Wednesday, 19 December 2012

ਬਲਾਤਕਾਰ ਵਰਗੇ ਅਪਰਾਧ ਬਰਦਾਸ਼ਤ ਨਹੀਂ ਕਰਾਂਗੇ- ਮਨਮੋਹਨ

ਬਲਾਤਕਾਰ ਵਰਗੇ ਅਪਰਾਧ ਬਰਦਾਸ਼ਤ ਨਹੀਂ ਕਰਾਂਗੇ- ਮਨਮੋਹਨ
ਨਵੀਂ ਦਿੱਲੀ— ਐਤਵਾਰ ਦੀ ਰਾਤ ਨੂੰ ਦਿੱਲੀ 'ਚ ਇਕ ਚੱਲਦੀ ਬਸ 'ਚ ਲੜਕੀ ਨਾਲ ਕੀਤੇ ਗਏ ਸਮੂਹਕ ਬਲਾਤਕਾਰ ਦੇ ਘਿਨਾਉਣੇ ਕਾਂਡ 'ਤੇ ਸਖਤ ਰੁਖ ਅਖਤਿਆਰ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।
ਪ੍ਰਧਾਨਮੰਤਰੀ ਨੇ ਇਹ ਭਰੋਸਾ ਉਨ੍ਹਾਂ ਨੂੰ ਮਿਲਣ ਆਈਆਂ ਮਹਿਲਾ ਸੰਸਦੀ ਮੈਂਬਰਾਂ ਨਾਲ ਗੱਲਬਾਤ 'ਚ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ਲਈ ਹਰ ਜ਼ਰੂਰੀ ਕਦਮ ਚੁੱਕੇਗੀ ਅਤੇ ਦੇਸ਼ ਭਰ 'ਚ ਅਜਿਹੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੇ ਮਾਮਲੇ 'ਚ ਸਖਤ ਰਵੱਈਆਂ ਅਪਣਾਇਆ ਜਾਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਸੰਸਦ ਮੈਂਬਰਾਂ ਨੇ ਦਿੱਲੀ 'ਚ ਵਾਪਰੀ ਇਸ ਦਰਦਨਾਕ ਘਟਨਾ 'ਤੇ ਆਪਣਾ ਜ਼ੋਰਦਾਰ ਗੁੱਸਾ ਪ੍ਰਧਾਨ ਮੰਤਰੀ ਸਾਹਮਣੇ ਪ੍ਰਗਟ ਕੀਤਾ। ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਨਾਲ ਸਹਿਮਤੀ ਪ੍ਰਗਟ ਕੀਤੀ।

