ਪਾਕਿਸਤਾਨ ਵਿਚ ਸਿਆਸੀ ਸੰਕਟ ਬਰਕਰਾਰ-ਜ਼ਰਦਾਰੀ ਦੁਬਈ ਗਏ
ਫੌਜ ਤੇ ਸਰਕਾਰ ਵਿਚਾਲੇ ਟਕਰਾਅ
ਦੁਬਈ, -ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇਸ਼ ਦੇ ਮੀਮੋਗੇਟ (ਮੰਗ-ਪੱਤਰ) ਮਾਮਲੇ ਨੂੰ ਲੈ ਕੇ ਸਰਕਾਰ ਅਤੇ ਸ਼ਕਤੀਸ਼ਾਲੀ ਫ਼ੌਜ ਵਿਚਾਲੇ ਚਲ ਰਹੇ ਤਣਾਅ ਦੇ ਦੌਰਾਨ ਅੱਜ ਇਕ ਦਿਨ ਦੀ ਨਿੱਜੀ ਯਾਤਰਾ ਲਈ ਦੁਬਈ ਪੁੱਜ ਗਏ ਹਨ, ਜਦੋਂਕਿ ਇਸ ਮਾਮਲੇ 'ਤੇ ਸਾਬਕਾ ਪ੍ਰਧਾਨ ਮੰਤਰੀ ਸ਼ੁਜਾਤ ਹੁਸੈਨ ਨੇ ਸੰਕਟ ਖ਼ਤਮ ਕਰਨ ਲਈ ਵਿਚੋਲਗੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਸੜਕਾਂ 'ਤੇ ਉਤਰਨ ਦੀ ਚਿਤਾਵਨੀ ਦਿੱਤੀ ਹੈ। ਜ਼ਰਦਾਰੀ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਉਹ ਡਾਕਟਰੀ ਜਾਂਚ ਲਈ ਇਥੇ ਆਏ ਹਨ, ਜਦੋਂ ਕਿ ਹੋਰ ਸੂਤਰਾਂ ਅਨੁਸਾਰ ਉਹ ਇਥੇ ਇਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਪੁੱਜੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁੱਲ ਬਾਸਿਤ ਨੇ ਦੱਸਿਆ ਹੈ ਕਿ ਜ਼ਰਦਾਰੀ ਕੱਲ੍ਹ ਦੁਬਈ ਤੋਂ ਵਾਪਸ ਵਤਨ ਪੁੱਜ ਜਾਣਗੇ। ਦੁਬਈ 'ਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਹੈ। ਇਸ ਵਿਆਹ ਸਮਾਗਮ 'ਚ ਕਈ ਹੋਰ ਉੱਚ ਸਰਕਾਰੀ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਚਰਚਾ ਹੈ।
ਮੀਮੋਗੇਟ ਮਾਮਲੇ 'ਚ ਸਰਕਾਰ ਅਤੇ ਫ਼ੌਜ ਵਿਚਾਲੇ ਪੈਦਾ ਹੋਏ ਟਕਰਾਅ ਤੋਂ ਬਾਅਦ ਜ਼ਰਦਾਰੀ ਦੀ ਇਹ ਦੂਸਰੀ ਦੁਬਈ ਯਾਤਰਾ ਹੈ। ਇਸ ਤੋਂ ਪਹਿਲਾਂ ਉਹ 6 ਦਸੰਬਰ ਨੂੰ ਦੁਬਈ ਗਏ ਸਨ ਅਤੇ ਦਿਲ ਦੇ ਰੋਗ ਦੇ ਇਲਾਜ ਲਈ ਕਰੀਬ 15 ਦਿਨ ਇਥੇ ਰੁਕੇ ਸਨ। ਇਸ ਦੌਰੇ ਨੂੰ ਲੈ ਕੇ ਇਹ ਕਿਆਸ-ਅਰਾਈਆਂ ਸਨ ਕਿ ਜ਼ਰਦਾਰੀ 'ਤੇ ਅਹੁਦਾ ਛੱਡਣ ਲਈ ਫ਼ੌਜ ਦਾ ਤਕੜਾ ਦਬਾਅ ਹੈ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜ਼ਰਦਾਰੀ ਸਪੱਸ਼ਟੀਕਰਨ ਦਿੰਦੇ ਆ ਰਹੇ ਹਨ ਕਿ ਉਨ੍ਹਾਂ ਦਾ ਅਹੁਦਾ ਛੱਡਣ ਦਾ ਕੋਈ ਵਿਚਾਰ ਨਹੀਂ। ਦੇਸ਼ 'ਚ ਮੌਜੂਦਾ ਸੰਕਟ ਉਸ ਸਮੇਂ ਪੈਦਾ ਹੋਇਆ ਜਦੋਂ ਪਾਕਿਸਤਾਨੀ ਮੂਲ ਦੇ ਸਨਅਤਕਾਰ ਮਨਸੂਰ ਇਜ਼ਾਜ਼ ਨੇ ਇਕ ਕਥਿਤ ਮੀਮੋ ਨੂੰ ਜਨਤਕ ਕਰ ਦਿੱਤਾ, ਜਿਸ ਵਿਚ ਬੀਤੇ ਸਾਲ ਮਈ ਮਹੀਨੇ ਪਾਕਿਸਤਾਨ 'ਚ ਓਸਾਮਾ ਬਿਨ ਲਾਦੇਨ ਨੂੰ ਮਾਰੇ ਜਾਣ ਤੋਂ ਬਾਅਦ ਫ਼ੌਜ ਦੀ ਬਗਾਵਤ ਰੋਕਣ ਲਈ ਅਮਰੀਕਾ ਕੋਲੋਂ ਮਦਦ ਮੰਗੀ ਗਈ ਸੀ। ਸਰਕਾਰ ਨੇ ਇਸ ਮੀਮੋ ਨੂੰ ਸਿਰਫ ਕਾਗਜ਼ ਦਾ ਇਕ ਟੁਕੜਾ ਦੱਸ ਕੇ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਤਿਆਰ ਕਰਨ ਅਤੇ ਅਮਰੀਕੀ ਫ਼ੌਜ ਮੁਖੀ ਐਡਮਿਰਲ ਮਾਈਕ ਮੁਲੇਨ ਤੱਕ ਪਹੁੰਚਾਉਣ 'ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਕੋਈ ਭੂਮਿਕਾ ਨਹੀਂ ਸੀ। ਫ਼ੌਜ ਅਤੇ ਆਈ. ਐੱਸ. ਆਈ. ਮੁਖੀਆਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਮੀਮੋਗੇਟ ਮਾਮਲੇ ਦੀ ਜਾਂਚ ਲਈ ਤਿੰਨ ਜੱਜਾਂ ਦਾ ਕਮਿਸ਼ਨ ਨਿਯੁਕਤ ਕੀਤਾ ਸੀ। ਇਹ ਕਮਿਸ਼ਨ 4 ਹਫਤਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ।
ਜ਼ਰਦਾਰੀ ਸਾਡਾ ਤੇਜ਼-ਤਰਾਰ ਗੇਂਦਬਾਜ਼-ਗਿਲਾਨੀ
ਇਸਲਾਮਾਬਾਦ-ਫ਼ੌਜ ਅਤੇ ਸਰਕਾਰ ਵਿਚਾਲੇ ਪੈਦਾ ਹੋਏ ਤਣਾਅ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਆਪਣੀ ਰਾਜਨੀਤਕ ਟੀਮ, ਜਿਸ 'ਤੇ ਖੱਬਿਓਂ, ਸੱਜਿਓਂ ਅਤੇ ਵਿਚਾਲਿਓਂ ਹਮਲੇ ਹੋ ਰਹੇ ਹਨ, ਦਾ ਤੇਜ਼-ਤਰਾਰ ਗੇਂਦਬਾਜ਼ ਕਰਾਰ ਦਿੱਤਾ ਹੈ। ਪੀ. ਟੀ. ਵੀ. ਦੇ ਨਵੇਂ ਖੇਡ ਚੈਨਲ ਦਾ ਉਦਘਾਟਨ ਕਰਨ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਦੀ ਟੀਮ ਸਾਨਾ ਮੀਰ ਵੱਲੋਂ ਪੁੱਛੇ ਗਏ ਸਵਾਲ ਕਿ ਰਾਜਨੀਤੀ 'ਚ ਤੇਜ਼ ਤਰਾਰ ਗੇਂਦਬਾਜ਼ ਕੌਣ ਹੈ, ਦਾ ਜਵਾਬ ਦਿੰਦਿਆਂ ਕਿਹਾ ਕਿ ਆਸਿਫ਼ ਅਲੀ ਜ਼ਰਦਾਰੀ ਉਨ੍ਹਾਂ ਦੀ ਰਾਜਨੀਤਕ ਟੀਮ ਦੇ ਤੇਜ਼ ਤਰਾਰ ਗੇਂਦਬਾਜ਼ ਹੈ। ਸਾਬਕਾ ਟੈਸਟ ਕ੍ਰਿਕਟਰ ਰਮੀਜ਼ ਰਾਜਾ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਰਕਾਰ, ਜੋ ਬਹੁਤ ਸਾਰੇ ਬਾਉਂਸਰਾਂ ਅਤੇ ਯੋਰਕਰਾਂ ਦਾ ਸਾਹਮਣਾ ਕਰ ਰਹੀ ਹੈ, ਕੀ ਬੱਲੇਬਾਜ਼ ਜਾਵੇਦ ਮੀਆਂਦਾਦ ਵਾਂਗ ਪਾਰੀ ਦੇ ਆਖਰੀ ਗੇਂਦ 'ਤੇ ਛੱਕਾ ਮਾਰ ਸਕਦੀ ਹੈ? ਗਿਲਾਨੀ ਨੇ ਜਵਾਬ ਦਿੱਤਾ ਕਿ ਬੀਤੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਸਥਿਤੀ ਜਾਵੇਦ ਮੀਆਂਦਾਦ ਤੋਂ ਵੀ ਜ਼ਿਆਦਾ ਖਰਾਬ ਸੀ, ਖੱਬਿਓਂ-ਸੱਜਿਓਂ ਅਤੇ ਵਿਚਾਲਿਓਂ ਹਮਲੇ ਹੋ ਰਹੇ ਸਨ ਅਤੇ ਅਸੀਂ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਸਾਂ। ਆਪਣੇ ਪਸੰਦੀਦਾ ਖਿਡਾਰੀ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ਉਹ ਇਮਰਾਨ ਖਾਨ ਨੂੰ ਪਸੰਦ ਕਰਦੇ ਹਨ।
