Friday, 20 January 2012


ਸੰਘਣੀ ਧੁੰਦ ਤੇ ਹੱਡ-ਚੀਰਵੀਂ ਸੀਤ ਲਹਿਰ ਦਾ ਦੌਰ ਜਾਰੀ
ਦੱਖਣ ਵਿਚ ਵੀ ਠੰਢ ਦਾ ਜ਼ੋਰ
ਨਵੀਂ ਦਿੱਲੀ, 20 ਜਨਵਰੀ )-ਪੂਰੇ ਦੇਸ਼ 'ਚ ਅੱਜ ਵੀ ਸਰਦ ਹਵਾਵਾਂ ਅਤੇ ਗਹਿਰੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ। ਨਵੀਂ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ 'ਚ ਹਵਾਈ, ਰੇਲ ਅਤੇ ਸੜਕੀ ਆਵਾਜਾਈ 'ਚ ਵਿਘਨ ਪਿਆ ਰਿਹਾ। ਕਸ਼ਮੀਰ ਵਾਦੀ ਬਾਕੀ ਦੁਨੀਆ ਨਾਲੋਂ ਅੱਜ ਵੀ ਕੱਟੀ ਰਹੀ ਅਤੇ ਹਿਮਾਚਲ ਦੀਆਂ ਪਹਾੜੀਆਂ 'ਤੇ ਬਰਫ਼ਬਾਰੀ ਹੁੰਦੀ ਰਹੀ। ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ 'ਚ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਗਹਿਰੀ ਧੁੰਦ ਪੈਣ ਕਾਰਨ ਉਡਾਣਾਂ ਅਤੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਕਈ ਘੰਟੇ ਪੱਛੜ ਕੇ ਰਹਿ ਗਈਆਂ। ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਲੁਧਿਆਣਾ 'ਚ 6.3 ਡਿਗਰੀ, ਜਲੰਧਰ 'ਚ 4 ਅਤੇ ਪਟਿਆਲਾ 'ਚ ਤਾਪਮਾਨ 7.3 ਡਿਗਰੀ ਸੈਲਸੀਅਸ ਰਿਹਾ।

ਚੰਡੀਗੜ੍ਹ 'ਚ ਤਾਪਮਾਨ 9.2 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਜ਼ਿਲ੍ਹਾ ਨਰਨੌਲ 'ਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ, ਹਿਸਾਰ 'ਚ 4.1, ਰੋਹਤਕ 'ਚ 4.5 ਅਤੇ ਕਰਨਾਲ 'ਚ 6.2 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ, ਪਟਿਆਲਾ, ਮੋਹਾਲੀ, ਅੰਮ੍ਰਿਤਸਰ ਅਤੇ ਪੰਚਕੂਲਾ 'ਚ ਮੀਂਹ ਵੀ ਪਿਆ। ਕਸ਼ਮੀਰ ਵਾਦੀ 'ਚ ਅੱਜ ਵੀ ਭਾਰੀ ਬਰਫ਼ਬਾਰੀ ਹੁੰਦੀ ਰਹੀ ਅਤੇ ਲੋਕ ਜ਼ਰੂਰੀ ਵਸਤੂਆਂ ਪ੍ਰਾਪਤ ਕਰਨ ਤੋਂ ਵੀ ਵਾਂਝੇ ਬੈਠੇ ਹਨ। ਵਾਦੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹਨ ਅਤੇ ਹਵਾਈ ਸੇਵਾ ਵੀ ਠੱਪ ਹੈ। ਜੰਮੂ ਅਤੇ ਪਹਿਲਗਾਮ ਸਮੇਤ ਹੋਰ ਥਾਵਾਂ 'ਤੇ ਸੈਂਕੜੇ ਗੱਡੀਆਂ ਅਤੇ ਲੋਕ ਫਸੇ ਹੋਏ ਹਨ। ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਗੁਲਮਰਗ 'ਚ ਮਨਫ਼ੀ 12.6 ਡਿਗਰੀ ਅਤੇ ਪਹਿਲਗਾਮ 'ਚ ਮਨਫੀ 5.0 ਡਿਗਰੀ ਸੈਲਸੀਅਸ, ਲੇਹ 'ਚ ਮਨਫ਼ੀ 16.