Tuesday, 3 April 2012

19 ਮੋਟਰਸਾਈਕਲਾਂ ਤੇ ਸਕੂਟਰਾਂ ਸਮੇਤ ਚੋਰ ਗਰੋਹ ਕਾਬੂ

ਚੰਡੀਗੜ੍ਹ, 3 ਅਪਰੈਲ-ਚੋਰ ਗਰੋਹ ਸਾਲੋ-ਸਾਲ ਪੁਲੀਸ ਦੇ ਨੱਕ ਹੇਠ ਹੀ ਸ਼ਹਿਰ ਵਿੱਚ ਚੋਰੀ ਕੀਤੇ ਵਾਹਨਾਂ ’ਤੇ ਸਵਾਰ ਹੋ ਕੇ ਭਲਵਾਨੀ ਗੇੜੀਆਂ ਲਾਉਂਦੇ ਹਨ। ਇਹ ਖੁਲਾਸਾ ਚੰਡੀਗੜ੍ਹ ਪੁਲੀਸ ਵੱਲੋਂ ਇਕ ਚੋਰ ਗਰੋਹ ਨੂੰ ਚੋਰੀ ਕੀਤੇ 19 ਮੋਟਰਸਾਈਕਲਾਂ ਤੇ ਸਕੂਟਰਾਂ ਸਮੇਤ ਕਾਬੂ ਕਰਨ ’ਤੇ ਕੀਤਾ ਗਿਆ ਹੈ।
ਪੁਲੀਸ ਇਸ ਗਰੋਹ ਨੂੰ ਕਾਬੂ ਕਰਕੇ ਜਿਥੇ ਆਪਣੀਆਂ ਪ੍ਰਾਪਤੀਆਂ ਦੇ ਪੁਲ ਬੰਨ੍ਹ ਰਹੀ ਹੈ ਉਥੇ ਉਲਟਾ ਪੁਲੀਸ ਉਪਰ ਹੀ ਸਵਾਲ ਖੜ੍ਹੇ ਹੋ ਗਏ ਹਨ ਕਿ ਇਸ ਗਰੋਹ ਦੇ ਮੈਂਬਰਾਂ ਵੱਲੋਂ ਸਾਢੇ ਤਿੰਨ ਸਾਲ ਚੋਰੀ ਕੀਤੇ ਵਾਹਨ ਸੜਕਾਂ ਉਪਰ ਘੁੰਮਾਉਣ ਵੇਲੇ ਪੁਲੀਸ ਤੰਤਰ ਕਿੱਥੇ ਸੀ? ਚੰਡੀਗੜ੍ਹ ਪੁਲੀਸ ਨੇ ਪਿੰਡ ਲਾਲ ਗੰਜ ਹਜ਼ਾਰਾ (ਪ੍ਰਤਾਪਗੜ੍ਹ) ਦੇ ਰਾਕੇਸ਼ ਕੁਮਾਰ ਉਰਫ ਰਾਕਾ, ਇਥੋਂ ਦੇ ਪਿੰਡ ਦੜੀਆ ਦੇ ਸੰਦੀਪ ਕੁਮਾਰ, ਡੇਰਾ ਸਾਹਿਬ ਮਨੀਮਾਜਰਾ ਦੇ ਸ਼ਕੀਰ ਅਹਿਮਦ, ਸੈਕਟਰ-45 ਦੇ ਸੁਰਿੰਦਰ ਮਾਜ਼ੀ ਉਰਫ ਬੰਟੀ ਤੇ ਡੱਡੂਮਾਜਰਾ ਕਲੋਨੀ ਦੇ ਸਿਕੰਦਰ ਉਰਫ ਦਾਦਾ ਨੂੰ ਅੱਜ ਚੋਰੀ ਕੀਤੇ 15 ਮੋਟਰਸਾਈਕਲਾਂ, ਚਾਰ ਸਕੂਟਰਾਂ, ਇਕ ਰੋਟਰ ਮਸ਼ੀਨ ਤੇ ਇਕ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਵਿੱਚੋਂ ਇਕ ਦਾਦਾ ਨੇ ਪਿਛਲੇ ਦਿਨੀਂ ਦੋਸ਼ ਲਾਇਆ ਸੀ ਕਿ ਸੈਕਟਰ-39 ਥਾਣੇ ਦੇ ਐਸ.ਐਚ.ਓ. ਚਰਨਜੀਤ ਸਿੰਘ ਵਿਰਕ ਤੇ ਮਲੋਆ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਦੇਵ ਕੁਮਾਰ ਨੇ ਉਸ ਨੂੰ ਨਾਜਾਇਜ਼ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਉਸ ਨੂੰ ਕਰੰਟ ਲਾਏ ਸਨ। ਪੁਲੀਸ ਨੇ ਇਸ ਗਰੋਹ ਕੋਲੋਂ ਅੱਜ ਤੋਂ ਸਾਢੇ ਤਿੰਨ ਸਾਲ ਪਹਿਲਾਂ 19 ਅਗਸਤ 2008 ਨੂੰ ਸੈਕਟਰ-39 ਥਾਣੇ ਦੇ ਖੇਤਰ ਵਿੱਚੋਂ ਚੋਰੀ ਹੋਏ ਬਜਾਜ ਚੇਤਕ ਸਕੂਟਰ ਸੀ.ਐਚ.-03-ਐਚ-9786 ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਥੇ ਹੀ ਬੱਸ ਨਹੀਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਬਰਾਮਦ ਕੀਤੇ 19 ਮੋਟਰਸਾਈਕਲਾਂ ਤੇ ਸਕੂਟਰਾਂ ਵਿੱਚੋਂ 11 ਵਾਹਨ ਇਕ ਸਾਲ ਤੋਂ ਲੈ ਕੇ ਸਾਢੇ ਤਿੰਨ ਸਾਲ ਪਹਿਲਾਂ ਚੋਰੀ ਹੋਏ ਹਨ। ਪੁਲੀਸ ਅਨੁਸਾਰ ਇਸ ਗਰੋਹ ਦੇ ਕੁਝ ਮੈਂਬਰ ਨਸ਼ਾ ਵਗੈਰਾ ਕਰਦੇ ਹਨ ਤੇ ਵਿੱਤੀ ਪੱਖੋਂ ਵੀ ਕਮਜ਼ੋਰ ਹਨ ਪਰ ਇਸ ਦੇ ਬਾਵਜੂਦ ਮੁਲਜ਼ਮਾਂ ਵਲੋਂ ਸਾਲਾਂਬੱਧੀ ਚੋਰੀ ਕੀਤੇ ਵਾਹਨ ਅੱਗੇ ਨਾ ਵੇਚਣ ਦੇ ਕਾਰਨਾਂ ਦਾ ਪੁਲੀਸ ਕੋਲ ਕੋਈ   ਜਵਾਬ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਅੱਜ ਬਰਾਮਦ ਕੀਤੇ ਵਾਹਨਾਂ ਵਿੱਚੋਂ ਇਕ ਸਪਲੈਂਡਰ ਮੋਟਰਸਾਈਕਲ ਸੀ.ਐਚ.-03-ਜ਼ੈਡ-6671 ਦੋ ਸਤੰਬਰ 2008 ਨੂੰ, ਹੀਰੋ ਹੌਂਡਾ ਮੋਟਰਸਾਈਕਲ ਸੀ.ਐਚ.-03-ਐਮ-3852 ਵੀਹ ਜੁਲਾਈ 2009 ਨੂੰ, ਬੁਲੇਟ ਮੋਟਰਸਾਈਕਲ ਪੀ.ਬੀ.-10 ਵਾਈ-7072 ਇਕ ਫਰਵਰੀ 2011 ਨੂੰ, ਡਿਸਕਰ ਮੋਟਰਸਾਈਕਲ ਪੀ.ਬੀ.22 ਸੀ 5504 ਉਣੱਤੀ ਦਸੰਬਰ 2011 ਨੂੰ, ਪਲਸਰ ਮੋਟਰਸਾਈਕਲ ਸੀ.ਐਚ.-03 ਕਿਆਊ-1389 ਨੌਂ ਅਗਸਤ 2010 ਨੂੰ, ਸਪਲੈਂਡਰ ਮੋਟਰਸਾਈਕਲ ਐਚ.ਆਰ.-03ਏ-2287 ਬਾਈਂ ਸਤੰਬਰ 2011 ਨੂੰ, ਪਲਸਰ ਮੋਟਰਸਾਈਕਲ ਸੀ.ਐਚ.-03-ਐਕਸ-0692 ਛੱਬੀ ਮਾਰਚ 2011 ਨੂੰ, ਹੌਂਡਾ ਐਕਟਿਵਾ ਸਕੂਟਰ ਸੀ.ਐਚ.-01-ਏ.ਏ.-1579 ਦੋ ਫਰਵਰੀ 2011 ਨੂੰ, ਹੀਰੋ ਹੌਂਡਾ ਮੋਟਰਸਾਈਕਲ ਸੀ.ਐਚ.-03 ਜ਼ੈਡ-1330 ਚਾਰ ਅਗਸਤ 2011 ਨੂੰ ਤੇ ਪੈਸ਼ਨ ਮੋਟਰਸਾਈਕਲ ਸੀ.ਐਚ.-03-ਯੂ-3109 3 ਮਈ 2011 ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਚੋਰੀ ਹੋਏ ਸਨ। ਇਸ ਤਰ੍ਹਾਂ ਇਹ ਗਰੋਹ ਸਾਲਾਂਬੱਧੀ ਚੋਰੀ ਕੀਤੇ ਵਾਹਨਾਂ ਦੀ ਵਰਤੋਂ ਕਰਦਾ ਆ ਰਿਹਾ ਸੀ ਜਦਕਿ ਡੀ.ਐਸ.ਪੀ. (ਪੂਰਬ) ਜਸਵੰਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਗਰੋਹ ਗੇੜੀਆਂ ਲਾਉਣ ਲਈ ਸ਼ੁਗਲ ਵਿੱਚ ਵਾਹਨ ਚੋਰੀ ਕਰਦਾ ਸੀ ਜਿਸ ਕਾਰਨ ਮੁਲਜ਼ਮਾਂ ਨੇ ਅੱਗੇ ਵਾਹਨ ਨਹੀਂ ਵੇਚੇ।
ਦੂਸਰੇ ਪਾਸੇ ਡੀ.ਐਸ.ਪੀ. (ਪੀ.ਸੀ.ਆਰ.) ਰੋਸ਼ਨ ਲਾਲ ਨੇ ਇਸ ਹੈਰਾਨੀਜਨਕ ਮੁੱਦੇ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਮੁਲਜ਼ਮ ਚੋਰੀ ਕੀਤੇ ਵਾਹਨਾਂ ਉਪਰ ਫਰਜ਼ੀ ਨੰਬਰ ਲਾ ਕੇ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹੀਰੋ ਹੌਂਡਾ ਮੋਟਰਸਾਈਕਲ ਦਾ ਅਸਲ ਨੰਬਰ ਸੀ.ਐਚ.-03-ਐਮ-3852 ਹੈ ਜਦਕਿ ਮੁਲਜ਼ਮਾਂ ਨੇ ਇਸ ਉਪਰ ਸੀ.ਐਚ.-03 ਕਿਊ 1028 ਨੰਬਰ ਲਾਇਆ ਸੀ ਜਦਕਿ ਇਕ ਹੋਰ ਮੋਟਰਸਾਈਕਲ ਦਾ ਅਸਲ ਨੰਬਰ ਸੀ.ਐਚ.-03-ਪੀ. 2136 ਹੈ ਜਦਕਿ ਮੁਲਜ਼ਮਾਂ ਨੇ ਫਰਜ਼ੀ ਨੰਬਰ ਸੀ.ਐਚ.-03-ਪੀ. 3126 ਲਾਇਆ ਸੀ। ਇਸ ਗਰੋਹ ਨੂੰ ਫੜਨ ਵਾਲੀ ਟੀਮ ਦੇ ਮੈਂਬਰਾਂ ਇੰਸਪੈਕਟਰ ਰਣਜੀਤ ਸਿੰਘ ਢਿੱਲੋਂ ਤੇ ਮਨੀਮਾਜਰਾ ਥਾਣੇ ਦੇ ਐਸ.ਐਚ.ਓ. ਰਾਜੇਸ਼ ਸ਼ੁਗਲਾ ਨੇ ਦੱਸਿਆ ਕਿ ਮੁਲਜ਼ਮ ਰਾਕਾ, ਸੰਦੀਪ ਕੁਮਾਰ, ਦਾਦਾ, ਆਲਮ ਤੇ ਬੰਟੀ ਪਹਿਲਾਂ ਵੀ ਚੋਰੀਆਂ, ਆਰਮਡ ਐਕਟ ਤੇ ਸੰਨਾਂ ਲਾਉਣ ਦੇ ਦੋਸ਼ ਹੇਠ ਜੇਲ੍ਹ ਵਿਚ ਜਾ ਚੁੱਕੇ ਹਨ।
ਬਦਲੇ ਮੌਸਮ ਕਾਰਨ ਮੰਡੀਆਂ 'ਚ ਅਜੇ ਤਕ ਨਹੀਂ ਪਹੁੰਚੀ ਕਣਕ
ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕੱਚੀ ਕਣਕ ਨਾ ਵੱਢਣ ਦੀ ਸਲਾਹ



ਬਟਾਲਾ, 3 ਅਪ੍ਰੈਲ-ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਆਮ ਤੌਰ 'ਤੇ 31 ਮਾਰਚ ਜਾਂ ਇਕ ਅਪ੍ਰੈਲ ਨੂੰ ਸ਼ੁਰੂ ਹੋ ਜਾਂਦੀ ਰਹੀ ਹੈ । ਇਸ ਵਰ੍ਹੇ ਸੂਬੇ ਦੀਆਂ ਸਭ ਮੰਡੀਆਂ ਵਿਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਕੋਈ ਵਿਰਲਾ ਟਾਵਾਂ ਕਿਸਾਨ ਵੀ ਮੰਡੀ ਵਿਚ ਨਹੀਂ ਵੜਿਆ। ਮਾਝੇ ਖੇਤਰ ਦੀਆਂ ਵੱਡੀਆਂ ਅਨਾਜ ਮੰਡੀਆਂ ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਵਿਚ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ ਇਕ ਵੀ ਦਾਣਾ ਕਣਕ ਦੀ ਖਰੀਦ ਨਹੀਂ ਹੋਈ। ਭਾਵੇਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਈ ਮੰਡੀਆਂ ਵਿਚ ਅਜੇ ਤੱਕ ਬਾਰਦਾਨਾ ਵੀ ਨਹੀਂ ਪਹੁੰਚਿਆ। ਇਸ ਸਬੰਧੀ ਪੁੱਛਣ 'ਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਕੋਲ ਕੋਈ ਖਾਸ ਜਵਾਬ ਨਾ ਹੋਣ ਕਾਰਨ ਬਟਾਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵਰਤਾਰੇ ਪਿਛੇ ਮੌਸਮ ਦਾ ਬਦਲਿਆ ਮਿਜਾਜ਼ ਹੀ ਜ਼ਿੰਮੇਵਾਰ ਹੈ ਕਿਉਂਕਿ ਮਾਰਚ ਦੇ ਆਖਰੀ ਹਫਤੇ ਵਿਚ ਮੌਸਮ ਵਿਚ ਗਰਮੀ ਅਤੇ ਖੁਸ਼ਕੀ ਕਣਕ ਦੀ ਅਗੇਤੀ ਪਕਾਈ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਇਸ ਵਾਰ ਇਨ੍ਹਾਂ ਦਿਨਾਂ ਦੌਰਾਨ ਮੌਸਮ ਠੰਢਾ ਅਤੇ ਬੱਦਲਵਾਈ ਰਹਿਣ ਕਾਰਨ ਕਣਕ ਦੀ ਪਕਾਈ ਲਗਭਗ ਇਕ ਹਫਤਾ ਦੇਰ ਨਾਲ ਹੋਵੇਗੀ। ਸਾਲ 2010 ਵਿਚ 5 ਅਪ੍ਰੈਲ ਤੱਕ ਸੂਬੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨੇ 1460 ਕੁਇੰਟਲ ਕਣਕ ਦੀ ਖਰੀਦ ਹੋਈ ਸੀ ਪਰ 2011 ਵਿਚ ਅਪ੍ਰੈਲ ਮਹੀਨੇ ਵਿਚ ਪਏ ਮੀਂਹ ਕਾਰਨ ਭਾਵੇਂ ਚੰਗੀ ਤਰ੍ਹਾਂ ਵਾਢੀ 19 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਪਰ 10 ਅਪ੍ਰੈਲ ਤੋਂ ਮੰਡੀਆਂ ਵਿਚ ਟਾਵੀਂ-ਟਾਵੀਂ ਢੇਰੀ ਆਉਣੀ ਸ਼ੁਰੂ ਹੋ ਗਈ ਸੀ। ਇਸ ਵਾਰ ਵੀ ਬਦਲੇ ਮੌਸਮ ਅਤੇ ਦੇਰ ਤੱਕ ਰਹੀ ਠੰਢ ਕਾਰਨ ਵਾਢੀ ਸ਼ੁਰੂ ਨਹੀਂ ਹੋ ਸਕੀ। ਅਜੇ ਤੱਕ ਕਣਕਾਂ ਹਰੀਆਂ ਹਨ। ਇਸ ਸਾਲ ਕਣਕ ਦੀ ਬਿਜਾਈ ਤੋਂ ਲੈ ਕੇ ਪੱਕਣ ਤੱਕ ਚੰਗੀਆਂ ਅਤੇ ਸਮੇਂ ਸਿਰ ਹੋਈਆਂ ਬਰਸਾਤਾਂ ਕਾਰਨ ਜ਼ਮੀਨ ਵਿਚ ਚੰਗੀ ਸਿੱਲ ਹੋਣ ਕਾਰਨ ਵੀ ਕਣਕ ਪੱਕਣ ਲਈ ਸਮਾਂ ਆਮ ਨਾਲੋਂ ਇਕ ਹਫਤਾ ਵੱਧ ਲੱਗ ਸਕਦਾ ਹੈ। ਕੁਝ ਖੇਤੀਬਾੜੀ ਮਾਹਿਰਾਂ ਦੀ ਇਹ ਵੀ ਰਾਇ ਹੈ ਕਿ ਕਣਕ ਪੱਕਣ ਤੋਂ ਕੁਝ ਦਿਨ ਪਹਿਲਾਂ ਮੌਸਮ ਵਿਚਲੀ ਹੌਲੀ-ਹੌਲੀ ਤਬਦੀਲੀ ਝਾੜ 'ਤੇ ਅਨੁਕੂਲ ਅਸਰ ਪਾਉਂਦੀ ਹੈ ਅਤੇ ਦਾਣਾ ਮੋਟਾ ਹੋਣ ਕਾਰਨ ਝਾੜ ਜ਼ਿਆਦਾ ਨਿਕਲਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਇਹ ਵੀ ਰਾਇ ਦਿੱਤੀ ਹੈ ਕਿ ਉਹ ਕੱਚੀ ਫਸਲ ਨਾ ਵੱਢਣ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ 146 ਮੰਡੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 1770 ਖਰੀਦ ਕੇਂਦਰ ਕਾਇਮ ਕੀਤੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਕਣਕ ਦਾ ਝਾੜ ਰਿਕਾਰਡ-ਤੋੜ ਹੋਣ ਦੀ ਸੰਭਾਵਨਾ ਹੈ।
 
ਰੂਸ 'ਚ ਹਵਾਈ ਜਹਾਜ਼ ਨੂੰ ਹਾਦਸਾ-32 ਮੌਤਾਂ

ਰੂਸ 'ਚ ਪੱਛਮੀ ਸਾਇਬੇਰੀਆ ਦੇ ਸ਼ਹਿਰ ਤਈਮੇਨ ਨੇੜੇ ਹਾਦਸਾਗ੍ਰਸਤ ਹੋਏ ਹਵਾਈ ਜਹਾਜ਼ ਦਾ ਮਲਬਾ ਦੇਖਦੇ ਹੋਏ।
ਮਾਸਕੋ, 3 ਅਪ੍ਰੈਲ-ਰੂਸ ਵਿਚ ਪੱਛਮੀ ਸਾਇਬੇਰੀਆ ਦੇ ਸ਼ਹਿਰ ਤਈਮੇਨ ਨੇੜੇ ਇਕ ਰੂਸੀ ਯਾਤਰੀ ਜਹਾਜ਼ ਉਡਾਣ ਭਰਨ ਪਿੱਛੋਂ ਹੰਗਾਮੀ ਹਾਲਤ ਵਿਚ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ 'ਤੇ ਸਵਾਰ 32 ਵਿਅਕਤੀਆਂ ਦੀ ਮੌਤ ਹੋ ਗਈ। 'ਰੀਆ ਨੋਵੋਸਤੀ' ਖ਼ਬਰ ਏਜੰਸੀ ਨੇ ਹੰਗਾਮੀ ਮਾਮਲਿਆਂ ਬਾਰੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਜਹਾਜ਼ 'ਤੇ ਸਵਾਰ 43 ਯਾਤਰੀਆਂ 'ਚੋਂ ਘੱਟੋ ਘੱਟ 32 ਦੀ ਮੌਤ ਹੋ ਗਈ। ਜੀਵਤ ਬਚੇ 12 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੂਸੀ ਏਅਰਲਾਈਨ ਯੂਟੇਅਰ ਨੇ ਦੱਸਿਆ ਕਿ ਪਾਇਲਟ ਨੇ ਜਦੋਂ ਹੰਗਾਮੀ ਹਾਲਤ ਵਿਚ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਹੇਠਾਂ ਡਿਗ ਪਿਆ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੁਢਲੀ ਜਾਂਚ ਤੋਂ ਇਹ ਸੰਕਤ ਮਿਲੇ ਹਨ ਕਿ ਤਕਨੀਕੀ ਮੁਸ਼ਕਿਲਾਂ ਅਤੇ ਪਾਇਲਟ ਦੀ ਗਲਤੀ ਨਾਲ ਸ਼ਾਇਦ ਇਹ ਹਾਦਸਾ ਵਾਪਰਿਆ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਜਹਾਜ਼ ਦੇ ਮਲਬੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦਾ ਬਲੈਕ ਬਾਕਸ ਲੱਭ ਪਿਆ ਹੈ ਅਤੇ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਹਾਦਸੇ ਕਾਰਨ ਰੂਸ ਦੀਆਂ ਅਣਰਜਿਸਟਰਡ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਸੂਚੀਬੱਧ ਮੀਟਿੰਗ ਰੱਦ ਕਰ ਦਿੱਤੀ ਹੈ।

ਜ਼ਰਦਾਰੀ ਤੇ ਮਨਮੋਹਨ ਸਿੰਘ ਐਤਵਾਰ ਨੂੰ ਇਕੱਠੇ ਖਾਣਗੇ ਖਾਣਾ

ਇਸਲਾਮਾਬਾਦ, 3 ਅਪ੍ਰੈਲ -ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਆਪਣੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਗੇ। ਦੋਵਾਂ ਪ੍ਰਮਾਣੂ ਤਾਕਤਾਂ ਵਿਚਾਲੇ ਪਿਛਲੇ ਸਾਲਾਂ ਦੌਰਾਨ ਸਬੰਧ ਸੁਖਾਵੇਂ ਹੋਣ ਦੇ ਦਰਮਿਆਨ ਕਿਸੇ ਪਾਕਿਸਤਾਨੀ ਮੁੱਖੀ ਦਾ 2005 ਤੋਂ ਬਾਅਦ ਇਹ ਪਹਿਲਾ ਭਾਰਤ ਦੌਰਾ ਹੈ। ਬੁਲਾਰੇ ਫਰਹਾਤੁਲ੍ਹਾ ਬਬਰ ਨੇ ਇਕ ਬਿਆਨ ਵਿਚ ਦੱਸਿਆ ਕਿ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤਾ ਗਿਆ ਦੁਪਹਿਰ ਦੇ ਖਾਣੇ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਉਹ ਐਤਵਾਰ ਨਵੀਂ ਦਿੱਲੀ ਵਿਚ ਮਿਲਣਗੇ। ਆਪਣੇ ਇਕ ਦਿਨਾ ਦੌਰੇ ਦੌਰਾਨ ਜ਼ਰਦਾਰੀ ਵੱਲੋਂ ਸੂਫੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੇ ਦਰਸ਼ਨਾਂ ਲਈ ਅਜਮੇਰ ਵੀ ਜਾਣ ਦੀ ਆਸ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜ਼ਰਦਾਰੀ ਦੀ ਇਕ ਦਿਨਾ ਨਿੱਜੀ ਯਾਤਰਾ ਬਾਰੇ ਭਾਰਤ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅਸਲ ਵਿਚ ਇਹ ਪੂਰੀ ਤਰਾਂ ਨਿੱਜੀ ਦੌਰਾ ਹੈ ਇਸ ਲਈ ਇਸ ਨੂੰ ਗੁਪਤ ਹੀ ਰੱਖਿਆ ਗਿਆ ਹੈ। ਰਾਸ਼ਟਰਪਤੀ ਦੇ ਇਕ ਸਹਾਇਕ ਨੇ ਦੱਸਿਆ ਕਿ ਜ਼ਰਦਾਰੀ ਲਗਭਗ ਪਿਛਲੇ ਇਕ ਸਾਲ ਤੋਂ ਅਜਮੇਰ ਜਾਣ ਬਾਰੇ ਸੋਚ ਰਹੇ ਸਨ। ਜ਼ਰਦਾਰੀ ਦਾ ਇਸ ਯਾਤਰਾ ਦਾ ਮੰਤਵ ਧਾਰਮਿਕ ਹੈ ਪਰੰਤੂ ਭਾਰਤ ਸਰਕਾਰ ਇਸ ਦੌਰੇ ਦੌਰਾਨ ਰਾਜਸੀ ਵਿਚਾਰ ਵਟਾਂਦਰਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਵੀ ਲਾ ਰਹੀ ਹੈ।