ਵਿਧਾਨ ਸਭਾ 'ਚ ਖੌਰੂ ਪਾਉਣ 'ਤੇ ਕਾਂਗਰਸੀ ਵਿਧਾਇਕ ਬਰਖਾਸਤ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ 'ਚ ਸਰਕਾਰ ਅਤੇ ਵਿਰੋਧੀ ਧਿਰ ਦੀ ਬਹਿਸ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਇਕ ਕਾਂਗਰਸੀ ਵਿਧਾਇਕ ਨੂੰ ਸਦਨ ਤੋਂ ਬਰਖਾਸਤ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਸਦਨ 'ਚ ਮਾਹੌਲ ਉਦੋਂ ਗਰਮਾ ਗਿਆ ਜਦੋਂ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਹਿਸ 'ਚ ਹਿੱਸਾ ਲੈਂਦਿਆ ਪੰਜਾਬ ਤੋਂ ਬਾਹਰ ਕਾਂਗਰਸੀ ਆਗੂਆਂ ਦੇ ਅਪਰਾਧਿਕ ਮਾਮਲਿਆਂ ਬਾਰੇ ਜ਼ਿਕਰ ਕੀਤਾ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਲੋਂ ਪੰਜਾਬ 'ਚ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ, ਜਿਸ 'ਤੇ ਸਪੀਕਰ ਨੇ ਇਤਰਾਜ ਜਤਾਇਆ। ਮਜੀਠੀਆ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੋਢੀ ਨੇ ਚੱਡਾ ਭਰਾਵਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਸੁਖਦੇਵ ਸਿੰਘ ਨਾਮਧਾਰੀ ਦੀ ਮਦਦ ਲਈ ਕਪੂਰਥਲਾ ਵਿਖੇ ਇਕ ਹੀ ਘਰ 'ਏਕਤਾ ਭਵਨ' ਦੇ ਪਤੇ 'ਤੇ 20 ਹਥਿਆਰਾਂ ਦੇ  ਲਾਇਸੰਸ ਬਣਵਾਏ। ਉਨ੍ਹਾਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ 'ਤੇ ਚਲ ਰਹੇ ਕਤਲ ਕੇਸ ਬਾਰੇ ਵੀ ਗੱਲ ਕੀਤੀ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਹੈਨਰੀ ਬਾਰੇ ਕਿਹਾ ਕਿ ਉਹ ਭਾਰਤ ਦਾ ਨਾਗਰਿਕ ਹੀ ਨਹੀਂ ਹੈ। ਇਸ ਤੋਂ ਬਾਅਦ ਵਿਧਾਇਕ ਸੋਢੀ ਨੇ ਮਜੀਠੀਆ ਨੂੰ ਉਸ 'ਤੇ ਲਗਾਏ ਦੋਸ਼ ਸੰਬੰਧੀ ਸਫਾਈ ਦੇਣ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ 'ਚ ਸ਼ਬਦਾਂ ਦੀ ਜੰਗ ਛਿੜ ਗਈ। ਇਸ ਮੌਕੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਰੋਕ ਦਿੱਤੀ।
ਦੁਬਾਰਾ ਕਾਰਵਾਈ ਸ਼ੁਰੂ ਹੋਣ 'ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦਾ ਪੱਖ ਲੈਂਦੇ ਹੋਏ ਕਿਹਾ ਕਿ ਰਾਣਾ  ਨੂੰ ਸਦਨ 'ਚ ਭੱਦੀ ਸ਼ਬਦਵਲੀ ਵਰਤਣ 'ਤੇ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਜਾਂ ਕਾਂਗਰਸ ਮੁਆਫੀ ਮੰਗੇ ਨਹੀਂ ਤਾਂ ਰਾਣਾ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਪਰ ਕਾਂਗਰਸ ਵਲੋਂ ਕੋਈ ਜਵਾਬ ਨਾ ਮਿਲਣ 'ਤੇ ਰਾਣਾ ਨੂੰ ਸ਼ੁੱਕਰਵਾਰ ਤੱਕ ਸਦਨ ਤੋਂ ਬਰਖਾਸਤ ਕਰ ਦਿੱਤਾ ਗਿਆ।

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਡੁੱਬੇ ਵਿਅਕਤੀ ਦੀ ਲਾਸ਼ ਮਿਲੀ

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਡੁੱਬੇ ਵਿਅਕਤੀ ਦੀ ਲਾਸ਼ ਮਿਲੀ
ਅੰਮ੍ਰਿਤਸਰ— ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਡੁੱਬੇ ਵਿਅਕਤੀ ਦੀ ਲਾਸ਼ 4 ਦਿਨਾਂ ਬਾਅਦ ਬੁੱਧਵਾਰ ਨੂੰ ਮਿਲ ਗਈ। ਇਹ ਅਗਿਆਤ ਵਿਅਕਤੀ 15 ਦਸੰਬਰ ਨੂੰ ਪਵਿੱਤਰ ਸਰੋਵਰ 'ਚ ਡੁੱਬ ਗਿਆ ਸੀ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਲਾਸ਼ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਭਾਖੜਾ ਡੈਮ ਅਤੇ ਰੋਪੜ ਤੋਂ ਗੋਤਾਖੋਰ ਬੁਲਾਏ ਸਨ। ਇਹ ਗੋਤਾਖੋਰ ਪਿਛਲੇ 4 ਦਿਨਾਂ ਤੋਂ ਲਾਸ਼ ਲੱਭਣ ਲਈ ਜ਼ੋਰਦਾਰ ਯਤਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਬੁੱਧਵਾਰ ਨੂੰ ਸਫਲਤਾ ਮਿਲੀ ਜਦੋਂ ਗੋਤਾਖੋਰਾ ਨੇ ਉਕਤ ਲਾਸ਼ ਲੱਭ ਲਈ। ਉਨ੍ਹਾਂ ਕਿਹਾ ਕਿ ਡੁੱਬਣ ਵਾਲਾ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੱਗਦਾ ਸੀ। ਅਜਿਹਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਹੈ। ਇਨ੍ਹਾਂ ਕੈਮਰਿਆਂ ਤੋਂ ਹੀ ਇਹ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਖੁਦ ਹੀ ਸਰੋਵਰ 'ਚ ਛਾਲ ਮਾਰੀ ਸੀ।
ਸ. ਦਿਲਮੇਘ ਸਿੰਘ ਨੇ ਕਿਹਾ ਕਿ ਲਾਸ਼ ਕੱਢਣ ਤੋਂ ਬਾਅਦ ਪਵਿੱਤਰ ਸਰੋਵਰ ਦੇ ਜਲ ਨੂੰ ਹੌਲੀ-ਹੌਲੀ ਕੱਢਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਇਸ ਸਰੋਵਰ ਨੂੰ ਫਿਰ ਸਵੱਛ ਜਲ ਨਾਲ ਭਰ ਦਿੱਤਾ ਜਾਵੇਗਾ।

