Tuesday, 13 March 2012

 ਬਾਬਾ ਜੀ ਯੋਗ ਕਰੋ, ਦੂਜਿਆਂ ਨੂੰ ਗਾਲ੍ਹਾਂ ਨਾ ਕੱਢੋ : ਰਾਖੀ ਸਾਵੰਤ
ਨਵੀਂ ਦਿੱਲੀ— ਛੋਟੇ ਪਰਦੇ 'ਤੇ ਪ੍ਰੋਗਰਾਮ ਪੇਸ਼ ਕਰਨ ਵਾਲੀ ਅਤੇ ਵਿਵਾਦਾਂ 'ਚ ਰਹਿਣ ਵਾਲੀ ਆਈਟਮ ਗਰਲ ਰਾਖੀ ਸਾਵੰਤ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇਖਣ ਪਹੁੰਚੀ। ਰਾਖੀ ਸਾਵੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਹੈ। ਮੈਂ ਸਿਰਫ ਸੰਸਦਾਂ ਨੂੰ ਮਿਲਣ ਆਈ ਹਾਂ। ਮੈਂ ਸੰਸਦ ਦੇਖਣ ਆਈ ਹਾਂ, ਇਹ ਦੇਖਣ ਲਈ ਕਿ ਇਥੇ ਕੰਮ-ਕਾਜ ਕਿਵੇਂ ਹੁੰਦਾ ਹੈ ਅਤੇ ਸਾਡੇ ਨੇਤਾ ਕਿਵੇਂ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਸਾਰੇ ਲੋਕਾਂ ਅਤੇ ਮਹਿਲਾਵਾਂ ਵਲੋਂ ਕਾਂਗਰਸ ਮੁਖੀ ਸੋਨੀਆ ਜੀ ਤੱਕ ਇਹ ਸੰਦੇਸ਼ ਪਹੁੰਚਾਉਣ ਆਈ ਹਾਂ ਕਿ ਬਜਟ 'ਚ ਮਹਿਲਾਵਾਂ ਲਈ ਕੁਝ ਹੋਣਾ ਚਾਹੀਦਾ ਹੈ ਅਤੇ ਅਜਿਹਾ ਬਜਟ ਜੋ ਹਰ ਕਿਸੇ ਨੂੰ ਠੀਕ ਲੱਗੇ। ਯੋਗ ਗੁਰੂ ਬਾਬਾ ਰਾਮਦੇਵ ਨੂੰ ਸਲਾਹ ਦਿੰਦੇ ਹੋਏ ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਾਜਨੇਤਾਵਾਂ ਨੂੰ 'ਚੋਰ' ਨਹੀਂ ਕਹਿਣਾ ਚਾਹੀਦਾ ਹੈ, ਰਾਖੀ ਨੇ ਕਿਹਾ ਕਿ ਉਹ ਸਿਰਫ ਯੋਗ ਕਰਨ, ਦੂਜਿਆਂ ਨੂੰ ਗਾਲ੍ਹਾਂ ਨਾ ਕੱਢਣ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਟੀ. ਵੀ. ਰਿਐਲਿਟੀ ਸ਼ੋਅ 'ਚ ਰਾਖੀ ਨੇ ਬਾਬਾ ਰਾਮਦੇਵ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਦੇ ਯੁਵਾ ਨੇਤਾ ਰਾਹੁਲ ਗਾਂਧੀ ਦੀ ਪ੍ਰਸ਼ੰਸਕ ਹੈ।
ਕਰੀਮਪੁਰੀ ਵੱਲੋਂ ਅਸਤੀਫਾ
ਜਲੰਧਰ, 12 ਮਾਰਚ- ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।  ਬਸਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਅਪ ਨੇ ਲਿਖਤੀ ਤੌਰ ’ਤੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਸ੍ਰੀ ਕਰੀਮਪੁਰੀ ਪਿਛਲੀਆਂ ਦੋ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਹ ਐਲਾਨ ਕਰਦੇ ਆ ਰਹੇ ਸਨ ਕਿ  ਬਸਪਾ ਆਪਣੇ ਬਲਬੂਤੇ ’ਤੇ ਪੰਜਾਬ ਵਿੱਚ ਸੱਤਾ ਸੰਭਾਲੇਗੀ,ਪਰ ਇਸ ਵਾਰ ਵੀ ਪਾਰਟੀ ਆਪਣਾ ਵੋਟ ਪ੍ਰਤੀਸ਼ਤ ਨਹੀਂ ਵਧਾ ਸਕੀ। ਪਾਰਟੀ ਦਾ ਦੁਆਬੇ ਵਿੱਚ ਤਕੜਾ ਜਨ-ਅਧਾਰ ਹੋਣ ਅਤੇ ਡੇਰਾ ਬੱਲਾਂ ਵੱਲੋਂ ਪਾਰਟੀ ਉਮੀਦਵਾਰਾਂ ਦੀ ਅੰਦਰਖਾਤੇ ਕੀਤੀ ਗਈ ਹਮਾਇਤ ਦੇ ਬਾਵਜੂਦ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਵਾਰ ਬਸਪਾ ਨੂੰ ਲਗਪਗ ਚਾਰ ਫੀਸਦ ਹੀ ਵੋਟਾਂ ਪਈਆਂ ਜੋ ਇੱਕ ਸਾਲ ਪਹਿਲਾਂ ਬਣੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਵੀ ਘੱਟ ਹਨ।
 ਪੀ.ਜੀ.ਕਾਲਜ ਦੇ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ
ਅੰਬਾਲਾ, 12 ਮਾਰਚ
ਮ੍ਰਿਤਕ ਕੇਵਲ ਸਿੰਘ ਦੀ ਮਾਂ ਤੇ ਭੈਣ ਹਸਪਤਾਲ ’ਚ ਵਿਰਲਾਪ ਕਰਦੀਆਂ ਹੋਈਆਂ
ਅੰਬਾਲਾ ਛਾਉਣੀ ਦੇ ਸਰਕਾਰੀ (ਪੀ.ਜੀ.) ਕਾਲਜ ਦੇ ਇਕ ਵਿਦਿਆਰਥੀ ਦੀ ਅੱਜ ਦਿਨ ਦਿਹਾੜੇ ਕੁਝ ਨੌਜਵਾਨਾਂ ਨੇ ਕਾਲਜ ਦੇ ਬਾਹਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਐਮ.ਏ. ਹਿੰਦੀ ਸਮੈਸਟਰ ਪਹਿਲਾ ਦਾ ਵਿਦਿਆਰਥੀ ਸੀ। ਅੱਜ ਜਦੋਂ ਉਹ ਕਾਲਜ ਖਤਮ ਕਰਕੇ ਘਰ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੁਝ ਨੌਜਵਾਨ ਮੋਟਰ ਸਾਈਕਲ ’ਤੇ ਆਏ ਅਤੇ ਉਸ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਟਵਾੜ ਪਿੰਡ ਦਾ ਕੇਵਲ ਸਿੰਘ ਛਾਉਣੀ ਦੇ ਸਰਕਾਰੀ ਕਾਲਜ ਵਿੱਚ ਪੜ੍ਹਦਾ ਸੀ ਤੇ ਅੱਜ ਜਦੋਂ ਉਹ ਕਾਲਜ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਕਾਲਜ ਲਾਗੇ ਮੋਟਰ ਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੇਵਲ ਸਿੰਘ ਦੇ ਪੈਰਾਂ ’ਤੇ ਵਾਰ ਕੀਤੇ। ਉਸ ਨੇ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕੀਤਾ, ਜਦੋਂ ਉਹ ਬਾਜ਼ਾਰ ਵਿੱਚ ਪੁੱਜਿਆ ਤਾਂ ਹਮਲਾਵਰਾਂ ਨੇ ਉਸ ਨੂੰ ਰੋਕ ਲਿਆ ਅਤੇ ਚਾਕੂਆਂ ਨਾਲ ਉਸ ਦੀ ਛਾਤੀ ’ਤੇ ਵਾਰ ਕੀਤੇ। ਲਹੂ ਲੁਹਾਣ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ.ਪੀ. ਗ੍ਰਾਮੀਣ, ਪੁਲੀਸ ਦੇ ਹੋਰ ਅਧਿਕਾਰੀ ਅਤੇ ਫੋਰੈਂਸਿਕ ਮਾਹਿਰ ਵੀ ਮੌਕੇ ’ਤੇ ਪਹੁੰਚੇ। ਮ੍ਰਿਤਕ ਦਾ ਪਿਤਾ ਜਸਮੇਰ ਸਿੰਘ, ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ ਪਹੁੰਚ ਗਏ ਪ੍ਰੰਤੂ ਸਦਮੇ ਵਿਚ ਹੋਣ ਕਰਕੇ ਉਹ ਬਿਆਨ ਦੇਣ ਦੇ ਸਮਰੱਥ ਨਹੀਂ ਸਨ। ਪੁਲੀਸ ਦਾ ਕਹਿਣਾ ਹੈ ਕਿ ਮਾਪਿਆਂ ਦੇ ਬਿਆਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਮਾਂ ਅਤੇ ਭੈਣ ਸਦਮਾ ਨਾ ਸਹਾਰਦਿਆਂ ਬੇਹੋਸ਼ ਹੋ ਗਈਆਂ। ਕੁਝ ਦਿਨ ਪਹਿਲਾਂ ਵਿਦਿਆਰਥੀਆਂ ਦੀ ਲੜਾਈ ਹੋਈ ਸੀ ਜਿਸ ਬਾਰੇ ਪੁਲੀਸ ਸਾਰਾ ਕੁਝ ਜਾਣਦੀ ਹੈ। ਕੇਵਲ ਸਿੰਘ 29 ਫਰਵਰੀ ਨੂੰ ਗ੍ਰਿਫ਼ਤਾਰ ਹੋਇਆ ਸੀ ਤੇ ਹੁਣ ਜ਼ਮਾਨਤ ’ਤੇ ਸੀ ਇਸ ਦੇ ਬਾਵਜੂਦ ਪੁਲੀਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ। ਇਹ ਕਤਲ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਜਾਪਦਾ ਹੈ। ਦਿਨ ਦਿਹਾੜੇ ਹੋਏ ਇਸ ਕਤਲ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਇਸ ਘਟਨਾ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦਾ ਭਰਾ ਵੀ ਇਸੇ ਕਾਲਜ ਵਿਚ ਪੜ੍ਹਦਾ ਹੈ।
 ਸਮਝੌਤੇ ਲਈ ਇਸਰਾਈਲ ਪਹਿਲਾਂ ਹਮਲੇ ਬੰਦ ਕਰੇ: ਹਮਾਸ
ਗਾਜ਼ਾ ਸ਼ਹਿਰ, 12 ਮਾਰਚ- ਹਮਾਸ ਨੇ ਅੱਜ ਕਿਹਾ ਕਿ ਮਿਸਰ ਭਾਵੇਂ ਗਾਜ਼ਾ ਖਾੜਕੂਆਂ ਤੇ ਇਸਰਾਈਲ ਵਿਚਕਾਰ ਅਸਥਾਈ ਯੁੱਧਬੰਦੀ ਲਈ ਯਤਨਸ਼ੀਲ ਹੈ ਪਰ ਇਸਰਾਈਲ ਦਾ ਹਮਲਾਵਰ ਰੁਖ ਅਜੇ ਵੀ ਜਾਰੀ ਹੈ। ਇਸ ਦੇ ਨਾਲ ਹੀ ਹਮਾਸ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਸ਼ਾਂਤੀ ਬਹਾਲੀ ਲਈ ਇਸਰਾਈਲ ਨੂੰ ਠੰਡ ਰੱਖਣ ਦੀ ਲੋੜ ਹੈ।
ਹਮਾਸ ਦੇ ਨੁਮਾਇੰਦੇ ਤਾਹਰ-ਅਲ-ਨੁਨੂ ਮੁਤਾਬਕ ਸਾਰੇ ਫਲਸਤੀਨੀ ਧੜੇ ਇਸ ਵੇਲੇ ਚੜ੍ਹਦੀ ਕਲਾ ਵਿਚ ਹਨ। ਇਨ੍ਹਾਂ ਸਾਰੇ ਧੜਿਆਂ ਦਾ  ਵਿਚਾਰ ਹੈ ਕਿ ਸੰਧੀ ਬਾਰੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਇਸਰਾਈਲ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਸ਼ੁਰੂ ਕੀਤੇ ਹਮਲੇ ਸਹੀ ਨਹੀਂ ਹਨ। ਜ਼ਿਕਰਯੋਗ ਹੈ ਕਿ ਇਸਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਹਵਾਈ ਹਮਲਿਆਂ ਦੌਰਾਨ ਹੁਣ ਤੱਕ ਕਰੀਬ 18 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਜਵਾਬੀ ਕਾਰਵਾਈ ਵਜੋਂ ਖਾੜਕੂਆਂ ਨੇ ਵੀ ਦੱਖਣੀ ਇਸਰਾਈਲ ’ਤੇ 130 ਰਾਕੇਟ ਦਾਗੇ।
ਨੁਨੂ ਮੁਤਾਬਕ ਮਿਸਰੀ ਅਧਿਕਾਰੀਆਂ ਵੱਲੋਂ ਯੁੱਧਬੰਦੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਮਿਸਰ ਨੇ ਪਹਿਲਾਂ ਵੀ ਇਸਰਾਈਲ ਅਤੇ ਗਾਜ਼ਾ ਖਾੜਕੂਆਂ ਵਿਚਾਲੇ ਯੁੱਧਬੰਦੀ ਸਮਝੌਤੇ ਕਰਵਾਉਣ ਲਈ ਕਈ ਵਾਰ ਵਿਚੋਲਗਿਰੀ ਕੀਤੀ ਹੈ। ਨੁਮਾਇੰਦੇ ਨੇ ਮਿਸਰੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਹਿੰਸਾ ਦਾ ਇਹ ਦੌਰ ਖਤਮ ਹੋਣ ਦੀ ਆਸ ਜਤਾਈ ਹੈ। ਇਸੇ ਦੌਰਾਨ ਇਸਰਾਈਲ ਸਰਕਾਰ ਨੇ ਪੱਛਮੀ ਕਿਨਾਰੇ ਵਸੀ ਵੱਡੀ ਤੇ ਪੁਰਾਣੀ ਬਸਤੀ ਨੂੰ ਉਠਾ ਕੇ ਨਜ਼ਦੀਕੀ ਨਵੀਂ ਪਹਾੜੀ ’ਤੇ ਭੇਜ ਦਿੱਤਾ ਹੈ। ਸਰਕਾਰ ਵੱਲੋਂ ਇਸ ਬਸਤੀ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ।
-ਏ.ਐਫ.ਪੀ.

