ਨਵਾਂਸ਼ਹਿਰ 'ਚ ਪੀਲੀਏ ਕਾਰਨ ਇਕ ਹੋਰ ਮੌਤ
13 ਫਰਵਰੀ ૿ ਨਵਾਂਸ਼ਹਿਰ 'ਚ ਪੀਲੀਏ ਕਾਰਨ 4 ਦਿਨ ਪਹਿਲਾਂ ਬੂਟਾ ਰਾਮ ਦੀ ਦੀ ਹੋਈ ਮੌਤ ਕਾਰਨ ਚਿਤਾ ਠੰਢੀ ਨਹੀਂ ਹੋਈ ਕਿ ਅੱਜ ਤੀਸਰੀ ਜਮਾਤ ਦੀ 10 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ।
ਮ੍ਰਿਤਕ ਬੱਚੀ ਮੁਸਕਾਨ ਉਮਰ 10 ਸਾਲ ਵਾਸੀ ਮੁਹੱਲਾ ਨਵੀਂ ਅਬਾਦੀ ਨਵਾਂਸ਼ਹਿਰ ਦੇ ਪਿਤਾ ਹਰਦੀਪ ਕੁਮਾਰ ਨੇ ਦੱਸਿਆ ਕਿ ਦਸੰਬਰ 2011 'ਚ ਮੁਸਕਾਨ ਦੀ ਥੋੜ੍ਹੀ ਸਿਹਤ ਖ਼ਰਾਬ ਹੋ ਗਈ ਸੀ ਜਿਸ 'ਤੇ ਉਨ੍ਹਾਂ ਜਦੋਂ ਇੱਥੋਂ ਦੇ ਸਰਕਾਰੀ ਹਸਪਤਾਲ 'ਚ ਟੈੱਸਟ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਪੀਲੀਏ ਤੋਂ ਪੀੜਤ ਹੈ। ਉਨ੍ਹਾਂ ਦੱਸਿਆ ਕਿ 11 ਦਿਨ ਹਸਪਤਾਲ ਵਿਚ ਦਾਖ਼ਲ ਰਹਿਣ ਉਪਰੰਤ ਮੁਸਕਾਨ ਬਿਲਕੁਲ ਠੀਕ ਹੋ ਗਈ ਤੇ ਅਸੀਂ ਘਰ ਲੈ ਆਏ ਜਦ ਕਿ ਇਲਾਜ ਲਗਾਤਾਰ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਇੱਕ ਬਾਰ ਢਾਹਾਂ ਹਸਪਤਾਲ 'ਚ ਵੀ ਮੁਸਕਾਨ ਦੀ ਜਾਂਚ ਕਰਵਾਈ ਗਈ ਤੇ ਟੈੱਸਟ ਕਰਵਾਏ ਗਏ।
ਉਨ੍ਹਾਂ ਕਿਹਾ ਕਿ 4 ਦਿਨ ਪਹਿਲਾਂ ਜਦੋਂ ਫਿਰ ਬੱਚੀ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਅਸੀਂ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਸਬੰਧਿਤ ਡਾਕਟਰ ਵੱਲੋਂ ਦੱਸਿਆ ਗਿਆ ਕਿ ਹੁਣ ਬੱਚੀ ਨੂੰ ਕੁੱਝ ਹੋਰ ਬਿਮਾਰੀਆਂ ਨੇ ਬੁਰੀ ਤਰਾਂ ਜਕੜ ਲਿਆ ਹੈ ਤੇ ਹੁਣ ਇਸ ਨੂੰ ਬਚਾਉਣਾ ਨਾ ਮੁਮਕਿਨ ਹੈ। ਉਨ੍ਹਾਂ ਕਿਹਾ ਕਿ 4 ਦਿਨ ਤੋਂ ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਨ ਬੀਤੀ ਸ਼ਾਮ ਉਸ ਦੀ ਅਚਾਨਕ ਮੌਤ ਹੋ ਗਈ।
ਸੜਕ ਹਾਦਸੇ 'ਚ ਦੋ ਮੌਤਾਂ
