Monday, 9 April 2012

ਪਾਕਿ ਸਈਦ ਖ਼ਿਲਾਫ਼ ਕਾਰਵਾਈ ਕਰੇ-ਪ੍ਰਧਾਨ ਮੰਤਰੀ
ਦੋਵਾਂ ਨੇਤਾਵਾਂ ਵੱਲੋਂ ਦੁਪਹਿਰ ਦੇ ਖਾਣੇ 'ਤੇ ਬੰਦ ਕਮਰਾ ਮੀਟਿੰਗ : ਜ਼ਰਦਾਰੀ ਨੇ ਦਰਗਾਹ ਸ਼ਰੀਫ 'ਤੇ ਚਾਦਰ ਚੜ੍ਹਾਈ
ਨਵੀਂ ਦਿੱਲੀ, 9 ਅਪ੍ਰੈਲ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫਿਜ਼ ਮੁਹੰਮਦ ਸਈਦ ਸਮੇਤ ਪਾਕਿਸਤਾਨ ਨੂੰ 26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪਾਕਿਸਤਾਨ ਨਾਲ ਦੁਵੱਲੇ ਸਬੰਧਾਂ 'ਚ ਪ੍ਰਗਤੀ ਨੂੰ ਮੁੰਬਈ ਦੇ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸਈਦ ਅਤੇ ਹੋਰਨਾਂ ਖਿਲਾਫ ਕਾਰਵਾਈ ਨਾਲ ਜੋੜਦੇ ਹੋਏ ਡਾ. ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਸਪੱਸ਼ਟ ਰੂਪ ਵਿਚ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਵਰਗਾ ਬਣਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਅਜਮੇਰ ਵਿਖੇ ਸੂਫੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਤੇ ਜ਼ਿਆਰਤ ਕਰਨ ਲਈ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲ ਦੁਪਿਹਰ ਦੇ ਖਾਣੇ ਲਈ ਦੋ ਘੰਟੇ ਤੋਂ ਕੁਝ ਵੱਧ ਸਮਾਂ ਰੁਕੇ ਜਨਾਬ ਜ਼ਰਦਾਰੀ ਕੋਲ ਅੱਤਵਾਦ ਦਾ ਮੁੱਦਾ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੀ ਕਚਹਿਰੀ 'ਚ ਖੜ੍ਹਾ ਕੀਤਾ ਜਾਵੇ ਅਤੇ ਪਾਕਿਸਤਾਨ ਦੀ ਜ਼ਮੀਨ ਤੋਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਰੋਕਿਆ ਜਾਵੇ। ਪ੍ਰਧਾਨ ਮੰਤਰੀ ਨੇ ਮੁੰਬਈ ਹਮਲੇ ਦੇ ਬਾਕੀ ਦੋਸ਼ੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਫਿਜ਼ ਸਈਦ ਮੁੰਬਈ ਹਮਲਿਆਂ ਦਾ ਮੁੱਖ ਦੋਸ਼ੀ (ਮਾਸਟਰ ਮਾਈਂਡ) ਹੈ। ਅਮਰੀਕਾ ਨੇ ਸਈਦ ਦੇ ਸਿਰ 'ਤੇ 51 ਕਰੋੜ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਉਮੀਦ ਜ਼ਾਹਿਰ ਕੀਤੀ ਸੀ ਕਿ ਮਨਮੋਹਨ ਸਿੰਘ ਨਾਲ ਗੱਲਬਾਤ ਦੌਰਾਨ ਹਾਫਿਜ਼ ਸਈਦ ਦਾ ਮੁੱਦਾ ਨਹੀਂ ਉੱਠੇਗਾ। ਇਸ ਤੋਂ ਇਲਾਵਾ ਦੋਵੇਂ ਦੇਸ਼ ਭਾਰਤ- ਚੀਨ ਦੀ ਤਰਜ਼ 'ਤੇ ਦੁਵੱਲੇ ਮੁੱਦਿਆਂ 'ਤੇ ਅੱਗੇ ਵਧਣ ਲਈ ਸਹਿਮਤ ਹੋ ਗਏ ਹਨ। ਭਾਰਤ ਅਤੇ ਚੀਨ ਨੇ ਵਪਾਰਕ ਅਤੇ ਆਰਥਿਕ ਮੁੱਦਿਆਂ 'ਤੇ ਅੱਗੇ ਵਧਣ ਲਈ ਝਗੜੇ ਵਾਲੇ ਮੁੱਦੇ ਪਿੱਛੇ ਸੁੱਟੇ ਹੋਏ ਹਨ। ਡਾ. ਮਨਮੋਹਨ ਸਿੰਘ ਅਤੇ ਰਾਸ਼ਟਰਪਤੀ ਜ਼ਰਦਾਰੀ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਅੱਤਵਾਦ ਵਿਰੁੱਧ ਲੜਾਈ ਲਈ ਵੀ ਸਹਿਮਤ ਹੋ ਗਏ ਹਨ। ਹਾਂਪੱਖੀ ਨਤੀਜੇ ਦਾ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਦਾ ਵਿਵਹਾਰਕ ਹੱਲ ਲੱਭਣਾ ਚਾਹੁੰਦੇ ਹਨ ਜਿਹੜੇ ਦੁਵੱਲੇ ਸਬੰਧ ਨੂੰ ਪ੍ਰਭਾਵਿਤ ਕਰਦੇ ਹਨ। 40 ਮਿੰਟ ਦੀ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ, ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਮੀਡੀਆ ਨਾਲ ਸੰਖੇਪ 'ਚ ਗੱਲਬਾਤ ਕੀਤੀ। ਮੀਟਿੰਗ ਪਿੱਛੋਂ ਡਾ. ਸਿੰਘ ਅਤੇ ਸ੍ਰੀ ਜ਼ਰਦਾਰੀ ਨੇ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਆਪਣੇ ਵਿਚਾਰ ਵਟਾਂਦਰੇ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੁਪਹਿਰ ਦੇ ਖਾਣੇ ਦੀ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ ਸਕੱਤਰ ਰੰਜਨ ਮਥਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਤਵਾਦ ਅਤੇ ਹਾਫਿਜ਼ ਸਈਦ ਸਮੇਤ 26 ਨਵੰਬਰ ਦੇ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੀ ਅੱਤਵਾਦ ਤੋਂ ਪੀੜਤ ਹੈ ਅਤੇ ਇਸ ਮੁੱਦੇ 'ਤੇ ਲੰਬਾ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਇਸ ਮੁੱਦੇ 'ਤੇ ਇਸਲਾਮਾਬਾਦ ਵਿਚ ਦੋਵਾਂ ਦੇਸ਼ਾਂ ਦੇ ਗ੍ਰਹਿ ਸਕੱਤਰਾਂ ਦੀ ਹੋਣ ਵਾਲੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ। ਰਾਸ਼ਟਰਪਤੀ ਜ਼ਰਦਾਰੀ ਨੇ ਕਿਹਾ ਕਿ ਹਾਫਿਜ਼ ਸਈਦ ਦੇ ਮੁੱਦੇ 'ਤੇ ਵੀ ਲੰਬਾ ਵਿਚਾਰ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਰਾਸ਼ਟਰਪਤੀ ਜ਼ਰਦਾਰੀ ਨੇ ਦੁਵੱਲੇ ਮੁੱਦਿਆਂ ਜਿਹੜੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ, ਬਾਰੇ ਉਸਾਰੂ ਅਤੇ ਦੋਸਤਾਨਾਂ ਵਿਚਾਰ ਵਟਾਂਦਰਾ ਕੀਤਾ ਹੈ। ਇਸ ਤੋਂ ਪਹਿਲਾਂ ਪਾਲਮ ਸੈਨਿਕ ਹਵਾਈ ਅੱਡੇ (ਟੈਕਨੀਕਲ ਏਰੀਆ) ਵਿਖੇ ਦੁਪਹਿਰ 12.10 ਵਜੇ ਆਪਣੇ ਪੁੱਤਰ ਬਿਲਾਵਲ ਭੁੱਟੋ ਨਾਲ ਉੱਤਰਨ ਪਿੱਛੋਂ ਜਨਾਬ ਜ਼ਰਦਾਰੀ ਸਿੱਧੇ ਪ੍ਰਧਾਨ ਮੰਤਰੀ ਦੀ ਸਰਕਾਰੀ ਰੇਸ ਕੋਰਸ ਰੋਡ ਰਿਹਾਇਸ਼ 'ਤੇ ਗਏ। ਜਨਾਬ ਜ਼ਰਦਾਰੀ ਜਿਨ੍ਹਾਂ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਸਿਜਦਾ ਕਰਨ ਲਈ ਨਿੱਜੀ ਦੌਰੇ 'ਤੇ ਅਜਮੇਰ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ, ਨੂੰ ਡਾ. ਸਿੰਘ ਨੇ ਦੁਪਹਿਰ ਦੇ ਖਾਣੇ 'ਤੇ ਬੁਲਾਇਆ ਸੀ। ਇਹ ਸੱਦਾ ਜਨਾਬ ਜ਼ਰਦਾਰੀ ਨੇ ਸਵੀਕਾਰ ਕਰ ਲਿਆ ਸੀ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਕਈ ਮੁੱਦੇ ਹੋਣ ਦੀ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਦੁਵੱਲੇ ਮੁੱਦਿਆਂ 'ਤੇ ਜਨਾਬ ਜ਼ਰਦਾਰੀ ਨਾਲ ਵਿਚਾਰ ਵਟਾਂਦਰਾ ਕਰਨ ਲਈ ਇਸ ਯਾਤਰਾ ਦਾ ਲਾਭ ਲਿਆ ਹੈ ਅਤੇ ਉਹ ਇਸ ਯਾਤਰਾ ਦੇ ਨਤੀਜੇ ਤੋਂ ਸੰਤੁਸ਼ਟ ਹਨ। ਡਾ. ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਕਈ ਮੁੱਦੇ ਹਨ ਜਿਨ੍ਹਾਂ ਦਾ ਅਸੀਂ ਵਿਵਹਾਰਕ ਹੱਲ ਲੱਭਣਾ ਚਾਹੁੰਦੇ ਹਾਂ। ਇਹੀ ਰਾਸ਼ਟਰਪਤੀ ਜ਼ਰਦਾਰੀ ਅਤੇ ਉਨ੍ਹਾਂ ਦਾ ਸੰਦੇਸ਼ ਹੈ। ਜਨਾਬ ਜ਼ਰਾਦਰੀ ਨੇ ਕਿਹਾ ਕਿ ਅਸੀਂ ਬਹੁਤ ਹੀ ਅਰਥ ਭਰਪੂਰ ਗੱਲਬਾਤ ਕੀਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਪਾਕਿਸਤਾਨ ਦੇ ਅੰਦਰ ਭਾਰਤੀ ਆਗੂ ਨੂੰ ਬਹੁਤ ਛੇਤੀ ਮਿਲਣਗੇ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਡਾ. ਸਿੰਘ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਦਿੱਤਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਆਪਸੀ ਸੁਵਿਧਾ ਵਾਲੀ ਤਾਰੀਕ ਨੂੰ ਪਾਕਿਸਤਾਨ ਦਾ ਦੌਰਾ ਕਰਕੇ ਬਹੁਤ ਖੁਸ਼ ਹੋਣਗੇ। ਜਨਾਬ ਜ਼ਰਦਾਰੀ ਨਾਲ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਗ੍ਰਹਿ ਮੰਤਰੀ ਰਹਿਮਾਨ ਮਲਿਕ, ਵਿਦੇਸ਼ ਸਕੱਤਰ ਜਲੀਲ ਅਬਾਸ ਅਤੇ ਰਾਸ਼ਟਰਪਤੀ ਦਫ਼ਤਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਆਏ ਸਨ। ਸੋਨੀਆ ਮੀਟਿੰਗ 'ਚ ਸ਼ਾਮਿਲ ਨਹੀਂ ਹੋਈ-ਇਹ ਸੰਦੇਸ਼ ਦਿੰਦਿਆਂ ਕਿ ਉਨ੍ਹਾਂ ਦੀ ਪਾਰਟੀ ਦੀ ਸਾਂਝਾ ਪ੍ਰਗਤੀਸ਼ੀਲ ਸਰਕਾਰ ਨਾਲ ਇਕਸੁਰ ਨਹੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਦਿੱਤੇ ਦੁਪਹਿਰ ਦੇ ਖਾਣੇ ਦੀ ਮੀਟਿੰਗ ਤੋਂ ਦੂਰ ਰਹੀ। ਮੀਟਿੰਗ ਵਿਚ ਭਾਜਪਾ ਸੰਸਦੀ ਪਾਰਟੀ ਦੇ ਆਗੂ ਐਲ. ਕੇ. ਅਡਵਾਨੀ, ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਹੋਰ ਆਗੂ ਸ਼ਾਮਿਲ ਹੋਏ। ਭਾਰਤ ਤੇਰੇ ਨਾਲ ਸ਼ਾਂਤੀ ਹੋਵੇ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਆਏ ਉਨ੍ਹਾਂ ਦੇ ਪੁੱਤਰ 23 ਸਾਲਾ ਬਿਲਾਵਲ ਭੁੱਟੇ ਨੇ ਭਾਰਤ ਦੀ ਜ਼ਮੀਨ 'ਤੇ ਪੈਰ ਧਰਨ ਸਮੇਂ ਸਭ ਤੋਂ ਪਹਿਲਾਂ ਕਿਹਾ ' ਏ ਓ ਏ, ਭਾਰਤ ਤੇਰੇ ਨਾਲ ਸ਼ਾਂਤੀ ਹੋ। ਗਹਿਰੇ ਰੰਗ ਦਾ ਪਠਾਣੀ ਸੂਟ ਪਹਿਨੇ ਬਿਲਾਵਲ ਨੇ ਟਵੀਟ 'ਤੇ ਆਪਣੇ 14 ਹਜ਼ਾਰ ਤੋਂ ਵੀ ਵੱਧ ਆਨਲਾਈਨ ਪ੍ਰਸ਼ੰਸਕਾਂ ਨੂੰ ਭਾਰਤ ਦੀ ਧਰਤੀ 'ਤੇ ਕਦਮ ਰੱਖਣ ਦੀ ਜਾਣਕਾਰੀ ਦਿੱਤੀ। ਆਕਸਫੋਰਡ ਵਿਚ ਪੜ੍ਹੇ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਨੇ ਟਵੀਟ 'ਤੇ ਪਾਇਆ ਕਿ ' ਏ ਓ ਓ, ਭਾਰਤ ਤੇਰੇ ਨਾਲ ਸ਼ਾਂਤੀ ਹੋ'। ਮੈਂ ਹੁਣੇ-ਹੁਣੇ ਦਿੱਲੀ ਪਹੁੰਚਿਆ ਹਾਂ। ਏ ਓ ਏ ਦਾ ਮਤਲਬ ਹੈ ਅੱਲਾ ਹੂ ਅਕਬਰ ਹੈ। ਮੁਸਕਰਾਉਂਦੇ ਹੋਏ ਬਿਲਾਵਲ ਨੇ ਜ਼ਰਦਾਰੀ ਅਤੇ ਉਸ ਦੇ ਸਵਾਗਤ ਲਈ ਆਏ ਭਾਰਤੀ ਅਧਿਕਾਰੀਆਂ ਨਾਲ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਮੀਡੀਆ ਵੱਲ ਹੱਥ ਹਿਲਾ ਕੇ ਸਵਾਗਤ ਕਬੂਲ ਕੀਤਾ।

ਅਜਮੇਰ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣੇ ਪੁੱਤਰ ਬਿਲਾਵਲ ਭੁੱਟੋ ਨਾਲ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਜਾਂਦੇ ਹੋਏ। (ਖੱਬੇ) ਹੱਥ ਹਿਲਾਉਂਦੇ ਹੋਏ ਬਿਲਾਵਲ ਭੁੱਟੋ।
ਜ਼ਰਦਾਰੀ ਸਾਹਮਣੇ ਪੇਸ਼ ਕੀਤੇ ਕਈ ਸਵਾਦੀ ਖਾਣੇ
ਨਵੀਂ ਦਿੱਲੀ, 9 ਅਪ੍ਰੈਲ-ਜੇਤੂਨੀ ਮੁਰਗ ਸੀਕ ਅਤੇ ਗੋਸ਼ਤ ਵੜਾ ਕਬਾਬ ਤੋਂ ਲੈ ਕੇ ਕੁਰਕੁਰੀ ਭਿੰਡੀ ਅਤੇ ਮਿੱਠੇ ਵਿਚ ਫਿਰਨੀ ਵਰਗੇ ਸੁਆਦੀ ਖਾਣੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੇ ਪ੍ਰਤੀਨਿਧ ਮੰਡਲ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਪੇਸ਼ ਕੀਤੇ ਗਏ। ਖਾਣੇ ਦੇ ਮੀਨੂ ਵਿਚ ਭਾਰਤ ਦੇ ਹਰ ਖੇਤਰ ਦਾ ਸਵਾਦੀ ਖਾਣਾ ਸ਼ਾਮਿਲ ਸੀ। ਉਹ ਚਾਹੇ ਦੱਖਣੀ ਭਾਰਤ ਦਾ ਮਸਾਲਾ ਡੋਸਾ (ਮਾਸਾਹਾਰੀ ਡੋਸਾ ਵੀ), ਪੂਰਬ ਦਾ ਮਿਠਾਈ ਸੰਦੇਸ਼ ਹੋਵੇ ਜਾਂ ਉੱਤਰ ਦਾ ਲੋਕਪ੍ਰਿਯ ਕਬਾਬ ਹੋਵੇ। ਖਾਣੇ ਦੀ ਸ਼ੁਰਆਤ ਠੰਢੇ ਖਰਬੂਜੇ ਅਤੇ ਪੂਦਨੇ ਦੇ ਸੂਪ ਨਾਲ ਹੋਈ। ਉਸ ਪਿੱਛੋਂ ਸਰੋਂ ਦੇ ਫੁੱਲ, ਸਬਜ ਸ਼ਾਮੀ ਕਬਾਬ ਅਤੇ ਮਿਨੀ ਮਸਾਲਾ ਡੋਸਾ ਪੇਸ਼ ਕੀਤੇ ਗਏ। ਮਾਸਾਹਾਰ ਵਿਚ ਜੈਤੂਨੀ ਮੁਰਗ ਸੀਕ ਅਤੇ ਗੋਸ਼ਤ ਵੜਾ ਕਬਾਬ ਸ਼ਾਮਿਲ ਕੀਤੇ ਗਏ। ਮਿਨੀ ਮਸਾਲਾ ਡੋਸਾ ਦੀ ਮਾਸਾਹਾਰ ਕਿਸਮ ਵੀ ਪੇਸ਼ ਕੀਤੀ ਗਈ। ਉਨ੍ਹਾਂ ਨੂੰ ਕਰੇਲੀ ਦਾਲ ਗੋਸ਼ਤ (ਮਟਨ), ਮੁਰਗਾ ਕੋਫਤਾ ਮੱਖਣੀ (ਚਿਕਨ), ਸਿਕੰਦਰੀ ਖੁਸ਼ਕ ਰਾਨ ਅਤੇ ਰੋਟੀ ਵੀ ਪੇਸ਼ ਕੀਤੀ ਗਈ। ਕੱਚੀ ਗੋਸ਼ਤ ਬਰਿਆਨੀ ਵੀ ਖਾਣੇ 'ਚ ਸ਼ਾਮਿਲ ਸੀ। ਸ਼ਾਕਾਹਾਰੀਆਂ ਲਈ ਤੋਰੀ ਭੁਜੀਆ, ਪਨੀਰ ਜਲਫਰੇਜੀ ਅਤੇ ਮੱਕੀ ਪਾਲਕ ਵੀ ਰੋਟੀ ਨਾਲ ਪਰੋਸੇ ਗਏ। ਮੂੰਗ ਦਾਲ ਤੜਕਾ ਅਤੇ ਸਬਜ ਬਰਿਆਨੀ ਵੀ ਪੇਸ਼ ਕੀਤੀ ਗਈ। ਮਿੱਠੇ ਦੇ ਰੂਪ ਵਿਚ ਗੁੜ ਦਾ ਸੰਦੇਸ਼, ਫਿਰਨੀ ਅਤੇ ਤਾਜ਼ੇ ਫਲ ਜ਼ਰਦਾਰੀ ਅਤੇ ਉਨ੍ਹਾਂ ਦੀ ਟੀਮ ਨੂੰ ਪੇਸ਼ ਕੀਤੇ ਗਏ। ਖਾਣੇ ਪਿੱਛੋਂ ਵਫਦ ਨੂੰ ਚਾਹ ਅਤੇ ਕੌਫੀ ਦੀ ਪੇਸ਼ਕਸ਼ ਵੀ ਕੀਤੀ ਗਈ।
ਪੰਜ ਕਰੋੜ ਦਾਨ ਦੇਣ ਦਾ ਐਲਾਨ
ਅਜਮੇਰ, 9 ਅਪ੍ਰੈਲ -ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਇਥੇ 13ਵੀਂ ਸਦੀ ਦੇ ਸੂਫੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਇਤਿਹਾਸਕ ਦਰਗਾਹ 'ਤੇ ਚਾਦਰ ਚੜ੍ਹਾਈ ਅਤੇ ਅਮਨ-ਚੈਨ ਲਈ ਜਿਆਰਤ ਕੀਤੀ। ਇਸ ਮੌਕੇ ਉਨ੍ਹਾਂ ਦਰਗਾਹ ਲਈ 10 ਲੱਖ ਡਾਲਰ (ਲਗਪਗ 5 ਕਰੋੜ ਰੁਪਏ) ਦਾਨ ਦੇਣ ਦਾ ਐਲਾਨ ਕੀਤਾ। ਅੱਜ ਸ਼ਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੀ ਤੀਰਥ ਯਾਤਰਾ ਖਤਮ ਕਰਨ ਸਮੇਂ ਜਨਾਬ ਜ਼ਰਦਾਰੀ ਨੇ ਕਿਹਾ ਕਿ ਉਹ ਇਸ ਪਵਿੱਤਰ ਥਾਂ 'ਤੇ ਆਉਣ ਪਿੱਛੋਂ ਆਤਮਿਕ ਤੌਰ 'ਤੇ ਅਨੰਦਿਤ ਮਹਿਸੂਸ ਕਰਨ ਰਹੇ ਹਨ। ਅੰਜੂਮਨ ਕਮੇਟੀ ਦੇ ਉਪ ਪ੍ਰਧਾਨ ਸਈਦ ਖਿਲਾਮੂਦੀਨ ਚਿਸ਼ਤੀ ਅਨੁਸਾਰ ਸ੍ਰੀ ਜ਼ਰਦਾਰੀ ਦੀ ਤਰਫੋਂ ਦਰਗਾਹ ਦੀ ਭਲਾਈ ਲਈ ਪੰਜ ਕਰੋੜ ਰੁਪਏ ਦਾਨ ਦੇਣ ਦਾ ਐਲਾਨ ਉਨ੍ਹਾਂ ਦੇ ਵਫਦ ਦੇ ਇਕ ਮੈਂਬਰ ਨੇ ਕੀਤਾ। ਨੀਲੇ ਰੰਗ ਦੀ ਸਲਵਾਰ ਕਮੀਜ਼ ਪਹਿਨੀ 56 ਸਾਲਾ ਜ਼ਰਦਾਰੀ, ਉਨ੍ਹਾਂ ਦਾ ਪੁੱਤਰ ਬਿਲਾਵਲ, ਗ੍ਰਹਿ ਮੰਤਰੀ ਰਹਿਮਾਨ ਮਲਿਕ ਅਤੇ ਉਨ੍ਹਾਂ ਦੇ 44 ਮੈਂਬਰੀ ਵਫਦ ਦੇ ਦੂਸਰੇ ਮੈਂਬਰ 20 ਮਿੰਟ ਦਰਗਾਹ ਅੰਦਰ ਰਹੇ ਜਿਥੇ ਉਨ੍ਹਾਂ 42 ਵਰਗ ਮੀਟਰ ਲੰਬੀ ਚਾਦਰ ਚੜ੍ਹਾਈ ਅਤੇ ਜਿਆਰਤ ਕੀਤੀ। ਬਿਲਾਵਲ ਨੇ ਹਰੇ ਰੰਗ ਦੀ ਚਾਦਰ ਚੜ੍ਹਾਈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸ੍ਰੀ ਜ਼ਰਦਾਰੀ ਨਾਲ ਗਏ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਚਾਦਰ ਚੜ੍ਹਾਈ।
 
ਅਟਾਰੀ ਸੰਯੁਕਤ ਜਾਂਚ ਚੌਕੀ ਦੀ ਪਲੇਠੀ ਅਜ਼ਮਾਇਸ਼ ਸਫ਼ਲ
ਚਿਦੰਬਰਮ ਕਰਨਗੇ 13 ਨੂੰ ਰਸਮੀ ਉਦਘਾਟਨ : ਭਾਰਤ-ਪਾਕਿ ਵਪਾਰ 'ਚ ਆਵੇਗੀ ਇਤਿਹਾਸਕ ਕ੍ਰਾਂਤੀ
ਅੰਮ੍ਰਿਤਸਰ, 9 ਅਪ੍ਰੈਲ-ਭਾਰਤ-ਪਾਕਿ ਦਰਮਿਆਨ ਦੁਵੱਲੇ ਵਪਾਰ ਅਤੇ ਆਪਸੀ ਭਾਈਚਾਰਕ ਰਿਸ਼ਤਿਆਂ 'ਚ ਗੂੜ੍ਹਾਪਨ ਲਿਆ ਕੇ ਵਾਹਗਾ ਸਰਹੱਦ 'ਤੇ ਇਕ ਇਤਿਹਾਸਿਕ ਕ੍ਰਾਂਤੀ ਦਾ ਮੁੱਢ ਬਣਨ ਜਾ ਰਹੀ ਪਹਿਲੀ ਸੰਯੁਕਤ ਜਾਂਚ ਚੌਂਕੀ ਦੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਹੋਣ ਜਾ ਰਹੇ ਉਦਘਾਟਨ ਤੋਂ ਪਹਿਲਾਂ ਭਾਰਤੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵੱਲੋਂ ਦੋਵਾਂ ਦੇਸ਼ਾਂ ਦੇ ਵਣਜ ਵਜ਼ੀਰ ਅਤੇ ਲਹਿੰਦੇ-ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਹਾਜ਼ਰੀ 'ਚ ਅੱਜ ਪਲੇਠੀ ਅਜ਼ਮਾਇਸ਼ ਕੀਤੀ ਗਈ। ਜਿਸ ਦੌਰਾਨ ਪਾਕਿ 'ਤੋਂ ਆਏ ਯਾਤਰੀਆਂ ਨਵੀਂ ਚੌਕੀ ਰਾਹੀਂ ਭਾਰਤ 'ਚ ਪ੍ਰਵੇਸ਼ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਅਵਾਮ (ਖਾਸ ਕਰ ਲਹਿੰਦਾ ਅਤੇ ਚੜ੍ਹਦਾ ਪੰਜਾਬ) 'ਚ ਆਪਸੀ ਇਤਫਾਕ ਦੀ ਚਿਰਾਂ ਦੀ ਖਾਹਿਸ਼ ਲਈ ਪਹਿਲਾ ਪੂਰਨਾ ਪਾਇਆ। ਅੱਜ ਦੀ ਅਜਮਾਇਸ਼ ਮੌਕੇ ਚੌਕੀ ਰਾਹੀਂ ਪਾਕਿ ਤੋਂ ਫੈਸਲਾਬਾਦ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ ਪਾਕਿਸਤਾਨ ਦਾ ਇਕ 32 ਮੈਂਬਰੀ ਵਫਦ ਚੇਅਰਮੈਨ ਜਾਮਿਲ ਅਹਿਮਦ ਅਤੇ ਜਨਾਬ ਅਬਦੁੱਲ ਕਵੈਮ ਦੀ ਅਗਵਾਈ ਹੇਠ ਆਇਆ ਜੋ ਕਿ ਦਿੱਲੀ ਵਿਖੇ 'ਫਿੱਕੀ' ਨਾਲ ਵਪਾਰਕ ਬੈਠਕ ਕਰੇਗਾ। ਵਫਦ ਵਲੋਂ ਸੰਯੁਕਤ ਜਾਂਚ ਚੌਂਕੀ ਦੀ ਸਥਾਪਨਾ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਜਿੱਥੇ ਦੋਹਾਂ ਮੁਲਕਾਂ ਦੇ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਲਾਭ ਹੋਵੇਗਾ ਉਥੇ ਆਮ ਅਵਾਮ 'ਚ ਆਪਸੀ ਨੇੜਤਾ ਦੇ ਮੌਕੇ ਬਣਨਗੇ।
ਅਜ਼ਮਾਇਸ਼ ਦੌਰਾਨ ਅੱਜ ਸਮੂਹ ਏਜੰਸੀਆਂ ਜਿਨ੍ਹਾਂ 'ਚ ਇਮੀਗ੍ਰੇਸ਼ਨ, ਕਸਟਮ ਅਤੇ ਸੁਰੱਖਿਆ ਆਦਿ ਸ਼ਾਮਿਲ ਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਚੌਂਕੀ ਕਿਸੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰੂਨੀ ਦ੍ਰਿਸ਼ ਦਾ ਭੁਲੇਖਾ ਪਾ ਰਹੀ ਸੀ। ਇਸ ਮੌਕੇ ਕਸਟਮ ਦੇ ਡਿਪਟੀ ਕਮਿਸ਼ਨਰ ਆਰ. ਕੇ. ਦੁੱਗਲ ਨੇ ਦੱਸਿਆ ਕਿ ਅੱਜ ਕੇਵਲ ਮਨੁੱਖੀ ਆਵਾਜਾਈ ਸ਼ੁਰੂ ਕੀਤੀ ਗਈ ਹੈ ਜਦ ਕਿ ਮਾਲ ਵਾਹਕ ਟਰਮੀਨਲ ਵੀ ਕੱਲ੍ਹ 'ਤੋਂ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੇ ਗੇਟ ਹੁਣ ਆਵਾਜਾਈ ਲਈ ਵਰਤੋਂ 'ਚ ਨਹੀਂ ਲਿਆਂਦੇ ਜਾਣਗੇ। ਜਿਕਰਯੋਗ ਹੈ ਕਿ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤੀ ਗ੍ਰਹਿ ਮੰਤਰਾਲੇ ਦੇ ਸਰਹੱਦੀ ਪ੍ਰਬੰਧ ਵਿਭਾਗ ਅਧੀਨ ਭਾਰਤੀ ਜ਼ਮੀਨੀ ਲਾਂਘਾ ਅਥਾਰਟੀ (ਐੱਲ. ਪੀ. ਏ. ਆਈ.) ਵਲੋਂ 150 ਕਰੋੜ 'ਤੋਂ ਵਧੇਰੇ ਬਜਟ ਨਾਲ 132 ਏਕੜ ਜ਼ਮੀਨ 'ਤੇ ਬਣੀ ਦੇਸ਼ ਦੀ ਇਸ ਪਲੇਠੀ ਸੰਯੁਕਤ ਜਾਂਚ ਚੌਕੀ 'ਚ ਪਾਰਕਿੰਗ, ਬੈਂਕ, ਹੋਟਲ, ਤੇਲ ਪੰਪ, ਵੇਅਰ ਹਾਊਸ ਆਦਿ ਭਰਪੂਰ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਚੌਂਕੀ ਦੀ ਸਥਾਪਨਾ ਨਾਲ ਨਾ ਕੇਵਲ ਭਾਰਤ ਪਾਕਿ ਦਾ ਆਪਸੀ ਵਪਾਰ ਵਧੇਗਾ ਬਲਕਿ ਭਵਿੱਖ 'ਚ ਖੁੱਲ੍ਹੇ ਵਿਸ਼ਵ ਵਪਾਰ ਦੀਆਂ ਸੰਭਾਵਨਾਵਾਂ ਬਣਨ ਨਾਲ ਖਾੜੀ-ਅਰਬ, ਅਫਰੀਕਨ ਮੁਲਕਾਂ ਨਾਲ ਸੰਪਰਕ ਸਥਾਪਿਤ ਹੋ ਸਕੇਗਾ। ਮਾਹਿਰਾਂ ਮੁਤਾਬਕ ਇਸ ਚੌਂਕੀ ਰਾਹੀਂ ਵਪਾਰ ਦਾ ਅਸਲ ਵੇਗ ਭਾਰਤ ਦੀ ਤਰਜ਼ 'ਤੇ ਪਾਕਿ ਵਲੋਂ ਵੀ ਭਾਰਤ ਨੂੰ ਮੁੱਖ ਤਰਜੀਹੀ ਦੇਸ਼ ਦਾ ਦਰਜਾ ਦੇਣ ਨਾਲ ਹੀ ਸੰਭਵ ਹੋ ਸਕੇਗਾ। ਭਾਰਤ ਵਲੋਂ ਪਾਕਿ ਨੂੰ 1998 'ਚ ਹੀ ਉਕਤ ਦਰਜਾ ਦੇ ਕੇ ਲਗਭਗ 4000 ਵਸਤੂਆਂ ਦੇ ਆਯਾਤ ਦਾ ਅਧਿਕਾਰ ਦੇ ਦਿੱਤਾ ਸੀ ਪਰ ਪਾਕਿ ਸਰਕਾਰ ਵੱਲੋਂ ਕੀਤੀਆਂ ਅਹਿਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਾਕਿ ਸੰਸਦ ਵਲੋਂ ਭਾਰਤ ਨੂੰ ਮੁੱਖ ਤਰਜੀਹੀ ਦੇਸ਼ ਮੰਨਣ 'ਚ ਅਜੇ ਦੇਰ ਲੱਗੇਗੀ। ਜ਼ਿਕਰਯੋਗ ਹੈ ਕਿ ਪਾਕਿ ਵਲੋਂ ਅਫਗਾਨਿਸਤਾਨ ਨੂੰ ਅਜਿਹੇ ਅਧਿਕਾਰ ਦਿੱਤੇ ਗਏ ਹਨ। ਸੀ. ਆਈ. ਆਈ. ਦੇ ਜ਼ੋਨਲ ਚੇਅਰਮੈਨ ਸ੍ਰੀ ਸੁਨੀਤ ਕੋਛੜ ਨੇ ਦੱਸਿਆ ਕਿ ਚੌਂਕੀ ਦੀ ਸੰਪੂਰਨਤਾ ਲਈ ਰੇਲਵੇ ਕਾਰੀਡੋਰ ਨੂੰ ਲੁਧਿਆਣਾ 'ਤੋਂ ਅੰਮ੍ਰਿਤਸਰ ਅਟਾਰੀ ਤੱਕ ਵਧਾਉਣ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਦੀ ਅਣਹੋਂਦ ਦੂਹਰੇ ਕਿਰਾਏ ਅਤੇ ਮਜ਼ਦੂਰੀ ਦਾ ਕਾਰਨ ਬਣਦੀ ਹੈ। ਉਨ੍ਹਾਂ ਮਾਲ ਖੁੱਲ੍ਹੇ ਟਰੱਕਾਂ ਦੀ ਬਜਾਏ ਕੰਟੇਨਰਾਂ ਰਾਹੀਂ ਭੇਜਣ ਦੀ ਵਿਵਸਥਾ ਕੀਤੇ ਜਾਣ ਦੀ ਵੀ ਲੋੜ ਦੱਸੀ ਤਾਂ ਕਿ ਸਮਾਂ ਅਤੇ ਪੈਸੇ ਦੀ ਭਰਪੂਰ ਬੱਚਤ ਹੋ ਸਕੇ।
 
ਵੱਡੀ ਗਿਣਤੀ 'ਚ ਪੰਜਾਬ ਦੇ ਕਾਂਗਰਸੀ ਆਗੂ ਦਿੱਲੀ ਜਾਣਗੇ
ਨਵੇਂ ਪ੍ਰਧਾਨ ਲਈ ਬਰਾੜ ਤੇ ਬਾਜਵਾ ਦੇ ਨਾਂਅ ਉਭਰੇ
ਜਲੰਧਰ, 9 ਅਪ੍ਰੈਲ-ਪੰਜਾਬ ਅੰਦਰ ਕਾਂਗਰਸ ਦੀ ਹਾਰ ਦੀ ਸਮੀਖਿਆ ਕਰਨ ਅਤੇ ਪਾਰਟੀ ਅੰਦਰ ਏਕਤਾ ਤੇ ਉਭਾਰ ਲਿਆਉਣ ਲਈ ਰਣਨੀਤੀ ਅਪਣਾਏ ਜਾਣ ਬਾਰੇ ਪਾਰਟੀ ਹਾਈ ਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਐਂਟਨੀ ਕਮੇਟੀ ਰਾਜ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਵਿਚਾਰ ਜਾਣ ਚੁੱਕੀ ਹੈ, ਪਰ ਪਾਰਟੀ ਅੰਦਰਲੇ ਸੂਤਰਾਂ ਮੁਤਾਬਿਕ ਪਾਰਟੀ ਦੇ ਦੂਜੀ ਕਤਾਰ ਦੇ ਤਿੰਨ ਦਰਜਨ ਦੇ ਕਰੀਬ ਲੀਡਰਸ਼ਿਪ 'ਚ ਤਬਦੀਲੀ ਦੀ ਮੰਗ ਕਰਨ ਵਾਲੇ ਆਗੂ ਐਂਟਨੀ ਕਮੇਟੀ ਦੇ ਮੈਂਬਰਾਂ ਨੂੰ ਮਿਲਣ ਲਈ ਸੋਮਵਾਰ ਨੂੰ ਦਿੱਲੀ ਕੂਚ ਕਰ ਰਹੇ ਹਨ। ਕਾਂਗਰਸ ਅੰਦਰ ਪਾਰਟੀ ਦੀ ਚੋਣਾਂ 'ਚ ਹਾਰ ਨੂੰ ਲੈ ਕੇ ਵੱਡੀ ਤਰਥੱਲੀ ਮਚੀ ਹੋਈ ਹੈ ਤੇ ਪਾਰਟੀ ਦਾ ਵੱਡਾ ਹਿੱਸਾ ਇਹ ਮਹਿਸੂਸ ਕਰ ਰਿਹਾ ਹੈ ਕਿ ਜਿਹੜੀ ਲੀਡਰਸ਼ਿਪ 'ਭਰਿਆ ਘੜਾ ਬਚਾਉਣ 'ਚ ਕਾਮਯਾਬ ਨਹੀਂ ਰਹੀ, ਉਹ ਬਿਖਰੇ ਹੋਏ ਘੜੇ ਨੂੰ ਕਿਥੋਂ ਇਕੱਠਾ ਕਰ ਦੇਵੇਗੀ।' ਪਤਾ ਲੱਗਾ ਹੈ ਕਿ ਪੰਜਾਬ ਦੇ ਐਂਟਨੀ ਕਮੇਟੀ ਨਾਲ ਮੁਲਾਕਾਤ ਕਰਨ ਵਾਲੇ ਬਹੁਤੇ ਸੀਨੀਅਰ ਕਾਂਗਰਸ ਆਗੂ ਇਸ ਰਾਏ ਦੇ ਦੱਸੇ ਜਾਂਦੇ ਹਨ ਕਿ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪਾਰਟੀ ਪ੍ਰਦੇਸ਼ ਕਾਂਗਰਸ ਦੀ ਕਮਾਨ ਕਿਸੇ ਮਜ਼ਬੂਤ ਤੇ ਧੜੱਲੇਦਾਰ ਜੱਟ ਸਿੱਖ ਆਗੂ ਦੇ ਹੱਥ ਫੜਾਵੇ। ਇਕ ਸੀਨੀਅਰ ਦਲਿਤ ਪਾਰਟੀ ਆਗੂ ਨੇ ਵੀ ਇਹ ਸਪੱਸ਼ਟ ਰਾਏ ਦਿੱਤੀ ਦੱਸੀ ਜਾਂਦੀ ਰਹੀ ਹੈ ਕਿ ਇਸ ਮੌਕੇ ਜੱਟ ਸਿੱਖ ਆਗੂ ਹੀ ਪ੍ਰਦੇਸ਼ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਤੇ ਦੂਸਰੇ ਵਰਗਾਂ ਨੂੰ ਹੋਰ ਥਾਂ ਪ੍ਰਤੀਨਿਧਤਾ ਦਿੱਤੀ ਜਾ ਸਕਦੀ ਹੈ। ਪਤਾ ਲੱਗਾ ਹੈ ਕਿ ਇਸ ਆਗੂ ਦਾ ਕਹਿਣਾ ਹੈ ਕਿ ਜੇਕਰ ਹੁਣ ਕਿਸੇ ਦਲਿਤ ਆਗੂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਇਹ ਪ੍ਰਭਾਵ ਹੀ ਜਾਵੇਗਾ ਕਿ 'ਬਿੱਲੀ ਦੇ ਗਲ ਟੱਲੀ ਬੰਨ੍ਹਣ ਵੇਲੇ ਉਨ੍ਹਾਂ ਦੀ ਯਾਦ ਆ ਗਈ, ਪਹਿਲਾਂ ਕਦੇ ਪੁੱਛਿਆ ਨਹੀਂ।' ਕਮੇਟੀ ਨੂੰ ਮਿਲਣ ਵਾਲੇ ਆਗੂਆਂ ਵਿਚ ਲੀਡਰਸ਼ਿਪ ਦੀ ਤਬਦੀਲੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਬਾਕੀਆਂ 'ਚ ਕੋਈ ਦੋ ਰਾਵਾਂ ਨਹੀਂ। ਹਾਂ। ਇਸ ਗੱਲ ਉੱਪਰ ਮਤਭੇਦ ਜ਼ਰੂਰ ਹਨ ਕਿ ਅਗਲਾ ਪ੍ਰਧਾਨ ਬਣੇ ਕੌਣ? ਉਪਰਲੇ ਆਗੂਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਅੰਦਰ ਘੋਰ ਮਾਯੂਸੀ ਵਾਲੀ ਹਾਲਤ ਹੈ ਤੇ ਉਹ ਪਾਰਟੀ ਦੀ ਹਾਰ ਲਈ ਮੌਜੂਦਾ ਲੀਡਰਸ਼ਿਪ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਲੀਡਰਸ਼ਿਪ 'ਚ ਤਬਦੀਲੀ ਦੀ ਵੱਡੇ ਪੱਧਰ 'ਤੇ ਇਸੇ ਕਰਕੇ ਮੰਗ ਉੱਠ ਰਹੀ ਹੈ। ਪੰਜਾਬ ਦੇ ਦੂਜੀ-ਤੀਜੀ ਕਤਾਰ ਦੇ ਤਿੰਨ ਦਰਜਨ ਦੇ ਕਰੀਬ ਆਗੂ ਵੀ ਦੱਸੇ ਜਾਂਦੇ ਹਨ ਕਿ ਐਂਟਨੀ ਕਮੇਟੀ ਨੂੰ ਮਿਲ ਕੇ ਲੀਡਰਸ਼ਿਪ ਬਦਲਣ ਲਈ ਪੱਖ ਰੱਖਣ ਜਾ ਰਹੇ ਹਨ। ਪਾਰਟੀ ਵਿਧਾਨਕਾਰ ਗਰੁੱਪ ਦਾ ਨੇਤਾ ਸੁਨੀਲ ਜਾਖੜ ਨੂੰ ਬਣਾਏ ਜਾਣ ਤੋਂ ਬਾਅਦ ਪ੍ਰਦੇਸ਼ ਪ੍ਰਧਾਨਗੀ ਲਈ ਕਿਸੇ ਹਿੰਦੂ ਵਰਗ ਦੇ ਆਗੂ ਦੀ ਨਿਯੁਕਤੀ ਤਾਂ ਚਰਚਾ ਤੋਂ ਹੀ ਬਾਹਰ ਹੋ ਗਈ ਹੈ। ਦਲਿਤ ਕਾਂਗਰਸ ਆਗੂ ਇਸ ਸਮੇਂ ਪ੍ਰਧਾਨਗੀ ਲਈ ਬਹੁਤਾ ਉਤਸੁਕ ਨਜ਼ਰ ਨਹੀਂ। ਪਰ ਇਹ ਜ਼ਰੂਰ ਚਰਚਾ ਹੈ ਕਿ ਲੀਡਰਸ਼ਿਪ 'ਚ ਤਬਦੀਲੀ ਦੇ ਫੈਸਲੇ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਗੁਣਾ ਦੁਆਬੇ ਦੇ ਦਲਿਤ ਆਗੂ ਸ੍ਰੀ ਸੰਤੋਖ ਸਿੰਘ ਚੌਧਰੀ ਉੱਪਰ ਪੈ ਸਕਦਾ ਹੈ। ਕਾਂਗਰਸ ਅੰਦਰ ਵੱਡੀ ਪੱਧਰ 'ਤੇ ਇਹ ਗੱਲ ਆਮ ਪ੍ਰਵਾਨ ਹੈ ਕਿ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਧੜੱਲੇਦਾਰ ਤੇ ਪਾਰਟੀ ਪ੍ਰਤੀ ਵਫਾਦਾਰ ਜੱਟ ਸਿੱਖ ਆਗੂ ਨੂੰ ਅੱਗੇ ਲਿਆਂਦਾ ਜਾਵੇ। ਇਸ ਵਾਸਤੇ ਸ: ਪ੍ਰਤਾਪ ਸਿੰਘ ਬਾਜਵਾ ਅਤੇ ਜਗਮੀਤ ਸਿੰਘ ਬਰਾੜ ਦਾ ਨਾਂਅ ਸਭ ਤੋਂ ਉੱਪਰ ਆ ਰਿਹਾ ਹੈ। ਲੰਬਾ ਸਮਾਂ ਕੈਪਟਨ ਕੈਂਪ 'ਚ ਰਹੇ ਸੀਨੀਅਰ ਕਾਂਗਰਸੀ ਸ: ਲਾਲ ਸਿੰਘ ਦੇ ਨਾਂਅ ਦੀ ਵੀ ਚਰਚਾ ਚੱਲ ਰਹੀ ਹੈ ਤੇ ਉਨ੍ਹਾਂ ਦਾ ਨਾਂਅ ਕੈਪਟਨ ਦੇ ਕੱਟੜ ਵਿਰੋਧੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਉਭਾਰਿਆ ਜਾ ਰਿਹਾ ਹੈ। ਪਾਰਟੀ ਅੰਦਰ ਇਹ ਪ੍ਰਭਾਵ ਹੈ ਕਿ ਕਾਂਗਰਸ ਦੀ ਪੁਰਾਣੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਇਸ ਸਮੇਂ ਕੋਈ ਮਜ਼ਬੂਤ ਆਗੂ ਅੱਗੇ ਆਵੇ ਜੋ ਪਾਰਟੀ ਨੂੰ ਮੌਜੂਦਾ ਸੰਕਟ ਵਿਚੋਂ ਉਭਾਰ ਸਕੇ ਕਿਉਂਕਿ ਅਜਿਹਾ ਹੋਣ ਨਾਲ ਉਨ੍ਹਾਂ ਦਾ ਸਦਾ ਲਈ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ। ਸਮਝਿਆ ਜਾ ਰਿਹਾ ਹੈ ਕਿ ਇਹ ਆਗੂ ਪਾਰਟੀ ਦੀ ਕਮਾਨ ਕਿਸੇ ਕਮਜ਼ੋਰ ਆਗੂ ਨੂੰ ਸੰਭਾਲਣਾ ਚਾਹੁੰਦੇ ਹਨ ਤਾਂ ਕਿ ਉਸ ਦੇ ਅਸਫਲ ਹੋਣ ਬਾਅਦ ਮੁੜ ਫਿਰ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਪਰ ਪਾਰਟੀ ਦੇ ਵੱਡੇ ਹਿੱਸੇ ਸ: ਬਰਾੜ ਅਤੇ ਬਾਜਵਾ 'ਚੋਂ ਹੀ ਕਿਸੇ ਇਕ ਨੂੰ ਮੌਜੂਦਾ ਲੀਡਰਸ਼ਿਪ ਦਾ ਬਦਲ ਸਮਝ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਆਗੂ ਜ਼ਮੀਨੀ ਪੱਧਰ ਤੋਂ ਉੱਠ ਕੇ ਆਏ ਹਨ ਤੇ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਸਮਰਪਿਤ ਹਨ। ਪੇਂਡੂ ਤੇ ਸਿੱਖ ਹਲਕਿਆਂ 'ਚ ਇਨ੍ਹਾਂ ਆਗੂਆਂ ਦਾ ਮਾਣ-ਸਤਿਕਾਰ ਹੈ ਤੇ ਉਹ ਅਕਾਲੀ ਆਗੂਆਂ ਨੂੰ ਟੱਕਰ ਦੇਣ 'ਚ ਸਮਰੱਥ ਹੋ ਸਕਦੇ ਹਨ। ਕਾਂਗਰਸ ਦਾ ਵੱਡਾ ਹਿੱਸਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਲੀਡਰਸ਼ਿਪ 'ਚ ਤਬਦੀਲੀ ਦੀ ਮੰਗ ਉਠਾ ਰਿਹਾ ਹੈ।
ਕੇ. ਪੀ. ਨੂੰ ਕੇਂਦਰੀ ਮੰਤਰੀ ਮੰਡਲ 'ਚ ਲੈਣ ਦੀ ਚਰਚਾ

ਦੁਆਬੇ 'ਚ ਕਾਂਗਰਸ ਦੀ ਹਾਰ ਲਈ ਮੁੱਖ ਕਾਰਨ ਦਲਿਤ ਵੋਟਰਾਂ ਦਾ ਕਾਂਗਰਸ ਤੋਂ ਮੂੰਹ ਮੋੜ ਲੈਣਾ ਮੰਨਿਆ ਜਾ ਰਿਹਾ ਹੈ। ਜਲੰਧਰ ਤੋਂ ਟਕਸਾਲੀ ਕਾਂਗਰਸੀ ਤੇ ਦਲਿਤ ਆਗੂ ਮਹਿੰਦਰ ਸਿੰਘ ਕੇ. ਪੀ. ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਸਨ। 2009 ਦੀਆਂ ਲੋਕ ਸਭਾ ਚੋਣਾਂ ਸਮੇਂ ਉਨ੍ਹਾਂ ਦੀ ਪ੍ਰਧਾਨਗੀ ਸਮੇਂ ਦੁਆਬੇ ਦੀਆਂ ਤਿੰਨੇ ਲੋਕ ਸਭਾ ਸੀਟਾਂ ਉੱਪਰ ਕਾਂਗਰਸ ਉਮੀਦਵਾਰ ਜੇਤੂ ਰਹੇ ਸਨ ਪਰ ਬਾਅਦ ਵਿਚ ਪਾਰਟੀ ਨੇ ਸ੍ਰੀ ਕੇ. ਪੀ. ਨੂੰ ਲਾਹ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਥਾਪ ਦਿੱਤਾ ਸੀ। ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਸ੍ਰੀ ਕੇ. ਪੀ. ਨੂੰ ਬਦਲੇ ਜਾਣ ਅਤੇ ਦਲਿਤ ਵੋਟਰਾਂ ਦੀ ਅਣਦੇਖੀ ਕੀਤੇ ਜਾਣਾ ਹੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਬਣਿਆ ਹੈ। ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਮੰਡਲ 'ਚ ਵੱਡੀ ਰੱਦੋਬਦਲ ਸਮੇਂ ਸ੍ਰੀ ਮਹਿੰਦਰ ਸਿੰਘ ਕੇ. ਪੀ. ਨੂੰ ਨੁਮਾਇੰਦਗੀ ਦੇ ਕੇ ਕਾਂਗਰਸ ਦਲਿਤਾਂ ਦਾ ਮੁੜ ਭਰੋਸਾ ਹਾਸਲ ਕਰਨ ਦਾ ਕਦਮ ਉਠਾ ਸਕਦੀ ਹੈ।

ਸੁਰਜੀਤ ਸਿੰਘ ਦੀ ਰਿਹਾਈ ਦੀ ਆਸ ਬੱਝਣ ਨਾਲ
ਪਰਿਵਾਰਕ ਮੈਂਬਰ ਖੁਸ਼

30 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ ਸੁਰਜੀਤ ਉਰਫ਼ ਮੱਖਣ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ -ਸਜ਼ਾਵਾਂ ਭੁਗਤ ਚੁੱਕੇ ਵਿਦੇਸ਼ੀ ਕੈਦੀਆਂ ਨੁੂੰ ਰਿਹਾਅ ਕਰਨ ਦੀ ਪੁੱਜੀ ਖ਼ਬਰ ਸੁਰਜੀਤ ਸਿੰਘ ਉਰਫ ਮੱਖਣ ਸਿੰਘ ਦੇ ਪਰਿਵਾਰ ਲਈ ਵੀ ਆਸ ਦੀ ਕਿਰਨ ਲੈ ਕੇ ਆਈ ਹੈ ਕਿ ਉਹ ਵੀ ਰਿਹਾਅ ਹੋ ਕੇ ਜਲਦੀ ਆਪਣੇ ਘਰ ਪੁੱਜੇਗਾ। ਸੁਰਜੀਤ ਸਿੰਘ ਉਰਫ ਮੱਖਣ ਸਿੰਘ ਪਿਛਲੇ 30 ਸਾਲ ਤੋਂ ਪਾਕਿਸਤਾਨ ਦੀ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਸੁਰਜੀਤ ਸਿੰਘ ਦੇ ਵਕੀਲ ਅਵੇਸ਼ ਸ਼ੇਖ਼ ਵੱਲੋਂ ਪੈਰਵਾਈ ਕਰਕੇ ਕੀਤੀਆਂ ਰਿਹਾਈ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਦੀ ਆਸ ਦਾ ਜਦੋਂ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਸੁਰਜੀਤ ਸਿੰਘ ਦਾ ਪਿੰਡ ਫਿੱਡੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਉਸ ਦੇ ਵਿਛੋੜੇ ਦੇ ਦੁੱਖ ਵਿਚ ਪਿਤਾ, ਭਰਾ ਅਤੇ ਇਕ ਪੁੱਤਰ ਜਸਵਿੰਦਰ ਸਿੰਘ ਇਸ ਜਹਾਨ ਤੋਂ ਤੁਰ ਗਏ। ਹੁਣ ਉਸ ਦੀ ਬਜ਼ੁਰਗ ਪਤਨੀ ਹਰਬੰਸ ਕੌਰ, ਪੁੱਤਰ ਕੁਲਵਿੰਦਰ ਸਿੰਘ ਟੀਟੂ, ਧੀਆਂ ਪਰਵਿੰਦਰ ਕੌਰ , ਰਾਣੀ ਕੌਰ, ਭੈਣ ਗੁਰਦੀਪ ਕੌਰ ਅਤੇ ਹੋਰ ਰਿਸ਼ਤੇਦਾਰ ਉਸਦੀ ਰਿਹਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੂਰੇਵਾਲਾ ਵਿਖੇ ਸੁਰਜੀਤ ਸਿੰਘ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ, ਜਦ ਕਿ ਨੇੜਲੇ ਪਿੰਡ ਭੁੱਟੀਵਾਲਾ ਵਿਖੇ ਉਸ ਦੀ ਭੈਣ ਗੁਰਦੀਪ ਸਿੰਘ ਕੌਰ ਵਿਆਹੀ ਹੋਈ ਹੈ। ਰਿਹਾਈ ਦੀ ਆਸ ਮਗਰੋਂ ਅੱਜ ਅਜੀਤ ਦੇ ਇਸ ਪ੍ਰਤੀਨਿਧ ਨੇ ਪਿੰਡ ਸੂਰੇਵਾਲਾ ਵਿਖੇ ਜਾ ਕੇ ਸੁਰਜੀਤ ਸਿੰਘ ਦੀਆਂ ਦੋਵੇਂ ਲੜਕੀਆਂ ਨਾਲ ਗੱਲਬਾਤ ਸਾਂਝੀ ਕੀਤੀ। ਪਰਵਿੰਦਰ ਕੌਰ ਅਤੇ ਰਾਣੀ ਕੌਰ ਨੇ ਦੱਸਿਆ ਕਿ ਉਹਨਾਂ ਦਾ ਪਿਤਾ 1981 ਵਿਚ ਉਹ ਆਪਣੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੀ ਡਿਊਟੀ ਤੇ ਦਫ਼ਤਰ ਚੱਲਿਆ ਹੈ। ਪਰ ਮੁੜ ਘਰ ਵਾਪਸ ਨਹੀਂ ਆਇਆ। ਬਾਅਦ ਵਿਚ ਪੁੱਛ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਹ ਪਾਕਿਸਤਾਨ ਜੇਲ੍ਹ ਵਿਚ ਬੰਦ ਹੈ। ਉਹਨਾਂ ਦੱਸਿਆ ਕਿ 12 ਸਤੰਬਰ 2004 ਨੂੰ ਕੇਂਦਰੀ ਜੇਲ੍ਹ ਕੋਟ ਲਖਪਤ ਲਾਹੌਰ (ਪਾਕਿਸਤਾਨ) ਵਿਚੋਂ ਸੁਰਜੀਤ ਸਿੰਘ ਦੀ ਲਿਖੀ ਚਿੱਠੀ ਘਰਦਿਆਂ ਨੁੂੰ ਮਿਲੀ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਦੀ ਸਜ਼ਾ ਨੂੰ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ 25 ਸਾਲ ਦੀ ਕੈਦ ਵਿਚ ਤਬਦੀਲ ਕਰ ਦਿੱਤਾ ਸੀ ਅਤੇ ਉਸ ਨੇ ਆਪਣੀ ਰਿਹਾਈ ਬਾਰੇ ਪਰਿਵਾਰ ਨੁੂੰ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੁੂੰ ਦਰਖਾਸਤਾਂ ਭੇਜਣ ਲਈ ਕਿਹਾ ਸੀ, ਪਰ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਰਿਹਾਈ ਨਹੀਂ ਹੋਈ। ਉਹਨਾਂ ਦੱਸਿਆ ਕਿ ਕੋਟ ਲਖਪਤ ਦੇ ਕੈਦੀਆਂ ਵੱਲੋਂ ਮਈ 2007 ਵਿਚ ਭਾਰਤ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਰਿਹਾਈ ਦੀ ਮੰਗ ਕੀਤੀ ਸੀ ਇਸ ਪੱਤਰ ਵਿਚ ਵੀ ਸੁਰਜੀਤ ਸਿੰਘ ਪੁੱਤਰ ਸੁੱਚਾ ਦਾ ਨਾਮ ਦਰਜ ਸੀ, ਪਰ ਪਤਾ ਨਹੀਂ ਕਿਉਂ ਪਾਕਿਸਤਾਨ ਸਰਕਾਰ ਨੇ ਉਸ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਸਾਨੂੰ ਆਪਣੇ ਪਿਤਾ ਦੀ ਬੇਸਬਰੀ ਨਾਲ ਉਡੀਕ ਹੈ। ਜ਼ਿਕਰਯੋਗ ਹੈ ਕਿ 3ਅਪ੍ਰੈਲ 2008 ਨੂੰ ਜਦੋਂ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਬਾਰੇ ਸਾਬਕਾ ਮੰਤਰੀ ਅੰਸਾਰ ਬਰਨੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਆਏ ਸਨ ਤਾਂ ਉਸ ਸਮੇਂ ਪਿੰਡ ਸੂਰੇਵਾਲਾ ਦੀ ਪੰਚਾਇਤ ਅਤੇ ਲੜਕੀ ਪਰਵਿੰਦਰ ਕੌਰ ਅੰਸਾਰ ਬਰਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀਆਂ ਸਨ ਅਤੇ ਉਨ੍ਹਾਂ ਭਾਵੁਕ ਮਾਹੌਲ ਵਿਚ ਪਰਵਿੰਦਰ ਕੌਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਸੀ ਮੈਂ ਤੁਹਾਡੇ ਪਿਤਾ ਦੀ ਰਿਹਾਈ ਲਈ ਪੂਰੀ ਵਾਹ ਲਾਂਵਾਗਾ। ਇਸ ਮੌਕੇ ਉਨ੍ਹਾਂ ਵੱਲੋਂ ਬੇਨਤੀ ਪੱਤਰ ਅਤੇ ਦਸਤਾਵੇਜ਼ ਦੀ ਫਾਈਲ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਆਖਰਕਾਰ ਇਹ ਰਿਪੋਰਟ ਦਰਜ ਕਰਵਾਈ ਹੈ ਕਿ ਦਸੰਬਰ 2011 ਵਿਚ ਰਾਸ਼ਟਰਪਤੀ ਵੱਲੋਂ ਵਿਦੇਸ਼ੀ ਕੈਦੀਆਂ ਨੁੰ ਦਿੱਤੀ ਗਈ ਮੁਆਫ਼ੀ ਜੋ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਉਨ੍ਹਾਂ ਵਿਚ ਇਹ ਮੁਆਫ਼ੀ ਕੈਦੀ ਸੁਰਜੀਤ ਸਿੰਘ ਉਰਫ ਮੱਖਣ ਸਿੰਘ ਤੇ ਵੀ ਲਾਗੂ ਹੁੰਦੀ ਹੈ , ਜੋ ਸਜ਼ਾ ਤੋਂ ਵੱਧ ਕੈਦ ਕਟ ਚੁੱਕਾ ਹੈ ਅਤੇ ਉਸ ਨੂੰ 1982 ਵਿਚ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।


ਕੇਂਦਰ ਸਰਕਾਰ ਨੇ ਪੰਜਾਬ ਦੇ ਆਰਥਿਕ ਵਿਕਾਸ
ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ- ਬਾਦਲ

ਆਪਣੇ ਹਲਕੇ ਦੇ ਧੰਨਵਾਦੀ ਦੌਰੇ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪਿੰਡ ਖਿਓ ਵਾਲੀ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ। 
ਲੰਬੀ, ਮੰਡੀ ਕਿੱਲਿਆਂਵਾਲੀ, ਮਲੋਟ, 9 ਅਪ੍ਰੈਲ -ਵਿਧਾਨ ਸਭਾ ਹਲਕਾ ਲੰਬੀ 'ਚ ਆਪਣੇ ਧੰਨਵਾਦੀ ਦੌਰੇ ਦੇ ਚੌਥੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਇਹ ਇਤਿਹਾਸਕ ਫੇਰੀ ਜਿੱਥੇ ਇਕ ਪਾਸੇ ਦੋਵਾਂ ਮੁਲਕਾਂ ਵਿਚਾਲੇ ਸੁਖਾਵੇਂ ਸਬੰਧ ਬਣਾਉਣ ਲਈ ਅਹਿਮ ਹੈ ਉਥੇ ਦੂਸਰੇ ਪਾਸੇ ਇਹ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਹੋਰ ਮਜਬੂਤ ਕਰੇਗੀ। ਜਿਸ ਨਾਲ ਪੰਜਾਬ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਲਗਾਤਾਰ ਰਾਜ ਕਰਨ ਵਾਲੀਆਂ ਕਾਂਗਰਸੀ ਸਰਕਾਰਾਂ ਨੇ ਪੰਜਾਬ ਦੇ ਆਰਥਿਕ ਵਿਕਾਸ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਾਂਗਰਸ ਉਨ੍ਹਾਂ ਤਾਕਤਾਂ ਦੀ ਮਦਦ ਕਰ ਰਹੀ ਹੈ ਜਿਹੜੇ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹੁਣਾ ਚਾਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਸਿਆਸੀ ਸਕੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ, ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਜੇ. ਐਸ. ਚੀਮਾ ਤੇ ਸ: ਗੁਰਕੀਰਤ ਕ੍ਰਿਪਾਲ ਸਿੰਘ, ਪਰਮਜੀਤ ਸਿੰਘ ਲਾਲੀ ਬਾਦਲ, ਓ. ਐਸ. ਡੀ. ਬਲਕਰਨ ਸਿੰਘ ਬੱਲਾ, ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਭੁਪਿੰਦਰ ਸਿੰਘ ਮਹਿਣਾ, ਇਕਬਾਲ ਸਿੰਘ ਤਰਮਾਲਾ, ਬੂਟਾ ਸਿੰਘ, ਗੁਰਤੇਜ ਸਿੰਘ ਮਹਿਣਾ, ਰਣਯੋਧ ਸਿੰਘ ਲੰਬੀ, ਗੁਰਸੇਵਕ ਸਿੰਘ, ਵਕੀਲ ਵਣਵਾਲਾ, ਗੁਰਜੀਤ ਸਿੰਘ ਚਨੂੰ, ਸੁਖਬੀਰ ਸਿੰਘ ਗੱਗੜ, ਹਰਮੇਸ਼ ਸਿੰਘ ਖੁੱਡੀਆਂ, ਸਤਵਿੰਦਰ ਸਿੰਘ ਭਾਗੂ, ਸੰਦੀਪ ਸਿੰਘ ਲੰਬੀ, ਸੁਰਿੰਦਰ ਸਿੰਘ ਸੋਢੀ, ਗੁਰਸੇਵਕ ਸਿੰਘ ਲੰਬੀ ਅਤੇ ਗੁਰਜੀਵਨ ਸਿੰਘ ਘੁਮਿਆਰਾ ਵੀ ਹਾਜ਼ਰ ਸਨ।
ਦੂਜੇ ਦੀ ਥਾਂ ਪੇਪਰ ਦੇਣ ਵਾਲਾ ਦਿੱਲੀ ਤੋਂ ਗ੍ਰਿਫ਼ਤਾਰ

ਦੂਜੇ ਵਿਦਿਆਰਥੀ ਦੀ ਥਾਂ 'ਤੇ ਪੇਪਰ ਦੇਣ ਦਾ ਦੋਸ਼ੀ ਪੁਲਿਸ ਹਿਰਾਸਤ 'ਚ।

ਫ਼ਰੀਦਕੋਟ, 9 ਅਪ੍ਰੈਲ -ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਸਾਲ 2008 ਵਿਚ ਐਮ. ਬੀ. ਬੀ. ਐਸ. ਦੇ ਦਾਖਲੇ ਲਈ ਗਈ ਪੀ. ਐਮ. ਈ. ਟੀ. ਦੀ ਪ੍ਰੀਖਿਆ ਵਿਚ ਪੇਪਰ ਲੀਕ ਹੋਣ ਅਤੇ ਕੁਝ ਵਿਦਿਆਰਥੀਆਂ ਦੀ ਥਾਂ 'ਤੇ ਦੂਸਰੇ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਵਿਚ ਬੈਠਣ ਦੇ ਦੋਸ਼ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਵਿਚ ਲੋੜੀਂਦੇ ਇਕ ਦੋਸ਼ੀ ਨੂੰ ਫ਼ਰੀਦਕੋਟ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਦਿੱਲੀ ਵਿਖੇ ਐਮ. ਬੀ. ਬੀ. ਐਸ. ਦੇ ਤੀਸਰੇ ਸਾਲ ਦੇ ਇਸ ਵਿਦਿਆਰਥੀ ਨੂੰ ਅਦਾਲਤ ਨੇ 9 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਚ ਭੇਜਿਆ ਹੈ। ਇਸ ਦੋਸ਼ੀ 'ਤੇ ਨਾਭੇ ਦੇ ਇਕ ਵਿਦਿਆਰਥੀ ਤੋਂ 60 ਹਜ਼ਾਰ ਰੁਪਏ ਦੇ ਤੈਅ ਹੋਏ ਸੌਦੇ 'ਤੇ ਉਸਦੀ ਥਾਂ 'ਤੇ ਪੇਪਰ ਦੇ ਕੇ ਉਸਨੂੰ ਐਮ. ਬੀ. ਬੀ. ਐਸ. ਵਿਚ ਦਾਖ਼ਲਾ ਦੁਆਏ ਜਾਣ ਦੀ ਕੋਸ਼ਿਸ਼ ਕੀਤੇ ਜਾਣ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ 2008 ਵਿਚ ਪੀ. ਐਮ. ਈ. ਟੀ. ਦੀ ਪ੍ਰੀਖਿਆ ਵੇਲੇ ਸੁਪਰਵਾਈਜ਼ਰੀ ਸਟਾਫ਼ ਵੱਲੋਂ ਕੁਝ ਵਿਦਿਆਰਥੀਆਂ ਨੂੰ ਹੋਰਨਾਂ ਵਿਦਿਆਰਥੀਆਂ ਦੀ ਥਾਂ 'ਤੇ ਪੇਪਰ ਦਿੰਦੇ ਹੋਏ ਰੰਗੇ ਹੱਥੀਂ ਫੜ੍ਹਿਆ ਸੀ। ਦੋਸ਼ੀਆਂ ਖਿਲਾਫ਼ ਸਿਟੀ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਜਾਂਚ ਦੌਰਾਨ ਇਸ ਮੁਕੱਦਮੇ 'ਚ ਦੋਸ਼ੀ ਪਾਏ ਗਏ ਲੋਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਚੋਂ ਬਹੁਤ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਚਦੇ ਰਹੇ। ਸਿਟੀ ਪੁਲਿਸ ਦੇ ਇੰਸਪੈਕਟਰ ਹਰਬੰਸ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਏ. ਐਸ. ਆਈ. ਸੁਖਦਰਸ਼ਨ ਸਿੰਘ ਦੀ ਵਿਸ਼ੇਸ਼ ਟੀਮ ਵੱਲੋਂ ਦਿੱਲੀ ਦੇ ਇਕ ਮੈਡੀਕਲ ਕਾਲਜ 'ਚ ਐਮ. ਬੀ. ਬੀ. ਐਸ. ਦੇ ਤੀਸਰੇ ਸਾਲ ਦੇ ਵਿਦਿਆਰਥੀ ਰਜਨੀਸ਼ ਤਿਵਾੜੀ ਪੁੱਤਰ ਖਜ਼ਾਨਚੀ ਤਿਵਾੜੀ ਨਿਵਾਸੀ ਨਾਰਕਟੀਆ ਗੰਜ, ਬਿਹਾਰ ਨੂੰ ਗ੍ਰਿਫ਼ਤਾਰ ਕਰਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਦਰਸ਼ਨ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ। ਦੋਸ਼ੀ ਨੇ ਨਾਭੇ ਦੇ ਇਕ ਵਿਦਿਆਰਥੀ ਪਿਊਸ਼ ਚੌਧਰੀ ਦੀ ਥਾਂ 'ਤੇ ਪੇਪਰ ਵਿਚ ਬੈਠ ਕੇ ਪ੍ਰੀਖਿਆ ਦਿੱਤੀ ਸੀ।
