Monday, 20 February 2012


ਪ੍ਰਵਾਸੀ ਮਜਦੂਰਾਂ ਦੀਆਂ 9 ਝੁੱਗੀਆਂ ਸੜੀਆਂ

ਹਰਿਆਣਾ,19 ਫਰਵਰੀ- ਬੀਤੀ ਰਾਤ ਪਿੰਡ ਮੁਕੀਮਪੁਰ-ਕੁਤਬਪੁਰ ਰਸਤੇ 'ਤੇ ਪ੍ਰਵਾਸੀ ਮਜਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਮਿਲਿਆ ਹੈ, ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਮੁਕੀਮਪੁਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਵਾਸੀ ਮਜਦੂਰ ਸਾਡੀ ਜਮੀਨ 'ਚ ਆਪਣੀਆਂ ਕੁਲੀਆਂ ਪਾ ਕੇ ਰਹਿੰਦੇ ਹਨ, ਬੀਤੀ ਰਾਤ ਕਰੀਬ 7:30 ਵਜੇ ਜਦ ਕਰੀਬ ਸਾਰੇ ਪ੍ਰਵਾਸੀ ਮਜਦੂਰ ਆਪਣੀਆਂ ਝੂੱਗੀਆਂ 'ਚ ਹੀ ਮੌਜੂਦ ਹੋਣਗੇ ਤਾਂ ਕਿਸੇ ਚੁੱਲੇ 'ਚ ਤੇਜ ਹਵਾ ਨਾ ਅੱਗ ਝੁੱਗੀਆਂ ਨੂੰ ਲੱਗ ਗਈ ਇਸ ਅੱਗ ਨੂੰ ਬੁਝਾਉਣ ਲਈ ਪ੍ਰਵਾਸੀ ਮਜਦੂਰਾਂ ਤੇ ਪਿੰਡ ਵਾਸੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਨੇ 9 ਝੂੱਗੀਆਂ ਨੂੰ ਆਪਣੀ ਚੁਪੇਟ 'ਚ ਲੈ ਕੇ ਸੁਆਹ ਕਰ ਦਿੱਤਾ। ਇਸ ਅੱਗ ਨੇ ਮੁੰਨਾਂ ਲਾਲ ਪੁੱਤਰ ਕਰਮ ਲਾਲ ਪਿੰਡ ਮਿੱਠਾਮਈ, ਵਾਸੂਦੇਵ ਪੁੱਤਰ ਰੂਪ ਲਾਲ ਪਿੰਡ ਹਸੂਆ ਨੰਗਲ, ਮੁਕੇਸ਼ ਕੁਮਾਰ ਪੁੱਤਰ ਵਾਸੂਦੇਵ ਪਿੰਡ ਹਸੂਆ ਨੰਗਲ, ਰਾਜਾ ਰਾਮ ਪੁੱਤਰ ਹੇਮ ਰਾਜ ਪਿੰਡ ਅਜੀਤ ਪੁਰ, ਮੇਘ ਸਿੰਘ ਪੁੱਤਰ ਈਸ਼ਰੀ ਪ੍ਰਸ਼ਾਦ ਪਿੰਡ ਬੰਗਾ ਜੀਤ ਨਗਰ, ਬੂਰਾ ਪੁੱਤਰ ਅਮਰ ਸਿੰਘ ਪਿੰਡ ਬੰਗਾ ਜੀਤ ਨਗਰ, ਨਿਤਰਪਾਲ ਪੁੱਤਰ ਲੇਖ ਰਾਜ ਪਿੰਡ ਨਰਵਾ ਨੰਗਲਾ, ਸ਼ਿਵਰਾਜ ਪੁੱਤਰ ਲੇਖ ਰਾਜ ਪਿੰਡ ਨਰਵਾ ਨੰਗਲਾ, ਸਤਪਾਲ ਪੁੱਤਰ ਹੇਮ ਰਾਜ ਪਿੰਡ ਅਜੀਤਪੁਰ ਸਾਰੇ ਉਤਰ ਪ੍ਰਦੇਸ਼ ਦੀਆਂ ਝੂੱਗੀਆਂ ਸੜੀਆਂ ਜਿਨ੍ਹਾਂ 'ਚ ਮੰਜੇ, ਬਿਸਤਰੇ, ਖਾਣ ਵਾਲਾ ਰਾਸ਼ਨ, ਭਾਂਡੇ ਤੇ ਇਕ ਸਾਇਕਲ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦਾ ਕਰੀਬ 40-50 ਹਜ਼ਾਰ ਦਾ ਨੁਕਸਾਨ ਹੋਇਆ ਹੈ।

ਚੋਰੀ ਕੀਤੇ ਮੋਟਰਸਾਈਕਲ ਨੂੰ ਕੱਟ ਕੇ ਵੇਚਣ ਦੀ ਤਾਕ 'ਚ ਸਮੈਕੀਆ ਕਾਬੂ

ਸਮਾਣਾ, 20 ਫਰਵਰੀ -ਸਮੈਕ ਤੇ ਹੋਰ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਨੌਜਵਾਨ ਚੋਰੀ ਕੀਤੇ ਸਾਮਾਨ ਨੂੰ ਸੋਖਿਆਂ ਵੇਚਣ ਲਈ ਨਿੱਤ ਨਵੇਂ ਤਰੀਕੇ ਲੱਭਦੇ ਹਨ। ਸਿਟੀ ਪੁਲਿਸ ਵੱਲੋਂ ਇਕ ਅਜਿਹੇ ਹੀ ਸਮੈਕੀਏ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜੋ ਚੋਰੀ ਕੀਤੇ ਮੋਟਰਸਾਈਕਲ ਨੂੰ ਪੱਥਰ ਕੱਟਣ ਵਾਲੇ ਕਟਰ ਨਾਲ ਕੱਟ ਕੇ ਕਬਾੜੀਆਂ ਨੂੰ ਵੇਚਣ ਦੀ ਤਾਕ 'ਚ ਸੀ। ਥਾਣਾ ਸਿਟੀ ਮੁਖੀ ਰਣਬੀਰ ਸਿੰਘ ਅਟਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਂ ਸਰਾਏ ਪੱਤੀ 'ਚ ਇਕ ਘਰ ਅੰਦਰ ਰਾਤ ਵੇਲੇ ਪੱਥਰ ਕੱਟਣ ਵਾਲੇ ਕਟਰ ਦੀਆਂ ਆਵਾਜ਼ਾਂ ਆਉਂਦੀਆਂ ਹਨ। ਜਿਸ 'ਤੇ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪਾਮਾਰੀ ਦੌਰਾਨ ਘਰ ਅੰਦਰੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਜੋ ਦਰਜਨ ਦੇ ਕਰੀਬ ਟੁਕੜਿਆਂ 'ਚ ਕੱਟਿਆ ਹੋਇਆ ਸੀ। ਸ: ਅਟਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਘਰ 'ਚ ਰਹਿੰਦੇ ਨੌਜਵਾਨ ਲੜਕੇ ਜਿਸ ਦੀ ਪਛਾਣ ਬਿੱਟੂ ਕੁਮਾਰ ਉਰਫ਼ ਮਿਟੂ ਪੁੱਤਰ ਕਿਸ਼ੋਰੀ ਲਾਲ ਵਾਸੀ ਸਰਾਏਂ ਪੱਤੀ ਵਜੋਂ ਹੋਈ ਹੈ, ਤੋਂ ਇਸ ਸਬੰਧੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸਮੈਕ ਪੀਣ ਦਾ ਆਦਿ ਹੈ ਤੇ ਨਸ਼ੇ ਦੀ ਪੂਰਤੀ ਲਈ ਉਸ ਨੇ ਇਹ ਮੋਟਰਸਾਈਕਲ ਨੰਬਰ ਪੀ.ਬੀ. 13ਪੀ-2469 ਭਵਾਨੀਗੜ੍ਹ ਸ਼ਹਿਰ ਦੇ ਹੋਟਲ ਕੂਲਬਰੀਜ ਨੇੜਿਓਂ ਚੋਰੀ ਕੀਤਾ ਸੀ। ਉਕਤ ਮੋਟਰਸਾਈਕਲ ਪਿੰਡ ਬੀਬੜੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਨਾਂਅ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਨੇ ਦੱਸਿਆ ਕਿ ਉਹ ਕੋਠੀਆਂ 'ਚ ਪੱਥਰ ਲਾਉਣ ਦਾ ਕੰਮ ਕਰਦਾ ਸੀ ਪਰੰਤੂ ਨਸ਼ਿਆਂ ਕਾਰਨ ਉਸ ਦਾ ਕੰਮ ਛੁੱਟ ਗਿਆ ਤੇ ਉਹ ਇਸ ਮੋਟਰਸਾਈਕਲ ਨੂੰ ਇੰਝ ਵੇਚ ਨਹੀਂ ਸਕਦਾ ਸੀ, ਇਸ ਲਈ ਉਸ ਨੇ ਸੋਚਿਆ ਕਿ ਮੋਟਰਸਾਈਕਲ ਦੇ ਟੁਕੜੇ ਕਰ ਕੇ ਕਬਾੜੀਏ ਨੂੰ ਵੇਚ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਬਿੰਟੂ ਕੁਮਾਰ ਉਰਫ਼ ਮਿਟੂ ਪੁੱਤਰ ਕਿਸ਼ੋਰੀ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਕੋਲੋਂ ਹੋਰ ਚੋਰੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਅਲੀ ਨੰਬਰ ਵਾਲੀ ਗੱਡੀ ਅਤੇ ਜਾਅਲੀ
ਪਹਿਚਾਣ ਪੱਤਰਾਂ ਸਮੇਤ ਇਕ ਕਾਬੂ

ਫ਼ਤਹਿਗੜ੍ਹ ਸਾਹਿਬ, 20 ਫਰਵਰੀ -ਸੀ. ਆਈ. ਏ. ਸਟਾਫ਼ ਸਰਹਿੰਦ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਵਹੀਕਲ ਚੋਰੀ ਕਰਨ ਅਤੇ ਉਨ੍ਹਾਂ ਦੇ ਜਾਅਲੀ ਕਾਗ਼ਜ਼ਾਤ ਤਿਆਰ ਕਰਨ ਦਾ ਮਾਹਿਰ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਚੋਰੀ ਸ਼ੁਦਾ ਜਾਅਲੀ ਨੰਬਰ ਵਾਲੀ ਬੋਲੈਰੋ ਗੱਡੀ, ਸੀਟੀਯੂ ਦੇ ਡਰਾਈਵਰ ਦੇ 2 ਜਾਅਲੀ ਪਹਿਚਾਣ ਪੱਤਰ, ਗੱਡੀ ਦੀ ਤਿਆਰ ਕੀਤੀ ਜਾਅਲੀ ਰਜਿਸਟ੍ਰੇਸ਼ਨ ਕਾਪੀ ਅਤੇ 2 ਪ੍ਰਿੰਟਰਾਂ ਸਮੇਤ ਇੱਕ ਲੈਪਟਾਪ ਆਦਿ ਬਰਾਮਦ ਹੋਏ ਹਨ। ਸੀ ਆਈ ਏ ਸਟਾਫ਼ ਸਰਹਿੰਦ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਡੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ਼ ਦੇ ਇੰਚਾਰਜ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਨੇਕ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਈਸਰਹੇਲ ਦੇ ਰਜਵਾਹੇ 'ਤੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਮਲੇ ਤੋਂ ਜਨਵਰੀ 2010 'ਚ ਚੋਰੀ ਹੋਈ ਸਿਲਵਰ ਰੰਗ ਦੀ ਬੋਲੈਰੋ ਗੱਡੀ ਪੀ ਬੀ 11 ਏ ਈ 9963 ਜਿਸ ਨੂੰ ਕਮਲ ਸਿੰਘ ਭੱਟੀ ਮੁਤਬੰਨਾ, ਕੁਲਵੰਤ ਸਿੰਘ ਭੱਟੀ ਵਾਸੀ ਮਕਾਨ ਨੰਬਰ 143 ਫੇਸ 6 ਮੋਹਾਲੀ ਹਾਲ ਆਬਾਦ ਸ਼ਿਵਜੋਤ ਇੰਨਕਲੇਵ ਲਾਲੜੂ ਚਲਾ ਰਿਹਾ ਹੈ ਅਤੇ ਇਸ ਸਮੇਂ ਗੱਡੀ 'ਤੇ ਐੱਚ ਆਰ 26 ਏ ਸੀ 2094 ਵਾਲਾ ਜਾਅਲੀ ਨੰਬਰ ਲੱਗਾ ਹੋਇਆ ਹੈ ਜੋ ਮੋਹਾਲੀ ਤੋਂ ਸਰਹਿੰਦ ਵੱਲ ਨੂੰ ਆ ਰਹੀ ਹੈ। ਸੂਚਨਾ ਦੇ ਆਧਾਰ ਤੇ ਜਦੋਂ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ 'ਚ ਪਿਆ ਇੱਕ ਲੈਪਟਾਪ , 2 ਪ੍ਰਿੰਟਰ ਉਕਤ ਗੱਡੀ ਦੀ ਜਾਅਲੀ ਰਜਿਸਟਰੇਸ਼ਨ ਕਾਪੀ, ਸੀ ਟੀ ਯੂ ਦੇ ਡਰਾਈਵਰ ਦੇ ਦੋ ਜਾਅਲੀ ਪਹਿਚਾਣ ਪੱਤਰ ਬਰਾਮਦ ਹੋਏ। ਜਿਸ ਦੀ ਮਦਦ ਨਾਲ ਉਪਰੋਕਤ ਵਿਅਕਤੀ ਜਾਅਲੀ ਕਾਗ਼ਜ਼ਾਤ ਤਿਆਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਮਲ ਸਿੰਘ ਭੱਟੀ ਨੇ ਸ਼ਿਮਲਾ ਤੋਂ ਹੀ ਇੱਕ ਇੰਡੀਗੋ ਕਾਰ ਅਤੇ ਇੱਕ ਡਿਸਕਵਰ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਅੱਗੇ ਵੇਚੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਪੁੱਛ ਗਿੱਛ ਜਾਰੀ ਹੈ ਅਤੇ ਉਸ ਪਾਸੋਂ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਸੜਕ ਹਾਦਸੇ 'ਚ ਨੌਜਵਾਨ ਭਾਜਪਾ ਨੇਤਾ ਮਨੋਜ ਭਾਟੀਆ ਦੀ ਮੌਤ

ਤਲਵਾੜਾ, 20 ਫਰਵਰੀ - ਤਲਵਾੜਾ ਦੇ ਵਪਾਰੀ ਦੇ ਪੁੱਤਰ ਅਤੇ ਨੌਜਵਾਨ ਭਾਜਪਾ ਨੇਤਾ ਮਨੋਜ ਭਾਟੀਆ ਉਰਫ਼ ਮਨੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਾਜਪਾ ਨੇਤਾ ਮਨੋਜ ਭਾਟੀਆ ਪੁੱਤਰ ਅਸ਼ਵਨੀ ਭਾਟੀਆ ਆਪਣੀ ਸਫ਼ਾਰੀ ਕਾਰ 'ਚ ਹਿਮਾਚਲ ਤੋਂ ਤਲਵਾੜਾ ਵੱਲ ਆ ਰਹੇ ਸਨ ਕਿ ਅਚਾਨਕ ਸੜਕ ਵਿਚਕਾਰ ਜੰਗਲੀ ਜਾਨਵਰ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਗੱਡੀ ਦਰਖ਼ਤ ਨਾਲ ਟਕਰਾ ਗਈ। ਉਨ੍ਹਾਂ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਅੰਤਿਮ ਸੰਸਾਰਿਕ ਰਸਮ ਉਨ੍ਹਾਂ ਦੇ ਚਾਚਾ ਅਕਸ਼ੈ ਭਾਟੀਆ ਨੇ ਕੀਤੀ। ਹਿਮਾਚਲ ਪੁਲਿਸ ਵੱਲੋਂ ਹੈਡਕਾਂਸਟੇਬਲ ਕਮਲੇਸ਼ ਕੁਮਾਰ, ਕਾਂਸਟੇਬਲ ਪਰਮੇਟਮ ਲਾਲ, ਬਿਸ਼ਨ ਦਾਸ ਅਤੇ ਰਾਕੇਸ਼ ਕੁਮਾਰ ਨੇ ਕਾਰਵਾਈ ਕਰਦੇ ਹੋਏ ਬੀ. ਬੀ. ਐਮ. ਬੀ. ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਭਾਜਪਾ ਮੰਡਲ ਪ੍ਰਧਾਨ ਅਸ਼ੋਕ ਸਭਰਵਾਲ ਅਤੇ ਓਸ਼ੋ ਲਵਰਜ ਤਲਵਾੜਾ, ਸਮੂਹ ਬਾਜ਼ਾਰ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਗਿਆ ਹੈ।

ਪਰਮਜੀਤ ਸਰਨਾ ਦੇ ਖ਼ਿਲਾਫ਼ ਦਫਾ 420 ਦੇ ਤਹਿਤ ਮਾਮਲਾ ਦਰਜ

ਨਵੀਂ ਦਿੱਲੀ, 20 ਫਰਵਰੀ -ਰਾਜਧਾਨੀ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਖੇ ਉਸਾਰੇ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿੱਜੀ ਕੰਪਨੀ ਨੂੰ ਸੌਂਪਣ ਦੇ ਵਿਵਾਦਤ ਮਾਮਲੇ'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਵਿਰੁੱਧ ਸਨਲਾਈਟ ਕਾਲੋਨੀ ਪੁਲਿਸ ਥਾਣੇ ਵਿਚ 18 ਫਰਵਰੀ 2012 ਨੂੰ ਦਫਾ 420, 468, 471 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਸਥਾਨਕ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੀ ਸਨਲਾਈਟ ਕਾਲੋਨੀ ਪੁਲਿਸ ਥਾਣੇ ਵੱਲੋਂ ਪਰਮਜੀਤ ਸਿੰਘ ਸਰਨਾ ਦੇ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇ: ਕੁਲਦੀਪ ਸਿੰਘ ਭੋਗਲ ਨੇ ਦੋਸ਼ ਲਾਇਆ ਕਿ ਉਪਰੋਕਤ ਮਾਮਲੇ 'ਚ ਸਰਨਾ ਭਰਾਵਾਂ ਨੇ ਭਾਰੀ ਘੁਟਾਲਾ ਕਰ ਕੇ ਗੁਰੂ ਅਤੇ ਸੰਗਤਾਂ ਨਾਲ ਵੱਡਾ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਅਦਾਲਤ ਵਿਚ ਪੇਸ਼ ਕੀਤੀ ਗਈ ਰਿਪੋਰਟ ਤੋਂ ਇਹ ਸਾਬਿਤ ਹੁੰਦਾ ਹੈ ਕਿ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵਾਲੀ ਜ਼ਮੀਨ ਨੂੰ ਦਿੱਲੀ ਡਵੈਲਪਮੈਂਟ ਅਥਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 200 ਬਿਸਤਰੇ ਵਾਲਾ ਚੈਰੀਟੇਬਲ ਹਸਪਤਾਲ ਬਨਾਉਣ ਲਈ ਦਿੱਤਾ ਸੀ ਜਿਸ ਨੂੰ ਦਿੱਲੀ ਕਮੇਟੀ ਪ੍ਰਧਾਨ ਨੇ ਨਿਰਮਾਣ ਦੀ ਸਥਿਤੀ ਵਿਚ ਹੀ ਗਲਤ ਤਰੀਕੇ ਨਾਲ ਟਰੱਸਟ ਬਣਾ ਕੇ ਮਨੀਪਾਲ ਗਰੁੱਪ ਨੂੰ ਵੇਚ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ, ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਦਿੱਲੀ ਪ੍ਰਦੇਸ਼ ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਨੇ ਸਰਨਾ ਪਾਸੋਂ ਅਸਤੀਫੇ ਦੀ ਮੰਗ ਕੀਤੀ ਹੈ। ਇਸ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਸ: ਜਤਿੰਦਰ ਸਿੰਘ ਸ਼ੰਟੀ, ਕਪਤਾਨ ਇੰਦਰਪ੍ਰੀਤ ਸਿੰਘ, ਡਿੰਪਲ ਚੱਢਾ, ਸਤਨਾਮ ਸਿੰਘ ਔਲਖ, ਹਰਵਿੰਦਰ ਕੇ. ਪੀ., ਹਰਮੀਤ ਕਾਲਕਾ, ਪਰਮਜੀਤ ਰਾਣਾ, ਬੀਬੀ ਸੁਪਰੀਤ ਸਿੰਘ ਤੇ ਹੋਰ ਅਹੁਦੇਦਾਰ ਵੀ ਮੌਜਦ ਸਨ।

