ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਅੱਜ ਪੰਜਾਬੀ ਫ਼ਿਲਮਾਂ ਅਤੇ ਗਾਇਕੀ ਦੇ ਖੇਤਰ ਦਾ ਬਿਨਾਂ ਸ਼ੱਕ ਸਭ ਤੋਂ 'ਹੌਟ ਸਟਾਰ' ਹੈ। ਚਾਹੇ ਉਸ ਦੁਆਰਾ ਗਾਏ ਗੀਤਾਂ ਦੀ ਟੇਪ ਹੋਵੇ ਤੇ ਚਾਹੇ ਉਸ ਦੀ ਕੋਈ ਫ਼ਿਲਮ ਹੋਵੇ ਉਹ ਹਰ ਪਾਸੇ ਸਫ਼ਲਤਾ ਦੇ ਝੰਡੇ ਗੱਡ ਰਿਹਾ ਹੈ। ਉਹ ਕਮਾਲ ਦੀ ਸੂਝ-ਬੂਝ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਭਾਵ ਰੱਖਣ ਵਾਲਾ ਬੰਦਾ ਹੈ। ਇਹੀ ਕਾਰਨ ਹੈ ਕਿ ਉਹ ਜੋ ਵੀ ਕਰਦਾ ਹੈ ਤੇ ਜਿੰਨਾ ਵੀ ਕਰਦਾ ਹੈ ਉਸ ਦੀ ਚਰਚਾ ਜ਼ਰੂਰ ਹੁੰਦੀ ਹੈ। ਉਹ ਹਮੇਸ਼ਾ ਹੀ ਕੁਝ ਨਵਾਂ ਤੇ ਕੁਝ ਵੱਖਰਾ ਕਰਨ ਦੀ ਤਾਕ ਵਿਚ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਆਪਣੇ ਸਮਕਾਲੀਆਂ ਤੋਂ ਕਿਤੇ ਅੱਗੇ ਲੰਘ ਗਿਆ ਹੈ। ਇਨ੍ਹੀਂ ਦਿਨੀਂ ਉਹ ਇਕ ਵਾਰ ਫਿਰ ਆਪਣੀ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਨਵੀਂ ਫ਼ਿਲਮ 'ਮਿਰਜ਼ਾ' ਨੂੰ ਲੈ ਕੇ ਚੁਫ਼ੇਰੇ ਚਰਚਾ ਵਿਚ ਹੈ। ਪੇਸ਼ ਹਨ ਉਸ ਨਾਲ ਇਸ ਫ਼ਿਲਮ ਸਬੰਧੀ ਹੋਈ ਗੱਲਬਾਤ ਦੇ ਕੁਝ ਅੰਸ਼-
? ਪਿਛਲੇ ਵਰ੍ਹੇ ਦੀ ਸਭ ਤੋਂ ਚਰਚਿਤ ਅਤੇ ਕਮਾਊ ਫ਼ਿਲਮ 'ਜੀਹਨੇ ਮੇਰਾ ਦਿਲ ਲੁੱਟਿਆ' ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ 'ਮਿਰਜ਼ਾ' ਵਿਚ ਕੰਮ ਕਰਨਾ ਕਿਵੇਂ ਲੱਗਾ ?
-ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ। 'ਜੀਹਨੇ ਮੇਰਾ ਦਿਲ ਲੁੱਟਿਆ' ਇਕ ਕਾਮੇਡੀ ਫ਼ਿਲਮ ਸੀ ਜਦਕਿ 'ਮਿਰਜ਼ਾ' ਇਕ ਐਕਸ਼ਨ ਫ਼ਿਲਮ ਹੈ। ਦੋਵੇਂ ਹੀ ਵੱਖਰੀ ਤਰ੍ਹਾਂ ਦੇ ਸਬਜੈਕਟ ਸਨ। ਸੋ, ਮੈਂ ਖ਼ੁਸ਼ ਹਾਂ ਕਿ ਮੈਂ ਇਨ੍ਹਾਂ ਦੋਵਾਂ ਹੀ ਫ਼ਿਲਮਾਂ ਦਾ ਇਕ ਹਿੱਸਾ ਹਾਂ।
? ਆਪਣੀ ਇਸ ਫ਼ਿਲਮ ਬਾਰੇ ਸਾਡੇ ਪਾਠਕਾਂ ਨੂੰ ਕੋਈ ਜਾਣਕਾਰੀ ਦਿਓ ?