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਇਸਲਾਮਾਬ20ਾਦ,  ਜਨਵਰੀ  - ਪਾਕਿਸਤਾਨ ਦੀ ਸਰਕਾਰ ਵੱਲੋਂ ਦੇਸ਼ ਪਰਤਣ 'ਤੇ ਤੁਰੰਤ ਗ੍ਰਿਫ਼ਤਾਰ ਕਰ ਲੈਣ ਦੀ ਚਿਤਾਵਨੀ ਮਿਲਣ ਤੋਂ ਬਾਅਦ ਸਾਬਕਾ ਸੈਨਾ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਹਾਲ ਦੀ ਘੜੀ ਵਤਨ ਆਉਣ ਦੀ ਆਪਣੀ ਯੋਜਨਾ ਟਾਲ ਦਿੱਤੀ ਹੈ। ਮੁਸ਼ੱਰਫ  ਦੀ ਪਾਰਟੀ 'ਆਲ ਪਾਕਿਸਤਾਨ ਮੁਸਲਿਮ ਲੀਗ' ਦੇ ਨੇਤਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਸ਼ੱਰਫ ਨੇ ਆਪਣੇ ਦੋਸਤਾਂ ਅਤੇ ਪਾਰਟੀ ਦੇ ਨੇਤਾਵਾਂ ਵਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਪਣੀ ਵਾਪਸੀ ਅੱਗੇ ਪਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਵਤਨ ਪਰਤਣ ਨਾਲ ਕਈ ਸੰਕਟਾਂ ਦਾ ਸਾਹਮਣਾ ਕਰ ਰਹੀ ਪਾਕਿਸਤਾਨੀ ਸਰਕਾਰ ਨੂੰ ਰਾਹਤ ਮਿਲ ਸਕਦੀ ਹੈ ਇਸ ਲਈ ਉਨ੍ਹਾਂ ਨੇ ਆਪਣੀ ਯੋਜਨਾ ਮੁਲਤਵੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁਸ਼ੱਰਫ ਨੇ ਐਲਾਨ ਕੀਤਾ ਸੀ ਕਿ ਉਹ 27 ਤੋਂ 30 ਜਨਵਰੀ ਤਕ ਦੇਸ਼ ਵਾਪਸ ਪਰਤ ਸਕਦੇ ਹਨ। ਉਨ੍ਹਾਂ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਸਿੰਧ ਦੇ ਗ੍ਰਹਿ ਮੰਤਰੀ ਮਨਜ਼ੂਰ ਵੱਸਣ ਨੇ ਕਿਹਾ ਸੀ ਕਿ ਦੇਸ਼ ਪਰਤਣ 'ਤੇ ਮੁਸ਼ੱਰਫ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
ਨਵੀਂ ਦਿੱਲੀ, 20 ਜਨਵਰੀ -ਰਾਜਪਾਲ ਦੁਆਰਾ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਆਰ .ਏ. ਮਹਿਤਾ ਦੀ ਨਿਯੁਕਤੀ ਨੂੰ ਗੁਜਰਾਤ ਹਾਈਕੋਰਟ ਦੁਆਰਾ ਸਹੀ ਠਹਿਰਾਏ ਜਾਣ ਦੇ ਫੈਸਲੇ ਨੂੰ ਅੱਜ ਪ੍ਰਦੇਸ਼ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ। ਹਾਈਕੋਰਟ ਨੇ ਕੱਲ੍ਹ ਆਪਣਾ ਫੈਸਲਾ ਸੁਣਾਉਂਦਿਆਂ ਜਸਟਿਸ ਮਹਿਤਾ ਦੀ ਨਿਯੁਕਤੀ ਨੂੰ ਸਹੀ ਕਿਹਾ ਅਤੇ ਇਸ ਨੂੰ ਬਰਕਰਾਰ ਰੱਖਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵੀ ਕੀਤੀ ਸੀ। ਸਰਕਾਰ ਦੀ ਅਪੀਲ ਖਾਰਜ ਕਰਦਿਆਂ ਜਸਟਿਸ ਵੀ. ਐਮ. ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਮੁੱਦੇ 'ਤੇ ਮੁੱਖ ਮੰਤਰੀ ਦੀਆਂ ਟਿੱਪਣੀਆਂ ਸਾਡੇ ਦੇਸ਼ ਦੇ ਲੋਕਤੰਤਰ ਲਈ ਠੀਕ ਨਹੀਂ ਹਨ। ਜਸਟਿਸ ਸਹਾਏ, ਜਿਨ੍ਹਾਂ ਨੂੰ ਇਸ ਮੁੱਦੇ 'ਤੇ ਦੋ ਜੱਜਾਂ ਦੇ ਵੱਖ-ਵੱਖ ਰਾਏ ਤੋਂ ਬਾਅਦ ਮਾਮਲੇ ਦੀ ਸੁਣਵਾਈ ਸੌਂਪੀ ਗਈ ਸੀ, ਨੇ ਕਿਹਾ ਕਿ ਮੋਦੀ ਦਾ ਜਸਟਿਸ ਮਹਿਤਾ ਦੀ ਲੋਕਆਯੁਕਤ ਦੇ ਤੌਰ 'ਤੇ ਨਿਯੁਕਤੀ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ ਕਾਨੂੰਨ ਦੇ ਨਿਯਮਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਦੇ ਮਸ਼ਵਰੇ ਨੂੰ ਮੋਦੀ ਦੀ ਅਗਵਾਈ 'ਚ ਕਈ ਮੰਤਰੀਆਂ ਵੱਲੋਂ ਮੰਨਣ ਤੋਂ ਇਨਕਾਰ ਕਰਨ ਨਾਲ ਸੰਕਟ ਵਾਲੇ ਹਾਲਾਤ ਪੈਦਾ ਹੋ ਗਏ ਹਨ। ਜਸਟਿਸ ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਮਹਿਤਾ ਦੇ ਨਾਮ ਨੂੰ ਰੱਦ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ ਕਿਉਂਕਿ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਪਹਿਲਾਂ ਹੀ ਮੁੱਖ ਮੰਤਰੀ ਦੇ ਇਤਰਾਜ਼ਾਂ ਨੂੰ ਨਕਾਰ ਚੁੱਕੇ ਹਨ।
ਰਾਜਾਸਾਂਸੀ, 20 ਜਨਵਰੀ -ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਵਿਖੇ ਬੰਦ ਇਕ ਹਵਾਲਾਤੀ ਚਿੱਟੇ ਦਿਨ 22 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ, ਜਿਸ ਦੀ ਇੱਥੇ ਤਾਇਨਾਤ ਅਧਿਕਾਰੀਆਂ ਨੁੰ ਸ਼ਾਮ ਤਾਈਂ ਕੋਈ ਭਿਣਕ ਨਹੀਂ ਸੀ ਲੱਗ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ 10 ਜਨਵਰੀ 2011 ਨੂੰ ਲਗਭਗ 15 ਕਿਲੋ ਹੈਰੋਇਨ ਦੀ ਸਮਗਲਿੰਗ ਦੇ ਮਾਮਲੇ 'ਚ 20 ਚੱਕੀਆਂ ਦੇ ਹੋਸਟਲ ਨੰਬਰ 7 'ਚ ਬੰਦ ਸੁਖਬੀਰ ਸਿੰਘ ਉਰਫ਼ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਭੁੱਸੇ, ਜ਼ਿਲ੍ਹਾ ਤਰਨ ਤਾਰਨ ਇਕ ਗਿਣੀ-ਮਿਥੀ ਯੋਜਨਾ ਤਹਿਤ ਸਵੇਰੇ 7 ਕੁ ਵਜੇ ਬੰਦੀ ਖੁੱਲ੍ਹਣ ਤੋਂ ਬਾਅਦ ਧੁੰਦ ਦੀ ਆੜ 'ਚ ਤਾਬੋਵਾਲੀ ਪਿੰਡ ਦੇ ਪਾਸੇ ਸਥਿਤ ਖਾਲੀ ਟਾਵਰ ਨੰਬਰ 3 ਦੇ ਨੇੜਿਉਂ 22 ਫੁੱਟ ਉੱਚੀ ਜੇਲ੍ਹ ਦੀ ਕੰਧ ਟੱਪ ਕੇ ਭੱਜਣ 'ਚ ਕਾਮਯਾਬ ਹੋ ਗਿਆ ਹੈ। ਸੁੱਖੇ ਦੇ ਭੱਜਣ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਕਈ ਘੰਟੇ ਬੀਤ ਜਾਣ ਤੋਂ ਬਾਅਦ ਪਤਾ ਲੱਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਵਿਚਾਰ ਅਧੀਨ ਪਾਕਿ ਮੂਲ ਦੇ ਕੈਦੀ ਨੇ ਵੀ ਚਿੱਟੇ ਦਿਨ ਇੱਥੋਂ ਖਿਸਕ ਕੇ ਜੇਲ੍ਹ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ। ਤਾਜ਼ੀ ਵਾਪਰੀ ਇਸ ਘਟਨਾ 'ਤੇ ਜੇਲ੍ਹ ਪ੍ਰਸ਼ਾਸਨ ਨੇ 5 ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਨਾਲ 'ਅਜੀਤ' ਵੱਲੋਂ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਮੋਬਾਈਲ ਫ਼ੋਨ ਨਹੀਂ ਚੁੱਕਿਆ।
ਨਵੀਂ ਦਿੱਲੀ, 20ਜਨਵਰੀ -ਸੈਨਾ ਮੁਖੀ ਜਨਰਲ ਵੀ ਕੇ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਉਨ੍ਹਾਂ ਨਾਲ ਵਰਤਾਅ ਕੀਤਾ ਹੈ ਉਸ ਤੋਂ ਇਹ ਗੱਲ ਸਾਫ ਝਲਕਦੀ ਹੈ ਕਿ ਉਨ੍ਹਾਂ ਦੀ ਉਮਰ ਬਾਰੇ ਫ਼ੈਸਲਾ ਕਰਨ ਲਈ ਕੋਈ ਤੌਰ-ਤਰੀਕਾ ਨਹੀਂ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਪੂਰੀ ਘਾਟ ਹੈ। ਆਪਣੀ ਜਨਮ ਤਰੀਕ 10 ਮਈ 1950 ਦੀ ਬਜਾਏ 1951 ਨਾ ਮੰਨਣ ਦੇ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਆਪਣੀ 68 ਸਫ਼ਿਆਂ ਦੀ ਪਟੀਸ਼ਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਸਮੇਂ ਦੇ ਸੈਨਾ ਮੁਖੀ 'ਤੇ ਭਰੋਸਾ ਕਰਦੇ ਹੋਏ ਉਨ੍ਹਾਂ ਦੇ ਕਹਿਣ 'ਤੇ ਆਪਣੀ ਉਮਰ ਤਰੀਕ 1950 ਸਵੀਕਾਰ ਕਰ ਲਈ ਸੀ ਨਾ ਕਿ ਸੈਨਾ ਸਕੱਤਰ ਬ੍ਰਾਂਚ ਨਾਲ ਹੋਏ ਸਮਝੌਤੇ ਤਹਿਤ। ਉਨ੍ਹਾਂ ਪਟੀਸ਼ਨ 'ਚ ਕਿਹਾ ਕਿ ਸਰਕਾਰ ਨੂੰ ਇਹ ਸਪਸ਼ਟੀਕਰਨ ਦੇਣ ਦੀ ਲੋੜ ਹੈ ਕਿ ਫ਼ੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾਵੇ ਜਿਸ ਵਿਚ ਕਿਸੇ ਤੌਰ ਤਰੀਕੇ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਮੁਕੰਮਲ ਘਾਟ ਹੈ। ਜਨਰਲ ਸਿੰਘ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਸਰਕਾਰ ਨੂੰ ਫ਼ੌਜ ਦਾ ਸਰਕਾਰੀ ਰਿਕਾਰਡ ਰੱਖਣ ਵਾਲੀ ਸ਼ਾਖਾ ਐਡਜੂਟੈਂਟ ਜਨਰਲ ਬ੍ਰਾਂਚ ਦੇ ਰਿਕਾਰਡ 'ਤੇ ਕਿਉਂ ਸ਼ੱਕ ਹੈ ਅਤੇ ਇਸ ਬਾਰੇ ਕਿਉਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸੇ ਵੀ ਅਥਾਰਟੀ ਨੇ ਉਨ੍ਹਾਂ ਦੀ ਜਨਮ ਤਰੀਕ 10.5 1951 ਮੰਨਣ ਲਈ ਉਨ੍ਹਾਂ ਵਲੋਂ ਕੀਤੀ ਅਪੀਲ ਨੂੰ ਰੱਦ ਕਰਨ ਸਮੇਂ ਉਨ੍ਹਾਂ ਦੇ ਸਰਟੀਫਿਕੇਟ 'ਤੇ ਕੋਈ ਸ਼ੱਕ ਦੀ ਉਂਗਲੀ ਉਠਾਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਹ ਗੱਲ ਨਹੀਂ ਸਮਝ ਸਕਦਾ ਕਿ ਸਰਕਾਰੀ ਰਿਕਾਰਡ ਵਿਚ ਦਰਜ ਜਨਮ ਤਰੀਕ ਨੂੰ ਨਜ਼ਰਅੰਦਾਜ਼ ਕਰਕੇ ਯੂ. ਪੀ. ਐਸ. ਸੀ. ਫਾਰਮ ਭਰਨ ਸਮੇਂ ਹੋਈ ਅਚਨਚੇਤ ਭੁੱਲ ਨੂੰ ਕਿਉਂ ਇੰਨਾ ਮਹੱਤਵ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ, 20 ਜਨਵਰੀ -ਦਿੱਲੀ ਹਾਈ ਕੋਰਟ ਵੱਲੋਂ ਰਾਸ਼ਟਰ ਮੰਡਲ ਖੇਡ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸੰਸਦ ਮੈਂਬਰ ਸੁਰੇਸ਼ ਕਲਮਾਡੀ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸਾਲ 2010 'ਚ ਅਕਤੂਬਰ ਮਹੀਨੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ ਪ੍ਰਬੰਧ ਘੁਟਾਲੇ ਦੇ ਦੋਸ਼ੀ ਕਲਮਾਡੀ ਬੀਤੇ 9 ਮਹੀਨਿਆਂ ਤੋਂ ਜੇਲ੍ਹ 'ਚ ਸਨ। ਕਲਮਾਡੀ ਦੇ ਸਹਿਯੋਗੀ ਵੀ. ਕੇ. ਸ਼ਰਮਾ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ। ਹਾਈ ਕੋਰਟ ਦੇ ਜੱਜ ਮੁਕਤਾ ਗੁਪਤਾ ਨੇ ਕਲਮਾਡੀ ਨੂੰ 5 ਲੱਖ ਰੁਪਏ ਦੀ ਜ਼ਮਾਨਤ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਬੇਸ਼ੱਕ ਅਦਾਲਤ ਨੇ ਉਨ੍ਹਾਂ ਦੇ ਬਿਨਾਂ ਆਗਿਆ ਵਿਦੇਸ਼ ਜਾਣ 'ਤੇ ਰੋਕ ਲਗਾਈ ਹੈ। ਰਿਹਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਕਲਮਾਡੀ ਬਹੁ-ਕਰੋੜੀ ਘੁਟਾਲੇ ਦਾ ਸਾਹਮਣਾ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਕੋਈ ਵਿਰੋਧਤਾ ਨਹੀਂ ਕੀਤੀ ਜਾ ਰਹੀ, ਉਹ ਚਾਹੁੰਣ ਤਾਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕਦੇ ਹਨ। ਵਰਣਨਯੋਗ ਹੈ ਕਲਮਾਡੀ ਨੂੰ ਬੀਤੇ ਸਾਲ 26 ਅਪ੍ਰੈਲ ਅਤੇ ਵਰਮਾ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਸਵਿਸ ਟਾਈਮਜ਼ ਓਮੇਗਾ ਕੰਪਨੀ ਨੂੰ 'ਸਮਾਂ, ਅੰਕ ਨਤੀਜਾ ਪ੍ਰਣਾਲੀ' ਲਈ 141 ਕਰੋੜ ਰੁਪਏ ਦੀ ਉੱਚੀ ਕੀਮਤ 'ਤੇ ਠੇਕਾ ਦੇਣ ਅਤੇ ਸਰਕਾਰੀ ਖਜ਼ਾਨੇ ਨੂੰ 95 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਹੇਠਲੀ ਅਦਾਲਤ ਨੇ ਬੀਤੇ ਸਾਲ ਜੂਨ ਮਹੀਨੇ ਕਲਮਾਡੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਅਤੇ 2 ਕੰਪਨੀਆਂ ਦੇ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਧੋਖਾਧੜੀ, ਸਾਜ਼ਿਸ਼ ਅਤੇ ਠੱਗੀ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ ਸੀ।
