Thursday, 12 April 2012

ਜੇਲ 'ਚ ਸੈਕਸ ਲਈ ਦਬਾਅ ਪਾਇਆ- ਤੇਲਗੂ ਅਦਾਕਾਰਾ

ਤੇਲਗੂ ਫਿਲਮਾਂ ਦੀ ਅਦਾਕਾਰਾ ਨੇ ਅਦਾਲਤ ਵਿਚ ਪੇਸ਼ੀ ਦੌਰਾਨ ਜੱਜ ਸਾਹਮਣੇ ਕਿਹਾ ਕਿ ਏ ਸੀ ਪੀ ਜੇਲ ਵਿਚ ਉਸ ਨੂੰ ਸੈਕਸ ਕਰਨ ਲਈ ਕਹਿੰਦਾ ਸੀ। ਹਾਈ ਪ੍ਰੋਫਾਇਲ ਸੈਕਟ ਰੈਕਟ ਦੀ ਸਰਗਨਾ ਤੇਲੂ ਫਿਲਮਾਂ ਦੀ ਅਦਾਕਾਰਾ ਰਵੀਲਾ ਰਾਜੇਸ਼ਵਰੀ ਉਰਫ ਤਾਰਾ ਚੌਧਰੀ ਹੈਦਰਾਬਾਦ ਪੁਲਸ ਦੀ ਹਿਰਾਸਤ ਵਿਚ ਹੈ। ਤਾਰਾ ਚੌਧਰੀ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ।
ਉਸ ਦੇ ਮੁਤਾਬਕ ਕਈ ਵੱਡੇ ਨੇਤਾ, ਪੁਲਸ ਅਧਿਕਾਰੀ ਅਤੇ ਕਾਰੋਬਾਰੀ ਉਸ ਦੇ ਗਾਹਕ ਸਨ। ਪੁਲਸ ਨੇ ਤਾਰਾ ਨੂੰ ਬੁਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਸ ਨੇ ਜੱਜ ਸਾਹਮਣੇ ਦੱਸਿਆ ਕਿ ਪੁਲਸ ਅਧਿਕਾਰੀ ਉਸ 'ਤੇ ਸੈਕਸ ਕਰਨ ਦਾ ਦਬਾਅ ਪਾ ਰਹੇ ਸਨ। ਉਸ ਨੇ ਦੋਸ਼ ਲਗਾਇਆ ਕਿ ਬੰਜਾਰਾ ਹਿਲਸ ਦੇ ਏ ਸੀ ਪੀ ਸ਼ੰਕਰ ਰੈਡੀ ਕਸਟਡੀ ਦੌਰਾਨ ਜੇਲ ਵਿਚ ਉਸ ਨਾਲ ਹਮਬਿਸਤਰ ਹੋਣ ਲਈ ਦਬਾਅ ਪਾ ਰਹੇ ਸਨ।
ਉਸ ਨੇ ਇਹ ਵੀ ਕਿਹਾ ਕਿ ਪੁਲਸ ਅਧਿਕਾਰੀ ਉਸ ਨੂੰ ਧਮਕਾ ਰਹੇ ਹਨ ਤਾਂ ਕਿ ਉਹ ਸਫੇਦਪੋਸ਼ਾਂ ਦੇ ਨਾਮ ਜ਼ਾਹਿਰ ਨਾ ਕਰੇ। ਜ਼ਿਕਰਯੋਗ ਹੈ ਕਿ ਹੈਦਰਾਬਾਦ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬੰਜਾਰਾ ਹਿਲਸ 'ਤੇ ਛਾਪਾ ਮਾਰ ਕੇ ਇਸ ਹਾਈ ਪ੍ਰੋਫਾਇਲ ਸੈਕਸ ਰੈਕਟ ਦਾ ਭਾਂਡਾ ਭੰਨਿਆ ਸੀ। ਤਾਰਾ ਚੌਧਰੀ ਨੌਕਰੀ ਦੇ ਲਾਲਚ ਵਿਚ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਂਦੀ ਸੀ ਅਤੇ ਉਨ੍ਹਾਂ ਨੂੰ ਆਪਣੇ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਕਰ ਲੈਂਦੀ ਸੀ।

84 ਦੇ ਦੰਗਿਆ ਦੀ ਅਮਰੀਕਾ 'ਚ ਹੋਵੇਗੀ ਸੁਣਵਾਈ

ਨਿਊਯਾਰਕ : ਅਮਰੀਕਾ ਦੀ ਇਕ ਅਦਾਲਤ 'ਚ ਮਈ ਦੀ ਪਹਿਲੀ ਤਰੀਕ ਤੋਂ 1984 ਦੇ ਸਿੱਖ ਵਿਰੋਧੀ ਦੰਗਿਆ ਸਬੰਧੀ ਮਾਮਲੇ 'ਤੇ ਜਿਰਹਾ ਹੋਵੇਗੀ, ਜਦੋਂ ਕਿ ਭਾਰਤ ਦੀ ਕਾਂਗਰਸ ਪਾਰਟੀ ਨੇ ਇਨ੍ਹਾਂ ਦੰਗਿਆ 'ਚ ਕਥਿਤ ਭੂਮਿਕਾ ਲਈ ਉਸਦਾ ਪੱਖ ਸੁਣੇ ਬਿਨ੍ਹਾਂ ਫੈਸਲਾ ਦੇਣ ਦਾ ਵਿਰੋਧ ਕੀਤਾ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਜੱਜ ਰਾਬਰਟ ਡਬਲਯੂ. ਸਵੀਟ ਦੇ ਸਾਹਮਣੇ ਕਾਂਗਰਸ ਦੀ ਪਟੀਸ਼ਨ ਦਰਜ ਕਰਦਿਆਂ ਲਾ ਫਾਰਮ 'ਜੋਂਸ ਡੇ' ਨੇ ਕਿਹਾ ਕਿ ਇਹ ਮਾਮਲਾ ਅੰਤਰ ਰਾਸ਼ਟਰੀ ਕਨੂੰਨ ਦੇ ਮਹੱਤਵਪੂਰਨ ਮੁੱਦਿਆਂ ਨਾਲ ਜੁੜਿਆ ਹੈ ਅਤੇ ਇਸ ਦਾ ਫੈਸਲਾ ਦੋਵੇਂ ਪੱਖਾਂ ਨੂੰ ਸੁਣਨ ਬਿਨ੍ਹਾਂ ਨਹੀਂ ਕਰਨਾ ਚਾਹੀਦਾ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਵੰਬਰ 'ਚ 1984 ਦੇ ਦੰਗੇ ਭਾਰਤ 'ਚ ਹੋਏ ਸੀ ਅਤੇ ਕਾਂਗਰਸ ਵਲੋਂ ਕਥਿਤ ਤੌਰ 'ਤੇ ਜੋ ਸੰਪਤੀਆਂ ਨਸ਼ਟ ਕੀਤੀਆਂ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ ਉਹ ਭਾਰਤ 'ਚ ਹਨ। ਨਿਊਯਾਰਕ ਦੇ ਸਿੱਖ ਸੰਗਠਨ 'ਸਿੱਖ ਫਾਰ ਜਸਟਿਸ' ਵਲੋਂ ਦਰਜ ਪਟੀਸ਼ਨ ਦੇ ਜਵਾਬ 'ਚ ਇਹ ਦਲੀਲ ਦਿੱਤੀ ਗਈ। ਫੋਰਮ ਨੇ ਕਿਹਾ ਕਿ ਕਾਂਗਰਸ ਦੇ ਅਪਰਾਧ ਨੂੰ ਸਿੱਧ ਕਰਨ ਵਾਲੇ ਸਬੂਤ ਅਤੇ ਕਾਗਜਾਤ ਭਾਰਤ 'ਚ ਹਨ ਅਤੇ ਇਸ ਮਾਮਲੇ ਦੇ ਸਥਾਨਕ ਲੋਕਾਂ ਤੋਂ ਕੋਈ ਸਬੰਧ ਨਹੀਂ ਹੈ।
ਕਾਂਗਰਸ ਦੇ ਵਕੀਲ ਥਾਮਸ ਈ. ਲਿੰਚ ਨੇ ਦਲੀਲ 'ਚ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ
ਅਮਰੀਕੀ ਅਧਿਕਾਰ ਖੇਤਰ ਦੇ ਦਾਇਰੇ ਤੋਂ ਬਾਹਰ ਹੈ। 'ਸਿੱਖ ਫਾਰ ਜਸਟਿਸ' ਨੇ ਸਿੱਖਾਂ ਦੇ ਵਿਰੁਧ ਹਮਲਾ ਕਰਨ, ਸਾਜਿਸ਼ ਘੜਨ, ਉਕਸਾਉਣ, ਲੋਕਾਂ ਨੂੰ ਜਮਾ ਕਰਨ ਅਤੇ ਮਦਦ ਦੇਣ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ਾਂ ਦਾ ਬਚਾਅ ਕਰਨ 'ਚ ਅਸਫਲ ਰਹਿਣ 'ਤੇ ਕਾਂਗਰਸ ਵਿਰੁਧ ਫੈਸਲਾ ਦੇਣ ਲਈ ਪਟੀਸ਼ਨ ਦਰਜ ਕੀਤੀ ਸੀ। ਇਸ ਦੇ ਜਵਾਬ 'ਚ ਕਾਂਗਰਸ ਨੇ ਇਹ ਪਟੀਸ਼ਨ ਦਰਜ ਕੀਤੀ ਹੈ।

ਕਾਂਗਰਸ ਦੇ 71 ਚੋਂ 62 ਉਮੀਦਵਾਰ ਅਮਰਿੰਦਰ ਦੇ ਹੱਕ 'ਚ