ਗੰਨਿਆਂ ਦੀ ਭਰੀ ਟਰਾਲੀ ਤੇ ਟਰੱਕ ਦੀ ਟੱਕਰ

ਐਮਾ ਮਾਂਗਟ, 20 ਫਰਵਰੀ - ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਉੱਚੀ ਬੱਸੀ ਨਜ਼ਦੀਕ ਇੱਕ ਟਰੱਕ 'ਤੇ ਗੰਨਿਆਂ ਦੀ ਭਰੀ ਟਰਾਲੀ ਦੀ ਟੱਕਰ ਹੋਣ ਦਾ ਸਮਾਚਾਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਕਿਸਾਨ ਸਰਵਣ ਸਿੰਘ ਆਪਣੀ ਗੰਨਿਆਂ ਦੀ ਭਰੀ ਟਰਾਲੀ ਦਸੂਹਾ ਦੀ ਗੰਨਾ ਮਿੱਲ ਨੂੰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਟਰੱਕ ਜੋ ਕਿ ਕਰੈਸ਼ਰ ਲੈ ਕੇ ਜਲੰਧਰ ਵੱਲ ਨੂੰ ਹੀ ਜਾ ਰਿਹਾ ਸੀ ਤਾਂ ਓਵਰਟੇਕ ਕਰਦਿਆਂ ਟਰਾਲੀ ਨਾਲ ਭਿੜ ਗਿਆ ਸਿੱਟੇ ਵਜੋਂ ਗੰਨਿਆਂ ਦੀ ਭਰੀ ਟਰਾਲੀ ਪਲਟ ਗਈ। ਟਰੈਕਟਰ ਦਾ ਬਹੁਤ ਨੁਕਸਾਨ ਹੋਇਆ। ਸਿੱਟੇ ਵਜੋਂ ਡਰਾਈਵਰ ਸਰਵਣ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ ਦਸੂਹਾ ਪੁਲਿਸ ਇਸਦੀ ਜਾਂਚ ਕਰ ਰਹੀ ਹੈ।

''ਲਾਈਫ਼ ਵਿਦਆਊਟ ਡੈਡੀ ਕਾ ਪੈਸਾ'' ਦਾ
ਹਿੱਸਾ ਬਣ ਕੇ ਖੁਸ਼ੀ ਹੋਈ-ਰੋਹਿਤ ਸ਼ੈਟੀ

ਚੰਡੀਗੜ੍ਹ.- 20 ਫਰਵਰੀ ૿ ਬਾਲੀਵੁੱਡ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕਿਹਾ ਹੈ ਕਿ ਜਿੱਥੇ ਉਸ ਨੂੰ ਕਮੇਡੀ ਫਿਲਮਾਂ ਖਾਸ ''ਗੋਲਮਾਲ-3'', ''ਗੋਲਮਾਲ ਰਿਟਰਨ'' ਅਤੇ ਐਕਸ਼ਨ ਫਿਲਮ ''ਸਿੰਘਮ'' ਆਦਿ ਦਾ ਨਿਰਦੇਸ਼ਨ ਕਰ ਕੇ ਕਾਫ਼ੀ ਸਕੂਨ ਮਿਲਿਆ, ਉੱਥੇ ਯੂ. ਟੀ. ਵੀ. ਬਿੰਦਾਸ ਦੇ ਸ਼ੋਅ ''ਬਿੱਗ ਸਵਿੱਚ-3੩...'ਲਾਈਫ਼ ਵਿਦਆਊਟ ਡੈਡੀ ਕਾ ਪੈਸਾ' ਦਾ ਹਿੱਸਾ ਬਣ ਕੇ ਵੀ ਖੁਸ਼ੀ ਹੋਈ ਹੈ।
ਮਰਹੂਮ ਅਦਾਕਾਰ ਤੇ ਫਾਈਟ ਮਾਸਟਰ ਐੱਮ. ਬੀ. ਸ਼ੈਟੀ ਦੇ ਪੁੱਤਰ ਰੋਹਿਤ ਸ਼ੈਟੀ ਨੇ ਆਪਣੇ ਇਸ ਸ਼ੋਅ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਲੋਕਾਂ ਨੂੰ ਬੜੇ ਫ਼ਕਰ ਨਾਲ ਇਹ ਗੱਲ ਦਾ ਅਹਿਸਾਸ ਕਰਵਾਇਆ ਹੈ ਕਿ ਮਿਹਨਤ ਦੀ ਕਮਾਈ ਇਨਸਾਨ 'ਚ ਵਧੇਰੇ ਆਤਮ ਵਿਸ਼ਵਾਸ ਭਰਦੀ ਹੈ। ਉਨ੍ਹਾਂ ਕਿਹਾ ਕਿ ਮਹਿਜ਼ 35 ਰੁਪਏ ਸੀ ਉਸ ਦੀ ਪਹਿਲੀ ਕਮਾਈ। ਉਨ੍ਹਾਂ ਕਿਹਾ ਕਿ 15 ਸਾਲ ਦੀ ਉਮਰ ਤੋਂ ਉਸ ਨੇ ਬਤੌਰ ਸਹਾਇਕ ਨਿਰਦੇਸ਼ਕ ਦੇ ਕੁੱਕੂ ਕੋਹਲੀ ਨਾਲ ਫ਼ਿਲਮ ''ਫੂਲ ਔਰ ਕਾਂਟੇ'' ਤੋਂ ਆਰੰਭਿਆ ਜਿਸ 'ਚ ਅਭਿਨੇਤਾ ਅਜੈ ਦੇਵਗਨ ਸਨ। ਉਨ੍ਹਾਂ ਨੇ ਕਿਹਾ ਕਿ ''ਬਿੱਗ ਸਵਿੱਚ-3'' ਦੇ ਪ੍ਰਤੀਯੋਗੀਆਂ ਦੇ ਮਨਾਂ 'ਚ ਇਹ ਵਿਸ਼ਵਾਸ ਭਰਿਆ ਹੈ ਕਿ ਮਿਹਨਤ, ਲਗਨ ਤੇ ਉਤਸ਼ਾਹ ਜ਼ਿੰਦਗੀ 'ਚ ਇਨਸਾਨ ਲਈ ਨਵੇਂ ਨਵੇਂ ਰਾਹ ਖੋਲਦੇ ਹਨ। ਅਦਾਕਾਰਾ ਨਤਾਸ਼ਾ ਸੂਰੀ ਨੇ ਸ਼ੋਅ ਬਾਰੇ ਕਿਹਾ ਕਿ ਇਸ ਦੇ ਜ਼ਰੀਏ ਉਸ ਨੂੰ ਬਹੁਤ ਕੁੱਝ ਅਭਿਨੈ ਅਤੇ ਜੀਵਨ ਪ੍ਰਤੀ ਸਿੱਖਣ ਦਾ ਵਧੀਆ ਮੌਕਾ ਮਿਲਿਆ ਹੈ।

ਨਕਲੀ ਸਬ-ਇੰਸਪੈਕਟਰ ਚੜ੍ਹਿਆ ਅਸਲੀ ਪੁਲਿਸ ਅੜਿੱਕੇ

ਰਾਜਪੁਰਾ.--20 ਫਰਵਰੀ ૿ ਅੱਜ ਸਥਾਨਕ ਸਿਟੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਪੰਜਾਬ ਪੁਲਿਸ ਦਾ ਨਕਲੀ ਸਬ-ਇੰਸਪੈਕਟਰ ਨੂੰ ਕਾਬੂ ਕਰ ਲਿਆ ਗਿਆ। ਜਿਸ ਪਾਸੋਂ ਬੋਲੈਰੋ ਗੱਡੀ ਵਿਚੋਂ ਨੀਲੀ ਬੱਤੀ ਅਤੇ ਦੋ ਸਟਾਰ ਵਾਲੀ ਵਰਦੀ ਵੀ ਮਿਲੀ। ਇਸ ਤੋਂ ਇਲਾਵਾ ਇਸ ਨਕਲੀ ਸਬ-ਇੰਸਪੈਕਟਰ ਪਾਸੋਂ ਇੱਕ ਨਕਲੀ ਪਹਿਚਾਣ ਪੱਤਰ ਵੀ ਮਿਲਿਆ।
ਪ੍ਰਾਪਤ ਸੂਚਨਾ ਅਨੁਸਾਰ ਏ.ਐਸ.ਆਈ. ਸੱਜਣ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜੋ ਕਿ ਆਪਣੇ-ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਖਵਾਉਂਦਾ ਹੈ ਅਤੇ ਅੱਜ ਇਲਾਕੇ ਵਿਚ ਬੋਲੈਰੋ ਗੱਡੀ ਵਿਚ ਘੁੰਮ ਰਿਹਾ ਹੈ। ਇਸੇ ਆਧਾਰ 'ਤੇ ਥਾਣੇਦਾਰ ਸੱਜਣ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਦਮਨਹੇੜੀ ਫਾਟਕਾਂ 'ਤੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਨੇ ਇੱਕ ਬੋਲੈਰੋ ਗੱਡੀ ਨੰਬਰ ਪੀ.ਸੀ.ਪੀ.-3 ਦੀ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਵਾਲੀ ਵਰਦੀ ਜਿਸ ਦੇ ਮੋਢਿਆਂ 'ਤੇ ਸਟਾਰ ਲੱਗੇ ਹੋਏ ਸਨ। ਇਸ ਤੋਂ ਇਲਾਵਾ ਇੱਕ ਨੀਲੀ ਬੱਤੀ ਵੀ ਬਰਾਮਦ ਹੋਈ। ਗੱਡੀ ਚਲਾ ਰਹੇ ਨੌਜਵਾਨ ਦੀ ਪਹਿਚਾਣ
ਤੇਜਿੰਦਰਪਾਲ ਸਿੰਘ (34) ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਹੋਈ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਇੱਕ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਕਲੀ ਪਹਿਚਾਣ ਪੱਤਰ ਵੀ ਮਿਲਿਆ। ਪੁਲਿਸ ਵਲੋਂ ਤੇਜਿੰਦਰਪਾਲ ਸਿੰਘ ਨੂੰ ਬੋਲੈਰੋ ਗੱਡੀ ਅਤੇ ਉਕਤ ਸਾਮਾਨ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਧਾਰਾ 171, 419, 471 ਅਧੀਨ ਕੇਸ ਦਰਜ ਕਰ ਲਿਆ ਹੈ।

ਪਨਸਪ ਦੇ ਡੀ. ਐੱਮ. ਸਮੇਤ 4 ਵਿਰੁੱਧ ਪਰਚਾ ਦਰਜ
ਫ਼ਿਰੋਜ਼ਪੁਰ.- 20 ਫਰਵਰੀ ૿ ਪੰਜਾਬ ਵਿਜੀਲੈਂਸ ਬਿਊਰੋਂ ਵੱਲੋਂ ਸਰਕਾਰੀ ਝੋਨੇ 'ਚ ਹੋਏ ਇਕ ਵੱਡੇ ਘਪਲੇ ਵਿਚ ਐੱਲ. ਟੀ. ਐਗਰੋਟਿਕ ਦੇ ਮੁੱਖ ਪ੍ਰਬੰਧਕ ਅਤੇ ਪਨਸਪ ਦੇ ਇਕ ਇੰਸਪੈਕਟਰ ਨੂੰ ਕਾਬੂ ਕਰ ਲਿਆ ਗਿਆ ਹੈ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਸਥਿਤ ਐੱਲ. ਟੀ. ਆਈ. ਐਗਰੋਟਿਕ ਫਰਮ ਵਿਚ ਪੰਜਾਬ ਐਗਰੋ ਅਤੇ ਪਨਸਪ ਮਹਿਕਮੇ ਦਾ ਰੱਖਿਆ ਸਰਕਾਰੀ ਝੋਨਾ ਜਿਸ ਦੀ ਕੁੱਲ ਕੀਮਤ 2 ਕਰੋੜ 50 ਲੱਖ ਰੁਪਏ ਬਣਦੀ ਹੈ, ਗਾਇਬ ਪਾਇਆ ਗਿਆ ਹੈ।
ਐੱਸ. ਪੀ. ਵਿਜੀਲੈਂਸ ਬਨਾਰਸੀ ਦਾਸ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਇਕ ਲਿਖਤੀ ਸ਼ਿਕਾਇਤ ਮਿਲੀ ਸੀ ਕਿ ਐਗਰੋ ਕਾਰਪੋਰੇਸ਼ਨ ਅਤੇ ਪਨਸਪ ਦਾ ਜਿਹੜਾ ਝੋਨਾ ਐਗਰੋਟਿਕ ਫਰਮ ਵਿਚ ਮਿਲਿੰਗ ਲਈ ਸਟੋਰ ਕਰਵਾਇਆ ਗਿਆ ਸੀ ਉਹ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਅਤੇ ਬਣਦਾ ਚੌਲ ਸੰਬੰਧਿਤ ਕੇਂਦਰੀ ਖਰੀਦ ਏਜੰਸੀ ਐੱਫ. ਸੀ. ਆਈ. ਨੂੰ ਜਮ੍ਹਾਂ ਨਹੀਂ ਕਰਵਾਇਆ ਗਿਆ।
ਵਿਜੀਲੈਂਸ ਵੱਲੋਂ ਕੇਸ ਦੀ ਮੁਕੰਮਲ ਪੜਤਾਲ ਕਰਨ ਪਿੱਛੋਂ ਪਨਸਪ ਫ਼ਿਰੋਜ਼ਪੁਰ ਦੇ ਸਾਬਕਾ ਜ਼ਿਲ੍ਹਾ ਮੈਨੇਜਰ ਸੁਰੇਸ਼ ਸ਼ਰਮਾ, ਇੰਸਪੈਕਟਰ ਰਾਜ ਕੁਮਾਰ ਤੋਂ ਇਲਾਵਾ ਐੱਲ. ਟੀ. ਐਗਰੋਟਿਕ ਦੇ ਮਾਲਕ ਰਮੇਸ਼ ਚੰਦ ਗਰਗ ਅਤੇ ਉਸ ਦੇ ਲੜਕੇ ਅਸ਼ੀਸ਼ ਕੁਮਾਰ ਨੂੰ ਦੋਸ਼ੀ ਪਾਇਆ ਗਿਆ। ਵਿਜੀਲੈਂਸ ਵੱਲੋਂ ਉਕਤ ਚਾਰਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਹਿਰੀਲੀ ਵਸਤੂ ਖਾ ਲੈਣ ਕਾਰਨ ਵਿਆਹੁਤਾ ਔਰਤ ਦੀ ਮੌਤ

ਸਮਾਣਾ. - 20 ਫਰਵਰੀ ૿ ਨੇੜਲੇ ਪਿੰਡ ਨਨਹੇੜਾ ਦੀ ਇਕ ਵਿਆਹੁਤਾ ਔਰਤ ਵੱਲੋਂ ਬੀਤੇ ਕੱਲ੍ਹ ਕੋਈ ਜ਼ਹਿਰੀਲੀ ਵਸਤੂ ਖਾ ਲੈਣ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਕਤ ਔਰਤ ਦਾ ਇਲਾਜ ਕਰਨ ਉਪਰੰਤ ਉਸ ਦੇ ਵਾਰਿਸਾਂ ਵੱਲੋਂ ਵਾਪਿਸ ਪਿੰਡ ਲੈ ਜਾਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਨ ਲਈ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਚ ਮੌਜੂਦ ਮ੍ਰਿਤਕ ਔਰਤ ਕੋਮਲ ਪਤਨੀ ਬਲਦੇਵ ਸਿੰਘ ਦੇ ਭਰਾ ਰਾਜਿੰਦਰ ਸ਼ਰਮਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਕੋਮਲ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਾਰਨ ਕੋਮਲ ਨੇ ਤੰਗ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਤੇ ਉਸ ਦੀ ਮੌਤ ਹੋ ਗਈ। ਹਸਪਤਾਲ ਚ ਮੌਜੂਦ ਪੁਲਿਸ ਚੌਕੀ ਬਾਦਸ਼ਾਹਪੁਰ ਦੇ ਮੁਖੀ ਸਬ ਇੰਸਪੈਕਟਰ ਕਰਨੈਲ ਸਿੰਘ ਤੇ ਤਫ਼ਤੀਸ਼ੀ ਹੌਲਦਾਰ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਕੋਮਲ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾ ਤੇ ਜਾਂਚ ਪੜਤਾਲ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਰਕਾਰੀ ਸਕੂਲ ਭੰਗਾਲੀ ਕਲਾਂ ਦੇ ਗੋਲੀ ਕਾਂਡ
ਦੇ ਦੋ ਦੋਸ਼ੀ ਅਸਲੇ ਸਮੇਤ ਕਾਬੂ