ਸੜਕਾਂ 'ਤੇ ਉਤਰਾਂਗੇ-ਇਮਰਾਨ
ਕ੍ਰਿਕਟਰ ਤੋਂ ਰਾਜਨੀਤਕ ਆਗੂ ਬਣੇ ਇਮਰਾਨ ਖਾਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਦੀ ਗ਼ੈਰ-ਫ਼ੌਜੀ ਸਰਕਾਰ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਕੇਸ ਮੁੜ ਖੋਲ੍ਹਣ ਦੇ ਮੁੱਦੇ 'ਤੇ ਨਿਆਂਪਾਲਿਕਾ 'ਤੇ ਕੋਈ ਹਮਲਾ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਸੜਕਾਂ 'ਤੇ ਉਤਰ ਆਵੇਗੀ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਨਿਆਂਪਾਲਿਕਾ ਦੇ ਨਾਲ ਖੜ੍ਹੀ ਹੈ ਅਤੇ 16 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਦੇ ਮੌਕੇ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਪੱਖ 'ਤੇ ਪੂਰੀ ਨਿਗ੍ਹਾ ਰੱਖੇਗੀ। ਜੇ ਕਰ ਸਰਕਾਰ ਅਦਾਲਤ ਦੇ ਆਦੇਸ਼ ਅਨੁਸਾਰ ਕੰਮ ਨਹੀਂ ਕਰੇਗੀ ਤਾਂ ਉਨ੍ਹਾਂ ਦੀ ਪਾਰਟੀ ਨਿਆਂਪਾਲਿਕਾ ਦਾ ਸਾਥ ਨਿਭਾਵੇਗੀ।
ਸ਼ੁਜਾਤ ਵੱਲੋਂ ਸਮਝੌਤੇ ਲਈ ਵਿਚੋਲਗੀ
ਲਾਹੌਰ-ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੀ. ਐੱਮ. ਐੱਲ. (ਕਿਊ) ਦੇ ਮੁਖੀ ਚੌਧਰੀ ਸ਼ੁਜਾਤ ਹੁਸੈਨ ਨੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਦਰਮਿਆਨ ਸਮਝੌਤਾ ਕਰਵਾਉਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਮੁਸ਼ੱਰਫ਼ ਦੇ ਕਾਰਜ ਕਾਲ ਦੌਰਾਨ ਪ੍ਰਧਾਨ ਮੰਤਰੀ ਰਹੇ ਸ਼ੁਜਾਤ ਦੀ ਅਗਵਾਈ ਵਾਲੀ ਪੀ. ਐੱਮ. ਐੱਲ. ਕਿਊ ਸੱਤਾਧਾਰੀ ਗਠਜੋੜ ਦੀ ਭਾਈਵਾਲ ਹੈ।
ਕਿਆਨੀ ਦੇ ਹੱਕ 'ਚ ਪਟੀਸ਼ਨ ਮਨਜ਼ੂਰ
ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਮੀਮੋਗੇਟ ਮਾਮਲੇ 'ਚ ਸਰਕਾਰ ਵੱਲੋਂ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਅਤੇ ਆਈ. ਐਸ. ਆਈ. ਮੁਖੀ ਜਨਰਲ ਸ਼ੂਜਾ ਪਾਸ਼ਾ ਨੂੰ ਬਰਖਾਸਤ ਨਾ ਕੀਤੇ ਜਾਣ ਸਬੰਧੀ ਦਾਇਰ ਪਟੀਸ਼ਨ ਮਨਜ਼ੂਰ ਕਰ ਲਈ ਹੈ। ਵਕੀਲ ਮੌਲਵੀ ਇਕਬਾਲ ਹੈਦਰ ਵੱਲੋਂ ਕੱਲ੍ਹ ਇਹ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ।