-ਫ਼ਿਲਮ ਦੀ ਕਹਾਣੀ ਪੂਰੀ ਤਰਾਂ ਨਾਲ ਐਕਸ਼ਨ ਅਤੇ ਰੁਮਾਂਸ ਭਰਪੂਰ ਹੈ ਜਿਸ ਨੂੰ ਦੇਖ ਕੇ ਹਰ ਸਿਨੇਮਾਪ੍ਰੇਮੀ ਖ਼ੁਸ਼ੀ ਮਹਿਸੂਸ ਕਰੇਗਾ। ਇਸ ਫ਼ਿਲਮ ਦਾ ਨਿਰਮਾਣ ਪ੍ਰਸਿੱਧ ਗੀਤਕਾਰ ਇੰਦਾ ਰਾਏਕੋਟੀ ਅਤੇ ਅਮਨ ਖੜਕੜ ਦੁਆਰਾ ਕੀਤਾ ਗਿਆ ਹੈ ਤੇ ਇਸਨੂੰ 'ਜੱਗ ਜਿਉਂਦਿਆਂ ਦੇ ਮੇਲੇ' ਫ਼ੇਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿਚ ਹੀਰੋਇਨ ਮੈਂਡੀ ਤੱਖਰ, ਬਾਲੀਵੁੱਡ ਅਦਾਕਾਰ ਰਾਹੁਲ ਦੇਵ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ ਅਤੇ ਉੱਘਾ ਸੰਗੀਤ ਨਿਰਦੇਸ਼ਕ ਹਨੀ ਸਿੰਘ ਸ਼ਾਮਿਲ ਹਨ। ਹਾਲੀਵੁੱਡ ਦੇ ਕੈਮਰਾਮੈਨ ਟੋਬੀ ਗੋਰਮੈਨ ਦੁਆਰਾ ਕੈਨੇਡਾ, ਅਮਰੀਕਾ ਅਤੇ ਪੰਜਾਬ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਬਲਜੀਤ ਸਿੰਘ ਦਿਓ ਦੁਆਰਾ ਹੀ ਲਿਖਿਆ ਗਿਆ ਹੈ।
? 'ਮਿਰਜ਼ਾ' ਦੀ ਸਫ਼ਲਤਾ ਨੂੰ ਲੈ ਕੇ ਕਿੰਨੇ ਕੁ ਆਸਵੰਦ ਹੋ?
-ਦੇਖੋ ਜੀ, ਹਰ ਬੰਦਾ ਜਿਸ ਨੇ ਕਿਸੇ ਕੰਮ 'ਤੇ ਮਿਹਨਤ ਕੀਤੀ ਹੋਵੇ ਉਹ ਆਪਣੀ ਸਫ਼ਲਤਾ ਲਈ ਉਮੀਦਾਂ ਤਾਂ ਰੱਖਦਾ ਹੈ ਇਸੇ ਤਰਾਂ ਅਸੀਂ ਇਸ ਫ਼ਿਲਮ 'ਤੇ ਬਹੁਤ ਮਿਹਨਤ ਕੀਤੀ ਹੈ। ਤਕਨੀਕ ਪੱਖੋਂ ਇਸ ਫ਼ਿਲਮ ਨੂੰ ਅਸੀਂ ਹਾਲੀਵੁੱਡ ਅਤੇ ਚੋਟੀ ਦੀਆਂ ਹਿੰਦੀ ਫ਼ਿਲਮਾਂ ਦੇ ਹਾਣ ਦੀ ਬਣਾਉਣ ਦਾ ਯਤਨ ਕੀਤਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਫ਼ਿਲਮ ਵੀ ਸਫ਼ਲ ਹੋਵੇ ਤਾਂ ਜੋ ਸਾਡੀ ਮਿਹਨਤ ਦਾ ਮੁੱਲ ਮੁੜ ਸਕੇ। ਬਾਕੀ ਦਰਸ਼ਕਾਂ ਦੇ ਹੱਥ ਹੈ ਕਿ ਉਹ ਸਾਡੇ ਲਈ ਕੀ ਫ਼ੈਸਲਾ ਸੁਣਾਉਂਦੇ ਹਨ।
? ਕਿਉਂਕਿ ਤੁਸੀਂ ਨਾਇਕ ਹੋਣ ਦੇ ਨਾਲ-ਨਾਲ ਇਕ ਗਾਇਕ ਵੀ ਹੋ, ਇਸ ਲਈ ਇਸ ਫ਼ਿਲਮ ਦਾ ਸੰਗੀਤ ਬਣਾਉਣ ਵੇਲੇ ਵੀ ਕੋਈ ਖ਼ਾਸ ਧਿਆਨ ਰੱਖਿਆ ਗਿਆ ?
