Sunday, 8 January 2012

ਦਸੰਬਰ ਵਿੱਚ ਬੇਰੋਜ਼ਗਾਰੀ ਦਰ 7.5 ਫੀ ਸਦੀ ਤੱਕ ਅੱਪੜੀ

ਦਸੰਬਰ ਦੇ ਮਹੀਨੇ ਰੋਜ਼ਗਾਰ ਦੇ 17,500 ਮੌਕੇ ਪੈਦਾ ਹੋਏ, ਇਹ ਅੰਕੜਾ ਨਵੰਬਰ ਨਾਲੋਂ ਕਿਤੇ ਵਧੀਆ ਹੈ। ਜਿ਼ਕਰਯੋਗ ਹੈ ਕਿ ਨਵੰਬਰ ਦੇ ਮਹੀਨੇ 18,600 ਲੋਕਾਂ ਦੀਆਂ ਨੌਕਰੀਆਂ ਖੁੱਸੀਆਂ ਸਨ। ਪਰ ਬੇਰੋਜ਼ਗਾਰੀ ਦਰ ਅਜੇ ਵੀ 7.5 ਫੀ ਸਦੀ ਬਣੀ ਹੋਈ ਹੈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਬਹੁਤੇ ਕੈਨੇਡੀਅਨਾਂ ਨੇ ਕੰਮ ਦੀ ਤਲਾਸ਼ ਵਿੱਚ ਕਿਰਤੀਆਂ ਦੀ ਫੌਜ ਵਿੱਚ ਸ਼ਮੂਲੀਅਤ ਕੀਤੀ ਹੈ। ਬਹੁਤੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਟੈਟੇਸਟਿਕਸ ਕੈਨੇਡਾ ਦੀ ਰੋਜ਼ਗਾਰ ਬਾਰੇ ਰਿਪੋਰਟ ਬਹੁਤੀ ਸਾਂਵੀ ਨਹੀਂ ਹੈ। ਪਿਛਲੇ ਸਾਲ ਮਜ਼ਬੂਤ ਸੁ਼ਰੂਆਤ ਕਰਨ ਮਗਰੋਂ ਕੈਨੇਡਾ ਵਿੱਚ ਹੁਣ ਪਿਛਲੇ ਛੇ ਮਹੀਨਿਆਂ ਵਿੱਚ ਰੋਜ਼ਗਾਰ ਦੇ ਖੇਤਰ ਵਿੱਚ ਕੋਈ ਫਾਇਦਾ ਨਹੀਂ ਹੋਇਆ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2011 ਵਿੱਚ ਕੈਨੇਡੀਅਨ ਅਰਥਚਾਰੇ ਵਿੱਚ 199,000 ਨੌਕਰੀਆਂ ਜੁੜੀਆਂ ਪਰ ਇਹ ਵਾਧਾ ਲੱਗਭਗ ਪਹਿਲੇ ਛੇ ਮਹੀਨਿਆਂ ਵਿੱਚ ਹੀ ਹੋਇਆ। ਦੂਜੇ ਪਾਸੇ ਅਮਰੀਕਾ ਦੀ ਸਰਕਾਰ ਵੱਲੋਂ ਸੁੱ਼ਕਰਵਾਰ ਨੂੰ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਅਮਰੀਕੀ ਅਰਥਚਾਰੇ ਨੇ ਇੱਕਲੇ ਦਸੰਬਰ ਵਿੱਚ ਹੀ 199,000 ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। 2010 ਵਿੱਚ ਕੈਨੇਡੀਅਨ ਅਰਥਚਾਰੇ ਨੇ ਸਮੁੱਚੇ ਤੌਰ ਉੱਤੇ 298,000 ਨੌਕਰੀਆਂ ਪੈਦਾ ਕੀਤੀਆਂ ਸਨ। ਨੌਕਰੀਆਂ ਦੇ ਖੇਤਰ ਵਿੱਚ ਮਾਮੂਲੀ ਵਾਧਾ ਅਕਤੂਬਰ ਵਿੱਚ ਖੁੱਸੀਆਂ 73,000 ਨੌਕਰੀਆਂ ਨਾਲੋਂ ਤਾਂ ਬਿਹਤਰ ਹੀ ਹੈ ਪਰ 2012 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਇਸ ਸਥਿਤੀ ਵਿੱਚ ਕੋਈ ਸੁਧਾਰ ਹੋਵੇਗਾ ਇਸ ਦੀ ਗੁੰਜਾਇਸ਼ ਘੱਟ ਹੀ ਹੈ। ਏਜੰਸੀ ਦੀ ਰਿਪੋਰਟ ਮੁਤਾਬਕ ਬਹੁਤਾ ਫਾਇਦਾ ਪਾਰਟ ਟਾਈਮ ਤੇ ਸਵੈਰੋਜ਼ਗਾਰ ਦੇ ਖੇਤਰ ਵਿੱਚ ਹੋਇਆ ਜਦਕਿ ਫੁੱਲ ਟਾਈਮ ਰੋਜ਼ਗਾਰ ਦੇ ਮਾਮਲੇ ਵਿੱਚ 25,500 ਨੌਕਰੀਆਂ ਦਾ ਸਗੋਂ ਨੁਕਸਾਨ ਹੋਇਆ ਤੇ ਦਸੰਬਰ ਤੱਕ ਦੇਸ਼ ਵਿੱਚ 13,600 ਕਾਮੇ ਹੋਰ ਘੱਟ ਗਏ। ਬੇਤਰਤੀਬੇ ਢੰਗ ਨਾਲ ਕਿਊਬਿਕ ਨੂੰ ਛੱਡ ਕੇ ਕੈਨੇਡਾ ਦੇ ਹਰੇਕ ਪ੍ਰੋਵਿੰਸ ਵਿੱਚ ਰੋਜ਼ਗਾਰ ਦੇ ਖੇਤਰ ਵਿੱਚ ਮਾਮੂਲੀ ਵਾਧਾ ਹੋਇਆ। ਕਿਊਬਿਕ ਵਿੱਚ ਉਸਾਰੀ ਤੇ ਹੈਲਥ ਕੇਅਰ, ਸੋਸ਼ਲ ਅਸਿਸਟੈਂਸ ਦੇ ਖੇਤਰ ਵਿੱਚ ਵੱਡਾ ਘਾਟਾ ਪੈਣ ਕਾਰਨ 25,700 ਨੌਕਰੀਆਂ ਜਾਂਦੀਆਂ ਰਹੀਆਂ। ਅਲਬਰਟਾ ਵਿੱਚ ਵੀ ਦੇਸ਼ ਦੇ ਮੁਕਾਬਲੇ 4.9 ਫੀ ਸਦੀ ਦੇ ਹਿਸਾਬ ਨਾਲ ਘੱਟ ਬੇਰੋਜ਼ਗਾਰੀ ਦਰ ਹੈ। ਪਿਛਲੇ ਸਾਲ ਕੈਨੇਡਾ ਵਿੱਚ ਰੋਜ਼ਗਾਰ ਦੇ ਪੈਦਾ ਹੋਏ ਨਵੇਂ ਮੌਕਿਆਂ ਵਿੱਚੋਂ ਅੱਧੇ ਅਲਬਰਟਾ ਵਿੱਚ ਸਨ।





‘ਰੋਆਇਲ ਕੈਨੇਡੀਅਨ ਰੀਅਲਟੀ ਇੰਕ’ ਐਤਵਾਰ ਨੂੰ ਦਫਤਰ ਉਦਘਾਟਨ ਮੌਕੇ ਰੀਅਲ ਐਸਟੇਟ ਪ੍ਰੋਫੈਸ਼ਨਲਾਂ ਕੀਮਤੀ ਤੋਹਫੇ ਅਤੇ ਮਹਿਮਾਨਾਂ ਨੂੰ ਗਿਫਟ ਕਾਰਡ

ਮਿਸੀਸਾਗਾ: ਗਰੇਟਰ ਟੋਰਾਂਟੋ ਏਰੀਆ ਦੇ ਪ੍ਰਮੁੱਖ ਰੀਅਲਟਰ ਪੁਸ਼ਪਿੰਦਰ ਸਿੰਘ ਗਿੱਲ ਨਵੀਂ ਰੀਅਲ ਐਸਟੇਟ ਬਰੋਕਰੇਜ਼ ਖੋਲਣ ਜਾ ਰਹੇ ਹਨ। ਨਵੀਂ ਬਰੋਕਰੇਜ਼ ਦਾ ਨਾਮ ‘ਰੋਆਇਲ ਕੈਨੇਡੀਅਨ ਬਰੋਕਰੇਜ਼ ਇੰਕ’ ਹੋਵੇਗਾ। ਉਹਨਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦਫਤਰ ਦਾ ਉਦਘਾਟਨ 8 ਜਨਵਰੀ ਦਿਨ ਐਤਵਾਰ ਸਵੇਰੇ 11 ਵਜ਼ੇ ਕੈਨੇਡਾ ਦੇ ਖੇਡ ਮੰਤਰੀ ਬਲਜੀਤ ਗੋਸਲ ਕਰਨਗੇ। ਇਸ ਮੌਕੇ ਰੀਅਲ ਐਸਟੇਟ ਖੇਤਰ ਨਾਲ ਜੁੜੇ ਪ੍ਰੋਫੈਸ਼ਨਲ ਅਤੇ ਕਮਿਉਨਿਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਣਗੇ।

ਪੁਸ਼ਪਿੰਦਰ ਗਿੱਲ ਮੁਤਾਬਿਕ ਉਦਘਾਟਨੀ ਸਮਾਰੋਹ ਦੌਰਾਨ ਰੀਅਲ ਐਸਟੇਟ ਪ੍ਰੋਫੈਸ਼ਨਲਾਂ ਨੂੰ ਇੱਕ ‘ਏਸਰ ਨੈੱਟਬੁੱਕ’ ਕੰਪਿਊਟਰ, ਇੱਕ ਕੈਨਨ ਦਾ ਡਿਜੀਟਲ ਕੈਮਰਾ ਅਤੇ ਇੱਕ ‘ਟੌਮ ਟੌਮ ਜੀ ਪੀ ਐਸ’ ਇਨਾਮ ਵਜ਼ੋਂ ਮਹਿਮਾਨਾਂ ਨੂੰ 100, 75 ਅਤੇ 50 ਡਾਲਰ ਦੇ ਗਿਫਟ ਕਾਰਡ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਇਸ ਕੰਪਨੀ ਦੇ ਦਫਤਰ ਦਾ ਪਤਾ 2960 ਧਰੲੱ ੍ਰਦ, ੂਨਟਿ 153, ੰਸਿਸਸਿਸਅੁਗਅ, ੌਂ, ਼4ਠ0ੳ5 ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਆਪਣੇ ਏਜੰਟਾਂ ਨੂੰ ਚੁਣੌਤੀਆਂ ਭਰੇ ਟੀਚੇ ਦੇਂਦੀ ਹੈ ਤਾਂ ਜੋ ਗਾਹਕਾਂ ਨੂੰ ਵਧੀਆ ਅਤੇ ਵਾਜਬ ਸੇਵਾਵਾਂ ਮਿਲ ਸਕੱਣ।

ਭਲਾ ਹੋਇਆ ਰੱਖਿਆ ਮੰਤਰੀ ਦੀ ਰੱਖਿਆ ਵਾਸਤੇ ਆ ਗਈ ਇਰਾਨੀ ਬੀਬੀ!

ਸਾਡੇ ਰੱਖਿਆ ਮੰਤਰੀ ਪੀਟਰ ਮਕੇਅ ਨੇ 4 ਜਨਵਰੀ ਨੂੰ ਆਖਰ ਵਿਆਹ ਕਰ ਹੀ ਲਿਆ। ਉਹਨਾਂ ਦੀ ਪਤਨੀ ਬਣਨ ਦਾ ਮਾਣ ਇਰਾਨ ਦੀ ਜੰਮਪਲ 32 ਵਰ੍ਹਿਆਂ ਦੀ ਖੂਬਸੂਰਤ ਬੀਬੀ ਨਾਜ਼ਨੀਨ ਅਫਸ਼ੀਨ ਜਾਮ ਨੂੰ ਹਾਸਲ ਹੋਇਆ ਹੈ। ਪੀਟਰ ਮਕੇਅ ਇੱਕ ਧੱੜਲੇਦਾਰ, ਰਾਜਨੀਤਕ ਤੌਰ ਉੱਤੇ ਗੰਭੀਰ ਹਨ ਪਰ ਮਨ ਕਰਕੇ ਦਿਲਫੈਂਕ ਕਿਸਮ ਦਾ ਵਿਅਕਤੀ ਹੈ। ਇਸ ਦਿਲਫੈਂਕ ਬਿਰਤੀ ਕਾਰਣ ਹੀ ਉਹਨਾਂ ਨੇ ਉਮਰ ਦੇ 46 ਸਾਲ ਢੁੱਕਵਾਂ ਜੀਵਨ ਸਾਥੀ ਲੱਭਣ ਵਿੱਚ ਲਾ ਕੱਢ ਦਿੱਤੇ। ਇਹ ਨਹੀਂ ਕਿ ਉਹਨਾਂ ਦੇ ਜੀਵਨ ਵਿੱਚ ਔਰਤਾਂ ਨਹੀਂ ਆਈਆਂ ਪਰ ਇੱਕ ਤੋਂ ਬਾਅਦ ਦੂਜਾ ਐਸੇ ਕਾਰਣ ਬਣਦੇ ਗਏ ਕਿ ਸ਼ਗਨਾਂ ਦਾ ਦਿਨ ਲੰਬਾ ਹੁੰਦਾ ਚਲਾ ਗਿਆ।

ਪੀਟਰ ਮਕੇਅ 2007 ਤੋਂ ਕੈਨੇਡਾ ਦੇ ਰੱਖਿਆ ਮੰਤਰੀ ਚਲੇ ਆ ਰਹੇ ਹਨ ਅਤੇ ਉਹ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਜਦੀਕੀ ਸਲਾਹਕਾਰਾਂ ਵਿੱਚੋਂ ਇੱਕ ਹਨ। ਦਰਅਸਲ ਵਿੱਚ ਉਹ 2003 ਤੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸਨ ਜਦੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੈਨੇਡੀਅਨ ਅਲਾਇੰਸ ਨਾਲ ਰਲੇਵਾਂ ਕਰ ਲਿਆ। ਇਸ ਰਲੇਵੇਂ ਦੀ ਕੀਮਤ ਇਹ ਰਹੀ ਕਿ ਪੀਟਰ ਮਕੇਅ ਨੇ ਪਾਰਟੀ ਲੀਡਰਸਿ਼ੱਪ ਦੀ ਕਮਾਨ ਸਟੀਫਨ ਹਾਰਪਰ ਦੇ ਹੱਥਾਂ ਵਿੱਚ ਜਾਣ ਦਿੱਤੀ। ਇਹ ਪੀਟਰ ਮਕੇਅ ਪਾਰਟੀ ਵਾਸਤੇ ਪ੍ਰਤੀਬੱਧਤਾ ਦਾ ਸਿਖਰ ਸੀ।
ਉਮਰ ਦਾ ਲੰਬਾ ਅਰਸਾ ਕੁਆਰਾ ਰਹਿਣ ਪਿੱਛੇ ਪੀਟਰ ਮਕੇਅ ਦਾ ਸਿਆਸੀ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣਾ ਖਾਸ ਕਰਕੇ ਟੋਰੀ ਪਾਰਟੀ ਨੂੰ ਹਰ ਨਿੱਜੀ ਕਦਰ ਕੀਮਤ ਤੋਂ ਉਪਰ ਵੇਖਣਾ ਰਿਹਾ ਹੈ। ਨਹੀਂ ਤਾਂ ਕੋਈ ਕਾਰਣ ਨਹੀਂ ਸੀ ਕਿ ਉਹਨਾਂ ਨੇ ਕੈਨੇਡਾ ਦੀ ਸ਼ਾਨੋ ਸ਼ੌਕਤ ਵਾਲੀ ਮਲਟੀ ਮਿਲੀਅਨ ਡਾਲਰ ਦੇ ਅਸਾਸਿਆਂ ਵਾਲੀ ਕੰਪਨੀ ਮੈਗਨਾ ਦੀ ਜਾਨਸ਼ੀਨ ਅਤੇ ਤਤਕਾਲੀ ਐਮ ਪੀ ਬਲਿੰਡਾ ਸਟਰੋਨੈਕ ਨਾਲ ਸਨ 2004 ਵਿੱਚ ਵਿਆਹ ਨਾ ਕਰਵਾਇਆ ਹੁੰਦਾ। ਦੋਵੇਂ ਉਸ ਵੇਲੇ ਨੌਜਵਾਨ ਸਨ, ਟੋਰੀ ਪਾਰਟੀ ਦੇ ਐਮ ਪੀ ਸਨ ਅਤੇ ਦੋਵਾਂ ਦੇ ਰੋਮਾਂਸ ਦੇ ਚਰਚੇ ਹਰ ਪਾਸੇ ਸਨ। ਇਸ ਰਿਸ਼ਤੇ ਦਾ ਅੰਤ ਉਸ ਵੇਲੇ ਹੋਇਆ ਜਦੋਂ ਪੀਟਰ ਮਕੇਅ ਨੂੰ ਆਪਣੇ ਦਿਲ ਦੀ ਗੱਲ ਅਤੇ ਦਿਮਾਗ ਦੇ ਤਰਕ ਵਿੱਚੋਂ ਇੱਕ ਨੂੰ ਚੁਣਨਾ ਪਿਆ। ਜਿਵੇਂ ਕਿ ਪਾਰਟੀ ਰਾਜਨੀਤੀ ਨਾਲ ਜੁੜੇ ਆਗੂਆਂ ਬਾਰੇ ਸੁਭਾਵਿਕ ਹੂੰਦਾ ਹੈ, ਪੀਟਰ ਨੇ ਦਿਲ ਦੇ ਤਰਕ ਨੂੰ ਚੁਣਿਆ।
ਮਸਲਾ ਇਹ ਸੀ ਕਿ ਬਲਿੰਡਾ ਉਸ ਵੇਲੇ ਪ੍ਰਧਾਨ ਮੰਤਰੀ ਪਾਲ ਮਾਰਟਿਨ ਦੀ ਘੱਟ ਗਿਣਤੀ ਸਰਕਾਰ ਨੂੰ ਬਚਾਉਣ ਵਾਸਤੇ ਟੋਰੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਈ। ਪੀਟਰ ਨੂੰ ਉਸਦੀ ‘ਸਿਆਸੀ ਦਲ ਬਦਲੀ’ ਅਸਲ ਵਿੱਚ ‘ਦਿਲ ਬਦਲੀ’ ਜਾਪੀ ਅਤੇ ਉਹਨਾਂ ਨੇ ਪਾਰਟੀ ਛੱਡਣ ਵਾਲੀ ਬਲਿੰਡਾ ਦਾ ਸਦਾ ਲਈ ਸਾਥ ਛੱਡ ਦਿੱਤਾ। ਇੰਝ ਸਿਆਸੀ ਸਮੀਕਰਣਾਂ ਨੇ ਪੀਟਰ ਦੇ ਰੋਮਾਂਸ ਦਾ ਅੰਤ ਕਰ ਦਿੱਤਾ।
ਪੀਟਰ ਦੇ ਕੁਆਰੇਪਣ ਉੱਤੇ ਹੋਰ ਕਿੰਨੀਆਂ ਕੁ ਔਰਤਾਂ ਡੋਰੇ ਪਾਉਂਦੀਆਂ ਹੋਣਗੀਆਂ, ਇਸ ਬਾਰੇ ਆਖਣਾ ਮੁਸ਼ਕਲ ਹੈ ਲੇਕਿਨ ਉਹ ਇੱਕ ਹੋਰ ਉੱਚ ਸਖਸਿ਼ਅਤ ਦੇ ਪਰੇਮ ਵਿੱਚ ਜਰੂਰ ਗੜੁੱਚ ਹੋਇਆ। ਉਸਦਾ ਅਗਲਾ ਪਿਆਰ ਕੋਈ ਹੋਰ ਨਹੀਂ ਸਗੋਂ ਅਮਰੀਕਾ ਦੀ ਸਟੇਟ ਸਕੱਤਰ (ਭਾਵ ਰੱਖਿਆ਼ ਮੰਤਰੀ) ਕੌਂਡੋਲੀਜ਼ਾ ਰਾਈਸ ਸੀ। ਦੋਵੇਂ ਉਸ ਵਕਤ ਆਪੋ ਆਪਣੇ ਮੁਲਕਾਂ ਦੇ ਰੱਖਿਆ ਮੰਤਰੀ ਸਨ ਪਰ ਉਹਨਾਂ ਦੇ ਆਪਸੀ ਰਿਸ਼ਤੇ ਵਿੱਚ ਪੈਦਾ ਹੋ ਰਹੀਆਂ ਨਜ਼ਦੀਕੀਆਂ ਦੀ ਕੋਈ ਰੱਖਿਆ ਕਰਨ ਵਾਲਾ ਨਹੀਂ ਸੀ। ਇੱਥੇ ਤੱਕ ਕਿ ਉਹ ਕੁੱਲ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਇੱਕਲੇ ਸਮਾਂ ਬਿਤਾਉਂਦੇ ਰਹੇ। ਸਿਆਸੀ ਉੱਚ ਸਖਸਿ਼ਅਤਾਂ ਦਾ ਇਕਾਂਤ ਵੀ ਇਕਾਂਤ ਨਹੀਂ ਹੁੰਦਾ, ਸੋ ਉਹਨਾਂ ਦੇ ਰੋਮਾਂਸ ਨੂੰ ਕੈਮਰਿਆਂ ਵਿੱਚ ਜਕੜਿਆ ਗਿਆ। ਆਖਿਆ ਜਾਂਦਾ ਹੈ ਕਿ ਕੌਂਡੋਲੀਜ਼ਾ ਰਾਈਸ ਵੱਲੋਂ ਝਿਜਕ ਵਿਖਾਉਣ ਕਾਰਣ 2006 ਵਿੱਚ ਇਹ ਰਿਸ਼ਤਾ ਵੀ ਆਪਣੀ ਮਿਆਦ ਪੁਗਾ ਗਿਆ।

ਇਸਤੋਂ ਬਾਅਦ ਪੀਟਰ ਮਕੇਅ ਸਾਹਿਬ ਨੂੰ ‘ਸੀ ਟੀ ਵੀ’ ਦੀ ਜਾਨਾ ਜੁਗਨੋਵਿਕ ਨਾਲ ਅਫਵਾਹਾਂ ਉੱਡਣ ਲੱਗੀਆਂ। ਉਹਨਾਂ ਦਾ ਗੁਪਤ ਮੇਲ ਜੋਲ ਆਖਰ ਨੂੰ ਪਬਲਿਕ ਹੋ ਗਿਆ ਅਤੇ ਦੋਵਾਂ ਵਿਚਕਾਰ ਕੁੜਮਾਈ ਹੋਣ ਦੇ ਬਾਜੂਦ ਉਹ ਇੱਕ ਦੂਜੇ ਤੋਂ ਜਲਦ ਹੀ ਦੂਰ ਹੋ ਗਏ।
ਆਖਦੇ ਹਨ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਸੋ ਪੀਟਰ ਸਾਹਿਬ ਨੂੰ ਵੀ 2003 ਵਿੱਚ ਮਿਸ ਵਰਲਡ ਕੈਨੇਡਾ ਜੇਤੂ ਅਤੇ ਮਿਸ ਵਰਲਡ ਵਿੱਚ ਦੂਜੇ ਨੰਬਰ ਉੱਤੇ ਆਉਣ ਵਾਲੀ ਇਰਾਨੀ ਮੂਲ ਦੀ ਬੀਬੀ ਨਾਜ਼ਨੀਨ ਅਫਸ਼ੀਨ ਜਾਮ ਮਿਲ ਗਈ ਹੈ। ਅਫਸ਼ੀਨ ਮਨੁੱਖ ਅਧਿਕਾਰਾਂ ਦੀ ਰਖਵਾਲੀ ਕਰਨ ਲਈ ਜਾਣੀ ਜਾਂਦੀ ਹੈ। ਕੈਨੇਡੀਅਨ ਰੇਸ ਰੀਲੇਸ਼ਨ ਫਾਉਂਡੇਸ਼ਨ ਦੀ ਜਨਮ-ਦਾਤਾ ਬੀਬੀ ਅਫਸ਼ੀਨ ਨੇ ਕਈ ਵੱਡੀਆਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ ਹੈ। ਆਓ ਉਮੀਦ ਕਰੀਏ ਕਿ ਹੁਣ ਉਹ ਪੀਟਰ ਮਕੇਅ ਦੇ ਚੁੱਲੇ ਵਿੱਚ ਅੱਗ ਹੀ ਨਹੀਂ ਬਾਲੇਗੀ ਸਗੋਂ ਉਸਨੂੰ ਬਲਦਾ ਰੱਖਣ ਲਈ ਹਰ ਸੰਭਵ ਹੀਲਾ ਵਰਤੇਗੀ। ਪੀਟਰ ਨੂੰ ਵੀ 46 ਸਾਲਾਂ ਬਾਅਦ ਘਰ ਦੀ ਪੱਕੀ ਮਿਲਣ ਲੱਗੇਗੀ। ਸ਼ਾਇਦ ਘਰ ਦੀ ਰੋਟੀ ਹੀ ਉਸਨੂੰ ਘਰ ਨਾਲ ਬੰਨ ਕੇ ਰੱਖੇ ਜਿਵੇਂ ਸਿਆਸੀ ਪ੍ਰਤੀਬੱਧਤਾ ਪੀਟਰ ਨੂੰ ਟੋਰੀ ਪਾਰਟੀ ਨਾਲ ਪੱਕਾ ਬੱਝ ਕੇ ਰੱਖ ਰਹੀ ਹੈ।

ਹਾਰਪਰ ਵੱਲੋਂ ਸੱਤ ਨਵੇਂ ਸੈਨੇਟਰ ਨਿਯੁਕਤ

ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੱਤ ਨਵੇਂ ਸੈਨੇਟਰ ਨਿਯੁਕਤ ਕੀਤੇ ਹਨ। ਇਨ੍ਹਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕੁੱਝ ਵਫਾਦਾਰ ਵੀ ਸ਼ਾਮਲ ਸਮਝੇ ਜਾ ਰਹੇ ਹਨ ਤੇ ਪਹਿਲੀ ਵਾਰੀ ਕਿਸੇ ਔਰਤ ਨੂੰ ਸੰਸਦ ਦੇ ਉੱਪਰੀ ਸਦਨ ਵਿੱਚ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਸੈਨੇਟ ਵਿੱਚ ਸ਼ਾਮਲ ਕੀਤਾ ਗਿਆ ਹੈ ਉਹ ਹਨ:
• ਵਰਨਵਾੲ੍ਹੀਟ, ਓਟਵਾ ਪੁਲਿਸ ਦੇ ਸਾਬਕਾ ਮੁਖੀ ਜਿਨ੍ਹਾਂ ਨੂੰ ਇੱਕ ਵਾਰੀ ਆਰਸੀਐਮਪੀ ਕਮਿਸ਼ਨਰ ਬਣਾਉਣ ਲਈ ਵੀ ਜੋ਼ਰ ਲਾਇਆ ਗਿਆ ਸੀ
• ਬੈਟੀ ਅੰਗਰ, ਜੋ ਕਿ ਅਲਬਰਟਾ ਦੀ ਸੈਨੇਟ ਸੀਟ ਉੱਤੇ ਵਿਰਾਜਮਾਨ ਹੋਣਗੇ, 2004 ਵਿੱਚ ਹੋਈਆਂ ਚੋਣਾਂ ਵਿੱਚ ਉਸ ਨੂੰ 300,000 ਲੋਕਾਂ ਵੱਲੋਂ ਚੁਣਿਆ ਗਿਆ ਸੀ
• ਨੌਰਮਨ ਡੋਏਲ, ਜੋ ਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੋਂ ਹਨ ਤੇ ਜਿਨ੍ਹਾਂ ਨੇ 12 ਸਾਲ ਤੱਕ ਕੰਜ਼ਰਵੇਟਿਵ ਐਮਪੀ ਵਜੋਂ ਕੰਮ ਕੀਤਾ ਹੈ
• ਜੋਏਨ ਬੱਥ, ਮੈਨੀਟੋਬਾ ਤੋਂ ਹਨ ਤੇ ਉਹ ਕੈਨੋਲਾ ਕੌਂਸਲ ਆਫ ਕੈਨੇਡਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ
• ਕਿਊਬਿਕ ਤੋਂ ਘਿਸਲੇਨ ਮਾਲਤਿਸ, ਜਿਹੜੇ ਕੰਜ਼ਰਵੇਟਿਵਾਂ ਦੇ ਸਿਆਸੀ ਪ੍ਰਬੰਧਕ ਹਨ
• ਆਸ਼ਾ ਸੇਠ, ਟੋਰਾਂਟੋ ਦੀ ਮੰਨੀ ਪ੍ਰਮੰਨੀ ਡਾਕਟਰ ਤੇ ਫਿਲੈਨਥਰੌਪਿਸਟ,ਓਨਟਾਰੀਓ ਲਈ ਸੀਟ ਲਵੇਗੀ
ਸੁੱ਼ਕਰਵਾਰ ਨੂੰ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਲੀਜ਼ ਵਿੱਚ ਹਾਰਪਰ ਨੇ ਅਸਫਲ ਰਹੇ ਸਾਬਕਾ ਕੰਜ਼ਰਵੇਟਿਵ ਉਮੀਦਵਾਰ ਜੀਨ ਗਾਇ ਡਾਗੇਨਾਇਸ ਨੂੰ ਵੀ ਨਿਯੁਕਤ ਕਰਨ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਵਿਰੋਧੀ ਧਿਰ ਦੇ ਐਮਪੀ ਰਹਿੰਦਿਆਂ ਹਾਰਪਰ ਲੰਮੇ ਸਮੇਂ ਤੋਂ ਸੈਨੇਟ ਵਿੱਚ ਸੁਧਾਰ ਕਰਨ ਦੀ ਪੈਰਵੀ ਕਰਦੇ ਰਹੇ। ਪਰ ਸੱਤਾ ਵਿੱਚ ਆਉਣ ਮਗਰੋਂ ਉਨ੍ਹਾਂ ਨੇ ਵੀ ਆਮ ਵਾਂਗ ਹੀ ਸੈਨੇਟਰ ਨਿਯੁਕਤ ਕੀਤੇ। ਨਵੀਆਂ ਨਿਯੁਕਤੀਆਂ ਨਾਲ ਕੰਜ਼ਰਵੇਟਿਵਾਂ ਨੂੰ 61 ਸੀਟਾਂ ਨਾਲ ਸੈਨੇਟ ਵਿੱਚ ਵੀ ਬਹੁਮਤ ਹਾਸਲ ਹੋ ਗਿਆ ਹੈ। ਇਸੇ ਦੌਰਾਨ ਲਿਬਰਲਾਂ ਕੋਲ 41 ਸੀਟਾਂ ਹਨ। ਐਨਡੀਪੀ ਐਮਪੀ ਚਾਰਲੀ ਐਂਗਸ ਨੇ ਆਖਿਆ ਕਿ ਇਹ ਸੱਭ ਪ੍ਰਧਾਨ ਮੰਤਰੀ ਦੇ ਹੱਥ ਦੀਆਂ ਕਠਪੁਤਲੀਆਂ ਹੋਣਗੇ।



ਟਾਰਗੈੱਟ ਵੱਲੋਂ ਕੈਨੇਡਾ ਵਿੱਚ ਆਪਣਾ ਪਹਿਲਾ ਸਟੋਰ ਖੋਲ੍ਹਣ ਦਾ ਐਲਾਨ

• ਓਨਟਾਰੀਓ ਵਿੱਚ ਖੋਲ੍ਹਿਆ ਜਾਵੇਗਾ ਪਹਿਲਾ ਸਟੋਰ
• 2013 ਤੱਕ 24 ਸਟੋਰ ਹੋਰ ਖੋਲ੍ਹੇ ਜਾਣਗੇ
ਅਮਰੀਕਾ ਦੀ ਰਿਟੇਲਰ ਕੰਪਨੀ ਟਾਰਗੈੱਟ ਕਾਰਪੋਰੇਸ਼ਨ ਨੇ ਕੈਨੇਡਾ ਵਿੱਚ ਆਪਣਾ ਪਹਿਲਾ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ ਤੇ ਅਜੇ ਤੱਕ ਇਸ ਲਈ ਉਨ੍ਹਾਂ ਓਟਵਾ ਵੱਲ ਝਾਤੀ ਨਹੀਂ ਮਾਰੀ। ਟਾਰਗੈੱਟ ਵੱਲੋਂ ਆਪਣਾ ਪਹਿਲਾ ਸਟੋਰ ਦੱਖਣੀ ਓਨਟਾਰੀਓ ਵਿੱਚ ਖੋਲ੍ਹਿਆ ਜਾਵੇਗਾ। ਵੀਰਵਾਰ ਨੂੰ ਕੰਪਨੀ ਨੇ ਆਖਿਆ ਕਿ ਉਹ ਅਪਰੈਲ 2013 ਤੱਕ ਓਨਟਾਰੀਓ ਵਿਖੇ ਵਿੰਡਸਰ-ਟੋਰਾਂਟੋ ਗਲਿਆਰੇ ਵਿੱਚ 24 ਸਟੋਰ ਖੋਲ੍ਹੇਗੀ। ਇਹ ਸਟੋਰ ਕਿੱਥੇ ਕਿੱਥੇ ਤੇ ਕਦੋਂ ਖੋਲ੍ਹ ਜਾਣਗੇ ਇਸ ਦਾ ਐਲਾਨ ਆਉਣ ਵਾਲੇ ਮਹੀਨਿਆਂ ਵਿੱਚ ਕੀਤਾ ਜਾਵੇਗਾ। ਇਸ ਸਮੇਂ ਅਮਰੀਕਾ ਵਿੱਚ 1,767 ਸਟੋਰ ਚਲਾ ਰਹੀ ਟਾਰਗੈੱਟ ਦਾ ਕਹਿਣਾ ਹੈ ਕਿ ਉਹ ਓਟਵਾ ਤੇ ਗੈਟੀਨਿਊ ਵਿਖੇ ਜੈ਼ਲਰਜ਼ ਦੀਆਂ ਅੱਠ ਥਾਵਾਂ ਸਾਂਭੇਗੀ ਤੇ ਇਨ੍ਹਾਂ ਵਿੱਚ ਸਪਾਰਕਸ ਸਟਰੀਟ ਮਾਲ ਵਾਲਾ ਜੈ਼ਲਰਜ਼ ਸਟੋਰ ਵੀ ਸ਼ਾਮਲ ਹੋਵੇਗਾ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੀ ਉਹ ਸਾਰੀਆਂ ਥਾਵਾਂ ਉੱਤੇ ਹੀ ਸਟੋਰ ਖੋਲ੍ਹੇਗੀ। ਕੰਪਨੀ ਦਾ ਕਹਿਣਾ ਹੈ ਕਿ ਹਰੇਕ ਸਟੋਰ ਨੂੰ ਨਵਾਂ ਰੰਗ ਰੂਪ ਦੇਣ ਲਈ ਉਹ 10 ਤੋਂ 11 ਮਿਲੀਅਨ ਡਾਲਰ ਖਰਚੇਗੀ ਤੇ ਹਰੇਕ ਸਟੋਰ ਲਈ 200 ਕਰਮਚਾਰੀ ਰੱਖੇਗੀ। ਲੋਬਲਾਅ ਕਾਰਪੋਰੇਸ਼ਨ ਲਿਮਟਿਡ ਤੇ ਮੈਟਰੋ ਇਨਕਾਰਪੋਰੇਸ਼ਨ ਨੂੰ ਪਹਿਲਾਂ ਹੀ ਵਾਲਮਾਰਟ ਸਟੋਰਾਂ ਤੋਂ ਸਖ਼ਤ ਮੁਕਾਬਲਾ ਮਿਲ ਰਿਹਾ ਹੈ ਤੇ ਟਾਰਗੈੱਟ ਦੇ ਆਉਣ ਨਾਲ ਇਸ ਵਿੱਚ ਇਜਾਫਾ ਹੀ ਹੋਵੇਗਾ।



ਆਇਲਸੈਂਡਜ਼ ਦੀ ਨਿਗਰਾਨੀ ਵਾਸਤੇ ਪੈਨਲ ਜਲਦੀ ਬਣੇਗਾ

ਇਸ ਮਹੀਨੇ ਦੇ ਅੰਤ ਤੱਕ ਅਲਬਰਟਾ ਤੇ ਫੈਡਰਲ ਸਰਕਾਰ ਆਇਲਸੈਂਡਜ਼ ਸਬੰਧੀ ਵਾਤਾਵਰਣ ਦੀ ਨਿਗਰਾਨੀ ਬਾਰੇ ਯੋਜਨਾ ਦੇ ਪਹਿਲੇ ਪੜਾਅ ਦਾ ਖੁਲਾਸਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਵਾਤਾਵਰਣ ਸਬੰਧੀ ਪ੍ਰੋਵਿੰਸ਼ੀਅਲ ਬੁਲਾਰੇ ਮਾਰਕ ਕੂਪਰ ਦਾ ਕਹਿਣਾ ਹੈ ਕਿ ਦੋਵਾਂ ਸਰਕਾਰਾਂ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਦੁਨੀਆ ਨੂੰ ਇਹ ਭਰੋਸਾ ਦਿਵਾਉਣ ਕਿ ਸਰੋਤਾਂ ਨੂੰ ਪੂਰੀ ਜਿ਼ੰਮੇਵਾਰੀ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਕੂਪਰ ਨੇ ਆਖਿਆ ਕਿ ਪ੍ਰੋਵਿੰਸ ਇਨ੍ਹਾਂ ਢਾਂਚਿਆਂ ਦੀ ਅਜ਼ਾਦਾਨਾਂ ਦੇਖਭਾਲ ਤੇ ਨਿਗਰਾਨੀ ਦਾ ਭਰੋਸਾ ਦਿਵਾਏਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਿਸਟਮ ਨੂੰ ਸੇਧ ਕਿਵੇਂ ਦਿੱਤੀ ਜਾਵੇ ਇਸ ਦਾ ਪਤਾ ਲਾਉਣ ਲਈ ਥੋੜ੍ਹਾ ਹੋਰ ਸਮਾਂ ਲੱਗ ਸਕਦਾ ਹੈ। ਵੱਖ ਵੱਖ ਵਿਗਿਆਨਕ ਪੈਨਲਾਂ ਵੱਲੋਂ ਇਹ ਆਖੇ ਜਾਣ ਉੱਤੇ ਕਿ ਮੌਜੂਦਾ ਕੋਸਿ਼ਸ਼ਾਂ ਆਇਲਸੈਂਡਜ਼ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਪ੍ਰਭਾਸਿ਼ਤ ਨਹੀਂ ਕਰਦੀਆਂ, ਪਿਛਲੀਆਂ ਗਰਮੀਆਂ ਵਿੱਚ ਬਿਹਤਰ ਢੰਗ ਨਾਲ ਨਿਗਰਾਨੀ ਰੱਖਣ ਦਾ ਵਾਅਦਾ ਕੀਤਾ ਗਿਆ ਸੀ।

ਪ੍ਰਵਾਸੀ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲੇਗਾ-ਡਾ: ਮਨਮੋਹਨ ਸਿੰਘ
ਮੁਦਰਾ ਸਫ਼ੀਤੀ 7 ਫ਼ੀਸਦੀ ਰਹਿਣ ਦੀ ਸੰਭਾਵਨਾ

ਜੈਪੁਰ ਵਿਖੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਪ੍ਰਵਾਸੀ ਭਾਰਤੀ ਦਿਵਸ ਮੌਕੇ ਸ਼ਮ੍ਹਾਂ ਰੌਸ਼ਨ ਕਰਦੇ ਹੋਏ। ਉਨ੍ਹਾਂ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਤ੍ਰਿਨੀਦਾਦ ਅਤੇ ਤੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਸੇਸਰ।
ਜੈਪੁਰ-ਲੰਬੇ ਸਮੇਂ ਤੋਂ ਪ੍ਰਵਾਸੀ ਭਾਰਤੀਆਂ ਦੀ ਲਟਕਦੀ ਆ ਰਹੀ ਵੋਟ ਦੇ ਅਧਿਕਾਰ ਮੰਗ ਆਖ਼ਿਰ ਪੂਰੀ ਹੋਣ ਦੇ ਆਸਾਰ ਬਣ ਗਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਥੇ 10ਵੇਂ ਸਾਲਾਨਾ ਪ੍ਰਵਾਸੀ ਭਾਰਤੀ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਸਪੱਸ਼ਟ ਆਖਿਆ ਕਿ ਕੇਂਦਰ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਚੋਣ ਅਮਲ ਵਿਚ ਭਾਗ ਲੈਣ ਅਤੇ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਇਸ ਸੰਦਰਭ ਵਿਚ ਲੋਕ ਪ੍ਰਤੀਨਿਧਤਾ ਐਕਟ 1950 ਤਹਿਤ ਪ੍ਰਵਾਸੀ ਵੋਟਰਾਂ ਦੇ ਪੰਜੀਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਇਸ ਦਿਸ਼ਾ ਵਿਚ ਵੱਡਾ ਕਦਮ ਹੈ। ਉਨ੍ਹਾਂ ਆਖਿਆ ਦੇਸ਼ ਦੇ ਵਿਕਾਸ ਵਿਚ ਪ੍ਰਵਾਸੀਆਂ ਦਾ ਬਹੁਤ ਅਹਿਮ ਯੋਗਦਾਨ ਹੈ, ਇਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨਾ ਕੇਂਦਰ ਸਰਕਾਰ ਦੀ ਪਲੇਠੀ ਜ਼ਿੰਮੇਵਾਰੀ ਹੈ। ਉਨ੍ਹਾਂ ਆਖਿਆ ਕਿ ਜਿਵੇਂ ਭਾਰਤ ਨੂੰ ਮਜ਼ਬੂਤ ਕਰਨ ਵਿਚ ਪ੍ਰਵਾਸੀ ਵੀਰਾਂ ਨੇ ਵੱਡੀ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਵੀ ਉਨ੍ਹਾਂ ਦੇ ਸਹਿਯੋਗ ਦੀ ਖਾਸ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਦੇਸ਼ਾਂ ਵਿਚ ਕੰਮ ਕਰਦੇ ਭਾਰਤੀ ਕਾਮਿਆਂ ਲਈ ਇਕ ਵਿਸ਼ੇਸ਼ ਬੀਮਾ ਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਆਖ਼ਰੀ ਵਕਤ ਆਪਣੀ ਧਰਤੀ 'ਤੇ ਸ਼ਾਨ ਨਾਲ ਗੁਜ਼ਾਰ ਸਕਣ। ਉਨ੍ਹਾਂ ਆਖਿਆ ਕਿ ਅਸਥਿਰਤਾ ਵਾਲੇ ਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਲਈ ਸਾਡੀ ਸਰਕਾਰ ਬਹੁਤ ਸਾਵਧਾਨ ਹੈ। ਉਨ੍ਹਾਂ ਆਖਿਆ ਕਿ ਖਾੜੀ ਦੇਸ਼ਾਂ ਅਤੇ ਪੱਛਮੀ ਏਸ਼ੀਆ ਵਿਚ 60 ਲੱਖ ਭਾਰਤੀ ਰਹਿ ਰਹੇ ਹਨ ਤੇ ਇਸ ਹਿੱਸੇ ਵਿਚ ਚੱਲ ਰਹੇ ਘਟਨਾਕ੍ਰਮ ਤੋਂ ਸਤਰਕ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਭਾਰਤ ਦੀ ਆਰਥਿਕਤਾ ਇਸ ਵੇਲੇ ਔਖੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਚਾਲੂ ਵਿੱਤੀ ਵਰ੍ਹੇ ਦੌਰਾਨ ਆਰਥਿਕ ਵਿਕਾਸ ਦਰ 7 ਫ਼ੀਸਦੀ ਤਕ ਹੀ ਰਹਿ ਸਕਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ ਸਾਲ ਤਕ ਸਾਡੀ ਅਰਥਵਿਵਸਥਾ ਲੈਅ ਵਿਚ ਆ ਜਾਵੇਗੀ ਤੇ ਦੇਸ਼ 9 ਤੋਂ ਪ੍ਰਤੀਸ਼ਤ ਵਿਕਾਸ ਦਰ ਦੀ ਰਾਹ 'ਤੇ ਚੱਲ ਪਵੇਗਾ। ਉਨ੍ਹਾਂ ਆਖਿਆ ਕਿ ਉੱਚ ਬੱਚਤ ਦਰ ਸਾਡੀ ਅਰਥਵਿਵਸਥਾ ਦੀ ਸਭ ਤੋਂ ਵੱਡੀ ਤਾਕਤ ਹੈ। ਮੁਦਰਾ ਸਫ਼ੀਤੀ ਸਬੰਧੀ ਉਨ੍ਹਾਂ ਆਖਿਆ ਕਿ ਇਸ ਨੂੰ ਕਾਬੂ ਕਰਨ ਲਈ ਅਸੀਂ ਜੋ ਯਤਨ ਆਰੰਭੇ ਸਨ, ਉਨ੍ਹਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਵਿਦੇਸ਼ ਮੰਤਰੀ ਰਵੀ ਵਾਇਲਰ ਨੇ ਆਪਣੇ ਸਬੰਧੋਨ ਕਰਦਿਆਂ ਜਿਥੇ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕੀਤੀ, ਉਥੇ ਭਵਿੱਖ ਵਿਚ ਦੇਸ਼ ਦੇ ਵਿਕਾਸ ਲਈ ਉਨ੍ਹਾਂ ਤੋਂ ਹੋਰ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ। ਤ੍ਰਿਨੀਦਾਦ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਕਮਲਾ ਪ੍ਰਸਾਦ ਨੇ ਆਖਿਆ ਕਿ ਭਾਰਤ ਨਾਲ ਉਨ੍ਹਾਂ ਦੇ ਸਬੰਧ ਬਹੁਤ ਪੁਰਾਣੇ ਹਨ। ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਤ੍ਰਿਨੀਦਾਦ ਵਿਚ ਵੀ ਖੁੱਲ੍ਹ ਕੇ ਨਿਵੇਸ਼ ਕਰਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਵਿਦੇਸ਼ਾਂ ਵਿਚ ਵਸੇ ਰਾਜਸਥਾਨੀ ਲੋਕਾਂ ਦੇ ਬੱਚੇ ਜੇਕਰ ਸੂਬੇ ਨੂੰ ਦੇਖਣ ਲਈ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ 90 ਫ਼ੀਸਦੀ ਤਕ ਖਰਚਾ ਅਸੀਂ ਆਪਣੇ ਕੋਲੋਂ ਕਰਾਂਗੇ। ਉਨ੍ਹਾਂ ਇਥੇ ਪ੍ਰਵਾਸੀ ਭਵਨ ਬਣਾਉਣ ਦਾ ਵੀ ਐਲਾਨ ਕੀਤਾ। ਇਸ ਸੰਮੇਲਨ ਵਿਚ 60 ਦੇਸ਼ਾਂ ਦੇ ਕਰੀਬ 1900 ਪ੍ਰਤੀਨਿਧ ਹਿੱਸਾ ਲੈ ਰਹੇ ਹਨ।

ਰਾਸ਼ਟਰੀ ਲੋਕ ਦਲ ਦੀ ਸੰਸਦ ਮੈਂਬਰ
ਸਮਾਜਵਾਦੀ ਪਾਰਟੀ 'ਚ ਸ਼ਾਮਿਲ

ਲਖਨਊ-ਹੁਣੇ ਜਿਹੇ ਕੇਂਦਰ 'ਚ ਮੰਤਰੀ ਬਣੇ ਅਜੀਤ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਨੂੰ ਝਟਕਾ ਦਿੰਦਿਆਂ ਅੱਜ ਇਸ ਪਾਰਟੀ ਦੀ ਸੰਸਦ ਮੈਂਬਰ ਅਨੁਰਾਧਾ ਚੌਧਰੀ ਅਤੇ ਸ਼ਾਹਿਦ ਸਦੀਕੀੇ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਗਏ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੁਲਾਇਮ ਸਿੰਘ ਯਾਦਵ, ਸੂਬਾ ਪ੍ਰਧਾਨ ਅਖਿਲੇਸ਼ ਯਾਦਵ, ਪ੍ਰਦੇਸ਼ 'ਚ ਵਿਰੋਧੀ ਧਿਰ ਦੇ ਨੇਤਾ ਸ਼ਿਵਪਾਲ ਸਿੰਘ ਯਾਦਵ ਅਤੇ ਸੀਨੀਅਰ ਨੇਤਾ ਮੁਹੰਮਦ ਆਜ਼ਮ ਖਾਨ ਦੀ ਹਾਜ਼ਰੀ 'ਚ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਤੋਂ ਇਲਾਵਾ ਇਕ ਵਿਧਾਇਕ ਵਿਮਲੇਸ਼ ਯਾਦਵ ਵੀ ਸਮਾਜਵਾਦੀ ਪਾਰਟੀ ਦੇ ਸਾਈਕਲ 'ਤੇ ਸਵਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਅਜੀਤ ਸਿੰਘ ਵੱਲੋਂ ਕੇਂਦਰ 'ਚ ਕਾਂਗਰਸ ਸਰਕਾਰ ਦਾ ਹਿੱਸਾ ਬਣ ਜਾਣ 'ਤੇ ਅਨੁਰਾਧਾ ਨੇ ਕਿਹਾ ਕਿ ਇਹ ਉਸ ਦੇ ਪਿਤਾ ਚੌਧਰੀ ਚਰਨ ਸਿੰਘ ਦੇ ਸਿਧਾਂਤਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਹਮੇਸ਼ਾਂ ਹੀ ਕਾਂਗਰਸ ਦੀ ਆਲੋਚਨਾ ਕੀਤੀ ਹੈ ਅਤੇ ਉਸ ਵਿਰੁੱਧ ਲੜਾਈ ਕੀਤੀ ਹੈ। ਚੌਧਰੀ ਨੇ ਕਿਹਾ ਕਿ ਪਾਰਟੀ ਦੇ ਕਾਰਕੁਨ ਅਜੀਤ ਸਿੰਘ ਵੱਲੋਂ ਚੁੱਕੇ ਗਏ ਕਦਮ ਨਾਲ ਨਾਖੁਸ਼ ਹਨ ਅਤੇ ਕਾਂਗਰਸ ਨਾਲ ਗਠਜੋੜ ਕਰ ਕੇ ਪਾਰਟੀ ਨੂੰ ਨੁਕਸਾਨ ਹੋਵੇਗਾ। ਉਧਰ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਪਾਰਟੀ 'ਚ ਇਨ੍ਹਾਂ ਨੇਤਾਵਾਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਸਮਾਜਵਾਦੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਕੋਟਕਪੂਰਾ-ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਟਕਸਾਲੀ ਨੇਤਾ ਉਪਿੰਦਰ ਸ਼ਰਮਾ ਨੇ ਟਿਕਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਸ਼ਰਮਾ ਨੇ ਇਕੱਠੇ ਹੋਏ ਵਰਕਰਾਂ ਦੀ ਹਾਜ਼ਰੀ ਵਿਚ ਪ੍ਰੈੱਸ ਮਿਲਣੀ ਦੌਰਾਨ ਬੜੇ ਭਰੇ ਮਨ ਨਾਲ ਕਿਹਾ ਕਿ ਉਹ ਅਤੇ ਉਨਾਂ ਦਾ ਪਰਿਵਾਰ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਪਾਰਟੀ ਨੇ ਉਨਾਂ ਨੂੰ ਨਜ਼ਰ ਅੰਦਾਜ਼ ਕਰਕੇ ਇਕ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਹੈ, ਜੋ ਬੀਤੇ ਪੰਜ ਸਾਲਾਂ ਤੋਂ ਚੋਣ ਜਿੱਤਣ ਦੇ ਬਾਵਜੂਦ ਹਲਕੇ ਅੰਦਰ ਵੀ ਨਹੀਂ ਬਹੁੜੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੱਕ ਕਿਸੇ ਵੀ ਕਿਸਮ ਦਾ ਦਾਗ ਨਾ ਪਾਰਟੀ ਨੂੰ ਲੱਗਣ ਦਿੱਤਾ ਅਤੇ ਨਾ ਹੀ ਖੁਦ ਨੂੰ। ਫਿਰ ਵੀ ਭਰੋਸਾ ਦੇਣ ਦੇ ਬਾਵਜੂਦ ਦੂਜੀ ਵਾਰ ਟਿਕਟ ਕੱਟੀ ਗਈ। ਉਨ੍ਹਾਂ ਕਿਹਾ ਕਿ ਉਹ ਨਾ ਪਾਰਟੀ ਵਿਚ ਵਾਪਸ ਜਾਣਗੇ ਅਤੇ ਨਾ ਹੀ ਚੋਣ ਮੈਦਾਨ ਵਿਚੋਂ ਹਟਣਗੇ। ਹਲਕੇ ਦੇ ਕੀਤੇ ਵਿਕਾਸ ਅਤੇ ਆਪਣੇ ਸਾਫ਼-ਸੁਥਰੇ ਕਿਰਦਾਰ ਦੇ ਅਧਾਰ 'ਤੇ ਲੋਕਾਂ ਤੋਂ ਵੋਟਾਂ ਮੰਗਣਗੇ। ਇਸ ਮੌਕੇ ਆਤਮਾ ਸਿੰਘ ਕਲੇਰ, ਮੋਹਨ ਲਾਲ ਪਲਤਾ, ਅਮ੍ਰਿਤ ਲਾਲ ਸ਼ਰਮਾ, ਗੁਰਦਿੱਤ ਸਿੰਘ ਸਰਾਵਾਂ, ਕੁਲਦੀਪ ਸਿੰਘ ਭੁੱਲਰ, ਬਲਜਿੰਦਰ ਸਿੰਘ ਢਿੱਲੋ, ਹਰਨੇਕ ਸਿੰਘ ਚੰਨੀ, ਸ਼ਾਮ ਲਾਲ ਸ਼ਰਮਾ ਕਮਾਂਡੈਂਟ, ਰਾਮ ਸ਼ਰਨ ਦਾਸ ਭਠੇਜਾ, ਪ੍ਰਕਾਸ਼ ਚੰਦ ਸ਼ਰਮਾ, ਸਾਬਕਾ ਸਰਪੰਚ ਬੁਘੇਲ ਸਿੰਘ ਢਿੱਲੋ, ਸੁਖਦੀਪ ਸਿੰਘ, ਤੇਜ ਸਿੰਘ ਢਿਲੋਂ, ਬਲਵਿੰਦਰ ਸਿੰਘ, ਬਲਦੀਪ ਸਿੰਘ ਬੁਰਜ ਹਰੀਕਾ, ਜਸਵਿੰਦਰ ਸਿੰਘ ਢਿੱਲੋ, ਬਲਵਿੰਦਰ ਸਿੰਘ ਅਟਵਾਲ, ਹਰਦੀਪ ਸਿੰਘ ਸੰਧੂ, ਅਸ਼ੋਕ ਸੱਚਰ, ਕਿਸ਼ੋਰੀ ਲਾਲ ਲਾਲੇਆਣਾ, ਸੁਖਬੀਰ ਸਿੰਘ ਸੰਧੂ, ਪ੍ਰੋ ਦਰਸ਼ਨ ਸਿੰਘ ਸੰਧੂ, ਮਹਿੰਦਰ ਸਿੰਘ ਸੈਣੀ, ਸੁਰਿੰਦਰ ਸਚਦੇਵਾ, ਪਰਮਿੰਦਰ ਸਿੰਘ ਵਾੜਾ ਦਰਾਕਾ, ਗੁਰਚੇਤ ਸਿੰਘ ਚਹਿਲ, ਤਰਸੇਮ ਸਿੰਘ ਭਾਣਾ, ਲਛਮਣ ਸਿੰਘ ਲੰਭਵਾਲੀ, ਜਸਵਿੰਦਰ ਸਿੰਘ ਕੋਟਸੁਖੀਆ, ਹਰਨੇਕ ਸਿੰਘ ਨੱਕੇ ਵਾਲਾ, ਸੁਖਚੈਨ ਸਿੰਘ ਢੁੱਡੀ, ਭਗਵਾਨ ਸਿੰਘ ਗਿੱਲ, ਜਸਵੰਤ ਸਿੰਘ ਭੁੱਲਰ ਸਾਬਕਾ ਮੈਨੇਜਰ, ਪੂਰਨ ਸਿੰਘ ਬਰਾੜ, ਗੁਰਮੀਤ ਸਿੰਘ ਢੁੱਡੀ, ਛਿੰਦਰ ਸਿੰਘ ਡੋਡ, ਬਲਵੀਰ ਸਿੰਘ ਨੰਬਰਦਾਰ, ਬਲਕਰਨ ਸਿੰਘ ਗੁਰੂਸਰ, ਅਸ਼ਵਨੀ ਸ਼ਰਮਾ ਢੱਡੀ, ਨਾਹਰ ਸਿੰਘ , ਲਾਲ ਚੰਦ ਕਾਲਾ , ਸਾਬਕਾ ਕੌਸਲਰ ਮਲਕੀਤ ਸਿੰਘ, ਮਾਸਟਰ ਹਰਕ੍ਰਿਸ਼ਨ ਸਿੰਘ, ਰਤਨ ਲਾਲ ਮਿੱਠੂ ਸਮੇਤ ਕਈ ਪਿੰਡਾਂ ਦੇ ਸਾਬਕਾ ਸਰਪੰਚ, ਪੰਚ, ਬਲਾਕ ਸੰਮਤੀ ਮੈਬਰ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।
ਯੋਰੋਸ਼ਲਮ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਸਪੱਸ਼ਟ ਕੀਤਾ ਹੈ ਕਿ ਮੈਂ 100 ਫ਼ੀਸਦੀ ਸੱਚ ਕਹਿੰਦਾ ਹਾਂ ਕਿ ਮੈਨੂੰ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਵਿਚ ਛੁਪੇ ਹੋਣ ਬਾਰੇ ਕੋਈ ਇਲਮ ਨਹੀਂ ਸੀ। ਇਕ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪੰਜ ਸਾਲ ਲਾਦੇਨ ਪਾਕਿਸਤਾਨ ਵਿਚ ਰਿਹਾ ਤਾਂ ਪਹਿਲੇ ਦੋ ਸਾਲ ਮੈਂ ਹੀ ਰਾਸ਼ਟਰਪਤੀ ਸਾਂ, ਪਰ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ। ਉਨ੍ਹਾਂ ਕਿਹਾ ਕਿ ਲਾਦੇਨ ਦੇ ਪਾਕਿਸਤਾਨ ਵਿਚ ਹੋਣ ਬਾਰੇ ਪਹਿਲੇ ਦੋ ਸਾਲ ਕੋਈ ਮਿਲੀਭੁਗਤ ਨਹੀਂ ਸੀ, ਪਰ ਮੇਰੇ ਤੋਂ ਬਾਅਦ ਵਾਲੇ ਤਿੰਨ ਸਾਲ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।
ਲੰਡਨ-ਮੀਡੀਆ ਦੀ ਇਕ ਰਿਪੋਰਟ ਅਨੁਸਾਰ ਬਰਤਾਨੀਆ 'ਚ ਰਹਿ ਰਿਹਾ ਭਾਰਤੀ ਜੋੜਾ, ਜਿਸ ਦਾ ਵਿਆਹ 1925 'ਚ ਹੋਇਆ ਸੀ, ਸਭ ਤੋਂ ਵੱਧ ਉਮਰ ਦਾ ਜੋੜਾ ਹੋ ਸਕਦਾ ਹੈ। ਕਰਮ ਚੰਦ (106) ਅਤੇ ਉਨ੍ਹਾਂ ਦੀ ਪਤਨੀ ਕਰਤਾਰੀ (99) ਦਾ ਜਨਮ ਪੰਜਾਬ ਦੇ ਪਿੰਡਾਂ 'ਚ ਹੋਇਆ। ਉਨ੍ਹਾਂ ਦੇ ਪਾਸਪੋਰਟ ਅਨੁਸਾਰ ਉਹ 1965 'ਚ ਭਾਰਤ ਤੋਂ ਬਰਤਾਨੀਆ ਆਏ ਤੇ ਉਦੋਂ ਤੋਂ ਹੀ ਬਰੈਡਫੋਰਡ 'ਚ ਰਹਿ ਰਹੇ ਹਨ। ਉਨ੍ਹਾਂ ਨੇ ਹੁਣੇ ਜਿਹੇ ਆਪਣੇ ਵਿਆਹ ਦੀ 86ਵੀਂ ਵਰ੍ਹੇਗੰਢ ਮਨਾਈ ਹੈ। ਬੀ ਬੀ ਸੀ ਅਨੁਸਾਰ ਉਹ ਬਰਤਾਨੀਆ ਦੇ ਸਭ ਤੋਂ ਵੱਡੀ ਉਮਰ ਦੇ ਪਤੀ-ਪਤਨੀ ਹੋ ਸਕਦੇ ਹਨ। ਕਰਮ ਚੰਦ ਨੇ ਕਿਹਾ ਕਿ ਲੰਬੇ ਵਿਆਹੁਤਾ ਜੀਵਨ ਦਾ ਅਸਲ 'ਚ ਕੋਈ ਗੁਪਤ ਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜੋ ਚਾਹੁੰਦੇ ਹੋ ਖਾਓ ਪਰ ਸੰਤੁਲਿਤ ਹੋਵੇ। ਉਹ ਆਪਣੀ ਪਤਨੀ ਤੇ ਆਪਣੇ ਛੋਟੇ ਪੁੱਤਰ ਨਾਲ ਰਹਿੰਦੇ ਹਨ। ਕਰਤਾਰੀ ਇਸੇ ਸਾਲ ਆਪਣਾ 100ਵਾਂ ਜਨਮ ਦਿਨ ਮਨਾ ਰਹੀ ਹੈ ਤੇ ਇਸ ਮੌਕੇ 'ਤੇ ਉਸ ਨੂੰ ਰਾਣੀ ਵਲੋਂ ਇਕ ਪੱਤਰ ਪ੍ਰਾਪਤ ਹੋਣ ਦੀ ਆਸ ਹੈ। ਉਹ ਤੰਦਰੁਸਤ ਅਤੇ ਫਿਟ ਰਹਿਣ ਪ੍ਰਤੀ ਸਾਵਧਾਨ ਹੈ।
ਨਵੀਂ ਦਿੱਲੀ-ਅੰਦਰੂਨੀ ਸੁਰੱਖਿਆ ਮਜ਼ਬੂਤ ਕਰਨ, ਅੱਤਵਾਦੀਆਂ ਵੱਲੋਂ ਸਰਹੱਦ ਪਾਰੋਂ ਕੀਤੀ ਜਾਂਦੀ ਘੁਸਪੈਠ ਨੂੰ ਰੋਕਣ ਅਤੇ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤਾਂ 'ਤੇ ਵਿਚਾਰ-ਵਟਾਂਦਰਾ ਕਰਕੇ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਅਗਲੇ ਮਹੀਨੇ 15 ਫਰਵਰੀ ਨੂੰ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਦੇ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਕਰਨਗੇ। ਵਾਮਪੰਥੀ ਅੱਤਵਾਦ ਪ੍ਰਭਾਵਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਇਕ ਵੱਖਰਾ ਸਤਰ ਹੋਵੇਗਾ, ਜਿਸ ਵਿਚ ਮਾਓਵਾਦੀ ਹਿੰਸਾ ਤੋਂ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਜਾਵੇਗਾ ਅਤੇ ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ ਕਿ ਪ੍ਰਦੇਸ਼ਾਂ ਅਤੇ ਕੇਂਦਰ ਦੀਆਂ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦਰਮਿਆਨ ਬੇਹਤਰ ਤਾਲਮੇਲ ਕਿਵੇਂ ਸਥਾਪਿਤ ਕੀਤਾ ਜਾਵੇ। ਗ੍ਰਹਿ ਮੰਤਰਾਲੇ ਵੱਲੋਂ ਆਯੋਜਤ ਕੀਤੇ ਜਾਣ ਵਾਲੇ ਇਸ ਸੰਮੇਲਨ 'ਚ ਇਸ ਬਾਰੇ ਵੀ ਸੋਚ ਵਿਚਾਰ ਕੀਤਾ ਜਾਵੇਗਾ ਕਿ ਗਵਾਂਢੀ ਦੇਸ਼ਾਂ ਵੱਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਭਾਰਤ ਕਿਸ ਤਰਾਂ ਪ੍ਰਭਾਵਤ ਹੋਇਆ ਹੈ ਅਤੇ ਸਰਹੱਦ ਪਾਰ ਅੱਤਵਾਦ, ਅੱਤਵਾਦੀਆਂ ਨੂੰ ਗਵਾਂਢੀ ਦੇਸ਼ਾਂ ਦਾ ਸਮਰਥਨ, ਹਥਿਆਰਾਂ ਦੀ ਤਸਕਰੀ, ਜਾਅਲੀ ਭਾਰਤੀ ਕਰੰਸੀ ਵਰਗੇ ਮੁੱਦਿਆਂ ਦਾ ਦੇਸ਼ 'ਤੇ ਕੀ ਅਸਰ ਹੋਵੇਗਾ। ਅਧਿਕਾਰਿਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਹਾਲਾਤ ਪਿਛਲੇ ਤਿੰਨ ਸਾਲਾਂ 'ਚ ਕਾਫੀ ਬੇਹਤਰ ਹੋਈ ਹੈ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ 'ਚ ਤਾਲਮੇਲ ਬੇਹਤਰ ਹੋਇਆ ਹੈ। ਸੰਮੇਲਨ ਦੌਰਾਨ ਇਸ ਗੱਲ 'ਤੇ ਵੀ ਚਰਚਾ ਹੋਵੇਗੀ ਕਿ ਸੂਬਿਆਂ 'ਚ ਸੁਰੱਖਿਆ ਬਲਾਂ ਦੀਆਂ ਖਾਲੀ ਅਸਾਮੀਆਂ ਭਰਨ, ਹਥਿਆਰ ਤੇ ਗੋਲੀ ਸਿੱਕਾ ਖ੍ਰੀਦਣ ਅਤੇ ਪੁਲਿਸ ਬਲ ਨੂੰ ਅਧੁਨਿਕ ਬਣਾਉਣ 'ਚ ਕੇਂਦਰ ਕਿਵੇਂ ਮੱਦਦ ਕਰ ਸਕਦਾ ਹੈ।
ਨਵੀਂ ਦਿੱਲੀ,-ਦੇਰ ਰਾਤ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿਚ ਵਿਨੈ ਮਹਾਜਨ ਤੇ ਗੁਰਪ੍ਰੀਤ ਕੌਰ ਧਾਲੀਵਾਲ ਸ਼ਾਮਿਲ ਹਨ, ਜੋ ਕ੍ਰਮਵਾਰ ਸੁਜਾਨਪੁਰ ਤੇ ਮਾਨਸਾ ਹਲਕੇ ਤੋਂ ਚੋਣ ਲੜਨਗੇ। ਇਸ ਤੋਂ ਪਹਿਲਾਂ ਬੀਤੇ ਦਿਨ ਪਾਰਟੀ ਵੱਲੋਂ 114 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ।
ਮਖੂ, - ਮਖੂ ਸ਼ਹਿਰ 'ਚ ਬਿਜਲੀ ਘਰ ਦੇ ਨਜ਼ਦੀਕ ਇਕ ਦਰਦਨਾਕ ਹਾਦਸੇ ਦੌਰਾਨ ਦੋ ਲੜਕਿਆਂ ਦੀ ਮੌਤ ਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਲੜਕੇ, ਜਿਨ੍ਹਾਂ ਦੀ ਉਮਰ ਕਰੀਬ 14 ਤੋਂ 16 ਸਾਲ ਦੇ ਵਿਚਕਾਰ ਸੀ, ਇਕ ਕਾਵਾਸਾਕੀ ਬਜਾਜ ਬੌਕਸਰ ਮੋਟਰਸਾਈਕਲ ਨੰ: ਪੀ.ਬੀ. 09 ਡੀ/2453 'ਤੇ ਸਵਾਰ ਹੋ ਕੇ ਆਪਣੇ ਪਿੰਡ ਘੁੱਦੂਵਾਲਾ ਤੋਂ ਮਖੂ ਨੂੰ ਆ ਰਹੇ ਸਨ ਤੇ ਜਦੋਂ ਇਨ੍ਹਾਂ ਲੜਕਿਆਂ ਨੇ ਜ਼ੀਰੇ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਬੱਸ ਤੋਂ ਅੱਗੇ ਲੰਘਣ ਲੱਗੇ ਤਾਂ ਸਾਹਮਣਿਓਂ ਆ ਰਹੇ ਟਿੱਪਰ ਟਰੱਕ ਪੀ. ਬੀ. 10 ਸੀ ਡਬਲਯੂ/1455 ਦੇ ਸੰਨ ਵਿਚਾਲੇ ਆ ਜਾਣ ਕਾਰਨ ਮੋਟਰਸਾਈਕਲ ਸਵਾਰਾਂ ਵਿਚੋਂ ਦੋ ਲੜਕੇ ਅਜੈ ਪੁੱਤਰ ਪੂਰਨ ਅਤੇ ਮੰਗਾ ਪੁੱਤਰ ਸੁੱਚਾ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਦੋ ਲੜਕੇ ਨੂੰ ਅਤੇ ਸੂਰਜ ਪੁੱਤਰ ਮੇਜਰ ਦੋਵੇਂ ਸਕੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਜ਼ੀਰਾ,-ਪਵਿੱਤਰ ਰਿਸ਼ਤੇ ਦੀ ਪ੍ਰਵਾਹ ਨਾ ਕਰਦਿਆਂ ਇਕ ਪ੍ਰੇਮੀ ਜੋੜੇ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਇਕਬਾਲ ਖਾਨ ਨੇ ਦੱਸਿਆ ਕਿ ਰਾਜ ਸਿੰਘ ਵਾਸੀ ਸਨ੍ਹੇਰ ਅਤੇ ਜੀਤੋ ਵਾਸੀ ਸਿੰਘਾ ਵਾਲਾ (ਦੋਵੇਂ ਕਾਲਪਨਿਕ ਨਾਂਅ) ਜੋ ਕਿ ਆਪਸ ਵਿਚ ਮਾਮੇ-ਭੂਆ ਦੇ ਰਿਸ਼ਤੇ ਵਜੋਂ ਭੈਣ-ਭਰਾ ਲੱਗਦੇ ਸਨ, ਕੁਝ ਸਮਾਂ ਪਹਿਲਾਂ ਦੋਹਾਂ ਦਾ ਆਪਸ ਵਿਚ ਪਿਆਰ ਹੋ ਗਿਆ। ਇਸ ਭੈਣ-ਭਰਾ ਦੇ ਰਿਸ਼ਤੇ ਦੀ ਪਰਵਾਹ ਨਾ ਕਰਦਿਆਂ ਉਕਤ ਪ੍ਰੇਮੀ ਜੋੜਾ ਕੁਝ ਦਿਨ ਪਹਿਲਾਂ ਘਰੋਂ ਫਰਾਰ ਹੋ ਗਿਆ ਸੀ। ਆਪਣੇ ਇਸ ਰਿਸ਼ਤੇ ਨੂੰ ਪਰਵਾਨ ਨਾ ਚੜ੍ਹਦੇ ਅਤੇ ਸਮਾਜਿਕ ਨਾਮੋਸ਼ੀ ਨੂੰ ਵੇਖਦਿਆਂ ਉਕਤ ਪ੍ਰੇਮੀ ਜੋੜੇ ਵੱਲੋਂ ਆਪਣੀ ਮਾਰੂਤੀ ਕਾਰ ਨੰਬਰ ਸੀ. ਐੱਚ 01 ਐੱਸ 0105 ਸਮੇਤ ਪਿੰਡ ਭੜਾਣਾ ਦੇ ਨਜ਼ਦੀਕ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪੁਲਿਸ ਵੱਲੋਂ ਲੰਬੀ ਮੁਸ਼ੱਕਤ ਤੋਂ ਬਾਅਦ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਨੂੰ ਕਾਰ ਸਮੇਤ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਅਤੇ ਪੁਲਿਸ ਵੱਲੋ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ, -1993 'ਚ ਹੋਏ ਦੂਰਸੰਚਾਰ ਘੁਟਾਲੇ ਦੇ ਦੋਸ਼ 'ਚ ਕੱਲ੍ਹ ਸਥਾਨਿਕ ਅਦਾਲਤ 'ਚ ਆਤਮ ਸਮਰਪਣ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਅੱਜ ਦੀਨ ਦਿਆਲ ਉਪਧਿਆਏ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਾ ਦਿੱਤਾ ਗਿਆ ਹੈ। ਕੱਲ੍ਹ ਉਨ੍ਹਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ। ਤਿਹਾੜ ਜੇਲ੍ਹ ਦੇ ਉਪ ਇੰਸਪੈਕਟਰ ਜਨਰਲ ਆਰ. ਐਨ. ਸ਼ਰਮਾ ਅਨੁਸਾਰ 86 ਸਾਲਾ ਸਾਬਕਾ ਮੰਤਰੀ ਦੀ ਹਾਲਤ ਵਿਗੜ ਰਹੀ ਸੀ, ਇਸ ਲਈ ਜੇਲ੍ਹ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਨਾਲ ਉਨ੍ਹਾਂ ਨੂੰ ਸ਼ਹਿਰ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਸੁਖਰਾਮ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋ ਸਕਦੀ ਹੈ।
ਨਵੀਂ ਦਿੱਲੀ,- ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੇ ਖ਼ਿਲਾਫ ਇਨਫੋਰਸਮੈਂਟ ਡਾਇਰੈਕਟੋਰੇਕ (ਈ. ਡੀ.) ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਸੀ.ਬੀ.ਆਈ ਨੇ ਹਾਲ ਹੀ ਵਿਚ ਉਨ੍ਹਾਂ ਦੇ ਖ਼ਿਲਾਫ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ 'ਚ ਘੋਟਾਲੇ ਦਾ ਮਾਮਲਾ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਕੁਸ਼ਵਾਹਾ ਅਤੇ ਹੋਰਨਾਂ ਖ਼ਿਲਾਫ ਸੀ.ਬੀ.ਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਤੱਥਾਂ ਨੂੰ ਦੇਖਣ ਤੋਂ ਬਾਅਦ ਜੇਕਰ ਈ.ਡੀ ਨੂੰ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਰੋਕੂ ਅਤੇ ਵਿਦੇਸ਼ੀ ਮੁਦਰਾ ਬਾਰੇ ਕਾਨੂੰਨ ਫੇਮਾ ਦੀ ਉਲੰਘਣਾ ਹੋਈ ਹੈ ਤਾਂ ਇਨ੍ਹਾਂ ਕਾਨੂੰਨਾਂ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁਸ਼ਵਾਹਾ ਬਸਪਾ ਵਿਚੋਂ ਕੱਢੇ ਜਾਣ ਅਤੇ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਪਹਿਲਾਂ ਹੀ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ।
ਮੁੰਬਈ,-ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੇ ਇਕ ਵਾਰ ਸੋਨੀਆ ਗਾਂਧੀ ਦੀ ਨਾਗਰਿਕਤਾ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਕਹਿ ਦਿੱਤਾ ਹੈ। ਆਪਣੀ ਅਖ਼ਬਾਰ ਸਾਮਨਾ 'ਚ ਦਿੱਤੇ ਇਕ ਇੰਟਰਵਿਊ 'ਚ ਠਾਕਰੇ ਨੇ ਕਿਹਾ ਹੈ ਕਿ ਸੋਨੀਆ ਨੇ ਦੇਸ਼ ਲਈ ਕੀ ਕੀਤਾ ਹੈ? ਉਨ੍ਹਾਂ ਸੈਨਾ ਮੁਖੀ ਦੀ ਉਮਰ ਦੇ ਮੁੱਦੇ 'ਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦਾ ਸਨਮਾਨ ਖ਼ਤਰੇ 'ਚ ਹੈ। ਉਨ੍ਹਾਂ ਕਿਹਾ ਕਿ ਇਥੇ ਸੋਨੀਆ ਦੇ ਸਨਮਾਨ ਦਾ ਸਵਾਲ ਨਹੀਂ ਹੈ, ਕਿਉਂਕਿ ਉਹ ਇਕ ਵਿਦੇਸ਼ੀ ਮਹਿਲਾ ਹੈ। ਰਾਹੁਲ ਗਾਂਧੀ ਬਾਰੇ ਉਨ੍ਹਾਂ ਕਿਹਾ ਕਿ ਉਹ ਕੱਲ੍ਹ ਪੈਦਾ ਹੋਇਆ ਹੈ ਅਤੇ ਅੱਜ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ। ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਦ ਦੀ ਨਿਲਾਮੀ ਹੋ ਰਹੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਦਾ ਵਾਤਾਵਰਣ ਦੂਸ਼ਿਤ ਕੀਤਾ ਜਾ ਰਿਹਾ ਹੈ।
ਪੁਣੇ, -ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਅੱਜ ਪੁਣੇ ਦੇ ਸੰਚੇਤੀ ਹਸਪਤਾਲ 'ਚੋਂ ਛੁੱਟੀ ਮਿਲ ਗਈ। ਆਪਣੇ ਪਿੰਡ ਰਾਲੇਗਣ ਸਿੱਧੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਮਜ਼ੋਰ ਨਜ਼ਰ ਆ ਰਹੇ ਇਸ ਗਾਂਧੀਵਾਦੀ ਸਮਾਜ ਸੇਵਕ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹੀ ਲੋਕਪਾਲ ਬਿੱਲ ਮੁੱਦੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਦੂਜੇ ਚਰਨ 'ਚ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਪੱਖੋਂ ਹੁਣ ਮੈਂ ਠੀਕ ਹਾਂ, ਪਰ ਬਹੁਤ ਕਮਜ਼ੋਰੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਅਜੇ ਕੁਝ ਦਿਨਾਂ ਤੱਕ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਇਸ ਲਈ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਮੈਂ ਅੰਦੋਲਨ ਬਾਰੇ ਸੋਚਾਂਗਾ। ਜਦੋਂ ਅੰਨਾ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਿਰੁੱਧ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਮੇਰਾ ਬਾਹਰੀ ਦੁਨੀਆ ਨਾਲ ਸੰਪਰਕ ਨਹੀਂ ਸੀ। ਚੋਣਾਂ ਵਾਲੇ ਪ੍ਰਦੇਸ਼ਾਂ 'ਚ ਦੌਰੇ ਕਰਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਯਾਤਰਾ ਨਹੀਂ ਕਰ ਸਕਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਲੰਮੇ ਸਮੇਂ ਤੱਕ ਚੱਲਣ ਵਾਲਾ ਅੰਦੋਲਨ ਹੈ ਜਿਸ ਲਈ ਮੈਂ ਪਿਛਲੇ 25 ਸਾਲਾਂ ਤੋਂ ਲੜ ਰਿਹਾ ਹਾਂ।
ਨਵੀਂ ਦਿੱਲੀ-ਭਾਰਤ ਦੇ ਗ੍ਰਹਿ ਮੰਤਰਾਲੇ 'ਚ ਅੱਜ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਰਥ ਬਲਾਕ 'ਚ ਗ੍ਰਹਿ ਮੰਤਰਾਲੇ ਦੇ ਕਮਰਾ ਨੰਬਰ 203 ਤੋਂ 2 ਅਤੇ 3 ਜਨਵਰੀ ਦੀ ਰਾਤ ਨੂੰ ਉਸ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਕੀਤੀ ਗਈ, ਜਿਸ ਦੇ ਮੋਨੀਟਰ ਦੀ 2 ਮਹੀਨੇ ਪਹਿਲਾਂ ਚੋਰੀ ਹੋ ਗਈ ਸੀ। ਉਕਤ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਗ੍ਰਹਿ ਮੰਤਰਾਲੇ ਦਾ ਇਕ ਸਹਾਇਕ ਆਪਣਾ ਕੰਪਿਊਟਰ ਚਾਲੂ ਨਹੀਂ ਕਰ ਸਕਿਆ। ਅਧਿਕਾਰੀਆਂ ਨੂੰ ਇਸ ਘਟਨਾ ਦੇ ਪਿੱਛੇ ਕਿਸੇ ਅੰਦਰ ਦੇ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਹੈ ਅਤੇ ਉਨ੍ਹਾਂ ਦੁਆਰਾ ਨਿਸਚਿਤ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।
ਮਾਇਆਵਤੀ ਦੇ ਬੁੱਤ ਅਤੇ ਚੋਣ ਨਿਸ਼ਾਨ ਢਕਣ ਦਾ ਕੰਮ ਸ਼ੁਰੂ

ਗੋਮਤੀ ਨਗਰ ਲਖਨਊ ਵਿਖੇ ਬਸਪਾ ਦੇ ਚੋਣ ਨਿਸ਼ਾਨ
ਹਾਥੀ ਦੇ ਬੁੱਤਾਂ ਨੂੰ ਢੱਕਦੇ ਹੋਏ ਕਾਮੇ।
ਲਖਨਊ-ਚੋਣ ਕਮਿਸ਼ਨ ਦੇ ਹੁਕਮ ਤੋਂ ਇਕ ਦਿਨ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦੇ ਬੁੱਤ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਚੋਣ ਨਿਸ਼ਾਨ ਹਾਥੀ ਨੂੰ ਢਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੁੱਤ ਅਤੇ ਚੋਣ ਨਿਸ਼ਾਨ ਉੱਤਰ ਪ੍ਰਦੇਸ਼ 'ਚ ਚੋਣਾਂ ਖਤਮ ਹੋਣ ਤੱਕ ਢਕੇ ਰਹਿਣਗੇ। ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਉਕਤ ਹੁਕਮ ਜਾਰੀ ਕੀਤੇ ਸਨ। ਫ਼ੈਸਲੇ ਨੂੰ ਜਾਇਜ਼ ਦੱਸਦੇ ਹੋਏ ਮੁੱਖ ਚੋਣ ਕਮਿਸ਼ਨ ਐਸ. ਵਾਈ. ਕੁਰੈਸ਼ੀ ਨੇ ਕਿਹਾ ਕਿ ਸਾਡਾ ਵਿਚਾਰ ਹੈ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਰਾਜਨੀਤਕ ਫਾਇਦਾ ਨਹੀਂ ਮਿਲਣਾ ਚਾਹੀਦਾ, ਇਥੋਂ ਤੱਕ ਕਿ ਦਫ਼ਤਰਾਂ ਵਿਚੋਂ ਨੇਤਾਵਾਂ ਦੀਆਂ ਤਸਵੀਰਾਂ ਨੂੰ ਵੀ ਹਟਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਰਾਜਨੀਤਕ ਦਲਾਂ ਨੇ ਚੋਣ ਕਮਿਸ਼ਨ ਕੋਲ ਹਾਥੀ ਦੇ ਬੁੱਤ ਹਟਾਉਣ ਦੀ ਮੰਗ ਕੀਤੀ ਸੀ।
ਹੈਦਰਾਬਾਦ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ 'ਚ ਛਪਣ ਵਾਲੀ ਜਾਅਲੀ ਭਾਰਤੀ ਕਰੰਸੀ ਦੇ 27 ਹਜ਼ਾਰ ਦੇ ਨੋਟਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਏਜੰਸੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਹ ਗਰੋਹ ਕਰੀਬ ਇਕ ਕਰੋੜ ਰੁਪਏ ਦੇ ਜਾਅਲੀ ਨੋਟ ਬਾਜ਼ਾਰ 'ਚ ਚਲਾ ਚੁੱਕਾ ਹੈ। ਇਸ ਗਰੋਹ ਦਾ ਸਰਗਣਾ 23 ਸਾਲਾ ਮੋਰਗਨ ਹੁਸੈਨ ਹੈ ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਨੂੰ ਕਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਮਾਮਲੇ 'ਚ ਬਾਕੀ ਗ੍ਰਿਫ਼ਤਾਰੀਆਂ ਚੇਨਈ, ਹੈਦਰਾਬਾਦ ਅਤੇ ਪੱਛਮੀ ਬੰਗਾਲ 'ਚੋਂ ਕੀਤੀਆਂ ਗਈਆਂ ਹਨ।  ਦੱਸਿਆ ਜਾਂਦਾ ਹੈ ਕਿ ਹਜਾਰ, ਪੰਜ ਸੌ ਅਤੇ ਸੌ ਵਾਲੇ ਇਨ੍ਹਾਂ ਨੋਟਾਂ ਨੂੰ ਪਾਕਿਸਤਾਨ ਤੋਂ ਜਹਾਜ਼ ਰਾਹੀਂ ਬੰਗਲਾਦੇਸ਼ ਲਿਆਇਆ ਜਾਂਦਾ ਸੀ ਅਤੇ ਫਿਰ ਉਥੋਂ ਸਰਹੱਦ ਪਾਰ ਕਰਾ ਕੇ ਉਨ੍ਹਾਂ ਨੂੰ ਭਾਰਤ ਦੇ ਵੱਖ ਵੱਖ ਸ਼ਹਿਰਾਂ 'ਚ ਚਲਾ ਦਿੱਤਾ ਜਾਂਦਾ ਸੀ।
ਨਵੀਂ ਦਿੱਲੀ-ਉੱਤਰ ਪ੍ਰਦੇਸ਼ ਦੀਆਂ ਪਹਿਲੇ ਗੇੜ ਦੀਆਂ ਚੋਣਾਂ, ਜੋ ਕਿ 4 ਫਰਵਰੀ ਨੂੰ ਹੋਣ ਵਾਲੀਆਂ ਸਨ, ਨੂੰ ਅੱਗੇ ਪਾ ਦਿੱਤਾ ਗਿਆ ਹੈ। ਨਵੀਂ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਵੀ 4 ਫਰਵਰੀ ਨੂੰ ਆ ਸਕਦਾ ਹੈ। ਇਸ ਲਈ ਪਹਿਲੇ ਗੇੜ ਦੀਆਂ ਚੋਣਾਂ ਦੀ ਤਰੀਕ ਬਦਲੀ ਗਈ ਹੈ ਤੇ 60 ਵਿਧਾਨ ਸਭਾ ਹਲਕਿਆਂ 'ਚ 10 ਜਨਵਰੀ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੀਆਂ ਜਾਂਚ ਏਜੰਸੀਆਂ ਨੇ ਇਸ ਮਾਮਲੇ ਸਬੰਧੀ ਆਪਣਾ ਪੱਖ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ ਸੀ।
ਕੋਲਕਾਤਾ-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਫੁਲਿਆ ਸਟੇਸ਼ਨ 'ਤੇ ਸਨਿਚਰਵਾਰ ਨੂੰ ਦੋ ਰੇਲ ਗੱਡੀਆਂ ਦੀ ਆਪਸੀ ਟੱਕਰ ਕਾਰਨ ਸਟੇਸ਼ਨ ਦੇ ਗੇਟਮੈਨ ਦੀ ਮੌਤ ਅਤੇ 6 ਯਾਤਰੀ ਜ਼ਖਮੀ ਹੋ ਗਏ। ਪੂਰਬੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਾਂਤੀਪੁਰ-ਸਿਆਲਦਾਹ ਯਾਤਰੀ ਰੇਲ ਗੱਡੀ ਫੁਲਿਆ ਸਟੇਸ਼ਨ 'ਤੇ ਪਲੇਟਫਾਰਮ ਦੀ ਉਡੀਕ 'ਚ ਖੜ੍ਹੀ ਇਕ ਹੋਰ ਸਿਆਲਦਾਹ-ਸ਼ਾਂਤੀਪੁਰ ਯਾਤਰੀ ਗੱਡੀ ਨਾਲ ਟਕਰਾ ਗਈ। ਰੇਲ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ ਡਾਕਟਰੀ ਸਹੂਲਤਾਂ ਦੇਣ ਲਈ ਡਾਕਟਰਾਂ ਨੂੰ ਲੈ ਕੇ ਦੋ ਰੇਲ ਗੱਡੀਆਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ।
ਨਵੀਂ ਦਿੱਲੀ- ਦੇਸ਼ 'ਚ ਵੱਡੇ ਪੱਧਰ 'ਤੇ ਹੋਣ ਵਾਲੇ ਭ੍ਰਿਸ਼ਟਾਚਾਰ ਦੇ ਸਬੰਧ 'ਚ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਖਰੜੇ ਦੀ ਰਣਨੀਤੀ ਇਸ ਮਹੀਨੇ ਦੇ ਅੰਤ ਤਕ ਬਣਾ ਲਈ ਜਾਵੇਗੀ ਜਿਸ ਦਾ ਉਦੇਸ਼ ਕਾਲੇ ਧਨ ਦੀ ਵਰਤੋਂ, ਬੇਨਾਮੀ ਸੰਪਤੀ ਅਤੇ ਇਸ ਤਰਾਂ ਦੇ ਹੋਰ ਮਾਮਲਿਆਂ ਦੀ ਪੜਤਾਲ ਕਰਨਾ ਹੋਵੇਗਾ। ਸੀ.ਵੀ.ਸੀ ਮੌਜ਼ੂਦਾ ਕਾਨੂੰਨ 'ਚ ਸੰਸ਼ੋਧਨ ਕਰ ਕੇ ਨਿੱਜੀ ਕੰਪਨੀਆਂ ਨੂੰ ਬਲੈਕਲਿਸਟ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੇ ਹਕ ਵਿਚ ਹੈ। 2010 'ਚ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਰਣਨੀਤੀ ਦਾ ਖਰੜਾ ਬਣਾ ਕੇ ਲੋਕਾਂ ਦੀ ਪ੍ਰਤੀਕਿਰਿਆ ਲਈ ਇਸ ਦੀ ਵੈੱਬਸਾਈਟ 'ਤੇ ਪਾ ਦਿੱਤਾ ਗਿਆ ਸੀ। ਸੀ.ਵੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਲੋਕਾਂ ਦੇ ਬਹੁਤ ਸਾਰੇ ਸੁਝਾਅ ਮਿਲੇ ਹਨ ਅਤੇ ਇਕ ਮਹੀਨੇ 'ਚ ਖਰੜੇ ਨੂੰ ਆਖਰੀ ਰੂਪ ਦੇਣ ਤੋਂ ਬਾਅਦ ਇਸ ਨੂੰ ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਕੋਲ ਭੇਜਿਆ ਜਾਵੇਗਾ ਅਤੇ ਫਿਰ ਢੁੱਕਵੀਂ ਕਾਰਵਾਈ ਕਰਨ ਲਈ ਕਾਨੂੰਨ ਅਤੇ ਨਿਆ ਮੰਤਰਾਲੇ ਕੋਲ ਭੇਜਿਆ ਜਾਵੇਗਾ।
ਮੁੰਬਈ 7 ਜਨਵਰੀ-ਬਿਗ ਬਾਸ ਦੇ ਘਰ ਵਿਚ ਆਖਰਕਾਰ ਜੂਹੀ ਪਰਮਾਰ ਦਾ ਜਲਵਾ ਰਿਹਾ ਤੇ ਉਹ ਬਿਗ ਬਾਸ-5 ਦੀ ਜੇਤੂ ਰਹੀ। ਬਿਗ ਬਾਸ ਦਾ ਸਫਰ 98 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਿਸ ਵਿਚ ਕੁਲ 15 ਪ੍ਰਤੀਯੋਗੀ ਸਨ। ਫਾਈਨਲ ਵਿਚ 5 ਪ੍ਰਤੀਯੋਗੀ ਪਹੁੰਚੇ ਸਨ ਜਿਨ੍ਹਾਂ ਵਿਚੋਂ ਜੂਹੀ ਨੂੰ ਜੇਤੂ ਕਰਾਰ ਦਿੱਤਾ ਗਿਆ। ਉਸ ਨੂੰ ਇਨਾਮ ਦੇ ਤੌਰ 'ਤੇ ਇਕ ਕਰੋੜ ਰੁਪਏ ਨਕਦ ਦਿੱਤਾ ਗਿਆ। ਇਸ ਮੌਕੇ ਫਾਈਨਲ ਵਿਚ ਪਹੁੰਚੇ ਸਾਰੇ ਪ੍ਰਤੀਯੋਗੀਆਂ ਦੇ ਘਰ ਵਾਲੇ ਤੇ ਹੋਰ ਦੋਸਤ ਮਿੱਤਰ ਮੌਜੂਦ ਸਨ।
ਲਖਨਊ-ਚੋਣ ਕਮਿਸ਼ਨ ਨੇ ਅੱਜ ਉੱਤਰ ਪ੍ਰਦੇਸ਼ 'ਚ ਵਿਰੋਧੀ ਪਾਰਟੀਆਂ ਦੀਆਂ ਨਿਰਪੱਖ ਚੋਣਾਂ ਕਰਵਾਉਣ ਦੀ ਮੰਗ ਕਾਰਨ ਪ੍ਰਮੁੱਖ ਗ੍ਰਹਿ ਸਕੱਤਰ ਕੁੰਵਰ ਫਤਹਿ ਬਹਾਦਰ ਅਤੇ ਪੁਲਿਸ ਮੁਖੀ ਬ੍ਰਿਜ ਲਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸੂਤਰਾਂ ਨੇ ਵੀ ਉਕਤ ਦੋਹਾਂ ਅਧਿਕਾਰੀਆਂ ਨੂੰ ਹਟਾਏ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਅਨੁਸਾਰ ਨਵੀਆਂ ਨਿਯੁਕਤੀਆਂ ਛੇਤੀ ਹੀ ਕੀਤੀਆਂ ਜਾਣਗੀਆਂ। ਉੱਤਰ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਬਸਪਾ ਨੇ ਦੋਨੋਂ ਦਲਿਤ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਆਲੋਚਨਾ ਕੀਤੀ ਹੈ। ਮੁੱਖ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਸਾਰੇ ਬੁੱਤ ਅਤੇ ਰਾਜਨੀਤਕ ਪਾਰਟੀਆਂ ਦੇ ਚੋਣ ਨਿਸ਼ਾਨ ਢੱਕਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ਇਹ ਐਲਾਨ ਆਪਣੇ ਯੂ. ਪੀ. ਦੇ 2 ਦਿਨਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਤੋਂ ਪਹਿਲਾਂ ਪ੍ਰਚਾਰ ਸਾਧਨ, ਜਿਵੇਂ ਕਿ ਸਾਰੇ ਹੋਰਡਿੰਗ ਅਤੇ ਪੋਸਟਰਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਇਸੇ ਤਰ੍ਹਾਂ ਹੀ ਸਾਰੇ ਬੁੱਤ ਅਤੇ ਚੋਣ ਨਿਸ਼ਾਨਾਂ ਨੂੰ ਢੱਕਣ ਲਈ ਕਿਹਾ ਗਿਆ ਹੈ ਅਤੇ ਇਹ ਸਾਰੀਆਂ ਪਾਰਟੀਆਂ ਲਈ ਲਾਗੂ ਹੋਵੇਗਾ। ਵਰਣਨਯੋਗ ਹੈ ਕਿ ਚੋਣ ਕਮਿਸ਼ਨ ਨੂੰ ਲਖਨਊ ਅਤੇ ਨੋਇਡਾ 'ਚ ਹਾਥੀਆਂ ਅਤੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਮੁੱਖ ਮੰਤਰੀ ਮਾਇਆਵਤੀ ਦੇ ਬੁੱਤ ਲਾ ਕੇ ਪਾਰਟੀ ਵੱਲੋਂ ਵੱਡਾ ਖਰਚ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਗ੍ਰਿਫ਼ਤਾਰ-ਚੋਣ ਜ਼ਾਬਤੇ ਦਾ ਉਲੰਘਣ ਕਰਨ ਦੇ ਦੋਸ਼ 'ਚ ਉਤਰ ਪ੍ਰਦੇਸ਼ ਦੇ ਜੌਨਪੁਰ ਜਿਲ੍ਹੇ ਦੇ ਮਛਲੀਸ਼ਹਿਰ ਇਲਾਕੇ 'ਚਂ ਕਾਂਗਰਸ ਦੇ ਉਮੀਦਵਾਰ ਬੀ.