Friday, 20 January 2012


ਵੈਨਕੂਵਰ 'ਚ ਚੋਟੀ ਦੇ ਗੈਂਗਸਟਰ
ਸੰਦੀਪ ਦੂਹੜੇ ਦੀ ਹੱਤਿਆ


ਵੈਨਕੂਵਰ, 20 ਜਨਵਰੀ-ਬ੍ਰਿਟਿਸ਼ ਕੋਲੰਬੀਆ 'ਚ ਚੋਟੀ ਦਾ ਗੈਂਗਸਟਰ ਪੰਜਾਬੀ ਨੌਜਵਾਨ 38 ਸਾਲਾ ਸੰਦੀਪ ਦੂਹੜੇ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਬੀਤੀ ਰਾਤ ਵੈਨਕੂਵਰ ਡਾਊਨ ਟਾਊਨ ਦੇ ਪੰਜ ਸਿਤਾਰਾ ਹੋਟਲ ਸ਼ੈਰੇਟਨ ਵਾਲ ਸੈਂਟਰ ਦੀ ਦੂਜੀ ਮੰਜ਼ਿਲ 'ਤੇ ਰਾਤ ਦੇ ਕਰੀਬ ਪੌਣੇ ਨੌਂ ਵਜੇ ਜਦੋਂ ਸੰਦੀਪ ਦੇ ਸਾਹਮਣਿਓਂ ਮੂੰਹ 'ਤੇ ਗੋਲੀਆਂ ਮਾਰੀਆਂ ਗਈਆਂ, ਉਦੋਂ ਹੋਟਲ ਵਿਚ ਅਮਰੀਕਾ ਦੀ ਨੈਸ਼ਨਲ ਸੌਕਰ ਟੀਮ ਦੀਆਂ ਖਿਡਾਰਨਾਂ ਵੀ ਮੌਜੂਦ ਸਨ। ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਦੇ ਸੁਪਰਡੈਂਟ ਟੌਮ ਮੈਕਲੂਸੀ ਅਨੁਸਾਰ ਬੀਤੇ ਵਰ੍ਹੇ ਕਲੋਨਾ 'ਚ ਮਾਰੇ ਗਏ ਜੌਨਾਥਨ ਬੇਕਨ ਤੇ ਜ਼ਖ਼ਮੀ ਹੋਏ ਹੋਰਨਾਂ ਗੈਂਗਾਂ ਦੇ ਨੌਜਵਾਨਾਂ ਦੇ ਹਮਲੇ ਮਗਰੋਂ ਸਤੰਬਰ 2011 ਨੂੰ ਜਾਰੀ ਚਿਤਾਵਨੀ ਵਿਚ ਕਿਹਾ ਗਿਆ ਸੀ ਕਿ ਦੂਹੜੇ ਗੈਂਗ ਤੇ ਢੱਡ ਗਰੁੱਪ ਦੇ ਮੈਂਬਰਾਂ ਉੱਪਰ ਵਿਰੋਧੀ ਗਰੁੱਪ ਦੇ ਸਰਗਨੇ ਹਮਲਾ ਕਰ ਸਕਦੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ ਪੈਂਦੇ ਆਦਮਪੁਰ ਨੇੜਲੇ ਪਿੰਡ ਦੂਹੜੇ ਦੇ ਨਾਮੀ ਪੰਜਾਬੀ ਲੇਖਕ ਦੇ ਉੱਤਰੀ ਵੈਨਕੂਵਰ 'ਚ ਜਨਮੇ ਪੁੱਤਰ 38 ਸਾਲਾ ਬਲਰਾਜ ਉਰਫ ਬਾਜ, 36 ਸਾਲਾ ਸੰਦੀਪ ਤੇ 35 ਸਾਲਾ ਪਾਲ ਦੂਹੜੇ ਡਰੱਗ ਮਾਫੀਏ ਦੀ ਦੁਨੀਆ 'ਚ ਇਸ ਵੇਲੇ ਪੁਲਿਸ ਤੇ ਵਿਰੋਧੀਆਂ ਦੀ ਨਜ਼ਰ 'ਚ ਰੜਕ ਰਹੇ ਸਨ। ਅੱਜਕਲ੍ਹ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਏ ਸੰਦੀਪ ਤੇ ਉਸ ਦੇ ਭਰਾਵਾਂ ਉੱਪਰ 1997 ਵਿਚ ਦੁਸਾਂਝ, ਜੌਹਲ ਤੇ ਹੋਰਨਾਂ ਸਣੇ ਅਦਾਲਤੀ ਕਾਰਵਾਈ 'ਚ ਰੁਕਾਵਟ ਪਾਉਣ, 1998 'ਚ ਬਿੰਦੀ ਜੌਹਲ ਦੇ ਵੈਨਕੂਵਰ ਨਾਈਟ ਕਲੱਬ 'ਚ ਹੋਏ ਕਤਲ ਮਗਰੋਂ ਗੈਂਗਵਾਰ 'ਚ ਸਰਗਰਮ ਹੋਣ, ਮਈ 2005 ਵਿਚ ਸੰਦੀਪ 'ਤੇ ਸਰੀ 'ਚ ਕਨਵੀਨੀਐਂਸ ਸਟੋਰ 'ਤੇ ਹੋਏ ਹਮਲੇ 'ਚ ਵਾਲ-ਵਾਲ ਬਚਣ, ਸੰਨ 2009 ਤੋਂ ਦੂਹੜੇ ਭਰਾਵਾਂ ਦੇ ਬੀ. ਸੀ. ਤੋਂ ਬਾਹਰ ਚਲੇ ਜਾਣ, ਪਰ 2010 ਵਿਚ ਮੁੜ ਸਰੀ ਪਰਤਣ ਅਤੇ ਐਬਟਸਫੋਰਡ 'ਚ ਡਰੱਗ ਸਮਗਲਿੰਗ ਦੇ ਧੰਦੇ ਨੂੰ ਕੰਟਰੋਲ ਕਰਨ ਤੱਕ ਵਾਰ-ਵਾਰ ਮੌਤ ਨਾਲ ਲੁਕਣ-ਮੀਟੀ ਖੇਡਦਿਆਂ ਬਚਣ ਦਾ ਖੌਫਨਾਕ ਸਫਰ ਅੱਜ ਖਤਮ ਹੋ ਗਿਆ। ਸੰਦੀਪ ਦੀ ਸਕੂਲ ਸਮੇਂ ਤੋਂ ਮਿੱਤਰ ਅਤੇ ਗੈਂਗਸਟਰਾਂ ਦੇ ਜੀਵਨ 'ਤੇ ਨਾਵਲ 'ਡਾਕੂ' ਲਿਖਣ ਵਾਲੇ ਰੈਂਜ ਧਾਲੀਵਾਲ ਨੇ ਕਿਹਾ ਚੰਗਾ ਖਿਡਾਰੀ ਤੇ ਹਸਮੁੱਖ ਹੋਣ ਦੇ ਬਾਵਜੂਦ, ਗਲਤ ਰਾਹ 'ਤੇ ਚਲਣ ਕਾਰਨ ਸੰਦੀਪ ਬੁਰੀ ਮੌਤ ਮਰਿਆ। ਡੇਢ ਦਹਾਕੇ 'ਚ ਡੇਢ ਸੌ ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਡਰੱਗ ਮਾਫੀਏ ਤੇ ਹਿੰਸਾ 'ਚ ਮਾਰੇ ਜਾਣ ਕਾਰਨ, ਕੈਨੇਡੀਅਨ ਪੰਜਾਬੀ ਭਾਈਚਾਰਾ ਨਾਜ਼ਕ ਮੌੜ ਤੋਂ ਲੰਘ ਰਿਹਾ ਹੈ। ਦੂਹੜੇ ਗੈਂਗ ਦੇ ਹੋਰ ਆਗੂ ਬਲਰਾਜ ਦੂਹੜੇ ਤੇ ਪਾਲ ਦੂਹੜੇ ਦੇ ਆਪਣੇ ਕਰੀਬ ਸੌ ਦੇ ਸਾਥੀਆਂ ਸਣੇ, ਵਿਰੋਧੀ ਗੈਂਗ ਲਈ ਜਾਨਲੇਵਾ ਸਾਬਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

No comments:

Post a Comment