Wednesday, 2 October 2013

ਆਰਥਿਕ ਤੰਗੀ ਕਾਰਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ-ਬੁੱਢਾਪਾ ਪੈਨਸ਼ਨ ਵੀ ਨਹੀਂ ਸੀ ਮਿਲਦੀ

ਅਬੋਹਰ, 2 ਅਕਤੂਬਰ (ਕੁਲਦੀਪ ਸਿੰਘ ਸੰਧੂ)-ਆਰਥਿਕ ਤੰਗੀ ਨਾਲ ਜੂਝਦਿਆਂ ਪਿੰਡ ਕਿੱਲਿਆਂਵਾਲੀ ਦੇ ਇੱਕ ਬਜ਼ੁਰਗ ਪ੍ਰਵਾਸੀ ਜੋੜੇ ਨੇ ਜੀਵਨ ਦੇ ਆਖ਼ਰੀ ਪੜਾਅ 'ਚ ਰਿਸ-ਰਿਸ ਕੇ ਮਰਨ ਨਾਲੋਂ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਇੱਕੋ ਮੰਜੇ 'ਤੇ ਪਈਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਵੇਖ ਕੇ ਉੱਥੇ ਮੌਜੂਦ ਜਿੱਥੇ ਹਰੇਕ ਵਿਅਕਤੀਆਂ ਦੀਆਂ ਅੱਖਾਂ ਨਮ ਹੋ ਗਈਆਂ ਉੱਥੇ ਸਰਕਾਰ ਵੱਲੋਂ ਗ਼ਰੀਬਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵੀ ਪੋਲ ਖੁੱਲ੍ਹ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਕਿੱਲਿਆਂਵਾਲੀ ਵਿਖੇ ਪ੍ਰਵਾਸੀ ਮਜ਼ਦੂਰ ਰਾਮ ਕੁਮਾਰ ਅਤੇ ਉਸ ਦੀ ਪਤਨੀ ਪਿਛਲੇ ਕਰੀਬ 30 ਸਾਲਾਂ ਤੋਂ ਰਹਿ ਰਹੇ ਸੀ ਅਤੇ ਦਿਹਾੜੀ ਕਰਕੇ ਆਪਣਾ ਪੇਟ ਪਾਲ ਰਹੇ ਸੀ। ਪਿਛਲੇ ਕੁੱਝ ਸਮੇਂ ਤੋਂ ਰਾਮ ਕੁਮਾਰ (85) ਦੀ ਪਤਨੀ ਲਕਵੇ ਦੀ ਬਿਮਾਰੀ ਤੋਂ ਪੀੜਤ ਅਤੇ ਅੱਖਾਂ ਤੋਂ ਅੰਨ੍ਹੀ ਹੋ ਗਈ ਸੀ ਅਤੇ ਜ਼ਿਆਦਾ ਬਜ਼ੁਰਗ ਹੋਣ ਕਾਰਨ ਉਸ ਤੋਂ ਨਾ ਮਜ਼ਦੂਰੀ ਹੁੰਦੀ ਸੀ ਅਤੇ ਨਾ ਹੀ ਕੋਈ ਹੋਰ ਰੋਜ਼ੀ-ਰੋਟੀ ਦਾ ਸਾਧਨ ਸੀ। ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਬਜ਼ੁਰਗ ਜੋੜੇ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਜੋੜੇ ਨੂੰ ਨਾ ਕੋਈ ਬੁੱਢਾਪਾ ਪੈਨਸ਼ਨ ਮਿਲਦੀ ਸੀ ਅਤੇ ਨਾ ਹੀ ਕੋਈ ਹੋਰ ਸਰਕਾਰੀ ਸਹੂਲਤ। ਉਹ ਕਿਸੇ ਕਿਸਾਨ ਦੇ ਖੇਤ ਵਿਚ ਇੱਕ ਕੱਚੇ ਕੋਠੇ 'ਚ ਰਹਿੰਦੇ ਸਨ, ਜਿੱਥੇ ਜੇਕਰ ਕੋਈ ਰਹਿਮ ਦਿਲ ਵਿਅਕਤੀ ਉਨ੍ਹਾਂ ਨੂੰ ਕੁੱਝ ਖਾਣ ਲਈ ਦੇ ਦਿੰਦਾ ਤਾਂ ਖਾ ਲੈਂਦੇ ਸੀ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ।


ਪਾਕਿ ਫ਼ੌਜ ਵੱਲੋਂ ਕੁਪਵਾੜਾ ਜ਼ਿਲ੍ਹੇ ਦੇ ਪਿੰਡ 'ਤੇ ਕਬਜ਼ਾ

ਕੁਪਵਾੜਾ, 2 ਅਕਤੂਬਰ (ਏਜੰਸੀਆਂ)ਂਪਾਕਿ ਫ਼ੌਜ ਵੱਲੋਂ ਕੰਟਰੋਲ ਰੇਖਾ ਨੇੜੇ ਕੁਪਵਾੜਾ ਜ਼ਿਲ੍ਹੇ ਦੇ ਪਿੰਡ 'ਸਾਲਨ ਬਾਟਾ' 'ਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ ਤੇ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਜਾਰੀ ਹੈ ਪਰ ਦੂਜੇ ਪਾਸੇ ਭਾਰਤੀ ਫ਼ੌਜੀ ਨੇ ਇਸ ਦਾ ਖੰਡਨ ਕਰਦਿਆਂ ਇਨ੍ਹਾਂ ਖ਼ਬਰਾਂ ਨੂੰ 'ਪੂਰੀ ਤਰ੍ਹਾਂ ਗਲਤ' ਕਰਾਰ ਦਿੱਤਾ ਹੈ। ਇਸ ਸਬੰਧ ਵਿਚ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਵਿਚ 5 ਜਵਾਨ ਜ਼ਖ਼ਮੀ ਹੋਏ ਹਨ। ਮਿਲੇ ਵੇਰਵਿਆਂ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਜਵਾਨ 23 ਸਤੰਬਰ ਤੋਂ ਇਥੇ ਕਬਜ਼ਾ ਜਮਾਈ ਬੈਠੇ ਹਨ ਤੇ ਹੁਣ ਭਾਰਤੀ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ ਤੇ ਦੋਵਾਂ ਪਾਸਿਆਂ ਤੋਂ ਗੋਲਾਬਾਰੀ ਚੱਲ ਰਹੀ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੂੰ ਮਿਲੇ ਤੇ ਅਮਨ ਦਾ ਭਰੋਸਾ ਲੈ ਕੇ ਪਰਤੇ। ਸੂਤਰਾਂ ਨੇ ਦੱਸਿਆ ਕਿ ਅਸਲ ਵਿਚ 23 ਸਤੰਬਰ ਨੂੰ ਹੀ ਪਾਕਿਸਤਾਨੀ ਫੌਜ ਨੇ ਕੇਰਨ ਸੈਕਟਰ ਵਿਚ ਕੁਝ ਭਾਰਤੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ ਪਰ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਬਣਾ ਕੇ ਪੇਸ਼ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਘੁਸਪੈਠ ਕਰਨ ਵਾਲੇ 10-15 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਹੁਣ ਜਦੋਂ ਸਾਹਮਣੇ ਆਇਆ ਹੈ ਕਿ 23 ਸਤੰਬਰ ਦੀ ਨਾਪਾਕ ਹਰਕਤ ਵਿਚ ਅੱਤਵਾਦੀ ਨਹੀਂ ਬਲਕਿ ਪਾਕਿ ਸੈਨਿਕ ਸ਼ਾਮਿਲ ਸਨ ਤਾਂ ਭਾਰਤੀ ਫ਼ੌਜ ਦੇ ਉਸ ਕਥਿਤ ਆਪਰੇਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਖੁਫ਼ੀਆ ਸੂਤਰਾਂ ਮੁਤਾਬਿਕ 23 ਸਤੰਬਰ ਨੂੰ ਪਾਕਿ ਫ਼ੌਜੀਆਂ ਨੇ ਕੰਟਰੇਲ ਰੇਖਾ ਨੇੜੇ ਲਾਸਦੱਤ ਦੇ ਜੰਗਲਾਂ ਵਿਚ ਭਾਰਤ ਦੀਆਂ ਤਿੰਨ ਚੌਕੀਆਂ 'ਤੇ ਕਬਜ਼ਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਭਾਰਤੀ ਸੈਨਿਕਾਂ ਨਾਲ 'ਛੋਟੇ ਪੱਧਰ ਦਾ ਯੁੱਧ' ਵੀ ਹੋਇਆ। ਸਵਾਲ ਇਹ ਹੈ ਕਿ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਦੱਸ ਕੇ ਕਿਉਂ ਪੇਸ਼ ਕੀਤਾ ਅਤੇ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕਿਉਂ ਕੀਤਾ ਜਦਕਿ ਘਟਨਾ ਵਾਲੀ ਥਾਂ ਤੋਂ ਇਕ ਵੀ ਲਾਸ਼ ਨਹੀਂ ਮਿਲੀ

ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਲੱਗਣਗੀਆਂ ਬਾਦਲ ਦੀਆਂ ਫੋਟੋਆਂ : ਬਾਜਵਾ

ਅੰਮ੍ਰਿਤਸਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਯੋਜਨਾ ਵਿਚ ਆਪਣੀਆਂ ਫੋਟੋਆਂ ਲਗਵਾ ਕੇ ਸਿਆਸੀ ਲਾਹਾ ਲੈਣ ‘ਚ ਜੁਟੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਉਣ ਵਾਲੇ ਦਿਨਾਂ ਵਿਚ ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਆਪਣੀਆਂ ਫੋਟੋਆਂ ਲਗਵਾ ਸਕਦੇ ਹਨ। ਅੰਮ੍ਰਿਤਸਰ ਵਿਖੇ ਯੂਥ ਕਾਂਗਰਸ ਦੀ ਅਧਿਕਾਰ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਹੁਣ ਸ਼ਰਾਬ ਦੀਆਂ ਬੋਤਲਾਂ ‘ਤੇ ਮੁੱਖ ਮੰਤਰੀ ਬਾਦਲ ਅਤੇ ਮਜੀਠੀਆ ਦੀਆਂ ਫੋਟੋਆਂ ਲਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ।
ਇਸ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਲਾਗੂ ਕਰਕੇ ਗਰੀਬ ਪਰਿਵਾਰਾਂ ਦੀ ਰੋਟੀ ਯਕੀਨੀ ਬਣਾਈ ਹੈ ਜਦੋਂਕਿ ਬਾਦਲ ਇਸ ਮਾਮਲੇ ਵਿਚ ਵੀ ਖੁਦ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਯੂਥ ਕਾਂਗਰਸ ਦੀ ਇਹ ਅਧਿਕਾਰ ਰੈਲੀ 31 ਅਕਤੂਬਰ ਤੱਕ ਚੱਲੇਗੀ ਅਤੇ ਇਸ ਦੌਰਾਨ ਪੰਜਾਬ ਦੀਆਂ ਕਰੀਬ ਢਾਈ ਦਰਜਨ ਸ਼ਹਿਰਾਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮ ਚੌਧਰੀ ਦੀ ਅਗਵਾਈ ਵਿਚ ਸ਼ੁਰੂ ਹੋਈ ਇਸ ਰੈਲੀ  ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਆਖਿਰ ਰਾਹੁਲ ਗਾਂਧੀ ਦੀ ਚੱਲੀ, ਦਾਗੀ ਨੇਤਾਵਾਂ ਨੂੰ ਬਚਾਉਣ ਵਾਲਾ ਆਰਡੀਨੈਂਸ ਵਾਪਸ