ਚੰਡੀਗੜ੍ਹ : ਸੰਕਟਾਂ 'ਚ ਘਿਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਕਾਂਗਰਸ ਦੇ 71 ਉਮੀਦਵਾਰਾਂ 'ਚੋਂ 62 ਨੇ ਉਸ ਦਾ ਸਮਰਥਨ ਕੀਤਾ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਏ ਵਿਧਾਨਸਭਾ ਚੋਣਾਂ 'ਚ ਪਾਰਟੀ ਦੇ ਬੇਹੱਦ ਖਰਾਬ ਪ੍ਰਦਰਸ਼ਨ ਕਰਨ ਦੇ ਬਾਅਦ ਕੁਝ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕਾਂਗਰਸ ਦੇ 62 ਉਮੀਦਵਾਰਾਂ ਨੇ ਇੱਥੇ ਇਕ ਸਾਂਝੇ ਬਿਆਨ 'ਚ ਰਜਿੰਦਰ ਕੌਰ ਭੱਠਲ ਸਮੇਤ ਕੁਝ ਪਾਰਟੀ ਦੇ ਆਗੂਆਂ ਨੇ ਕਾਂਗਰਸ ਦੀ ਹਾਰ ਦਾ ਪੂਰਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨਣ ਦਾ ਵਿਰੋਧ ਕੀਤਾ।
ਉਮੀਦਵਾਰਾਂ ਨੇ ਕਿਹਾ ਕਿ ਚੋਣਾ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਹੋਰ ਕਾਰਨ ਵੀ ਹਨ ਅਤੇ ਕਿਹਾ ਕਿ ਉਹ ਅਮਰਿੰਦਰ ਦੀ ਅਗਵਾਈ ਦਾ ਸਮਰਥਨ ਕਰਦੇ ਹਨ, ਜਿਸ ਦੀ ਬਜਹਿ ਨਾਲ ਸੂਬੇ ਭਰ 'ਚ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਮਿਲਿਆਂ ਹਨ।
ਉਮੀਦਵਾਰਾਂ ਨੇ 'ਨਿੱਜੀ ਏਜੰਡੇ ਦੇ ਤਹਿਤ' ਅਮਰਿੰਦਰ ਦੇ ਵਿਰੁਧ ਦੁਖਦ ਮੁਹਿੰਮ ਚਲਾਉਣ ਲਈ ਪਾਰਟੀ ਅੰਦਰ ਸਵਾਰਥੀ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ 'ਚ ਕੁਝ ਅਜਿਹੇ ਵੀ ਹਨ, ਜਿਨ੍ਹਾਂ ਦਾ ਕੋਈ ਅਧਾਰ ਨਹੀਂ।

ਪਾਕਿ ਸਰਬਜੀਤ ਨੂੰ ਰਿਹਾਅ ਕਰੇ

ਨਵੀਂ ਦਿੱਲੀ, 12 ਅਪ੍ਰੈਲ - ਭਾਰਤ ਸਰਕਾਰ ਵੱਲੋਂ ਅਜ਼ਮੇਰ ਦੀ ਜੇਲ੍ਹ 'ਚੋਂ ਪਾਕਿਸਤਾਨੀ ਵਿਗਿਆਨੀ ਖਲੀਲ ਚਿਸ਼ਤੀ ਨੂੰ ਰਿਹਾਅ ਕਰਨ 'ਤੇ ਪ੍ਰਤਿਕਿਰਿਆ ਦਿੰਦਿਆਂ ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਆਸ ਪ੍ਰਗਟ ਕੀਤੀ ਹੈ ਕਿ ਭਾਰਤ ਵੱਲੋਂ ਕੀਤੀ ਇਸ ਪਹਿਲ 'ਤੇ ਸਾਰਥਕ ਜਵਾਬ ਦਿੰਦਿਆਂ ਪਾਕਿਸਤਾਨ ਵੀ ਆਪਣੀ ਜੇਲ੍ਹ 'ਚ ਬੰਦ ਭਾਰਤੀ ਸਰਬਜੀਤ ਸਿੰਘ ਨੂੰ ਰਿਹਾਅ ਕਰ ਦੇਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਵੀ ਨੇ ਮੰਗ ਕੀਤੀ ਕਿ ਭਾਰਤ ਵੱਲੋਂ ਬਣਾਏ ਸਾਰਥਕ ਮਾਹੌਲ ਦਾ ਜਵਾਬ ਦਿੰਦਿਆਂ ਪਾਕਿ ਸਰਕਾਰ ਸਰਬਜੀਤ ਨੂੰ ਮਨੁੱਖਤਾ ਦੇ ਅਧਾਰ 'ਤੇ ਰਿਹਾਅ ਕਰੇ। ਬੀਤੇ ਦਿਨੀਂ ਪਾਕਿ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਗੱਲਬਾਤ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿ ਵਿਗਿਆਨੀ ਚਿਸ਼ਤੀ ਨੂੰ ਮਨੁੱਖਤਾ ਦੇ ਅਧਾਰ 'ਤੇ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਰਿਹਾਈ ਲਈ ਬੀਤੇ ਦਿਨੀਂ ਅਜ਼ਮੇਰ ਵਿਖੇ ਸੂਫੀ ਸੰਤ ਖਵਾਜ਼ਾ ਮੋਈਊਦੀਨ ਚਿਸ਼ਤੀ ਦੀ ਦਰਗਾਹ 'ਤੇ ਦੁਆ ਕੀਤੀ ਸੀ।
ਵਿਸਾਖੀ 'ਤੇ ਕੈਦੀਆਂ ਲਈ ਵਿਸ਼ੇਸ਼ ਸਜ਼ਾ ਮੁਆਫ਼ੀ ਦਾ ਐਲਾਨ
10 ਤੋਂ 20 ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਮਿਲੇਗੀ ਇਕ ਸਾਲ ਦੀ ਛੋਟ
ਚੰਡੀਗੜ੍ਹ, 12 ਅਪ੍ਰੈਲ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਕੈਦੀਆਂ ਨੂੰ 13 ਅਪ੍ਰੈਲ, 2012 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਇੱਕ ਸਾਲ ਤੋਂ ਦੋ ਮਹੀਨੇ ਤੱਕ ਦੀ ਸਜ਼ਾ ਤੋਂ ਵਿਸ਼ੇਸ਼ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਫੌਜਦਾਰੀ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਭੁਗਤ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 10 ਤੋਂ 20 ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਇੱਕ ਸਾਲ ਦੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸੱਤ ਤੋਂ 10 ਸਾਲ ਲਈ ਕੈਦ ਕੱਟ ਰਹੇ ਕੈਦੀਆਂ ਨੂੰ 9 ਮਹੀਨੇ ਦੀ ਛੋਟ, ਪੰਜ ਤੋਂ ਸੱਤ ਸਾਲ ਦੀ ਸਜ਼ਾ ਵਾਲੇ ਕੈਦੀ ਨੂੰ 6 ਮਹੀਨੇ, ਤਿੰਨ ਤੋਂ ਪੰਜ ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਤਿੰਨ ਮਹੀਨੇ ਅਤੇ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀ ਨੂੰ ਦੋ ਮਹੀਨੇ ਦੀ ਵਿਸ਼ੇਸ਼ ਮੁਆਫ਼ੀ ਮਿਲੇਗੀ। ਹਾਲਾਂ ਕਿ ਇਹ ਵਿਸ਼ੇਸ਼ ਮੁਆਫ਼ੀ ਘਿਨਾਉਣਾ ਅਪਰਾਧ ਦੇ ਦੋਸ਼ 'ਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਨਹੀਂ ਮਿਲੇਗੀ।
