Friday, 13 January 2012

ਪਾਕਿਸਤਾਨ ਵਿਚ ਸਿਆਸੀ ਸੰਕਟ ਬਰਕਰਾਰ-ਜ਼ਰਦਾਰੀ ਦੁਬਈ ਗਏ
ਫੌਜ ਤੇ ਸਰਕਾਰ ਵਿਚਾਲੇ ਟਕਰਾਅ
ਦੁਬਈ, -ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇਸ਼ ਦੇ ਮੀਮੋਗੇਟ (ਮੰਗ-ਪੱਤਰ) ਮਾਮਲੇ ਨੂੰ ਲੈ ਕੇ ਸਰਕਾਰ ਅਤੇ ਸ਼ਕਤੀਸ਼ਾਲੀ ਫ਼ੌਜ ਵਿਚਾਲੇ ਚਲ ਰਹੇ ਤਣਾਅ ਦੇ ਦੌਰਾਨ ਅੱਜ ਇਕ ਦਿਨ ਦੀ ਨਿੱਜੀ ਯਾਤਰਾ ਲਈ ਦੁਬਈ ਪੁੱਜ ਗਏ ਹਨ, ਜਦੋਂਕਿ ਇਸ ਮਾਮਲੇ 'ਤੇ ਸਾਬਕਾ ਪ੍ਰਧਾਨ ਮੰਤਰੀ ਸ਼ੁਜਾਤ ਹੁਸੈਨ ਨੇ ਸੰਕਟ ਖ਼ਤਮ ਕਰਨ ਲਈ ਵਿਚੋਲਗੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਸੜਕਾਂ 'ਤੇ ਉਤਰਨ ਦੀ ਚਿਤਾਵਨੀ ਦਿੱਤੀ ਹੈ। ਜ਼ਰਦਾਰੀ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਉਹ ਡਾਕਟਰੀ ਜਾਂਚ ਲਈ ਇਥੇ ਆਏ ਹਨ, ਜਦੋਂ ਕਿ ਹੋਰ ਸੂਤਰਾਂ ਅਨੁਸਾਰ ਉਹ ਇਥੇ ਇਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਪੁੱਜੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁੱਲ ਬਾਸਿਤ ਨੇ ਦੱਸਿਆ ਹੈ ਕਿ ਜ਼ਰਦਾਰੀ ਕੱਲ੍ਹ ਦੁਬਈ ਤੋਂ ਵਾਪਸ ਵਤਨ ਪੁੱਜ ਜਾਣਗੇ। ਦੁਬਈ 'ਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਹੈ। ਇਸ ਵਿਆਹ ਸਮਾਗਮ 'ਚ ਕਈ ਹੋਰ ਉੱਚ ਸਰਕਾਰੀ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਚਰਚਾ ਹੈ।
ਮੀਮੋਗੇਟ ਮਾਮਲੇ 'ਚ ਸਰਕਾਰ ਅਤੇ ਫ਼ੌਜ ਵਿਚਾਲੇ ਪੈਦਾ ਹੋਏ ਟਕਰਾਅ ਤੋਂ ਬਾਅਦ ਜ਼ਰਦਾਰੀ ਦੀ ਇਹ ਦੂਸਰੀ ਦੁਬਈ ਯਾਤਰਾ ਹੈ। ਇਸ ਤੋਂ ਪਹਿਲਾਂ ਉਹ 6 ਦਸੰਬਰ ਨੂੰ ਦੁਬਈ ਗਏ ਸਨ ਅਤੇ ਦਿਲ ਦੇ ਰੋਗ ਦੇ ਇਲਾਜ ਲਈ ਕਰੀਬ 15 ਦਿਨ ਇਥੇ ਰੁਕੇ ਸਨ। ਇਸ ਦੌਰੇ ਨੂੰ ਲੈ ਕੇ ਇਹ ਕਿਆਸ-ਅਰਾਈਆਂ ਸਨ ਕਿ ਜ਼ਰਦਾਰੀ 'ਤੇ ਅਹੁਦਾ ਛੱਡਣ ਲਈ ਫ਼ੌਜ ਦਾ ਤਕੜਾ ਦਬਾਅ ਹੈ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜ਼ਰਦਾਰੀ ਸਪੱਸ਼ਟੀਕਰਨ ਦਿੰਦੇ ਆ ਰਹੇ ਹਨ ਕਿ ਉਨ੍ਹਾਂ ਦਾ ਅਹੁਦਾ ਛੱਡਣ ਦਾ ਕੋਈ ਵਿਚਾਰ ਨਹੀਂ। ਦੇਸ਼ 'ਚ ਮੌਜੂਦਾ ਸੰਕਟ ਉਸ ਸਮੇਂ ਪੈਦਾ ਹੋਇਆ ਜਦੋਂ ਪਾਕਿਸਤਾਨੀ ਮੂਲ ਦੇ ਸਨਅਤਕਾਰ ਮਨਸੂਰ ਇਜ਼ਾਜ਼ ਨੇ ਇਕ ਕਥਿਤ ਮੀਮੋ ਨੂੰ ਜਨਤਕ ਕਰ ਦਿੱਤਾ, ਜਿਸ ਵਿਚ ਬੀਤੇ ਸਾਲ ਮਈ ਮਹੀਨੇ ਪਾਕਿਸਤਾਨ 'ਚ ਓਸਾਮਾ ਬਿਨ ਲਾਦੇਨ ਨੂੰ ਮਾਰੇ ਜਾਣ ਤੋਂ ਬਾਅਦ ਫ਼ੌਜ ਦੀ ਬਗਾਵਤ ਰੋਕਣ ਲਈ ਅਮਰੀਕਾ ਕੋਲੋਂ ਮਦਦ ਮੰਗੀ ਗਈ ਸੀ। ਸਰਕਾਰ ਨੇ ਇਸ ਮੀਮੋ ਨੂੰ ਸਿਰਫ ਕਾਗਜ਼ ਦਾ ਇਕ ਟੁਕੜਾ ਦੱਸ ਕੇ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਤਿਆਰ ਕਰਨ ਅਤੇ ਅਮਰੀਕੀ ਫ਼ੌਜ ਮੁਖੀ ਐਡਮਿਰਲ ਮਾਈਕ ਮੁਲੇਨ ਤੱਕ ਪਹੁੰਚਾਉਣ 'ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਕੋਈ ਭੂਮਿਕਾ ਨਹੀਂ ਸੀ। ਫ਼ੌਜ ਅਤੇ ਆਈ. ਐੱਸ. ਆਈ. ਮੁਖੀਆਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਮੀਮੋਗੇਟ ਮਾਮਲੇ ਦੀ ਜਾਂਚ ਲਈ ਤਿੰਨ ਜੱਜਾਂ ਦਾ ਕਮਿਸ਼ਨ ਨਿਯੁਕਤ ਕੀਤਾ ਸੀ। ਇਹ ਕਮਿਸ਼ਨ 4 ਹਫਤਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ।
ਜ਼ਰਦਾਰੀ ਸਾਡਾ ਤੇਜ਼-ਤਰਾਰ ਗੇਂਦਬਾਜ਼-ਗਿਲਾਨੀ
ਇਸਲਾਮਾਬਾਦ-ਫ਼ੌਜ ਅਤੇ ਸਰਕਾਰ ਵਿਚਾਲੇ ਪੈਦਾ ਹੋਏ ਤਣਾਅ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਆਪਣੀ ਰਾਜਨੀਤਕ ਟੀਮ, ਜਿਸ 'ਤੇ ਖੱਬਿਓਂ, ਸੱਜਿਓਂ ਅਤੇ ਵਿਚਾਲਿਓਂ ਹਮਲੇ ਹੋ ਰਹੇ ਹਨ, ਦਾ ਤੇਜ਼-ਤਰਾਰ ਗੇਂਦਬਾਜ਼ ਕਰਾਰ ਦਿੱਤਾ ਹੈ। ਪੀ. ਟੀ. ਵੀ. ਦੇ ਨਵੇਂ ਖੇਡ ਚੈਨਲ ਦਾ ਉਦਘਾਟਨ ਕਰਨ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਦੀ ਟੀਮ ਸਾਨਾ ਮੀਰ ਵੱਲੋਂ ਪੁੱਛੇ ਗਏ ਸਵਾਲ ਕਿ ਰਾਜਨੀਤੀ 'ਚ ਤੇਜ਼ ਤਰਾਰ ਗੇਂਦਬਾਜ਼ ਕੌਣ ਹੈ, ਦਾ ਜਵਾਬ ਦਿੰਦਿਆਂ ਕਿਹਾ ਕਿ ਆਸਿਫ਼ ਅਲੀ ਜ਼ਰਦਾਰੀ ਉਨ੍ਹਾਂ ਦੀ ਰਾਜਨੀਤਕ ਟੀਮ ਦੇ ਤੇਜ਼ ਤਰਾਰ ਗੇਂਦਬਾਜ਼ ਹੈ। ਸਾਬਕਾ ਟੈਸਟ ਕ੍ਰਿਕਟਰ ਰਮੀਜ਼ ਰਾਜਾ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਰਕਾਰ, ਜੋ ਬਹੁਤ ਸਾਰੇ ਬਾਉਂਸਰਾਂ ਅਤੇ ਯੋਰਕਰਾਂ ਦਾ ਸਾਹਮਣਾ ਕਰ ਰਹੀ ਹੈ, ਕੀ ਬੱਲੇਬਾਜ਼ ਜਾਵੇਦ ਮੀਆਂਦਾਦ ਵਾਂਗ ਪਾਰੀ ਦੇ ਆਖਰੀ ਗੇਂਦ 'ਤੇ ਛੱਕਾ ਮਾਰ ਸਕਦੀ ਹੈ? ਗਿਲਾਨੀ ਨੇ ਜਵਾਬ ਦਿੱਤਾ ਕਿ ਬੀਤੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਸਥਿਤੀ ਜਾਵੇਦ ਮੀਆਂਦਾਦ ਤੋਂ ਵੀ ਜ਼ਿਆਦਾ ਖਰਾਬ ਸੀ, ਖੱਬਿਓਂ-ਸੱਜਿਓਂ ਅਤੇ ਵਿਚਾਲਿਓਂ ਹਮਲੇ ਹੋ ਰਹੇ ਸਨ ਅਤੇ ਅਸੀਂ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਸਾਂ। ਆਪਣੇ ਪਸੰਦੀਦਾ ਖਿਡਾਰੀ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ਉਹ ਇਮਰਾਨ ਖਾਨ ਨੂੰ ਪਸੰਦ ਕਰਦੇ ਹਨ।
ਸੜਕਾਂ 'ਤੇ ਉਤਰਾਂਗੇ-ਇਮਰਾਨ
ਕ੍ਰਿਕਟਰ ਤੋਂ ਰਾਜਨੀਤਕ ਆਗੂ ਬਣੇ ਇਮਰਾਨ ਖਾਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਦੀ ਗ਼ੈਰ-ਫ਼ੌਜੀ ਸਰਕਾਰ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਕੇਸ ਮੁੜ ਖੋਲ੍ਹਣ ਦੇ ਮੁੱਦੇ 'ਤੇ ਨਿਆਂਪਾਲਿਕਾ 'ਤੇ ਕੋਈ ਹਮਲਾ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਸੜਕਾਂ 'ਤੇ ਉਤਰ ਆਵੇਗੀ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਨਿਆਂਪਾਲਿਕਾ ਦੇ ਨਾਲ ਖੜ੍ਹੀ ਹੈ ਅਤੇ 16 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਦੇ ਮੌਕੇ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਪੱਖ 'ਤੇ ਪੂਰੀ ਨਿਗ੍ਹਾ ਰੱਖੇਗੀ। ਜੇ ਕਰ ਸਰਕਾਰ ਅਦਾਲਤ ਦੇ ਆਦੇਸ਼ ਅਨੁਸਾਰ ਕੰਮ ਨਹੀਂ ਕਰੇਗੀ ਤਾਂ ਉਨ੍ਹਾਂ ਦੀ ਪਾਰਟੀ ਨਿਆਂਪਾਲਿਕਾ ਦਾ ਸਾਥ ਨਿਭਾਵੇਗੀ।
ਸ਼ੁਜਾਤ ਵੱਲੋਂ ਸਮਝੌਤੇ ਲਈ ਵਿਚੋਲਗੀ
ਲਾਹੌਰ-ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੀ. ਐੱਮ. ਐੱਲ. (ਕਿਊ) ਦੇ ਮੁਖੀ ਚੌਧਰੀ ਸ਼ੁਜਾਤ ਹੁਸੈਨ ਨੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਦਰਮਿਆਨ ਸਮਝੌਤਾ ਕਰਵਾਉਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਮੁਸ਼ੱਰਫ਼ ਦੇ ਕਾਰਜ ਕਾਲ ਦੌਰਾਨ ਪ੍ਰਧਾਨ ਮੰਤਰੀ ਰਹੇ ਸ਼ੁਜਾਤ ਦੀ ਅਗਵਾਈ ਵਾਲੀ ਪੀ. ਐੱਮ. ਐੱਲ. ਕਿਊ ਸੱਤਾਧਾਰੀ ਗਠਜੋੜ ਦੀ ਭਾਈਵਾਲ ਹੈ।
ਕਿਆਨੀ ਦੇ ਹੱਕ 'ਚ ਪਟੀਸ਼ਨ ਮਨਜ਼ੂਰ
ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਮੀਮੋਗੇਟ ਮਾਮਲੇ 'ਚ ਸਰਕਾਰ ਵੱਲੋਂ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਅਤੇ ਆਈ. ਐਸ. ਆਈ. ਮੁਖੀ ਜਨਰਲ ਸ਼ੂਜਾ ਪਾਸ਼ਾ ਨੂੰ ਬਰਖਾਸਤ ਨਾ ਕੀਤੇ ਜਾਣ ਸਬੰਧੀ ਦਾਇਰ ਪਟੀਸ਼ਨ ਮਨਜ਼ੂਰ ਕਰ ਲਈ ਹੈ। ਵਕੀਲ ਮੌਲਵੀ ਇਕਬਾਲ ਹੈਦਰ ਵੱਲੋਂ ਕੱਲ੍ਹ ਇਹ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ।
ਫ਼ੌਜ ਫਿਰ ਰਾਜ ਪਲਟੇ ਤੋਂ ਕ੍ਰਿਪਾ ਕਰੇ-ਪਾਕਿ ਮੀਡੀਆ
ਇਸੇ ਦੌਰਾਨ ਪਾਕਿਸਤਾਨ ਦੇ ਮੀਡੀਆ ਨੇ ਦੇਸ਼ ਦੀ ਸ਼ਕਤੀਸ਼ਾਲੀ ਫ਼ੌਜ ਨੂੰ ਕਿਹਾ ਹੈ ਉਹ ਕ੍ਰਿਪਾ ਕਰਕੇ ਮੁੜ ਰਾਜ ਪਲਟਾ ਨਾ ਕਰੇ। ਮੀਡੀਆ ਨੇ ਸਰਕਾਰ ਅਤੇ ਫ਼ੌਜ ਨੂੰ ਅਪੀਲ ਕੀਤੀ ਹੈ ਕਿ ਆਪਣੇ ਮਤਭੇਦ ਸ਼ਾਂਤੀਪੂਰਵਕ ਸੁਲਝਾ ਲਏ ਜਾਣ।
ਅਮਰੀਕਾ ਪਾਕਿਸਤਾਨ 'ਚ ਗ਼ੈਰ ਫ਼ੌਜੀ ਸਰਕਾਰ ਦੇ ਹੱਕ 'ਚ
ਵਾਸ਼ਿੰਗਟਨ, -ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਰਾਜ ਪਲਟਾ ਨਹੀਂ ਕਰੇਗੀ ਦੇ ਸਬੰਧ 'ਚ ਉਸ ਨੂੰ ਕੋਈ ਵਿਸ਼ਵਾਸ਼ ਨਹੀਂ ਮਿਲਿਆ ਅਤੇ ਨਾ ਹੀ ਅਜਿਹਾ ਨਜ਼ਰ ਆ ਰਿਹਾ ਹੈ, ਬੇਸ਼ੱਕ ਨਾਲ ਹੀ ਸਪੱਸ਼ਟ ਵੀ ਕੀਤਾ ਹੈ ਕਿ ਉਹ ਦੇਸ਼ 'ਚ ਗ਼ੈਰ ਫ਼ੌਜੀ ਸਰਕਾਰ ਵੇਖਣ ਦਾ ਹੀ ਚਾਹਵਾਨ ਹੈ। ਫ਼ੌਜੀ ਸਟਾਫ਼ ਦੇ ਸੰਯੁਕਤ ਚੇਅਰਮੈਨ ਜਨਰਲ ਮਾਰਟਿਨ ਈ ਡੈਂਪਸੇ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨਹੀਂ ਪਤਾ ਕਿ ਉਥੇ ਕੀ ਵਾਪਰਨ ਜਾ ਰਿਹਾ ਹੈ। ਇਹ ਮਾਮਲਾ ਪਾਕਿਸਤਾਨੀ ਅਧਿਕਾਰੀਆਂ ਅਤੇ ਸਰਕਾਰੀ ਆਗੂਆਂ, ਫ਼ੌਜ ਅਤੇ ਨਾਗਰਿਕਾਂ ਵਿਚਾਲੇ ਹੈ। ਇਹ ਪ੍ਰਗਟਾਵਾ ਪੈਂਟਾਗਨ ਦੇ ਬੁਲਾਰੇ ਜਲਸੈਨਾ ਕਪਤਾਨ ਜੌਹਨ ਕਿਰਬੇ ਨੇ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਵਿਚਾਲੇ ਚਲ ਰਹੇ ਤਣਾਅ ਦੇ ਮੱਦੇਨਜ਼ਰ ਪਹਿਲੀ ਵਾਰ ਕੀਤਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਵਿਕਟੋਰੀਆ ਨੁਲੈਂਡ ਨੇ ਕਿਹਾ ਕਿ ਪਾਕਿਸਤਾਨ 'ਚ ਜੋ ਵਾਪਰ ਰਿਹਾ ਹੈ ਉਹ ਉਸ ਦਾ ਨਿੱਜੀ ਮਾਮਲਾ ਹੈ ਅਤੇ ਅਮਰੀਕਾ ਗ਼ੈਰ ਫ਼ੌਜੀ ਸਰਕਾਰ ਦੇ ਹੱਕ ਵਿਚ ਹੈ ਅਤੇ ਫ਼ੌਜ ਨਾਲ ਇਸ ਦੇ ਸਬੰਤ ਮਜਬੂਤ ਹੋਣੇ ਚਾਹੀਦੇ ਹਨ। ਪਾਕਿਸਤਾਨ ੇ ਦੇ ਨਵੇਂ ਰਾਜਦੂਤ ਸ਼ੈਰੀ ਰਹਿਮਾਨ ਅਤੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਢੰਗ ਨਾਲ ਪੇਸ਼ ਆਉਣ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਅਤੇ ਹੋਰ ਕੂਟਨੀਤਕ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਪ੍ਰੰਤੂ ਦੇਸ਼ ਦਾ ਅੰਦਰੂਨੀ ਮਾਮਲਾ ਹੋਣ ਕਾਰਨ ਕੋਈ ਦਖਲ ਅੰਦਾਜ਼ੀ ਨਹੀਂ ਕਰ ਰਹੇ।
 
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ
ਦਾ ਅਮਲ ਮੁਕੰਮਲ
ਕੁੱਲ 1880 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ
ੲ ਕੋਹਾੜ ਵੱਲੋਂ ਦਾਣਾ ਮੰਡੀ 'ਚ ਕੀਤੀ ਰੈਲੀ ਸਬੰਧੀ ਰਿਪੋਰਟ ਮੰਗੀ
ੲ ਜਲੰਧਰ, ਸੰਗਰੂਰ ਅਤੇ ਫ਼ਿਰੋਜ਼ਪੁਰ 'ਚ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਪੈਸੇ ਸੁੱਟਣ ਸਬੰਧੀ ਵੀ ਜਾਂਚ ਲਈ ਕਿਹਾ
ਹਰਕਵਲਜੀਤ ਸਿੰਘ
ਚੰਡੀਗੜ੍ਹ, -30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਅਮਲ ਮੁਕੰਮਲ ਹੋ ਗਿਆ। ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਅੱਜ 900 ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ, ਜਦੋਂਕਿ ਕੱਲ੍ਹ ਤੱਕ ਰਾਜ ਵਿਚ 980 ਨਾਮਜ਼ਦਗੀਆਂ ਦਾਇਰ ਹੋਈਆਂ ਸਨ ਅਤੇ ਹੁਣ ਤੱਕ ਕੁੱਲ 1880 ਉਮੀਦਵਾਰ ਚੋਣ ਮੈਦਾਨ 'ਚ ਹਨ। ਕੱਲ੍ਹ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਅਤੇ 16 ਜਨਵਰੀ ਤੱਕ ਕਾਗਜ਼ ਵਾਪਿਸ ਲਏ ਜਾ ਸਕਦੇ ਹਨ। ਅੱਜ ਜਿੰਨ੍ਹਾਂ ਪ੍ਰਮੁੱਖ ਵਿਅਕਤੀਆਂ ਨਾਮਜ਼ਦਗੀਆਂ ਦਾਇਰ ਕੀਤੀਆਂ ਉਨ੍ਹਾਂ ਵਿਚ ਕਾਂਗਰਸ ਦੇ ਸਮਾਣਾ ਤੋਂ ਉਮੀਦਵਾਰ ਰਣਇੰਦਰ ਸਿੰਘ ਟਿੱਕੂ, ਕਾਦੀਆਂ ਤੋਂ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਡੇਰਾ ਬਾਬਾ ਨਾਨਕ ਤੋਂ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰੇਮ ਮਿੱਤਲ, ਫ਼ਤਹਿਗੜ੍ਹ ਸਾਹਿਬ ਤੋਂ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਸਰ ਕੇਂਦਰੀ ਤੋਂ ਸ੍ਰੀ ਓਮ ਪ੍ਰਕਾਸ਼ ਸੋਨੀ, ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਪ੍ਰਗਟ ਸਿੰਘ ਅਤੇ ਕਾਂਗਰਸ ਦੇ ਜਗਬੀਰ ਸਿੰਘ ਬਰਾੜ, ਸਰਦੂਲਗੜ੍ਹ ਤੋਂ ਕਾਂਗਰਸ ਦੇ ਅਜੀਤ ਸਿੰਘ ਮੋਫਰ ਅਤੇ ਬਠਿੰਡਾ ਸ਼ਹਿਰ ਤੋਂ ਅਕਾਲੀ ਦਲ ਦੇ ਸਰੂਪ ਸਿੰਗਲਾ, ਮੁਹਾਲੀ ਤੋਂ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਪੀ. ਪੀ. ਪੀ. ਦੇ ਬੀਰਦਵਿੰਦਰ ਸਿੰਘ, ਪਠਾਨਕੋਟ ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸ਼ਰਮਾ, ਰੋਪੜ ਤੋਂ ਪੀ.ਪੀ.ਪੀ. ਦੇ ਉਮੀਦਵਾਰ ਅਮਰਦੀਪ ਸਿੰਘ ਅਤੇ ਫ਼ਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਬੱਬਲ ਤੋਂ ਇਲਾਵਾ ਬੰਗਾਂ ਤੋਂ ਕਾਂਗਰਸ ਦੇ ਉਮੀਦਵਾਰ ਤਰਲੋਚਨ ਸਿੰਘ ਅਤੇ ਨਾਭਾ ਤੋਂ ਅਕਾਲੀ ਦਲ ਦੇ ਬਲਵੰਤ ਸਿੰਘ ਸ਼ਾਹਪੁਰ ਵੱਲੋਂ ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ। ਅੱਜ ਪਠਾਨਕੋਟ ਤੋਂ 24, ਅੰਮ੍ਰਿਤਸਰ ਤੋਂ 88, ਗੁਰਦਾਸਪੁਰ ਤੋਂ 29, ਕਪੂਰਥਲਾ ਤੋਂ 16, ਜਲੰਧਰ ਤੋਂ 54, ਨਵਾਂ ਸ਼ਹਿਰ ਤੋਂ 13, ਰੋਪੜ ਤੋਂ 16, ਮੁਹਾਲੀ ਤੋਂ 22, ਫ਼ਤਹਿਗੜ੍ਹ ਸਾਹਿਬ ਤੋਂ 20, ਮੋਗਾ ਤੋਂ 26, ਫ਼ਿਰੋਜ਼ਪੁਰ ਤੋਂ 30, ਫਾਜ਼ਿਲਕਾ ਤੋਂ 36, ਮੁਕਤਸਰ ਤੋਂ 65, ਬਠਿੰਡਾ ਤੋਂ 43, ਮਾਨਸਾ ਤੋਂ 23 ਫ਼ਰੀਦਕੋਟ ਤੋਂ 52, ਹੁਸ਼ਿਆਰਪੁਰ ਤੋਂ 42, ਸੰਗਰੂਰ ਤੋਂ 55, ਬਰਨਾਲਾ ਤੋਂ 24, ਤਰਨਤਾਰਨ ਤੋਂ 68 ਅਤੇ ਪਟਿਆਲਾ ਤੋਂ 56 ਨਾਮਜ਼ਦਗੀਆਂ ਦਾਇਰ ਹੋਣ ਦੀ ਰਿਪੋਰਟ ਹੈ। ਇਸੇ ਦੌਰਾਨ ਅੱਜ ਰਾਜ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਹਕੋਟ ਤੋਂ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਵੱਲੋਂ ਦਾਣਾ ਮੰਡੀ ਵਿਖੇ ਚੋਣ ਰੈਲੀ ਕਰਨ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ 'ਤੇ ਸਬੰਧਿਤ ਰਿਟਰਨਿੰਗ ਅਧਿਕਾਰੀ ਤੋਂ ਰਿਪੋਰਟ ਲੈਣ ਦਾ ਫੈਸਲਾ ਲਿਆ, ਜਦੋਂਕਿ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਵੱਲੋਂ ਜਲੰਧਰ ਪੱਛਮੀ ਵਿਖੇ ਬਿਨਾਂ ਆਗਿਆ ਰੈਲੀ ਕਰਨ ਸਬੰਧੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਭਾਜਪਾ ਦੇ ਜਲੰਧਰ ਕੇਂਦਰੀ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਦੇ ਰਿਸ਼ਤੇਦਾਰ ਸੁਚੇਤ ਕਾਲੀਆ, ਜੋ ਕਿ ਸਕੂਲ ਸਿੱਖਿਆ ਬੋਰਡ ਵਿਚ ਮੈਨੇਜਰ ਹਨ, ਸਬੰਧੀ ਸਕੂਲਾਂ ਵਿਚ ਅਕਾਲੀ ਦਲ ਤੇ ਭਾਜਪਾ ਦੇ ਹੱਕ ਵਿਚ ਪ੍ਰਚਾਰ ਕਰਨ ਸਬੰਧੀ ਵੀ ਰਿਟਰਨਿੰਗ ਅਧਿਕਾਰੀ ਕੋਲੋਂ ਰਿਪੋਰਟ ਮੰਗੀ ਗਈ। ਜਲੰਧਰ, ਸੰਗਰੂਰ ਤੇ ਫ਼ਿਰੋਜ਼ਪੁਰ ਵਿਖੇ ਕੁਝ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵੇਲੇ ਹਵਾ ਵਿਚ ਪੈਸੇ ਸੁੱਟਣ ਦੀਆਂ ਰਿਪੋਰਟਾਂ ਸਬੰਧੀ ਵੀ ਰਿਟਰਨਿੰਗ ਅਧਿਕਾਰੀਆਂ ਵੱਲੋਂ ਰਿਪੋਰਟਾਂ ਮੰਗੀਆਂ ਗਈਆਂ ਹਨ। ਕੱਲ੍ਹ ਸ਼ਾਮ ਰਾਮਪੁਰਾ ਫੂਲ ਦੇ ਭਗਤਾ ਭਾਈਕੇ ਵਿਖੇ ਵਾਪਰੀ ਘਟਨਾ ਸਬੰਧੀ ਡੀ. ਸੀ. ਬਠਿੰਡਾ ਵੱਲੋਂ ਮੰਗੀ ਗਈ ਰਿਪੋਰਟ ਅੱਜ ਮੁੱਖ ਚੋਣ ਅਧਿਕਾਰੀ ਨੂੰ ਪ੍ਰਾਪਤ ਹੋ ਗਈ, ਜਿਸ ਦਾ ਸਬੰਧ ਲੋਕਾਂ ਵੱਲੋਂ ਇਕ ਉਮੀਦਵਾਰ ਦੀਆਂ ਗੱਡੀਆਂ ਵਿਚ ਪੈਸਾ ਹੋਣ ਦੇ ਸ਼ੱਕ ਕਾਰਨ ਉਨ੍ਹਾਂ ਨੂੰ ਘੇਰਿਆ ਅਤੇ ਰੋਕਿਆ ਗਿਆ ਅਤੇ ਜਿਸ ਨੂੰ ਲੈ ਕੇ ਸਮਰਥਕਾਂ ਵਿਚ ਟਕਰਾਅ ਵੀ ਹੋਇਆ। ਮੁੱਖ ਚੋਣ ਅਧਿਕਾਰੀ ਦੇ ਆਦੇਸ਼ਾਂ 'ਤੇ ਅੱਜ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਰਥਕਾਂ ਵਿਰੁੱਧ ਕੇਸ ਦਰਜ ਕੀਤੇ ਗਏ। ਕਮਿਸ਼ਨ ਨੂੰ ਵਿਜੀਲੈਂਸ ਬਿਊਰੋ ਦੇ ਇਕ ਐਸ. ਪੀ. ਸੁਰਿੰਦਰਜੀਤ ਸਿੰਘ ਮੰਡ ਜੋ ਲੁਧਿਆਣਾ ਵਿਖੇ ਤਾਇਨਾਤ ਹਨ ਸਬੰਧੀ ਪ੍ਰਾਪਤ ਹੋਈ ਰਿਪੋਰਟ ਕਿ ਉਹ ਕਾਂਗਰਸ ਦੇ ਇਕ ਬਾਗੀ ਉਮੀਦਵਾਰ ਨੂੰ ਕਥਿਤ ਤੌਰ 'ਤੇ ਪੈਸੇ ਦੇਣ ਗਏ ਕਾਰਨ ਉਨ੍ਹਾਂ ਨੂੰ ਉੱਤਰਾਖੰਡ ਵਿਚ ਚੋਣ ਅਬਜ਼ਰਬਰ ਲਗਾਉਂਦਿਆਂ ਮੌਜੂਦਾ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਜ ਹੀ ਉੱਤਰਾਖੰਡ ਰਵਾਨਾ ਹੋਣ ਦੇ ਆਦੇਸ਼ ਦਿੱਤੇ ਗਏ। ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਪਾਰਟੀ ਦੇ ਨਾਮ ਬਿਨਾਂ ਛਾਪਣ ਲਈ 8 ਅਖਬਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ।
 
ਉੱਤਰੀ ਭਾਰਤ ਵਿਚ ਸੀਤ ਲਹਿਰ ਜਾਰੀ
ੲ ਸ੍ਰੀਨਗਰ-ਜੰਮੂ ਸੜਕ ਬੰਦ ੲ ਹਿਮਾਚਲ ਵਿਚ ਭਾਰੀ ਬਰਫ਼ਬਾਰੀ

ਸ੍ਰੀਨਗਰ ਵਿਖੇ ਡੱਲ ਝੀਲ ਦੇ ਕਿਨਾਰੇ ਬਰਫ਼ ਨਾਲ ਢਕੀ ਸੜਕ
'ਤੇ ਅੱਗ ਸੇਕਦੇ ਹੋਏ ਨੌਜਵਾਨ।
ਚੰਡੀਗੜ੍ਹ, -ਉੱਤਰੀ ਭਾਰਤ 'ਚ ਸੀਤ ਲਹਿਰ ਜਾਰੀ ਹੈ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਵਿਚ ਬੇਸ਼ੱਕ ਠੰਢੀਆਂ ਹਵਾਵਾਂ ਚਲ ਰਹੀਆਂ ਹਨ ਪ੍ਰੰਤੂ ਤਾਪਮਾਨ 'ਚ ਕੁਝ ਵਾਧਾ ਜ਼ਰੂਰ ਹੋਇਆ ਹੈ। ਜਦੋਂ ਕਿ ਜੰਮੂ-ਕਸ਼ਮੀਰ ਵਿਚ ਠੰਢ ਹੋਰ ਵਧਣ ਦੀ ਖ਼ਬਰ ਹੈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਜਿਥੇ ਕਿ ਬੀਤੇ 2 ਦਿਨਾਂ ਤੋਂ ਤਾਪਮਾਨ ਮਨਫੀ ਰਿਹਾ ਉਥੇ ਅੱਜ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ 'ਚ ਤਾਪਮਾਨ 4 ਡਿਗਰੀ, ਲੁਧਿਆਣਾ 'ਚ 3.2, ਚੰਡੀਗੜ੍ਹ 'ਚ 4.6, ਹਰਿਆਣਾ ਦੇ ਜ਼ਿਲ੍ਹਾ ਨਾਰਨੌਲ 'ਚ ਤਾਪਮਾਨ 2 ਡਿਗਰੀ, ਹਿਸਾਰ 'ਚ 2.1, ਰੋਹਤਕ 'ਚ 2.4, ਭਿਵਾਨੀ 'ਚ 2.2, ਕਰਨਾਲ 'ਚ 3 ਅਤੇ ਅੰਬਾਲਾ 'ਚ 5.6 ਡਿਗਰੀ ਸੈਲਸੀਅਸ ਰਿਹਾ। ਨਵੀਂ ਦਿੱਲੀ 'ਚ ਘੱਟ ਤੋਂ ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸ੍ਰੀਨਗਰ-ਜੰਮੂ ਸੜਕ ਬੰਦ