ਖ਼ਾਲਸਾਈ ਜਾਹੋ ਜਲਾਲ ਨਾਲ ਨਗਰ
ਕੀਰਤਨ ਤਖ਼ਤ ਸ੍ਰੀ ਪਟਨਾ ਸਾਹਿਬ ਪੁੱਜਾ

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਇਕਬਾਲ ਸਿੰਘ। ਸੰਗਤਾਂ 'ਚ ਬੈਠੇ ਬਾਬਾ ਮਾਨ ਸਿੰਘ ਪਿਹੋਵਾ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਅਤੇ ਬਾਬਾ ਹਰਜਿੰਦਰ ਸਿੰਘ ਧਬਲਾਨ ਵਾਲੇ।
ਪਟਨਾ ਸਾਹਿਬ, 9 ਅਪ੍ਰੈਲ - ਗੁ: ਸ੍ਰੀ ਈਸ਼ਰ ਦਰਬਾਰ ਪਿਹੋਵਾ ਤੋਂ ਆਰੰਭ ਹੋ ਕੇ 1300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ ਸ੍ਰੀ ਪਟਨਾ ਸਾਹਿਬ ਵਿਖੇ ਦਾਖ਼ਲ ਹੋਇਆ। ਵੱਡੀ ਗਿਣਤੀ 'ਚ ਸੰਗਤਾਂ ਵੱਲੋਂ ਲਗਾਏ ਜਾ ਰਹੇ ਜੈਕਾਰਿਆਂ, ਕੇਸਰੀ ਪੱਗਾਂ ਤੇ ਗਤਕੇ ਦੇ ਜ਼ੌਹਰ ਦਿਖਾਉਂਦੇ ਹੋਏ ਨੌਜਵਾਨਾਂ ਨੇ ਪਟਨਾ ਸਾਹਿਬ ਦਾ ਸਾਰਾ ਮਾਹੌਲ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਨਗਰ ਕੀਰਤਨ ਦਾ ਸਵਾਗਤ ਕਰਨ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸਮੂਹ ਪਟਨਾ ਸਾਹਿਬ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਉਚੇਚੇ ਤੌਰ 'ਤੇ ਪਹੁੰਚੇ। ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੀ ਸੁਚੱਜੀ ਦੇਖ ਰੇਖ ਹੇਠਾਂ ਪਹੁੰਚੇ ਇਸ ਨਗਰ ਕੀਰਤਨ ਬਾਰੇ ਜਥੇ: ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਇੰਨਾ ਵੱਡਾ ਨਗਰ ਕੀਰਤਨ ਅਤੇ ਉਹ ਜ਼ਿਆਦਾਤਰ ਸਾਬਤ ਸੂਰਤ ਸੰਗਤ ਨਾਲ ਲੈ ਕੇ ਆਉਣਾ ਇੱਕ ਮਹਾਨ ਕਾਰਜ ਹੈ। ਇਸ ਮੌਕੇ ਜਥੇ: ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਡੇਢ ਕਿੱਲੋ ਦਾ ਛਤਰ ਤੇ ਡੇਢ ਕਿੱਲੋ ਦਾ ਚੌਰ ਸਾਹਿਬ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਭੇਟ ਕੀਤਾ। ਬਾਬਾ ਮੋਹਨ ਸਿੰਘ ਲੰਗਰਾਂ ਵਾਲਿਆਂ ਵੱਲੋਂ ਸੰਗਤ ਲਈ ਤਰ੍ਹਾਂ-ਤਰ੍ਹਾਂ ਦਾ ਲੰਗਰ ਤਿਆਰ ਕੀਤਾ ਹੋਇਆ ਸੀ। ਇਸ ਮੌਕੇ ਜਥੇ: ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਡਾ: ਪਰਮਜੀਤ ਸਿੰਘ ਕੰਗ, ਇਸ਼ਵਿੰਦਰ ਸਿੰਘ ਦੁਬਈ, ਬਾਬਾ ਜਸਦੀਪ ਸਿੰਘ ਜਗਾਧਰੀਵਾਲੇ, ਬਾਬਾ ਹਰਜਿੰਦਰ ਸਿੰਘ ਧਬਲਾਨ ਵਾਲੇ ਤੇ ਹੋਰ ਬਹੁਤ ਸਾਰੇ ਸੰਤ-ਮਹਾਂਪੁਰਖ ਇਸ ਮੌਕੇ ਹਾਜ਼ਰ ਸਨ।
ਸਿੱਖ ਮਸਲਿਆਂ ਦੇ ਹੱਲ ਲਈ ਸੰਗਤਾਂ ਅਕਾਲ ਤਖ਼ਤ ਦੀ
ਸਰਪ੍ਰਸਤੀ ਹੇਠ ਇਕਜੁੱਟ ਹੋਣ- ਗਿ: ਗੁਰਬਚਨ ਸਿੰਘ
ਲੁਧਿਆਣਾ, 9 ਅਪ੍ਰੈਲ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋ ਕੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਹੋਵੇ। ਸਿੰਘ ਸਾਹਿਬ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਗ੍ਰਹਿ ਵਿਖੇ 'ਅਜੀਤ' ਨਾਲ ਗੱਲਬਾਤ ਕਰ ਰਹੇ ਸਨ ਜੋ ਕਿ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਲਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਦੀ ਇਕਜੁੱਟਤਾ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 'ਤੇ ਰੋਕ ਲੱਗੀ ਹੈ, ਜਦਕਿ ਉਸਦੀ ਰਿਹਾਈ ਤੱਕ ਸੰਘਰਸ਼ਸ਼ੀਲ ਯਤਨ ਜਾਰੀ ਰਹਿਣਗੇ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੇ ਵਰ੍ਹਿਆਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸ ਬਾਰੇ ਵਿਚਾਰ ਵਟਾਂਦਰਾ ਕਰਕੇ ਮੁੱਖ ਮੰਤਰੀ ਨਾਲ ਜਲਦੀ ਹੀ ਮੀਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਗੁਰਦਾਸਪੁਰ ਵਿਖੇ ਭਾਈ ਜਸਪਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਨਿਭਾਈ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਪਰਮਜੀਤ ਸਿੰਘ ਖਾਲਸਾ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਾਜੜਾ, ਰਣਧੀਰ ਸਿੰਘ ਲਾਡੀ, ਬਲਜੀਤ ਸਿੰਘ ਬੀਤਾ, ਮੇਜਰ ਸਿੰਘ ਖਾਲਸਾ, ਰਣਜੋਧ ਸਿੰਘ ਜੀ. ਐਸ., ਹਰਪਾਲ ਸਿੰਘ ਖਾਲਸਾ, ਕਰਮਜੀਤ ਸਿੰਘ ਭੋਲਾ ਅਤੇ ਬਲਵਿੰਦਰ ਸਿੰਘ ਤਾਜਪੁਰ ਵੀ ਹਾਜ਼ਰ ਸਨ।
ਸਾਨੂੰ ਓਧਰ ਅਜੇ ਵੀ ਜਲੰਧਰੀਏ ਤੇ ਅੰਮ੍ਰਿਤਸਰੀਏ ਕਹਿਕੇ ਬੁਲਾਉਂਦੇ ਨੇ
ਚੰਡੀਗੜ੍ਹ, 9 ਅਪ੍ਰੈਲ - ਪਾਕਿਸਤਾਨ ਦੇ ਸਾਬਕਾ ਕਾਨੂੰਨ ਮੰਤਰੀ ਡਾ. ਬਾਬਰ ਅਵਾਨ ਨਾਲ ਪੰਜਾਬ ਫੇਰੀ 'ਤੇ ਆਏ ਇਸਲਾਮਾਬਾਦ ਹਾਈਕੋਰਟ ਦੇ ਸਾਬਕਾ ਜੱਜ ਅਤੇ ਪਾਕਿਸਤਾਨ ਬਾਰ ਕੌਂਸਲ ਦੇ ਸੀਨੀਅਰ ਮੈਂਬਰ ਜਸਟਿਸ ਮੁਹੰਮਦ ਰਮਜਾਨ ਸੋਹਲ ਨੇ ਅੱਜ ਇਥੇ ਲਾਅ ਭਵਨ ਵਿਖੇ ਦੱਸਿਆ ਕਿ ਪਾਕਿਸਤਾਨ 'ਚ ਉਨ੍ਹਾਂ ਦੇ ਪਿੰਡ ਚੱਕ 287 (ਜ਼ਿਲ੍ਹਾ ਵਿਹਾੜੀ, ਤਹਿਸੀਲ ਬੂਰੇਵਾਲੀ, ਪੰਜਾਬ) ਵਿਚ ਦੋ ਪੱਤੀਆਂ ਹਨ, ਇਕ ਪੱਤੀ ਦੇ ਲੋਕਾਂ ਦੇ ਬਜ਼ੁਰਗ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਦੂਜੀ ਪੱਤੀ ਦੇ ਬਜ਼ੁਰਗ ਜਲੰਧਰ ਦੇ ਰਹਿਣ ਵਾਲੇ ਸਨ। ਇਸੇ ਲਈ ਓਧਰ ਲੋਕ ਉਨ੍ਹਾਂ ਨੂੰ ਅਜੇ ਵੀ ਜਲੰਧਰੀਏ ਅਤੇ ਅੰਮ੍ਰਿਤਸਰੀਏ ਕਹਿ ਕੇ ਬੁਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੈਂ ਅੰਮ੍ਰਿਤਸਰੀਆਂ ਦੀ ਪੱਤੀ 'ਚੋਂ ਹਾਂ, ਮੇਰੇ ਵਾਲਿਦ ਐਧਰ ਅਜਨਾਲਾ ਰਹਿੰਦੇ ਸਨ। ਓਧਰ ਜਲੰਧਰੀ ਤੇ ਅੰਮ੍ਰਿਤਸਰੀ ਪੱਤੀ ਵਾਲਿਆਂ ਦੇ ਕੁਝ ਪਰਿਵਾਰਾਂ ਨੂੰ ਲੋਕ ਸਰਦਾਰ ਕਹਿ ਕੇ ਵੀ ਬੁਲਾਉਂਦੇ ਹਨ ਕਿਉਂਕਿ ਲੋਕਾਂ ਦਾ ਦੱਸਣਾ ਹੈ ਕਿ ਸਾਡੇ ਬਜ਼ੁਰਗ ਸਰਦਾਰ ਹੀ ਸਨ, ਜਿਸ 'ਤੇ ਸਾਨੂੰ ਹੋਰ ਵੀ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਓਧਰਲੇ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ਪੰਜਾਬੀ ਨੂੰ ਵਿਸਾਰ ਚੁੱਕੇ ਹਨ ਪਰ ਸਾਨੂੰ ਆਪਣੇ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ, ਅਸੀਂ ਪੰਜਾਬੀ ਬੋਲਣੀ ਸ਼ੁਰੂ ਕਰਾਂਗੇ ਤਾਂ ਹੋਰ ਲੋਕ ਆਪਣੇ ਆਪ ਹੀ ਬੋਲਣ ਲੱਗਣਗੇ।
ਭਾਰਤ ਅਤੇ ਪਾਕਿ ਇਕ ਦੂਜੇ ਪ੍ਰਤੀ ਆਪਣੇ ਰਵੱਈਏ
ਬਦਲ ਸਕਦੇ ਹਨ-ਬਾਬਰ ਅਵਾਨ

ਪਾਕਿ ਦੇ ਸਾਬਕਾ ਕਾਨੂੰਨ ਮੰਤਰੀ ਡਾ: ਬਾਬਰ ਅਵਾਨ ਲਾਅ ਭਵਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਨਾਲ ਬੈਠੇ ਮੁਹੰਮਦ ਰਮਜਾਨ ਸੋਹਲ, ਪ੍ਰਤਾਪ ਸਿੰਘ ਅਤੇ ਲੇਖ ਰਾਜ ਸ਼ਰਮਾ।
ਚੰਡੀਗੜ੍ਹ, 9 ਅਪ੍ਰੈਲ-ਪਾਕਿਸਤਾਨ ਦੇ ਸਾਬਕਾ ਕਾਨੂੰਨ ਮੰਤਰੀ ਡਾ: ਬਾਬਰ ਅਵਾਨ ਨੇ ਅੱਜ ਇਥੇ ਕਿਹਾ ਕਿ ਪਰਮਾਣੂ(ਨਿਊਕਲੀਅਰ) ਮੁਲਕ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਪਤਾ ਹੈ ਕਿ ਉਹ ਆਪਣੇ ਗੁਆਂਢੀ ਨਹੀਂ ਬਦਲ ਸਕਦੇ ਪਰ ਇਕ ਦੂਜੇ ਪ੍ਰਤੀ ਆਪਣੇ ਰਵੱਈਏ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਪਾਕਿ ਰਾਸ਼ਟਰਪਤੀ ਜ਼ਨਾਬ ਆਸਿਫ਼ ਅਲੀ ਜ਼ਰਦਾਰੀ ਵਿਚਾਲੇ ਹੋ ਰਹੀ ਗੱਲਬਾਤ ਦੋਵਾਂ ਦੇਸ਼ਾਂ ਦੇ ਇਕ ਦੂਜੇ ਪ੍ਰਤੀ ਰਵੱਈਏ ਬਦਲਣ ਵੱਲ ਇਕ ਸਾਰਥਕ ਕਦਮ ਹਨ, ਜਿਸਦਾ ਉਹ ਅਤੇ ਦੋਵਾਂ ਦੇਸ਼ਾਂ ਦੇ ਲੋਕ ਵਿਸ਼ੇਸ਼ਕਰ ਵਕੀਲ ਭਾਈਚਾਰਾ ਸਵਾਗਤ ਕਰਦਾ ਹੈ। ਅੱਜ ਚੰਡੀਗੜ੍ਹ ਦੇ ਲਾਅ ਭਵਨ ਵਿਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲਾਂ ਦੀ ਬਾਰ ਕੌਂਸਲ ਦੇ ਸੱਦੇ 'ਤੇ ਪੁੱਜੇ ਡਾ: ਅਵਾਨ ਨੇ ਕਿਹਾ ਕਿ ਭਾਰਤ-ਪਾਕਿ ਨੂੰ ਆਪਣੀ ਵੀਜ਼ਾ ਪ੍ਰਣਾਲੀ ਸੌਖੀ ਕਰਨ ਲਈ ਤੁਰੰਤ ਕੋਈ ਸੰਧੀ ਕਰਨੀ ਚਾਹੀਦੀ ਹੈ ਜਿਸ ਨਾਲ ਦੋਵਾਂ ਮੁਲਕਾਂ ਦੇ ਲੋਕ ਆਸਾਨੀ ਨਾਲ ਇਕ ਦੂਜੇ ਨੂੰ ਮਿਲ ਸਕਣ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਦੇ ਕੈਦੀ ਜਿਹੜੇ ਕਿ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਕੱਟ ਚੁੱਕੇ ਹਨ ਉਨ੍ਹਾਂ ਕੈਦੀਆਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਇਕ ਨਿਯਮ ਤਹਿਤ ਜੋ ਵਿਦੇਸ਼ੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ, ਉਸਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਸਰਬਜੀਤ ਸਿੰਘ ਦੀ ਰਿਹਾਈ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਉਹ ਟਾਲਾ ਵੱਟ ਗਏ। ਉਨ੍ਹਾਂ ਐਨਾ ਹੀ ਕਿਹਾ ਕਿ ਇਸ ਮਾਮਲੇ ਵਿਚ ਅਦਾਲਤੀ ਪ੍ਰਕਿਰਿਆ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਇਸਲਾਮਾਬਾਦ ਹਾਈਕੋਰਟ ਦੇ ਸਾਬਕਾ ਜੱਜ ਮੁਹੰਮਦ ਰਮਜਾਨ ਸੋਹਲ, ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਬਾਰ ਕੌਂਸਲ ਦੇ ਪ੍ਰਧਾਨ ਲੇਖ ਰਾਜ ਸ਼ਰਮਾ, ਆਲ ਇੰਡੀਆ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਤਾਪ ਸਿੰਘ ਅਤੇ ਬਾਰ ਕੌਂਸਲ ਦੇ ਆਨਰੇਰੀ ਸਕੱਤਰ ਅਮਰੀਕ ਸਿੰਘ ਕਾਲੜਾ ਵੀ ਹਾਜ਼ਰ ਸਨ।
ਆਰਟਸ ਕੌਂਸਲ ਦੇ ਡਾਇਰੈਕਟਰ ਵੱਲੋਂ 'ਦਿ ਤਾਜ ਟਾਵਰ'
ਦੇ ਕਾਰਪੋਰੇਟ ਦਫ਼ਤਰ ਦਾ ਉਦਘਾਟਨ

'ਦਿ ਤਾਜ ਟਾਵਰ' ਦੇ ਕਾਰਪੋਰੇਟ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਆਰਟਸ ਕੌਂਸਲ ਆਫ ਇੰਡੀਆ ਦੇ ਡਾਇਰੈਕਟਰ ਰਾਜਪਾਲ ਸਿੰਘ ਤੇ ਹੋਰ।
ਅਜੀਤਗੜ੍ਹ, 9 ਅਪ੍ਰੈਲ -ਕੋਈ ਵੀ ਮੁਲਕ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਹ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਨਹੀਂ ਪਹਿਚਾਣਦਾ। ਇਹ ਵਿਚਾਰ ਆਰਟਸ ਕੌਂਸਲ ਆਫ ਇੰਡੀਆ ਦੇ ਡਾਇਰੈਕਟਰ ਰਾਜਪਾਲ ਸਿੰਘ ਨੇ ਅੱਜ 'ਦਿ ਤਾਜ ਟਾਵਰ' ਕੰਪਨੀ ਵੱਲੋਂ ਸੈਕਟਰ 104, ਪਰਲ ਸਿਟੀ ਅਜੀਤਗੜ੍ਹ ਵਿਖੇ 5 ਏਕੜ ਜ਼ਮੀਨ 'ਤੇ ਬਣਾਏ ਜਾ ਰਹੇ ਤਾਜ ਟਾਵਰਸ ਦੇ ਕਾਰਪੋਰੇਟ ਦਫ਼ਤਰ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕਰਨ ਮੌਕੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਵਿਰਾਸਤ ਦੀ ਸੁੰਦਰਤਾ ਨੂੰ ਸਮਝ ਹੀ ਨਹੀਂ ਰਹੇ ਹਾਂ ਅਤੇ ਸਾਡੇ ਮੁਲਕ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੇ ਵਿਅਕਤੀ ਹੀ ਫਿਕਰਮੰਦ ਨਹੀਂ ਹਨ। ਤਾਜ ਟਾਵਰਸ ਦੇ ਇਸ ਕਾਰਪੋਰੇਟ ਦਫ਼ਤਰ ਦਾ ਰਸਮੀ ਉਦਘਾਟਨ ਪੀ. ਏ. ਸੀ. ਐਲ. ਕੰਪਨੀ ਦੇ ਡਾਇਰੈਕਟਰ ਕੇ. ਜੇ. ਐਸ. ਤੂਰ ਵੱਲੋਂ ਕੀਤਾ ਗਿਆ। ਡਿਪਟੀ ਕਮਿਸ਼ਨਰ ਐਜੂਕੇਸ਼ਨ ਐਮ. ਐਸ. ਚੌਹਾਨ, ਰਮੇਸ਼ ਕ੍ਰਿਸ਼ਨ ਸ਼ਰਮਾ ਸੀਨੀਅਰ ਆਈ. ਏ. ਐਸ. ਹਰਿਆਣਾ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਸਮਾਰੋਹ 'ਚ 94.3 ਮਾਈ ਐਫ. ਐਮ ਦੀ ਆਰ. ਜੇ. ਮੀਨਾਕਸ਼ੀ ਨੇ ਆਪਣੇ ਕਲਾਕਾਰੀ ਅੰਦਾਜ਼ ਵਿੱਚ 'ਦਾ ਤਾਜ ਟਾਵਰਸ' ਦੇ ਬਾਰੇ ਵਿੱਚ ਚਾਨਣਾ ਪਾਇਆ। ਦਾ ਤਾਜ ਟਾਵਰਸ ਦੇ ਡਾਇਰੈਕਟਰ ਰੋਹਿਤ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਗਲੋਬਲ ਸਟੈਂਡਰਡ ਦੇ ਰਿਹਾਇਸ਼ੀ ਕੰਪਲੈਕਸ ਬਣਾਉਣ ਵਿੱਚ ਮੁਹਾਰਤ ਰੱਖਣ ਵਾਲੇ ਇਸ ਗਰੁੱਪ ਵੱਲੋਂ ਬਣਾਏ ਜਾ ਰਹੇ ਤਾਜ ਟਾਵਰਸ ਟਾਊਨਸ਼ਿਪ ਵਿੱਚ 3+1 ਬੈਡਰੂਮ ਵਾਲੇ ਫਲੈਟਸ ਹਨ। ਟਾਊਨਸ਼ਿਪ ਦੀ ਖਾਸੀਅਤ ਇਹ ਹੈ ਕਿ ਹਰੇਕ ਫਲੈਟ ਦੀ ਬਾਲਕੋਨੀ 'ਚ ਪਾਰਕ ਦੀ ਸੁਵਿਧਾ ਦਿੱਤੀ ਜਾ ਰਹੀ ਹੈ।