Thursday, 15 March 2012

ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣੇ

* 18 ਮੈਂਬਰੀ ਕੈਬਨਿਟ ਨੇ ਚੁੱਕੀ ਸਹੁੰ * ਵਿਭਾਗਾਂ ਦਾ ਐਲਾਨ ਛੇਤੀ


ਚੱਪੜਚਿੜੀ (ਮੁਹਾਲੀ) , 14 ਮਾਰਚ
ਸ਼੍ਰੋਮਣੀ ਅਕਾਲੀ ਦਲ -ਭਾਰਤੀ ਜਨਤਾ ਪਾਰਟੀ ਗਠਜੋੜ ਸਰਕਾਰ ਨੇ ਲੋਕ ਫ਼ਤਵੇ ਤੋਂ ਬਾਅਦ ਅੱਜ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ।  ਰਾਜਪਾਲ ਸ਼ਿਵਰਾਜ ਪਾਟਿਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਤੇ 16 ਹੋਰਨਾਂ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਬਾਦਲ ਨੇ ਸੂਬੇ ਦਾ ਮੁੱਖ ਮੰਤਰੀ ਬਣਦਿਆਂ ਕਈ ਰਿਕਾਰਡ ਕਾਇਮ ਕਰ ਦਿੱਤੇ ਹਨ ਇੱਕ ਤਾਂ ਸਾਲ 2007 ਤੋਂ  ਇਸੇ ਕੁਰਸੀ ਨੂੰ ਬਰਕਾਰ ਰੱਖਿਆ ਤੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਮੁੜ ਕਾਇਮ ਕਰਕੇ 45 ਸਾਲਾਂ ਦੇ ਰਿਕਾਰਡ ਨੂੰ ਵੀ ਮਾਤ ਦੇ ਦਿੱਤੀ ਹੈ। ਅਕਾਲੀ- ਭਾਜਪਾ ਗੱਠਜੋੜ ਨੇ ਹੀ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਸਪੱਸ਼ਟ ਬਹੁਮਤ ਹਾਸਲ ਕਰਦਿਆਂ ਸੂਬੇ ਦੀਆਂ ਕੁੱਲ 117 ਸੀਟਾਂ ਵਿੱਚ 56 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਲਈ ਸੀ। ਪੰਜਾਬ ਮੰਤਰੀ ਮੰਡਲ ਦੇ 16 ਹੋਰ ਮੈਂਬਰਾਂ ‘ਚ ਭਗਤ ਚੁੰਨੀ ਲਾਲ, ਸਰਵਣ ਸਿੰਘ ਫਿਲੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਜੀਤ ਸਿੰਘ ਕੋਹਾੜ, ਗੁਲਜ਼ਾਰ ਸਿੰਘ ਰਣੀਕੇ, ਮਦਨ ਮੋਹਨ ਮਿੱਤਲ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਸੁਰਜੀਤ ਕੁਮਾਰ ਜਿਆਣੀ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਸੁਰਜੀਤ ਰੱਖੜਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ ਜਿਨ੍ਹਾਂ ਨੇ ਅੱਜ ਹਲਫ਼ ਲਿਆ।

ਪੰਜਾਬ ਦੀ ਨਵੀਂ ਵਜ਼ਾਰਤ ਵਿੱਚ ਦੋਵਾਂ ਸੱਤਾਧਾਰੀ ਪਾਰਟੀਆਂ ਨਾਲ ਸਬੰਧਤ 4 ਵਿਧਾਇਕਾਂ ਨੂੰ ਪਹਿਲੀ ਵਾਰੀ ਮੰਤਰੀ ਦਾ ਅਹੁਦਾ ਮਿਲਿਆ ਹੈ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਭਗਤ ਚੁੰਨੀ ਲਾਲ ਅਤੇ ਅਨਿਲ ਜੋਸ਼ੀ ਸ਼ਾਮਲ ਹਨ। ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਸਰਵਣ ਸਿੰਘ ਫਿਲੌਰ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਵਿਧਾਇਕ ਹਨ ਜਿਨ੍ਹਾਂ ਨੂੰ ਸਾਲ 2007 ਤੋਂ 2012 ਦਰਮਿਆਨ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ ਪਰ ਨਵੀਂ ਸਰਕਾਰ ਵਿੱਚ ਇਨ੍ਹਾਂ ਆਗੂਆਂ ਦੀ ਸੱਤਾ ਵਿੱਚ ਬਹਾਲੀ ਹੋ ਗਈ ਹੈ। ਅਜੀਤ ਸਿੰਘ ਕੋਹਾੜ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪਰਮਿੰਦਰ ਢੀਂਡਸਾ, ਜਨਮੇਜਾ ਸਿੰਘ ਸੇਖੋਂ ਅਤੇ ਗੁਲਜ਼ਾਰ ਸਿੰਘ ਰਣੀਕੇ ਸੁਰਜੀਤ ਕੁਮਾਰ ਜਿਆਣੀ ਪਹਿਲਾਂ ਤੋਂ ਹੀ ਮੰਤਰੀ ਪਦ ‘ਤੇ ਚੱਲੇ ਆ ਰਹੇ ਹਨ। ਭਾਜਪਾ ਦੇ ਮਦਨ ਮੋਹਨ ਮਿੱਤਲ ਦੀ ਵੀ ਇੱਕ ਦਹਾਕੇ  ਬਾਅਦ ਸਰਕਾਰ ਵਿੱਚ ਵਾਪਸੀ ਹੋ ਸਕੀ ਹੈ। ਨਵੀਂ ਸਰਕਾਰ ਵਿੱਚ ਭਾਜਪਾ ਦੇ 4 ਅਤੇ ਮੁੱਖ ਮੰਤਰੀ ਸਮੇਤ ਅਕਾਲੀ ਦਲ ਦੇ 14 ਮੰਤਰੀ ਸ਼ਾਮਲ ਹਨ। ਸ੍ਰੀ ਬਾਦਲ ਸਭ ਤੋਂ ਪਹਿਲਾਂ 1970, ਫਿਰ 1977 ਉਸ ਤੋਂ ਬਾਅਦ 1997 ਅਤੇ 2007 ਵਿੱਚ ਮੁੱਖ ਮੰਤਰੀ ਬਣੇ ਸਨ। ਇਸ ਸਮੇਂ ਉਹ ਦੇਸ਼ ਵਿੱਚ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਮੰਨੇ ਜਾਂਦੇ ਹਨ।
ਪੰਜਾਬ ਸਰਕਾਰ ਦਾ ਇਹ ਸਮਾਗਮ ਮੁਹਾਲੀ ਜ਼ਿਲ੍ਹੇ ਵਿਚਲੀ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਯਾਦਗਾਰ ਚੱਪੜ ਚਿੜੀ ਵਿਖੇ ਹੋਇਆ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਹੋਰ ਧਾਰਮਿਕ ਹਸਤੀਆਂ ਪਾਸੋਂ ਪੰਜਾਬ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਅਸ਼ੀਰਵਾਦ ਲਿਆ। ਬਾਬਾ ਹਰਨਾਮ ਸਿੰਘ ਧੁੰਮਾ ਨੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਮਜੀਠੀਆ ਨੂੰ ਸਿਰੋਪਾਓ ਭੇਟ ਕੀਤੇ। ਮੁੱਖ ਮੰਤਰੀ, ਉਪ ਮੰਤਰੀ ਅਤੇ ਹੋਰਨਾਂ ਮੰਤਰੀਆਂ ਨੇ ਅੱਜ ਪੰਜਾਬੀ ਵਿੱਚ ਸਹੁੰ ਚੁੱਕੀ ਅਤੇ ਉਸ ਵੇਲੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਆਪਣੇ ਬੱਚਿਆਂ ਅਤੇ ਹੋਰਨਾਂ ਮੰਤਰੀਆਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।
ਅੰਨਾ ਡੀ.ਐਮ.ਕੇ. ਦੇ ਸੰਸਦ ਮੈਂਬਰ ਥੰਬੀ ਦੁਰਾਈ (ਸੱਜੇ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਤਿਕਾਰ ਵਜੋਂ ਸ਼ਾਲ ਭੇਟ ਕਰਦੇ ਹੋਏ
ਰਾਜ ਦੇ ਮੁੱਖ ਸਕੱਤਰ ਸੁਬੋਧ ਚੰਦਰ ਅਗਰਵਾਲ ਨੇ ਨਵੇਂ ਮੰਤਰੀ ਮੰਡਲ ਨੂੰ ਸਹੁੰ ਚੁਕਾਉਣ ਦੇ ਸਮਾਗਮ ਦਾ ਸੰਚਾਲਨ ਕੀਤਾ। ਸਮੁੱਚੇ ਮੰਤਰੀ ਮੰਡਲ ਵੱਲੋਂ ਹਲਫ ਲੈ ਲਏ ਜਾਣ ਤੋਂ ਬਾਅਦ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮੰਤਰੀਆਂ ਨੇ ਰਾਜਪਾਲ ਸ਼ਿਵ ਰਾਜ ਪਾਟਿਲ ਨਾਲ  ਫੋਟੋ ਵੀ ਖਿਚਵਾਈ। ਅਜੀਤ ਸਿੰਘ ਕੋਹਾੜ, ਗੁਲਜ਼ਾਰ ਸਿੰਘ ਰਣੀਕੇ, ਮਦਨ ਮੋਹਲ ਮਿੱਤਲ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਕੁਮਾਰ ਜਿਆਣੀ, ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਸੁਰਜੀਤ ਸਿੰਘ ਰੱਖੜਾ ਤੇ ਸ਼ਰਨਜੀਤ ਸਿੰਘ ਢਿੱਲੋਂ ਆਦਿ 10 ਮੰਤਰੀਆਂ ਨੇ ਹੀ ਹਲਫ਼ ਲੈਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਰਨੀ ਹੱਥ ਲਾਏ ਤੇ ਆਸ਼ੀਰਵਾਦ ਲਿਆ। ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਵਲ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਜ਼ਿੰਮੇਵਾਰੀ ਜਲਦੀ ਹੀ ਦੇ ਦਿੱਤੀ ਜਾਵੇਗੀ।

ਪੰਜਾਬ ਮੰਤਰੀ ਮੰਡਲ ’ਚ ਮਾਲਵੇ ਦਾ ਦਬਦਬਾ

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਅੱਧੇ ਮੰਤਰੀ ਮਾਲਵੇ ’ਚੋਂ

ਬਠਿੰਡਾ,-ਪੰਜਾਬ ਵਜ਼ਾਰਤ ’ਚ ਐਤਕੀਂ ਮਾਲਵਾ ਖਿੱਤੇ ਦਾ ਦਬਦਬਾ ਰਹੇਗਾ। ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 50 ਫੀਸਦੀ ਵਜ਼ੀਰ ਇਕੱਲੇ ਮਾਲਵੇ ਇਲਾਕੇ ਦੇ ਹਨ, ਜਦੋਂ ਕਿ ਪਿਛਲੀ ਵਜ਼ਾਰਤ ਵਿੱਚ ਮਾਝੇ ਦੀ ਸਰਦਾਰੀ ਰਹੀ ਸੀ।
ਪੰਜਾਬ ਚੋਣਾਂ ਵਿੱਚ ਇਸ ਵਾਰ ਮਾਲਵਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਗੀ ਜਿੱਤ ਪ੍ਰਾਪਤ ਹੋਈ ਹੈ, ਜਦੋਂ ਕਿ ਮਾਝੇ ਦੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਵਜ਼ੀਰ ਚੋਣ ਹਾਰ ਗਏ ਹਨ। ਸਾਲ 2007 ਤੋਂ 2012 ਦੀ ਵਜ਼ਾਰਤ ਵਿੱਚ ਮਾਲਵਾ ਇਲਾਕੇ ’ਚੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸਿਰਫ ਪੰਜ ਵਜ਼ੀਰ ਹੀ ਸਨ। ਇਸ ਵਾਰ ਪੰਜਾਬ ਦੀ ਵਜ਼ਾਰਤ ਵਿੱਚ ਮਾਲਵੇ ਦੀ ਵੱਡੀ ਹਿੱਸੇਦਾਰੀ ਹੋਣ ਕਰਕੇ ਮਾਲਵਾ ਖਿੱਤੇ ਦੇ ਵਿਕਾਸ ਨੂੰ ਵੀ ਭਾਰੀ ਹੁਲਾਰਾ ਮਿਲੇਗਾ।
ਸਾਲ 2007 ਦੀਆਂ ਚੋਣਾਂ ਵਿੱਚ ਮਾਲਵਾ ਇਲਾਕੇ ’ਚੋਂ ਕਈ ਸੀਨੀਅਰ ਨੇਤਾ ਚੋਣ ਹਾਰ ਗਏ ਸਨ, ਜਿਸ ਕਰਕੇ ਮਾਝੇ ਦੇ ਸੀਨੀਅਰ ਅਕਾਲੀ ਨੇਤਾ ਬਾਜੀ ਮਾਰ ਗਏ ਸਨ। ਇਸ ਤੋਂ ਇਲਾਵਾ ਇਸ ਵਾਰ ਮਾਲਵੇ ਦੇ ਪੰਜ ਜ਼ਿਲ੍ਹਿਆਂ ਨੂੰ ਵਜ਼ਾਰਤ ਵਿੱਚ ਕੋਈ ਹਿੱਸੇਦਾਰੀ ਵੀ ਨਹੀਂ ਮਿਲੀ ਹੈ। ਮਾਨਸਾ ਜ਼ਿਲ੍ਹਾ ਇਕੱਲਾ ਉਹ ਜ਼ਿਲ੍ਹਾ ਹੈ ਜਿਸ ਨੂੰ 11 ਵਰ੍ਹਿਆਂ ਮਗਰੋਂ ਵੀ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਨਹੀਂ ਮਿਲੀ ਹੈ। ਮੁੱਖ ਮੰਤਰੀ ਦੀ ਕੁਰਸੀ ਵੀ ਸਾਲ 1985 ਤੋਂ ਹੁਣ ਤੱਕ ਮਾਲਵਾ ਕੋਲ ਹੀ ਰਹੀ ਹੈ।
ਮਾਲਵਾ ਇਲਾਕੇ ’ਚੋਂ ਪੰਜਾਬ ਵਜ਼ਾਰਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸੁਰਜੀਤ ਕੁਮਾਰ ਜਿਆਣੀ, ਸੁਰਜੀਤ ਸਿੰਘ ਰੱਖੜਾ ਅਤੇ ਸ਼ਰਨਜੀਤ ਸਿੰਘ ਢਿਲੋਂ ਸ਼ਾਮਲ ਹਨ। ਬਠਿੰਡਾ ਜ਼ਿਲ੍ਹੇ ਨੂੰ ਐਤਕੀਂ ਵਜ਼ਾਰਤ ਵਿੱਚ ਦੋਹਰੀ ਥਾਂ ਮਿਲ ਗਈ ਹੈ। ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਵੇਂ ਹੀ ਨਵੇਂ ਬਣੇ ਫਾਜ਼ਿਲਕਾ ਜ਼ਿਲ੍ਹੇ ਨੂੰ ਮੰਤਰੀ ਮੰਡਲ ਵਿੱਚ ਦੋਹਰੀ ਥਾਂ ਮਿਲ ਗਈ ਹੈ। ਇਸ ਜ਼ਿਲ੍ਹੇ ’ਚੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਰਜੀਤ ਕੁਮਾਰ ਜਿਆਣੀ ਚੋਣ ਜਿੱਤੇ ਹਨ। ਮੋਗਾ ਜ਼ਿਲ੍ਹੇ ਨੂੰ ਪਿਛਲੀ ਵਜ਼ਾਰਤ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਸੀ, ਜਦੋਂ ਕਿ ਐਤਕੀਂ ਜ਼ਿਲ੍ਹਾ ਮੋਗਾ ’ਚੋਂ ਜਥੇਦਾਰ ਤੋਤਾ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮਾਲਵਾ ਇਲਾਕੇ ’ਚੋਂ ਪਿਛਲੀ ਵਜ਼ਾਰਤ ਵਿੱਚ ਹੀਰਾ ਸਿੰਘ ਗਾਬੜੀਆ, ਪਰਮਿੰਦਰ ਸਿੰਘ ਢੀਂਡਸਾ ਅਤੇ ਜਨਮੇਜਾ ਸਿੰਘ ਸੇਖੋਂ ਹੀ ਸਨ। ਸ੍ਰੀ ਗਾਬੜੀਆ ਦੇ ਚੋਣ ਹਾਰਨ ਕਰਕੇ ਐਤਕੀਂ ਲੁਧਿਆਣਾ ਜ਼ਿਲ੍ਹੇ ’ਚੋਂ ਸ਼ਰਨਜੀਤ ਸਿੰਘ ਢਿਲੋਂ ਨੂੰ ਵਜ਼ੀਰ ਬਣਾਇਆ ਗਿਆ ਹੈ।
ਐਤਕੀਂ ਪੰਜਾਬ ਵਜ਼ਾਰਤ ਵਿੱਚ ਪਟਿਆਲਾ ਜ਼ਿਲ੍ਹੇ ’ਚੋਂ ਸੁਰਜੀਤ ਸਿੰਘ ਰੱਖੜਾ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਮੰਤਰੀ ਮੰਡਲ ਵਿੱਚ ਪਟਿਆਲਾ ਨੂੰ ਥਾਂ ਹੀ ਨਹੀਂ ਮਿਲੀ ਸੀ। ਜ਼ਿਲ੍ਹਾ ਬਰਨਾਲਾ ’ਚੋਂ ਐਤਕੀਂ ਹਾਕਮ ਧਿਰ ਤਿੰਨੋਂ ਸੀਟਾਂ ਹਾਰ ਗਈ ਹੈ, ਜਿਸ ਕਰਕੇ ਇਹ ਜ਼ਿਲ੍ਹਾ ਨੁਮਾਇੰਦਗੀ ਤੋਂ ਵਾਂਝਾ ਰਹਿ ਗਿਆ ਹੈ। ਜ਼ਿਲ੍ਹਾ ਮੋਹਾਲੀ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਵੀ ਐਤਕੀਂ ਮੰਤਰੀ ਮੰਡਲ ਵਿੱਚ ਕੋਈ ਥਾਂ ਨਹੀਂ ਮਿਲੀ ਹੈ। ਜ਼ਿਲ੍ਹਾ ਫਿਰੋਜ਼ਪੁਰ ਤੋਂ ਪਹਿਲਾਂ ਵਜ਼ਾਰਤ ਵਿੱਚ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਨੇ ਐਤਕੀਂ ਜ਼ਿਲ੍ਹਾ ਬਠਿੰਡਾ ਦੇ ਹਲਕਾ ਮੌੜ ਤੋਂ ਚੋਣ ਲੜੀ ਸੀ। ਕੈਬਨਿਟ ਵਜ਼ੀਰ ਸ੍ਰੀ ਸੇਖੋਂ ਦਾ ਕਹਿਣਾ ਸੀ ਕਿ ਉਹ ਹਲਕੇ ਦੀ ਹਰ ਮੁਸ਼ਕਲ ਦਾ ਹੱਲ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਣਗੇ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਤਾਂ ਕਾਫੀ ਸਮੇਂ ਤੋਂ ਵਜ਼ੀਰੀ ਨੂੰ ਤਰਸ ਰਿਹਾ ਹੈ। ਇਸ ਜ਼ਿਲ੍ਹੇ ਦੇ ਤਿੰਨ ਹਲਕਿਆਂ ਤੋਂ ਚੋਣ ਲੜਣ ਵਾਲੇ ਅਕਾਲੀ ਉਮੀਦਵਾਰਾਂ ਨੇ ਪਹਿਲੀ ਦਫਾ ਚੋਣ ਲੜੀ ਸੀ। ਇਨ੍ਹਾਂ ’ਚੋਂ ਇੱਕ ਅਕਾਲੀ ਉਮੀਦਵਾਰ ਚੋਣ ਹਾਰ ਗਿਆ ਹੈ, ਜਦੋਂ ਕਿ ਚਤਿੰਨ ਸਿੰਘ ਸਮਾਓਂ ਅਤੇ ਪ੍ਰੇਮ ਕੁਮਾਰ ਮਿੱਤਲ ਚੋਣ ਜਿੱਤ ਗਏ ਹਨ। ਮਾਲਵਾ ਇਲਾਕੇ ਦੇ ਚਾਰ ਹਿੰਦੂ ਅਕਾਲੀ ਵਿਧਾਇਕਾਂ ਵੱਲੋਂ ਵੀ ਵਜ਼ੀਰੀ ਲੈਣ ਲਈ ਭੱਜ ਨੱਠ ਕੀਤੀ ਗਈ ਸੀ, ਪ੍ਰੰਤੂ ਉਹ ਸਫਲ ਨਾ ਹੋ ਸਕੇ।

ਬਠਿੰਡਵੀਆਂ ਦੀਆਂ ਲੱਗੀਆਂ ਮੌਜਾਂ

ਬਠਿੰਡਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹਨ ਅਤੇ ਹੁਣ ਜ਼ਿਲ੍ਹੇ ਨੂੰ ਦੋ ਨਵੇਂ ਵਜ਼ੀਰ ਮਿਲ ਗਏ ਹਨ, ਇਸ ਕਰਕੇ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਮੌਜ ਲੱਗਣੀ ਹੈ। ਪਿਛਲੀ ਵਜ਼ਾਰਤ ਵਿੱਚ ਜ਼ਿਲ੍ਹੇ ’ਚੋਂ ਕੋਈ ਮੰਤਰੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਦੀ ਘਾਟ ਬਾਦਲ ਪਰਿਵਾਰ ਵੱਲੋਂ ਪੂਰੀ ਕੀਤੀ ਜਾਂਦੀ ਸੀ। ਜਿਆਦਾ ਹਲਕਾ ਇੰਚਾਰਜ ਹੀ ਸਨ, ਪ੍ਰੰਤੂ ਹੁਣ ਦੋ ਵਜ਼ੀਰਾਂ ਤੋਂ ਇਲਾਵਾ ਜ਼ਿਲ੍ਹੇ ਕੋਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਕੰਮ ਧੰਦੇ ਕਰਵਾਉਣ ਵਿੱਚ ਸੌਖ ਹੋਵੇਗੀ, ਉੱਥੇ ਹੀ ਜ਼ਿਲ੍ਹੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

ਫਰਜ਼ਾਂ ਨੂੰ ਜਾਮ 'ਚ ਘੋਲ ਕੇ ਪੀ ਗਏ ਜੂਲੋ 10 ਦੇ ਕਰਮਚਾਰੀ


ਪੂਰਨਪੁਰ ਰੋਡ 'ਤੇ ਸਥਿਤ ਪੈਲਸ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦੇ ਹੋਏ ਪੁਲਿਸ ਕਰਮਚਾਰੀ।
(2) ਪੈਲਸ ਦੇ ਪਿਛਲੇ ਪਾਸੇ ਖੜ੍ਹੀ ਕੀਤੀ ਗਈ ਗੱਡੀ ਨੰਬਰ-10.
ਜਲੰਧਰ ਛਾਉਣੀ.- 14 ਮਾਰਚ - ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰਾਂ 'ਚ ਰਹਿਣ ਵਾਲੇ ਖੇਤਰ ਵਾਸੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਪੀ. ਸੀ. ਆਰ ਤੇ ਜੂਲੋ ਕਰਮਚਾਰੀਆਂ ਦੀ ਢਿੱਲੀ ਕਾਰਵਾਈਆਂ ਕਾਰਨ ਜਿੱਥੇ ਉਕਤ ਥਾਣੇ ਦੇ ਅਧੀਨ ਆਉਂਦੇ ਖੇਤਰਾਂ 'ਚ ਰੋਜ਼ਾਨਾ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਉਕਤ ਘਟਨਾਵਾਂ 'ਤੇ ਨੱਥ ਪਾਉਣ ਦੀ ਬਜਾਇ ਉਕਤ ਕਰਮਚਾਰੀ ਜਾਂ ਤਾਂ ਕਿਸੇ ਥਾਂ 'ਤੇ ਆਰਾਮ ਕਰਦੇ ਦੇਖੇ ਜਾ ਸਕਦੇ ਹਨ ਜਾਂ ਕਿਸੇ ਪੈਲੇਸ 'ਚ ਸ਼ਰੇਆਮ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦੇ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੀ ਹੀ ਇਕ ਘਟਨਾ ਸਬੰਧੀ ਅੱਜ ਇਕ ਜਾਗਰੂਕ ਪਾਠਕ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਪੂਰਨਪੁਰ ਪਿੰਡ ਨੇੜੇ ਸਥਿਤ ਰਿਜ਼ਾਰਟ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਖੇਤਰ 'ਚ ਗਸ਼ਤ ਕਰਨ ਵਾਲੀ ਜੁਲੋ ਨੰਬਰ 10 ਦੇ ਕਰਮਚਾਰੀ ਸ਼ਰੇਆਮ ਸ਼ਰਾਬ ਦੇ ਕਬਾਬ ਦਾ ਮਜ਼ਾ ਲੈ ਰਹੇ ਹਨ। ਜਿਸ ਦੀ ਸੂਚਨਾ ਮਿਲਦੇ ਹੀ ਉਕਤ ਸਥਾਨ 'ਤੇ ਜਦੋਂ ਮੀਡੀਆ ਕਰਮਚਾਰੀ ਪਹੁੰਚੇ ਤਾਂ ਜੁਲੋ ਨੰਬਰ 10 ਦੇ ਇੰਚਾਰਜ ਜਰਨੈਲ ਸਿੰਘ ਆਪਣੇ ਦੋ ਪੁਲਿਸ ਮੁਲਾਜ਼ਮਾਂ ਅਮਰਜੀਤ ਸਿੰਘ ਤੇ ਚਰਨਜੀਤ ਕੁਮਾਰ ਨਾਲ ਆਪਣੇ ਹੋਰ ਸਾਥੀਆਂ ਨਾਲ ਸ਼ਰਾਬ ਤੇ ਕਬਾਬ ਦਾ ਸ਼ਰੇਆਮ ਮਜ਼ਾ ਲੈ ਰਹੇ ਸਨ, ਜਿਸ ਨੂੰ ਮੀਡੀਆ ਦੇ ਕੁਝ ਫੋਟੋਗ੍ਰਾਫ਼ਰਾਂ ਵੱਲੋਂ ਆਪਣੇ ਕੈਮਰੇ 'ਚ ਕੈਦ ਕਰ ਲਿਆ ਗਿਆ। ਉਪਰੰਤ ਜਦੋਂ ਉਕਤ ਕਰਮਚਾਰੀਆਂ ਦੀ ਗੱਡੀ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਵੱਲੋ ਆਪਣੀ ਗੱਡੀ ਨੂੰ ਪੈਲਸ ਦੇ ਪਿਛਲੇ ਗੇਟ 'ਤੇ ਖੜ੍ਹਾ ਕੀਤਾ ਗਿਆ ਸੀ, ਜਿੱਥੋਂ ਪੈਲਸ ਦਾ ਸਾਮਾਨ-ਅੰਦਰ ਬਾਹਰ ਕੀਤਾ ਜਾਂਦਾ ਹੈ ਤੇ ਉਕਤ ਥਾਂ 'ਤੇ ਲੱਗੇ ਹੋਏ ਗੇਟ ਨੂੰ ਵੀ ਬੰਦ ਕੀਤਾ ਹੋਇਆ ਸੀ। ਦੱਸਣਯੋਗ ਹੈ ਕਿ ਜਿਸ ਪੈਲੇਸ 'ਚ ਉਕਤ ਪੁਲਿਸ ਕਰਮਚਾਰੀ ਸ਼ਰਾਬ ਤੇ ਕਬਾਬ ਦਾ ਮਜ਼ਾ ਲੈ ਰਹੇ ਸਨ ਉਹ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਥਾਣਾ ਪਤਾਰਾ ਦਾ ਖੇਤਰ ਬਣਦਾ ਹੈ। ਜ਼ਿਕਰਯੋਗ ਹੈ ਕਿ ਰਾਮਾ ਮੰਡੀ ਅਤੇ ਇਸ ਦੇ ਨਾਲ ਲਗਦੇ ਖੇਤਰਾਂ 'ਚ ਬੀਤੇ ਕਾਫ਼ੀ ਸਮੇਂ ਤੋਂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਖੇਤਰ ਵਾਸੀਆਂ ਦਾ ਖੇਤਰ 'ਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ।
ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਮਾਹਲ
ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਹੈਡਕੁਆਰਟਰ ਸ੍ਰੀ ਨਵਜੋਤ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਜੇਕਰ ਉਕਤ ਕਰਮਚਾਰੀ ਡਿਊਟੀ ਦੌਰਾਨ ਸ਼ਰਾਬ ਤੇ ਕਬਾਬ ਦਾ ਮਜ਼ਾ ਲੈ ਰਹੇ ਸਨ ਤਾਂ ਉਨ੍ਹਾਂ ਖਿਲਾਫ਼ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਿੱਕੇ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਪਰਿਵਾਰ 'ਚ ਮਾਤਮ ਛਾਇਆ

ਫਾਂਸੀ ਦੀ ਸਜ਼ਾ ਮਿਲਣ ਉਪਰੰਤ ਪਿੰਡ ਸਾਂਵਤਖੇੜਾ ਵਿਖੇ ਆਪਣੇ ਘਰ 'ਚ ਨਾਮੋਸ਼ੀ ਦੀ ਹਾਲਤ ਵਿਚ ਬੈਠੇ ਉਸਦੀ ਮਾਂ ਤੇਜ਼ ਕੌਰ ਤੇ ਜੱਗਾ ਸਿੰਘ ਤੇ (ਸੱਜੇ) ਮ੍ਰਿਤਕਾ ਦਾ ਭਤੀਜਾ ਸ਼ਿਵਰਾਜ ਸਿੰਘ ਆਪਣੀ ਮ੍ਰਿਤਕਾ ਭੂਆ ਦੀ ਫੋਟੋ ਨੂੰ ਵੇਖਦਾ ਹੋਇਆ।
ਡੱਬਵਾਲੀ, 14 ਮਾਰਚ-ਪਿੰਡ ਸਾਂਵਤਖੇੜਾ ਵਿਚ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ 22 ਸਾਲਾ ਨਿੱਕਾ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨਾਲ ਉਸਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਦੂਸਰੇ ਪਾਸੇ ਮ੍ਰਿਤਕ ਔਰਤ ਦਾ ਪਰਿਵਾਰ ਇਸਨੂੰ ਅਦਾਲਤ ਦਾ ਸਹੀ ਇਨਸਾਫ ਕਰਾਰ ਦੇ ਰਿਹਾ ਹੈ। ਹਾਲਾਂਕਿ ਪਿੰਡ ਵਿਚ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣ ਬਾਰੇ ਚਰਚਾ ਤਾਂ ਜ਼ਰੂਰ ਹੈ ਪਰ ਇਸ 'ਤੇ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ। ਬੀਤੇ ਕੱਲ੍ਹ ਸਿਰਸਾ ਦੀ ਜ਼ਿਲ੍ਹਾ ਐਡੀਸ਼ਨ ਸ਼ੈਸ਼ਨ ਜੱਜ ਨੀਲਿਮਾ ਸਾਂਗਲਾ ਵੱਲੋਂ 11 ਫਰਵਰੀ 2011 ਨੂੰ ਦੁਪਿਹਰ ਬਾਅਦ ਘੁੰਮਣ ਜਾ ਰਹੀ 75 ਸਾਲਾ ਬਜ਼ੁਰਗ ਔਰਤ ਗੁਰਦੇਵ ਕੌਰ ਨਾਲ ਜ਼ਬਰਦਸਤੀ ਉਪਰੰਤ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪਿੰਡ ਸਾਂਵਤਖੇੜਾ ਦੇ ਹੀ ਨਿੱਕਾ ਸਿੰਘ ਪੁੱਤਰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਨਿੱਕਾ ਸਿੰਘ ਦੇ ਘਰ 'ਤੇ ਮਾਤਮ ਛਾਇਆ ਹੋਇਆ ਹੈ। ਅੱਜ ਪੱਤਰਕਾਰਾਂ ਦੀ ਟੀਮ ਜਦੋਂ ਪਿੰਡ ਸਾਵੰਤਖੇੜਾ ਵਿਖੇ ਨਿੱਕਾ ਸਿੰਘ ਦੇ ਘਰ ਪੁੱਜੀ ਤਾਂ ਨਿੱਕਾ ਸਿੰਘ ਦੀ ਮਾਤਾ ਤੇਜ ਕੌਰ ਘਰ ਦੇ ਇਕ ਕੋਨੇ ਵਿਚ ਮੰਜੇ 'ਤੇ ਪਈ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਅੱਖਾਂ ਵਿਚ ਹੰਝੂ ਕੇਰ ਰਹੀ ਸੀ। ਨਿੱਕਾ ਸਿੰਘ ਦੀ ਪਤਨੀ ਹਰਜਿੰਦਰ ਕੌਰ ਘਟਨਾ ਦੇ ਦੋ ਮਹੀਨੇ ਬਾਅਦ ਆਪਣੇ ਪੇਕੇ ਸੰਗਰੀਆ (ਰਾਜਸਥਾਨ) ਚਲੀ ਗਈ। ਦੂਜੇ ਪਾਸੇ ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ ਸਿਰਫ਼ 395 ਦਿਨਾਂ ਦੇ ਛੋਟੇ ਜਿਹੇ ਵਕਫ਼ੇ ਵਿਚ ਸੁਣਾਏ ਹੱਤਿਆਕਾਂਡ ਦੇ ਇਤਿਹਾਸਕ ਫੈਸਲੇ ਨਾਲ ਸੰਤੁਸ਼ਟੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਨਿੱਕਾ ਸਿੰਘ ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਫਾਂਸੀ ਦਿੱਤੀ ਜਾਣੀ ਹੈ।

ਕਚਰਾ ਫੈਕਟਰੀ ਵਿਰੁੱਧ ਔਰਤਾਂ ਵੱਲੋਂ ਰੋਸ ਰੈਲੀ
ਬੱਲੂਆਣਾ, 14 ਮਾਰਚ, -ਬੁਰਜ ਮਹਿਮਾ ਦੇ ਨੇੜੇ ਲੱਗ ਰਹੀ ਕਚਰਾ ਫੈਕਟਰੀ ਦਾ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ। ਫੈਕਟਰੀ ਦੇ ਵਿਰੋਧ 'ਚ ਬੁਰਜ ਮਹਿਮਾ, ਭਗਵਾਨਾ ਮਹਿਮਾ, ਔਰਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਟਰਾਲੀਆਂ ਭਰਕੇ ਰੋਸ ਰੈਲੀ ਕੱਢੀ, ਬੀਤੀ ਸ਼ਾਮ ਕੱਢੀ ਗਈ ਰੈਲੀ ਦਾ ਸਿੱਟਾ ਹੀ ਸੀ ਕਿ ਅੱਜ ਰੋਸ ਧਰਨੇ ਵਿਚ ਦਿਓਣ, ਬੁਰਜ ਮਹਿਮਾ, ਮਹਿਮਾ ਭਗਵਾਨਾ, ਕਿਲੀ ਨਿਹਾਲ ਸਿੰਘ, ਸਿਵੀਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ ਸ਼ਾਮਿਲ ਹੋਈਆਂ ਅਤੇ ਫੈਕਟਰੀ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਸਿੰਘ ਗਿਲ ਕਲਾਂ ਨੇ ਧਰਨੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਚਰਾ ਫੈਕਟਰੀ ਵਿਰੁੱਧ ਕਿਸਾਨਾਂ ਦਾ ਧਰਨਾ 5ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ, ਪਰ ਪ੍ਰਸਾਸਨ ਫੈਕਟਰੀ ਮਾਲਕਾਂ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਮਾਲਕ ਇਹ ਫੈਕਟਰੀ ਲਗਾਉਣਾ ਚਾਹੁੰਦਾ ਹੈ ਤਾਂ ਆਪਣੇ ਖੇਤਾਂ ਵਿਚ ਲਗਾਵੇ। ਗੁਰਮੀਤ ਸਿੰਘ ਬਲਾਕ ਜਰਨਲ ਸਕੱਤਰ, ਅਮਰੀਕ ਸਿੰਘ ਸਿਵੀਆਂ, ਮਾਸਟਰ ਸੇਵਕ ਸਿੰਘ ਖੇਤ ਮਜਦੂਰ ਸਭਾ ਪੰਜਾਬ ਦੇ ਆਗੂ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿਚ ਜਾਣਗੇ। ਭਾਵੇ ਕਿ ਪ੍ਰਸਾਸਨ ਨੇ ਪੰਜਾਬ ਦੀਆਂ ਹੋਰ ਫੈਕਟਰੀਆਂ ਸਾਨੂੰ ਦਿਖਾਈਆਂ ਪਰ ਉਥੋਂ ਦੀ ਬਦਬੂ ਮਹਿਸੂਸ ਕਰਕੇ ਇਸ ਕਚਰਾ ਫੈਕਟਰੀ ਵਿਰੁੱਧ ਸਾਡੇ ਹੌਸਲੇ ਹੋਰ ਵੀ ਬੁਲੰਦ ਹੋਏ ਹਨ। ਸੰਘਰਸ਼ ਕਮੇਟੀ ਇਕਾਈ ਬੁਰਜ ਮਹਿਮਾ ਦੇ ਹਰਬੰਸ ਸਿੰਘ ਬੁੱਟਰ, ਜੱਗਾ ਸਿੰਘ, ਗਾਵਾ ਸਿੰਘ, ਮਲਕੀਤ ਸਿੰਘ ਅਤੇ ਪਿੰਡ ਦੀਆਂ ਔਰਤਾਂ ਬਲਦੇਵ ਕੌਰ ਅਤੇ ਗੁਰਦੇਵ ਕੌਰ ਨੇ ਕਿਹਾ ਕਿ ਫੈਕਟਰੀ ਚੁੱਕਣ ਤੱਕ ਏਦਾਂ ਹੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਜੀਤ ਸਿੰਘ ਪੂਹਲਾ ਬਲਾਕ ਨਥਾਣਾ, ਹਰਬੰਸ ਸਿੰਘ ਬੁੱਟਰ, ਗਾਵਾ ਸਿੰਘ, ਮਲਕੀਤ ਸਿੰਘ, ਜਸਵੰਤ ਦਿਓਣ, ਕੇਵਲ ਦਿਓਣ, ਸੁਰਜੀਤ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਦਿਓਣ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।

ਬੱਚਿਆਂ ਦੇ ਮਾਮੂਲੀ ਝਗੜੇ ਨੇ ਕਰਾਇਆ 'ਵੱਡਾ ਕਲੇਸ਼'-3 ਔਰਤਾਂ ਸਣੇ 5 ਜ਼ਖ਼ਮੀ

ਡੱਬਵਾਲੀ ਵਿਖੇ ਦੋ ਧਿਰਾਂ ਦੀ ਲੜਾਈ ਵਿਚ ਨੁਕਸਾਨੇ ਮੋਟਰ ਸਾਈਕਲ ਨੂੰ ਕਬਜ਼ੇ ਵਿਚ ਲੈਂਦਾ ਇਕ ਪੁਲਿਸ ਕਰਮਚਾਰੀ।
ਡੱਬਵਾਲੀ , 14 ਮਾਰਚ -ਸਥਾਨਕ ਨਿਊ ਬੱਸ ਸਟੈਂਡ ਰੋਡ 'ਤੇ ਬੱਚਿਆਂ ਦਾ ਆਪਸੀ ਮਾਮੂਲੀ ਝਗੜਾ ਵੱਡੀ ਲੜਾਈ ਦਾ ਰੂਪ ਧਾਰ ਗਿਆ। ਇਸ ਵਿਵਾਦ ਦੌਰਾਨ ਦੋਵੇਂ ਬੱਚਿਆਂ ਦੇ ਮਾਪਿਆਂ ਵਿਚਕਾਰ ਖੁੱਲ੍ਹ ਕੇ ਮਾਰ-ਕੁੱਟ ਅਤੇ ਇੱਟਾਂ-ਵੱਟਿਆਂ ਦੀ ਵਰਤੋਂ ਹੋਈ। ਜਿਸਦੇ ਵਿਚ ਤਿੰਨ ਔਰਤਾਂ ਸਮੇਤ ਪੰਜ ਜਣੇ ਜ਼ਖਮੀ ਹੋ ਗਏ। ਜਦੋਂਕਿ ਤਿੰਨ ਮੋਟਰ ਸਾਇਕਲ ਤੇ ਇਕ ਸਕੂਟਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਫਕੀਰ ਚੰਦ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਸਦਾ ਲੜਕਾ ਰਾਹੁਲ ਪੜ੍ਹਨ ਜਾ ਰਿਹਾ ਸੀ ਕਿ ਉਸੇ ਦੀ ਗਲੀ ਵਿਚ ਰਹਿੰਦੇ ਮਹਿਰਾਜ ਅਲੀ ਦੇ ਲੜਕੇ ਨਾਲ ਛੋਟੀ ਜਿਹੀ ਗੱਲ ਨੂੰ ਲੈ ਕੇ ਉਸਦਾ ਝਗੜਾ ਹੋ ਗਿਆ। ਜਿਸ ਨੂੰ ਲੈ ਕੇ ਮਹਿਰਾਜ ਅਲੀ ਦੀ ਪਤਨੀ ਨੇ ਉਸਦੇ ਲੜਕੇ ਨੂੰ ਕੁੱਟ ਦਿੱਤਾ। ਜਿਸ 'ਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਸਿਟੀ ਥਾਣੇ ਵਿਚ ਕਰ ਦਿੱਤੀ। ਜਿਸਦੇ ਆਧਾਰ 'ਤੇ ਪੁਲਿਸ ਨੇ ਅੱਜ ਸਵੇਰੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਉਸਨੇ ਦੱਸਿਆ ਕਿ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਮਹਿਰਾਜ ਅਲੀ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵਿਚ ਘੁਸ ਕੇ ਪੱਥਰਾਂ ਨਾਲ ਹਮਲਾ ਬੋਲ ਦਿੱਤਾ। ਦੂਜੇ ਪਾਸੇ ਮਹਿਰਾਜ ਅਲੀ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਕੁਝ ਦੋਸਤ ਉਸਨੂੰ ਮਿਲਣ ਲਈ ਉਸਦੇ ਘਰ ਆਏ ਸਨ। ਫਕੀਰ ਚੰਦ ਦੇ ਪਰਿਵਾਰ ਵਾਲੇ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ 'ਤੇ ਹਮਲਾ ਬੋਲ ਕੇ ਉਸਨੂੰ ਜ਼ਖਮੀ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਤਿੰਨ ਮੋਟਰ ਸਾਈਕਲਾਂ ਅਤੇ ਇਕ ਸਕੂਟਰ ਨੂੰ ਪੱਥਰਾਂ ਨਾਲ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਫਕੀਰ ਚੰਦ, ਉਸਦੀ ਪਤਨੀ ਕਮਲਾ ਅਤੇ ਭਾਬੀ ਪਿੰਕੀ ਤੋਂ ਇਲਾਵਾ ਦੂਜੀ ਧਿਰ ਮਹਿਰਾਜ ਅਲੀ ਉਰਫ ਮੁੰਨਾ ਅਤੇ ਉਸਦੀ ਪਤਨੀ ਸ਼ਬੀਨੋ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਿਸ ਵਿਚ ਮਹਿਰਾਜ ਅਲੀ ਤੇ ਉਸਦੀ ਪਤਨੀ ਸ਼ਬੀਨੋ ਨੂੰ ਮੁੱਢਲੇ ਇਲਾਜ ਉਪਰੰਤ ਸਿਰਸਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਫਕੀਰ ਚੰਦ ਦੀ ਸ਼ਿਕਾਇਤ 'ਤੇ ਮਹਿਰਾਜ ਉਰਫ਼ ਮੁੰਨਾ, ਖੁਰਸ਼ੀਦ, ਸਲੀਮ ਵਾਸੀ ਪਿੰਡ ਬਾਦਲ ਅਤੇ 15-20 ਹੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਦੇਰ ਸ਼ਾਮ ਫਕੀਰ ਚੰਦ ਦੇ ਸਮਰਥਕਾਂ ਵੱਲੋਂ ਇਕੱਠੇ ਹੋ ਕੇ ਸਿਟੀ ਥਾਣੇ ਮੂਹਰੇ ਕੁਝ ਮਿੰਟਾਂ ਜਾਮ ਲਾ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਥਾਣਾ ਮੁਖੀ ਮਹਾਂ ਸਿੰਘ ਰੰਗਾ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਉਪਰੰਤ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤੇ ਜਾਣ 'ਤੇ ਜਾਮ ਖੋਲ੍ਹ ਦਿੱਤਾ ਗਿਆ।

ਪ੍ਰਵਾਸੀ ਮਜ਼ਦੂਰ ਦੇ ਅਗਵਾ ਹੋਏ ਬੱਚੇ ਸਹੀ ਸਲਾਮਤ ਮਿਲੇ

ਅਗਵਾ ਹੋਏ ਬੱਚੇ ਸਹੀ ਸਲਾਮਤ ਮਾਪਿਆਂ ਦੇ ਸਪੁਰਦ ਕਰਦੇ ਹੋਏ ਥਾਣਾ ਦਾਖਾ ਮੁਖੀ ਬਲਰਾਜ ਸਿੰਘ, ਨਾਲ ਬਲਾਕ ਸੰਮਤੀ ਮੈਂਬਰ ਰਣਜੋਧ ਸਿੰਘ ਤਲਵੰਡੀ, ਸਰਪੰਚ ਰਣਜੀਤ ਸਿੰਘ ਸਰਾਂ ਤੇ ਹੋਰ।
ਸਵੱਦੀ ਕਲਾਂ, 14 ਮਾਰਚ-ਮਾਡਲ ਥਾਣਾ ਦਾਖਾ ਦੀ ਪੁਲਿਸ ਵਲੋਂ ਵੱਡਾ ਮਾਅਰਕਾ ਮਾਰਦਿਆਂ ਇਕ ਪ੍ਰਵਾਸੀ ਮਜ਼ਦੂਰ ਦੇ ਅਗਵਾ ਹੋਏ ਤਿੰਨ ਬੱਚਿਆਂ ਨੂੰ ਤੀਜੇ ਦਿਨ ਸਹੀ ਸਲਾਮਤ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸਾਬਿਤ ਰਾਮ ਉਰਫ ਰਾਮੂ ਤੇ ਉਸ ਦੀ ਪਤਨੀ ਨਿਰਮਲਾ ਵਾਸੀ ਯੂ. ਪੀ. ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਖੁਰਦ 'ਚ ਆਪਣੇ 4 ਬੱਚਿਆਂ ਨਾਲ ਰਹਿ ਰਹੇ ਸਨ। ਬੀਤੀ 12 ਮਾਰਚ ਨੂੰ ਜਦ ਉਕਤ ਦੋਵੇਂ ਬੱਚੇ ਸਕੂਲ ਤੋਂ ਪੜ੍ਹ ਕੇ ਘਰ ਜਾ ਰਹੇ ਸਨ ਤਾਂ ਬਿਹਾਰ ਦੇ ਰਹਿਣ ਵਾਲ਼ੇ ਇਕ ਹੋਰ ਪ੍ਰਵਾਸੀ ਮਜ਼ਦੂਰ ਨੇ ਦੋਵੇਂ ਬੱਚਿਆਂ ਨੂੰ ਅਗਵਾ ਕਰ ਲਿਆ। ਥਾਣਾ ਦਾਖਾ ਮੁਖੀ ਬਲਰਾਜ ਸਿੰਘ ਵਲੋਂ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਅਗਵਾ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਕੁਝ ਸਮਾਂ ਪਹਿਲਾਂ ਪਿੰਡ ਬੌਂਦਲੀ ਵਾੜਾ ਨੇੜੇ ਸ਼ਾਹਕੋਟ ਵਿਖੇ ਇਕ ਜ਼ਿੰਮੀਦਾਰ ਪਾਸ ਕੰਮ ਕਰਦਾ ਸੀ। ਉਹ ਬੱਚਿਆਂ ਨੂੰ ਅਗਵਾ ਕਰਕੇ ਉਕਤ ਜ਼ਿੰਮੀਦਾਰ ਕੋਲ ਲੈ ਗਿਆ। ਜ਼ਿੰਮੀਦਾਰ ਦੇ ਪਰਿਵਾਰ ਨੂੰ ਸ਼ੱਕ ਪੈਦਾ ਹੋ ਗਿਆ ਕਿ ਬੱਚੇ ਸਕੂਲੀ ਵਰਦੀ 'ਚ ਹਨ ਤੇ ਪੰਜਾਬੀ ਬੋਲਦੇ ਹਨ, ਜਦਕਿ ਪ੍ਰਵਾਸੀ ਮਜ਼ਦੂਰ ਹਿੰਦੀ ਬੋਲਦਾ ਹੈ। ਕਿਸੇ ਭੇਤ ਖੁੱਲ੍ਹਣ ਦੇ ਡਰੋਂ ਉਕਤ ਅਗਵਾਕਾਰ ਬੱਚਿਆਂ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਵਲੋਂ ਅੱਜ ਦੋਵੇਂ ਬੱਚੇ ਸਹੀ ਸਲਾਮਤ ਬਰਾਮਦ ਕਰਕੇ ਉਨ੍ਹਾਂ ਦੇ ਮਾਂ-ਬਾਪ ਦੇ ਹਵਾਲੇ ਕਰ ਦਿੱਤੇ। ਇਕੱਤਰ ਪਿੰਡ ਵਾਸੀਆਂ ਨੇ ਥਾਣਾ ਦਾਖਾ ਦੇ ਮੁਖੀ ਬਲਰਾਜ ਸਿੰਘ ਤੇ ਸਮੁੱਚੀ ਪੁਲਿਸ ਪਾਰਟੀ ਦੇ ਉੱਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸ ਮੌਕੇ ਥਾਣਾ ਮੁਖੀ ਬਲਰਾਜ ਸਿੰਘ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਰਣਜੋਧ ਸਿੰਘ ਤਲਵੰਡੀ, ਸਰਪੰਚ ਰਣਜੀਤ ਸਿੰਘ ਸਰਾਂ, ਪੰਚ ਤੀਰਥ ਸਿੰਘ, ਪੰਚ ਮੱਘਰ ਸਿੰਘ, ਪੰਚ ਕੰਵਲਜੀਤ ਸਿੰਘ ਸਵੀਟਾ, ਪੰਚ ਬਾਰਾ ਸਿੰਘ, ਬਲਵੰਤ ਸਿੰਘ ਸਰਾਂ, ਡਾ: ਕੁਲਵੰਤ ਸਿੰਘ, ਜੁਗਰਾਜ ਸਿੰਘ, ਭੁਪਿੰਦਰ ਸਿੰਘ, ਬਿੰਦਰ ਸਿੰਘ ਚਾਹਲ, ਅਜਮੇਰ ਸਿੰਘ ਬਾਵਾ, ਮਨਪ੍ਰੀਤ ਸਿੰਘ ਮਨੀ ਤੇ ਚਮਕੌਰ ਸਿੰਘ ਵੀ ਹਾਜ਼ਰ ਸਨ।

ਸੜਕ ਹਾਦਸੇ 'ਚ 3 ਸਾਲਾ ਬੱਚੀ ਗੰਭੀਰ ਜ਼ਖ਼ਮੀ
ਡੇਹਲੋਂ/ਆਲਮਗੀਰ, 14 ਮਾਰਚ -ਪਿੰਡ ਸ਼ੰਕਰ ਵਿਖੇ ਇਕ ਨਸ਼ਈ ਕਾਰ ਚਾਲਕ ਦੀ ਗਲਤੀ ਕਾਰਨ ਦੋ ਕਾਰਾਂ ਵਿਚ ਹੋਈ ਟੱਕਰ ਤੋਂ ਬਾਅਦ ਇਕ ਕਾਰ ਦੇ ਘਰ 'ਚ ਵੜ ਜਾਣ ਕਾਰਨ ਤਿੰਨ ਸਾਲਾ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਸਾਹਨੇਵਾਲ ਦੀ ਤਰਫੋਂ ਆ ਰਹੀ ਮਾਰੂਤੀ ਅਲਟੋ ਕਾਰ ਜਿਸ ਨੂੰ ਕਿ ਜਗੇੜਾ ਪਿੰਡ ਵਾਸੀ ਨੌਜਵਾਨ ਚਲਾ ਰਿਹਾ ਸੀ, ਜਦਕਿ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਉਹ ਨਸ਼ੇ 'ਚ ਪੂਰੀ ਤਰਾਂ ਧੁੱਤ ਸੀ। ਉਸ ਨੂੰ ਗੱਡੀ ਚਲਾਉਣ ਦੀ ਹਾਲਤ 'ਚ ਨਾਂ ਹੋਣ ਕਾਰਨ ਗੱਡੀ ਚਲਾਉਣ ਤੋਂ ਵਰਜਣ 'ਤੇ ਵੀ ਉਹ ਗੱਡੀ ਭਜਾ ਕੇ ਡੇਹਲੋਂ ਵੱਲ ਨੂੰ ਲੈ ਆਇਆ। ਰਸਤੇ 'ਚ ਪੈਂਦੇ ਪਿੰਡ ਸ਼ੰਕਰ ਵਿਖੇ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਅਲਟੋ ਗੱਡੀ ਭਾਗ ਸਿੰਘ ਪੁੱਤਰ ਰਤਨ ਸਿੰਘ ਦੇ ਘਰ 'ਚ ਜਾ ਵੜੀ ਤੇ ਘਰ 'ਚ ਖੇਡ ਰਹੀ ਤਿੰਨ ਸਾਲਾ ਬੱਚੀ ਸਿਮਰਨਦੀਪ ਕੌਰ ਨੂੰ ਟੱਕਰ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਬੱਚੀ ਨੂੰ ਸਰਕਾਰੀ ਹਸਪਤਾਲ ਡੇਹਲੋਂ ਵਿਖੇ ਪਹੁੰਚਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਿਆਨੰਦ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਡਾ: ਨਦੀਮ ਦੀ ਕਿਤਾਬ ਕੁੱਲੀਯਾਤ-ਏ-ਸਾਹਿਰ ਲੁਧਿਆਣੀ ਰਿਲੀਜ਼

ਡਾ: ਨਦੀਮ ਦੀ ਪੁਸਤਕ ਰਿਲੀਜ਼ ਕਰਦੇ ਹੋਏ ਡਾ: ਜਸਪਾਲ ਸਿੰਘ ਤੇ ਡਾ: ਦੇਵਿੰਦਰ ਸਿੰਘ (ਦੋਨੋ ਵਾਈਸ ਚਾਂਸਲਰ) ਤੇ ਹੋਰ।
ਖੰਨਾ, 14 ਮਾਰਚ-ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 38ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਸਿੱਧ ਵਿਦਵਾਨ ਡਾ: ਜਸਪਾਲ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਮਰਜੀਤ ਕੌਰ ਵੱਲੋਂ ਡਾ: ਨਦੀਮ ਅਹਿਮ ਦੀ ਲਿਪੀ ਅੰਤਰਿਤ ਕਿਤਾਬ 'ਕੁੱਲੀਯਾਤ-ਏ-ਸਾਹਿਰ ਲੁਧਿਆਣੀ' ਰਿਲੀਜ਼ ਕੀਤੀ ਗਈ। ਡਾ: ਨਦੀਮ ਅਹਿਮ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਕੈਂਪਸ 'ਚ ਭਾਰਤ ਸਰਕਾਰ ਦੇ ਅਦਾਰੇ ਉਤਰ ਖੇਤਰੀ ਭਾਸ਼ਾ ਕੇਂਦਰ ਪਟਿਆਲਾ ਵਿਖੇ ਬਤੌਰ ਉਰਦੂ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਲਿਪੀ ਅੰਤਰਿਤ ਇਹ ਪੁਸਤਕ ਪੰਜਾਬੀ ਸਾਹਿਤ ਦਾ ਇਕ ਸਾਂਭਣਯੋਗ ਸਰਮਾਇਆ ਬਣ ਗਈ ਹੈ। ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਡਾ: ਨਦੀਮ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਹੋਰ ਅਮੀਰ ਬਣਾਉਣ ਲਈ ਜ਼ਰੂਰੀ ਹੈ ਕਿ ਦੂਜੀਆਂ ਭਾਸ਼ਾਵਾਂ ਦੀਆਂ ਸ਼ਾਹਕਾਰ ਰਚਨਾਵਾਂ ਦਾ ਪੰਜਾਬੀ ਭਾਸ਼ਾ ਵਿਚ ਲਿਪੀ ਅੰਤਰ ਜਾਂ ਅਨੁਵਾਦ ਕੀਤਾ ਜਾਵੇ। ਇਸੇ ਯੋਜਨਾ ਤਹਿਤ ਡਾ: ਨਦੀਮ ਵਲੋਂ 'ਕੁਲੀਯਾਤ-ਏ-ਇਕਬਾਲ' ਨੂੰ ਉਰਦੂ ਤੋਂ ਪੰਜਾਬੀ ਭਾਸ਼ਾ ਵਿਚ ਲਿਪੀ ਅੰਤਰ ਕੀਤਾ ਜਾ ਰਿਹਾ ਹੈ।

ਘਰ ਵਿਚ ਅੱਗ ਲੱਗਣ ਨਾਲ ਔਰਤ ਦੀ ਮੌਤ

ਭੁੱਚੋ ਮੰਡੀ. 14 ਮਾਰਚ-ਮੰਡੀ ਦੇ ਗੁਰੂ ਅਰਜਨ ਦੇਵ ਨਗਰ ਵਿੱਚ ਇਕ ਘਰ 'ਚ ਅਚਾਨਕ ਲੱਗੀ ਅੱਗ ਨਾਲ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸਵੇਰੇ 10-11 ਵਜੇ ਦੇ ਕਰੀਬ ਸਰਕਾਰੀ ਐਲੀਮੈਂਟਰੀ ਸਕੂਲ ਦੇ ਨਾਲ ਲੱਗਦੇ ਘਰ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਇਸ ਨੂੰ ਬੁਝਾਉਣ ਲਈ ਜੱਦੋ ਜਹਿਦ ਕਰਨ ਲੱਗ ਪਏ।
ਅੱਗ 'ਤੇ ਤਾਂ ਕਾਬੂ ਪਾ ਲਿਆ ਪਰ ਕਮਰੇ ਅੰਦਰ ਪਈ ਕਰਮਜੀਤ ਕੌਰ ਪਤਨੀ ਜਗਜੀਤ ਸਿੰਘ ਨੂੰ ਬਚਾਇਆ ਨਹੀ ਜਾ ਸਕਿਆ। ਇਸ ਸਮੇਂ ਕਰਮਜੀਤ ਕੌਰ ਅਤੇ ਇਕ ਛੋਟੀ ਲੜਕੀ ਹੀ ਘਰ ਵਿਚ ਸੀ ਅਤੇ ਲੜਕੀ ਨਹਾ ਰਹੀ ਸੀ। ਅੱਗ ਨਾਲ ਸਾਰਾ ਕਮਰਾ ਅਤੇ ਅੰਦਰ ਪਿਆ ਬੈੱਡ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਕਮਰੇ ਵਿੱਚ ਪਏ ਢੋਲ ਜਿਸ 'ਤੇ ਰੂੰ ਦੀ ਗਠੜੀ ਪਈ ਸੀ ਨੂੰ ਅੱਗ ਲੱਗ ਗਈ ਅਤੇ ਜਲਦੀ ਹੀ ਕਮਰੇ ਵਿਚ ਪਏ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਡੀ. ਐੱਸ. ਪੀ. ਭੁੱਚੋ ਲਖਬੀਰ ਸਿੰਘ ਪੁਲਿਸ ਪਾਰਟੀ ਨੀਲ ਮੌਕੇ 'ਤੇ ਪੁੱਜੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਰਦੁਆਰਾ ਚੋਣ ਕਮਿਸ਼ਨ ਨੂੰ ਨਵਾਂ ਦਫ਼ਤਰ ਮਿਲਿਆ
ਚੰਡੀਗੜ੍ਹ.- 14 ਮਾਰਚ ਲਗਪਗ 16 ਸਾਲ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਨੂੰ ਨਵਾਂ ਦਫਤਰ ਮਿਲ ਹੀ ਗਿਆ। ਇਸ ਸਮੇਂ ਇਹ ਦਫਤਰ ਇਕ ਸੇਵਾ ਮੁਕਤ ਮੇਜਰ ਦੀ ਕੋਠੀ ਨੰਬਰ 23 ਸੈਕਟਰ 8 ਵਿਚ ਸੀ। ਪਰ ਹੁਣ ਇਹ ਸੈਕਟਰ 8 ਵਿਚ ਹੀ ਸ਼ਾਪ ਕਮ ਆਫਿਸ 156-160 'ਚ ਤਬਦੀਲ ਹੋ ਗਿਆ ਹੈ।

ਸਰਹੱਦੀ ਇਲਾਕੇ 'ਚ ਛੇ ਮਹੀਨੇ ਲੱਗੇਗਾ ਰਾਤ ਦਾ ਕਰਫ਼ਿਊ
ਸ੍ਰੀਗੰਗਾਨਗਰ. - 14 ਮਾਰਚ -ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਗੰਗਾਨਗਰ ਜ਼ਿਲ੍ਹੇ 'ਚ ਲਗਾਏ ਗਏ ਰਾਤ ਦੇ ਕਰਫ਼ਿਊ ਨੂੰ ਵਧਾ ਕੇ ਛੇ ਮਹੀਨੇ ਕਰ ਦਿੱਤਾ ਹੈ। ਜ਼ਿਲ੍ਹਾ ਕੁਲੈਕਟਰ ਅਤੇ ਮੈਜਿਸਟਰੇਟ ਨੇ ਪਿਛਲੀ 6 ਮਾਰਚ ਨੂੰ 5 ਮਈ ਤੱਕ ਦੇ ਲਈ ਅੰਤਰਰਾਸ਼ਟਰੀ ਸਰਹੱਦ ਦੇ ਦੋ ਕਿਲੋਮੀਟਰ ਦੇ ਦਾਇਰੇ ਵਿਚ ਰਾਤ ਨੂੰ ਕਰਫ਼ਿਊ ਲਾਉਣ ਦਾ ਆਦੇਸ਼ ਦਿੱਤਾ ਸੀ। ਜ਼ਿਲ੍ਹਾ ਕੁਲੈਕਟਰ ਕੋਲ ਵੱਧ ਤੋਂ ਵੱਧ ਦੋ ਮਹੀਨੇ ਲਈ ਕਰਫ਼ਿਊ ਲਾਉਣ ਦਾ ਅਧਿਕਾਰ ਹੋਣ ਦੇ ਕਾਰਨ ਇਸ ਵਾਰ ਪ੍ਰਸ਼ਾਸਨ ਨੇ ਰਾਜ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਇਸ ਨੂੰ 6 ਮਹੀਨੇ ਤੱਕ ਲਾਗੂ ਕਰਨ ਦੀ ਮੰਗ ਕੀਤੀ ਸੀ। ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਆਉਣ ਵਾਲੇ ਛੇ ਮਹੀਨੇ ਤੱਕ ਰਾਤ ਦੇ ਸਮੇਂ ਕਰਫ਼ਿਊ ਲਾਉਣਾ ਮਨਜ਼ੂਰ ਕਰ ਦਿੱਤਾ ਹੈ।

ਪਿੰਡ ਖੋਖਰ ਦੇ ਡੇਰੇ 'ਚੋਂ ਬੰਦੂਕ ਅਤੇ 20 ਕਾਰਤੂਸ ਮਿਲੇ

ਸ੍ਰੀ ਮੁਕਤਸਰ ਸਾਹਿਬ 14 ਮਾਰਚ -ਸ: ਗੁਰਦੀਪ ਸਿੰਘ ਡੀ. ਐਸ. ਪੀ.ਮੁਕਤਸਰ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਲੱਗਭਗ 10 ਮੀਲ ਦੂਰ ਪਿੰਡ ਖੋਖਰ ਦੇ ਡੇਰਾ ਸ਼ੰਕਰ ਮੁਨੀ ਜਿਸ ਦੀ ਮੌਤ ਲਗਭਗ ਅੱਠ, ਨੌ ਮਹੀਨੇ ਪਹਿਲਾਂ ਹੋ ਚੁੱਕੀ ਹੈ, ਉਸ ਦੇ ਡੇਰੇ ਵਿਚੋਂ ਇਕ ਬੰਦੂਕ ਅਤੇ 20 ਕਾਰਤੂਸ ਮਿਲੇ ਹਨ।
ਇਸ ਬੰਦੂਕ ਬਾਰੇ ਡੇਰੇ ਦੇ ਮੁਨੀ ਬਾਬਾ ਗੰਗਾ ਰਾਮ ਜੋ ਕਿ ਹੁਣ ਗੱਦੀ ਨਸ਼ੀਨ ਹਨ ਨੇ ਪਿੰਡ ਦੀ ਪੰਚਾਇਤ ਨੂੰ ਸੂਚਨਾ ਦਿੱਤੀ ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਰਾਈਫਲ ਅਤੇ ਕਾਰਤੂਸ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਡੇਰੇ ਦੇ ਪਹਿਲੇ ਮੁਖੀ ਸ਼ੰਕਰ ਮੁਨੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਨੂੰ ਪਿੰਡ ਭੁੱਟੀਵਾਲਾ ਵਿਚ ਹੋਏ ਕਤਲਾਂ ਦੇ ਸਬੰਧ 'ਚ ਪੁਲਿਸ ਨੇ ਬਾਬੇ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਵੀ ਭੇਜਿਆ ਸੀ।

ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਲਈ ਡੀ.ਐੱਮ.ਯੂ. ਗੱਡੀ ਦੁਬਾਰਾ ਸ਼ੁਰੂ
ਹੁਸ਼ਿਆਰਪੁਰ. 14 ਮਾਰਚ -ਕੇਂਦਰੀ ਰੇਲਵੇ ਮੰਤਰੀ ਸ੍ਰੀ ਦਿਨੇਸ਼ ਤ੍ਰਿਵੇਦੀ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਸੰਤੋਸ਼ ਚੌਧਰੀ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀਆਂ ਰੇਲਵੇ ਸੰਬੰਧੀ ਲੰਮੇ ਸਮੇਂ ਤੋਂ ਕੀਤੀਆਂ ਰਹੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਨੂੰ ਸਿੱਧੀ ਰੇਲ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਨਾਲ ਫ਼ਿਰੋਜ਼ਪੁਰ ਨੂੰ ਜਾਣ ਵਾਲੀ ਡੀ. ਐੱਮ. ਯੂ. ਬੰਦ ਕਰ ਦਿੱਤੀ ਗਈ ਸੀ, ਹੁਣ ਉਹ ਦੋਬਾਰਾ ਸ਼ੁਰੂ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਸ਼ਿਆਰਪੁਰ-ਊਨਾ, ਹੁਸ਼ਿਆਰਪੁਰ-ਟਾਂਡਾ ਜਿਨ੍ਹਾਂ ਰੇਲ ਮਾਰਗਾਂ ਦਾ ਸਰਵੇ ਹੋ ਚੁੱਕਾ ਸੀ, ਨੂੰ ਯੋਜਨਾ ਕਮਿਸ਼ਨ ਤੋਂ ਭੇਜ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਹੁਸ਼ਿਆਰਪੁਰ-ਫਗਵਾੜਾ ਰੇਲਵੇ ਮਾਰਗ ਦੇ ਸਰਵੇ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਹਲਕੇ ਫਿਲੌਰ 'ਚ ਰਾਹੋਂ ਤੋਂ ਸਮਰਾਲਾ ਲਈ ਰੇਲ ਲਾਈਨ ਦੇ ਸਰਵੇ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਰੇਲਵੇ ਬਜਟ ਵਿਚ ਨਵੀਂ ਗੁਰੂ ਪਰਿਕਰਮਾ ਵਿਸ਼ੇਸ਼ ਗੱਡੀ ਦੀ ਤਜਵੀਜ਼ ਦਿੱਤੀ ਗਈ ਹੈ ਜੋ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਅਤੇ ਉੱਥੋਂ ਹਜ਼ੂਰ ਸਾਹਿਬ ਨੂੰ ਚੱਲੇਗੀ।

ਧਾਰਮਿਕ ਅਸਥਾਨਾਂ ਬਾਰੇ ਸੁਹਿਰਦਤਾ ਨਾਲ ਵਿਚਾਰ ਕੀਤਾ ਜਾਵੇ-ਸਿੰਘ ਸਾਹਿਬ
ਸ੍ਰੀਗੰਗਾਨਗਰ, 14 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪ੍ਰੈੱਸ ਦੇ ਨਾਂਅ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਜਸਥਾਨ ਦੀ ਸਰਕਾਰ ਵੱਲੋਂ ਸ੍ਰੀਗੰਗਾਨਗਰ, ਪਦਮਪੁਰ ਰੋਡ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਇਸੇ ਤਰ੍ਹਾਂ ਹੀ ਨਹਿਰ ਦੇ ਕਿਨਾਰੇ ਬਣੇ ਹੋਰ ਮੰਦਿਰ, ਮਸਜਿਦਾਂ ਅਤੇ ਧਾਰਮਿਕ ਅਸਥਾਨ ਢਾਹੁਣ ਬਾਰੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਉਹ ਅਤਿ ਨਿੰਦਣਯੋਗ ਕਾਰਵਾਈ ਹੈ। ਸਿੰਘ ਸਾਹਿਬ ਦੇ ਨਿੱਜੀ ਸਹਾਇਕ ਸ: ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਜਦ ਇਹ ਅਸਥਾਨ ਬਣਾਏ ਜਾ ਰਹੇ ਹੁੰਦੇ ਨੇ ਤਾਂ ਪ੍ਰਸ਼ਾਸਨ ਉਸ ਸਮੇਂ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ। ਪ੍ਰੰਤੂ ਜਦ ਇਹ ਅਸਥਾਨ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਜਾਂਦੇ ਨੇ ਤਾਂ ਸਰਕਾਰ ਨੂੰ ਢਾਹੁਣ ਦਾ ਚੇਤਾ ਆ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਲੋਕਾਂ ਦੀ ਧਾਰਮਿਕ ਅਸਥਾਨਾਂ ਨਾਲ ਆਸਥਾ ਜੁੜੇ ਹੋਣ ਕਾਰਨ ਇਸ ਮਸਲੇ ਨੂੰ ਬੜੀ ਸੁਹਿਰਦਤਾ ਨਾਲ ਵਿਚਾਰਨ ਦੀ ਅਪੀਲ ਕੀਤੀ। ਸਿੰਘ ਸਾਹਿਬ ਨੇ ਰਾਜਸਥਾਨ ਦੀਆਂ ਸੰਗਤਾਂ ਨੂੰ ਵੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੰਦਿਰ ਕਮੇਟੀਆਂ ਅਤੇ ਮਸਜਿਦ ਕਮੇਟੀਆਂ ਨੂੰ ਜਦ ਵੀ ਉਹ ਕਿਤੇ ਕੋਈ ਧਾਰਮਿਕ ਅਸਥਾਨ ਦੀ ਉਸਾਰੀ ਕਰਨਾ ਚਾਹੁਣ ਉਸ ਜਗ੍ਹਾ ਦੀ ਰਜਿਸਟਰੀ ਕਰਵਾ ਕੇ ਅਤੇ ਪ੍ਰਸ਼ਾਸਨ ਦੀ ਆਗਿਆ ਨਾਲ ਬਣਾਉਣ ਤਾਂ ਜੋ ਬਾਅਦ ਵਿਚ ਕੋਈ ਵਾਦ-ਵਿਵਾਦ ਪੈਦਾ ਨਾ ਹੋਵੇ।

ਕਿਸਾਨ ਖੇਤੀਬਾੜੀ ਦੀ ਬਦਲਵੀਂ ਨੁਹਾਰ ਨੂੰ ਸਮਝਣ-ਡਾ: ਕਾਲਕਟ

ਬਠਿੰਡਾ ਵਿਖੇ ਲੱਗੇ ਕਿਸਾਨ ਮੇਲੇ 'ਚੋਂ ਬੀਜ ਲੈ ਕੇ ਜਾਂਦੇ
ਹੋਇਆ ਕਿਸਾਨ।
ਬਠਿੰਡਾ, 14 ਮਾਰਚ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਗੁਰਚਰਨ ਸਿੰਘ ਕਾਲਕਟ ਨੇ ਕਿਹਾ ਕਿ ਖੇਤੀ ਦਾ ਕਿੱਤਾ ਹੁਣ ਅਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿਚ ਕਿਸਾਨ ਨੂੰ ਵਪਾਰੀ ਅਤੇ ਵਿਗਿਆਨੀ ਬਣ ਕੇ ਸੋਚਣਾ ਪਵੇਗਾ। ਡਾ. ਕਾਲਕਟ ਨੇ ਕਿਹਾ ਕਿ ਬਦਲਵੇਂ ਵਾਤਾਵਰਣ ਵਿਚ ਖੇਤੀਬਾੜੀ ਦੀ ਨੁਹਾਰ ਬਦਲਦੀ ਹੈ ਇਸ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਰਾਬਤਾ ਰੱਖਣਾ ਅਤੇ ਨਵੀਆਂ ਤਕਨੀਕਾਂ ਦੇ ਹਾਣੀ ਬਣਨ ਦੀ ਲੋੜ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਸਭ ਨੂੰ ਦਿਨੋਂ ਦਿਨ ਵਿਗੜ ਰਹੇ ਵਾਤਾਵਰਣ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਕੁਦਰਤੀ ਸੋਮਿਆਂ ਦੀ ਤਰਕ ਅਤੇ ਸੰਜਮ ਨਾਲ ਵਰਤੋ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਤੁਰਨਾ ਚਾਹੀਦਾ ਹੈ ਕਿਉਕਿ ਕਿ ਖੇਤੀ ਖਰਚੇ ਦਿਨੋਂ-ਦਿਨ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਇਸ ਯੁੱਗ ਵਿੱਚ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜ ਕੇ ਹੀ ਖੇਤੀ ਵਿੱਚ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ.ਮੁਖਤਾਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਜਣ ਦੀ ਤਿਆਰੀ ਤੋਂ ਵੱਡਣ ਅਤੇ ਮੰਡੀਕਰਨ ਤੱਕ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਅਤੇ ਭਵਿੱਖ ਵਿਚ ਹੋਣ ਵਾਲੇ ਉਪਰਾਲਿਆਂ ਦੇ ਨਿਰਦੇਸ਼ਕ (ਖੋਜ) ਰਜਿਸਟਰਾਰ ਡਾ. ਸਤਬੀਰ ਸਿੰਘ ਗੋਸਲ ਨੇ ਚਾਨਣਾ ਪਾਇਆ। ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਅਤੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਵਿਕਰੀ, ਨਵੀ ਤਕਨਲੋਜੀ ਦੀ ਮਸ਼ੀਨਰੀ ਅਤੇ ਹੋਰ ਖੇਤੀ ਯੰਤਰਾਂ ਪ੍ਰਤੀ ਵੀ ਕਿਸਾਨਾਂ ਨੇ ਰੁਚੀ ਵਿਖਾਈ। ਸਨ। ਇਸ ਮੇਲੇ ਦੌਰਾਨ ਕਿਸਾਨਾਂ ਦੇ ਖੇਤੀ ਜਿਨਸਾਂ ਅਤੇ ਕਿਸਾਨ ਬੀਬੀਆਂ ਲਈ ਕਰੋਸ਼ੀਆ ਬੁਣਨ, ਚੁੰਨੀਆਂ ਰੰਗਣ ਅਤੇ ਵਾਧੂ ਸਾਮਾਨ ਦੀ ਯੋਗ ਵਰਤੋ ਕਰਨ ਸਬੰਧੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਨਾਮ ਦਿੱਤੇ ਗਏ। ਬਾਲ ਕਲਾਕਾਰਾਂ ਵੱਲੋਂ ਲੋਕ ਗਾਥਾਵਾਂ ਪੇਸ਼ ਕੀਤੀਆਂ ਗਈਆਂ। ਮੇਲੇ ਵਿਚ ਕਿਸਾਨਾਂ ਵੱਲੋਂ ਬਾਹਰਲੀਆਂ ਨਰਸਰੀਆਂ ਤੋਂ ਫੁੱਲ ਅਤੇ ਫੱਲਦਾਰ ਬੂਟੇ ਵੇਚਣ ਦੀਆਂ ਲੱਗੀਆਂ ਸਟਾਲਾਂ 'ਤੇ ਵੀ ਉਤਸ਼ਾਹ ਵਿਖਇਆ ਗਿਆ।

ਸਰੋਤੇ ਮਿਆਰੀ ਗੀਤ, ਸੰਗੀਤ ਸੁਣਨ ਦੀ ਆਦਤ ਪਾਉਣ-ਗੁਰਦਾਸ ਮਾਨ
ਫ਼ਰੀਦਕੋਟ, 14 ਮਾਰਚ -ਪੰਜਾਬੀ ਸੰਗੀਤ ਵਿਚ ਘੁਲ ਰਿਹਾ ਪੱਛਮੀ ਪੌਪ ਦਾ ਰੰਗ ਮਾਂ ਬੋਲੀ ਸੰਗੀਤ ਲਈ ਘਾਤਕ ਹੈ, ਜਿਸ ਨੂੰ ਮਿਆਰੀ ਗੀਤ, ਸੰਗੀਤ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਵੱਲੋਂ ਮੂਲੋਂ ਹੀ ਨਕਾਰਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਸੁਖਬੀਰ ਸਿੰਘ ਕੁੰਡਲ ਦੇ ਗ੍ਰਹਿ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਹਮੇਸ਼ਾ ਅਰਥ-ਭਰਪੂਰ ਗੀਤਾਂ ਦੀ ਪੇਸ਼ਕਾਰੀ ਨੂੰ ਪਹਿਲ ਦਿੱਤੀ ਹੈ ਤਾਂ ਕਿ ਪੱਛਮੀ ਸਭਿਆਚਾਰ ਵੱਲ ਮੁੜ ਰਹੀ ਨੌਜਵਾਨ ਪੀੜ੍ਹੀ ਆਪਣੇ ਅਸਲ ਸਭਿਆਚਾਰ ਅਤੇ ਵਿਰਸੇ ਨਾਲ ਜੁੜੀ ਰਹੇ। ਸ: ਮਾਨ ਨੇ ਕਿਹਾ ਕਿ ਪੰਜਾਬੀ ਸੰਗੀਤ ਦੀ ਧਮਕ ਵਿਦੇਸ਼ੀ ਵਿਹੜਿਆਂ ਵਿਚ ਵੀ ਅੱਜ ਆਪਣੀਆਂ ਰੌਣਕਾਂ ਵਧਾ ਰਹੀ ਹੈ ਜਿਸ ਨਾਲ ਪੰਜਾਬੀ ਸੰਗੀਤ ਦਾ ਰੁਤਬਾ ਹੋਰ ਬੁਲੰਦ ਹੋਇਆ ਹੈ ਅਤੇ ਇਸ ਨੂੰ ਹੋਰ ਮਾਣ ਬਖ਼ਸ਼ਣ ਲਈ ਸਰੋਤਿਆਂ ਨੂੰ ਵੀ ਮਿਆਰੀ ਗੀਤ-ਸੰਗੀਤ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਨਾਲ ਅਸ਼ਲੀਲਤਾ ਦੀਆਂ ਹੱਦਾਂ ਟੱਪ ਰਿਹਾ ਆਧੁਨਿਕ ਗਾਇਕੀ ਦਾ ਇਹ ਦੌਰ ਹੌਲੀ-ਹੌਲੀ ਆਪਣੇ-ਆਪ ਬੰਦ ਹੋ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਉਹ ਨਵੇਂ ਗਾਇਕਾਂ ਨੂੰ ਵੀ ਇਹ ਪੁਰਜ਼ੋਰ ਅਪੀਲ ਕਰਦੇ ਹਨ ਕਿ ਉਹ ਅਜਿਹੇ ਗੀਤਾਂ ਦੀ ਚੋਣ ਕਰਨ ਜੋ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜ ਨੂੰ ਕੋਈ ਦਿਸ਼ਾ ਵੀ ਦੇਣ।
ਰੇਲਵੇ ਬਜਟ ਨਾਲ ਗਰੀਬਾਂ ਉਤੇ ਪਵੇਗਾ ਹੋਰ ਬੋਝ-ਢੀਂਡਸਾ
ਸੰਗਰੂਰ, 14 ਮਾਰਚ - ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਰੇਲ ਬਜਟ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਬਜਟ ਦੇ ਲਾਗੂ ਹੋਣ ਨਾਲ ਗਰੀਬਾਂ ਉਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰੀ ਸ੍ਰੀ ਤ੍ਰਿਵੇਦੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਆਗੂ ਕੁਮਾਰੀ ਮਮਤਾ ਬੈਨਰਜੀ ਖੁਦ ਹੀ ਇਸ ਬਜਟ ਤੋਂ ਨਿਰਾਸ਼ ਅਤੇ ਨਰਾਜ਼ ਹੈ। ਸ. ਢੀਂਡਸਾ ਨੇ ਕਿਹਾ ਕਿ ਰੇਲਵੇ ਬਜਟ ਦੀ ਬਹਿਸ ਦੌਰਾਨ ਉਹ ਸੰਗਰੂਰ ਵਿਚੋਂ ਲੰਘਦੀ ਸ਼ਤਾਬਦੀ ਐਕਸਪ੍ਰੈਸ ਗੱਡੀ ਦਾ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ ਕਿ ਇਹ ਗੱਡੀ ਸ਼ਾਮ ਨੂੰ ਲੁਧਿਆਣਾ ਤੋਂ ਚੱਲ ਕੇ ਸੰਗਰੂਰ ਵਿਚੋਂ ਦੀ ਹੁੰਦੀ ਹੋਈ ਰਾਤ ਨੂੰ ਦਿੱਲੀ ਪਹੁੰਚਦੀ ਹੈ। ਚਾਹੀਦਾ ਇਹ ਹੈ ਕਿ ਇਹ ਗੱਡੀ ਸਵੇਰੇ ਚੱਲੇ ਅਤੇ ਲੋਕ ਆਪਣਾ ਕੰਮ ਕਾਰ ਕਰ ਕੇ ਸ਼ਾਮ ਨੂੰ ਇਸ ਗੱਡੀ ਰਾਹੀਂ ਵਾਪਸ ਆ ਸਕਣ।
ਮੀਨੂੰ ਸਿੰਘ ਦੀ ਐਲਬਮ 'ਇਸ਼ਕ ਮੁਹੱਬਤ ਪਿਆਰ' ਨੂੰ ਭਰਵਾਂ ਹੁੰਗਾਰਾ
ਮਾਨਸਾ, 14 ਮਾਰਚ  ਸਥਾਨਕ ਸ਼ਹਿਰ ਦੀ ਜੰਮਪਲ ਗਾਇਕਾ ਮੀਨੂੰ ਸਿੰਘ ਦੀ ਪਲੇਠੀ ਐਲਬਮ 'ਇਸ਼ਕ ਮੁਹੱਬਤ ਪਿਆਰ' ਨੂੰ ਦੇਸ਼ ਵਿਦੇਸ਼ ਵਿਚ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨੀਂ ਪ੍ਰਸਿੱਧ ਗੀਤਕਾਰ ਅਮਰਦੀਪ ਸਿੰਘ ਗਿੱਲ ਦੀ ਪੇਸ਼ਕਾਰੀ ਹੇਠ ਸਪੀਡ ਰਿਕਾਰਡਜ਼ ਵੱਲੋਂ ਜਾਰੀ ਕੀਤੀ ਗਈ ਇਸ ਕੈਸਿਟ ਵਿਚ ਗੀਤਕਾਰ ਗਿੱਲ ਤੋਂ ਇਲਾਵਾ ਗੁਰਚਰਨ ਵਿਰਕ ਅਤੇ ਮਨਪ੍ਰੀਤ ਟਿਵਾਣਾ ਦੇ ਗੀਤ ਸ਼ਾਮਿਲ ਹਨ। ਗੀਤਕਾਰ ਗਿੱਲ ਅਨੁਸਾਰ ਐਲਬਮ ਦੇ 2 ਗੀਤ 'ਮੇਰੇ ਵੀਰ ਭਗਤ ਸਿੰਘ', 'ਕਿੰਨਾ ਸੋਹਣਾ ਅਸੀਂ ਕਰਦੇ ਗੁਨਾਹ ਸੱਜਣਾਂ' ਨੂੰ ਨੌਜਵਾਨ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮੀਨੂੰ ਸਿੰਘ ਨੇ ਸਭ ਤੋਂ ਪਹਿਲਾਂ ਬਾਲ ਗਾਇਕਾ ਵਜੋਂ 2003 ਵਿਚ 'ਅਜੀਤ' ਵੱਲੋਂ ਕਰਵਾਏ ਗਏ ਸਭਿਆਚਾਰਕ ਮੇਲੇ 'ਚ ਇੱਕ ਧਾਰਮਿਕ ਗੀਤ ਗਾ ਕੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਜਦਕਿ ਅੱਜ ਕੱਲ੍ਹ ਉਹ ਬਠਿੰਡਾ ਵਿਖੇ ਵਿੱਦਿਆ ਪ੍ਰਾਪਤ ਕਰ ਰਹੀ ਹੈ।

ਫੰਡ ਬੰਦ ਹੋਣ ਕਾਰਨ ਸਰਕਾਰੀ ਹਸਪਤਾਲਾਂ 'ਚ ਜਣੇਪਾ ਕੇਸ ਆਉਣੇ ਘਟੇ
ਗੁਰਦਾਸਪੁਰ, 14 ਮਾਰਚ -ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਸਰਕਾਰੀ ਹਸਪਤਾਲਾਂ ਵਿਚ ਸਫਲਤਾ ਪੂਰਵਕ ਜਣੇਪੇ ਸਬੰਧੀ ਚੱਲਦੀ ਆ ਰਹੀ ਸਕੀਮ ਦੇ ਤਹਿਤ ਸਰਕਾਰ ਵੱਲੋਂ ਕੀਤੇ ਜਾਂਦੇ ਫ਼ੰਡਾਂ 'ਤੇ ਰੋਕ ਲਗਾ ਦਿੱਤੇ ਜਾਣ ਨਾਲ ਇਹ ਸਕੀਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਫ਼ੰਡਾਂ ਨਾਲ 'ਮਾਤਾ ਕੁਸ਼ੱਲਿਆ ਕਲਿਆਣ ਯੋਜਨਾ' ਨਾਂਅ ਦੀ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਜਣੇਪੇ ਸਮੇਂ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਅਤੇ 200 ਰੁਪਏ ਆਉਣ-ਜਾਣ ਦਾ ਖ਼ਰਚਾ ਦਿੱਤਾ ਜਾਂਦਾ ਸੀ। ਗਰਭਵਤੀ ਔਰਤਾਂ ਵੱਲੋਂ ਪਿੰਡਾਂ ਵਿਚ ਅਣ ਸੁਰੱਖਿਅਤ ਦਾਈਆਂ ਕੋਲੋਂ ਜਣੇਪੇ ਕਰਵਾਉਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਦੇ 5 ਮਹੀਨੇ ਤੱਕ ਸਫਲਤਾ ਪੂਰਵਕ ਚੱਲਣ ਦੇ ਬਾਅਦ ਸਤੰਬਰ 2011 ਵਿਚ ਅਚਾਨਕ ਇਸ ਸਕੀਮ ਤਹਿਤ ਜਾਰੀ ਕੀਤੇ ਗਏ ਫ਼ੰਡਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਇਹ ਸਕੀਮ ਦੇ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ 13 ਮੁੱਢਲੇ ਸਿਹਤ ਕੇਂਦਰਾਂ ਵਿਚ 822 ਜਣੇਪੇ ਦੇ ਕੇਸ ਹੋਏ ਸਨ। ਪ੍ਰੰਤੂ 6 ਮਹੀਨਿਆਂ ਤੋਂ ਇਸ ਸਕੀਮ ਤਹਿਤ ਫ਼ੰਡ ਨਾ ਆਉਣ ਕਾਰਨ ਸਰਕਾਰੀ ਹਸਪਤਾਲਾਂ ਅੰਦਰ ਜਣੇਪੇ ਦੇ ਕੇਸ ਵੱਡੀ ਪੱਧਰ 'ਤੇ ਘੱਟ ਗਏ ਹਨ। ਇਸ ਸਬੰਧ ਵਿਚ ਜਦੋਂ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਚੰਦਨਜੀਤ ਸਿੰਘ ਕੌਂਡਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਕੀਮ ਤਹਿਤ ਫ਼ੰਡ ਜਾਰੀ ਕਰਵਾਉਣ ਲਈ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹਰੇਕ ਸਾਲ ਕਰੀਬ 6 ਲੱਖ ਗਰਭਵਤੀ ਔਰਤਾਂ ਦੇ ਜਣੇਪੇ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ 5 ਲੱਖ ਔਰਤਾਂ ਸਫਲਤਾ ਪੂਰਵਕ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਡਾ: ਕੌਂਡਲ ਨੇ ਹੋਰ ਹੈਰਾਨੀ ਜਨਕ ਤੱਥ ਦੱਸਦਿਆਂ ਕਿਹਾ ਕਿ 1 ਲੱਖ ਔਰਤਾਂ ਪਿੱਛੇ 192 ਗਰਭਵਤੀ ਔਰਤਾਂ ਜਣੇਪੇ ਸਮੇਂ ਆਪਣੀਆਂ ਜਾਨਾਂ ਤੋਂ ਹੱਥ ਧੋਅ ਬੈਠਦੀਆਂ ਹਨ ਕਿਉਂਕਿ ਇਹ ਜਣੇਪੇ ਅਣ-ਸਿੱਖਿਅਤ ਦਾਈਆਂ ਅਤੇ ਨੀਮ ਹਕੀਮਾਂ ਦੀ ਨਿਗਰਾਨੀ ਹੇਠ ਹੁੰਦੇ ਹਨ। ਪੰਜਾਬ ਸਰਕਾਰ ਦੀ ਉਕਤ ਸਕੀਮ ਦਾ ਮੁੱਖ ਮਕਸਦ ਜਣੇਪੇ ਸਮੇਂ ਔਰਤਾਂ ਦੀ ਮੌਤ ਦਰ ਨੂੰ ਘਟਾਉਣਾ ਸੀ।
ਖੰਨਾ ਨੇ ਸੰਸਦ 'ਚ ਮੋਗਾ 'ਚ ਕੈਂਸਰ ਤੋਂ ਪੀੜਤਾਂ ਦਾ ਮੁੱਦਾ ਉਠਾਇਆ

ਹੁਸ਼ਿਆਰਪੁਰ, 14 ਮਾਰਚ -ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੰਸਦ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਲ੍ਹਾ ਮੋਗਾ ਵਿਚ ਹਜ਼ਾਰਾਂ ਲੋਕਾਂ ਦੇ ਕੈਂਸਰ ਦੀ ਬਿਮਾਰੀ ਨਾਲ ਪ੍ਰਭਾਵਿਤ ਹੋਣ ਅਤੇ ਇਸ ਬਿਮਾਰੀ ਨਾਲ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਸਵਾਲ ਕੀਤਾ ਕਿ ਸਰਕਾਰ ਨੇ ਇਸ ਸਬੰਧ ਵਿਚ ਕੀ ਕਦਮ ਚੁੱਕੇ ਹਨ। ਸ੍ਰੀ ਖੰਨਾ ਨੇ ਪੁੱਛਿਆ ਕਿ ਕੀ ਸਰਕਾਰ ਨੇ ਇਸ ਸਬੰਧੀ ਕੋਈ ਸਰਵੇਖਣ ਕਰਵਾ ਕੇ ਪੀੜਤਾਂ ਨੂੰ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ। ਸ੍ਰੀ ਖੰਨਾ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸਿਹਤ ਪਰਿਵਾਰ ਕਲਿਆਣ ਮੰਤਰਾਲੇ ਦੇ ਰਾਜ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2001 ਤੋਂ 2009 ਤੱਕ ਕਰਵਾਏ ਗਏ ਸਰਵੇਖਣ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਕੈਂਸਰ ਨਾਲ ਕੁੱਲ 793 ਲੋਕਾਂ ਦੀ ਮੌਤ ਹੋਈ। ਮੰਤਰੀ ਨੇ ਦੱਸਿਆ ਕਿ ਰਾਜ ਵਿਚ ਕੈਂਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਸਰਵੇਖਣ ਕਰਵਾਏ ਗਏ, ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਰੋਗੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ। ਕੇਂਦਰ ਸਰਕਾਰ ਵਲੋਂ ਕੈਂਸਰ ਦੀ ਰੋਕਥਾਮ ਲਈ ਮੀਡੀਆ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਿਜਾਂ ਵਿਚ ਆਰਕੋਲੋਜੀ ਵਿਭਾਗ ਦੇ ਵਿਕਾਸ ਲਈ ਫ਼ੰਡ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਕੈਂਸਰ ਕੇਂਦਰਾਂ ਨੂੰ 6 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

75 ਸਾਲਾ ਬਜ਼ੁਰਗ ਬਾਵਾ ਸਿੰਘ ਖਾ ਰਿਹੈ ਦਰ-ਦਰ ਦੀਆਂ ਠੋਕਰਾਂ

ਖਡੂਰ ਸਾਹਿਬ, 14 ਮਾਰਚ-ਪਿੰਡ ਏਕਲਗੱਡਾ ਦੇ 75 ਸਾਲਾ ਬਜ਼ੁਰਗ ਬਾਵਾ ਸਿੰਘ ਨੇ ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਹਲਫ਼ੀਆ ਬਿਆਨ ਦੇ ਕੇ ਆਪਣੇ ਨਾਲ ਹੋਈ ਧੋਖਾਧੜੀ ਦੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਮੇਰੀ ਰਿਸ਼ਤੇਦਾਰੀ ਵਿਚੋਂ ਜਵਾਈ ਲਗਦਾ ਮੇਹਰ ਸਿੰਘ ਪਿੰਡ ਮੱਲਾਂ 'ਚ ਮੇਰੇ ਕੋਲ ਬਹੁਤ ਆਉਣ ਜਾਣ ਸੀ, ਤੇ ਮੇਹਰ ਸਿੰਘ ਦਾ ਮੇਰੇ ਹੀ ਰਿਸ਼ਤੇਦਾਰਾਂ ਨਾਲ ਕਿਸੇ ਕਾਰਨ ਝਗੜਾ ਹੋ ਗਿਆ, ਜਿਸ 'ਤੇ ਉਸ ਦੇ ਖਿਲਾਫ ਥਾਣਾ ਵੈਰੋਵਾਲ ਵਿਖੇ 325 ਧਾਰਾ ਅਧੀਨ ਪਰਚਾ ਦਰਜ ਹੋ ਗਿਆ। ਬਾਵਾ ਸਿੰਘ ਨੇ ਦੱਸਿਆ ਕਿ ਮੈਂ ਵਿਆਹ ਨਹੀਂ ਕਰਵਾਇਆ ਤੇ ਨਾ ਹੀ ਮੈਂ ਕੋਈ ਬੱਚਾ ਗੋਦ ਲਿਆ ਹੈ, ਮੈਂ ਇਕੱਲਾ ਹੀ ਰਹਿੰਦਾ ਹੈ ਤੇ ਮੇਰਾ ਸਾਡੇ ਗੁਆਂਢੀ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਨਾਲ 4 ਕਨਾਲ ਜ਼ਮੀਨ ਦਾ ਕੇਸ ਚਲਦਾ ਸੀ, ਮੈਨੂੰ ਮੇਹਰ ਸਿੰਘ ਨੇ ਇਹ ਕਹਿ ਕੇ ਜੋ 325 ਦਾ ਮੇਰੇ 'ਤੇ ਪਰਚਾ ਦਰਜ ਹੋਇਆ ਹੈ, ਉਹ ਪਰਚੇ ਵਿਚ (ਬਾਵਾ ਸਿੰਘ) ਦਾ ਵੀ ਨਾਂਅ ਹੈ ਤੇ ਤੈਨੂੰ ਪੁਲਿਸ ਨੇ ਫੜ ਲੈਣਾ ਹੈ, ਤੂੰ ਯੂ.ਪੀ. ਰਿਸ਼ਤੇਦਾਰਾਂ ਕੋਲ ਚਲੇ ਜਾ, ਤੇ ਤੇਰੀ ਜ਼ਮੀਨ ਦਾ ਕੇਸ ਮੈਂ ਪਿੱਛੋਂ ਲੜਾਂਗਾ ਤੂੰ ਮੈਨੂੰ ਮੁਖਤਾਰਨਾਮਾ ਬਣਾ ਕੇ ਦੇ ਦੇ। ਮੈਂ ਮੇਹਰ ਸਿੰਘ ਦੀਆਂ ਗੱਲਾਂ ਵਿਚ ਆ ਕੇ ਉਸ ਨੂੰ ਮੁਖਤਾਰਨਾਮਾ ਆਮ ਬਣਾ ਕੇ ਦੇ ਦਿੱਤਾ ਤੇ ਆਪ ਮੈਂ ਯੂ.ਪੀ. ਚਲੇ ਗਿਆ। ਮੇਹਰ ਸਿੰਘ ਨੇ ਮੇਰੇ ਪਿੱਛੋਂ ਆਪਣੀ ਸਾਲੇਹਾਰ ਜਿਸ ਦਾ ਕਿ ਪਤੀ ਮਰ ਚੁੱਕਾ ਹੈ ਤੇ ਮੇਹਰ ਸਿੰਘ ਦੇ ਕੋਲ ਹੀ ਰਹਿੰਦੀ ਹੈ ਦੇ ਨਾਂਅ 'ਤੇ 4 ਕਿੱਲੇ 2 ਕਨਾਲਾਂ ਜ਼ਮੀਨ ਦੀ ਰਜਿਸਟਰੀ ਜਸਵੰਤ ਕੌਰ ਦੇ ਨਾਂਅ ਕਰਵਾ ਦਿੱਤੀ ਤੇ ਇੰਤਕਾਲ ਵੀ ਕਰਵਾ ਲਿਆ ਜਦੋਂ ਮੈਂ 6 ਮਹੀਨੇ ਪਿਛੋਂ ਯੂ.ਪੀ. ਤੋਂ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਹਰ ਸਿੰਘ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ ਤੇ ਮੁਖਤਾਰਨਾਮੇ ਦੇ ਆਧਾਰ ਤੇ ਰਜਿਸਟਰੀ ਕਰਵਾ ਲਈ ਹੈ, ਜਿਸਦੀ ਦਰਖਾਸਤ ਮੈਂ ਥਾਣਾ ਵੈਰੋਵਾਲ ਵਿਖੇ ਦੇ ਦਿੱਤੀ, ਜਿਸ 'ਤੇ ਪੁਲਿਸ ਨੇ ਪੜਤਾਲ ਕਰਕੇ ਮੇਹਰ ਸਿੰਘ ਅਤੇ ਉਸ ਦੀ ਸਾਲੇਹਾਰ ਜਸਵੰਤ ਕੌਰ 'ਤੇ 420 ਦਾ ਪਰਚਾ ਕਰ ਦਿੱਤਾ। ਬਾਵਾ ਸਿੰਘ ਨੇ ਦੱਸਿਆ ਕਿ ਮੇਹਰ ਸਿੰਘ ਨੇ ਆਪਣੇ ਸਿਆਸੀ ਅਸਰ ਰਸੂਖ ਨਾਲ ਇਹ ਪਰਚਾ ਰੱਦ ਕਰਵਾ ਦਿੱਤਾ ਤੇ ਹੁਣ ਮੈਂ ਡੀ.ਆਈ. ਜੀ. ਸਾਹਿਬ ਦੇ ਦਰਖਾਸਤ ਦੇ ਕੇ ਦੁਬਾਰਾ ਪਰਚੇ ਦੀ ਪੜਤਾਲ ਪਾਈ ਹੈ। ਬਾਵਾ ਸਿੰਘ ਨੇ ਪੁਲਿਸ ਪ੍ਰਸਾਸ਼ਨ, ਐਸ.ਡੀ.ਐਮ., ਤਹਿਸੀਲਦਾਰ ਖਡੂਰ ਸਾਹਿਬ ਤੋਂ ਮੰਗ ਕੀਤੀ ਕਿ ਇਹ ਜਾਅਲੀ ਹੋਈ ਰਜਿਸਟਰੀ ਰੱਦ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਜਦੋਂ ਮੇਹਰ ਸਿੰਘ ਮੱਲਾ ਨਾਲ ਗੱਲ ਕੀਤੀ ਤਾਂ ਉਸ ਨੇ ਉਪਰੋਕਤ ਲਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ,ਇਹ ਮੇਰੇ ਵਿਰੋਧੀਆਂ ਦਾ ਕੰਮ ਹੈ।