Saturday, 10 March 2012
ਪਾਸਪੋਰਟ ਘੋਟਾਲਾ : ਦਿੱਲੀ ਹਵਾਈ ਅੱਡੇ ਤੋਂ ਇਕ ਗ੍ਰਿਫਤਾਰ
ਮੋਗਾ— ਪੰਜਾਬ ਪੁਲਸ ਨੇ ਮਸ਼ਹੂਰ ਮੋਗਾ ਫਰਜ਼ੀ ਪਾਸਪੋਰਟ ਘੋਟਾਲੇ 'ਚ ਪੁਰਤਗਾਲ ਤੋਂ ਆਏ ਇਕ ਵਿਅਕਤੀ ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ। ਮੋਗਾ ਫਰਜ਼ੀ ਪਾਸਪੋਰਟ ਘੋਟਾਲਾ 2008 'ਚ ਸਾਹਮਣੇ ਆਇਆ ਸੀ। ਪੁਲਸ ਨੇ ਦੱਸਿਆ ਕਿ ਮੋਗਾ ਪੁਲਸ ਦੇ ਵਿਸ਼ੇਸ਼ ਜਾਂਚ ਦਲ ਨੇ ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਬਲਕਾਰ ਸਿੰਘ ਨੂੰ ਵੀਰਵਾਰ ਨੂੰ ਹਵਾਈ ਅੱਡੇ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ। ਉਸ 'ਤੇ ਫਰਜ਼ੀ ਦਸਤਾਵੇਜ਼ਾਂ ਸਹਾਰੇ ਪਾਸਪੋਰਟ ਹਾਸਲ ਕਰਨ ਦਾ ਦੋਸ਼ ਹੈ। ਪੁਲਸ ਮੁਤਾਬਕ ਸਿੰਘ ਕਥਿਤ ਤੌਰ 'ਤੇ ਸਾਊਦੀ ਅਰਬ ਗਿਆ ਸੀ ਜਿੱਥੋਂ 2005 'ਚ ਉਹ ਡੈਨਮਾਰਕ ਚਲਾ ਗਿਆ। ਜਦੋਂ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਗਈ ਤਾਂ ਜ਼ਿਲੇ ਦੇ ਬਾਘਾਪੁਰਾਣਾ ਇਲਾਕੇ ਦੇ ਇਕ ਟ੍ਰੈਵਲ ਏਜੰਟ ਰਾਹੀਂ ਫਰਜ਼ੀ ਪਤੇ 'ਤੇ ਉਸਨੇ 2005 'ਚ ਪਾਸਪੋਰਟ ਹਾਸਲ ਕਰ ਲਿਆ। ਉਸ ਨੂੰ ਕੱਲ ਇਥੇ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪਿਛਲੇ ਚਾਰ ਸਾਲਾਂ 'ਚ ਇਸ ਘੋਟਾਲੇ 'ਚ ਕਰੀਬ 80 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਕਈ ਲੋਕਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਜਾਂਚ 'ਚ ਇਹ ਵੀ ਪਤਾ ਚੱਲਿਆ ਕਿ ਕੁਝ ਅਪਰਾਧੀਆਂ ਨੇ ਵੀ ਫਰਜ਼ੀ ਦਸਤਾਵੇਜ਼ਾਂ ਸਹਾਰੇ ਪਾਸਪੋਰਟ ਹਾਸਲ ਕੀਤਾ।
ਫਰੀਦਾਬਾਦ ਵਿਚ ਔਰਤ ਨੂੰ ਨਗਨ ਕਰਕੇ ਘੁਮਾਇਆ
ਫਰੀਦਾਬਾਦ :-ਫਰੀਦਾਬਾਦ ਜ਼ਿਲੇ ਦੇ ਰਾਏਪੁਰ ਕਲਾਂ ਪਿੰਡ ਵਿਚ ਆਪਸੀ ਰੰਜਿਸ਼ ਦੇ ਕਾਰਨ ਹਥਿਆਰਬੰਦ ਲੋਕਾਂ ਨੇ ਇਕ ਔਰਤ ਨੂੰ ਨਗਨ ਅਵਸਥਾ ਵਿਚ ਪਿੰਡ ਦੇ ਚੋਰਾਹੇ 'ਚ ਘੁਮਾਇਆ। ਫਰੀਦਾਬਾਦ ਦੇ ਡੀ. ਸੀ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਈਸ਼ਵਰ ਸਿੰਘ ਨੇ 11 ਮਾਰਚ ਨੂੰ ਆਪਣੀ ਨਾਬਾਲਗ ਬੇਟੀ ਦਾ ਵਿਆਹ ਤੈਅ ਕੀਤਾ ਸੀ ਪਰ ਇਸ ਬਾਰੇ ਕਿਸੇ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ। ਅਦਾਲਤ ਦੇ ਨਿਰਦੇਸ਼ 'ਤੇ ਪ੍ਰਸ਼ਾਸਨ ਨੇ ਇਹ ਵਿਆਹ ਰੁਕਵਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਕਾਰਨ ਹੋਲੀ ਵਾਲੇ ਦਿਨ ਈਸ਼ਵਰ ਸਿੰਘ ਨੇ ਆਪਣੇ ਗੁਆਂਢੀ ਬਲਿਹਾਰ ਸਿੰਘ ਦੇ ਘਰ ਆਪਣੇ ਦਰਜਨਾਂ ਹਥਿਆਰਬੰਦ ਸਾਥੀਆਂ ਨਾਲ ਹਮਲਾ ਕਰ ਦਿੱਤਾ ਅਤੇ ਬਲਿਹਾਰ ਦੀ ਮਾਂ ਦੇ ਕੱਪੜੇ ਫਾੜ ਕੇ ਉਸਨੂੰ ਨਗਨ ਅਵਸਥਾ ਵਿਚ ਪਿੰਡ ਦੇ ਚੌਰਾਹੇ ਵਿਚ ਘੁਮਾਇਆ।
