Friday, 9 March 2012

 ਰਾਹੁਲ ਦ੍ਰਵਿੜ ਵੱਲੋਂ ਟੈਸਟ ਕ੍ਰਿਕੇਟ ਤੋਂ ਸੰਨਿਆਸ
ਬੰਗਲੌਰ (ਕਰਨਾਟਕ), 9 ਮਾਰਚ : ਟੈਸਟ ਕ੍ਰਿਕੇਟ ਵਿੱਚ ਇੱਕ ਕੰਧ ਬਣ ਕੇ ਭਾਰਤ ਨੂੰ ਕਈ ਵਾਰ ਇਤਿਹਾਸਕ ਜਿੱਤਾਂ ਦਿਵਾਉਣ ਵਾਲ਼ੇ ਸਟਾਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਅਲਵਿਦਾ ਆਖ ਦਿੱਤਾ। ਉਹ 16 ਸਾਲ ਭਾਰਤੀ ਟੀਮ ਨਾਲ਼ ਜੁੜੇ ਰਹੇ। ਰਾਹੁਲ ਨੇ ਟੈਸਟ ਕ੍ਰਿਕੇਟ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਸ਼ੁੱਕਰਵਾਰ 9 ਮਾਰਚ ਨੂੰ ਭਾਵ ਅੱਜ ਦੁਪਹਿਰ ਸਾਢੇ 12 ਵਜੇ ਇੱਥੋਂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਹੁਲ ਦ੍ਰਵਿੜ ਅਤੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਮੁਖੀ ਸ੍ਰੀਨਿਵਾਸਨ ਮੀਡੀਆ ਨੂੰ ਸੰਬੋਧਤ ਹੋਏ। ਇਸ ਮੌਕੇ ਕਰਨਾਟਕ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁੰਬਲੇ ਵੀ ਮੌਜੂਦ ਸਨ। ਇਸ ਪ੍ਰੈਸ ਕਾਨਫ਼ਰੰਸ ਦੌਰਾਨ ਦ੍ਰਵਿੜ ਨੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਇਹ ਸੰਨਿਆਸ ਲੈਣ ਦਾ ਸਹੀ ਸਮਾਂ ਹੈ। ਉਨ੍ਹਾਂ ਇਹ ਵੀ ਸਫ਼ਾਈ ਦਿੱਤੀ ਕਿ ਇਹ ਫ਼ੈਸਲਾ ਔਖਾ ਸੀ ਪਰ ਉਨ੍ਹਾਂ ਕਿਸੇ ਇੱਕ ਲੜੀ ਨੂੰ ਧਿਆਨ ਵਿੱਚ ਰੱਖ ਕੇ ਇਹ ਫ਼ੈਸਲਾ ਨਹੀਂ ਲਿਆ ਹੈ। ਉਨ੍ਹਾਂ ਬੀਤੇ ਦਿਨੀਂ ਕੁੱਝ ਕੈਚ ਛੁੱਟਣ ਉਤੇ ਅਫ਼ਸੋਸ ਪ੍ਰਗਟਾਇਆ। ਆਸਟਰੇਲੀਆ ਦੌਰੇ ਤੋਂ ਪਰਤਣ ਪਿੱਛੋਂ ਦ੍ਰਵਿੜ ਨੇ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ। ਦ੍ਰਵਿੜ ਦਾ ਆਸਟਰੇਲੀਆ ਦੌਰਾ ਬਹੁਤ ਹੀ ਖ਼ਰਾਬ ਰਿਹਾ ਸੀ। ਇਸ ਵਿੱਚ ਉਨ੍ਹਾਂ 8 ਪਾਰੀਆਂ ਵਿੱਚ 24.25 ਦੀ ਖ਼ਰਾਬ ਔਸਤ ਨਾਲ਼ ਸਿਰਫ਼ 194 ਦੌੜਾਂ ਬਣਾਈਆਂ ਸਨ। ਸਭ ਤੋਂ ਵੱਧ ਨਿਰਾਸ਼ ਕਰਨ ਵਾਲ਼ੀ ਗੱਲ ਇਹ ਰਹੀ ਕਿ 8 ਵਿਚੋਂ ਉਹ 6 ਵਾਰ ਕਲੀਨ ਬੋਲਡ ਹੋ ਗਏ। ਦ੍ਰਵਿੜ ਪਹਿਲਾਂ ਹੀ ਇੱਕ ਦਿਨਾ ਕ੍ਰਿਕੇਟ ਨੂੰ ਅਲਵਿਦਾ ਆਖ ਚੁੱਕੇ ਹਨ। ਇੰਗਲੈਂਡ ਵਿੱਚ ਟੈਸਟ ਲੜੀ ਦੇ 4 ਮੈਚਾਂ ਵਿੱਚ ਤਿੰਨ ਸੈਂਕੜੇ ਬਣਾਉਣ ਤੋਂ ਬਾਅਦ ਦ੍ਰਵਿੜ ਨੇ ਇੰਗਲੈਂਡ ਦੌਰੇ ਰਾਹੀਂ ¦ਬੇ ਸਮੇਂ ਪਿੱਛੋਂ ਇੱਕ ਦਿਨਾ ਟੀਮ ਵਿੱਚ ਵਾਪਸੀ ਕੀਤੀ ਸੀ। ਭਾਰਤ ਦੇ ਮਹਾਨ ਟੈਸਟ ਖਿਡਾਰੀਆਂ ਵਿੱਚ ਸ਼ਾਮਲ ਦ੍ਰਵਿੜ ਨੇ 164 ਟੈਸਟਾਂ ਵਿੱਚ 52 ਤੋਂ ਵੱਧ ਦੀ ਔਸਤ ਨਾਲ਼ 13,288 ਦੌੜਾਂ ਬਣਾਈਆਂ ਅਤੇ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਟੈਸਟ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲ਼ਿਆਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਉਨ੍ਹਾਂ ਆਪਣੇ ਕੈਰੀਅਰ ਵਿੱਚ 36 ਸੈਂਕੜੇ ਅਤੇ 63 ਅਰਧ ਸੈਂਕੜੇ ਲਾਏ ਹਨ। ਦ੍ਰਵਿੜ ਨੇ ਪਾਕਿਸਤਾਨ ਖ਼ਿਲਾਫ਼ 270 ਦੌੜਾਂ ਦੀ ਸਰਬੋਤਮ ਪਾਰੀ ਖੇਡੀ ਸੀ। ਰਾਹੁਲ ਦੀ ਦੋਬਾਰਾ ਕ੍ਰਿਕੇਟ ਦੇ ਖੇਤਰ ਵਿੱਚ ਵਾਪਸੀ ਸਚਿਨ ਤੇਂਦੁਲਕਰ ਦੇ ਚਲਦਿਆਂ ਹੀ ਹੋਈ ਸੀ। ਉਨ੍ਹਾਂ ਖੁੱਲ੍ਹ ਕੇ ਇਸ ਦਾ ਸਿਹਰਾ ਸਚਿਨ ਸਿਰ ਬੰਨ੍ਹਿਆ ਸੀ। ਸਚਿਨ ਵੀ ਦ੍ਰਵਿੜ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਬਹੁਤ ਮਾਯੂਸ ਹਨ। ਉਨ੍ਹਾਂ ਵੀਰਵਾਰ ਨੂੰ ਇਸ ਮਹਾਨ ਬੱਲੇਬਾਜ਼ ਨੂੰ ਸਲਾਮ ਕਰਦਿਆਂ ਕਿਹਾ ਸੀ ਕਿ ਰਾਹੁਲ ਦ੍ਰਵਿੜ ਜਿਹਾ ਕੋਈ ਦੂਜਾ ਕ੍ਰਿਕੇਟਰ ਨਹੀਂ ਹੋ ਸਕਦਾ। ਤੇਂਦੁਲਕਰ ਨੇ ਕਿਹਾ ਕਿ ਸਿਰਫ਼ ਅਤੇ ਸਿਰਫ਼ ਹਿੱਕੋ ਹੀ ਰਾਹੁਲ ਦ੍ਰਵਿੜ ਹੋ ਸਕਦਾ ਹੈ, ਹੋਰ ਕੋਈ ਨਹੀਂ। ‘ਮੈਨੂੰ ਡਰੈਸਿੰਗ ਰੂਮ ਅਤੇ ਕ੍ਰੀਜ਼ ਦੋਵਾਂ ਉਤੇ ਰਾਹੁਲ ਦੀ ਕਮੀ ਮਹਿਸੂਸ ਹੋਵੇਗੀ।’ ਕ੍ਰੀਜ਼ ਉਤੇ ਦ੍ਰਵਿੜ ਨਾਲ਼ ਨਿਭਾਈਆਂ ਗਈਆਂ ਸ਼ਾਨਦਾਰ ਭਾਈਵਾਲ਼ੀਆਂ ਬਾਰੇ ਤੇਂਦੁਲਕਰ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ਼ ਬਿਹਤਰੀਨ ਛਿਣ ਬਿਤਾਏ ਹਨ। ਕਈ ਸੈਂਕੜਿਆਂ ਲਈ ਭਾਈਵਾਲ਼ੀਆਂ ਲਈ ਅਸੀਂ ਕ੍ਰੀਜ਼ ਉਤੇ ਕਈ ਘੰਟੇ ਇਕੱਠੇ ਬਿਤਾਏ ਹਨ। ਜਿਸ ਨੇ 164 ਮੈਚ ਖੇਡੇ ਅਤੇ 13 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹੋਣ, ਉਸ ਲਈ ਸਨਮਾਨ ਦਾ ਕੋਈ ਵੀ ਸ਼ਬਦ ਵਾਜਬ ਨਹੀਂ ਹੋ ਸਕਦਾ। ਰਾਹੁਲ ਬਹੁਤ ਪਹਿਲਾਂ ਅਤੇ ਕਈ ਵਾਰ ਮੀਡੀਆ ਨੂੰ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਸਾਥੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਜੁਝਾਰੂ ਸਮਰੱਥਾ ਤੋਂ ਪ੍ਰੇਰਣਾ ਲਈ ਅਤੇ ਆਪਣੇ ਕੈਰੀਅਰ ਨੂੰ ਮੁੜ ਲੀਹ ’ਤੇ ਲਿਆ ਸਕੇ। ਪਿਛਲੇ ਸਾਲ ਦਸੰਬਰ ’ਚ ਰਹੁਲ ਦ੍ਰਵਿੜ ਨੇ ਇੱਕ ਆਸਟਰੇਲੀਆਈ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਖ਼ਰਾਬ ਫ਼ਾਰਮ ਕਾਰਣ ਮੈਨੂੰ ਲੱਗਾ ਕਿ ਕੈਰੀਅਰ ਹੁਣ ਖ਼ਤਮ ਹੋ ਗਿਆ ਹੈ ਅਤੇ ਇਸ ਦੌਰਾਨ ਮੈਂ ਆਪਣੇ ਉਤੇ ਕਾਫ਼ੀ ਦਬਾਅ ਵੀ ਬਣਾ ਲਿਆ। ਨਾਲ਼ ਹੀ ਸੋਚਣ ਲੱਗਾ ਕਿ ਖੇਡ ਨੂੰ ਅਲਵਿਦਾ ਆਖਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੋਵੇਗਾ। ਪਰ ਇਸ ਤਰ੍ਹਾਂ ਦੇ ਔਖੇ ਸਮੇਂ ਨਾਲ਼ ਤੇਂਦੁਲਕਰ ਕਿਵੇਂ ਨਿਪਟੇ, ਇਸ ਉਤੇ ਧਿਆਨ ਲਾ ਕੇ ਮੈਂ ਖ਼ੁਦ ਵਿੱਚ ਤਬਦੀਲੀ ਲਿਆਂਦੀ। ਰਾਹੁਲ ਦ੍ਰਵਿੜ ਨੇ ਅੱਜ ਆਪਣੇ ਸਾਥੀ ਤੇ ਸੀਨੀਅਰ ਕ੍ਰਿਕੇਟਰਾਂ, ਕੋਚਾਂ, ਕ੍ਰਿਕੇਟ ਪ੍ਰਸ਼ਾਸਕਾਂ ਅਤੇ ਮੀਡੀਆ ਦਾ ਵੀ ਸ਼ੁਕਰੀਆ ਅਦਾ ਕੀਤਾ। ਟੈਸਟ ਕ੍ਰਿਕੇਟ ਵਿੱਚ ਦੂਜੇ ਸਭ ਤੋਂ ਵੱਡੇ ਸਕੋਰਰ ਰਾਹੁਲ ਦ੍ਰਵਿੜ ਦੇ ਸੰਨਿਆਸ ਦੇ ਨਾਲ਼ ਹੀ ਭਾਰਤੀ ਕ੍ਰਿਕੇਟ ਦਾ ਇੱਕ ਸ਼ਾਨਦਾਰ ਅਧਿਆਇ ਖ਼ਤਮ ਹੋ ਗਿਆ ਹੈ। ਉਂਝ ਇਸ ¦ਬੇ ਕੈਰੀਅਰ ਵਿੱਚ ਕਈ ਵਾਰ ਇੰਝ ਜਾਪਿਆ ਕਿ ਸ਼ਾਹਿਦ ਉਨ੍ਹਾਂ ਨੂੰ ਉਹ ਬਣਦਾ ਮਾਣ ਤੇ ਸਨਮਾਨ ਕਦੇ ਵੀ ਨਹੀਂ ਮਿਲ਼ਿਆ, ਜਿਸ ਦੇ ਉਹ ਹੱਕਦਾਰ ਸਨ। ਰਾਹੁਲ ਦ੍ਰਵਿੜ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਣ ਭਾਰਤੀ ਟੀਮ ਨੇ ਮੈਚ ਜਿੱਤਿਆ ਪਰ ਉਸ ਸਮੇਂ ਉਨ੍ਹਾਂ ਨਾਲ਼ ਮਸ਼ਹੂਰ ਤਿਕੜੀ ਵਿਚੋਂ ਕੋਈ ਨਾ ਕੋਈ ਉਨ੍ਹਾਂ ਤੋਂ ਵੀ ਚੰਗਾ ਪ੍ਰਦਰਸ਼ਨ ਕਰ ਕੇ ਸਿਹਰਾ ਆਪਣੇ ਨਾਂਅ ਲਾ ਗਿਆ। ਉਨ੍ਹਾਂ ਨੇ ਪਹਿਲੇ ਹੀ ਟੈਸਟ ਵਿੱਚ ਜਦੋਂ ਰਾਹੁਲ ਨੇ 95 ਦੌੜਾਂ ਬਣਾਈਆਂ, ਤਾਂ ਸੌਰਭ 131 ਦੌੜਾਂ ਬਣਾ ਕੇ ਸਾਰਾ ਸਿਹਰਾ ਆਪਣੇ ਨਾਂਅ ਲਗਵਾ ਗਿਆ। ਇਸੇ ਤਰ੍ਹਾਂ ਜਦੋਂ ਕੋਲਕਾਤਾ ’ਚ ਰਾਹੁਲ ਨੇ 183 ਦੌੜਾਂ ਬਣਾਈਆਂ, ਤਾਂ ਲਕਸ਼ਮਣ ਨੇ 281 ਦੌੜਾਂ ਬਣਾ ਲਈਆ ਸਨ। ਇਸੇ ਤਰ੍ਹਾਂ ਹੈਡਿੰਗਲੀ ’ਚ ਜਦੋਂ ਰਾਹੁਲ ਨੇ 148 ਦੌੜਾਂ ਬਣਾਈਆਂ, ਤਾਂ ਸਚਿਨ ਨੇ 193 ਦੌੜਾਂ ਬਣਾ ਕੇ ਰਾਹੁਲ ਨੂੰ ਪਿੱਛੇ ਕਰ ਦਿੱਤਾ। ਅਜਿਹੇ ਕਈ ਮੌਕੇ ਅੰਕੜਿਆਂ ਦੀਆਂ ਕਿਤਾਬਾਂ ਨਾਲ਼ ਭਰੇ ਪਏ ਹਨ। ਦਾ ਵਾਲ ਅਤੇ ਮਿਸਟਰ ਡਿਪੈਂਡੇਬਲ ਦੇ ਨਾਂਅ ਨਾਲ਼ ਸਾਰੀ ਦੁਨੀਆ ’ਚ ਮਸ਼ਹੂਰ ਰਾਹੁਲ ਨੇ ਅਨੇਕਾਂ ਵਾਰ ਆਪਣੇ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਸ਼ਾਨਦਾਰ ਤਰੀਕੇ ਨਾਲ਼ ਲਾਰਡਜ਼ ਦੇ ਮੈਦਾਨ ਵਿੱਚ 20 ਜੂਨ, 1996 ਨੂੰ ਰਾਹੁਲ ਦਾ ਕੌਮਾਂਤਰੀ ਕੈਰੀਅਰ ਸ਼ੁਰੂ ਹੋਇਆ ਸੀ, ਉਸੇ ਤਰੀਕੇ ਨਾਲ਼ ਖ਼ਤਮ ਹੋ ਰਿਹਾ ਹੈ। ਇਹ ਰਿਟਾਇਰਮੈਂਟ ਵੀ ਉਨ੍ਹਾਂ ਦੀ ਆਪਣੀ ਸ਼ੈਲੀ ਵਿੱਚ ਹੀ ਹੋ ਰਹੀ ਹੈ। ਨਾਗਪੁਰ ’ਚ 2008 ਵਿੱਚ ਸੌਰਭ ਗਾਂਗੁਲੀ ਨੇ ਅਲਵਿਦਾ ਆਖੀ ਸੀ ਅਤੇ ਉਸ ਤੋਂ ਵੀ ਪਹਿਲਾਂ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਜਦੋਂ ਅਨਿਲ ਕੁੰਬਲੇ ਨੇ ਜਦੋਂ ‘ਬਾਇ-ਬਾਇ’ ਆਖਿਆ ਸੀ, ਤਦ ਸਟੇਡੀਅਮ ਵਿੱਚ ਮੌਜੂਦ ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ ਸੀ। 11 ਜਨਵਰੀ, 1973 ਨੂੰ ਇੰਦੌਰ ’ਚ ਜਨਮੇ ਰਾਹੁਲ ਨੇ ਬੰਗਲੌਰ ਦੇ ਸੇਂਟ ਜੋਜ਼ਫ਼ ਕਾਲਜ ਆੱਫ਼ ਕਾਮਰਸ ਤੋਂ ਕਾਮਰਸ ਦੀ ਡਿਗਰੀ ਲਈ ਹੈ। ਉਨ੍ਹਾਂ ਦਾ ਇੱਕ ਛੋਟਾ ਭਰਾ ਵਿਜੇ ਹੈ। ਸਾਲ 2003 ’ਚ ਡਾਕਟਰ ਵਿਜੇਤਾ ਪੇਂਡਾਰਕਰ ਨਾਲ਼ ਰਾਹੁਲ ਦਾ ਵਿਆਹ ਹੋਇਆ। ਉਨ੍ਹਾਂ ਦੇ ਦੋ ਪੁੱਤਰ ਸਮਿਤ ਅਤੇ ਅਨਵਯ ਹਨ। 10 ਸਾਲਾਂ ਦੀ ਉਮਰੇ ਰਾਹੁਲ ਨੇ ਕ੍ਰਿਕੇਟ ਦਾ ਬੱਲਾ ਫੜ ਲਿਆ ਸੀ। ਉਨ੍ਹਾਂ ਉਤੇ ਪਹਿਲੀ ਪਾਰਖੂ ਨਜ਼ਰ ਸਾਬਕਾ ਕ੍ਰਿਕੇਟਰ ਤਾਰਾਪੋਰ ਦੀ ਪਈ ਸੀ ਅਤੇ ਉਨ੍ਹਾਂ ਦੀ ਮਦਦ ਨਾਲ਼ ਉਹ ਖੇਡ ਵਿੱਚ ਅੱਗੇ ਵਧਦੇ ਗਏ। ਅੰਡਰ 15, ਅੰਡਰ 17 ਅਤੇ ਅੰਡਰ 19 ਦਤੋਂ ਬਾਅਦ ਰਣਜੀ ਟੀਮ ਵਿੱਚ 1990 ਵਿੱਚ ਸ਼ਾਮਲ ਹੋਏ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਤੱਕਿਆ। ਉਨ੍ਹਾਂ ਦੇ ਇਸ ਸਫ਼ਰ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਸ਼ਾਮਲ ਹੈ ਅਤੇ ਅੱਜ ਕ੍ਰਿਕੇਟ ਦੇ ਮੈਦਾਨ ਦਾ ਇਹ ਸਫ਼ਰ ਖ਼ਤਮ ਹੋ ਗਿਆ। ਬਹੁਤੇ ਕ੍ਰਿਕੇਟ ਪ੍ਰੇਮੀ ਰਾਹੁਲ ਦ੍ਰਵਿੜ ਦੇ ਇਸ ਫ਼ੈਸਲੇ ਤੋਂ ਨਿਰਾਸ਼ ਵੀ ਹਨ।
 ਓਸਾਮਾ ਦੀਆਂ ਪਤਨੀਆਂ 'ਤੇ ਚੱਲੇਗਾ ਕੇਸ
ਇਸਲਾਮਾਬਾਦ— ਪਾਕਿਸਤਾਨ ਦੇ ਅੰਦਰੂਨੀ  ਮਾਮਲਿਆਂ ਦੇ ਮੰਤਰੀ ਰਹਿਮਾਨ ਏ. ਮਲਿਕ ਨੇ ਕਿਹਾ ਕਿ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਦੇ ਮੰਤਰੀ ਰਹਿਮਾਨ ਏ. ਮਲਿਕ ਨੇ ਕਿਹਾ ਹੈ ਕਿ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਦੇ ਬੱਚੇ ਵਿਦੇਸ਼ਾਂ ਦੀ ਸੈਰ ਕਰ ਸਕਣਗੇ ਕਿਉਂਕਿ ਉਨ੍ਹਾਂ ਖਿਲਾਫ ਕੋਈ ਮਾਮਲਾ ਨਹੀਂ ਹੈ ਪਰ ਉਨ੍ਹਾਂ ਦੀਆਂ ਪਤਨੀਆਂ ਖਿਲਾਫ ਮੁਕੱਦਮੇ ਚੱਲਣਗੇ। 'ਜਿਓ ਨਿਊਜ਼' ਅਨੁਸਾਰ ਮਲਿਕ ਨੇ ਕਿਹਾ ਕਿ ਓਸਾਮਾ ਦੀਆਂ ਤਿੰਨੋਂ ਪਤਨੀਆਂ ਸਣੇ ਪਰਿਵਾਰ ਦੇ ਸਾਰੇ ਬਾਲਗ ਮੈਂਬਰਾਂ ਖਿਲਾਫ ਵਿਦੇਸ਼ੀ ਵਿਅਕਤੀ ਨਿਯਮ ਤਹਿਤ ਮਾਮਲੇ ਚੱਲ ਰਹੇ ਹਨ ਕਿਉਂਕਿ ਉਹ ਪਾਕਿਸਤਾਨ ਦੇ ਕਾਨੂੰਨ ਬਾਰੇ ਜਾਣਦੇ ਸਨ ਅਤੇ ਉਨ੍ਹਾਂ ਨੇ ਜਾਣਬੁੱਝ ਕੇ ਇਸਦਾ ਉਲੰਘਣ ਕੀਤਾ।
