Monday, 26 March 2012


ਚੰਡੀਗੜ੍ਹ, 25 ਮਾਰਚ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੋਂ ਜਾਰੀ ਇੱਕ ਬਿਆਨ ਵਿਚ ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਮੌਤ ਤੋਂ ਘਟਾਕੇ ਉਮਰ ਕੈਦ ਵਿਚ ਤਬਦੀਲ ਕਰਨ ਦੇ ਦਿੱਤੇ ਗਏ ਵਿਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਇਸ ਵਿਚਾਰ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਅਗਰ ਮੌਜੂਦਾ ਰਾਜ ਸਰਕਾਰ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਮੰਤਵ ਲਈ ਅਪੀਲ ਜਾਂ ਪਟੀਸ਼ਨ ਭੇਜੇਗੀ ਤਾਂ ਉਹ ਉਸ ਦਾ ਸਮਰਥਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਮਰਹੂਮ ਸ. ਬੇਅੰਤ ਸਿੰਘ ਨੇ ਸੂਬੇ ਵਿਚ ਸ਼ਾਂਤੀ ਦੀ ਸਥਾਪਤੀ ਲਈ ਆਪਣੀ ਜਾਨ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਅੱਜ ਇਸ ਗੱਲ ਲਈ ਇੱਕਮੁੱਠ ਹਨ ਕਿ ਸੂਬੇ ਵਿਚਲੀ ਸ਼ਾਂਤੀ ਨੂੰ ਹਰ ਕੀਮਤ 'ਤੇ ਬਹਾਲ ਰੱਖਿਆ ਜਾਵੇ ਅਤੇ ਇਸੇ ਲਈ ਉਨ੍ਹਾਂ ਵੱਲੋਂ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੇ ਜਾਣ ਦੀ ਮੰਗ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਉਕਤ ਵਿਚਾਰ ਨਾਲ ਸਹਿਮਤ ਹੈ ਅਤੇ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਮੰਤਵ ਲਈ ਸਰਕਾਰ ਨੂੰ ਵੀ ਕੋਈ ਸਮਰਥਨ ਦੇਣ ਵਿਚ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਵੱਡੀ ਕੀਮਤ ਅਦਾ ਕਰਕੇ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ।
ਲਖਨਊ, 25 ਮਾਰਚ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਉਤਸ਼ਾਹਿਤ ਸਮਾਜਵਾਦੀ ਪਾਰਟੀ (ਸਪਾ) ਮੁਖੀ ਮੁਲਾਇਮ ਸਿੰਘ ਯਾਦਵ ਨੇ ਕਾਰਕੁੰਨਾਂ ਨੂੰ ਕਿਹਾ ਕਿ 2012 ਦਾ ਮਿਸ਼ਨ ਜਿੱਤਣ ਤੋਂ ਬਾਅਦ ਹੁਣ ਸਾਡਾ ਟੀਚਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਰੀ ਜਿੱਤ ਹਾਸਲ ਕਰਕੇ ਦਿੱਲੀ 'ਤੇ ਕਬਜ਼ਾ ਕਰਨਾ ਹੈ। ਪਾਰਟੀ ਦਫ਼ਤਰ 'ਚ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਮੁਲਾਇਮ ਨੇ ਕਿਹਾ ਕਿ ਤੁਹਾਡੀ ਲੋਕਾਂ ਦੀ ਮਿਹਨਤ ਅਤੇ ਲਗਨ ਤੋਂ ਸਮਾਜਵਾਦੀ ਪਾਰਟੀ ਨੇ ਲਖਨਊ ਦੀ ਲੜਾਈ ਜਿੱਤ ਲਈ। ਹੁਣ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਡਾ ਟੀਚਾ ਸਾਲ 2012 'ਚ ਹੋਣ ਵਾਲੀਆਂ ਆਮ ਚੋਣਾਂ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣਾ ਹੈ। ਯਾਦਵ ਨੇ ਕਿਹਾ ਕਿ ਲੋਕ ਸਭਾ ਦੀਆਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਹੀ ਦਿੱਲੀ 'ਤੇ ਕਬਜ਼ਾ ਕਰ ਸਕਾਂਗੇ। ਯਾਦਵ ਨੇ ਕਿਹਾ ਕਿ ਪਾਰਟੀ ਕਾਰਕੁੰਨ ਆਪਣੇ-ਆਪਣੇ ਖੇਤਰਾਂ 'ਚ ਵਾਪਸ ਜਾਣ। ਜਨਤਾ ਨਾਲ ਸੰਪਰਕ ਕਰਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨ। ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਮਾਮਲਿਆਂ 'ਤੇ ਵਿਸ਼ੇਸ਼ ਧਿਆਨ ਦੇਣ।
ਮਜੀਠਾ ਨੇੜੇ ਲੁਟੇਰਿਆਂ ਨੇ ਕੀਤਾ ਨੌਜਵਾਨ ਦਾ ਕਤਲ

ਕਤਲ ਕੀਤੇ ਨੌਜਵਾਨ ਨਿਰਮਲ ਸਿੰਘ ਦੀ
ਪੁਰਾਣੀ ਤਸਵੀਰ।
ਜੇਠੂਵਾਲ/ਮਜੀਠਾ/ਕੱਥੂਨੰਗਲ, 25 ਮਾਰਚ -ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਮਜਵਿੰਡ ਵਿਖੇ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਹੈ। ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੱਜਵਿੰਡ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਪਿੰਡ ਦੇ ਇੱਕ ਕਿਸਾਨ ਦੀ ਹਵੇਲੀ 'ਚ ਰੱਖੀਆਂ ਗਈਆਂ ਟ੍ਰੈਕਟਰ ਦੀਆਂ ਹੱਲਾਂ ਨੂੰ ਗਿਣੀ-ਮਿਣੀ ਸ਼ਾਜਿਸ਼ ਤਹਿਤ ਚੋਰੀ ਕਰਕੇ ਘੋੜਾਂ-ਰੇੜ੍ਹੇ 'ਤੇ ਲੱਦ ਕੇ ਲੈ ਕੇ ਜਾ ਰਹੇ ਸਨ ਕਿ ਪਿੰਡ ਦੇ ਹੀ ਵਸਨੀਕ ਨੌਜਵਾਨ ਨਿਰਮਲ ਸਿੰਘ ਪੁੱਤਰ ਕਸ਼ਮੀਰ ਸਿੰਘ ਜਿਸ ਦਾ ਘਰ ਪਿੰਡ ਦੇ ਬਾਹਰ ਵਾਰ ਹੋਣ ਕਰਕੇ ਉਸਨੇ ਵੇਖ ਲਿਆ ਤਾਂ ਉਸ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਆਪਣੇ ਘਰ ਆ ਕੇ ਵੀ ਦੱਸਿਆ ਅਤੇ ਨੌਜਵਾਨ ਨੇ ਇਕੱਲਿਆਂ ਹੀ ਦਲੇਰੀ ਕਰਦਿਆਂ ਆਪਣਾ ਮੋਟਰਸਾਈਕਲ ਲੈ ਕੇ ਚੋਰਾਂ ਨੂੰ ਫੜਣ ਲਈ ਉਨ੍ਹਾਂ ਦੇ ਪਿੱਛੇ ਚਲਾ ਗਿਆ, ਜਿਸ 'ਤੇ ਇਕੱਲਾ ਹੋਣ ਕਰਕੇ ਨੌਜਵਾਨ ਨਿਰਮਲ ਸਿੰਘ ਨੂੰ ਚੋਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦਿਆਂ ਕਤਲ ਕਰ ਦਿੱਤਾ। ਨਿਰਮਲ ਸਿੰਘ ਨੂੰ ਕਤਲ ਕਰਕੇ ਚੋਰਾਂ ਨੇ ਉਸ ਦੀ ਲਾਸ਼ ਨੂੰ ਪਿੰਡ ਮੱਜਵਿੰਡ ਦੇ ਖੇਤਾਂ 'ਚ ਸੁੱਟ ਦਿੱਤਾ ਅਤੇ ਚੋਰੀ ਕੀਤੀਆਂ ਟ੍ਰੈਕਟਰ ਦੀਆਂ ਹੱਲਾਂ ਤੇ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਵੀ ਚੋਰ ਲੈ ਕੇ ਰਫੂਚੱਕਰ ਹੋ ਗਏ। ਪੁਲਿਸ ਵੱਲੋਂ ਡੀ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਤੇ ਥਾਣਾ ਮੁਖੀ ਹਰਭਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਸਰਗਰਮੀ ਨਾਲ ਜਾਰੀ ਹੈ। ਮ੍ਰਿਤਕ ਆਪਣੇ ਪਿੱਛੇ ਇਕ ਛੋਟੀ ਬੱਚੀ ਤੇ ਵਿਧਵਾ ਛੱਡ ਗਿਆ ਹੈ।
ਇਸਲਾਮਾਬਾਦ, 25 ਮਾਰਚ -ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਵੀ ਗੈਰ ਫੌਜੀ ਪ੍ਰਮਾਣੂ ਤਕਨੀਕ ਚਾਹੁੰਦਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਭਾਰਤ ਨਾਲ ਕਿਸੇ ਵੀ ਤਰਾਂ ਦਾ ਰਣਨੀਤਕ ਅਸੰਤੁਲਨ ਖੇਤਰ 'ਚ ਅਸਥਿਰਤਾ ਪੈਦਾ ਕਰ ਸਕਦਾ ਹੈ। ਗਿਲਾਨੀ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਇਸ ਸਬੰਧੀ ਗੱਲਬਾਤ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ ਕਿਉਂਕਿ ਜੇਕਰ ਭਾਰਤ ਅਤੇ ਪਾਕਿਸਤਾਨ 'ਚ ਇਸ ਤਰਾਂ ਦਾ ਅਸੰਤੁਲਨ ਹੋਵੇਗਾ ਤਾਂ ਖੇਤਰ 'ਚ ਸਥਿਰਤਾ ਨਹੀਂ ਹੋਵੇਗੀ। ਸਿਓਲ ਵਿਖੇ ਹੋਣ ਵਾਲੇ ਪ੍ਰਮਾਣੂ ਸੁਰੱਖਿਆ ਸੰਮੇਲਨ 'ਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਵਲਪਿੰਡੀ 'ਚ ਸੈਨਾ ਦੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ ਨੂੰ ਕਹਾਂਗੇ ਕਿ ਪ੍ਰਮਾਣੂ ਤਕਨੀਕ ਸਾਡੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਪ੍ਰਮਾਣੂ ਤਕਨੀਕ ਬਾਰੇ ਭਾਰਤ ਵਰਗੀ ਸੰਧੀ ਲਈ ਅਮਰੀਕਾ ਸਮੇਤ ਪੂਰਬੀ ਦੇਸ਼ਾਂ 'ਤੇ ਦਬਾਅ ਬਣਾਉਂਦਾ ਰਿਹਾ ਹੈ।
ਡੇਹਲੋਂ ਨੇੜੇ ਟਰੱਕ ਹਾਦਸੇ 'ਚ 3 ਮੌਤਾਂ, 16 ਜ਼ਖ਼ਮੀ