ਚੰਡੀਗੜ੍ਹ, 3 ਅਪ੍ਰੈਲ -ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਪੰਜਾਬ ਦੀ ਪੇਂਡੂ ਜਲ ਸਪਲਾਈ, ਸੈਨੀਟੇਸ਼ਨ, ਡਿਫੈਂਸ ਸਰਵਿਸਿਜ਼ ਵੈਲਫੇਅਰ, ਪੈਨਸ਼ਨਰਾਂ ਦੀ ਭਲਾਈ ਅਤੇ ਸ਼ਿਕਾਇਤ ਨਿਵਾਰਨ ਕਮੇਟੀਆਂ ਬਾਰੇ ਮੰਤਰੀ ਬੀਬੀ ਜਗੀਰ ਕੌਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਉਨ੍ਹਾਂ ਦੇ ਸਾਰੇ ਵਿਭਾਗ ਫਿਲਹਾਲ ਮੁੱਖ ਮੰਤਰੀ ਨੇ ਆਪਣੇ ਕੋਲ ਹੀ ਰੱਖ ਲਏ ਹਨ। 30 ਮਾਰਚ ਨੂੰ ਪਟਿਆਲਾ ਸਥਿਤ ਸੀ. ਬੀ. ਆਈ. ਦੀ ਅਦਾਲਤ ਵੱਲੋਂ ਹਰਪ੍ਰੀਤ ਹੱਤਿਆ ਕੇਸ 'ਚ ਬੀਬੀ ਜਗੀਰ ਕੌਰ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ: ਬਾਦਲ ਨੇ ਹਾਲੇ ਬੀਬੀ ਜਗੀਰ ਕੌਰ ਵਾਲੇ ਵਿਭਾਗ ਕਿਸੇ ਦੂਜੇ ਮੰਤਰੀ ਨੂੰ ਅਲਾਟ ਨਹੀਂ ਕੀਤੇ, ਇਸ ਲਈ ਤਕਨੀਕੀ ਤੌਰ 'ਤੇ ਅਜੇ ਇਨ੍ਹਾਂ ਵਿਭਾਗਾਂ ਦੀ ਦੇਖਭਾਲ ਉਹ ਆਪ ਹੀ ਕਰਨਗੇ। ਜਾਣਕਾਰ ਹਲਕਿਆਂ ਅਨੁਸਾਰ ਸ: ਬਾਦਲ ਨੇ ਅਜੇ ਬੀਬੀ ਜਗੀਰ ਕੌਰ ਦੀ ਖਾਲੀ ਥਾਂ ਪੁਰ ਕਰਨ ਲਈ ਕੋਈ ਨਵਾਂ ਮੰਤਰੀ ਬਣਾਉਣ ਦਾ ਫੈਸਲਾ ਨਹੀਂ ਕੀਤਾ। ਆਮ ਵਿਚਾਰ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਨੂੰ ਕੁਝ ਸਮਾਂ ਪਾ ਕੇ ਮੰਤਰੀ ਬਣਾਇਆ ਜਾ ਸਕਦਾ ਹੈ, ਜੋ ਦੂਜੀ ਵਾਰ ਅਕਾਲੀ ਟਿਕਟ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਖਵੇਂ ਹਲਕੇ ਸ਼ਾਮਚੁਰਾਸੀ ਤੋਂ ਵਿਧਾਇਕ ਚੁਣੇ ਗਏ ਹਨ।
ਇਸਲਾਮਾਬਾਦ, 3 ਅਪ੍ਰੈਲ -ਪਾਕਿਸਤਾਨ ਦੀ ਇਕ ਅਦਾਲਤ ਨੇ ਅਲਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ ਦੋ ਧੀਆਂ ਨੂੰ ਪਾਕਿਸਤਾਨ ਵਿਚ ਗੈਰਕਾਨੂੰਨੀ ਤੌਰ 'ਤੇ ਰਹਿਣ ਬਦਲੇ 45 ਦਿਨ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਿਨ ਜੇਲ੍ਹ 'ਚ ਗੁਜਾਰਨੇ ਪੈਣਗੇ ਕਿਉਂਕਿ ਉਹ ਪਹਿਲਾਂ ਹੀ ਨਜ਼ਰਬੰਦ ਹਨ। ਸਜ਼ਾ ਪਿਛੋਂ ਬਿਨ ਲਾਦੇਨ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਅਮਰੀਕੀ ਸੈਨਿਕਾਂ ਨੇ ਪਿਛਲੇ ਸਾਲ ਮਈ ਮਹੀਨੇ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿਚ ਕਮਾਂਡੋ ਕਾਰਵਾਈ ਕਰਕੇ ਲਾਦੇਨ ਨੂੰ ਮਾਰ ਦਿੱਤਾ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਕਿ ਪਾਕਿਸਤਾਨੀ ਅਧਿਕਾਰੀ ਲਾਦੇਨ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਦੱਸਣ ਤੋਂ ਰੋਕਣ ਲਈ ਲੰਬੀ ਕੈਦ ਨੂੰ ਤਰਜੀਹ ਦੇ ਸਕਦੇ ਹਨ ਕਿ ਓਸਾਮਾ ਬਿਨ ਲਾਦੇਨ ਬਿਨਾਂ ਪਤਾ ਲੱਗੇ ਪਾਕਿਸਤਾਨ ਵਿਚ ਲੰਬਾ ਸਮਾਂ ਕਿਵੇਂ ਰਹਿੰਦਾ ਰਿਹਾ। ਇਹ ਸੰਭਵ ਹੈ ਕਿ ਉਸ ਨੂੰ ਸੁਰੱਖਿਆ ਅਧਿਕਾਰੀਆਂ ਦੀ ਸਹਾਇਤਾ ਪ੍ਰਾਪਤ ਸੀ।
ਅਹਿਮਦਾਬਾਦ, 3 ਅਪ੍ਰੈਲ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਫਿਲਹਾਲ ''ਦ 2012 ਟਾਈਮਜ 100 ਪੋਲ'' 'ਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਹਰਮਨ ਪਿਆਰੇ ਰਾਜ ਨੇਤਾਵਾਂ 'ਚ ਸ਼ਾਮਿਲ ਕੀਤੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਤੋਂ ਅੱਗੇ ਹੋ ਗਏ ਹਨ। ਮੋਦੀ ਨੇ ਪਿਛਲੇ ਹਫਤੇ ਅਮਰੀਕਾ ਦੇ ਮਸ਼ਹੂਰ ਟਾਈਮਜ ਮੈਗਜੀਨ ਦੇ ਕਵਰ ਪੇਜ 'ਤੇ ਜਗ੍ਹਾ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ''ਦ 2012 ਟਾਈਮਜ 100 ਪੋਲ'' 'ਚ ਸ਼ਾਮਿਲ ਕੀਤਾ ਗਿਆ ਹੈ। ਟਾਈਮਜ ਦੇ ਅਨੁਸਾਰ ਇਸ ਪੋਲ ਦਾ ਟੀਚਾ ਨੇਤਾਵਾਂ, ਕਲਾਕਾਰਾਂ, ਨਾਇਕਾਵਾਂ, ਰੋਜ ਨਵਾਂ ਕਰਨ ਵਾਲਿਆਂ ਅਤੇ ਲੋਕਾਂ ਦੇ ਆਦਰਸ਼ ਬਣੇ ਰਹਿਣ ਵਾਲਿਆਂ 'ਚੋਂ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਚੋਣ ਕਰਨਾ ਹੈ। ਅਧਿਕਾਰਕ ਵੋਟਿੰਗ 6 ਅਪ੍ਰੈਲ ਨੂੰ ਖਤਮ ਹੋਵੇਗੀ ਅਤੇ ਜੇਤੂ ਨੂੰ ''ਟਾਈਮਜ 100'' ਦੇ ਅੰਕ 'ਚ ਸ਼ਾਮਿਲ ਕੀਤਾ ਜਾਵੇਗਾ।
ਨਵੀਂ ਦਿੱਲੀ, 3 ਅਪ੍ਰੈਲ -ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਆਦੇਸ਼ ਦਿੱਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਮੌਜੂਦਾ ਸਥਿੱਤੀ ਬਾਰੇ ਰਿਪੋਰਟ ਦਾਇਰ ਕੀਤੀ ਜਾਵੇ। ਮਨੋਨੀਤ ਅਦਾਲਤ ਨੇ ਇਹ ਆਦੇਸ਼ ਇਕ ਪਟੀਸ਼ਨ 'ਤੇ ਦਿੱਤਾ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਭਾਰੀ ਗਿਣਤੀ ਵਿਚ ਅਸਾਮੀਆਂ ਖਾਲੀ ਹਨ ਤੇ ਸਰਕਾਰ ਇਹ ਅਸਾਮੀਆਂ ਭਰਨ ਲਈ ਗੰਭੀਰ ਨਹੀਂ ਹੈ। ਪਟੀਸ਼ਨਰਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਸਕੂਲਾਂ ਵਿਚ ਅਸਾਮੀਆਂ ਜਾਣ ਬੁੱਝ ਕੇ ਤੇ ਸੋਚ ਸਮਝਕੇ ਖਾਲੀ ਰੱਖੀਆਂ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਸਕੂਲਾਂ ਵਿਚ ਬਹੁਗਿਣਤੀ ਉਨ੍ਹਾਂ ਵਿਦਿਆਰਥੀਆਂ ਦੀ ਹੈ ਜੋ ਆਰਥਿਕ, ਸਮਾਜਿਕ ਤੇ ਵਿਦਿਅਕ ਪੱਖੋਂ ਪਛੜੇ ਹੋਏ ਵਰਗਾਂ ਨਾਲ ਸਬੰਧ ਰਖਦੇ ਹਨ।
