ਲੀਡਰਾਂ ਵਲੋਂ ਵੋਟਾਂ ਲਈ ਡੇਰਿਆਂ 'ਤੇ ਡੋਰੇ
ਹਿਸਾਰ, 19 ਜਨਵਰੀ— ਵਿਧਾਨ ਸਭਾ ਚੋਣਾਂ ਪੰਜਾਬ 'ਚ ਹਨ ਪਰ ਉਮੀਦਵਾਰਾਂ ਦੇ ਇੰਟਰਵਿਊ ਚੱਲ ਰਹੇ ਹਨ। ਹਰਿਆਣਾ ਦੇ ਸਿਰਸਾ 'ਚ ਮੌਜੂਦ ਡੇਰਾ ਸੱਚਾ ਸੌਦਾ 'ਚ ਬਾਬਾ ਰਾਮ ਰਹੀਮ ਦਾ ਅਸ਼ੀਰਵਾਦ ਪਾਉਣ ਲਈ ਹਰ ਪਾਰਟੀ ਦੇ ਤਕਰੀਬਨ 200 ਉਮੀਦਵਾਰ ਹੁਣ ਤੱਕ ਡੇਰੇ 'ਤੇ ਹਾਜ਼ਰੀ ਲਗਵਾ ਚੁੱਕੇ ਹਨ। ਜੋ ਉਮੀਦਵਾਰ ਡੇਰਾ ਸੱਚਾ ਸੌਦਾ ਦਾ ਸਮਰਥਨ ਚਾਹੁੰਦੇ ਹਨ, ਡੇਰੇ ਦਾ ਰਾਜਨੀਤਿਕ ਵਿੰਗ ਉਨ੍ਹਾਂ ਦਾ ਇੰਟਰਵਿਊ ਲੈ ਰਿਹਾ ਹੈ। ਉਮੀਦਵਾਰਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਚੋਣਾਂ ਜਿੱਤਣ ਦੀ ਸੂਰਤ 'ਚ ਉਹ ਇਲਾਕੇ ਦੇ ਲੋਕਾਂ ਲਈ ਕੀ ਕਰਨਗੇ। ਜੋ ਉਮੀਦਵਾਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕਿਆਂ 'ਚ ਚੋਣਾਂ ਲੜ ਰਹੇ ਹਨ, ਉਨ੍ਹਾਂ ਤੋਂ ਇਲਾਕਾ ਬਦਲਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੰਜਾਬ ਚੋਣਾਂ ਨੂੰ ਲੈ ਕੇ ਡੇਰੇ ਨੇ ਹੁਣ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਨਾ ਕਿਸੇ ਨੂੰ ਸਮਰਥਨ ਦਾ ਐਲਾਨ ਕੀਤਾ ਹੈ।
ਅਸਲ 'ਚ ਪੰਜਾਬ ਦੇ ਮਾਲਵਾ ਇਲਾਕੇ ਦੀ ਸਿਆਸਤ ਡੇਰੇ ਦੀ ਅਣਦੇਖੀ ਕਰਕੇ ਨਹੀਂ ਕੀਤੀ ਜਾ ਸਕਦੀ। ਇਸ ਇਲਾਕੇ 'ਚ ਡੇਰਾ ਸੱਚਾ ਸੌਦਾ ਦਾ ਖਾਸਾ ਅਸਰ ਹੈ ਅਤੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਵੋਟਰਾਂ ਦੀ ਮੌਜੂਦਗੀ ਵੀ ਹੈ। ਮਾਲਵਾ ਦੇ 69 ਵਿਧਾਨ ਸਭਾ ਖੇਤਰਾਂ 'ਚੋਂ 45 'ਤੇ ਡੇਰਾ ਪ੍ਰੇਮੀ ਚੋਣ ਦਾ ਰੁਖ ਤੈਅ ਕਰਦੇ ਹਨ। 2007 ਦੀਆਂ ਚੋਣਾਂ 'ਚ ਡੇਰਾ ਨੇ ਖੁੱਲੇਆਮ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਅਤੇ 37 ਸੀਟਾਂ ਕਾਂਗਰਸ ਦੀ ਝੋਲੀ 'ਚ ਆਈਆਂ ਸਨ। ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਇਹ ਇਲਾਕਾ ਕਾਂਗਰਸੀ ਰੰਗ 'ਚ ਰੰਗਿਆ ਗਿਆ ਸੀ। ਪਿਛਲੀਆਂ ਚੋਣਾਂ ਤੋਂ ਬਾਅਦ ਡੇਰਾ ਮੁਖੀ ਦੀ ਵਿਵਾਦਿਤ ਤਸਵੀਰ ਆਈ ਅਤੇ ਅਕਾਲੀ ਦਲ-ਭਾਜਪਾ ਸਰਕਾਰ ਨਾਲ ਉਸਦੇ ਸੰਬੰਧਾਂ 'ਚ ਖਟਾਸ ਪੈਦਾ ਹੋ ਗਈ ਸੀ ਪਰ ਸਿਆਸਤ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। ਬਗੈਰ ਆਪਣਾ ਪੁਰਾਣਾ ਸਿੱਖ ਵੋਟ ਬੈਂਕ ਗੁਆਏ ਅਕਾਲੀ ਦਲ ਇਸ ਵਾਰ ਫਿਰ ਮਾਲਵਾ 'ਤੇ ਪਕੜ ਬਣਾਉਣ ਨੂੰ ਬੇਚੈਨ ਹੈ।
ਪੰਜਾਬ ਦੇ ਕਈ ਇਲਾਕਿਆਂ 'ਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਹੁਣ ਵੀ ਖਟਾਸ ਖਤਮ ਨਹੀਂ ਹੋਈ ਪਰ ਮਾਲਵਾ ਦੀ ਅਣਦੇਖੀ ਵੀ ਅਕਾਲੀ ਦਲ ਲਈ ਮੁਮਕਿਨ ਨਹੀਂ ਇਸ ਲਈ ਸਮਝੌਤੇ ਦੀ ਰਾਹ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਪੰਜਾਬ ਦੀ ਕੁਲ 117 ਸੀਟਾਂ 'ਚੋਂ 69 ਸੀਟਾਂ ਮਾਲਵਾ ਇਲਾਕੇ 'ਚ ਆਉਂਦੀਆਂ ਹਨ। ਇਸੇ ਇਲਾਕੇ 'ਚ ਡੇਰੇ ਦਾ ਸਭ ਤੋਂ ਜ਼ਿਆਦਾ ਦਬਦਬਾ ਹੈ ਲਿਹਾਜ਼ਾ ਡੇਰੇ ਦਾ ਅਸ਼ੀਰਵਾਦ ਲੈਣ ਲਈ ਹਰ ਪਾਰਟੀ ਦੇ ਉਮੀਦਵਾਰਾਂ 'ਚ ਦੌੜ ਲੱਗੀ ਹੈ। ਇਹ ਗੱਲ ਵੱਖ ਹੈ ਕਿ ਇਸ ਵਾਰ ਡੇਰੇ ਨੇ ਆਪਣੇ ਪੱਤੇ ਅਜੇ ਤੱਕ ਨਹੀਂ ਖੋਲ੍ਹੇ ਹਨ।