Sunday, 4 March 2012

ਫਰਾਡ ਵਿਆਹਾਂ ਉੱਤੇ ਸਿ਼ਕੰਜਾ ਕੱਸਿਆ
ਜਾਅਲੀ ਵਿਆਹ ਕਰਵਾਉਣ ਵਾਲਿਆਂ ਉੱਤੇ ਸਿ਼ਕੰਜਾ ਕੱਸਣ ਲਈ ਕੰਜ਼ਰਵੇਟਿਵ ਸਰਕਾਰ ਵੱਲੋਂ ਨਵਾਂ ਨਿਯਮ ਲਾਗੂ
ਕੈਨੇਡਾ ਆਉਣ ਲਈ ਜਾਅਲੀ ਵਿਆਹ ਕਰਵਾਉਣ ਵਾਲਿਆਂ ਉੱਤੇ ਸਿ਼ਕੰਜਾ ਕੱਸਣ ਲਈ ਕੰਜ਼ਰਵੇਟਿਵ ਸਰਕਾਰ ਨੇ ਤਿਆਰੀ ਪੂਰੀ ਕਰ ਲਈ ਹੈ। ਕੰਜ਼ਰਵੇਟਿਵ ਸਰਕਾਰ ਨੇ ਨਵਾਂ ਨਿਯਮ ਲਿਆਂਦਾ ਹੈ ਜਿਸ ਤਹਿਤ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੇ ਕੈਨੇਡੀਅਨਜ਼ ਨੂੰ ਤਿੰਨ ਸਾਲ ਤੱਕ ਉਸ ਵਿਅਕਤੀ ਦੀ ਵਿੱਤੀ ਜਿੰ਼ਮੇਵਾਰੀ ਲੈਣੀ ਹੋਵੇਗੀ ਜਿਸ ਨੂੰ ਉਨ੍ਹਾਂ ਨੇ ਇੱਧਰ ਲਿਆਂਦਾ ਹੋਵੇਗਾ। ਇਸ ਤੋਂ ਇਲਾਵਾ ਨਵੇਂ ਨਿਯਮ ਤਹਿਤ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸ ਦਾ ਦਰਜਾ ਹਾਸਲ ਕਰਨ ਵਾਲੇ ਨੂੰ ਉਸ ਦਿਨ ਤੋਂ ਲੈ ਕੇ ਆਪਣੇ ਵਿਆਹੁਤਾ ਲਾੜੇ ਜਾਂ ਲਾੜੀ ਨੂੰ ਕੈਨੇਡਾ ਬੁਲਾਉਣ ਲਈ ਸਪਾਂਸਰ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ ਪੰਜ ਸਾਲ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਭਾਵ ਇਹ ਕਿ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਤੋਂ ਬਾਅਦ ਆਪਣੇ ਸਾਥੀ ਨੂੰ ਕੈਨੇਡਾ ਬੁਲਾਉਣ ਲਈ ਕੈਨੇਡੀਅਨਾਂ ਨੂੰ ਪੰਜ ਸਾਲ ਲਈ ਉਡੀਕ ਕਰਨੀ ਹੋਵੇਗੀ। ਇਹ ਨਵੇਂ ਨਿਯਮ ਫੌਰੀ ਤੌਰ ਉੱਤੇ ਪ੍ਰਭਾਵੀ ਹੋ ਗਏ ਹਨ। ਇਨ੍ਹਾਂ ਨਾਲ ਸਰਕਾਰ ਨੂੰ ਕੈਨੇਡਾ ਵਿੱਚ ਦਾਖਲ ਹੋਣ ਦਾ ਇੱਕ ਵਧੀਆ ਜ਼ਰੀਆ ਬਣ ਚੁੱਕੇ ਜਾਅਲੀ ਵਿਆਹਾਂ ਤੋਂ ਵੀ ਨਿਜਾਤ ਮਿਲੇਗੀ। ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਜਾਅਲੀ ਵਿਆਹਾਂ ਦੀ ਮਾਰ ਸਹਿ ਰਹੇ ਲੋਕਾਂ ਨਾਲ ਉਨ੍ਹਾਂ ਵੱਲੋਂ ਦੇਸ਼ ਭਰ ਵਿੱਚ ਮੁਲਾਕਾਤਾਂ ਕੀਤੀਆਂ ਗਈਆਂ। ਵਿਆਹ ਦੇ ਨਾਂ ਉੱਤੇ ਇੱਥੋਂ ਦੇ ਲੋਕਾਂ ਨਾਲ ਜਿਹੜੀ ਠੱਗੀ ਹੁੰਦੀ ਹੈ ਉਸ ਨਾਲ ਉਨ੍ਹਾਂ ਨੂੰ ਕੀ ਸੱਟ ਲੱਗਦੀ ਹੈ ਤੇ ਕਿੰਨਾ ਦਰਦ ਹੁੰਦਾ ਹੈ ਇਹ ਤਾਂ ਵਿਚਾਰਨ ਵਾਲੀ ਗੱਲ ਹੈ ਹੀ ਸੀ। ਇਸ ਤੋਂ ਇਲਾਵਾ ਇਹ ਲੋਕ ਆਪਣੇ ਨਾਲ ਹੋਏ ਧੋਖੇ ਕਾਰਨ ਗੁੱਸੇ ਵਿੱਚ ਵੀ ਭਰੇ ਹੋਏ ਸਨ। ਅਸੀਂ ਇਸ ਲਈ ਕਾਰਵਾਈ ਤੇ ਸਖਤੀ ਕਰ ਰਹੇ ਹਾਂ ਕਿਉਂਕਿ ਕੈਨੇਡਾ ਲਈ ਇਮੀਗ੍ਰੇਸ਼ਨ ਧੋਖੇ ਉੱਤੇ ਅਧਾਰਿਤ ਨਹੀਂ ਹੋਣੀ ਚਾਹੀਦੀ। ਕੈਨੀ ਨੇ ਲੰਮਾ ਸਮਾਂ ਪਹਿਲਾਂ ਜਾਅਲੀ ਵਿਆਹਾਂ ਦੀ ਇਸ ਸਮੱਸਿਆ ਨਾਲ ਨਜਿੱਠਣ ਦਾ ਵਾਅਦਾ ਕੀਤਾ ਸੀ। ਦੋ ਸਾਲ ਪਹਿਲਾਂ ਓਟਵਾ ਨੇ ਇਸ ਮੁੱਦੇ ਉੱਤੇ ਜਨਤਾ ਦੀ ਰਾਇ ਜਾਨਣ ਲਈ ਆਨਲਾਈਨ ਕੰਸਲਟੇਸ਼ਨ ਵੀ ਸ਼ੁਰੂ ਕੀਤੀ ਸੀ।
ਕੈਨੇਡੀਅਨਾਂ ਦੀ ਸਿਹਤ ਦਾ ਮਿਆਰ ਡਿੱਗਿਆ