ਹਰਿੰਦਰ ਸਿੰਘ ਕਤਲ ਕੇਸ 'ਚ ਪੰਜਾਬੀ ਨੂੰ 4 ਸਾਲ ਕੈਦ
ਲੰਡਨ (ਬਰਮਿੰਘਮ), 9 ਮਾਰਚ -ਵਿਦਿਆਰਥੀ ਵੀਜ਼ੇ 'ਤੇ 2009 ਵਿਚ ਆਏ ਅਮਿਤਪ੍ਰੀਤ ਸਿੰਘ (23) ਨੂੰ ਲੈਸਟਰ ਕਰਾਊਨ ਕੋਰਟ ਵੱਲੋਂ ਹਰਿੰਦਰ ਸਿੰਘ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰਨ ਦੇ ਦੋਸ਼ ਵਿਚ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਗੈਰ-ਕਾਨੂੰਨੀ ਭਾਰਤੀ ਅਵਾਸੀਆਂ ਨਾਲ ਇਕੋ ਘਰ ਵਿਚ ਰਹਿ ਰਹੇ ਸਨ ਅਤੇ ਕਿਸੇ ਗੱਲ ਤੋਂ ਦੋਵਾਂ ਵਿਚਕਾਰ ਝਗੜਾ ਹੋ ਗਿਆ। ਅਦਾਲਤ ਨੇ ਸੁਣਿਆ ਕਿ ਨਵੰਬਰ, 2011 ਵਿਚ ਵਾਪਰੀ ਇਕ ਘਟਨਾ ਵਿਚ ਪਹਿਲਾਂ ਮ੍ਰਿਤਕ ਹਰਿੰਦਰ ਸਿੰਘ ਨੇ ਲੰਬੇ ਚਾਕੂ ਨਾਲ ਅਮਿਤਪ੍ਰੀਤ ਸਿੰਘ 'ਤੇ ਹਮਲਾ ਕੀਤਾ ਸੀ ਅਤੇ ਬਾਅਦ ਵਿਚ ਅਮਿਤਪ੍ਰੀਤ ਸਿੰਘ ਨੇ ਹਰਿੰਦਰ ਸਿੰਘ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸਜ਼ਾ ਪੂਰੀ ਹੋਣ ਮਗਰੋਂ ਅਮਿਤਪ੍ਰੀਤ ਸਿੰਘ ਨੂੰ ਭਾਰਤ ਵਾਪਿਸ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਜ ਪੱਧਰੀ ਸਨਮਾਨ ਸਮਾਰੋਹ
ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕੰਪਿਊਟਰ ਐਜੂਕੇਸ਼ਨ ਅਤੇ ਵੈਲਫੇਅਰ ਸੰਗਠਨ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਮਦਰ ਟਰੇਸਾ ਐਵਾਰਡ ਨਾਲ ਸਨਮਾਨਿਤ 38 ਮਹਿਲਾਵਾਂ ਅਤੇ ਸੰਸਥਾ ਦੇ ਆਗੂ।
ਫ਼ਿਰੋਜ਼ਪੁਰ, 9 ਮਾਰਚ -ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਨਮਾਨ ਸਮਾਰੋਹ ਰਾਸ਼ਟਰੀ ਸਰਵ ਸਿੱਖਿਆ ਅਭਿਆਨ ਨਵੀਂ ਦਿੱਲੀ ਨਾਲ ਸਬੰਧਿਤ ਪੰਜਾਬ ਕੰਪਿਊਟਰ ਐਜੂਕੇਸ਼ਨ ਅਤੇ ਵੈਲਫੇਅਰ ਸੰਗਠਨ ਵੱਲੋਂ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ 'ਚ ਕਰਵਾਇਆ ਗਿਆ। ਇਸ ਮੌਕੇ ਸਿੱਖਿਆ, ਸਮਾਜ ਸੇਵਾ, ਖੇਡਾਂ, ਸਮਾਜਿਕ, ਸੱਭਿਆਚਾਰਕ ਅਤੇ ਸਾਹਸੀ ਗਤੀਵਿਧੀਆਂ ਵਿੱਚ ਸ਼ਲਾਘਾਯੌਗ ਯੋਗਦਾਨ ਪਾ ਕੇ ਨਾਮਣਾ ਖੱਟਣ ਵਾਲੀਆਂ 38 ਮਹਿਲਾਵਾਂ ਨੂੰ 'ਮਦਰ ਟਰੇਸਾ ਸਨਮਾਨ 2012' ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਕੰਪਿਊਟਰ ਐਜੂਕੇਸ਼ਨ ਅਤੇ ਵੈਲਫੇਅਰ ਸੰਗਠਨ ਦੇ ਡਾਇਰੈਕਟਰ ਸ: ਸਿੰਕਦਰ ਸਿੰਘ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ: ਮਧੂ ਪ੍ਰਾਸ਼ਰ ਨੇ ਕੀਤੀ। ਰਾਜ ਪੱਧਰੀ ਸਮਾਗਮ ਦੌਰਾਨ ਵਿਦਿਆ ਦੇ ਖੇਤਰ 'ਚ ਯੋਗਦਾਨ ਪਾਉਣ ਬਦਲੇ ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਪ੍ਰਿੰਸੀਪਲ ਡਾ: ਮਧੂ ਪ੍ਰਾਸ਼ਰ ਤੋਂ ਇਲਾਵਾਂ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ 'ਚ ਹਰਮੇਸ਼ ਕੌਰ ਤੇ ਸਵਰਾਜ ਗਰੋਵਰ (ਅੰਮ੍ਰਿਤਸਰ), ਅੰਚਲਾ ਰੁਪਾਲ ਤੇ ਨਿਰਮਲ ਗੁਪਤਾ (ਬਰਨਾਲਾ), ਸੰਤੋਸ਼ ਕੁਮਾਰੀ ਤੇ ਅੰਕੁਸ਼ (ਗੁਰਦਾਸਪੁਰ), ਊਸ਼ਾ ਸ਼ਰਮਾ ਤੇ ਕੁਮਾਰੀ ਪਰਵੀਨ (ਬਠਿੰਡਾ), ਜੋਤੀ ਬਾਲਾ ਤੇ ਕਿਰਨ ਸੁਖੀਜਾ (ਫ਼ਰੀਦਕੋਟ), ਸੰਦੀਪ ਕੌਰ ਤੇ ਮਨਪ੍ਰੀਤ ਕੌਰ (ਫਾਜ਼ਿਲਕਾ), ਜਸਵਿੰਦਰ ਪਾਲ ਕੌਰ ਤੇ ਲਖਵਿੰਦਰ ਕੌਰ (ਫ਼ਿਰੋਜ਼ਪੁਰ), ਇੰਦਰਜੀਤ ਨੰਦਨ (ਹੁਸ਼ਿਆਰਪੁਰ), ਇੰਦਰਜੀਤ ਕੌਰ ਮਾਨ ਤੇ ਕੁਲਦੀਪ ਕੌਰ (ਜਲੰਧਰ), ਸੁਰੇਸ਼ ਸ਼ਰਮਾ ਤੇ ਸ਼ਾਂਤਾ ਕਪੂਰ (ਕਪੂਰਥਲਾ), ਪ੍ਰੀਤੀ ਕਾਂਸਲ ਤੇ ਮਨਮੀਤ ਕੌਰ (ਲੁਧਿਆਣਾ), ਜਸਵਿੰਦਰ ਕੌਰ ਤੇ ਇੰਦਰਪਾਲ ਕੌਰ (ਮਾਨਸਾ), ਬਲਵਿੰਦਰ ਕੌਰ ਤੇ ਬਲਜੀਤ ਕੌਰ (ਮੋਗਾ), ਗ਼ਜ਼ਲਾ ਖਾਨਮ (ਮੁਹਾਲੀ), ਹਰਪਿੰਦਰ ਕੌਰ ਤੇ ਕਰਮਜੀਤ ਕੌਰ (ਸ੍ਰੀ ਮੁਕਤਸਰ ਸਾਹਿਬ), ਜਸਕਰਨ ਕੌਰ ਤੇ ਪ੍ਰਿਅੰਕਾ ਦੇਵੀ (ਸ਼ਹੀਦ ਭਗਤ ਸਿੰਘ ਨਗਰ), ਮੀਨਾ ਤਰਨੈਚ ਤੇ ਕੋਮਲ ਚੱਢਾ (ਪਠਾਨਕੋਟ), ਰਕਸ਼ਾ ਢੰਡ ਤੇ ਹਰਪ੍ਰੀਤ ਕੌਰ (ਰੋਪੜ), ਰਸ਼ਪਾਲ ਕੌਰ ਤੇ ਮੰਜੁਲਾ ਸ਼ਰਮਾ (ਸੰਗਰੂਰ) ਅਤੇ ਗਗਨਪ੍ਰੀਤ ਕੌਰ ਤੇ ਹਰਜੀਤ ਕੌਰ (ਤਰਨਤਾਰਨ) ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕੰਪਿਊਟਰ ਐਜੂਕੇਸ਼ਨ ਅਤੇ ਵੈਲਫੇਅਰ ਸੰਗਠਨ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਮਦਰ ਟਰੇਸਾ ਐਵਾਰਡ ਨਾਲ ਸਨਮਾਨਿਤ 38 ਮਹਿਲਾਵਾਂ ਅਤੇ ਸੰਸਥਾ ਦੇ ਆਗੂ।
ਸੁਖਬੀਰ ਵੱਲੋਂ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ
ਸੁਖਬੀਰ ਸਿੰਘ ਬਾਦਲ ਇਤਿਹਾਸਕ ਸਥਾਨ ਚੱਪੜਚਿੜੀ ਵਿਖੇ 14 ਮਾਰਚ ਨੂੰ ਹੋਣ ਜਾ ਰਹੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।
ਅਜੀਤਗੜ੍ਹ 9 ਮਾਰਚ -ਪੰਜਾਬ ਵਿਧਾਨ ਸਭਾ ਚੋਣਾਂ 2012 ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਹੋਈ ਇਤਿਹਾਸਕ ਜਿੱਤ ਉਪਰੰਤ ਨਵੀਂ ਚੁਣੀ ਪੰਜਾਬ ਵਿਧਾਨ ਸਭਾ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਇਤਿਹਾਸਕ ਸਥਾਨ ਚੱਪੜਚਿੜੀ ਜਿਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਸਥਾਪਿਤ ਹੈ, ਵਿਖੇ 14 ਮਾਰਚ ਨੂੰ ਕਰਵਾਉਣ ਦਾ ਫੈਸਲਾ ਲਿਆ ਹੈ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਸਥਾਨ ਚੱਪੜਚਿੜੀ ਵਿਖੇ ਅੱਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਲੋਕ ਭਲਾਈ ਨੀਤੀਆਂ ਅਤੇ ਵੱਡੀ ਪੱਧਰ 'ਤੇ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਆਸਾਂ ਤੇ ਉਮੰਗਾਂ ਨੂੰ ਲੈ ਕੇ ਮੁੜ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਸ 'ਤੇ ਖਰਾ ਉਤਰਿਆ ਜਾਵੇਗਾ ਅਤੇ ਰਾਜ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਸਮੇਤ ਹੋਰਨਾਂ ਰਾਜਾਂ ਦੇ ਮੁੱਖ ਮੰਤਰੀ ਅਤੇ ਖੇਤਰੀ ਪਾਰਟੀਆਂ ਦੇ ਸੀਨੀਅਰ ਆਗੂ ਵੀ ਸ਼ਿਰਕਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਚੁਣੇ ਗਏ ਵਿਧਾਇਕ ਬਿਕਰਮ ਸਿੰਘ ਮਜੀਠੀਆ ਕੌਮੀ ਪ੍ਰਧਾਨ ਯੂਥ ਅਕਾਲੀ ਦਲ, ਡਾ: ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਨਰਿੰਦਰ ਸ਼ਰਮਾ, ਬਲਵੰਤ ਸਿੰਘ ਰਾਮੂਵਾਲੀਆ ਸੀਨੀਅਰ ਅਕਾਲੀ ਆਗੂ, ਨਿਰਪਜੀਤ ਸਿੰਘ ਨਿੱਪੀ ਧਨੋਆ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਿਰਨਬੀਰ ਸਿੰਘ ਕੰਗ, ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਅਜੀਤਗੜ੍ਹ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਸਵੰਤ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ (ਇਸਤਰੀ ਅਕਾਲੀ ਦਲ) ਬੀਬੀ ਕੁਲਦੀਪ ਕੌਰ ਕੰਗ, ਸਹਿਕਾਰਤਾ ਬੈਂਕ ਦੇ ਚੇਅਰਮੈਨ ਮਨਜੀਤ ਸਿੰਘ ਮੁਧੋ, ਐਮ. ਡੀ ਬਲਜੀਤ ਸਿੰਘ ਕਾਰਕੋਰ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਰਾਜਾ ਕੰਵਰਜੋਤ ਸਿੰਘ, ਅੰਮ੍ਰਿਤਪਾਲ ਸਿੰਘ ਰਾਜੂ, ਮੁੱਖ ਪ੍ਰਸ਼ਾਸਕ ਗਮਾਡਾ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਡੀ. ਜੀ. ਪੀ. (ਅਮਨ ਅਤੇ ਕਾਨੂੰਨ) ਰਾਜਨ ਗੁਪਤਾ, ਏ ਡੀ ਜੀ ਪੀ ਹਰਦੀਪ ਸਿੰਘ ਢਿਲੋਂ, ਡੀ. ਆਈ. ਜੀ. ਡਾ. ਨਰੇਸ਼ ਅਰੋੜਾ, ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਪ੍ਰਵੀਨ ਕੁਮਾਰ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਪ੍ਰਦੀਪ ਸਿੰਘ ਕਾਲੇਕਾ, ਐਸ. ਡੀ. ਐਮ ਅਮਿਤ ਤਲਵਾੜ, ਜ਼ਿਲ੍ਹਾ ਮਾਲ ਅਫਸਰ ਸੰਜੀਵ ਕੁਮਾਰ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸੁਖਵਿੰਦਰ ਕੁਮਾਰ ਸਮੇਤ ਹੋਰਨਾਂ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।ਸੁਖਬੀਰ ਸਿੰਘ ਬਾਦਲ ਇਤਿਹਾਸਕ ਸਥਾਨ ਚੱਪੜਚਿੜੀ ਵਿਖੇ 14 ਮਾਰਚ ਨੂੰ ਹੋਣ ਜਾ ਰਹੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਗਏ ਮਹੱਲੇ ਦਾ ਅਲੋਕਿਕ ਦ੍ਰਿਸ਼।
