ਚੋਣ ਕਮਿਸ਼ਨ ਦੇ ਤਿੱਖੇ ਡੰਗ ਨੇ ਉਮੀਦਵਾਰਾਂ ਨੂੰ ਪਾਈਆਂ ਭਾਜੜਾਂ
ਪ੍ਰਚਾਰ ਲਈ ਘੱਟ ਸਮਾਂ, ਚੋਣ ਜ਼ਾਬਤੇ ਦੀ ਸਖ਼ਤੀ ਅਤੇ ਠੰਢ ਕਾਰਨ ਵਧੀਆਂ ਮੁਸ਼ਕਿਲਾਂਬਟਾਲਾ, 14 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤੇ ਨੂੰ ਲੈ ਕੇ ਕੀਤੀ ਬੇਹੱਦ ਸਖ਼ਤੀ ਅਤੇ ਚੋਣ ਪ੍ਰਚਾਰ ਲਈ ਦਿੱਤੇ ਘੱਟ ਸਮੇਂ ਅਤੇ ਪੈ ਰਹੀ ਕੜਾਕੇ ਦੀ ਠੰਢ ਕਾਰਨ ਇਨ੍ਹਾਂ ਚੋਣਾਂ ਦੇ ਦੰਗਲ ਵਿਚ ਆਪਣੀ ਕਿਸਮਤ ਅਜਮਾ ਰਹੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਭਾਜੜਾਂ ਪਈਆਂ ਹੋਈਆਂ ਹਨ। ਜਿਸ ਕਰਕੇ ਉਮੀਦਵਾਰ ਆਪਣੀ ਜਿੱਤ-ਹਾਰ ਨੂੰ ਲੈ ਕੇ ਦਿਨ-ਰਾਤ ਇਕ ਕਰ ਰਹੇ ਹਨ। ਇਸ ਵਾਰ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਦਿਆਂ ਕਰੀਬ ਇਕ ਮਹੀਨੇ ਦਾ ਸਮਾਂ ਹੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਦਿੱਤਾ, ਜਿਸ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਵਿਚ ਕੀਤੀ ਦੇਰੀ ਵੀ ਇਨ੍ਹਾਂ ਉਮੀਦਵਾਰਾਂ ਲਈ ਮੁਸੀਬਤ ਬਣੀ ਜਿਸ ਨਾਲ ਚੋਣ ਪ੍ਰਚਾਰ ਲਈ ਸਮਾਂ ਹੋਰ ਘੱਟ ਗਿਆ। ਇਸ ਉਪਰ ਠੰਢੇ ਮੌਸਮ ਦਾ ਵੀ ਅਹਿਮ ਅਸਰ ਪੈ ਰਿਹਾ ਹੈ। ਇਸ ਲਈ ਇਹ ਉਮੀਦਵਾਰ ਆਪੋ-ਆਪਣੇ ਹਲਕੇ ਨੂੰ ਕਵਰ ਕਰਨ ਲਈ ਜਿੱਥੇ ਤੜਕਸਾਰ ਆਪਣੇ ਘਰਾਂ ਤੋਂ ਚੋਣ ਪ੍ਰਚਾਰ ਲਈ ਨਿਕਲ ਪੈਂਦੇ ਹਨ, ਉਥੇ ਨਾਲ ਹੀ ਰਾਤ 2 ਤੋਂ 3 ਵਜੇ ਤੱਕ ਵਾਪਿਸ ਪਰਤਦੇ ਹਨ ਜਿਸ ਕਰਕੇ ਇਨ੍ਹਾਂ ਉਮੀਦਵਾਰਾਂ ਦੀ ਨੀਂਦਰ ਉਡ ਗਈ ਜਾਂ ਫਿਰ ਹਰਾਮ ਹੋ ਗਈ ਹੈ।
ਜਿੱਥੇ ਭਾਰੀ ਠੰਢ ਨੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਥੇ ਨਾਲ ਹੀ ਰਹਿੰਦੀ ਖੂੰਹਦੀ ਕਸਰ ਚੋਣ ਜ਼ਾਬਤੇ ਨੂੰ ਲੈ ਕੇ ਕੀਤੀ, ਬੇਹੱਦ ਸਖ਼ਤੀ ਨੇ ਪੂਰੀ ਕਰ ਦਿੱਤੀ ਹੈ ਜਿਸ ਕਰਕੇ ਵਿਚਾਰੇ ਉਮੀਦਵਾਰ ਚੋਣ ਕਮਿਸ਼ਨ ਦੇ ਤਿੱਖੇ ਡੰਗ ਤੋਂ ਬਚਦੇ ਫਿਰ ਰਹੇ ਹਨ, ਕਿਉਂਕਿ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਕਈ ਉਮੀਦਵਾਰ ਹੁਣ ਤਕ 30 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਆਪਣੇ ਚੋਣ ਖਰਚੇ ਵਿਚ ਪਵਾ ਚੁੱਕੇ ਹਨ, ਕਿਉਂਕਿ ਚੋਣ ਕਮਿਸ਼ਨ ਨੇ ਹਰੇਕ ਉਮੀਦਵਾਰ ਉਪਰ ਤਿੱਖੀਆਂ ਨਜ਼ਰਾਂ ਲਗਾਈਆਂ ਹੋਈਆਂ ਹਨ। ਇਸ ਲਈ ਇਹ ਉਮੀਦਵਾਰ ਚੋਣ ਪ੍ਰਚਾਰ ਲਈ ਬੇਹੱਦ ਧਿਆਨ ਨਾਲ ਫੂਕ-ਫੂਕ ਕੇ ਪੈਰ ਧਰ ਰਹੇ ਹਨ। ਇੱਥੇ ਹੀ ਬੱਸ ਨਹੀਂ ਇਸ ਵਾਰ ਚੋਣ ਕਮਿਸ਼ਨ ਨੇ ਚੋਣਾਂ ਵਿਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਅਤੇ ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਦੁਰ ਵਰਤੋਂ ਨੂੰ ਰੋਕਣ ਲਈ ਵੀ ਸਖ਼ਤ ਕਦਮ ਪੁੱਟਦਿਆਂ 20 ਦਿਨ ਪਹਿਲਾਂ ਹੀ ਰਾਜ ਅੰਦਰ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ। ਹਾਲਾਂਕਿ ਪਹਿਲਾਂ ਤਾਂ ਚੋਣਾਂ ਤੋਂ ਇੱਕ ਦੋ ਦਿਨ ਪਹਿਲਾਂ ਸਿਰਫ਼ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉਪਰ ਹੀ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਚੋਣਾਂ 'ਚ ਖੁੱਲ੍ਹੇ ਸਾਜ਼ੋ ਸਮਾਨ ਦੀ ਵਰਤੋਂ 'ਤੇ ਲਗਾਈ ਪਾਬੰਦੀ ਅਤੇ ਚੋਣ ਕਮਿਸ਼ਨ ਵਲੋਂ ਕੀਤੀ ਸਖ਼ਤੀ ਕਾਰਨ ਇਨ੍ਹਾਂ ਉਮੀਦਵਾਰਾਂ ਨੂੰ ਆਪਣਾ ਹਲਕਾ ਕਵਰ ਕਰਨ ਵਿਚ ਵੀ ਭਾਰੀ ਮੁਸ਼ਕਿਲ ਪੇਸ਼ ਆ ਰਹੀਂ ਹੈ ਜਿਸ ਕਰਕੇ ਲੱਗ ਰਿਹਾ ਹੈ ਕਿ ਉਮੀਦਵਾਰਾਂ ਕੋਲੋਂ ਆਪੋ-ਆਪਣਾ ਹਲਕਾ ਵੀ ਪੂਰਾ ਨਹੀਂ ਕੀਤਾ ਜਾਣਾ। ਇੱਕ ਹੋਰ ਦਿਲਚਸਪ ਪਹਿਲੂ ਕਾਰਨ ਵੀ ਉਮੀਦਵਾਰ ਕਸੂਤੀ ਸਥਿਤੀ ਵਿਚ ਹਨ ਕਿਉਂਕਿ ਚੋਣਾਂ ਸਮੇਂ ਨੇਤਾਵਾਂ ਨਾਲ ਗੱਡੀਆਂ ਭਜਾਉਣ ਵਾਲੇ ਵਰਕਰਾਂ ਨੂੰ ਉਮੀਦਵਾਰ ਵਾਰ-ਵਾਰ ਪਿਆਰ ਨਾਲ ਅਤੇ ਘੂਰੀ ਵੱਟ ਕੇ ਆਪਣੇ ਪਿਛੋਂ ਗੱਡੀਆਂ ਦੂਰ ਲੈ ਜਾਣ ਲਈ ਕਹਿ ਰਹੇ ਹਨ। ਇਸ ਤੋਂ ਇਲਾਵਾ ਥਾਂ-ਥਾਂ 'ਤੇ ਨਾਕੇ ਲਗਾ ਕੇ ਖੜ੍ਹੇ ਨੀਮ ਫ਼ੌਜੀ ਬਲਾਂ ਦੇ ਜਵਾਨ ਆਉਣ ਜਾਣ ਵਾਲੀ ਹਰੇਕ ਗੱਡੀ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇੱਕ ਤਰ੍ਹਾਂ ਨਾਲ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਉਮੀਦਵਾਰਾਂ ਨੂੰ ਚੋਣਾਂ ਦੇ ਹਿਸਾਬ ਕਿਤਾਬ ਦੇ ਨਾਲ-ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਵੀ ਲੇਖਾ ਜੋਖਾ ਰੱਖਣਾ ਪੈ ਰਿਹਾ ਹੈ।
ਵਾਸ਼ਿੰਗਟਨ, 14 ਜਨਵਰੀ- ਇਹ ਦਾਅਵਾ ਕਰਦਿਆਂ ਕਿ ਪਾਕਿਸਤਾਨ ਦੇ ਲੋਕਾਂ ਨੂੰ ਇਕ ਬਦਲਾਅ ਦੀ ਜ਼ਰੂਰਤ ਹੈ, ਸਾਬਕਾ ਸੈਨਾ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਆਪਣੀ ਜਾਨ ਦਾ ਜੋਖਮ ਉਠਾਉਣ ਅਤੇ ਦੇਸ਼ ਪਰਤਣ ਲਈ ਪੂਰੀ ਤਰਾਂ ਤਿਆਰ ਹਨ। ਦੁਬਈ ਵਿਖੇ ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਦੇ ਲੋਕਾਂ ਲਈ ਇਹ ਜੋਖਮ ਉਠਾਉਣਾ ਹੀ ਪਵੇਗਾ ਅਤੇ ਮੈਂ ਇਸ ਲਈ ਤਿਆਰ ਹਾਂ। ਜਦੋਂ ਮੁਸ਼ੱਰਫ ਨੂੰ ਪੁੱਛਿਆ ਗਿਆ ਕਿ ਉਹ ਪਾਕਿਸਤਾਨ ਕਿਉਂ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੇਸ਼ ਨੂੰ ਮੇਰੀ ਜ਼ਰੂਰਤ ਹੈ, ਇਹ ਸਹੀ ਸਮਾਂ ਹੈ ਜਦੋਂ ਦੇਸ਼ 'ਚ ਇਕ ਰਾਜਨੀਤਕ ਬਦਲਾਅ ਦੀ ਜ਼ਰੂਰਤ ਹੈ, ਜੋ ਲੋਕਾਂ ਦੇ ਬਹੁਮਤ ਨਾਲ ਦੇਸ਼ ਅੰਦਰ ਇਕ ਸਰਕਾਰ ਬਣਾ ਸਕੇ, ਜੋ ਸਿਰਫ ਰਾਜਨੀਤੀ ਕਰਨ ਦੀ ਥਾਂ ਦੇਸ਼ ਨੂੰ ਸਹੀ ਢੰਗ ਨਾਲ ਚਲਾ ਸਕੇ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਕਰਨ 'ਚ ਉਚਿਤ ਭੂਮਿਕਾ ਨਿਭਾਅ ਸਕਦਾ ਹਾਂ। ਮੁਸ਼ੱਰਫ ਕਦੋਂ ਤੱਕ ਵਾਪਸ ਪਰਤ ਰਹੇ ਹਨ, ਇਸ ਬਾਰੇ ਉਨ੍ਹਾਂ ਅਜੇ ਕੋਈ ਤਰੀਕ ਨਿਸਚਿਤ ਨਹੀਂ ਕੀਤੀ, ਪਰ ਉਹ 27 ਤੋਂ 30 ਜਨਵਰੀ ਦੇ ਵਿਚ ਪਾਕਿਸਤਾਨ ਪਰਤ ਸਕਦੇ ਹਨ।