ਹੁਣ ਅਕਾਲੀ ਆਗੂ ਦੇ ਪੁੱਤਰ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲੀਆਂਹੁਣ ਅਕਾਲੀ ਆਗੂ ਦੇ ਪੁੱਤਰ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲੀਆਂ (ਵੀਡੀਓ ਵੀ ਦੇਖੋ)

ਭਾਦਸੋਂ— ਸ਼ਹਿਰ ਦੇ ਮੇਨ ਬਜ਼ਾਰ 'ਚ ਮੰਗਲਵਾਰ ਨੂੰ ਉੁਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਅਕਾਲੀ ਆਗੂ ਦੇ ਪੁੱਤਰ ਨੇ ਸ਼ਰੇਆਮ ਆਪਣੇ ਰਿਵਾਲਵਰ ਨਾਲ ਇਕ ਨੌਜਵਾਨ ਨੂੰ ਗੋਲੀਆਂ ਨਾਲ ਛੱਲਣੀ ਕਰ ਦਿੱਤਾ। ਗੰਭੀਰ ਜ਼ਖ਼ਮੀ ਨੌਜਵਾਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਭੰਗੂ ਪੁੱਤਰ ਜਰਨੈਲ ਸਿੰਘ ਭੰਗੂ ਨੇ ਭਾਦਸੋਂ ਦੇ ਹੀ ਇਕ ਨੌਜਵਾਨ ਹਰਫੂਲ ਪਾਠਕ 'ਤੇ ਗੋਲੀ ਚਲਾ ਦਿੱਤੀ। ਨੌਜਵਾਨ ਦੀ ਖੱਬੀ ਬਾਂਹ ਅਤੇ ਲੱਤ 'ਚ ਗੋਲੀ ਲੱਗਣ ਪਿੱਛੋਂ ਉਸ ਨੂੰ ਮੁੱਢਲੇ ਸਿਹਤ ਕੇਂਦਰ ਭਾਦਸੋਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮੌਕੇ 'ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਇਕ ਹਵਾਈ ਫਾਇਰ ਵੀ ਕੀਤਾ।
ਗੋਲੀ ਦੀ ਵਾਰਦਾਤ ਬਾਰੇ ਪਤਾ ਲੱਗਦਿਆਂ ਹੀ ਡੀ. ਐੱਸ. ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਅਤੇ ਥਾਣਾ ਭਾਦਸੋਂ ਦੇ ਮੁੱਖੀ ਭੁਪਿੰਦਰ ਸਿੰਘ, ਏ.ਐੱਸ.ਆਈ ਲਖਵੀਰ ਸਿੰਘ ਅਤੇ ਜਸਪਾਲ ਸਿੰਘ ਸਮੇਤ ਥਾਣੇ ਦੇ ਮੁਲਾਜਮ ਪਹੁੰਚੇ। ਘਟਨਾਂ ਵਾਲੇ ਸਥਾਨ ਤੋਂ ਰਿਵਾਲਵਰ ਦਾ ਕਾਰਤੂਸ ਮਿਲਿਆ। ਇਸ ਮੌਕੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਹਮਲਾਵਰ ਨੇ ਬੜੀ ਹੀ ਬੇਦਰਦੀ ਨਾਲ ਨੌਜਵਾਨ 'ਤੇ ਗੋਲੀ ਚਲਾਈ ਅਤੇ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਜਖਮੀ ਨੌਜਵਾਨ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਸੂਤਰਾਂ ਅਨੁਸਾਰ ਹਮਲਾਵਰ ਨੌਜਵਾਨ ਅਤੇ ਇਕ ਹੋਰ ਨੌਜਵਾਨ ਚਿੱਟੇ ਰੰਗ ਦੀ ਗੱਡੀ 'ਚ ਸਵਾਰ ਹੋ ਕੇ ਆਏ ਸਨ ਅਤੇ ਜਖਮੀ ਨੌਜਵਾਨ ਦੇ ਘਰ ਦੇ ਸਾਹਮਣੇ ਹੀ ਉਸ 'ਤੇ ਗੋਲੀ ਚਲਾ ਦਿੱਤੀ ਸੀ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ  ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸੰਬੰਧੀ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।