ਨਵੀਂ ਦਿੱਲੀ- ਦਾਗੀ ਨੇਤਾਵਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਦੇ ਮਾਮਲੇ ‘ਚ ਆਖਿਰਕਾਰ ਪ੍ਰਧਾਨ ਮੰਤਰੀ ਸਮੇਤ ਪੂਰੀ ਕੈਬਨਿਟ ਰਾਹੁਲ ਗਾਂਧੀ ਦੇ ਸਟੈਂਡ ਅੱਗੇ ਨਤਮਸਤਕ ਹੋ ਗਈ ਹੈ। ਇਸ ਪੂਰੇ ਮਾਮਲੇ ‘ਚ ਰਾਹੁਲ ਗਾਂਧੀ ਜੀ ਜਿੱਤ ਹੋਈ ਹੈ ਅਤੇ ਇਸ ਆਰਡੀਨੈਂਸ ਨੂੰ ਵਾਪਸ ਲੈ ਲਿਆ ਗਿਆ ਹੈ।  ਬੁੱਧਵਾਰ ਨੂੰ ਦਿੱਲੀ ਵਿਖੇ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਰਾਹੁਲ ਗਾਂਧੀ ਦੇ ਵਿਰੋਧ ਤੋਂ ਬਾਅਦ ਕੇਂਦਰੀ ਕੈਬਨਿਟ ਅਤੇ ਪ੍ਰਧਾਨ ਮੰਤਰੀ ‘ਤੇ ਇਸ ਆਰਡੀਨੈਂਸ ਨੂੰ ਵਾਪਸ ਲੈਣ ਦਾ ਭਾਰੀ ਦਬਾਅ ਸੀ। ਪ੍ਰਧਾਨ ਮੰਤਰੀ ਦੇ ਅਮਰੀਕਾ ਤੋਂ ਵਾਪਸ ਪਰਤਦਿਆਂ ਹੀ ਬੁੱਧਵਾਰ ਸਵੇਰੇ ਪਹਿਲਾਂ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ 25 ਮਿੰਟ ਤੱਕ ਦੀ ਇਸ ਚਰਚਾ ਦੌਰਾਨ ਆਪਣਾ ਪੱਖ ਪ੍ਰਧਾਨ ਮੰਤਰੀ ਅੱਗੇ ਰੱਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਇਸ ਆਰਡੀਨੈਂਸ ‘ਤੇ ਦਸਤਖਤ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੌਰਾਨ ਦੇਰ ਸ਼ਾਮ ਹੋਈ ਕੈਬਨਿਟ ਦੀ ਬੈਠਕ ਦੌਰਾਨ ਆਰਡੀਨੈਂਸ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ ਗਿਆ ਹੈ।

ਆਰਡੀਨੈਂਸ ‘ਤੇ ਬੋਲੇ ਬਾਦਲ, ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਅਸਤੀਫਾ ਦੇ ਦਿੰਦਾ

