Friday, 13 January 2012


ਸ਼ੇਖ ਹਸੀਨਾ ਨੂੰ ਮਿਲੀ ਡਾਕਟਰ ਦੀ ਉਪਾਧੀ

ਅਗਰਤਲਾ ਵਿਖੇ ਤ੍ਰਿਪੁਰਾ ਯੂਨੀਵਰਸਿਟੀ ਦੇ 9ਵੇਂ ਡਿਗਰੀ ਵੰਡ ਸਮਾਗਮ ਦੌਰਾਨ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਡੀ. ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕਰਦੇ ਹੋਏ।

ਅਗਰਤਲਾ-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੱਜ ਤ੍ਰਿਪੁਰਾ ਯੂਨੀਵਰਸਿਟੀ 'ਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ 'ਡਾਕਟਰ ਆਫ ਲਿਟਰੇਚਰ' ਦੀ ਡਿਗਰੀ ਪ੍ਰਦਾਨ ਕੀਤੀ। ਉਨ੍ਹਾਂ ਨੂੰ ਇਹ ਆਨਰੇਰੀ ਡਿਗਰੀ ਉਨ੍ਹਾਂ ਵੱਲੋਂ ਬਹੁ-ਸੱਭਿਆਚਾਰੀ ਲੋਕਤੰਤਰ ਅਤੇ ਸ਼ਾਂਤੀ ਦੀ ਰੱਖਿਆ ਲਈ ਪਾਏ ਗਏ ਪ੍ਰਭਾਵਸ਼ਾਲੀ ਯੋਗਦਾਨ ਲਈ ਦਿੱਤੀ ਗਈ। ਤ੍ਰਿਪੁਰਾ ਪਹੁੰਚੀ ਸ਼ੇਖ ਹਸੀਨਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਇਹ ਉਹ ਥਾਂ ਹੈ, ਜਦੋਂ ਬੰਗਲਾਦੇਸ਼ ਬਣਨ ਵੇਲੇ ਹੋਈ 1971 ਦੀ ਲੜਾਈ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਤਸ਼ੱਦਦ ਝੱਲ ਰਹੇ ਲੱਖਾਂ ਲੋਕਾਂ ਨੂੰ ਭੋਜਨ, ਕੱਪੜੇ ਅਤੇ ਰਹਿਣ ਲਈ ਥਾਂ ਮਿਲੀ ਸੀ। ਇਸ ਮੌਕੇ ਹਸੀਨਾ ਨੇ ਇਤਿਹਾਸ ਨੂੰ ਯਾਦ ਕਰਦਿਆਂ ਤ੍ਰਿਪੁਰਾ ਦੇ ਲੋਕਾਂ ਦਾ ਧੰਨਵਾਦ ਕੀਤਾ।
ਨਵੀਂ ਦਿੱਲੀ-ਪੁਲਿਸ ਨੇ ਅੱਜ ਦਿੱਲੀ ਦੇ ਦੱਖਣ-ਪੱਛਮੀ ਇਲਾਕੇ 'ਚੋਂ 6 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਕਰੰਸੀ ਬਰਾਮਦ ਕਰਕੇ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਸ਼ਹਿਰ 'ਚੋਂ ਜਾਅਲੀ ਕਰੰਸੀ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਨ 'ਚ ਪੁਲਿਸ ਨੂੰ ਸਫਲਤਾ ਮਿਲੀ ਹੈ ਅਤੇ ਪੁਲਿਸ ਨੂੰ ਖਦਸ਼ਾ ਹੈ ਕਿ ਇਹ ਜਾਅਲੀ ਕਰੰਸੀ ਪਾਕਿਸਤਾਨ ਤੋਂ ਆਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡਾਬਰੀ ਇਲਾਕੇ 'ਚ ਸਥਿਤ ਇਕ ਗੁਦਾਮ 'ਚੋਂ ਅੱਜ ਸਵੇਰੇ ਦੋ ਟੈਂਪੂਆਂ ਵਿਚੋਂ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆਂ ਕਿ ਕੱਪੜਿਆਂ ਦੀਆਂ 33 ਗੰਢਾਂ ਅੰਦਰ 500-500 ਅਤੇ 1000-1000 ਰੁਪਏ ਦੇ ਨਕਲੀ ਨੋਟਾਂ ਦੇ ਬੰਡਲ ਰੱਖੇ ਹੋਏ ਸਨ ਅਤੇ ਪੁਲਿਸ ਵੱਲੋਂ ਇਸ ਸਬੰਧੀ ਪਿਛਲੇ 10 ਦਿਨਾਂ ਤੋਂ ਕਾਰਵਾਈ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ 8.39 ਕਰੋੜ ਰੁਪਏ, 5800 ਅਮਰੀਕੀ ਡਾਲਰ ਅਤੇ 2000 ਯੂਰੋ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ ਅਤੇ ਅੱਜ ਪੁਲਿਸ ਨੇ ਜਾਅਲੀ ਕਰੰਸੀ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਬੀ. ਕੇ. ਗੁਪਤਾ ਨੇ ਦੱਸਿਆ ਕਿ ਇਹ ਨਕਲੀ ਨੋਟ ਦੇਖਣ 'ਚ ਬਿਲਕੁਲ ਅਸਲੀ ਲਗਦੇ ਹਨ ਅਤੇ ਗੁਆਂਢੀ ਦੇਸ਼ ਤੋਂ ਤਸਕਰੀ ਕਰਕੇ ਇਥੇ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਜਾਅਲੀ ਕਰੰਸੀ ਬਰਾਮਦ ਕਰਨ ਲਈ ਸੀ. ਬੀ. ਆਈ. ਅਤੇ ਆਰ. ਬੀ. ਆਈ. ਦੇ ਸੰਪਰਕ 'ਚ ਸੀ। ਪੁਲਿਸ ਦੇ ਸੂਤਰਾਂ ਅਨੁਸਾਰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਨੇ ਦੱਸਿਆ ਕਿ ਇਹ ਜਾਅਲੀ ਕਰੰਸੀ ਪਾਕਿਸਤਾਨ 'ਚ ਤਿਆਰ ਕੀਤੀ ਗਈ ਹੈ ਅਤੇ ਭਾਰਤ-ਨਿਪਾਲ ਸਰਹੱਦ ਰਾਹੀ ਇਸ ਨੂੰ ਭਾਰਤ ਲਿਆਂਦਾ ਗਿਆ ਹੈ।
ਜਲੰਧਰ-ਦੇਸ਼ ਭਰ ਵਿਚ ਵਸੇ ਅਗਰਵਾਲ ਭਾਈਚਾਰੇ ਦੇ ਕੌਮੀ ਸੰਗਠਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਨੇ ਕਾਂਗਰਸ ਹਾਈ ਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲੰਧਰ ਕੇਂਦਰੀ ਤੋਂ ਉਨ੍ਹਾਂ ਦੀ ਬਰਾਦਰੀ ਦੇ ਆਗੂ ਰਾਜ ਕੁਮਾਰ ਗੁਪਤਾ ਦੀ ਉਮੀਦਵਾਰੀ ਰੱਦ ਕਰਨ ਦੇ ਫੈਸਲੇ ਨੂੰ ਵਾਪਸ ਲੈ ਕੇ ਮੁੜ ਉਮੀਦਵਾਰ ਨਾ ਬਣਾਇਆ ਤਾਂ ਇਸ ਦਾ ਸੇਕ ਕਾਂਗਰਸ ਨੂੰ ਸਾਰੇ ਦੇਸ਼ ਵਿਚ ਸਹਿਣਾ ਪਵੇਗਾ। ਅਗਰਵਾਲ ਸੰਮੇਲਨ ਦੇ ਕੌਮੀ ਜਨਰਲ ਸਕੱਤਰ ਗੋਪਾਲ ਸ਼ਰਨ ਗਰਗ ਨੇ ਕਿਹਾ ਕਿ ਰਾਜ ਕੁਮਾਰ ਗੁਪਤਾ ਦੇ ਕਾਗਜ਼ ਪੂਰੇ ਅਗਰਵਾਲ ਸਮਾਜ ਵੱਲੋਂ ਹੀ ਦਾਖਲ ਕਰਵਾਏ ਗਏ ਹਨ ਤੇ ਜੇਕਰ ਕਾਂਗਰਸ ਹਾਈ ਕਮਾਨ ਨੇ ਸਾਡੀ ਆਵਾਜ਼ ਨਾ ਸੁਣੀ ਅਤੇ ਰਾਜ ਕੁਮਾਰ ਗੁਪਤਾ ਵਰਗੇ ਸਮਾਜ ਸੇਵਕ ਤੇ ਇਮਾਨਦਾਰ ਆਗੂ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਸ ਅਗਰਵਾਲ ਭਾਈਚਾਰੇ ਵਿਚ ਰੋਸ ਹੋਰ ਫੈਲੇਗਾ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਦਾ ਪੰਜਾਬ ਦੇ ਨਿਰਮਾਣ ਵਿਚ ਬੜਾ ਅਹਿਮ ਸਥਾਨ ਰਿਹਾ ਹੈ ਤੇ ਕੋਈ ਸਮਾਂ ਹੁੰਦਾ ਸੀ ਜਦ 28 ਵਿਧਾਇਕ ਸਾਡੇ ਸਮਾਜ ਵਿਚੋਂ ਹੁੰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਦੋ-ਤਿੰਨ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਪ੍ਰਤੀ ਸਮਰਪਿਤ ਤੇ ਇਮਾਨਦਾਰ ਸਾਖ ਵਾਲੇ ਲੋਕਾਂ ਨੂੰ ਪਾਰਟੀਆਂ ਵੱਲੋਂ ਜੇਕਰ ਇਸ ਤਰ੍ਹਾਂ ਲਾਂਭੇ ਕਰ ਦਿੱਤਾ ਜਾਂਦਾ ਰਿਹਾ, ਫਿਰ ਸਾਡੀ ਸਿਆਸਤ ਦਾ ਨਿਘਾਰ ਕਿਵੇਂ ਰੁਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ ਫੈਸਲੇ ਨਾਲ ਉਨ੍ਹਾਂ ਦੇ ਸਮਾਜ ਵਿਚ ਵੱਡਾ ਰੋਸ ਫੈਲਿਆ ਹੈ ਤੇ ਲੀਡਰਸ਼ਿਪ ਨੂੰ ਇਸ ਰੋਸ ਨੂੰ ਦੂਰ ਕਰਨਾ ਚਾਹੀਦਾ ਹੈ। ਵਰਨਣਯੋਗ ਹੈ ਕਿ ਸ੍ਰੀ ਗੁਪਤਾ ਨੂੰ ਪਹਿਲਾਂ ਜਲੰਧਰ ਕੇਂਦਰੀ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਸੀ ਪਰ ਤਿੰਨ ਦਿਨ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ। ਪਤਾ ਲੱਗਾ ਹੈ ਕਿ ਸ੍ਰੀ ਰਾਜ ਕੁਮਾਰ ਗੁਪਤਾ ਵੀ ਆਪਣੀ ਉਮੀਦਵਾਰੀ ਬਹਾਲ ਕਰਾਉਣ ਲਈ ਜੋੜ-ਤੋੜ ਲਗਾਉਣ ਲਈ ਦਿੱਲੀ ਪੁੱਜੇ ਹੋਏ ਹਨ।
ਗੁਰਦਾਸਪੁਰ-ਪੰਜਾਬ ਅੰਦਰ ਕੁੱਲ 117 ਹਲਕਿਆਂ ਵਿਚੋਂ 45 ਦੇ ਕਰੀਬ ਹਲਕਿਆਂ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਇਸ ਮੌਕੇ ਕਾਂਗਰਸ ਅੰਦਰ ਇਕ ਤਰ੍ਹਾਂ ਨਾਲ ਘਮਸਾਨ ਮਚਿਆ ਹੈ। ਪਰ ਇਸ ਦੇ ਬਾਵਜੂਦ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਾਰਟੀ ਦੀ ਅੰਦਰੂਨੀ ਅੱਗ ਨੂੰ ਠੰਡੀ ਕਰਨ ਦੀ ਬਜਾਏ ਆਪਣੇ-ਆਪਣੇ ਹਲਕਿਆਂ ਅੰਦਰ ਆਪਣੀਆਂ ਸੀਟਾਂ ਜਿੱਤਣ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੇ ਕਈ ਆਗੂ ਇਸ ਹੱਦ ਤੱਕ ਨਾਰਾਜ਼ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋਣ ਦੇ ਇਲਾਵਾ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਦੇ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਨੂੰ ਸ਼ਾਂਤ ਕਰਨ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਥੋੜ੍ਹੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਪੰਜਾਬ ਦੇ ਬਹੁਤੇ ਹਲਕਿਆਂ ਅੰਦਰ ਇਹ ਅੱਗ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਬਲ ਰਹੀ ਹੈ। ਅਜਿਹੀ ਸਥਿਤੀ ਵਿਚ ਜਿਥੇ ਵੱਖ-ਵੱਖ ਹਲਕਿਆਂ ਅੰਦਰ ਟਿਕਟਾਂ ਤੋਂ ਵਾਂਝੇ ਰਹਿ ਗਏ ਆਗੂ ਪਾਰਟੀ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ 'ਤੇ ਤੁਲੇ ਹੋਏ ਹਨ, ਉਥੇ ਕੇਂਦਰ ਦੀ ਲੀਡਰਸ਼ਿਪ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਸਖਤ ਰੁਖ ਨਹੀਂ ਅਪਣਾਇਆ ਜਾ ਰਿਹਾ ਹੈ। ਇਸ ਕਾਰਨ ਹਾਲਾਤ ਇਹ ਬਣ ਚੁੱਕੇ ਹਨ ਕਿ ਆਪਣੀਆਂ ਟਿਕਟਾਂ ਲੈਣ ਦੇ ਇਲਾਵਾ ਆਪਣੀਆਂ ਪਤਨੀਆਂ, ਭਰਾਵਾਂ ਅਤੇ ਨੂੰਹਾਂ-ਪੁੱਤਰਾਂ ਨੂੰ ਟਿਕਟਾਂ ਦਵਾ ਚੁੱਕੇ ਸੀਨੀਅਰ ਆਗੂ ਹੁਣ ਆਪੋ-ਆਪਣੇ ਹਲਕਿਆਂ ਅੰਦਰ ਆਪਣੀਆਂ ਸੀਟਾਂ ਜਿੱਤਣ ਲਈ ਚੋਣ ਪ੍ਰਚਾਰ ਕਰਨ ਵਿਚ ਰੁੱਝ ਗਏ ਹਨ। ਹੁਣ ਜਦੋਂ ਪਾਰਟੀ ਅੰਦਰ ਇਹ ਅੱਗ ਜਵਾਲਾਮੁਖੀ ਦਾ ਰੂਪ ਧਾਰ ਰਹੀ ਹੈ ਤਾਂ ਵੀ ਸੀਨੀਅਰ ਆਗੂ ਇਸ ਫੁੱਟ ਨੂੰ ਖਤਮ ਕਰਕੇ ਪਾਰਟੀ ਉਮੀਦਵਾਰਾਂ ਦੀ ਮਦਦ ਕਰਨ ਲਈ ਸੰਜੀਦਗੀ ਨਹੀਂ ਦਿਖਾ ਰਹੇ। ਦੂਜੇ ਪਾਸੇ ਲੰਬੀ ਜੱਦੋ-ਜਹਿਦ ਦੇ ਮਗਰੋਂ ਟਿਕਟਾਂ ਪ੍ਰਾਪਤ ਕਰ ਚੁੱਕੇ ਬਹੁਤੇ ਆਗੂ ਵੀ ਇਹ ਸਮਝ ਰਹੇ ਹਨ ਕਿ ਉਨ੍ਹਾਂ ਨੂੰ ਰੁੱਸੇ ਹੋਏ ਆਗੂਆਂ ਦੀ ਹਮਾਇਤ ਦੀ ਲੋੜ ਨਹੀਂ ਹੈ।
ਹੁਸ਼ਿਆਰਪੁਰ-ਇਕ ਰੌਮਾਂਚਿਕ ਘਟਨਾਕ੍ਰਮ ਤੋਂ ਬਾਅਦ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਦੀ ਥਾਂ ਨੌਜਵਾਨ ਆਗੂ ਸੰਦੀਪ ਸੈਣੀ ਨੂੰ ਮੈਦਾਨ ਵਿਚ ਉਤਾਰ ਦਿੱਤਾ। ਦੋ ਦਿਨ ਪਹਿਲਾਂ ਐਲਾਨ ਹੋਇਆ ਸੀ ਕਿ ਸ੍ਰੀ ਚੌਧਰੀ ਪੀ. ਪੀ. ਪੀ. ਦੀ ਟਿਕਟ 'ਤੇ ਹੁਸ਼ਿਆਰਪੁਰ ਤੋਂ ਚੋਣ ਲੜਨਗੇ। ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ, ਪਰ ਕੁਝ ਮੁੱਦਿਆਂ 'ਤੇ ਉਨ੍ਹਾਂ ਦਾ ਪਾਰਟੀ ਆਗੂਆਂ ਨਾਲ ਇਤਫ਼ਾਕ ਨਾ ਹੋਣ ਕਾਰਨ ਪਾਰਟੀ ਨੇ ਅੱਜ ਸੰਦੀਪ ਸੈਣੀ ਨੂੰ ਮੈਦਾਨ ਵਿਚ ਉਤਾਰ ਦਿੱਤਾ। ਸ੍ਰੀ ਸੈਣੀ ਪਹਿਲਾਂ ਹੀ ਪੀ. ਪੀ. ਪੀ. ਵੱਲੋਂ ਚੋਣ ਲੜਣ ਦੀ ਇੱਛਾ ਰੱਖਦੇ ਸਨ। ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਬੀ. ਐਸ. ਰਿਆੜ ਨੇ ਕਵਰਿੰਗ ਉਮੀਦਵਾਰ ਵਜੋਂ ਪੱਤਰ ਦਾਖਲ ਕੀਤੇ। ਸ੍ਰੀ ਚੌਧਰੀ ਚਾਰ ਵਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਪੀਪਲਜ਼ ਪਾਰਟੀ ਜਿੱਥੇ ਇਕ ਸਾਫ਼-ਸੁਥਰੇ ਅਕਸ ਅਤੇ ਮਜ਼ਬੂਤ ਨੇਤਾ ਦੀ ਤਲਾਸ਼ ਵਿਚ ਸੀ, ਉੱਥੇ ਸ੍ਰੀ ਚੌਧਰੀ ਵੀ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਨਿਰਾਸ਼ ਸਨ। ਇਨ੍ਹਾਂ ਵਲੋਂ ਹਾਮੀ ਭਰਨ 'ਤੇ ਪਾਰਟੀ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ, ਪਰ ਉਨ੍ਹਾਂ ਦੇ ਕਈ ਸਮਰਥਕ ਨਹੀਂ ਚਾਹੁੰਦੇ ਸਨ ਕਿ ਉਹ ਇਕ ਵਾਰ ਫ਼ਿਰ ਦਲ ਬਦਲੀ ਦਾ ਧੱਬਾ ਲਗਵਾਉਣ। ਕਾਂਗਰਸੀ ਆਗੂ ਵੀ ਨਹੀਂ ਚਾਹੁੰਦੇ ਸਨ ਕਿ ਸ੍ਰੀ ਚੌਧਰੀ ਮੈਦਾਨ ਵਿਚ ਆਉਣ, ਪਰ ਭਾਜਪਾ ਨੂੰ ਉਨ੍ਹਾਂ ਦਾ ਉਮੀਦਵਾਰ ਬਣਨਾ ਮਾਫ਼ਿਕ ਆਉਂਦਾ ਸੀ, ਜਿਸ ਕਰਕੇ ਪਿਛਲੇ ਦੋ ਦਿਨਾਂ ਦੌਰਾਨ ਕਈ ਭਾਜਪਾ ਆਗੂਆਂ ਨੇ ਵੀ ਉਨ੍ਹਾਂ ਨਾਲ ਗੁਪਤ ਬੈਠਕਾਂ ਕੀਤੀਆਂ। ਇਸ ਦੌਰਾਨ ਪੀ. ਪੀ. ਪੀ. ਆਗੂਆਂ ਨੂੰ ਵੀ ਅਹਿਸਾਸ ਹੋਇਆ ਕਿ ਕਿਸੇ ਹੋਰ ਉਮੀਦਵਾਰ ਨੂੰ ਖੜ੍ਹਾ ਕਰਨਾ ਹੀ ਬੇਹਤਰ ਹੋਵੇਗਾ, ਜਿਸ ਕਾਰਨ ਸੰਦੀਪ ਸੈਣੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਸ੍ਰੀ ਚੌਧਰੀ ਵਲੋਂ ਆਜ਼ਾਦ ਤੌਰ 'ਤੇ ਚੋਣ ਲੜਣ 'ਤੇ ਵੀ ਵਿਚਾਰ ਕੀਤੀ ਗਈ, ਪਰ ਅੰਤਿਮ ਸਮੇਂ ਚੋਣ ਨਾ ਲੜਣ ਦਾ ਹੀ ਨਿਰਣਾ ਲਿਆ। ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਤੀਕਸ਼ਣ ਸੂਦ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਉਂਕਾਰ ਸਿੰਘ ਝੱਮਟ ਚੋਣ ਲੜ ਰਹੇ ਹਨ।