ਕੈਨੇਡੀਅਨਾਂ ਦੀ ਸਿਹਤ ਦਾ ਮਿਆਰ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਸਿਹਤ ਸਬੰਧੀ ਕੀਤੇ ਗਏ ਇੱਕ ਵਿਸ਼ਲੇਸ਼ਣ ਵਿੱਚ ਕੈਨੇਡੀਅਨਾਂ ਨੂੰ ਬੀ ਦਰਜਾ ਹਾਸਲ ਹੋਇਆ ਹੈ। ਕੈਨੇਡੀਅਨਾਂ ਵਿੱਚ ਦਿਨੋਂ ਦਿਨ ਮੋਟਾਪਾ ਵੱਧ ਰਿਹਾ ਹੈ ਤੇ ਲੰਮਾਂ ਸਮਾਂ ਚੱਲਣ ਵਾਲੀਆਂ ਬਿਮਾਰੀਆਂ ਨੇ ਵੀ ਕੈਨੇਡੀਅਨਾਂ ਨੂੰ ਜਕੜਿਆ ਹੋਇਆ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਹੈਲਥ ਰਿਪੋਰਟ ਕਾਰਡ ਵਿੱਚ ਜਿ਼ੰਦਗੀ ਦੀ ਸੰਭਾਵਨਾ, ਬੱਚਿਆਂ ਦੀ ਮੌਤ ਦਰ ਤੇ ਵੱਖ ਵੱਖ ਬਿਮਾਰੀਆਂ ਕਾਰਨ ਮਰਨ ਵਾਲਿਆਂ ਦੇ ਅੰਕੜਿਆਂ ਦਾ ਵੇਰਵਾ ਜਾਰੀ ਕੀਤਾ ਗਿਆ। 17 ਸਨਅਤੀ ਮੁਲਕਾਂ ਦੇ ਕੀਤੇ ਗਏ ਤੁਲਨਾਤਮਕ ਅਧਿਐਨ ਵਿੱਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ। ਜਪਾਨ, ਸਵਿਟਜ਼ਰਲੈਂਡ ਤੇ ਇਟਲੀ ਨੇ ਪਹਿਲੇ ਤਿੰਨ ਸਥਾਨਾਂ ਉੱਤੇ ਕਬਜਾ ਕਰਕੇ ਏ ਗ੍ਰੇਡ ਹਾਸਲ ਕੀਤਾ। ਇਸੇ ਦੌਰਾਨ ਨਾਰਵੇ, ਫਿਨਲੈਂਡ, ਸਵੀਡਨ, ਫਰਾਂਸ, ਆਸਟਰੇਲੀਆ ਤੇ ਜਰਮਨੀ ਨੂੰ ਬੀ ਗ੍ਰੇਡ ਮਿਲਿਆ ਪਰ ਇਨ੍ਹਾਂ ਦੇ ਅੰਕ ਕੈਨੇਡਾ ਤੋਂ ਵੱਧ ਰਹੇ। ਰਿਪੋਰਟ ਦੇ ਅੰਕੜੇ ਅਨੁਸਾਰ ਕੈਨੇਡਾ ਵਿੱਚ ਡਾਇਬਟੀਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਤੀਜੀ ਥਾਂ ਉੱਤੇ ਸੱਭ ਤੋਂ ਵੱਧ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਅਜਿਹਾ ਹੈਲਥ ਕੇਅਰ ਸਿਸਟਮ ਹੈ ਜਿਸ ਕਾਰਨ ਬਿਮਾਰੀ ਦਾ ਪਤਾ ਲਾਉਣ ਤੇ ਉਸ ਦੇ ਇਲਾਜ ਤੋਂ ਇਲਾਵਾ ਮੈਨੇਜਮੈਂਟ ਸਿਸਟਮ ਵੀ ਓਨਾ ਮਿਆਰੀ ਨਹੀਂ ਹੈ। 1990ਵਿਆਂ ਵਿੱਚ ਕੈਨੇਡਾ ਇਸ ਮਾਮਲੇ ਵਿੱਚ ਚੌਥੇ ਸਥਾਨ ਉੱਤੇ ਸੀ ਤੇ ਉੱਥੋਂ ਘੱਟ ਕੇ ਹੁਣ 10ਵੀਂ ਥਾਂ ਉੱਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਦੇ ਨਕਾਰਾਤਮਕ ਸਿੱਟੇ ਆਉਣ ਤੋਂ ਬਾਅਦ ਵੀ ਕੈਨੇਡਾ ਨੇ ਸੈਲਫ ਰਿਪੋਰਟਿਡ ਹੈਲਥ ਸਟੇਟਸ, ਦਿਲ ਦੀਆਂ ਬਿਮਾਰੀਆਂ ਤੇ ਸਟਰੋਕ ਆਦਿ ਤੋਂ ਹੋਣ ਵਾਲੀਆਂ ਮੌਤਾਂ, ਪ੍ਰੀਮੈਚਿਓਰ ਮਰਨ ਦਰ ਵਰਗੇ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਪਰ ਇਸ ਵਰਗ ਵਿੱਚ ਵੀ ਕੈਨੇਡਾ 17 ਮੁਲਕਾਂ ਵਿੱਚੋਂ ਨੌਂਵੇਂ ਸਥਾਨ ਉੱਤੇ ਹੀ ਆਇਆ।
ਇਲੈਕਸ਼ਨ ਕੈਨੇਡਾ ਵੱਲੋਂ ਗੁੰਮਰਾਹਕੁੰਨ ਕਾਲਜ਼ ਦੀ ਜਾਂਚ ਕਰਨ ਦੀ ਪੁਸ਼ਟੀ