ਅਨੰਦਪੁਰ ਸਾਹਿਬ 9 ਮਾਰਚ, ਨਿਹੰਗ ਸਿੰਘਾਂ ਦੇ ਸਾਰੇ ਦਲਾਂ ਨੇ ਅੱਜ ਦੁਪਹਿਰ ਬਾਅਦ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿਚ ਮਹੱਲਾ ਕੱਢਿਆ। ਇਸ ਸਮੇਂ ਗੁਰੂ ਕੀਆਂ ਲਾਡਲੀਆਂ ਫੌਜਾਂ ਇਕ-ਦੂਜੇ 'ਤੇ ਸੁੱਕਾ ਰੰਗ ਗੁਲਾਲ ਸੁੱਟ ਕੇ ਖੁਸ਼ੀ ਅਤੇ ਖੇੜੇ ਦਾ ਪ੍ਰਗਟਾਅ ਕਰ ਰਹੀਆਂ ਸਨ।ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਗਏ ਮਹੱਲੇ ਦਾ ਅਲੋਕਿਕ ਦ੍ਰਿਸ਼।
ਨਿਹੰਗ ਸਿੰਘਾਂ ਦੇ ਸਾਰੇ ਦਲਾਂ ਦੇ ਨਿਹੰਗ ਸਿੰਘ ਆਪਣੇ-ਆਪਣੇ ਆਗੂਆਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਲੈ ਕੇ ਕੇਸਰੀ, ਨੀਲੇ ਪੁਸ਼ਾਕੇ ਪਹਿਨੀ, ਹੱਥਾਂ ਵਿਚ ਰਵਾਇਤੀ ਸ਼ਸਤਰ ਲੈ ਕੇ ਪੈਦਲ, ਘੋੜਿਆਂ, ਹਾਥੀਆਂ 'ਤੇ ਮਾਰਚ ਕਰਦੇ ਜਾ ਰਹੇ ਸਨ। ਹਰੇਕ ਦਲ ਦੇ ਅੱਗੇ ਇਕ-ਇਕ ਨਿਹੰਗ ਸਿੰਘ ਨਗਾਰੇ ਉੱਤੇ ਧੌਂਸਾ ਵਜਾਉਂਦਾ ਜਾ ਰਿਹਾ ਸੀ। ਕੁਝ ਨਿਹੰਗ ਸਿੰਘਾਂ ਨੇ ਬੜੇ ਵੱਡੇ ਦਸਤਾਰੇ ਸਜਾਏ ਹੋਏ ਸਨ। ਨਿਹੰਗ ਸਿੰਘਾਂ ਦਾ ਇਹ ਮਹੱਲਾ ਆਪਣੀਆਂ-ਆਪਣੀਆਂ ਛਾਉਣੀਆਂ ਤੋਂ ਸ਼ੁਰੂ ਹੋ ਕੇ ਨਵੀਂ ਆਬਾਦੀ, ਸ੍ਰੀ ਕੇਸਗੜ੍ਹ ਮਾਰਕੀਟ, ਬੱਸ ਸਟੈਂਡ ਤੋਂ ਹੁੰਦਾ ਹੋਇਆ ਅਗੰਮਪੁਰ, ਕਿਲ੍ਹਾ ਹੋਲਗੜ੍ਹ ਰਾਹੀਂ ਗੁਰਦੁਆਰਾ ਮਾਤਾ ਜੀਤੋ ਜੀ ਦੇ ਗੁਰਦੁਆਰੇ ਪੁੱਜਾ ਜਿਥੇ ਸਾਰੇ ਨਿਹੰਗ ਸਿੰਘ ਦਸਮ ਪਾਤਸ਼ਾਹ ਦੇ ਮਹਿਲ ਮਾਤਾ ਜੀਤੋ ਜੀ ਨੂੰ ਨਤਮਸਤਕ ਹੋ ਕੇ ਪੂਰੇ ਜਾਹੋ-ਜਲਾਲ ਨਾਲ ਆਪਣੇ ਜੰਗਜੂ ਕਰਤੱਬ ਦਿਖਾਉਣ ਲਈ ਚਰਨ ਗੰਗਾ ਸਟੇਡੀਅਮ ਪੁੱਜੇ।
ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਾਗਰ ਸਿੰਘ, ਬਾਬਾ ਅਵਤਾਰ ਸਿੰਘ, ਸ੍ਰੀ ਦਸਮੇਸ਼ ਤਰਨਾ ਦਲ ,ਬਾਬਾ ਮੱਖਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਦਇਆ ਸਿੰਘ, ਬਾਬਾ ਗੱਜਣ ਸਿੰਘ, ਬਾਬਾ ਮੋਹਨ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਮਾਨ ਸਿੰਘ, ਬਾਬਾ ਤਰਲੋਕ ਸਿੰਘ, ਬਾਬਾ ਸੁੱਖਾ ਸਿੰਘ (ਮਹਿਤਾ ਚੌਕ), ਬਾਬਾ ਤਰਲੋਕ ਸਿੰਘ, ਬਾਬਾ ਲਾਲ ਸਿੰਘ, ਬਾਬਾ ਰਛਪਾਲ ਸਿੰਘ, ਬਾਬਾ ਫੁੰਮਣ ਸਿੰਘ, ਬਾਬਾ ਵਿਵੇਕ ਸਿੰਘ, ਬਾਬਾ ਸਤਨਾਮ ਸਿੰਘ (ਸ਼ਹੀਦ ਤਾਰੂ ਸਿੰਘ), ਬਾਬਾ ਹਰਜੀਤ ਸਿੰਘ ਅਤੇ ਬਾਬਾ ਸਤਨਾਮ ਸਿੰਘ (ਨੀਲਧਾਰੀ ਸੰਪਰਦਾਇ) ਆਦਿ ਕਰ ਰਹੇ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿਆਨੀ ਤਰਲੋਚਨ ਸਿੰਘ ਨੇ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਹਰੀਆਂ ਵੇਲਾਂ ਆਦਿ ਸਾਰੇ ਦਲਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਿਹੰਗ ਸਿੰਘਾਂ ਦੇ ਸਾਰੇ ਦਲਾਂ ਲਈ ਭੇਜੀ ਇਕ ਲੱਖ ਰੁਪਏ ਦੀ ਰਕਮ ਬਾਬਾ ਨਾਗਰ ਸਿੰਘ ਨੂੰ ਭੇਟ ਕੀਤੀ। ਇਸ ਸਮੇਂ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ: ਸੁਰਿੰਦਰ ਸਿੰਘ, ਸ: ਦਿਲਜੀਤ ਸਿੰਘ ਭਿੰਡਰ, ਸ: ਪਰਮਜੀਤ ਸਿੰਘ ਲੱਖੇਵਾਲ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਸ: ਕੁਲਦੀਪ ਸਿੰਘ ਪੱਟੀ, ਠੇਕੇਦਾਰ ਗੁਰਨਾਮ ਸਿੰਘ, ਸ: ਭਗਤ ਸਿੰਘ ਚਨੌਲੀ, ਜਥੇ: ਰਾਮ ਸਿੰਘ, ਮੀਤ ਮੈਨੇਜਰ ਸ: ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਨਿਹੰਗ ਸਿੰਘ ਨੇ ਵੱਖ-ਵੱਖ ਜੰਗਜੂ ਕਰਤੱਬ ਦਿਖਾ ਕੇ ਲੱਖਾਂ ਦੀ ਗਿਣਤੀ ਵਿਚ ਖੜ੍ਹੀਆਂ ਸੰਗਤਾਂ ਸਾਹਮਣੇ ਪ੍ਰਦਰਸ਼ਨ ਕੀਤਾ।
ਦੁਰੰਤੋ ਰੇਲ ਗੱਡੀ ਦੀਆਂ ਖਾਮੀਆਂ ਦੂਰ ਕਰਨ ਦੀ
ਥਾਂ ਬੰਦ ਕਰਨ ਦੇ ਯਤਨ-ਬੀਬੀ ਚਾਵਲਾ
ਬੀਬੀ ਲਕਸ਼ਮੀ ਕਾਂਤਾ ਚਾਵਲਾ ਗੱਲਬਾਤ ਕਰਦੇ ਹੋਏ।
ਜਲੰਧਰ. ਮੇਜਰ ਸਿੰਘ 9 ਮਾਰਚ, ਸਾਬਕਾ ਮੰਤਰੀ ਤੇ ਭਾਜਪਾ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਰੇਲਵੇ ਮੰਤਰਾਲਾ ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਆਰੰਭ ਹੋਈ ਦੁਰੰਤੋ ਰੇਲ ਗੱਡੀ ਦੀਆਂ ਖਾਮੀਆਂ ਦੂਰ ਕਰਨ ਦੀ ਥਾਂ ਇਸ ਨੂੰ ਬੰਦ ਕਰਨ ਦੀਆਂ ਵਿਉਂਤਾਂ ਘੜ ਰਿਹਾ ਹੈ। 'ਅਜੀਤ' ਭਵਨ ਵਿਖੇ ਗੱਲਬਾਤ ਕਰਦਿਆਂ ਬੀਬੀ ਚਾਵਲਾ ਨੇ ਕਿਹਾ ਕਿ ਇਕ ਤਾਂ ਇਹ ਗੱਡੀ ਜਲੰਧਰ, ਲੁਧਿਆਣਾ ਰੁਕਦੀ ਨਹੀਂ ਤੇ ਦੂਜਾ ਚੰਡੀਗੜ੍ਹ ਤੋਂ ਵਾਪਸੀ ਦਾ ਸਮਾਂ ਸ਼ਾਮ 7 ਵਜੇ ਹੈ। ਥਾਂ ਬੰਦ ਕਰਨ ਦੇ ਯਤਨ-ਬੀਬੀ ਚਾਵਲਾ
ਬੀਬੀ ਲਕਸ਼ਮੀ ਕਾਂਤਾ ਚਾਵਲਾ ਗੱਲਬਾਤ ਕਰਦੇ ਹੋਏ।
ਲੁਧਿਆਣਾ, ਜਲੰਧਰ ਤੋਂ ਇਸ ਗੱਡੀ ਵਿਚ ਕੋਈ ਸਵਾਰੀ ਬੈਠ ਨਹੀਂ ਸਕਦੀ ਤੇ ਨਾਲ ਹੀ ਸ਼ਾਮ 4-5 ਵਜੇ ਚੰਡੀਗੜ੍ਹ ਕੰਮ ਤੋਂ ਵਿਹਲੇ ਹੋਣ ਵਾਲੇ ਲੋਕਾਂ ਨੂੰ 7 ਵਜੇ ਤੱਕ ਉਡੀਕ ਕਰਨੀ ਔਖੀ ਹੁੰਦੀ ਹੈ। 7 ਵਜੇ ਗੱਡੀ ਚੱਲਣ ਨਾਲ ਉਹ ਰਾਤ 12 ਵਜੇ ਘਰ ਪੁੱਜਦੇ ਹਨ। ਦੁਰੰਤੋ ਦਾ ਵਾਪਸੀ ਦਾ ਕਿਰਾਇਆ ਏ. ਸੀ. ਬੱਸਾਂ ਨਾਲੋਂ 100 ਰੁਪਏ ਵੱਧ ਹੈ ਤੇ ਮੁਸਾਫਿਰ ਗੱਡੀ ਦੀ ਉਡੀਕ ਕਰਨ ਦੀ ਥਾਂ ਬੱਸ ਵਿਚ ਸਫਰ ਕਰਨ ਨੂੰ ਤਰਜੀਹ ਦਿੰਦੇ ਹਨ।