13 ਫਰਵਰੀ ૿ ਕੋਟਕਪੂਰਾ ਮੁਕਤਸਰ ਮੁੱਖ ਮਾਰਗ 'ਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਚਰਨ ਦਾਸ ਪੁੱਤਰ ਦੇਵੀ ਦਾਸ ਤੇ ਸੁਖਮੰਦਰ ਸਿੰਘ ਰਿੰਕੂ ਪੁੱਤਰ ਨੱਥਾ ਸਿੰਘ ਵਾਸੀਆਨ ਮੰਡੀ ਬਰੀਵਾਲਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਛੋਟੇ ਹਾਥੀ ਨੰ: ਪੀ.ਬੀ.29.ਐੱਚ/7821 'ਤੇ ਕੋਟਕਪੂਰੇ ਦੀ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਕੇ ਵਾਪਸ ਮੰਡੀ ਬਰੀਵਾਲਾ ਜਾ ਰਹੇ ਸਨ ਕਿ ਪਿੰਡ ਵਾੜਾਦਰਾਕਾ ਵਿਖੇ ਉਨ੍ਹਾਂ ਦਾ ਛੋਟਾ ਹਾਥੀ ਸਾਹਮਣੇ ਤੋਂ ਆ ਰਹੇ ਟੈਂਪੂ ਟਰੈਵਲ ਨੰ: ਪੀ.ਬੀ.01/9236 ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਚਰਨ ਦਾਸ ਦੀ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸੁਖਮੰਦਰ ਸਿੰਘ ਰਿੰਕੂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਉਚੇਰੇ ਇਲਾਜ ਲਈ ਲਿਆਂਦਾ ਗਿਆ ਪਰ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਉਸਦੀ ਮੌਤ ਹੋ ਗਈ। ਇਸ ਹਾਦਸੇ ਵਿਚ ਟੈਂਪੂ-ਟਰੈਵਲ ਡਰਾਈਵਰ ਕੁਲਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਮ੍ਰਿਤਕ ਰਿੰਕੂ ਦੇ ਭਰਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਲਿੱਧੜ ਜ਼ਿਲ੍ਹਾ ਜਲੰਧਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
13 ਫਰਵਰੀ ૿ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ 64 ਉੱਤੇ ਸਥਿਤ ਪਿੰਡ ਬਸੀ ਈਸੇ ਖਾਂ ਨੇੜੇ ਪਟਿਆਲਾ ਢਾਬੇ ਦੇ ਸਾਹਮਣੇ ਇੱਕ ਕਾਰ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਲੱਗੇ ਸਫ਼ੈਦੇ ਵਿਚ ਵੱਜਣ ਕਾਰਨ ਦੋ ਸਕੇ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਕਾਰ ਸਵਾਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਨੀਰਜ ਕੁਮਾਰ, ਦਿਨੇਸ਼ ਭਾਰਤ, ਪ੍ਰਵੀਨ ਕੁਮਾਰ ਧੀਮਾਨ (ਤਿੰਨੇ ਸਕੇ ਭਰਾ) ਪੁਤਰਾਨ ਮੇਹਰ ਚੰਦ ਵਾਸੀ ਡੇਰਾਬਸੀ ਆਪਣੇ ਦੋਸਤ ਸੁਨੀਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਰਾਜੇਸ਼ ਮਿੱਤਲ ਪੁੱਤਰ ਮਾਮ ਚੰਦ ਵਾਸੀਆਨ ਮੁਸਤਫਾਬਾਦ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਨਾਲ ਸੰਨਾਟਾ ਕਾਰ ਵਿਚ ਸਵਾਰ ਹੋ ਕੇ ਰਾਜਪੁਰਾ ਤੋਂ ਜ਼ੀਰਕਪੁਰ ਨੂੰ ਜਾ ਰਹੇ ਸਨ। ਜਿਵੇਂ ਹੀ ਉਹ ਆਪਣੀ ਕਾਰ ਸਮੇਤ ਪਿੰਡ ਬੱਸੀ ਈਸੇ ਖਾਂ ਕੋਲ ਪਟਿਆਲਾ ਢਾਬੇ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੇ ਟਰਾਲੇ ਦੇ ਡਰਾਈਵਰ ਨੇ ਟਰਾਲੇ ਨੂੰ ਇੱਕ ਦਮ ਢਾਬੇ ਵੱਲ ਮੋੜ ਦਿੱਤਾ, ਜਿਸ ਕਾਰਨ ਪਿੱਛੇ ਆ ਰਹੀ ਉਕਤ ਕਾਰ ਜਿਸ ਵਿਚ ਤਿੰਨ ਸਕੇ ਭਰਾਵਾਂ ਤੇ ਦੋ ਦੋਸਤਾਂ ਸਮੇਤ ਪੰਜ ਵਿਅਕਤੀ ਸਵਾਰ ਸਨ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਤੇ ਕਿਸੇ ਵਾਹਨ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਸਫ਼ੈਦੇ ਵਿਚ ਬਹੁਤ ਹੀ ਜ਼ੋਰ ਨਾਲ ਵੱਜੀ। ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਸਕੇ ਭਰਾਵਾਂ ਵਿਚੋਂ ਨੀਰਜ ਕੁਮਾਰ ਉਮਰ 45 ਸਾਲ ਅਤੇ ਦਿਨੇਸ਼ ਭਰਤ ਉਮਰ 34 ਸਾਲ ਪੁਤਰਾਨ ਮੇਹਰ ਚੰਦ ਵਾਸੀ ਡੇਰਾਬਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੰਜਾਬ ਦੀਆਂ 9 ਸਹਿਕਾਰੀ ਮਿੱਲਾਂ ਵਿਚ ਗੰਨੇ
ਦੀ ਆਮਦ ਰਿਕਾਰਡ ਤੋੜ-ਵਾਹਲਾ
- 13 ਫਰਵਰੀ ૿ ਪੰਜਾਬ ਵਿਚ ਪ੍ਰਾਈਵੇਟ ਮਿੰਲਾਂ ਦੇ ਖੁੱਲ੍ਹਣ ਨਾਲ ਸਹਿਕਾਰੀ ਮਿੱਲਾਂ ਵਿਚ ਗੰਨਾ ਲਿਆਉਣ ਦਾ ਰੁਝਾਨ ਘਟਣ ਨਾਲ ਇਨ੍ਹਾਂ ਮਿੱਲਾਂ ਦੀ ਹਾਲਤ ਬਦਤਰ ਹੋ ਗਈ ਸੀ, ਪਰ ਅਕਾਲੀ-ਭਾਜਪਾ ਸਰਕਾਰ ਵੱਲਂ ਇਨ੍ਹਾਂ ਮਿੱਲਾਂ ਦੀ ਹਾਲਤ ਸੁਧਾਰਨ ਅਤੇ ਕਿਸਾਨਾਂ ਦਾ ਰਹਿੰਦਾ ਬਕਾਇਆ ਦੇਣ ਨਾਲ ਇਸ ਵਾਰ ਸਹਿਕਾਰੀ ਮਿੰਲਾਂ ਵਿਚ ਰਿਕਾਰਡ ਤੋੜ ਗੰਨਾ ਆਉਣ ਨਾਲ ਸਰਕਾਰ ਦੀ ਸਹਿਕਾਰੀ ਮਿੱਲਾਂ ਲਈ ਕੀਤੀ ਮਿਹਨਤ ਨੂੰ ਬੂਰ ਪੈ ਗਿਆ।
- ਇਸ ਸਬੰਧੀ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਸ: ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਤੁਰੰਤ ਅਦਾਇਗੀ ਹੋਣ ਕਾਰਨ ਪੰਜਾਬ ਦੀ ਹਰ ਸਹਿਕਾਰੀ ਮਿੱਲ 'ਤੇ ਲਗਭਗ 400 ਤੋਂ 500 ਟਰਾਲੀ ਖੜ੍ਹੀ ਹੈ। ਪਿਛਲੇ ਸਾਲ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 99 ਲੱਖ ਟਨ ਗੰਨਾ ਪੰਜਾਬ ਦੀਆਂ 9 ਸਹਿਕਾਰੀ ਮਿੱਲਾਂ ਵਿਚ ਪੀੜਿਆ ਗਿਆ ਸੀ, ਪਰ ਇਸ ਵਾਰ ਰਿਕਾਰਡਤੋੜ ਆਮਦ ਕਾਰਨ 150 ਕਰੋੜ ਟਨ ਤੱਕ ਗੰਨਾ ਪੀੜਿਆ ਜਾਵੇਗਾ।
- ਉਨ੍ਹਾਂ ਦੱਸਿਆ ਕਿ ਇਸ ਵਾਰ ਗੰਨੇ ਦੀ ਲਗਾਤਾਰ ਆਮਦ ਕਰਕੇ ਕੁਝ ਮਿੱਲਾਂ ਮਾਰਚ ਤੱਕ ਅਤੇ ਕੁਝ ਅਪ੍ਰੈਲ ਤੱਕ ਚੱਲਦੀਆਂ ਰਹਿਣਗੀਆਂ॥ ਤੁਰੰਤ ਅਦਾਇਗੀ, ਸਮੇਂ ਸਿਰ ਦਿੱਤੀਆਂ ਜਾ ਰਹੀਆਂ ਪਰਚੀਆਂ, ਘੱਟ ਲੇਬਰ ਅਤੇ ਵਧੀਆ ਰੇਟ ਨਾਲ ਕਿਸਾਨਾਂ ਨੇ ਮੁੜ ਸਹਿਕਾਰੀ ਮਿੱਲਾਂ ਵੱਲ ਵਹੀਰ ਘੱਤ ਦਿੱਤੀ ਹੈ।
ਗੁਰਦਾਸਪੁਰ ਵਿਖੇ ਸੜਕ ਹਾਦਸੇ 'ਚ 2 ਮੌਤਾਂ
13 ਫਰਵਰੀ ૿ ਬੀਤੀ ਰਾਤ 11.30 ਵਜੇ ਦੇ ਕਰੀਬ ਗੁਰਦਾਸਪੁਰ ਸ਼ਹਿਰ ਦੇ ਬਾਹਰ ਵਾਰ ਮਾਨ ਕੌਰ ਸਿੰਘ ਦੇ ਨਜ਼ਦੀਕ ਬਾਈਪਾਸ ਦੇ ਕੋਲ ਹੋਏ ਸੜਕ ਹਾਦਸੇ 'ਚ 2 ਕਾਰ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਸੜਕ ਹਾਦਸੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਹ ਸੜਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈ ਅਤੇ ਹਾਦਸਾ ਗ੍ਰਸਤ ਟਰੱਕ ਟੇਢਾ ਹੋ ਕੇ ਸੜਕ ਦੇ ਹੇਠਾਂ ਜਾ ਡਿੱਗਾ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ 'ਚ ਗੁਰਦਾਸਪੁਰ ਸ਼ਹਿਰ ਦੇ ਨੌਜਵਾਨ ਵਿਸ਼ਾਲ ਟੰਡਨ (20) ਪੁੱਤਰ ਕਮਲ ਟੰਡਨ ਵਾਸੀ ਪੰਚਾਇਤੀ ਗਲੀ ਗੁਰਦਾਸਪੁਰ ਅਤੇ ਮਾਣਕ ਦੱਤ (20) ਪੁੱਤਰ ਰਮੇਸ਼ਵਰ ਦੱਤ ਵਾਸੀ ਪੁਰਾਣਾ ਬਾਜ਼ਾਰ ਜੋਸ਼ੀਆ ਗਲੀ ਗੁਰਦਾਸਪੁਰ ਸ਼ਾਮਿਲ ਹਨ, ਜਦੋਂ ਕਿ ਗੰਭੀਰ ਰੂਪ ਵਿਚ ਜ਼ਖਮੀ ਹੋਏ 3 ਨੌਜਵਾਨਾਂ ਵਿਚ ਰਿੰਕੂ ਉਰਫ਼ ਖੈਰੂ (22) ਪੁੱਤਰ ਪਤਰਸ ਵਾਸੀ ਚੱਕ ਆਲਾ ਬਖਸ਼ ਮੁਕੇਰੀਆਂ, ਮੰਗੀ (28) ਵਾਸੀ ਮੁਕੇਰੀਆਂ ਅਤੇ ਬਲਵਿੰਦਰ ਮਸੀਹ ਪੁੱਤਰ ਮੰਗਤ ਰਾਮ ਬਾਲਮੀਕ ਗਲੀ ਮੁਕੇਰੀਆਂ ਸ਼ਾਮਿਲ ਹਨ।
ਮੰਗੂਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਸਰਕਾਰੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰਨ ਤੋਂ ਔਰਤਾਂ ਦੀ ਹੋਈ ਲੜ੍ਹਾਈ ਕਾਰਨ ਅੱਜ ਮੰਗੂਪੁਰ ਦੇ 24 ਸਾਲ ਨੌਜਵਾਨ ਗੁਰਜਿੰਦਰ ਸਿੰਘ ਵਿੱਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਸੂਤਰਾਂ ਦੱਸਿਆ ਕਿ ਬੀਤੇ ਕੱਲ੍ਹ ਟੂਟੀ ਤੋਂ ਪਾਣੀ ਭਰਨ ਤੋਂ ਬਲਵਿੰਦਰ ਸਿੰਘ ਸੂਰਮੇ ਦੀਆਂ ਔਰਤਾਂ ਅਤੇ ਜਗਦੀਸ਼ ਸਿੰਘ ਦੀਸ਼ੇ ਦੀਆਂ ਔਰਤਾਂ ਕਾਫ਼ੀ ਲੜਦੀਆਂ ਰਹੀਆਂ। ਅੱਜ ਜਦ ਸਵੇਰੇ 10 ਦੇ ਕਰੀਬ ਗੁਰਜਿੰਦਰ ਸਿੰਘ ਵਿੱਕੀ ਜੋ ਜਗਦੀਸ਼ ਸਿੰਘ ਦਾ ਵੱਡਾ ਲੜਕਾ ਹੈ, ਆਪਣੀ ਮਾਂ ਨੂੰ ਜੋ ਰਿਸ਼ਤੇਦਾਰ ਦੇ ਜਾ ਰਹੀ ਸੀ, ਨੂੰ ਮੰਗੂਪੁਰ ਬੱਸ ਸਟੈਂਡ 'ਤੇ ਛੱਡ ਕੇ ਵਾਪਿਸ ਪਿੰਡ ਦੇ ਚੌਕ ਵਿਚ ਆਇਆ ਤਾਂ ਸੂਰਮਾ ਪਹਿਲਾ ਹੀ ਕ੍ਰਿਪਾਨ ਲੈ ਕੇ ਪਾਸੇ 'ਤੇ ਤਾਕ ਵਿਚ ਖੜ੍ਹਾ ਸੀ। ਉਸ ਨੇ ਮੋਟਰਸਾਈਕਲ 'ਤੇ ਚੜ੍ਹੇ ਹੀ ਵਿੱਕੀ 'ਤੇ ਕ੍ਰਿਪਾਨ ਨਾਲ ਉਸ ਦੀ ਧੌਣ ਲਾਗੇ ਵਾਰ ਕੀਤਾ। ਗੁਰਜਿੰਦਰ ਸਿੰਘ ਮੋਟਰਸਾਈਕਲ ਛੱਡ ਕੇ ਘਰ ਨੂੰ ਭੱਜਾ, ਬੂਹਾ ਬੰਦ ਹੋਣ ਕਾਰਨ ਉਹ ਆਪਣੇ ਤਾਏ ਦੇ ਘਰ ਵੜ ਗਿਆ। ਬੂਹਾ ਬੰਦ ਕਰਨ ਹੀ ਲੱਗਾ ਸੀ ਕਿ ਸੂਰਮਾ ਭੱਜ ਕੇ ਬੂਹੇ ਕੋਲ ਪਹੁੰਚ ਗਿਆ। ਬੂਹਾ ਬੰਦ ਕਰਦੇ ਗੁਰਜਿੰਦਰ ਦੇ ਸੂਰਮੇ ਨੇ ਸਿੱਧੀ ਕ੍ਰਿਪਾਨ ਖੋਭੀ, ਜੋ ਉਸਦੇ ਖੱਬੇ ਪਾਸੇ ਦਿਲ ਵਿਚ ਵਿਚ ਖੁੱਭ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੂਰਮੇ ਨੂੰ ਸਮੇਤ ਕ੍ਰਿਪਾਨ ਕਾਬੂ ਕਰ ਲਿਆ।
ਥਾਣਾ ਤਲਵੰਡੀ ਚੌਧਰੀਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਵਿੱਕੀ ਦੇ ਪਿਤਾ ਜਗਦੀਸ਼ ਸਿੰਘ ਮੰਗੂਪੁਰ ਦੇ ਬਿਆਨਾਂ 'ਤੇ ਬਲਵਿੰਦਰ ਸਿੰਘ ਸੂਰਮੇ, ਲਖਵਿੰਦਰ ਸਿੰਘ, ਮਲਕੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ, ਮੰਗੂਪੁਰ ਖਿਲਾਫ਼ ਧਾਰਾ 302, 452 ਅਤੇ 34 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।
ਫ਼ਸਲ ਦੀ ਸਿੱਧੀ ਅਦਾਇਗੀ ਲਈ ਸੂਬਾ ਸਕੱਤਰਾਂ ਦੀ ਮੀਟਿੰਗ 21 ਨੂੰ
ਫ਼ਿਰੋਜ਼ਪੁਰ, 13 ਫਰਵਰੀ - ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਅਦਾਇਗੀ ਸਿੱਧੀ ਕਿਸਾਨ ਨੂੰ ਕਰਨ ਲਈ ਸਮੂਹ ਸੂਬਿਆਂ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰਾਂ ਦੀ ਇਕ ਅਹਿਮ ਮੀਟਿੰਗ 21 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸੱਦੀ ਗਈ ਹੈ। ਕਿਸਾਨੀ ਨਾਲ ਸਬੰਧਿਤ ਆਲ੍ਹਾ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਰਾਕ ਮੰਤਰੀ ਸ੍ਰੀ ਥਾਮਸ ਦੀ ਅਗਵਾਈ ਹੇਠ ਹੋ ਰਹੀ ਸਕੱਤਰਾਂ ਦੀ ਬੈਠਕ 'ਚ ਫ਼ਸਲਾਂ ਦੇ ਖਰੀਦਦਾਰ ਵੱਲੋਂ ਸਿੱਧੀ ਕਿਸਾਨਾਂ ਨੂੰ ਚੈੱਕ ਰਾਹੀਂ ਪੈਮੇਂਟ ਕਰਨ ਲਈ ਹੋਏ ਫ਼ੈਸਲੇ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ 'ਚ ਫ਼ਸਲ ਵੇਚਣ ਦੇ ਅਸਲੀ ਹੱਕਦਾਰ ਕਿਸਾਨ ਨੂੰ ਹੀ ਸਿੱਧੀ ਅਦਾਇਗੀ ਕਰਨ ਦਾ ਫ਼ੈਸਲਾ ਲਿਆ ਗਿਆ। ਓਧਰ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਨਵੇਂ ਮਾਡਲ ਮੰਡੀਕਰਨ ਕਾਨੂੰਨ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਅਤੇ ਵਪਾਰ ਸੈੱਲ ਪੰਜਾਬ ਦੇ ਸੂਬਾ ਸਕੱਤਰ ਮਨਮੋਹਨ ਗਰੋਵਰ ਨੇ ਆਖਿਆ ਕਿ ਨਵੇਂ ਮਾਡਲ ਮੰਡੀਕਰਨ ਕਾਨੂੰਨ ਅਨੁਸਾਰ ਮੌਜੂਦਾ ਮੰਡੀਆਂ ਲਈ ਕੋਈ ਥਾਂ ਨਹੀਂ ਕਿ ਕੰਪਨੀਆਂ ਆਪਣੇ ਪ੍ਰਾਈਵੇਟ ਯਾਰਡ ਬਣਾਉਣਗੀਆਂ ਅਤੇ ਉਥੇ ਹੀ ਕਿਸਾਨਾਂ ਦੀ ਜਿਣਸ ਸਿੱਧੀ ਖਰੀਦਣਗੀਆਂ। ਵਿਜੈ ਕਾਲੜਾ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸੂਬੇ ਦਾ 45 ਹਜ਼ਾਰ ਆੜ੍ਹਤੀਆ ਵੇਹਲਾ ਹੋ ਜਾਵੇਗਾ। ਕਾਲੜਾ ਨੇ ਦੱਸਿਆ ਕਿ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਖਿਲਾਫ਼ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ 20 ਫਰਵਰੀ ਨੂੰ ਬੁਲਾ ਲਈ ਗਈ ਹੈ।
ਮੀਨੂੰ ਸਿੰਘ ਦੀ ਐਲਬਮ 'ਇਸ਼ਕ ਮੁਹੱਬਤ ਪਿਆਰ' ਜਲਦ ਹੋਵੇਗੀ ਜਾਰੀ
ਮਾਨਸਾ, 13 ਫਰਵਰੀ ਧਾਸਥਾਨਕ ਸ਼ਹਿਰ ਦੀ ਨੌਜਵਾਨ ਗਾਇਕਾ ਮੀਨੂੰ ਸਿੰਘ ਦੀ ਪਲੇਠੀ ਐਲਬਮ 'ਇਸ਼ਕ ਮੁਹੱਬਤ ਪਿਆਰ' ਜਲਦੀ ਹੀ ਸਰੋਤਿਆਂ ਦੇ ਹੱਥਾਂ ਵਿਚ ਹੋਵੇਗੀ। ਸਪੀਡ ਰਿਕਾਰਡ ਵੱਲੋਂ ਇਸ ਐਲਬਮ ਨੂੰ ਦੇਸ਼-ਵਿਦੇਸ਼ ਵਿਚ ਇੱਕੋ ਸਮੇਂ ਜਾਰੀ ਕੀਤਾ ਜਾਵੇਗਾ। ਉੱਘੇ ਗੀਤਕਾਰ ਤੇ ਪੇਸ਼ਕਾਰ ਅਮਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਿਦਆਂ ਦੱਸਿਆ ਕਿ ਇਸ ਐਲਬਮ ਵਿਚ 1-1 ਗੀਤ ਗੁਰਚਰਨ ਵਿਰਕ ਤੇ ਮਨਪ੍ਰੀਤ ਟਿਵਾਣਾ ਦਾ ਲਿਖਿਆ ਹੋਇਆ ਹੈ ਜਦਕਿ 7 ਗੀਤ ਉਨ੍ਹਾਂ ਖ਼ੁਦ ਲਿਖੇ ਹਨ। ਸੰਗੀਤ ਹਰਪ੍ਰੀਤ ਸਿੰਘ ਦਾ ਹੈ। 