ਐਲ.ਆਰੀਆ ਅਤੇ ਉਨ੍ਹਾਂ ਦੇ 19 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਆਰੀਆ ਆਪਣੇ ਸਮਰਥਕਾਂ ਨਾਲ ਕਿਸਾਨਾ ਨੂੰ ਧਾਨ ਦੀ ਸਹੀ ਮੁੱਲ ਨਾ ਦਿੱਤੇ ਜਾਣ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਸਨ। ਉਧਰ ਰਾਮਪੁਰ ਜਿਲ੍ਹੇ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਮੁਹੰਮਦ ਆਜ਼ਮ ਖਾਨ ਦੇ ਵਿਰੁੱਧ ਬਿਨਾਂ ਇਜਾਜਤ ਚੋਣਾਂ ਨਾਲ ਸਬੰਧਤ ਮੀਟਿੰਗ ਕਰਨ ਕਾਰਨ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਨਵੀਂ ਦਿੱਲੀ,-ਕਾਂਗਰਸ ਅਤੇ ਤ੍ਰਿਣਾਮੂਲ ਕਾਂਗਰਸ ਵਿਚਲੀ ਫੁੱਟ ਉਸ ਵੇਲੇ ਖੁੱਲਕੇ ਸਾਹਮਣੇ ਆ ਗਈ ਜਦੋਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ 'ਤੇ ਸਿੱਧਾ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਗਠਜੋੜ ਖ਼ਤਮ ਕਰਨ ਲਈ ਆਜ਼ਾਦ ਹੈ। ਤ੍ਰਿਣਾਮੂਲ ਮੁਖੀ ਨੇ ਦੋਸ਼ ਲਗਾਇਆ ਕਿ ਕਾਂਗਰਸ ਉਨ੍ਹਾਂ ਦੀ ਪਾਰਟੀ ਦੇ ਖ਼ਿਲਾਫ਼ ਆਧਾਰਹੀਣ ਗੱਲਾਂ ਨੂੰ ਹਵਾ ਦੇ ਰਹੀ ਹੈ ਕਿਉਂਕਿ ਉਨ੍ਹਾਂ ਨੇ ਪ੍ਰਚੂਨ ਕਾਰੋਬਾਰ 'ਚ ਐੱਫ਼. ਡੀ. ਆਈ., ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਅਤੇ ਦੇਸ਼ ਦੇ ਸੰਘੀ ਢਾਂਚੇ 'ਚ ਦਖ਼ਲ ਦਾ ਵਿਰੋਧ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ 'ਬੀਤੀ 5 ਜਨਵਰੀ ਨੂੰ ਰਾਏਗੰਜ ਯੂਨੀਵਰਸਿਟੀ ਦੇ ਇਕ ਕਾਲਜ ਦੇ ਅਧਿਆਪਕ ਦੇ ਨਾਲ ਹੋਏ ਦੁਰਵਿਵਹਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਤ੍ਰਿਣਾਮੂਲ ਦੇ ਵਿਰੁੱਧ ਮਾੜਾ ਪ੍ਰਚਾਰ ਕਰ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਪ੍ਰਚੂਨ ਕਾਰੋਬਾਰ 'ਚ ਐੱਫ. ਡੀ. ਆਈ., ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਅਤੇ ਦੇਸ਼ ਦੇ ਸੰਘੀ ਢਾਂਚੇ 'ਚ ਦਖ਼ਲ ਦਾ ਵਿਰੋਧ ਕੀਤਾ ਸੀ।' ਉਨ੍ਹਾਂ ਨੇ ਕਿਹਾ ' ਲੋਕ ਆਯੁਕਤ ਨੂੰ ਜਬਰੀ ਲੋਕਪਾਲ 'ਚ ਸ਼ਾਮਿਲ ਕੀਤਾ ਗਿਆ। ਕਾਂਗਰਸ ਨੇ ਸਾਡੇ ਸ਼ਬਦਾਂ ਦਾ ਮਾਣ ਨਹੀਂ ਰੱਖਿਆ। ਇਸ 'ਤੇ ਮਤਦਾਨ ਨਹੀਂ ਕਰਵਾਇਆ।'
ਲਖਨਊ, 7 ਜਨਵਰੀ -ਭਾਜਪਾ ਹਾਈ ਕਮਾਨ ਨੇ ਉੱਤਰ ਪ੍ਰਦੇਸ਼ ਦੇ ਬਰਤਰਫ ਕੀਤੇ ਗਏ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਭਾਜਪਾ ਦੇ ਕੌਮੀ ਉਪ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਚੋਣ ਪ੍ਰਚਾਰ ਦੇ ਚੇਅਰਮੈਨ ਕਲਰਾਜ ਮਿਸ਼ਰਾ ਨੇ ਦੱਸਿਆ ਕਿ ਕੁਸ਼ਵਾਹਾ ਨੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਆਪਣੀ ਮੈਂਬਰਸ਼ਿਪ ਖ਼ਤਮ ਕਰਨ ਲਈ ਕਿਹਾ ਸੀ ਤੇ ਪਾਰਟੀ ਨੇ ਉਸ ਦੀ ਅਪੀਲ ਸਵੀਕਾਰ ਕਰਦਿਆਂ ਉਸ ਨੂੰ ਪਾਰਟੀ 'ਚੋਂ ਕੱਢ ਦਿੱਤਾ।
ਸ੍ਰੀਨਗਰ, 7 ਜਨਵਰੀ -ਅੱਤਵਾਦੀਆਂ ਵੱਲੋਂ ਅੱਜ ਬਾਰਾਮੁੱਲਾ ਜ਼ਿਲ੍ਹੇ ਦੇ ਕਸਬੇ ਸੋਪੋਰ 'ਚ ਪੁਲਿਸ ਥਾਣੇ 'ਤੇ ਕੀਤੇ ਗਏ ਹਮਲੇ 'ਚ 2 ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਜਿਸ ਬਾਰੇ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਵੇਰੇ 11.30 ਵਜੇ ਦੇ ਕਰੀਬ ਉੱਤਰੀ ਕਸ਼ਮੀਰ ਦੇ ਕਸਬੇ ਸੋਪੋਰ 'ਚ ਪੁਲਿਸ ਥਾਣੇ 'ਤੇ ਪਹਿਲਾਂ ਹੱਥ ਗੋਲੇ ਸੁੱਟੇ ਅਤੇ ਫਿਰ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਇਸ ਹਮਲੇ 'ਚ 2 ਪੁਲਿਸ ਮੁਲਾਜ਼ਮ ਅਤੇ 3 ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਮੁੰਬਈ, -ਫ਼ਿਲਮ ਅਤੇ ਟੀ. ਵੀ. ਅਭਿਨੇਤਰੀ ਡੌਲੀ ਬਿੰਦਰਾ ਨੂੰ ਅੱਜ ਵਿਦੇਸ਼ ਤੋਂ ਟੈਲੀਫੋਨ 'ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਮਾਰਨ ਦੀ ਧਮਕੀ ਮਿਲੀ। ਉਨ੍ਹਾਂ ਨੇ ਇਸ ਸਬੰਧ 'ਚ ਮਲਾਦ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਅਭਿਨੇਤਰੀ ਦੀ ਥੋੜ੍ਹੇ ਦਿਨ ਪਹਿਲਾਂ ਹੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਨਾਲ ਬਹਿਸਬਾਜ਼ੀ ਹੋਈ ਸੀ। ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਸ ਨੇ ਬਿੱਗ ਬੌਸ 'ਚ ਇਕ ਪ੍ਰਤੀਯੋਗੀ ਨੂੰ ਬਹੁਤ ਤੰਗ ਕੀਤਾ ਸੀ, ਹੁਣ ਉਸ ਨੂੰ ਮਰਨਾ ਹੋਵੇਗਾ।
ਨਵੀਂ ਦਿੱਲੀ, 7 ਜਨਵਰੀ -ਅੱਜ ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ ਸਰਵਸਿਜ਼ ਇੰਟੈਲੀਜੈਂਸ (ਆਈ. ਐਸ. ਆਈ.) ਨੂੰ ਕਥਿਤ ਰੂਪ 'ਚ ਸੰਵੇਦਨਸ਼ੀਲ ਜਾਣਕਾਰੀ ਦੇ ਮਾਮਲੇ 'ਚ ਦੋਸ਼ ਆਇਦ ਕੀਤੇ ਗਏ। ਵਧੀਕ ਸੈਸ਼ਨ ਜੱਜ ਪਵਨ ਕੁਮਾਰ ਜੈਨ ਨੇ ਗੁਪਤਾ ਖਿਲਾਫ ਜਸੂਸੀ ਕਰਨ ਲਈ ਸਰਕਾਰੀ ਭੇਦ ਗੁਪਤ ਰੱਖਣ ਬਾਰੇ ਕਾਨੂੰਨ ਦੀ ਧਾਰਾ 3 ਤੇ 5 ਅਤੇ ਅਪਰਾਧਿਕ ਸਾਜਿਸ਼ ਲਈ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਤਹਿਤ ਦੋਸ਼ ਆਇਦ ਕੀਤੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 22 ਮਾਰਚ ਦੀ ਤਾਰੀਕ ਮੁਕੱਰਰ ਕੀਤੀ ਹੈ। ਇਸਲਾਮਾਬਾਦ ਵਿਚ ਭਾਰਤੀ ਦੂਤਘਰ ਵਿਖੇ ਸੈਕਿੰਡ ਸਕੱਤਰ ਵਜੋਂ ਤਾਇਨਾਤ 53 ਸਾਲਾ ਮਾਧੁਰੀ ਗੁਪਤਾ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪਾਕਿਸਤਾਨ ਦੀ ਆਈ. ਐਸ. ਆਈ. ਨੂੰ ਰੱਖਿਆ ਸਬੰਧੀ ਸੰਵਦਨਸ਼ੀਲ ਸੂਚਨਾ ਦੇਣ ਬਦਲੇ ਗ੍ਰਿਫਤਾਰ ਕੀਤਾ ਸੀ।
ਚੰਡੀਗੜ੍ਹ, -ਕੜਾਕੇ ਦੀ ਠੰਢ ਵਿਚ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਹੇ ਇਕ 14 ਸਾਲਾ ਬੱਚੇ ਸ਼ੁਭਮ ਉਪਰ ਮਾਪਿਆਂ ਨੇ ਸਕੂਲ ਜਾਣ ਲਈ ਦਬਾਅ ਪਾਇਆ ਤਾਂ ਉਸ ਨੇ ਕਮਰੇ ਅੰਦਰ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਰਾਮ ਦਰਬਾਰ ਫੇਜ਼ 1 ਨਿਵਾਸੀ ਸ਼ੁਭਮ ਦਾ ਪਰਿਵਾਰ ਪਿੱਛੋਂ ਯੂ. ਪੀ. ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਲਤਾ ਦੇਵੀ ਕੋਠੀਆਂ ਵਿਚ ਸਫਾਈ ਦਾ ਕੰਮ ਕਰਦੀ ਹੈ, ਜਦਕਿ ਪਿਤਾ ਸੁਲੇਖ ਚੰਦ ਸੈਕਟਰ 43 ਦੇ ਸਰਕਾਰੀ ਸਕੂਲ ਵਿਚ ਚਪੜਾਸੀ ਹੈ।
ਇਸਲਾਮਾਬਾਦ, -ਸੰਘੀ ਜਾਂਚ ਏਜੰਸੀ ਦੇ ਵਕੀਲ ਚੌਧਰੀ ਜ਼ੁਲਿਫਕਾਰ ਅਲੀ ਨੇ ਕਿਹਾ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ 'ਚ ਸ਼ੱਕੀ ਭੂਮਿਕਾ ਹੋਣ ਦੇ ਦੋਸ਼ਾਂ ਤਹਿਤ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦੇਸ਼ ਪਰਤਣ 'ਤੇ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਸ਼ੱਰਫ ਦੀ ਗ੍ਰਿਫ਼ਤਾਰੀ ਲਈ ਕਿਸੇ ਵਾਰੰਟ ਦੀ ਜਰੂਰਤ ਨਹੀਂ ਹੈ। 'ਆਲ ਪਾਕਿਸਤਾਨ ਮੁਸਲਿਮ ਲੀਗ ਪਾਰਟੀ' ਦੀ ਕਮਾਨ ਸੰਭਾਲਣ ਲਈ ਲੰਡਨ 'ਚ ਪਨਾਹ ਲੈ ਚੁੱਕੇ ਅਤੇ ਇਸ ਵੇਲੇ ਦੁਬਈ ਰਹਿ ਰਹੇ ਸਾਬਕਾ ਸੈਨਾ ਸ਼ਾਸਕ ਮੁਸ਼ੱਰਫ ਦਾ ਇਰਾਦਾ 25 ਜਾਂ 27 ਜਨਵਰੀ ਨੂੰ ਪਾਕਿਸਤਾਨ ਪਰਤਣ ਦਾ ਹੈ।
ਗੁਹਾਟੀ, -ਆਸਾਮ ਦੇ ਧੇਮਾਜੀ ਜ਼ਿਲ੍ਹੇ 'ਚ ਅੱਜ ਇਕ ਪੁਲ ਦੇ ਡਿੱਗਣ ਕਾਰਨ ਔਰਤਾਂ ਸਮੇਤ 70 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚੋਂ 17 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਪੁਲ ਉਸ ਸਮੇਂ ਡਿੱਗਿਆ ਜਦੋਂ ਇਕ ਭਾਰੀ ਵਾਹਨ ਇਸ ਉੱਪਰ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਵੇਲੇ ਮਜ਼ਦੂਰ ਉਥੇ ਕੰਮ ਕਰ ਰਹੇ ਸਨ। ਜ਼ਖਮੀਆਂ ਨੂੰ ਸਿਲਾਪਾਠਕ ਜਨ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ।

ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ-ਕਸ਼ਮੀਰ 'ਚ ਬਰਫਬਾਰੀ

ਸੀਤ ਲਹਿਰ ਨੇ ਫੜਿਆ ਜ਼ੋਰ
ਚੰਡੀਗੜ੍ਹ, 7 ਜਨਵਰੀ -ਅੱਜ ਪੰਜਾਬ ਤੇ ਹਰਿਆਣਾ ਵਿਚ ਭਾਰੀ ਬਾਰਸ਼ ਹੋਈ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਾਦੀ ਵਿਚ ਭਾਰੀ ਬਰਫ਼ਬਾਰੀ ਚਿੱਟੀ ਚਾਦਰ ਵਿੱਛ ਗਈ, ਜਿਸ ਕਾਰਨ ਕਸ਼ਮੀਰ ਵਿਚ ਯੂਨੀਵਰਸਿਟੀ ਅਤੇ ਸਟੇਟ ਬੋਰਡ ਸਕੂਲ ਦੇ ਅੱਜ ਹੋਣ ਵਾਲੇ ਇਮਤਿਹਾਨ ਅੱਗੇ ਪਾ ਦਿੱਤੇ ਹਨ। ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ, ਮੁਕੇਰੀਆਂ ਅਤੇ ਸ਼ਾਹਪੁਰਕੰਢੀ ਤੋਂ ਭਾਰੀ ਮੀਂਹ ਪੈਣ ਅਤੇ ਕਈ ਥਾਈਂ ਗੜੇ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਮੁਕੇਰੀਆਂ ਵਿਚ 76.4, ਮਾਧੋਪੁਰ 60 ਅਤੇ ਸ਼ਾਹਪੁਰਕੰਢੀ ਵਿਚ 45.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
ਠੰਢੀਆਂ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਲੋਕ ਅੱਜ ਸਾਰਾ ਦਿਨ ਠੁਰ-ਠੁਰ ਕਰਦੇ ਰਹੇ। ਚੰਡੀਗੜ੍ਹ ਵਿਚ ਮੀਂਹ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਸੀਤ ਲਹਿਰ ਦਾ ਜ਼ੋਰ ਰਿਹਾ। ਹਰਿਆਣਾ ਵਿਚ ਅੰਬਾਲਾ 'ਚ ਭਾਰੀ ਬਾਰਸ਼ ਹੋਈ। ਪੰਚਕੂਲਾ, ਕੁਰਕਸ਼ੇਤਰ ਅਤੇ ਕਾਲਕਾ ਤੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਹਿਮਾਚਲ 'ਚ ਬਰਫ਼ਬਾਰੀ-ਹਿਮਾਚਲ ਪ੍ਰਦੇਸ਼ ਵਿਚ ਅੱਜ ਤੜਕੇ ਤੋਂ ਬਰਫ਼ਬਾਰੀ ਹੋ ਰਹੀ ਹੈ। ਪ੍ਰਸਿੱਧ ਸੈਲਾਨੀ ਥਾਂ ਧਰਮਸ਼ਾਲਾ ਵਿਚ ਵੀ ਅੱਜ ਕਈ ਸਾਲਾਂ ਬਾਅਦ ਬਰਫਬਾਰੀ ਹੋਈ। ਸ਼ਿਮਲਾ ਵਿਚ ਇਸ ਮੌਸਮ ਦੀ ਅੱਜ ਤੀਸਰੀ ਬਰਫ਼ਬਾਰੀ ਹੋਈ ਅਤੇ ਉਥੇ ਘੱਟੋ ਘੱਟ ਤਾਪਮਾਨ ਮਨਫੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ਿਮਲਾ ਵਿਚ 7.8 ਸੈਂਟੀਮੀਟਰ ਬਰਫਬਾਰੀ ਹੋਈ। ਕੁਫਰੀ, ਫਾਗੂ, ਮਨਾਲੀ ਅਤੇ ਨਾਰਕੰਡਾ ਵਰਗੀਆਂ ਸੈਲਾਨੀ ਥਾਵਾਂ 'ਤੇ ਅੱਜ ਤੜਕੇ ਬਰਫਬਾਰੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਕਸ਼ਮੀਰ ਵਾਦੀ 'ਚ ਭਾਰੀ ਬਰਫ਼ਬਾਰੀ-ਕਸ਼ਮੀਰ ਵਾਦੀ ਵਿਚ ਅੱਜ ਭਾਰੀ ਬਰਫ਼ਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਰਿਹਾ। ਬਰਫ਼ਬਾਰੀ ਕਾਰਨ ਅੱਜ ਦੂਸਰੇ ਦਿਨ ਵੀ ਸ੍ਰੀਨਗਰ-ਜੰਮੂ 300 ਕਿਲੋਮੀਟਰ ਲੰਬਾ ਕੌਮੀ ਮਾਰਗ ਬੰਦ ਰਿਹਾ। ਕੰਟਰੋਲ ਰੇਖਾ ਨੇੜੇ ਪੈਂਦੀਆਂ ਸਾਰੀਆਂ ਸੜਕਾਂ ਸਮੇਤ ਦੂਰ-ਦੁਰਾਡੇ ਇਲਾਕਿਆਂ ਦੀਆਂ ਸਾਰੀਆਂ ਸੜਕਾਂ ਭਾਰੀ ਬਰਫ਼ਬਾਰੀ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਉਚੇਰੇ ਪਹਾੜੀ ਇਲਾਕਿਆਂ 'ਚ ਬਰਫ ਦੇ ਤੋਦੇ ਡਿਗਣ ਦੀ ਚਿਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਵਾਦੀ ਵਿਚ ਬਿਜਲੀ ਸਪਲਾਈ, ਇੰਟਰਨੈਟ ਸੇਵਾਵਾਂ ਅਤੇ ਕੇਬਲ ਨੈਟਵਰਕ ਵਿਚ ਬੀਤੀ ਸ਼ਾਮ ਤੋਂ ਹੀ ਵਿਘਨ ਪਿਆ ਹੋਇਆ ਹੈ। ਸ੍ਰੀਨਗਰ ਵਾਸੀ ਅੱਜ ਸਵੇਰੇ ਜਦੋਂ ਉਠੇ ਤਾਂ ਉਨ੍ਹਾਂ ਘਰਾਂ ਦੀਆਂ ਛੱਤਾਂ, ਦਰੱਖਤਾਂ ਦੇ ਪੱਤਿਆਂ ਤੇ ਟਾਹਣੀਆਂ, ਸੜਕਾਂ ਅਤੇ ਬਿਜਲੀ ਦੇ ਖੰਭਿਆ 'ਤੇ ਚਿੱਟੀ ਚਾਦਰ ਵਿਛੀ ਦੇਖੀ, ਕਿਉਂਕਿ ਸ੍ਰੀਨਗਰ ਵਿਚ ਇਸ ਮੌਸਮ ਦੀ ਇਹ ਪਹਿਲੀ ਭਾਰੀ ਬਰਫਬਾਰੀ ਹੋਈ ਹੈ। ਗੁਲਮਾਰਗ, ਪਹਿਲਗਾਮ, ਸੋਨਮਾਰਗ, ਯੋਸਮਾਰਗ, ਡੇਕਸਮ, ਅਹਾਰਬਲ, ਸ਼ੋਪੀਆਂ, ਕੁਲਗਾਮ, ਕੇਰਨ, ਕਮਾਹ, ਮਛੀਲ, ਅਨੰਤਨਾਗ, ਕਾਜ਼ੀਗੰਡ ਅਤੇ ਵਾਦੀ ਵਿਚ ਹੋਰਨੀ ਥਾਈਂ ਬੀਤੀ ਸ਼ਾਮ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਇਨ੍ਹਾਂ ਥਾਵਾਂ 'ਤੇ ਲਗਪਗ ਇਕ ਤੋਂ ਪੰਜ ਫੁੱਟ ਤੱਕ ਬਰਫ਼ਬਾਰੀ ਹੋਈ। ਬਾਰਾਮੂਲਾ, ਕੁਪਵਾੜਾ, ਹੰਦਵਾੜਾ, ਬਾਂਦੀਪੋਰਾ, ਸੋਪੋਰ, ਪਟਨ, ਪੰਪੋਰ, ਚਰਾਰ-ਏ-ਸ਼ਰੀਫ ਅਤੇ ਬਡਗਾਮ ਸਮੇਤ ਮੈਦਾਨੀ ਥਾਵਾਂ 'ਤੇ ਵੀ ਪਹਿਲੀ ਭਾਰੀ ਬਰਫ਼ਬਾਰੀ ਹੋਈ। ਸ੍ਰੀਨਗਰ ਵਿਚ ਭਾਰੀ ਬਰਫਬਾਰੀ ਕਾਰਨ ਆਮ ਜਨਜੀਵਨ ਵਿਚ ਵਿਘਨ ਪਿਆ ਹੋਇਆ ਹੈ ਕਿਉਂਕਿ ਉਥੇ ਅਜੇ ਤੱਕ ਬਹੁਤੀਆਂ ਸੜਕਾਂ ਤੋਂ ਬਰਫ਼ ਹਟਾਈ ਨਹੀਂ ਜਾ ਸਕੀ। ਭਾਰੀ ਬਰਫ਼ਬਾਰੀ ਪਿੱਛੋਂ ਯੂਨੀਵਰਸਿਟੀ ਅਤੇ ਸਟੇਟ ਸਕੂਲ ਸਿੱਖਿਆ ਬੋਰਡ ਦੇ ਅੱਜ ਸਾਰੇ ਇਮਤਿਹਾਨ ਅੱਗੇ ਪਾ ਦਿੱਤੇ ਹਨ।
ਪਠਾਨਕੋਟ-ਡਲਹੌਜੀ ਮੁੱਖ ਸੜਕ ਬੰਦ

ਪਠਾਨਕੋਟ, (ਸ਼ਰਮਾ, ਆਰ. ਸਿੰਘ)-ਪਠਾਨਕੋਟ-ਡਲਹੌਜੀ ਮੁੱਖ ਮਾਰਗ ਬਰਫਬਾਰੀ ਹੋਣ ਕਰਕੇ ਬੰਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਮੁਸਾਫਿਰ ਰਸਤੇ ਵਿਚ ਹੀ ਫਸ ਗਏ ਅਤੇ ਕਈ ਮੁਸਾਫਿਰ ਪੈਦਲ ਚੱਲ ਕੇ ਪਠਾਨਕੋਟ ਪੁੱਜੇ। ਪਠਾਨਕੋਟ ਪੁੱਜੇ ਜਲੰਧਰ ਵਾਸੀ ਟੀਟੂ ਕੁਮਾਰ ਉਰਫ ਸਨੀ ਨੇ ਦੱਸਿਆ ਕਿ ਬਰਫਬਾਰੀ ਹੋਣ ਕਰਕੇ ਡਲਹੌਜੀ ਤੋਂ ਕੋਈ ਬੱਸ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਡਲਹੌਜੀ ਵਿਖੇ ਤਿੰਨ ਫੁੱਟ ਬਰਫ ਪੈਣ ਕਾਰਨ ਉਨ੍ਹਾਂ ਦੀ ਪਤਨੀ ਅੰਜੂ ਅਤੇ ਲੜਕਾ ਹਨੀ ਕਰੀਬ 36 ਕਿਲੋਮੀਟਰ ਪੈਦਲ ਚੱਲ ਕੇ ਆਏ ਹਨ ਅਤੇ ਉਹ ਸਵੇਰੇ 8 ਵਜੇ ਚੱਲੇ ਅਤੇ ਦੁਪਹਿਰ ਕਰੀਬ 2.30 ਦੁਨੇਰਾ ਪੁੱਜੇ।

ਕੈਪਟਨ ਦਾ ਭਰਾ ਰਾਜਾ ਮਾਲਵਿੰਦਰ ਸਿੰਘ ਅਕਾਲੀ ਦਲ ਵਿਚ ਸ਼ਾਮਿਲ

ਚੰਡੀਗੜ੍ਹ, -ਪੰਜਾਬ ਵਿਧਾਨ ਸਭਾ ਲਈ ਕਾਂਗਰਸ ਵੱਲੋਂ ਐਲਾਨੀਆਂ ਗਈਆਂ ਟਿਕਟਾਂ ਤੋਂ ਬਾਅਦ ਪਾਰਟੀ ਅੰਦਰੋਂ ਵਿਰੋਧ ਦੀਆਂ ਜੋ ਆਵਾਜ਼ਾਂ ਉਠਣੀਆਂ ਸ਼ੁਰੂ ਹੋਈਆਂ ਹਨ, ਉਸ ਕਾਰਨ ਪਾਰਟੀ ਨੂੰ ਅੱਜ ਪਹਿਲਾ ਵੱਡਾ ਝਟਕਾ ਉਦੋਂ ਲੱਗਾ ਜਦੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਅੱਜ ਇਥੇ ਅਕਾਲੀ ਦਲ ਦੇ ਦਫਤਰ ਵਿਚ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਰਾਜਾ ਮਾਲਵਿੰਦਰ ਸਿੰਘ ਜੋ ਕਿ ਕਾਂਗਰਸ ਟਿਕਟ ਲਈ ਪਟਿਆਲਾ ਦਿਹਾਤੀ ਅਤੇ ਸਮਾਣਾ ਤੋਂ ਪਾਰਟੀ ਟਿਕਟ ਲਈ ਉਮੀਦਵਾਰ ਸਨ, ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਐਲਾਨ ਕੀਤਾ ਕਿ ਉਹ ਆਪਣੇ ਵੱਡੇ ਭਰਾ ਕੈਪਟਨ ਅਮਰਿੰਦਰ ਸਿੰਘ ਅਤੇ ਮੁਕਤਸਰ ਤੋਂ ਕਾਂਗਰਸ ਉਮੀਦਵਾਰ ਅਤੇ ਆਪਣੀ ਸਾਲੀ ਕਰਨ ਬਰਾੜ ਵਿਰੁੱਧ ਕੋਈ ਸ਼ਬਦ ਨਹੀਂ ਬੋਲਣਗੇ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵਿਰੋਧ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਭਰਾ ਵਿਰੁੱਧ ਚੋਣ ਲੜਨ ਦੀ ਗੱਲ ਵੀ ਨਹੀਂ ਸੋਚ ਸਕਦੇ, ਪ੍ਰੰਤੂ ਉਨ੍ਹਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਲਈ ਲਿਆ ਹੈ, ਕਿਉਂਕਿ ਕਾਂਗਰਸ ਵਿਚ ਅਸੂਲਾਂ ਅਤੇ ਕੰਮ ਦਾ ਮੁੱਲ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ 1975 ਵਿਚ ਫੌਜ ਛੱਡ ਕੇ ਆਇਆ ਸੀ ਅਤੇ 1977 ਤੋਂ ਮੈਨੂੰ ਸਮਾਣਾ ਅਤੇ ਸ਼ਤਰਾਣਾ ਦੇ ਹਲਕਿਆਂ ਦਾ ਚਾਰਜ ਦਿੱਤਾ ਗਿਆ ਸੀ ਅਤੇ 2002 ਤੋਂ ਮੈਂ ਲਗਾਤਾਰ ਪਾਰਟੀ ਟਿਕਟ ਮੰਗਦਾ ਆ ਰਿਹਾ ਹਾਂ, ਪ੍ਰੰਤੂ ਕੁਝ ਹਲਕਿਆਂ ਦੇ ਸਵਾਰਥੀ ਹਿੱਤਾਂ ਨੇ ਮੈਨੂੰ ਪਾਰਟੀ ਟਿਕਟ ਨਹੀਂ ਲੈਣ ਦਿੱਤੀ। ਇਹ ਪੁੱਛੇ ਜਾਣ 'ਤੇ ਕਿ ਅਗਰ ਅਕਾਲੀ ਦਲ ਤੁਹਾਨੂੰ ਸਮਾਣਾ ਤੋਂ ਪਾਰਟੀ ਉਮੀਦਵਾਰ ਰੱਖਣਾ ਚਾਹੇ ਤਾਂ ਉਨ੍ਹਾਂ ਨੇ ਕਿਹਾ ਉਸ ਬਾਰੇ ਮੈਂ ਜ਼ਰੂਰ ਸੋਚ ਸਕਦਾ ਹਾਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਕਾਂਗਰਸ ਵਿਚ ਵਾਪਸ ਜਾਣ ਦਾ ਉਨ੍ਹਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਮੰਨਿਆ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੇਰੇ ਹਮੇਸ਼ਾ ਚੰਗੇ ਸਮਾਜਿਕ ਸਬੰਧ ਰਹੇ ਹਨ, ਕਿਉਂਕਿ ਸ੍ਰੀ ਰਾਜੀਵ ਗਾਂਧੀ ਮੇਰੇ ਨਾਲ ਪੜ੍ਹਦੇ ਰਹੇ ਅਤੇ ਮੇਰੇ ਚੰਗੇ ਦੋਸਤ ਵੀ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਰਾਜਾ ਮਾਲਵਿੰਦਰ ਸਿੰਘ ਨੂੰ ਅਕਾਲੀ ਦਲ ਵਿਚ ਆਉਣ ਲਈ ਜੀ ਆਇਆਂ ਕਹਿੰਦਿਆਂ ਦਾਅਵਾ ਕੀਤਾ ਕਿ ਕਾਂਗਰਸ ਲਈ ਇਹ ਇਕ ਐਟਮ ਬੰਬ ਵਰਗਾ ਝਟਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਵੈਮਾਣ ਰੱਖਣ ਵਾਲੀ ਗੱਲ ਖਤਮ ਹੋ ਗਈ ਹੈ ਅਤੇ ਜਿਵੇਂ 15 ਦਿਨ ਪਾਰਟੀ ਆਗੂਆਂ ਨੂੰ ਦਿੱਲੀ ਵਿਖੇ ਟਿਕਟਾਂ ਲਈ ਜ਼ਲੀਲ ਕੀਤਾ ਗਿਆ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਵਿਚ ਕੇਵਲ ਲੁਧਿਆਣਾ, ਫਤਿਹਗੜ੍ਹ ਸਾਹਿਬ ਵਿਖੇ ਬਗਾਵਤ ਸਾਹਮਣੇ ਆਈ ਹੈ, ਜਦੋਂਕਿ ਕਾਂਗਰਸ ਵਿਚ 38 ਹਲਕਿਆਂ ਤੋਂ ਬਗਾਵਤ ਦੀਆਂ ਰਿਪੋਰਟਾਂ ਹਨ, ਜਿਸ ਵਿਚ ਮੌਜੂਦਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਧਾਨਕਾਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ ਅਤੇ ਇਹ ਬਗਾਵਤ 50 ਹਲਕਿਆਂ ਤੱਕ ਵੀ ਪੁੱਜ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਪਾਰਟੀ ਵੱਲੋਂ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾਂਦੀਆਂ ਹਨ, ਉਹ ਭ੍ਰਿਸ਼ਟਾਚਾਰ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਮਾਲਵਿੰਦਰ ਸਿੰਘ ਨੇ ਬਿਨਾਂ ਕਿਸੇ ਸ਼ਰਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਲੇਕਿਨ ਸ. ਬਾਦਲ ਨੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਿਸੇ ਤਰ੍ਹਾਂ ਦੀ ਟਿਪਣੀ ਤੋਂ ਗੁਰੇਜ਼ ਕੀਤਾ, ਕਿਉਂਕਿ ਸ਼ਾਇਦ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਰਾਜਾ ਮਾਲਵਿੰਦਰ ਸਿੰਘ ਉਸ ਨਾਲ ਅਸਹਿਮਤੀ ਪ੍ਰਗਟਾ ਸਕਦੇ ਹਨ। ਅਕਾਲੀ ਹਲਕਿਆਂ ਬਾਅਦ ਵਿਚ ਇਹ ਵੀ ਸੰਕੇਤ ਦਿੱਤਾ ਕਿ ਦਲ ਵੱਲੋਂ ਸਮਾਣਾ ਹਲਕੇ ਤੋਂ ਮੌਜੂਦਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਥਾਂ ਮਾਲਵਿੰਦਰ ਸਿੰਘ ਨੂੰ ਵੀ ਉਮੀਦਵਾਰ ਰੱਖਿਆ ਜਾ ਸਕਦਾ ਹੈ, ਲੇਕਿਨ ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੰਭਵ ਹੋ ਸਕੇਗਾ, ਜੋ ਕੁਝ ਕਾਰਨਾਂ ਕਰਕੇ ਅੱਜ ਇਥੇ ਨਹੀਂ ਹੋ ਸਕਿਆ।