ਨਵੀਂ ਦਿੱਲੀ, 20 ਜਨਵਰੀ -ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਹਰੀਸ਼ ਖਰੇ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ 'ਚ 2 ਸਾਲਾਂ ਤੋਂ ਵੱਧ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਹਰੀਸ਼ ਖਰੇ (65) ਦੇ ਅਸਤੀਫੇ ਉਪਰੰਤ ਇਕ ਟੀ. ਵੀ. ਪੱਤਰਕਾਰ ਪੰਕਜ ਪਚੌਰੀ ਨੂੰ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਹੈ। ਸਾਬਕਾ ਪੱਤਰਕਾਰ ਖਰੇ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੱਤਰਕਾਰੀ 'ਚ ਵਾਪਸ ਜਾਣਾ ਚਾਹੁੰਦਾ ਹਾਂ। ਜੂਨ 2009 'ਚ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਨਿਯੁਕਤ ਹੋਣ ਤੋਂ ਪਹਿਲਾਂ ਹਰੀਸ਼ ਖਰੇ ਨਵੀਂ ਦਿੱਲੀ ਵਿਖੇ 'ਦਾ ਹਿੰਦੂ' ਦੇ 'ਸੀਨੀਅਰ ਐਸੋਸੀਏਟ ਐਡੀਟਰ' ਅਤੇ 'ਚੀਫ਼ ਆਫ਼ ਬਿਊਰੋ' ਸਨ ਅਤੇ ਇਸ ਤੋਂ ਪਹਿਲਾਂ ਅਹਿਮਦਾਬਾਦ ਵਿਖੇ 'ਟਾਈਮਸ ਆਫ਼ ਇੰਡੀਆ' ਦੇ 'ਰੈਜੀਡੈਂਟ ਐਡੀਟਰ' ਸਨ। ਮੀਡੀਆ ਸਲਾਹਕਾਰ ਵਜੋਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਕੱਤਰ ਦਾ ਦਰਜਾ ਪ੍ਰਾਪਤ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ 'ਐਨ ਡੀ ਟੀ ਵੀ ਇੰਡੀਆ' ਦੇ 'ਮੈਨੇਜਿੰਗ ਐਡੀਟਰ' ਪੰਕਜ ਪਚੌਰੀ (48) ਨੂੰ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ, 20 ਜਨਵਰੀ -1984 ਦੀ ਸਿੱਖ ਨਸਲਕੁਸ਼ੀ ਦੇ ਪ੍ਰਭਾਵਿਤ ਲੋਕਾਂ ਦੇ ਹੱਕਾਂ ਲਈ ਲੜ ਰਹੇ ਵਕੀਲ ਦੀ ਮਾਣਹਾਨੀ ਦੇ ਮਾਮਲੇ 'ਚ ਅੱਜ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸੰਮਨ ਜਾਰੀ ਕੀਤੇ। ਐਡਵੋਕੇਟ ਐਚ. ਐਸ. ਫੂਲਕਾ ਵੱਲੋਂ ਟਾਈਟਲਰ ਖ਼ਿਲਾਫ਼ ਮਾਣਹਾਨੀ ਦੇ ਲਗਾਏ ਦੋਸ਼ਾਂ ਸਬੰਧੀ ਕਾਰਵਾਈ ਕਰਦਿਆਂ ਵਧੀਕ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਅਮਿਤ ਬਾਂਸਲ ਨੇ ਟਾਈਟਲਰ ਨੂੰ ਸੰਮਨ ਜਾਰੀ ਕਰਦਿਆਂ 11 ਅਪ੍ਰੈਲ ਤੋਂ ਪਹਿਲਾਂ ਅਦਾਲਤ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਐਡਵੋਕੇਟ ਫੂਲਕਾ ਨੇ ਟਾਈਟਲਰ 'ਤੇ ਦੋਸ਼ ਲਗਾਏ ਹਨ ਕਿ 7 ਸਤੰਬਰ, 2004 ਨੂੰ ਇਕ ਨਿਊਜ਼ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਪ੍ਰੋਗਰਾਮ ਦੌਰਾਨ ਟਾਈਟਲਰ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਐਡਵੋਕੇਟ ਫੂਲਕਾ ਨੇ ਕਿਹਾ ਕਿ ਟਾਈਟਲਰ ਨੇ ਉਨ੍ਹਾਂ ਖ਼ਿਲਾਫ਼ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾ ਕੇ ਉਨ੍ਹਾਂ ਦੇ ਸਮਾਜਿਕ ਰੁਤਬੇ ਨੂੰ ਨੁਕਸਾਨ ਪਹੁੰਚਾਇਆ ਹੈ।
ਨਵੀਂ ਦਿੱਲੀ, 20 ਜਨਵਰੀ -ਬਿਜਲਈ ਵੋਟਿੰਗ ਮਸ਼ੀਨਾਂ ਬਣਾ ਰਹੇ ਰੱਖਿਆ ਖੇਤਰ ਦੇ ਸਰਕਾਰੀ ਅਦਾਰੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੈੱਲ) ਨੇ ਅੱਜ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਹੇਰਾਫੇਰੀ ਦੀ ਗੂੰਜਾਇਸ਼ ਰਹਿਤ ਬਣਾਉਣ ਲਈ ਹੁਣ ਅੱਗੇ ਤੋਂ ਬਿਜਲਈ ਵੋਟਿੰਗ ਮਸ਼ੀਨਾਂ ਪਾਈ ਗਈ ਵੋਟ ਦਾ ਪ੍ਰਿੰਟ ਵੀ ਕੱਢਣਗੀਆਂ। 'ਬੈੱਲ' ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਆਪਣੀ ਜ਼ਰੂਰਤ ਬਾਰੇ ਸਾਨੂੰ ਦੱਸ ਦਿੱਤਾ ਹੈ ਅਤੇ ਮਸ਼ੀਨ ਵਿਚ ਨਵਾਂ ਸਿਸਟਮ ਜੋੜਨ ਦਾ ਕੰਮ ਚੱਲ ਰਿਹਾ ਹੈ। ਸ੍ਰੀ ਕੁਮਾਰ ਨੇ ਅੱਗੇ ਕਿਹਾ ਕਿ ਮਸ਼ੀਨ ਦੇ ਸਾਫਟਵੇਅਰ ਵਿਚ ਸੋਧ ਕੀਤੀ ਜਾਵੇਗੀ ਅਤੇ ਇਸ ਨਾਲ ਪ੍ਰਿੰਟਰ ਜੋੜਿਆ ਜਾਵੇਗਾ। ਜਦੋਂ ਕੋਈ ਵੋਟਰ ਆਪਣੀ ਵੋਟ ਪਾਵੇਗਾ ਤਾਂ ਪ੍ਰਿੰਟ ਨਿਕਲੇਗਾ ਜਿਸ ਉਪਰ ਲੜੀ ਨੰਬਰ ਅਤੇ ਕੁਝ ਅੰਕੜੇ ਛਪੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਵੋਟਿੰਗ ਪ੍ਰਣਾਲੀ ਵਿਚ ਹੇਰਾਫੇਰੀ ਦੀ ਕੋਈ ਗੂੰਜਾਇਸ਼ ਨਾ ਰਹੇ। ਪ੍ਰਿੰਟਾਂ ਨੂੰ ਵੋਟਿੰਗ ਮਸ਼ੀਨਾਂ ਵਿਚ ਸਟੋਰ ਹੋਏ ਅੰਕੜਿਆਂ ਨਾਲ ਮਿਲਾਉਣ ਲਈ ਵਰਤਿਆ ਜਾਵੇਗਾ। ਇਹ ਮਸ਼ੀਨ ਅਗਲੇ 6 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ।
ਮੁੰਬਈ, 29 ਜਨਵਰੀ -2008 ਨੂੰ ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਕਰੀਬ 3 ਸਾਲਾਂ ਦੇ ਬਾਅਦ ਇਨ੍ਹਾਂ ਹਮਲਿਆਂ ਦੀ ਜਾਂਚ ਕਰ ਰਿਹਾ ਪਾਕਿਸਤਾਨੀ ਨਿਆਇਕ ਕਮਿਸ਼ਨ 3 ਫਰਵਰੀ ਨੂੰ ਇਥੇ ਪੁੱਜੇਗਾ। ਬੰਬੇ ਹਾਈ ਕੋਰਟ ਨੇ ਬੀਤੇ ਹਫ਼ਤੇ ਪਾਕਿਸਤਾਨੀ ਨਿਆਇਕ ਕਮਿਸ਼ਨ ਨੂੰ ਮੁੰਬਈ ਅੱਤਵਾਦੀ ਹਮਲਿਆਂ ਨਾਲ ਸੰਬੰਧਤ ਪ੍ਰਮੁੱਖ ਵਿਅਕਤੀਆਂ ਦੀ ਇੰਟਰਵਿਊ ਵਾਸਤੇ ਸ਼ਹਿਰ ਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਨਾਲ ਹੀ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੂੰ ਇਸ ਬਾਰ ਸੂਚਨਾ ਦੇ ਦਿੱਤੀ ਸੀ।

No comments:

Post a Comment