ਮਜੀਠਾ/ਅੰਮ੍ਰਿਤਸਰ. - 20 ਫਰਵਰੀ ૿ ਮਜੀਠਾ ਪੁਲਿਸ ਨੇ ਸਰਕਾਰੀ ਸਕੂਲ ਭੰਗਾਲੀ ਵਿਖੇ ਹੋਏ ਗੋਲੀ ਕਾਂਡ ਦੇ ਸਬੰਧ ਵਿਚ ਇੱਕ ਵਿਦਿਆਰਥੀ ਨੂੰ .12 ਬੋਰ ਦੇ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ ਹੈ।
ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਵਦੀਪ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਰੰਗੀਲਪੁਰਾ, ਸਾਜਨ ਸਿੱਧੂ ਪੁੱਤਰ ਹਰਵਿੰਦਰ ਸਿੰਘ ਵਾਸੀ ਸ਼ਾਮ ਨਗਰ, ਆਕਾਸ਼ਦੀਪ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਤਲਵੰਡੀ ਖੁੰਮਣ, ਡੁੱਬੀ ਪੁੱਤਰ ਰਸ਼ਪਾਲ ਸਿੰਘ ਵਾਸੀ ਥਰੀਏਵਾਲ ਦੇ ਵਿਰੁੱਧ ਗੋਲੀ ਨਾਲ 4 ਵਿਦਿਆਰਥੀਆਂ ਨੂੰ ਜ਼ਖ਼ਮੀ ਕਰਨ 'ਤੇ ਪੁਲਿਸ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਸਬ ਡਵੀਜ਼ਨ ਮਜੀਠਾ ਦੇ ਉਪ ਕਪਤਾਨ ਪੁਲਿਸ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿਚ ਥਾਣਾ ਮੁਖੀ ਕਵਲਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵੱਲੋ ਗੋਲੀ ਕਾਂਡ ਦੇ ਮੁੱਖ ਦੋਸ਼ੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਇਹ ਪਿਸਤੌਲ ਹਰਜੀਤ ਸਿੰਘ ਉਰਫ ਜੀਤੂ ਪੁੱਤਰ ਸੁਰਿੰਦਰ ਸਿੰਘ ਵਾਸੀ ਜਿਜੇਆਣੀ ਪਾਸੋਂ ਖਰੀਦ ਕੀਤਾ ਹੈ। ਪੁਲਿਸ ਨੇ ਛਾਪਾਮਾਰੀ ਕਰ ਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਯਾਦ ਰਹੇ ਕਿ ਨਵਦੀਪ ਸਿੰਘ ਭੰਗਾਲੀ ਕਲਾਂ ਸਕੂਲ ਦਾ 11ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਉਸ ਨੇ ਕਲਾਸ ਵਿਚ ਵਿਦਿਆਰਥੀਆਂ ਨਾਲ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਗੋਲੀ ਚਲਾਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਪੀ ਹੈਡਕੁਆਰਟਰ ਜਸਦੀਪ ਸਿੰਘ, ਡੀ. ਐੱਸ .ਪੀ. ਗੁਰਸੇਵਕ ਸਿੰਘ ਬਰਾੜ, ਐੱਸ. ਐੱਚ .ਓ. ਕਵਲਪ੍ਰੀਤ ਸਿੰਘ, ਭੰਗਾਲੀ ਕਲਾਂ ਦੇ ਚੌਕੀ ਇੰਚਾਰਜ ਦਲਬੀਰ ਸਿੰਘ, ਏ. ਐੱਸ ਆਈ. ਰਾਜਨਦੀਪ ਸਿੰਘ, ਏ .ਐੱਸ ਆਈ. ਜਗਵਿੰਦਰ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ ਆਦਿ ਪੁਲਿਸ ਕਰਮਚਾਰੀ ਹਾਜਰ ਸਨ।
 ਡਾਕੂਆਂ ਵਲੋਂ ਮਾਂ-ਬਾਪ ਸਾਹਮਣੇ ਬਲਾਤਕਾਰ
ਸ਼ਿਵਪੁਰੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ 'ਚ 5 ਅਣਪਛਾਤੇ ਹਥਿਆਰਾਂ ਨਾਲ ਲੈਸ ਡਾਕੂਆਂ ਨੇ ਇਕ ਮਕਾਨ 'ਚ ਲੁਟਮਾਰ ਕਰਨ ਉਪਰੰਤ ਮਾਂ-ਬਾਪ ਸਾਹਮਣੇ ਹੀ ਉਨ੍ਹਾਂ ਦੀਆਂ ਲੜਕੀਆਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ।
ਘਟਨਾ ਸ਼ੁਕਰਵਾਰ ਦੇਰ ਰਾਤ ਦੀ ਹੈ, ਜਦੋਂ ਭੌਤੀ ਥਾਣਾ ਖੇਤਰ ਦੇ ਮਾਨਪੁਰ 'ਚ ਇਕ ਮਕਾਨ 'ਤੇ 5 ਹਥਿਆਰਾਂ ਨਾਲ ਲੈਸ ਡਾਕੂਆਂ ਨੇ ਧਾਵਾ ਬੋਲ ਦਿੱਤਾ। ਉਨ੍ਹਾਂ ਪਹਿਲਾਂ ਲੁਟਮਾਰ ਕੀਤੀ ਅਤੇ ਬਾਅਦ 'ਚ ਜਦੋਂ ਉਨ੍ਹਾਂ ਦੀ ਨਜ਼ਰ ਲੜਕੀਆਂ 'ਤੇ ਪਈ ਤਾਂ ਉਨ੍ਹਾਂ ਨੇ ਲੜਕੀਆਂ ਨਾਲ ਮੂੰਹ ਕਾਲਾ ਕੀਤਾ। ਇਸ ਕਾਰੇ ਤੋਂ ਪਹਿਲਾਂ ਡਾਕੂਆਂ ਨੇ ਮਾਂ-ਬਾਪ ਨੂੰ ਕਮਰੇ 'ਚ ਇਕ ਪਾਸੇ ਬੰਦੂਕ ਦੀ ਨੌਕ 'ਤੇ ਰੋਕ ਰੱਖਿਆ। ਲੜਕੀਆਂ ਦੀ ਮੈਡੀਕਲ ਜਾਂਚ 'ਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਸ ਅਨੁਸਾਰ ਡਾਕੂਆਂ ਨੇ 10 ਹਜਾਰ ਨਕਦ ਅਤੇ ਗਹਿਣੇ ਲੁੱਟੇ ਹਨ।
 ਪੈਸੇ ਤੇ ਬੱਚਿਆਂ ਸਣੇ ਪਤਨੀ ਪ੍ਰੇਮੀ ਨਾਲ ਫਰਾਰ
ਗਾਜੀਆਬਾਦ— ਇੰਦਰਾਪੁਰਮ ਦੇ ਅਭੇ ਖੰਡ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪੀੜਤ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਘਰ ਤੋਂ ਲੱਖਾਂ ਰੁਪਏ ਤੇ ਬੱਚਿਆਂ ਨੂੰ ਲੈ ਕੇ ਆਪਣੇ ਪ੍ਰੇਮੀ ਨਾਲ ਕਿਤੇ ਚਲੀ ਗਈ ਹੈ। ਪਤੀ ਨੇ ਇਸਦੀ  ਰਿਪੋਰਟ ਇੰਦਰਾਪੁਰਮ ਥਾਣੇ 'ਚ ਕਰਾ ਦਿੱਤੀ ਹੈ।
ਪੁਲਸ ਅਨੁਸਾਰ ਇੰਦਰਾਪੁਰਮ ਦੇ ਅਭੇ ਖੰਡ 'ਚ ਰਹਿਣ ਵਾਲਾ ਯਸ਼ਪਾਲ, ਪਿੰਡ ਬੁਰਾਰੀ ਦਿੱਲੀ ਦਾ ਸਥਾਈ ਨਿਵਾਸੀ ਹੈ। ਕੁਝ ਸਾਲ ਪਹਿਲਾਂ ਉਸਨੇ ਅਭੇ ਖੰਡ 'ਚ ਇਕ ਫਲੈਟ ਖਰੀਦਿਆ ਅਤੇ ਪਤਨੀ ਰੇਖਾ (ਕਾਲਪਨਿਕ ਨਾਂ) ਨਾਲ ਰਹਿਣ ਲੱਗਾ। ਯਸ਼ਪਾਲ ਅਨੁਸਾਰ  ਉਸਦਾ ਇਕ ਬੱਚਾ ਹੈ। ਉਸਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਤੋਂ ਉਸ ਉਪਰ ਕਾਫੀ ਕਰਜ਼ ਸੀ ਇਸ ਲਈ ਉਸਨੇ ਆਪਣਾ ਫਲੈਟ 10 ਲੱਖ ਰੁਪਏ 'ਚ ਵੇਚ ਦਿੱਤਾ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ। ਯਸ਼ਪਾਲ ਅਨੁਸਾਰ ਕਰਜਦਾਰ ਨੂੰ ਉਸਨੇ ਪੰਜ ਲੱਖ ਰੁਪਏ ਚੁਕਾ ਦਿੱਤੇ ਅਤੇ ਬਾਕੀ ਬਚੇ ਪੰਜ ਲੱਖ ਰੁਪਏ ਘਰ 'ਚ ਹੀ ਰੱਖੇ ਸਨ। ਯਸ਼ਪਾਲ ਦਾ ਦੋਸ਼ ਹੈ ਕਿ ਉਸਦੀ ਪਤਨੀ ਰੇਖਾ ਘਰ 'ਚ ਰੱਖੇ ਪੰਜ ਲੱਖ ਰੁਪਏ ਤੇ ਬੱਚੇ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਪੰਜਾਬ ਨੇ ਕੇਂਦਰ ਨੂੰ ਅਨਾਜ ਦਾ ਸਟਾਕ ਤੁਰੰਤ ਚੁੱਕਣ ਲਈ ਆਖਿਆ
ਕੱਲ੍ਹ ਸੂਬਾ ਖੁਰਾਕ ਸਕੱਤਰਾਂ ਦੀ ਮੀਟਿੰਗ 'ਚ ਮੁੱਦਾ ਉਠਾਉਣ ਦਾ ਫ਼ੈਸਲਾ
ਅਨਾਜ ਰੱਖਣ ਲਈ ਥਾਂ ਦੀ ਵੱਡੀ ਘਾਟ
ਚੰਡੀਗੜ੍ਹ, 19 ਫਰਵਰੀ -ਪੰਜਾਬ ਸਰਕਾਰ ਕੇਂਦਰ ਨੂੰ ਕਣਕ ਦੀ ਖਰੀਦ ਮੌਸਮ ਤੋਂ ਪਹਿਲਾਂ ਦਾਣਿਆਂ ਦਾ ਭੰਡਾਰ ਤੇਜ਼ੀ ਨਾਲ ਚੁੱਕਣ ਲਈ ਆਖੇਗੀ ਕਿਉਂਕਿ ਸੂਬੇ ਵਿਚ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਚਿੰਤਾਜਨਕ ਪੱਧਰ ਤਕ ਪਹੁੰਚ ਗਈ ਹੈ ਜਿਸ ਨਾਲ ਫ਼ਸਲ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਖ਼ੁਰਾਕ ਸਕੱਤਰ ਡੀ. ਐਸ. ਗਰੇਵਾਲ ਨੇ ਇਥੇ ਦੱਸਿਆ ਕਿ ਅਸੀਂ ਕੇਂਦਰ ਤੋਂ ਚਾਹੁੰਦੇ ਹਾਂ ਕਿ ਉਹ ਬਹੁਤ ਜ਼ਰੂਰੀ ਆਧਾਰ 'ਤੇ ਅਨਾਜ ਨੂੰ ਚੁੱਕਣ ਦੇ ਕੰਮ ਵਿਚ ਤੇਜ਼ੀ ਲਿਆਵੇ ਤਾਂ ਜੋ ਨਵੀਂ ਫ਼ਸਲ ਰੱਖਣ ਲਈ ਸੂਬੇ ਵਿਚ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ 21 ਫਰਵਰੀ ਨੂੰ ਕਣਕ ਚੁੱਕਣ ਦੇ ਪ੍ਰਬੰਧਾਂ ਨੂੰ ਲੈ ਕੇ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਵਲੋਂ ਬੁਲਾਈ ਸੂਬਾ ਖ਼ੁਰਾਕ ਸਕੱਤਰਾਂ ਦੀ ਮੀਟਿੰਗ ਵਿਚ ਇਹ ਮੁੱਦਾ ਉਠਾਵੇਗਾ। ਪਾੰਜਬ ਜਿਹੜਾ ਕੇਂਦਰੀ ਭੰਡਾਰ ਵਿਚ ਕਣਕ ਦਾ 50 ਫ਼ੀਸਦੀ ਯੋਗਦਾਨ ਪਾਉਂਦਾ ਹੈ ਵਲੋਂ ਅਪ੍ਰੈਲ ਵਿਚ ਸ਼ੁਰੂ ਹੋ ਰਹੇ 2012-13 ਦੇ ਹਾੜੀ ਮੌਸਮ ਦੌਰਾਨ 110 ਲੱਖ ਟਨ ਕਣਕ ਖਰੀਦਣ ਦੀ ਆਸ ਹੈ। ਪੰਜਾਬ ਵਿਚ ਦਾਣਿਆਂ ਨੂੰ ਭੰਡਾਰ ਕਰਨ ਦੀ ਸਥਿਤੀ ਦੀ ਅਸਲੀਅਤ ਦਾ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਸੂਬੇ ਵਲੋਂ ਫ਼ਸਲਾਂ ਦੇ ਭੰਡਾਰ ਲਈ ਸਾਰੇ ਉਪਲਬਧ ਵਸੀਲੇ ਵਰਤ ਕੇ 30-35 ਲੱਖ ਟਨ ਤਾਜ਼ਾ ਫ਼ਸਲ ਗੈਰ-ਵਿਗਿਆਨਕ ਤਰੀਕੇ ਸ਼ੈਲਰਾਂ, ਮੰਡੀਆਂ ਦੇ ਫੜਾਂ ਅਤੇ ਕਲ੍ਹਾ ਜਗ੍ਹਾ ਰੱਖਣੀ ਪਵੇਗੀ। ਪਿਛਲੇ ਮੌਸਮ ਦੌਰਾਨ ਪੰਜਾਬ ਨੇ 20-22 ਲੱਖ ਟਨ ਕਣਕ ਗੈਰ-ਵਿਗਿਆਨਕ ਤਰੀਕੇ ਨਾਲ ਭੰਡਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਖੁਲ੍ਹਾ ਭੰਡਾਰ 52 ਲੱਖ ਟਨ ਹੋਣ ਦੇ ਮੁਕਾਬਲੇ ਇਸ ਮੌਸਮ ਦੌਰਾਨ ਜਦੋਂ ਕਣਕ ਦੀ ਖਰੀਦ ਸ਼ੁਰੂ ਹੋਵੇਗੀ ਉਸ ਸਮੇਂ ਕਣਕ ਦਾ ਖੁੱਲ੍ਹਾ ਸਟਾਕ 65 ਲੱਖ ਟਨ ਹੋਵੇਗਾ। ਭੰਡਾਰ ਕਰਨ ਦੇ ਵਧੀਆ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ 86 ਹਜ਼ਾਰ ਟਨ ਕਣਕ ਖਰਾਬ ਹੋ ਗਈ ਸੀ। ਰੇਲਵੇ ਵਿਭਾਗ ਵੀ ਪੰਜਾਬ ਦੀਆਂ ਸਮੱਸਿਆਵਾਂ 'ਚ ਵਾਧਾ ਕਰ ਰਿਹਾ ਹੈ ਕਿਉਂਕਿ ਕਈ ਵਾਰ ਮੰਗ ਕਰਨ ਦੇ ਬਾਵਜੂਦ ਰੇਲਵੇ ਪੰਜਾਬ ਤੋਂ ਦਾਣਿਆਂ ਦੀ ਤੇਜ਼ੀ ਨਾਲ ਢੋਆ-ਢੁਆਈ ਕਰਨ ਲਈ ਲੋੜੀਂਦੇ ਡੱਬੇ ਉਪਲਬਧ ਨਹੀਂ ਕਰਵਾ ਰਿਹਾ। ਭਾਰਤੀ ਖੁਰਾਕ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ਤੋਂ ਅਨਾਜ ਦੂਸਰੇ ਰਾਜਾਂ ਨੂੰ ਲਿਜਾਣ ਲਈ 22 ਰੇਲ ਡੱਬਿਆਂ ਦੀ ਲੋੜ ਹੈ ਪਰ ਇਸ ਨੂੰ ਕੇਵਲ 17 ਡੱਬੇ ਹੀ ਮਿਲ ਰਹੇ ਹਨ ਜਿਸ ਨਾਲ ਢੋਆ-ਢੁਆਈ ਦੀ ਰਫਤਾਰ ਮੱਠੀ ਚਲ ਰਹੀ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰੇਕ ਮਹੀਨੇ ਘੱਟੋ-ਘੱਟ 20-25 ਲੱਖ ਟਨ ਕਣਕ ਤੇ ਚੌਲਾਂ ਦੀ ਦੂਸਰੇ ਰਾਜਾਂ ਨੂੰ ਢੋਆ-ਢੁਆਈ ਹੋਣੀ ਚਾਹੀਦੀ ਹੈ ਜਦਕਿ ਮੌਜੂਦਾ ਸਮੇਂ ਔਸਤਨ ਸਿਰਫ 14-15 ਲੱਖ ਟਨ ਅਨਾਜ ਹੀ ਸੂਬੇ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ।
 
ਮਾਮਲਾ ਭਾਰਤੀ ਮਛੇਰਿਆਂ ਦੀ ਹੱਤਿਆ ਦਾ
ਇਟਲੀ ਜਹਾਜ਼ ਅਮਲੇ ਦੇ ਦੋ ਮੈਂਬਰ ਗ੍ਰਿਫ਼ਤਾਰ
ਕੋਚੀ/ਨਵੀਂ ਦਿੱਲੀ, 19 ਫਰਵਰੀ -ਚਾਰ ਦਿਨ ਪਹਿਲਾਂ ਇਟਲੀ ਜਲ ਸੈਨਾ ਦੇ ਇਕ ਜਹਾਜ਼ 'ਚੋਂ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਭਾਰਤੀ ਮਛੇਰਿਆਂ ਦੇ ਮਾਮਲੇ ਸਬੰਧੀ ਕੋਚੀ ਵਿਖੇ ਅੱਜ ਇਟਲੀ ਜਲ ਸੈਨਾ ਦੇ ਦੋ ਸੈਨਿਕਾਂ ਨੂੰ ਪੁਲਿਸ ਵੱਲੋਂ ਕਤਲ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਲੇਸਟੋਰੇ ਅਤੇ ਸੇਲਵਾਸੁਰੇ ਨੂੰ ਕੱਲ੍ਹ ਕੋਲਮ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਕੇ. ਪਦਮਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਸਮੁੰਦਰੀ ਜਹਾਜ਼ ਦੇ ਕਪਤਾਨ ਅਤੇ ਚਾਲਕ ਦਲ ਦੇ ਹੋਰਨਾਂ ਮੈਂਬਰਾਂ ਦੇ ਬਿਆਨ ਦਰਜ ਕਰ ਰਹੇ ਹਨ। ਇਸੇ ਦੌਰਾਨ ਅੱਜ ਨਵੀਂ ਦਿੱਲੀ ਵਿਖੇ ਇਟਲੀ ਦੇ ਅਧਿਕਾਰੀਆਂ ਦੇ ਇਕ ਵਫਦ ਨੇ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮੁੱਦੇ ਸਬੰਧੀ ਭਾਰਤੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਫਦ ਨੇ ਇਸ ਘਟਨਾ ਦੇ ਦੋਹਾਂ ਪੱਖਾਂ ਬਾਰੇ ਗੱਲਬਾਤ ਕੀਤੀ ਅਤੇ ਆਪਣੇ-ਆਪਣੇ ਪੱਧਰ 'ਤੇ ਇਸਦੀ ਜਾਂਚ ਕਰਨ ਦਾ ਫ਼ੈਸਲਾ ਵੀ ਕੀਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਟਲੀ ਦੇ ਵਿਦੇਸ਼ ਵਿਭਾਗ, ਕਾਨੂੰਨ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਉਨ੍ਹਾਂ ਨਾਲ ਬਹੁਤ ਸੰਖੇਪ ਅਤੇ ਉਚਿਤ ਰੂਪ ਨਾਲ ਗੱਲਬਾਤ ਕੀਤੀ ਅਤੇ ਅਸੀਂ ਉਨ੍ਹਾਂ ਅੱਗੇ ਤਰਕਸ਼ੀਲ ਢੰਗ ਨਾਲ ਇਸ ਘਟਨਾ ਸਬੰਧੀ ਆਪਣਾ ਪੱਖ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਇਕ ਸਾਥੀ ਅਤੇ ਵਿਦੇਸ਼ ਮੰਤਰੀ ਦੇ ਤੌਰ 'ਤੇ ਆਸ ਪ੍ਰਗਟਾਈ ਕਿ ਇਟਲੀ ਇਸ ਘਟਨਾ ਦੇ ਸਬੰਧ 'ਚ ਪੂਰਾ ਸਹਿਯੋਗ ਕਰੇਗਾ। ਇਟਲੀ ਦੇ ਵਫਦ ਨੇ ਇਸ ਜਾਂਚ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਘਟਨਾ ਬਾਰੇ ਦੋਵਾਂ ਦੇਸ਼ਾਂ ਨੇ ਆਪਣੇ ਪੱਧਰ 'ਤੇ ਛਾਣਬੀਨ ਕਰਨ ਦਾ ਫੈਸਲਾ ਕੀਤਾ ਕਿ ਅਸਲ 'ਚ ਪਿਛਲੇ ਹਫਤੇ ਕੋਲਮ 'ਚ ਕੀ ਹੋਇਆ ਸੀ।
ਇਟਲੀ ਦੇ ਵਿਦੇਸ਼ ਮੰਤਰੀ ਗੁਈਲੀਓ ਤੇਰਜੀ ਨੇ ਸਨਿਚਰਵਾਰ ਨੂੰ ਕ੍ਰਿਸ਼ਨਾ ਨੂੰ ਫੋਨ ਕੀਤਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਟਲੀ ਦੇ ਤੇਲ ਟੈਂਕਰ ਦੇ ਕਪਤਾਨ ਨੂੰ ਭਾਰਤੀ ਏਜੰਸੀਆਂ ਦੇ ਨਾਲ ਸਹਿਯੋਗ ਕਰਨਾ ਪਵੇਗਾ। ਵਿਦੇਸ਼ ਮੰਤਰੀ ਦੇ ਬਿਆਨ ਦੇ ਮੁਤਾਬਿਕ ਕ੍ਰਿਸ਼ਨਾ ਨੇ ਕਿਹਾ ਕਿ ਜੇਕਰ ਇਨਰੀਕਾ ਲੈਕਸੀ ਜਹਾਜ਼ ਦੇ ਕਰਮਚਾਰੀ ਸਾਵਧਾਨ ਹੁੰਦੇ ਅਤੇ ਧੀਰਜ ਦੀ ਜਾਣ-ਪਹਿਚਾਣ ਦਿੰਦੇ ਤਾਂ 2 ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਨਾ ਧੋਣਾ ਪੈਂਦਾ। ਉਨ੍ਹਾਂ ਨੇ ਇਟਲੀ ਦੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਸਾਡੀ ਸੂਚਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਮਛੇਰਿਆਂ ਆਪਣੀ ਕਿਸ਼ਤੀ 'ਤੇ ਕੋਈ ਹਥਿਆਰ ਜਾਂ ਗੋਲਾ ਬਾਰੂਦ ਨਹੀਂ ਰੱਖਿਆ ਹੋਇਆ ਸੀ। ਭਾਰਤੀ ਮਛੇਰੇ ਆਪਣੀ ਕਿਸ਼ਤੀ 'ਤੇ ਇਨ੍ਹਾਂ ਨੂੂੰ ਨਹੀਂ ਰੱਖਦੇ ਬਲਕਿ ਉਸ ਵਿਚ ਸਿਰਫ ਮੱਛੀ ਫੜਨ ਦਾ ਜਾਲ ਹੁੰਦਾ ਹੈ। ਯਾਦ ਰਹੇ ਕਿ ਤਾਮਿਲਨਾਡੂ ਦੇ ਅਜੇਸ਼ ਬਿੰਕੀ (25) ਅਤੇ ਕੇਰਲਾ ਦੇ ਜੇਲਾਸਟਿਨ (45) ਨਾਮਕ 2 ਮਛੇਰਿਆਂ ਨੂੰ ਸਮੁੰਦਰੀ ਡਾਕੂ ਸਮਝ ਕੇ ਇਟਲੀ ਦੇ ਇਸ ਮਾਲ-ਵਾਹਕ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਬੁੱਧਵਾਰ ਸ਼ਾਮ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਅਲਪਪੂਝਾ ਕਿਨਾਰੇ ਤੋਂ ਸਮੁੰਦਰ ਦੇ ਅੰਦਰ ਲਗਭਗ 14 ਮੀਲ ਦੀ ਦੂਰੀ 'ਤੇ ਵਾਪਰੀ ਸੀ।
 
ਆਸਾਮ 'ਚ ਮਾਓਵਾਦੀਆਂ ਦੇ ਵਧ ਰਹੇ ਪ੍ਰਭਾਵ 'ਤੇ ਚਿੰਤਾ
ਚਿਦੰਬਰਮ ਵੱਲੋਂ ਸਥਿਤੀ ਦਾ ਜਾਇਜ਼ਾ

ਗੁਹਾਟੀ, 19 ਫਰਵਰੀ -ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਆਸਾਮ ਵਿਚ ਮਾਓਵਾਦੀਆਂ ਦੇ ਵਧ ਰਹੇ ਪ੍ਰਭਾਵ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਥੇ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਮਾਓਵਾਦੀਆਂ ਦੇ ਰਾਜ ਦੇ ਅੱਤਵਾਦੀ ਸੰਗਠਨਾਂ ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ ਨਾਲ ਸਬੰਧਾਂ ਉਪਰ ਵੀ ਚਿੰਤਾ ਪ੍ਰਗਟਾਈ ਹੈ । ਆਸਾਮ ਦੇ ਮੁੱਖ ਮੰਤਰੀ ਤਰੁਨ ਗੋਗੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ ਰਾਜ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਚਿਦੰਬਰਮ ਨੇ ਮਾਓਵਾਦੀਆਂ ਦੀਆਂ ਵਧੀਆਂ ਸਰਗਰਮੀਆਂ ਉਪਰ ਚਿੰਤਾ ਪ੍ਰਗਟ ਕੀਤੀ ਤੇ ਇਸ ਨਾਲ ਨਜਿੱਠਣ ਲਈ ਰਣਨੀਤੀ ਦਾ ਖਰੜਾ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਅੱਤਵਾਦ ਦੀ ਸਮੱਸਿਆ, ਆਈ. ਐਸ. ਆਈ. ਦੀ ਸਰਗਰਮ ਹਮਾਇਤ ਨਾਲ ਮਾਓਵਾਦੀਆਂ ਦੇ ਵਧੇ ਪ੍ਰਭਾਵ ਤੇ ਮਾਓਵਾਦੀਆਂ ਦੇ ਉਲਫ਼ਾ ਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ ਤੇ ਇਨ੍ਹਾਂ ਨਾਲ ਨਜਿੱਠਣ ਲਈ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਹੋਇਆ। ਚਿਦੰਬਰਮ ਨੇ ਸਰਹੱਦ ਉਪਰ ਨਿਗਰਾਨੀ ਵਧਾਉਣ ਉਪਰ ਜ਼ੋਰ ਦਿੱਤਾ ਕਿਉਂਕਿ ਮਿਆਂਮਾਰ ਉੱਤਰ ਪੂਰਬ ਖਿੱਤੇ ਦੇ ਅੱਤਵਾਦੀਆਂ ਦੇ ਇਕ ਕੇਂਦਰ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਖਿੱਤੇ ਦੇ ਜ਼ਿਆਦਾਤਰ ਬਾਗੀ ਸੰਗਠਨਾਂ ਦਾ ਆਧਾਰ ਮਿਆਂਮਾਰ ਵਿਚ ਹੀ ਹੈ। ਚਿਦੰਬਰਮ ਨੇ ਸਪੱਸ਼ਟ ਕੀਤਾ ਕਿ ਉਲਫ਼ਾ ਦੇ ਗੱਲਬਾਤ ਵਿਰਧੀ ਧੜੇ ਸਮੇਤ ਸਾਰੇ ਪ੍ਰਮੁੱਖ ਸੰਗਠਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ। ਗੋਗੋਈ ਨੇ ਕਿਹਾ ਦਹਿਸ਼ਤ ਪੈਦਾ ਕਰਨ ਲਈ ਉੱਤਰ ਪੂਰਬੀ ਖਿੱਤੇ ਦੇ ਅੱਤਵਾਦੀਆਂ ਦੀ ਮੱਦਦ ਕਰਨ ਤੋਂ ਬਾਅਦ ਆਈ. ਐਸ. ਆਈ. ਮਾਓਵਾਦੀਆਂ ਨਾਲ ਰਾਬਤਾ ਕਾਇਮ ਕਰਨ ਦੇ ਯਤਨ ਵਿਚ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਮਾਓਵਾਦੀਆਂ ਦਾ ਪ੍ਰਭਾਵ ਵਧ ਰਿਹਾ ਤੇ ਉਹ ਰਾਜ ਵਿਚ ਆਧਾਰ ਕਾਇਮ ਕਰਨ ਦੇ ਯਤਨ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਾਓਵਾਦੀ ਉਲਫ਼ਾ ਵਰਗੇ ਉੱਤਰ ਪੂਰਬ ਦੇ ਹੋਰ ਬਾਗੀ ਗਰੁੱਪਾਂ ਦੀ ਮੱਦਦ ਲੈ ਰਹੇ ਹਨ ਤੇ ਆਈ. ਐਸ. ਆਈ. ਵੀ ਮਾਓਵਾਦੀਆਂ ਨਾਲ ਸਬੰਧ ਬਣਾਉਣ ਲਈ ਯਤਨਸ਼ੀਲ ਹੈ। ਮੀਟਿੰਗ ਦੌਰਾਨ ਰਾਜ ਸਰਕਾਰ ਨੇ ਅੱਤਵਾਦ ਨਾਲ ਨਜਿੱਠਣ ਲਈ ਹੋਰ ਕੇਂਦਰੀ ਫੋਰਸਾਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਅਨੁਸਾਰ ਹਾਲਾਂ ਕਿ ਚਿਦੰਬਰਮ ਨੇ ਕਿਹਾ ਹੈ ਕਿ ਸਥਿਤੀ ਵਿਚ ਸੁਧਾਰ ਹੋਇਆ ਹੈ ਪਰ ਅਸੀਂ ਹੋਰ ਫੋਰਸ ਦੇਣ ਲਈ ਦਬਾਅ ਪਾਇਆ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਅੱਤਵਾਦੀ ਮੁੜ ਸਿਰ ਨਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਅਸੀਂ ਕੁੱਲ 125 ਬਟਾਲੀਅਨਾਂ ਦੀ ਮੰਗ ਕੀਤੀ ਹੈ। ਮੀਟਿੰਗ ਵਿਚ ਫੌਜ, ਪੁਲਿਸ ਤੇ ਨੀਮ ਫੌਜੀ ਬਲਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਯੂ. ਪੀ. ਚੋਣਾਂ : ਚੌਥੇ ਗੇੜ 'ਚ 57 ਫ਼ੀਸਦੀ ਮਤਦਾਨ
ਵੋਟਾਂ ਪੈਣ ਦਾ ਕੰਮ ਸ਼ਾਂਤਮਈ ਮੁਕੰਮਲ
ਲਖਨਊ , 19 ਫਰਵਰੀ-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ 'ਚ ਰਾਜਧਾਨੀ ਲਖਨਊ ਸਮੇਤ 11 ਜ਼ਿਲ੍ਹਿਆਂ ਦੀਆਂ 56 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਿਆ ਹੈ। ਰਾਜ ਦੇ ਪ੍ਰਮੁੱਖ ਚੋਣ ਅਧਿਕਾਰੀ ਉਮੇਸ਼ ਸਿਨਹਾ ਨੇ ਦੱਸਿਆ ਕਿ ਇਸ ਗੇੜ 'ਚ ਰਾਜ ਦੇ ਹਰਦੋਈ, ਊਣਾਵ, ਲਖਨਊ, ਰਾਏਬਰੇਲੀ, ਫ਼ਰੂਖਾਬਾਦ, ਕੰਨੋਜ, ਬਾਂਦਾ, ਚਿਤਰਕੁਟ, ਫਤਹਿਪੁਰ, ਅਤੇ ਪ੍ਰਤਾਪਗੜ੍ਹ ਜ਼ਿਲ੍ਹੇ ਦੀਆਂ ਕੁੱਲ 56 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਚੌਥੇ ਗੇੜ 'ਚ 18,610 ਮਤਦਾਨ ਕੇਂਦਰਾਂ 'ਤੇ 1 ਕਰੋੜ 74 ਲੱਖ ਵੋਟਰਾਂ ਨੇ 91 ਔਰਤਾਂ ਸਮੇਤ 967 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਕੀਤਾ। ਸਿਨਹਾ ਨੇ ਦੱਸਿਆ ਕਿ ਵੋਟਿੰਗ ਦੌਰਾਨ ਨਜ਼ਰ ਰੱਖਣ  ਲਈ 944 ਵੀਡੀਓ ਕੈਮਰੇ ਅਤੇ 2779 ਅਤਿ-ਆਧੁਿਨਕ ਕੈਮਰੇ ਲਾਏ ਗਏ ਸਨ। ਇਸ ਗੇੜ 'ਚ ਕਈ ਪ੍ਰਮੁੱਖ ਆਗੂਆਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਹੋਇਆ। ਇਸ ਗੇੜ 'ਚ ਕਾਂਗਰਸ ਦੀ ਰਾਜ ਮੁਖੀ ਰੀਤਾ ਬਹੁਗੁਣਾ ਜੋਸ਼ੀ, ਕਾਂਗਰਸ ਦੇ ਸੀਨੀਅਰ ਅਧਿਕਾਰੀ ਪ੍ਰਮੋਦ ਤਿਵਾੜੀ, ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਅਤੇ ਕਾਂਗਰਸ ਨੇਤਾ ਲੁਈਸ ਖੁਰਸ਼ੀਦ , ਭਾਜਪਾ ਦੇ ਕਦਾਵਰ ਨੇਤਾ ਕਲਰਾਜ ਮਿਸ਼ਰਾ ਅਤੇ ਸਮਾਜਵਾਦੀ ਪਾਰਟੀ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਾਈ ਵਰਗੇ ਆਗੂਆਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਇਸ ਗੇੜ ਦੌਰਾਨ ਕਈ ਪ੍ਰਮੁੱਖ ਆਗੂਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉੱਤਰ ਪ੍ਰਦੇਸ਼ ਦੇ ਗਵਰਨਰ ਬੀ.ਐਲ. ਜੋਸ਼ੀ ਅਤੇ ਮੁੱਖ ਮੰਤਰੀ ਮਾਇਆਵਤੀ ਸਮੇਤ ਕਈ ਪ੍ਰਮੱਖ ਆਗੂਆਂ ਨੇ ਵੋਟਾਂ ਪਾਈਆਂ। ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਪਾਰਟੀ 2007 ਵਿਧਾਨ ਸਭਾ ਚੋਣਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਇਕ ਵਾਰ ਫਿਰ ਤੋਂ ਅਸੀਂ ਸਰਕਾਰ ਬਣਾਵਾਂਗੇ। ਇਸ ਗੇੜ ਦੌਰਾਨ ਇਕ ਚੋਣ ਅਧਿਕਾਰੀ ਦੀ ਕੁਦਰਤੀ ਢੰਗ ਨਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਆਲਮਬਾਗ ਖੇਤਰ 'ਚ ਜਨਤਾ ਇੰਟਰ ਕਾਲਜ 'ਚ ਬਣੇ ਮਤਦਾਨ ਕੇਂਦਰ 'ਚ ਆਪਣੀ ਡਿਊਟੀ ਕਰ ਰਹੇ ਚੋਣ ਅਧਿਕਾਰੀ ਦੀ ਦਿਲ ਦੌਰਾ ਪੈਣ ਨਾਲ ਮੌਤ ਹੈ ਗਈ ਪਰ ਵੋਟਿੰਗ ਦਾ ਕੰਮ ਨਿਰੰਤਰ ਜਾਰੀ ਰਿਹਾ। ਚੌਥੇ ਗੇੜ 'ਚ ਵੋਟਾਂ ਪੈਣ ਦੇ ਕੰਮ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਇਆ।

ਫਰੂਖਾਬਾਦ 'ਚ ਲੁਇਸ ਖੁਰਸ਼ੀਦ 'ਤੇ ਪਥਰਾਅ
ਫਰੂਖਾਬਾਦ (ਉੱਤਰ ਪ੍ਰਦੇਸ਼), 19 ਫਰਵਰੀ-ਫਰੂਖਾਬਾਦ ਦੇ ਬੀਵੀਗੰਜ ਤੋਂ ਕਾਂਗਰਸ ਉਮੀਦਵਾਰ ਅਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੁਇਸ ਖੁਰਸ਼ੀਦ 'ਤੇ ਅੱਜ ਵਿਰੋਧੀਆਂ ਵੱਲੋਂ ਪਥਰਾਅ ਕੀਤਾ ਗਿਆ। ਲੁਇਸ ਖੁਰਸ਼ੀਦ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਦੌਰਾਨ ਸਮਾਂ ਖਤਮ ਹੋਣ ਤੋਂ ਬਾਅਦ ਵੀ ਕੁਝ ਮਤਦਾਤਾ ਵੋਟ ਦੇਣ ਲਈ ਕਤਾਰ 'ਚ ਲੱਗੇ ਸਨ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਇਸ 'ਤੇ ਮਤਦਾਤਾ ਭੜਕ ਗਏ ਤੇ ਉਨ੍ਹਾਂ ਨੇ ਪਥਰਾਅ ਕਰ ਦਿੱਤਾ। ਲੁਇਸ ਨੇ ਦੋਸ਼ ਲਾਇਆ ਕਿ ਪਥਰਾਅ ਕਰਨ ਵਾਲੇ ਭਾਜਪਾ ਸਮਰਥਕ ਸਨ।
 