ਇਹੀ ਕਾਰਨ ਹੈ ਕਿ ਸ਼ਾਮ ਸਮੇਂ ਇਸ ਗੱਡੀ ਵਿਚ ਮਸਾਂ 200-250 ਮੁਸਾਫਿਰ ਸਵਾਰ ਹੁੰਦੇ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਘੱਟ ਮੁਸਾਫਿਰਾਂ ਦਾ ਬਹਾਨਾ ਬਣਾ ਕੇ (ਬਾਕੀ ਸਫ਼ਾ 13 'ਤੇ) ਰੇਲ ਮੰਤਰਾਲਾ ਇਹ ਗੱਡੀ ਬੰਦ ਕਰਵਾ ਸਕਦਾ ਹੈ। ਬੀਬੀ ਚਾਵਲਾ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਦੁਰੰਤੋ ਰੇਲ ਗੱਡੀ ਨੂੰ ਜਲੰਧਰ ਤੇ ਲੁਧਿਆਣਾ ਵਿਚ ਵੀ ਰੋਕਿਆ ਜਾਵੇ। ਦੂਜਾ ਰਿਜ਼ਰਵੇਸ਼ਨ ਸਿਰਫ 2 ਏ. ਸੀ. ਡੱਬਿਆਂ ਵਿਚ ਹੀ ਹੋਵੇ ਤੇ ਬਾਕੀ ਡੱਬੇ ਬਿਨਾਂ ਰਿਜ਼ਰਵੇਸ਼ਨ ਹੋਣ ਤੇ ਖਾਣੇ ਦੇ ਜਬਰੀ ਪੈਸੇ ਟਿਕਟ ਵਿਚ ਲੈਣੇ ਬੰਦ ਕੀਤੇ ਜਾਣ। ਸਾਡੀਆਂ ਇਹ ਗੱਲਾਂ ਮੰਨੇ ਜਾਣ ਨਾਲ ਗੱਡੀ ਸਵਾਰੀਆਂ ਨਾਲ ਭਰੀ ਜਾਵੇਗੀ ਤੇ ਆਮ ਲੋਕਾਂ ਦੀ ਮੁਸ਼ਕਿਲ ਵੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਮਾਫੀਆ ਵੀ ਨਹੀਂ ਚਾਹੁੰਦਾ ਕਿ ਕੋਈ ਤੇਜ਼ ਰਫਤਾਰ ਗੱਡੀ ਇਸ ਰੂਟ ਉੱਪਰ ਚੱਲੇ ਜੋ ਸਾਰੇ ਸ਼ਹਿਰਾਂ 'ਚ ਰੁਕਦੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਹ ਗੱਡੀ ਲੋਕਾਂ ਦੀ ਸਹੂਲਤ ਲਈ ਸ਼ੁਰੂ ਕਰਵਾਈ ਸੀ ਤੇ ਇਸ ਨੂੰ ਕਿਸੇ ਵੀ ਕੀਮਤ ਉੱਪਰ ਬੰਦ ਨਹੀਂ ਹੋਣ ਦਿਆਂਗੇ।
ਸੜਕ ਹਾਦਸੇ 'ਚ ਇਕ ਦੀ ਮੌਤ-32 ਜ਼ਖ਼ਮੀ
ਅੱਡਾ ਸਰਾਂ. ਹਰਜਿੰਦਰ ਸਿੰਘ ਮਸੀਤੀ 9 ਮਾਰਚ, ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਹੋਏ ਸੜਕ ਹਾਦਸੇ ਦੌਰਾਨ ਇੱਕ ਬੱਚੀ ਦੀ ਮੌਤ ਹੋ ਗਈ ਤੇ 32 ਵਿਅਕਤੀ ਜ਼ਖ਼ਮੀ ਹੋ ਗਏ। ਇਹ ਭਿਆਨਕ ਹਾਦਸਾ ਪਿੰਡ ਪੰਡੋਰੀ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਟਾਂਡਾ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਹੀ ਟਾਟਾ 207 ਗੱਡੀ ਦੀ ਟੱਕਰ ਸਾਹਮਣੇ ਤੋਂ ਆ ਰਹੀ ਟਾਟਾ ਆਰੀਆ ਗੱਡੀ ਨਾਲ ਹੋ ਗਈ। ਇਨ੍ਹਾਂ ਗੱਡੀਆਂ ਨੇ ਮੋਟਰ ਸਾਈਕਲ ਸਵਾਰ ਦੋ ਹੋਰ ਸ਼ਰਧਾਲੂਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਾਦਸੇ ਸਬੰਧੀ ਪਤਾ ਚੱਲਦਿਆਂ ਹੀ ਨਜ਼ਦੀਕੀ ਪਿੰਡ ਪੰਡੋਰੀ ਤੇ ਝਾਵਾਂ ਦੇ ਲੋਕ ਜ਼ਖ਼ਮੀਆਂ ਦੀ ਮਦਦ ਕਰਨ ਲਈ ਪਹੁੰਚ ਗਏ। ਇਸ ਹਾਦਸੇ ਦੌਰਾਨ 1 ਸਾਲ ਦੀ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ। ਜਿਸਦੀ ਪਹਿਚਾਣ ਸੁਪਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਮਿਸ਼ਰਪੁਰ (ਗੁਰਦਾਸਪੁਰ) ਵਜੋਂ ਹੋਈ, ਜਦਕਿ 32 