-ਹਾਂ ਜੀ ਆਪਣੇ ਵੱਲੋਂ ਤਾਂ ਇਸ ਫ਼ਿਲਮ ਨੂੰ ਸੰਗੀਤਕ ਪੱਖੋਂ ਵੀ ਸਫ਼ਲ ਬਣਾਉਣ ਵਿਚ ਬਲਜੀਤ ਭਾਅ ਜੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਕਰਕੇ ਹੀ ਉਨ੍ਹਾਂ ਨੇ ਅਜੋਕੇ ਸਮੇਂ ਦੇ ਸਭ ਤੋਂ ਸਫ਼ਲ ਸੰਗੀਤ ਨਿਰਦੇਸ਼ਕ ਹਨੀ ਸਿੰਘ ਅਤੇ ਜਤਿੰਦਰ ਸ਼ਾਹ ਦੀਆਂ ਸੇਵਾਵਾਂ ਲਈਆਂ ਹਨ, ਜਿਨ੍ਹਾਂ ਨੇ ਇੰਦਾ ਰਾਏਕੋਟੀ, ਬਚਨ ਬੇਦਿਲ, ਵੀਤ ਬਲਜੀਤ ਅਤੇ ਅਲਫ਼ਾਜ਼ ਦੁਆਰਾ ਲਿਖੇ ਗੀਤਾਂ ਨੂੰ ਪੂਰੀ ਰੂਹ ਨਾਲ ਸੰਗੀਤਬੱਧ ਕੀਤਾ ਹੈ। ਫ਼ਿਲਮ ਵਿਚਲੇ ਗੀਤਾਂ ਨੂੰ ਮੇਰੇ ਤੋਂ ਇਲਾਵਾ ਰਾਹਤ ਫ਼ਤਹਿ ਅਲੀ ਖਾਨ, ਸੁਨਿਧੀ ਚੌਹਾਨ, ਕਮਲ ਖ਼ਾਨ ਅਤੇ ਗੁਰਲੇਜ਼ ਅਖ਼ਤਰ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
? ਐਡੇ ਵੱਡੇ ਬਜਟ ਦੀ ਫ਼ਿਲਮ ਦੀ ਰਿਲੀਜ਼ਿੰਗ ਲਈ ਤੁਸੀਂ ਕੋਈ ਖ਼ਾਸ ਤਿਆਰੀਆਂ ਕੀਤੀਆਂ ਹਨ ? ઠ ઠ ઠ ઠ ઠ ઠ
-ਕੋਈ ਖ਼ਾਸ ਤਾਂ ਨਹੀਂ ਕਿਉਂਕਿ ਮੈਂ ਇਨ੍ਹੀਂ ਦਿਨੀਂ ਆਪਣੀ ਇਕ ਹੋਰ ਫ਼ਿਲਮ 'ਕੈਰੀ ਆਨ ਜੱਟਾ' ਦੀ ਸ਼ੂਟਿੰਗ ਵਿਚ ਮਸਰੂਫ਼ ਹਾਂ ਪਰ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਇਕੋ ਵੇਲੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ ਅਤੇ ਇਟਲੀ ਤੋਂ ਬਿਨਾਂ 80 ਤੋਂ ਵਧੇਰੇ ਪ੍ਰਿੰਟਾਂ ਨਾਲ ਪੰਜਾਬ, ਮੁੰਬਈ, ਕਲਕੱਤਾ, ਹਰਿਆਣਾ ਅਤੇ ਰਾਜਸਥਾਨ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।