ਕਈ ਪਾਸਿਆਂ ਤੋਂ ਸਿ਼ਕਾਇਤਾਂ ਮਿਲਣ ਤੋਂ ਬਾਅਦ ਇਲੈਕਸ਼ਨਜ਼ ਕੈਨੇਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਵੱਲੋਂ 2011 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਤਥਾ-ਕਥਿਤ ਤੌਰ ਉੱਤੇ ਗੁੰਮਰਾਹਕੁੰਨ ਫੋਨ ਕਾਲਜ਼ ਦੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਵਿੱਢੀ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਐਮਪੀਜ਼ ਤੇ ਸਿਆਸੀ ਪਾਰਟੀਆਂ ਵੱਲੋਂ ਜਨਤਾ ਤੋਂ ਇਸ ਤਰ੍ਹਾਂ ਦੀਆਂ ਗੁੰਮਰਾਹਕੁੰਨ ਕਾਲਜ਼ ਬਾਰੇ ਜਾਣਕਾਰੀ ਮੰਗੇ ਜਾਣ ਮਗਰੋਂ ਏਜੰਸੀ ਨੂੰ 31,000 ਸੰਪਰਕ ਨੰਬਰ ਮਿਲੇ। ਰਲੀਜ਼ ਵਿੱਚ ਆਖਿਆ ਗਿਆ ਕਿ ਪ੍ਰਤੀਕਿਰਿਆ ਐਨੀ ਜ਼ਬਰਦਸਤ ਰਹੀ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਂਚ ਦਾ ਕੰਮ ਆਰਸੀਐਮਪੀ ਹਵਾਲੇ ਕਰਨਾ ਪਿਆ। ਕੈਨੇਡਾ ਦੇ ਸਾਬਕਾ ਚੀਫ ਇਲੈਕਟੋਰਲ ਆਫਿਸਰ ਜੀਨ ਪਿਏਰੇ ਕਿੰਗਸਲੇ ਨੇ ਆਖਿਆ ਕਿ ਇਹ ਸਿ਼ਕਾਇਤਾਂ ਐਨੀ ਵੱਡੀ ਗਿਣਤੀ ਵਿੱਚ ਹੋਣਗੀਆਂ ਇਸ ਦੀ ਤਾਂ ਉਮੀਦ ਵੀ ਨਹੀਂ ਸੀ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਉਨ੍ਹਾਂ ਵਾਸਤੇ ਇਹ ਕੋਈ ਅਜਿਹੀ ਗੜਬੜ ਹੈ ਜਿਹੜੀ ਵੱਡੀ ਪੱਧਰ ਉੱਤੇ ਹੋਈ ਹੈ। ਇਸ ਤਰ੍ਹਾਂ ਦੀ ਗੜਬੜ ਲਈ ਕੌਣ ਜਿੰ਼ਮੇਵਾਰ ਹੈ ਇਸ ਦਾ ਪਤਾ ਲੱਗਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਕਿਆਸਅਰਾਈਆਂ ਲਾਉਣ ਤੋਂ ਵੀ ਵਰਜਿਆ। ਏਜੰਸੀ ਆਪਣੀ ਰਿਪੋਰਟ ਪਾਰਲੀਆਮੈਂਟ ਨੂੰ ਸੌਂਪੇਗੀ ਪਰ ਇਸ ਲਈ ਕੋਈ ਨਿਰਧਾਰਤ ਤਰੀਕ ਤੈਅ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਗੁੰਮਰਾਹਕੁੰਨ ਕਾਲਜ਼ ਲਈ ਕੀਤੀ ਜਾਣ ਵਾਲੀ ਜਾਂਚ ਨਾਲ ਇੱਕ ਸਖ਼ਤ ਸੁਨੇਹਾ ਸਾਰਿਆਂ ਤੱਕ ਪਹੁੰਚਦਾ ਹੈ। ਕਿੰਗਸਲੇ ਨੇ ਆਖਿਆ ਕਿ ਕੋਈ ਵੀ ਇਸ ਤਰ੍ਹਾਂ ਦੀਆਂ ਗੁੰਮਰਾਹਕੁੰਨ ਕਾਲਜ਼ ਲਈ ਜਿੰਮੇਵਾਰ ਪਾਇਆ ਗਿਆ ਤਾਂ ਉਸ ਨੂੰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਸੀਅਰਜ਼ ਵੱਲੋਂ ਤਿੰਨ ਸਟੋਰ ਬੰਦ ਕਰਨ ਦਾ ਐਲਾਨ, 670 ਨੌਕਰੀਆਂ ਜਾਣ ਦਾ ਖਦਸ਼ਾ
ਆਰਥਿਕ ਹਾਲਾਤ ਨਾਲ ਸੰਘਰਸ਼ ਕਰ ਰਹੀ ਕੰਪਨੀ ਸੀਅਰਜ਼ ਕੈਨੇਡਾ ਇਨਕਾਰਪੋਰੇਸ਼ਨ ਵੱਲੋਂ ਆਪਣੇ ਵੈਨਕੂਵਰ, ਕੈਲਗਰੀ ਤੇ ਓਟਵਾ ਸਥਿਤ ਤਿੰਨ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਲੈਂਡਲੌਰਡ ਕੈਡੀਲੈਕ ਫੇਅਰਵਿਊ ਕਾਰਪੋਰੇਸ਼ਨ ਨਾਲ ਕਰਾਰ ਸਿਰੇ ਚੜ੍ਹਨ ਤੋਂ ਬਾਅਦ ਹੀ ਸੀਅਰਜ਼ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਲੈਂਡਲੌਰਡ ਕੈਡੀਲੈਕ ਫੇਅਰਵਿਊ ਕਾਰਪੋਰੇਸ਼ਨ ਨੇ 170 ਮਿਲੀਅਨ ਦੀ ਲੀਜ਼ ਵਾਪਿਸ ਲੈਣ ਦੀ ਹਾਮੀ ਭਰੀ ਹੈ। ਦਿਨੋਂ ਦਿਨ ਘੱਟ ਰਹੀ ਸੇਲ ਨੂੰ ਧਿਆਨ ਵਿੱਚ ਰੱਖਦਿਆਂ ਸੀਅਰਜ਼ ਨੇ ਆਪਣੀਆਂ ਗਤੀਵਿਧੀਆਂ ਨੂੰ ਦਰੁਸਤ ਕਰਨ ਦਾ ਫੈਸਲਾ ਕੀਤਾ ਜਿਸ ਕਾਰਨ ਇਹ ਕਦਮ ਚੁੱਕਿਆ ਮੰਨਿਆ ਜਾ ਰਿਹਾ ਹੈ। ਸੀਅਰਜ਼ ਪਹਿਲਾਂ ਹੀ ਕੈਨੇਡਾ ਭਰ ਵਿੱਚ 470 ਲੋਕਾਂ ਨੂੰ ਰੋਜ਼ਗਾਰ ਤੋਂ ਵਿਹਲਾ ਕਰ ਚੁੱਕਿਆ ਹੈ। ਬੰਦ ਕੀਤੇ ਜਾਣ ਵਾਲੇ ਤਿੰਨ ਸਟੋਰਾਂ ਉੱਤੇ ਕੁੱਲ 670 ਕਰਮਚਾਰੀ ਕੰਮ ਕਰਦੇ ਦੱਸੇ ਜਾਂਦੇ ਹਨ। ਸੀਅਰਜ਼ ਕੈਨੇਡਾ ਦੇ ਬੁਲਾਰੇ ਵਿਨਸੈਂਟ ਪਾਵਰ ਨੇ ਆਖਿਆ ਕਿ ਇਹ ਪਾਰਟ ਟਾਈਮ ਕਰਮਚਾਰੀ ਹਨ ਤੇ ਬਹੁਤੀ ਸੰਭਾਵਨਾ ਇਹੋ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਹੋਰ ਨੌਕਰੀ ਮਿਲ ਜਾਵੇਗੀ। ਹਾਲਾਂਕਿ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਵਿਹਲੇ ਕੀਤੇ ਜਾਣ ਵਾਲੇ ਕਰਮਚਾਰੀਆਂ ਨੂੰ ਹੋਰ ਨੌਕਰੀਆਂ ਮਿਲਣ। ਇੱਕ ਬਿਆਨ ਵਿੱਚ ਸੀਅਰਜ਼ ਨੇ ਆਖਿਆ ਕਿ ਕੈਡੀਲੈਕ ਫੇਅਰਵਿਉ ਨੇ ਉਨ੍ਹਾਂ ਨੂੰ ਅਜਿਹੀ ਪੇਸ਼ਕਸ਼ ਕੀਤੀ ਕਿ ਉਹ ਇਨਕਾਰ ਨਹੀਂ ਕਰ ਸਕੇ। ਸੀਅਰਜ਼ ਕੈਨੇਡਾ ਦੇ ਚੀਫ ਐਗਜੈ਼ਕਟਿਵ ਅਧਿਕਾਰੀ ਕੈਲਵਿਨ ਮੈਕਡੌਨਲਡ, ਜਿਨ੍ਹਾਂ ਨੇ ਅਜੇ ਪਿਛਲੇ ਸਾਲ ਹੀ ਵਾਗਡੋਰ ਸਾਂਭੀ ਸੀ, ਨੇ ਸਟੋਰ ਬੰਦ ਕੀਤੇ ਜਾਣ ਨੂੰ ਸਕਾਰਾਤਮਕ ਸੰਕੇਤ ਦੱਸਿਆ। ਉਨ੍ਹਾਂ ਆਖਿਆ ਕਿ ਇਸ ਨਾਲ ਰੀਟੇਲਰਜ਼ ਨੂੰ ਓਨੀ ਨਕਦੀ ਹਾਸਲ ਹੋ ਜਾਵੇਗੀ ਜਿਸ ਨਾਲ ਉਹ ਹੋਰਨਾਂ ਸਟੋਰਾਂ ਵਿੱਚ ਲੋੜ ਮੁਤਾਬਕ ਸੋਧ ਕਰ ਸਕਣਗੇ। ਸ਼ਾਇਦ ਸੀਅਰਜ਼ ਕੈਨੇਡਾ ਆਪਣੀ ਮੂਲ ਅਮਰੀਕੀ ਕੰਪਨੀ ਸੀਅਰਜ਼ ਹੋਲਡਿੰਗਜ਼, ਜਿਸ ਨੇ ਉੱਧਰ (ਅਮਰੀਕਾ ਵਿੱਚ) ਆਪਣੇ ਸਟੋਰ ਬੰਦ ਕਰ ਦਿੱਤੇ ਸਨ, ਦੇ ਨਕਸ਼ੇ ਕਦਮਾਂ ਉੱਤੇ ਚੱਲ ਰਹੀ ਹੈ।
ਯੂਨੀਵਰਿਸਟੀ ਵਿਦਿਆਰਥੀ ਯੂਨੀਅਨ ਦੀ ਸਾਬਕਾ ਪ੍ਰਧਾਨ ਬੈਂਕ ਲੁੱਟਣ ਦੇ ਦੋਸ਼ ਵਿੱਚ ਕਾਬੂ
ਮਾਊਂਟ ਰਾਇਲ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ, ਜਿਸਨੇ ਪਿੱਛੇ ਜਿਹੇ ਅਸਤੀਫਾ ਦਿੱਤਾ ਸੀ, ਨੂੰ ਬੁੱਧਵਾਰ ਨੂੰ ਕੈਲਗਰੀ ਦਾ ਬੈਂਕ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਆਖਿਆ ਕਿ ਉਨ੍ਹਾਂ ਨੇ 27 ਸਾਲਾ ਮੇਘਨ ਡਾਰਸੀ ਮੈਲਨਿਕ ਨੂੰ 68ਥ ਐਵਨਿਊ ਸਾਊਥਈਸਟ ਸਥਿਤ ਸਰਵਸ ਕਰੈਡਿਟ ਯੂਨੀਅਨ ਵਿੱਚ ਹੋਈ ਲੁੱਟ ਤੋਂ ਬਾਅਦ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ 1:40 ਵਜੇ ਇੱਕ ਔਰਤ ਬੈਂਕ ਵਿੱਚ ਦਾਖਲ ਹੋਈ ਤੇ ਉਸ ਨੇ ਪੈਸਿਆਂ ਦੀ ਮੰਗ ਕਰਦੇ ਹੋਏ ਇੱਕ ਨੋਟ ਭੁਗਤਾਨਕਰਤਾ ਕਰਮਚਾਰੀ ਨੂੰ ਦਿੱਤਾ ਤੇ ਉਸ ਨੂੰ ਦਿਖਾਇਆ ਕਿ ਉਸ ਕੋਲ ਹਥਿਆਰ ਹੈ। ਉਸ ਕਰਮਚਾਰੀ ਨੇ ਬਿਨਾਂ ਗਿਣਿਆਂ ਹੀ ਕੁੱਝ ਰਕਮ ਔਰਤ ਨੂੰ ਦੇ ਦਿੱਤੀ ਤੇ ਉਹ ਉੱਥੋਂ ਚਲੀ ਗਈ। ਇਸ ਮਸ਼ਕੂਕ ਲੁਟੇਰੇ ਨੂੰ ਫੜਨ ਲਈ ਪੁਲਿਸ ਹੈਲੀਕਾਪਟਰ ਦੀ ਮਦਦ ਲਈ ਗਈ ਤੇ ਫਿਰ ਇਸ ਨੂੰ ਇੱਕਲੀ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ। ਮੈਲਨਿਕ ਨੂੰ ਲੁੱਟ ਖੋਹ ਕਰਨ ਦੇ ਦੋਸ਼ ਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਭੇਸ ਬਦਲ ਕੇ ਜੁਰਮ ਕਰਨ ਦਾ ਵੀ ਦੋਸ਼ ਹੈ। ਪੁਲਿਸ ਨੇ ਆਖਿਆ ਕਿ ਉਸ ਖਿਲਾਫ ਘਪਲਾ ਕਰਨ, ਜਾਅਲੀ ਦਸਤਾਵੇਜ਼ ਪੇਸ਼ ਕਰਨ ਤੇ ਪ੍ਰੋਬੇਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮੈਲਨਿਕ ਨੂੰ 2008 ਵਿੱਚ ਚੋਰੀ ਦੀ ਐਸਯੂਵੀ ਰੱਖਣ ਲਈ ਵੀ ਸਜ਼ਾ ਹੋਈ ਸੀ ਤੇ ਇਸ ਤੋਂ ਦੋ ਸਾਲ ਬਾਅਦ ਉਸ ਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਲਈ ਅਪਲਾਈ ਕਰਨ ਵਾਸਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ਵੀ ਪਾਇਆ ਗਿਆ ਸੀ, ਜਿਸ ਲਈ ਉਸ ਨੂੰ ਜੁਰਮਾਨਾ ਹੋਇਆ ਸੀ। ਮਾਊਂਟ ਰਾਇਲ ਦੇ ਬੁਲਾਰੇ ਫਰੈੱਡ ਚੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੈਲਨਿਕ ਨੇ ਪਿਛਲੇ ਮਹੀਨੇ ਵਿਦਿਆਰਥੀ ਐਸੋਸੀਏਸ਼ਨ ਦੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵੀਰਵਾਰ ਦੁਪਹਿਰ ਨੂੰ ਇੱਕ ਬਿਆਨ ਵਿੱਚ ਵਿਦਿਆਰਥੀ ਯੂਨੀਅਨ ਨੇ ਮੈਲਨਿਕ ਉੱਤੇ ਲੱਗੇ ਦੋਸ਼ਾਂ ਉੱਤੇ ਹੈਰਾਨੀ ਪ੍ਰਗਟਾਈ।
ਇੰਡਿਆਨਾ ਵਿੱਚ ਝੱਖੜ ਨੇ ਮਚਾਈ ਭਾਰੀ ਤਬਾਹੀ, ਤਿੰਨ ਮਰੇ
ਜੈਫਰਸਨਵਿੱਲੇ,-ਇਸ ਹਫਤੇ ਆਏ ਦੂਜੇ ਭਿਆਨਕ ਝੱਖੜ ਦੀ ਚਪੇਟ ਵਿੱਚ ਆਉਣ ਨਾਲ ਦੋ ਨਿੱਕੇ ਇੰਡਿਆਨਾ ਟਾਊਨਜ਼ ਵਿੱਚ ਜਿੱਥੇ ਤਬਾਹੀ ਮਚੀ ਉੱਥੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੇਸ਼ ਦੇ ਇਸ ਹਿੱਸੇ ਵਿੱਚ ਅਜੀਬ ਕਿਸਮ ਦਾ ਸਹਿਮ ਫੈਲ ਗਿਆ ਹੈ। ਅਧਿਕਾਰੀਆਂ ਨੇ ਦੱਖਣੀ ਇੰਡਿਆਨਾ ਵਿੱਚ ਤਿੰਨ ਮੌਤਾਂ ਹੋਣ ਦੀ ਪੁਸ਼ਟੀ ਕੀਤੀ। ਕਲਾਰਕ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੇਜਰ ਚੱਕ ਐਡਮਜ਼ ਨੇ ਆਖਿਆ ਕਿ 1900 ਲੋਕਾਂ ਦੀ ਅਬਾਦੀ ਵਾਲੇ ਮੈਰਿਸਵਿੱਲੇ ਟਾਊਨ ਦਾ ਤਾਂ ਖੁਰਾ ਖੋਜ ਹੀ ਮਿਟ ਗਿਆ ਹੈ। ਇਸ ਤੋਂ ਇਲਾਵਾ ਨੇੜਲੇ ਹੈਨਰੀਵਿੱਲੇ ਟਾਊਨ ਵਿੱਚ ਵੀ ਭਾਰੀ ਤਬਾਹੀ ਮਚੀ ਹੈ, ਇੱਥੇ 2,000 ਦੇ ਕਰੀਬ ਲੋਕ ਰਹਿੰਦੇ ਸਨ। ਝੱਖੜ ਦੀ ਲਪੇਟ ਵਿੱਚ ਆਉਣ ਵਾਲੇ ਇਲਾਕੇ ਦੇ ਘਰਾਂ ਦੀਆਂ ਛੱਤਾਂ ਉੱਧੜ ਚੁੱਕੀਆਂ ਹਨ ਤੇ ਚਾਰੇ ਪਾਸੇ ਨਜ਼ਰ ਮਾਰਿਆਂ ਸਿਰਫ ਮਲਬਾ ਹੀ ਮਲਬਾ ਨਜ਼ਰ ਆਉਂਦਾ ਹੈ। ਇਸ ਝੱਖੜ ਕਾਰਨ ਰੁੱਖਾਂ ਦੇ ਰੁੱਖ ਪੁੱਟੇ ਗਏ, ਬਿਜਲੀ ਦੇ ਖੰਭੇ ਟੁੱਟ ਗਏ ਤੇ ਘਰਾਂ ਤੇ ਗੱਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ। ਉੱਤਰ ਪੂਰਬ ਵੱਲ ਸਿਨਸਿਨਾਟੀ-ਨਾਰਦਰਨ ਕੈਨਟਕੀ ਇੰਟਰਨੈਸ਼ਨਲ ਏਅਰਪੋਰਟ ਨੂੰ ਥੋੜ੍ਹੇ ਸਮੇਂ ਲਈ ਇਸ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਰਨਵੇਅ ਉੱਤੇ ਮਲਬਾ ਖਿੱਲਰਿਆ ਪਿਆ ਸੀ। ਦੁਪਹਿਰ ਬਾਅਦ ਤਿੰਨਾਂ ਵਿੱਚੋਂ ਇੱਕ ਰਨਵੇਅ ਨੂੰ ਖੋਲ੍ਹਿਆ ਗਿਆ। ਇਸ ਝੱਖੜ ਕਾਰਨ ਅਲਬਾਮਾ ਤੇ ਟੈਨੇਸੀ ਵਿੱਚ ਵੀ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਪਹਿਲਾਂ ਮਿੱਡਵੈਸਟ ਤੇ ਦੱਖਣ ਵੱਲ ਆਏ ਝੱਖੜ ਕਾਰਨ 13 ਵਿਅਕਤੀ ਮਾਰੇ ਗਏ ਸਨ। ਇਸ ਤੋਂ ਇਲਾਵਾ 20 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਤੇ ਛੇ ਵਿਅਕਤੀਆਂ ਨੂੰ ਚੱਟਾਨੂਗਾ, ਟੈਨੇਸੀ ਇਲਾਕੇ ਵਿੱਚ, ਦੇ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਕਈ ਸਟੇਟਸ ਵਿੱਚ ਸਕੂਲੀ ਬੱਚਿਆਂ ਨੂੰ ਅਹਿਤਿਆਤੀ ਕਦਮ ਚੁੱਕਦਿਆਂ ਘਰਾਂ ਨੂੰ ਭੇਜ ਦਿੱਤਾ ਗਿਆ ਤੇ ਕੈਨਟਕੀ ਦੀਆਂ ਕਈ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ। ਹੰਟਸਵਿੱਲੇ, ਅਲਬਾਮਾ ਦੇ ਮੇਅਰ ਟੌਮੀ ਬੈਟਲ ਨੇ ਦੱਸਿਆ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਸਨ ਉਨ੍ਹਾਂ ਨੂੰ ਇੱਕ ਥਾਂ ਉੱਤੇ ਰੱਖਿਆ ਗਿਆ ਤਾਂ ਕਿ ਬਚਾਅ ਹੋ ਸਕੇ। ਇਸ ਥਾਂ ਤੋਂ ਪੰਜ ਵਿਅਕਤੀਆਂ ਨੂੰ ਜ਼ਖ਼ਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਤੇ ਇੱਥੋਂ ਦੇ ਕਈ ਘਰ ਪੱਧਰੇ ਹੋ ਗਏ।
ਗਗਨਦੀਪ ਕਤਲ ਕਾਂਡ ਦਾ ਫੈਸਲਾ : ਹਰਵਿੰਦਰ ਸ਼ੋਕਰ ਨੂੰ 22 ਸਾਲ, ਪੀਟਰ ਨੂੰ 12 ਸਾਲ ਅਤੇ ਮੁੰਦਿਲ ਮਾਹਲ ਨੂੰ 6 ਸਾਲ ਦੀ ਸਜ਼ਾ
ਪੰਜਾਬੀ ਮੂਲ ਦੇ ਟੀਵੀ ਐਗਜ਼ੈਕਟਿਵ ਨੂੰ ਬੇਰਹਿਮੀ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ। 21 ਸਾਲਾ ਗਗਨਦੀਪ ਸਿੰਘ ਨੂੰ ਮੈਡੀਕਲ ਦੀ ਵਿਦਿਆਰਥਣ ਮੁੰਦਿਲ ਮਾਹਲ ਨੇ ਗੱਲ ਕਰਨ ਦੇ ਬਹਾਨੇ ਆਪਣੇ ਬ੍ਰਾਈਟਨ ਸਥਿਤ ਯੂਨੀਵਰਸਿਟੀ ਦੇ ਬੈੱਡਰੂਮ ਵਿੱਚ ਬੁਲਾ ਲਿਆ। ਪਰ ਅਸਲ ਵਿੱਚ ਉਸ ਨੇ ਗਗਨਦੀਪ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ। ਮਾਹਲ ਵੱਲੋਂ ਕਮਰੇ ਵਿੱਚ ਸੱਦੇ ਜਾਣ ਤੋਂ ਬਾਅਦ ਪਹਿਲਾਂ ਤੋਂ ਹੀ ਉੱਥੇ ਮੌਜੂਦ ਹਰਵਿੰਦਰ ਸੋ਼ਕਰ ਨੇ ਡੈਰਨ ਪੀਟਰਜ਼ ਨਾਂ ਦੇ ਲੜਕੇ ਨਾਲ ਰਲ ਕੇ ਉਸ ਨੂੰ ਕੁੱਟਿਆ ਤੇ ਬੇਹੋਸ਼ ਕਰ ਦਿੱਤਾ। ਫਿਰ ਦੋਵਾਂ ਨੇ ਉਸ ਨੂੰ ਕਾਰ ਦੀ ਡਿੱਕੀ ਵਿੱਚ ਸੁੱਟ ਲਿਆ ਤੇ ਸਾਊਥ ਈਸਟ ਲੰਡਨ ਵਿੱਚ ਬਲੈਕਹੈੱਥ ਲੈ ਗਏ। ਉੱਥੇ ਜਾ ਕੇ ਦੋਵਾਂ ਵੱਲੋਂ ਕਾਰ ਨੂੰ ਅੱਗ ਲਾ ਦਿੱਤੀ ਗਈ। ਇਹ ਪਿਛਲੇ ਸਾਲ ਫਰਵਰੀ ਦੇ ਮਹੀਨੇ ਦੀ ਗੱਲ ਹੈ। ਗੱਡੀ ਨੂੰ ਅੱਗ ਲੱਗਣ ਕਾਰਨ ਗਗਨਦੀਪ ਵੀ ਵਿੱਚ ਹੀ ਸੜ ਕੇ ਮਰ ਗਿਆ। ਹਰਵਿੰਦਰ ਸੋ਼ਕਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਹ ਘੱਟੋ ਘੱਟ 22 ਸਾਲ ਤੱਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ। ਗਗਨਦੀਪ ਨੂੰ ਮਾਰਨ ਲਈ ਪੀਟਰਜ਼ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸਰੀਰਕ ਤੌਰ ਉੱਤੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਲਈ ਮਾਹਲ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਗਗਨਦੀਪ ਨੇ ਮਰਨ ਤੋਂ ਛੇ ਮਹੀਨੇ ਪਹਿਲਾਂ ਮਾਹਲ ਨਾਲ ਜ਼ਬਰਦਸਤੀ ਕਰਨ ਦੀ ਕੋਸਿ਼ਸ਼ ਕੀਤੀ ਸੀ। ਉਹ ਮਦਦ ਲਈ ਸੋ਼ਕਰ ਕੋਲ ਗਈ ਜਿਸ ਨੂੰ ਸਾਰੇ ਰਵੀ ਵਜੋਂ ਜਾਣਦੇ ਸਨ। ਸ਼ੋਕਰ ਨੇ ਗਗਨਦੀਪ ਨੂੰ ਸਬਕ ਸਿਖਾਉਣ ਲਈ ਸਾਜਿ਼ਸ਼ ਰਚੀ ਤੇ ਪੀਟਰਜ਼ ਨੂੰ ਆਪਣੀ ਮਦਦ ਲਈ ਆਪਣੀ ਸਾਜਿ਼ਸ਼ ਵਿੱਚ ਸ਼ਾਮਲ ਕਰ ਲਿਆ। ਜੱਜ ਪਾਲ ਵੋਰਸਲੇ ਨੇ ਆਖਿਆ ਕਿ ਇਹ ਇੱਕ ਬਹੁਤ ਹੀ ਤ੍ਰਾਸਦਿਕ ਮਾਮਲਾ ਹੈ। ਇੱਕ ਕਾਬਿਲ 21 ਸਾਲਾ ਨੌਜਵਾਨ ਨੂੰ ਸਾੜ ਕੇ ਮਾਰ ਦਿੱਤਾ ਗਿਆ। ਸਜ਼ਾ ਸੁਣਾਏ ਜਾਣ ਸਮੇਂ ਰੋ ਰਹੀ ਮਾਹਲ ਨੂੰ ਜੱਜ ਨੇ ਆਖਿਆ ਕਿ ਉਸ ਨੇ ਹੀ ਭਰਮਾ ਕੇ ਗਗਨਦੀਪ ਨੂੰ ਆਪਣੇ ਕਮਰੇ ਵਿੱਚ ਸੱਦਿਆ। ਇਸ ਤੋਂ ਪਹਿਲਾਂ ਸਾਜਿ਼ਸ਼ ਨੂੰ ਅੰਜਾਮ ਦੇਣ ਲਈ ਮਾਹਲ ਹੀ ਰਵੀ ਤੇ ਡੈਰਨ ਨੂੰ ਰੇਲਵੇ ਸਟੇਸ਼ਨ ਤੋਂ ਆਪਣੇ ਕਮਰੇ ਵਿੱਚ ਲੈ ਕੇ ਆਈ ਸੀ। ਜੱਜ ਨੇ ਆਖਿਆ ਕਿ ਮਾਹਲ ਚਾਹੁੰਦੀ ਸੀ ਕਿ ਗਗਨਦੀਪ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਜਿਸ ਨੂੰ ਉਹ ਕਦੇ ਨਾ ਭੁੱਲੇ। ਮਾਹਲ ਦੇ ਭਰਾ ਹਰਿੰਦਰ ਨੇ ਵੀ ਉਸ ਨੂੰ ਭੜਕਾਇਆ ਕਿ ਉਹ ਉਸ ਉੱਤੇ ਹੋਏ ਜਿਨਸੀ ਹਮਲੇ ਬਾਰੇ ਕੁੱਝ ਕਰੇ ਕਿਉਂਕਿ ਉਹ ਪੁਲਿਸ ਕੋਲ ਨਹੀਂ ਸੀ ਜਾਣਾ ਚਾਹੁੰਦੀ। ਫਿਰ ਸ਼ੋਕਰ ਨਾਲ ਗੱਲ ਕਰਦਿਆਂ ਜੱਜ ਨੇ ਆਖਿਆ ਕਿ ਮਾਹਲ ਦੀਆਂ ਗੱਲਾਂ ਵਿੱਚ ਆ ਕੇ ਤੇਰੀ ਮੱਤ ਮਾਰੀ ਗਈ ਸੀ ਤੇ ਜੋ ਉਹ ਕਹਿੰਦੀ ਰਹੀ ਤੂੰ ਕਰਦਾ ਰਿਹਾ। ਜੱਜ ਨੇ ਆਖਿਆ ਕਿ ਤੂੰ ਕਿਸੇ ਨੂੰ ਇਹ ਫੜ੍ਹ ਵੀ ਮਾਰੀ ਸੀ ਕਿ ਜੇ ਮਾਹਲ ਲਈ ਤੈਨੂੰ 21 ਸਾਲ ਦੀ ਕੈਦ ਵੀ ਕੱਟਣੀ ਪਵੇਗੀ ਤਾਂ ਤੂੰ ਤਿਆਰ ਹੈਂ। ਜੱਜ ਨੇ ਆਖਿਆ ਕਿ ਇੱਕ ਇਲੈਕਟ੍ਰੀਸ਼ੀਅਨ ਨਾਲੋਂ ਸੋ਼ਕਰ ਕਿਤੇ ਅੱਗੇ ਦਾ ਕਦਮ ਚੁੱਕ ਗਿਆ ਤੇ ਸਾਰੀਆਂ ਹੱਦਾਂ ਬੰਨੇ ਟੱਪਦਿਆਂ ਹੋਇਆਂ ਉਸ ਨੇ ਗਗਨਦੀਪ ਨੂੰ ਬੇਰਹਿਮੀ ਨਾਲ ਜਾਨੋਂ ਹੀ ਮਾਰ ਦਿੱਤਾ। ਜੱਜ ਨੇ ਪੀਟਰ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ ਉਸ ਨੇ ਇਸ ਗੱਲ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਕਿ ਕਾਰ ਨੂੰ ਅੱਗ ਲਾਉਂਦੇ ਸਮੇਂ ਗਗਨਦੀਪ ਜਿਊਂਦਾ ਸੀ ਜਾਂ ਨਹੀਂ, ਸਗੋਂ ਬੇਕਿਰਕੀ ਦੀ ਹੱਦ ਤਾਂ ਇਹ ਸੀ ਕਿ ਗਗਨਦੀਪ ਦੇ ਬੈਂਕ ਦੇ ਕਾਰਡ ਦੀ ਵਰਤੋਂ ਕਰਕੇ ਉਸ ਨੇ 300 ਪੌਂਡ ਕਢਵਾਏ ਜੋ ਕਿ ਉਸ ਰਾਤ ਬ੍ਰਾਈਟਨ ਜਾਣ ਲਈ ਉਸ ਨੂੰ ਚਾਹੀਦੇ ਸਨ। ਚਾਥਮ, ਕੈਂਟ ਦੀ 20 ਸਾਲਾ ਮਾਹਲ, ਗ੍ਰੀਨਵਿੱਚ ਦੇ 20 ਸਾਲਾ ਸੋ਼ਕਰ ਤੇ ਬਲੈਕਹੈਥ ਦੇ 20 ਸਾਲਾ ਪੀਟਰਜ਼ ਨੂੰ ਨੌਜਵਾਨ ਗੁਨੇਹਗਾਰਾਂ ਦੀ ਸੰਸਥਾ ਵਿੱਚ ਭੇਜਿਆ ਗਿਆ ਹੈ।
ਨਵਜੰਮੇ ਬੱਚੇ ਦੀ ਜਾਨ ਲੈਣ ਵਾਲੇ ਕੁੱਤੇ ਨੂੰ ਖ਼ਤਮ ਕੀਤਾ ਗਿਆ
ਅਲਬਰਟਾ ਦੇ ਪਰਿਵਾਰ ਦੇ ਨਵਜੰਮੇ ਬੱਚੇ ਨੂੰ ਉਸ ਪਰਿਵਾਰ ਦੇ ਹੀ ਜਿਸ ਪਾਲਤੂ ਸਾਈਬੇਰੀਅਨ ਹਸਕੀ ਨਸਲ ਦੇ ਕੁੱਤੇ ਨੇ ਜਾਨੋਂ ਮਾਰ ਦਿੱਤਾ ਸੀ ਉਸ ਕੁੱਤੇ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। 15 ਫਰਵਰੀ ਦੀ ਸਵੇਰ ਨੂੰ ਜਦੋਂ ਇਸ ਕੁੱਤੇ ਵੱਲੋਂ ਨਿੱਕੇ ਬੱਚੇ ਉੱਤੇ ਹਮਲਾ ਕੀਤਾ ਗਿਆ ਤਾਂ ਸ਼ਹਿਰ ਦੇ ਕਿੰਗਜ਼ਲੈਂਡ ਇਲਾਕੇ ਵਿੱਚ ਸਥਿਤ ਇਸ ਘਰ ਵਿੱਚੋਂ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਦੋ ਦਿਨ ਦੇ ਨਵਜੰਮੇ ਬੱਚੇ ਨੂੰ ਕੈਲਗਰੀ ਸਥਿਤ ਅਲਬਰਟਾ ਚਿਲਡਰਨਜ਼ ਹੌਸਪਿਟਲ ਲਿਜਾਇਆ ਗਿਆ ਪਰ ਬੱਚੇ ਦੀ ਉਸ ਰਾਤ ਹੀ 10:30 ਵਜੇ ਮੌਤ ਹੋ ਗਈ। ਫਰੈਡੈੱਟ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪਾਲਤੂ ਕੁੱਤੇ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਫਿਰ ਵੀਰਵਾਰ ਨੂੰ ਪਸ਼ੂਆਂ ਦੇ ਡਾਕਟਰ ਦੀ ਮੌਜੂਦਗੀ ਵਿੱਚ ਅਜਿਹਾ ਕੀਤਾ ਗਿਆ। ਆਪਣੇ ਬੱਚੇ ਦੀ ਮੌਤ ਤੋਂ ਇਹ ਪਰਿਵਾਰ ਅਜੇ ਉਭਰ ਵੀ ਨਹੀਂ ਸਕਿਆ ਹੈ ਤੇ ਉਨ੍ਹਾਂ ਵੱਲੋਂ ਪ੍ਰਾਈਵੇਸੀ ਦੀ ਅਪੀਲ ਕੀਤੀ ਗਈ ਹੈ। ਇਹ ਪਰਿਵਾਰ ਸਾਈਬੇਰੀਅਨ ਹਸਕੀ ਨਸਲ ਤੇ ਕੁੱਤਿਆਂ ਨੂੰ ਪਾਲਦਾ ਤੇ ਉਨ੍ਹਾਂ ਨੂੰ ਡੌਗਜ਼ਲੈਡਰਜ਼ ਲਈ ਸਪਲਾਈ ਕਰਨ ਦਾ ਕਾਰੋਬਾਰ ਚਲਾਉਂਦਾ ਹੈ। ਇਹ ਪਰਿਵਾਰ ਅਲਬਰਟਾ ਤੇ ਬੀਸੀ ਵਿੱਚ ਹੋਣ ਵਾਲੀਆਂ ਕੁੱਤਿਆਂ ਦੀਆਂ ਦੌੜਾਂ ਵਿੱਚ ਵੀ ਹਿੱਸਾ ਲੈਂਦਾ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਅਤੀਤ ਵਿੱਚ ਕੁੱਤੇ ਨਾਲ ਉਨ੍ਹਾਂ ਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਸੀ ਹੋਈ। ਉਨ੍ਹਾਂ ਦਾ ਦੋ ਸਾਲ ਦਾ ਇੱਕ ਹੋਰ ਬੱਚਾ ਵੀ ਹੈ ਤੇ ਪਹਿਲਾਂ ਕੁੱਤਿਆਂ ਨੂੰ ਲੈ ਕੇ ਕਦੇ ਵੀ ਕੋਈ ਅਸੁਖਾਵੀਂ ਘਟਨਾ ਨਹੀਂ ਵਾਪਰੀ। ਹਮਲਾ ਕਰਨ ਵਾਲੇ ਕੁੱਤੇ ਦੀ ਹੋਣੀ ਬਾਰੇ ਫੈਸਲਾ ਹੋਣ ਤੱਕ ਉਸ ਨੂੰ ਅਲੱਗ ਰੱਖਿਆ ਗਿਆ ਸੀ। ਪਰਿਵਾਰ ਨੂੰ ਦੇਸ਼ ਭਰ ਵਿੱਚੋਂ ਜਾਨਵਰ ਪ੍ਰੇਮੀਆਂ ਨੇ ਉਸ ਕੁੱਤੇ ਨੂੰ ਅਪਨਾਉਣ ਲਈ ਸੁਨੇਹੇ ਵੀ ਦਿੱਤੇ ਸਨ।