* ਵੋਟਾਂ ਦੀ ਪੜਤਾਲ ਲਈ ਟੀਮ ਬਾਦਲ ਪੁੱਜੀ
ਲੰਬੀ, 18 ਜਨਵਰੀ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਗਲਤ ਜਾਂ ਦੋਹਰੀਆਂ ਵੋਟਾਂ ਬਣੀਆਂ ਹੋਣ ਅਤੇ ਇੱਕ ਸਰਕਾਰੀ ਡਾਕਟਰ ਸਮੇਤ ਤਿੰਨ ਸਰਕਾਰੀ ਕਰਮਚਾਰੀਆਂ ਵੱਲੋਂ ਅਕਾਲੀ ਦਲ ਦੇ ਵਰਕਰ ਵਜੋਂ ਵਿਚਰਨ ਦੇ ਦੋਸ਼ਾਂ ਬਾਰੇ ਦੋ ਵੱਖ-ਵੱਖ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਪੁੱਜੀਆਂ ਹਨ ਜਿਨ੍ਹਾਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੜਤਾਲ ਸ਼ੁਰੂ ਹੋ ਗਈ ਹੈ।
ਇਨ੍ਹਾਂ ਵਿਚ ਪਿੰਡ ਬਾਦਲ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਨਰਸਿੰਗ ਕਾਲਜ ਅਤੇ ਬਿਰਧ ਆਸ਼ਰਮ ਵਿਖੇ ਰਹਿੰਦੇ ਕ੍ਰਮਵਾਰ ਵਿੱਦਿਅਕ ਸਟਾਫ਼/ਦਰਜਾ ਚਾਰ ਸਟਾਫ਼, ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀਆਂ ਉਨ੍ਹਾਂ ਦੇ ਜੱਦੀ ਸ਼ਹਿਰਾਂ/ਪਿੰਡਾਂ ਦੇ ਨਾਲ-ਨਾਲ ਬਾਦਲ ਪਿੰਡ ਵਿੱਚ ਵੋਟਾਂ ਬੋਣ ਦੇ ਦੋਸ਼ ਲਾਏ ਗਏ ਹਨ।
ਇਹ ਸ਼ਿਕਾਇਤਾਂ ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਅਤੇ ਪਿੰਡ ਬਾਦਲ ਦੇ ਵਸਨੀਕ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਕੀਤੀ ਗਈ। ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਵੱਲੋਂ ਭੇਜੀ ਸ਼ਿਕਾਇਤ ਵਿਚ ਸਰਕਾਰੀ ਪੈਰਾ ਮੈਡੀਕਲ ਨਰਸਿੰਗ ਇੰਸਟੀਚਿਊਟ (ਬਾਦਲ) ਵਿਖੇ ਕੁਝ ਮਹੀਨੇ ਪਹਿਲਾਂ ਹੀ ਸਰਕਾਰੀ ਨੌਕਰੀ ਵਿਚ ਨਵੇਂ ਨਿਯੁਕਤ ਹੋਏ ਡਾ ਫਤਿਹਜੀਤ ਸਿੰਘ ਮਾਨ (ਫਿਜੀਓਥੈਰੇਪੀ ਡੈਮੋਸਟੇਟਰ), ਗੁਰਪਾਲ ਸਿੰਘ ਲੈਬ ਅਟੈਡੈਂਟ ਅਤੇ ਡਾਕਖਾਨੇ ਦੇ ਡਿਊਟੀ ਨਾਲ ਕਥਿਤ ਤੌਰ ’ਤੇ ਜੁੜੇ ਦੱਸੇ ਜਾਂਦੇ ਰਾਜਿੰਦਰ ਸਿੰਘ ਖਿਲਾਫ਼ ਸਰਕਾਰੀ ਅਹੁਦਿਆਂ ’ਤੇ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦੀ ਕਥਿਤ ਤੌਰ ’ਤੇ ਸਰਗਰਮੀ ਨਾਲ ਹਮਾਇਤ ਕਰਨ ਜਿਹੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਸ਼ਿਕਾਇਤ ਵਿਚ ਡਾ ਫਤਿਹਜੀਤ ਸਿੰਘ ਮਾਨ ਦਾ ਉਚੇਚੇ ਤੌਰ ’ਤੇ ਜ਼ਿਕਰ ਕਰਦਿਆਂ ਉਨ੍ਹਾਂ ਦੀ ਇੱਕ ਤੋਂ ਵੱਧ ਜਗ੍ਹਾ ਵੋਟ ਬਣੇ ਹੋਣ ਜਿਹੇ ਗੰਭੀਰ ਦੋਸ਼ ਵੀ ਲਾਏ ਗਏ ਹਨ। ਸ੍ਰੀ ਧੀਰਾ ਵੱਲੋਂ ਲਾਏ ਦੋਸ਼ਾਂ ਅਨੁਸਾਰ ਡਾ ਫਤਿਹਜੀਤ ਸਿੰਘ ਮਾਨ ਦੀਆਂ ਮਲੋਟ ਹਲਕੇ ਦੇ ਬੂਥ ਨੰਬਰ 88 ਵਿਚ ਵੋਟ ਨੰਬਰ 451, ਲੰਬੀ ਹਲਕੇ ਦੇ ਪਿੰਡ ਅਸਪਾਲਾਂ ਦੇ ਬੂਥ ਨੰਬਰ 13 ਵਿਚ ਵੋਟ ਨੰਬਰ 223 ਤੋਂ ਇਲਾਵਾ ਪਿੰਡ ਬਾਦਲ ਦੇ ਬੂਥ ਨੰਬਰ 105 ’ਚ ਵੋਟ ਨੱਬਰ 748 ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਡਾ ਫਤਿਹਜੀਤ ਸਿੰਘ ਮਾਨ ਬਾਦਲ ਪਰਿਵਾਰ ਦੇ ਕਾਫ਼ੀ ਨਜ਼ਦੀਕ ਮੰਨੇ ਜਾਂਦੇ ਹਨ ਅਤੇ ਉਹ ਕੁਝ ਸਮਾਂ ਬਤੌਰ ਫਿਜੀਓਥੈਰੇਪਿਸਟ ਮੁੱਖ ਮੰਤਰੀ ਸ੍ਰੀ ਬਾਦਲ ਨਾਲ ਵੀ ਤਾਇਨਾਤ ਰਹੇ ਹਨ। ਮੌਜੂਦਾ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਦੀ ਪ੍ਰਸ਼ਾਸਨਕ ਸਫ਼ਾਂ ਵਿਚ ਕਾਫ਼ੀ ਪੁੱਛ-ਪ੍ਰਤੀਤ ਰਹੀ ਹੈ। ਇਸ ਦੇ ਇਲਾਵਾ ਪਿੰਡ ਬਾਦਲ ਦੇ ਵਸਨੀਕ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਵਿਚ ਬੂਥ ਨੰਬਰ 104, 105 ਅਤੇ 106 ਵਿਚ ਪੈਂਦੇ ਸਰਕਾਰੀ ਪੈਰਾ ਮੈਡੀਕਲ ਨਰਸਿੰਗ ਇੰਸਟੀਚਿਊਟ (ਬਾਦਲ) ਵਿਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੀਆਂ ਕੋਰਸ ਕਰ ਰਹੀਆਂ ਲੜਕੀਆਂ, ਦਰਜਾ ਚਾਰ ਕਰਮਚਾਰੀ ਦੀਆਂ ਗਲਤ ਵੋਟਾਂ ਬਣੇ ਹੋਣ ਦਾ ਦੋਸ਼ ਲਾਇਆ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਲੜਕੀਆਂ ਵੱਲੋਂ ਵੋਟਾਂ ਬਣਵਾਉਣ ਲਈ ਫਾਰਮ 6 ਭਰਿਆ ਗਿਆ ਹੈ, ਉਹ ਉਨ੍ਹਾਂ ਦੀ ਰਿਹਾਇਸ਼ ’ਤੇ ਭੇਜਿਆ ਜਾਣਾ ਸੀ,ਪਰ ਤਤਕਾਲੀ ਸਹਾਇਕ ਰਿਟਰਨਿੰਗ ਅਫਸਰ (ਨਾਇਬ ਤਹਿਸੀਲਦਾਰ) ਵੱਲੋਂ ਕਥਿਤ ਤੌਰ ’ਤੇ ਅਹੁਦੇ ਦੀ ਦੁਰਵਰਤੋਂ ਕਰਕੇ ਵੋਟਾਂ ਬਣਾ ਦਿੱਤੀਆਂ ਗਈਆਂ।
ਉਨ੍ਹਾਂ ਚੋਣ ਕਮਿਸ਼ਨ ਤੋਂ ਨਰਸਿੰਗ ਕਾਲਜ ਦੀਆਂ ਲੜਕੀਆਂ ਦੀ ਮੁਕੰਮਲ ਰਿਹਾਇਸ਼ੀ ਪਤੇ ਲਾ ਕੇ ਜਾਂਚ ਕਰਨ ਦੀ ਮੰਗ ਕੀਤੀ। ਇਸ ਦੇ ਇਲਾਵਾ ਦਸਮੇਸ਼ ਵਿੱਦਿਅਕ ਅਦਾਰਿਆਂ ਦੀਆਂ ਤਿੰਨੇ ਸੰਸਥਾਵਾਂ ਤੋਂ ਇਲਾਵਾ ਬਿਰਧ ਆਸ਼ਰਮ ਬਾਦਲ ਵਿਖੇ ਦੋਹਰੀਆਂ ਵੋਟਾਂ ਬਣਨ ਦੇ ਦੋਸ਼ ਲਾਏ ਗਏ ਹਨ।
ਉਕਤ ਸ਼ਿਕਾਇਤਾਂ ਦੇ ਆਧਾਰ ’ਤੇ ਚੋਣ ਕਮਿਸ਼ਨ ਦੀ ਹਦਾਇਤ ਉੱਪਰ ਭੁਪਿੰਦਰ ਸਿੰਘ ਸ਼ਿਕਾਇਤ ਅਫਸਰ ਅਤੇ ਗੁਰਚਰਨ ਸਿੰਘ ਸੁਪਰਵਾਈਜ਼ਰ ’ਤੇ ਆਧਾਰਤ ਦੋ ਮੈਂਬਰ ਟੀਮ ਪਿੰਡ ਬਾਦਲ ਦੇ ਨਰਸਿੰਗ ਕਾਲਜ, ਦਸਮੇਸ਼ ਗਰਲਜ਼ ਕਾਲਜ, ਦਸਮੇਸ਼ ਬੀ. ਐੱਡ ਕਾਲਜ ਅਤੇ ਬਿਰਧ ਆਸ਼ਰਮ ਪੱੁਜੀ ਅਤੇ ਉਥੋਂ ਦੇ ਪ੍ਰਬੰਧਕਾਂ ਕੋਲੋਂ ਉਨ੍ਹਾਂ ਦੇ ਅਦਾਰਿਆਂ ਵਿਚ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਬਣੀਆਂ ਵੋਟਾਂ ਦੇ ਮੁਕੰਮਲ ਰਿਹਾਇਸ਼ੀ ਪਤਿਆਂ ਦੀ ਸੂਚੀ ਮੰਗੀ ਗਈ ਜਿਸ ’ਤੇ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਅਗਲੇ 24 ਘੰਟਿਆਂ ਵਿਚ ਸੂਚੀਆਂ ਸੌਂਪਣ ਬਾਰੇ ਲਿਖਤੀ ਭਰੋਸਾ ਦਿਵਾਇਆ।