ਭੰਡਾਲ ਬੇਟ, 12 ਅਪ੍ਰੈਲ -ਨਜ਼ਦੀਕੀ ਪਿੰਡ ਖੁਖਰੈਣ ਵਿਖੇ ਬੀਤੀ ਦੇਰ ਰਾਤ ਪਤੀ ਵੱਲੋਂ ਆਪਣੀ ਪਤਨੀ ਦਾ ਬੜੀ ਹੀ ਬੇਰਹਿਮੀ ਨਾਲ ਦਾਤਰ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਚਰਨਜੀਤ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਖੁਖਰੈਣ ਦਾ ਵਿਆਹ ਅਨੂੰ ਪੁੱਤਰੀ ਤਰਸੇਮ ਸਿੰਘ ਵਾਸੀ ਪਿੰਡ ਭੋਡੇ ਸਪਰਾਏ ਜਿਲ੍ਹਾ ਜਲੰਧਰ ਨਾਲ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਦੋਵਾਂ ਹੀ ਪਤੀ ਪਤਨੀ ਵਿਚਕਾਰ ਵਿਆਹ ਤੋਂ ਕਰੀਬ ਸਾਲ ਬਾਅਦ ਹੀ ਕਲੇਸ਼ ਰਹਿਣ ਲੱਗ ਪਿਆ ਸੀ। ਝਗੜੇ ਕਾਰਨ ਅਨੂੰ ਆਪਣੇ ਪੇਕੇ ਘਰ ਚਲੀ ਗਈ ਅਤੇ ਕਰੀਬ ਮਹੀਨਾ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੇ ਦੋਵਾਂ ਦਾ ਰਾਜੀਨਾਵਾਂ ਕਰਵਾ ਕੇ ਅਨੂੰ ਨੂੰ ਪਿੰਡ ਖੁਖਰੈਣ ਵਿਖੇ ਲੈ ਆਂਦਾ ਸੀ। ਚਾਰ ਸਾਲ ਬੀਤ ਜਾਣ 'ਤੇ ਵੀ ਕੋਈ ਬੱਚਾ ਨਾ ਹੋਣ ਕਾਰਨ ਅੰਨੂ ਨੂੰ ਪਤੀ ਚਰਨਜੀਤ ਸਿੰਘ ਤਾਹਨੇ ਮੇਹਣੇ ਮਾਰਦਾ ਰਹਿੰਦਾ ਸੀ। ਬੀਤੀ ਦੇਰ ਰਾਤ ਦੋਵਾਂ ਪਤੀ ਪਤਨੀ ਵਿਚਕਾਰ ਫਿਰ ਝਗੜਾ ਹੋਇਆ ਅਤੇ ਚਰਨਜੀਤ ਸਿੰਘ ਨੇ ਲੜਕੀ ਦੇ ਭਰਾ ਜਸਵਿੰਦਰ ਸਿੰਘ ਨੂੰ ਫ਼ੋਨ 'ਤੇ ਝਗੜੇ ਸਬੰਧੀ ਜਾਣਕਾਰੀ ਦਿੱਤੀ। ਜਸਵਿੰਦਰ ਸਿੰਘ ਨੇ ਦੱਸਿਆ ਕੇ ਜਦੋਂ ਅਸੀਂ ਸਵੇਰੇ ਕਰੀਬ 8 ਵਜੇ ਪਿੰਡ ਖੁਖਰੈਣ ਆਏ ਤਾਂ ਅਨੂੰ ਦੀ ਲਾਸ਼ ਬੈੱਡ ਉਤੇ ਪਈ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕੇ ਅਨੂੰ ਦਾ ਕਤਲ ਪਤੀ ਚਰਨਜੀਤ ਸਿੰਘ ਨੇ ਬੜੀ ਹੀ ਬੇਰਹਿਮੀ ਨਾਲ ਦਾਤਰ ਮਾਰ ਕੇ ਕਰ ਦਿੱਤਾ ਹੈ। ਇਸ ਹੋਈ ਵਾਰਦਾਤ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਸਬ ਇੰਸਪੈਕਟਰ ਕਾਬਲ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ । ਉਨ੍ਹਾਂ ਕਿਹਾ ਕੇ ਇਸ ਕਤਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਬੰਧਤ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
ਕੈਪਟਨ ਵਿਰੋਧੀਆਂ ਵੱਲੋਂ ਲੀਡਰਸ਼ਿਪ ਤਬਦੀਲੀ ਲਈ ਦਿੱਲੀ ਡੇਰੇ
ਜਲੰਧਰ, 12 ਅਪ੍ਰੈਲ-ਪੰਜਾਬ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਤਬਦੀਲ ਕਰਨ ਲਈ ਪੰਜਾਬ ਦੇ ਦੂਜੀ ਕਤਾਰ ਦੇ ਆਗੂਆਂ ਨੇ ਵੀ ਲਕੀਰ ਖਿੱਚ ਲਈ ਹੈ ਤੇ ਬਹੁਤ ਸਾਰੇ ਆਗੂ ਕਾਂਗਰਸ ਹਾਈ ਕਮਾਨ ਉੱਪਰ ਦਬਾਅ ਪਾਉਣ ਲਈ ਦਿੱਲੀ ਪਹੁੰਚ ਗਏ ਹਨ। ਇਨ੍ਹਾਂ ਆਗੂਆਂ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾ ਰਿਹਾ ਹੈ। ਦਰਜਨ ਦੇ ਕਰੀਬ ਅਜਿਹੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਟੀ. ਜਾਰਜ ਨਾਲ ਮਿਲ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਸ੍ਰੀਮਤੀ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੁਲਾਕਾਤ ਕਰਨ ਵਾਲੇ ਨੇਤਾਵਾਂ ਵਿਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਰਿਪੁਜੀਤ ਸਿੰਘ ਬਰਾੜ, ਸੁਖਪਾਲ ਸਿੰਘ ਖਹਿਰਾ ਅਤੇ ਸੁਰਿੰਦਰਪਾਲ ਸਿੰਘ ਸਿਬੀਆ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਭੰਬਰੀ ਤੇ ਅਨਿਲ ਦੱਤਾ ਆਦਿ ਆਗੂ ਸ਼ਾਮਿਲ ਸਨ। ਇਨ੍ਹਾਂ ਆਗੂਆਂ ਵੱਲੋਂ ਕਾਂਗਰਸ ਦੇ ਹਾਰੇ ਹੋਏ 40 ਦੇ ਕਰੀਬ ਉਮੀਦਵਾਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਅੰਦਰ ਪਾਰਟੀ ਦੀ ਹਾਰ ਦੇ ਕਾਰਨਾਂ ਨੂੰ ਜਾਣਨ ਅਤੇ ਪਾਰਟੀ ਅੰਦਰ ਪੈਦਾ ਹੋਏ ਖਿਲਾਰੇ ਨੂੰ ਸਮੇਟਣ ਲਈ ਤਿੰਨ ਮੈਂਬਰੀ ਐਂਟਨੀ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕਮੇਟੀ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਤੇ ਸੰਸਦ ਮੈਂਬਰਾਂ ਦੇ ਵਿਚਾਰ ਲੈ ਚੁੱਕੀ ਹੈ। ਕਾਂਗਰਸ ਆਗੂ ਪੰਜਾਬ ਅੰਦਰ ਆਪਣੀ ਸਰਕਾਰ ਬਣਾਈ ਬੈਠੇ ਸਨ ਪਰ ਚੋਣ ਨਤੀਜਿਆਂ 'ਚ ਹੋਈ ਹਾਰ ਤੋਂ ਉਹ ਨਾ ਸਿਰਫ ਅਚੰਭਿਤ ਹੋਏ ਹਨ, ਸਗੋਂ ਸਮੁੱਚੀ ਪਾਰਟੀ ਮੂਰਛਤ ਹੋਣ ਵਾਲੀ ਸਥਿਤੀ ਵਿਚ ਪਹੁੰਚੀ ਹੋਈ ਹੈ। ਪਾਰਟੀ ਦਾ ਇਕ ਵੱਡਾ ਹਿੱਸਾ ਖੁੱਲ੍ਹੇਆਮ ਪ੍ਰਦੇਸ਼ ਪ੍ਰਧਾਨ ਵਿਰੁੱਧ ਮੋਰਚਾ ਖੋਲ੍ਹੀ ਬੈਠਾ ਹੈ ਤੇ ਉਹ ਕਹਿ ਰਹੇ ਹਨ ਕਿ ਮੌਜੂਦਾ ਲੀਡਰਸ਼ਿਪ ਹੀ ਪਾਰਟੀ ਨੂੰ ਏਨੀ ਵੱਡੀ ਨਮੋਸ਼ੀ ਵਿਚ ਸੰਕਟ ਦਾ ਕਾਰਨ ਬਣੀ ਹੈ ਤੇ ਹੁਣ ਇਸ ਲੀਡਰਸ਼ਿਪ ਤੋਂ ਇਸ ਖਿਲਾਰੇ ਨੂੰ ਸੰਭਾਲਣ ਦੀ ਕੀ ਆਸ ਕੀਤੀ ਜਾ ਸਕਦੀ ਹੈ। ਪਾਰਟੀ ਦੇ ਸਾਰੇ ਹੀ ਮੈਂਬਰ ਪਾਰਲੀਮੈਂਟ ਇਸ ਸਮੇਂ ਲੀਡਰਸ਼ਿਪ 'ਚ ਤਬਦੀਲੀ ਦੇ ਹੱਕ ਵਿਚ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਕਮੇਟੀ ਕੋਲ ਖੁੱਲ੍ਹ ਕੇ ਆਪਣੀ ਰਾਇ ਜ਼ਾਹਰ ਕੀਤੀ ਗਈ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਹਮਾਇਤੀ ਵੀ ਪਿਛਲੇ ਦੋ-ਤਿੰਨ ਦਿਨ ਦਿੱਲੀ ਡੇਰੇ ਲਗਾਈ ਬੈਠੇ ਰਹੇ ਹਨ ਤੇ ਉਨ੍ਹਾਂ ਵੱਲੋਂ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਮਜ਼ੋਰ ਤੇ ਸੋਹਲ ਲੀਡਰਸ਼ਿਪ ਦੀ ਥਾਂ ਪਾਰਟੀ ਆਗੂਆਂ ਦੀ ਆਪਸੀ ਖਹਿਬਾਜ਼ੀ ਅਤੇ ਟਿਕਟਾਂ ਦੀ ਗਲਤ ਵੰਡ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਿੱਲੀ ਬੈਠੇ ਕੈਪਟਨ ਹਮਾਇਤੀ ਸ: ਗੁਰਜੀਤ ਸਿੰਘ ਰਾਣਾ ਦਾ ਕਹਿਣਾ ਹੈ ਕਿ ਇਸ ਸਮੇਂ ਪਾਰਟੀ ਨੂੰ ਉਭਾਰਨ ਲਈ ਸਭ ਤੋਂ ਯੋਗ ਆਗੂ ਕੈਪਟਨ ਹੀ ਹਨ ਤੇ ਉਨ੍ਹਾਂ ਨੂੰ ਤਬਦੀਲ ਕਰਨ ਦੀ ਕੋਈ ਗੱਲ ਹੀ ਨਹੀਂ। ਉਹ ਆਖਦੇ ਹਨ ਕੋਈ ਦੱਸੇ ਕਿ ਕਾਂਗਰਸ 'ਚ ਉਨ੍ਹਾਂ ਦਾ ਹੋਰ ਕਿਹੜਾ ਬਦਲ ਹੈ। ਕੈਪਟਨ ਹਮਾਇਤੀ ਦਿੱਲੀ ਤੋਂ ਵਾਪਸ ਪਰਤ ਆਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੋਧੀ ਹਾਰੇ ਹੋਏ ਉਮੀਦਵਾਰਾਂ ਦਾ ਗਰੁੱਪ ਜਲਦੀ ਹੀ ਸ੍ਰੀਮਤੀ ਸੋਨੀਆ ਗਾਂਧੀ ਤੋਂ ਮੁਲਾਕਾਤ ਲਈ ਸਮਾਂ ਮਿਲਣ ਦੀ ਆਸ ਵਿਚ ਦਿੱਲੀ ਵਿਖੇ ਡਟਿਆ ਬੈਠਾ ਹੈ। ਪਤਾ ਲੱਗਾ ਹੈ ਕਿ ਐਂਟਨੀ ਕਮੇਟੀ ਵੱਲੋਂ 24 ਅਪ੍ਰੈਲ ਨੂੰ ਮੀਟਿੰਗ ਬੁਲਾਏ ਜਾਣ ਦੀ ਸੰਭਾਵਨਾ ਹੈ ਤੇ ਉਸੇ ਸਮੇਂ ਹੀ ਉਹ ਪੰਜਾਬ ਕਾਂਗਰਸ ਬਾਰੇ ਆਪਣੀ ਰਿਪੋਰਟ ਪ੍ਰਧਾਨ ਨੂੰ ਸੌਂਪਣਗੇ।
ਵਾਸ਼ਿੰਗਟਨ, 12 ਅਪ੍ਰੈਲ )-ਪਾਕਿਸਤਾਨ ਦੇ ਕੋਲ ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਾਕਿਸਤਾਨ ਕੋਲ ਇਸ ਸਮੇਂ 90 ਤੋਂ 110 ਤੱਕ ਪ੍ਰਮਾਣੂ ਹਥਿਆਰ ਹਨ। ਪਾਕਿਸਤਾਨ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਦੀ ਸੰਖਿਆ ਵਧਾ ਰਿਹਾ ਹੈ। ਇਨ੍ਹਾਂ ਹਥਿਆਰਾਂ 'ਤੇ ਪਾਕਿਸਤਾਨ ਵੱਲੋਂ ਹਰ ਸਾਲ 2.5 ਅਰਬ ਡਾਲਰ ਖਰਚ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਪਾਕਿਸਤਾਨ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਦਾ ਵਿਸਥਾਰ ਕਰ ਰਿਹਾ ਹੈ। ਪਾਕਿਸਤਾਨ ਪਲੂਟੋਨਿਯਮ ਦੇ ਉਤਪਾਦਨ ਦਾ ਵਿਸਥਾਰ ਤਾਕਤ ਵਿਖਾਉਣ ਲਈ ਉਹ ਪ੍ਰਮਾਣੂ ਹਥਿਆਰ ਲੈ ਜਾਣ ਵਾਲੀ ਬਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾ ਟੈਸਟ ਕਰ ਰਿਹਾ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨ ਵੱਲੋਂ ਯੂਰੇਨੀਅਮ ਦੀ ਜਗ੍ਹਾ ਪਲੂਟੋਨਿਯਮ ਦੇ ਬਣੇ ਹਲਕੇ ਅਤੇ ਜ਼ਿਆਦਾ ਘਾਤਕ ਬੰਬਾਂ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਮਖੂ, 12 ਅਪ੍ਰੈਲ -ਮਖੂ ਵਿਖੇ ਐਫ਼. ਸੀ. ਆਈ. ਵਰਕਰ ਯੂਨੀਅਨ ਦੇ ਦਫ਼ਤਰ ਵਿਚ ਅਣਮਿੱਥੇ ਸਮੇਂ ਲਈ ਐਫ਼.ਸੀ.ਆਈ. ਵਰਕਰਜ਼ ਯੂਨੀਅਨ ਵੱਲੋਂ ਸਥਾਨਕ ਡਿਪੂ ਵਿਖੇ ਕੇਂਦਰ ਸਰਕਾਰ ਖਿਲਾਫ਼ ਦਿੱਤੇ ਜਾ ਰਹੇ ਰੋਸ ਧਰਨੇ ਦੌਰਾਨ ਨਾਅਰੇ ਲਗਾ ਰਹੇ ਐਫ਼.ਸੀ.ਆਈ. ਮਜ਼ਦੂਰ ਦੇ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਪਿਆਰਾ ਪੁੱਤਰ ਸਰਦਾਰਾ ਵਾਰਸ ਵਾਲਾ ਅਰਾਈਆਂ ਦਾ ਵਸਨੀਕ ਸੀ, ਜੋ ਐਫ਼.ਸੀ.ਆਈ. ਵਿਚ ਕੱਚਾ ਮੁਲਾਜ਼ਮ ਸੀ ਅਤੇ ਆਪਣੇ ਸਾਥੀਆਂ ਵਾਂਗ ਹੀ ਪੱਕੇ ਹੋਣ ਲਈ ਪਿਛਲੀ 24 ਮਾਰਚ ਤੋਂ ਲਗਾਤਾਰ ਧਰਨੇ ਵਿਚ ਸ਼ਾਮਿਲ ਹੋ ਰਿਹਾ ਸੀ। ਜੋ ਅੱਜ ਧਰਨੇ ਸਮੇਂ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਧਰਨੇ ਵਿਚ ਮਜ਼ਦੂਰ ਪਿਆਰੇ ਦੀ ਲਾਸ਼ ਕੋਲ ਸੋਗਮਈ ਮਹੌਲ ਵਿਚ ਬੈਠੇ ਮਜ਼ਦੂਰ ਆਗੂ ਚਰਨਜੀਤ ਸਿੰਘ, ਬਲਵਿੰਦਰ ਮਸੀਹ ਪ੍ਰਧਾਨ, ਸੁਖਦੇਵ ਸਿੰਘ, ਬਲਕਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਆਰੇ ਦੀ ਮੌਤ ਦਾ ਕਾਰਨ ਮਜ਼ਦੂਰਾਂ ਨੂੰ ਪੱਕੇ ਨਾ ਕਰਨ ਵਾਲੀ ਕੇਂਦਰ ਸਰਕਾਰ 'ਤੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