ਅੰਮ੍ਰਿਤਸਰ, 14 ਜਨਵਰੀ- ਪੰਜਾਬ ਪੁਲਿਸ ਨੇ ਵਾਘਾ ਸਰਹੱਦ ਰਾਸਤੇ ਪਾਕਿਸਤਾਨ ਨੂੰ ਸਬਜ਼ੀਆਂ ਦੀ ਖੇਪ ਲੈ ਕੇ ਜਾ ਰਹੇ ਇਕ ਟਰੱਕ 'ਚੋਂ 600 ਗ੍ਰਾਮ ਹੀਰੋਇਨ ਸਮੇਤ ਦੋ ਵਿਅਕਤੀਆਂ ਨੂੰ ਸ਼ਹਿਰ ਦੇ ਸੁਲਤਾਨਵਿੰਡ ਇਲਾਕੇ 'ਚੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕੌਮਾਂਤਰੀ ਬਾਜਾਰ 'ਚ ਇਸ ਹੈਰੋਇਨ ਦੀ ਕੀਮਤ ਤਿੰਨ ਕਰੋੜ ਹੈ ਅਤੇ ਇਸ ਤੋਂ ਇਲਾਵਾ ਹਿਰਾਸਤ 'ਚ ਲਏ ਵਿਅਕਤੀਆਂ ਕੋਲੋਂ 1.65 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਰ. ਪੀ. ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਦੇ ਡਰਾਈਵਰ ਰਾਜਿੰਦਰ ਨੇ ਆਪਣੇ ਟਰੱਕ 'ਚ ਇਹ ਨਸ਼ੀਲਾ ਪਦਾਰਥ ਰੱਖਣ ਲਈ ਇਕ ਖਾਸ ਥਾਂ ਬਣਾਈ ਹੋਈ ਸੀ ਅਤੇ ਪਤਾ ਲੱਗਾ ਹੈ ਕਿ ਹਾਲ ਹੀ 'ਚ ਉਸ ਨੇ ਇਸ ਕਿਲੋਗ੍ਰਾਮ ਹੈਰੋਇਨ ਖਰੀਦੀ ਸੀ। ਮਿੱਤਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਸੰਯੁਕਤ ਪੁੱਛਗਿਛ ਕੇਂਦਰ 'ਚ ਭੇਜਿਆ ਜਾਵੇਗਾ।
ਅੰਮ੍ਰਿਤਸਰ 14 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਰਤਨ ਦੀ ਮਹਿਮਾ ਤੇ ਮਰਿਯਾਦਾ ਸਬੰਧੀ ਬੋਲਦਿਆਂ ਕਿਹਾ ਹੈ ਕਿ ਗੁਰਮਤਿ ਕੀਰਤਨ ਪ੍ਰੰਪਰਾ ਦਾ ਮੁੱਢ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ 'ਜਗਤ ਜਲੰਦੇ ਨੂੰ ਤਾਰਨ' ਅਤੇ ਮਾਨਵਤਾ ਦੀ 'ਸਗਲੀ ਚਿੰਤ ਮਿਟਾਉਣ' ਖਾਤਰ ਗੁਰੂ ਸਾਹਿਬ ਦੇ ਹਿਰਦੇ ਵਿਚੋਂ ਜੋ 'ਧੁਰ ਕੀ ਬਾਣੀ' ਉਤਰੀ ਆਪ ਨੇ ਉਹ ਰਾਗ ਵਿਚ ਪਾ ਕੇ ਗਾਈ। ਜਾਰੀ ਇਕ ਬਿਆਨ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਮਕਸਦ ਮਨੁੱਖ ਨੂੰ ਅੰਤਰਮੁਖੀ ਕਰਨਾ ਹੈ। ਰਾਗ ਮਨੁੱਖ ਦੀ ਖਿੰਡੀ ਬਿਰਤੀ ਨੂੰ ਇਕਾਗਰ ਕਰਨ ਦੀ ਸਮਰੱਥਾ ਰੱਖਦਾ ਹੈ। ਰਾਗ ਬ੍ਰਹਮੰਡ ਦੇ ਹਰੇਕ ਤੱਤ ਉਪਰ ਆਪਣਾ ਪ੍ਰਭਾਵ ਪਾਉਂਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਧਰਤ ਲੁਕਾਈ ਨੂੰ ਸੋਧਣ ਲਈ ਅਥਾਹ ਸ਼ਕਤੀ ਦੇ ਸੋਮੇ, ਸ਼ਬਦ ਕੀਰਤਨ ਨੂੰ ਜ਼ਰੀਆ ਬਣਾਇਆ ਅਤੇ ਸ਼ਬਦ ਦੁਆਰਾ ਸਿੱਧ ਮੰਡਲੀ ਨੂੰ ਜਿੱਤ ਕੇ ਆਪਣਾ 'ਪੰਥ ਨਿਰਾਲਾ' ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਪਹਿਲੇ ਗੁਰੂਆਸੇ ਅਨੁਸਾਰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਗੁਰਬਾਣੀ ਕੀਰਤਨ ਪਰੰਪਰਾ ਨੂੰ ਸਥਾਪਤ ਕੀਤਾ, ਜੋ ਨਿਰਵਿਘਨ ਤੇ ਨਿਰੰਤਰ ਅੱਜ ਵੀ ਜਾਰੀ ਹੈ। ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸ: ਸਰਬਜੀਤ ਸਿੰਘ ਧੁੰਦਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵਿਦੇਸ਼ਾਂ ਵਿਚਲੀਆਂ ਧਾਰਮਿਕ ਸਟੇਜਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਗੁਰਬਾਣੀ ਦੇ ਇਲਾਹੀ ਕੀਰਤਨ ਪ੍ਰਤੀ ਗੁੰਮਰਾਹਕੁੰਨ ਤੇ ਨਿੰਦਣਯੋਗ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਕਾਰਵਾਈ ਨੂੰ ਯੋਗ ਕਰਾਰ ਦਿੱਤਾ ਹੈ ਅਤੇ ਸ: ਧੂੰਦਾ ਨੂੰ ਕਿਹਾ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਮਿਸ਼ਨਰੀ ਕਾਲਜਾਂ ਦੇ ਪ੍ਰੋਫੈਸਰ ਅਖਵਾਉਣ ਵਾਲੇ ਅਜਿਹੇ ਅਖੌਤੀ ਪ੍ਰਚਾਰਕ ਸਿੱਖ ਇਤਿਹਾਸ, ਗੁਰੂ ਘਰ ਦੀਆਂ ਮਾਣਮੱਤੀਆਂ ਪਰੰਪਰਾਵਾਂ, ਰਹੁਰੀਤਾਂ ਤੇ ਮਰਿਯਾਦਾ 'ਤੇ ਕਿੰਤੂ-ਪ੍ਰੰਤੂ ਕਰਨ ਲੱਗ ਪੈਣ ਤਾਂ ਗੁਰਮਤਿ ਦੇ ਚੰਗੇ ਪ੍ਰਚਾਰ ਦੀ ਆਸ ਕਿਸ ਤੋਂ ਕੀਤੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਪ੍ਰੋ: ਧੂੰਦਾ ਵੱਲੋਂ ਕੁਝ ਅਖੌਤੀ ਤੇ ਪੰਥ ਵਿਰੋਧੀ ਤਾਕਤਾਂ ਦੇ ਹੱਥ ਚੜ੍ਹ ਕੇ ਅਜਿਹੀ ਭਾਵਨਾ ਤੇ ਗੈਰ ਜ਼ਿੰਮੇਵਾਰੀ ਵਾਲੀ ਕਥਾ ਕਰਕੇ ਸੰਗਤਾਂ ਵਿਚ ਭਰਮ-ਭੁਲੇਖੇ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਹੀ ਕੁਝ ਲੋਕ ਸਿੱਖੀ ਭੇਸ ਵਿਚ ਵਿਦੇਸ਼ਾਂ ਵਿਚ ਸਿੱਖ ਸਾਹਿਤ, ਸਿੱਖ ਦਰਸ਼ਨ, ਸਿੱਖ ਧਰਮ ਵਿਚ ਰੋਲ-ਘਚੋਲਾ ਪਾਉਣ ਲਈ ਸਾਜ਼ਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਕੂੜ ਪ੍ਰਚਾਰ ਵਿਚ ਗਲਤਾਨ ਹਨ। ਉਨ੍ਹਾਂ ਹੋਰ ਕਿਹਾ ਕਿ ਅਜਿਹੇ ਪੰਥ, ਕੌਮ ਦੋਖੀ ਪ੍ਰਚਾਰਕਾਂ ਨੂੰ 'ਗੁਰੂ ਘਰ' ਅਤੇ ਗੁਰਬਾਣੀ ਕੀਰਤਨ ਵਿਰੁੱਧ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਸਮੂਹ ਗੁਰੂ ਘਰ ਦੀਆਂ ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਟਕਸਾਲਾਂ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਵਿਅਕਤੀ, ਜੋ ਗੁਰੂ-ਘਰ ਵਿਰੁੱਧ ਪ੍ਰਚਾਰ ਕਰਦਾ ਹੈ ਨੂੰ ਧਾਰਮਿਕ ਸਟੇਜਾਂ 'ਤੇ ਬੁਲਾਉਣ ਤੋਂ ਗੁਰੇਜ਼ ਕਰਨ।
ਸਿਰਸਾ, 14 ਜਨਵਰੀ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਅੱਜ ਫਿਰ ਰਣਜੀਤ ਸਿੰਘ ਕਤਲ ਕਾਂਡ ਅਤੇ ਡੇਰੇ ਦੀ ਇਕ ਸਾਧਵੀ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਸੀ. ਬੀ. ਆਈ. ਦੇ ਪੰਚਕੂਲਾ ਵਿਖੇ ਸਥਿਤ ਵਿਸ਼ੇਸ਼ ਅਦਾਲਤ ਵਿੱਚ ਵੀਡਿਓ ਕਾਨਫਰੰਸਿੰਗ ਦੇ ਜਰੀਏ ਸਿਰਸਾ ਦੀ ਅਦਾਲਤ 'ਚ ਪੇਸ਼ ਹੋਕੇ ਪੇਸ਼ੀ ਭੁਗਤੀ। ਡੇਰਾ ਮੁਖੀ ਸਵੇਰੇ ਦਸ ਵਜੇ ਅਦਾਲਤ ਵਿੱਚ ਪੇਸ਼ ਹੋਏ ਜਿਥੇ ਉਹ ਅਦਾਲਤੀ ਕਾਰਵਾਈ ਪੂਰੀ ਹੋਣ ਤੱਕ ਰਹੇ। ਡੇਰਾ ਮੁਖੀ ਦੀ ਪੇਸ਼ੀ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਉਥੇ ਹੀ ਡੇਰੇ ਦੇ ਸ਼ਰਧਾਲੂ ਵੱਡੀ ਸੰਖਿਆ ਵਿੱਚ ਅਦਾਲਤ ਦੇ ਬਾਹਰ ਅਤੇ ਸੜਕਾਂ 'ਤੇ ਤਾਇਨਾਤ ਰਹੇ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਤੋਂ ਇਲਾਵਾ ਡੇਰੇ ਦੇ ਇਕ ਸਾਬਕਾ ਸ਼ਰਧਾਲੂ ਰਣਜੀਤ ਸਿੰਘ ਕਤਲ ਕਾਂਡ ਅਤੇ ਡੇਰੇ ਦੀ ਹੀ ਇਕ ਸਾਬਕਾ ਸਾਧਵੀ ਦੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਸਬੰਧੀ ਸੀ. ਬੀ. ਆਈ. ਨੇ ਆਪਣੀ ਜਾਂਚ ਉਪਰੰਤ ਅਦਾਲਤ ਵਿਚ ਡੇਰਾ ਮੁਖੀ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਿਸ ਦੀਆਂ ਹੁਣ ਸੀ. ਬੀ. ਆਈ. ਦੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀਆਂ ਭੁਗਤ ਰਹੇ ਹਨ। ਇਹ ਪੇਸ਼ੀਆਂ ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਿਰਸਾ ਦੀ ਅਦਾਲਤ ਵਿੱਚ ਬਣੇ ਇਕ ਵਿਸ਼ੇਸ਼ ਵੀਡਿਓ ਕਾਨਫਰੰਸਿੰਗ ਰੂਮ ਦੇ ਜਰੀਏ ਭੁਗਤੀਆਂ ਜਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾ ਦੋਵਾਂ ਮਾਮਲਿਆਂ ਦੀ ਅਗਲੀ ਸੁਣਵਾਈ ਦੀ ਤਰੀਕ 4 ਫਰਵਰੀ ਦੀ ਤੈਅ ਕੀਤੀ ਗਈ ਹੈ।
ਜੰਮੂ, 14 ਜਨਵਰੀ -ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਘਰ ਨੂੰ ਅੱਗ ਲੱਗਣ ਨਾਲ ਇਕ ਨਾਬਾਲਗ ਲੜਕੀ ਸਮੇਤ 4 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਮੇਲ ਸਿੰਘ ਨਾਂਅ ਦੇ ਇਕ ਵਿਅਕਤੀ ਦੇ ਘਰ ਅੱਜ ਤੜਕੇ ਅੱਗ ਲੱਗੀ। ਮ੍ਰਿਤਕਾਂ ਦੀ ਪਛਾਣ ਚਮੇਲ ਸਿੰਘ (30), ਸੁਨੀਤਾ (25), ਮਹੇਂਦਰ ਸਿੰਘ (24) ਅਤੇ ਸ਼ਰਮਾਲੀ (6) ਦੇ ਤੌਰ 'ਤੇ ਕੀਤੀ ਗਈ ਹੈ।
ਸਾਗਰ ਟਾਪੂ (ਪੱਛਮੀ ਬੰਗਾਲ), 14 ਜਨਵਰੀ- ਅੱਜ ਮਕਰ ਸਕਰਾਂਤੀ ਮੌਕੇ ਬੰਗਾਲ ਦੀ ਖਾੜੀ ਅਤੇ ਗੰਗਾ 'ਚ ਡੁਬਕੀ ਲਗਾਉਂਦਿਆਂ ਦਿਲ ਦਾ ਦੌਰਾ ਪੈਣ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 147 ਬੀਮਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਵਿਖੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਸ਼ਰਧਾਲੂ ਰੱਬ ਨੂੰ ਪਿਆਰਾ ਹੋ ਗਿਆ। ਅੱਜ ਦੇ ਦਿਨ ਪਵਿੱਤਰ ਇਸ਼ਨਾਨ ਕਰਨ ਵਾਲਿਆਂ 'ਚ ਭਾਜਪਾ ਨੇਤਾ ਜਸਵੰਤ ਸਿੰਘ ਅਤੇ ਓਮਾ ਭਾਰਤੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜ ਸੀ. ਕੇ. ਪ੍ਰਸਾਦ ਵੀ ਸ਼ਾਮਿਲ ਹਨ।