ਜਲੰਧਰ- ਦਾਗੀ ਨੇਤਾਵਾਂ ਨੂੰ ਬਚਾਉਣ ਵਾਲੇ ਆਰਡੀਨੈਂਸ ਨੂੰ ਲੈ ਕੇ ਖੜ੍ਹੇ ਹੋਏ ਸਿਆਸੀ ਵਿਵਾਦ ਦਰਮਿਆਨ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਬਹੁਤ ਬੇਇੱਜ਼ਤੀ ਹੋਈ ਹੈ ਅਤੇ ਜੇਕਰ ਉਹ ਮਨਮੋਹਨ ਸਿੰਘ ਦੀ ਥਾਂ ਹੁੰਦੇ ਤਾਂ ਅਹੁਦੇ ਤੋਂ ਅਸਤੀਫਾ ਦੇ ਦਿੰਦੇ।
ਇਸ ਦੌਰਾਨ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਪੂਰੇ ਮਾਮਲੇ ਨੂੰ ਪੰਜਾਬੀਆਂ ਦੇ ਸਨਮਾਨ ਨਾਲ ਜੋੜ ਦਿੱਤਾ ਹੈ।  ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਯੁਵਰਾਜ ਨੇ ਇਸ ਪੂਰੇ ਮਾਮਲੇ ਵਿਚ ਸਿਰਫ ਮਨਮੋਹਨ ਸਿੰਘ ਦੀ ਨਹੀਂ ਬਲਕਿ ਸਮੂਹ ਪੰਜਾਬੀ ਭਾਈਚਾਰੇ ਦੀ ਬੇਇਜ਼ਤੀ ਕੀਤੀ ਹੈ।
ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦੇ ਚੱਲਦਿਆਂ ਅਤੀਤ ਵਿਚ ਅਕਾਲੀ ਦਲ ਮਨਮੋਹਨ ਸਿੰਘ ‘ਤੇ ਸਿੱਧਾ ਹਮਲਾ ਕਰਨ ਤੋਂ ਬਚਦਾ ਰਿਹਾ ਹੈ ਪਰ ਇਸ ਪੂਰੇ ਮਾਮਲੇ ਵਿਚ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਮਨਮੋਹਨ ਸਿੰਘ ‘ਤੇ ਹਮਲਾ ਬੋਲਿਆ ਹੈ ਉਸ ਦੇ ਆਪਣੇ ਕਈ ਸਿਆਸੀ ਮਤਲਬ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਵਲੋਂ ਦਾਗੀ ਨੇਤਾਵਾਂ ਨੂੰ ਬਚਾਉਣ ਲਈ ਪਾਸ ਕੀਤੇ ਗਏ ਆਰਡੀਨੈਂਸ ਨੂੰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਕਵਾਸ ਕਰਾਰ ਦਿੱਤਾ ਸੀ। ਰਾਹੁਲ ਦੇ ਇਸ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ ਅਤੇ ਰਾਹੁਲ ਦੇ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਕੈਬਨਿਟ ਦੀ ਸਾਖ ਨੂੰ ਤਾਰ-ਤਾਰ ਕਰਨ ਵਾਲੇ ਬਿਆਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਦਿੱਲੀ ‘ਚ ਪ੍ਰਧਾਨ ਮੰਤਰੀ ਨੂੰ ਅਮਰੀਕੀ ਕੋਰਟ ਦਾ ਸੰਮਨ ਸੌਂਪੇਗਾ ਸਿੱਖ ਸਮੂਹ

ਨਿਊਯਾਰਕ—ਇਕ ਸਿੱਖ ਮਨੁੱਖੀ ਅਧਿਕਾਰ ਸਮੂਹ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਕਿਹਾ ਹੈ ਕਿ ਉਹ ਪੰਜਾਬ ਵਿਚ 1990 ਦੇ ਦਹਾਕੇ ਵਿਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਮਨੁੱਖੀ ਅਧਿਕਾਰਾਂ ਦੀ ਕਥਿਤ ਤੌਰ ‘ਤੇ ਉਲੰਘਣਾ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਦਾ ਸੰਮਨ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੌਂਪਣਗੇ। ਸਿੱਖ ਫਾਰ ਜਸਟਿਸ ਨੇ ਪਿਛਲੇ ਹਫਤੇ ਵਾਸ਼ਿੰਗਟਨ ਵਿਚ ਮਨਮੋਹਨ ਸਿੰਘ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਸੰਮਨ ਸੌਂਪਣ ਦੀ ਯੋਜਨਾ ਬਣਾਈ ਸੀ ਪਰ ਉੱਚ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਐੱਸ. ਐੱਫ. ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉੱਚ ਸੁਰੱਖਿਆ ਦੇ ਕਾਰਨ ਮਨੁੱਖੀ ਅਧਿਕਾਰ ਸਮੂਹ ਯੂ. ਐੱਸ. ਫੈਡਰਲ ਕੋਰਟ ਦੇ ਸੰਮਨ ਨੂੰ ਵ੍ਹਾਈਟ ਹਾਊਸ ਵਿਚ ਮਨਮੋਹਨ ਸਿੰਘ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਰਮਿਆਨ ਹੋਈ ਮੁਲਾਕਾਤ ਦੌਰਾਨ ਨਹੀਂ ਸੌਂਪਿਆ ਗਿਆ।