ਮਲਿਕ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਓਸਾਮਾ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਲਿਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਓਸਾਮਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਸ ਪੰਜ ਕਮਰਿਆਂ ਵਾਲੀ ਇਮਾਰਤ 'ਚ ਰੱਖਿਆ ਗਿਆ ਹੈ, ਉਹ ਜੇਲ ਜਿਹੀ ਨਹੀਂ ਹੈ ਸਗੋਂ ਉਥੇ ਘਰ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ ਹਨ। ਅਮਰੀਕੀ ਸੁਰੱਖਿਆ ਫੋਰਸਾਂ ਨੇ ਪਿਛਲੇ ਸਾਲ ਮਈ 'ਚ ਓਸਾਮਾ  ਨੂੰ ਪਾਕਿਸਤਾਨ ਦੇ ਐਬਟਾਬਾਦ 'ਚ ਮਾਰ ਗਿਰਾਇਆ ਸੀ।
 ਬਦਲਾ ਨਹੀਂ ਵਿਕਾਸ ਹੀ ਰਹੇਗਾ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਏਜੰਡਾ-ਬਾਦਲ
ਆਨੰਦਪੁਰ ਸਾਹਿਬ-  ਪੰਜਾਬ 'ਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨਾ ਤਾਂ ਕਦੇ ਸੌੜੀ ਬਦਲਾਲਊ ਸਿਆਸਤ ਅਪਣਾਈ ਸੀ ਅਤੇ ਨਾ ਹੀ ਅਪਣਾਏਗੀ।
ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਖਾਲਸੇ ਦੇ ਜਨਮ ਅਸਥਾਨ ਦੀ ਇਸ ਪਵਿੱਤਰ ਧਰਤੀ 'ਤੇ ਅਕਾਲ ਪੁਰਖ ਤੋਂ ਆਸ਼ੀਰਵਾਦ ਲੈਣ ਤੇ ਇਹ ਪ੍ਰਣ ਕਰਨ ਲਈ ਆਏ ਹਨ ਕਿ ਉਨ੍ਹਾਂ ਦੀ ਸਰਕਾਰ ਗਰੀਬ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਅਪਣਾਉਂਦੀ ਹੋਈ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।
ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪ੍ਰਣ ਕੀਤਾ ਕਿ ਨਸ਼ਾਖੋਰੀ ਦੇ ਗੈਰ-ਕਾਨੂੰਨੀ ਧੰਦੇ 'ਚ ਲੱਗੇ ਹੋਏ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਾਰਜ 'ਚ ਪੰਜਾਬ ਸਰਕਾਰ ਦਾ ਸਾਥ ਦੇਣ।
ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਆਉਂਦੇ 2 ਸਾਲਾਂ 'ਚ ਪੰਜਾਬ ਨੂੰ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਨਾਉਣ ਦੇ ਨਾਲ-ਨਾਲ ਸਰਾਕਰ ਬੀਤੇ ਸੇਵਾਕਾਲ ਦੌਰਾਨ ਅਧੂਰੇ ਰਹਿ ਗਏ ਕਾਰਜ਼ਾਂ ਨੂੰ ਵੀ ਮੁਕੰਮਲ ਕਰੇਗੀ। ਉਨ੍ਹਾਂ ਮੁਫ਼ਤ ਸਾਈਕਲ ਯੋਜਨਾ ਨੂੰ 9ਵੀਂ ਤੇ 10ਵੀਂ ਦੀਆਂ ਵਿਦਿਆਰਥਣਾਂ ਲਈ  ਵੀ ਲਾਗੂ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਐਮ.ਏ. ਪੱਧਰ ਤੱਕ ਵਿਦਿਆਰਥਣਾਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸ. ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰ ਦਾ ਸਟੇਡੀਅਮ ਬਨਾਉਣ ਅਤੇ ਭਾਈ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ ਦੀ ਯਾਦ 'ਚ ਯਾਦਗਾਰਾਂ ਸਥਾਪਤ ਕਰਨ ਦਾ ਵੀ ਐਲਾਨ ਕੀਤਾ।
ਇਸ ਉਪਰੰਤ ਪ੍ਰੈਸ ਨਾਲ ਗੱਲਬਾਤ ਦੌਰਾਨ ਇਹ ਪੁੱਛੇ ਜਾਣ 'ਤੇ ਕਿ ਭਾਜਪਾ ਦੇ ਕਿੰਨੇ ਮੰਤਰੀਆਂ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਜਾਵੇਗਾ, ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਰਿਸ਼ਤਾ ਸਿਆਸੀ ਨਹੀਂ ਬਲਕਿ ਜਜ਼ਬਾਤੀ ਹੈ ਜੋ ਕਿ ਇੰਨ੍ਹਾ ਸਾਰੀਆਂ ਗੱਲਾਂ ਤੋਂ ਉੱਪਰ ਹੈ।  ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਆਗੂ ਤੇ ਵਰਕਰ ਇਸ ਜਿੱਤ ਤੋਂ ਸੰਤੁਸ਼ਟ ਹੋ ਕੇ ਨਾ ਬਹਿ ਜਾਣ ਬਲਕਿ ਇਸ ਜਿੱਤ ਨਾਲ ਉਨ੍ਹਾਂ ਨੂੰ ਲੋਕਾਂ ਦੀਆਂ  ਉਮੀਦਾਂ 'ਤੇ ਖਰਾ ਉਤਰਣ ਲਈ ਦੁੱਗਣੀ ਮਿਹਨਤ ਕਰਨੀ ਪਵੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਵ-ਨਿਯੁਕਤ ਵਿਧਾਇਕਾਂ ਬੀਬੀ ਜਾਗੀਰ ਕੌਰ, ਸ. ਤੋਤਾ ਸਿੰਘ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਨੰਦ ਲਾਲ ਅਤੇ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਨਵ-ਨਿਯੁਕਤ ਵਿਧਾਇਕਾਂ ਨੇ ਪੰਜਾਬ 'ਚ ਮੁੜ ਅਕਾਲੀ-ਭਾਜਪਾ ਸਰਕਾਰ ਲਿਆਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪ੍ਰਣ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਵਿਕਾਸ 'ਚ ਹਿੱਸੇਦਾਰ ਬਨਣ ਲਈ ਚੱਲ ਰਹੇ ਵਿਕਾਸ ਪ੍ਰੋਜੈਕਟਾਂ 'ਚ ਦਿਲਚਸਪੀ ਰੱਖਦਿਆਂ ਇੰਨ੍ਹਾਂ 'ਤੇ ਨਜ਼ਰ ਰੱਖਣ। ਇਸ ਮੌਕੇ ਸ. ਕਿਰਨਬੀਰ ਸਿੰਘ ਕੰਗ, ਸ. ਜਸਜੀਤ ਸਿੰਘ ਬਨੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਚਾਵਲਾ, ਸ੍ਰੀਮਤੀ ਸਤਵੰਤ ਕੌਰ ਸੰਧੂ, ਸ. ਉਜਾਗਰ ਸਿੰਘ ਬਡਾਲੀ ਅਤੇ ਸ੍ਰੀ ਪ੍ਰਵੇਸ਼ ਗੋਇਲ ਵੀ ਹਾਜਿਰ ਸਨ।
 ਕਾਂਗਰਸ ਤੇ ਪੀ. ਪੀ. ਪੀ. ਹਾਰ ਦੇ ਬਹਾਨੇ ਲੱਭ ਰਹੀਆਂ ਨੇ : ਸੁਖਬੀਰ