ਅੰਮ੍ਰਿਤਸਰ, 12 ਅਪ੍ਰੈਲ -ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਏ., ਬੀ. ਐਸ. ਸੀ. ਅਤੇ ਬੀ.ਕਾਮ. ਦੀਆਂ ਸਾਲਾਨਾ (ਲਿਖਤੀ) ਪ੍ਰੀਖਿਆਵਾਂ ਜੋ 22 ਅਪ੍ਰੈਲ ਨੂੰ ਹੋਣੀਆਂ ਸਨ, ਕੁਝ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀਆਂ ਹਨ ਜੋ ਹੁਣ 23, 27 ਤੇ 29 ਅਪ੍ਰੈਲ ਨੂੰ ਹੋਣਗੀਆਂ ਤੇ ਇਨ੍ਹਾਂ ਦਾ ਸਮਾਂ ਤੇ ਕੇਂਦਰ ਸਥਾਨ ਪਹਿਲਾਂ ਵਾਲੇ ਰਹਿਣਗੇ। ਪ੍ਰੋ: ਮੁਖੀ (ਪ੍ਰੀਖਿਆਵਾਂ), ਪ੍ਰੋ: ਆਰ. ਕੇ. ਮਹਾਜਨ ਨੇ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆਵਾਂ 28 ਮਾਰਚ ਨੂੰ ਮੁਲਤਵੀ ਕੀਤੀਆਂ ਸਨ। ਨਵੀਂਆਂ ਮਿਤੀਆਂ ਅਨੁਸਾਰ ਬੀ.ਕਾਮ. ਭਾਗ-ਤੀਜਾ ਦਾ (ਦੂਜਾ ਪੇਪਰ ਪੰਜਾਬੀ (ਲਾਜ਼ਮੀ)/ ਪੰਜਾਬ ਹਿਸਟਰੀ ਐਂਡ ਕਲਚਰ, ਬੀ. ਕਾਮ (ਪ੍ਰੋਫੈਸ਼ਨਲ) ਭਾਗ ਦੂਸਰਾ ਦਾ (ਪੇਪਰ ਤੀਸਰਾ ਕੋਸਟ ਅਕਾਊਂਟਿੰਗ), ਬੈਚੂਲਰ ਆਫ ਪ੍ਰਫਾਰਮਿੰਗ ਆਰਟ ਭਾਗ ਚੌਥਾ (ਅਪਲਾਈਡ ਥਿਊਰੀ, ਥੀਏਟਰ ਆਰਟ/ ਮਿਊਜ਼ਿਕ ਵੋਕਲ/ ਕੱਥਕ/ਡਾਂਸ/ਤਬਲਾ), ਬੈਚੂਲਰ ਆਫ ਫਾਈਨ ਆਰਟਸ (ਬੀ.ਐਫ.ਏ.) ਭਾਗ ਤੀਜਾ (ਐਸਥੈਟਿਕਸ), ਬੀ. ਐਸ. ਸੀ. (ਫੈਸ਼ਨ ਡਿਜ਼ਾਈਨਿੰਗ) ਭਾਗ-ਪਹਿਲਾ (ਪੇਪਰ ਤੀਸਰਾ) ਟ੍ਰੈਡੀਸ਼ਨਲ ਟੈਕਸਟਾਈਲਜ਼, ਬੀ. ਐਸ. ਸੀ. (ਹੋਮ ਸਾਇੰਸ) ਭਾਗ ਤੀਸਰਾ (ਟੈਕਸਟਾਈਲ ਸਾਇੰਸ ਐਂਡ ਟ੍ਰੈਡੀਸ਼ਨਲ ਟੈਕਸਟਾਈਲਜ਼) ਅਤੇ ਬੈਚੂਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਬੀ.ਐਫ.ਐਸ.ਟੀ.) (ਆਨਰਜ਼) ਭਾਗ-ਪਹਿਲਾ (ਜਨਰਲ ਅੰਗ੍ਰੇਜ਼ੀ) ਦੀਆਂ ਪ੍ਰੀਖਿਆਵਾਂ 23 ਅਪ੍ਰੈਲ (ਸੋਮਵਾਰ) ਨੂੰ ਹੋਣਗੀਆਂ। ਬੀ.ਏ./ਬੀ.ਐਸ.ਸੀ. ਭਾਗ-ਤੀਜਾ ਅੰਗਰੇਜ਼ੀ (ਇਲੈਕਟਿਵ)-ਏ/ਪੰਜਾਬੀ(ਇਲੈਕਟਿਵ)-ਏ/ਹਿੰਦੀ/ਉਰਦੂ-1/ਪਰਸ਼ੀਅਨ-1 / ਰਸ਼ੀਅਨ-1, ਇਲੈਕਟਰੋਨਿਕਸ-ਸੀ, ਕੈਮਿਸਟਰੀ-3 ਦੀਆਂ ਪ੍ਰੀਖਿਆਵਾਂ 27 ਅਪ੍ਰੈਲ, 2012 (ਸ਼ੁੱਕਰਵਾਰ) ਨੂੰ ਲਈਆਂ ਜਾਣਗੀਆਂ ਜਦੋਂਕਿ ਬੀ.ਏ./ ਬੀ.ਐਸ.ਸੀ. ਭਾਗ ਪਹਿਲਾ, ਮੈਥੇਮੈਟਿਕਸ-3 ਤੇ ਜੂਆਲੋਜੀ-ਬੀ. ਦੀਆਂ ਪ੍ਰੀਖਿਆਵਾਂ 29 ਮਈ(ਮੰਗਲਵਾਰ) ਨੂੰ ਹੋਣਗੀਆਂ।
ਬਿਆਸ, 12 ਅਪ੍ਰੈਲ )-ਬਿਆਸ-ਰਈਆ ਜੀ. ਟੀ. ਰੋਡ 'ਤੇ ਅੱਜ ਸ਼ਾਮ ਇੱਕ ਮੋਟਰਸਾਈਕਲ ਟਰੈਕਟਰ ਟਰਾਲੀ ਦੇ ਪਿੱਛੇ ਵੱਜ ਗਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਲਵਿੰਦਰ ਕੁਮਾਰ ਛਿੰਦਾ ਸਪੁੱਤਰ ਬਿਹਾਰੀ ਲਾਲ ਵਾਸੀ ਬਾਬਾ ਸਾਵਨ ਸਿੰਘ ਨਗਰ ਨਜ਼ਦੀਕ ਬਿਆਸ ਤੇ ਉਸਦਾ ਸਾਥੀ ਸੁਖਦੇਵ ਸਿੰਘ ਵਾਸੀ ਕਾਦੀਆਂ ਜੋ ਕਿ ਬਿਆਸ ਵਿਖੇ ਇੱਕ ਦੁਕਾਨ 'ਤੇ ਫੋਟੋਗ੍ਰਾਫਰ ਦਾ ਕੰਮ ਕਰਦਾ ਸੀ, ਰਈਆ ਵਿਖੇ ਇਕ ਵਿਆਹ ਤੋਂ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ. 18 ਪੀ 4654 'ਤੇ ਵਾਪਸ ਆ ਰਹੇ ਸਨ ਤੇ ਜਦੋਂ ਇਹ ਬਿਆਸ ਨਜ਼ਦੀਕ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੇ ਇੱਕ ਟਰੈਕਟਰ ਟਰਾਲੀ ਦੇ ਪਿੱਛੇ ਇਨ੍ਹਾਂ ਦਾ ਮੋਟਰਸਾਈਕਲ ਜਾ ਵੱਜਾ, ਜਿਸ ਨਾਲ ਸਲਵਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਸੁਖਦੇਵ ਸਿੰਘ ਦੀ ਹਸਪਤਾਲ ਜਾਣ ਉਪਰੰਤ ਮੌਤ ਹੋ ਗਈ।
