ਪਿੰਡ ਹਰੀਕਾ ਬੁਰਜ ਦੇ ਦੋ ਪਰਿਵਾਰਾਂ ਦਾ ਦੁਖਾਂਤ
ਇਕ ਪਰਿਵਾਰ ਦੇ ਦੋ ਬੱਚੇ ਮੰਜੇ ਲੱਗੇ ਤੇ ਦੂਜੇ ਦੇ ਤਿੰਨ ਮੰਦਬੁੱਧੀ
ਇਸ ਦੁਨੀਆ ਅੰਦਰ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹਜ਼ਾਰਾਂ ਦੁੱਖ ਢਿੱਡ ਵਿਚ ਸਮੋਈ ਬੈਠੇ ਹਨ। ਇਹ ਲੋਕ ਕੁਝ ਦਿਨ ਜਾਂ ਮਹੀਨਿਆਂ ਤੋਂ ਨਹੀਂ, ਪੱਚੀ-ਪੱਚੀ ਸਾਲ ਤੋਂ ਦੁੱਖਾਂ ਨਾਲ ਦੋ-ਚਾਰ ਹੋ ਰਹੇ ਹਨ। ਇਨ੍ਹਾਂ ਨੂੰ ਫਿਰ ਵੀ ਇਕ ਉਮੀਦ ਰਹਿੰਦੀ ਹੈ ਕਿ ਕੁਦਰਤ ਕਦੇ ਤਾਂ ਸਾਡੀ ਸਾਰ ਲਵੇਗਾ।
ਇਨ੍ਹਾਂ ਵਿਚੋਂ ਇਕ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਹਰੀਕਾ ਬੁਰਜ ਦਾ ਕਰਨੈਲ ਸਿੰਘ, ਜੋ ਜੱਟ ਸਿੱਖ ਜਾਤੀ ਨਾਲ ਸਬੰਧ ਰੱਖਦਾ ਹੈ। ਉਸ ਦੀ ਪਤਨੀ ਦਾ ਨਾਂ ਅਮਰਜੀਤ ਕੌਰ ਹੈ। ਇਸ ਦੁਖੀ ਜੋੜੀ ਨੇ ਦੱਸਿਆ ਕਿ 22 ਕੁ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ। ਵਿਆਹ ਤੋਂ ਦੋ ਕੁ ਸਾਲ ਬਾਅਦ ਉਨ੍ਹਾਂ ਦੇ ਘਰ ਇਕ ਲੜਕੇ ਨੇ ਜਨਮ ਲਿਆ ਤੇ ਪਰਿਵਾਰ ਵਿਚ ਖੁਸ਼ੀਆਂ ਮਨਾਈਆਂ। ਜੱਗੀ ਨਾਂ ਦਾ ਇਹ ਮੁੰਡਾ ਜਦੋਂ ਇਕ ਮਹੀਨੇ ਦਾ ਹੋਇਆ ਤਾਂ ਮੰਜੇ ਉਪਰ ਪਏ ਦੀ ਅਚਾਨਕ ਇਕ ਬਾਂਹ ਟੁੱਟ ਗਈ। ਬਠਿੰਡੇ ਤੋਂ ਇਲਾਜ ਸ਼ੁਰੂ ਕਰਾਇਆ, ਜਿਉਂ ਹੀ ਬਾਂਹ ਠੀਕ ਹੋਣ ਲੱਗੀ ਤਾਂ ਦੂਸਰੀ ਟੁੱਟ ਗਈ। ਉਸਦਾ ਇਲਾਜ ਸ਼ੁਰੂ ਕਰਵਾਇਆ। ਉਸ ਨੂੰ ਠੀਕ ਕਰਾਉਣ ਲੱਗੇ ਤਾਂ ਇਕ ਲੱਤ ਖੂੰਡੀ ਦੀ ਤਰ੍ਹਾਂ ਮੁੜ ਗਈ। ਕੁਝ ਦਿਨ ਬਾਅਦ ਦੂਸਰੀ ਲੱਤ ਵੀ ਵਿੰਗੀ-ਟੇਢੀ ਹੋ ਗਈ। ਬਹੁਤ ਸਾਰੇ ਡਾਕਟਰਾਂ ਕੋਲ ਜਾਂਦੇ ਰਹੇ ਤੇ ਇਲਾਜ ਚੱਲਦਾ ਰਿਹਾ, ਪਰ ਕੋਈ ਫਰਕ ਨਹੀਂ ਪਿਆ। ਲੱਤਾਂ-ਬਾਹਾਂ ਬੁਰੀ ਤਰ੍ਹਾਂ ਵਲੇਵੇਂ ਖਾ ਗਈਆਂ ਤੇ ਬੱਚਾ ਠੀਕ ਨਾ ਹੋ ਸਕਿਆ। ਦੋ ਸਾਲਾਂ ਬਾਅਦ ਅਮਰਜੀਤ ਕੌਰ ਨੇ ਇਕ ਲੜਕੀ ਨੂੰ ਜਨਮ ਦਿੱਤਾ ਅਤੇ ਰਾਣੀ ਨਾਂ ਦੀ ਇਹ ਬੱਚੀ ਇਕ-ਡੇਢ ਮਹੀਨਾ ਬਿਲਕੁਲ ਠੀਕ-ਠਾਕ ਰਹੀ। ਅਚਾਨਕ ਡੇਢ ਮਹੀਨੇ ਬਾਅਦ ਕੁਦਰਤ ਨੇ ਫਿਰ ਇਕ ਵਾਰ ਕਹਿਰ ਵਰਪਾਇਆ। ਲੜਕੀ ਦੀਆਂ ਲੱਤਾਂ-ਬਾਹਾਂ ਬੁਰੀ ਤਰ੍ਹਾਂ ਵਿੰਗੀਆਂ-ਟੇਢੀਆਂ ਹੋ ਗਈਆਂ ਅਤੇ ਸਰੀਰਕ ਵਿਕਾਸ ਰੁਕ ਗਿਆ। ਫਿਰ ਇਸ ਦੇ ਇਲਾਜ ਲਈ ਭੱਜ-ਦੌੜ ਸ਼ੁਰੂ ਹੋ ਗਈ, ਪਰ ਇਲਾਜ ਇਸ ਦਾ ਵੀ ਨਹੀਂ ਹੋਇਆ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਲੜਕੇ ਤੇ ਲੜਕੀ ਨੇ ਜਨਮ ਲਿਆ, ਜੋ ਬਿਲਕੁਲ ਠੀਕ ਤੇ ਆਮ ਬੱਚਿਆਂ ਵਾਗ ਹਨ। ਜੱਗੀ ਦੀ ਇਸ ਵੇਲੇ ਉਮਰ 20 ਸਾਲ, ਕੱਦ 2 ਫੁੱਟ, ਭਾਰ 12 ਕਿਲੋ ਦੇ ਕਰੀਬ ਹੈ। ਰਾਣੀ ਦੀ ਉਮਰ 18 ਸਾਲ, ਕੱਦ ਡੇਢ ਫੁੱਟ ਤੇ ਭਾਰ 10 ਕਿਲੋ ਹੈ। ਇਹ ਬੱਚੇ ਬਹੁਤ ਚੰਗੀ ਤਰ੍ਹਾਂ ਬੋਲਦੇ ਹਨ, ਹੱਸਦੇ-ਰੋਂਦੇ ਹਨ ਤੇ ਪੂਰਾ ਦਿਨ ਟੈਲੀਵਿਜ਼ਨ ਵੇਖਦੇ ਰਹਿੰਦੇ ਹਨ। ਜਦੋਂ ਇਨ੍ਹਾਂ ਨੂੰ ਪੁੱਛਿਆ ਕਿ ਟੀਵੀ ਵਿਚ ਕੀ ਵੇਖਦੇ ਹੋ ਤਾਂ ਇਨ੍ਹਾਂ ਕਿਹਾ ਕਿ ਫ਼ਿਲਮਾਂ ਵੇਖਦੇ ਹਾਂ। ਜਦੋਂ ਪੁੱਛਿਆ ਕਿ ਹਿੰਦੀ-ਪੰਜਾਬੀ ਗੀਤ ਸੁਣਦੇ ਹੋ ਤਾਂ ਇਨ੍ਹਾਂ ਨਾਂਹ ਵਿਚ ਜਵਾਬ ਦਿੱਤਾ। ਇਨ੍ਹਾਂ ਨੂੰ ਕੁਝ ਫ਼ਿਲਮੀ ਸਿਤਾਰਿਆਂ ਦੀ ਪਛਾਣ ਹੈ। ਇਹ ਦਿਨ-ਰਾਤ ਮੰਜੇ ਉਪਰ ਪਏ ਰਹਿੰਦੇ ਹਨ, ਬੈਠ ਨਹੀਂ ਸਕਦੇ। ਪਰਿਵਾਰ ਅਨੁਸਾਰ ਅੱਜ-ਕੱਲ੍ਹ ਇਹ ਪਰਿਵਾਰ ਖੇਤਾਂ ਵਿਚ ਘਰ ਬਣਾ ਕੇ ਰਹਿ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ 250-250 ਰੁਪਏ ਪੈਨਸ਼ਨ ਮਿਲਦੀ ਹੈ। ਹੋਰ ਕਿਸੇ ਵੀ ਸਰਕਾਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਨਹੀਂ ਕੀਤੀ। ਇਨ੍ਹਾਂ ਬੱਚਿਆਂ ਵੱਲ ਵੇਖ ਮਾਤਾ-ਪਿਤਾ ਬੁੱਢੇ ਦਿਸਣ ਲੱਗੇ ਹਨ। ਪਿਛਲੇ 20 ਸਾਲਾਂ ਤੋਂ ਇਹ ਬੱਚੇ ਅਤੇ ਇਨ੍ਹਾਂ ਦਾ ਪੂਰਾ ਪਰਿਵਾਰ ਨਰਕ ਜਿਹੀ ਜ਼ਿੰਦਗੀ ਜੀਅ ਰਿਹਾ ਹੈ।
ਇਸੇ ਹੀ ਪਿੰਡ ਦਾ ਦੂਜਾ ਦੁਖੀ ਪਰਿਵਾਰ ਵੀ ਇਸੇ ਜਾਤੀ ਨਾਲ ਸਬੰਧਤ ਹੈ। ਇਸ ਜੋੜੀ ਵਿਚ ਮਿੱਠੂ ਸਿੰਘ ਪੁੱਤਰ ਕੌਰ ਸਿੰਘ ਦਾ ਵਿਆਹ ਸਤਾਈ ਸਾਲ ਪਹਿਲਾਂ ਰਣਜੀਤ ਕੌਰ ਹੋਇਆ। ਇਹ ਪਰਵਾਰ ਵੀ ਬਹੁਤ ਖੁਸ਼ਹਾਲ ਸੀ। ਡੇਢ ਕੁ ਸਾਲ ਬਾਅਦ ਇਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਜੱਗਾ ਸਿੰਘ ਰੱਖਿਆ ਗਿਆ। ਜਦੋਂ ਬੱਚਾ ਇਕ ਸਾਲ ਦਾ ਹੋ ਗਿਆ ਤਾਂ ਘਰ ਵਾਲਿਆਂ ਨੂੰ ਅਹਿਸਾਸ ਹੋਣ ਲੱਗਾ ਕਿ ਇਹ ਮੰਦਬੁੱਧੀ ਹੈ। ਬੱਸ ਇੱਥੋਂ ਇਸ ਪਰਿਵਾਰ ਦੀ ਦਰਦਾਂ ਭਰੀ ਕਹਾਣੀ ਸ਼ੁਰੂ ਹੋ ਗਈ। 6 ਸਾਲਾਂ ਵਿਚ ਤਿੰਨ ਮੁੰਡਿਆਂ ਨੇ ਜਨਮ ਲਿਆ। ਜੱਗਾ ਸਿੰਘ, ਵੀਰ ਸਿੰਘ ਤੇ ਕਾਲਾ ਸਿੰਘ, ਜੋ ਤਿੰਨੋਂ ਹੀ ਮੰਦਬੁੱਧੀ ਹਨ।
ਮਿੱਠੂ ਸਿੰਘ ਅਨੁਸਾਰ ਉਹ ਸਾਰੇ ਮੁੰਡਿਆਂ ਨੂੰ ਆਪਣੀ ਪਹੁੰਚ ਅਨੁਸਾਰ ਦੂਰ-ਨੇੜੇ ਡਾਕਟਰਾਂ ਕੋਲ ਲਿਜਾਂਦਾ ਰਿਹਾ, ਪਰ ਕੋਈ ਫ਼ਰਕ ਨਹੀਂ ਪਿਆ। ਘਰ ਦੀ ਗਰੀਬੀ ਕਾਰਨ ਕਿਸੇ ਵੱਡੇ ਹਸਪਤਾਲ ਜਾਂ ਵੱਡੇ ਡਾਕਟਰ ਕੋਲ ਤਾਂ ਇਲਾਜ ਲਈ ਨਹੀਂ ਲਿਜਾ ਸਕਿਆ, ਪਰ ਜਿੱਥੇ ਵੀ ਕੋਈ ਦੱਸ ਪਾਉਂਦਾ, ਜ਼ਰੂਰ ਜਾ ਆਉਂਦਾ ਹੈ। ਛੋਟੇ ਦੋ ਮੁੰਡਿਆਂ ਦੇ ਠੀਕ ਹੋਣ ਦੀ ਪੂਰੀ ਆਸ ਹੈ। ਜੇ ਇਨ੍ਹਾਂ ਦਾ ਇਲਾਜ ਕਿਸੇ ਵੱਡੇ ਹਸਪਤਾਲ ਵਿਚ ਕਰਵਾਇਆ ਜਾਵੇ ਤਾਂ ਇਹ ਜ਼ਰੂਰ ਠੀਕ ਹੋ ਸਕਦੇ ਹਨ। ਉਨ੍ਹਾਂ ਦੀ ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਮਦਦ ਨਹੀਂ ਕੀਤੀ। ਇਨ੍ਹਾਂ ਨੂੰ ਸਿਆਸਤਦਾਨਾਂ ਕੋਲੋਂ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਦੋ ਮੁੰਡਿਆਂ ਨੂੰ 250 ਰੁਪਏ ਪੈਨਸ਼ਨ ਮਿਲਦੀ ਹੈ।
ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ ਸਾਨੂੰ ਤਾਂ ਦੁੱਖ ਸਹਿੰਦਿਆਂ 25 ਸਾਲ ਹੋ ਗਏ ਤੇ ਫਿਰ ਸਾਡੀ ਫਰਿਆਦ ਕਿਉਂ ਨਹੀਂ ਸੁਣੀ ਜਾਂਦੀ।