ਫ਼ੌਜ ਫਿਰ ਰਾਜ ਪਲਟੇ ਤੋਂ ਕ੍ਰਿਪਾ ਕਰੇ-ਪਾਕਿ ਮੀਡੀਆ
ਇਸੇ ਦੌਰਾਨ ਪਾਕਿਸਤਾਨ ਦੇ ਮੀਡੀਆ ਨੇ ਦੇਸ਼ ਦੀ ਸ਼ਕਤੀਸ਼ਾਲੀ ਫ਼ੌਜ ਨੂੰ ਕਿਹਾ ਹੈ ਉਹ ਕ੍ਰਿਪਾ ਕਰਕੇ ਮੁੜ ਰਾਜ ਪਲਟਾ ਨਾ ਕਰੇ। ਮੀਡੀਆ ਨੇ ਸਰਕਾਰ ਅਤੇ ਫ਼ੌਜ ਨੂੰ ਅਪੀਲ ਕੀਤੀ ਹੈ ਕਿ ਆਪਣੇ ਮਤਭੇਦ ਸ਼ਾਂਤੀਪੂਰਵਕ ਸੁਲਝਾ ਲਏ ਜਾਣ।
ਅਮਰੀਕਾ ਪਾਕਿਸਤਾਨ 'ਚ ਗ਼ੈਰ ਫ਼ੌਜੀ ਸਰਕਾਰ ਦੇ ਹੱਕ 'ਚ ਵਾਸ਼ਿੰਗਟਨ, -ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਰਾਜ ਪਲਟਾ ਨਹੀਂ ਕਰੇਗੀ ਦੇ ਸਬੰਧ 'ਚ ਉਸ ਨੂੰ ਕੋਈ ਵਿਸ਼ਵਾਸ਼ ਨਹੀਂ ਮਿਲਿਆ ਅਤੇ ਨਾ ਹੀ ਅਜਿਹਾ ਨਜ਼ਰ ਆ ਰਿਹਾ ਹੈ, ਬੇਸ਼ੱਕ ਨਾਲ ਹੀ ਸਪੱਸ਼ਟ ਵੀ ਕੀਤਾ ਹੈ ਕਿ ਉਹ ਦੇਸ਼ 'ਚ ਗ਼ੈਰ ਫ਼ੌਜੀ ਸਰਕਾਰ ਵੇਖਣ ਦਾ ਹੀ ਚਾਹਵਾਨ ਹੈ। ਫ਼ੌਜੀ ਸਟਾਫ਼ ਦੇ ਸੰਯੁਕਤ ਚੇਅਰਮੈਨ ਜਨਰਲ ਮਾਰਟਿਨ ਈ ਡੈਂਪਸੇ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨਹੀਂ ਪਤਾ ਕਿ ਉਥੇ ਕੀ ਵਾਪਰਨ ਜਾ ਰਿਹਾ ਹੈ। ਇਹ ਮਾਮਲਾ ਪਾਕਿਸਤਾਨੀ ਅਧਿਕਾਰੀਆਂ ਅਤੇ ਸਰਕਾਰੀ ਆਗੂਆਂ, ਫ਼ੌਜ ਅਤੇ ਨਾਗਰਿਕਾਂ ਵਿਚਾਲੇ ਹੈ। ਇਹ ਪ੍ਰਗਟਾਵਾ ਪੈਂਟਾਗਨ ਦੇ ਬੁਲਾਰੇ ਜਲਸੈਨਾ ਕਪਤਾਨ ਜੌਹਨ ਕਿਰਬੇ ਨੇ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਵਿਚਾਲੇ ਚਲ ਰਹੇ ਤਣਾਅ ਦੇ ਮੱਦੇਨਜ਼ਰ ਪਹਿਲੀ ਵਾਰ ਕੀਤਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਵਿਕਟੋਰੀਆ ਨੁਲੈਂਡ ਨੇ ਕਿਹਾ ਕਿ ਪਾਕਿਸਤਾਨ 'ਚ ਜੋ ਵਾਪਰ ਰਿਹਾ ਹੈ ਉਹ ਉਸ ਦਾ ਨਿੱਜੀ ਮਾਮਲਾ ਹੈ ਅਤੇ ਅਮਰੀਕਾ ਗ਼ੈਰ ਫ਼ੌਜੀ ਸਰਕਾਰ ਦੇ ਹੱਕ ਵਿਚ ਹੈ ਅਤੇ ਫ਼ੌਜ ਨਾਲ ਇਸ ਦੇ ਸਬੰਤ ਮਜਬੂਤ ਹੋਣੇ ਚਾਹੀਦੇ ਹਨ। ਪਾਕਿਸਤਾਨ ੇ ਦੇ ਨਵੇਂ ਰਾਜਦੂਤ ਸ਼ੈਰੀ ਰਹਿਮਾਨ ਅਤੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਢੰਗ ਨਾਲ ਪੇਸ਼ ਆਉਣ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਅਤੇ ਹੋਰ ਕੂਟਨੀਤਕ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਪ੍ਰੰਤੂ ਦੇਸ਼ ਦਾ ਅੰਦਰੂਨੀ ਮਾਮਲਾ ਹੋਣ ਕਾਰਨ ਕੋਈ ਦਖਲ ਅੰਦਾਜ਼ੀ ਨਹੀਂ ਕਰ ਰਹੇ। |