ਜ਼ੀਰਕਪੁਰ, 12 ਜਨਵਰੀ (ਸੁਖਵਿੰਦਰ ਸਿੰਘ ਸੈਣੀ/ਅਵਤਾਰ ਸਿੰਘ)-ਅੱਜ ਸਥਾਨਕ ਹਰਮਿਲਾਪ ਨਗਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮਕਾਨ ਨੰ: 368 'ਚ ਮਾਂ-ਧੀ ਦਾ ਕਤਲ ਹੋਣ ਦੀ ਖ਼ਬਰ ਮਿਲੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਨੰ: 368 'ਚ ਰਹਿੰਦੀ ਸ਼ਿਖਾ ਉਮਰ ਕਰੀਬ 55 ਸਾਲ ਅਤੇ ਉਸਦੀ ਬੇਟੀ ਪ੍ਰਿੰਯਕਾ ਉਮਰ ਕਰੀਬ 17 ਸਾਲ ਦਾ ਬੇਰਹਿਮੀ ਨਾਲ ਗਲ਼ਾ ਕੱਟ ਕੇ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰਿਯੰਕਾ ਦੀ ਵੱਡੀ ਭੈਣ ਆਂਚਲ ਕੁਝ ਸਮਾਂ ਪਹਿਲਾਂ ਇੱਕ ਅਸ਼ਲੀਲ ਐਮ. ਐਮ. ਐਸ ਬਣਾਉਣ ਦੇ ਕੇਸ ਵਿੱਚ ਬਹੁਤ ਚਰਚਿੱਤ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਉੱਪਰ ਵੀ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਹ ਕਾਫੀ ਸਮਾਂ ਪੀ. ਜੀ. ਆਈ ਵਿੱਚ ਜ਼ੇਰੇ ਇਲਾਜ ਰਹੀ ਸੀ। ਹਾਸਿਲ ਜਾਣਕਾਰੀ ਅਨੁਸਾਰ ਆਂਚਲ ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਹੈ। ਸੂਤਰਾਂ ਅਨੁਸਾਰ ਕਤਲ ਤੋਂ ਪਹਿਲਾਂ ਜਬਰ-ਜਨਾਹ ਹੋਣ ਦਾ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਫ਼ਿਰੋਜ਼ਪੁਰ-ਜ਼ਿਲ੍ਹਾ ਪੁਲਿਸ ਵੱਲੋਂ ਕੌਮਾਂਤਰੀ ਸਮਗਲਰਾਂ ਦੇ ਇਕ ਸਾਥੀ ਨੂੰ ਕਾਬੂ ਕਰਕੇ ਉਸ ਕੋਲੋਂ 2 ਲੱਖ 30 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੇ ਨਾਲ ਇਕ ਪਾਕਿਸਤਾਨੀ ਸਿਮ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜੋ ਹੁਸੈਨੀਵਾਲਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਵਿਚ ਦਾਖ਼ਲ ਹੋਈ ਸੀ। ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਫੁੱਲਾਂ ਵਾਲੀ ਕਾਰ 'ਚੋਂ 25 ਕਰੋੜ ਰੁਪਏ ਦੀ ਕੀਮਤ ਦੀ 5 ਕਿਲੋ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਫੜਿਆ ਸੀ। ਉਨ੍ਹਾਂ ਦੇ ਇਕ ਹੋਰ ਸਾਥੀ ਜਿਸ ਰਾਹੀਂ ਪਾਕਿਸਤਾਨ ਤੋਂ 5 ਕਿਲੋ ਹੈਰੋਇਨ ਇਨ੍ਹਾਂ ਸਮਗਲਰਾਂ ਤੱਕ ਪਹੁੰਚੀ ਸੀ, ਉਸ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ, ਜੋ ਭਾਰਤ-ਪਾਕਿ ਕੌਮੀ ਸਰਹੱਦ ਦੇ ਬਿਲਕੁਲ ਨਜ਼ਦੀਕ ਪਿੰਡ ਭੱਖੜਾ ਦਾ ਵਾਸੀ ਪੂਰਨ ਸਿੰਘ ਉਰਫ਼ ਮੱਖਣ ਹੈ। ਉਕਤ ਸਮਗਲਰ ਪਾਸੋਂ ਦੋ ਮੋਬਾਈਲ ਫੋਨ, 1 ਪਾਕਿਸਤਾਨੀ ਸਿਮ ਕਾਰਡ ਬਰਾਮਦ ਹੋਇਆ ਹੈ। ਜੋ ਹੈਰੋਇਨ ਦੀ ਤਸਕਰੀ ਲਈ ਵਰਤਿਆ ਜਾਂਦਾ ਸੀ। ਇਸ ਤੋਂ ਇਲਾਵਾ ਉਕਤ ਵਿਅਕਤੀ ਕੋਲੋਂ 2 ਲੱਖ 30 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਪੂਰਨ ਸਿੰਘ ਨੇ ਪਹਿਲਾਂ ਵੀ ਦੋ ਵਾਰ 5-5 ਕਿਲੋ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਫੜੇ ਗਏ ਦੋਸ਼ੀ ਗੁਲਾਮ ਰਸੂਲ ਨੂੰ ਦਿੱਤੀ ਸੀ ਅਤੇ ਇਕ ਵਾਰ 3 ਲੱਖ ਰੁਪਏ ਦੀ ਜਾਅਲੀ ਕਰੰਸੀ ਦੀ ਖੇਪ ਵੀ ਪਾਕਿਸਤਾਨ ਤੋਂ ਮੰਗਵਾਈ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਸਦਰ ਫਾਜ਼ਿਲਕਾ ਅੰਦਰ ਮਾਮਲਾ ਦਰਜ ਹੋਇਆ ਸੀ। ਬੀਤੇ ਦਿਨੀਂ 5 ਕਿਲੋ ਹੈਰੋਇਨ ਸਮੇਤ ਫੜੇ ਗਏ ਚੌਧਰੀ ਗੁਲਾਮ ਰਸੂਲ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦਾ ਲੜਕਾ ਰੂਪ ਅਹਿਮਦ ਉਰਫ਼ ਕੀੜੀ ਹਿਜਬੁਲ ਮੁਜ਼ਾਹਦੀਨ ਨਾਂਅ ਦੀ ਅੱਤਵਾਦੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ, ਉਸ ਪਾਸੋਂ ਵੀ ਗੋਲਾ-ਬਾਰੂਦ ਬਰਾਮਦ ਹੋਇਆ ਸੀ। ਉਕਤ ਵਿਅਕਤੀਆਂ ਦੇ ਅੱਤਵਾਦੀ ਜਥੇਬੰਦੀਆਂ ਨਾਲ ਵੀ ਸਬੰਧ ਹੋਣ ਦੇ ਸ਼ੱਕ ਹਨ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਸਦਰ 'ਚ ਧਾਰਾ 489 ਏ. ਬੀ. ਸੀ. ਆਈ. ਪੀ. ਸੀ. 67 ਡੀ. 67 ਐਫ. ਆਈ. ਪੀ. ਐਕਟ 2000 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ ਡੀ., ਕਿੱਕਰ ਸਿੰਘ ਐਸ. ਐਚ. ਓ. ਸੀ. ਆਈ. ਏ. ਸਟਾਫ਼, ਨਵਦੀਪ ਭੱਟੀ ਸਬ ਇੰਸਪੈਕਟਰ ਆਦਿ ਹਾਜ਼ਰ ਸਨ।

No comments:

Post a Comment