ਲੰਦਨ, 3 ਅਪ੍ਰੈਲ  - ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਦੇ ਦੋ ਜੋੜੀ ਐਨਕ, ਚਰਖਾ ਤੇ ਜਿਸ ਥਾਂ 'ਤੇ ਉਨ੍ਹਾਂ ਦੀ 1980 'ਚ ਹੱਤਿਆ ਕੀਤੀ ਗਈ ਸੀ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਤੇ ਘਾਹ ਦੇ ਟੁੱਕੜਿਆਂ ਸਮੇਤ ਮਹਾਤਮਾ ਗਾਂਧੀ ਨਾਲ ਸਬੰਧਤ ਕਈ ਹੋਰ ਵਸਤੂਆਂ ਦੀ ਨਿਲਾਮੀ ਲੰਡਨ ਦੇ ਸ਼ਰੋਪਸ਼ਾਇਰ ਵਿਖੇ 17 ਅਪ੍ਰੈਲ ਨੂੰ ਕੀਤੀ ਜਾਵੇਗੀ। ਨਿਲਾਮਕਰਤਾਵਾਂ ਵਲੋਂ ਨਿਲਾਮੀ 'ਚ ਇਨ੍ਹਾਂ ਤਿੰਨ ਚੀਜ਼ਾਂ ਦੀ ਨੀਲਾਮੀ ਲਈ ਸਭ ਤੋਂ ਵੱਧ ਰਾਖਵੀਂ ਕੀਮਤ ਰੱਖੀ ਗਈ ਹੈ। ਮਹਾਤਮਾ ਗਾਂਧੀ ਦੀ ਹੱਤਿਆ ਵੇਲੇ ਇਕੱਠੀ ਕੀਤੀ ਗਈ ਥੋੜ੍ਹੀ ਜਿਹੀ ਮਿੱਟੀ ਤੇ ਘਾਹ ਦੇ ਟੁੱਕੜਿਆਂ ਨੂੰ ਗਹਿਣੇ ਸਾਂਭਣ ਵਾਲੇ ਸੰਦੂਕ 'ਚ ਰੱਖਿਆ ਗਿਆ ਹੈ ਜਿਸ 'ਤੇ ਇਨ੍ਹਾਂ ਚੀਜ਼ਾਂ ਨੂੰ ਇਕੱਤਰ ਕਰਨ ਵਾਲੇ ਪੀ. ਪੀ. ਨੰਬਿਆਰ ਨਾਂਅ ਦੇ ਇਕ ਵਿਅਕਤੀ ਦਾ ਸੰਦੇਸ਼ ਲਿਖਿਆ ਹੋਇਆ ਹੈ। ਨਿਲਾਮੀ ਲਈ ਪੇਸ਼ ਕੀਤੀ ਗਈ ਐਨਕ ਬਾਰੇ ਕਿਹਾ ਗਿਆ ਹੈ ਕਿ ਇਹ ਉਹ ਐਨਕ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ 1890 ਦੇ ਕਰੀਬ ਖਰੀਦਿਆ ਸੀ ਜਦ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। ਨਿਲਾਮੀ ਕੀਤੀਆਂ ਜਾਣ ਵਾਲੀਆਂ ਹੋਰ ਵਸਤੂਆਂ 'ਚ ਰਾਸ਼ਟਰ-ਪਿਤਾ ਦੀਆਂ 1931 'ਚ ਲੰਡਨ ਫੇਰੀ ਦੀਆਂ ਅਸਲ ਤਸਵੀਰਾਂ, ਰਾਘਵਨ ਨੂੰ ਲਿਖੇ ਗਏ ਪੱਤਰ, ਮਹਾਤਮਾ ਗਾਂਧੀ ਵਲੋਂ ਗੁਜਰਾਤੀ 'ਚ ਲਿਖੇ ਗਏ ਪੱਤਰ ਤੇ ਉਨ੍ਹਾਂ ਦੀ ਗੁਜਰਾਤੀ 'ਚ ਇਕ ਪ੍ਰਾਰਥਨਾ ਕਿਤਾਬ ਮੌਜੂਦ ਹੈ। ਨਿਲਾਮਕਰਤਾ ਨੇ ਕਿਹਾ ਕਿ ਇਹ ਭਾਰਤੀ ਇਤਿਹਾਸ ਦੀਆਂ ਬਹੁਤ ਕੀਮਤੀ ਵਸਤੂਆਂ ਹਨ।

200 ਕਰੋੜ ਦੀ ਲਾਗਤ ਨਾਲ ਤਿੰਨ ਕੇਂਦਰੀ
ਅਤੇ ਇੱਕ ਜ਼ਿਲ੍ਹਾ ਜੇਲ੍ਹ ਲਈ ਪ੍ਰਵਾਨਗੀ

ਚੰਡੀਗੜ੍ਹ 3 ਅਪ੍ਰੈਲ  ਪੰਜਾਬ ਸਰਕਾਰ ਨੇ 200 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਤਿੰਨ ਕੇਂਦਰੀ ਜੇਲ੍ਹਾਂ ਅਤੇ ਮੁਕਤਸਰ ਵਿਖੇ ਇੱਕ ਜ਼ਿਲ੍ਹਾ ਜੇਲ੍ਹ ਦੀ ਉਸਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਉਨ੍ਹਾਂ ਦੇ ਦਫ਼ਤਰ ਵਿਖੇ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ।
ਮੁੱਖ ਮੰਤਰੀ ਨੇ ਦੱਸਿਆ ਕਿ ਹਰੇਕ ਕੇਂਦਰੀ ਜੇਲ੍ਹ 70 ਏਕੜ ਰਕਬੇ 'ਤੇ ਸਥਾਪਤ ਕੀਤੀ ਜਾਵੇਗੀ ਜਦ ਕਿ ਜ਼ਿਲ੍ਹਾ ਜੇਲ੍ਹ ਦਾ ਨਿਰਮਾਣ 25 ਏਕੜ ਰਕਬੇ 'ਤੇ ਹੋਵੇਗਾ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਰਾਜ ਸਰਕਾਰ ਨੇ ਸਾਰੀਆਂ ਸੱਤ ਕੇਂਦਰੀ ਜੇਲ੍ਹਾਂ 'ਚ ਨਸ਼ਾ ਛੁਡਾਊ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕੇਂਦਰ ਪਹਿਲੇ ਪੜਾਅ ਦੌਰਾਨ ਚਾਰ ਜੇਲ੍ਹਾਂ ਵਿੱਚ ਸਥਾਪਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਜੇਲ੍ਹ ਵਲੋਂ ਜੇਲ੍ਹਾਂ ਵਿੱਚ ਸੰਚਾਰ ਨੈਟਵਰਕ ਲਈ ਵਾਕੀ ਟਾਕੀ ਲਈ ਤਿੰਨ ਕਰੋੜ ਰੁਪਏ, ਸੀ.ਸੀ.ਟੀ.ਵੀ. ਕੈਮਰਿਆਂ ਲਈ 1.6 ਕਰੋੜ ਰੁਪਏ, ਵੀਡੀਓ ਕਾਨਫਰੰਸਿੰਗ ਸਾਮਾਨ ਲਈ 2.7 ਕਰੋੜ ਰੁਪਏ ਮੁਹੱਈਆ ਕਰਾਉਣ ਦੀ ਮੰਗ ਦੇ ਪ੍ਰਸਤਾਵ 'ਤੇ ਵੀ ਸਹਿਮਤੀ ਦਿੱਤੀ।
ਇਸ ਮੀਟਿੰਗ ਵਿਚ ਜੇਲ੍ਹ ਮੰਤਰੀ ਸ: ਸਰਵਣ ਸਿੰਘ ਫਿਲੌਰ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰਮੁੱਖ ਸਕੱਤਰ ਗ੍ਰਹਿ ਡੀ.ਐਸ. ਬੈਂਸ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿਕਾਸ ਗੁਰਿੰਦਰਜੀਤ ਸਿੰਘ ਸੰਧੂ, ਪ੍ਰਮੁੱਖ ਸਕੱਤਰ ਸਿਹਤ ਅਤੇ ਪ੍ਰੀਵਾਰ ਭਲਾਈ ਸ਼੍ਰੀਮਤੀ ਵਿੰਨੀ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਕੇ.ਐਸ. ਪਨੂੰ, ਮੁੱਖ ਪ੍ਰਸ਼ਾਸ਼ਕ ਪੁੱਡਾ ਏ.ਐਸ. ਮਿਗਲਾਨੀ, ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਸ਼ਸ਼ੀਕਾਂਤ ਅਤੇ ਆਈ.ਜੀ. ਜੇਲ੍ਹਾਂ ਜਗਜੀਤ ਸਿੰਘ ਸ਼ਾਮਲ ਸਨ।
ਦੇਸ਼ ਦੇ ਯੋਜਨਾ ਕਮਿਸ਼ਨ ਦੀ ਤਰਜ਼ 'ਤੇ ਰਾਜ
ਯੋਜਨਾ ਬੋਰਡ ਨੂੰ ਰੂਪ ਦਿੱਤਾ ਜਾਵੇਗਾ-ਬਾਦਲ
ਰਾਜ ਦੇ ਸਮੁੱਚੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ
ਚੰਡੀਗੜ੍ਹ.3 ਅਪ੍ਰੈਲ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਲੋੜਾਂ ਅਨੁਸਾਰ ਰਾਜ ਦੇ ਸਮੁੱਚੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਪੂਰਨ ਵਿਕਾਸ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਹ ਫ਼ੈਸਲਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਦੀ ਰਿਹਾਇਸ਼ 'ਤੇ ਰਾਜ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਵਾਨਾਂ ਦੀ ਕੱਲ੍ਹ ਦੇਰ ਸ਼ਾਮ ਹੋਈ ਇੱਕ ਮੀਟਿੰਗ 'ਚ ਲਿਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਦੇ ਯੋਜਨਾ ਬੋਰਡ ਨੂੰ ਵੀ ਭਾਰਤੀ ਯੋਜਨਾ ਕਮਿਸ਼ਨ ਦੀਆਂ ਸੇਧਾਂ ਅਨੁਸਾਰ ਨਵੇਂ ਸਿਰੇ ਤੋਂ ਗਠਿਤ ਕੀਤਾ ਜਾਵੇਗਾ। ਪੰਜਾਬ ਵਿਚ ਕੀਤੇ ਜਾਣ ਵਾਲੇ ਵਿਕਾਸ ਲਈ ਸਿੱਖਿਆ, ਵੋਕੇਸ਼ਨਲ ਟ੍ਰੇਨਿੰਗ, ਸਿਹਤ, ਸਮਾਜਿਕ ਸਿੱਖਿਆ, ਖੇਤੀ ਆਧਾਰਿਤ ਸਨਅਤਾਂ ਅਤੇ ਹੋਰ ਖੇਤਰਾਂ ਦੇ ਵਿਸ਼ਵ ਪੱਧਰੀ ਮਾਹਿਰਾਂ ਦੀ ਰਾਇ ਲਈ ਜਾਵੇਗੀ।