ਅਹਿਮਦਾਬਾਦ, 12 ਅਪ੍ਰੈਲ  - ਗੁਜਰਾਤ ਹਾਈ ਕੋਰਟ 'ਚ ਇਕ ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ਜੱਜ ਵਲੋਂ ਨਾ -ਮਨਜ਼ੂਰ ਕਰਨ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਜੱਜ ਵੱਲ ਆਪਣਾ ਜੁੱਤਾ ਵਗਾਹ ਕੇ ਮਾਰਿਆ। ਦੋਸ਼ੀ ਰਾਮਾਜੀ ਠਾਕੁਰ ਨੇ ਕਿਹਾ ਕਿ ਜੱਜ ਐਮ. ਡੀ. ਸ਼ਾਹ ਨੇ ਬਿਨਾਂ ਉਸ ਦੇ ਪੱਖ ਸੁਣੇ ਅਰਜ਼ੀ ਨੂੰ ਖਾਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਰਾਮਾਜੀ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੈਂਕਾਕ-ਇੰਡੋਨੇਸ਼ੀਆ ਵਿਚ ਆਏ ਜ਼ਬਰਦਸਤ ਭੁਚਾਲ ਨਾਲ ਜਾਰੀ ਕੀਤੀ ਗਈ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਥਾਈਲੈਂਡ ਦੇ ਸੈਲਾਨੀ ਟਾਪੂ ਫੁਕੇਤ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਡਾਇਰੈਕਟਰ ਨੇ ਦਸਿਆ ਕਿ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਅਸੀ ਹਵਾਈ ਅੱਡੇ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫੁਕੇਤ ਤੇ ਨਾਲ ਲਗਦੇ ਸਮੁੰਦਰੀ ਤੱਟ ਦੇ ਇਲਾਕਿਆਂ ਵਿਚ ਲੋਕਾਂ ਨੂੰ ਉਚੀਆਂ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
ਨਵੀਂ ਦਿੱਲੀ, 12 ਅਪ੍ਰੈਲ -ਭੰਵਰੀ ਦੇਵੀ ਕਤਲ ਕੇਸ ਦੀ ਦੋਸ਼ੀ ਭਗੌੜੀ ਇੰਦਰਾ ਬਿਸ਼ਨੋਈ ਦੀ ਸੂਚਨਾ ਦੇਣ ਵਾਲੇ ਲਈ ਸੀ. ਬੀ. ਆਈ. ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਮਲਖਾਨ ਸਿੰਘ ਦੀ ਭੈਣ ਬਿਸ਼ਨੋਈ ਜੋ ਕਿ ਇਸ ਕਤਲ ਮਾਮਲੇ ਦੀ ਪ੍ਰਮੁੱਖ ਦੋਸ਼ੀ ਹੈ ਦਸੰਬਰ ਮਹੀਨੇ ਤੋਂ ਭਗੌੜੀ ਹੈ।
ਆਗੂ ਕੁੜੱਤਣ ਵਾਲੀ ਰਾਜਨੀਤੀ ਛੱਡ ਕੇ ਉਸਾਰੂ ਪਹੁੰਚ ਅਪਣਾਉਣ-ਅਸ਼ਵਨੀ ਕੁਮਾਰ
ਕੇਂਦਰ ਸਰਕਾਰ ਦੀ ਸਥਿਰਤਾ ਨੂੰ ਖ਼ਤਰਾ ਨਹੀਂ

ਜਲੰਧਰ, 12 ਅਪ੍ਰੈਲ-ਭਾਰਤ ਨੂੰ ਅੱਜ ਜਿੱਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅੱਤਵਾਦ, ਖੇਤਰੀਵਾਦ, ਨਸ਼ੇ ਅਤੇ ਪ੍ਰਦੂਸ਼ਣ ਆਦਿ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸੌੜੀ ਰਾਜਨੀਤੀ ਤਹਿਤ ਜਾਤਾਂ ਅਤੇ ਧਰਮਾਂ ਦੇ ਨਾਂ 'ਤੇ ਵੰਡੀਆਂ ਪਾਉਣ ਕਾਰਨ ਵੀ ਦੇਸ਼ ਪਿਛਾਂਹ ਵੱਲ ਨੂੰ ਜਾ ਰਿਹਾ ਹੈ। ਇਹ ਸਮੇਂ ਦਾ ਤਕਾਜ਼ਾ ਹੈ ਕਿ ਅਸੀਂ ਕੁੜੱਤਣ ਤੇ ਕੜਵਾਹਟ ਵਾਲੀ ਰਾਜਨੀਤੀ ਤੋਂ ਤੌਬਾ ਕਰਦੇ ਹੋਏ ਆਪਣੀ ਰਾਜਨੀਤਕ ਸ਼ੈਲੀ ਨੂੰ ਇਸ ਤਰ੍ਹਾਂ ਢਾਲੀਏ ਕਿ ਬੁਨਿਆਦੀ ਮੁੱਦਿਆਂ ਉੱਪਰ ਆਮ ਸਹਿਮਤੀ ਬਣਾ ਕੇ ਦੇਸ਼ ਦੇ ਨਵ-ਨਿਰਮਾਣ 'ਚ ਯੋਗਦਾਨ ਪਾਈਏ। ਇਹ ਵਿਚਾਰ ਯੋਜਨਾ, ਸਾਇੰਸ ਅਤੇ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ 'ਅਜੀਤ' ਵਲੋਂ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। ਜਿਸ ਦੇ ਅਹਿਮ ਅੰਸ਼ ਹੇਠਾਂ ਪੇਸ਼ ਕੀਤੇ ਜਾ ਰਹੇ ਹਨ।
? ਪਿੱਛੇ ਜਿਹੇ ਦੇਸ਼ 'ਚ ਮੱਧਕਾਲੀ ਚੋਣਾਂ ਦੀ ਚਰਚਾ ਚਲਦੀ ਰਹੀ ਹੈ। ਕੀ ਅਜਿਹੀਆਂ ਅਟਕਲਾਂ 'ਚ ਕੋਈ ਸੱਚਾਈ ਹੈ?
-ਨਹੀਂ। ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਹਾਲਾਂ ਕਿ ਸਹਿਯੋਗੀ ਦਲਾਂ 'ਚ ਕੁੱਝ ਮੁੱਦਿਆਂ 'ਤੇ ਮਤਭੇਦ ਜ਼ਰੂਰ ਹਨ ਪਰ ਜਿੱਥੋਂ ਤੱਕ ਕੇਂਦਰ ਸਰਕਾਰ ਦੀ ਸਥਿਰਤਾ ਦੀ ਗੱਲ ਹੈ, ਉਸ ਨੂੰ ਕੋਈ ਖਤਰਾ ਨਹੀਂ ਹੈ।
? ਦੇਸ਼ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਸੋਚ ਕੀ ਹੈ?
-ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਅੱਜ ਭਾਰਤ ਦੁਨੀਆਂ ਦੇ ਮੋਹਰੀ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਜਿਸ ਦਾ ਸਿਹਰਾ
ਪਿਛਲੇ 8 ਸਾਲਾਂ ਤੋਂ ਚੱਲ ਰਹੀ ਯੂ. ਪੀ. ਏ. ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂ. ਪੀ. ਏ. ਦੀ ਸੁਚੱਜੀ ਲੀਡਰਸ਼ਿਪ ਨੂੰ ਹੀ ਜਾਂਦਾ ਹੈ।
? ਗਰੀਬੀ ਰੇਖਾ ਨੂੰ ਲੈ ਕੇ ਉੱਠੇ ਵਿਵਾਦ ਸਬੰਧੀ ਤੁਹਾਡਾ ਕੀ ਕਹਿਣਾ ਹੈ?
-ਯੋਜਨਾ ਕਮਿਸ਼ਨ ਵਲੋਂ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ 'ਤੇ ਇਸ ਮਸਲੇ ਦੇ ਹੱਲ ਲਈ ਇਕ ਤਕਨੀਕੀ ਗਰੁੱਪ ਸਥਾਪਿਤ ਕੀਤਾ ਗਿਆ ਹੈ ਜੋ ਗਰੀਬੀ ਰੇਖਾ ਦੇ ਮਸਲੇ ਉੱਪਰ ਮੁੜ ਵਿਚਾਰ ਕਰਕੇ ਸਹੀ ਮਾਅਨਿਆਂ 'ਚ ਗਰੀਬਾਂ ਦੀ ਗਿਣਤੀ ਦਾ ਪਤਾ ਲਗਾਏਗਾ। ਗਰੀਬਾਂ ਦੀ ਸਹੀ ਗਿਣਤੀ ਦਾ ਪਤਾ ਲਗਾ ਕੇ ਹੀ ਉਨ੍ਹਾਂ ਨੂੰ ਸਰਕਾਰ ਵਲੋਂ ਜਾਰੀ ਸਕੀਮਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਸਕੇਗਾ।
? ਪੰਜਾਬ ਦੇ ਸਾਹਮਣੇ ਇਸ ਸਮੇਂ ਕਿਹੜੀਆਂ ਵੱਡੀਆਂ ਚੁਣੌਤੀਆਂ ਹਨ ਤੇ ਇਨ੍ਹਾਂ ਦੇ ਹੱਲ ਲਈ ਕੇਂਦਰ ਸਰਕਾਰ ਵਲੋਂ ਕੀ ਕਦਮ ਚੁੱਕੇ ਜਾ ਰਹੇ ਹਨ?