ਹੋਰ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਟਾਂਡਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਉਪਰੰਤ ਹਸਪਤਾਲ ਵਿਖੇ ਪਹੁੰਚ ਕੇ ਡੀ. ਐਸ. ਪੀ. ਤਰਸੇਮ ਲਾਲ, ਥਾਣਾ ਮੁਖੀ ਦਲਜੀਤ ਸਿੰਘ ਖੱਖ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਅਰਵਿੰਦਰ ਸਿੰਘ ਰਸੂਲਪੁਰ, ਜੋਗਿੰਦਰ ਸਿੰਘ ਗਿਲਜੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਟਾਂਡਾ ਪੁਲਿਸ ਨੇ ਜ਼ਖ਼ਮੀ ਅਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਮਿਸ਼ਰਪੁਰ ਦੇ ਬਿਆਨਾਂ ਦੇ ਆਧਾਰ 'ਤੇ ਟਾਟਾ ਆਰੀਆ ਚਾਲਕ ਸਰਬਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸ਼ਰਮਨਾਕ ਹਾਰ ਕਾਰਨ ਮਨਪ੍ਰੀਤ ਬਾਦਲ ਦਾ ਦਿਮਾਗੀ ਸੰਤੁਲਨ ਵਿਗੜਿਆ
ਖੰਨਾ, -ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਕੌਂਸਲਰ ਤੇ ਨਗਰ ਕੌਂਸਲ ਖੰਨਾ ਦੇ ਸਾਬਕਾ ਮੀਤ ਪ੍ਰਧਾਨ ਸਰਵਦੀਪ ਸਿੰਘ ਕਾਲੀਰਾਉ ਨੇ ਕਿਹਾ ਕਿ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਮੁੱਚੇ ਪੰਜਾਬ ਵਿਚ ਪੀ.ਪੀ.ਪੀ. ਦੇ ਉਮੀਦਵਾਰਾਂ ਦੀ ਹੋਈ ਸ਼ਰਮਨਾਕ ਹਾਰ ਕਾਰਨ ਪਾਰਟੀ ਪ੍ਰਧਾਨ ਮਨਪ੍ਰੀਤ ਬਾਦਲ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਤੇ ਉਹ ਭਾਜਪਾ ਖਿਲਾਫ ਬੇਤੁਕੀ ਤੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਮਨਪ੍ਰੀਤ ਵਲੋਂ ਭਾਜਪਾ ਨੂੰ 7 ਪ੍ਰਤੀਸ਼ਤ ਵੋਟ ਪੈਣ ਦੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਸ. ਕਾਲੀਰਾਉ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੇ ਤਾਂ ਕੇਵਲ 23 ਸੀਟਾਂ 'ਤੇ ਚੋਣ ਲੜਕੇ 7 ਪ੍ਰਤੀਸ਼ਤ ਵੋਟਾਂ ਲਈਆਂ ਹਨ ਤੇ 12 ਸੀਟਾਂ ਜਿੱਤੀਆਂ ਹਨ ਪਰ ਮਨਪ੍ਰੀਤ ਬਾਦਲ ਸ਼ਾਇਦ ਇਹ ਭੁੱਲ ਗਏ ਹਨ ਕਿ ਪੀ.ਪੀ.ਪੀ. ਨੇ 117 ਸੀਟਾਂ 'ਤੇ ਚੋਣ ਲੜ ਕੇ 5 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਪੀ.ਪੀ.ਪੀ. 'ਤੇ ਵਰ੍ਹਦਿਆਂ ਕਿਹਾ ਕਿ ਪੀ.ਪੀ.ਪੀ. ਪੂਰੇ ਪੰਜਾਬ ਵਿਚ ਕਿਤੇ ਵੀ ਦੂਜੇ ਨੰਬਰ 'ਤੇ ਨਹੀਂ ਆਈ, ਇੱਥੋਂ ਤੱਕ ਕਿ ਮਨਪ੍ਰੀਤ ਬਾਦਲ ਖੁਦ ਵੀ ਤੀਜੇ ਨੰਬਰ 'ਤੇ ਹੀ ਰਹੇ ਹਨ। ਉਨ੍ਹਾਂ ਮਨਪ੍ਰੀਤ ਬਾਦਲ ਨੂੰ ਰਾਇ ਦਿੰਦੇ ਹੋਏ ਕਿਹਾ ਕਿ ਉਹ ਹੁਣ ਸਿਆਸਤ ਤੋਂ ਕਿਨਾਰਾ ਕਰਕੇ ਆਪਣਾ ਦਿਮਾਗੀ ਇਲਾਜ ਕਰਵਾਉਣ ਤੇ ਆਪਣੇ ਕਿਨੂੰਆਂ ਦੇ ਕਾਰੋਬਾਰ ਵੱਲ ਧਿਆਨ ਦੇਣ।
Subscribe to:
Posts (Atom)