ਚੰਡੀਗੜ੍ਹ— ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਸਫਲਤਾ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਪਾਰਟੀ ਨੇਤਾਵਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ 70 ਦੇ ਨੇੜੇ-ਤੇੜੇ ਸੀਟਾਂ 'ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ  ਸੀ ਕਿ ਪੰਜਾਬ 'ਚ ਕਾਫੀ ਨਜ਼ਦੀਕੀ ਟੱਕਰ ਦੇਖਣ ਨੂੰ ਮਿਲੇਗੀ ਪਰ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੋਈ ਨਜ਼ਦੀਕੀ ਮੁਕਾਬਲਾ ਨਹੀਂ ਹੈ। ਅਸੀਂ ਵਿਕਾਸ ਦੇ ਨਾਂ 'ਤੇ ਚੋਣ ਲੜੀ ਸੀ ਅਤੇ ਲੋਕਾਂ ਨੇ ਸਾਡੇ ਵਿਕਾਸ ਨੂੰ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪੀ. ਪੀ. ਪੀ. ਹੁਣ ਹਾਰ ਦੇ ਬਹਾਨੇ ਲੱਭ ਰਹੀਆਂ ਹਨ।
ਮਨਪ੍ਰੀਤ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮਨਪ੍ਰੀਤ ਕਿਸ ਤਰ੍ਹਾਂ ਚਾਰ ਵਾਰ ਗਿੱਦੜਬਾਹਾ ਤੋਂ ਚੁਣੇ ਗਏ ਇਹ ਸਾਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇਸ ਦਾ ਜਵਾਬ ਖੁਦ ਦੇਵੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਦੋਸ਼ ਸਿਰੇ ਤੋਂ ਝੂਠੇ ਹਨ ਅਤੇ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਸੁਖਬੀਰ ਨੇ ਸੋਨੀਆ ਗਾਂਧੀ ਦੇ ਉਸ ਬਿਆਨ ਨੂੰ ਵੀ ਨਕਾਰਿਆ ਜਿਸ 'ਚ ਕਿਹਾ ਗਿਆ ਸੀ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਕਾਰਨ ਪੀ. ਪੀ. ਪੀ. ਹੈ। ਜ਼ਿਕਰਯੋਗ ਹੈ ਕਿ ਸੋਨੀਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪੰਜਾਬ 'ਚ ਦੋ ਦਰਜਨ ਤੋਂ ਵੱਧ ਸੀਟਾਂ 'ਤੇ ਕਾਂਗਰਸ ਦਾ  ਸਮੀਕਰਨ ਪੀ. ਪੀ. ਪੀ. ਨੇ ਖਰਾਬ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਅਤੇ ਸਾਡੇ 'ਤੇ ਵਿਸ਼ਵਾਸ ਜਤਾਇਆ ਹੈ ਅਸੀਂ ਉਸ ਦੇ ਤਹਿ ਦਿਲੋਂ ਧੰਨਵਾਦੀ ਹਾਂ।
 ਬੱਚ ਕੇ! ਧਰਤੀ ਤੱਕ ਪੁੱਜਾ ਸੌਰ ਤੂਫਾਨ
ਵਾਸ਼ਿੰਗਟਨ— ਟੁੱਟੇ ਤਾਰਿਆਂ ਦੇ ਇਕ ਵੱਡੇ ਸੌਰ ਤੂਫਾਨ ਦੇ ਅੱਜ ਧਰਤੀ ਦੇ ਚੁੰਬਕੀ ਖੇਤਰ 'ਚ ਪਹੁੰਚਣ ਦੀ ਉਮੀਦ ਹੈ ਅਤੇ ਦੋ ਦਿਨ ਪਹਿਲਾਂ ਪੈਦੇ ਹੋਏ ਇਸ ਸੌਰ ਤੂਫਾਨ ਨਾਲ ਬਿਜਲੀ ਸਪਲਾਈ, ਉਪਗ੍ਰਹ ਆਧਾਰਤ ਹਵਾਈ ਆਵਾਜਾਈ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਵਿਗਿਆਨਿਕਾਂ ਦਾ ਦਾਅਵਾ ਹੈ ਕਿ ਇਹ ਪੰਜ ਸਾਲ 'ਚ ਆਇਆ ਸਭ ਤੋ ਵੱਡਾ ਸੌਰ ਤੂਫਾਨ ਹੈ ਜੋ ਮੰਗਲਵਾਰ ਨੂੰ ਤੜਕੇ ਸੌਰ ਅਗਨੀ ਕਿਰਨਾਂ ਤੋਂ  ਉਠਿਆ ਸੀ ਤੇ ਵਧਦਾ ਹੀ ਚਲਾ ਗਿਆ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰ ਤੱਕ ਇਸਦੇ ਕਣਾਂ ਦੀ ਰਫਤਾਰ 40 ਮੀਲ ਪ੍ਰਤੀ ਘੰਟਾ ਸੀ।  