ਡੇਹਲੋਂ ਨੇੜੇ ਵਾਪਰੇ ਹਾਦਸੇ 'ਚ ਨੁਕਸਾਨੇ ਗਏ ਟਰੱਕ ਅਤੇ ਇੰਨਸੈੱਟ ਮ੍ਰਿਤਕ ਬਿੰਦਰ ਸਿੰਘ, ਗੁਰਦੀਪ ਸਿੰਘ, ਸਾਧੂ ਰਾਮ ਦੀਆਂ ਪੁਰਾਣੀਆਂ ਤਸਵੀਰਾਂ।
ਡੇਹਲੋਂ/ਆਲਮਗੀਰ, 25 ਮਾਰਚ-ਬੀਤੀ ਰਾਤ ਕਰੀਬ 11:30 ਵਜੇ ਲੁਧਿਆਣਾ-ਡੇਹਲੋਂ-ਮਾਲੇਰਕੋਟਲਾ ਸੜਕ ਤੇ ਕਸਬਾ ਡੇਹਲੋਂ ਨਜ਼ਦੀਕ ਵਾਪਰੇ ਟਰੱਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ (ਜਿਹਨਾਂ 'ਚ 21 ਸਾਲਾ ਨੌਜਵਾਨ ਸ਼ਾਮਿਲ ਹੈ) ਅਤੇ 16 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਹੈ। ਜਿਨ੍ਹਾਂ 'ਚੋਂ 7 ਵਿਅਕਤੀ ਦਿਆ ਨੰਦ ਹਸਪਤਾਲ ਲੁਧਿਆਣਾ ਵਿਖੇ ਸਖ਼ਤ ਜ਼ਖ਼ਮੀ ਹੋਣ ਕਾਰਨ ਜ਼ੇਰੇ ਇਲਾਜ ਹਨ, ਜਦਕਿ ਇਨ੍ਹਾਂ 'ਚ ਦੋ ਗੰਭੀਰ ਰੂਪ 'ਚ ਰੀਡ ਦੀ ਹੱਡੀ ਟੁੱਟ ਜਾਣ ਕਾਰਨ ਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਕਸਬਾ ਡੇਹਲੋਂ ਸਮੇਤ ਆਸ ਪਾਸ ਦੇ ਪਿੰਡਾਂ ਰੁੜਕਾ, ਖੱਟੜਾ, ਗੁਰਮ, ਢੋਡੇ ਤੋਂ ਦੋ ਟਰੱਕਾਂ 'ਚ ਸਵਾਰ 125 ਦੇ ਕਰੀਬ ਸੰਗਤਾਂ ਸਿਰਸੇ ਨੂੰ ਮੱਥਾ ਟੇਕਣ ਜਾ ਰਹੇ ਸਨ ਕਿ ਡੇਹਲੋਂ ਤੋਂ ਕਰੀਬ 2 ਕਿਲੋਮੀਟਰ ਦੂਰੀ ਤੇ ਹੀ ਮੰਦਭਾਗਾ ਹਾਦਸਾ ਵਾਪਰ ਗਿਆ। ਹੋਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿ ਸਾਰੀਆਂ ਸੰਗਤਾਂ ਟਰੱਕ ਨੰਬਰ ਪੀ.ਬੀ. 10 ਜੀ 9531 ਅਤੇ ਟਰੱਕ ਨੰਬਰ ਪੀ.ਬੀ. 10 ਸੀ.ਬੀ. 7575 ਦੋ ਟਰੱਕਾਂ 'ਚ ਸਵਾਰ ਹੋ ਕੇ ਜਿਉਂ ਹੀ ਸਿਰਸੇ ਨੂੰ ਚੱਲੀਆਂ ਕਸਬਾ ਡੇਹਲੋਂ ਤੋਂ ਥੋੜੀ ਦੂਰ ਪਿੰਡ ਲਹਿਰੇ ਤੋਂ ਪਹਿਲਾਂ ਲੁਧਿਆਣਾ ਮਲੇਰਕੋਟਲਾ ਸੜਕ 'ਤੇ ਦੋਵੇਂ ਟਰੱਕ ਖੱਬੇ ਪਾਸੇ ਖੜੇ ਕਰ ਦਿੱਤੇ ਟਰੱਕ 'ਚ ਸਵਾਰ ਸੰਗਤਾਂ ਅਨੁਸਾਰ ਕਿ ਦੋਵੇਂ ਟਰੱਕ ਖੜੇ ਕਰਕੇ ਲਾਗਲੇ ਪਿੰਡ ਰੁੜਕਾ ਤੋਂ ਕੋਈ ਭੁੱਲੀ ਚੀਜ਼ ਲੇਣ ਉਡੀਕ ਕਰ ਰਹੇ ਸਨ ਜਦਕਿ ਟਰੱਕਾਂ 'ਚੋਂ ਕੁਝ ਵਿਅਕਤੀ ਹੇਠਾਂ ਉਤਰ ਗਏ ਸਨ ਅਤੇ ਆਪਸ 'ਚ ਗੱਲਾਂ ਹੀ ਕਰ ਰਹੇ ਸਨ ਤਾਂ ਡੇਹਲੋਂ ਵਾਲੇ ਪਾਸਿਓਂ ਪਿੱਛੋਂ ਆਏ ਰੇਤੇ ਦੇ ਭਰੇ ਟਰੱਕ ਨੰਬਰ ਐਚ.ਆਰ. 56-2597 ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਜਿਸ ਕਾਰਨ ਜਿਥੇ ਇਕ ਸੰਗਤਾਂ ਵਾਲਾ ਟਰੱਕ ਟੋਇਆ 'ਚ ਉਤਰ ਗਿਆ ਤੇ ਉਸ ਵਿਚ ਬੈਠੇ ਦੋ ਵਿਅਕਤੀ ਸਖ਼ਤ ਜ਼ਖ਼ਮੀ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਬਿੰਦਰ ਸਿੰਘ ਪੁੱਤਰ ਸਰਨਾ ਸਿੰਘ ਉਮਰ 50 ਸਾਲ, ਪਿੰਡ ਰੁੜਕਾ ਅਤੇ ਗੁਰਦੀਪ ਸਿੰਘ ਪੁੱਤਰ ਮਸਤਾਨ ਸਿੰਘ ਉਮਰ 21 ਸਾਲ ਪਿੰਡ ਖੱਟੜਾ ਚੁਹਾਰਮ ਵਜੋਂ ਹੋਈ, ਜਦਕਿ ਰੁੜਕਾ ਨਿਵਾਸੀ ਤੀਸਰਾ ਸਾਧੂ ਰਾਮ ਪੁੱਤਰ ਪਿਆਰੇ ਲਾਲ ਉਮਰ ਕਰੀਬ 48 ਸਾਲ ਸਖ਼ਤ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦੀਆਂ ਗਈਆਂ ਹਨ। ਇਥੇ ਦੱਸਣਯੋਗ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ ਤਿੰਨ 108 ਐਂਬੂਲੈਸਾਂ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦਾ ਗਿਆ। ਜਿਨ੍ਹਾਂ ਨੂੰ ਮੌਕੇ ਤੇ ਹਾਜ਼ਰ ਡਾ: ਜਸਨੀਬ ਸੰਧੂ, ਫਾਰਮਾਸਿਸਟ ਕਰਮਜੀਤ ਸਿੰਘ, ਸਟਾਫਰ ਪਵਨਦੀਪ ਕੌਰ ਸਮੇਤ ਟੀਮ ਨੇ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਗੰਭੀਰ ਰੂਪ ਸ਼ਿੰਗਾਰਾ ਸਿੰਘ, ਜਿਸਦੀ ਰੀਡ ਦੇ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਹੈ। ਨੌਜਵਾਨ ਮਨਦੀਪ ਸਿੰਘ ਰਿੰਕੂ ਪੁੱਤਰ ਬਲਦੇਵ ਸਿੰਘ ਡੇਹਲੋਂ ਜਿਸ ਦੀਆਂ ਲੱਤਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਦੋਵੇਂ ਜ਼ਿੰਦਗੀ ਮੌਤ ਦੀ ਲੜਾਈ ਦਿਆ ਨੰਦ ਹਸਪਤਾਲ ਵਿਖੇ ਲੜ ਰਹੇ ਹਨ, ਜਦਕਿ ਬਾਕੀ ਗੁਰਮ ਪਿੰਡ ਦੇ ਪੰਜ ਸਖ਼ਤ ਜ਼ਖ਼ਮੀ ਲਖਵਿੰਦਰ ਸਿੰਘ (22 ਸਾਲ), ਕੁਲਵਿੰਦਰ ਸਿੰਘ (23), ਹਰਨੇਕ ਸਿੰਘ (50), ਭੂਸ਼ਣ (40), ਨਰੇਸ਼ 30 ਸਾਲ ਸਾਰੇ ਗੁਰਮ ਨਿਵਾਸੀ ਵੀ ਜ਼ੇਰੇ ਇਲਾਜ ਹਨ, ਜਦੋਂਕਿ ਬਾਕੀ ਹੋਰ ਜ਼ਖ਼ਮੀਆਂ ਦੀ ਪਛਾਣ 16 ਸਾਲਾ ਕੁਲਵਿੰਦਰ ਸਿੰਘ ਪਿੰਡ ਨੰਗਲ, 19 ਸਾਲਾ ਤੇਜਿੰਦਰ ਸਿਘ ਢੋਡੇ, ਭਗਵਾਨ ਸਿੰਘ ਪੁੱਤਰ ਦਲਬਾਰਾ ਸਿੰਘ 40 ਸਾਲ ਪਿੰਡ ਡੇਹਲੋਂ, ਕੁਲਜੀਤ ਸਿੰਘ 14 ਸਾਲ ਪੁੱਤਰ ਨਾਜਰ ਸਿੰਘ, ਤਰਸੇਮ ਸਿੰਘ (18) ਪੁੱਤਰ ਭਗਵਾਨ ਸਿੰਘ ਡੇਹਲੋਂ, ਗੁਰਨਾਮ ਸਿੰਘ (45) ਪੁੱਤਰ ਸੰਤ ਸਿੰਘ ਨੰਗਲ, ਸੁਰਿੰਦਰ ਕੌਰ ਪਤਨੀ ਸ਼ਿੰਗਾਰਾ ਸਿੰਘ, ਮਨਵਿੰਦਰ ਸਿੰਘ ਬੰਟੀ ਪੁੱਤਰ ਸ਼ਿੰਗਾਰਾ ਸਿੰਘ, ਪਲਵਿੰਦਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਜੋਂ ਹੋਈ ਹੈ। ਸਿਵਲ ਹਸਤਪਾਲ ਮ੍ਰਿਤਕਾਂ ਦੇ ਵਾਰਸਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਹਲਕਾ ਗਿੱਲ ਦੇ ਵਿਧਾਇਕ ਸ: ਦਰਸ਼ਨ ਸਿੰਘ ਸ਼ਿਵਾਲਿਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਆਪਣੇ ਅਖਤਿਆਰੀ ਫੰਡ 'ਚੋਂ ਦੇਣ ਦਾ ਐਲਾਨ ਕੀਤਾ, ਜਦਕਿ ਦੁਪਹਿਰ ਬਾਅਦ ਸੀ. ਐਮ. ਓ. ਸ੍ਰੀ ਸੁਭਾਸ਼ ਬੱਤਾ, ਐਸ.ਐਮ.ਓ. ਜਸਵੀਰ ਸਿੰਘ ਵੀ ਮ੍ਰਿਤਕਾਂ ਦੇ ਪੋਸਟ ਮਾਰਟਮ ਸਬੰਧੀ ਪੁੱਜੇ ਪਰ ਕੋਈ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀ ਨਾ ਪੁੱਜਾ।
ਨਵੀਂ ਦਿੱਲੀ, 25 ਮਾਰਚ - ਉਮਰ ਵਿਵਾਦ ਨੂੰ ਲੈ ਕਿ ਆਹਮੋ-ਸਾਹਮਣੇ ਰਹੇ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਤੇ ਰੱਖਿਆ ਮੰਤਰਾਲੇ ਇਕ ਵਾਰ ਫਿਰ ਤੋਂ ਟਕਰਾਅ ਵਾਲੀ ਸਥਿਤੀ 'ਚ ਹਨ। ਇਸ ਵਾਰ ਦੋਵਾਂ ਵਿਚਕਾਰ ਆਸਾਮ ਰਾਈਫਲ ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮੱਤਭੇਦ ਵਧ ਗਏ ਹਨ। ਸੁਪਰੀਮ ਕੋਰਟ 'ਚ ਉਮਰ ਵਿਵਾਦ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਖ਼ਿਲਾਫ ਲੜਾਈ ਹਾਰਨ ਵਾਲੇ ਸੈਨਾ ਮੁਖੀ ਨੇ ਆਸਾਮ ਰਾਈਫਲ ਦੇ ਮੁਖੀ ਲਈ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਜਨਰਲ ਏ. ਕੇ. ਚੌਧਰੀ ਦੇ ਨਾਂਅ ਦੀ ਸਿਫਾਰਸ਼ ਕੇਂਦਰੀ ਗ੍ਰਹਿ ਮੰਤਾਰਲੇ ਕੋਲ ਕੀਤੀ ਸੀ। ਆਸਾਮ ਰਾਈਫਲ ਗ੍ਰਹਿ ਮੰਤਰਾਲੇ ਦੇ ਤਹਿਤ ਆਉਂਦਾ ਹੈ। ਸੂਤਰਾਂ ਮੁਤਾਬਿਕ ਰੱਖਿਆ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਸੈਨਾ ਮੁਖੀ ਦੇ ਪ੍ਰਸਤਾਵ 'ਤੇ ਵਿਚਾਰ ਨਾ ਕਰੇ ਕਿਉਂਕਿ ਇਸ ਨਾਂਅ ਨੂੰ ਭੇਜਣ ਲਈ ਨਾ ਤਾਂ ਰੱਖਿਆ ਮੰਤਰਾਲੇ ਤੋਂ ਤੇ ਨਾ ਹੀ ਕਿਸੇ ਹੋਰ ਸੰਸਥਾ ਤੋਂ ਪ੍ਰਵਾਨਗੀ ਲਈ ਗਈ ਹੈ। ਰੱਖਿਆ ਮੰਤਰਾਲੇ ਨੇ ਹੁਣ ਸੈਨਾ ਨੂੰ ਕਿਹਾ ਹੈ ਕਿ ਉਹ ਨਿਯੁਕਤੀਆਂ ਦੇ ਲਈ ਅਧਿਕਾਰੀਆਂ ਦੇ ਨਾਂਅ ਦੀ ਨਵੀਂ ਸੂਚੀ ਭੇਜੇ ਪਰ ਇਸ ਸਬੰਧ 'ਚ ਉਸ ਵਲੋਂ ਭੇਜੇ ਗਏ ਪੱਤਰ ਦਾ ਕੋਈ ਜਵਾਬ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਸੈਨਾ ਨੇ ਜਨਰਲ ਚੌਧਰੀ ਤੇ ਜਨਰਲ ਜੇ. ਪੀ. ਨੇਹਰਾ ਸਮੇਤ ਤਿੰਨ ਅਧਿਕਾਰੀਆਂ ਦੇ ਨਾਂਅ ਦੀ ਸੂਚੀ ਗ੍ਰਹਿ ਮੰਤਰਾਲੇ ਕੋਲ ਭੇਜੀ ਸੀ। ਅਧਿਕਾਰੀਕ ਸੂਤਰਾਂ ਮੁਤਾਬਿਕ ਇਹ ਬੜੀ ਅਜੀਬ ਗੱਲ ਹੈ ਕਿ ਸੈਨਾ ਮੁਖੀ ਰੱਖਿਆ ਮੰਤਰਾਲੇ ਨੂੰ ਨਜ਼ਰਅੰਦਾਜ਼ ਕਰਕੇ ਸਿੱਧਾ ਗ੍ਰਹਿ ਮੰਤਰਾਲੇ ਨਾਲ ਸੰਪਰਕ ਕਰ ਰਿਹੇ ਹਨ।
ਨਵੀਂ ਦਿੱਲੀ, 25 ਮਾਰਚ-ਸੀ. ਬੀ. ਆਈ. ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਇਹ ਗੰਨ ਮਿਲ ਗਈ ਹੈ ਜਿਸ ਦਾ ਇਸਤੇਮਾਲ ਸਾਹਿਲਾ ਮਹਿਸੂਦ ਦੀ ਹੱਤਿਆ ਲਈ ਕੀਤਾ ਗਿਆ। ਭਾਰਤ ਵਿਚ ਬਣੀ ਇਹ ਗੰਨ ਮਾਮਲੇ 'ਚ ਦੋਸ਼ੀ ਸ਼ਾਕਿਬ ਅਲੀ ਉਰਫ ਡੇਂਜਰ ਤੋਂ ਮਿਲੀ ਹੈ। ਸੀ. ਬੀ. ਆਈ. ਨੇ ਸਨਿਚਰਵਾਰ ਨੂੰ ਕੰਟਰੈਕਟ ਕਿਲਰ ਇਹਫਾਨ ਦਾ ਬਿਆਨ ਦਰਜ ਕੀਤਾ। 2 ਦਿਨ ਪਹਿਲਾਂ ਇਰਫਾਨ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ।

ਲਾਹੌਰ, 25 ਮਾਰਚ -ਪਾਕਿਸਤਾਨ ਸਰਕਾਰ ਲਾਹੌਰ 'ਚ ਮੌਜੂਦਾ ਸ਼ਾਦਮਾਨ ਚੌਂਕ ਦਾ ਨਾਂਅ ਅਮਰ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਰਾਜ਼ੀ ਹੋ ਸਕਦੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੇ ਮੁਤਾਬਿਕ ਪਾਕਿਸਤਾਨ ਦੀ ਭਗਤ ਸਿੰਘ ਸੰਸਥਾ ਦੇ ਮੁਖੀ ਤੇ ਪੰਜਾਬ ਰਾਜ ਦੇ ਰਾਜਪਾਲ ਦੇ ਮਨੁੱਖੀ ਅਧਿਕਾਰ ਸਲਾਹਕਾਰ ਅਬਦੁੱਲਾ ਮਲਿਕ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਬੁਲਾਰੇ ਪਰਵੇਜ਼ ਰਾਸ਼ਿਦ ਨੇ ਭਗਤ ਸਿੰਘ ਸੰਸਥਾ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਇਹ ਭਰੋਸਾ ਦਿੱਤਾ ਹੈ ਕਿ ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਸਬੰਧੀ ਮਤੇ ਨੂੰ ਸੰਸਦ 'ਚ ਪਾਸ ਕਰਵਾਇਆ ਜਾਵੇਗਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਲਾਹੌਰ 'ਚ ਫ਼ਾਂਸੀ ਦੇ ਦਿੱਤੀ ਗਈ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਤਿੰਨਾਂ ਦੇਸ਼ ਭਗਤਾਂ ਨੇ ਸ਼ਾਦਮਾਨ ਚੌਂਕ 'ਚ ਫਾਂਸੀ ਨੂੰ ਗਲੇ ਲਗਾਇਆ ਸੀ। ਪਾਕਿਸਤਾਨ ਦੇ ਕਈ ਸੰਗਠਨ ਇਸ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੀ ਮੰਗ ਕਰ ਰਹੇ ਹਨ।
ਜਲਗਾਓਂ, 25 ਮਾਰਚ-ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਕੇਵਲ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਅਜਿਹੀ ਸ਼ਕਤੀ ਸਨ ਜਿਨ੍ਹਾਂ ਦੀਆਂ ਸਿੱਖਿਆਵਾਂ ਤੋਂ ਨੌਜਵਾਨ ਪੀੜੀ ਨਵੀਂ ਤਾਕਤ ਤੇ ਦੂਰ ਦ੍ਰਿਸ਼ਟੀ ਲੈ ਸਕਦੀ ਹੈ। ਜਲਗਾਓਂ 'ਚ ਗਾਂਧੀ ਖੋਜ ਸੰਸਥਾ ਦਾ ਉਦਘਾਟਨ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਸ਼ਟਰ ਪਿਤਾ ਦੀਆਂ ਰਚਨਾਵਾਂ ਤੇ ਯਾਦਗਾਰਾਂ ਨੂੰ ਉਨਾਂ ਦੇ ਜੱਦੀ ਸ਼ਹਿਰ 'ਚ ਇਕੱਤਰ ਕਰਕੇ ਰੱਖਿਆ ਜਾ ਰਿਹਾ ਹੈ। ਰਾਸ਼ਟਰਪਤੀ ਪਾਟਿਲ ਨੇ ਕਿਹਾ ਕਿ ਗਾਂਧੀ ਜੀ 1922 'ਚ ਜਲਗਾਓਂ ਆਏ ਸਨ। ਉਨ੍ਹਾਂ ਕਿਹਾ ਕਿ ਸਿਰਫ ਇਹੋ ਜਾਣਨਾ ਜ਼ਰੂਰੀ ਨਹੀਂ ਕਿ ਗਾਂਧੀ ਜੀ ਕੌਣ ਸਨ ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਝਣਾ ਚਾਹੀਦਾ ਹੈ ਜੇਕਰ ਨੌਜਵਾਨ ਗਾਂਧੀ ਜੀ ਨੂੰ ਚੰਗੀ ਤਰ੍ਹਾਂ ਸਮਝ ਜਾਣ ਤਾਂ ਉਨ੍ਹਾਂ 'ਚ ਨਵੀਂ ਤਾਕਤ ਤੇ ਦੂਰ ਦ੍ਰਿਸ਼ਟੀ ਪੈਦਾ ਹੋ ਜਾਵੇਗੀ।