ਨਿਊਜ਼ੀਲੈਂਡ 'ਚ ਪੰਜਾਬੀ ਸਣੇ 3 ਭਾਰਤੀਆਂ ਦੀ ਮੌਤ

ਆਕਲੈਂਡ— ਇੱਥੇ ਰਹਿੰਦੇ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖਬਰ ਮਿਲੀ ਹੈ, ਜਦੋਂਕਿ 2 ਹੋਰ ਭਾਰਤੀਆਂ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 23 ਸਾਲਾ ਅਮਰਿੰਦਰ ਸਿੰਘ ਮਾਨ ਦੀ ਲਾਸ਼ ਮੰਗਲਵਾਰ ਸਵੇਰੇ ਉਸ ਦੇ ਘਰ ਨੇੜੀਓ ਮਿਲੀ। ਉਹ ਕੁਝ ਸਮੇਂ ਤੋਂ ਯੈਸਟਰ ਅਪਾਰਟਮੇਂਟ 'ਚ ਰਹਿੰਦਾ ਸੀ। ਮ੍ਰਿਤਕ ਦੀ ਜਾਣ-ਪਛਾਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਇਸ ਸਾਲ ਜੁਲਾਈ ਮਹੀਨੇ 'ਚ ਪੰਜਾਬ ਦੇ ਫਤਿਹਗੜ੍ਹ ਜ਼ਿਲੇ ਦੇ ਪਿੰਡ ਅਮਰਾਲਾ ਤੋਂ ਨਿਊਜ਼ੀਲੈਂਡ 'ਚ ਬਿਜਨੈੱਸ ਦੀ ਪੜਾਈ ਕਰਨ ਲਈ ਆਇਆ ਸੀ। ਉਹ ਕੁਈਨ ਅਕੈਡਮੀ ਦਾ ਵਿਦਿਆਰਥੀ ਸੀ। ਅਮਰਿੰਦਰ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਪੰਜਾਬ ਰਹਿੰਦੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸ ਦੌਰਾਨ ਭਾਰਤ ਤੋਂ ਸੈਰ ਕਰਨ ਲਈ ਆਏ 2 ਵਿਅਕਤੀ ਟੋਕੋਰੋਆ ਸ਼ਹਿਰ ਨੇੜੇ ਹਾਈ-ਵੇਅ 'ਤੇ ਵਾਪਰੇ ਇਕ ਹਾਦਸੇ 'ਚ ਮੌਤ ਦੇ ਸ਼ਿਕਾਰ ਹੋ ਗਏ। ਇਹ ਹਾਦਸਾ ਇਕ ਕਾਰ ਅਤੇ ਟਰੱਕ ਦਰਮਿਆਨ ਵਾਪਰਿਆ ਸੀ। ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਆਕਲੈਂਡ ਦੀ ਪੁਲਸ ਵਲੋਂ ਇਸ ਸੰਬੰਧ 'ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਬਲਾਤਕਾਰ ਪੀੜਤ ਲੜਕੀ ਨੇ ਕਿਹਾ- 'ਮੈਂ ਜਿਉਣਾ ਚਾਹੁੰਦੀ ਹਾਂ ਮਾਂ'