ਇਸਰਾਇਲੀ ਹਮਲੇ ’ਚ ਤਿੰਨ ਹੋਰ ਹਲਾਕ

ਗਾਜ਼ਾ ਸ਼ਹਿਰ, 12 ਮਾਰਚ
ਇਸਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਅੱਜ ਚੌਥੇ ਦਿਨ ਤਿੰਨ ਹੋਰ ਫਲਸਤੀਨੀ ਮਾਰੇ ਗਏ ਤੇ ਮੌਤਾਂ ਦੀ ਗਿਣਤੀ 18 ਤਕ ਪਹੁੰਚ ਗਈ।
ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਰਾਕੇਟਾਂ ਨਾਲ ਹਮਲੇ ਕਰਨ ਵਾਲੇ ਖਾੜਕੂਆਂ ਦਾ ਸਫਾਇਆ ਕਰਨਾ ਜ਼ਰੂਰੀ ਹੈ। ਇਸ ਲਈ ਜਦ ਤਕ ਲੋੜ ਹੈ, ਹਵਾਈ ਹਮਲੇ ਜਾਰੀ ਰੱਖੇ ਜਾਣ। ਅੱਧੀ ਰਾਤ ਤਕ ਫੌਜ ਵੱਲੋਂ ਅੱਠ ਹਵਾਈ ਹਮਲੇ ਕੀਤੇ ਗਏ ਜਿਸ ਦੌਰਾਨ ਤਿੰਨ ਮਾਰੇ ਗਏ ਤੇ 41 ਹੋਰ ਜ਼ਖਮੀ ਹੋ ਗਏ। ਸ਼ੁੱਕਰਵਾਰ ਦੀ ਦੁਪਹਿਰ ਇਸਰਾਈਲ ਵੱਲੋਂ ਖਾੜਕੂਆਂ ਦੇ ਮੁੱਖ ਆਗੂ ਦੇ ਕਤਲ ਤੋਂ ਬਾਅਦ ਖਾੜਕੂਆਂ ਨੇ ਇਸਰਾਈਲੀ ਫੌਜ ਵਿਚਾਲੇ ਤਣਾਅ ਤੇ ਹਿੰਸਾ ਦਾ ਦੌਰ ਜਾਰੀ ਹੈ।

ਪੁਲਿਸ ਨਾਲ ਹੋਟਲ 'ਚ ਬੈਠ ਕੇ ਖਾਣਾ ਖਾ ਰਹੇ
ਕੈਦੀਆਂ ਵੱਲੋਂ ਪੱਤਰਕਾਰਾਂ 'ਤੇ ਹਮਲਾ


ਹੋਟਲ ਵਿਚ ਪੁਲਿਸ ਵਾਲਿਆਂ ਨਾਲ ਬੈਠ ਕੇ ਖਾਣਾ ਖਾਂਦੇ ਹੋਏ ਕੈਦੀ ਅਤੇ ਪੱਤਰਕਾਰਾਂ ਵੱਲੋਂ ਕਵਰੇਜ ਕਰਨ 'ਤੇ ਭੜਕੇ ਕੈਦੀ ਇੱਟਾਂ ਚਲਾਉਂਦੇ ਹੋਏ।
ਜਲੰਧਰ.-ਸਥਾਨਕ ਕਚਹਿਰੀ ਕੰਪਲੈਕਸ ਦੇ ਬਾਹਰ ਸਥਿਤ ਇਕ ਹੋਟਲ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੇਸ਼ੀ 'ਤੇ ਲਿਆਂਦੇ ਗਏ ਕੁਝ ਕੈਦੀਆਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਵੀ. ਆਈ. ਪੀ ਟ੍ਰੀਟਮੈਂਟ ਦਿੰਦੇ ਹੋਏ ਉਨ੍ਹਾਂ ਨੂੰ ਹੋਟਲ 'ਚ ਖਾਣਾ ਖਿਲਾਉਂਦਿਆਂ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ 'ਤੇ ਕੈਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਪਛਾਣ ਪੁਲਿਸ ਵਾਲਿਆਂ ਵਲੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਕੁਲਵਿੰਦਰ ਕੈਲੀ ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਦੀ ਇਕ ਟੋਲੀ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ੀ ਲਈ ਜਲੰਧਰ ਕਚਹਿਰੀ ਵਿਖੇ ਲਿਆਈ ਸੀ। ਇਸ ਦੌਰਾਨ ਉਨ੍ਹਾਂ ਨਾਲ ਅਤਿ ਅਹਿਮ ਵਿਅਕਤੀਆਂ ਵਰਗਾ ਵਰਤਾਉ ਕਰਦਿਆਂ ਉਨ੍ਹਾਂ ਨੂੰ ਹੋਟਲ 'ਚ ਖਾਣਾ ਖੁਆਉਣ ਸਬੰਧੀ ਪਤਾ ਲੱਗਣ 'ਤੇ ਕੁਝ ਮੀਡੀਆ ਕਰਮਚਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਹੋਟਲ ਵਿਚ ਪਈਆਂ ਪਲੇਟਾਂ, ਗਿਲਾਸਾਂ ਅਤੇ ਹੋਰ ਸਾਮਾਨ ਨਾਲ ਹਮਲਾ ਕਰ ਦਿੱਤਾ। ਆਪਣੇ ਬਚਾਅ ਲਈ ਮੀਡੀਆ ਕਰਮੀ ਬਾਹਰ ਵੱਲ ਦੌੜੇ ਤਾਂ ਹਮਲਾਵਰਾਂ ਨੇ ਉਨ੍ਹਾਂ ਦਾ ਦੂਰ ਤੱਕ ਪਿੱਛਾ ਕੀਤਾ ਅਤੇ ਸੜਕ ਤੋਂ ਇੱਟਾਂ ਵੀ ਚੁੱਕ ਕੇ ਮਾਰੀਆਂ। ਪਰ ਪੇਸ਼ੀ ਵਾਲੇ ਕੈਦੀਆਂ ਨਾਲ ਆਏ ਪੁਲਿਸ ਕਰਮਚਾਰੀ ਸਿਰਫ ਤਮਾਸ਼ਬੀਨ ਬਣੇ ਰਹੇ। ਇਸ ਹਮਲੇ 'ਚ ਇਕ ਮੀਡੀਆ ਕਰਮੀ ਦੇ ਸਿਰ 'ਤੇ ਗਿਲਾਸ ਲੱਗਣ ਨਾਲ ਉਸ ਨੂੰ ਗੰਭੀਰ ਸੱਟ ਵੀ ਲੱਗ ਗਈ ਜਿਸ ਦਾ ਸਥਾਨਕ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ ਸਿਟੀ 1 ਸ੍ਰੀ ਆਰ. ਕੇ. ਸ਼ਰਮਾ ਮੌਕੇ 'ਤੇ ਪੁੱਜੇ ਅਤੇ ਹਮਲਾ ਕਰਨ ਵਾਲੇ ਕੈਦੀਆਂ ਨੂੰ ਅਦਾਲਤ ਵਿਚੋਂ ਬਾਹਰ ਬੁਲੇ ਕੇ ਉਨ੍ਹਾਂ ਦੀ ਪਛਾਣ ਕਰਵਾਈ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨੇ ਥਾਣਾ ਨਵੀਂ ਬਾਰਾਂਦਰੀ ਵਿਖੇ ਸ਼ਿਕਾਇਤ ਦਿੱਤੀ। ਜਾਣਕਾਰੀ ਅਨੁਸਾਰ ਥਾਣਾ ਪੁਲਿਸ ਨੇ ਹਮਲਾਵਰਾਂ ਤੋਂ ਇਲਾਵਾ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਅੱਧੀ ਦਰਜਨ ਤੋਂ ਵਧੇਰੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਵੀ ਸਿਫਾਰਸ਼ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਇਸ ਸਬੰਧੀ 4 ਵਿਅਕਤੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 308 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਐਸ. ਐਸ. ਪੀ. ਫਰੀਦਕੋਟ ਨੇ ਵੀ ਦੋਸ਼ੀ ਪੁਲਿਸ ਮੁਲਾਜ਼ਮਾਂ ਸਬੰਧੀ ਵਿਭਾਗੀ ਕਾਰਵਾਈ ਲਈ ਜਲੰਧਰ ਪੁਲਿਸ ਕੋਲੋਂ ਰਿਪੋਰਟ ਮੰਗ ਲਈ ਹੈ।

