Sunday, 22 April 2012

ਖਰਾਬ ਮੌਸਮ ਦੇ ਬਾਵਜੂਦ ਪੰਜਾਬ 'ਚ ਹੋਵੇਗਾ
ਕਣਕ ਦਾ ਰਿਕਾਰਡ ਉਤਪਾਦਨ

 
ਆਮਦ ਵਿਚ ਇਕਦ
ਜਲੰਧਰ, 22 ਅਪ੍ਰੈਲ-ਵਾਢੀ ਦੇ ਦਿਨਾਂ 'ਚ ਪਏ ਬੇਮੌਸਮੀ ਮੀਂਹ ਅਤੇ ਚੱਲੀ ਹਨੇਰੀ ਨੇ ਹਾਲਾਂਕਿ ਕਈ ਥਾਵਾਂ 'ਤੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਕਣਕਾਂ ਲੰਮੀਆਂ ਪੈ ਗਈਆਂ ਹਨ ਪਰ ਇਸ ਦੇ ਬਾਵਜੂਦ ਇਸ ਵਾਰ ਪੰਜਾਬ 'ਚ ਕਣਕ ਦੀ ਭਰਪੂਰ ਤੇ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਉਹ ਇਸ ਵਾਰ 165 ਲੱਖ ਟਨ ਕਣਕ ਦੀ ਪੈਦਾਵਾਰ ਦਾ ਟੀਚਾ ਹਾਸਲ ਕਰ ਲੈਣਗੇ, ਕਿਉਂਕਿ ਇਸ ਵਾਰ ਸਰਦੀ ਲੰਬਾਂ ਸਮਾਂ ਰਹਿਣ ਕਾਰਨ ਕਣਕ ਦੀ ਫਸਲ ਨੂੰ ਵੱਧਣ-ਫੁੱਲਣ ਦਾ ਵਧੀਆ ਮੌਕਾ ਮਿਲਿਆ ਹੈ ਤੇ ਇਸ ਤਰ੍ਹਾਂ 4700 ਕਿਲੋ ਗ੍ਰਾਮ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਓਧਰ ਹਾਲਾਂਕਿ ਮੌਸਮ ਦੀ ਬੇਰੁਖੀ ਕਾਰਨ ਅਜੇ ਮੰਡੀਆਂ 'ਚ ਕਣਕ ਦੀ ਆਮਦ ਘੱਟ ਹੈ ਤੇ ਪੰਜਾਬ ਦੀਆਂ ਮੰਡੀਆਂ 'ਚ ਅਜੇ ਕੁੱਲ 16 ਲੱਖ ਟਨ ਕਣਕ ਹੀ ਪੁੱਜੀ ਹੈ, ਜੋ ਪਿਛਲੇ ਸਾਲ ਨਾਲੋਂ 30 ਫੀਸਦੀ ਘੱਟ ਹੈ ਪਰ ਆਉਂਦੇ ਦਿਨਾਂ 'ਚ ਵਾਢੀ ਦੇ ਕੰਮ 'ਚ ਇਕਦਮ ਤੇਜ਼ੀ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ 3-4 ਦਿਨਾਂ 'ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਤੇ ਇਸ ਸਮੇਂ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਂਦੇ ਹੋਏ ਵਾਢੀ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਮੌਸਮ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਾਲਾਂਕਿ ਆਉਣ ਵਾਲੇ ਤਿੰਨ-ਚਾਰ ਦਿਨ ਮੌਸਮ ਪੂਰੀ ਤਰ੍ਹਾਂ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਉਸ ਪਿੱਛੋਂ ਮੌਸਮ 'ਚ ਕੁੱਝ ਤਬਦੀਲੀ ਆਉਣ 'ਤੇ ਤੇਜ਼ ਹਵਾਵਾਂ ਚੱਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਕਣਕ ਦੀ ਵਾਢੀ ਦਾ ਕੰਮ ਮੁਕਾ ਲੈਣ। ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਕਿਹਾ ਹੈ ਕਿ ਹਾਲਾਂਕਿ ਕਈ ਥਾਈਂ ਤੇਜ ਹਵਾਵਾਂ ਚੱਲਣ ਤੇ ਮੀਂਹ ਪੈਣ ਕਾਰਨ ਕਣਕਾਂ ਵਿਛ ਗਈਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ 'ਚ ਇਸ ਵਾਰ ਰਿਕਾਰਡ ਕਣਕ ਦੀ ਪੈਦਾਵਾਰ ਹੋਵੇਗੀ ਤੇ ਪਿਛਲੇ ਵਰ੍ਹੇ ਨਾਲੋਂ ਇਕ ਲੱਖ ਟਨ ਕਣਕ ਵਾਧੂ ਪੈਦਾ ਹੋਣ ਤੇ 165 ਲੱਖ ਟਨ ਕਣਕ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਵਿਚ ਕੁੱਲ 35.15 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਤੇ ਕੁਝ ਥਾਵਾਂ ਨੂੰ ਛੱਡ ਕੇ ਇਸ ਉੱਪਰ ਮੌਸਮ ਦੀ ਖਰਾਬੀ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਤੇ ਨਾ ਹੀ ਕਣਕ ਦੇ ਮਿਆਰ ਨੂੰ ਕੋਈ ਫਰਕ ਪਿਆ ਹੈ।  ਪੰਜਾਬ ਮੰਡੀ ਬੋਰਡ ਦੇ ਸਹਾਇਕ ਡਾਇਰੈਕਟਰ ਸ. ਸ਼ਮਸ਼ੇਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ 1770 ਮੰਡੀਆਂ 'ਚ ਹੁਣ ਤੱਕ 16 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਿਸ ਵਿਚੋਂ 12 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਮੌਸਮ ਸਾਫ ਹੋਣ ਕਾਰਨ ਆਉਂਦੇ ਦਿਨਾਂ 'ਚ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ। ਜਲੰਧਰ 'ਚ ਵਾਢੀ ਨੇ ਫੜੀ ਰਫਤਾਰ-ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈਂਦੇ ਰਹੇ ਬੇਮੌਸਮੀ ਮੀਂਹ ਤੇ ਚੱਲੀ ਹਨੇਰੀ ਨੇ ਜ਼ਿਲ੍ਹੇ 'ਚ ਵਾਢੀ ਦਾ ਕੰਮ ਕਾਫੀ ਪਛਾੜ ਦਿੱਤਾ ਹੈ ਪਰ ਅੱਜ ਧੁੱਪ ਲੱਗਣ 'ਤੇ ਵਾਢੀ ਦੇ ਕੰਮ 'ਚ ਇਕ ਦਮ ਤੇਜ਼ੀ ਆਈ ਤੇ ਕਿਸਾਨਾਂ ਵਲੋਂ ਜਲਦੀ ਨਾਲ ਆਪਣੀ ਕਣਕ ਦੀ ਕਟਾਈ ਕਰਕੇ ਮੰਡੀਆਂ 'ਚ ਪਹੁੰਚਾਈ ਗਈ। ਇਹੀ ਵਜ੍ਹਾ ਹੈ ਕਿ ਜਿੱਥੇ ਬੀਤੇ ਕੱਲ੍ਹ ਕੇਵਲ 15 ਹਜ਼ਾਰ ਟਨ ਦੇ ਕਰੀਬ ਹੀ ਕਣਕ ਮੰਡੀਆਂ 'ਚ ਪੁੱਜੀ ਸੀ ਉਥੇ ਅੱਜ ਇਕ ਦਿਨ 'ਚ ਜ਼ਿਲ੍ਹੇ ਦੀਆਂ ਮੰਡੀਆਂ 'ਚ ਰਿਕਾਰਡ ਆਮਦ ਦਰਜ ਕੀਤੀ ਗਈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੰਡੀਆਂ 'ਚ ਕਣਕ ਦੀ ਆਮਦ ਕਾਫੀ ਘੱਟ ਹੈ। ਪਿਛਲੇ ਸਾਲ ਜਿੱਥੇ ਇਸ ਸਮੇਂ ਤੱਕ 5 ਲੱਖ 45 ਹਜ਼ਾਰ 739 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਸੀ ਉਥੇ ਇਸ ਵਾਰ ਅਜੇ ਕੇਵਲ 4 ਲੱਖ ਕੁਇੰਟਲ ਦੇ ਕਰੀਬ ਹੀ ਕਣਕ ਮੰਡੀਆਂ 'ਚ ਪੁੱਜੀ ਹੈ। ਜ਼ਿਲ੍ਹੇ 'ਚ ਕਣਕ ਦੀ ਖਰੀਦ ਲਈ ਕੁੱਲ 77 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚੋਂ ਮੰਡੀ ਫੈਂਟਨਗੰਜ ਵਿਚ ਅਜੇ ਤੱਕ ਕਣਕ ਦਾ ਇਕ ਵੀ ਦਾਣਾ ਨਹੀਂ ਪਹੁੰਚਿਆ। ਜਦ ਕਿ 8 ਮੰਡੀਆਂ 'ਚ ਅਜੇ ਕਣਕ ਦੀ ਸਰਕਾਰੀ ਖਰੀਦ ਵੀ ਸ਼ੁਰੂ ਨਹੀਂ ਹੋ ਸਕੀ। ਹੁਣ ਤੱਕ ਪਨਸਪ ਵਲੋਂ 69, 590 ਕੁਇੰਟਲ, ਮਾਰਕਫੈਡ ਵਲੋਂ 41, 761 ਕੁਇੰਟਲ, ਐਫ. ਸੀ. ਆਈ. ਵਲੋਂ 28, 618 ਕੁਇੰਟਲ ਤੇ ਪਨਗਰੇਨ ਵਲੋਂ 36, 479 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਜਦਕਿ 105 ਕੁਇੰਟਲ ਕਣਕ ਦੀ ਖਰੀਦ ਨਿੱਜੀ ਏਜੰਸੀਆਂ ਵਲੋਂ ਕੀਤੀ ਗਈ ਹੈ।
 
ਬੋਸਟਨ 'ਚ ਭਾਰਤੀ ਵਿਦਿਆਰਥੀ ਦੀ ਹੱਤਿਆ
ਨਿਊਯਾਰਕ, 22 ਅਪ੍ਰੈਲ- ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਇਕ ਭਾਰਤੀ ਵਿਦਿਆਰਥੀ ਕੇ. ਸ਼ੇਸ਼ਾਧਰੀ ਰਾਓ (24) ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਾਲਾਂਕਿ ਬੋਸਟਨ ਪੁਲਿਸ ਵਿਭਾਗ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਅਜੇ ਤਕ ਨੌਜਵਾਨ ਦਾ ਨਾਂਅ ਜ਼ਾਹਰ ਨਹੀਂ ਕੀਤਾ ਹੈ ਅਤੇ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਧਰ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਾ ਭਾਰਤ ਦਾ ਨਾਗਰਿਕ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਯੂਨੀਵਰਸਿਟੀ ਦੇ ਪ੍ਰਬੰਧਨ ਸਕੂਲ ਦਾ ਵਿਦਿਆਰਥੀ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ 19 ਅਪ੍ਰੈਲ ਨੂੰ ਤੜਕੇ ਸਵੇਰੇ ਲਗਭਗ 3 ਵਜੇ ਉਨ੍ਹਾਂ ਨੂੰ ਫੋਨ 'ਤੇ ਬ੍ਰਿਗਟਨ ਸਥਿਤ ਯੂਨੀਵਰਸਿਟੀ ਦੇ ਬਰਾਂਡੇ ਤੋਂ ਲਗਭਗ ਇਕ ਮੀਲ ਦੂਰ ਇਕ ਘਰ ਦੇ ਸਾਹਮਣੇ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁਲਿਸ ਦੇ ਪਹੁੰਚਣ ਦੇ ਸਮੇਂ ਬੋਸਟਨ ਅੱਗ ਬੁਝਾਉਣ ਵਾਲੇ ਵਿਭਾਗ ਦੇ ਲੋਕ ਨੌਜਵਾਨ ਦਾ ਮੁੱਢਲਾ ਇਲਾਜ ਕਰ ਰਹੇ ਸਨ। ਗੋਲੀ ਮਾਰਨ ਵਾਲੇ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
 
ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਵਿਚ ਕਿਸੇ ਨੂੰ ਨਿਸ਼ਾਨਾ
ਨਹੀਂ ਬਣਾਇਆ ਜਾਵੇਗਾ-ਪ੍ਰਧਾ
ਨ ਮੰਤਰੀ
ਅਫਸਰਸ਼ਾਹ ਫ਼ੈਸਲੇ ਲੈਣ ਵਿਚ ਦ੍ਰਿੜ੍ਹਤਾ ਵਿਖਾਉਣ : ਲੋਕ ਸੇਵਕ ਦਿਵਸ ਮੌਕੇ ਸੰਬੋਧਨ
ਨਵੀਂ ਦਿੱਲੀ, 22 ਅਪ੍ਰੈਲ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਫੈਸਲੇ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਅੱਜ ਇੱਥੇ ਲੋਕ ਸੇਵਕ ਦਿਵਸ (ਸਿਵਲ ਸਰਵਿਸਜ਼ ਡੇਅ) ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਮਾਨਦਾਰ ਅਫਸਰਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਤੇ ਅਫਸਰਾਂ ਨੂੰ ਫੈਸਲੇ ਨਾ ਲੈਣ ਦੇ ਰੁਝਾਨ ਨੂੰ ਛੱਡਣਾ ਚਾਹੀਦਾ ਹੈ। ਸਰਕਾਰ ਵਿਚ ਨੀਤੀਆਂ ਦੇ ਅਮਲ ਨਾ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਫਸਰਸ਼ਾਹੀ ਨੂੰ ਫੈਸਲੇ ਲੈਣ ਵਿਚ ਦ੍ਰਿੜ੍ਹਤਾ ਦਿਖਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਨਾਂਅ 'ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਫਸਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਜੋ ਡਰ ਬੈਠਿਆ ਹੈ ਕਿ ਜੇਕਰ ਕੋਈ ਗੜਬੜ ਹੋ ਗਈ ਤਾਂ ਉਨ੍ਹਾਂ ਨੂੰ ਉਸ ਦੀ ਸਜ਼ਾ ਮਿਲ ਸਕਦੀ ਹੈ ਅਤੇ ਉਹ ਇਸ ਡਰ ਕਾਰਨ ਕੋਈ ਫੈਸਲਾ ਨਹੀਂ ਲੈ ਰਹੇ ਹਨ, ਜੋ ਕਿ ਠੀਕ ਨਹੀਂ ਹੈ ਉਨ੍ਹਾਂ ਨੂੰ ਇਸ ਰੁਝਾਨ ਨਾਲ ਲੜਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਦੇ ਨਾਂਅ 'ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਇਹ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹੈ ਕਿ ਅਜਿਹੀ ਵਿਵਸਥਾ ਅਤੇ ਮਾਹੌਲ ਤਿਆਰ ਕੀਤਾ ਜਾਵੇ ਜਿਸ ਵਿਚ ਸਾਡੇ ਅਫਸਰਸ਼ਾਹ ਨਿਰਣਾਇਕ ਬਣਨ ਲਈ ਉਤਸ਼ਾਹਿਤ ਹੋਣ ਅਤੇ ਕਿਸੇ ਨੂੰ ਵੀ ਫੈਸਲਾ ਲੈਣ 'ਤੇ ਬਿਨਾਂ ਕਿਸੇ ਮੰਦਭਾਵਨਾ ਦੇ ਭੁੱਲ ਹੋ ਜਾਣ 'ਤੇ ਵੀ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਤਾ ਨਹੀਂ ਇਹ ਗਲਤ ਹੈ ਜਾਂ ਸਹੀ ਪਰ ਇਹ ਧਾਰਨਾ ਵਧਦੀ ਜਾ ਰਹੀ ਹੈ ਕਿ ਆਮ ਤੌਰ 'ਤੇ ਅਫਸਰਸ਼ਾਹਾਂ ਤੇ ਜਨਸੇਵਕਾਂ ਦੀ ਨੈਤਿਕ ਸ਼ਕਤੀ ਹੁਣ ਓਨੀ ਮਜ਼ਬੂਤ ਨਹੀਂ ਰਹੀ ਜਿੰਨੀ ਕੁਝ ਦਹਾਕੇ ਪਹਿਲਾਂ ਹੋਇਆ ਕਰਦੀ ਸੀ ਅਤੇ ਹੁਣ ਅਫਸਰਸ਼ਾਹਾਂ ਦੇ ਆਪਣੇ ਕੰਮਕਾਜ ਦੇ ਦੌਰਾਨ ਬਾਹਰੀ ਦਬਾਅ ਦੇ ਸਾਹਮਣੇ ਝੁਕਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਧਾਰਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੋਵੇ ਪਰ ਮੈਨੂੰ ਲਗਦਾ ਹੈ ਕਿ ਇਸ ਵਿਚ ਥੋੜ੍ਹੀ ਬਹੁਤੀ ਸਚਾਈ ਜ਼ਰੂਰ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅਫਸਰਸ਼ਾਹ ਜੋ ਫੈਸਲੇ ਲੈਂਦੇ ਹਨ ਉਹ ਨਿਰਪੱਖ ਅਤੇ ਯਥਾਰਥਕ ਹੋਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਉਨ੍ਹਾਂ ਇਮਾਨਦਾਰ ਅਤੇ ਸਾਰਥਿਕ ਅਫਸਰਸ਼ਾਹਾਂ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ ਜਿਨ੍ਹਾਂ ਤੋਂ ਹੋ ਸਕਦਾ ਹੈ ਕਿ ਆਪਣੇ ਕੰਮ-ਕਾਜ ਦੌਰਾਨ ਸਹੀ ਮਾਅਨੇ ਵਿਚ ਕਿਸੇ ਤਰ੍ਹਾਂ ਦੀ ਕੋਈ ਭੁੱਲ ਹੋ ਗਈ ਹੋਵੇ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਅਫਸਰਸ਼ਾਹੀ ਨਹੀਂ ਹੋ ਸਕਦੀ ਜੋ ਖਤਰਾ ਮੁੱਲ ਲੈਣ ਦੇ ਮਾਮਲੇ ਵਿਚ ਸੌ ਫੀਸਦੀ ਖਰੀ ਉਤਰਦੀ ਹੋਵੇ। ਅਸਲ ਵਿਚ ਸਾਨੂੰ ਫੈਸਲੇ ਲੈਣ ਵਿਚ ਦ੍ਰਿੜ੍ਹਤਾ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ, ਬਸ਼ਰਤੇ ਕਿ ਫੈਸਲੇ ਸਹੀ ਤੇ ਕਾਨੂੰਨ ਦੇ ਅਨੁਸਾਰ ਹੋਣ। ਉਨ੍ਹਾਂ ਨੇ ਕਿਹਾ ਕਿ ਕੋਈ ਅਫਸਰਸ਼ਾਹ ਜੋ ਫੈਸਲੇ ਨਾ ਲੈਂਦਾ ਹੋਵੇ ਹੋ ਸਕਦਾ ਹੈ ਕਿ ਉਹ ਹਮੇਸ਼ਾ ਸੁਰੱਖਿਅਤ ਰਹੇ ਪਰ ਅੰਤ ਵਿਚ ਸਮਾਜ ਤੇ ਦੇਸ਼ ਪ੍ਰਤੀ ਉਸ ਦਾ ਯੋਗਦਾਨ ਕੁਝ ਵੀ ਨਹੀਂ ਹੋਵੇਗਾ। ਉਨ੍ਹਾਂ ਇਸ ਮੌਕੇ 'ਤੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਨੇ ਪਿਛਲੇ ਇਕ ਸਾਲ ਵਿਚ ਵਿਧਾਨਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾਨ ਫੂਕਣ ਦੇ ਮੋਰਚੇ 'ਤੇ ਸ਼ਲਾਘਾਯੋਗ ਪ੍ਰਗਤੀ ਕੀਤੀ ਹੈ, ਤਾਂ ਜੋ ਜਨਤਕ ਜੀਵਨ ਵਿਚ ਭ੍ਰਿਸ਼ਟਾਚਾਰ ਨਾਲ ਬੇਹਤਰ ਤਰੀਕੇ ਨਾਲ ਲੜਿਆ ਜਾ ਸਕੇ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਆਪਣੀਆਂ ਅਸਫਲਤਾਵਾਂ ਅਤੇ ਕਮੀਆਂ ਨੂੰ ਸਵੀਕਾਰ ਕਰਨ ਵਿਚ ਇਮਾਨਦਾਰ ਬਣਨ ਦੀ ਲੋੜ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਸਰਸ਼ਾਹ ਜੋ ਫੈਸਲੇ ਲੈਂਦੇ ਹਨ ਉਹ ਨਿਰਪੱਖ ਤੇ ਯਥਾਰਥਕ ਹੋਣ ਅਤੇ ਸਮੁੱਚੇ ਸਬੂਤਾਂ ਅਤੇ ਡੂੰਘੇ ਵਿਸ਼ਲੇਸ਼ਣ 'ਤੇ ਆਧਾਰਿਤ ਹੋਣ ਅਤੇ ਦੇਸ਼ ਦੇ ਸਰਬੋਤਮ ਹਿੱਤਾਂ ਨੂੰ ਪੂਰਾ ਕਰਨ ਦੇ ਲਾਇਕ ਹੋਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਅਤੇ ਉਨ੍ਹਾਂ ਦੀ ਸਲਾਹ ਸਿਆਸੀ ਲੀਡਰਸ਼ਿਪ ਦੇ ਸੁਭਾਅ ਅਤੇ ਰੰਗ-ਢੰਗ ਤੋਂ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਲੋਕਾਂ ਵਿਚ ਇਹ ਧਾਰਨਾ ਵਧਦੀ ਜਾ ਰਹੀ ਹੈ ਕਿ ਕੰਮਕਾਜ ਵਿਚ ਯਥਾਰਥਵਾਦੀ ਸੋਚ ਘਟ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਅਫਸਰਸ਼ਾਹਾਂ 'ਤੇ ਛੱਡਦੇ ਹਨ ਕਿ ਉਹ ਇਸ 'ਤੇ ਵਿਚਾਰ ਕਰਨ ਕਿ ਇਹ ਧਾਰਨਾ ਕਿਸ ਹੱਦ ਤੱਕ ਸਹੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਉਹ ਸਾਰੇ ਮਿਲ ਕੇ ਕੀ ਕਰ ਸਕਦੇ ਹਨ। ਪੁਰਸਕਾਰ ਪਾਉਣ ਵਾਲੇ ਅਫਸਰਸ਼ਾਹਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਈ ਅਫਸਰਸ਼ਾਹ ਇਮਾਨਦਾਰੀ ਤੇ ਦਿਆਨਤਦਾਰੀ ਦੀ ਮਿਸਾਲ ਹਨ ਅਤੇ ਉਹ ਨਿਰਸਵਾਰਥ ਭਾਵਨਾ ਨਾਲ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁਗ ਵਿਚ ਦੇਸ਼ 12ਵੀਂ ਯੋਜਨਾਕਾਲ ਵਿਚ ਪ੍ਰਵੇਸ਼ ਕਰ ਰਿਹਾ ਹੈ, ਅਜਿਹੇ ਵਿਚ ਇਹੋ ਜਿਹੇ ਸਮਾਜ ਅਤੇ ਦੇਸ਼ ਬਣਾਉਣ ਲਈ ਦੋਗੁਣੇ ਯਤਨਾਂ ਦੀ ਲੋੜ ਹੈ ਜਿਥੇ ਵਿਕਾਸ ਦੇ ਫਲ ਹਰ ਨਾਗਰਿਕ ਤੱਕ ਪੁਹੰਚਣ।