ਬਲਾਤਕਾਰ ਪੀੜਤ ਲੜਕੀ ਨੇ ਕਿਹਾ- 'ਮੈਂ ਜਿਉਣਾ ਚਾਹੁੰਦੀ ਹਾਂ ਮਾਂ'
ਨਵੀਂ ਦਿੱਲੀ- ਦਿੱਲੀ 'ਚ ਐਤਵਾਰ ਰਾਤ ਚੱਲਦੀ ਬੱਸ 'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ 23 ਸਾਲਾ ਪੈਰਾ ਮੈਡੀਕਲ ਵਿਦਿਆਰਥਣ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਮਵਾਰ ਨੂੰ ਹਸਪਤਾਲ 'ਚ ਭਰਤੀ ਹੋਈ ਪੀੜਤ ਵਿਦਿਆਰਥਣ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ ਪਰ ਇਸ ਦੌਰਾਨ ਹਿੰਮਤ ਦਿਖਾ ਕੇ ਲੜਕੀ ਨੇ ਆਪਣੀ ਮਾਂ ਨੂੰ ਇਕ ਸੰਦੇਸ਼ ਲਿਖਿਆ।
ਪੀੜਤਾ ਨੇ ਆਪਣੀ ਮਾਂ ਨੂੰ ਸੰਦੇਸ਼ ਲਿਖਿਆ ਅਤੇ ਇਸ ਸੰਦੇਸ਼ ਨਾਲ ਸਾਡੇ ਸਮਾਜ ਦਾ ਇਕ ਕੌੜਾ ਸੱਚ ਸਾਹਮਣੇ ਆ ਗਿਆ ਹੈ। ਸੰਦੇਸ਼ 'ਚ ਉਸ ਨੇ ਕਿਹਾ ਕਿ ਮੈਂ ਜਿਉਣਾ ਚਾਹੁੰਦੀ ਹਾਂ ਮਾਂ...। ਉਸ ਰਾਤ ਮੇਰਾ ਕ੍ਰੈਡਿਟ ਕਾਰਡ ਵੀ ਚਲਾ ਗਿਆ। ਉਹ ਦਰਿੰਦੇ ਮੇਰਾ ਮੋਬਾਇਲ ਵੀ ਚੁੱਕ ਕੇ ਲੈ ਗਏ, ਪਰ ਘਰ 'ਚ ਜੋ ਮੇਰਾ ਪੁਰਾਣਾ ਮੋਬਾਇਲ ਪਿਆ ਹੈ ਉਸ 'ਚ ਮੇਰੇ ਦੋ ਦੋਸਤਾਂ ਦਾ ਨੰਬਰ ਹੈ। ਉਨ੍ਹਾਂ ਨੂੰ ਫੋਨ ਕਰਕੇ ਦੱਸ ਦੇਣਾ ਕਿ ਮੈਂ ਤਿੰਨ ਮਹੀਨੇ ਲਈ ਬਾਹਰ ਗਈ ਹਾਂ।
ਪੀੜਤ ਵਿਦਿਆਰਥਣ ਵੈਂਟੀਲੇਟਰ 'ਤੇ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਜ਼ਖਮ ਬਹੁਤ ਡੂੰਘੇ ਹੋਣ ਕਾਰਨ ਹਾਲਤ ਨਾਜ਼ੁਕ ਹੈ। ਪੀੜਤ ਵਿਦਿਆਰਥਣ ਅਜੇ ਵੀ ਕੁਝ ਬੋਲ ਨਹੀਂ ਪਾ ਰਹੀ। ਡਾਕਟਰਾਂ ਨੇ ਇਤੋਂ ਤੱਕ ਕਿਹਾ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਕੀ-ਕੀ ਝੱਲਿਆ ਹੈ ਇਸ ਬੇਚਾਰੀ ਨੇ। ਮੈਨੂੰ ਬੋਲਦੇ ਹੋਏ ਵੀ ਸ਼ਰਮ ਆ ਰਹੀ ਹੈ।