ਪੀ. ਸੀ. ਆਰ. ਇੰਚਾਰਜ ਨੇ ਇੰਸਪੈਕਟਰ 'ਤੇ ਚਲਾਈ ਗੋਲੀ

ਪੀ. ਸੀ. ਆਰ. ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤੇ
ਜਾਣ ਦਾ ਦ੍ਰਿਸ਼।
ਚੰਡੀਗੜ੍ਹ, 12 ਮਾਰਚ - ਚੰਡੀਗੜ੍ਹ ਵਿਖੇ ਰਾਤ ਡੇਢ ਵਜੇ ਦੇ ਲਗਭਗ ਚੰਡੀਗੜ੍ਹ ਪੁਲਿਸ ਦੀ ਪੀ. ਸੀ. ਆਰ. ਜਿਪਸੀ ਈਕੋ 15 ਦੇ ਇੰਚਾਰਜ ਬਲਬੀਰ ਸਿੰਘ ਅਤੇ ਉਸ ਦੇ ਸਾਥੀ ਸਿਪਾਹੀ ਜਗਬੀਰ ਸਿੰਘ ਵੱਲੋਂ ਸੈਕਟਰ 16 ਸਥਿਤ ਐੱਸ. ਐੱਸ. ਪੀ. ਰਿਹਾਇਸ਼ ਨੇੜੇ ਚੰਡੀਗੜ੍ਹ ਪੁਲਿਸ ਦੇ ਹੀ ਇੱਕ ਬਾਵਰਦੀ ਇੰਸਪੈਕਟਰ ਸਤਪਾਲ ਉੱਪਰ ਸਰਵਿਸ ਰਿਵਾਲਵਰ ਨਾਲ ਗੋਲੀਬਾਰੀ ਕਰ ਦਿੱਤੀ ਗਈ। ਪੁਲਿਸ ਅਨੁਸਾਰ ਰਾਤ ਸਵਾ ਬਾਰਾਂ ਵਜੇ ਦੇ ਲਗਭਗ ਬਲਬੀਰ ਸਿੰਘ ਅਤੇ ਜਗਬੀਰ ਸਿੰਘ ਸ਼ਰਾਬੀ ਹਾਲਤ ਵਿਚ ਆਪਣੀ ਪੀ. ਸੀ. ਆਰ. ਜਿਪਸੀ 'ਤੇ ਸੈਕਟਰ 9 ਸਥਿਤ ਪੁਲਿਸ ਕੰਟਰੋਲ ਰੂਮ ਵਿਚ ਆਏ, ਉੱਥੇ ਉਨ੍ਹਾਂ ਕਾਫ਼ੀ ਹੰਗਾਮਾ ਅਤੇ ਗਾਲੀ ਗਲੋਚ ਕੀਤਾ। ਕੰਟਰੋਲ ਰੂਮ ਵੱਲੋਂ ਇਸ ਦੀ ਸੂਚਨਾ ਥਾਣਾ ਸੈਕਟਰ 17 ਨੂੰ ਦਿੱਤੀ ਗਈ ਤਾਂ ਇੰਸਪੈਕਟਰ ਸਤਪਾਲ ਅਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਮੌਕੇ 'ਤੇ ਆਏ ਉਨ੍ਹਾਂ ਨੂੰ ਵੇਖ ਕੇ ਉਪਰੋਕਤ ਦੋਵੇਂ ਮੁਲਾਜ਼ਮ ਜਿਪਸੀ ਲੈ ਕੇ ਦੌੜ ਗਏ। ਜਦੋਂ ਇੰਸਪੈਕਟਰ ਸਤਪਾਲ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਸੈਕਟਰ 16 ਵਿਚ ਪੁੱਜਾ ਤਾਂ ਐੱਸ. ਐੱਸ. ਪੀ. ਰਿਹਾਇਸ਼ ਨੇੜੇ ਉਕਤ ਦੋਵੇਂ ਪੀ. ਸੀ. ਆਰ. ਮੁਲਾਜ਼ਮ ਜਿਪਸੀ ਸਮੇਤ ਉੱਥੇ ਖੜ੍ਹੇ ਸਨ। ਇੰਸਪੈਕਟਰ ਸਤਪਾਲ ਨੂੰ ਵੇਖ ਕੇ ਪਹਿਲਾਂ ਤਾਂ ਉਨ੍ਹਾਂ ਗਾਲੀ ਗਲੋਚ ਕੀਤੀ ਅਤੇ ਨੇੜੇ ਆਉਣ ਤੋਂ ਵਰਜਿਆ ਅਤੇ ਬਾਅਦ ਵਿਚ ਸਿਪਾਹੀ ਜਗਬੀਰ ਸਿੰਘ ਨੇ ਆਪਣਾ ਸਰਵਿਸ ਰਿਵਾਲਵਰ ਕੱਢ ਲਿਆ ਅਤੇ ਉੱਪਰੋਥਲੀ ਦੋ ਫਾਇਰ ਇੰਸਪੈਕਟਰ ਸਤਪਾਲ ਸਿੰਘ ਵੱਲ ਕਰ ਦਿੱਤੇ। ਇੰਸਪੈਕਟਰ ਸਤਪਾਲ ਨੇ ਕਿਸੇ ਤਰ੍ਹਾਂ ਹੇਠਾਂ ਲੇਟ ਕੇ ਆਪਣਾ ਬਚਾਅ ਕੀਤਾ ਅਤੇ ਵਾਇਰਲੈੱਸ 'ਤੇ ਹੋਰ ਪੁਲਿਸ ਭੇਜਣ ਦੀ ਸੂਚਨਾ ਦਿੱਤੀ। ਇਸ ਪਿੱਛੋਂ ਪੀ. ਸੀ. ਆਰ. ਅਤੇ ਥਾਣਾ ਪੁਲਿਸ ਨੇ ਮਿਲ ਕੇ ਕਾਫ਼ੀ ਤਰੱਦਦ ਪਿੱਛੋਂ ਦੋਵਾਂ ਨੂੰ ਕਾਬੂ ਕੀਤਾ। ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਬੱਜਟ ਇਜਲਾਸ ਦੇ ਪਹਿਲੇ ਦਿਨ ਸੰਸਦ ਭਵਨ ਵਿਖੇ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਕਲਮਾਡੀ ਨਾਲ ਹੱਥ ਮਿਲਾਉਂਦੇ ਹੋਏ ਭਾਜਪਾ ਸੰਸਦ ਮੈਂਬਰ ਰਾਜਨਾਥ ਸਿੰਘ।

ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਕਰੋੜਾਂ ਰੁਪਏ ਦੇ ਘੁਟਾਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਪਾਰਟੀ ਦੇ ਹੋਰ ਵਿਧਾਇਕ।