ਮੁੱਖ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਆਰ.ਸੀ. ਸੋਬਤੀ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਦੀ ਇੱਕ ਟੀਮ ਤਿਆਰ ਕਰਕੇ ਆਪਣੀ ਦੇਖ-ਰੇਖ ਹੇਠ ਵਿਧਾਨ ਸਭਾ ਹਲਕਿਆਂ ਵਿਚ ਪਿੰਡ ਪੱਧਰ 'ਤੇ ਸਰਵੇ ਕਰਨ ਲਈ ਭੇਜੇ ਜਾਣ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਦੇ ਜੀਵਨ ਪੱਧਰ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਸਰਵੇ ਰਾਜ ਦੇ ਪੇਂਡੂ ਲੋਕਾਂ ਦੇ ਆਰਥਿਕ, ਸਮਾਜਿਕ, ਵਿਦਿਅਕ, ਰੁਜ਼ਗਾਰ ਅਤੇ ਦੂਜੇ ਹੋਰ ਪੱਖਾਂ ਦੀ ਜਾਣਕਾਰੀ ਭਰਪੂਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਹੀ ਪਾਇਲਟ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਜਨਾਲਾ ਹਲਕੇ ਵਿਚ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਨੌਰ ਹਲਕੇ ਵਿੱਚ ਸ਼ੁਰੂ ਕੀਤੇ ਜਾਣਗੇ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਕੇ.ਜੇ.ਐਸ. ਚੀਮਾ ਅਤੇ ਕੇ.ਐਸ. ਪਨੂੰ, ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਪ੍ਰੋ: ਆਰ.ਸੀ. ਸੋਬਤੀ, ਡਾ. ਨੰਦਿਤਾ ਪ੍ਰੋਫ਼ੈਸਰ ਅਤੇ ਚੇਅਰਪਰਸਨ, ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ, ਡਾ: ਗੁਰਮੇਲ ਸਿੰਘ ਪ੍ਰੋ: ਅਤੇ ਚੇਅਰਪਰਸਨ ਇਕਨਾਮਿਕਸ ਵਿਭਾਗ, ਡਾ: ਸੁਧੀਰ ਸ਼ਰਮਾ ਲੋਕ ਪ੍ਰਸ਼ਾਸ਼ਨ ਵਿਭਾਗ, ਡਾ: ਕਰਨ ਪਰੀਤ ਕੌਰ, ਹਰਪਰੀਤ ਸਿੰਘ ਆਦਿ ਹਾਜ਼ਰ ਸਨ।
238 ਮਾਸਟਰ ਮੁਖ ਅਧਿਆਪਕਾਂ ਵਜੋਂ ਪਦ-ਉੱਨਤ
ਅਜੀਤਗੜ੍ਹ 3 ਅਪ੍ਰੈਲ  ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ 238 ਸਕੂਲਾਂ ਨੂੰ ਤੋਹਫਾ ਦਿੰਦਿਆਂ 238 ਅਧਿਆਪਕਾਂ ਨੂੰ ਮੁੱਖ ਅਧਿਆਪਕ ਦੀ ਤਰੱਕੀ ਦਿੰਦਿਆਂ ਸਕੂਲ ਮੁਖੀ ਵੱਜੋਂ ਨਿਯੁਕਤ ਕਰ ਦਿੱਤਾ ਹੈ। ਤਰੱਕੀ ਹਾਸਿਲ ਕਰਨ ਵਾਲੇ ਮੁੱਖ ਅਧਿਆਪਕਾਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵੱਲੋਂ ਵਿਭਾਗੀ ਤਰੱਕੀ ਕਮੇਟੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਨੂੰ ਪ੍ਰਵਾਨ ਕਰਕੇ ਇਹ ਤਰੱਕੀਆਂ ਕੀਤੀਆਂ ਗਈਆਂ ਹਨ। 238 ਮੁੱਖ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸਾਰੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਉੱਪਰ ਪਾ ਦਿੱਤੀ ਗਈ ਹੈ। ਸ: ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਤਰੱਕੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜਿਸ ਤਹਿਤ 238 ਅਧਿਆਪਕਾਂ ਨੂੰ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਹੀ ਅਧਿਆਪਕਾਂ ਤੋਂ ਲੈਕਚਰਾਰਾਂ ਅਤੇ ਲੈਕਚਰਾਰਾਂ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ।
ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਤਿਆਰੀਆਂ ਸ਼ੁਰੂ
ਹੰਬੜਾਂ 3 ਅਪ੍ਰੈਲ  ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਆਦੇਸ਼ਾਂ ਤਹਿਤ ਨਗਰ ਪੰਚਾਇਤ/ਨਗਰ ਸੁਧਾਰ ਚੋਣਾਂ ਸਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਨਗਰ ਪੰਚਾਇਤ/ਨਗਰ ਸੁਧਾਰ ਜਿਨ੍ਹਾਂ 'ਚ ਖੇਮਕਰਨ, ਰਾਜਾਸਾਂਸੀ, ਗੁਰਾਇਆ, ਸ਼ਾਹਕੋਟ, ਬੇਗੋਵਾਲ, ਢਿੱਲਵਾਂ, ਭੁਲੱਥ, ਮਾਹਿਲਪੁਰ, ਮਾਛੀਵਾੜਾ, ਮਲੌਦ, ਮੁੱਲਾਂਪੁਰ ਦਾਖਾ, ਘੱਗਾ, ਕਨੌਰ, ਦਿੜਵਾ, ਹੰਢਿਆਣਾ, ਅਮਲੋਹ, ਧਰਮਕੋਟ, ਬਾਘਾ ਪੁਰਾਣਾ, ਮੱਖੂ, ਖਨੌਰੀ, ਸਾਹਨੇਵਾਲ, ਮੱਲਾਵਾਲ, ਭਗਤਾ ਭਾਈਕਾ, ਤਲਵੰਡੀ ਸਾਬੋ, ਬੜੀਵਾਲਾ ਅਤੇ ਬਲਾਚੋਰ ਦੀਆਂ ਚੋਣਾਂ ਦੀਆਂ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਅਤੇ ਚੋਣਾਂ ਮਈ 'ਚ ਹੋਣ ਦੀ ਸੰਭਾਵਨਾ ਹੈ। ਚੋਣਕਾਰ ਰਜਿਸਟਰਾਰ ਅਫ਼ਸਰ ਕਮ ਐਸ.ਡੀ.ਓ. ਲੁਧਿਆਣਾ ਪੱਛਮੀ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਕਾਰਜ ਸਾਧਕ ਅਫ਼ਸਰ ਵੱਲੋਂ ਨਗਰ ਪੰਚਾਇਤ ਮੁੱਲਾਂਪੁਰ ਦਾਖਾ ਦੀਆਂ ਵੋਟਰ ਸੂਚੀਆਂ ਦੀ ਤਿਆਰੀ ਤੇ ਸੁਧਾਈ ਬਾਰੇ ਅੱਜ ਤੋਂ ਕੰਮ ਸ਼ਰੂ ਹੋ ਗਿਆ ਹੈ। ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ ਤੇ ਸੁਧਾਈ 2 ਤੋਂ 9 ਅਪ੍ਰੈਲ ਤੱਕ, ਵੋਟਰ ਸੂਚੀ ਦੀ ਪ੍ਰਕਾਸ਼ਨਾ 10 ਅਪ੍ਰੈਲ ਨੂੰ, ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਆਖਰੀ ਮਿਤੀ 17 ਅਪ੍ਰੈਲ, ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ-25 ਅਪ੍ਰੈਲ ਅਤੇ ਅੰਤਿਮ ਸੂਚੀ ਜਾਰੀ ਕਰਨ ਦੀ ਤਰੀਕ 27 ਅਪ੍ਰੈਲ ਰੱਖੀ ਗਈ ਹੈ। ਚੋਣਾਂ ਦੀਆਂ ਤਿਆਰੀਆਂ ਸਬੰਧੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਦਾ ਕਾਰਜ ਸ਼ੁਰੂ ਹੋ ਗਿਆ।
ਹੁਣ ਵਿਆਹ ਦੇ ਕਾਰਡਾਂ 'ਤੇ ਜਨਮ ਮਿਤੀ ਪਵੇਗੀ ਲਿਖਣੀ
ਹਨੂਮਾਨਗੜ੍ਹ 3 ਅਪ੍ਰੈਲ  ਰਾਜਸਥਾਨ 'ਚ ਬਾਲ ਵਿਆਹ ਦੇ ਰੁਝਾਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਜ਼ਿਲ੍ਹਾ ਭਰਤਪੁਰ ਦੇ ਡੀ.ਸੀ. ਵੱਲੋਂ ਪ੍ਰੀਟਿੰਗ ਪ੍ਰੈਸ ਵਾਲਿਆਂ ਨੂੰ ਹੁਕਤ ਦਿੱਤੇ ਗਏ ਹਨ ਕਿ ਉਹ ਵਿਆਹ ਦੇ ਕਾਰਡਾਂ 'ਤੇ ਮੁੰਡਾ-ਕੁੜੀ ਦੀ ਜਨਮ ਤਰੀਕ ਨੂੰ ਲਿਖਣਾ ਯਕੀਨੀ ਬਣਾਉਣ। ਇਹ ਹੁਕਮ 24 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ 'ਤੇ 1 ਸਾਲ ਦੀ ਕੈਦ ਜਾਂ 5000 ਰੁਪਏ ਜ਼ੁਰਮਾਨਾ ਸਮੇਤ ਪ੍ਰੀਟਿੰਗ ਪ੍ਰੈਸ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।
ਪੰਜਾਬ 'ਚ ਸਵਾਈਨ ਫਲੂ ਦਾ ਕੇਸ ਸਾਹਮਣੇ ਆਉਂਦਿਆਂ
 ਹੀ ਸਿਹਤ ਵਿਭਾਗ ਨੂੰ ਪਈਆਂ ਭਾਜੜਾਂ
ਚੰਡੀਗੜ੍ਹ.3 ਅਪ੍ਰੈਲ  ਪੰਜਾਬ ਵਿਚ ਸਵਾਈਨ ਫਲੂ ਦਾ ਪਹਿਲਾ ਕੇਸ ਸਾਹਮਣੇ ਆਉਂਦਿਆਂ ਹੀ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਇਹ ਕੇਸ ਚੰਡੀਗੜ੍ਹ ਨਜ਼ਦੀਕ ਪੈਂਦੇ ਨਵਾਂਗਰਾਉਂ (ਅਜੀਤਗੜ੍ਹ) ਦੀ 30 ਸਾਲਾ ਮਹਿਲਾ ਦਾ ਹੈ ਜੋ ਪੀ.ਜੀ.ਆਈ. 'ਚ ਨਰਸ ਵਜੋਂ ਕੰਮ ਕਰਦੀ ਹੈ।