-ਪੰਜਾਬ ਆਰਥਿਕ ਵਿਕਾਸ ਦੇ ਨਾਲ-ਨਾਲ ਹੋਰਨਾਂ ਖੇਤਰਾਂ 'ਚ ਵੀ ਕਾਫੀ ਪਛੜ ਗਿਆ ਹੈ ਤੇ ਬਦਕਿਸਮਤੀ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਅਸੀਂ ਆਪਣੀਆਂ ਪੀੜੀਆਂ ਨੂੰ ਪੂਰਾ ਲਾਭ ਨਹੀਂ ਦੁਆ ਸਕੇ। ਨਤੀਜੇ ਵਜੋਂ ਪੰਜਾਬ ਦੇ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਰਾਹੀਂ ਵੱਡੀਆਂ ਕੰਪਨੀਆਂ 'ਚ ਨੌਕਰੀਆਂ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ ਹਨ। ਅੱਜ ਪੰਜਾਬ 'ਚ ਜਿੱਥੇ ਵੱਡੀ ਪੱਧਰ 'ਤੇ ਉਦਯੋਗੀਕਰਨ ਦੀ ਲੋੜ ਹੈ ਉਥੇ ਨਾਲ ਹੀ ਫਸਲੀ ਵਿਭਿੰਨਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਸਰਹੱਦੀ ਜ਼ਿਲ੍ਹਿਆਂ ਦਾ ਵੀ ਤੇਜ਼ੀ ਨਾਲ ਵਿਕਾਸ ਕਰਵਾਉਣ ਦੀ ਲੋੜ ਹੈ ਤੇ ਇਸ ਪਾਸੇ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕੰਮ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਇਸ ਮਾਮਲੇ 'ਤੇ ਪੰਜਾਬ ਸਰਕਾਰ ਦੀਆਂ ਜਾਇਜ਼ ਮੰਗਾਂ ਤੇ ਲੋੜਾਂ ਨੂੰ ਸਮਝਦੀ ਹੋਈ ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਸਬੰਧੀ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੁਝਾਅ ਦੇ ਚੁੱਕੇ ਹਨ ਕਿ ਉਹ ਸਾਫ-ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਤਾਂ ਹੀ ਰਾਜ 'ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।
? ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਫੇਰੀ ਨਾਲ ਦੋਵਾਂ ਮੁਲਕਾਂ ਦੇ ਸਬੰਧਾਂ 'ਤੇ ਕੀ ਅਸਰ ਪਵੇਗਾ?
-ਪਾਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਭਾਰਤ ਫੇਰੀ ਦਾ ਲਾਹਾ ਲੈਂਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੁਵੱਲੇ ਮਸਲਿਆਂ 'ਤੇ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਹੈ। ਉਨ੍ਹਾਂ ਨੂੰ ਮੁੰਬਈ 'ਤੇ ਹਮਲਾ ਕਰਵਾਉਣ ਵਾਲੇ ਹਾਫਿਜ਼ ਸਈਦ ਤੇ ਹੋਰਨਾਂ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਕਿਹਾ ਹੈ। ਇਸ ਦੇ ਨਾਲ ਹੀ 13 ਅਪ੍ਰੈਲ ਨੂੰ ਅਟਾਰੀ ਵਿਖੇ ਸੰਯੁਕਤ ਚੈੱਕ ਪੋਸਟ ਦਾ ਉਦਘਾਟਨ ਹੋਣ ਜਾ ਰਿਹਾ ਹੈ। ਜਿਸ ਨਾਲ ਦੋਵਾਂ ਮੁਲਕਾਂ ਵਿਚਕਾਰ ਸਬੰਧ ਸੁਖਾਵੇਂ ਕਰਨ ਵਾਲੇ ਯਤਨਾਂ ਨੂੰ ਹੋਰ ਬਲ ਮਿਲੇਗਾ। ਇਥੇ ਹੀ ਬੱਸ ਨਹੀਂ ਇਸ ਦਾ ਸਿੱਧਾ ਤੇ ਵੱਡਾ ਲਾਭ ਪੰਜਾਬ ਦੀ ਅਰਥ ਵਿਵਸਥਾ ਮਿਲੇਗਾ।
? ਪੰਜਾਬ ਦੇ ਵਿਕਾਸ ਲਈ ਕੋਈ ਖਾਸ ਯੋਜਨਾ ਬਣਾਈ ਗਈ ਹੈ?
ਪੰਜਾਬ ਦੇ ਵਿਕਾਸ ਲਈ ਸਾਲ 2012-13 ਵਾਸਤੇ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ ਤੇ ਇਸ ਯੋਜਨਾ ਨੀਤੀ ਸਬੰਧੀ ਯੋਜਨਾ ਕਮਿਸ਼ਨ ਵਲੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰ ਜਾਨਣ ਲਈ ਸੱਦਾ ਦਿੱਤਾ ਗਿਆ ਹੈ। ਪੰਜਾਬ 'ਚ ਮੁੱਢਲੇ ਢਾਂਚੇ ਤਹਿਤ ਸੀਵਰੇਜ ਅਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਿਸ ਲਈ ਯੋਜਨਾ ਕਮਿਸ਼ਨ ਆਪਣੇ ਵਿੱਤੀ ਅਨੁਸ਼ਾਸਨਿਕ ਦਾਇਰੇ 'ਚ ਰਹਿੰਦੇ ਹੋਏ ਪੰਜਾਬ ਸਰਕਾਰ ਦੀ ਹਰ ਸੰਭਵ ਮਦਦ ਕਰੇਗਾ। ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਵੀ ਪੰਜਾਬ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ ਤੇ ਉਮੀਦ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਖੇਤਰਾਂ ਵੱਲ ਪਹਿਲ ਦੇ ਆਧਾਰ 'ਤੇ ਤਵੱਜੋਂ ਦੇਵੇਗੀ।
? ਪੰਜਾਬ ਕਾਂਗਰਸ 'ਚ ਚੱਲ ਰਹੇ ਵਿਵਾਦ ਸਬੰਧੀ ਕੀ ਕਹਿਣਾ ਚਾਹੋਗੇ।
-ਇਸ ਮਾਮਲੇ 'ਤੇ ਸ੍ਰੀ ਏ. ਕੇ. ਐਂਟਨੀ ਦੀ ਅਗਵਾਈ ਹੇਠ ਬਣੀ ਕਮੇਟੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ ਤੇ ਸੂਬੇ 'ਚ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ। ਇਹ ਕਮੇਟੀ ਬਹੁਤ ਜਲਦੀ ਆਪਣੀ ਰਿਪੋਰਟ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪ ਦੇਵੇਗੀ। ਕਮੇਟੀ ਦੀ ਰਿਪੋਰਟ ਉਪਰੰਤ ਹੀ ਪਾਰਟੀ ਹਾਈਕਮਾਨ ਪੰਜਾਬ 'ਚ ਪਾਰਟੀ ਸਬੰਧੀ ਕੋਈ ਫੈਸਲਾ ਕਰੇਗੀ। ਪੰਜਾਬ 'ਚ ਪਾਰਟੀ ਦੀ ਅਗਵਾਈ ਸਬੰਧੀ ਮੇਰੀ ਨਿੱਜੀ ਰਾਏ ਹੈ ਕਿ ਪੰਜਾਬ 'ਚ ਪਾਰਟੀ ਦੀ ਕਮਾਨ ਕਿਸੇ ਅਜਿਹੇ ਊਰਜਾਵਾਨ ਅਤੇ ਸਾਫ-ਸੁਥਰੇ ਅਕਸ ਵਾਲੇ ਆਗੂ ਨੂੰ ਸੌਂਪੀ ਜਾਵੇ, ਜੋ ਪਾਰਟੀ 'ਚ ਏਕਤਾ ਤੇ ਅਨੁਸ਼ਾਸ਼ਨ ਕਾਇਮ ਕਰ ਸਕਦਾ ਹੋਵੇ। ਪੰਜਾਬ 'ਚ ਲੋਕਾਂ ਨੇ ਪਾਰਟੀ ਨੂੰ ਨਹੀਂ ਠੁਕਰਾਇਆ ਬਲਕਿ ਕੁਝ ਸੰਗਠਨਾਤਮਿਕ ਕਮੀਆਂ ਦੇਖਣ ਨੂੰ ਮਿਲੀਆਂ ਹਨ ਤੇ ਇਨ੍ਹਾਂ ਦਾ ਹੱਲ ਹਾਈਕਮਾਨ ਜਲਦ ਕਰੇਗੀ।
 