ਨਵੀਂ ਦਿੱਲੀ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਸੋਨੀਆ ਗਾਂਧੀ ਬਾਰੇ ਲਿਖੀ ਕਿਤਾਬ ਵਿਖਾਉਂਦੇ ਹੋਏ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ।
 
ਪੰਜਾਬ ਦੇ ਭੱਠਾ ਮਜ਼ਦੂਰਾਂ ਵੱਲੋਂ ਸਰਕਾਰ
ਅਤੇ ਭੱਠਾ ਮਾਲਕਾਂ ਖ਼ਿਲਾਫ਼ ਅੰਦੋਲਨ ਸ਼ੁਰੂ


ਰੈਲੀ ਦੌਰਾਨ ਕਾਮਰੇਡ ਤਰਸੇਮ ਜੋਧਾਂ, ਕਾਮਰੇਡ ਰਘੂਨਾਥ ਸਿੰਘ,
ਕਾਮਰੇਡ ਵਿਜੈ ਮਿਸ਼ਰਾ ਤੇ ਹੋਰ।

 
ਰੈਲੀ ਦੌਰਾਨ ਮਜ਼ਦੂਰ ਜਥੇਬੰਦੀਆਂ ਦਾ ਭਾਰੀ ਇਕੱਠ।
ਲੁਧਿਆਣਾ.12 ਮਾਰਚ ਸੀਟੂ ਨਾਲ ਸੰਬੰਧਿਤ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਭਰ ਤੋਂ ਆਏ ਭੱਠਾ ਮਜ਼ਦੂਰਾਂ ਵੱਲੋਂ ਦਾਣਾ ਮੰਡੀ ਗਿੱਲ ਰੋਡ ਵਿਖੇ ਰੈਲੀ ਕਰ ਕੇ ਭੱਠਾ ਮਾਲਕਾਂ ਉਪਰ ਮਨਮਾਨੀਆਂ ਦਾ ਦੋਸ਼ ਲਾਉਂਦੇ ਹੋਏ ਅੱਜ ਤੋਂ ਪੂਰੇ ਪੰਜਾਬ ਵਿਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਰੈਲੀ ਦੀ ਸਰਪ੍ਰਸਤੀ ਸਤਪਾਲ ਭਾਰਤੀ, ਸ਼ਿੰਦਰ ਸਿੰਘ ਜਵੱਦੀ, ਮਹਿੰਦਰ ਕੁਮਾਰ ਵੱਢੋਆਣਆ, ਇੰਦਰਜੀਤ ਸਿੰਘ ਮੁਕਤਸਰ ਅਤੇ ਹਰੀ ਸਿੰਘ ਪਟਿਆਲਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 11 ਸਾਲਾਂ ਦੌਰਾਨ ਸਿਰਫ ਇਕ ਵਾਰ ਹੀ ਮਜ਼ਦੂਰਾਂ ਦੀ ਘੱਟੋ-ਘੱਟ ਉਜ਼ਰਤ ਵਿਚ ਮਾਮੂਲੀ ਜਿਹਾ ਵਾਧਾ ਕੀਤਾ ਗਿਆ ਹੈ, ਜਦੋਂਕਿ ਦੇਸ਼ ਅੰਦਰ ਇਨ੍ਹਾਂ 11 ਸਾਲਾਂ ਦੌਰਾਨ ਮਹਿੰਗਾਈ ਕਈ ਗੁਣਾਂ ਵੱਧ ਗਈ ਹੈ। ਘੱਟੋ-ਘੱਟ ਉਜਰਤਾਂ ਦੇ ਸਵਾਲ ਤੇ ਪੰਜਾਬ ਦੇਸ਼ ਚੋਂ 18ਵੇਂ ਨੰਬਰ 'ਤੇ ਆ ਖੜ੍ਹਾ ਹੋਇਆ ਹੈ ਅਤੇ ਪੰਜਾਬ ਵਿਚ ਭੱਠਾ ਮਜ਼ਦੂਰਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਕਿਸੇ ਵੀ ਭੱਠੇ ਉਤੇ ਹਾਜ਼ਰੀ ਨਹੀਂ ਲਗਾਈ ਜਾ ਰਹੀ ਤੇ ਭੱਠਾ ਮਾਲਕ ਇੱਟਾਂ ਦੇ ਭਾਅ ਵਿਚ ਚੋਖਾ ਵਾਧਾ ਕਰਕੇ ਜਿਥੇ ਆਮ ਲੋਕਾਂ ਦੀ ਲੁੱਟ ਕਰ ਰਹੇ ਹਨ ਉਥੇ ਉਹ ਮਜ਼ਦੂਰਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਸਖਤ ਮਿਹਨਤ ਕਰਕੇ ਬਣਾਈਆਂ ਇਨ੍ਹਾਂ ਇੱਟਾਂ ਦੀ ਉਚਿਤ ਉਜ਼ਰਤ ਵੀ ਨਹੀਂ ਦੇ ਰਹੇ।
ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀ ਸਮੁੱਚੀ ਮਜ਼ਦੂਰ ਜਮਾਤ ਮਹਿੰਗਾਈ, ਬੇਰੁਜ਼ਗਾਰੀ ਦੀ ਭਿਆਨਕ ਮਾਰ ਹੇਠ ਹੈ। ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਵਿਜੈ ਮਿਸ਼ਰਾ ਨੇ ਕਿਹਾ ਕਿ ਅੱਜ ਦੇਸ਼ ਵਿਚ ਪੂੰਜੀਪਤੀਆਂ ਦਾ ਰਾਜ ਹੈ ਅਤੇ ਪੈਸੇ ਦੇ ਸਿਰ ਤੇ ਚੋਣਾਂ ਲੜ ਕੇ ਜਿਥੇ ਪੂੰਜੀਪਤੀ ਦੇਸ਼ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਸੀਟੂ ਦੇ ਸੂਬਾਈ ਆਗੂ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਅੱਜ ਸਮੁੱਚੀ ਟਰੇਡ ਯੂਨੀਅਨ ਲਹਿਰ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਜ਼ੋਰਦਾਰ ਅਤੇ ਤਿੱਖੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਰੈਲੀ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਅੱਜ ਤੋਂ ਪੂਰੇ ਪੰਜਾਬ ਅੰਦਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਲਾਲਾ ਝੰਡਾ ਪੰਜਾਬ ਭੱਠਾ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸਤਪਾਲ ਭਾਰਤੀ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ, ਜ਼ਿਲ੍ਹਾ ਸਕੱਤਰ ਜਗਦੀਸ਼ ਚੰਦ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਮਹਿੰਦਰ ਕੁਮਾਰ ਵੱਢੋਆਣਾ, ਚਰਨਜੀਤ ਸਿੰਘ ਹਿਮਾਂਯੂਪੁਰਾ, ਪਰਮਜੀਤ ਸਿੰਘ ਬੱਗਾ ਘਨੌਰ, ਹਰੀ ਸਿੰਘ ਦੌਣ ਕਲਾਂ, ਇੰਦਰਜੀਤ ਸਿੰਘ ਮੁਕਤਸਰ, ਪ੍ਰਕਾਸ਼ ਸਿੰਘ ਹਿੱਸੋਵਾਲ, ਰਣਜੀਤ ਸਿੰਘ ਸਾਇਆਂ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ ਨਿੰਮਾ, ਹੁਕਮ ਰਾਜ ਦੇਹੜਕਾ, ਦਰਸ਼ਨ ਸਿੰਘ ਕੰਗਣਵਾਲ, ਕੇਵਲ ਸਿੰਘ ਝਾੜੋਂ, ਜਸਪਾਲ ਸਿੰਘ ਫਰੀਦਕੋਟ, ਪਰਮਿੰਦਰ ਕੁਮਾਰ ਅਲੀਪੁਰ ਕਲਾਂ, ਮਿੰਟੂ ਕੁਮਾਰ, ਬਲਵਿੰਦਰ ਸਿੰਘ ਸਮਾਣਾ, ਹਰਦਿਆਲ ਸਿੰਘ ਨੰਨਹੇੜਾ, ਗੁਲਜ਼ਾਰ ਸਿੰਘ, ਦਰਬਾਰਾ ਸਿੰਘ ਰਣੀਆ ਪੰਜਾਬ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਨੌਜਵਾਨ ਆਗੂ ਗੁਰਜੀਤ ਸਿੰਘ ਕਾਲਾ, ਨਵਦੀਪ ਜੋਧਾਂ, ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਸਤਨਾਮ ਸਿੰਘ ਜਵੱਦੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਮੈਂ ਕੋਈ ਗੁਰੂ ਜਾਂ ਸੰਤ ਨਹੀਂ : ਬ੍ਰਹਮਰਿਸ਼ੀ ਕੁਮਾਰ ਸਵਾਮੀ