ਯੂਨਾਈਟਿਡ ਸਿੱਖਸ ਨੇ ਕੈਮਰੂਨ ਤੋਂ ਕੀਤੀ ਰਾਜੋਆਣਾ
ਦੀ ਫਾਂਸੀ ਦੇ ਮੁੱਦੇ 'ਤੇ ਹਮਾਇਤ ਦੀ ਮੰਗ

ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਮੰਗ ਪੱਤਰ ਸੌਂਪਦੀ ਹੋਈ ਮਜਿੰਦਰਪਾਲ ਕੌਰ।
ਲੰਡਨ.22 ਅਪ੍ਰੈਲ- ਯੂਨਾਈਟਿਡ ਸਿੱਖਸ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਨੂੰ ਇਕ ਵਿਸ਼ੇਸ਼ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹ ਭਾਰਤ ਸਰਕਾਰ ਦੁਆਰਾ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਦਬਾਅ ਪਾਉਣ। ਇਸ ਪੱਤਰ ਵਿਚ ਮੰਗ ਕੀਤੀ ਗਈ ਕਿ ਭਾਈ ਰਾਜੋਆਣਾ ਪਹਿਲਾਂ ਹੀ 17 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਚੁੱਕਾ ਹੈ, ਜਿਸ ਉੱਤੇ ਇਕ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਕਤਲ ਦੇ ਦੋਸ਼ ਹੈ, ਜਿਸ ਨੇ 90 ਦੇ ਦਹਾਕੇ ਵਿਚ ਸਿੱਖਾਂ ਉਤੇ ਜ਼ੁਲਮ ਕੀਤੇ, ਅਗਵਾ ਕਰਵਾਏ ਅਤੇ ਨਿਰਦੋਸ਼ ਨੌਜਵਾਨਾਂ ਦੇ ਕਤਲ ਕਰਵਾਏ। ਯੂਨਾਈਟਿਡ ਸਿੱਖਸ ਦੇ ਕਾਨੂੰਨੀ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਇਸ ਪੱਤਰ ਨੂੰ ਪ੍ਰਧਾਨ ਮੰਤਰੀ ਦੇ ਹਵਾਲੇ ਵਿਸਾਖੀ ਪ੍ਰੋਗਰਾਮ ਦਰਮਿਆਨ ਕੀਤਾ। ਇਹ ਪ੍ਰੋਗਰਾਮ ਜੋ 10 ਡਾਊਨਿੰਗ ਸਟ੍ਰੀਟ ਇਲਾਕੇ ਵਿਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉਤੇ ਸਿੱਖਾਂ ਨੇ ਆਯੋਜਿਤ ਕੀਤਾ ਸੀ, ਵਿਚ 200 ਤੋਂ ਵੱਧ ਸਿੱਖਾਂ ਨੇ ਭਾਗ ਲਿਆ ਸੀ। ਯੂਨਾਈਟਿਡ ਸਿੱਖਸ ਨੇ ਪ੍ਰਧਾਨ ਮੰਤਰੀ ਦਾ ਧਿਆਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਉੱਤੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਵੱਲ ਦਿਵਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਸੂਚਨਾਂ ਦਿੱਤੀ ਕਿ ਇੰਗਲੈਂਡ ਵਿਚ ਉਨ੍ਹਾਂ ਦੇ ਸਾਂਸਦਾਂ ਅਤੇ ਸੰਸਦ ਮੈਂਬਰਾਂ ਐਮ ਪੀਜ਼ ਦੁਆਰਾ ਇਕ ਪਟੀਸ਼ਨ 'ਤੇ ਦਸਤਖਤ ਕਰਕੇ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕੀਤੀ ਜਾ ਸਕੇ। ਯੂਨਾਈਟਿਡ ਸਿੱਖਸ ਨੇ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਕਿ ਕੌਮਾਂਤਰੀ ਪੱਧਰ 'ਤੇ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਪੱਖੋਂ ਚੁਣੌਤੀਆਂ ਦਾ 9-11 ਤੋਂ ਬਾਅਦ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਇਕ ਪੇਂਟਿੰਗ ਵੀ ਸੌਂਪੀ, ਜੋ ਕਿ ਸਲੇਡ ਸਕੂਲ ਆਫ ਆਰਟ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਦਾ ਗੋਲਡਨ ਟੈਂਪਲ ਆਫ ਅੰਮ੍ਰਿਤਸਰ-ਕਿਤਾਬ ਵੀ ਰਿਲੀਜ਼ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਸਿੱਖਾਂ ਦੇ ਮਸਲਿਆਂ 'ਤੇ ਵਿਚਾਰ ਕਰਦਿਆਂ ਯੂਨਾਈਟਿਡ ਸਿੱਖਸ ਦੇ ਪ੍ਰਤੀਨਿਧੀਆਂ ਨੇ ਇਹ ਵੀ ਦੱਸਿਆ ਕਿ ਸਿੱਖ ਵਿਦਿਆਰਥੀਆਂ ਨੂੰ ਲਗਾਤਾਰ ਸਕੂਲਾਂ ਵਿਚ ਕਿਰਪਾਨ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਿਰਪਾਨ ਨੂੰ ਇਕ ਹਥਿਆਰ ਸਮਝਿਆ ਜਾ ਰਿਹਾ ਹੈ। ਸਿੱਖਾਂ ਅਤੇ ਸਿੱਖ ਵਕੀਲਾਂ ਨੂੰ ਅਦਾਲਤ ਵਿਚ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਿੱਖਾਂ ਨੂੰ ਯੂਰਪੀ ਹਵਾਈ ਅੱਡਿਆਂ ਉੱਤੇ ਪੱਗੜੀ ਅਤੇ ਕਿਰਪਾਨ ਦੇ ਕਾਰਨ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਭਾਈ ਜਸਪਾਲ ਸਿੰਘ ਦੇ ਕਾਤਲਾਂ ਖਿਲਾਫ਼ ਕਾਰਵਾਈ ਹੋਵੇ
ਮਾਨਹਾਈਮ, 22 ਅਪ੍ਰੈਲ -ਗੁਰਦਾਸਪੁਰ 'ਚ ਸ਼ਾਂਤਮਈ ਸਿੱਖਾਂ ਉੱਪਰ ਪੁਲਿਸ ਵੱਲੋਂ ਚਲਾਈ ਗਈ ਅਕਾਰਨ ਗੋਲੀ ਨਾਲ ਨਿਰਦੋਸ਼ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ ਤੇ ਭਾਈ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋਇਆ। ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿ: ਗੁਰਬਚਨ ਸਿੰਘ ਨੂੰ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਗਿਆ ਸੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਪੰਜਾਬ ਸਰਕਾਰ ਆਪਣੇ ਲਿਖਤੀ ਵਾਅਦੇ ਦੇ ਉਲਟ ਜਾਣਬੁੱਝ ਕੇ ਸਮਾਂ ਲੰਘਾਉਂਦੀ ਹੋਈ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ। ਉਕਤ ਸ਼ਬਦ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੇ ਬਿਆਨਾਂ 'ਚ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰਾਂਸ ਦੇ ਪ੍ਰਧਾਨ ਭਾਈ ਚੈਨ ਸਿੰਘ, ਭਾਈ ਦਲਵਿੰਦਰ ਸਿੰਘ ਘੁੰਮਣ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਇਕਬਾਲ ਸਿੰਘ ਕੱਸੋਚਾਹਲ, ਭਾਈ ਹਰਜਿੰਦਰ ਸਿੰਘ ਗੁਰਦਾਸਪੁਰੀਆ, ਭਾਈ ਤੇਜਿੰਦਰ ਸਿੰਘ ਜੋਸਨ, ਭਾਈ ਸੁਲੱਖਣ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ਼ ਅਮਲੀ ਕਾਰਵਾਈ ਕਰੇ। ਸਿੱਖਾਂ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਵੀਰ ਸਿੰਘ ਪਧਿਆਣਾ, ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਭਾਈ ਬਲਕਾਰ ਸਿੰਘ ਦਿਓਲ ਨੇ ਕਿਹਾ ਜ਼ਖ਼ਮੀ ਹੋਏ ਭਾਈ ਰਣਜੀਤ ਸਿੰਘ ਦੇ ਪਰਿਵਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਬਿਆਨ ਦੇਵੇ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ। ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਫਰਾਂਸ ਦੇ ਪ੍ਰਧਾਨ ਭਾਈ ਕਸ਼ਮੀਰ ਸਿੰਘ ਤੇ ਜਨਰਲ ਸਕੱਤਰ ਭਾਈ ਰਘਬੀਰ ਸਿੰਘ ਕੁਹਾੜ ਨੇ ਕਿਹਾ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਲਿਖਤੀ ਭਰੋਸੇ ਦੀ ਪਾਲਣਾਂ ਕਰਦੀ ਹੋਈ ਸਿਆਸੀ ਖੇਡ ਬੰਦ ਕਰਕੇ ਇਨਸਾਫ਼ ਕਰੇ।
ਅਗਨੀ-5 ਮਿਜ਼ਾਈਲ ਪ੍ਰੀਖਿਆ ਦੀ ਮੁੱਖ ਸੂਤਰਧਾਰ ਹੈ ਟੇਸੀ ਥਾਮਸ
ਹੈਦਰਾਬਾਦ. 22 ਅਪ੍ਰੈਲ-ਵੀਰਵਾਰ ਸਵੇਰੇ 8.07 ਵਜੇ ਭਾਰਤ ਨੇ ਅੰਤਰ ਮਹਾਦੀਪ ਬਲਿਸਟਕਿ ਮਿਜ਼ਾਈਲ ਅਗਨੀ-5 ਨੂੰ ਸਫਲਤਾ ਪੂਰਵਕ ਦਾਗਣ ਵਿਚ ਜਿਹੜੀ ਸਫਲਤਾ ਹਾਸਲ ਕੀਤੀ ਹੈ ਉਸ ਵਿਚ ਮੁੱਖ ਭੂਮਿਕਾ ਭਾਰਤ ਦੀ ਪਹਿਲੀ ਮਿਜ਼ਾਈਲ ਔਰਤ ਟੇਸੀ ਥਾਮਸ ਦੀ ਰਹੀ ਹੈ ਜਿਹੜੀ ਇਸ ਪ੍ਰਾਜੈਕਟ ਦੀ ਡਾਇਰੈਕਟਰ ਸੀ। ਬਹੁਤ ਹੀ ਠਰੱਮੇ ਨਾਲ ਬੋਲਣ ਵਾਲੀ 49 ਸਾਲਾ ਥਾਮਸ ਨੇ ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਨਾਲ ਸਫਲਤਾ ਦਾ ਮੂੰਹ ਦੇਖਣ ਨੂੰ ਮਿਲਿਆ ਹੈ। ਅਲਪੂਜ਼ਾ (ਕੇਰਲਾ ) ਵਿਚ ਸੰਨ 1964 ਵਿਚ ਜਨਮੀ ਟੇਸੀ ਥਾਮਸ ਨੇ ਸਰਕਾਰੀ ਇੰਜਨੀਅਰਿੰਗ ਕਾਲਜ ਥ੍ਰੀਸੂਰ ਤੋਂ ਬੀ ਟੈਕ ਕੀਤੀ ਅਤੇ ਗਾਈਡਡ ਮਿਜ਼ਾਈਲ ਵਿਚ ਐਮ ਟੈਕ ਇੰਸਟੀਚਿਊਟ ਆਫ ਅਰਮਾਮੈਂਟ ਟੈਕਨਾਲੋਜੀ ਪੁਣੇ (ਜਿਸ ਨੂੰ ਡਿਫੈਂਸ ਇੰਸਟੀਚਿਊਟ ਆਫ ਐਡਵਾਂਸ ਤਕਨਾਲੋਜੀ ਵਜੋਂ ਜਾਣਿਆਂ ਜਾਂਦਾ ਹੈ) ਤੋਂ ਕੀਤੀ। 1988 ਵਿਚ ਜਦੋਂ ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) 'ਚ ਸ਼ਾਮਿਲ ਹੋਈ ਤਾਂ ਉਸ ਵਿਚ ਲਗਪਗ ਸਾਰੇ ਮਰਦ ਮੈਂਬਰ ਸਨ। ਥਾਮਸ ਦਾ ਕਹਿਣਾ ਕਿ ਉਹ ਆਪਣੇ ਨੂੰ ਹਮੇਸ਼ਾ ਵਿਗਿਆਨੀ ਸਮਝਦੀ ਹੈ ਨਾ ਕਿ ਇਕ ਔਰਤ। 'ਅਗਨੀਪੁੱਤਰੀ' ਦੇ ਨਾਂਅ ਨਾਲ ਮਸ਼ਹੂਰ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਵਿਗਿਆਨੀ ਏ. ਪੀ. ਜੇ ਅਬਦੁਲ ਕਲਾਮ ਦੀ ਹੋਣਹਾਰ ਵਿਦਿਆਰਥਣ ਥਾਮਸ ਪਿਛਲੇ ਦੋ ਦਹਾਕਿਆਂ ਤੋਂ ਅਗਨੀ ਪ੍ਰਾਜੈਕਟ ਨਾਲ ਜੁੜੀ ਹੋਈ ਹੈ। ਉਸ ਦਾ ਕਹਿਣਾ ਕਿ ਇਹ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ। ਉਸ ਮੁਤਾਬਕ ਆਪਣੇ ਕੰਮ ਵਿਚ ਸਫਲਤਾ ਅਤੇ ਰੋਜ਼ਮਰਾ ਪਰਿਵਾਰਕ ਜੀਵਨ ਵਿਚ ਸੰਤੁਲਨ ਬਣਾ ਕੇ ਰੱਖਣਾ ਵੱਡੀ ਚੁਣੌਤੀ ਹੈ। ਥਾਮਸ ਨੂੰ ਕਈ ਸਾਲ ਆਪਣੇ ਪਤੀ ਸਰੋਜ ਕੁਮਾਰ ਕੋਲ ਰਹਿਣਾ ਪਿਆ ਜਿਹੜੇ ਜਲ ਸੈਨਾ ਵਿਚ ਕਮਾਂਡਰ ਹਨ ਜਿਸ ਨੂੰ ਉਹ ਪੁਣੇ ਵਿਚ ਐਮ ਟੈਕ ਦੀ ਪੜ੍ਹਾਈ ਦੌਰਾਨ ਮਿਲੀ ਸੀ। ਉਨ੍ਹਾਂ ਦਾ ਇਕ ਪੁੱਤਰ ਹੈ ਜਿਹੜਾ ਇੰਜਨੀਅਰਿੰਗ ਦੀ ਹੀ ਪੜ੍ਹਾਈ ਕਰ ਰਿਹਾ ਹੈ।

ਮੁੰਬਈ 'ਚ ਸੀਮਾ ਖਾਨ ਵੱਲੋਂ ਖੋਲ੍ਹੇ ਗਏ ਸੈਲੂਨ ਕੇਂਦਰ 'ਕਲਿਸਟਾ' ਦੇ ਉਦਘਾਟਨ ਸਮਾਰੋਹ ਦੌਰਾਨ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੀਮਾ ਖਾਨ ਨਾਲ ਤਸਵੀਰ ਖਿਚਵਾਉਂਦੀ ਹੋਈ। (ਸੱਜੇ) ਉਦਘਾਟਨ ਸਮਾਰੋਹ 'ਚ ਸ਼ਾਮਿਲ ਹੋਣ ਸਮੇਂ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ।
ਅਲਬਰਟਾ 'ਚ ਪੀ. ਸੀ. ਪਾਰਟੀ ਲਈ ਵਾਈਲਡ ਰੋਜ਼ ਪਾਰਟੀ ਬਣੀ ਵੱਡੀ ਚੁਣੌਤੀ

ਦਰਸ਼ਨ ਸਿੰਘ ਕੰਗ, ਮਨਮੀਤ ਸਿੰਘ ਭੁੱਲਰ, ਹਰਦਿਆਲ ਸਿੰਘ ਹੈਪੀ ਮਾਨ
ਅਤੇ ਜੈਸੀ ਮਿਨਹਾਸ।
ਕੈਲਗਰੀ, 22 ਅਪ੍ਰੈਲ-ਅਲਬਰਟਾ ਵਿਧਾਨ ਸਭਾ ਲਈ ਵੋਟਾਂ 23 ਅਪ੍ਰੈਲ ਨੂੰ ਪੈ ਰਹੀਆਂ ਹਨ। ਪਿਛਲੇ 40 ਸਾਲ ਤੋਂ ਅਲਬਰਟਾ ਦੀ ਰਾਜ ਸੱਤਾ ਉਪਰ ਬਿਰਾਜਮਾਨ ਅਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਪ੍ਰੀਮੀਅਰ ਐਲੀਸਨ ਰੈਡਫੋਰਡ ਦੀ ਅਗਵਾਈ ਹੇਠ ਮੁੜ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ ਜਦੋਂਕਿ ਇਸ ਵਾਰ ਪੀ ਸੀ ਪਾਰਟੀ ਨੂੰ ਵਾਈਲਡ ਰੋਜ਼ ਪਾਰਟੀ ਵੱਲੋਂ ਤੱਕੜੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ ਸੀ ਪਾਰਟੀ ਦੀ ਆਗੂ ਐਲੀਸਨ ਰੈਡਫੋਰਡ ਦਾ ਦਾਅਵਾ ਹੈ ਕਿ ਅਲਬਰਟਾ ਅਤੇ ਅਲਬਰਟਾ ਵਾਸੀਆਂ ਦੀ ਭਲਾਈ ਲਈ ਪੀ ਸੀ ਪਾਰਟੀ ਹੀ ਇਕ ਜ਼ਿੰਮੇਵਾਰੀ ਵਾਲੀ ਪਹੁੰਚ ਰੱਖਦੀ ਹੈ ਜਦੋਂਕਿ ਦੂਸਰੀਆਂ ਪਾਰਟੀਆਂ ਕੇਵਲ ਵੋਟਰਾਂ ਨੂੰ ਭਰਮਾ ਰਹੀਆਂ ਹਨ। ਪਰ ਸੱਤਾ ਉਪਰ ਕਾਬਜ਼ ਪੀ ਸੀ ਪਾਰਟੀ ਪਹਿਲੀ ਵਾਰ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਤਾਜ਼ਾ ਚੋਣ ਸਰਵੇਖਣ ਮੁਤਾਬਿਕ ਵਾਈਲਡ ਰੋਜ਼ ਪਾਰਟੀ ਦੀ ਆਗੂ ਡੈਨੀਅਲ ਸਮਿੱਥ ਪ੍ਰੀਮੀਅਰ ਦੀ ਕੁਰਸੀ ਦੀ ਦੌੜ ਵਿਚ ਐਲੀਸਨ ਤੋਂ ਅੱਗੇ ਚੱਲ ਰਹੀ ਹੈ। ਸਰਵੇਖਣ ਮੁਤਾਬਿਕ ਵਾਈਲਡ ਰੋਜ਼ ਦੀ ਲੋਕਪ੍ਰਿਯਤਾ 42 ਪ੍ਰਤੀਸ਼ਤ ਹੈ ਜਦੋਂਕਿ ਪੀ ਸੀ ਪਾਰਟੀ ਦੀ ਲੋਕਪ੍ਰਿਯਤਾ ਘਟ ਕੇ 36 ਪ੍ਰਤੀਸ਼ਤ ਰਹਿ ਗਈ ਹੈ। ਵਾਈਲਡ ਰੋਜ਼ ਪਾਰਟੀ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗੀ ਜਾਂ ਪੀ ਸੀ ਪਾਰਟੀ ਦਾ ਕਿੰਨਾਂ ਕੁ ਨੁਕਸਾਨ ਕਰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਪ੍ਰੀਮੀਅਰ ਐਲੀਸਨ ਦਾ ਦਾਅਵਾ ਹੈ ਕਿ ਵਾਈਲਡ ਰੋਜ਼ ਪਾਰਟੀ 'ਥੋਥਾ ਚਨਾ ਬਾਜੇ ਘਨਾ' ਤੋਂ ਵੱਧ ਕੁਝ ਵੀ ਨਹੀਂ। ਇਸ ਪਾਰਟੀ ਦੀ ਅਸਲੀਅਤ ਵੋਟਾਂ ਉਪਰੰਤ ਸਾਹਮਣੇ ਆ ਜਾਵੇਗੀ। ਪਿਛਲੇ ਦਿਨੀਂ ਲੀਡਰਸ਼ਿਪ ਦੀ ਬਹਿਸ ਦੌਰਾਨ ਚਾਰੇ ਪ੍ਰਮੁੱਖ ਪਾਰਟੀਆਂ ਪੀ ਸੀ, ਵਾਈਲਡ ਰੋਜ਼, ਲਿਬਰਲ ਅਤੇ ਐਨ ਡੀ ਪੀ ਦੇ ਆਗੂ ਆਪੋ-ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਪ੍ਰਤੀ ਉਨ੍ਹਾਂ ਦੀ ਸੁਹਿਰਦਤਾ ਬਾਰੇ ਵੱਧ-ਚੜ੍ਹਕੇ ਦਾਅਵਾ ਕਰਦੇ ਦਿਖਾਈ ਦਿੱਤੇ। ਇਸ ਬਹਿਸ ਦੌਰਾਨ ਪ੍ਰੀਮੀਅਰ ਐਲੀਸਨ ਰੈਡਫੋਰਡ ਨੇ ਸੂਬੇ ਵਿਚ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਪ੍ਰਤੀ ਆਪਣੀ ਪਾਰਟੀ ਦੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਲਿਬਰਲ ਪਾਰਟੀ ਦੇ ਆਗੂ ਡਾ: ਰਾਜ ਸ਼ਰਮਨ ਨੇ ਜਿੱਥੇ ਸਿਹਤ ਸੇਵਾਵਾਂ ਦੇ ਮੁੱਦੇ ਉਪਰ ਪੀ ਸੀ ਪਾਰਟੀ ਨੂੰ ਘੇਰਿਆ ਉਥੇ ਐਨ ਡੀ ਪੀ ਆਗੂ ਬਰਾਇਨ ਮੇਸਨ ਨੇ ਸਮਾਜਿਕ ਸੇਵਾਵਾਂ ਦੇ ਮੁੱਦੇ ਉਪਰ ਪੀ ਸੀ ਪਾਰਟੀ ਦੇ ਅਸਫਲ ਰਹਿਣ ਦੀ ਨਿੰਦਾ ਕੀਤੀ। ਵਾਈਲਡ ਰੋਜ਼ ਪਾਰਟੀ ਦੀ ਆਗੂ ਡੈਨੀਅਲ ਸਮਿਥ ਨੇ ਕਿਹਾ ਕਿ ਵਾਈਲਡਰੋਜ ਪਾਰਟੀ ਕੋਲ ਹੀ ਅਲਬਰਟਾ ਦੇ ਮਜ਼ਬੂਤ ਭਵਿੱਖ ਅਤੇ ਖੁਸ਼ਹਾਲੀ ਲਈ ਠੋਸ ਪ੍ਰੋਗਰਾਮ ਹੈ। ਉਧਰ ਪੰਜਾਬੀ ਮੂਲ ਦੇ ਲਿਬਰਲ ਪਾਰਟੀ ਦੇ ਆਗੂ ਡਾ ਰਾਜ ਸ਼ਰਮਨ ਵੀ ਪੀ ਸੀ ਪਾਰਟੀ ਉਪਰ ਵਰ੍ਹਦੇ ਹੋਏ ਆਖਦੇ ਹਨ ਕਿ ਇਸ ਪਾਰਟੀ ਨੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਹ ਪੀ ਸੀ ਪਾਰਟੀ ਅਤੇ ਵਾਈਲਡ ਰੋਜ਼ ਪਾਰਟੀ ਨੂੰ ਇਕ ਹੀ ਸੋਚ ਦੀ ਧਾਰਣੀ ਦੱਸਦੇ ਹੋਏ ਕਹਿੰਦੇ ਹਨ ਇਨ੍ਹਾਂ ਤੋਂ ਭਲੇ ਦੀ ਆਸ ਕਰਨੀ ਮੁਸ਼ਕਿਲ ਹੈ। ਉਹ ਸੂਬੇ ਵਿਚ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਜ਼ੋਰ ਦਿੰਦੇ ਹੋਏ ਕਹਿੰਦੇ ਹਨ ਕਿ ਲਿਬਰਲ ਪਾਰਟੀ ਹੀ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰ ਸਕਦੀ ਹੈ। ਇਥੇ ਮਹੱਤਵਪੂਰਨ ਹੈ ਕਿ ਇਸ ਵਾਰ 12 ਪੰਜਾਬੀ ਮੂਲ ਤੇ 2 ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਨ੍ਹਾਂ ਵਿਚ ਮਨਮੀਤ ਸਿੰਘ ਭੁੱਲਰ, ਦਰਸ਼ਨ ਸਿੰਘ ਕੰਗ, ਸ੍ਰੀ ਨਰੇਸ਼ ਭਾਰਦਵਾਜ, ਪੀਟਰ ਸੰਧੂ, ਡਾ: ਰਾਜ ਸ਼ਰਮਨ, ਹਰਦਿਆਲ ਸਿੰਘ ਹੈਪੀ ਮਾਨ, ਨਰੀਤਾ ਸ਼ਰਮਨ, ਜੈਮੀ ਲਾਲ, ਜੀਵਨ ਮਾਂਗਟ, ਜੈਸੀ ਮਿਨਹਾਸ, ਅਕਾਸ਼ ਖੋਖਰ, ਅਦਿਤਿਆ ਰਾਓ ਅਤੇ ਪ੍ਰਸਾਦ ਪਾਂਡੇ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ ਪਾਕਿਸਤਾਨੀ ਮੂਲ ਦੇ ਕਾਫੀ ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਮੁਹੰਮਦ ਰਸ਼ੀਦ, ਸੋਹੇਲ ਕਾਦਰੀ, ਇਕਤਾਰ ਅਵਾਨ ਪ੍ਰਮੁੱਖ ਹਨ ਜਿਨ੍ਹਾਂ ਦੀ ਪੰਜਾਬੀ ਭਾਈਚਾਰੇ ਨਾਲ ਕਾਫੀ ਨੇੜਤਾ ਹੈ।
ਅਲਬਰਟਾ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲ ਰਿਹੈ ਪੰਜਾਬ ਵਰਗਾ ਮਾਹੌਲ

ਸੁੱਖ ਢਿੱਲੋਂ ਦੇ ਗ੍ਰਹਿ ਵਿਖੇ ਨਰੇਸ਼ ਭਾਰਦਵਾਜ ਮੀਟਿੰਗ ਦੌਰਾਨ ਆਪਣੇ
ਸਮਰਥਕਾਂ ਨਾਲ।
ਐਡਮਿੰਟਨ 22 ਅਪ੍ਰੈਲ -23 ਅਪ੍ਰੈਲ ਨੂੰ ਅਲਬਰਟਾ ਸੂਬੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਪੰਜਾਬ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸੜਕਾਂ ਦੇ ਕਿਨਾਰਿਆਂ, ਪਾਰਕਾਂ, ਗੱਡੀਆਂ ਅਤੇ ਘਰਾਂ 'ਤੇ ਵੱਖ-ਵੱਖ ਪਾਰਟੀਆਂ ਦੇ ਸਾਈਨ ਬੋਰਡ ਤੇ ਬੈਨਰ ਲਗਾ ਕੇ ਪੰਜਾਬੀਆਂ ਨੇ ਸ਼ਾਇਦ ਪੰਜਾਬ ਚੋਣਾਂ 'ਚ ਰਹਿੰਦੀ ਕਸਰ ਨੂੰ ਵੀ ਪੂਰਾ ਕਰ ਛੱਡਿਆ। ਪੰਜਾਬੀਆਂ ਨੇ ਆਪਣੇ-ਆਪਣੇ ਹਲਕੇ ਦੇ ਉਮੀਦਵਾਰਾਂ ਨੂੰ ਘਰਾਂ 'ਚ ਬੁਲਾ ਕੇ ਚੋਣ ਮੀਟਿੰਗਾਂ ਤੇ ਜਲਸਿਆਂ ਦੌਰਾਨ ਖੁੱਲ੍ਹੇ ਲੰਗਰ ਲਗਾਏ। ਸ਼ਰਾਰਤੀ ਅਨਸਰਾਂ ਵੱਲੋਂ ਇਕ ਦੂਜੇ ਉਮੀਦਵਾਰਾਂ ਦੇ ਸਾਈਨ ਬੋਰਡ ਵੀ ਉਖਾੜੇ ਜਾਣ ਦੀ ਖ਼ਬਰ ਵੀ ਮਿਲੀ ਹੈ। ਭਾਵੇਂ ਚੋਣਾਂ ਦੌਰਾਨ ਕਈ ਖੇਤਰੀ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਰ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਵਿਚ ਰਾਜ ਕਰ ਰਹੀ ਪੀ. ਸੀ. ਪਾਰਟੀ ਦਾ ਪ੍ਰਭਾਵ ਫਿਰ ਤੋਂ ਕੁੱਝ ਜ਼ਿਆਦਾ ਹੀ ਦਿਖਾਈ ਦੇ ਰਿਹਾ ਹੈ। ਸਥਾਨਿਕ ਹਲਕਾ ਐਲਰਸਰੀ ਤੋਂ ਪੀ. ਸੀ. ਪਾਰਟੀ ਦੇ ਉਮੀਦਵਾਰ ਅਤੇ ਰਾਜ ਮੰਤਰੀ ਨਰੇਸ਼ ਭਾਰਦਵਾਜ ਦੇ ਹੱਕ ਵਿਚ ਬਾਬਾ ਫ਼ਰੀਦ ਕਬੱਡੀ ਕਲੱਬ ਦੇ ਪ੍ਰਧਾਨ ਸੁੱਖ ਢਿੱਲੋਂ ਰਟੌਲ ਰੋਹੀ ਦੇ ਗ੍ਰਹਿ ਵਿਖੇ ਹਲਕਾ ਨਿਵਾਸੀਆਂ ਤੇ ਭਾਈਚਾਰੇ ਵੱਲੋਂ ਭਰਵਾਂ ਇਕੱਠ ਕੀਤਾ ਗਿਆ, ਜਿਸ ਵਿਚ ਭਾਰਦਵਾਜ ਨੇ ਸਮੂਹ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਹੀ ਇਨ੍ਹਾਂ ਦਾ ਰਿਣੀ ਰਹਾਂਗਾ। ਇਸ ਮੌਕੇ ਸੁੱਖ ਢਿੱਲੋਂ ਅਤੇ ਇਕੱਤਰ ਸਮੂਹ ਭਾਈਚਾਰੇ ਨੇ ਭਾਰਦਵਾਜ ਨੂੰ ਡੱਟਵੀਂ ਹਮਾਇਤ ਦਾ ਭਰੋਸਾ ਦਿਵਾਇਆ।

ਵਾਸ਼ਿੰਗਟਨ, 22 ਅਪ੍ਰੈਲ - ਸਰਹੱਦ ਪਾਰ ਵਿੱਤੀ ਲੈਣ ਦੇਣ ਤੇ ਟੈਕਸ ਚੋਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਅੱਜ ਇਸ ਸਮੱਸਿਆ ਨਾਲ ਜੂਝ ਰਹੇ ਦੇਸ਼ਾਂ ਵਿਚਾਲੇ ਇਸ ਤਰਾਂ ਦੀ ਵਿਵਸਥਾ ਕਾਇਮ ਕਰਨ 'ਤੇ ਜ਼ੋਰ ਦਿੱਤਾ ਜਿਸ ਨਾਲ ਇਸ ਸਬੰਧੀ ਆਪਣੇ ਆਪ ਜਾਣਕਾਰੀ ਦਾ ਵਟਾਂਦਰਾ ਹੁੰਦਾ ਰਹੇ। ਵਿੱਤ ਮੰਤਰੀ ਪ੍ਰਣਾਬ ਮੁੱਖਰਜੀ ਨੇ ਜੀ-20 ਦੇਸ਼ਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਵਿਸ਼ਵਾਸ ਹੈ ਕਿ ਸਵੈਇੱਛਤ ਟੈਕਸ ਅਦਾਇਗੀ 'ਚ ਸੁਧਾਰ ਕਰਨ ਤੇ ਟੈਕਸ ਚੋਰੀ ਘਟਾਉਣ ਲਈ ਖੁਦਬਖੁਦ ਜਾਣਕਾਰੀ ਦੇਣਾ ਇਕ ਬੇਹੱਦ ਅਸਰਦਾਇਕ ਢੰਗ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਸ ਢੰਗ-ਤਰੀਕੇ ਨੂੰ ਲਾਜ਼ਮੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ ਬਾਰੇ ਨੀਤੀਆਂ ਵਿਚ ਢਿੱਲ ਦੇਣ ਕਾਰਨ ਸਰਹੱਦ ਪਾਰ ਵਿੱਤੀ ਲੈਣ ਦੇਣ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਕਾਰਨ ਟੈਕਸ ਚੋਰੀ ਤੇ ਗੈਰ ਕਾਨੂੰਨੀ ਵਿੱਤੀ ਵਹਾਅ ਅਹਿਮ ਮੁੱਦੇ ਬਣ ਗਏ ਹਨ ਜਿਨ੍ਹਾਂ ਕਾਰਨ ਵਿਸ਼ਵ ਅਰਥ ਵਿਵਸਥਾ ਨੂੰ ਗੰਭੀਰ ਚੁਣੌਤੀਆਂ ਪੈਦਾ ਹੋ ਗਈਆਂ ਹਨ।
ਜਲੰਧਰ, 22 ਅਪ੍ਰੈਲ- ਓਡੀਸ਼ਾ ਦੀ ਰਾਜਸਮਿਤਾ ਪਾਟਿਲ ਜ਼ੀ. ਟੀਵੀ. ਵੱਲੋਂ ਕਰਵਾਏ ਗਏ ਰਿਆਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ-3' ਦੀ ਚੈਂਪੀਅਨ ਬਣੀ ਹੈ। ਓਡੀਸ਼ਾ ਦੇ ਰੋੜਕਿਲ੍ਹਾ ਦੀ ਰਹਿਣ ਵਾਲੀ ਗੀਤਾ ਗੈਂਗ ਨਾਲ ਸਬੰਧਿਤ ਰਾਜਸਮਿਤਾ ਨੂੰ 45 ਲੱਖ 83 ਹਜਾਰ 030 ਵੋਟ ਮਿਲੇ, ਜਦਕਿ ਗੁਹਾਟੀ (ਆਸਾਮ) ਦੇ ਵਾਸੀ ਟੈਰੇਂਸ ਗੈਂਗ ਦੇ ਪ੍ਰਦੀਪ 34 ਲੱਖ 94 ਹਜਾਰ 361 ਵੋਟ ਲੈ ਕੇ ਦੂਸਰੇ ਸਥਾਨ 'ਤੇ ਰਹੇ। ਮੁਕਾਬਲੇ ਦੌਰਾਨ ਦੇਹਰਾਦੂਨ ਦੇ ਰਾਘਵ ਤੀਜੇ ਅਤੇ ਦਿੱਲੀ ਦੇ ਸਨਮ ਚੌਥੇ ਸਥਾਨ 'ਤੇ ਰਹੇ। ਰਾਜਸਮਿਤਾ ਨੂੰ 3 ਲੱਖ ਰੁਪਏ ਨਕਦ, ਇਕ ਮਾਰੂਤੀ ਐਰਟਿਗਾ ਕਾਰ ਅਤੇ ਜ਼ੀ. ਟੀਵੀ. ਨਾਲ ਕੰਮ ਕਰਨ ਲਈ 2 ਸਾਲ ਦਾ ਇਕਰਾਰਨਾਮਾ ਇਨਾਮ ਵਜੋਂ ਹਾਸਿਲ ਹੋਇਆ ਹੈ। ਰਾਜਸਮਿਤਾ ਰੋੜਕਿਲ੍ਹਾ ਕਾਲਜ 'ਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਉਸ ਦਾ ਡਾਂਸ ਪ੍ਰੇਰਨਾ ਸ੍ਰੋਤ ਹੈ। ਉਹ ਆਪਣਾ ਡਾਂਸ ਸਕੂਲ ਖੋਲ੍ਹਣ ਦੀ ਚਾਹਵਾਨ ਹੈ। ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਰਾਜਸਮਿਤਾ ਦੇ ਸਿਰ ਚੈਂਪੀਅਨ ਦਾ ਤਾਜ ਸਜਾਇਆ।
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ -ਸ਼ੇਰ ਸਾਹ ਸੂਰੀ ਮਾਰਗ 'ਤੇ ਸਰਹਿੰਦ ਦੇ ਮਾਧੋਪੁਰ ਚੌਂਕ ਨੇੜਿਓ ਇੱਕ ਵਿਅਕਤੀ ਪਾਸੋਂ ਤਿੰਨ ਕਾਰ ਸਵਾਰ ਲੁਟੇਰਿਆਂ ਵਲੋਂ 20 ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਈਸ਼ਵਰ ਬਾਈ-ਸੋਮ ਬਾਈ ੇਅਹਿਮਦਾਬਾਦ ਦੀ ਇੱਕ ਕੰਪਨੀ ਦਾ ਮਨੋਜ ਕੁਮਾਰ ਕਮੀਜ਼ ਥੱਲੇ ਪਾਈ ਜਾਕਟ ਦੀਆਂ ਜੇਬਾਂ ਵਿਚ 20 ਲੱਖ ਰੁਪਏ ਲੈ ਕੇ ਬੱਸ ਰਾਹੀਂ ਲੁਧਿਆਣਾ ਤੋਂ ਯਮੁਨਾਨਗਰ ਜਾ ਰਿਹਾ ਸੀ ਕਿ ਜਦੋਂ ਬੱਸ 9:30 ਵਜੇ ਦੇ ਕਰੀਬ ਮਾਧੋਪੁਰ ਚੌਂਕ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਇੰਡੀਕਾ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ, ਜਿਨ੍ਹਾਂ ਵਿਚ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ, ਨੇ ਬੱਸ ਰੁਕਵਾ ਕੇ ਮਨੋਜ ਕੁਮਾਰ ਨੂੂੰ ਬੱਸ ਚੋਂ ਲਾਹ ਕੇ ਉਸ ਦੀਆਂ ਜੇਬਾਂ ਵਿਚ ਪਾਏ 20 ਲੱਖ ਲੈ ਕੇ ਫ਼ਰਾਰ ਹੋ ਗਏ।
ਚੰਡੀਗੜ੍ਹ, 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਦੀ ਸ਼ੀਤਲ ਫਾਈਬਰਜ਼ ਫੈਕਟਰੀ ਦੇ ਢਹਿ ਢੇਰੀ ਹੋਣ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ 2 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਹੈ। ਅੱਜ ਜਾਰੀ ਪ੍ਰੈਸ ਬਿਆਨ ਵਿਚ ਮੁੱਖ ਮੰਤਰੀ ਨੇ ਰਾਹਤ ਕਾਰਜਾਂ 'ਚ ਲੱਗੇ ਸੈਨਾ ਦੇ ਜਵਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁੰਨਾਂ ਅਤੇ ਹੋਰ ਰਾਹਤ ਕਰਮਚਾਰੀਆਂ ਦੀ ਪ੍ਰਸੰਸ਼ਾ ਕੀਤੀ।
ਝਾਰਖੰਡ 'ਚ ਰਾਜ ਸਭਾ ਚੋਣਾਂ ਦੌਰਾਨ ਖਰੀਦੋ
ਫਰੋਖਤ ਦਾ ਮਾਮਲਾ
ਸੀ. ਬੀ. ਆਈ. ਵੱਲੋਂ ਇੱਕੋ ਸਮੇਂ 6 ਥਾਵਾਂ 'ਤੇ ਛਾਪੇਮਾਰੀ
ਰਾਂਚੀ, 22 ਅਪ੍ਰੈਲ - ਕੇਂਦਰੀ ਝਾਂਚ ਬਿਊਰੋ ਨੇ ਅੱਜ ਝਾਰਖੰਡ ਰਾਜ ਸਭਾ ਚੋਣਾਂ ਦੇ ਦੌਰਾਨ ਮੈਂਬਰਾਂ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਝਾਰਖੰਡ ਦੇ ਵਿਧਾਇਕਾਂ ਕੇ ਐੱਨ ਤ੍ਰਿਪਾਠੀ (ਕਾਂਗਰਸ), ਸੁਰੇਸ਼ ਪਾਸਵਾਨ (ਰਾਸ਼ਟਰੀ ਜਨਤਾ ਦਲ), ਵਿਸ਼ਨੂੰ ਭਈਆ ਭਾਜਪਾ) ਅਤੇ ਰਾਜ ਸਭਾ ਚੋਣ ਲਈ ਅਜ਼ਾਦ ਉਮੀਦਵਾਰ ਅਤੇ ਉਦਯੋਗਪਤੀ ਆਰ ਕੇ ਅਗਰਵਾਲ ਦੇ ਝਾਰਖੰਡ ਅਤੇ ਬਿਹਾਰ ਵਿਖੇ ਸਥਿਤ ਛੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਸੂਤਰਾਂ ਅਨੁਸਾਰ ਅਗਰਵਾਲ ਦੇ ਜਵਾਈ ਸੋਮਿਤਰ ਸਾਹਾ ਅਤੇ ਅਗਰਵਾਲ ਦੇ ਇੱਕ ਹੋਰ ਰਿਸ਼ਤੇਦਾਰ ਆਰ ਕੇ ਸਾਹਾ ਦੇ ਜਮਸ਼ੇਦਪੁਰ ਅਤੇ ਛਾਇਆਬਾਸਾ ਵਿਖੇ ਸਥਿਤ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ 30 ਮਾਰਚ ਨੂੰ ਰਾਜ ਸਭਾ ਚੋਣਾਂ ਦੌਰਾਨ ਇਕ ਕਾਰ 'ਚੋਂ 2.15 ਕਰੋੜ ਰੁਪਏ ਬਰਾਮਦ ਹੋਏ ਸਨ। ਇਹ ਕਾਰ ਅਜ਼ਾਦ ਉਮੀਦਵਾਰ ਆਰ ਕੇ ਅਗਰਵਾਲ ਦੇ ਭਰਾ ਸੁਰੇਸ਼ ਦੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਝਾਰਖੰਡ ਦੀਆਂ ਰਾਜ ਸਭਾ ਚੋਣਾਂ ਨੂੰ ਰੱਦ ਕਰਦਿਆਂ ਇਸ ਮਾਮਲੇ 'ਚ ਸੀ. ਬੀ. ਆਈ ਜਾਂਚ ਦਾ ਆਦੇਸ਼ ਦਿੱਤਾ ਸੀ। ਜ਼ਿਕਰਯੋਗ ਹੈ ਕਿ ਝਾਰਖੰਡ 'ਚ ਰਾਜ ਸਭਾ ਚੋਣਾਂ ਫਿਰ ਦੁਬਾਰਾ 3 ਮਈ ਨੂੰ ਹੋਣਗੀਆਂ।
ਨਵੀਂ ਦਿੱਲੀ, 22 ਅਪ੍ਰੈਲ - ਅੰਨਾ ਹਜ਼ਾਰੇ ਦੇ ਟੀਮ ਮੈਂਬਰ ਬਾਬਾ ਰਾਮਦੇਵ ਤੋਂ ਨਾਰਾਜ਼ ਹਨ। ਟੀਮ ਅੰਨਾ ਦੇ ਮੈਂਬਰ ਬਾਬਾ ਰਾਮਦੇਵ ਦਾ ਹਰੇਕ ਫੈਸਲਾ ਇਕੱਲਿਆਂ ਕਰਨ ਤੇ ਬਿਨਾਂ ਸਹਿਮਤੀ ਲਿਆਂ ਅੱਗੇ ਜਾਣ ਦੇ ਸੁਭਾਅ ਕਰਕੇ ਨਾਰਾਜ਼ ਹਨ। ਅੰਨਾ ਹਜ਼ਾਰੇ ਬੀਤੇ ਦਿਨੀ ਬਾਬਾ ਰਾਮਦੇਵ ਨੂੰ ਮਿਲੇ ਸਨ ਤੇ ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਤਿੰਨ ਜੁਲਾਈ ਨੂੰ ਜੰਤਰ ਮੰਤਰ ਤੋਂ ਭ੍ਰਿਸ਼ਟਾਚਾਰ ਵਿਰੁੱਧ ਰਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ। ਟੀਮ ਅੰਨਾ ਨੇ ਵੀ ਆਪਣੇ ਆਪ ਨੂੰ ਇਸ ਦੌਰਾਨ ਨਜ਼ਰਅੰਦਾਜ਼ ਕੀਤੇ ਜਾਣ ਦਾ ਦੋਸ਼ ਲਾਇਆ ਸੀ।
ਕੋਲਕਾਤਾ, 22 ਅਪ੍ਰੈਲ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਪੱਛਮੀ ਬੰਗਾਲ ਲਈ ਅਗਲੇ ਤਿਨ ਸਾਲਾਂ ਤਕ ਟੈਕਸ ਚੁਕਾਉਣ ਦੀ ਕਾਨੂੰਨੀ ਮੋਹਲਤ ਦੀ ਮੰਗ ਨੂੰ ਸਵੀਕਾਰ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਬੈਨਰਜੀ ਨੇ ਕਿਹਾ ਕਿ ਸਾਡੇ ਕੋਲ ਵਿਕਾਸ ਕਾਰਜ ਲਈ ਪੈਸਾ ਨਹੀਂ ਹੈ ਅਤੇ ਕੇਂਦਰ ਸਰਕਾਰ ਖੱਬੇਪੱਖੀ ਸ਼ਾਸਨ ਦੇ ਦੌਰਾਨ ਲਏ ਗਏ ਭਾਰੀ ਕਰਜ਼ੇ 'ਤੇ ਵਿਆਜ ਵਸੂਲ ਰਹੀ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਅਸੀ ਤਿਨ ਸਾਲਾਂ ਲਈ ਟੈਕਸ ਦੇਣ ਤੋਂ ਛੋਟ ਦੀ ਮੰਗ ਕੀਤੀ ਹੈ ਤੇ ਇਹ ਮੰਗ ਕਈ ਵਾਰ ਦੁਹਰਾਈ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਇਕ ਸਾਲ ਤੋਂ ਇਹ ਮੰਗ ਕਰਦੀ ਆ ਰਹੀ ਹਾਂ ਤੇ ਹੁਣ ਉਨ੍ਹਾਂ ਨੂੰ ਸਾਡੀ ਇਹ ਮੰਗ ਸਵੀਕਾਰ ਕਰਨੀ ਹੋਵੇਗੀ ਤੇ ਇਸ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਾਰਾ ਪੈਸਾ ਲੈ ਲਵੇਗਾ ਤੇ ਅਸੀ ਰਾਜ ਦਾ ਕੰਮ ਕਾਜ ਕਿਵੇਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਕੇ ਆਪਣੀ ਮੰਗ ਉਨ੍ਹਾਂ ਦੇ ਸਾਹਮਣੇ ਰੱਖੇਗੀ।