ਨਵੀਂ ਦਿੱਲੀ, 25 ਮਾਰਚ - ਅੱਜ ਤੋਂ ਲਾਗੂ ਹੋ ਰਹੀ ਨਵੀਂ ਵੀਜ਼ਾ ਪ੍ਰਣਾਲੀ ਤਹਿਤ ਆਸਟ੍ਰੇਲੀਆ 'ਚ ਉਚੇਰੀ ਸਿੱਖਿਆ ਲਈ ਜਾਣਾ ਆਸਾਨ ਹੋ ਜਾਵੇਗਾ। ਹੁਣ ਆਸਟ੍ਰੇਲੀਆ ਦੀਆਂ ਪ੍ਰਵਾਨਤ ਯੁਨੀਵਰਸਿਟੀਆਂ ਵਿਚ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਜਾਂ ਪੀ. ਐਚ. ਡੀ ਕਰਨ ਲਈ ਵੀਜ਼ਾ ਲੈਣ ਵਾਸਤੇ ਘੱਟ ਦਸਤਾਵੇਜ਼ ਦੇਣੇ ਪੈਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਕੰਮ ਕਰਨ ਦੀਆਂ ਸ਼ਰਤਾਂ ਵੀ ਨਰਮ ਕਰ ਦਿੱਤੀਆਂ ਗਈਆਂ ਹਨ ਤੇ ਵਿਦਿਆਰਥੀ ਦੋ ਹਫਤਿਆਂ ਦੌਰਾਨ ਵਧ ਤੋਂ ਵਧ 40 ਘੰਟੇ ਕੰਮ ਕਰ ਸਕਣਗੇ ਜਦ ਕਿ ਪਹਿਲਾਂ ਹਰੇਕ ਵਿਦਿਆਰਥੀ ਇਕ ਹਫਤੇ ਦੌਰਾਨ 20 ਘੰਟੇ ਤੋਂ ਵਧ ਕੰਮ ਨਹੀਂ ਸੀ ਕਰ ਸਕਦਾ।
ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਵੀਜ਼ਾ ਪ੍ਰਣਾਲੀ ਸਰਲ ਕਰਨ ਬਾਰੇ ਸਮਝੌਤਾ
ਰੱਖਿਆ ਤੇ ਪ੍ਰਮਾਣੂ ਖੇਤਰ 'ਚ ਸਹਿਯੋਗ ਲਈ ਸਹਿਮਤੀ

ਸਿਓਲ 'ਚ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੁੰਗ ਬੱਕ ਮਿਲਦੇ ਹੋਏ।
ਸਿਓਲ, 25 ਮਾਰਚ -ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਅੱਜ ਵੀਜ਼ਾ ਪ੍ਰਕਿਰਿਆ ਸਰਲ ਕਰਨ ਲਈ ਇਕ ਸਮਝੌਤੇ 'ਤੇ ਦਸਤਖ਼ਤ ਹੋਏ। ਇਸ ਸਮਝੌਤੇ ਨਾਲ ਦੋਨਾਂ ਦੇਸ਼ਾਂ ਦੇ ਵਪਾਰੀਆਂ ਨੂੰ ਰਾਹਤ ਮਿਲੇਗੀ ਤੇ ਆਮ ਲੋਕਾਂ ਵਿਚਾਲੇ ਸੰਪਰਕ ਵਧੇਗਾ। ਦੋਵੇਂ ਦੇਸ਼ ਰੱਖਿਆ ਤੇ ਗੈਰ ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ ਹਨ। ਵਫ਼ਦ ਪੱਧਰ ਦੀ ਗੱਲਬਾਤ ਉਪਰੰਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੁੰਗ-ਬੱਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੈਰ ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਵਧਾਉਣ ਤੇ ਰੱਖਿਆ ਸਨਅਤ 'ਚ ਸਬੰਧ ਮਜ਼ਬੂਤ ਕਰਨ ਲਈ ਸਹਿਮਤੀ ਹੋਈ ਹੈ। ਦੋਨਾਂ ਦੇਸ਼ਾਂ ਵੱਲੋਂ ਰੱਖਿਆ ਸਨਅਤ ਜਿਵੇਂ ਸਮੁੰਦਰੀ ਬੇੜਿਆਂ, ਫੌਜੀ ਜਹਾਜ਼ਾਂ ਤੇ ਥਲ ਸੈਨਾ ਦੇ ਨਿਰਮਾਣ ਪ੍ਰਾਜੈਕਟਾਂ ਦੇ ਖੇਤਰ ਵਿਚ ਸਾਂਝੀ ਖੋਜ ਤੇ ਵਿਕਾਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਗੱਲਬਾਤ ਉਪਰੰਤ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 2015 ਤੱਕ 40 ਅਰਬ ਡਾਲਰ ਦੇ ਵਪਾਰ ਦਾ ਟੀਚਾ ਰੱਖਿਆ ਗਿਆ ਹੈ। ਦੋਵੇਂ ਧਿਰਾਂ ਸਹਿਮਤ ਹੋਈਆਂ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਆਰਥਿਕ ਸਬੰਧ ਭਵਿੱਖ ਵਿਚ ਵਪਾਰਕ ਸਬੰਧ ਹੋਰ ਗਹਿਰੇ ਹੋਣ ਦਾ ਸੰਕੇਤ ਹਨ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਹੋਣ ਉਪਰੰਤ ਦੋਵਾਂ ਦੇਸ਼ਾਂ ਵਿਚਾਲੇ ਦੁਪਾਸੜ ਵਪਾਰ 'ਚ 65 ਫ਼ੀਸਦੀ ਵਧਿਆ ਹੈ ਤੇ ਹੁਣ ਅਸੀਂ ਨਵਾਂ ਟੀਚਾ 40 ਅਰਬ ਡਾਲਰ ਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚਹੁੰਦੇ ਹਾਂ ਕਿ ਕੋਰੀਅਨ ਕੰਪਨੀਆਂ ਭਾਰਤ ਵਿਚ ਵੱਡੀ ਪੱਧਰ 'ਤੇ ਨਿਵੇਸ਼ ਕਰਨ। ਪ੍ਰਧਾਨ ਮੰਤਰੀ ਨੇ ਕੋਰੀਅਨ ਕੰਪਨੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਵਿਸ਼ੇਸ਼ ਤੌਰ 'ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਦੱਖਣੀ ਕੋਰੀਆ ਨਾਲ ਸਬੰਧ ਮਜਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਪੁਲਾੜ ਕੇਂਦਰ ਤੋਂ ਕੋਰੀਅਨ ਉੱਪ ਗ੍ਰਹਿ ਦਾਗਣ ਦੀ ਵੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਮਾਣੂ ਸਪਲਾਇਰ ਗਰੁੱਪ ਦਾ ਮੈਂਬਰ ਬਨਣ ਲਈ ਭਾਰਤ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ 'ਚ ਸਿਓਲ ਕੋਲੋਂ ਸਮਰਥਨ ਮੰਗਿਆ। ਇਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਣ 'ਚ ਹਿੱਸਾ ਲੈਣ ਲਈ ਬੀਤੇ ਦਿਨ ਇਥੇ ਪੁੱਜੇ ਸਨ। ਦੋ ਦਿਨਾ ਸਿਖਰ ਸੰਮੇਲਣ ਕੱਲ੍ਹ ਇਥੇ ਆਗੂਆਂ ਦੇ ਦੁਪਹਿਰ ਦੇ ਖਾਣੇ ਮੌਕੇ ਜੁੜਨ ਨਾਲ ਸ਼ੁਰੂ ਹੋਵੇਗਾ।
 
ਮਾਮਲਾ ਭਾਈ ਰਾਜੋਆਣਾ ਦੀ ਫਾਂਸੀ ਦਾ
ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ
ਪੰਜਾਬ ਸਰਕਾਰ ਦੇ ਫ਼ੈਸਲੇ 'ਤੇ ਮੋਹਰ
ਪਾਰਟੀ ਸਜ਼ਾ ਮੁਆਫ਼ੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ
 ਸ਼੍ਰੋਮਣੀ ਕਮੇਟੀ ਨੂੰ ਸਜ਼ਾ ਮੁਆਫ਼ੀ ਦੀ ਅਰਜ਼ੀ ਤੁਰੰਤ ਰਾਸ਼ਟਰਪਤੀ ਕੋਲ ਦਾਇਰ ਕਰਨ ਲਈ ਕਿਹਾ ੲ ਬਾਦਲ ਅੱਜ ਮੁੱਦੇ 'ਤੇ ਵਿਧਾਨ ਸਭਾ 'ਚ ਬਿਆਨ ਦੇਣਗੇ
ਚੰਡੀਗੜ੍ਹ, 25 ਮਾਰਚ -ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਇੱਥੇ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਕਾਨੂੰਨੀ ਅਤੇ ਹੋਰ ਜੋ ਵੀ ਕਦਮ ਲੋੜੀਂਦੇ ਹੋਣ, ਚੁੱਕੇ। ਕਮੇਟੀ ਨੇ ਰਾਜ ਸਰਕਾਰ ਵੱਲੋਂ ਇਸ ਕੇਸ ਸਬੰਧੀ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਪ੍ਰੋੜਤਾ ਕਰਦਿਆਂ ਰਾਜ ਸਰਕਾਰ ਵੱਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਸਬੰਧੀ ਚੰਡੀਗੜ੍ਹ ਦੀ ਅਦਾਲਤ ਦੇ ਹੁਕਮਾਂ ਨੂੰ ਵਾਪਿਸ ਕੀਤੇ ਜਾਣ ਅਤੇ ਰਾਜ ਸਰਕਾਰ ਵੱਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਦੀ ਵੀ ਪ੍ਰੋੜਤਾ ਕਰਦਿਆਂ ਸਪੱਸ਼ਟ ਕੀਤਾ ਕਿ ਅਸਲੀਅਤ ਇਹ ਹੈ ਕਿ ਕਾਨੂੰਨੀ ਤੌਰ 'ਤੇ ਇਨ੍ਹਾਂ ਹੁਕਮਾਂ 'ਤੇ ਅਮਲ ਕੀਤਾ ਜਾਣਾ ਸੰਭਵ ਹੀ ਨਹੀਂ ਸੀ। ਕੋਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਗਿਆ ਕਿ ਉਹ ਤੁਰੰਤ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਦਾਇਰ ਕਰੇ। ਮੀਟਿੰਗ ਵੱਲੋਂ ਇੱਕ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਈ ਰਾਜੋਆਣਾ ਨੂੰ ਸਜ਼ਾ ਮੁਆਫ਼ੀ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ, ਤਾਂ ਜੋ ਵੱਡੀਆਂ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਵਿਚ ਲਿਆਂਦੀ ਗਈ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੋ ਅੱਜ ਦੀ ਇਸ ਮੀਟਿੰਗ ਵਿਚ ਹਾਜ਼ਰ ਸਨ, ਨੇ ਦੱਸਿਆ ਕਿ ਉਹ ਕੱਲ੍ਹ ਵਿਧਾਨ ਸਭਾ ਵਿਚ ਇਸ ਮੁੱਦੇ 'ਤੇ ਬਿਆਨ ਦੇਣਗੇ। ਦਲ ਦੀ ਕੋਰ ਕਮੇਟੀ ਨੇ ਸਾਰੀਆਂ ਸਿਆਸੀ ਪਾਰਟੀਆਂ, ਜਥੇਬੰਦੀਆਂ, ਸੰਸਥਾਵਾਂ ਅਤੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੀ ਮੰਗ ਲਈ ਸਮਰਥਨ ਦੇਣ, ਜੋ ਕਿ ਸੂਬੇ ਅਤੇ ਦੇਸ਼ ਦੇ ਮੁਫਾਦ ਲਈ ਜ਼ਰੂਰੀ ਹੈ। ਸੂਚਨਾ ਅਨੁਸਾਰ ਦਲ ਦੀ ਕੋਰ ਕਮੇਟੀ ਵਿਚ ਅੱਜ ਭਾਜਪਾ ਵੱਲੋਂ ਭਾਈ ਰਾਜੋਆਣਾ ਲਈ ਸਜ਼ਾ ਮੁਆਫ਼ੀ ਦੇ ਮੁੱਦੇ 'ਤੇ ਲਏ ਗਏ ਸਟੈਂਡ ਨੂੰ ਵੀ ਵਿਚਾਰਿਆ ਗਿਆ, ਜਿਸ ਵਿਚ ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਜੋ ਸਟੈਂਡ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਸਬੰਧੀ ਲਿਆ ਹੈ, ਉਹ ਹੀ ਸਟੈਂਡ ਭਾਜਪਾ ਦਾ ਭਾਈ ਰਾਜੋਆਣਾ ਦੇ ਮਸਲ੍ਹੇ ਵਿਚ ਰਹੇਗਾ, ਕਿਉਂਕਿ ਭਾਜਪਾ ਅੱਤਵਾਦੀ ਕਾਰਵਾਈਆਂ ਦੇ ਵਿਰੁੱਧ ਹੈ। ਕਮੇਟੀ ਵੱਲੋਂ ਅੱਜ ਮੀਟਿੰਗ ਤੋਂ ਬਾਅਦ ਜਾਰੀ ਪ੍ਰੈੱਸ ਨੋਟ ਵਿਚ ਕਹੀ ਗਈ ਇਹ ਗੱਲ ਕਿ ਪਾਰਟੀ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਮੁੱਦੇ 'ਤੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋਵੇਗੀ, ਸ਼ਾਇਦ ਉਨ੍ਹਾਂ ਜਮਾਤਾਂ ਲਈ ਹੀ ਸੁਨੇਹਾ ਹੈ, ਜੋ ਇਸ ਮਸਲ੍ਹੇ ਦਾ ਵਿਰੋਧ ਕਰ ਸਕਦੀਆਂ ਹਨ। ਮੀਟਿੰਗ ਦੌਰਾਨ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਬਿਆਨ ਵੀ ਵਿਚਾਰਿਆ ਗਿਆ, ਜਿਸ 'ਤੇ ਪਾਰਟੀ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਅੱਜ ਦੀ ਇਸ ਮੀਟਿੰਗ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਮੌਜੂਦਾ ਮੰਤਰੀ ਸ. ਜਨਮੇਜਾ ਸਿੰਘ ਅਤੇ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਸ੍ਰੀ ਹਰਚਰਨ ਬੈਂਸ ਸ਼ਾਮਿਲ ਸਨ।
 