ਬ੍ਰਹਮਰਿਸ਼ੀ ਕੁਮਾਰ ਸਵਾਮੀ ਅੰਮ੍ਰਿਤਸਰ 'ਚ ਸਮਾਗਮ ਦੌਰਾਨ
ਸ਼ਰਧਾਲੂਆਂ ਦਾ ਸਵਾਗਤ ਕਬੂਲਦੇ ਹੋਏ।
ਅੰਮ੍ਰਿਤਸਰ, 12 ਮਾਰਚ -ਮੈਂ ਕੋਈ ਗੁਰੂ ਸੰਤ ਮਹਾਤਮਾ ਅਤੇ ਬਾਬਾ ਨਹੀਂ, ਬਲਕਿ ਸਾਧਾਰਨ ਵਿਅਕਤੀ ਹਾਂ। ਪ੍ਰਭੂ ਕ੍ਰਿਪਾ ਦੁਖ ਨਿਵਾਰਨ ਸਮਾਗਮਾਂ ਵਿਚ ਜੋ ਵੀ ਨਾਮ ਪਾਠ ਪ੍ਰਦਾਨ ਕੀਤਾ ਜਾਂਦਾ ਹੈ, ਉਹ ਪਾਠ ਮੇਰਾ ਨਹੀਂ ਹੈ, ਬਲਕਿ ਸਾਰੇ ਧਰਮਾਂ ਦੇ ਸ਼ਾਸਤਰਾਂ ਦਾ ਹੈ। ਮੈਂ ਤਾਂ ਇਕ ਡਾਕੀਏ ਦੀ ਤਰ੍ਹਾਂ ਸਾਰੇ ਧਰਮ ਸ਼ਾਸਤਰ ਵਿਚ ਲਿਖੀਆਂ ਕਿਤਾਬਾਂ ਨੂੰ ਲੋਕਾਂ ਨੂੰ ਪ੍ਰਦਾਨ ਕਰ ਰਿਹਾ ਹਾਂ। ਇਹ ਗੱਲ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਜੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਹੀ। ਉਨ੍ਹਾਂ ਕਿਹਾ ਕਿ ਨਾਮ ਪਾਠ ਨਾਲ ਸੰਸਾਰ ਦੇ ਜਿਨ੍ਹਾਂ ਲੱਖਾਂ ਕਰੋੜਾਂ ਭੈਣਾਂ-ਭਰਾਵਾਂ ਦੇ ਕਸ਼ਟ ਦੂਰ ਹੋ ਰਹੇ ਹਨ, ਉਹ ਕੇਵਲ ਪ੍ਰਮਾਤਮਾ, ਵਾਹਿਗੁਰੂ, ਅੱਲ੍ਹਾ, ਗਾਡ, ਜੀਸਸ, ਭਗਵਾਨ ਵਾਲਮੀਕ, ਭਗਵਾਨ ਮਹਾਂਵੀਰ ਅਤੇ ਭਗਵਾਨ ਬੁੱਧ ਦੀ ਕਿਰਪਾ ਕਾਰਨ ਹੋਏ ਹਨ। ਮੇਰੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਸ੍ਰੀ ਸਵਾਮੀ ਨੇ ਕਿਹਾ ਕਿ ਜਿਨ੍ਹਾਂ ਲਾਇਲਾਜ ਰੋਗਾਂ ਦਾ ਇਲਾਜ ਮੈਡੀਕਲ ਸਾਇੰਸ ਕੋਲ ਨਹੀਂ ਸੀ, ਉਹ ਲਾਇਲਾਜ ਰੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੀਤਾ, ਵੇਦਾਂ, ਕੁਰਾਨ ਏ ਪਾਕ, ਧੰਪਦ ਜਿਨਵਾਦੀ ਸਹਿਬ ਹੋਰ ਧਰਮ ਸ਼ਾਸਤਰ ਦਾ ਪਾਠ ਕਰਨ ਨਾਲ ਸਹਿਜੇ ਹੀ ਦੂਰ ਹੋ ਰਹੇ ਹਨ। ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਗੁਰਸਿੱਖੀ ਮਰਿਆਦਾ ਅਤੇ ਨਾਮ ਪਾਠ ਦੇ ਉਨ੍ਹਾਂ ਪ੍ਰਭਾਵਾਂ ਤੋਂ ਹੈਰਾਨ ਹਨ ਅਤੇ ਭਾਰਤ ਦਾ ਵਾਰ-ਵਾਰ ਸਨਮਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਪ੍ਰਭੂ ਕ੍ਰਿਪਾ ਨਾਂਅ ਦੀ ਪ੍ਰੰਪਰਾ ਨੂੰ ਭੁਲਦੀ ਜਾ ਰਹੀ ਹੈ, ਲੇਕਿਨ ਅੱਜ ਦੁਨੀਆ ਦੇ 150 ਤੋਂ ਵਧੇਰੇ ਦੇਸ਼ਾਂ ਦੇ ਲੱਖਾਂ ਕਰੋੜਾਂ ਲੋਕ ਕੇਵਲ ਨਾਮ ਪਾਠ ਕਾਰਨ ਹੀ ਸਾਡੀ ਪੁਰਾਤਨ ਮਰਿਆਦਾ ਅਤੇ ਸਦ ਗੁਰੂਆਂ ਨੂੰ ਨਮਸਕਾਰ ਕਰ ਰਹੇ ਹਨ।