ਚੰਡੀਗੜ੍ਹ, 14 ਜਨਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਖ਼ਿਲਾਫ਼ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਵਾਲੇ ਸਾਰੇ ਪਾਰਟੀ ਆਗੂਆਂ ਨੂੰ ਪਾਰਟੀ ਦੇ ਹਿੱਤ 'ਚ ਨਾਂਅ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਨ ਕਿਉਂਕਿ ਹਰ ਕੋਈ ਕਾਂਗਰਸ ਸਰਕਾਰ ਦਾ ਹਿੱਸਾ ਬਣਨ ਦੀ ਚਾਹਤ ਰੱਖਦਾ ਹੈ। ਪਰ ਉਨ੍ਹਾਂ ਨੂੰ ਇਸ ਸੱਚਾਈ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸੂਬੇ 'ਚ ਸਿਰਫ 117 ਵਿਧਾਨ ਸਭਾ ਸੀਟਾਂ ਹਨ, ਜਦਕਿ ਇਨ੍ਹਾਂ ਦੇ ਲਈ ਟਿਕਟ ਮੰਗਣ ਵਾਲਿਆਂ ਦੀਆਂ 1500 ਅਰਜ਼ੀਆਂ ਸਨ। ਅਜਿਹੇ 'ਚ ਕਈ ਯੋਗ ਬਿਨੈਕਾਰਾਂ ਦਾ ਰਹਿ ਜਾਣਾ ਸੁਭਾਵਿਕ ਹੈ ਕਿਉਂਕਿ ਪਾਰਟੀ ਇਕ ਸੀਟ 'ਤੇ ਇਕ ਉਮੀਦਵਾਰ ਨੂੰ ਹੀ ਖੜ੍ਹਾ ਕਰ ਸਕਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਸਾਰਿਆਂ ਆਗੂਆਂ ਦੀ ਸਥਿਤੀ ਤੋਂ ਜਾਣੂ ਹਨ ਅਤੇ ਉਨ੍ਹਾਂ ਦਾ ਸਨਮਾਨ ਵੀ ਕਰਦੇ ਹਨ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਅੱਤਿਆਚਾਰ ਤੇ ਹਮਲਿਆਂ ਨੂੰ ਸਹਿਣ ਕੀਤਾ ਹੈ ਅਤੇ ਹਰੇਕ ਮੁਸ਼ਕਿਲ ਘੜੀ 'ਚ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ, ਚਾਹੇ ਇਸ ਲਈ ਉਨ੍ਹਾਂ ਨੂੰ ਆਪਣਾ ਸਭ ਕੁਝ ਵੀ ਕੁਰਬਾਨ ਕਿਉਂ ਨਾ ਕਰਨਾ ਪਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੋਂ ਟਿਕਟ ਨਾ ਪਾ ਕੇ ਵਿਰੋਧ ਵਿੱਚ ਨਾਮਜ਼ਦਗੀ ਦੇ ਕਾਗਜ਼ ਭਰਨ ਵਾਲੇ ਕਾਂਗਰਸੀ ਸਿਰਫ ਤੇ ਸਿਰਫ ਪਾਰਟੀ ਦੇ ਹਿੱਤ ਨੂੰ ਨੁਕਸਾਨ ਪਹੁੰਚਾਉਣਗੇ। ਉਨ੍ਹਾਂ ਕਿਹਾ ਹੈ ਕਿ ਸਾਰੇ ਪਾਰਟੀ ਮੈਂਬਰਾਂ ਦਾ ਫਰਜ ਹੈ ਕਿ ਉਹ ਇਕਜੁੱਟਤਾ ਨਾਲ ਕੰਮ ਕਰਨ ਅਤੇ ਚੋਣਾਂ 'ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ। ਉਥੇ ਹੀ, ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇਕਰ ਉਹ ਆਪਣੀ ਨਾਮਜ਼ਦਗੀ ਵਾਪਿਸ ਨਹੀਂ ਲੈਂਦੇ, ਤਾਂ ਪਾਰਟੀ ਨੂੰ ਉਨ੍ਹਾਂ ਸਰਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਪਵੇਗੀ।
ਇਸਲਾਮਾਬਾਦ, 14 ਜਨਵਰੀ -ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਬਿਆਨ ਫੁੱਟ ਪਾਉਣ ਵਾਲਾ ਹੈ ਤੇ ਇਸ ਬਿਆਨ ਨੂੰ ਲੈ ਕੇ ਫੌਜ ਦੇ ਮੁੱਖੀ ਗੁੱਸੇ ਵਿਚ ਹਨ। ਫੌਜ ਦੇ ਇਕ ਉੱਚ ਪੱਧਰੀ ਸੂਤਰ ਨੇ ਦੱਸਿਆ ਕਿ ਜਨਰਲ ਕਿਆਨੀ ਨੇ ਇਸ ਸਬੰਧੀ ਰਾਸ਼ਟਰਪਤੀ ਜ਼ਰਦਾਰੀ ਕੋਲ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਾਂ ਤਾਂ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦੇਣ ਜਾਂ ਇਸ ਨੂੰ ਵਾਪਿਸ ਲੈ ਲੈਣ। ਇਸੇ ਦੌਰਾਨ ਗਿਲਾਨੀ ਨੇ ਸਰਕਾਰ ਅਤੇ ਫ਼ੌਜ ਵਿਚਕਾਰ ਚੱਲ ਰਹੇ ਅੜਿੱਕੇ ਨੂੰ ਦੂਰ ਕਰਨ ਦੇ ਯਤਨ ਵਜੋਂ ਅੱਜ ਰਾਤ ਕਿਹਾ ਕਿ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਆਪਣਾ ਬਣਦਾ ਰੋਲ ਨਿਭਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ੍ਰੀ ਗਿਲਾਨੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇਸ਼ ਦੀ ਤਾਕਤ ਦਾ ਥੰਮ ਹਨ ਅਤੇ ਉਨ੍ਹਾਂ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਮੀਟਿੰਗ ਵਿਚ ਸੈਨਾ ਮੁਖੀ ਅਸ਼ਫਾਕ ਪ੍ਰਵੇਜ਼ ਕਿਆਨੀ ਪ੍ਰਧਾਨ ਮੰਤਰੀ ਦੇ ਨਾਲ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਇਹ ਨੀਤੀ ਹੈ ਕਿ ਲੋਕ ਹਿਤ ਵਿਚ ਹਰੇਕ ਸੰਸਥਾ ਨੂੰ ਆਪਣਾ ਬਣਦਾ ਰੋਲ ਨਿਭਾਉਣ ਦੀ ਇਜਾਜ਼ਤ ਦਿੱਤੀ ਜਾਵੇ। ਮੀਟਿੰਗ ਵਿਚ ਮੰਤਰੀ ਮੰਡਲ ਦੇ ਮੈਂਬਰ ਅਤੇ ਕਿਆਨੀ ਸਮੇਤ ਸੈਨਾ ਦੇ ਉੱਚ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਸੈਨਾ ਮੁਖੀ ਅਸ਼ਫਾਕ ਪ੍ਰਵੇਜ਼ ਕਿਆਨੀ ਵਿਚਕਾਰ ਮੀਟਿੰਗ ਹੋਈ।
ਜ਼ਰਦਾਰੀ ਤੇ ਕਿਆਨੀ ਵਿਚਕਾਰ ਮੀਟਿੰਗ
ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਅੱਜ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਸਰਕਾਰ ਅਤੇ ਸ਼ਕਤੀਸ਼ਾਲੀ ਸਰਕਾਰ ਵਿਚਕਾਰ ਚੱਲ ਰਹੇ ਅੜਿੱਕੇ ਨੂੰ ਖਤਮ ਕਰਨ ਦਾ ਯਤਨ ਹੋ ਸਕਦਾ ਹੈ। ਮੈਮੋਰੰਡਮ ਘਟਨਾ ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ ਸੀ ਪਿੱਛੋਂ ਜ਼ਰਦਾਰੀ ਅਤੇ ਕਿਆਨੀ ਵਿਚਕਾਰ ਇਹ ਪਹਿਲੀ ਮੀਟਿੰਗ ਹੈ ਜਿਹੜੀ ਲਗਪਗ ਇਕ ਘੰਟਾ ਚੱਲੀ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਪ੍ਰਧਾਨਗੀ ਹੇਠ ਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਹੋਈ ਮੀਟਿੰਗ 'ਚ ਕਿਸ ਮੁੱਦੇ 'ਤੇ ਚਰਚਾ ਹੋਈ ਇਸ ਬਾਰੇ ਸਰਕਾਰੀ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਟੈਲੀਵੀਜ਼ਨ ਚੈਨਲ ਰਾਸ਼ਟਰਪਤੀ ਜ਼ਰਦਾਰੀ ਦੇ ਕਿਆਨੀ ਨਾਲ ਮੁਸਕਰਾਉਂਦੇ ਹੋਇਆਂ ਦੀਆਂ ਤਸਵੀਰਾਂ ਦਿਖਾਉਂਦੇ ਰਹੇ ਜਿਸ ਨੇ ਆਪਣੀ ਪਛਾਣ ਸੈਨਿਕ ਵਰਦੀ ਦੀ ਥਾਂ ਕਾਲੇ ਰੰਗ ਦਾ ਸੂਟ ਪਹਿਨਿਆਂ ਹੋਇਆ ਸੀ। ਸੈਨਾ ਮੁਖੀ ਨੇ ਇਸ ਤੋਂ ਪਹਿਲਾਂ 16 ਦਸੰਬਰ ਨੂੰ ਜ਼ਰਦਾਰੀ ਨਾਲ ਟੈਲੀਫੋਨ 'ਤੇ ਮੁਲਾਕਾਤ ਕੀਤੀ ਸੀ ਜਦੋਂ ਕਿਆਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਮਿਲੇ ਸਨ। ਜ਼ਰਦਾਰੀ ਉਸ ਸਮੇਂ ਆਪਣਾ ਇਲਾਜ ਕਰਵਾਉਣ ਲਈ ਦੁਬਈ ਗਏ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਜ਼ਰਦਾਰੀ ਤੇ ਕਿਆਨੀ ਵਿਚਕਾਰ ਮੀਟਿੰਗ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਚਲੇ ਨੇਤਾਵਾਂ ਅਤੇ ਵਿਦੇਸ਼ੀ ਕੂਟਨੀਤਕਾਂ ਨੇ ਮੁੱਖ ਰੋਲ ਨਿਭਾਇਆ ਹੈ।