ਅੰਨਾ ਦੀ ਭੁੱਖ ਹੜਤਾਲ ਨੂੰ ਲੋਕਾਂ ਦਿੱਤਾ ਹੁੰਗਾਰਾ
ਕੇਂਦਰ ਦੇ 14 ਭ੍ਰਿਸ਼ਟ ਮੰਤਰੀਆਂ ਖਿਲਾਫ਼ ਕੇਸ ਦਰਜ ਹੋਵੇ
ਨਵੀਂ ਦਿੱਲੀ, 25 ਮਾਰਚ -ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੋਈ ਵੀ ਕਦਮ ਨਾ ਉਠਾਏ ਜਾਣ ਦੇ ਵਿਰੁੱਧ ਅੱਜ ਇਥੇ ਇਕ ਦਿਨਾ ਭੁੱਖ ਹੜਤਾਲ 'ਤੇ ਬੈਠਦਿਆਂ ਕਿਹਾ ਕਿ ਦੇਸ਼ ਦੀ ਸਰਕਾਰ ਗੂੰਗੀ ਅਤੇ ਬੋਲ਼ੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਨਾ ਜੰਤਰ-ਮੰਤਰ ਵਿਖੇ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਗਏ ਅਤੇ ਉਥੇ 2 ਮਿੰਟ ਦਾ ਮੌਨ ਧਾਰਨ ਕੀਤਾ। ਕਰੀਬ 11 ਵਜੇ ਜੰਤਰ-ਮੰਤਰ ਪਹੁੰਚੇ ਅੰਨਾ ਦਾ ਉਥੇ ਹਾਜ਼ਰ ਵੱਡੀ ਗਿਣਤੀ 'ਚ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾ ਕੇ ਸਵਾਗਤ ਕੀਤਾ। ਅੰਨਾ ਦੀ ਅੱਜ ਦੀ ਭੁੱਖ ਹੜਤਾਲ ਹਾਲ ਹੀ 'ਚ ਮੱਧ ਪ੍ਰਦੇਸ਼ 'ਚ ਖਦਾਨ ਮਾਫੀਆ ਵੱਲੋਂ ਮਾਰੇ ਗਏ ਇਮਾਨਦਾਰ ਆਈ.ਪੀ.ਐਸ. ਅਧਿਕਾਰੀ ਨਰਿੰਦਰ ਕੁਮਾਰ ਨੂੰ ਇਨਸਾਫ ਦਿਵਾਉਣ  ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਹੈ। ਇਸ ਮੌਕੇ ਅੰਨਾ ਦੇ ਨਾਲ ਸਟੇਜ 'ਤੇ ਨਰਿੰਦਰ ਕੁਮਾਰ ਦੇ ਪਰਿਵਾਰ ਸਮੇਤ ਲਈ ਹੋਰ ਅਧਿਕਾਰੀਆਂ ਦੇ ਪਰਿਵਾਰ ਵੀ ਮੌਜ਼ੂਦ ਸਨ ਜੋ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰ ਦੇ ਸ਼ਹੀਦ ਹੋ ਗਏ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਸਮਾਜ ਸੇਵੀ ਅੰਨਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਦਿਆਂ ਸ਼ਹੀਦ ਹੋਏ ਲੋਕਾਂ ਦੇ ਮਾਪੇ, ਪਤਨੀਆਂ ਅਤੇ ਬੱਚੇ ਇਨਸਾਫ ਲਈ ਦਰ ਦਰ ਭਟਕ ਰਹੇ ਹਨ ਪਰ ਸਰਕਾਰ ਗੂੰਗੀ ਅਤੇ ਬੋਲ਼ੀ ਬਣ ਕੇ ਬੈਠੀ ਹੈ ਤੇ ਲੋਕਾਂ ਦੇ ਰੋਣ ਦੀ ਇਸ ਨੂੰ ਕੋਈ ਪਰਵਾਹ ਨਹੀਂ। ਅੰਨਾ ਨੇ ਕਿਹਾ ਕਿ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਲੰਬਾ ਸੰਘਰਸ਼ ਕਰਨਾ ਪਵੇਗਾ। ਦੱਸਣਯੋਗ ਹੈ ਕਿ ਇਸ ਮੌਕੇ ਸ਼ਾਂਤੀ ਭੂਸ਼ਣ, ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਅਤੇ ਮਨੀਸ਼ ਸਿਸੋਦੀਆਂ ਸਮੇਤ ਅੰਨਾ ਟੀਮ ਦੇ ਲਗਭਗ ਸਾਰੇ ਮੈਂਬਰ ਹਾਜਰ ਸਨ। ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਬਾਰੇ ਆਪਣਾ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਅੰਨਾ ਨੂੰ ਇਸ ਤਰਾਂ ਕਰਨ ਦਾ ਪੂਰਾ ਹਕ ਹੈ ਪਰ ਕਾਨੂੰਨ ਸੰਸਦ ਦੁਆਰਾ ਹੀ ਬਣਾਏ ਜਾਂਦੇ ਹਨ ਨਾ ਕਿ ਕਿਸੇ ਇਕ ਵਿਅਕਤੀ ਦੁਆਰਾ।

ਜੰਤਰ-ਮੰਤਰ ਵਿਖੇ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਸਮਰਥਕ ਅਤੇ ਇਕ ਦਿਨਾ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਰਾਜਘਾਟ ਵਿਖੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਸਮਾਜ-ਸੇਵੀ ਅੰਨਾ ਹਜ਼ਾਰੇ ਨਾਲ ਹਨ ਕਿਰਨ ਬੇਦੀ, ਮਨੀਸ਼ ਸਿਸੋਦੀਆ ਤੇ ਹੋਰ।
ਪਾਰਟੀ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਬੇਸ਼ਕ ਸਰਕਾਰ ਲੋਕਪਾਲ ਲਿਆਉਣ ਲਈ ਵਚਨਬੱਧ ਹੈ ਪਰ ਸਾਰੇ ਜਾਣਦੇ ਹਨ ਕਿ ਸਾਡੇ ਕੋਲ ਰਾਜ ਸਭਾ 'ਚ ਬਹੁਮਤ ਨਹੀਂ ਹੈ ਇਸ ਲਈ ਅਸੀਂ ਸੰਸਦ 'ਚ ਲੋਕਪਾਲ ਬਿਲ ਪਾਸ ਕਰਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਾਂਗਰਸ ਦੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੰਨਾ ਦੀ ਭੁੱਖ ਹੜਤਾਲ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਲਵੀ ਨੇ ਕਿਹਾ ਕਿ ਸੰਸਦ ਸਭ ਤੋਂ ਉਪਰ ਹੈ ਜਿੱਥੇ ਲੋਕਾਂ ਨੇ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਿਆ ਹੈ। ਅੱਜ ਅੰਨਾ ਹਜ਼ਾਰੇ ਨੇ ਇਕ ਨਵਾਂ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਯੂ. ਪੀ. ਏ. ਸਰਕਾਰ 'ਚ ਸ਼ਾਮਿਲ 14 ਭ੍ਰਿਸ਼ਟ ਮੰਤਰੀਆਂ ਵਿਰੁੱਧ ਅਗਸਤ ਮਹੀਨੇ ਤਕ ਐਫ.ਆਈ.ਆਰ. ਦਰਜ ਕੀਤੀ ਜਾਵੇ ਨਹੀਂ ਤਾਂ ਜੇਲ੍ਹ ਭਰੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਭਾਈ ਰਾਜੋਆਣਾ ਦੀ ਬਿਨਾਂ ਸ਼ਰਤ ਰਿਹਾਈ ਲਈ
ਸਿੱਖ ਜਥੇਬੰਦੀਆਂ ਇਕਜੁੱਟ ਹੋਣ-ਸਿੰਘ ਸਾਹਿਬ

 ਗੁਰਦੁਆਰਾ ਕੋਟ ਪੱਲੀਆ ਵਿਖੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਗੱਲਬਾਤ ਕਰਦੇ ਹੋਏ। ਨਾਲ ਹਨ ਜਥੇ: ਸੁਖਦੇਵ ਸਿੰਘ ਭੌਰ, ਜਥੇ: ਸਵਰਨਜੀਤ ਸਿੰਘ ਪਠਲਾਵਾ, ਜਥੇ: ਗੁਰਬਖਸ਼ ਸਿੰਘ ਖਾਲਸਾ, ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਹੋਰ।
ਬੰਗਾ 25 ਮਾਰਚ  ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਹੱਤਿਆ ਕਾਂਡ 'ਚ ਫਾਂਸੀ ਦੀ ਸਜ਼ਾ ਯਾਫ਼ਤਾ ਕੇਂਦਰੀ ਜੇਲ੍ਹ ਪਟਿਆਲਾ 'ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਅਤੇ ਬਿਨਾਂ ਸ਼ਰਤ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਕ ਹਿਤੈਸ਼ੀਆ ਨੂੰ ਇਕ ਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਗੁਰੁਦਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਕੋਟ ਪੱਲੀਆਂ ਵਿਖੇ ਪ੍ਰਗਟਾਏ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਉਪਰੰਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਰਿਹਾਈ ਲਈ ਪਹਿਲ ਕਦਮੀ ਕਰਨ ਸਬੰਧੀ ਜਾਰੀ ਆਦੇਸ਼ਾਂ ਤੋਂ ਬਾਅਦ ਰਿਹਾਈ ਲਈ ਕੀਤੇ ਜਾ ਰਹੇ ਯਤਨਾ 'ਚ ਕਾਫ਼ੀ ਤੇਜ਼ੀ ਆਈ ਹੈ।
ਇਸ ਮੌਕੇ ਜਥੇ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਜਥੇ: ਸਵਰਨਜੀਤ ਸਿੰਘ ਪਠਲਾਵਾ ਮਿਸਲ ਸ਼ਹੀਦਾਂ ਤਰਨਾ ਦਲ, ਜਥੇ: ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਵਿਧਾਇਕ ਹਲਕਾ ਗੜ੍ਹਸ਼ੰਕਰ, ਜਥੇ: ਅਮਰੀਕ ਸਿੰਘ ਪੂੰਨੀਆਂ ਤੋਂ ਇਲਾਵਾ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਪਿੰਡ ਰਾਜੋਆਣਾ ਦੇ ਵਸਨੀਕ ਭਾਈ ਬਲਵੰਤ ਸਿੰਘ ਨੂੰ 'ਜ਼ਿੰਦਾ ਸ਼ਹੀਦ' ਦੇ
ਖਿਤਾਬ ਤੋਂ ਖੁਸ਼ ਤੇ ਫਾਂਸੀ ਦਾ ਦਿਨ ਨੇੜੇ ਆਉਣ 'ਤੇ ਚਿੰਤਤ

 ਪਿੰਡ ਰਾਜੋਆਣਾ ਕਲਾਂ ਦੇ ਵਸਨੀਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਅਤੇ ਭਾਈ ਰਾਜੋਆਣਾ ਦੇ ਜੱਦੀ ਘਰ 'ਤੇ ਝੂਲਦਾ ਕੇਸਰੀ ਝੰਡਾ।
ਰਾਏਕੋਟ-25 ਮਾਰਚ  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ, ਜਿਸ ਨੂੰ ਮਾਣਯੋਗ ਅਦਾਲਤ ਵਲੋਂ 31 ਮਾਰਚ 2012 ਨੂੰ ਫਾਂਸੀ ਦਿੱਤੇ ਜਾਣ ਦਾ ਫੈਸਲਾ ਦਿੱਤਾ ਗਿਆ, ਜਿਸ ਨਾਲ ਸਮੁੱਚੀ ਸਿੱਖ ਕੌਮ 'ਚ ਨਰਾਜ਼ਗੀ ਤੇ ਗੁੱਸੇ ਦੀ ਲਹਿਰ ਪੈਦਾ ਹੋਈ ਹੈ, ਉਥੇ ਹੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਅਦਾਲਤ ਦੇ ਇਸ ਫੈਸਲੇ ਨੂੰ ਸਿੱਖ ਵਿਰੋਧੀ ਦੱਸਿਆ ਹੈ, ਜਦਕਿ ਬਲਵੰਤ ਸਿੰਘ ਰਾਜੋਆਣਾ ਅਤੇ ਉਸਦੇ ਪਰਵਾਰਕ ਮੈਂਬਰ ਇਸ ਫੈਸਲੇ ਤੋਂ ਪੂਰੀ ਚੜ੍ਹਦੀ ਕਲਾ 'ਚ ਹਨ।
ਇਸ ਸਬੰਧ 'ਚ ਪੱਤਰਕਾਰਾਂ ਦੀ ਟੀਮ ਨੇ ਪਿੰਡ ਰਾਜੋਆਣਾ ਕਲਾਂ ਅਤੇ ਆਲੇ-ਦੁਆਲੇ ਦੇ ਦਰਜਨਾਂ ਦੇ ਕਰੀਬ ਪਿੰਡਾਂ ਦਾ ਦੌਰਾ ਕਰਕੇ ਇਸ ਸਬੰਧ 'ਚ ਲੋਕਾਂ ਦੇ ਪ੍ਰਤੀਕਰਮ ਸੁਣੇ। ਇਸ ਮੌਕੇ ਪਿੰਡ ਰਾਜੋਆਣਾ ਕਲਾਂ ਦੀ ਸੱਥ 'ਚ ਬੈਠੇ ਦਲਜੀਤ ਸਿੰਘ, ਕੁਲਦੀਪ ਸਿੰਘ, ਮੇਵਾ ਸਿੰਘ, ਨਿਰਮਲ ਸਿੰਘ, ਕ੍ਰਿਸ਼ਨ ਸਿੰਘ, ਭਜਨ ਸਿੰਘ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ ਆਦਿ ਨੇ ਕਿਹਾ ਕਿ ਸਾਡੇ ਦੇਸ਼ 'ਚ ਹਮੇਸ਼ਾਂ ਘੱਟ ਗਿਣਤੀ ਵਰਗ ਨਾਲ ਦੋਹਰੇ ਮਾਪਦੰਡ ਅਪਣਾਏ ਜਾਂਦੇ ਹਨ, ਜਿਸ ਦਾ ਬਲਵੰਤ ਸਿੰਘ ਰਾਜੋਆਣਾ ਕਲਾਂ ਨੂੰ ਫਾਂਸੀ ਸੁਣਾਇਆ ਜਾਣ ਦਾ ਫ਼ੈਸਲਾ ਤਾਜਾ ਮਿਸਾਲ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਘਰਾਂ ਉਪਰ ਕੇਸਰੀ ਝੰਡੇ ਬੰਨੇ ਜਾਣ ਦਾ ਬੇਅੰਤ ਪਰਿਵਾਰ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਤਿੱਖਾ ਪ੍ਰਤੀਕਰਮ ਪੇਸ਼ ਕਰਦਿਆਂ ਕਿਹਾ ਕਿ ਜੇ ਕਰ ਪੰਜਾਬ 'ਚ ਕੋਈ ਵੀ ਵਿਅਕਤੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕੀਤੇ ਕੰਮਾਂ ਦੀ ਹਾਮੀ ਭਰੇ ਤਾਂ ਉਹ ਆਪਣੇ ਘਰਾਂ 'ਤੇ ਲਗਾਏ ਕੇਸਰੀ ਝੰਡੇ ਉਤਾਰ ਦੇਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੇ ਖਿਤਾਬ ਤੋਂ ਖੁਸ਼ ਹਨ ਪਰ ਫਾਂਸੀ ਦਾ ਦਿਨ ਨੇੜੇ ਆਉਣ 'ਤੇ ਚਿੰਤਤ ਹਨ।

ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਵਿਸ਼ਾਲ ਢਾਡੀ ਦਰਬਾਰ ਸਜਾਇਆ

 ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਮੁੱਖ ਪ੍ਰਬੰਧਕ ਬਾਬਾ ਘਾਲਾ ਸਿੰਘ ਨਾਨਕਸਰ
ਵਾਲੇ ਢਾਡੀ ਜਥਿਆਂ ਨੂੰ ਸਨਮਾਨਿਤ ਕਰਦੇ ਹੋਏ। 
ਜਗਰਾਉਂ/ 25 ਮਾਰਚ  ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਅਤੇ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਦੌਰਾਨ ਵਿਸ਼ਾਲ ਢਾਡੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ।
ਸਮਾਗਮਾਂ ਦੇ ਮੁੱਖ ਪ੍ਰਬੰਧਕ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਇਸ ਮੌਕੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਉਹ ਰੱਬੀ ਰੂਹ ਸਨ, ਜਿੰਨਾਂ ਨੇ ਆਪਣਾ ਸਮੁੱਚਾ ਜੀਵਨ ਸੇਵਾ ਤੇ ਸਿਮਰਨ ਨੂੰ ਸਮਰਪਿਤ ਕੀਤਾ। ਇਸੇ ਤਰ੍ਹਾਂ ਹੀ ਬਾਬਾ ਨਰੈਣ ਸਿੰਘ ਨੇ ਵੀ ਆਪਣਾ ਜੀਵਨ ਸੇਵਾਵਾਂ ਨੂੰ ਅੱਗੇ ਚਲਾਉਂਦਿਆਂ ਲੰਘਾਇਆ। ਉਨ੍ਹਾਂ ਇਸ ਮੌਕੇ ਪੁੱਜੇ ਪ੍ਰਸਿੱਧ ਢਾਡੀ ਰਛਪਾਲ ਸਿੰਘ ਪਮਾਲ, ਕੁਲਜੀਤ ਸਿੰਘ ਦਿਲਬਰ, ਅਜਮੇਰ ਸਿੰਘ ਕਾਲਸਾਂ ਤੇ ਅਜਮੇਰ ਸਿੰਘ ਦੀਵਾਨਾ ਦੇ ਜਥਿਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਵੀ ਕੀਤਾ। ਇਨ੍ਹਾਂ ਸਮਾਗਮਾਂ 'ਚ ਅੱਜ ਸਤਿਆਜੀਤ ਸਿੰਘ ਮਜੀਠੀਆ ਨੇ ਵੀ ਹਾਜ਼ਰੀ ਭਰੀ ਅਤੇ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਈ ਹਰਬੰਸ ਸਿੰਘ ਨਾਨਕਸਰ ਨੇ ਦੱਸਿਆ ਕਿ ਮਿਤੀ 1 ਮਾਰਚ ਤੋਂ ਚੱਲ ਰਹੇ ਇਨ੍ਹਾਂ ਸਮਾਗਮਾਂ ਦੇ ਆਖਰੀ ਦਿਨ ਮਿਤੀ 26 ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਇਸ ਅਸਥਾਨ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।
ਇਸ ਮੌਕੇ ਭਾਈ ਕਰਨੈਲ ਸਿੰਘ ਨਾਨਕਸਰ, ਭਾਈ ਮੇਹਰ ਸਿੰਘ ਨਾਨਕਸਰ, ਭਾਈ ਜਸਵਿੰਦਰ ਸਿੰਘ ਬਿੰਦੀ, ਅਮ੍ਰਿਤਪਾਲ ਸਿੰਘ ਲੁਧਿਆਣਾ, ਰਾਜਪਾਲ ਸਿੰਘ ਰਤੀਆ, ਪਾਲ ਸਿੰਘ ਡੱਲਾ, ਗੁਰਿੰਦਰਜੀਤ ਸਿੰਘ ਰਾਣਾ, ਭਾਗ ਸਿੰਘ ਗੜੇ ਵਾਲੇ, ਕ੍ਰਿਸ਼ਨ ਕੁਮਾਰ ਫਤਿਆਬਾਦ,  ਹਰਦਿੱਤ ਸਿੰਘ ਭੱਟੀ, ਪ੍ਰਗਟ ਸਿੰਘ ਰਤੀਆ, ਅਮਰਜੀਤ ਸਿੰਘ ਪ੍ਰਧਾਨ, ਸਰਬਜੀਤ ਸਿੰਘ ਖੱਚੜਾ, ਗੁਰਬਖਸ ਸਿੰਘ ਮਹਿਲ ਕਲਾਂ, ਡਾ. ਮਨਜੀਤ ਸਿੰਘ ਲੁਧਿਆਣਾ, ਗੁਰਚਰਨ ਸਿੰਘ ਅਮਰੀਕਾ, ਅਮਰਜੀਤ ਸਿੰਘ ਇੰਗਲੈਂਡ, ਮਨਜੀਤ ਸਿੰਘ ਕੈਨੇਡਾ, ਜਗਜੀਤ ਸਿੰਘ ਦਿਉਲ ਕੈਨੇਡਾ, ਸਾਧੂ ਸਿੰਘ ਝੋਰੜਾਂ, ਗੁਰਦੇਵ ਸਿੰਘ ਨੰਬਰਦਾਰ, ਸੱਤਪਾਲ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ ਅਮਰੀਕਾ, ਗੁਰਦੀਪ ਸਿੰਘ ਰਾੜਾ ਸਾਹਿਬ ਆਦਿ ਹਾਜ਼ਰ ਸਨ।

ਜਸਪ੍ਰੀਤ ਕੌਰ ਨੇ ਪੀ.ਸੀ.ਐੱਸ. ਜੁਡੀਸ਼ੀਅਲ
 ਪੰਜਾਬ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ

 ਜਸਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ
ਮਾਤਾ-ਪਿਤਾ ਤੇ ਹੋਰ।
ਇਯਾਲੀ 25 ਮਾਰਚ - ਜ਼ਿਲ੍ਹਾ ਅਟਾਰਨੀ ਨਵਾਂ ਸ਼ਹਿਰ ਇਕਬਾਲ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਨੇ ਪੀ. ਸੀ. ਐੱਸ. ਜੁਡੀਸ਼ੀਅਲ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਜਿਥੇ ਲੁਧਿਆਣਾ ਜ਼ਿਲ੍ਹੇ ਦਾ ਨਾਅ ਰੌਸ਼ਨ ਕੀਤਾ ਹੈ, ਉਥੇ ਘਰ ਦੀਆਂ ਖੁਸ਼ੀਆਂ ਵੀ ਦੂਣ ਸਵਾਈਆਂ ਕਰ ਦਿੱਤੀਆਂ ਹਨ।
ਜਸਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੰਜ਼ਿਲ ਦੂਰ ਨਹੀਂ ਹੁੰਦੀ ਬਸ ਉਸ ਨੂੰ ਹਾਸਿਲ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਹ ਮੰਜ਼ਿਲ ਹਾਸਿਲ ਹੋ ਜਾਂਦੀ ਹੈ। ਆਪਣੀ ਬੇਟੀ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਹੈਲਥ ਸੁਪਰਵਾਈਜਰ ਮਹਿੰਦਰ ਕੌਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਸ਼ੁਰੂ ਤੋਂ ਹੀ ਹੁਸ਼ਿਆਰ ਹੈ ਤੇ ਉਸ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਇਸ ਟੀਚੇ ਨੂੰ ਹਾਸਿਲ ਕੀਤਾ ਹੈ। ਜਸਪ੍ਰੀਤ ਕੌਰ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਐੱਲ. ਐੱਲ. ਅੱੈਮ. ਦੀ ਪੜ੍ਹਾਈ ਵੀ ਗੋਲਡ ਮੈਡਲ ਹਾਸਿਲ ਕਰਕਿੇ ਪੂਰੀ ਕੀਤੀ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਇਯਾਲੀ ਕਲਾਂ ਦੀ ਜੰਮਪਲ ਜਸਪ੍ਰੀਤ ਕੌਰ ਨੇ ਮੁੱਢਲੀ ਪੜ੍ਹਾਈ ਪੀ. ਏ. ਯੂ. ਤੋਂ ਪ੍ਰਾਪਤ ਕੀਤੀ ਸੀ ਤੇ ਹੁਣ ਉਹ ਲਾਅ ਕਾਲਜ ਪੰਜਾਬ ਯੂਨੀਵਰਸਟੀ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਵਜੋਂ ਡਿਊਟੀ ਨਿਭਾਅ ਰਹੀ ਹੈ। ਇਸ ਮੌਕੇ ਹਰਵਿੰਦਰ ਸਿੰਘ ਐਡਵੋਕੇਟ, ਰੀਡਰ ਅੰਮ੍ਰਿਤਪਾਲ ਸਿੰਘ, ਕੁਲਵੰਤ ਕੌਰ, ਗੋਰਵ ਸੁਪਰਾ, ਆਲਮ ਸੁਪਰਾ, ਗਗਨ ਸਿੰਮਕ, ਸੁਖਦੇਵ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।

ਸਕੂਲਾਂ 'ਚ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਿਤਾਬਾਂ ਭੇਜੀਆਂ
ਅਜੀਤਗੜ੍ਹ 25 ਮਾਰਚ - ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਰਵ-ਸਿੱਖਿਆ ਅਭਿਆਨ ਅਤੇ ਸਮਾਜ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾਣ ਵਾਲੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਮੁਫ਼ਤ ਕਿਤਾਬਾਂ ਸਕੂਲਾਂ 'ਚ ਪਹੁੰਚ ਗਈਆਂ ਹਨ। ਸਿੱਖਿਆ ਬੋਰਡ ਦੇ ਚੇਅਰਮੈਲ ਡਾ: ਦਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ 'ਚ ਪਹਿਲੀ ਸ਼੍ਰੇਣੀ ਤੋਂ ਅੱਠਵੀਂ ਸ਼੍ਰੇਣੀ (ਬਾਕੀ ਸਫ਼ਾ 6 'ਤੇ) ਤੱਕ ਦੇ ਸਾਰੇ ਵਿਦਿਆਰਥੀਆਂ ਅਤੇ ਸਮਾਜ ਭਲਾਈ ਵਿਭਾਗ ਪੰਜਾਬ ਵੱਲੋਂ 9ਵੀਂ ਅਤੇ ਦਸਵੀਂ ਸ਼੍ਰੇਣੀ ਦੇ ਐੱਸ. ਸੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਿਤਾਬਾਂ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਕੰਪਿਊਟਰ ਵਿਸ਼ੇ ਦੀਆਂ ਕਿਤਾਬਾਂ ਸਿੱਖਿਆ ਬੋਰਡ ਵੱਲੋਂ ਪੰਜਾਬ ਦੇ ਵੱਖ-ਵੱਖ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੇ ਦਫ਼ਤਰਾਂ 'ਚ ਪੁੱਜਦੀਆਂ ਕਰ ਦਿੱਤੀਆਂ ਗਈਆਂ ਹਨ।
ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਮਿਲੇਗਾ ਡੱਬਾ ਬੰਦ ਭੋਜਨ
ਸ੍ਰੀ ਮੁਕਤਸਰ ਸਾਹਿਬ 25 ਮਾਰਚ- ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਆਈ. ਸੀ. ਡੀ. ਐੱਸ. ਸਕੀਮ ਅਧੀਨ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 26 ਹਜ਼ਾਰ 665 ਆਂਗਣਵਾੜੀ ਸੈਂਟਰਾਂ ਅਤੇ ਮਿੰਨੀ ਆਂਗਣਵਾੜੀ ਸੈਂਟਰਾਂ ਵਿਚ ਆਉਣ ਵਾਲੇ ਨਿੱਕੇ ਬੱਚਿਆਂ ਨੂੰ ਹੁਣ ਤੱਕ ਦਲੀਆਂ, ਚੌਲ, ਖੀਰ, ਅਤੇ ਪ੍ਰਸ਼ਾਦ ਆਦਿ ਆਂਗਣਵਾੜੀ ਸੈਂਟਰਾਂ ਵਿਚ ਹੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਬਣਾ ਕੇ ਦਿੱਤਾ ਜਾਂਦਾ ਸੀ ਅਤੇ ਵਿਭਾਗ ਵੱਲੋਂ ਖੰਡ, ਕਣਕ, ਸੁੱਕਾ ਦੁੱਧ, ਘਿਉ ਅਤੇ ਪੰਜ਼ੀਰੀ ਆਦਿ ਸੈਂਟਰਾਂ ਵਿਚ ਭੇਜੀ ਜਾਂਦੀ ਸੀ। ਪਰ ਹੁਣ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਨ੍ਹਾਂ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਲਈ ਸੁੱਕਾ ਸਾਮਾਨ ਭੇਜਣ ਦੀ ਥਾਂ ਡੱਬਾ ਬੰਦ ਭੋਜਨ ਭੇਜਣ ਦੀ ਵਿਉਂਤਬੰਦੀ ਉਲੀਕੀ ਗਈ ਹੈ। ਵਿਭਾਗ ਦੇ ਡਾਇਰੈਕਟਰ ਗੁਰਕਿਰਤਕਿਰਪਾਲ ਸਿੰਘ ਨੇ ਦੱਸਿਆ ਕਿ ਹਰ ਇਕ ਜ਼ਿਲ੍ਹੇ ਵਿਚ ਡੱਬਾ ਬੰਦ ਭੋਜਨ ਤਿਆਰ ਕਰਨ ਲਈ ਇਕ-ਇਕ ਫ਼ੈਕਟਰੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਸ਼ੁੱਧ ਅਤੇ ਪੌਸ਼ਟਿਕ ਭੋਜਨ ਮਿਲੇਗਾ।

ਭਾਜਪਾ ਕੋਟੇ ਦੇ ਐੱਲ.-13 ਲਾਇਸੰਸ ਵਰਕਰਾਂ ਨੂੰ ਦੇਣ ਦੀ ਹਮਾਇਤ
ਜਲੰਧਰ 25 ਮਾਰਚ -ਭਾਜਪਾ ਕੋਟੇ ਦੇ ਐੱਲ.-13 (ਦੇਸੀ ਸ਼ਰਾਬ ਦੇ ਥੋਕ ਲਾਇਸੰਸ) ਇਸ ਵਾਰ ਹਾਈਕਮਾਨ ਨੇ ਵੀ ਵਰਕਰਾਂ ਨੂੰ ਦੇਣ ਦੀ ਹਮਾਇਤ ਕਰ ਦਿੱਤੀ ਹੈ ਤੇ ਇਸ ਬਾਰੇ ਅੱਜ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਸੀਨੀਅਰ ਆਗੂਆਂ ਨੇ ਇਹ ਲਾਇਸੰਸ ਪਾਰਟੀ ਦੇ ਵਰਕਰਾਂ ਕੋਲ ਰਹਿਣ ਦੀ ਹਮਾਇਤ ਕੀਤੀ ਸੀ। ਹਰ ਸਾਲ ਸ਼ਰਾਬ ਨੀਤੀ ਦਾ ਐਲਾਨ ਹੋਣ ਤੋਂ ਬਾਅਦ ਜਦੋਂ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਜਾਂਦੇ ਹਨ ਤਾਂ ਐੱਲ.-13 ਵਿਚ ਪਾਰਟੀ ਦੇ ਕੋਟੇ ਵੀ ਹੁੰਦੇ ਹਨ ਤੇ ਇਸ ਵਿਚ ਪਾਰਟੀ ਹਾਈਕਮਾਨ ਦੇ ਨਿਰਦੇਸ਼ 'ਤੇ ਕੰਮਕਾਜ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਇਹ ਦਿੱਤੇ ਜਾਂਦੇ ਰਹੇ ਹਨ। ਪਿਛਲੇ ਪੰਜ ਸਾਲਾਂ ਵਿਚ ਤਾਂ ਪਾਰਟੀ ਨੇ ਆਪਣੇ ਕੋਟੇ ਦੇ ਲਾਇਸੰਸ ਵੇਚ ਦਿੱਤੇ ਸਨ ਤੇ ਪਾਰਟੀ ਲਈ ਫ਼ੰਡ ਇਕੱਠਾ ਕੀਤਾ ਗਿਆ ਸੀ। ਕੋਟੇ ਦੇ ਮੁਤਾਬਿਕ ਇਸ ਵਾਰ ਪਾਰਟੀ ਕੋਲ 32 ਦੇ ਕਰੀਬ ਐੱਲ.-13 ਲਾਇਸੰਸ ਆਉਣ ਦੀ ਸੰਭਾਵਨਾ ਹੈ। ਉੱਧਰ ਸੂਤਰਾਂ ਦਾ ਕਹਿਣਾ ਹੈ ਕਿ 28 ਮਾਰਚ ਨੂੰ ਸ਼ਰਾਬ ਠੇਕਿਆਂ ਦੇ ਡਰਾਅ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਐੱਲ.-13 ਦੇ ਲਾਇਸੈਸਾਂ ਦਾ ਵੀ ਫ਼ੈਸਲਾ ਹੋ ਜਾਏਗਾ ਕਿਉਂਕਿ ਇਹ ਕੰਮ ਵੀ ਸ਼ਰਾਬ ਨੀਤੀ ਦੇ ਨਾਲ ਹੀ ਸ਼ੁਰੂ ਹੁੰਦਾ ਹੈ।

ਸ਼ੈਲਰ ਮਾਲਕ ਅੱਜ ਮੁੱਖ ਮੰਤਰੀ ਤੇ ਸੁਖਬੀਰ ਨਾਲ ਕਰਨਗੇ ਮੁਲਾਕਾਤ

ਤਰਨ ਤਾਰਨ.- 25 ਮਾਰਚ -ਰਾਈਸ ਮਿਲਜ਼ ਐਸੋ: ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਤਰਨ ਤਾਰਨ ਵਿਖੇ ਹੋਈ, ਜਿਸ ਵਿਚ ਸ਼ੈਲਰ ਮਾਲਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ 'ਤੇ ਖੁੱਲ੍ਹ ਕੇ ਵਿਚਾਰ ਕੀਤੇ ਗਏ।
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ 26 ਮਾਰਚ ਨੂੰ ਤਿੰਨਾਂ ਜ਼ਿਲ੍ਹਿਆਂ ਦੇ ਸਮੂਹ ਮਿਲਰਜ਼ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਅੰਮ੍ਰਿਤਸਰ ਮਿਲ ਕੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਣਗੇ। ਇਸ ਮੌਕੇ ਇਹ ਫੈਸਲਾ ਲਿਆ ਗਿਆ ਕਿ ਝੋਨੇ ਦੀ ਕਿਸਮ ਪੀ.ਆਰ. 47 ਅਤੇ ਪੀ.ਆਰ. 27 ਦੀ ਟੁੱਟ ਬਹੁਤ ਜ਼ਿਆਦਾ ਹੈ, ਜੇ ਕਰ ਇਹ ਕਿਸਮ ਦਾ ਝੋਨਾ ਮੰਡੀਆਂ ਵਿਚ ਆਇਆ ਤਾਂ ਸ਼ੈਲਰ ਮਾਲਕ ਇਸ ਨੂੰ ਸ਼ੈਲਰਾਂ ਵਿਚ ਸਟੋਰ ਨਹੀਂ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਈਸ ਮਿਲਰਜ਼ ਐਸੋ: ਤਰਨ ਤਾਰਨ ਦੇ ਆਗੂ ਅਵਤਾਰ ਸਿੰਘ ਤਨੇਜਾ ਨੇ ਦੱਸਿਆ ਕਿ ਸ਼ੈਲਰ ਉਦਯੋਗ ਇਸ ਸਮੇਂ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ, ਜਿਸ ਕਾਰਨ ਕਈ ਸ਼ੈਲਰ ਬੰਦ ਪਏ ਹੋਏ ਹਨ।
ਸਰਕਾਰ ਵੱਲੋਂ ਖਰੀਦ ਕੀਤੀ ਗਈ ਪੈਡੀ ਸ਼ੈਲਰਾਂ ਵਿਚ ਸਟੋਰ ਪਈ ਹੈ। ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਪੀ.ਆਰ. 17 ਕਿਸਮ ਆਉਂਦੀ ਹੈ, ਜਿਸ ਵਿਚੋਂ ਟੁੱਟ ਦੀ ਮਾਤਰਾ 40 ਤੋਂ 45 ਪ੍ਰਤੀਸ਼ਤ ਹੋ ਰਹੀ ਹੈ, ਜਦ ਕਿ ਐੱਫ. ਸੀ. ਆਈ. 25 ਪ੍ਰਤੀਸ਼ਤ ਦਾ ਟੋਟੇ ਦੀ ਅਤਕਾ ਮਨਜ਼ੂਰ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜੀ. ਐੱਸ. ਸੋਹਲ, ਰਜਿੰਦਰ ਮਿੱਤਲ, ਪਵਨ ਮਿੱਤਲ, ਵਿਨੋਦ ਖੰਨਾ, ਰਾਜ ਕੁਮਾਰ, ਹਰਭਜਨ ਸਿੰਘ, ਸੋਨੂੰ ਗੁਪਤਾ, ਜਸਪਾਲ ਸਿੰਘ, ਰਕੇਸ਼ ਕੁਮਾਰ, ਪ੍ਰੇਮ ਸਿੰਘ, ਸੰਤੋਖ ਸਿੰਘ, ਕਰਮਜੀਤ ਸਿੰਘ ਝਬਾਲ, ਦਵਾਰਕਾ ਦਾਸ ਭਿੱਖੀਵਿੰਡ, ਸੁਰਿੰਦਰ ਕੱਕੜ, ਸੈਂਡੀ ਝਬਾਲ, ਸਤੀਸ਼ ਕੁਮਾਰ, ਵਿਨੋਦ ਚੱਡਾ ਅੰਮ੍ਰਿਤਸਰ, ਜਰਨੈਲ ਸਿੰਘ ਅਤੇ ਸਾਥੀ ਗੁਰਦਾਸਪੁਰ ਤੋਂ ਸ਼ਾਮਿਲ ਹੋਏ।

ਬਿਜਲੀ ਬਿੱਲ ਦੀ ਵਸੂਲੀ ਨਿੱਜੀ ਕੰਪਨੀਆਂ ਹਵਾਲੇ
ਜਲੰਧਰ- 25 ਮਾਰਚ -ਪਾਵਰ ਕਾਮ ਨੇ ਹੁਣ ਬਿਜਲੀ ਦੇ ਬਿੱਲ ਲੈਣ ਦਾ ਕੰਮ ਵੀ ਨਿੱਜੀ ਕੰਪਨੀਆਂ ਹਵਾਲੇ ਕਰ ਦਿੱਤਾ ਹੈ ਤੇ ਸ਼ਹਿਰਾਂ ਵਿਚ ਇਹ ਸਹੂਲਤ ਸ਼ੁਰੂ ਵੀ ਕਰ ਦਿੱਤੀ ਗਈ ਹੈ। ਪਾਵਰ ਕਾਮ ਨੇ ਚਾਹੇ ਆਪਣੇ ਵਸੂਲੀ ਕੇਂਦਰ ਮੁਲਾਜ਼ਮਾਂ ਦੀ ਕਮੀ ਦੱਸ ਕੇ ਬੰਦ ਕਰ ਦਿੱਤੇ ਹਨ ਤੇ ਨਿੱਜੀ ਦੁਕਾਨਾਂ ਦੀਆਂ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਹਨ ਪਰ ਇਸ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਲੋਕ ਬਿਲ ਜਮਾਂ ਕਰਵਾਉਣ ਦੇ ਮਾਮਲੇ ਵਿਚ ਵੀ ਪ੍ਰੇਸ਼ਾਨ ਹੋ ਰਹੇ ਹਨ।
ਪਾਵਰ ਕਾਮ ਵਿਚ ਬਿਜਲੀ ਦੇ ਬਿੱਲ ਲੈਣ ਦਾ ਕੰਮ ਕੁੱਝ ਸਾਲ ਪਹਿਲਾਂ ਸੇਵਕ ਮਸ਼ੀਨਾਂ ਲਗਾ ਕੇ ਕਰ ਦਿੱਤਾ ਗਿਆ ਸੀ ਪਰ ਹੁਣ ਬਿਜਲੀ ਬਿੱਲ ਲੈਣ ਦਾ ਕੰਮ ਵੀ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ ਹੈ ਤੇ ਉਲਟਾ ਹੁਣ ਪਾਵਰ ਕਾਮ ਬਿਜਲੀ ਦੇ ਬਿੱਲਾਂ ਦੀ ਰਕਮ ਇਕੱਠੀ ਕਰਨ ਲਈ ਕਮਿਸ਼ਨ ਕੰਪਨੀ ਨੂੰ ਅਦਾ ਕਰਦਾ ਹੈ ਜਦਕਿ ਇਸ ਬਾਰੇ ਪਾਵਰ ਕਾਮ ਦੇ ਕੁਲੈਕਸ਼ਨ ਕੇਂਦਰ ਕਾਫ਼ੀ ਚੰਗੀ ਹਾਲਤ ਵਿਚ ਚੱਲ ਰਹੇ ਹਨ। ਇੱਕ ਪਾਸੇ ਤਾਂ ਪਾਵਰ ਕਾਮ ਵੱਲੋਂ ਤਾਂ ਨਿਰਧਾਰਿਤ ਕੀਤਾ ਗਿਆ ਸੀ ਕਿ ਬਿਜਲੀ ਦੇ ਬਿੱਲ ਜਮਾਂ ਕਰਵਾਉਣ ਵਾਲਾ ਕੋਈ ਵੀ ਵਧ ਰਕਮ ਨਹੀਂ ਦੇਵੇਗਾ ਪਰ ਇਸ ਦੇ ਬਾਵਜੂਦ ਬਿਲ ਜਮਾਂ ਕਰਵਾਉਣ ਵਾਲੇ ਕੁੱਝ ਰੁਪਏ ਲੈ ਲਏ ਜਾਂਦੇ ਹਨ ਤੇ ਇਸ ਮਾਮਲੇ ਵਿਚ ਪਾਵਰ ਕਾਮ ਕੋਲ ਕਾਫ਼ੀ ਸ਼ਿਕਾਇਤਾਂ ਪੁੱਜਣ ਦੀ ਚਰਚਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰ ਕਾਮ ਨੂੰ ਆਪਣੇ ਕੁਲੈਕਸ਼ਨ ਕੇਂਦਰ ਬੰਦ ਨਹੀਂ ਕਰਨੇ ਚਾਹੀਦੇ ਹਨ ਤੇ ਇਹ ਖਪਤਕਾਰਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਜਿੱਥੇ ਆਸਾਨ ਲੱਗਦਾ ਹੈ, ਉੱਥੇ ਹੀ ਬਿਲ ਜਮਾਂ ਕਰਵਾਉਣ। ਦੂਸਰੇ ਪਾਸੇ ਪਾਵਰ ਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਦੁਕਾਨਾਂ 'ਤੇ ਬਿਜਲੀ ਦੇ ਬਿੱਲ ਜਮਾਂ ਕਰਵਾਏ ਜਾਂਦੇ ਹਨ, ਉਨ੍ਹਾਂ ਨੂੰ ਵਧ ਰਕਮ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਪਾਵਰ ਕਾਮ ਪਹਿਲਾਂ ਹੀ ਹਰ ਬਿੱਲ ਵਸੂਲ ਕਰਨ ਦੀ ਫ਼ੀਸ ਆਪ ਦਿੰਦਾ ਹੈ। ਅਜੇ ਤਾਂ ਇਹ ਸਹੂਲਤ ਸਿਰਫ਼ ਸ਼ਹਿਰਾਂ ਵਿਚ ਸ਼ੁਰੂ ਹੋਈ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਵੀ ਇਸ ਸਹੂਲਤ ਦੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੂਰਬੀਨ ਆਪਰੇਸ਼ਨਾਂ ਦੇ ਨਤੀਜੇ ਵਧੇਰੇ ਸਾਰਥਿਕ-ਡਾ: ਸਿੱਧੂ