ਨੈਸ਼ਨਲ ਓਸੀਯੈਨਿਕ ਐਂਡ ਐਟਮੋਸਫੇਰਿਕ ਐਡਮਨੀਸਟ੍ਰੇਸ਼ਨ (ਐਨ. ਓ. ਏ. ਏ.) ਦੇ ਸਪੇਸ ਵਿਗਿਆਨੀ ਜੋਸੇਫ ਕੰਸ਼ੇਸ ਨੇ ਦੱਸਿਆ ਕਿ ਸਪੇਸ ਦਾ ਮੌਸਮ ਪਿਛਲੇ 24 ਘੰਟਿਆਂ ਦੌਰਾਨ ਬਹੁਤ ਹੀ ਰੋਚਕ ਹੋ ਗਿਆ ਹੈ।

ਹੀਰਿਆਂ ਨਾਲ ਜੜੀ ਘੜੀਆਂ ਸਣੇ ਮੁੰਬਈ ਏਅਰਪੋਰਟ 'ਤੇ ਇਕ ਗ੍ਰਿਫਤਾਰ

ਮੁੰਬਈ— ਮੁੰਬਈ ਦੇ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਅੱਜ ਕਸਟਮ ਵਿਭਾਗ ਨੇ ਅਮਰੀਕਾ ਤੋਂ ਆਈ ਫਲਾਈਟ 'ਚ ਸਵਾਰ ਇਕ ਸ਼ਖਸ ਨੂੰ ਤਲਾਸ਼ੀ ਦੌਰਾਨ ਦੋ ਹੀਰਿਆਂ ਦੀਆਂ ਘੜੀਆਂ ਅਤੇ ਗਹਿਣਿਆਂ ਸਣੇ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਹ ਸ਼ਖਸ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਇਨ੍ਹਾਂ ਘੜੀਆਂ ਅਤੇ ਗਹਿਣਿਆਂ ਦੀ ਇੰਟਰਨੈਸ਼ਨਲ ਮਾਰਕੀਟ 'ਚ ਕੀਮਤ ਕਰੋੜਾਂ ਰੁਪਏ ਹੈ। ਪੁਲਸ ਜਾਂਚ ਕਰ ਰਹੀ ਹੈ।

 

 ਮੁੰਬਈ 'ਚ ਜ਼ਹਿਰੀਲੇ ਰੰਗ ਨਾਲ ਲੜਕੇ ਦੀ ਮੌਤ
ਮੁੰਬਈ— ਹੋਲੀ 'ਚ ਜ਼ਹਿਰੀਲੇ ਰੰਗ ਕਰਾਨ ਮੁੰਬਈ 'ਚ ਉਪਨਗਰ ਘਾਟਕੋਪਰ ਦੇ ਇਕ ਹਸਪਤਾਲ 'ਚ 13 ਸਾਲਾ ਇਕ ਲੜਕੇ ਦੀ ਮੌਤ ਹੋ ਗਈ ਹੈ। ਨਾਗਰਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਥੇ ਦੇ ਧਾਰਾਵੀ ਇਲਾਕੇ 'ਚ ਹੋਲੀ ਤਿਓਹਾਰ ਦੌਰਾਨ ਜ਼ਹਿਰੀਲੇ ਰੰਗ ਕਾਰਨ ਬਿਮਾਰ ਪਏ ਵਿਕੀ ਵਾਲਮਿਕੀ ਦੀ ਕਲ ਰਾਤ ਰਾਜਾਵਾਡੀ 'ਚ ਮੌਤ ਹੋ ਗਈ।
ਮੁੰਬਈ ਦੇ ਕੁਝ ਹਿੱਸਿਆ 'ਚ ਜ਼ਹਿਰੀਲੇ ਰੰਗ ਕਾਰਨ ਕਲ ਲੋਕਾਂ ਨੇ ਐਲਰਜ਼ੀ ਦੀ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ 9 ਹੋਰ ਲੋਕਾਂ ਨੂੰ ਵੀ ਇਸੀ ਤਰ੍ਹਾਂ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ 190 ਤੋਂ ਜ਼ਿਆਦਾ ਲੋਕਾਂ ਨੂੰ ਸਾਇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿਸ 'ਚ ਜ਼ਿਆਦਾਤਰ ਬੱਚਿਆਂ ਦੀ ਉਮਰ 9-10 ਸਾਲ ਦੇ ਵਿਚ ਹੈ। ਉਨ੍ਹਾਂ ਦੱਸਿਆ ਹੈ ਕਿ ਜ਼ਿਆਦਾ ਲੋਕਾਂ ਨੇ ਚਕੱਰ ਆਉਣ ਤੇ ਉਲਟੀ ਆਉਣ ਦੀ ਸ਼ਿਕਾਇਤ ਕੀਤੀ ਸੀ।