ਪੰਜਾਬ ਦੇ ਸਵਾਈਨ ਫਲੂ ਸਬੰਧੀ ਨੋਡਲ ਅਫਸਰ ਡਾ: ਦੀਪਕ ਭਾਟੀਆ ਨੇ ਦੱਸਿਆ ਕਿ ਇਸ ਕੇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਇਸ ਬਿਮਾਰੀ ਨਾਲ ਨਜਿੱਠਣ ਲਈ ਸੂਬੇ ਦੇ ਹਸਪਤਾਲਾਂ ਵਿਚ ਮੌਜੂਦ ਦਵਾਈਆਂ ਅਤੇ ਡਾਕਟਰਾਂ ਲਈ ਨਿੱਜੀ ਸੁਰੱਖਿਆ ਕਿੱਟਾਂ (ਪੀ.ਪੀ.ਸੀ.) ਦੀ ਗਿਣਤੀ ਦੀ ਮੌਜੂਦਗੀ ਬਾਰੇ ਸਿਹਤ ਵਿਭਾਗ ਨੇ ਵੇਰਵੇ ਮੰਗੇ ਹਨ, ਡਾਕਟਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਸ ਬਿਮਾਰੀ ਦੀ ਜਾਂਚ ਅਤੇ ਰੋਕਥਾਮ ਲਈ ਵਰਤੇ ਜਾਣ ਵਾਲੇ ਸਾਜੋ-ਸਮਾਨ ਨੂੰ ਦਰੁਸਤ ਕਰ ਲੈਣ ਤੇ ਜਿੱਥੇ ਵੀ ਦਵਾਈਆਂ ਜਾਂ ਸਮਾਨ ਦੀ ਘਾਟ ਨਜ਼ਰ ਆਉਂਦੀ ਹੈ ਉਸ ਬਾਰੇ ਵਿਭਾਗ ਨੂੰ ਦੱਸਿਆ ਜਾਵੇ ਤਾਂਕਿ ਵਿਭਾਗ ਆਪਣੇ ਕੋਲ ਮੌਜੂਦ ਸਟਾਕ 'ਚੋਂ ਉਥੇ ਦਵਾਈਆਂ ਪੁੱਜਦੀਆਂ ਕਰੇ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ।
ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਨੂੰ ਸਵਾਈਨ ਫਲੂ ਦੀ ਰੋਕਥਾਮ ਲਈ ਇੰਜੈਕਸ਼ਨ 'ਐਚ 1 ਐਨ1 ਵੈਕਸੀਨ' ਨਹੀਂ ਭੇਜਿਆ ਹੈ ਜਦਕਿ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਸਰਕਾਰ ਨੇ 200 ਇੰਜੈਕਸ਼ਨ ਭੇਜ ਦਿੱਤੇ ਹਨ।
ਪੰਜਾਬ ਤੇ ਹਰਿਆਣਾ 'ਚ ਅੱਜ ਭਾਜਪਾ ਕਿਸਾਨ
ਮੋਰਚਾ ਤਿੰਨ ਘੰਟਿਆਂ ਲਈ ਰੇਲਾਂ ਰੋਕੇਗਾ
ਚੰਡੀਗੜ੍ 3 ਅਪ੍ਰੈਲ  ਭਾਜਪਾ ਕਿਸਾਨ ਮੋਰਚਾ ਵੱਲੋਂ ਕੱਲ੍ਹ 3 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਇਕ ਵਜੇ ਤੱਕ ਤਿੰਨ ਘੰਟਿਆਂ ਲਈ ਪੰਜਾਬ ਤੇ ਹਰਿਆਣਾ ਦੇ 10 ਰੇਲਵੇ ਸਟੇਸ਼ਨਾਂ 'ਤੇ ਸ਼ਾਂਤਮਈ ਢੰਗ ਨਾਲ ਰੇਲਾਂ ਰੋਕੀਆਂ ਜਾਣਗੀਆਂ। ਮੋਰਚਾ ਦੇ ਕੌਮੀ ਸਕੱਤਰ ਐਚ.ਐਸ. ਗਰੇਵਾਲ ਦੇ ਅਨੁਸਾਰ ਪੰਜਾਬ ਦੇ ਫਗਵਾੜਾ, ਸਾਹਨੇਵਾਲ, ਅੰਮ੍ਰਿਤਸਰ, ਬਠਿੰਡਾ ਅਤੇ ਸੰਗਰੂਰ ਵਿਚ ਜਦੋਂਕਿ ਹਰਿਆਣਾ ਦੇ ਅੰਬਾਲਾ, ਪਾਨੀਪਤ, ਫਰੀਦਾਬਾਦ, ਟੋਹਾਣਾ ਅਤੇ ਭਿਵਾਨੀ ਵਿਚ ਕਿਸਾਨ ਮੰਗਾਂ ਨੂੰ ਲੈ ਕੇ ਰੇਲ ਆਵਾਜਾਈ ਇਕ ਤਰ੍ਹਾਂ ਨਾਲ ਜਾਮ ਕੀਤੀ ਜਾਵੇਗੀ। ਸ. ਗਰੇਵਾਲ ਨੇ ਕਿਹਾ ਕਿ ਵੈਸੇ ਇਹ ਰੋਸ ਦੇਸ਼ ਦੇ 8 ਖੇਤੀਬਾੜੀ ਪ੍ਰਧਾਨ ਰਾਜਾਂ ਵਿਚ ਪ੍ਰਗਟ ਕੀਤਾ ਜਾਵੇਗਾ। ਕਿਸਾਨ ਮੋਰਚਾ ਦੀ ਮੰਗ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਮੁਨਾਫਾ ਬਖ਼ਸ਼ ਭਾਅ ਦਿੱਤੇ ਜਾਣ ਤੇ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕੀਤੀਆਂ ਜਾਣ। ਰੇਲਾਂ ਜਾਮ ਕਰਨ ਸਮੇਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 8 ਖੇਤੀਬਾੜੀ ਪ੍ਰਧਾਨ ਰਾਜਾਂ ਵਿਚ ਪ੍ਰਗਟ ਕੀਤਾ ਜਾਵੇਗਾ। ਕਿਸਾਨ ਮੋਰਚਾ ਦੀ ਮੰਗ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਮੁਨਾਫਾ ਬਖ਼ਸ਼ ਭਾਅ ਦਿੱਤੇ ਜਾਣ ਤੇ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕੀਤੀਆਂ ਜਾਣ। ਰੇਲਾਂ ਜਾਮ ਕਰਨ ਸਮੇਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਅਜੇ ਦੇਵਗਨ ਨੇ ਪਟਿਆਲਾ 'ਚ ਮਨਾਇਆ 43ਵਾਂ ਜਨਮ ਦਿਨ

 ਕਿਲ੍ਹਾ ਮੁਬਾਰਕ ਪਟਿਆਲਾ ਵਿਖੇ ਆਪਣੀ ਟੀਮ ਨਾਲ
 ਜਨਮ ਦਿਨ ਮਨਾਉਂਦੇ ਹੋਏ ਅਜੇ ਦੇਵਗਨ।
ਪਟਿਆਲਾ 3 ਅਪ੍ਰੈਲ - ਸਿੱਖ ਪਰਿਵਾਰ 'ਤੇ ਅਧਾਰਿਤ ਹਿੰਦੀ ਫ਼ਿਲਮ 'ਸਨ ਆਫ਼ ਸਰਦਾਰ' ਦੀ ਸ਼ੂਟਿੰਗ 'ਚ ਮਸ਼ਰੂਫ ਅਦਾਕਾਰ ਅਜੇ ਦੇਵਗਨ ਨੇ ਆਪਣਾ ਜਨਮ ਦਿਨ ਸ਼ਾਹੀ ਸ਼ਹਿਰ ਪਟਿਆਲਾ ਵਿਚ ਆਪਣੇ ਪਰਿਵਾਰ ਅਤੇ ਸ਼ੂਟਿੰਗ ਕਰ ਰਹੀ ਟੀਮ ਨਾਲ ਮਨਾਇਆ। ਆਪਣੇ 43ਵੇਂ ਜਨਮ ਦਿਨ ਮੌਕੇ ਦੇਵਗਨ ਨੇ ਅੱਜ ਸਵੇਰੇ ਪਹਿਲਾਂ ਕਾਜੋਲ, ਬੇਟੀ ਨਿਆਸਾ ਅਤੇ ਬੇਟੇ ਯੁੱਗ ਨਾਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਕਿਲ੍ਹਾ ਮੁਬਾਰਕ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਲ੍ਹੇ ਅੰਦਰ ਬਾਬਾ ਆਲਾ ਸਿੰਘ ਦੀ ਗੱਦੀ 'ਤੇ ਮੱਥਾ ਟੇਕਿਆ। ਇਸ ਉਪਰੰਤ ਉਹ ਫ਼ਿਲਮ ਸੈਟ 'ਤੇ ਚਲੇ ਗਏ। ਇਥੇ ਪਹੁੰਚ ਕੇ ਉਨ੍ਹਾਂ ਟੀਮ ਵੱਲੋਂ ਸਜਾਇਆ ਕੇਕ ਕੱਟਿਆ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅਸ਼ਵਨੀ ਧੀਰ, ਕਾਜੋਲ ਦੀ ਭੈਣ ਤਨੀਸ਼ਾ, ਪ੍ਰੋਡਿਊਸਰ ਗੁਰਪ੍ਰੀਤ ਸਿੰਘ ਗਿਆਨੀ ਵੀ ਹਾਜ਼ਰ ਸਨ। ਉਪਰੰਤ ਅਜੇ ਦੇਵਗਨ ਫ਼ਿਲਮ ਦੀ ਸ਼ੂਟਿੰਗ ਵਿਚ ਰੁਝ ਗਏ ਅਤੇ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਅਜੇ ਦੇਵਗਨ ਨੇ ਹੋਟਲ ਨੀਮ ਰਾਣਾ ਵਿਚ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾਇਆ।
ਅਧਿਆਪਕਾਂ ਨੂੰ ਹੁਣ ਹਰ 2 ਮਹੀਨੇ ਬਾਅਦ ਦੱਸੀ
ਜਾਇਆ ਕਰੇਗੀ ਪੜ੍ਹਾਈ ਦੀ ਰੂਪਰੇਖਾ
ਚੰਡੀਗੜ੍ਹ, 3 ਅਪ੍ਰੈਲ -ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਹੁਣ ਹਰ 2 ਮਹੀਨੇ ਬਾਅਦ ਕਲਾਸਾਂ ਵਿਚ ਪੜ੍ਹਾਉਣ ਲਈ ਪੜ੍ਹਾਈ ਦੀ ਰੂਪਰੇਖਾ ਦੱਸੀ ਜਾਇਆ ਕਰੇਗੀ। ਜਾਣਕਾਰੀ ਦਿੰਦਿਆਂ ਰਮਸਅ ਦੇ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਅਤੇ ਪੜ੍ਹੋ ਪੰਜਾਬ ਦੇ ਸੰਚਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਇਮਰੀ ਅਧਿਆਪਕਾਂ ਦੇ ਬੀਤੇ ਦਿਨੀਂ ਸੈਮੀਨਾਰ ਲਗਾ ਕੇ ਉਨ੍ਹਾਂ ਨੂੰ ਅਪ੍ਰੈਲ ਅਤੇ ਮਈ ਮਹੀਨੇ ਵਿਚ ਕਲਾਸਾਂ ਵਿਚ ਪੜ੍ਹਾਈ ਕਰਾਉਣ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਬਾਰੇ ਰੂਪਰੇਖਾ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਰੂਪਰੇਖਾ ਅਧਿਆਪਕਾਂ ਨੂੰ ਸਾਲ ਦੇ ਆਰੰਭ ਵਿਚ ਹੀ ਦੱਸ ਦਿੱਤੀ ਜਾਂਦੀ ਸੀ ਜਿਸ ਕਾਰਨ ਕਈ ਵਾਰ ਅਧਿਆਪਕ ਕੁਝ ਗੱਲਾਂ ਭੁੱਲ ਜਾਂਦੇ ਸਨ ਪਰ ਹੁਣ ਇਹ ਰੂਪਰੇਖਾ ਹਰ 2 ਮਹੀਨੇ ਬਾਅਦ ਦੱਸੀ ਜਾਇਆ ਕਰੇਗੀ।