ਸਿੱਧੂ ਹਸਪਤਾਲ ਦੋਰਾਹਾ ਦੇ ਚੀਫ਼ ਸਰਜਨ ਡਾ: ਗੁਰਦੀਪ ਸਿੰਘ ਸਿੱਧੂ
ਹਰਨੀਆਂ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ।
ਦੋਰਾਹਾ, 25 ਮਾਰਚ  - ਹਰਨੀਆਂ ਦੀ ਬਿਮਾਰੀ ਬਾਰੇ ਡਾ. ਗੁਰਦੀਪ ਸਿੰਘ ਸਿੱਧੂ ਡਾਇਰੈਕਟਰ ਚੀਫ ਸਰਜਨ ਸਿੱਧੂ ਹਸਪਤਾਲ ਦੋਰਾਹਾ ਨੇ ਦੱਸਿਆ ਕਿ ਅੱਜ ਦੂਰਬੀਨ ਨਾਲ ਹਰਨੀਆਂ ਦਾ ਆਪਰੇਸ਼ਨ ਬਹੁਤ ਕਾਮਯਾਬ ਬਣ ਗਿਆ ਹੈ, ਇਸ ਤਰੀਕੇ ਨਾਲ ਕੀਤੇ ਆਪਰੇਸ਼ਨ ਤੋਂ ਮਗਰੋਂ ਦੁਬਾਰਾ ਹਰਨੀਆਂ ਹੋਣ ਦੀ ਸੰਭਾਵਨਾ ਲਗਭਗ ਨਹੀਂ ਹੁੰਦੀ। ਦਰਦ ਬਹੁਤ ਘੱਟ ਹੁੰਦਾ ਹੈ ਅਤੇ ਮਰੀਜ਼ ਇੱਕ ਦਿਨ ਮਗਰੋਂ ਘਰ ਜਾ ਸਕਦਾ ਹੈ। ਉੱਨਾਂ ਦੱਸਿਆ ਕਿ ਹਰਨੀਆਂ ਦਾ ਆਪਰੇਸ਼ਨ ਹੁਣ ਬਹੁਤ ਹੀ ਸੂਖਮ ਤਰੀਕੇ ਨਾਲ ਹਾਈ ਡੈਫੀਨੇਸ਼ਨ ਲੈਪਰੋਸਕੋਪਿਕ ਉਪਕਰਨਾਂ ਨਾਲ ਕੀਤਾ ਜਾਦਾਂ ਹੈ। ਇਸ ਵਿਧੀ ਨਾਲ ਦੂਰਬੀਨ ਰਾਹੀਂ ਜਾਲੀ ਪੇਟ ਦੇ ਅੰਦਰ ਲਾ ਦਿੱਤੀ ਜਾਂਦੀ ਹੈ। ਹਰਨੀਆਂ ਦਾ ਆਪਰੇਸ਼ਨ ਬੱਚਿਆਂ ਵਿੱਚ ਵੀ ਇੱਕ ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਦਾਂ ਹੈ। ਇਸ ਸਮੇਂ ਡਾ. ਹਰਜੋਤ ਕੌਰ ਸਿੱਧੂ ਡਾਇਰੈਕਟਰ ਚੀਫ ਗਾਇਨੀ ਵਿਭਾਗ ਨੇ ਦੱਸਿਆ ਕਿ ਦੂਰਬੀਨ ਨਾਲ ਬੱਚੇਦਾਨੀ ਕੱਢਣ ਲਈ ਪੇਟ ਵਿੱਚ ਇੱਕ ਸੈਟੀਮੀਟਰ ਦੇ ਤਿੰਨ ਛੇਕ ਕੀਤੇ ਜਾਂਦੇ ਹਨ ਅਤੇ ਬਹੁਤ ਹੀ ਸੂਖਮ ਉਪਕਰਨਾਂ ਦੀ ਸਹਾਇਤਾ ਨਾਲ ਬੱਚੇਦਾਨੀ ਨੂੰ ਸਰੀਰ ਤੋਂ ਅਲੱਗ ਕਰ ਕਿ ਸਬੂਤੀ ਹੀ ਬਾਹਰ ਕੱਢ ਦਿੱਤੀ ਜਾਂਦੀ ਹੈ। ਜੇ ਪਰਿਵਾਰ ਮੁਕੰਮਲ ਨਾ ਹੋਵੇ ਅਤੇ ਹੋਰ ਬੱਚੇ ਦੀ ਜ਼ਰੂਰਤ ਹੋਵੇ ਤਾਂ ਕੇਵਲ ਰਸੌਲੀਆਂ ਹੀ ਦੂਰਬੀਨ ਰਾਹੀਂ ਕੱਢੀਆਂ ਜਾ ਸਕਦੀਆਂ ਹਨ ਅਤੇ ਬੱਚੇਦਾਨੀ ਬਚਾ ਲਈ ਜਾਦੀਂ ਹੈ।
ਗੁ: ਨਾਨਕਸਰ ਕਲੇਰਾਂ 'ਚ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਸ: ਸੁਖਬੀਰ ਸਿੰਘ ਬਾਦਲ ਸਿਰੋਪਾਓ ਦਿੰਦੇ ਹੋਏ। ਉਨ੍ਹਾਂ ਨਾਲ ਬਿਕਰਮ ਸਿੰਘ ਮਜੀਠੀਆ, ਅਮਰੀਕ ਸਿੰਘ ਆਲੀਵਾਲ, ਐੱਸ. ਆਰ. ਕਲੇਰ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਨਜ਼ਰ ਆ ਰਹੇ ਹਨ।
ਜਗਰਾਉਂ, 25 ਮਾਰਚ-ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਅੱਜ ਸਮਾਪਤ ਹੋ ਗਏ। ਇਨ੍ਹਾਂ ਸਮਾਗਮਾਂ ਦੌਰਾਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ ਤੇ ਉਪਰੰਤ ਵਿਸ਼ਾਲ ਦੀਵਾਨ ਵੀ ਸਜੇ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਇਸ ਮੌਕੇ ਸੰਗਤਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਨਾਨਕਸਰ ਸੰਪਰਦਾਇ ਦਾ ਨਾਂਅ ਰੂਹਾਨੀਅਤ ਦੇ ਖੇਤਰ 'ਚ ਧਰੂ ਤਾਰੇ ਵਾਂਗ ਚਮਕਦਾ ਹੈ। ਉਨ੍ਹਾਂ ਇਸ ਮੌਕੇ ਕੋਈ ਵੀ ਰਾਜਨੀਤਿਕ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਮਹਾਨ ਅਸਥਾਨ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼ਰਧਾ ਨਾਲ ਪੁੱਜੇ ਹਨ। ਇਸ ਮੌਕੇ ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਬਾਬਾ ਗੇਜਾ ਸਿੰਘ ਨਾਨਕਸਰ ਸਮੇਤ ਹੋਰ ਵੀ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਭਾਈ ਹਰਬੰਸ ਸਿੰਘ ਨਾਨਕਸਰ ਨੇ ਦੱਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਸਬੰਧੀ ਤਪ ਅਸਥਾਨ ਨਾਨਕਸਰ ਝੋਰੜਾਂ ਤੋਂ ਮਿਤੀ 26 ਮਾਰਚ ਨੂੰ ਇਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਨਾਨਕਸਰ ਝੋਰੜਾਂ ਚੱਲ ਰਹੇ ਸਮਾਗਮਾਂ ਦੀ ਸਮਾਪਤੀ ਕੱਲ੍ਹ ਹੋਵੇਗੀ। ਇਸ ਮੌਕੇ ਸ. ਸਤਿਆਜੀਤ ਸਿੰਘ ਮਜੀਠੀਆ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਹਰਸੁਰਿੰਦਰ ਸਿੰਘ ਗਿੱਲ, ਭਾਈ ਮੇਹਰ ਸਿੰਘ ਨਾਨਕਸਰ, ਭਾਈ ਜਗਦੇਵ ਸਿੰਘ ਕਾਉਂਕੇ, ਸ਼੍ਰੋਮਣੀ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕੰਵਲਜੀਤ ਸਿੰਘ ਮੱਲ੍ਹਾ, ਸਹਿਕਾਰੀ ਬੈਂਕਾਂ ਪੰਜਾਬ ਦੇ ਡਾਇਰੈਕਟਰ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਬਲਵਿੰਦਰ ਸਿੰਘ ਸੇਖਕੁਤਬ, ਹਰਜਿੰਦਰ ਸਿੰਘ ਬੱਬੂ ਤਲਵਾੜਾ, ਯੂਥ ਅਕਾਲੀ ਆਗੂ ਡਾ. ਚੰਦ ਸਿੰਘ ਡੱਲਾ, ਬਲੌਰ ਸਿੰਘ ਭੁੱਲਰ, ਫੈਡਰੇਸ਼ਨ ਹਰਵਿੰਦਰ ਸਿੰਘ ਚਾਵਲਾ ਸਮੇਤ ਹੋਰ ਹਾਜ਼ਰ ਸਨ।
ਵਿਆਹੁਤਾ ਵੱਲੋਂ ਸਹੁਰੇ ਪਰਿਵਾਰ 'ਤੇ ਪਤੀ
ਦਾ ਦੂਜਾ ਵਿਆਹ ਕਰਵਾਉਣ ਦਾ ਦੋਸ਼

ਡੇਰਾਬੱਸੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ
ਵਿਆਹੁਤਾ ਹਰਜਿੰਦਰ ਕੌਰ।
ਜ਼ੀਰਕਪੁਰ, 25 ਮਾਰਚ -ਸਥਾਨਕ ਪਿੰਡ ਭਬਾਤ ਦੀ ਇੱਕ ਵਿਆਹੁਤਾ ਔਰਤ ਨੇ ਆਪਣੇ ਸਹੁਰਾ ਪਰਿਵਾਰ 'ਤੇ ਉਸ ਕੋਲ ਲੜਕਾ ਪੈਦਾ ਨਾ ਹੋਣ ਕਾਰਨ ਉਸ ਦੇ ਪਤੀ ਦਾ ਕਥਿਤ ਰੂਪ ਵਿੱਚ ਦੂਸਰਾ ਵਿਆਹ ਕਰਵਾਉਣ ਅਤੇ ਉਸ ਨਾਲ ਮਾਰਕੁੱਟ ਕਰਨ ਦਾ ਦੋਸ਼ ਲਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਡੇਰਾਬਸੀ ਹਸਪਤਾਲ ਵਿੱਚ ਜੇਰੇ ਇਲਾਜ ਵਿਆਹੁਤਾ ਦਾ ਕਹਿਣਾ ਹੈ ਕਿ ਮੁੰਡੇ ਦੇ ਲਾਲਚ ਵਿੱਚ ਦੂਜਾ ਵਿਆਹ ਕਰਵਾ ਕੇ ਵੀ ਉਸ ਦੇ ਪਤੀ ਦੀ ਦੂਸਰੀ ਪਤਨੀ ਦੇ ਲੜਕੀ ਹੀ ਪੈਦਾ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਭਬਾਤ ਦੇ ਸਾਬਕਾ ਸਰਪੰਚ ਧਰਮ ਸਿੰਘ ਦੀ ਨੂੰਹ ਹਰਜਿੰਦਰ ਕੌਰ ਨੇ ਦੱਸਿਆ ਕਿ ਕਰੀਬ 18 ਸਾਲ ਪਹਿਲਾਂ ਉਸ ਦਾ ਵਿਆਹ ਜਸਵਿੰਦਰ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਕੋਲੋਂ ਮੁੰਡਾ ਚਾਹੁੰਦਾ ਸੀ ਪਰ ਲਗਾਤਾਰ ਉਸ ਕੋਲ ਤਿੰਨ ਕੁੜੀਆਂ ਹੀ ਹੋਈਆਂ, ਜਿਸ ਕਾਰਨ ਉਹ ਉਸ ਨਾਲ ਨਫਰਤ ਕਰਦੇ ਹਨ। ਉਸ ਨੇ ਦੋਸ਼ ਲਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਕਿ ਉਹ ਘਰ ਨੂੰ ਛੱਡ ਕੇ ਚੱਲੀ ਜਾਵੇ ਤੇ ਉਹ ਆਪਣੇ ਮੁੰਡੇ ਦਾ ਵਿਆਹ ਕਿਸੇ ਹੋਰ ਥਾਂ ਕਰ ਦੇਣ, ਜਿਸ ਨਾਲ ਉਨ੍ਹਾਂ ਦੀ ਮੁੰਡੇ ਦੀ ਹਸਰਤ ਪੂਰੀ ਹੋ ਸਕੇ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਮੁੰਡਾ ਹੋਣ ਦੇ ਲਾਲਚ ਵਿੱਚ ਉਸ ਦੇ ਪਤੀ ਦਾ ਚੁੱਪ-ਚੁਪੀਤੇ ਵਿਆਹ ਕਰਵਾ ਦਿੱਤਾ, ਜਿਸ ਬਾਰੇ ਭਿਣਕ ਪੈਣ 'ਤੇ ਜਦ ਉਸ ਨੇ ਆਪਣੀ ਸੱਸ ਨੂੰ ਇਸ ਸਬੰਧੀ ਪੁਛਿਆ ਤਾਂ ਉਸ ਦੀ ਸੱਸ ਨੇ ਇਸ ਸਬੰਧੀ ਆਪਣਾ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ ਤੇ ਉਸ ਨਾਲ ਕਥਿਤ ਰੂਪ ਵਿੱਚ ਮਾਰਕੁੱਟ ਵੀ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਮਾਮਲੇ ਸਬੰਧੀ ਸੰਪਰਕ ਕਰਨ 'ਤੇ ਵਿਆਹੁਤਾ ਦੇ ਸਹੁਰੇ ਧਰਮ ਸਿੰਘ ਸਾਬਕਾ ਸਰਪੰਚ ਭਬਾਤ ਨੇ ਦੱਸਿਆ ਕਿ ਉਨ੍ਹਾਂ ਨੇ ਦੂਜਾ ਵਿਆਹ ਆਪਣੀ ਨੂੰਹ ਦੀ ਰਜਾਮੰਦੀ ਨਾਲ ਹੀ ਕੀਤਾ ਹੈ ਪਰ ਉਨ੍ਹਾਂ ਦੀ ਨੂੰਹ ਝੂਠੇ ਦੋਸ਼ ਲਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੂਜੀ ਨੂੰਹ ਤੋਂ ਵੀ ਉਨ੍ਹਾਂ ਨੂੰ ਲੜਕੀ ਹੀ ਹੋਈ ਹੈ ਪਰ ਉਨ੍ਹਾਂ ਨੇ ਵਿਆਹ ਮੁੰਡਾ ਹੋਣ ਦੀ ਇੱਛਾ ਨਾਲ ਕੀਤਾ ਸੀ। ਜਦਕਿ ਇਸ ਸਬੰਧੀ ਥਾਣਾ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ

ਅਜੇ ਵੀ ਮੁਆਵਜ਼ੇ ਦੀ ਉਡੀਕ 'ਚ ਹੈ ਪੀੜਤ ਪਰਿਵਾਰ
ਸ੍ਰੀ ਮੁਕਤਸਰ ਸਾਹਿਬ, 25 ਮਾਰਚ -ਜੂਨ 2008 ਵਿਚ ਹੇਮਕੁੰਟ ਸਾਹਿਬ ਯਾਤਰਾ 'ਤੇ ਗਏ ਸਕੂਟਰ ਸਵਾਰ ਅਮਰਜੀਤ ਸਿੰਘ (37) ਅਤੇ ਪੁੱਤਰ ਸੁਖਦੇਵ ਸਿੰਘ ਅਤੇ ਸੋਨਾ ਸਿੰਘ ਪੁੱਤਰ ਸੁੱਖਾ ਸਿੰਘ ਮਿਸਤਰੀ ਪਿੰਡ ਉਦੇਕਰਨ ਦੀ ਪਹਾੜਾਂ ਦੇ ਪੱਥਰ ਖਿਸਕ ਕੇ ਡਿੱਗਣ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਪੀੜ੍ਹਤ ਪਰਿਵਾਰਾਂ ਨੂੰ ਐਲਾਨੀ ਗਈ ਰਾਸ਼ੀ ਅਜੇ ਤੱਕ ਵੀ ਨਹੀਂ ਮਿਲੀ।
ਵਿਦਿਆਰਥਣਾਂ ਨੂੰ ਕਰਾਟੇ ਦੀ ਸਿਖਲਾਈ

ਚਰਨਜੀਤ ਸਿੰਘ ਵਿਦਿਆਰਥਣਾਂ ਨੂੰ ਕਰਾਟਿਆਂ ਦੀ
 ਸਿਖਲਾਈ ਦਿੰਦੇ ਹੋਏ।
ਸ੍ਰੀ ਮੁਕਤਸਰ ਸਾਹਿਬ, 25 ਮਾਰਚ -ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਦੇ ਤਹਿਤ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਰਕਾਰੀ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ ਵਿਖੇ ਪ੍ਰਿੰ: ਸ੍ਰੀ ਭਾਰਤ ਭੂਸ਼ਣ ਵਧਵਾ ਦੀ ਅਗਵਾਈ ਹੇਠ ਸ: ਚਰਨਜੀਤ ਸਿੰਘ ਇੰਸਟਕਟਰ ਵੱਲੋਂ ਇਕ ਮਹੀਨੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਸ: ਪਵਿੱਤਰ ਸਿੰਘ ਚੇਅਰਮੈਨ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਕਰਾਟੇ ਮੁਕਾਬਲੇ ਵਿਚ 9ਵੀਂ ਕਲਾਸ ਦੀ ਸਰਬਜੀਤ ਕੌਰ ਨੂੰ ਵਧੀਆ ਚੈਂਪੀਅਨ ਚੁਣਿਆ ਗਿਆ। ਸ: ਰਣਜੀਤ ਸਿੰਘ ਅਤੇ ਸ੍ਰੀ ਨਰੇਸ਼ ਕੁਮਾਰ ਵੱਲੋਂ ਇਸ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।