|
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ
ਦਾ ਅਮਲ ਮੁਕੰਮਲ
ਕੁੱਲ 1880 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ
ੲ ਕੋਹਾੜ ਵੱਲੋਂ ਦਾਣਾ ਮੰਡੀ 'ਚ ਕੀਤੀ ਰੈਲੀ ਸਬੰਧੀ ਰਿਪੋਰਟ ਮੰਗੀ
ੲ ਜਲੰਧਰ, ਸੰਗਰੂਰ ਅਤੇ ਫ਼ਿਰੋਜ਼ਪੁਰ 'ਚ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਪੈਸੇ ਸੁੱਟਣ ਸਬੰਧੀ ਵੀ ਜਾਂਚ ਲਈ ਕਿਹਾ ਹਰਕਵਲਜੀਤ ਸਿੰਘ
ਚੰਡੀਗੜ੍ਹ, -30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਅਮਲ ਮੁਕੰਮਲ ਹੋ ਗਿਆ। ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਅੱਜ 900 ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ, ਜਦੋਂਕਿ ਕੱਲ੍ਹ ਤੱਕ ਰਾਜ ਵਿਚ 980 ਨਾਮਜ਼ਦਗੀਆਂ ਦਾਇਰ ਹੋਈਆਂ ਸਨ ਅਤੇ ਹੁਣ ਤੱਕ ਕੁੱਲ 1880 ਉਮੀਦਵਾਰ ਚੋਣ ਮੈਦਾਨ 'ਚ ਹਨ। ਕੱਲ੍ਹ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਅਤੇ 16 ਜਨਵਰੀ ਤੱਕ ਕਾਗਜ਼ ਵਾਪਿਸ ਲਏ ਜਾ ਸਕਦੇ ਹਨ। ਅੱਜ ਜਿੰਨ੍ਹਾਂ ਪ੍ਰਮੁੱਖ ਵਿਅਕਤੀਆਂ ਨਾਮਜ਼ਦਗੀਆਂ ਦਾਇਰ ਕੀਤੀਆਂ ਉਨ੍ਹਾਂ ਵਿਚ ਕਾਂਗਰਸ ਦੇ ਸਮਾਣਾ ਤੋਂ ਉਮੀਦਵਾਰ ਰਣਇੰਦਰ ਸਿੰਘ ਟਿੱਕੂ, ਕਾਦੀਆਂ ਤੋਂ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਡੇਰਾ ਬਾਬਾ ਨਾਨਕ ਤੋਂ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰੇਮ ਮਿੱਤਲ, ਫ਼ਤਹਿਗੜ੍ਹ ਸਾਹਿਬ ਤੋਂ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਸਰ ਕੇਂਦਰੀ ਤੋਂ ਸ੍ਰੀ ਓਮ ਪ੍ਰਕਾਸ਼ ਸੋਨੀ, ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਪ੍ਰਗਟ ਸਿੰਘ ਅਤੇ ਕਾਂਗਰਸ ਦੇ ਜਗਬੀਰ ਸਿੰਘ ਬਰਾੜ, ਸਰਦੂਲਗੜ੍ਹ ਤੋਂ ਕਾਂਗਰਸ ਦੇ ਅਜੀਤ ਸਿੰਘ ਮੋਫਰ ਅਤੇ ਬਠਿੰਡਾ ਸ਼ਹਿਰ ਤੋਂ ਅਕਾਲੀ ਦਲ ਦੇ ਸਰੂਪ ਸਿੰਗਲਾ, ਮੁਹਾਲੀ ਤੋਂ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਪੀ. ਪੀ. ਪੀ. ਦੇ ਬੀਰਦਵਿੰਦਰ ਸਿੰਘ, ਪਠਾਨਕੋਟ ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸ਼ਰਮਾ, ਰੋਪੜ ਤੋਂ ਪੀ.