ਪੰਜਾਬ ਦੇ ਜੱਟ ਭਾਈਚਾਰੇ ਨੇ ਹਰਿਆਣਾ ਦੇ
ਮੁੱਖ ਮੰਤਰੀ ਦਾ ਪੁਤਲਾ ਫੂਕਿਆ

 ਸਰਬ ਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਾਰਕੁੰਨ ਰੋਸ ਮਾਰਚ ਕਰਦੇ ਹੋਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਫੂਕਦੇ ਹੋਏ। 
ਫ਼ਿਰੋਜ਼ਪੁਰ.- 12 ਮਾਰਚ ૿ ਸਰਬ ਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਿਤ ਸੈਂਕੜੇ ਕਾਰਕੁੰਨਾਂ ਨੇ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਜੱਟ ਭਾਈਚਾਰੇ 'ਤੇ ਬਿਨਾਂ ਕਾਰਨ ਡਾਂਗਾਂ ਦਾ ਮੀਂਹ ਵਰ੍ਹਾਉਣ ਦੇ ਰੋਸ ਵਜੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਫੂਕਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਭਾਵੜਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਸ਼ਹਿਰ ਬੱਸ ਅੱਡੇ ਤੋਂ ਪੰਜਾਬ ਜੱਟ ਭਾਈਚਾਰੇ ਦੇ ਲੋਕ ਰੋਸ ਮਾਰਚ ਕਰਦੇ ਹੋਏ ਸਥਾਨਕ ਊਧਮ ਸਿੰਘ ਚੌਂਕ ਵਿਖੇ ਪੁੱਜੇ, ਜਿਥੇ ਉਨ੍ਹਾਂ ਹਰਿਆਣਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਨਾਲ ਸਬੰਧਿਤ ਵੱਖ-ਵੱਖ ਬੁਲਾਰਿਆਂ ਨੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦੇਸ਼ ਦੇ ਜੱਟ ਭਾਈਚਾਰੇ ਨਾਲ ਧੱਕੇ ਕੀਤੇ ਜਾਂਦੇ ਰਹੇ ਹਨ, ਜੋ ਅੱਜ ਤੱਕ ਵੀ ਜਾਰੀ ਹਨ। ਭਾਵੜਾ ਨੇ ਚਿਤਾਵਨੀ ਦਿੱਤੀ ਕਿ ਜੇ ਕਰ ਜੱਟਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਭਾਵੜਾ ਨੇ ਮੰਗ ਕੀਤੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੱਟਾਂ ਨੂੰ ਓ. ਬੀ. ਸੀ. ਵਰਗ ਵਿਚ ਸ਼ਾਮਿਲ ਕੀਤਾ ਜਾਵੇ। ਰੋਸ ਮਾਰਚ ਵਿਚ ਜੰਗੀਰ ਸਿੰਘ ਖਹਿਰਾ, ਪ੍ਰਗਟ ਸਿੰਘ ਵਾਹਕੇ, ਦਰਸ਼ਨ ਸਿੰਘ ਸਰਪੰਚ, ਸੁਖਚੈਨ ਸਿੰਘ ਖਹਿਰਾ, ਸੁਖਮਿੰਦਰ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਅਮਰ ਸਿੰਘ ਭੂਰੇ ਕਲਾਂ, ਗੁਰਦਿਆਲ ਸਿੰਘ ਵਿਰਕ, ਸੁਖਦੇਵ ਸਿੰਘ ਵਿਰਕ, ਜਗਤਾਰ ਸਿੰਘ ਭੁੱਲਰ, ਕੁਲਵਿੰਦਰ ਸਿੰਘ, ਬਲਕਰਨ ਸਿੰਘ ਆਦਿ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

 ਸੜਕ ਹਾਦਸੇ 'ਚ ਮਾਰੇ ਗਏ ਤਿੰਨ ਜੀਆਂ ਬਾਰੇ
ਦੱਸਦੇ ਹੋਏ ਸ. ਮੋਹਕਮ ਸਿੰਘ।
ਬਟਾਲਾ- 12 ਮਾਰਚ  ਅੱਜ ਤੁਗਲਵਾਲਾ ਵਿਖੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਰ ਕੇ ਕਾਰ ਸੜਕ ਦੇ ਕਿਨਾਰੇ ਸਫੈਦੇ ਨਾਲ ਜਾ ਟਕਰਾਈ, ਜਿਸ ਕਰ ਕੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟ ਮਾਰਟਮ ਦੀ ਪੁੱਜੀਆਂ ਲਾਸ਼ਾਂ ਦੇ ਨਾਲ ਆਏ ਸ. ਮੋਹਕਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਸੀਤਲ ਸਿੰਘ ਪੁੱਤਰ ਕਰਮ ਸਿੰਘ, ਭਰਜਾਈ ਸੀਤਲ ਕੌਰ ਪਤਨੀ ਸੀਤਲ ਸਿੰਘ ਅਤੇ ਮਾਤਾ ਗੁਰਬਚਨ ਕੌਰ ਪਤਨੀ ਕਰਮ ਸਿੰਘ ਅੱਜ ਉਨ੍ਹਾਂ ਦੇ ਪਿੰਡ ਭੱਟੀਆ ਡਾਕ. ਗੋਹਤ ਪੋਕਰ ਤੋਂ ਆਪਣੀ ਸਿਟੀ ਹਾਂਡਾ ਕਾਰ ਨੰਬਰ ਪੀ.ਬੀ. 06 ਅੱੈਮ 6166 'ਤੇ ਸਵਾਰ ਹੋ ਕੇ ਬੇਗੋਵਾਲ ਜਾ ਰਹੇ ਸਨ ਅਤੇ ਜਦੋਂ ਉਹ ਤੁਗਲਵਾਲ ਵਿਖੇ ਪਹੁੰਚੀ ਤਾਂ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਇਹ ਤਿੰਨੇ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਇਹ ਰਸਤੇ 'ਚ ਹੀ ਦਮ ਤੋੜ ਗਏ।
ਅਨੰਦਪੁਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਦਾ ਕਤਲ
ਅਨੰਦਪੁਰ ਸਾਹਿਬ-ਅਨੰਦਪੁਰ ਸਾਹਿਬ ਵਿਖੇ ਸਥਾਨਕ ਵੀ. ਆਈ. ਪੀ. ਰੋਡ ਹੋਲੀਸਿਟੀ ਹੋਟਲ ਦੇ ਸਾਹਮਣੇ ਦਿਨ ਦਿਹਾੜੇ ਇਕ ਨੌਜਵਾਨ ਦਾ ਕਤਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਉਕਤ ਸਥਾਨ 'ਤੇ ਦੋ ਕਾਲਜੀਏਟ ਨੌਜਵਾਨਾਂ ਦਾ ਕਿਸੇ ਗੱਲੋਂ ਆਪਸੀ ਤਕਰਾਰ ਹੋ ਗਿਆ। ਇਸੇ ਦੌਰਾਨ ਨੌਬਤ ਹੱਥੋ-ਪਾਈ 'ਤੇ ਪਹੁੰਚ ਗਈ ਅਤੇ ਇਕ ਨੌਜਵਾਨ ਨੇ ਦੂਜੇ ਦੀ ਛਾਤੀ 'ਤੇ ਕਿਸੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੌਰਵ ਰਾਣਾ ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਤਰਫ ਮਜਾਰੀ, ਡਾਕਖਾਨਾ ਭਲਾਣ, ਤਹਿ: ਨੰਗਲ, ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਐਸ. ਐਚ. ਓ. ਸੁਖਵਿੰਦਰ ਸਿੰਘ, ਸਿਟੀ ਇੰਚਾਰਜ ਗੁਰਮੁੱਖ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਵਿਵੇਕ ਕੁਮਾਰ ਪੁੱਤਰ ਪਵਨ ਕੁਮਾਰ, ਵਾਸੀ ਨੂਹੋਂ ਕਾਲੋਨੀ, ਤਹਿਸੀਲ ਘਨੌਲੀ, ਜ਼ਿਲ੍ਹਾ ਰੂਪਨਗਰ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਹੈ।

ਸ਼੍ਰੋਮਣੀ ਕਮੇਟੀ ਵਾਤਾਵਰਨ ਦਿਵਸ ਮਨਾਏਗੀ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਮੂਹ ਗੁਰਦੁਆਰਿਆਂ ਅਤੇ ਸੰਬੰਧਿਤ ਸੰਸਥਾਵਾਂ ਵਿੱਚ ਪੰਜ ਹਜ਼ਾਰ ਬੂਟੇ ਲਗਾ ਕਿ ਇਸ ਦਿਹਾੜੇ ਨੂੰ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਹਰੇਕ ਗੁਰਦੁਆਰੇ 'ਚ ਘੱਟੋ ਘੱਟ ਪੰਜ ਹਜ਼ਾਰ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਜਿਊਣ ਲਈ ਜਿਵੇਂ ਮਨੁੱਖ ਨੂੰ ਭੋਜਨ ਅਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸ਼ੁੱਧ ਹਵਾ ਦਾ ਹੋਣਾ ਵੀ ਜ਼ਰੂਰੀ ਹੈ। ਸ਼ਹਿਰਾਂ ਵਿੱਚ ਸੰਘਣੀ ਵਸੋਂ ਹੋਣ ਕਾਰਨ ਪਹਿਲਾਂ ਹੀ ਦਰੱਖਤਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ ਤੇ ਜ਼ਰੂਰਤ ਅਨੁਸਾਰ ਸੜਕਾਂ ਦੀ ਚੌੜਾਈ ਦੌਰਾਨ ਦਰਖੱਤਾਂ ਦਾ ਕਟਾਈ ਦੇ ਨਾਲ ਹੀ ਜੰਗਲਾਂ ਦੀ ਦਿਨੋਂ ਦਿਨ ਹੋ ਰਹੀ ਕਟਾਈ ਕਾਰਨ ਗਲੋਬਲ ਤਪਸ਼ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਸਮੇਤ 1 ਕਾਬੂ

 ਪੁਲਿਸ ਵੱਲੋਂ ਕਾਬੂ ਕੀਤਾ ਸੁਰਜੀਤ ਸਿੰਘ ਲਾਡੀ।
ਅਬੋਹਰ. 12 ਮਾਰਚ ਅੱਜ ਥਾਣਾ ਬਹਾਵਵਾਲਾ ਅਧੀਨ ਪੈਂਦੀ ਚੌਕੀ ਸੀਤੋ ਗੁੰਨੋ ਦੀ ਪੁਲਿਸ ਪਾਰਟੀ ਵੱਲੋਂ 1 ਵਿਅਕਤੀ ਨੂੰ ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਜਦੋਂ ਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋਣ 'ਚ ਸਫਲ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਤੋ ਗੁੰਨੋ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਗਸ਼ਤ ਦੌਰਾਨ ਜਦੋਂ ਮੋਢੀ ਖੇੜੇ ਪਿੰਡ ਕੋਲ ਇੱਕ ਮੈਕਸ ਗੱਡੀ ਨੰਬਰ ਆਰ. ਜੇ. 3 ਯੂ. ਏ. 0671 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਬਰਾਮਦ ਹੋਇਆ। ਗੱਡੀ ਤੇ ਸਾਮਾਨ ਸਮੇਤ ਫੜੇ ਗਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਲਾਡੀ ਪੁੱਤਰ ਬੱਗਾ ਸਿੰਘ, ਵਾਸੀ ਪਿੰਡ ਸ਼ੇਰਪੁਰ, ਥਾਣਾ ਜ਼ੀਰਾ ਵਜੋਂ ਹੋਈ ਹੈ ਜਦੋਂ ਕਿ ਉਸ ਦਾ ਸਾਥੀ ਕਾਰਜ ਸਿੰਘ ਪੁੱਤਰ ਫ਼ੌਜੀ ਸਿੰਘ ਵਾਸੀ ਸ਼ੇਰਪੁਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਨੰਬਰ 24 ਦਰਜ ਕੀਤਾ ਗਿਆ ਹੈ।
ਹਰਿਆਣਾ ਦਾ ਜਾਟ ਅੰਦੋਲਨ ਖ਼ਤਮ
ਚੰਡੀਗੜ੍ਹ- 12 ਮਾਰਚ ૿ ਹਰਿਆਣਾ ਜਾਟ ਸੰਘਰਸ਼ ਸੰਮਤੀ ਨੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦਾ ਕੋਟਾ ਨਿਰਧਾਰਿਤ ਕਰਾਉਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਜੋ ਅੰਦੋਲਨ ਸ਼ੁਰੂ ਕਰ ਰੱਖਿਆ ਸੀ, ਉਹ ਅੱਜ ਖ਼ਤਮ ਹੋ ਗਿਆ ਅਤੇ ਹਿਸਾਰ ਦੇ ਨੇੜੇ ਇੱਕ ਪਿੰਡ ਵਿਚ ਰੇਲ ਲਾਈਨ 'ਤੇ ਧਰਨਾ ਲਾਈ ਬੈਠੇ ਜਾਟ ਭਾਈਚਾਰੇ ਨਾਲ ਸਬੰਧਿਤ ਲੋਕ ਉੱਥੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ।
ਇਹ ਦਾਅਵਾ ਅੱਜ ਇੱਥੇ ਹਰਿਆਣਾ ਸਰਕਾਰ ਦੇ ਇੱਕ ਬੁਲਾਰੇ ਨੇ ਕੀਤਾ। ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸੰਦੀਪ ਨਾਂਅ ਦੇ ਜਿਸ ਨੌਜੁਆਨ ਦੀ 5 ਦਿਨ ਪਹਿਲਾਂ ਪੁਲਿਸ ਤੇ ਅੰਦੋਲਨਕਾਰੀਆਂ ਵਿਚਾਲੇ ਹੋਏ ਟਕਰਾਅ ਵਿਚ ਮੌਤ ਹੋ ਗਈ ਸੀ, ਉਸ ਦਾ ਅੱਜ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਇਸ ਨੌਜੁਆਨ ਦੀ ਲਾਸ਼ ਹਿਸਾਰ ਦੇ ਨੇੜੇ ਤਾਬੂਤ ਵਿਚ ਰੱਖੀ ਹੋਈ ਸੀ ਜਿਸ ਕਾਰਨ ਰੇਲ ਆਵਾਜਾਈ ਰੁਕੀ ਹੋਈ ਸੀ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸੰਦੀਪ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਸੀ ਹੋਈ। ਜਾਟ ਅੰਦੋਲਨ ਨਾਲ ਸੰਬੰਧਿਤ 100 ਤੋਂ ਵੱਧ ਗ੍ਰਿਫ਼ਤਾਰ ਲੋਕਾਂ ਨੂੰ ਰਾਜ ਸਰਕਾਰ ਦੀ ਹਦਾਇਤ 'ਤੇ ਕੱਲ੍ਹ ਰਾਤੀਂ ਹਿਸਾਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਪਰ ਉਨ੍ਹਾਂ ਦੇ ਵਿਰੁੱਧ ਦਰਜ ਕੇਸਾਂ ਦੀ ਅਦਾਲਤੀ ਕਾਰਵਾਈ ਜਾਰੀ ਰਹੇਗੀ। ਨੌਕਰੀਆਂ ਵਿਚ ਜਾਟਾਂ ਲਈ ਰਾਖਵੇਂਕਰਨ ਦਾ ਮਾਮਲਾ ਗੁਪਤਾ ਕਮਿਸ਼ਨ 'ਤੇ ਛੱਡ ਦਿੱਤਾ ਗਿਆ ਹੈ, ਜੋ ਛੇਤੀ ਹੀ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਪੇਸ਼ ਕਰਨ ਵਾਲਾ ਹੈ।