ਮੈਨੂੰ ਫਾਂਸੀ ਦੇ ਦਿਓ- ਬਲਾਤਕਾਰੀ

ਨਵੀਂ ਦਿੱਲੀ- ਚੱਲਦੀ ਬੱਸ 'ਚ ਮੈਡੀਕਲ ਸਟੂਡੈਂਟ ਨਾਲ ਬਲਾਤਕਾਰ ਦੇ ਦੋਸ਼ੀ ਪਵਨ ਗੁਪਤਾ ਦਾ ਕਹਿਣਾ ਹੈ ਕਿ ਮੈਨੂੰ ਫਾਂਸੀ ਦੇ ਦਿਓ। ਪਵਨ ਨੂੰ ਬੁੱਧਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ 'ਚ ਹੀ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਐਤਵਾਰ ਨੂੰ ਦਿੱਲੀ 'ਚ ਚੱਲਦੀ ਬੱਸ 'ਚ 6 ਲੋਕਾਂ ਨੇ ਇਕ ਮੈਡੀਕਲ ਸਟੂਡੈਂਟ ਨਾਲ ਬਲਾਤਕਾਰ ਕੀਤਾ। ਪੁਲਸ ਨੇ ਮੁੱਖ ਦੋਸ਼ੀ ਰਾਮ ਸਿੰਘ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ 5 ਦਿਨਾਂ ਦੀ ਪੁਲਸ ਹਿਰਾਸਤ 'ਚ ਹੈ। ਇਸ ਦੌਰਾਨ ਪੰਜਵੇਂ ਦੋਸ਼ੀ ਅਕਸ਼ੈ ਠਾਕੁਰ ਨੂੰ ਬਿਹਾਰ ਦੇ ਔਰੰਗਾਬਾਦ ਜ਼ਿਲੇ 'ਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਕ ਦੋਸ਼ੀ  ਅਜੇ ਵੀ ਫਰਾਰ ਹੈ। ਦੋਸ਼ੀ ਵਿਨੇ ਇਕ ਜਿਮ 'ਚ ਇੰਸਟਕਟਰ ਹੈ ਪਵਨ ਫਲ ਵਿਕਰੇਤਾ ਹੈ। ਮੁਕੇਸ਼ ਡ੍ਰਾਈਵਰ/ਕਲੀਨਰ ਦਾ ਕੰਮ ਕਰਦਾ ਹੈ। ਅਕਸ਼ੈ ਅਤੇ ਰਾਜੂ ਬੱਸ 'ਚ ਹੈਲਪਰ ਅਤੇ ਕਲੀਨਰ ਹਨ। ਪੁਲਸ ਅਨੁਸਾਰ ਰਾਮ ਸਿੰਘ ਵਾਰਦਾਤ ਤੋਂ ਬਾਅਦ ਬੱਸ ਨੂੰ ਨੋਏਡਾ ਦੇ ਰੋਹਿੱਲਾ ਖੁਰਦ 'ਚ ਲੈ ਗਿਆ ਸੀ ਅਤੇ ਬਾਅਦ 'ਚ ਬੱਸ ਨੂੰ ਵਾਪਸ ਆਰ. ਕੇ. ਪੁਰਮ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਬੱਸ 'ਚ ਡੁੱਲੇ ਖੂਨ ਨੂੰ ਸਾਫ ਕਰਨ ਲਈ ਬੱਸ ਨੂੰ ਧੋਆ ਗਿਆ। ਲੜਕਾ-ਲੜਕੀ ਦੇ ਕੁਝ ਕੱਪੜੇ ਆਦਿ ਨੂੰ ਵੀ ਉਨ੍ਹਾਂ ਨੇ ਤਬਾਹ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਐਤਵਾਰ ਰਾਤ ਮੈਡੀਕਲ ਸਟੂਡੈਂਟ ਆਪਣੇ ਦੋਸਤ  ਨਾਲ ਬੱਸ 'ਚ ਸਵਾਰ ਹੋ ਕੇ ਮੁਨੀਰਕਾ ਤੋਂ ਦਵਾਰਕਾ ਜਾ ਰਹੀ ਸੀ। ਲੜਕੀ ਦੇ ਬੱਸ 'ਚ ਬੈਠਦੇ ਹੀ ਲਗਭਗ 6 ਲੋਕਾਂ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਉਸ ਬਸ 'ਚ ਹੋਰ ਯਾਤਰੀ ਨਹੀਂ ਸਨ। ਉਤਰਾਖੰਡ ਦੀ ਰਹਿਣ ਵਾਲੀ 23 ਸਾਲਾ ਲੜਕੀ ਦੇ ਦੋਸਤ ਨੇ ਉਸ ਨੂੰ ਬਚਾਉਣ ਕੋਸ਼ਿਸ ਕੀਤੀ ਪਰ ਉਨ੍ਹਾਂ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਲੜਕੀ ਨਾਲ ਗੈਂਗ ਰੇਪ ਕੀਤਾ ਗਿਆ। ਦੋਸ਼ੀਆਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਦੱਖਣੀ ਦਿੱਲੀ ਦੇ ਮਹਿਪਾਲਪੁਰ ਨੇੜੇ ਵਸੰਤ ਵਿਹਾਰ ਇਲਾਕੇ 'ਚ ਬੱਸ ਤੋਂ ਹੇਠਾਂ ਸੁੱਟ ਦਿੱਤਾ।