਿਹਾਸ, ਸਿੱਖ ਗੁਰਮਰਯਾਦਾ ਤੇ ਸਿੱਖੀ ਸਿਧਾਂਤ ਸਬੰਧੀ ਵਿਸਥਾਰ ਨਾਲ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ, ਸੂਚਨਾ ਅਧਿਕਾਰੀ ਸ: ਗੁਰਬਚਨ ਸਿੰਘ, ਸਹਾਇਕ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ ਨੇਸਿਰੋਪਾਓ, ਧਾਰਮਿਕ ਕਿਤਾਬਾਂ ਦਾ ਸੈਟ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਕੀਤਾ। ਇਸ ਮੌਕੇ ਕੈਨੇਡਾ ਦੇ ਸੰਸਦ ਮੈਂਬਰਾਂ ਨਾਲ ਸਕੈਟ ਸਲਿਸਰ ਕੌਂਸੂਲੇਟ ਜਨਰਲ ਚੰਡੀਗੜ੍ਹ ਵੀ ਸਨ।
ਲੁੱਟਾਂ ਖੋਹਾਂ ਵਿਚ ਸਰਗਰਮ 9 ਮੈਂਬਰੀ ਗਿਰੋਹ ਗ੍ਰਿਫ਼ਤਾਰ
ਸੰਗਰੂਰ.-21 ਫਰਵਰੀ ਜ਼ਿਲ੍ਹਾ ਸੰਗਰੂਰ ਪੁਲਸ ਨੇ 9 ਮੈਂਬਰੀ ਲੁਟੇਰਾ ਗਿਰੋਹ ਨੂੰ ਗ੍ਰਿਫ਼ਤਾਰ ਕਰ ਕੇ 2 ਲੱਖ 90 ਹਜ਼ਾਰ ਦੀ ਲੁੱਟ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ ਸੰਗਰੂਰ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 17 ਫਰਵਰੀ ਨੂੰ ਸੰਗਰੂਰ ਇੰਡਸਟਰੀਅਲ ਕਾਰਪੋਰੇਸ਼ਨ ਦੇ ਮੈਨੇਜਰ ਰਾਮ ਕੁਮਾਰ ਸ਼ਰਮਾ ਨੂੰ ਕੁੱਟ ਮਾਰ ਕਰ ਕੇ ਉਸ ਪਾਸੋਂ 2 ਲੱਖ 90 ਹਜ਼ਾਰ ਰੁਪਏ ਲੁੱਟ ਲਏ ਸਨ। ਸ. ਭੁੱਲਰ ਨੇ ਦੱਸਿਆ ਕਿ ਐੱਸ. ਪੀ. (ਡੀ) ਸ੍ਰੀ ਪਰਮਜੀਤ ਸਿੰਘ ਗੁਰਾਇਆ, ਸ੍ਰੀ ਸਵਰਨ ਸਿੰਘ ਡੀ. ਐੱਸ. ਪੀ ਸੰਗਰੂਰ, ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ ਐੱਸ. ਐੱਚ. ਓ ਸੰਗਰੂਰ, ਸ੍ਰੀ ਗੁਰਮੇਲ ਸਿੰਘ ਇੰਚਾਰਜ ਸੀ. ਆਈ. ਏ ਬਹਾਦਰ ਸਿੰਘ ਵਾਲਾ ਵਲੋਂ ਕੀਤੀ ਹਿੰਮਤ ਸਦਕਾ ਇਸ ਗਿਰੋਹ ਨੂੰ ਸਥਾਨਕ ਉਭਾਵਾਲ ਰੋਡ ਤੋਂ ਕਾਬੂ ਕਰ ਲਿਆ ਗਿਆ। ਇਹ ਗਿਰੋਹ ਠੇਕੇ ਅਤੇ ਪੈਟਰੋਲ ਪੰਪ ਦੀ ਲੁੱਟਣ ਦੀ ਵੀ ਯੋਜਨਾ ਬਣਾ ਰਿਹਾ ਸੀ। ਸ. ਭੁੱਲਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਵਿੱਕੀ ਵਾਸੀ ਪਹਾੜੂਵਾਲ, ਅਰੁਣ ਰਾਣਾ ਅੰਕੁਰ ਪਿੰਡ ਬੁੱਢੇਵਾਲ, ਨਮਿਤ ਕੁਮਾਰ ਨੈਣੀ ਪਿੰਡ ਜੰਗਲੀ, ਕੁਲਦੀਪ ਸਿੰਘ ਪਿੰਡ ਕੁਲਾਰਾਂ, ਜਗਤਾਰ ਸਿੰਘ ਪਿੰਡ ਖੇੜੀ, ਹਰਪ੍ਰੀਤ ਸਿੰਘ ਪਿੰਡ ਨਾਗਰਾ, ਲਖਵੀਰ ਸਿੰਘ ਲੱਖਾ ਪਿੰਡ ਖੇੜੀ, ਕ੍ਰਿਪਾਲ ਸਿੰਘ ਵਾਸੀ ਈਲਾਵਾਲ ਅਤੇ ਬਲਵਿੰਦਰ ਸਿੰਘ ਵਾਸੀ ਮਹਿਲੋ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 2 ਮੋਟਰਸਾਇਕਲ, 3 ਪਿਸਤੌਲ, ਕਾਰਤੂਸ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ ਅਤੇ ਲੁੱਟੀ ਗਈ 2 ਲੱਖ 90 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰਵਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰੁੱਧ ਦਫ਼ਾ 399, 402 ਆਈ. ਪੀ. ਸੀ 25, 54, 59 ਐਕਟ ਅਧੀਨ ਥਾਣਾ ਸਿਟੀ ਸੰਗਰੂਰ ਵਿਚ ਕੇਸ ਦਰਜ ਕਰ ਲਿਆ ਹੈ।
ਸੜਕ ਹਾਦਸੇ ਵਿਚ ਦੋ ਦੀ ਮੌਤ, ਤਿੰਨ ਜ਼ਖ਼ਮੀ
ਕੋਟਕਪੂਰਾ.-21 ਫਰਵਰੀ ਕੋਟਕਪੂਰਾ-ਜੈਤੋ ਸੜਕ 'ਤੇ ਨਹਿਰ ਦੇ ਪੁਲ ਦੇ ਨਜ਼ਦੀਕ ਕਰੀਬ ਦੁਪਹਿਰ 12 ਵਜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ, ਇਕ ਸਿਵਲ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ ਅਤੇ ਤਿੰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਤਿੰਨ ਨੌਜਵਾਨ ਲੜਕੇ ਕੋਟਾ (ਰਾਜਸਥਾਨ) ਵਿਖੇ ਪੜ੍ਹਦੇ ਸਨ। ਉਹ ਰੇਲ ਗੱਡੀ ਰਾਹੀਂ ਬੀਤੀ ਰਾਤ ਹਨੂੰਮਾਨਗੜ੍ਹ ਪਹੁੰਚੇ, ਉੱਥੋਂ ਉਹ ਕਾਰ ਨੰਬਰ ਪੀ.ਬੀ-65 ਐੱਲ (ਟੀ) 8390 ਮਹਿੰਦਰਾ ਵੈਰੀਟੋ ਰਾਹੀਂ ਅਸ਼ੋਕ ਕੁਮਾਰ ਪੁੱਤਰ ਰਾਮ ਸੇਵਕ ਅਤੇ ਪ੍ਰਗਟ ਸਿੰਘ ਪੁੱਤਰ ਇਕਬਾਲ ਸਿੰਘ ਨਾਲ ਕੋਟਕਪੂਰਾ ਨੂੰ ਵਾਪਸ ਆ ਰਹੇ ਸਨ। ਨਹਿਰ ਦੇ ਪੁਲ 'ਤੇ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਅ ਗਈ ਤੇ ਪ੍ਰਗਟ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਕਾਰ 'ਚ ਸਵਾਰ ਸ਼ੁਭਮ ਪੁੱਤਰ ਸੰਦੀਪ ਕੁਮਾਰ ਵਾਸੀ ਕੋਟਕਪੂਰਾ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ। ਜ਼ਖ਼ਮੀਆਂ ਵਿਚੋਂ ਰਜਿਤ ਪੁੱਤਰ ਕਮਲਜੀਤ, ਅਨਿਲ ਕੁਮਾਰ ਪੁੱਤਰ ਸੱਤਪਾਲ ਦੋਨੋਂ ਵਾਸੀ ਕੋਟਕਪੂਰਾ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਪੰਜਵਾਂ ਲੜਕਾ ਅਸ਼ੋਕ ਕੁਮਾਰ ਪੁੱਤਰ ਰਾਮ ਸੇਵਕ ਸਿਵਲ ਹਸਪਤਾਲ ਕੋਟਕਪੂਰਾ ਵਿਚ ਜ਼ੇਰੇ ਇਲਾਜ ਹੈ।