ਤਿੰਨ ਸੌ ਕਿਲੋਮੀਟਰ ਲੰਮੀ ਸ੍ਰੀਨਗਰ-ਜੰਮੂ ਸੜਕ 'ਤੇ ਤਿਲਕਣ ਹੋਣ ਕਾਰਨ ਅੱਜ ਕੋਈ ਵੀ ਗੱਡੀ ਚੱਲਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਵੱਖ-ਵੱਖ ਥਾਵਾਂ 'ਤੇ ਸੈਂਕੜੇ ਗੱਡੀਆਂ ਫਸੀਆਂ ਰਹੀਆਂ। ਭਾਰੀ ਬਰਫਬਾਰੀ ਕਾਰਨ ਜ਼ਰੂਰੀ ਵਸਤੂਆਂ ਲੈ ਕੇ ਸ੍ਰੀਨਗਰ ਜਾ ਰਹੀਆਂ ਗੱਡੀਆਂ ਵੀ ਆਪਣੀ ਮੰਜ਼ਿਲ ਵੱਲ ਰਵਾਨਾ ਨਹੀਂ ਹੋ ਸਕੀਆਂ। ਮੌਸਮ ਵਿਭਾਗ ਅਨੁਸਾਰ ਵਾਦੀ ਵਿਚ ਮੌਸਮ ਨੇ ਬੀਤੇ 16 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇਥੇ ਬੀਤੇ 4 ਦਿਨਾਂ ਤੋਂ ਤਾਪਮਾਨ ਦਰਜਾ ਜਮਾਉ ਤੋਂ ਵੀ ਘੱਟ ਚਲ ਰਿਹਾ ਹੈ, ਜਿਸ ਕਾਰਨ ਇਥੇ ਠੰਢ ਹੋਰ ਵਧ ਗਈ ਹੈ। ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਮਨਫੀ 3.8 ਡਿਗਰੀ ਰਿਕਾਰਡ ਕੀਤਾ ਗਿਆ, ਜਦੋਂ ਕਿ ਗੁਲਮਰਗ 'ਚ ਮਨਫੀ 16.4 ਡਿਗਰੀ, ਪਹਿਲਗਾਮ 'ਚ ਮਨਫੀ 12.1, ਲੱਦਾਖ 'ਚ ਮਨਫੀ 10.4, ਕਾਰਗਿਲ 'ਚ ਮਨਫੀ 18 ਅਤੇ ਕਾਜ਼ੀਗੁੰਡ 'ਚ ਮਨਫੀ 7.2 ਡਿਗਰੀ ਸੈਲਸੀਅਸ ਰਿਹਾ।
ਹਿਮਾਚਲ 'ਚ ਬਰਫਬਾਰੀ
ਹਿਮਾਚਲ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਇਥੇ ਵੀ ਠੰਢ 'ਚ ਵਾਧਾ ਹੋਇਆ ਹੈ ਅਤੇ ਸ਼ਿਮਲਾ ਅੱਜ 8.4 ਸੈਂਟੀਮੀਟਰ ਅਤੇ ਮਨਾਲੀ 'ਚ 15 ਸੈਂਟੀਮੀਟਰ ਬਰਫ ਰਿਕਾਰਡ ਕੀਤੀ ਗਈ। ਸ਼ਿਮਲਾ 'ਚ ਤਾਪਮਾਨ ਮਨਫੀ 1.8 ਡਿਗਰੀ ਸੈਲਸੀਅਸ, ਧਰਮਸ਼ਾਲਾ 'ਚ 2.7, ਅਤੇ ਮਨਾਲੀ 'ਚ ਮਨਫੀ 2 ਡਿਗਰੀ ਰਿਹਾ।

ਸ਼ੇਖ ਹਸੀਨਾ ਨੂੰ ਮਿਲੀ ਡਾਕਟਰ ਦੀ ਉਪਾਧੀ

ਅਗਰਤਲਾ ਵਿਖੇ ਤ੍ਰਿਪੁਰਾ ਯੂਨੀਵਰਸਿਟੀ ਦੇ 9ਵੇਂ ਡਿਗਰੀ ਵੰਡ ਸਮਾਗਮ ਦੌਰਾਨ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਡੀ. ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕਰਦੇ ਹੋਏ।

ਅਗਰਤਲਾ-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੱਜ ਤ੍ਰਿਪੁਰਾ ਯੂਨੀਵਰਸਿਟੀ 'ਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ 'ਡਾਕਟਰ ਆਫ ਲਿਟਰੇਚਰ' ਦੀ ਡਿਗਰੀ ਪ੍ਰਦਾਨ ਕੀਤੀ। ਉਨ੍ਹਾਂ ਨੂੰ ਇਹ ਆਨਰੇਰੀ ਡਿਗਰੀ ਉਨ੍ਹਾਂ ਵੱਲੋਂ ਬਹੁ-ਸੱਭਿਆਚਾਰੀ ਲੋਕਤੰਤਰ ਅਤੇ ਸ਼ਾਂਤੀ ਦੀ ਰੱਖਿਆ ਲਈ ਪਾਏ ਗਏ ਪ੍ਰਭਾਵਸ਼ਾਲੀ ਯੋਗਦਾਨ ਲਈ ਦਿੱਤੀ ਗਈ। ਤ੍ਰਿਪੁਰਾ ਪਹੁੰਚੀ ਸ਼ੇਖ ਹਸੀਨਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਇਹ ਉਹ ਥਾਂ ਹੈ, ਜਦੋਂ ਬੰਗਲਾਦੇਸ਼ ਬਣਨ ਵੇਲੇ ਹੋਈ 1971 ਦੀ ਲੜਾਈ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਤਸ਼ੱਦਦ ਝੱਲ ਰਹੇ ਲੱਖਾਂ ਲੋਕਾਂ ਨੂੰ ਭੋਜਨ, ਕੱਪੜੇ ਅਤੇ ਰਹਿਣ ਲਈ ਥਾਂ ਮਿਲੀ ਸੀ। ਇਸ ਮੌਕੇ ਹਸੀਨਾ ਨੇ ਇਤਿਹਾਸ ਨੂੰ ਯਾਦ ਕਰਦਿਆਂ ਤ੍ਰਿਪੁਰਾ ਦੇ ਲੋਕਾਂ ਦਾ ਧੰਨਵਾਦ ਕੀਤਾ।
ਨਵੀਂ ਦਿੱਲੀ-ਪੁਲਿਸ ਨੇ ਅੱਜ ਦਿੱਲੀ ਦੇ ਦੱਖਣ-ਪੱਛਮੀ ਇਲਾਕੇ 'ਚੋਂ 6 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਕਰੰਸੀ ਬਰਾਮਦ ਕਰਕੇ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਸ਼ਹਿਰ 'ਚੋਂ ਜਾਅਲੀ ਕਰੰਸੀ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਨ 'ਚ ਪੁਲਿਸ ਨੂੰ ਸਫਲਤਾ ਮਿਲੀ ਹੈ ਅਤੇ ਪੁਲਿਸ ਨੂੰ ਖਦਸ਼ਾ ਹੈ ਕਿ ਇਹ ਜਾਅਲੀ ਕਰੰਸੀ ਪਾਕਿਸਤਾਨ ਤੋਂ ਆਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡਾਬਰੀ ਇਲਾਕੇ 'ਚ ਸਥਿਤ ਇਕ ਗੁਦਾਮ 'ਚੋਂ ਅੱਜ ਸਵੇਰੇ ਦੋ ਟੈਂਪੂਆਂ ਵਿਚੋਂ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆਂ ਕਿ ਕੱਪੜਿਆਂ ਦੀਆਂ 33 ਗੰਢਾਂ ਅੰਦਰ 500-500 ਅਤੇ 1000-1000 ਰੁਪਏ ਦੇ ਨਕਲੀ ਨੋਟਾਂ ਦੇ ਬੰਡਲ ਰੱਖੇ ਹੋਏ ਸਨ ਅਤੇ ਪੁਲਿਸ ਵੱਲੋਂ ਇਸ ਸਬੰਧੀ ਪਿਛਲੇ 10 ਦਿਨਾਂ ਤੋਂ ਕਾਰਵਾਈ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ 8.39 ਕਰੋੜ ਰੁਪਏ, 5800 ਅਮਰੀਕੀ ਡਾਲਰ ਅਤੇ 2000 ਯੂਰੋ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ ਅਤੇ ਅੱਜ ਪੁਲਿਸ ਨੇ ਜਾਅਲੀ ਕਰੰਸੀ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਬੀ. ਕੇ. ਗੁਪਤਾ ਨੇ ਦੱਸਿਆ ਕਿ ਇਹ ਨਕਲੀ ਨੋਟ ਦੇਖਣ 'ਚ ਬਿਲਕੁਲ ਅਸਲੀ ਲਗਦੇ ਹਨ ਅਤੇ ਗੁਆਂਢੀ ਦੇਸ਼ ਤੋਂ ਤਸਕਰੀ ਕਰਕੇ ਇਥੇ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਜਾਅਲੀ ਕਰੰਸੀ ਬਰਾਮਦ ਕਰਨ ਲਈ ਸੀ. ਬੀ. ਆਈ. ਅਤੇ ਆਰ. ਬੀ. ਆਈ. ਦੇ ਸੰਪਰਕ 'ਚ ਸੀ। ਪੁਲਿਸ ਦੇ ਸੂਤਰਾਂ ਅਨੁਸਾਰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਨੇ ਦੱਸਿਆ ਕਿ ਇਹ ਜਾਅਲੀ ਕਰੰਸੀ ਪਾਕਿਸਤਾਨ 'ਚ ਤਿਆਰ ਕੀਤੀ ਗਈ ਹੈ ਅਤੇ ਭਾਰਤ-ਨਿਪਾਲ ਸਰਹੱਦ ਰਾਹੀ ਇਸ ਨੂੰ ਭਾਰਤ ਲਿਆਂਦਾ ਗਿਆ ਹੈ।
ਜਲੰਧਰ-ਦੇਸ਼ ਭਰ ਵਿਚ ਵਸੇ ਅਗਰਵਾਲ ਭਾਈਚਾਰੇ ਦੇ ਕੌਮੀ ਸੰਗਠਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਨੇ ਕਾਂਗਰਸ ਹਾਈ ਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲੰਧਰ ਕੇਂਦਰੀ ਤੋਂ ਉਨ੍ਹਾਂ ਦੀ ਬਰਾਦਰੀ ਦੇ ਆਗੂ ਰਾਜ ਕੁਮਾਰ ਗੁਪਤਾ ਦੀ ਉਮੀਦਵਾਰੀ ਰੱਦ ਕਰਨ ਦੇ ਫੈਸਲੇ ਨੂੰ ਵਾਪਸ ਲੈ ਕੇ ਮੁੜ ਉਮੀਦਵਾਰ ਨਾ ਬਣਾਇਆ ਤਾਂ ਇਸ ਦਾ ਸੇਕ ਕਾਂਗਰਸ ਨੂੰ ਸਾਰੇ ਦੇਸ਼ ਵਿਚ ਸਹਿਣਾ ਪਵੇਗਾ। ਅਗਰਵਾਲ ਸੰਮੇਲਨ ਦੇ ਕੌਮੀ ਜਨਰਲ ਸਕੱਤਰ ਗੋਪਾਲ ਸ਼ਰਨ ਗਰਗ ਨੇ ਕਿਹਾ ਕਿ ਰਾਜ ਕੁਮਾਰ ਗੁਪਤਾ ਦੇ ਕਾਗਜ਼ ਪੂਰੇ ਅਗਰਵਾਲ ਸਮਾਜ ਵੱਲੋਂ ਹੀ ਦਾਖਲ ਕਰਵਾਏ ਗਏ ਹਨ ਤੇ ਜੇਕਰ ਕਾਂਗਰਸ ਹਾਈ ਕਮਾਨ ਨੇ ਸਾਡੀ ਆਵਾਜ਼ ਨਾ ਸੁਣੀ ਅਤੇ ਰਾਜ ਕੁਮਾਰ ਗੁਪਤਾ ਵਰਗੇ ਸਮਾਜ ਸੇਵਕ ਤੇ ਇਮਾਨਦਾਰ ਆਗੂ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਸ ਅਗਰਵਾਲ ਭਾਈਚਾਰੇ ਵਿਚ ਰੋਸ ਹੋਰ ਫੈਲੇਗਾ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਦਾ ਪੰਜਾਬ ਦੇ ਨਿਰਮਾਣ ਵਿਚ ਬੜਾ ਅਹਿਮ ਸਥਾਨ ਰਿਹਾ ਹੈ ਤੇ ਕੋਈ ਸਮਾਂ ਹੁੰਦਾ ਸੀ ਜਦ 28 ਵਿਧਾਇਕ ਸਾਡੇ ਸਮਾਜ ਵਿਚੋਂ ਹੁੰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਦੋ-ਤਿੰਨ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਪ੍ਰਤੀ ਸਮਰਪਿਤ ਤੇ ਇਮਾਨਦਾਰ ਸਾਖ ਵਾਲੇ ਲੋਕਾਂ ਨੂੰ ਪਾਰਟੀਆਂ ਵੱਲੋਂ ਜੇਕਰ ਇਸ ਤਰ੍ਹਾਂ ਲਾਂਭੇ ਕਰ ਦਿੱਤਾ ਜਾਂਦਾ ਰਿਹਾ, ਫਿਰ ਸਾਡੀ ਸਿਆਸਤ ਦਾ ਨਿਘਾਰ ਕਿਵੇਂ ਰੁਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ ਫੈਸਲੇ ਨਾਲ ਉਨ੍ਹਾਂ ਦੇ ਸਮਾਜ ਵਿਚ ਵੱਡਾ ਰੋਸ ਫੈਲਿਆ ਹੈ ਤੇ ਲੀਡਰਸ਼ਿਪ ਨੂੰ ਇਸ ਰੋਸ ਨੂੰ ਦੂਰ ਕਰਨਾ ਚਾਹੀਦਾ ਹੈ। ਵਰਨਣਯੋਗ ਹੈ ਕਿ ਸ੍ਰੀ ਗੁਪਤਾ ਨੂੰ ਪਹਿਲਾਂ ਜਲੰਧਰ ਕੇਂਦਰੀ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਸੀ ਪਰ ਤਿੰਨ ਦਿਨ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ। ਪਤਾ ਲੱਗਾ ਹੈ ਕਿ ਸ੍ਰੀ ਰਾਜ ਕੁਮਾਰ ਗੁਪਤਾ ਵੀ ਆਪਣੀ ਉਮੀਦਵਾਰੀ ਬਹਾਲ ਕਰਾਉਣ ਲਈ ਜੋੜ-ਤੋੜ ਲਗਾਉਣ ਲਈ ਦਿੱਲੀ ਪੁੱਜੇ ਹੋਏ ਹਨ।
ਗੁਰਦਾਸਪੁਰ-ਪੰਜਾਬ ਅੰਦਰ ਕੁੱਲ 117 ਹਲਕਿਆਂ ਵਿਚੋਂ 45 ਦੇ ਕਰੀਬ ਹਲਕਿਆਂ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਇਸ ਮੌਕੇ ਕਾਂਗਰਸ ਅੰਦਰ ਇਕ ਤਰ੍ਹਾਂ ਨਾਲ ਘਮਸਾਨ ਮਚਿਆ ਹੈ। ਪਰ ਇਸ ਦੇ ਬਾਵਜੂਦ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਾਰਟੀ ਦੀ ਅੰਦਰੂਨੀ ਅੱਗ ਨੂੰ ਠੰਡੀ ਕਰਨ ਦੀ ਬਜਾਏ ਆਪਣੇ-ਆਪਣੇ ਹਲਕਿਆਂ ਅੰਦਰ ਆਪਣੀਆਂ ਸੀਟਾਂ ਜਿੱਤਣ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੇ ਕਈ ਆਗੂ ਇਸ ਹੱਦ ਤੱਕ ਨਾਰਾਜ਼ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋਣ ਦੇ ਇਲਾਵਾ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਦੇ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਨੂੰ ਸ਼ਾਂਤ ਕਰਨ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਥੋੜ੍ਹੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਪੰਜਾਬ ਦੇ ਬਹੁਤੇ ਹਲਕਿਆਂ ਅੰਦਰ ਇਹ ਅੱਗ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਬਲ ਰਹੀ ਹੈ। ਅਜਿਹੀ ਸਥਿਤੀ ਵਿਚ ਜਿਥੇ ਵੱਖ-ਵੱਖ ਹਲਕਿਆਂ ਅੰਦਰ ਟਿਕਟਾਂ ਤੋਂ ਵਾਂਝੇ ਰਹਿ ਗਏ ਆਗੂ ਪਾਰਟੀ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ 'ਤੇ ਤੁਲੇ ਹੋਏ ਹਨ, ਉਥੇ ਕੇਂਦਰ ਦੀ ਲੀਡਰਸ਼ਿਪ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਸਖਤ ਰੁਖ ਨਹੀਂ ਅਪਣਾਇਆ ਜਾ ਰਿਹਾ ਹੈ। ਇਸ ਕਾਰਨ ਹਾਲਾਤ ਇਹ ਬਣ ਚੁੱਕੇ ਹਨ ਕਿ ਆਪਣੀਆਂ ਟਿਕਟਾਂ ਲੈਣ ਦੇ ਇਲਾਵਾ ਆਪਣੀਆਂ ਪਤਨੀਆਂ, ਭਰਾਵਾਂ ਅਤੇ ਨੂੰਹਾਂ-ਪੁੱਤਰਾਂ ਨੂੰ ਟਿਕਟਾਂ ਦਵਾ ਚੁੱਕੇ ਸੀਨੀਅਰ ਆਗੂ ਹੁਣ ਆਪੋ-ਆਪਣੇ ਹਲਕਿਆਂ ਅੰਦਰ ਆਪਣੀਆਂ ਸੀਟਾਂ ਜਿੱਤਣ ਲਈ ਚੋਣ ਪ੍ਰਚਾਰ ਕਰਨ ਵਿਚ ਰੁੱਝ ਗਏ ਹਨ। ਹੁਣ ਜਦੋਂ ਪਾਰਟੀ ਅੰਦਰ ਇਹ ਅੱਗ ਜਵਾਲਾਮੁਖੀ ਦਾ ਰੂਪ ਧਾਰ ਰਹੀ ਹੈ ਤਾਂ ਵੀ ਸੀਨੀਅਰ ਆਗੂ ਇਸ ਫੁੱਟ ਨੂੰ ਖਤਮ ਕਰਕੇ ਪਾਰਟੀ ਉਮੀਦਵਾਰਾਂ ਦੀ ਮਦਦ ਕਰਨ ਲਈ ਸੰਜੀਦਗੀ ਨਹੀਂ ਦਿਖਾ ਰਹੇ। ਦੂਜੇ ਪਾਸੇ ਲੰਬੀ ਜੱਦੋ-ਜਹਿਦ ਦੇ ਮਗਰੋਂ ਟਿਕਟਾਂ ਪ੍ਰਾਪਤ ਕਰ ਚੁੱਕੇ ਬਹੁਤੇ ਆਗੂ ਵੀ ਇਹ ਸਮਝ ਰਹੇ ਹਨ ਕਿ ਉਨ੍ਹਾਂ ਨੂੰ ਰੁੱਸੇ ਹੋਏ ਆਗੂਆਂ ਦੀ ਹਮਾਇਤ ਦੀ ਲੋੜ ਨਹੀਂ ਹੈ।
ਹੁਸ਼ਿਆਰਪੁਰ-ਇਕ ਰੌਮਾਂਚਿਕ ਘਟਨਾਕ੍ਰਮ ਤੋਂ ਬਾਅਦ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਦੀ ਥਾਂ ਨੌਜਵਾਨ ਆਗੂ ਸੰਦੀਪ ਸੈਣੀ ਨੂੰ ਮੈਦਾਨ ਵਿਚ ਉਤਾਰ ਦਿੱਤਾ। ਦੋ ਦਿਨ ਪਹਿਲਾਂ ਐਲਾਨ ਹੋਇਆ ਸੀ ਕਿ ਸ੍ਰੀ ਚੌਧਰੀ ਪੀ. ਪੀ. ਪੀ. ਦੀ ਟਿਕਟ 'ਤੇ ਹੁਸ਼ਿਆਰਪੁਰ ਤੋਂ ਚੋਣ ਲੜਨਗੇ। ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ, ਪਰ ਕੁਝ ਮੁੱਦਿਆਂ 'ਤੇ ਉਨ੍ਹਾਂ ਦਾ ਪਾਰਟੀ ਆਗੂਆਂ ਨਾਲ ਇਤਫ਼ਾਕ ਨਾ ਹੋਣ ਕਾਰਨ ਪਾਰਟੀ ਨੇ ਅੱਜ ਸੰਦੀਪ ਸੈਣੀ ਨੂੰ ਮੈਦਾਨ ਵਿਚ ਉਤਾਰ ਦਿੱਤਾ। ਸ੍ਰੀ ਸੈਣੀ ਪਹਿਲਾਂ ਹੀ ਪੀ. ਪੀ. ਪੀ. ਵੱਲੋਂ ਚੋਣ ਲੜਣ ਦੀ ਇੱਛਾ ਰੱਖਦੇ ਸਨ। ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਬੀ. ਐਸ. ਰਿਆੜ ਨੇ ਕਵਰਿੰਗ ਉਮੀਦਵਾਰ ਵਜੋਂ ਪੱਤਰ ਦਾਖਲ ਕੀਤੇ। ਸ੍ਰੀ ਚੌਧਰੀ ਚਾਰ ਵਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਪੀਪਲਜ਼ ਪਾਰਟੀ ਜਿੱਥੇ ਇਕ ਸਾਫ਼-ਸੁਥਰੇ ਅਕਸ ਅਤੇ ਮਜ਼ਬੂਤ ਨੇਤਾ ਦੀ ਤਲਾਸ਼ ਵਿਚ ਸੀ, ਉੱਥੇ ਸ੍ਰੀ ਚੌਧਰੀ ਵੀ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਨਿਰਾਸ਼ ਸਨ। ਇਨ੍ਹਾਂ ਵਲੋਂ ਹਾਮੀ ਭਰਨ 'ਤੇ ਪਾਰਟੀ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ, ਪਰ ਉਨ੍ਹਾਂ ਦੇ ਕਈ ਸਮਰਥਕ ਨਹੀਂ ਚਾਹੁੰਦੇ ਸਨ ਕਿ ਉਹ ਇਕ ਵਾਰ ਫ਼ਿਰ ਦਲ ਬਦਲੀ ਦਾ ਧੱਬਾ ਲਗਵਾਉਣ। ਕਾਂਗਰਸੀ ਆਗੂ ਵੀ ਨਹੀਂ ਚਾਹੁੰਦੇ ਸਨ ਕਿ ਸ੍ਰੀ ਚੌਧਰੀ ਮੈਦਾਨ ਵਿਚ ਆਉਣ, ਪਰ ਭਾਜਪਾ ਨੂੰ ਉਨ੍ਹਾਂ ਦਾ ਉਮੀਦਵਾਰ ਬਣਨਾ ਮਾਫ਼ਿਕ ਆਉਂਦਾ ਸੀ, ਜਿਸ ਕਰਕੇ ਪਿਛਲੇ ਦੋ ਦਿਨਾਂ ਦੌਰਾਨ ਕਈ ਭਾਜਪਾ ਆਗੂਆਂ ਨੇ ਵੀ ਉਨ੍ਹਾਂ ਨਾਲ ਗੁਪਤ ਬੈਠਕਾਂ ਕੀਤੀਆਂ। ਇਸ ਦੌਰਾਨ ਪੀ. ਪੀ. ਪੀ. ਆਗੂਆਂ ਨੂੰ ਵੀ ਅਹਿਸਾਸ ਹੋਇਆ ਕਿ ਕਿਸੇ ਹੋਰ ਉਮੀਦਵਾਰ ਨੂੰ ਖੜ੍ਹਾ ਕਰਨਾ ਹੀ ਬੇਹਤਰ ਹੋਵੇਗਾ, ਜਿਸ ਕਾਰਨ ਸੰਦੀਪ ਸੈਣੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਸ੍ਰੀ ਚੌਧਰੀ ਵਲੋਂ ਆਜ਼ਾਦ ਤੌਰ 'ਤੇ ਚੋਣ ਲੜਣ 'ਤੇ ਵੀ ਵਿਚਾਰ ਕੀਤੀ ਗਈ, ਪਰ ਅੰਤਿਮ ਸਮੇਂ ਚੋਣ ਨਾ ਲੜਣ ਦਾ ਹੀ ਨਿਰਣਾ ਲਿਆ। ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਤੀਕਸ਼ਣ ਸੂਦ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਉਂਕਾਰ ਸਿੰਘ ਝੱਮਟ ਚੋਣ ਲੜ ਰਹੇ ਹਨ।