ਮੈਂ ਪ੍ਰਮਾਤਮਾ ਦਾ ਧੰਨਵਾਦੀ ਹਾਂ-ਯੁਵਰਾਜ ਸਿੰਘ
ਗੁੜਗਾਉਂ, 12 ਅਪ੍ਰੈਲ -''ਮੈਂ ਪ੍ਰਮਾਤਮਾ ਦਾ ਧੰਨਵਾਦੀ ਹਾਂ ਕਿ ਮੈਨੂੰ ਆਪਣਾ ਜੀਵਨ ਵਾਪਿਸ ਮਿਲਿਆ ਹੈ।'' ਇਹ ਸ਼ਬਦ ਵਿਦੇਸ਼ ਵਿਚੋਂ ਇਕ ਖਾਸ ਕਿਸਮ ਦੇ ਕੈਂਸਰ ਦਾ ਇਲਾਜ ਕਰਵਾਕੇ ਵਾਪਿਸ ਪਰਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਕਹੇ। ਯੁਵਰਾਜ ਸਿੰਘ ਨੇ ਕਿਹਾ ਕਿ ਮੈਦਾਨ ਵਿਚ ਉਤਰਨ ਲਈ ਅਜੇ ਘੱਟੋ-ਘੱਟ 2 ਮਹੀਨੇ ਹੋਰ ਲੱਗਣਗੇ। ਗੱਲਬਾਤ ਦੌਰਾਨ ਉਨ੍ਹਾਂ ਦੇ ਭਾਰਤੀ ਡਾਕਟਰ ਨਿਤੇਸ਼ ਰੋਹਤਗੀ ਵੀ ਮੌਜੂਦ ਸਨ। ਯੁਵਰਾਜ ਜਿਨ੍ਹਾਂ ਨੂੰ ਗੱਲਬਾਤ ਦੌਰਾਨ ਕਈ ਵਾਰ ਖਾਂਸੀ ਵੀ ਆਈ, ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਹਰ ਇਕ ਦਾ ਧੰਨਵਾਦੀ ਹਾਂ ਕਿ ਮੈਂ ਬਿਮਾਰੀ 'ਤੇ ਨਿਜਾਤ ਪਾ ਲਈ ਹੈ। 30 ਸਾਲਾ ਯੁਵਰਾਜ ਜੋ ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ 'ਮੈਨ ਆਫ ਦ ਟੂਰਨਾਮੈਂਟ' ਬਣਿਆ ਸੀ, ਨੇ ਆਪਣੇ ਜੀਵਨ ਦੇ ਸਭ ਤੋਂ ਵੱਧ ਸਖ਼ਤ ਪੜਾਅ ਦੀ ਗੱਲ ਕਰਦਿਆਂ ਮੰਨਿਆ ਕਿ ਇਕ ਸਮੇਂ ਉਹ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਮੈਂ ਛੇਤੀ ਮੈਦਾਨ 'ਤੇ ਪਰਤਾਂ, ਮੈਂ ਜਿੰਨੀ ਛੇਤੀ ਸੰਭਵ ਹੋ ਸਕਿਆ ਵਾਪਿਸੀ ਕਰਨ ਦਾ ਯਤਨ ਕਰਾਂਗਾ। ਯੁਵਰਾਜ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਮੇਰੀ ਮਾਂ ਸ਼ਬਨਮ ਮੇਰਾ ਸਭ ਤੋਂ ਵੱਡਾ ਆਸਰਾ ਰਹੀ ਹੈ ਤੇ ਮੈਂ ਨਹੀਂ ਸੋਚਦਾ ਕਿ ਉਨ੍ਹਾਂ ਤੋਂ ਬਿਨਾਂ ਮੈਂ ਇਹ ਸਫ਼ਰ ਤਹਿ ਕਰ ਸਕਦਾ ਸੀ। ਯੁਵਰਾਜ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਸਾਇਕਲਿਸਟ ਲਾਂਸ ਆਰਮਸਟਰਾਂਗ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। 5-6 ਸਾਲ ਪਹਿਲਾਂ ਮੈਂ ਉਸ ਦੀ ਕਿਤਾਬ ਕਿਸੇ ਕਾਰਨ ਅੱਧਵਾਟੇ ਹੀ ਛੱਡ ਦਿੱਤੀ ਸੀ। ਸ਼ਾਇਦ ਮੈਂ ਇਹ ਕਿਤਾਬ ਇਸ ਤਰ੍ਹਾਂ ਹੀ ਪੂਰੀ ਪੜ੍ਹਨੀ ਸੀ। ਉਸ ਨੂੰ ਵੀ ਇਸ ਕਿਸਮ ਦਾ ਹੀ ਕੈਂਸਰ ਸੀ ਪਰ ਉਹ ਆਖਰੀ ਪੱਧਰ 'ਤੇ ਸੀ ਜਦ ਕਿ ਮੇਰੀ ਬਿਮਾਰੀ ਬਾਰੇ ਆਰੰਭਕ ਪੱਧਰ 'ਤੇ ਹੀ ਪਤਾ ਲੱਗ ਗਿਆ ਸੀ। ਉਸ ਨੇ ਕਿਹਾ ਕਿ 6 ਮਹੀਨੇ ਇਹ ਪਤਾ ਲਾਉਣ ਵਿਚ ਹੀ ਲੱਗ ਗਏ ਕਿ ਮੈਨੂੰ ਕੈਂਸਰ ਹੈ। ਉਸ ਨੇ ਆਪਣੇ ਗੁਜ਼ਰੇ ਦਿਨਾਂ ਬਾਰੇ ਚੇਤੇ ਕਰਦਿਆਂ ਕਿਹਾ ਕਿ ਮੈਨੂੰ ਸਾਹ ਲੈਣ 'ਚ ਕੁਝ ਮੁਸ਼ਕਿਲ ਆਉਂਦੀ ਸੀ। ਮੈਂ ਅਕਸਰ ਖੰਘਦਾ ਸੀ ਤੇ ਜਿਸ ਨਾਲ ਖੂਨ ਆਉਂਦਾ ਸੀ ਪਰ ਮੈਂ ਇਸ ਬਾਰੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਤੇ ਨਾ ਹੀ ਕਿਸੇ ਨੂੰ ਇਹ ਅਹਿਸਾਸ ਹੋਣ ਦਿੱਤਾ ਸੀ ਕਿ ਮੈਂ ਕਿਸ ਦੌਰ ਵਿਚੋਂ ਗੁਜਰ ਰਿਹਾ ਹਾਂ। ਯੁਵਰਾਜ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਮੈਂ ਹਮੇਸ਼ਾਂ ਆਸ਼ਾਵਾਦੀ ਰਿਹਾ। ਉਸ ਨੇ ਭਵਿੱਖ ਵਿਚ ਕੈਂਸਰ ਪੀੜਤਾਂ ਲਈ ਕੁਝ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਮੈਂ ਨਿਸ਼ਚਤ ਤੌਰ 'ਤੇ ਲੋਕਾਂ ਲਈ ਕੁਝ ਕਰਾਂਗਾ।
1
ਆਰੂਸ਼ੀ ਮਾਮਲੇ 'ਚ ਨੁਪੁਰ ਤਲਵਾੜ ਵਿਰੁੱਧ
ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਗਾਜ਼ੀਆਬਾਦ, 12 ਅਪ੍ਰੈਲ -ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅੱਜ ਆਰੂਸ਼ੀ-ਹੇਮਰਾਜ ਕਤਲ ਮਾਮਲੇ 'ਚ ਡਾਕਟਰ ਨੁਪੁਰ ਤਲਵਾੜ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਪ੍ਰੀਤੀ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨਿਸ਼ਚਤ ਕੀਤੀ ਹੈ। ਸੀ.ਬੀ.ਆਈ ਨੇ ਦਾਇਰ ਦਰਖਾਸਤ ਵਿਚ ਬੇਨਤੀ ਕੀਤੀ ਸੀ ਕਿ ਨੁਪੁਰ ਤਲਵਾੜ ਵਿਰੁੱਧ ਵਾਰੰਟ ਜਾਰੀ ਕੀਤੇ ਜਾਣ ਕਿਉਂਕਿ ਉਹ ਆਦੇਸ਼ਾਂ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਹੀਂ ਹੋਈ। ਇਥੇ ਵਰਣਨਯੋਗ ਹੈ ਕਿ ਦੰਦਾਂ ਦੇ ਡਾਕਟਰ ਰਾਜੇਸ਼ ਤੇ ਨੁਪੁਰ ਤਲਵਾੜ ਦੀ ਇਕੋ ਇਕ 14 ਸਾਲਾ ਧੀ ਆਰੂਸ਼ੀ ਪਰਿਵਾਰ ਦੇ ਨੋਇਡਾ ਸਥਿਤ ਘਰ ਵਿਚ 15 ਤੇ 16 ਮਈ 2008 ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਪਾਈ ਗਈ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦੇ ਨੌਕਰ ਹੇਮਰਾਜ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ ਸੀ।