18 ਲੱਖ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
ਘਰੋ-ਘਰੀ ਜਾਣਗੀਆਂ ਟੀਮਾਂ ੲ 38 ਲੱਖ ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ
ਜਲੰਧਰ, 19 ਫਰਵਰੀ -ਦੇਸ਼ ਦੇ ਵੱਖ-ਵੱਖ ਸੂਬਿਆਂ ਵਾਂਗ ਪੰਜਾਬ ਵਿਚ ਵੀ ਅੱਜ ਪੋਲੀਓ ਮੁਕਤ ਪੰਜਾਬ ਬਣਾਉਣ ਲਈ ਰਾਜ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਕੰਮ ਆਰੰਭ ਕੀਤਾ ਗਿਆ। ਪੋਲੀਓ ਬੂੰਦਾਂ ਦੇ ਸਟੇਟ ਅਫਸਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਰਾਜ ਭਰ 'ਚ 15 ਹਜ਼ਾਰ ਤੋਂ ਵਧੇਰੇ ਬੂਥ ਲਗਾਏ ਗਏ ਜਿਨ੍ਹਾਂ ਵਿਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਮੁਹਾਲੀ, ਪਟਿਆਲਾ, ਸੰਗਰੂਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਲੱਗੇ ਬੂਥਾਂ ਦਾ ਨਿਰੀਖਣ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ ਨੇ ਕੀਤਾ। ਉਨ੍ਹਾਂ ਇਹ ਵੀ ਜਾਣਕਾਰੀ ਹਾਸਲ ਕੀਤੀ ਕਿ ਨਵਜਨਮੇ ਬੱਚੇ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਹਨ ਜਾਂ ਘਰਾਂ ਜਾਂ ਨਿੱਜੀ ਹਸਪਤਾਲਾਂ ਵਿਚ। ਬੂਥਾਂ ਉੱਪਰ ਬੂੰਦਾਂ ਪਿਲਾਉਣ ਦੀ ਮੁਹਿੰਮ ਵਿਚ ਸਾਰੀਆਂ ਪ੍ਰਮੁੱਖ ਸਮਾਜ-ਸੇਵੀ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਬੜੀ ਦਿਲਚਸਪੀ ਨਾਲ ਭਾਗ ਲਿਆ। ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਮੁਹਿੰਮ ਵਿਚ 38 ਲੱਖ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ। ਇਸ ਵਾਸਤੇ 2 ਕਰੋੜ 6 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਮਿਲ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੂਥਾਂ ਉੱਪਰ ਬੂੰਦਾਂ ਪਿਲਾਏ ਜਾਣ ਦੇ ਮੁਕੰਮਲ ਅੰਕੜੇ ਭਾਵੇਂ ਅਜੇ ਇਕੱਤਰ ਨਹੀਂ ਹੋਏ ਪਰ ਅੰਦਾਜ਼ਨ 18-19 ਲੱਖ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਗੋਂ ਦੋ ਦਿਨ 20 ਅਤੇ 21 ਫਰਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰੋ-ਘਰੀਂ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣਗੀਆਂ। ਕੇਂਦਰ ਸਰਕਾਰ ਨੇ ਭਾਰਤ ਨੂੰ ਪੋਲੀਓ ਮੁਕਤ ਕਰਾਰ ਦੇਣ ਲਈ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ ਤੇ ਇਸ ਦਾ ਆਰੰਭ 18 ਫਰਵਰੀ ਨੂੰ ਰਾਸ਼ਟਰਪਤੀ ਨੇ ਇਕ ਸਮਾਗਮ ਦੌਰਾਨ ਕੀਤਾ ਸੀ।
1
ਇਰਾਕ 'ਚ ਪੁਲਿਸ ਅਕਾਦਮੀ 'ਤੇ ਆਤਮਘਾਤੀ ਹਮਲਾ-20 ਮਰੇ
ਕਾਰ ਵਿਚ ਕੀਤਾ ਗਿਆ ਬੰਬ ਧਮਾਕਾ
ਬਗਦਾਦ, 19 ਫਰਵਰੀ -ਅੱਜ ਬਗਦਾਦ ਵਿਚ ਪੁਲਿਸ ਅਕਾਦਮੀ ਦੇ ਬਾਹਰ ਭੀੜ 'ਤੇ ਕਾਰ ਬੰਬ ਨਾਲ ਕੀਤੇ ਆਤਮਘਾਤੀ ਹਮਲੇ ਵਿਚ 20 ਪੁਲਿਸ ਅਧਿਕਾਰੀ ਅਤੇ ਕੈਡਿਟ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋ ਗਏ। ਅਕਾਦਮੀ 'ਚ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੈਡਿਟਾਂ ਦੇ ਭੀੜ ਕੋਲ ਇਕ ਕਾਰ ਨਾਲ ਬੰਬ ਧਮਾਕਾ ਕਰ ਦਿੱਤਾ ਗਿਆ। ਇਹ ਕੈਡਿਟ ਪੁਲਿਸ ਅਧਿਕਾਰੀਆਂ ਨਾਲ ਅਕਾਦਮੀ ਚੋਂ ਨਿਕਲ ਕੇ ਅਜੇ ਸੜਕ 'ਤੇ ਖੜ੍ਹੇ ਹੋਏ ਸਨ ਜਦੋਂ ਧਮਾਕਾ ਹੋ ਗਿਆ। ਪੁਲਿਸ ਅਤੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਹਮਲੇ ਵਿਚ 14 ਕੈਡਿਟ ਅਤੇ ਪੰਜ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 26 ਵਿਅਕਤੀ ਜ਼ਖ਼ਮੀ ਹੋ ਗਏ। ਦੋ ਵਿਅਕਤੀਆਂ ਨੂੰ ਛੱਡ ਕੇ ਸਾਰੇ ਜ਼ਖ਼ਮੀ ਪੁਲਿਸ ਮੁਲਾਜ਼ਮ ਜਾਂ ਕੈਡਿਟ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਾਕੇ ਨਾਲ ਇਧਰ ਉਧਰ ਲਾਸ਼ਾਂ ਖਿਲਰੀਆਂ ਹੋਈਆਂ ਸਨ ਅਤੇ ਕਈ ਕਾਰਾਂ ਅੱਗ ਨਾਲ ਸੜ ਗਈਆਂ। 27 ਜਨਵਰੀ ਨੂੰ ਹੋਏ ਹਮਲੇ ਪਿੱਛੋਂ ਇਹ ਸਭ ਤੋਂ ਵੱਧ ਮਾਰੂ ਹਮਲਾ ਹੈ। ਜਨਵਰੀ 'ਚ ਹੋਏ ਹਮਲੇ ਵਿਚ ਘੱਟੋ-ਘੱਟ 31 ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ।
ਚੰਡੀਗੜ੍ਹ, 19 ਫਰਵਰੀ - ਕੇਂਦਰੀ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਬੈਂਕਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ ਉਹ ਆਮ ਆਦਮੀ ਨੂੰ ਈ-ਬੈਂਕਿੰਗ ਸਹੂਲਤ ਦੇ ਕੇ ਦੇਸ਼ ਦੇ ਸਰਬਪੱਖੀ ਵਿਕਾਸ ਵਿਚ ਯੋਗਦਾਨ ਪਾਉਣ। ਵਿੱਤ ਮੰਤਰੀ ਗੁੜਗਾਉਂ ਵਿਖੇ ਸੈਕਟਰ 32 ਵਿਚ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ) ਦੇ ਨਵੇਂ ਕਾਰਪੋਰੇਟ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਹਰਿਆਣਾ ਵਿਚ ਓਰੀਐਂਟਲ ਬੈਂਕ ਆਫ ਕਾਮਰਸ ਕਾਰਪੋਰੇਟ ਦਫਤਰ ਖੋਲ੍ਹਣ ਵਾਲੀ ਸਰਕਾਰੀ ਖੇਤਰ ਦੀ ਪਹਿਲੀ ਬੈਂਕ ਬਣ ਗਈ ਹੈ। ਇਸੇ ਹੀ ਇਮਾਰਤ ਵਿਚ ਮੁਖਰਜੀ ਨੇ ਈ-ਲਾਬੀ ਦਾ ਉਦਘਾਟਨ ਵੀ ਕੀਤਾ ਜੋ ਗਾਹਕਾਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਏਗੀ।

ਗੜ੍ਹਸ਼ੰਕਰ 'ਚ ਬਜ਼ੁਰਗ ਜੋੜੇ ਦੀ ਹੱਤਿਆ
ਅਣਪਛਾਤੇ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜ਼ਾਮ

ਗੜ੍ਹਸ਼ੰਕਰ, 19 ਫਰਵਰੀ - ਦੇਰ ਰਾਤ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਸੜਕ 'ਤੇ ਸਰਕਾਰੀ ਰੈਸਟ ਹਾਊਸ ਦੇ ਬਿਲਕੁਲ ਨਜ਼ਦੀਕ ਅਣਪਛਾਤੇ ਵਿਅਕਤੀਆਂ ਨੇ ਇਕ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਕਰੀਬ ਅੱਠ ਤੋਂ ਨੌਂ ਵਜੇ ਦਰਮਿਆਨ ਹੋਈ ਦੱਸੀ ਜਾਂਦੀ ਹੈ। ਕਤਲ ਕੀਤੇ ਗਏ ਬਜ਼ੁਰਗ ਜੋੜੇ ਦੀ ਪਹਿਚਾਣ ਸਤਪ੍ਰਕਾਸ਼ ਬੇਦੀ (72) ਅਤੇ ਡਾ: ਗੁਰਚਰਨ ਕੌਰ ਬੇਦੀ (70) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਰਾਮਪੁਰ ਬਿਲੜੋਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਬੇਟੇ ਡਾ: ਗੁਰਮਿੰਦਰ ਸਿੰਘ ਵੱਲੋਂ ਸਧਾਰਨ ਹਾਲਚਾਲ ਪੁੱਛਣ ਲਈ ਫ਼ੋਨ ਕੀਤਾ ਗਿਆ ਸੀ। ਫ਼ੋਨ ਨਾ ਸੁਨਣ 'ਤੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਰਹਿੰਦੇ ਅਜਵਿੰਦਰ ਸਿੰਘ ਨੂੰ ਫ਼ੋਨ ਕੀਤਾ ਤਾਂ ਅਜਵਿੰਦਰ ਸਿੰਘ ਨੇ ਘਰ ਜਾ ਕੇ ਵੇਖਿਆ ਤੇ ਹਾਲਾਤ ਨੂੰ ਦੇਖਦਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸ. ਐਸ. ਪੀ. ਬਲਕਾਰ ਸਿੰਘ ਸਿੱਧੂ, ਐਸ. ਪੀ. (ਡੀ) ਜਗਮੋਹਣ ਸਿੰਘ, ਥਾਣਾ ਮੁਖੀ ਗੜ੍ਹਸ਼ੰਕਰ ਇੰਸਪੈਕਟਰ ਰਾਜ ਕੁਮਾਰ, ਥਾਣਾ ਮੁਖੀ ਮਾਹਿਲਪੁਰ ਕਮਲ ਸਿੰਘ, ਇੰਚਾਰਜ ਸੀ. ਆਈ. ਏ., ਡੀ.ਐਸ.ਪੀ. ਗੜ੍ਹਸ਼ੰਕਰ ਮਨਜੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਕਾਤਲ ਜਾਂਦੇ ਹੋਏ ਹਰੇ ਰੰਗ ਦੀ ਪੁਰਾਣੀ ਓਪਨਐਸਟਰਾ ਗੱਡੀ ਨੰਬਰ ਸੀ.ਐਚ. 03 ਯੂ 5872 ਵੀ ਲੈ ਗਏ।
ਨਵੀਂ ਦਿੱਲੀ, 19 ਫਰਵਰੀ-ਆਮਦਨ ਟੈਕਸ ਵਿਭਾਗ ਨੇ ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟ ਸੰਗਠਨ ਭਾਰਤੀ ਕ੍ਰਿਕਟ ਬੋਰਡ ਤੋਂ 2009-10 ਸਾਲ ਲਈ ਉਸ ਦੇ ਆਮਦਨ ਮੁਲਾਂਕਣ ਅਨੁਸਾਰ 413 ਕਰੋੜ ਰੁਪਏ ਤੋਂ ਵਧ ਟੈਕਸ ਮੰਗਿਆ ਹੈ ਜਿਸ ਵਿਚੋਂ ਕੇਵਲ 41 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਪ੍ਰਗਟਾਵਾ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿਚ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਇਕ ਉਪਕਾਰੀ ਸੰਗਠਨ ਵਜੋਂ ਟੈਕਸ ਛੋਟ ਲੈਂਦਾ ਰਿਹਾ ਹੈ ਪਰ ਹੁਣ ਇਹ ਛੋਟ ਵਾਪਸ ਲੈ ਲਈ ਗਈ ਹੈ ਕਿਉਂਕਿ ਹੁਣ ਉਸ ਦੀ ਕਮਾਈ ਕਾਰੋਬਾਰੀ ਆਮਦਨੀ ਤਹਿਤ ਆ ਗਈ ਹੈ। ਸੁਭਾਸ਼ ਅਗਰਵਾਲ ਨਾਮੀ ਕਾਰਕੁੰਨ ਦੇ ਜਵਾਬ ਵਿਚ ਵਿਭਾਗ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਬੋਰਡ ਨੇ ਸਾਲ 2009-10 ਲਈ ਆਮਦਨੀ ਦਾ ਮੁਲਾਂਕਣ 964 ਕਰੋੜ ਰੁਪਏ ਤੋਂ ਵਧ ਕੀਤਾ ਹੈ ਜਿਸ ਵਾਸਤੇ ਵਿਭਾਗ ਨੇ 413 ਕਰੋੜ ਰੁਪਏ ਤੋਂ ਵਧ ਟੈਕਸ ਵਜੋਂ ਮੰਗੇ ਹਨ ਪੰਰਤੂ ਅਜੇ ਤੱਕ 41.19 ਕਰੋੜ ਹੀ ਜਮ੍ਹਾਂ ਕਰਵਾਏ ਗਏ ਹਨ ਜਦ ਕਿ 2010-11 ਤੇ 2011-12 ਦੀ ਆਮਦਨੀ ਦਾ ਮੁਲਾਂਕਣ ਅਜੇ ਕੀਤਾ ਜਾਣਾ ਹੈ।

ਲੁਧਿਆਣਾ, 19 ਫਰਵਰੀ-ਸਥਾਨਕ ਢੰਡਾਰੀ ਖੁਰਦ ਵਿਚ ਬੀਤੀ ਦੇਰ ਸ਼ਾਮ ਤਿੰਨ ਅਣਪਛਾਤੇ ਅਗਵਾਕਾਰਾਂ ਵੱਲੋਂ ਇਕ ਠੇਕੇਦਾਰ ਦੀ 6 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰ ਲਿਆ।ੁੰ ਜਾਣਕਾਰੀ ਅਨੁਸਾਰ ਇਕ ਫੈਕਟਰੀ ਵਿਚ ਬਤੌਰ ਠੇਕੇਦਾਰੀ ਕਰਦੇ ਅਰਜਨ ਸਿੰਘ ਦੀ 6 ਸਾਲਾ ਲੜਕੀ ਨੀਸ਼ਾ ਕੁਮਾਰੀ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਇਸ ਦੌਰਾਨ ਉਥੇ ਇਕ ਪਲਸਰ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਅਤੇ ਉਸਨੇ ਨੀਸ਼ਾ ਨੂੰ ਚੁੱਕ ਲਿਆ। ਨੀਸ਼ਾ ਨੇ ਰੌਲਾ ਪਾਇਆ ਪਰ ਅਗਵਾਕਾਰ ਉਸਨੂੰ ਅਗਵਾ ਕਰਕੇ ਲੈ ਗਏ। ਬੱਚਿਆਂ ਨੇ ਇਸ ਬਾਰੇ ਨੀਸ਼ਾ ਦੇ ਘਰ ਵਾਲਿਆਂ ਨੂੰ ਦੱਸਿਆ। ਸੂਚਨਾ ਮਿਲਦੇ ਉਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਅਗਵਾ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਵਿਚ ਨਾਕਾਬੰਦੀ ਕਰਕੇ ਖਾਸ ਕਰਕੇ ਪਲਸਰ ਮੋਟਰਸਾਈਕਲ ਨੂੰ ਚੈਕ ਕੀਤਾ ਪਰ ਅਗਵਾਕਾਰਾਂ ਦਾ ਪਤਾ ਨਹੀਂ ਲੱਗਿਆ। ਅਰਜਨ ਸਿੰਘ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਢੰਡਾਰੀ ਖੁਰਦ ਰਹਿ ਰਿਹਾ ਹੈ। ਜਾਂਚ ਕਰ ਰਹੇ ਐਸ. ਐਚ. ਓ. ਸ੍ਰੀ ਅਰਵਿੰਦਪੁਰੀ ਨੇ ਦੱਸਿਆ ਕਿ ਅਗਵਾਕਾਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਪੁਲਿਸ ਪਾਰਟੀਆਂ ਭੇਜੀਆਂ ਹਨ। ਪੁਲਿਸ ਇਸ ਮਾਮਲੇ ਵਿਚ ਨਿੱਜੀ ਰੰਜਿਸ਼ ਸਮੇਤ ਕੁਝ ਹੋਰ ਥਿਊਰੀਆਂ ਤੇ ਕੰਮ ਕਰ ਰਹੀ ਹੈ। ਪੁਲਿਸ ਨੇ ਇਸ ਸਬੰਧੀ ਧਾਰਾ 363/366 ਅਧੀਨ ਕੇਸ ਦਰਜ ਕੀਤਾ ਹੈ।
ਸਥਾਨਕ ਢੰਡਾਰੀ ਇਲਾਕੇ ਵਿਚ ਬੀਤੀ ਸ਼ਾਮ ਅਗਵਾ ਕੀਤੀ 6 ਸਾਲਾ ਬੱਚੀ ਦੇ ਅਗਵਾਕਾਰ ਪੁਲਿਸ ਪਾਸੋਂ 3 ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਚਕਮਾ ਦੇ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਬੱਚੀ ਨਿਸ਼ਾ ਦੇ ਅਗਵਾਕਾਰਾਂ ਵੱਲੋਂ ਅੱਜ ਦੇਰ ਸ਼ਾਮ ਉਸ ਦੇ ਪਿਤਾ ਪਾਸੋਂ 5 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਪਰ ਸੌਦਾ 3 ਲੱਖ ਵਿਚ ਤੈਅ ਹੋਇਆ। ਅਗਵਾਕਾਰ ਨੇ ਇਹ ਫਿਰੌਤੀ ਦੀ ਰਕਮ ਫੋਕਲ ਪੁਆਇੰਟ ਥਾਣੇ ਦੇ ਨੇੜੇ ਖੜ੍ਹੇ ਇਕ ਸਾਈਕਲ 'ਤੇ ਰੱਖਣ ਲਈ ਕਿਹਾ। ਦੱਸੇ ਗਏ ਸਮੇਂ ਅਤੇ ਥਾਂ 'ਤੇ ਖੜ੍ਹੇ ਸਾਈਕਲ 'ਤੇ ਪੁਲਿਸ ਨੇ 3 ਲੱਖ ਦੀ ਨਕਦੀ ਵਾਲਾ ਥੈਲਾ ਰੱਖ ਦਿੱਤਾ ਅਤੇ ਆਸ-ਪਾਸ ਸਾਦਾ ਕੱਪੜਿਆਂ ਵਿਚ ਪੁਲਿਸ ਤਾਇਨਾਤ ਕਰ ਦਿੱਤੀ। ਅਗਵਾਕਾਰ ਉਥੇ ਆਇਆ ਉਸ ਨੇ ਨਕਦੀ ਵਾਲਾ ਥੈਲਾ ਚੁੱਕਿਆ ਤੇ ਸਾਈਕਲ 'ਤੇ ਹੀ ਫਰਾਰ ਹੋ ਗਿਆ। ਜਦ ਕਿ ਉੱਚ ਅਧਿਕਾਰੀਆਂ ਸਮੇਤ ਹੋਰ ਪੁਲਿਸ ਅਧਿਕਾਰੀ ਦੇਖਦੇ ਰਹਿ ਗਏ। ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। 4 ਅਗਵਾਕਾਰਾਂ ਨਾਲ ਪੁਲਿਸ ਵੱਲੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਮੋਬਾਈਲ ਬੰਦ ਕਰ ਦਿੱਤੇ। ਅਗਵਾ ਕੀਤੀ ਲੜਕੀ ਦੇ ਪਿਤਾ ਪਾਸ ਏਨੀ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਔਖਾ ਸੀ ਅਤੇ ਇਸ ਕੰਮ ਵਿਚ ਵੀ ਪੁਲਿਸ ਨੇ ਉਸਦੀ ਮਦਦ ਕੀਤੀ। ਇਸ ਦੌਰਾਨ ਡੀ. ਸੀ.ਪੀ. ਸ੍ਰੀ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਪੁਲਿਸ ਅਗਵਾਕਾਰਾਂ ਦੇ ਨੇੜੇ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਵੇਗੀ। ਦੇਰ ਰਾਤ ਤੱਕ ਨਾ ਤਾਂ ਬੱਚੀ ਅਤੇ ਨਾ ਹੀ ਉਸ ਦੇ ਅਗਵਾਕਾਰਾਂ ਬਾਰੇ ਪਤਾ ਲੱਗ ਸਕਿਆ ਸੀ।

ਜਲੰਧਰ, 19 ਫਰਵਰੀ -ਰਾਜ ਦੇ ਕਈ ਹਿੱਸਿਆਂ ਵਿਚ ਸੀ ਫਾਰਮਾਂ ਦੇ ਗ਼ਾਇਬ ਹੋਣ ਕਰਕੇ ਸਨਅਤਕਾਰਾਂ ਤੇ ਵਪਾਰੀਆਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ ਤੇ ਉਹ ਆਪਣਾ ਵੈਟ ਰਿਫੰਡ ਲੈਣ ਲਈ ਕਈ ਮਹੀਨਿਆਂ ਤੋਂ ਮਾਰੇ-ਮਾਰੇ ਫਿਰ ਰਹੇ ਹਨ ਜਦ ਕਿ ਵਿਭਾਗ ਵੱਲੋਂ ਵੈਟ ਰਿਫੰਡ ਸੀ ਫਾਰਮ ਲਏ ਬਿਨਾਂ ਜਾਰੀ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸਨਅਤਕਾਰ ਤੇ ਵਪਾਰੀ ਜਦੋਂ ਦੂਸਰੇ ਰਾਜਾਂ ਵਿਚ ਜਾ ਕੇ ਸਾਮਾਨ ਦੀ ਖ਼ਰੀਦ ਕਰਦੇ ਹਨ ਤਾਂ ਉਨ੍ਹਾਂ ਨੂੰ ਸੀ ਫਾਰਮ ਦੇਣਾ ਪੈਂਦਾ ਹੈ ਤੇ ਜੇਕਰ ਪੰਜਾਬ ਵਿਚ ਉਹ ਸਾਮਾਨ ਦੀ ਵਿੱਕਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਸੀ ਫਾਰਮ ਲੈਣੇ ਪੈਂਦੇ ਹਨ। ਇਸ ਵੇਲੇ ਰਾਜ ਦੇ ਕਈ ਦਫ਼ਤਰਾਂ ਵਿਚ ਸੀ ਫਾਰਮ ਮੌਜੂਦ ਨਹੀਂ ਹਨ। ਸਨਅਤਕਾਰ ਆਗੂ ਸ: ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਸਨਅਤਕਾਰ ਕਾਫ਼ੀ ਸਮੇਂ ਤੋਂ ਦਫ਼ਤਰਾਂ ਵਿਚ ਚੱਕਰ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਸੀ ਫਾਰਮ ਨਹੀਂ ਦਿੱਤੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾਸਿਕ ਤੋਂ ਛੱਪਕੇ ਆਉਣ ਵਾਲੇ ਸੀ ਫਾਰਮਾਂ ਦੀ ਗਿਣਤੀ ਘਟੀ ਹੈ ਜਿਸ ਕਰਕੇ ਇਹ ਸਮੱਸਿਆ ਖੜ੍ਹੀ ਹੋ ਰਹੀ ਹੈ। ਸੀ ਫਾਰਮ ਨਾ ਮਿਲਣ ਕਰਕੇ ਰਾਜ ਵਿਚ ਇਸ ਵੇਲੇ ਸਨਅਤਕਾਰ ਤੇ ਵਪਾਰੀਆਂ ਦਾ 600 ਕਰੋੜ ਰੁਪਏ ਦੇ ਕਰੀਬ ਵੈਟ ਦਾ ਰਿਫੰਡ ਫਸਿਆ ਪਿਆ ਹੈ। ਵੈਟ ਰਿਫੰਡ ਨਾ ਮਿਲਣ ਕਰਕੇ ਸਨਅਤਕਾਰ ਵਿੱਤੀ ਸੰਕਟ ਵਿਚ ਫਸੇ ਪਏ ਹਨ। ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਸਨਅਤਕਾਰ, ਵਪਾਰੀ ਹਲਫ਼ੀਆ ਬਿਆਨ ਦੇ ਕੇ 75 ਫ਼ੀਸਦੀ ਵੈਟ ਰਿਫੰਡ ਪ੍ਰਾਪਤ ਕਰ ਸਕਦੇ ਹਨ ਤੇ ਉਹ ਸੀ ਫਾਰਮ ਬਾਅਦ ਵਿਚ ਉਪਲਬਧ ਕਰਵਾ ਦੇਣ। ਇਕ ਵਾਰ ਤਾਂ ਵਿਭਾਗ ਨੇ ਇਹ ਹਲਫ਼ੀਆ ਬਿਆਨ ਲੈ ਲਏ ਸਨ ਪਰ ਹੁਣ ਫਿਰ ਸੀ ਫਾਰਮਾਂ ਦੀ ਮੰਗ ਕੀਤੀ ਜਾ ਰਹੀ ਹੈ। ਸਨਅਤਕਾਰ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਵੈਟ ਨੂੰ 2005 ਵਿਚ ਸਰਲ ਕਹਿਕੇ ਲਾਗੂ ਕੀਤਾ ਸੀ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਏ. ਵੇਣੂਪ੍ਰਸਾਦ ਨਾਲ ਇਸ ਮਾਮਲੇ 'ਤੇ ਗੱਲ ਨਹੀਂ ਹੋ ਸਕੀ।

ਰਾਜਕੋਟ, 19 ਫਰਵਰੀ  -ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਭਵਨਾਥ ਮੰਦਿਰ 'ਚ ਚੱਲ ਰਹੇ ਮਹਾਸ਼ਿਵਰਾਤੀ ਮੇਲੇ ਦੌਰਾਨ ਅੱਜ ਰਾਤ ਭਗਦੜ ਮਚ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ 2 ਔਰਤਾਂ ਅਤੇ 2 ਬੱਚੇ ਵੀ ਸ਼ਾਮਿਲ ਹਨ ਅਤੇ ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਸ਼ਿਵਰਾਤੀ ਦੇ ਤਿਉਹਾਰ ਸਬੰਧੀ ਵੱਡੀ ਦੀ ਗਿਣਤੀ 'ਚ ਸ਼ਰਧਾਲੂ ਭਵਨਾਥ ਮੰਦਿਰ 'ਚ ਪੁਹੰਚੇ ਹੋਏ ਹਨ ਅਤੇ ਦੇਰ ਰਾਤ ਇਕ ਚਾਰ ਪਹੀਆਂ ਵਾਹਨ ਬਰੇਕ ਫੇਲ ਹੋ ਜਾਣ ਕਾਰਨ ਸ਼ਰਧਾਲੂਆਂ 'ਤੇ ਜਾ ਚੜ੍ਹਿਆ, ਜਿਸ ਕਾਰਨ ਉਥੇ ਭਗਦੜ ਮਚ ਗਈ। ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਪਰ ਭੀੜ ਹੋਣ ਕਾਰਨ ਬਚਾਅ ਕੰਮਾਂ 'ਚ ਰੁਕਾਵਟ ਆਈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਪਹੁੰਚਾ ਦਿੱਤਾ ਗਿਆ ਹੈ। ਹਾਦਸੇ ਸਮੇਂ ਮੰਦਿਰ 'ਚ 10 ਹਜ਼ਾਰ ਦੇ ਕਰੀਬ ਸ਼ਰਧਾਲੂ ਹਾਜ਼ਰ ਸਨ। ਗੁਜਰਾਤ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਸ੍ਰੀਨਗਰ, 19 ਫਰਵਰੀ -ਜੰਮੂ-ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ 'ਚ ਅੱਜ ਰਾਤ ਅੱਤਵਾਦੀਆਂ ਨੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਉਮਰ ਰਾਸ਼ੀਦ (23) ਵਜੋਂ ਹੋਈ ਹੈ, ਜਿਸ ਨੂੰ ਅੱਤਵਾਦੀਆਂ ਨੇ ਉਸ ਦੇ ਘਰ ਦੇ ਨੇੜੇ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਹਵਾਈ ਫ਼ੌਜ 71 ਹੋਰ ਹਥਿਆਰਬੰਦ ਹੈਲੀਕਾਪਟਰ ਖਰੀਦੇਗੀ
ਨਵੀਂ ਦਿੱਲੀ, 19 ਫਰਵਰੀ -ਦਰਮਿਆਨੀ ਲਿਫਟ ਵਾਲੇ ਹੈਲੀਕਾਪਟਰਾਂ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਭਾਰਤੀ ਹਵਾਈ ਫ਼ੌਜ ਗ੍ਰਹਿ ਮੰਤਰਾਲੇ ਲਈ 12 ਹੈਲੀਕਾਪਟਰਾਂ ਸਮੇਤ 71 ਹੋਰ ਐਮ ਆਈ-17 ਵੀ 5 ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਹ ਹੈਲੀਕਾਪਟਰ ਉਨ੍ਹਾਂ 80 ਹੈਲੀਕਾਪਟਰਾਂ ਤੋਂ ਵੱਖਰੇ ਹੋਣਗੇ ਜਿਨ੍ਹਾਂ ਦਾ ਰੂਸ ਨੂੰ ਪਹਿਲਾਂ ਹੀ ਆਰਡਰ ਦਿੱਤਾ ਹੋਇਆ ਹੈ। ਐਮ ਆਈ-17 ਵੀ 5 ਹੈਲੀਕਾਪਟਰ ਹਥਿਆਰਬੰਦ ਹੈਲੀਕਾਪਟਰਾਂ ਦੇ ਵਰਗ ਵਿਚ ਹੀ ਹੈ ਅਤੇ ਇਸ ਦੀ ਹਮਲਾ ਕਰਨ ਦੀ ਕਾਫੀ ਸਮਰਥਾ ਹੈ। ਇਸ ਦੇ ਨਵੀਨਤਮ ਅਤੇ ਜ਼ਿਆਦਾ ਸ਼ਕਤੀਸ਼ਾਲੀ ਇੰਜਣ ਇਸ ਦੀ ਉਚਾਈਆਂ 'ਤੇ ਭਾਰ ਲਿਜਾਣ ਦੀ ਸਮਰਥਾ ਨੂੰ ਵਧਾਉਂਦੇ ਹਨ। ਇਸ ਤੋਂ ਪਹਿਲਾਂ ਜਿਨ੍ਹਾਂ 80 ਹੈਲੀਕਾਪਟਰਾਂ ਦਾ ਰੂਸ ਨੂੰ ਆਰਡਰ ਦਿੱਤਾ ਹੋਇਆ ਹੈ ਉਸ ਦੇ ਪਹਿਲੇ ਬੈਚ ਨੂੰ ਸ਼ੁਕਰਵਾਰ ਰੱਖਿਆ ਮੰਤਰੀ ਨੇ ਰਸਮੀ ਰੂਪ ਵਿਚ ਹਵਾਈ ਫ਼ੌਜ ਵਿਚ ਸ਼ਾਮਿਲ ਕੀਤਾ। 71 ਹੈਲੀਕਾਪਟਰਾਂ ਵਿਚੋਂ 59 ਹਵਾਈ ਫ਼ੌਜ ਨੂੰ ਉਸ ਦਾ ਪੁਰਾਣੇ ਐਮ ਆਈ-8 ਅਤੇ ਐਮ. ਆਈ-17 ਵੀ ਹੈਲੀਕਾਪਟਰਾਂ ਨੂੰ ਬਦਲਣ ਲਈ ਦਿੱਤੇ ਜਾਣਗੇ ਅਤੇ 6 ਸਰਹੱਦੀ ਸੁਰੱਖਿਆ ਬਲ ਨੂੰ ਦਿੱਤੇ ਜਾਣਗੇ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ 6 ਹੈਲੀਕਾਪਟਰ ਦੂਸਰੇ ਕੇਂਦਰੀ ਹਥਿਆਰਬੰਦ ਬਲਾਂ ਵਿਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਹਵਾਈ ਫ਼ੌਜ ਨੇ ਕੇਵਲ 59 ਹੈਲੀਕਾਪਟਰਾਂ ਦੀ ਮੰਗ ਕੀਤੀ ਸੀ ਪਰ ਗ੍ਰਹਿ ਮੰਤਰਾਲੇ ਦੀ ਬੇਨਤੀ 'ਤੇ ਉਸ ਦੀਆਂ ਲੋੜਾਂ ਨੂੰ ਰੱਖਿਆ ਮੰਤਰਾਲੇ ਦੀ ਤਜਵੀਜ਼ ਨਾਲ ਜੋੜ ਦਿੱਤਾ ਗਿਆ।

ਇਸਲਾਮਾਬਾਦ, 19 ਫਰਵਰੀ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਇਥੇ ਕਿਹਾ ਕਿ ਪਾਕਿ ਵੱਲੋਂ ਭਾਰਤ ਨੂੰ ਸਭ ਤੋਂ ਵੱਧ ਤਰਜ਼ੀਹੀ ਦੇਸ਼ (ਐਮ. ਐਫ. ਐਨ.) ਦਾ ਦਰਜਾ ਦੇਣ ਸਬੰਧੀ ਫੈਸਲੇ ਦਾ ਗਲਤ ਅਰਥ ਸਮਝਿਆ ਜਾ ਰਿਹਾ ਹੈ, ਜਦੋਂਕਿ ਇਸ ਦਾ ਮੰਤਵ ਕੇਵਲ ਇਹ ਯਕੀਨੀ ਬਣਾਉਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਮਾਮਲਿਆਂ ਸਬੰਧੀ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਲੋਕ ਐਮ. ਐਫ. ਐਨ. ਦਾ ਅਰਥ ਸਹੀਂ ਨਹੀਂ ਸਮਝ ਸਕੇ।  ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਲਾਨੀ ਨੇ ਕਿਹਾ ਕਿ ਤੁਸੀਂ ਐਮ. ਐਫ. ਐਨ. ਦਾ ਅਰਥ ਸਭ ਤੋਂ ਚਹੇਤਾ ਮਿੱਤਰ ਸਮਝਦੇ ਹੋ, ਪਰ ਇਸ ਦਾ ਅਸਲ ਅਰਥ ਦੁਵੱਲੇ ਵਪਾਰਕ ਸਬੰਧਾਂ 'ਚ ਕੋਈ ਵਿਤਕਰਾ ਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਾਕਿਸਤਾਨ ਬਣਿਆ ਸੀ, ਉਸ ਵੇਲੇ ਤੋਂ ਹੀ ਭਾਰਤ ਨੂੰ ਇਹ ਦਰਜਾ ਦਿੱਤਾ ਗਿਆ ਹੈ। ਸਾਡੇ ਕਰੀਬ 100 ਦੇਸ਼ਾਂ ਨਾਲ ਅਜਿਹੇ ਸਬੰਧ ਹਨ ਅਤੇ ਭਾਰਤ ਉਨ੍ਹਾਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸੰਘੀ ਮੰਤਰੀ ਮੰਡਲ ਵਣਜ ਮੰਤਰਾਲੇ ਨੂੰ ਆਗਿਆ ਦਿੰਦਾ ਹੈ ਕਿ ਉਹ ਵਪਾਰਕ ਮੁੱਦਿਆਂ ਸਬੰਧੀ ਭਾਰਤ ਨਾਲ ਸਮਝੌਤੇ ਕਰ ਸਕੇ।
ਭੋਪਾਲ, 19 ਫਰਵਰੀ- ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਕਦੀਂ ਵੀ ਆਪਣੇ ਜੀਵਨ 'ਚ ਕੋਈ ਵੀ ਵਿਵਾਦਪੂਰਨ ਬਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਸਮਝ 'ਚ ਇਹ ਗੱਲ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਮੀਡੀਆ 'ਚ ਵਿਵਾਦ ਪਸੰਦ ਨੇਤਾ ਕਿਉਂ ਕਿਹਾ ਜਾਂਦਾ ਹੈ। ਮੀਡੀਆ 'ਚ ਖ਼ਬਰਾਂ ਪੜ੍ਹਨ ਨਾਲ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਹਮੇਸ਼ਾ ਵਿਵਾਦਪੂਰਨ ਬਿਆਨ ਦਿੰਦੇ ਹਨ। ਇਸ ਤਰ੍ਹਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਬਿਆਨਾਂ ਨਾਲ ਥੋੜ੍ਹਾ-ਬਹੁਤ ਵਿਵਾਦ ਹੋਇਆ ਹੋਵੇ, ਪਰ ਹਰ ਵਾਰੀ ਅੰਤ 'ਚ ਉਹ ਹੀ ਸਹੀ ਸਾਬਤ ਹੋਏ ਹਨ। ਬਾਟਲਾ ਹਾਊਸ 'ਤੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਾਟਲਾ ਹਾਊਸ ਮੁਕਾਬਲਾ ਫਰਜ਼ੀ ਸੀ ਅਤੇ ਉਹ ਆਪਣੇ ਇਸ ਬਿਆਨ 'ਤੇ ਕਾਇਮ ਹਨ। ਉਨ੍ਹਾਂ ਨੇ ਸਿਰਫ ਵਿਵਾਦ ਖੜ੍ਹਾ ਕਰਨ ਲਈ ਬਾਟਲਾ ਹਾਊਸ ਮੁਕਾਬਲੇ ਨੂੰ ਫਰਜ਼ੀ ਨਹੀਂ ਕਿਹਾ ਸੀ। ਉਨ੍ਹਾਂ 'ਤੇ ਇਹ ਦੋਸ਼ ਵੀ ਲੱਗਦਾ ਹੈ ਕਿ ਉਹ ਸਿਰਫ ਹਿੰਦੂ ਅੱਤਵਾਦ ਦੇ ਬਾਰੇ ਹੀ ਗੱਲ ਕਰਦੇ ਹਨ ਅਤੇ ਮੁਸਲਿਮ ਅੱਤਵਾਦ ਦੇ ਬਾਰੇ ਕੁਝ ਨਹੀਂ ਕਹਿੰਦੇ। ਜਿਹੜੇ ਲੋਕ ਇਹ ਦੋਸ਼ ਲਗਾਉਦੇ ਹਨ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਜਦੋਂ ਉਹ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਿਮੀ ਅਤੇ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਉਹ ਹਰ ਤਰ੍ਹਾਂ ਦੇ ਕੱਟੜਪੁਣੇ ਦੇ ਖ਼ਿਲਾਫ ਹਨ, ਭਾਵੇ ਉਸ ਦਾ ਧਰਮ ਕੋਈ ਵੀ ਹੋਵੇ। ਉਹ ਉਨ੍ਹਾਂ ਲੋਕਾਂ 'ਚੋਂ ਨਹੀਂ ਹਨ ਜੋ ਆਪਣੇ ਬਿਆਨ ਤੋਂ ਪਲਟ ਜਾਂਦੇ ਹਨ।