ਪੀ.ਪੀ. ਦੇ ਉਮੀਦਵਾਰ ਅਮਰਦੀਪ ਸਿੰਘ ਅਤੇ ਫ਼ਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਬੱਬਲ ਤੋਂ ਇਲਾਵਾ ਬੰਗਾਂ ਤੋਂ ਕਾਂਗਰਸ ਦੇ ਉਮੀਦਵਾਰ ਤਰਲੋਚਨ ਸਿੰਘ ਅਤੇ ਨਾਭਾ ਤੋਂ ਅਕਾਲੀ ਦਲ ਦੇ ਬਲਵੰਤ ਸਿੰਘ ਸ਼ਾਹਪੁਰ ਵੱਲੋਂ ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ। ਅੱਜ ਪਠਾਨਕੋਟ ਤੋਂ 24, ਅੰਮ੍ਰਿਤਸਰ ਤੋਂ 88, ਗੁਰਦਾਸਪੁਰ ਤੋਂ 29, ਕਪੂਰਥਲਾ ਤੋਂ 16, ਜਲੰਧਰ ਤੋਂ 54, ਨਵਾਂ ਸ਼ਹਿਰ ਤੋਂ 13, ਰੋਪੜ ਤੋਂ 16, ਮੁਹਾਲੀ ਤੋਂ 22, ਫ਼ਤਹਿਗੜ੍ਹ ਸਾਹਿਬ ਤੋਂ 20, ਮੋਗਾ ਤੋਂ 26, ਫ਼ਿਰੋਜ਼ਪੁਰ ਤੋਂ 30, ਫਾਜ਼ਿਲਕਾ ਤੋਂ 36, ਮੁਕਤਸਰ ਤੋਂ 65, ਬਠਿੰਡਾ ਤੋਂ 43, ਮਾਨਸਾ ਤੋਂ 23 ਫ਼ਰੀਦਕੋਟ ਤੋਂ 52, ਹੁਸ਼ਿਆਰਪੁਰ ਤੋਂ 42, ਸੰਗਰੂਰ ਤੋਂ 55, ਬਰਨਾਲਾ ਤੋਂ 24, ਤਰਨਤਾਰਨ ਤੋਂ 68 ਅਤੇ ਪਟਿਆਲਾ ਤੋਂ 56 ਨਾਮਜ਼ਦਗੀਆਂ ਦਾਇਰ ਹੋਣ ਦੀ ਰਿਪੋਰਟ ਹੈ। ਇਸੇ ਦੌਰਾਨ ਅੱਜ ਰਾਜ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਹਕੋਟ ਤੋਂ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਵੱਲੋਂ ਦਾਣਾ ਮੰਡੀ ਵਿਖੇ ਚੋਣ ਰੈਲੀ ਕਰਨ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ 'ਤੇ ਸਬੰਧਿਤ ਰਿਟਰਨਿੰਗ ਅਧਿਕਾਰੀ ਤੋਂ ਰਿਪੋਰਟ ਲੈਣ ਦਾ ਫੈਸਲਾ ਲਿਆ, ਜਦੋਂਕਿ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਵੱਲੋਂ ਜਲੰਧਰ ਪੱਛਮੀ ਵਿਖੇ ਬਿਨਾਂ ਆਗਿਆ ਰੈਲੀ ਕਰਨ ਸਬੰਧੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਭਾਜਪਾ ਦੇ ਜਲੰਧਰ ਕੇਂਦਰੀ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਦੇ ਰਿਸ਼ਤੇਦਾਰ ਸੁਚੇਤ ਕਾਲੀਆ, ਜੋ ਕਿ ਸਕੂਲ ਸਿੱਖਿਆ ਬੋਰਡ ਵਿਚ ਮੈਨੇਜਰ ਹਨ, ਸਬੰਧੀ ਸਕੂਲਾਂ ਵਿਚ ਅਕਾਲੀ ਦਲ ਤੇ ਭਾਜਪਾ ਦੇ ਹੱਕ ਵਿਚ ਪ੍ਰਚਾਰ ਕਰਨ ਸਬੰਧੀ ਵੀ ਰਿਟਰਨਿੰਗ ਅਧਿਕਾਰੀ ਕੋਲੋਂ ਰਿਪੋਰਟ ਮੰਗੀ ਗਈ। ਜਲੰਧਰ, ਸੰਗਰੂਰ ਤੇ ਫ਼ਿਰੋਜ਼ਪੁਰ ਵਿਖੇ ਕੁਝ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵੇਲੇ ਹਵਾ ਵਿਚ ਪੈਸੇ ਸੁੱਟਣ ਦੀਆਂ ਰਿਪੋਰਟਾਂ ਸਬੰਧੀ ਵੀ ਰਿਟਰਨਿੰਗ ਅਧਿਕਾਰੀਆਂ ਵੱਲੋਂ ਰਿਪੋਰਟਾਂ ਮੰਗੀਆਂ ਗਈਆਂ ਹਨ। ਕੱਲ੍ਹ ਸ਼ਾਮ ਰਾਮਪੁਰਾ ਫੂਲ ਦੇ ਭਗਤਾ ਭਾਈਕੇ ਵਿਖੇ ਵਾਪਰੀ ਘਟਨਾ ਸਬੰਧੀ ਡੀ. ਸੀ. ਬਠਿੰਡਾ ਵੱਲੋਂ ਮੰਗੀ ਗਈ ਰਿਪੋਰਟ ਅੱਜ ਮੁੱਖ ਚੋਣ ਅਧਿਕਾਰੀ ਨੂੰ ਪ੍ਰਾਪਤ ਹੋ ਗਈ, ਜਿਸ ਦਾ ਸਬੰਧ ਲੋਕਾਂ ਵੱਲੋਂ ਇਕ ਉਮੀਦਵਾਰ ਦੀਆਂ ਗੱਡੀਆਂ ਵਿਚ ਪੈਸਾ ਹੋਣ ਦੇ ਸ਼ੱਕ ਕਾਰਨ ਉਨ੍ਹਾਂ ਨੂੰ ਘੇਰਿਆ ਅਤੇ ਰੋਕਿਆ ਗਿਆ ਅਤੇ ਜਿਸ ਨੂੰ ਲੈ ਕੇ ਸਮਰਥਕਾਂ ਵਿਚ ਟਕਰਾਅ ਵੀ ਹੋਇਆ। ਮੁੱਖ ਚੋਣ ਅਧਿਕਾਰੀ ਦੇ ਆਦੇਸ਼ਾਂ 'ਤੇ ਅੱਜ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਰਥਕਾਂ ਵਿਰੁੱਧ ਕੇਸ ਦਰਜ ਕੀਤੇ ਗਏ। ਕਮਿਸ਼ਨ ਨੂੰ ਵਿਜੀਲੈਂਸ ਬਿਊਰੋ ਦੇ ਇਕ ਐਸ. ਪੀ. ਸੁਰਿੰਦਰਜੀਤ ਸਿੰਘ ਮੰਡ ਜੋ ਲੁਧਿਆਣਾ ਵਿਖੇ ਤਾਇਨਾਤ ਹਨ ਸਬੰਧੀ ਪ੍ਰਾਪਤ ਹੋਈ ਰਿਪੋਰਟ ਕਿ ਉਹ ਕਾਂਗਰਸ ਦੇ ਇਕ ਬਾਗੀ ਉਮੀਦਵਾਰ ਨੂੰ ਕਥਿਤ ਤੌਰ 'ਤੇ ਪੈਸੇ ਦੇਣ ਗਏ ਕਾਰਨ ਉਨ੍ਹਾਂ ਨੂੰ ਉੱਤਰਾਖੰਡ ਵਿਚ ਚੋਣ ਅਬਜ਼ਰਬਰ ਲਗਾਉਂਦਿਆਂ ਮੌਜੂਦਾ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਜ ਹੀ ਉੱਤਰਾਖੰਡ ਰਵਾਨਾ ਹੋਣ ਦੇ ਆਦੇਸ਼ ਦਿੱਤੇ ਗਏ। ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਪਾਰਟੀ ਦੇ ਨਾਮ ਬਿਨਾਂ ਛਾਪਣ ਲਈ 8 ਅਖਬਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ। |
|
ਉੱਤਰੀ ਭਾਰਤ ਵਿਚ ਸੀਤ ਲਹਿਰ ਜਾਰੀ
ੲ ਸ੍ਰੀਨਗਰ-ਜੰਮੂ ਸੜਕ ਬੰਦ ੲ ਹਿਮਾਚਲ ਵਿਚ ਭਾਰੀ ਬਰਫ਼ਬਾਰੀ
ਸ੍ਰੀਨਗਰ ਵਿਖੇ ਡੱਲ ਝੀਲ ਦੇ ਕਿਨਾਰੇ ਬਰਫ਼ ਨਾਲ ਢਕੀ ਸੜਕ
'ਤੇ ਅੱਗ ਸੇਕਦੇ ਹੋਏ ਨੌਜਵਾਨ। ਚੰਡੀਗੜ੍ਹ, -ਉੱਤਰੀ ਭਾਰਤ 'ਚ ਸੀਤ ਲਹਿਰ ਜਾਰੀ ਹੈ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਵਿਚ ਬੇਸ਼ੱਕ ਠੰਢੀਆਂ ਹਵਾਵਾਂ ਚਲ ਰਹੀਆਂ ਹਨ ਪ੍ਰੰਤੂ ਤਾਪਮਾਨ 'ਚ ਕੁਝ ਵਾਧਾ ਜ਼ਰੂਰ ਹੋਇਆ ਹੈ। ਜਦੋਂ ਕਿ ਜੰਮੂ-ਕਸ਼ਮੀਰ ਵਿਚ ਠੰਢ ਹੋਰ ਵਧਣ ਦੀ ਖ਼ਬਰ ਹੈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਜਿਥੇ ਕਿ ਬੀਤੇ 2 ਦਿਨਾਂ ਤੋਂ ਤਾਪਮਾਨ ਮਨਫੀ ਰਿਹਾ ਉਥੇ ਅੱਜ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ 'ਚ ਤਾਪਮਾਨ 4 ਡਿਗਰੀ, ਲੁਧਿਆਣਾ 'ਚ 3.2, ਚੰਡੀਗੜ੍ਹ 'ਚ 4.6, ਹਰਿਆਣਾ ਦੇ ਜ਼ਿਲ੍ਹਾ ਨਾਰਨੌਲ 'ਚ ਤਾਪਮਾਨ 2 ਡਿਗਰੀ, ਹਿਸਾਰ 'ਚ 2.1, ਰੋਹਤਕ 'ਚ 2.4, ਭਿਵਾਨੀ 'ਚ 2.2, ਕਰਨਾਲ 'ਚ 3 ਅਤੇ ਅੰਬਾਲਾ 'ਚ 5.6 ਡਿਗਰੀ ਸੈਲਸੀਅਸ ਰਿਹਾ। ਨਵੀਂ ਦਿੱਲੀ 'ਚ ਘੱਟ ਤੋਂ ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸ੍ਰੀਨਗਰ-ਜੰਮੂ ਸੜਕ ਬੰਦ
ਤਿੰਨ ਸੌ ਕਿਲੋਮੀਟਰ ਲੰਮੀ ਸ੍ਰੀਨਗਰ-ਜੰਮੂ ਸੜਕ 'ਤੇ ਤਿਲਕਣ ਹੋਣ ਕਾਰਨ ਅੱਜ ਕੋਈ ਵੀ ਗੱਡੀ ਚੱਲਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਵੱਖ-ਵੱਖ ਥਾਵਾਂ 'ਤੇ ਸੈਂਕੜੇ ਗੱਡੀਆਂ ਫਸੀਆਂ ਰਹੀਆਂ। ਭਾਰੀ ਬਰਫਬਾਰੀ ਕਾਰਨ ਜ਼ਰੂਰੀ ਵਸਤੂਆਂ ਲੈ ਕੇ ਸ੍ਰੀਨਗਰ ਜਾ ਰਹੀਆਂ ਗੱਡੀਆਂ ਵੀ ਆਪਣੀ ਮੰਜ਼ਿਲ ਵੱਲ ਰਵਾਨਾ ਨਹੀਂ ਹੋ ਸਕੀਆਂ। ਮੌਸਮ ਵਿਭਾਗ ਅਨੁਸਾਰ ਵਾਦੀ ਵਿਚ ਮੌਸਮ ਨੇ ਬੀਤੇ 16 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇਥੇ ਬੀਤੇ 4 ਦਿਨਾਂ ਤੋਂ ਤਾਪਮਾਨ ਦਰਜਾ ਜਮਾਉ ਤੋਂ ਵੀ ਘੱਟ ਚਲ ਰਿਹਾ ਹੈ, ਜਿਸ ਕਾਰਨ ਇਥੇ ਠੰਢ ਹੋਰ ਵਧ ਗਈ ਹੈ। ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਮਨਫੀ 3.8 ਡਿਗਰੀ ਰਿਕਾਰਡ ਕੀਤਾ ਗਿਆ, ਜਦੋਂ ਕਿ ਗੁਲਮਰਗ 'ਚ ਮਨਫੀ 16.4 ਡਿਗਰੀ, ਪਹਿਲਗਾਮ 'ਚ ਮਨਫੀ 12.1, ਲੱਦਾਖ 'ਚ ਮਨਫੀ 10.4, ਕਾਰਗਿਲ 'ਚ ਮਨਫੀ 18 ਅਤੇ ਕਾਜ਼ੀਗੁੰਡ 'ਚ ਮਨਫੀ 7.2 ਡਿਗਰੀ ਸੈਲਸੀਅਸ ਰਿਹਾ।
ਹਿਮਾਚਲ 'ਚ ਬਰਫਬਾਰੀ
ਹਿਮਾਚਲ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਇਥੇ ਵੀ ਠੰਢ 'ਚ ਵਾਧਾ ਹੋਇਆ ਹੈ ਅਤੇ ਸ਼ਿਮਲਾ ਅੱਜ 8.4 ਸੈਂਟੀਮੀਟਰ ਅਤੇ ਮਨਾਲੀ 'ਚ 15 ਸੈਂਟੀਮੀਟਰ ਬਰਫ ਰਿਕਾਰਡ ਕੀਤੀ ਗਈ। ਸ਼ਿਮਲਾ 'ਚ ਤਾਪਮਾਨ ਮਨਫੀ 1.8 ਡਿਗਰੀ ਸੈਲਸੀਅਸ, ਧਰਮਸ਼ਾਲਾ 'ਚ 2.7, ਅਤੇ ਮਨਾਲੀ 'ਚ ਮਨਫੀ 2 ਡਿਗਰੀ ਰਿਹਾ। |
No comments:
Post a Comment