ਲੋਕ ਗਾਇਕ ਫਿਰੋਜ਼ ਖਾਨ ਦੀ ਗੱਡੀ ਨਾਲ
 ਮੋਟਰਸਾਈਕਲ ਵੱਜਾ-ਸਵਾਰ ਜ਼ਖ਼ਮੀ
ਗੁਰੂਸਰ ਸੁਧਾਰ, 25 ਮਾਰਚ -ਉੱਘੇ ਲੋਕ ਗਾਇਕ ਫਿਰੋਜ਼ ਖਾਨ ਦੀ ਸਫ਼ਾਰੀ ਗੱਡੀ ਵਿਚ ਮੋਟਰਸਾਈਕਲ ਵੱਜਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਖਾਨ ਆਪਣੇ ਕਿਸੇ ਰਿਸ਼ਤੇਦਾਰ ਦੇ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪਿੰਡ ਬੁਰਜ ਲਿੱਟਾਂ ਤੋਂ ਆਪਣੀ ਸਫ਼ਾਰੀ ਗੱਡੀ ਨੰ. ਪੀ.ਬੀ 09 ਕੇ 5799 'ਤੇ ਸਵਾਰ ਹੋ ਕੇ ਜਲੰਧਰ ਨੂੰ ਜਾ ਰਿਹਾ ਸੀ, ਜਿਸ ਨੂੰ ਸੋਨੂੰ ਪੁੱਤਰ ਬੁੱਕਣ ਸਿੰਘ ਚਲਾ ਰਿਹਾ ਸੀ। ਜਿਉਂ ਹੀ ਸਫ਼ਾਰੀ ਗੱਡੀ ਅਫ਼ਸਰ ਗੇਟ ਸੁਧਾਰ ਪੁੱਜੀ ਤਾਂ ਪਿੱਛੋਂ ਤੋਂ ਕੈਲੀਬਰ ਮੋਟਰਸਾਈਕਲ ਨੰ: ਪੀ.ਬੀ 10 ਏ ਆਰ 4667 'ਤੇ ਸਵਾਰ ਹੋ ਕੇ ਸ਼ਰਾਬੀ ਹਾਲਤ ਵਿਚ ਆ ਰਹੇ ਹਰਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਪੰਜ ਗਰਾਈਂ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਫਲਸਰੂਪ ਹਰਦੀਪ ਸਿੰਘ ਦੇ ਸਿਰ ਵਿਚ ਸੱਟ ਲੱਗ ਗਈ, ਜਿਸ ਨੂੰ ਤੁਰੰਤ ਸੁਧਾਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ। ਸੁਧਾਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਇਜਾ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੀਬਾ ਹਰਸਿਮਰਤ ਕੌਰ ਵੱਲੋਂ ਲੋਕ ਸਭਾ 'ਚ ਕਿਸਾਨਾਂ
ਦਾ ਮਸਲਾ ਉਠਾਉਣਾ ਇਕ ਸ਼ਲਾਘਾਯੋਗ ਉਪਰਾਲਾ-ਚੀਮਾ


ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਰਵਿੰਦਰ ਸਿੰਘ ਚੀਮਾ ਨਾਲ ਦਿਖਾਈ ਦੇ ਰਹੇ ਹਨ। ਵਪਾਰੀ ਆਗੂ ਤਰਸੇਮ ਸਿੰਘ ਕੁਲਾਰ ਸ੍ਰੀ ਰਾਮਧਾਰੀ ਕਾਂਸਲ, ਕ੍ਰਿਸ਼ਨ ਅਗਰਵਾਲ ਅਤੇ ਹੋਰ।
ਊਧਮ ਸਿੰਘ ਵਾਲਾ, 25 ਮਾਰਚ-ਅੱਜ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਸ. ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਸੁਨਾਮ ਵਿਖੇ ਹੋਈ ਸੰਸਦ ਮੈਂਬਰ ਬੀਬਾ ਹਰਸਿਮਰਤ ਬਾਦਲ ਵੱਲੋਂ ਲੋਕ ਸਭਾ ਵਿਚ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਦੌਰਾਨ ਆੜ੍ਹਤੀਆਂ ਵੱਲੋਂ ਪਾਏ ਜਾਂਦੇ ਯੋਗਦਾਨ ਬਾਰੇ ਆਵਾਜ਼ ਬੁਲੰਦ ਕਰਨ ਅਤੇ ਕੇਂਦਰੀ ਖ਼ੁਰਾਕ ਮੰਤਰਾਲੇ ਵੱਲੋਂ ਪੰਜਾਬ ਦੀਆਂ ਮੰਡੀਆਂ 'ਚ ਕਿਸਾਨਾਂ ਨਾਲ ਕੀਤੇ ਜਾਂਦੇ ਭੇਦ ਭਾਵ ਵਿਰੁੱਧ ਦਲੇਰਾਨਾ ਢੰਗ ਨਾਲ ਪੰਜਾਬ ਦਾ ਪੱਖ ਪੇਸ਼ ਕਰਨ 'ਤੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਹੱਕ ਵਿਚ ਧੰਨਵਾਦ ਮਤਾ ਪਾਸ ਕਰ ਕੇ ਉਨ੍ਹਾਂ ਦਾ ਵੱਡੇ ਕਿਸਾਨ ਆੜ੍ਹਤੀ ਸੰਮੇਲਨ ਵਿਚ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਮਾਰੋਹ ਦੀ ਮੇਜ਼ਬਾਨੀ ਲਈ ਆੜ੍ਹਤੀ ਐਸੋਸੀਏਸ਼ਨ ਮੰਡੀ ਸੁਨਾਮ, ਰਾਮਪੁਰਾ ਫੂਲ, ਫਗਵਾੜਾ, ਬਟਾਲਾ, ਅੰਮ੍ਰਿਤਸਰ, ਬਰਨਾਲਾ ਅਤੇ ਸਰਹਿੰਦ ਵੱਲੋਂ ਨਿਮੰਤਰਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਚੀਮਾ ਨੇ ਕਿਹਾ ਕਿ ਐਸੋਸੀਏਸ਼ਨ ਦੀ ਕੋਰ ਕਮੇਟੀ ਇਨ੍ਹਾ ਸੱਤ ਮੰਡੀਆਂ ਵਿਚੋਂ ਢੁਕਵੀਂ ਮੰਡੀ ਦੀ ਚੋਣ ਕਰ ਕੇ ਸਮਾਰੋਹ ਦਾ ਪ੍ਰਬੰਧ ਕਰਵਾਏਗੀ। ਸਮਾਰੋਹ ਵਿਚ ਬੀਬੀ ਬਾਦਲ ਤੋਂ ਇਲਾਵਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਖ਼ੁਰਾਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਕਿਸਾਨ ਆਗੂ ਸ. ਬਲਵੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਉੱਘੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਕਿਸਾਨ ਆੜ੍ਹਤੀ ਰਿਸ਼ਤੇ ਦੀ ਗਹਿਰਾਈ ਨੂੰ ਸਮਝ ਦੇ ਹੋਏ ਇਸ ਦਾ ਸਾਕਾਰਆਤਮਿਕ ਪੱਖ ਰੱਖਿਆ। ਸ. ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਮੰਡੀਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਹੱਥ ਦੇਣ ਦਾ ਅੰਦਰ ਖਾਤੇ ਸਮਝੌਤਾ ਕੀਤਾ ਜਾ ਰਿਹਾ ਹੈ। ਪੰਜਾਬ ਆੜ੍ਹਤੀ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ। ਕਿ ਜੇਕਰ ਅਜਿਹਾ ਹੋਇਆ ਤਾਂ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਪੱਤਰ ਰਾਸ਼ਟਰਪਤੀ ਨੂੰ ਭੇਜਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਇਸ ਮੌਕੇ ਮੀਟਿੰਗ ਵਿਚ ਸੁਨਾਮ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਬਿੱਟੂ, ਵਪਾਰੀ ਆਗੂ ਤਰਸੇਮ ਸਿੰਘ ਕੁਲਾਰ, ਕ੍ਰਿਸ਼ਨ ਅਗਰਵਾਲ, ਸ੍ਰੀ ਰਾਮ ਧਾਰੀ ਕਾਂਸਲ, ਸ਼ਿਵਜੀ ਰਾਮ, ਸੁਰਨੇਸ ਕੁਮਾਰ, ਬੱਬੂ ਬਠਿੰਡਾ, ਮਨਵੀਰ ਬਦਾਲਾ ਅਤੇ ਹੋਰ ਬਹੁਤ ਸਾਰੇ ਵਪਾਰੀ ਆਗੂ ਹਾਜ਼ਰ ਸਨ।
ਵਰਕਰ ਨਿਰਾਸ਼ਾ ਦੇ ਆਲਮ 'ਚ ਜਾਣ ਦੀ
ਬਜਾਏ ਹੱਕਾਂ ਲਈ ਲੜਨ-ਮਨਪ੍ਰੀਤ ਸਿੰਘ

ਬਰੇਟਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ
ਮਨਪ੍ਰੀਤ ਸਿੰਘ ਬਾਦਲ।
ਬਰੇਟਾ, 25 ਮਾਰਚ -ਆਉਂਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਜਾਣ ਦਾ ਸੱਦਾ ਦਿੰਦਿਆਂ ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇਥੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਰਾਸ਼ਾ ਵਿਚ ਜਾਣ ਦੀ ਲੋੜ ਨਹੀਂ ਕਿਉਂਕਿ ਸੂਬੇ ਦੇ 5 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੀ ਖਟਕੜ ਕਲਾਂ ਵਿਖੇ ਸ਼ਹੀਦਾਂ ਦੀ ਸਥਾਈ ਕਸਮਾਂ 'ਤੇ ਪਹਿਰਾ ਦੇਣ ਬਦਲੇ ਵੋਟ ਪਾਈ ਹੈ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਖ਼ੁਸ਼ਹਾਲ ਪੰਜਾਬ ਨੂੰ ਸਿਰਜਣ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਵੋਟਰਾਂ, ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੇ 15 ਦਿਨਾਂ ਵਿਚ ਪਾਰਟੀ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ ਅਤੇ ਹਰ ਵਿੰਗ ਦੀ ਨਿਯੁਕਤੀ ਤੋਂ ਪਹਿਲਾਂ ਅਗਲੇ 2-3 ਮਹੀਨਿਆਂ ਵਿਚ ਪੂਰਨ ਤੌਰ 'ਤੇ ਸਾਰੇ ਜਥੇਬੰਦਕ ਢਾਂਚੇ ਦਾ ਨਿਰਮਾਣ ਕਰ ਦਿੱਤਾ ਜਾਵੇਗਾ। ਪਾਰਟੀ ਆਗੂ ਤੇ ਹਾਸਰਸ ਕਲਾਕਾਰ ਭਗਵੰਤ ਮਾਨ ਨੇ ਆਪਣੀਆਂ ਤਕਰੀਰਾਂ ਵਿਚ ਪਾਰਟੀ ਵਰਕਰਾਂ ਨੂੰ ਹੌਂਸਲਾ ਨਾ ਹਾਰਨ ਦਾ ਸੱਦਾ ਦਿੱਤਾ। ਪਾਰਟੀ ਦੇ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ, ਕਾਮਰੇਡ ਗੁਰਦੀਪ ਹੀਰਾ, ਜਤਿੰਦਰ ਮੋਹਣ ਗਰਗ, ਜਗਰਾਜ ਸਿੰਘ ਕਾਲਾ, ਮੇਵਾ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਧਰਮਪੁਰਾ, ਪ੍ਰਕਾਸ਼ ਚੰਦ ਸ਼ਰਮਾ, ਮੁਲਖ ਰਾਜ ਬਰੇਟਾ, ਦਰਸ਼ਨ ਸਿੰਘ ਗੋਰਖਨਾਥ, ਜਸਵੀਰ ਸਿੰਘ ਰੰਘੜਿਆਲ ਆਦਿ ਹਾਜ਼ਰ ਸਨ।

ਕਣਕ ਦੀ ਵਢਾਈ ਸ਼ੁਰੂ ਹੋਣ 'ਤੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ


ਦਾਤੀ ਨੂੰ ਲਵਾ ਦੇ ਘੁੰਗਰੂ : ਰਾਜਪੁਰਾ ਨੇੜਲੇ ਪਿੰਡ ਸ਼ੰਕਰਪੁਰ ਡੇਰਾ ਭਗਤਾ
 ਵਿਖੇ ਕੱਟੀ ਕਣਕ ਨੂੰ ਵੇਖ ਕੇ ਖ਼ੁਸ਼ ਹੁੰਦੇ ਕਿਸਾਨ।

ਰਾਜਪੁਰਾ, 25 ਮਾਰਚ -ਰਾਜਪੁਰਾ ਨੇੜਲੇ ਪਿੰਡ ਭਗਤਾਂ ਦਾ ਡੇਰਾ ਸ਼ੰਕਰਪੁਰ ਵਿਖੇ ਕਿਸਾਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਣਕ ਦੀ ਵਢਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮੀਂਹ ਕਣੀ ਤੋਂ ਪਹਿਲਾਂ-ਪਹਿਲਾਂ ਕਣਕ ਸਾਂਭੀ ਜਾ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਡੇਰਾ ਭਗਤਾ ਸ਼ੰਕਰਪੁਰ ਨੇ ਖ਼ੁਸ਼ੀ ਮਹਿਸੂਸ ਕਰਦਿਆਂ ਦੱਸਿਆ ਕਿ 34-35 ਏਕੜ ਦੇ ਕਰੀਬ ਕਣਕ ਤਿਆਰ ਖੜ੍ਹੀ ਹੈ। ਉਸ ਨੇ ਦੱਸਿਆ ਕਿ ਇਹ ਕਣਕ ਦਾ ਬੀਜ 2733 ਹੈ ਅਤੇ ਇਹ ਉਨ੍ਹਾਂ ਨੇ 19 ਅਕਤੂਬਰ 2011 ਨੂੰ ਬੀਜੀ ਜੋ ਅਗੇਤੀ ਬੀਜਣ ਕਾਰਨ ਪੱਕ ਕੇ ਤਿਆਰ ਹੋ ਗਈ ਹੈ। ਸ: ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 621, 711 ਅਤੇ 2467 ਕਣਕ ਦਾ ਬੀਜ ਵੀ ਬੀਜਿਆ ਹੋਇਆ ਹੈ ਪਰ ਉਹ ਪੱਕ ਕੇ ਤਿਆਰ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਕਣਕ ਕੰਬਾਈਨ ਨਾਲ ਕਟਾਉਂਦੇ ਹਨ ਪਰ ਪਸ਼ੂਆਂ ਦੀ ਤੂੜੀ ਲਈ ਉਹ ਕਣਕ ਹੱਥਾਂ ਨਾਲ ਵੀ ਵਾਢੀ ਕਰਾਉਂਦੇ ਹਨ।