ਨਵੀਂ ਦਿੱਲੀ, 19 ਫਰਵਰੀ -ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਫ਼ਿਰਕੂ ਰੰਗਤ ਦੇ ਦਿੱਤੀ ਹੈ ਅਤੇ ਇਸ ਦ੍ਰਿਸ਼ਟੀਕੋਣ ਨੂੰ ਇਸ ਤੱਥ ਨਾਲ ਬਲ ਮਿਲਦਾ ਹੈ ਕਿ ਘੱਟ ਗਿਣਤੀਆਂ ਲਈ ਉਪ-ਕੋਟਾ 'ਤੇ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਅਤੇ ਬੇਨੀ ਪ੍ਰਸਾਦ ਵਰਮਾ ਵੱਲੋਂ ਦਿੱਤੇ ਗਏ ਬਿਆਨਾਂ ਦਾ ਗਾਂਧੀ ਪਰਿਵਾਰ ਨੇ ਸਮਰਥਨ ਕੀਤਾ ਹੈ। ਉਨ੍ਹਾਂ ਆਪਣੇ ਬਲਾਗ 'ਚ ਲਿਖਿਆ ਕਿ ਇਸ ਤੋਂ ਪਹਿਲਾਂ ਕਦੇਂ ਵੀ ਕਾਂਗਰਸ ਜਾਂ ਉਸ ਦੇ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਨੂੰ ਐਨਾਂ ਜ਼ਿਆਦਾ ਫ਼ਿਰਕੂ ਰੰਗ ਨਹੀਂ ਦਿੱਤਾ ਸੀ ਜਿੰਨਾ ਕਿ ਉੱਤਰ ਪ੍ਰਦੇਸ਼ ਚੋਣਾਂ 'ਚ ਕੀਤਾ ਹੈ। ਦਿਗੇਵਿਜੇ ਵੱਲੋਂ ਦਿੱਤਾ ਗਿਆ ਬਿਆਨ ਕਿ ਬਾਟਲਾ ਹਾਊਸ ਮੁਕਾਬਲਾ ਫਰਜ਼ੀ ਸੀ, ਇਸ ਦੀ ਇਕ ਉਦਾਹਰਣ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਜਨ ਸਭਾ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਉਹ ਆਪਣੇ ਮੰਤਰੀਆਂ 'ਤੇ ਲਗਾਮ ਕੱਸਣ ਅਤੇ ਖੁਰਸ਼ੀਦ ਨੂੰ ਹਟਾਉਣ। ਇਹ ਮਹੱਤਵਪੂਰਨ ਹੈ ਕਿ ਜਿਥੇ ਪਾਰਟੀ ਨੇ ਖੁਰਸ਼ੀਦ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਉਥੇ ਗਾਂਧੀ ਪਰਿਵਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ। 

ਵਾਸ਼ਿੰਗਟਨ, 19 ਫਰਵਰੀ -8 ਮਾਰਚ ਤੋਂ ਇੰਟਰਨੈੱਟ ਸੇਵਾ ਬੰਦ ਹੋ ਸਕਦੀ ਹੈ। ਦਰਅਸਲ ਇਕ ਵਾਇਰਸ ਨੇ 100 ਦੇਸ਼ਾਂ ਦੇ ਲੱਖਾਂ ਕੰਪਿਊਟਰਾਂ ਨੂੰ ਕੁਰੱਪਟ ਕਰ ਦਿੱਤਾ ਹੈ। ਇਹ ਵਾਇਰਸ ਟ੍ਰੋਜਨ ਕੈਟਾਗਰੀ ਦਾ ਹੈ। ਇਹ ਵਾਇਰਸ ਡੋਮੇਨ ਨੇਮ ਸਿਸਟਮ (ਡੀ. ਐਨ. ਐਸ.) ਦੀ ਸੈਟਿੰਗ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਮਰੀਕੀ ਖੁਫ਼ੀਆ ਏਜੰਸੀ ਐਫ. ਬੀ. ਆਈ. ਦਿਨ-ਰਾਤ ਇਕ ਕਰ ਰਹੀ ਹੈ। ਅਦਾਲਤ ਨੇ ਐਫ. ਬੀ. ਆਈ. ਨੂੰ 8 ਮਾਰਚ ਤੱਕ ਇਸ ਸਮੱਸਿਆ ਤੋਂ ਨਿਜਾਤ ਪਾਉਣ ਦਾ ਸਮਾਂ ਦਿੱਤਾ ਹੈ। 8 ਮਾਰਚ ਤੋਂ ਉਹ ਕੰਪਿਊਟਰ ਜੋ ਇਸ ਵਾਇਰਸ ਨਾਲ ਗ੍ਰਸਤ ਹਨ ਉਹ ਇੰਟਰਨੈੱਟ ਐਕਸੈੱਸ ਨਹੀਂ ਕਰ ਪਾਉਣਗੇ। ਐਫ. ਬੀ. ਆਈ. ਨੇ ਡੀ. ਐਨ. ਐਸ. ਚੇਂਜਰ, ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਉਸਦੀ ਜਗ੍ਹਾ ਸਰੋਗੇਟ ਸਰਵਰ ਲਗਾ ਦਿੱਤਾ ਹੈ ਪਰ ਐਫ. ਬੀ. ਆਈ. ਇਸ ਨੂੰ ਅਸਥਾਈ ਹੱਲ ਦੱਸ ਰਹੀ ਹੈ। ਐਫ. ਬੀ. ਆਈ. ਨੇ ਸਰੋਗੇਟ ਸਰਵਰ ਇਸ ਲਈ ਲਗਾਇਆ ਹੈ ਤਾਂ ਕਿ ਕੰਪਨੀਆਂ ਸਰਵਰ ਨੂੰ ਪ੍ਰਭਾਵਿਤ ਕਰਨ ਵਾਲੇ ਵਾਇਰਸ ਨੂੂੰ ਹਟਾ ਦੇਣ। ਇਨ੍ਹਾਂ ਕੰਪਨੀਆਂ ਦੇ ਕੋਲ ਮਾਲਵੇਯਰ ਨੂੰ ਹਟਾਉਣ ਦਾ ਸਿਰਫ 120 ਦਿਨਾਂ ਦਾ ਸਮਾਂ ਹੈ।

ਨਵੀਂ ਦਿੱਲੀ, 19 ਫਰਵਰੀ - ਸਿੱਖਿਆ 'ਚ ਮੁੱਢਲੇ ਸੁਧਾਰ ਯੋਜਨਾ ਨੂੰ ਅੱਗੇ ਵਧਾਉਣ ਨਾਲ ਜੁੜੇ ਸਰਬ ਸਿੱਖਿਆ ਅਭਿਆਨ, ਸੈਕੰਡਰੀ ਸਿੱਖਿਆ ਅਭਿਆਨ, ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ, ਪੇਸ਼ੇਵਰ ਸਿੱਖਿਆ ਪ੍ਰੋਗਰਾਮ ਵਰਗੇ ਵਿਸ਼ਿਆਂ 'ਤੇ ਚਰਚਾ ਕਰਨ ਲਈ 22 ਫਰਵਰੀ ਨੂੰ ਰਾਜਾਂ ਦੇ ਸਿੱਖਿਆ ਮੰਤਰੀਆਂ ਦੀ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਕਪਿਲ ਸਿੱਬਲ ਕਰਨਗੇ। ਇਸ ਬੈਠਕ 'ਚ 12ਵੀਂ ਯੋਜਨਾ ਤਹਿਤ ਸਰਕਾਰੀ ਕਾਲਜਾਂ ਦੀ ਸਥਾਪਨਾ ਅਤੇ ਉਸ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਵੀ ਚਰਚਾ ਕੀਤੀ ਜਾਵੇਗੀ।

ਰਾਂਚੀ, 19 ਫਰਵਰੀ -ਝਾਰਖੰਡ ਦੇ ਗਿਰੀਦੀਹ ਜ਼ਿਲ੍ਹੇ 'ਚ ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਘੱਟੋ-ਘੱਟ 6 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਅਤੇ 4 ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਅੱਜ ਦੱਸਿਆ ਕਿ ਨਕਸਲੀਆਂ ਨੇ ਗਿਰੀਦੀਹ ਜ਼ਿਲ੍ਹੇ ਦੇ ਬਡਬਰਾ ਪਿੰਡ 'ਚ 2 ਰੋਡ ਰੋਲਰ ਅਤੇ 2 ਟਰੈਕਟਰਾਂ ਨੂੰ ਅੱਗ ਲਾ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ਦਾ ਕਾਰਨ ਨਕਸਲੀਆਂ ਦੀ ਪੈਸੇ ਦੀ ਮੰਗ ਪੂਰੀ ਨਾ ਕਰਨਾ ਹੋ ਸਕਦਾ ਹੈ। ਨਕਸਲੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਖਾੜਕੂਵਾਦ ਸਮੇਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ
ਮੈਂਬਰਾਂ ਦੇ ਬਿਆਨ ਦਰਜ
ਖਾਲੜਾ ਮਿਸ਼ਨ ਕਮੇਟੀ ਦੇ ਮੈਂਬਰ ਤੇ ਹੋਰ ਆਗੂ ਵੀ ਪੁੱਜੇ

ਤਰਨ ਤਾਰਨ, 19 ਫਰਵਰੀ -ਖਾੜਕੂਵਾਦ ਦੇ ਸਮੇਂ ਪੰਜਾਬ ਪੁਲਿਸ ਵੱਲੋਂ ਕਰੀਬ 2500 ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰ ਦੇਣ ਦੇ ਮਾਮਲੇ 'ਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਵਿਖੇ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 80 ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਗ੍ਰਹਿ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਸ: ਡੀ. ਐੱਸ. ਬੈਂਸ ਤੋਂ ਇਲਾਵਾ ਡੀ. ਆਈ. ਜੀ. ਰਾਮ ਸਿੰਘ, ਆਈ. ਜੀ. ਡੀ. ਕੇ ਉਪਲ, ਏ. ਡੀ. ਸੀ. ਅੰਮ੍ਰਿਤਸਰ ਸ: ਬਲਜੀਤ ਸਿੰਘ, ਐੱਸ. ਐੱਸ. ਪੀ. ਤਰਨ ਤਾਰਨ ਮਨਮਿੰਦਰ ਸਿੰਘ ਅਤੇ ਇਕ ਸਾਬਕਾ ਸੈਸ਼ਨ ਜੱਜ ਨੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਬਿਆਨ ਦਰਜ ਕੀਤੇ। ਵਰਣਨਯੋਗ ਹੈ ਕਿ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ, ਤਰਨ ਤਾਰਨ ਅਤੇ ਮਜੀਠਾ ਇਲਾਕੇ ਦੇ ਕਰੀਬ 2500 ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਗਿਆ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਸਤੰਬਰ 1995 ਵਿਚ ਹਾਈ ਕੋਰਟ ਵਿਚ ਇਸ ਮਾਮਲੇ ਸਬੰਧੀ ਅਪੀਲ ਕੀਤੀ ਤਾਂ ਪੀੜਤ ਪਰਿਵਾਰਾਂ ਵੱਲੋਂ ਹਲਫੀਆ ਬਿਆਨ ਨਾ ਦਰਜ ਹੋਣ ਕਾਰਨ ਹਾਈਕੋਰਟ ਨੇ ਇਹ ਮਾਮਲਾ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨੂੰ ਵੀ ਪੰਜਾਬ ਪੁਲਿਸ ਨੇ ਮਾਰ ਦਿੱਤਾ ਗਿਆ ਸੀ। ਮਿਸ਼ਨ ਕਮੇਟੀ ਵੱਲੋਂ ਇਹ ਮਾਮਲਾ ਸੁਪਰੀਮ ਕੋਰਟ ਵਿਚ ਲਿਜਾਇਆ ਗਿਆ, ਜਿਸ 'ਤੇ ਸੁਪਰੀਮ ਕੋਰਟ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਜਾਂਚ ਕਰ ਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਨ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਇਸ ਮਾਮਲੇ ਦੀ ਸੀ. ਬੀ. ਆਈ. ਵੱਲੋਂ ਵੀ ਜਾਂਚ ਕੀਤੀ ਜਾ ਰਹੀ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕਰਨ ਉਪਰੰਤ ਕਰੀਬ 250 ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਲ 2007 ਵਿਚ ਪੰਜਾਬ 'ਚ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 1400 ਪੀੜਤ ਪਰਿਵਾਰਾਂ ਨੂੰ 175000/- ਰੁਪਏ ਪ੍ਰਤੀ ਪਰਿਵਾਰ ਨੂੰ ਮੁਆਵਜ਼ਾ ਦਿੱਤਾ। ਬਾਕੀ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈਂ 80 ਪਰਿਵਾਰਿਕ ਮੈਂਬਰਾਂ ਦੇ ਅੱਜ ਬਿਆਨ ਦਰਜ ਕੀਤੇ ਗਏ। ਇਸ ਮੌਕੇ ਖਾਲੜਾ ਮਿਸ਼ਨ ਕਮੇਟੀ ਦੇ ਜਨ: ਸਕੱਤਰ ਬਲਵਿੰਦਰ ਸਿੰਘ ਝਬਾਲ, ਚੇਅ: ਜਸਬੀਰ ਸਿੰਘ ਪੱਧਰੀ, ਸਰਪ੍ਰਸਤ ਸੁਰਿੰਦਰ ਸਿੰਘ ਘਰਿਆਲਾ ਅਤੇ ਮੁੱਖ ਬੁਲਾਰਾ ਸਤਨਾਮ ਸਿੰਘ ਅਮੀਸ਼ਾਹ ਆਦਿ ਹਾਜ਼ਰ ਸਨ।
ਅਨਾਊਂਸਰ ਬਲਵੀਰ ਦੇ ਕਾਤਲ ਨੂੰ ਤੁਰੰਤ
ਗ੍ਰਿਫ਼ਤਾਰ ਕੀਤਾ ਜਾਵੇ-ਜੀਵਨ ਮਾਨ
ਮੱਲ੍ਹੀਆਂ ਕਲਾਂ, 19 ਫਰਵਰੀ -ਅੱਜ ਇਥੇ ਸਥਾਨਕ ਕਸਬਾ ਮੱਲ੍ਹੀਆਂ ਕਲਾਂ (ਜਲੰਧਰ) ਦੇ ਪ੍ਰੈੱਸ ਕਲੱਬ (ਰਜਿ:) ਦੇ ਦਫਤਰ ਵਿਖੇ ਕਲਾਕਾਰਾਂ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੌਕੇ ਗਾਇਕ ਜੀਵਨ ਮਾਨ ਨੇ ਬੀਤੇ ਦਿਨੀਂ ਭਿਖੀਵਿੰਡ ਵਿਖੇ ਮਾਰੇ ਗਏ ਅਨਾਊਂਸਰ ਬਲਵੀਰ ਬੀਰਾ ਦੇ ਕਾਤਲਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਵਿਆਹ ਸਮਾਗਮਾਂ ਵਿਚ ਫਾਇਰ ਕਰਨ 'ਤੇ ਸਖ਼ਤ ਪਾਬੰਦੀ ਲਗਾਉਣੀ ਚਾਹੀਦੀ ਹੈ, ਤਾਂ ਕਿ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਅਨਾਊਂਸਰ ਬਲਵੀਰ ਬੀਰਾ ਦੇ ਕਾਤਲ ਥਾਣੇਦਾਰ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਮ੍ਰਿਤਕ ਪਰਿਵਾਰ ਨੂੰ ਸਰਕਾਰ ਕੋਲੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ। ਸ੍ਰੀ ਮਾਨ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਮੁੱਚਾ ਕਲਾਕਾਰ ਭਾਈਚਾਰਾ ਸੰਘਰਸ਼ ਵਿੱਢੇਗਾ। ਇਸ ਮੌਕੇ ਪ੍ਰਸਿੱਧ ਗੀਤਕਾਰ ਸਿੱਧੂ ਸਿੱਧਵਾਂ ਵਾਲਾ, ਨੇਕ ਬੇਰੰਗ ਨਰਿੰਦਰ ਸਨਮ, ਜਗਦੀਸ਼ ਖੋਸਲਾ, ਕੁਲਵਿੰਦਰ ਸ਼ਾਹੀ, ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ (ਪੰਜਾਬ), ਸੁਰਜੀਤ ਪਤਾਰੀਆ, ਪੱਤਰਕਾਰ ਰਵਿੰਦਰ ਵਰਮਾ ਆਦਿ ਆਗੂ ਹਾਜ਼ਰ ਸਨ।

ਸੰਤ ਪਰਮਜੀਤ ਸਿੰਘ ਮਾਹਿਲਪੁਰੀ ਦੀਆਂ ਅਸਥੀਆਂ ਜਲ ਪ੍ਰਵਾਹ

ਕੀਰਤਪੁਰ ਸਾਹਿਬ, 19 ਫਰਵਰੀ -ਗੁਰਮਤਿ ਪ੍ਰਚਾਰਕ ਸਿਧਾਂਤ ਸੰਤ ਸਮਾਜ ਦੇ ਜਨਰਲ ਸਕੱਤਰ ਤੇ ਮਰਹੂਮ ਮੈਂਬਰ ਸ਼੍ਰੋਮਣੀ ਕਮੇਟੀ ਗਿਆਨੀ ਬਲਦੇਵ ਸਿੰਘ ਮਾਹਿਲਪੁਰੀ ਦੇ ਸਪੁੱਤਰ ਸੰਤ ਪਰਮਜੀਤ ਸਿੰਘ ਮਾਹਿਲਪੁਰੀ, ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਦਿਹਾਂਤ ਹੋ ਗਿਆ ਸੀ, ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਦਰਿਆ ਸਤਲੁਜ ਉਪਰ ਬਣੇ ਅਸਤਘਾਟ ਤੇ ਪਰਿਵਾਰਕ ਮੈਂਬਰਾਂ, ਸੰਤ ਸਮਾਜ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਬੀਬੀ ਜਸਪ੍ਰੀਤ ਕੌਰ ਸੁਪਤਨੀ, ਦਲਜੀਤ ਕੌਰ, ਦਲੇਰ ਕੌਰ ਤੇ ਪ੍ਰਭਜੋਤ ਕੌਰ (ਬੇਟੀਆਂ), ਪ੍ਰੋ: ਉਪਿੰਦਰ ਸਿੰਘ ਭਰਾ, ਬੀਬੀ ਰਣਜੀਤ ਕੌਰ ਭਰਜਾਈ ਮੈਂਬਰ ਸ਼੍ਰੋਮਣੀ ਕਮੇਟੀ, ਸਤਨਾਮ ਸਿੰਘ ਦਾਮਾਦ, ਸੰਤ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਭਾਈ ਅਮਰਜੀਤ ਸਿੰਘ ਚਾਵਲਾ ਤੇ ਸੰਤ ਚਰਨਜੀਤ ਸਿੰਘ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਹਰਨਾਮ ਸਿੰਘ, ਭਾਈ ਸੁਖਵਿੰਦਰ ਸਿੰਘ ਹੈੱਡ ਗ੍ਰੰਥੀ, ਹਰਬੰਸ ਅਟਵਾਲ, ਅਭਿਸ਼ੇਕ ਤ੍ਰਿਵੇਦੀ ਡੀ. ਆਈ. ਜੀ. ਐੱਚ. ਪੀ, ਮੈਡਮ ਸਤਵੰਤ ਕੌਰ ਡੀ. ਆਈ. ਜੀ, ਰਣਵੀਰ ਸਿੰਘ ਵਧੀਕ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਸਵੀਰ ਸਿੰਘ, ਅਮਰੀਕ ਸਿੰਘ ਮੈਨੇਜਰ ਗੁ: ਪਤਾਲਪੁਰੀ ਸਾਹਿਬ, ਸੰਦੀਪ ਸਿੰਘ ਸਰਪੰਚ ਕਲੋਤਾ, ਮਹਿੰਦਰ ਸਿੰਘ, ਬਾਬਾ ਅਮਰ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ ਮਾਣਕੂਮਾਜਰਾ, ਐਡਵੋਕੇਟ ਗੱਜਣ ਸਿੰਘ ਸੰਧੂ, ਹਰਜੀਤ ਸਿੰਘ ਅਚਿੰਤ, ਡਾਕਟਰ ਖੁਸ਼ਹਾਲ ਸਿੰਘ ਬਰੂਵਾਲ, ਅਰਵਿੰਦਰ ਸਿੰਘ ਬੇਦੀ, ਤੇਜਿੰਦਰ ਸਿੰਘ ਪੱਪੂ ਆਦਿ ਹਾਜ਼ਰ ਸਨ।
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਂਗਰਸ ਪਾਰਟੀ
ਦਾ ਸੱਤਾ 'ਚ ਆਉਣਾ ਜ਼ਰੂਰੀ-ਅਮਰਿੰਦਰ ਸਿੰਘ