2 ਗੀਤਾਂ ਦੀ ਵੀਡੀਓ ਜਤਿੰਦਰ ਸਾਈਰਾਜ਼ ਦੀ ਨਿਰਦੇਸ਼ਨਾ ਹੇਠ ਫ਼ਿਲਮਾਏ ਗਏ ਹਨ। ਗੀਤਕਾਰ ਅਮਰਦੀਪ ਗਿੱਲ ਦਾ ਦਾਅਵਾ ਕਿ ਇਹ ਐਲਬਮ ਆਮ ਗੀਤਾਂ ਦੀ ਚਲੰਤ ਐਲਬਮ ਨਾ ਹੋ ਕੇ ਅਰਥ ਭਰਪੂਰ ਗੀਤਾਂ ਦਾ ਗੁਲਦਸਤਾ ਹੈ ਜੋ ਪੰਜਾਬੀ ਸੰਗੀਤ ਵਿਚ ਹੀ ਨਵੀਆਂ ਪੈੜਾਂ ਪਾਵੇਗੀ।
ਕਿਸਾਨ ਰੇਹੜੀਆਂ ਲਾ ਕੇ ਕਿੰਨੂ ਵੇਚਣ ਲਈ ਮਜਬੂਰ
ਅਬੋਹਰ, 13 ਫਰਵਰੀ -ਕੇਂਦਰ ਤੇ ਸੂਬਾ ਸਰਕਾਰ ਦੀ ਅਣਦੇਖੀ ਕਾਰਨ ਕਿੰਨੂ ਉਤਪਾਦਕਾਂ ਦੀ ਇਸ ਵਾਰ ਇੰਨੀ ਮੰਦੀ ਹਾਲਤ ਹੋਈ ਪਈ ਹੈ ਕਿ ਉਹ ਬਾਜ਼ਾਰ ਵਿਚ ਰੇਹੜੀਆਂ ਲਾ ਕੇ ਕਿੰਨੂ ਵੇਚਣ ਲਈ ਮਜਬੂਰ ਹੋ ਗਏ ਹਨ। ਪਿੰਡ ਗੋਬਿੰਦਗੜ੍ਹ ਦੇ ਕਿਸਾਨ ਤੇਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਕਿੰਨੂ ਤੋੜ ਕੇ ਟਰਾਲੀ ਭਰ ਕੇ ਲਿਆਇਆ ਹੈ ਤੇ ਸ਼ਹਿਰ ਵਿਚ ਦੋ ਵੱਖ-ਵੱਖ ਥਾਵਾਂ 'ਤੇ ਰੇਹੜੀਆਂ ਲਾ ਕੇ ਕਿੰਨੂ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 25 ਏਕੜ ਕਿੰਨੂ ਦਾ ਬਾਗ ਹੈ। ਜੇਕਰ ਕੇਂਦਰ ਤੇ ਸੂਬਾ ਸਰਕਾਰ ਅਬੋਹਰ ਵਿਚ ਕਰੋੜਾਂ ਦੀ ਲਾਗਤ ਨਾਲ ਲਾਈ ਜੂਸ ਫੈਕਟਰੀ ਚਲਾ ਦਿੰਦੀ ਤਾਂ ਕਿੰਨੂ ਉਤਪਾਦਕਾਂ ਦੀ ਇੰਨੀ ਮਾੜੀ ਹਾਲਤ ਨਾ ਹੁੰਦੀ। ਕਿੰਨੂ ਉਤਪਾਦਕ ਕਿਸਾਨ ਦੀ ਮਾੜੀ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਦੋਨੇਂ ਹੀ ਜ਼ਿੰਮੇਵਾਰ ਹਨ। ਕਿਉਂਕਿ ਦੋਨਾਂ ਸਰਕਾਰ ਵਿਚੋਂ ਕਿੰਨੂ ਉਤਪਾਦਕ ਕਿਸਾਨਾਂ ਦੀ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦੁਖੀ ਕਿਸਾਨ ਸੜਕਾਂ 'ਤੇ ਗਧੀ ਰੇਹੜੀਆਂ ਰਾਹੀਂ ਕਿੰਨੂ ਵੇਚਣ ਨੂੰ ਮਜਬੂਰ ਹਨ।