ਕਾਬੁਲ, 22 ਅਪ੍ਰੈਲ - ਅਫ਼ਗਾਨਿਸਤਾਨ ਦੀ ਸੁਰੱਖਿਆ ਫ਼ੌਜ ਨੇ ਕਾਬੁਲ 'ਚੋਂ ਪੰਜ ਬਾਗੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ 'ਚ ਧਮਾਰਾਖੇਜ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਗੀਆਂ ਕੋਲੋਂ 10 ਹਜ਼ਾਰ ਕਿਲੋਗ੍ਰਾਮ ਮਾਤਰਾ 'ਚ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਸ਼ੱਕ ਜਤਾਇਆ ਹੈ ਕਿ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਭੀੜ ਵਾਲੇ ਖੇਤਰਾਂ 'ਚ ਹਮਲਾ ਕਰਨ ਲਈ ਕੀਤੀ ਜਾਣੀ ਸੀ ਤੇ ਜੇਕਰ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਹੋ ਜਾਣੀ ਸੀ ਤਾਂ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ। ਧਮਾਕਾਖੇਜ ਸਮੱਗਰੀ ਨੂੰ ਇਕ ਟਰੱਕ 'ਚ 400 ਦੇ ਕਰੀਬ ਥੈਲਿਆਂ 'ਚ ਆਲੂਆਂ ਦੀਆਂ ਬੋਰੀਆਂ ਥੱਲੇ ਲੁਕੋ ਕੇ ਰੱਖਿਆ ਹੋਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚੋਂ ਤਿੰਨ ਪਾਕਿਸਤਾਨ ਦੇ ਅੱਤਵਾਦੀ ਹਨ ਤੇ ਦੋ ਉਨ੍ਹਾਂ ਦੇ ਅਫ਼ਗਾਨ ਸਾਥੀ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਪਾਕਿਸਤਾਨ ਦੇ ਤਾਲਿਬਾਨ ਮੈਂਬਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰੀ ਕੀਤੇ ਵਿਅਕਤੀਆਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਨਾਲ ਜੁੜਨ ਨਾਲ ਪਾਕਿਸਤਾਨ 'ਤੇ ਅੱਤਵਾਦ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਹੋਰ ਵੱਧ ਗਿਆ ਹੈ। ਅਮਰੀਕੀ ਰਾਜਦੂਤ ਰਿਆਨ ਕਰੋਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਅੱਤਵਾਦੀ ਕਾਰਵਾਈ ਨੂੰ ਰੋਕੇ ਨਹੀਂ ਤਾਂ ਇਸ ਨਾਲ ਆਪਸੀ ਰਿਸ਼ਤੇ ਪ੍ਰਭਾਵਿਤ ਹੋਣਗੇ ਕਿਉਂਕਿ ਪਾਕਿਸਤਾਨ 'ਚ ਅੱਤਵਾਦੀ ਕਾਰਵਾਈਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ 'ਚ ਪਾਕਿਸਤਾਨ ਦੀ ਧਰਤੀ 'ਤੇ ਓਸਾਮਾ-ਬਿਨ-ਲਾਦੇਨ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਸੀ।

ਜਲੰਧਰ ਸਨਅਤੀ ਹਾਦਸੇ 'ਚ ਮਰਨ ਵਾਲਿਆਂ ਦੀ
 ਗਿਣਤੀ 21 ਹੋਈ-ਠੇਕੇਦਾਰ ਗ੍ਰਿਫ਼ਤਾਰ


ਮਲਬੇ 'ਚੋਂ ਇਕ ਮਜ਼ਦੂਰ ਦੀ ਲਾਸ਼ ਕੱਢ ਕੇ ਲਿਆ ਰਹੇ
ਰਾਹਤ ਦਸਤਿਆਂ ਦੇ ਕਰਮਚਾਰੀ।
ਜਲੰਧਰ, 22 ਅਪ੍ਰੈਲ - ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਸ਼ੀਤਲ ਫੈਬਰਿਕ ਫੈਕਟਰੀ ਵਿਖੇ 15 ਅਪ੍ਰੈਲ ਨੂੰ ਵਾਪਰੇ ਹਾਦਸੇ ਦੌਰਾਨ ਢਹਿ ਢੇਰੀ ਹੋਣ ਵਾਲੀ ਇਮਾਰਤ ਦੇ ਠੇਕੇਦਾਰ ਨੂੰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪ੍ਰਭਾਵਿਤ ਫੈਕਟਰੀ ਦਾ ਮਲਬਾ ਹਟਾਉਣ ਦੀ ਪ੍ਰਕਿਰਿਆ ਅੱਜ ਵੀ ਜਾਰੀ ਰਹੀ ਅਤੇ ਮਲਬੇ ਵਿਚੋਂ 4 ਹੋਰ ਲਾਸ਼ਾਂ ਬਾਹਰ ਕੱਢੇ ਜਾਣ ਕਾਰਨ ਇਸ ਹਾਦਸੇ ਵਿਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ. (ਸਥਾਨਕ) ਨਵਜੋਤ ਸਿੰਘ ਮਾਹਲ ਅਤੇ ਏ. ਸੀ. ਪੀ. (ਉੱਤਰੀ) ਬਲਕਾਰ ਸਿੰਘ ਨੇ ਥਾਣਾ ਮੁਖੀ ਡਵੀਜ਼ਨ 8 ਜਸਤਿੰਦਰ ਸਿੰਘ ਰਾਣਾ ਅਤੇ ਥਾਣਾ ਡਿਵੀਜ਼ਨ 3 ਮਨਮੋਹਨ ਸਿੰਘ ਦੀ ਮੌਜੂਦਗੀ ਵਿਚ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਸ਼ੀਤਲ ਵਿੱਜ ਵਗੈਰਾ ਦੇ ਖ਼ਿਲਾਫ਼ ਮੁਕੱਦਮਾਂ ਨੰਬਰ 63 ਅਧੀਨ 304, 120 ਬੀ. ਆਈ ਪੀ ਸੀ ਅਤੇ 7-8-9-13 (1) ਡੀ. ਪ੍ਰੀਵੈਨਸ਼ਨ ਆਫ਼ ਕਰਪਸ਼ਨ ਐਕਟ ਤਹਿਤ ਥਾਣਾ ਡਿਵੀਜ਼ਨ 8 ਵਿਖੇ ਦਰਜ ਕੀਤਾ ਸੀ। ਇਸ ਮਾਮਲੇ ਵਿਚ ਫੈਕਟਰੀ ਮਾਲਕ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇਮਾਰਤ ਤਿਆਰ ਕਰਨ ਵਾਲੇ ਠੇਕੇਦਾਰ ਸਰਵਨ ਸਿੰਘ ਪੁੱਤਰ ਰੱਖਾ ਸਿੰਘ ਵਾਸੀ 26 ਜਿਉਤੀ ਨਗਰ ਜਲੰਧਰ ਨੂੰ ਅੱਜ ਦੁਪਹਿਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਫੌਜ ਦੀ ਟੁਕੜੀ, ਐਨ. ਡੀ. ਆਰ.ਐਫ. , ਪੀ. ਏ. ਪੀ. ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੇ ਵਿਸ਼ੇਸ਼ ਦਸਤਿਆਂ ਵਲੋਂ ਰਾਹਤ ਕਾਰਜ ਵੱਡੀ ਪੱਧਰ 'ਤੇ ਜਾਰੀ ਰਹੇ। ਇਸ ਦੌਰਾਨ ਬੇਹੱਦ ਭਾਰੀ ਮਲਬੇ ਨੂੰ ਹਟਾਉਣ ਲਈ ਵੱਡੇ-ਵੱਡੇ ਪੁਲਾਂ ਆਦਿ ਦੀ ਉਸਾਰੀ ਲਈ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ ਕਰੇਨਾਂ ਦੀ ਮਦਦ ਲਈ ਜਾ ਰਹੀ ਹੈ। ਵੱਡੀਆਂ ਡਿੱਚ ਮਸ਼ੀਨਾਂ ਦੀ ਮਦਦ ਨਾਲ ਰਾਹਤ ਕਰਮੀਆਂ ਨੇ ਅੱਜ 4 ਹੋਰ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਣ ਵਿਚ ਸਫਲਤਾ ਪ੍ਰਾਪਤ ਕੀਤੀ। ਐਨ. ਡੀ. ਆਰ. ਐਫ. ਦੇ ਅਧਿਕਾਰੀਆਂਵਲੋਂ ਆਧੁਨਿਕ ਸਾਜੋ ਸਾਮਾਨ ਰਾਹੀਂ ਕੀਤੀ ਗਈ ਜਾਂਚ ਉਪਰੰਤ ਮਲਬੇ ਹੇਠੋਂ ਹੋਰ ਕਿਸੇ ਵਿਅਕਤੀ ਦੇ ਜਿੰਦਾ ਬਾਹਰ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਮਲਬੇ ਵਿਚੋਂ ਬਾਹਰ ਕੱਢੀਆਂ ਗਈਆਂ ਲਾਸ਼ਾਂ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਵਿਸ਼ਵਾਨਾਥ ਵਾਸੀ ਮੀਨਾਪੁਰ ਸਹਾਰਨ ਛਪਰਾ ਬਿਹਾਰ, ਰਾਹੁਲ ਪੁੱਤਰ ਹਰੀ ਸਿੰਘ ਵਾਸੀ ਅਰੋਹਾ, ਮਹਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਰਾਮ ਨਗਰ ਜਲੰਧਰ ਅਤੇ ਪ੍ਰਮੋਦ ਪੁੱਤਰ ਰਾਮ ਬਖਸ਼ ਵਜੋਂ ਕੀਤੀ ਗਈ ਹੈ।
ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੀਆਂ
ਝੀਲਾਂ 'ਚ ਪਾਣੀ ਦਾ ਭੰਡਾਰ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ
ਬਠਿੰਡਾ, 22 ਅਪ੍ਰੈਲ - 920 ਮੈਗਾਵਾਟ ਰੋਜ਼ਾਨਾ ਬਿਜਲੀ ਪੈਦਾਵਾਰ ਕਰਨ ਦੀ ਸਮਰੱਥਾ ਵਾਲਾ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੀਆਂ ਝੀਲਾਂ ਵਿਚ ਪਾਣੀ ਦਾ ਭੰਡਾਰ ਖ਼ਤਰਨਾਕ ਹੱਦ ਤੱਕ ਘਟਣ ਕਰਕੇ ਇਸ ਦੇ ਕਿਸੇ ਵੇਲੇ ਵੀ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪਲਾਂਟ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਇਸ ਪਲਾਂਟ 'ਚ ਪਾਣੀ ਦਾ ਭੰਡਾਰ ਸਿਰਫ਼ ਇਕ ਹਫ਼ਤੇ ਦੀਆਂ ਲੋੜਾਂ ਲਈ ਮੌਜੂਦ ਹੈ, ਜਿਸ ਕਰਕੇ ਸਮੁੱਚੇ ਮਾਲਵੇ ਵਿਚ ਪਾਣੀ ਦੀ ਘਾਟ ਕਾਰਨ ਹਾਹਾਕਾਰ ਮੱਚ ਗਈ ਹੈ। ਇਥੋਂ ਤੱਕ ਪਿੰਡਾਂ ਅਤੇ ਸ਼ਹਿਰਾਂ ਦੀਆਂ ਜਲ ਸਪਲਾਈ ਸਕੀਮਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਪਲਾਂਟ ਦੇ ਅਧਿਕਾਰੀਆਂ ਅਨੁਸਾਰ ਨਹਿਰ ਦੀ ਇਸ ਲੰਬੀ ਬੰਦੀ ਬਾਰੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਸ਼ਗੀ ਸੂਚਿਤ ਨਹੀਂ ਕੀਤਾ, ਜਦੋਂਕਿ ਪਲਾਂਟ ਦੀਆਂ ਝੀਲਾਂ ਵਿਚ ਪਾਣੀ ਦੀ ਸਪਲਾਈ ਆਉਣੀ ਬੰਦ ਹੋ ਗਈ ਤਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਅਦ ਹੀ ਉਨ੍ਹਾਂ ਨੂੰ ਲੰਬੀ ਨਹਿਰ ਬੰਦੀ ਬਾਰੇ ਪਤਾ ਲੱਗਿਆ। ਉਨ੍ਹਾਂ ਜੇ ਪਲਾਂਟ ਨੂੰ ਪਾਣੀ ਦੀ ਤੁਰੰਤ ਸਪਲਾਈ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਪਲਾਂਟ ਦੇ ਬੰਦ ਹੋਣ ਨਾਲ ਪੰਜਾਬ ਵਿਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਪਲਾਂਟ ਵਿਚ ਪਾਣੀ ਦੀ ਵਰਤੋਂ ਕੋਇਲੇ ਦੀ ਅੱਗ ਤੋਂ ਭਾਫ਼ ਬਣਾਉਣ ਲਈ ਕੀਤੀ ਜਾਂਦੀ, ਜਿਸ ਦੀ ਸ਼ਕਤੀ ਨਾਲ ਪਲਾਂਟ ਦਾ ਜਨਰੇਟਰ ਚਲਦਾ ਹੈ। ਪਲਾਂਟ ਦੀਆਂ ਝੀਲਾਂ ਵਿਚ 16 ਲੱਖ ਕਿਊਸਕ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੈ, ਜਿਸ ਨਾਲ ਪਲਾਂਟ ਲਈ ਪਾਣੀ ਦੀਆਂ ਲੋੜਾਂ 17-18 ਦਿਨਾਂ ਤੱਕ ਪੂਰੀਆਂ ਹੋ ਸਕਦੀਆਂ ਹਨ। ਪਲਾਂਟ ਦੀਆਂ ਪਾਣੀ ਦੀਆਂ ਰੋਜ਼ਾਨਾ ਲੋੜਾਂ 90 ਹਜ਼ਾਰ ਤੋਂ ਇਕ ਲੱਖ ਕਿਊਸਕ ਹਨ। ਇਸ ਸਮੇਂ ਪਲਾਂਟ ਦੇ ਸਾਰੇ ਯੂਨਿਟ ਆਪਣੀ ਸਮਰੱਥਾ ਮੁਤਾਬਿਕ ਬਿਜਲੀ ਉਤਪਾਦਨ ਕਰ ਰਹੇ ਹਨ। ਪਾਣੀ ਦੀ ਸਪਲਾਈ ਬੰਦ ਹੋਣ ਵਾਲੇ ਦਿਨ ਯਾਨੀ 13 ਅਪ੍ਰੈਲ ਤੱਕ ਝੀਲਾਂ ਵਿਚ ਪਾਣੀ ਪੂਰੀ ਸਮਰੱਥਾ ਮੁਤਾਬਿਕ ਸੀ। ਹੁਣ ਇਹ ਪਾਣੀ ਦਾ ਭੰਡਾਰ ਸਿਰਫ਼ 28 ਅਪ੍ਰੈਲ ਤੱਕ ਦਾ ਰਹਿ ਗਿਆ ਹੈ, ਜਦੋਂਕਿ ਨਹਿਰ ਤੋਂ ਪਾਣੀ ਦੀ ਸਪਲਾਈ 1 ਜਾਂ 2 ਮਈ ਤੋਂ ਪਹਿਲਾਂ ਨਹੀਂ ਹੋ ਸਕੇਗੀ।
ਇਸ ਤਰ੍ਹਾਂ ਪਾਣੀ ਦੀ ਘਾਟ ਕਾਰਨ ਇਹ ਪਲਾਂਟ 5-6 ਦਿਨ ਬੰਦ ਰਹਿ ਸਕਦਾ ਹੈ, ਜਿਸ ਨਾਲ ਬਿਜਲੀ ਉਤਪਾਦਨ ਨਾ ਹੋਣ ਕਰਕੇ ਬਿਜਲੀ ਨਿਗਮ ਨੂੰ 7-8 ਕਰੋੜ ਰੁਪਏ ਰੋਜ਼ਾਨਾ ਦਾ ਘਾਟਾ ਸਹਿਣ ਕਰਨਾ ਪਵੇਗਾ। ਅਧਿਕਾਰੀਆਂ ਨੇ ਪਾਣੀ ਦੀ ਬੱਚਤ ਲਈ ਪਲਾਂਟ ਅੰਦਰ ਜੰਗਲਾਤ ਅਤੇ ਹੋਰ ਮੰਤਵਾਂ ਲਈ ਪਾਣੀ ਦੀ ਵਰਤੋਂ ਤਕਰੀਬਨ ਬੰਦ ਕਰ ਦਿੱਤੀ ਹੈ ਅਤੇ ਕਾਲੋਨੀ ਵਿਚ ਵੀ ਪੀਣ ਦੇ ਪਾਣੀ ਦੀ ਵਰਤੋਂ 'ਤੇ ਕਟੌਤੀ ਲਗਾਈ ਗਈ ਹੈ ਤਾਂ ਜੋ ਵੱਧ ਤੋਂ ਵੱਧ ਪਾਣੀ ਬਚਾ ਕੇ ਪਲਾਂਟ ਨੂੰ ਚਲਦਾ ਰੱਖਿਆ ਜਾ ਸਕੇ।
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਪਹਿਲੀ ਮਈ 'ਤੇ ਪਈ

ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ ਤੇ ਹੋਰਾਂ ਨੂੰ ਅਦਾਲਤ 'ਚੋਂ ਬਾਹਰ ਲਿਆਉਂਦੇ ਹੋਏ ਪੁਲਿਸ ਮੁਲਾਜ਼ਮ।
ਮਾਨਸਾ, 22 ਅਪ੍ਰੈਲ - ਸਥਾਨਕ ਅਦਾਲਤ ਨੇ ਡੇਰਾ ਪ੍ਰੇਮੀ ਲਿੱਲੀ ਕਤਲ ਕਾਂਡ 'ਚ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੰਘਾਂ ਦੀ ਮੁੜ ਪੇਸ਼ੀ 1 ਮਈ 'ਤੇ ਪਾ ਦਿੱਤੀ ਹੈ। ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ, ਪ੍ਰੋ: ਗੁਰਬੀਰ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ, ਗੁਰਦੀਪ ਸਿੰਘ ਰਾਜੂ ਲੁਧਿਆਣਾ, ਗਮਦੂਰ ਸਿੰਘ ਝੰਡੂਕਾ, ਕਰਨ ਸਿੰਘ ਝੰਡੂਕਾ, ਰਾਜ ਸਿੰਘ ਕੋਟਧਰਮੂ, ਅੰਮ੍ਰਿਤਪਾਲ ਸਿੰਘ ਆਦਿ ਨੂੰ ਇਥੇ ਵਧੀਕ ਸੈਸ਼ਨ ਜੱਜ ਸ: ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਉਪਰੋਕਤ ਕਤਲ ਕਾਂਡ ਦੀ ਪਹਿਲੀ ਐਫ. ਆਈ. ਆਰ. ਵਿਚ ਨਾਮਜ਼ਦ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਦੇ 3 ਸਿੱਖ ਨੌਜਵਾਨਾਂ ਦਲਜੀਤ ਸਿੰਘ ਟੈਣੀ, ਮਿੱਠੂ ਸਿੰਘ, ਡਾ: ਛਿੰਦਾ ਸਿੰਘ ਨੂੰ ਵੀ ਇਸੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਕੀਲ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਇੱਕ ਪੁਲਿਸ ਅਫ਼ਸਰ ਦੀ ਗਵਾਹੀ ਵਿਚ ਪਿੰਡ ਆਲਮਪੁਰ ਮੰਦਰਾਂ ਦੇ 3 ਨੌਜਵਾਨਾਂ ਨੂੰ ਬੇਕਸੂਰ ਦੱਸਿਆ ਗਿਆ ਜਦਕਿ 2 ਹੋਰ ਗਵਾਹਾਂ ਜੋਗਿੰਦਰ ਸਿੰਘ ਤੇ ਮਲਕੀਤ ਸਿੰਘ ਨੇ ਉਨ੍ਹਾਂ ਨੂੰ ਕਸੂਰਵਾਰ ਦੱਸਦਿਆਂ ਖਾੜਕੂ ਭੂਤਨਾ ਤੇ ਦੂਸਰੇ ਸਾਥੀਆਂ ਨੂੰ ਬੇਕਸੂਰ ਕਿਹਾ। ਅਦਾਲਤ ਨੇ ਗਵਾਹੀਆਂ ਲੈਣ ਉਪਰੰਤ ਬਾਅਦ ਦੁਪਹਿਰ ਇਨ੍ਹਾਂ ਸਾਰਿਆਂ ਦੀ ਪੇਸ਼ੀ 1 ਮਈ 'ਤੇ ਪਾਈ ਹੈ।
ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਹਨ ਸਿੱਖਿਆ ਕਰਮੀ
ਅਬੋਹਰ, 22 ਅਪ੍ਰੈਲ- ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸਿੱਖਿਆ ਅਤੇ ਪ੍ਰਬੰਧਕੀ ਢਾਂਚੇ 'ਚ ਭਰਪੂਰ ਸੁਧਾਰ ਕਰਨ ਵਾਲੇ ਸਿੱਖਿਆ ਕਰਮੀ (ਸਿੱਖਿਆ ਪ੍ਰੋਵਾਈਡਰ) ਸਰਕਾਰ ਦੀ ਸਵੱਲੀ ਨਜ਼ਰ ਤੋਂ ਸੱਖਣੇ ਹਨ। ਸਿੱਖਿਆ ਵਿਭਾਗ 'ਚ ਪੰਚਾਇਤੀ ਪੱਧਰ 'ਤੇ ਮੈਰਿਟ ਅਨੁਸਾਰ ਕਈ ਸਾਲ ਪਹਿਲਾ ਪ੍ਰਾਇਮਰੀ ਪੱਧਰ ਤੱਕ ਪੜਾਉਣ ਲਈ ਸਿੱਖਿਆ ਕਰਮੀਆਂ ਦੀ ਨਿਯੁਕਤੀ ਹੋਈ ਸੀ। ਲੰਮੇ ਸਮੇਂ ਤੋਂ ਪੜੇ ਲਿਖੇ ਸਿੱਖਿਆ ਕਰਮੀ ਘੱਟ ਤਨਖਾਹਾਂ 'ਤੇ ਪੱਕੇ ਅਧਿਆਪਕਾਂ ਵਾਂਗ ਕੰਮ ਕਰਨ ਦੇ ਨਾਲ-ਨਾਲ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਡੀ. ਜੀ. ਐਸ. ਈ. ਵੱਲੋਂ ਜਾਰੀ ਹੋਏ ਹੁਕਮਾਂ ਨੂੰ ਵੀ ਤਿੰਨ ਮਹੀਨੇ ਬੀਤਣ ਬਾਅਦ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਲਾਗੂ ਕਰਨਾ ਜ਼ਰੂਰੀ ਨਹੀਂ ਸਮਝਿਆ। ਸਿੱਖਿਆ ਕਰਮੀਆਂ ਨੂੰ ਪੱਕੇ ਅਧਿਆਪਕਾਂ ਵਾਂਗ ਛੁੱਟੀਆਂ ਦੇਣ ਸਬੰਧੀ 11 ਨਵੰਬਰ, 2011 ਨੂੰ ਪੱਤਰ ਜਾਰੀ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਦੀਆਂ ਸਰਵਿਸ ਬੁੱਕਾਂ ਲਾਉਣ ਅਤੇ ਸਿੱਖਿਆ ਕਰਮੀਆਂ ਨੂੰ ਇਕ ਅਧਿਆਪਕ ਸਮਝਣ ਸਬੰਧੀ ਵੀ ਪੱਤਰ ਜਾਰੀ ਹੋਇਆ। ਭਾਵੇਂ ਇਹ ਪੱਤਰ ਜ਼ਿਲ੍ਹਾ ਸਿੱਖਿਆ ਦਫ਼ਤਰਾਂ 'ਚ ਕਾਫ਼ੀ ਸਮਾਂ ਪਹਿਲਾ ਪੁੱਜ ਗਏ ਪਰ ਅਗਾਂਹ ਜ਼ਿਲ੍ਹਾ ਅਧਿਕਾਰੀਆਂ ਨੇ ਇਨ੍ਹਾਂ ਪੱਤਰਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਇਨ੍ਹਾਂ ਨੂੰ ਅੱਗੇ ਭੇਜਣਾ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਇਲਾਵਾ ਸਿੱਖਿਆ ਕਰਮੀਆਂ ਦੀ ਤਨਖਾਹ ਦਸੰਬਰ 2011 ਤੋਂ 1 ਹਜ਼ਾਰ ਵਧਾਉਣ ਅਤੇ ਹੋਰ ਮੰਗਾਂ 19 ਨਵੰਬਰ ਦੀ ਕੈਬਨਿਟ ਬੈਠਕ 'ਚ ਸੂਤਰਾਂ ਮੁਤਾਬਿਕ ਪਾਸ ਵੀ ਹੋਈਆਂ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਸਿੱਖਿਆ ਕਰਮੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਹੱਕੀ ਮੰਗਾਂ ਲਈ ਤਕੜਾ ਸੰਘਰਸ਼ ਕਰਨ ਵਾਲੇ ਸ: ਅਜਮੇਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਕੇ ਉਨ੍ਹਾਂ ਨੂੰ ਪੱਕੇ ਕਰੇ। ਸ: ਔਲਖ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਛੇਤੀ ਨਾ ਕੀਤਾ ਤਾਂ ਦੁਬਾਰਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪਹਿਲਾ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਵੀ ਕੀਤੀ ਹੈ।
      ਪ੍ਰਿੰਸੀਪਲਾਂ ਦੀ ਨਿਯੁਕਤੀ ਪ੍ਰੀਖਿਆ 'ਚੋਂ ਗੁਰਪ੍ਰੀਤ ਕੌਰ ਪਹਿਲੇ ਨੰਬਰ 'ਤੇ
ਬਠਿੰਡਾ, 22 ਅਪ੍ਰੈਲ - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਦਯੋਗਿਕ ਸਿਖਲਾਈ ਸੰਸਥਾ ਦੇ ਸਹਾਇਕ ਡਾਇਰੈਕਟਰ, ਪ੍ਰਿੰਸੀਪਲ ਅਤੇ ਮੈਨੇਜਰ ਦੀ ਲਈ ਗਈ ਪ੍ਰੀਖਿਆ ਦੇ ਹਾਲ ਵਿਚ ਹੀ ਐਲਾਨੇ ਨਤੀਜੇ ਵਿਚ ਬਠਿੰਡਾ ਦੀ ਗੁਰਪ੍ਰੀਤ ਕੌਰ ਗਿੱਲ ਪਤਨੀ ਗੁਰਮੀਤ ਸਿੰਘ ਨਿਊ ਗਿੱਲ ਮੋਟਰਜ਼ ਨੇ 72.60 ਫੀਸਦੀ ਅੰਕ ਲੈ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਅਹੁਦੇ ਲਈ ਰਾਜ ਭਰ ਦੇ ਕਰੀਬ 289 ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ। ਦੂਜੇ ਨੰਬਰ 'ਤੇ 70.36 ਫੀਸਦੀ ਅੰਕ ਲੈ ਕੇ ਜੁਪਜੀਤ ਸਿੰਘ ਧਵਨ ਪੁੱਤਰ ਜੋਗਿੰਦਰ ਸਿੰਘ ਧਵਨ ਅਤੇ 70.36 ਫੀਸਦੀ ਅੰਕ ਲੈ ਕੇ ਸਤਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਤੀਜੇ ਸਥਾਨ 'ਤੇ ਰਿਹਾ। ਉਦਯੋਗਿਕ ਸਿਖ਼ਲਾਈ ਸੰਸਥਾ ਦੇ ਪ੍ਰਿੰਸੀਪਲਾਂ/ਸਹਾਇਕ ਡਾਇਰੈਕਟਰ ਅਤੇ ਮੈਨੇਜਰਾਂ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕੱਲ੍ਹ ਕੀਤਾ ਗਿਆ ਹੈ। ਗੁਰਪ੍ਰੀਤ ਕੌਰ ਦੇ ਸਹਾਇਕ ਡਾਇਰੈਕਟਰ ਕਮ ਪ੍ਰਿੰਸੀਪਲ ਦੇ ਅਹੁਦੇ ਲਈ ਪੰਜਾਬ ਭਰ 'ਚੋਂ ਪਹਿਲੇ ਨੰਬਰ 'ਤੇ ਆਉਣ ਕਾਰਨ ਉਨ੍ਹਾਂ ਦੇ ਘਰ ਖੁਸ਼ੀ ਵਾਲਾ ਮਾਹੌਲ ਬਣਿਆ ਹੈ।
ਸਿੱਖਿਆ ਵਿਭਾਗ ਵੱਲੋਂ ਵਿੱਤੀ ਸ਼ਕਤੀਆਂ ਪੱਕੇ ਪ੍ਰਿੰਸੀਪਲਾਂ ਨੂੰ ਦੇਣ ਦਾ ਫੈਸਲਾ
ਫ਼ਿਰੋਜ਼ਪੁਰ, 22 ਅਪ੍ਰੈਲ - ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਵਿੱਤੀ ਸ਼ਕਤੀਆਂ ਸਿਰਫ਼ ਪੱਕੇ ਪ੍ਰਿੰਸੀਪਲਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਆਪਣੇ ਪੱਤਰ ਨੰਬਰ 13/181/-2010 ਅਮਲਾ 1 (6) ਮਿਤੀ 18-4-12 ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜੇ ਆਦੇਸ਼ ਵਿਚ ਆਖਿਆ ਕਿ ਰਾਜ ਦੇ 1395 ਤੋਂ ਵੱਧ ਸੈਕੰਡਰੀ ਸਕੂਲਾਂ ਦੀਆਂ ਵਿੱਤੀ ਸ਼ਕਤੀਆਂ (ਡੀ. ਡੀ. ਪਾਵਰਾਂ) ਸਿਰਫ਼ ਪੱਕੇ ਪ੍ਰਿੰਸੀਪਲਾਂ ਨੂੰ ਹੀ ਦਿੱਤੀਆਂ ਜਾਣ। ਵਰਨਣਯੋਗ ਹੈ ਕਿ ਸੂਬੇ ਦੇ 60 ਫੀਸਦੀ ਤੋਂ ਵੱਧ ਸਕੂਲ ਬਿਨ੍ਹਾਂ ਪੱਕੇ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਹੁਣ ਸਿੱਖਿਆ ਵਿਭਾਗ ਦੇ ਨਵੇਂ ਆਦੇਸ਼ ਅਨੁਸਾਰ ਹਰੇਕ ਪ੍ਰਿੰਸੀਪਲ ਨੂੰ ਘੱਟੋ-ਘੱਟ 5 ਸਕੂਲਾਂ ਦਾ ਵਿੱਤੀ ਪ੍ਰਬੰਧ ਸੰਭਾਲਣਾ ਪਵੇਗਾ ਅਤੇ ਇਸ ਨਾਲ ਜਿਥੇ ਮੌਜੂਦਾ ਸਕੂਲਾਂ ਦੇ ਬੱਚਿਆਂ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ, ਉਥੇ ਸਿੱਖਿਆ ਦੇ ਮੰਦਰਾਂ ਵਿਚ ਅਨੁਸ਼ਾਸਨ ਦੀ ਘਾਟ ਵੀ ਰੜਕੇਗੀ।
ਵਿਜੀਲੈਂਸ 'ਚ ਭਰਤੀ ਬਦਲੇ ਲਈ 2 ਲੱਖ ਰਿਸ਼ਵਤ
ਚੰਡੀਗੜ੍ਹ, 22 ਅਪ੍ਰੈਲ - ਲੋਕਾਂ ਨੂੰ ਰਿਸ਼ਵਤਖੋਰੀ ਤੋਂ ਨਿਜਾਤ ਦਿਵਾਉਣ ਲਈ ਬਣਾਏ ਗਏ ਵਿਜੀਲੈਂਸ ਵਿਭਾਗ ਵਿਚ ਸਿਪਾਹੀ ਭਰਤੀ ਕਰਾਉਣ ਬਦਲੇ ਹੀ ਜ਼ਿਲ੍ਹਾ ਮੋਹਾਲੀ ਦੇ ਪਿੰਡ ਗੋਬਿੰਦਗੜ੍ਹ ਨਿਵਾਸੀ ਦੋ ਭਰਾਵਾਂ ਪ੍ਰਕਾਸ਼ ਪੂਰੀ ਅਤੇ ਮੁਕੇਸ਼ ਪੂਰੀ ਨੇ ਆਪਣੇ ਹੀ ਪਿੰਡ ਦੇ ਓਮ ਪ੍ਰਕਾਸ਼ ਤੋਂ 2 ਲੱਖ ਰੁਪਏ ਰਿਸ਼ਵਤ ਲੈ ਲਈ। ਇਹ ਰਿਸ਼ਵਤ ਓਮ ਪ੍ਰਕਾਸ਼ ਦੇ ਬੇਟੇ ਨੂੰ ਪੰਜਾਬ ਵਿਜੀਲੈਂਸ ਵਿਚ ਭਰਤੀ ਕਰਾਉਣ ਬਦਲੇ ਲਈ ਗਈ ਸੀ, ਪਰ ਨਾ ਤਾਂ ਉਹ ਭਰਤੀ ਹੀ ਕਰਵਾ ਸਕੇ ਅਤੇ ਨਾ ਹੀ ਉਨ੍ਹਾਂ ਲਏ ਹੋਏ ਪੈਸੇ ਵਾਪਿਸ ਕੀਤੇ। ਜਿਸ 'ਤੇ ਓਮ ਪ੍ਰਕਾਸ਼ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਵਾਂ ਭਰਾਵਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਓਮ ਪ੍ਰਕਾਸ਼ ਅਨੁਸਾਰ ਉਸ ਨੇ ਇਹ ਪੈਸੇ ਦੋਸ਼ੀਆਂ ਨੂੰ ਪਿਛਲੇ ਸਾਲ ਸੈਕਟਰ 43 ਦੇ ਬੱਸ ਅੱਡੇ 'ਤੇ ਆ ਕੇ ਦਿੱਤੇ ਸਨ।
ਪੇਂਡੂ ਖੇਤਰਾਂ ਦੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆਰਥੀਆਂ ਦੀ ਗਿਣਤੀ 75 ਹੋਵੇਗੀ
ਅਜੀਤਗੜ੍ਹ, 22 ਅਪ੍ਰੈਲ - ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਦਲਬੀਰ ਸਿੰਘ ਢਿੱਲੋਂ ਨਾਲ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ, ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਪ੍ਰੋ: ਸੁਰੇਸ਼ ਟੰਡਨ ਅਤੇ ਸਕੱਤਰ ਡਾ: ਬਲਵਿੰਦਰ ਸਿੰਘ ਤੇ ਹੋਰ ਬੋਰਡ ਅਧਿਕਾਰੀ ਹਾਜ਼ਰ ਸਨ। ਸ੍ਰੀ ਰਾਏ ਨੇ ਦੱਸਿਆ ਕਿ ਅਗਲੀਆਂ ਪ੍ਰੀਖਿਆਵਾਂ ਦੌਰਾਨ ਪੇਂਡੂ ਪ੍ਰੀਖਿਆ ਕੇਂਦਰਾਂ ਵਿਚ 100 ਦੀ ਥਾਂ 75 ਪ੍ਰੀਖਿਆਰਥੀ ਹੋਣਗੇ। ਉਨ੍ਹਾਂ ਦੱਸਿਆ ਕਿ ਐਫੀਲੀਏਟਿਡ ਸਕੂਲਾਂ 'ਚੋਂ ਬੋਰਡ ਮੈਂਬਰ ਤੇ ਅਕੈਡਮਿਕ ਕੌਂਸਲ ਦੇ ਮੈਂਬਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਸਿੱਖਿਆ ਬੋਰਡ ਨਾਲ ਸਬੰਧਿਤ ਕੰਮਾਂ ਲਈ ਸਕੂਲ ਪ੍ਰਬੰਧਕਾਂ ਨੂੰ ਅਜੀਤਗੜ੍ਹ ਨਹੀਂ ਆਉਣਾ ਪਵੇਗਾ, ਸਗੋਂ ਖੇਤਰੀ ਦਫ਼ਤਰ ਪੱਧਰ 'ਤੇ ਹੀ ਕੰਮ ਨਿਪਟਾਏ ਜਾਣਗੇ। ਇਸ ਤੋਂ ਇਲਾਵਾ ਓਪਨ ਸਕੂਲ ਦਸਵੀਂ ਤੇ ਬਾਰ੍ਹਵੀਂ ਦੇ ਪਿਛਲੇ ਬਕਾਏ ਇਸੇ ਮਹੀਨੇ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਮੌਕੇ ਪ੍ਰੇਮ ਭਾਰਦਵਾਜ, ਗੁਰਵਿੰਦਰ ਸਿੰਘ, ਐਸ. ਐਸ. ਬੇਦੀ, ਵਿਜੇ ਤਿਵਾੜੀ, ਮਧੂ ਸ਼ਰਮਾ, ਕਰਮਜੀਤ ਸਿੰਘ, ਅਸ਼ੋਕ ਕੁਮਾਰ, ਸ਼ਿਵ ਕੁਮਾਰ ਅਤੇ ਕ੍ਰਿਸ਼ਨ ਵਸ਼ਿਸ਼ਟ ਹਾਜ਼ਰ ਸਨ।
ਪੰਜਾਬ ਦੀਆਂ ਮੰਡੀਆਂ 'ਚ 16.31 ਲੱਖ ਟਨ ਕਣਕ ਦੀ ਆਮਦ-ਲੱਖੋਵਾਲ

ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸ: ਅਜਮੇਰ ਸਿੰਘ ਲੱਖੋਵਾਲ। ਨਾਲ ਖੜੇ ਪ੍ਰਦੁਮਣ ਬੇਗਾਵਾਲੀ, ਕਿਸਾਨ ਆਗੂ ਅਤੇ ਹੋਰ।
ਫ਼ਾਜ਼ਿਲਕਾ, 22 ਅਪ੍ਰੈਲ - ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਧੰਬਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਕਣਕ ਦੀ ਖ਼ਰੀਦ ਲਈ 1769 ਕੇਂਦਰ ਬਣਾਏ ਗਏ ਹਨ। ਪੰਜਾਬ ਦੀਆਂ ਮੰਡੀਆਂ 'ਚ 16.31 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ 19.96 ਲੱਖ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਇੱਕੋ ਦਿਨ 5.67 ਲੱਖ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ 12.31 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦੋਂ ਕਿ ਸਿਰਫ਼ 0.3 ਟਨ ਕਣਕ ਵਾਰੀਆਂ ਵੱਲੋਂ ਖ਼ਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਸਮ ਵਿਚ ਖ਼ਰਾਬੀ ਕਾਰਨ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਮੰਡੀਆਂ ਵਿਚ ਮੀਂਹ ਹਨੇਰੀ ਤੋਂ ਬਚਾਉਣ ਲਈ ਤਿਰਪਾਲਾਂ ਆਦਿ ਦੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਮਨਜੀਤ ਸਿੰਘ ਸੰਧੂ, ਵਿਜੇ ਮਦਾਨ ਸਕੱਤਰ, ਸੁਖਪਾਲ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਫ਼ਿਰੋਜ਼ਪੁਰ, ਪ੍ਰਦੁਮਣ ਕੁਮਾਰ ਬੇਗਾਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ, ਪੂਰਨ ਸਿੰਘ ਸ਼ਾਹਕੋਟ, ਮਾਸਟਰ ਅਜਮੇਰ ਸਿੰਘ, ਜਗਤਾਰ ਸਿੰਘ ਚੋਟੀਆਂ, ਗੁਰਪ੍ਰੀਤ ਸਿੰਘ ਲੱਖੋਵਾਲ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸ੍ਰੀ ਨਿਵਾਸ ਬਿਹਾਣੀ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਫ਼ਾਜ਼ਿਲਕਾ ਆਦਿ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।