ਨਵੀਂ ਦਿੱਲੀ, 14 ਜਨਵਰੀ -ਤਨਖਾਹਾਂ ਅਤੇ ਭੱਤਿਆਂ ਦੇ ਬਕਾਏ ਸਬੰਧੀ ਹੜਤਾਲ 'ਤੇ ਗਏ ਏਅਰ ਇੰਡੀਆ ਦੇ ਪਾਇਲਟਾਂ ਨੇ ਸਰਕਾਰੀ ਭਰੋਸੇ ਦੇ ਬਾਅਦ ਅੱਜ ਰਾਤ ਆਪਣੀ ਹੜਤਾਲ ਖਤਮ ਕਰ ਦਿੱਤੀ। ਸਰਕਾਰ ਨੇ ਉਨ੍ਹਾਂ ਨੂੰ ਮਾਰਚ ਤੋਂ ਪਹਿਲਾਂ ਬਕਾਏ ਦਾ ਭੁਗਤਾਨ ਕਰਨ ਬਾਰੇ ਭਰੋਸਾ ਦਿੱਤਾ ਹੈ। 'ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ' (ਆਈ. ਸੀ. ਪੀ. ਏ.) ਦੇ ਪ੍ਰਧਾਨ ਏ. ਐਸ. ਬਿੰਦਰਾ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਬਕਾਇਆ ਰਾਸ਼ੀ ਦੇ ਕੁਝ ਹਿੱਸੇ ਦਾ ਭੁਗਤਾਨ 20 ਜਨਵਰੀ ਤੋਂ ਪਹਿਲਾਂ ਅਤੇ ਕੁਝ ਬਕਾਏ ਦਾ ਭੁਗਤਾਨ 20 ਫਰਵਰੀ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ ਅਤੇ ਮਾਰਚ ਤੋਂ ਪਹਿਲਾਂ ਉਨ੍ਹਾਂ ਨੂੰ ਸਾਰੇ ਬਕਾਏ ਅਦਾ ਕਰ ਦਿੱਤੇ ਜਾਣਗੇ। ਇਸ ਭਰੋਸੇ ਦੇ ਬਾਅਦ ਪਾਇਲਟ ਆਪਣੀਆਂ ਡਿਊਟੀਆਂ 'ਤੇ ਵਾਪਿਸ ਪਰਤ ਆਏ ਹਨ। ਆਈ. ਸੀ. ਪੀ. ਏ. ਦੇ ਪ੍ਰਧਾਨ ਏ. ਐਸ. ਬਿੰਦਰਾ ਅਤੇ ਜਨਰਲ ਸਕੱਤਰ ਰਿਸ਼ਭ ਕਪੂਰ ਨੇ ਏਅਰ ਇੰਡੀਆ ਦੇ ਸੀ. ਐਮ. ਡੀ. ਰੋਹਿਤ ਨੰਦਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਦੇਰ ਰਾਤ ਤੱਕ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਇਲਟਾਂ ਸਮੇਤ ਹੋਰਨਾਂ ਮੁਲਾਜ਼ਮਾਂ ਦੀ ਨਵੰਬਰ ਅਤੇ ਦਸੰਬਰ ਮਹੀਨਿਆਂ ਦੀ ਤਨਖ਼ਾਹ ਅਤੇ ਅਗਸਤ ਤੋਂ ਦਸੰਬਰ ਤੱਕ ਦੇ ਉਡਾਣ ਭੱਤਿਆਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ, ਜੋ ਉਨ੍ਹਾਂ ਦੀ ਤਨਖਾਹ ਦਾ 80 ਫੀਸਦੀ ਹੈ। ਇਸ ਤੋਂ ਪਹਿਲਾਂ ਹੜਤਾਲ ਕਾਰਨ 14 ਉਡਾਣਾਂ ਰੱਦ ਕਰਨੀਆਂ ਪਈਆਂ ਹਨ ਜਦਕਿ ਸਰਕਾਰ ਦਾ ਕਹਿਣਾ ਕਿ ਉਹ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀ ਹੈ। ਕੌਮੀ ਰਾਜਧਾਨੀ ਵਿਚ 22 ਪਾਇਲਟਾਂ ਵਲੋਂ ਬਿਮਾਰੀ ਦੀ ਛੁੱਟੀ ਲੈਣ ਕਾਰਨ ਦਿੱਲੀ ਤੋਂ ਨਾਗਪੁਰ, ਅਹਿਮਦਾਬਾਦ, ਚੇਨਈ. ਲੇਹ, ਬੰਗਲੌਰ, ਬਗਡੋਗਰਾ, ਅੰਮ੍ਰਿਤਸਰ ਅਤੇ ਕੋਲਕਾਤਾ ਨੂੰ ਜਾਣ ਵਾਲੀਆਂ 8 ਉਡਾਣਾਂ ਰੱਦ ਕਰ ਦਿੱਤੀਆਂ ਹਨ ਜਦਕਿ ਮੁੰਬਈ ਤੋਂ ਆਉਣ ਵਾਲੀਆਂ 7 ਉਡਾਣਾਂ ਅੰਦੋਲਨ ਕਾਰਨ ਰੱਦ ਕੀਤੀਆਂ ਗਈਆਂ ਹਨ।
ਚੰਡੀਗੜ੍ਹ, 14 ਚੋਣ ਮੁਹਿੰਮ ਦੌਰਾਨ ਪ੍ਰਚਾਰ ਵਾਸਤੇ ਸਮੇਂ ਦੀ ਵੰਡ ਲਈ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਪ੍ਰਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਅਾ ਦੇ ਪ੍ਰਤੀਨਿਧੀਆਂ ਸਮੇਤ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਦੀ ਅੱਜ ਮੀਟਿੰਗ ਬੁਲਾਈ ਹੈ। ਚੋਣ ਅਧਿਕਾਰੀ ਦੇ ਬੁਲਾਰੇ ਨੇ ਇਥੇ ਦੱਸਿਆ ਕਿ ਇਹ ਮੀਟਿੰਗ ਸ਼ਾਮ ਦੇ ਤਿੰਨ ਵਜੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਹੋਵੇਗੀ।