ਸਾਬਕਾ ਏਅਰ ਹੋਸਟਸ ਖੁਦਕੁਸ਼ੀ ਕੇਸ
ਗੋਪਾਲ ਕਾਂਡਾ ਦੀ ਜ਼ਮਾਨਤ ਅਰਜ਼ੀ
ਰੱਦ-ਗ੍ਰਿਫ਼ਤਾਰੀ ਲਈ ਛਾਪੇ
ਨਵੀਂ ਦਿੱਲੀ, 9 ਅਗਸਤ -ਸਾਬਕਾ ਏਅਰ ਹੋਸਟਸ ਗੀਤਿਕਾ ਸ਼ਰਮਾ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਜਦਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਉਸ ਦੀ ਸਹਿਯੋਗੀ ਅਰੁਣਾ ਚੱਢਾ ਨੂੰ ਦੋ ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਪੁਲਿਸ ਵੱਲੋਂ ਇਹ ਪੱਖ ਰੱਖਣ ਕਿ ਗੀਤਿਕਾ ਦੇ ਖੁਦਕੁਸ਼ੀ ਨੋਟ ਵਿਚ ਕਾਂਡਾ ਤੇ ਚੱਢਾ ਦਾ ਨਾਂਅ ਹੋਣ ਕਾਰਨ ਉਸ ਕੋਲੋਂ ਪੁੱਛਗਿੱਛ ਕਰਨੀ ਹੈ, ਐਡੀਸ਼ਨਲ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਦਵੇਂਦਰ ਕੁਮਾਰ ਜੰਗਾਲਾ ਨੇ ਅਰੁਣਾ ਚੱਢਾ ਨੂੰ 11 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ। ਗੋਪਾਲ ਕਾਂਡਾ ਦੀ ਜ਼ਮਾਨਤ ਅਰਜ਼ੀ
ਰੱਦ-ਗ੍ਰਿਫ਼ਤਾਰੀ ਲਈ ਛਾਪੇ
ਗ੍ਰਿਫ਼ਤਾਰੀ ਲਈ ਛਾਪੇ
ਦਿੱਲੀ ਪੁਲਿਸ ਵੱਲੋਂ ਫਰਾਰ ਹੋਏ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੇ ਦਿੱਲੀ ਅਤੇ ਹਰਿਆਣਾ ਸਥਿਤ ਰਿਹਾਇਸ਼, ਹੋਟਲ ਅਤੇ ਹੋਰ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ। ਪੁਲਿਸ ਵੱਲੋਂ ਗੋਪਾਲ ਕਾਂਡਾ ਦੇ ਗੁੜਗਾਓਂ, ਫਰੀਦਾਬਾਦ, ਅਤੇ ਦਿੱਲੀ ਸਥਿਤ ਰਿਹਾਇਸ਼ ਤੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਕਾਂਡਾ ਦੇ ਪਰਸ਼ੂਰਾਮ ਚੌਕ ਨੇੜੇ ਦਫ਼ਤਰ, ਰਾਨੀਆ ਰੋਡ 'ਤੇ ਸਥਿਤ ਰਿਹਾਇਸ਼ ਤੇ ਹੋਰਨੀਂ ਥਾਈਂ ਛਾਪੇਮਾਰੀ ਕੀਤੀ ਗਈ। ਗ੍ਰਿਫ਼ਤਾਰੀ ਡਰੋਂ ਭੱਜੇ ਕਾਂਡਾ ਦੀ ਸਹਿਯੋਗੀ ਅਰੁਣਾ ਚੱਢਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸਿਰਸਾ 'ਚ ਛਾਪੇ
ਸਿਰਸਾ, (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਦੀ ਗ੍ਰਿਫ਼ਤਾਰੀ ਲਈ ਦਿੱਲੀ ਪੁਲਿਸ ਨੇ ਲੰਘੀ ਅੱਧੀ ਰਾਤ ਸਾਬਕਾ ਮੰਤਰੀ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇ ਮਾਰੇ ਪਰ ਕਾਂਡਾ ਹੱਥ ਨਹੀਂ ਆਇਆ । ਦਿੱਲੀ ਦੇ ਥਾਣਾ ਅਸ਼ੋਕ ਵਿਹਾਰ ਦੇ ਪੁਲਿਸ ਇੰਸਪੈਕਟਰ ਸਤਪਾਲ ਯਾਦਵ ਦੀ ਅਗਵਾਈ ਵਿੱਚ ਸਿਰਸਾ ਦੇ ਸਿਟੀ ਥਾਣੇ ਪੁੱਜੀ ਬਾਅਦ 'ਚ ਸਾਬਕਾ ਮੰਤਰੀ ਦੇ ਨਿਵਾਸ 'ਤੇ ਗਈ ਪਰ ਉਸ ਦੇ ਨਿਵਾਸ 'ਤੇ ਜਿੰਦਰਾ ਲੱਗਾ ਹੋਣ ਕਾਰਨ ਦਿੱਲੀ ਪੁਲਿਸ ਮੁੜ ਆਈ। ਬਾਅਦ ਵਿੱਚ ਪੁਲਿਸ ਨੇ ਗੋਪਾਲ ਕਾਂਡਾ ਦੇ ਨਿੱਜੀ ਦਫ਼ਤਰ ਪੁੱਜੀ ਜਿਥੇ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਉਪਰੰਤ ਪੁਲਿਸ ਐਮ. ਡੀ. ਕੇ. ਸਕੂਲ ਪੁੱਜੀ ਜਿਥੇ ਕਰਮਚਾਰੀਆਂ ਤੋਂ ਪੁੱਛਗਿਛ ਕੀਤੀ । ਗੀਤਿਕਾ ਸ਼ਰਮਾ ਸਿਰਸਾ ਵਿਖੇ ਸਥਿਤ ਐਮ. ਡੀ. ਕੇ. ਸਕੂਲ ਦੀ ਟਰਸੱਟੀ ਵੀ ਸੀ। ਗੋਪਾਲ ਕਾਂਡਾ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਤੌਰ ਆਜ਼ਾਦ ਉਮੀਦਵਾਰ ਵੱਜੋਂ ਇਨੈਲੋ ਦੇ ਉਮੀਦਵਾਰ ਸ੍ਰੀ ਜੈਨ ਤੋਂ ਕਰੀਬ 6469 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ।
ਲੁਧਿਆਣਾ, 9 ਅਗਸਤ -ਥਾਣਾ ਡਿਵੀਜ਼ਨ ਨੰਬਰ 2 ਦੇ ਘੇਰੇ ਅੰਦਰ ਪੈਂਦੇ ਇਲਾਕੇ ਫੀਲਡ ਗੰਜ ਦੇ ਕੂਚਾ ਨੰਬਰ 7 ਵਿਚ ਅੱਜ ਸਵੇਰੇ ਗਰਭਵਤੀ ਪਤਨੀ ਦਾ ਕਤਲ ਕਰਨ ਉਪਰੰਤ ਪਤੀ ਵੱਲੋਂ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖਤ ਹਿਮਾਂਸ਼ੂ (27) ਪੁੱਤਰ ਸ੍ਰੀ ਹੰਸ ਰਾਜ ਅਰੋੜਾ ਤੇ ਉਸਦੀ ਪਤਨੀ ਲਲਿਤਾ ਉਰਫ਼ ਪੂਜਾ (22) ਵਜੋਂ ਕੀਤੀ ਗਈ ਹੈ। ਪੂਜਾ ਨਾਭਾ ਦੀ ਰਹਿਣ ਵਾਲੀ ਤੇ 14 ਮਹੀਨੇ ਪਹਿਲਾਂ ਉਸਦਾ ਵਿਆਹ ਹਿਮਾਂਸ਼ੂ ਨਾਲ ਹੋਇਆ ਸੀ। ਹਿਮਾਂਸ਼ੂ ਅੱਜ ਸਵੇਰੇ ਬਾਥਰੂਮ ਜਾਣ ਲਈ 4 ਵਜੇ ਉਠਿਆ ਸੀ ਤੇ ਉਸ ਤੋਂ ਬਾਅਦ ਉਹ ਕਮਰੇ ਵਿਚ ਚਲਾ ਗਿਆ ਤੇ ਬਾਹਰ ਨਹੀਂ ਆਇਆ। ਅੱਜ ਸਵੇਰੇ ਜਦੋਂ 11 ਵਜੇ ਤੱਕ ਹਿਮਾਂਸ਼ੂ ਤੇ ਉਸ ਦੀ ਪਤਨੀ ਪੂਜਾ ਜਦੋਂ ਕਮਰੇ ਵਿਚੋਂ ਬਾਹਰ ਨਾ ਆਏ ਤਾਂ ਉਸਦੇ ਪਿਤਾ ਸ੍ਰੀ ਅਰੋੜਾ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸ੍ਰੀ ਅਰੋੜਾ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ. ਐਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦੇ ਨਾਲ ਆਏ ਪੁਲਿਸ ਮੁਲਾਜ਼ਮ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਉਨ੍ਹਾਂ ਦੇਖਿਆ ਕਿ ਪੂਜਾ ਦੀ ਲਾਸ਼ ਬੈੱਡ 'ਤੇ ਪਈ ਹੈ ਜਦਕਿ ਹਿਮਾਂਸ਼ੂ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਈ ਸੀ। ਦੋਵਾਂ ਦੇ ਗਲੇ 'ਤੇ ਚਾਕੂ ਨਾਲ ਕੀਤੇ ਜ਼ਖਮਾਂ ਦੇ ਨਿਸ਼ਾਨ ਸਨ। ਡੀ. ਸੀ. ਪੀ. ਸ: ਗੁਰਪ੍ਰੀਤ ਸਿੰਘ ਤੂਰ, ਏ. ਡੀ. ਸੀ. ਪੀ. (ਅਪਰਾਧ) ਸ: ਹਰਜਿੰਦਰ ਸਿੰਘ ਤੇ ਏ. ਸੀ. ਪੀ. ਰਮਨੀਸ਼ ਚੌਧਰੀ ਮੌਕੇ 'ਤੇ ਪਹੁੰਚੇ।
ਮੰਡੀ ਗੋਬਿੰਦਗੜ੍ਹ, 9 ਅਗਸਤ -ਮੰਡੀ ਗੋਬਿੰਦਗੜ੍ਹ ਥਾਣੇ 'ਚ ਤਾਇਨਾਤ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਵੱਲੋਂ ਮਾਨਸਿਕ ਤੇ ਦਿਮਾਗ਼ੀ ਤਣਾਅ ਦੇ ਕਾਰਨ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਸੁਖਮਿੰਦਰ ਸਿੰਘ ਸੁੱਖੀ ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਤਲਵੰਡੀ ਰਾਏ, ਥਾਣਾ ਰਾਏਕੋਟ, ਜ਼ਿਲ੍ਹਾ ਲੁਧਿਆਣਾ ਮੰਡੀ ਗੋਬਿੰਦਗੜ੍ਹ ਪੁਲਿਸ ਥਾਣੇ ਵਿਚ ਸਹਾਇਕ ਥਾਣੇਦਾਰ ਵਜੋਂ ਡਿਊਟੀ ਨਿਭਾ ਰਿਹਾ ਸੀ। ਬੀਤੀ 7-8 ਅਗਸਤ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਸਥਾਨਕ ਪੁਲਿਸ ਕਾਲੋਨੀ ਸਥਿਤ ਆਪਣੇ ਸਰਕਾਰੀ ਕੁਆਟਰ ਨੰਬਰ 23 ਵਿਚ ਇਕੱਲਾ ਸੀ ਤਾਂ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ। ਜਿਸ ਕਾਰਨ ਸੁਖਮਿੰਦਰ ਸਿੰਘ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਮੰਡੀ ਗੋਬਿੰਦਗੜ੍ਹ ਪੁਲਿਸ ਨੇ 174 ਅਧੀਨ ਸੁਖਮਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਬਾਲਾਸੋਰ (ਓਡੀਸ਼ਾ), 9 ਅਗਸਤ -ਭਾਰਤ ਨੇ ਆਪਣੀ ਮਿਜ਼ਾਈਲ ਸਮਰੱਥਾ ਵਧਾਉਂਦਿਆਂ ਮੱਧਮ ਦੂਰੀ ਦੀ ਪ੍ਰਮਾਣੂ ਸ਼ਕਤੀ ਵਾਲੀ ਅਗਨੀ-2 ਮਿਜ਼ਾਈਲ ਦਾ ਅੱਜ ਓਡੀਸ਼ਾ ਦੇ ਵੀਲ੍ਹਰ ਟਾਪੂ ਤੋਂ ਸਫਲਤਾਪੂਰਵਕ ਤਜ਼ਰਬਾ ਕੀਤਾ ਜੋ ਕਿ 2000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ। ਰੱਖਿਆ ਸੂਤਰਾਂ ਅਨੁਸਾਰ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਤਜ਼ਰਬਾ 'ਇੰਟੈਗਰੇਟਿਡ ਟੈਸਟ ਰੇਜ਼' (ਆਈ. ਟੀ. ਆਰ.) ਤੋਂ ਸਵੇਰ ਦੇ 8 ਵੱਜ ਕੇ 48 ਮਿੰਟ 'ਤੇ ਮੋਬਾਈਲ ਲਾਂਚਰ ਰਾਹੀਂ ਕੀਤਾ ਗਿਆ। ਇਸ ਤਜ਼ਰਬੇ ਨੂੰ ਪੂਰੀ ਤਰ੍ਹਾਂ ਸਫਲ ਦੱਸਦਿਆਂ ਆਈ. ਟੀ. ਆਰ. ਦੇ ਨਿਰਦੇਸ਼ਕ ਐੱਮ. ਵੀ. ਕੇ. ਵੀ. ਪ੍ਰਸਾਦ ਨੇ ਕਿਹਾ 'ਇਸ ਸਵਦੇਸ਼ੀ ਮਿਜ਼ਾਈਲ ਦੇ ਤਜ਼ਰਬੇ ਦੌਰਾਨ ਮਿਸ਼ਨ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ।' ਇੰਟਰਮੀਡਿਅਟ ਰੇਜ਼ ਬੈਲਿਸਟਿਕ ਮਿਜ਼ਾਈਲ (ਆਈ. ਆਰ. ਬੀ. ਐੱਮ.) ਅਗਨੀ-2 ਨੂੰ ਸੇਵਾ 'ਚ ਪਹਿਲਾਂ ਹੀ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਅੱਜ ਦਾ ਤਜ਼ਰਬਾ ਫ਼ੌਜ ਦੀ ਰਣਨੀਤਕ ਬਲ ਕਮਾਨ (ਐੱਸ. ਐੱਫ. ਸੀ.) ਨੇ ਕੀਤਾ, ਜਦੋਂ ਕਿ ਇਸ ਦੇ ਲਈ ਸਾਜੋ ਸਾਮਾਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਮੁਹੱਈਆ ਕਰਵਾਇਆ। ਇਹ ਮਿਜ਼ਾਈਲ 20 ਮੀਟਰ ਲੰਮੀ, 17 ਟਨ ਭਾਰੀ ਅਤੇ 1000 ਕਿਲੋਗ੍ਰਾਮ ਭਾਰ 2000 ਕਿਲੋਮੀਟਰ ਦੀ ਦੂਰੀ ਤੱਕ ਲੈ ਜਾਣ ਦੇ ਸਮਰੱਥ ਹੈ। ਇਹ ਮਿਜ਼ਾਈਲ ਉੱਨਤ ਪ੍ਰਣਾਲੀ ਪ੍ਰਯੋਗਸ਼ਾਲਾ ਨੇ ਡੀ. ਆਰ. ਡੀ. ਓ. ਦੀਆਂ ਹੋਰ ਪ੍ਰਯੋਗਸ਼ਾਲਾਵਾਂ ਦੇ ਨਾਲ ਮਿਲ ਕੇ ਬਣਾਈ ਹੈ ਅਤੇ ਭਾਰਤ ਡਾਇਆਨੈਮਿਕਸ ਲਿਮਟਿਡ ਹੈਦਰਾਬਾਦ ਨੇ ਇਸ ਵਿਚ ਸਹਿਯੋਗ ਦਿੱਤਾ ਹੈ।
ਨਵੀਂ ਦਿੱਲੀ, 9 ਅਗਸਤ-ਜੰਮੂ ਤੇ ਕਸ਼ਮੀਰ ਵਿਚ ਫ਼ੌਜ ਦੀ ਇਕ ਯੂਨਿਟ ਵਿਚ ਟਕਰਾਅ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪ੍ਰੇਸ਼ਾਨ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਮਾਮਲੇ ਦੀ ਫ਼ੌਜ ਮੁਖੀ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗੀ ਹੈ ਜਦਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਮਲੇ ਨੂੰ ਮਾਮੂਲੀ ਦੱਸਿਆ ਹੈ। ਸੂਤਰਾਂ ਨੇ ਦੱਸਿਆ ਕਿ ਕਲ੍ਹ ਜੰਮੂ ਤੇ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਇਕ ਸੈਨਿਕ ਵਲੋਂ ਖੁਦਕੁਸ਼ੀ ਕੀਤੇ ਜਾਣ ਪਿੱਛੋਂ ਘੋੜ ਸਵਾਰ ਫ਼ੌਜ ਦੀ 16 ਯੂਨਿਟ ਦੇ ਜਵਾਨ ਅਤੇ ਅਧਿਕਾਰੀਆਂ 'ਚ ਕਥਿਤ ਰੂਪ 'ਚ ਮੂੰਹ ਜ਼ੁਬਾਨੀ ਟਕਰਾਅ ਹੋ ਗਿਆ। ਇਹ ਟਕਰਾਅ ਇਸ ਯੂਨਿਟ ਦੇ ਤਿਰੂਵਨੰਤਪੁਰਮ ਦੇ ਇਕ ਸੈਨਿਕ ਅਰੁਨ ਵੀ ਵਲੋਂ ਖੁਦਕੁਸ਼ੀ ਕਰਨ ਪਿੱਛੋਂ ਸਾਹਮਣੇ ਆਇਆ। ਉਸ ਦੀ ਮੌਤ ਕੋਰਟ ਆਫ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਜਵਾਨ ਨੇ ਘਰ ਕਿਸੇ ਕੰਮ ਲਈ ਛੁੱਟੀ ਦੀ ਮੰਗ ਕੀਤੀ ਸੀ ਪਰ ਉਸ ਨੂੰ ਛੁੱਟੀ ਨਾ ਦਿੱਤੀ ਗਈ। ਉਸ ਦੀ ਮੌਤ ਪਿੱਛੋਂ ਉਸ ਦੇ ਸਾਥੀ ਸੈਨਿਕਾਂ ਨੇ ਅਧਿਕਾਰੀਆਂ ਵਿਰੁੱਧ ਰੋਸ ਜ਼ਾਹਿਰ ਕੀਤਾ ਅਤੇ ਉਨ੍ਹਾਂ ਦੇ ਘਰਾਂ ਨੂੰ ਘੇਰਾ ਪਾ ਲਿਆ। ਘਟਨਾ ਤੋਂ ਪ੍ਰੇਸ਼ਾਨ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗੀ ਹੈ। ਇਹ ਮਾਮਲਾ ਅੱਜ ਸੰਸਦ ਵਿਚ ਵੀ ਉੱਠਿਆ ਜਿਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਨ ਕਰਨ ਦਾ ਯਤਨ ਕਰਦਿਆਂ ਕਿ ਇਹ ਮਾਮੂਲੀ ਘਟਨਾ ਹੈ ਅਤੇ ਇਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਦਨ ਨੂੰ ਬੇਨਤੀ ਕਰਦੇ ਹਨ ਕਿ ਇਸ ਮੁੱਦੇ 'ਤੇ ਚਰਚਾ ਨਾ ਕੀਤੀ ਜਾਵੇ, ਇਹ ਬਹੁਤ ਛੋਟੀ ਘਟਨਾ ਹੈ। ਇਹ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਮਨੋਬਲ ਲਈ ਠੀਕ ਨਹੀਂ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਯੂਨਿਟ ਵਿਚ ਤਣਾਅ ਪਾਇਆ ਜਾ ਰਿਹਾ ਹੈ ਅਤੇ ਤਣਾਅ ਨੂੰ ਜ਼ਿਆਦਾ ਵਧਣ ਤੋਂ ਰੋਕਣ ਲਈ ਹੋਰ ਸੈਨਿਕਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
ਨਵੀਂ ਦਿੱਲੀ, 9 ਅਗਸਤ -ਵੀਰਵਾਰ ਨੂੰ ਰਾਜ ਸਭਾ ਵਿਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਬਿਆਨ 'ਤੇ ਰਾਜ ਸਭਾ ਮੈਂਬਰ ਜਯਾ ਬਚਨ ਭੜਕ ਗਈ ਤੇ ਸਾਰਾ ਵਿਰੋਧੀ ਧਿਰ ਵੀ ਜਯਾ ਨਾਲ ਹੋ ਗਿਆ। ਵਿਰੋਧੀ ਧਿਰ ਦੇ ਹੰਗਾਮੇ ਦੇ ਚਲਦਿਆਂ ਸ਼ਿੰਦੇ ਨੂੰ ਮੁਆਫ਼ੀ ਮੰਗਦੇ ਹੋਏ ਸ਼ਬਦ ਵਾਪਸ ਲੈਣੇ ਪਏ। ਸ੍ਰੀ ਸ਼ਿੰਦੇ ਜਦੋਂ ਆਸਾਮ ਹਿੰਸਾ 'ਤੇ ਇਕ ਲਿਖਤੀ ਰਿਪੋਰਟ ਰਾਹੀਂ ਜਵਾਬ ਦੇ ਰਹੇ ਸਨ ਤਾਂ ਉਸੇ ਵੇਲੇ ਜਯਾ ਬਚਨ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਰਕਾਰ ਦੱਸੇ ਕਿ ਹਿੰਸਾ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਹਨ? ਜਯਾ ਦੇ ਇਤਰਾਜ਼ 'ਤੇ ਗ੍ਰਹਿ ਮੰਤਰੀ ਸ਼ਿੰਦੇ ਨੇ ਕਿਹਾ ਕਿ ਮੇਰੀ ਭੈਣ ਇਹ ਗੰਭੀਰ ਵਿਸ਼ਾ ਹੈ। ਇਹ ਫਿਲਮ ਦਾ ਵਿਸ਼ਾ ਨਹੀਂ ਹੈ। ਸ਼ਿੰਦੇ ਦੇ ਇਹ ਕਹਿੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਭੜਕ ਉਠੇ। ਹੰਗਾਮੇ ਦੌਰਾਨ ਸ਼ਿੰਦੇ ਨੂੰ ਮੁਆਫੀ ਮੰਗਣੀ ਪਈ ਤੇ ਆਪਣੇ ਸ਼ਬਦ ਵਾਪਸ ਲੈਣੇ ਪਏ।
ਵਿਸਕਾਂਸਿਨ ਗੁਰਦੁਆਰਾ ਮੁੜ ਸੰਗਤਾਂ ਲਈ ਖੋਲ੍ਹਿਆ
ਪੁਲਿਸ ਨੇ ਪ੍ਰਬੰਧ ਮੈਨੇਜਮੈਂਟ ਨੂੰ ਸੌਂਪਿਆ
ਵਾਸ਼ਿੰਗਟਨ, 9 ਅਗਸਤ -ਪਿਛਲੇ ਦਿਨੀਂ ਵਿਸਕਾਂਸਿਨ ਦੇ ਗੁਰਦੁਆਰਾ 'ਸਿੱਖ ਟੈਂਪਲ' ਵਿਖੇ ਵਾਪਰੀ ਦਰਦਨਾਕ ਤ੍ਰਾਸਦੀ ਉਪਰੰਤ ਅੱਜ ਗੁਰਦੁਆਰਾ ਸਾਹਿਬ ਮੁੜ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਸਥਾਨਕ ਪੁਲਿਸ ਨੇ ਅੱਜ ਸਵੇਰੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਥਾਨਕ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ, ਜਿਸ ਨੇ ਗੁਰਦੁਆਰਾ ਸਾਹਿਬ ਦੀ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਅਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਇੱਕ ਹਮਲਾਵਰ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈਆਂ ਸੰਗਤਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਜਿਸ ਵਿਚ ਹਮਲਾਵਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਪ੍ਰਬੰਧ ਮੈਨੇਜਮੈਂਟ ਨੂੰ ਸੌਂਪਿਆ
ਕਸਾਬ ਵੱਲੋਂ ਅਬੂ ਜ਼ਿੰਦਾਲ ਦੀ ਮੁੰਬਈ
ਹਮਲੇ ਦਾ ਮੁੱਖ ਸਾਜਿਸ਼ਕਰਤਾ ਵਜੋਂ ਸ਼ਨਾਖਤ
ਮੁੰਬਈ ਦੀ ਆਰਥਰ ਜੇਲ੍ਹ 'ਚ ਹੋਏ ਆਹਮੋ-ਸਾਹਮਣੇ
ਮੁੰਬਈ, 9 ਅਗਸਤ -26/11 ਮੁੰਬਈ ਹਮਲੇ ਦੇ ਦੋਸ਼ 'ਚ ਮੁੰਬਈ ਦੀ ਆਰਥਰ ਰੌਡ ਜ਼ੇਲ੍ਹ 'ਚ ਬੰਦ ਅੱਤਵਾਦੀ ਅਜ਼ਮਲ ਕਸਾਬ ਦੀ ਅੱਜ ਅਬੂ ਜ਼ਿੰਦਾਲ ਨਾਲ ਆਹਮੋ-ਸਾਹਮਣੇ ਮੁਲਾਕਾਤ ਹੋਈ। ਮਹਾਰਾਸ਼ਟਰ ਸਰਕਾਰ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਇਮ ਬਰਾਂਚ ਟੀਮ ਅਬੂ ਜ਼ਿੰਦਾਲ ਨੂੰ 2008 ਤੋਂ ਜੇਲ੍ਹ 'ਚ ਕੈਦ ਅਜਮਲ ਕਸਾਬ ਦੇ ਕੋਲ ਲੈ ਕੇ ਗਈ। ਇਹ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ। ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਮੂਲ ਦੇ ਅੱਤਵਾਦੀ ਅਜ਼ਮਲ ਕਸਾਬ ਨੇ ਅਬੂ ਜ਼ਿੰਦਾਲ ਨੂੰ ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਾਰ ਮੰਨਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸਾਬ ਪੁਲਿਸ ਨੂੰ ਦੱਸ ਚੁੱਕਿਆ ਸੀ ਕਿ ਇਸ ਹਮਲੇ 'ਚ ਸ਼ਾਮਿਲ ਅੱਤਵਾਦੀਆਂ ਨੂੰ ਜ਼ਿੰਦਾਲ ਨੇ ਹਿੰਦੀ ਭਾਸ਼ਾ ਸਿਖਾਈ ਸੀ। ਇਸ ਤੋਂ ਇਲਾਵਾ ਜ਼ਿੰਦਾਲ ਵੀ ਇਹ ਮੰਨ ਚੁੱਕਿਆ ਹੈ ਕਿ ਉਹ ਮੁੰਬਈ ਹਮਲਿਆਂ ਲਈ ਇਕ ਹੋਰ ਦੋਸ਼ੀ ਡੇਵਿਡ ਹੇਡਲੀ ਨੂੰ ਵੀ ਮਿਲ ਚੁੱਕਿਆ ਹੈ। ਕਸਾਬ ਵਲੋਂ ਜ਼ਿੰਦਾਲ ਨੂੰ ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਰਤਾ ਮੰਨਣ ਤੋਂ ਬਾਅਦ ਹੁਣ ਭਾਰਤ ਦਾ ਉਹ ਦਾਅਵਾ ਹੋਰ ਮਜ਼ਬੂਤ ਹੋ ਗਿਆ ਹੈ ਜਿਸ 'ਚ ਉਨ੍ਹਾਂ ਇਸ ਹਮਲੇ ਦੀ ਪਾਕਿਸਤਾਨ 'ਚ ਯੋਜਨਾ ਬਣਨ ਦੀ ਗੱਲ ਆਖੀ ਸੀ।ਹਮਲੇ ਦਾ ਮੁੱਖ ਸਾਜਿਸ਼ਕਰਤਾ ਵਜੋਂ ਸ਼ਨਾਖਤ
ਮੁੰਬਈ ਦੀ ਆਰਥਰ ਜੇਲ੍ਹ 'ਚ ਹੋਏ ਆਹਮੋ-ਸਾਹਮਣੇ