ਲੁਧਿਆਣਾ, 19 ਫਰਵਰੀ-ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਹਲਕਾ ਪਲੀਆ ਦੇ ਮਹਿੰਗਾਪੁਰ ਕਸਬੇ ਵਿਚ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ ਵਿਚ ਮੁੱਖ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸਾਬਕਾ ਮੁੱਖ ਮੰਤਰੀ, ਕੇਂਦਰੀ ਮੰਤਰੀ ਜਤਿਨ ਪ੍ਰਸਾਦ, ਅਰਵਿੰਦ ਖੰਨਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਹਾਜ਼ਰ ਹੋਏ। ਇਸ ਸਮੇਂ ਪੰਜਾਬ ਤੋਂ ਚੋਣਾਂ ਵਿਚ ਹਿੱਸਾ ਲੈਣ ਲਈ ਗਏ ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਅਤੇ ਪ੍ਰਧਾਨ ਕੁੱਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਮੰਡਲ, ਜੀਵਨ ਦਾਸ ਬਾਵਾ ਜਨਰਲ ਸਕੱਤਰ ਕੁੱਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਸੰਤ ਅਮਰਦੀਪ ਸਿੰਘ ਯੂਥ ਨੇਤਾ ਦਸੌਦੀ ਰਾਮ ਚੌਧਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਂਗਰਸ ਪਾਰਟੀ ਦਾ ਸੱਤਾ 'ਚ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਸੈਕੂਲਰ ਤਾਕਤਾਂ ਨੂੰ ਲੋਕਤੰਤਰ ਵਿਚ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ-ਪਾਤ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਲੋਕ ਆਪਣੇ ਸਿਆਸੀ ਹਿੱਤਾਂ ਲਈ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਇਸ ਸਮੇਂ ਹਲਕੇ ਵਿਚ ਵਸੇ ਪੰਜਾਬੀਆਂ ਨੂੰ ਵਧਾਈ ਦਿੱਤੀ ਜੋ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਪੰਜਾਬੀਆਂ ਨੂੰ ਵਿਸ਼ੇਸ਼ ਕਰਕੇ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਸ੍ਰੀ ਬਾਵਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿਚ 25 ਲੱਖ ਦੇ ਕਰੀਬ ਬੈਰਾਗੀ ਵੋਟਰ ਹਨ। ਇਸ ਸਮੇਂ ਪਵਨ ਕੁਮਾਰ ਬਾਵਾ, ਰਾਮ ਸ਼ਰਨ ਬਾਵਾ, ਰਾਏ ਸਾਹਿਬ, ਸੋਢੀ ਰਾਮ, ਵਿਜੇ ਕੁਮਾਰ ਬਾਵਾ, ਜਤਿੰਦਰ ਬਾਵਾ, ਓਮ ਕੁਮਾਰ, ਵਿਨੋਦ ਕੁਮਾਰ ਬਾਵਾ, ਅਨੰਤ ਕੁਮਾਰ ਬਾਵਾ, ਚੰਦ ਬਾਵਾ, ਵਿਕਾਸ ਬਾਵਾ, ਵਿਸ਼ਾਲ ਬਾਵਾ, ਦੌਲਤੀ ਰਾਮ, ਬਰਮਾ ਦਾਸ, ਬਾਬ ਰਾਮ, ਪ੍ਰੀਤਮ ਦਾਸ, ਮੁਰਾਰੀ ਲਾਲ ਹਾਜ਼ਰ ਹੋਏ, ਜਦ ਕਿ ਪਵਨ ਕੁਮਾਰ ਬਾਵਾ ਸੈਂਕੜੇ ਬੈਰਾਗੀਆਂ ਦਾ ਕਾਫ਼ਲਾ ਲੈ ਕੇ ਰੈਲੀ ਵਿਚ ਸ਼ਾਮਿਲ ਹੋਏ।
ਟੈਟੂ ਖੁਦਵਾਉਣ ਦਾ ਸ਼ੌਂਕ ਨੌਜਵਾਨਾਂ ਦੇ ਰੁਜ਼ਗਾਰ 'ਚ ਬਣਿਆ ਅੜਿੱਕਾ
ਅਬੋਹਰ- 19 ਫਰਵਰੀ ૿ ਪੱਛਮੀ ਦੇਸ਼ਾਂ ਦੀ ਚਕਾਚੌਂਧ ਉਨ੍ਹਾਂ ਪੰਜਾਬੀ ਗੱਭਰੂਆਂ ਲਈ ਮਾੜੀ ਸਾਬਿਤ ਹੋ ਰਹੀ ਹੈ ਜਿਨ੍ਹਾਂ ਨੇ ਬਾਲੀਵੁੱਡ ਕਲਾਕਾਰਾਂ ਅਤੇ ਪੰਜਾਬੀ ਕਬੱਡੀ ਖਿਡਾਰੀਆਂ ਦੀ ਰੀਸ ਕਰਦਿਆਂ ਆਪਣੇ ਮੋਢਿਆਂ ਅਤੇ ਗਰਦਨਾਂ ਉੱਪਰ ਟੈਟੂ ਖੁਦਵਾਏ ਹੋਏ ਹਨ। ਇਹ ਟੈਟੂ ਇਨ੍ਹਾਂ ਪੰਜਾਬੀ ਗੱਭਰੂਆਂ ਦੀ ਰੋਜ਼ੀ ਰੋਟੀ ਵਿਚ ਵੱਡਾ ਅੜਿੱਕਾ ਬਣੇ ਹਨ, ਜਿਸ ਦੀ ਮਿਸਾਲ ਪਿਛਲੇ ਦਿਨੀਂ ਭਾਰਤੀ ਸੈਨਾ ਦੀ ਹੋਈ ਖੁੱਲ੍ਹੀ ਭਰਤੀ ਦੌਰਾਨ ਦੇਖਣ ਨੂੰ ਮਿਲੀ, ਜਿਥੇ ਸੈਨਾ ਅਧਿਕਾਰੀਆਂ ਵੱਲੋਂ ਉਨ੍ਹਾਂ ਗੱਭਰੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੇ ਟੈਟੂ ਖੁਦਵਾਏ ਹੋਏ ਸਨ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਭਾਰਤੀ ਫ਼ੌਜ ਵੱਲੋਂ ਮਾਲਵੇ ਦੇ ਇੱਕ ਜ਼ਿਲ੍ਹੇ ਵਿਚ ਕਈ ਜ਼ਿਲ੍ਹਿਆਂ ਦੀ ਸਾਂਝੀ ਖੁੱਲ੍ਹੀ ਭਰਤੀ ਰੱਖੀ ਗਈ ਸੀ, ਜਿਸ ਵਿਚ ਕਰੀਬ 23 ਹਜ਼ਾਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਭਰਤੀ ਵਿਚ ਉਮੀਦਵਾਰਾਂ ਲਈ ਸੋਲ੍ਹਾਂ ਸੌ ਮੀਟਰ ਦੌੜ, ਸੰਤੁਲਨ ਬਣਾ ਕੇ ਤੁਰਨਾ, ਬੀਮ ਲਾਉਣਾ, ਡੂੰਘੀ ਖਾਈ ਪਾਰ ਕਰਨੀ ਆਦਿ ਸ਼ਰਤਾਂ ਰੱਖੀਆਂ ਗਈਆਂ ਸਨ, ਪਰ ਸੈਨਾ ਅਧਿਕਾਰੀਆਂ ਨੇ ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਟੈੱਸਟਾਂ ਵਿਚ ਆਪਣੀ ਕਾਰਗੁਜ਼ਾਰੀ ਦਿਖਾਉਣ ਤੋਂ ਪਹਿਲਾਂ ਹੀ ਭਰਤੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਜਿਨ੍ਹਾਂ ਨੇ ਆਪਣੇ ਡੋਲਿਆਂ ਜਾਂ ਗਰਦਨਾਂ ਉੱਪਰ ਟੈਟੂ ਖੁਦਵਾਏ ਹੋਏ ਸਨ। ਹੁਣ ਜਦੋਂ ਕਿ ਭਰਤੀ ਵਿਚ ਨੌਜਵਾਨਾਂ ਲਈ ਟੈਟੂ ਅੜਿੱਕਾ ਬਣੇ ਹਨ ਤਾਂ ਵੱਡੀ ਗਿਣਤੀ ਵਿਚ ਨੌਜਵਾਨ ਇਨ੍ਹਾਂ ਨੂੰ ਸਰੀਰ ਤੋਂ ਹਟਾਵਾ ਰਹੇ ਹਨ। 

ਬਰਖ਼ਾਸਤ ਡੀ. ਐੱਸ. ਪੀ. ਖੱਟੜਾ ਦੀਆਂ ਸੇਵਾਵਾਂ ਬਹਾਲ
ਸ੍ਰੀ ਮੁਕਤਸਰ ਸਾਹਿਬ.- 19 ਫਰਵਰੀ ૿ ਦੋਸ਼ੀਆਂ ਨੂੰ ਭਜਾਉਣ ਵਿਚ ਸਹਾਇਤਾ ਕਰਨ ਦੇ ਕੇਸ ਵਿਚ ਨੌਕਰੀ ਤੋਂ ਬਰਖ਼ਾਸਤ ਚਲ ਰਹੇ ਉੱਪ ਪੁਲਿਸ ਕਪਤਾਨ ਭੁਪਿੰਦਰ ਸਿੰਘ ਖੱਟੜਾ ਪੀ. ਪੀ. ਐੱਸ. ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਕਾਨੂੰਨੀ ਜੰਗ ਜਿੱਤੇ ਜਾਣ ਮਗਰੋਂ ਬੀਤੀ ਸ਼ਾਮ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸ੍ਰੀ ਖੱਟੜਾ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।
ਵਰਣਨਯੋਗ ਹੈ ਕਿ ਪਾਲ ਕੌਰ ਪੁੱਤਰੀ ਇੰਦਰ ਸਿੰਘ ਵਾਸੀ ਢੁੱਡੀ ਫ਼ਰੀਦਕੋਟ ਦਾ ਵਿਆਹ 15 ਵਰ੍ਹੇ ਪਹਿਲਾਂ ਅਮਰਜੀਤ ਸਿੰਘ ਪੁੱਤਰ ਗੀਟਨ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਵਰ੍ਹਾ ਕੁ ਮਗਰੋਂ ਅਮਰਜੀਤ ਸਿੰਘ ਅਮਰੀਕਾ ਚਲਾ ਗਿਆ ਸੀ। ਪਾਲ ਕੌਰ ਅਨੁਸਾਰ ਜੂਨ 2001 ਵਿਚ ਅਮਰਜੀਤ ਸਿੰਘ ਵਾਪਸ ਭਾਰਤ ਆਇਆ ਅਤੇ ਉਸ ਦੇ ਭਾਈ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਜਦੋਂਕਿ ਕਿ ਇਸੇ ਦੌਰਾਨ ਉਹ ਗੁਰਮੀਤ ਕੌਰ ਉਰਫ ਰਾਣੀ ਜੋ ਕਿ ਉਸ ਦੀ ਭਰਜਾਈ ਦੀ ਭਾਣਜੀ ਸੀ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲੈ ਗਿਆ ਸੀ। ਸਮੇਂ ਦੇ ਪੁਲਿਸ ਕਪਤਾਨ ਦੇ ਹੁਕਮਾਂ 'ਤੇ ਅਮਰਜੀਤ ਸਿੰਘ, ਉਸ ਦੀ ਦੂਜੀ ਪਤਨੀ ਗੁਰਮੀਤ ਕੌਰ, ਭਰਾ ਆਤਮਾ ਸਿੰਘ ਅਤੇ ਭਰਜਾਈ ਕੁਲਦੀਪ ਕੌਰ 'ਤੇ ਧਾਰਾ 148/420/498-ਏ ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।
ਤਫਤੀਸ਼ ਦੌਰਾਨ ਅਮਰਜੀਤ ਸਿੰਘ ਅਤੇ ਗੁਰਮੀਤ ਕੌਰ ਦੇ ਪਾਸਪੋਰਟ ਪੁਲਿਸ ਨੇ ਜ਼ਬਤ ਕਰ ਲਏ ਸਨ ਪਰ ਕੁਝ ਸਮੇਂ ਬਾਅਦ ਹੀ ਇਹ ਪਾਸਪੋਰਟ ਕਥਿਤ ਰੂਪ ਵਿਚ ਪੁਲਿਸ ਦੀ ਮੱਦਦ ਨਾਲ ਫਾਈਲ ਵਿਚੋਂ ਕੱਢ ਕੇ ਅਮਰਜੀਤ ਸਿੰਘ ਤੇ ਗੁਰਮੀਤ ਕੌਰ ਅਮਰੀਕਾ ਚਲੇ ਗਏ ਅਤੇ ਵਾਪਸ ਪਾਸਪੋਰਟ ਫਿਰ ਭਾਰਤ ਭੇਜ ਕੇ ਪੁਲਿਸ ਫਾਈਲ ਨਾਲ ਨੱਥੀ ਕਰ ਦਿੱਤੇ ਗਏ ਸਨ। ਉਸ ਸਮੇਂ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਕਰਵਾਈ ਜਾਂਚ ਮਗਰੋਂ ਡੀ. ਐੱਸ. ਪੀ. ਭੁਪਿੰਦਰ ਸਿੰਘ ਖੱਟੜਾ, ਮੇਜਰ ਸਿੰਘ ਐੱਸ. ਅੱੈਚ. ਓ., ਰਾਜਬੀਰ ਸਿੰਘ ਏ. ਐੱਸ. ਆਈ ਅਤੇ ਬਲਵੀਰ ਸਿੰਘ ਹੌਲਦਾਰ (ਦੋਵੇਂ ਕੇਸ ਦੇ ਤਫਤੀਸ਼ੀ ਅਧਿਕਾਰੀ) ਖਿਲਾਫ ਧਾਰਾ 192/201/420/465/ 466/468/471 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ, ਜਿਸ 'ਤੇ ਸ਼ੈਸ਼ਨ ਜੱਜ ਫ਼ਰੀਦਕੋਟ ਵੱਲੋਂ ਭੁਪਿੰਦਰ ਸਿੰਘ ਖੱਟੜਾ ਅਤੇ ਮੇਜਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਦਿੱਤੀਆਂ ਸਨ, ਜਿਸ ਦੇ ਆਧਾਰ 'ਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਹੀ ਦੋਵਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸ੍ਰੀ ਖਟੜਾ ਨੇ ਸ਼ੈਸ਼ਨ ਜੱਜ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ ਜਿਥੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ।
ਸਮਝੌਤਾ ਐਕਸਪ੍ਰੈੱਸ ਧਮਾਕਾ
ਕਮਲ ਚੌਹਾਨ ਦੇ ਪਿਤਾ ਵੱਲੋਂ ਰਾਸ਼ਟਰੀ ਮਨੁੱਖੀ
ਹੱਕ ਕਮਿਸ਼ਨ ਕੋਲ ਸ਼ਿਕਾਇਤ
ਪੰਚਕੂਲਾ-19 ਫਰਵਰੀ ਕੌਮੀ ਜਾਂਚ ਏਜੰਸੀ ਵੱਲੋਂ ਸਮਝੌਤਾ ਐਕਸਪ੍ਰੈੱਸ ਧਮਾਕੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਮਲ ਚੌਹਾਨ ਦੇ ਪਿਤਾ ਰਾਧੇ ਸ਼ਾਮ ਨੇ ਰਾਸ਼ਟਰੀ ਮਨੁੱਖੀ ਹੱਕ ਕਮਿਸ਼ਨ ਕੋਲ ਉਸ ਨੂੰ ਨਿਰਦੋਸ਼ ਦੱਸਦਿਆਂ ਤੇ ਏਜੰਸੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ। ਕਮਲ ਚੌਹਾਨ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਦਿਪਾਲਪੁਰ, ਜ਼ਿਲ੍ਹਾ ਇੰਦੌਰ, ਮੱਧ ਪ੍ਰਦੇਸ਼ ਵੱਲੋਂ ਉਸ ਨੂੰ ਇਹ ਲਿਖਤੀ ਸਬੂਤ ਦਿੱਤਾ ਗਿਆ ਹੈ ਕਿ ਏਜੰਸੀ 10 ਫਰਵਰੀ ਨੂੰ ਚੌਹਾਨ ਨੂੰ ਥਾਣੇ ਤੋਂ ਲੈ ਗਈ ਸੀ, ਪਰ ਉਸ ਦੀ ਗ੍ਰਿਫ਼ਤਾਰੀ 13 ਫਰਵਰੀ ਨੂੰ ਨੋਇਡਾ ਤੋਂ ਦਿਖਾਈ ਹੈ। ਉਸ ਨੂੰ ਨੋਇਡਾ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ 14 ਫਰਵਰੀ ਨੂੰ ਪੰਚਕੂਲਾ ਪੇਸ਼ ਕੀਤਾ ਹੈ, ਜੋ ਕਿ ਗ਼ਲਤ ਹੈ। ਇਸ ਲਈ ਏਜੰਸੀ ਦੇ ਅਧਿਕਾਰੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਦਰਖਾਸਤ ਵਿਚ 10 ਫਰਵਰੀ ਤੋਂ 13 ਫਰਵਰੀ ਤੱਕ ਉਸ ਨੂੰ ਕਿੱਥੇ ਲਿਜਾਇਆ ਗਿਆ, ਦੀ ਅਸਲੀਅਤ ਜਾਣਨ ਲਈ ਮੋਬਾਈਲ ਟਾਵਰਾਂ ਦੀ ਸਥਿਤੀ, ਇੰਦੌਰ ਅਤੇ ਦਿੱਲੀ ਹਵਾਈ ਅੱਡਿਆਂ 'ਤੇ ਲੱਗੇ ਸੀ. ਸੀ. ਟੀਵੀ. ਕੈਮਰਿਆਂ ਦੀ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਇਸ ਕਾਰਵਾਈ ਵਿਚ ਸਰਕਾਰੀ ਵਰਤੀਆਂ ਗਈਆਂ ਗੱਡੀਆਂ ਦੀ ਲਾਗ-ਬੁੱਕ ਵਿਚਲੀ ਜਾਣਕਾਰੀ ਵੀ ਮੰਗੀ ਹੈ, ਜਿੱਥੋਂ ਏਜੰਸੀ ਅਧਿਕਾਰੀਆਂ ਦੀ ਇਨ੍ਹਾਂ ਦਿਨਾਂ ਵਿਚ ਜਿੱਥੇ ਜਿੱਥੇ ਵੀ ਗਏ ਹਨ, ਜਾਣਕਾਰੀ ਮਿਲ ਸਕੇ। ਵਰਨਣਯੋਗ ਹੈ ਕਿ ਪਿੰਡ ਦੀਵਾਨ, ਜ਼ਿਲ੍ਹਾ ਪਾਣੀਪਤ ਦੇ ਰੇਲਵੇ ਸਟੇਸ਼ਨ 'ਤੇ ਸਮਝੌਤਾ ਐਕਸਪ੍ਰੈਸ ਰੇਲ ਗੱਡੀ 'ਚ ਇਹ ਧਮਾਕਾ 2007 ਵਿਚ ਹੋਇਆ ਸੀ, ਜਿਸ ਵਿਚ 68 ਵਿਅਕਤੀ ਮਾਰੇ ਗਏ ਸਨ ਅਤੇ ਇਨ੍ਹਾਂ ਵਿਚ ਜ਼ਿਆਦਾ ਪਾਕਿਸਤਾਨੀ ਨਾਗਰਿਕ ਸਨ।