ਜ਼ੀਰਕਪੁਰ, 12 ਜਨਵਰੀ (ਸੁਖਵਿੰਦਰ ਸਿੰਘ ਸੈਣੀ/ਅਵਤਾਰ ਸਿੰਘ)-ਅੱਜ ਸਥਾਨਕ ਹਰਮਿਲਾਪ ਨਗਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮਕਾਨ ਨੰ: 368 'ਚ ਮਾਂ-ਧੀ ਦਾ ਕਤਲ ਹੋਣ ਦੀ ਖ਼ਬਰ ਮਿਲੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਨੰ: 368 'ਚ ਰਹਿੰਦੀ ਸ਼ਿਖਾ ਉਮਰ ਕਰੀਬ 55 ਸਾਲ ਅਤੇ ਉਸਦੀ ਬੇਟੀ ਪ੍ਰਿੰਯਕਾ ਉਮਰ ਕਰੀਬ 17 ਸਾਲ ਦਾ ਬੇਰਹਿਮੀ ਨਾਲ ਗਲ਼ਾ ਕੱਟ ਕੇ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰਿਯੰਕਾ ਦੀ ਵੱਡੀ ਭੈਣ ਆਂਚਲ ਕੁਝ ਸਮਾਂ ਪਹਿਲਾਂ ਇੱਕ ਅਸ਼ਲੀਲ ਐਮ. ਐਮ. ਐਸ ਬਣਾਉਣ ਦੇ ਕੇਸ ਵਿੱਚ ਬਹੁਤ ਚਰਚਿੱਤ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਉੱਪਰ ਵੀ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਹ ਕਾਫੀ ਸਮਾਂ ਪੀ. ਜੀ. ਆਈ ਵਿੱਚ ਜ਼ੇਰੇ ਇਲਾਜ ਰਹੀ ਸੀ। ਹਾਸਿਲ ਜਾਣਕਾਰੀ ਅਨੁਸਾਰ ਆਂਚਲ ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਹੈ। ਸੂਤਰਾਂ ਅਨੁਸਾਰ ਕਤਲ ਤੋਂ ਪਹਿਲਾਂ ਜਬਰ-ਜਨਾਹ ਹੋਣ ਦਾ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਫ਼ਿਰੋਜ਼ਪੁਰ-ਜ਼ਿਲ੍ਹਾ ਪੁਲਿਸ ਵੱਲੋਂ ਕੌਮਾਂਤਰੀ ਸਮਗਲਰਾਂ ਦੇ ਇਕ ਸਾਥੀ ਨੂੰ ਕਾਬੂ ਕਰਕੇ ਉਸ ਕੋਲੋਂ 2 ਲੱਖ 30 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੇ ਨਾਲ ਇਕ ਪਾਕਿਸਤਾਨੀ ਸਿਮ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜੋ ਹੁਸੈਨੀਵਾਲਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਵਿਚ ਦਾਖ਼ਲ ਹੋਈ ਸੀ। ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਫੁੱਲਾਂ ਵਾਲੀ ਕਾਰ 'ਚੋਂ 25 ਕਰੋੜ ਰੁਪਏ ਦੀ ਕੀਮਤ ਦੀ 5 ਕਿਲੋ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਫੜਿਆ ਸੀ। ਉਨ੍ਹਾਂ ਦੇ ਇਕ ਹੋਰ ਸਾਥੀ ਜਿਸ ਰਾਹੀਂ ਪਾਕਿਸਤਾਨ ਤੋਂ 5 ਕਿਲੋ ਹੈਰੋਇਨ ਇਨ੍ਹਾਂ ਸਮਗਲਰਾਂ ਤੱਕ ਪਹੁੰਚੀ ਸੀ, ਉਸ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ, ਜੋ ਭਾਰਤ-ਪਾਕਿ ਕੌਮੀ ਸਰਹੱਦ ਦੇ ਬਿਲਕੁਲ ਨਜ਼ਦੀਕ ਪਿੰਡ ਭੱਖੜਾ ਦਾ ਵਾਸੀ ਪੂਰਨ ਸਿੰਘ ਉਰਫ਼ ਮੱਖਣ ਹੈ। ਉਕਤ ਸਮਗਲਰ ਪਾਸੋਂ ਦੋ ਮੋਬਾਈਲ ਫੋਨ, 1 ਪਾਕਿਸਤਾਨੀ ਸਿਮ ਕਾਰਡ ਬਰਾਮਦ ਹੋਇਆ ਹੈ। ਜੋ ਹੈਰੋਇਨ ਦੀ ਤਸਕਰੀ ਲਈ ਵਰਤਿਆ ਜਾਂਦਾ ਸੀ। ਇਸ ਤੋਂ ਇਲਾਵਾ ਉਕਤ ਵਿਅਕਤੀ ਕੋਲੋਂ 2 ਲੱਖ 30 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਪੂਰਨ ਸਿੰਘ ਨੇ ਪਹਿਲਾਂ ਵੀ ਦੋ ਵਾਰ 5-5 ਕਿਲੋ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਫੜੇ ਗਏ ਦੋਸ਼ੀ ਗੁਲਾਮ ਰਸੂਲ ਨੂੰ ਦਿੱਤੀ ਸੀ ਅਤੇ ਇਕ ਵਾਰ 3 ਲੱਖ ਰੁਪਏ ਦੀ ਜਾਅਲੀ ਕਰੰਸੀ ਦੀ ਖੇਪ ਵੀ ਪਾਕਿਸਤਾਨ ਤੋਂ ਮੰਗਵਾਈ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਸਦਰ ਫਾਜ਼ਿਲਕਾ ਅੰਦਰ ਮਾਮਲਾ ਦਰਜ ਹੋਇਆ ਸੀ। ਬੀਤੇ ਦਿਨੀਂ 5 ਕਿਲੋ ਹੈਰੋਇਨ ਸਮੇਤ ਫੜੇ ਗਏ ਚੌਧਰੀ ਗੁਲਾਮ ਰਸੂਲ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦਾ ਲੜਕਾ ਰੂਪ ਅਹਿਮਦ ਉਰਫ਼ ਕੀੜੀ ਹਿਜਬੁਲ ਮੁਜ਼ਾਹਦੀਨ ਨਾਂਅ ਦੀ ਅੱਤਵਾਦੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ, ਉਸ ਪਾਸੋਂ ਵੀ ਗੋਲਾ-ਬਾਰੂਦ ਬਰਾਮਦ ਹੋਇਆ ਸੀ। ਉਕਤ ਵਿਅਕਤੀਆਂ ਦੇ ਅੱਤਵਾਦੀ ਜਥੇਬੰਦੀਆਂ ਨਾਲ ਵੀ ਸਬੰਧ ਹੋਣ ਦੇ ਸ਼ੱਕ ਹਨ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਸਦਰ 'ਚ ਧਾਰਾ 489 ਏ. ਬੀ. ਸੀ. ਆਈ. ਪੀ. ਸੀ. 67 ਡੀ. 67 ਐਫ. ਆਈ. ਪੀ. ਐਕਟ 2000 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ ਡੀ., ਕਿੱਕਰ ਸਿੰਘ ਐਸ. ਐਚ. ਓ. ਸੀ. ਆਈ. ਏ. ਸਟਾਫ਼, ਨਵਦੀਪ ਭੱਟੀ ਸਬ ਇੰਸਪੈਕਟਰ ਆਦਿ ਹਾਜ਼ਰ ਸਨ।