ਅਧਿਆਪਕਾਂ ਦੀਆਂ ਬਦਲੀਆਂ 10 ਅਪ੍ਰੈਲ ਤੋਂ 10 ਮਈ ਤੱਕ
ਅਜੀਤਗੜ੍ਹ, 3 ਅਪ੍ਰੈਲ -ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਬਦਲੀਆਂ 10 ਅਪ੍ਰੈਲ ਤੋਂ 10 ਮਈ ਦੌਰਾਨ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਦਲੇ ਜਾਣ ਵਾਲੇ ਅਧਿਆਪਕ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਧਿਆਪਕ ਆਪਣੇ ਨਵੇਂ ਸਟੇਸ਼ਨ 'ਤੇ ਜੁਆਇਨ ਕਰ ਸਕਣ। ਇਸ ਤੋਂ ਇਲਾਵਾ ਅਧਿਆਪਕਾਂ ਦੀ ਵਿੱਦਿਅਕ ਸੈਸ਼ਨ ਪੂਰਾ ਹੋਣ ਤੱਕ ਉਪਲੱਬਧਤਾ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਕੇਵਲ ਸਾਲ 'ਚ ਦੋ ਵਾਰ 31 ਮਾਰਚ ਤੇ 30 ਸਤੰਬਰ ਨੂੰ ਹੀ ਸੇਵਾ ਮੁਕਤ ਕਰਨ ਦਾ ਫੈਸਲਾ ਲਿਆ ਗਿਆ।
ਸੁਨੀਲ ਜਾਖੜ ਦਾ ਅਬੋਹਰ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ

ਅਬੋਹਰ ਵਿਖੇ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਕੁਮਾਰ ਜਾਖੜ ਦਾ ਸਵਾਗਤ
ਕਰਦੇ ਹੋਏ ਕਾਂਗਰਸੀ ਵਰਕਰ।
ਅਬੋਹਰ, 3 ਅਪ੍ਰੈਲ-ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣੇ ਚੌਧਰੀ ਸੁਨੀਲ ਕੁਮਾਰ ਜਾਖੜ ਦਾ ਅੱਜ ਇਲਾਕੇ ਵਿਚ ਪੁੱਜਣ 'ਤੇ ਅਬੋਹਰ ਅਤੇ ਬੱਲੂਆਣਾ ਹਲਕੇ ਵਿਚ ਨਿੱਘਾ ਸਵਾਗਤ ਹੋਇਆ। ਸ਼ਾਮ ਕਰੀਬ ਸਵਾ ਤਿੰਨ ਵਜੇ ਚੌਧਰੀ ਜਾਖੜ ਪਿੰਡ ਬੱਲੂਆਣਾ ਪੁੱਜੇ। ਇਥੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਸ੍ਰੀ ਗਿਰੀਰਾਜ ਰਾਜੌਰਾ ਦੀ ਅਗਵਾਈ ਵਿਚ ਵਰਕਰਾਂ ਨੇ ਸ੍ਰੀ ਜਾਖੜ ਦਾ ਨਿੱਘਾ ਸਵਾਗਤ ਕੀਤਾ। ਇਸ ਬਾਅਦ ਸ੍ਰੀ ਜਾਖੜ ਨੇ ਅਬੋਹਰ ਦੇ ਸ੍ਰੀ ਬਾਲਾ ਜੀ ਧਾਮ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਬੋਹਰ ਪੁੱਜਣ 'ਤੇ ਸ੍ਰੀ ਜਾਖੜ ਦਾ ਵੱਡੇ ਕਾਫ਼ਲੇ ਸਮੇਤ ਬਲਾਕ ਪ੍ਰਧਾਨ ਸ: ਬਲਵੀਰ ਸਿੰਘ ਦਾਨੇਵਾਲੀਆ ਅਤੇ ਬੀ.ਐਲ. ਨਾਗਪਾਲ ਦੀ ਅਗਵਾਈ ਵਿਚ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਮਹਾਰਾਜਾ ਅਗਰਸੈਨ ਚੌਕ 'ਚ ਮੱਥਾ ਵੀ ਟੇਕਿਆ। ਸ੍ਰੀ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜੋ ਮਾਣ ਸਤਿਕਾਰ ਪਾਰਟੀ ਨੇ ਦਿੱਤਾ ਹੈ ਉਹ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਹੋਇਆ ਹੈ। ਇਸ ਮੌਕੇ ਸੱਜਣ ਕੁਮਾਰ ਜਾਖੜ, ਸੰਦੀਪ ਜਾਖੜ, ਅਜੇ ਵੀਰ ਜਾਖੜ, ਗੁਰਸਾਹਿਬ ਸਿੰਘ, ਸੁਖਪਿੰਦਰ ਸਿੰਘ ਗੋਗੀ ਹੇਅਰ, ਕੁਲਬੀਰ ਸਿੰਘ ਸੰਧੂ, ਸੁਰਜੀਤ ਸਿੰਘ ਬਹਾਦਰ ਖੇੜਾ, ਐਡਵੋਕੇਟ ਇੰਦਰਜੀਤ ਸਿੰਘ ਬਜਾਜ, ਰਣਜੀਤ ਸਿੰਘ ਜੰਡ ਵਾਲਾ, ਗੁਰਪ੍ਰੀਤ ਸਿੰਘ ਕਿੱਕਰ ਖੇੜਾ, ਰੁਪਿੰਦਰ ਸਿੰਘ, ਕੁਲਦੀਪ ਸਿੰਘ ਦੌਲਤਪੁਰਾ, ਕਾਕਾ ਬਰਾੜ ਦੌਲਤਪੁਰਾ, ਨਰਿੰਦਰ ਕੁਮਾਰ ਰਿਣਵਾ, ਡਾ: ਸਾਹਿਬ ਰਾਮ ਰਿਣਵਾ, ਹਰਪ੍ਰੀਤ ਸਿੰਘ ਸਿੱਧੂ ਦੌਲਤਪੁਰਾ, ਬੀ. ਡੀ. ਕਾਲੜਾ, ਸੁਖਵੰਤ ਸਿੰਘ ਬਰਾੜ, ਕਿੰਗਪਾਲ ਸਿੰਘ ਦਾਨੇ ਵਾਲੀਆ, ਕੇਵਲ ਸਿੰਘ ਬਹਾਵਵਾਲਾ, ਗੁਰਮਨ ਸਿੰਘ, ਅਰਮਨਦੀਪ ਸਿੰਘ, ਅਮਨੀਸ਼ ਖੂੰਗਰ, ਰੋਹਤਾਸ ਗੁਪਤਾ, ਮਨਪ੍ਰੀਤ ਸਿੰਘ ਹੈਪੀ ਬਰਾੜ, ਸੁਮਨ ਤਨੇਜਾ ਕੌਂਸਲਰ, ਵਨੀਤ ਚੋਪੜਾ, ਬਲਦੇਵ ਸਿੰਘ ਕਲਸੀ, ਸੁਖਪਾਲ ਸਿੰਘ ਵੜਿੰਗ, ਵਮਲ ਠਠਈ, ਅਜੀਤ ਸਹਾਰਨ, ਵਿਕਰਮ ਸ਼ਰਮਾ ਵਿੱਕੀ, ਸ਼ਾਮ ਲਾਲ ਅਰੋੜਾ, ਜਗਸੀਰ ਸਿੰਘ ਮੋਂਟੂ, ਡਾ: ਰਜਿੰਦਰ ਗਿਰਧਰ, ਲੋਕੇਸ਼ ਗੋਦਾਰਾ, ਆਲਮਦੀਪ ਸਿੰਘ ਦਾਨੇਵਾਲਾ, ਚੰਨਪ੍ਰੀਤ ਸਿੰਘ, ਬਖਸ਼ੀਸ਼ ਸਿੰਘ ਯਾਮਣੀਆ, ਰਾਜੂ ਧਰਾਂਗਵਾਲਾ, ਸੁਖਦੇਵ ਸਿੰਘ ਰਾਜਪੁਰਾ, ਸੱਤ ਨਰਾਇਣ ਸਿੰਗਲਾ, ਪੱਪੂ ਵਤਰਾਨਾ ਤੇ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਵੱਲੋਂ ਕਾਨੂੰਨ ਅਫਸਰਾਂ ਦੇ ਅਹੁਦੇ
ਦੀ ਮਿਆਦ 'ਚ 30 ਅਪ੍ਰੈਲ ਤੱਕ ਵਧਾਈ
ਚੰਡੀਗੜ੍ਹ, 3 ਅਪ੍ਰੈਲ -ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੰਮ ਕਰ ਰਹੇ 168 ਕਾਨੂੰਨ ਅਫਸਰਾਂ ਦੇ ਅਹੁਦੇ ਦੀ ਮਿਆਦ 30 ਅਪ੍ਰੈਲ ਤੱਕ ਵਧਾਈ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਨੇ ਦੱਸਿਆ ਕਿ ਮੌਜੂਦਾ ਕਾਨੂੰਨ ਅਫਸਰਾਂ ਦਾ ਠੇਕਾ 31 ਮਾਰਚ ਤੱਕ ਹੀ ਸੀ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਿਛਲੀ ਸਰਕਾਰ ਦੇ ਹੀ ਦੁਬਾਰਾ ਸੱਤਾ ਵਿਚ ਆ ਜਾਣ ਕਾਰਨ ਐਡਵੋਕੇਟ ਜਨਰਲ ਦਫ਼ਤਰ ਵਿਚ ਮਾਮੂਲੀ ਰੱਦੋ-ਬਦਲ ਹੀ ਹੋਵੇਗੀ।
ਹੁਣ ਹਰ ਡਿਗਰੀਆਂ 'ਤੇ ਹੋਵੇਗਾ ਗੁਪਤ ਕੋਡ
ਚੰਡੀਗੜ੍ਹ, 3 ਅਪ੍ਰੈਲ -ਜਾਅਲੀ ਡਿਗਰੀਆਂ ਦੇ ਰੁਝਾਨ ਨੂੰ ਰੋਕਣ ਲਈ ਪੰਜਾਬ 'ਵਰਸਿਟੀ ਚੰਡੀਗੜ੍ਹ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਜਾਰੀ ਹੋਣ ਵਾਲੀ ਹਰ ਡਿਗਰੀ ਤੇ 'ਖੁਫ਼ੀਆ ਕੋਡ' ਹੋਇਆ ਕਰੇਗਾ। ਪਿਛਲੇ ਦਿਨੀਂ ਜ਼ੀਰਕਪੁਰ ਅਤੇ ਚੰਡੀਗੜ੍ਹ 'ਚ ਮਿਲੇ ਦੋ ਗਿਰੋਹਾਂ ਤੋਂ ਕਈ ਵਿੱਦਿਅਕ ਅਦਾਰਿਆਂ ਦੀਆਂ ਜਾਅਲੀ ਡਿਗਰੀਆਂ ਮਿਲੀਆਂ ਸਨ ਜਿਸ ਨੂੰ ਧਿਆਨ 'ਚ ਰੱਖਦਿਆਂ 'ਵਰਸਿਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਬਾਰੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਮਾਮਲਿਆਂ ਦੇ ਡੀਨ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਹਰ ਡਿਗਰੀ 'ਤੇ ਇਕ ਗੁਪਤ ਕੋਡ ਹੋਵੇਗਾ ਜੋ ਡਿਗਰੀ ਦੀ ਪ੍ਰਮਾਣਿਕਤਾ ਨੂੰ ਸਾਬਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਕੋਰਡ ਕਿਸੇ ਮਸ਼ੀਨ ਰਾਹੀਂ ਹੀ ਪੜ੍ਹਿਆ ਜਾ ਸਕੇਗਾ ਤੇ ਕੋਰਡ 'ਚ ਸ਼ਬਦਾਂ ਦੀ ਕੁਝ ਅਜਿਹੀ ਤਰਤੀਬ ਹੋਵੇਗੀ ਕਿ 'ਵਰਸਿਟੀ ਦੇ ਇਮਤਿਹਾਨਾਂ ਦੇ ਕੰਟਰੋਲਰ ਤੋਂ ਇਲਾਵਾ ਇਹ ਕੋਡ ਹੋਰ ਕੋਈ ਨਹੀਂ ਪੜ੍ਹ ਸਕੇਗਾ। ਉਨ੍ਹਾਂ ਕਿਹਾ ਕਿ ਡਿਗਰੀਆਂ 'ਤੇ ਫੋਟੋ ਲਾਉਣ ਦਾ ਕੰਮ ਪਿਛਲੇ ਵਰ੍ਹੇ ਆਰੰਭ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਖੁਫੀਆ ਕੋਡ ਵਾਲੀਆਂ ਡਿਗਰੀਆਂ ਹੀ ਮਿਲਣਗੀਆਂ।
ਖਾਲਸਾ ਕੇਸਾਧਾਰੀ ਕਲੱਬ ਪਟਨਾ ਸਾਹਿਬ
ਨਗਰ ਕੀਰਤਨ 'ਚ ਸ਼ਾਮਿਲ ਹੋਵੇਗੀ

ਪਟਨਾ ਸਾਹਿਬ ਜਾਣ ਵਾਲੇ ਮਹਾਨ ਅਦੁੱਤੀ ਨਗਰ ਕੀਰਤਨ 'ਚ ਸ਼ਾਮਿਲ ਹੋਣ ਸਬੰਧੀ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦੇ ਕਬੱਡੀ ਆਗੂ।
ਬਟਾਲਾ/ਸੇਖਵਾਂ, 3 ਅਪ੍ਰੈਲ -ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਤੇ ਪਤਿਤਪੁਣੇ ਵਲੋਂ ਮੋੜ ਕੇ ਸਿੱਖੀ ਸਰੂਪ 'ਚ ਮਾਂ ਖੇਡ ਕਬੱਡੀ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਕਰ ਰਹੀ ਖਾਲਸਾ ਕੇਸਾਧਾਰੀ ਕਬੱਡੀ ਕਲੱਬ ਮਾਝਾ (ਜਲੰਧਰ) ਦੀ ਇਕ ਵਿਸ਼ੇਸ਼ ਮੀਟਿੰਗ ਰਣਧੀਰ ਸਿੰਘ ਧੀਰਾ ਡਡਵਿੰਡੀ (ਕਪੂਰਥਲਾ) ਦੀ ਅਗਵਾਈ 'ਚ ਕੋਚ ਤੇ ਪ੍ਰਧਾਨ ਮਨਜੀਤ ਸਿੰਘ ਕਾਕੂ ਦੇ ਗ੍ਰਹਿ ਪਿੰਡ ਖੋਖਰ ਫੌਜੀਆਂ ਵਿਖੇ ਹੋਈ। ਜਿਸ ਵਿਚ ਵੱਖ-ਵੱਖ ਅਹੁਦੇਦਾਰਾਂ ਤੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰਣਧੀਰ ਸਿੰਘ ਧੀਰਾ ਅਤੇ ਮਨਜੀਤ ਸਿੰਘ ਕਾਕੂ ਨੇ ਕਿਹਾ ਕਿ ਕਲੱਬ ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਂਪੁਰਖ ਸੰਤ ਮਾਨ ਸਿੰਘ ਪਿਹੋਵੇ ਵਾਲਿਆਂ ਦੀ ਅਗਵਾਈ 'ਚ ਜੋ 300 ਸਾਲਾਂ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਪੰਜਵਾਂ ਮਹਾਨ ਨਗਰ ਕੀਰਤਨ ਪਿਹੋਵਾ ਤੋਂ ਪਟਨਾ ਸਾਹਿਬ ਲਈ 5 ਤੋਂ 8 ਅਪ੍ਰੈਲ ਤੱਕ ਸਜਾਇਆ ਜਾ ਰਿਹਾ ਹੈ, ਉਸ ਵਿਚ ਬਾਬਾ ਜੀ ਦੇ ਵਿਸ਼ੇਸ਼ ਸੱਦੇ 'ਤੇ ਖਾਲਸਾ ਕੇਸਾਧਾਰੀ ਕਬੱਡੀ ਕਲੱਬ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਵੇਗੀ ਅਤੇ ਸਾਰੇ ਗੁਰਸਿੱਖ ਖਿਡਾਰੀ ਤੇ ਕਬੱਡੀ ਪ੍ਰੇਮੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਡਾ: ਪੀ. ਐਸ. ਕੰਗ, ਮਨਜੀਤ ਸਿੰਘ ਅਠੋਲਾ, ਇਨਵੀਰ ਸਿੰਘ ਢਿੱਲੋਂ, ਸੁਰਜੀਤ ਸਿੰਘ ਜੌਹਲ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਬੂਟਾ, ਲਵਪ੍ਰੀਤ ਸਿੰਘ ਅਤੇ ਹਰਜੋਤ ਸਿੰਘ ਜੋਤਾ ਆਦਿ ਵੀ ਹਾਜ਼ਰ ਸਨ।
ਪਟਨਾ ਸਾਹਿਬ ਜਾ ਰਹੇ ਨਗਰ ਕੀਰਤਨ ਲਈ ਸੰਗਤਾਂ
4 ਅਪ੍ਰੈਲ ਨੂੰ ਪਿਹੋਵਾ ਪੁੱਜਣਗੀਆਂ-ਬਾਬਾ ਮਾਨ ਸਿੰਘ

ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲੇ ਪੰਜਵੇਂ ਅਦੁੱਤੀ ਨਗਰ
 ਕੀਰਤਨ ਬਾਰੇ ਜਾਣਕਾਰੀ ਦਿੰਦੇ ਹੋਏ।
ਜਲੰਧਰ, 3 ਅਪ੍ਰੈਲ -ਸਰਬੱਤ ਦੇ ਭਲੇ ਲਈ ਪੰਜਵਾਂ ਮਹਾਨ ਅਦੁੱਤੀ ਨਗਰ ਕੀਰਤਨ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਜੁਰਾਸੀ (ਪਿਹੋਵਾ) ਤੋਂ 5 ਅਪ੍ਰੈਲ ਨੂੰ ਆਰੰਭ ਹੋਵੇਗਾ। ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਸੰਗਤਾਂ 4 ਅਪ੍ਰੈਲ ਸ਼ਾਮ ਤੱਕ ਪਿਹੋਵਾ ਪਹੁੰਚ ਜਾਣਗੀਆਂ। ਇਹ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੇ ਕਿਹਾ ਕਿ 8 ਅਪ੍ਰੈਲ ਨੂੰ ਇਹ ਨਗਰ ਕੀਰਤਨ ਪਟਨਾ ਸਾਹਿਬ ਪਹੁੰਚੇਗਾ। ਰਸਤੇ ਵਿਚ ਦਿੱਲੀ, ਕਾਨਪੁਰ ਅਤੇ ਮੋਹਣੀਆਂ ਰਾਤ ਦਾ ਵਿਸ਼ਰਾਮ ਹੋਵੇਗਾ। ਬਾਬਾ ਜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਚਾਰ ਮਹਾਨ ਨਗਰ ਕੀਰਤਨ ਆਪ ਸਜਾ ਚੁੱਕੇ ਹਨ। ਇਸ ਮਹਾਨ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਤ੍ਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਰਾਗੀ, ਢਾਡੀ, ਕਵੀਸ਼ਰੀ ਜਥੇ ਕਵੀ ਅਤੇ ਕਥਾ ਵਾਚਕ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਪੂਰੇ ਰਸਤੇ ਵਿਚ ਦੀਵਾਨ ਸਜਾਏ ਜਾਣਗੇ ਅਤੇ ਸੰਗਤਾਂ ਕੀਰਤਨ ਕਰਦੀਆਂ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚਣਗੀਆਂ। ਪਟਨਾ ਸਾਹਿਬ ਵਿਖੇ ਤਖ਼ਤ ਸਾਹਿਬ ਵਿਖੇ 8 ਅਪ੍ਰੈਲ ਰਾਤ ਨੂੰ ਰੈਣਿ ਸਬਾਈ ਕੀਰਤਨ ਦਰਬਾਰ ਸਜੇਗਾ। ਸੰਤ ਬਾਬਾ ਮਾਨ ਸਿੰਘ ਨੇ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਜਾਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਣਗੇ। ਇਸ ਮੌਕੇ ਬਾਬਾ ਜੀ ਨਾਲ ਸ: ਬੈਂਸ, ਸ: ਗਿੱਲ, ਡਾ: ਪੀ. ਐਸ. ਕੰਗ, ਬਾਬਾ ਮਹਿੰਦਰ ਸਿੰਘ, ਗੁਰਨੇਕ ਸਿੰਘ ਹੋਠੀ (ਯੂ. ਕੇ.) ਅਤੇ ਹੋਰ ਸੰਗਤਾਂ ਸ਼ਾਮਿਲ ਸਨ।
135 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਪੋਰਟ ਬਲੇਅਰ, 3 ਅਪ੍ਰੈਲ - ਭਾਰਤੀ ਤਟ ਰੱਖਿਅਕ ਦਸਤੇ ਨੇ ਅੱਜ ਅੰਡੇਮਾਨ ਵਿਖੇ ਸਥਿਤ ਕਦਾਮਤਾਲਾ ਖੇਤਰ 'ਚੋਂ 135 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕੰਟਰੋਲ ਰੂਮ ਵਿਖੇ 31 ਮਾਰਚ ਨੂੰ ਇਹ ਸੂਚਨਾ ਮਿਲੀ ਸੀ ਇੱਕ ਕਿਸ਼ਤੀ ਵਿਚ ਸਵਾਰ 40 ਦੇ ਕਰੀਬ ਵਿਅਕਤੀਆਂ ਨੇ ਭਾਰਤੀ ਮਛੇਰਿਆਂ ਤੋਂ ਲੁੱਟ ਖੋਹ ਕੀਤੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਸੀ। ਭਾਰਤੀ ਤਟ ਰੱਖਿਆ ਬਲ ਵੱਲੋਂ ਜਾਰੀ ਬਿਆਨ ਅਨੁਸਾਰ ਇਨ੍ਹਾਂ ਦੀ ਤਲਾਸ਼ ਲਈ ਸਮੁੰਦਰੀ ਅਤੇ ਹਵਾਈ ਸੈਨਾ ਵੱਲੋਂ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਅਤੇ 135 ਬੰਗਲਾਦੇਸ਼ੀ ਨਾਗਰਿਕਾਂ ਨੂੰ ਕਿਸ਼ਤੀ ਸਮੇਤ ਗ੍ਰਿਫਤਾਰ ਕਰਕੇ ਅੰਡੇਮਾਨ ਦੇ ਉੱਤਰ 'ਚ ਸਥਿਤ ਦਿਗਲੀਪੁਰ ਵਿਖੇ ਲਿਆ ਕੇ ਤਟ ਰੱਖਿਅਕ ਦਸਤੇ ਦੇ ਹਵਾਲੇ ਕਰ ਦਿੱਤਾ ਗਿਆ।