Saturday, 4 February 2012


   ਕੇਂਦਰੀ ਮੰਤਰੀ ਪ੍ਰਫੁਲ ਪਟੇਲ ਫਸੇ ਰਿਸ਼ਵਤ ਕਾਂਡ ਵਿਚ ਕੈਨੇਡੀਅਨ ਪੁਲਿਸ ਦੀ ਜਾਂਚ 'ਚ ਸਨਸਨੀਖੇਜ਼ ਖੁਲਾਸੇ
 ਏਅਰ ਇੰਡੀਆ ਨਾਲ 10 ਕਰੋੜ ਦੇ ਸੌਦੇ ਦਾ ਮਾਮਲਾ
ਪ੍ਰਫੁਲ ਨੇ ਕੀਤਾ ਦੋਸ਼ਾਂ ਤੋਂ ਇਨਕਾਰ, ਪ੍ਰਧਾਨ ਮੰਤਰੀ ਨੂੰ ਪੱਤਰ
ਵੈਨਕੂਵਰ, 3 ਫਰਵਰੀ -ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਦੀ ਜਾਂਚ ਦੌਰਾਨ ਇਕ ਕੈਨੇਡੀਅਨ ਭਾਰਤੀ ਵੱਲੋਂ ਕੀਤੇ ਸਨਸਨੀਖੇਜ਼ ਪ੍ਰਗਟਾਵੇ ਨਾਲ, ਭਾਰਤ ਦੇ ਕੇਂਦਰੀ ਮੰਤਰੀ ਪ੍ਰਫੁਲ ਪਟੇਲ ਦਾ ਨਾਂਅ ਰਿਸ਼ਵਤਖੋਰੀ ਦੇ ਇਕ ਮਾਮਲੇ 'ਚ ਸਾਹਮਣੇ ਆਇਆ ਹੈ। ਕੈਨੇਡਾ ਦੇ ਇਕ ਪ੍ਰਮੁੱਖ ਅਖ਼ਬਾਰ 'ਗਲੋਬ ਐਂਡ ਦ ਮੇਲ' ਵਿਚ ਛਪੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਭਾਰਤ 'ਚ ਜਨਮੇ ਕੈਨੇਡਾ ਦੇ ਨਾਗਰਿਕ ਨਜ਼ੀਰ ਕਾਰੀਗਰ 'ਤੇ ਪਟੇਲ ਨੂੰ ਰਿਸ਼ਵਤ ਦੇਣ ਦਾ ਮਾਮਲਾ ਚਲਾਇਆ ਜਾਵੇਗਾ। ਇਸ ਮਾਮਲੇ 'ਚ ਮੁੰਬਈ ਪੁਲਿਸ ਦੇ ਸਾਬਕਾ ਮੁਖੀ ਦਾ ਨਾਂਅ ਵੀ ਸ਼ਾਮਿਲ ਹੈ। ਕੈਨੇਡਾ ਦੇ 'ਵਿਦੇਸ਼ੀ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ' ਅਧੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਿਸੇ ਪਹਿਲੇ ਵਿਅਕਤੀ 64 ਸਾਲਾ ਨਜ਼ੀਰ ਕਾਰੀਗਰ ਨੇ ਕੈਨੇਡੀਅਨ ਪੁਲਿਸ ਕੋਲ ਮੰਨਿਆ ਹੈ ਕਿ ਉਸ ਨੇ, 'ਏਅਰ ਇੰਡੀਆ' ਲਈ 'ਫੇਸ਼ੀਅਲ ਸਕਿਉਰਿਟੀ ਸਿਸਟਮ' ਦਾ ਸੌਦਾ 'ਕਰਿਪਟੋਮੈਟਰਿਕਸ' ਹਾਈਟੈੱਕ ਸਕਿਉਰਿਟੀ ਫਰਮ ਨਾਲ ਕਰਵਾਉਣ ਲਈ ਉਸ ਵੇਲੇ ਦੇ ਭਾਰਤੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਪ੍ਰਫੁਲ ਪਟੇਲ ਨੂੰ, ਢਾਈ ਲੱਖ ਡਾਲਰ ਦੀ ਰਿਸ਼ਵਤ ਦਿੱਤੀ ਜਾਣੀ ਸੀ। ਇਹ ਸੌਦਾ 100 ਮਿਲੀਅਨ ਡਾਲਰ (ਕਰੀਬ 500 ਕਰੋੜ) ਰੁਪਏ ਤੱਕ ਦਾ ਸੀ, ਜੋ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕਿਆ। ਕੈਨੇਡੀਅਨ ਪੁਲਿਸ ਨੇ ਇਸ ਸਕੈਂਡਲ ਦੇ ਮਾਮਲੇ 'ਚ ਨਜ਼ੀਰ ਕਾਰੀਗਰ ਦੇ ਇਕ ਨਜ਼ਦੀਕੀ ਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਹਸਨ ਗਫੂਰ ਦਾ ਨਾਂਅ ਵੀ ਜ਼ਾਹਿਰ ਕੀਤਾ ਹੈ, ਜੋ ਉਸ ਸਮੇਂ 'ਏਅਰ ਇੰਡੀਆ' ਨਾਲ ਉੱਚ ਅਹੁਦੇ 'ਤੇ ਹੋਣ ਤੋਂ ਇਲਾਵਾ ਦੋਵਾਂ ਧਿਰਾਂ 'ਚ ਨੇੜਤਾ ਬਣਾ ਕੇ ਸੌਦਾ ਸਿਰੇ ਚਾੜ੍ਹਨ ਦੀ ਕੋਸ਼ਿਸ਼ 'ਚ, ਕਥਿਤ ਦੋਸ਼ਾਂ ਦੇ ਘੇਰੇ 'ਚ ਲਿਆ ਗਿਆ ਹੈ। ਸੰਨ 2008 ਤੋਂ ਕੈਨੇਡੀਅਨ ਪੁਲਿਸ ਵੱਲੋਂ ਉਕਤ ਮਾਮਲੇ 'ਚ ਹੋ ਰਹੀ ਜਾਂਚ ਤੋਂ ਇਲਾਵਾ ਅਮਰੀਕਨ ਖੁਫੀਆ ਏਜੰਸੀ 'ਐਫ. ਬੀ. ਆਈ.' 'ਅੰਡਰਕਵਰ ਸਟਿੰਗ ਆਪ੍ਰੇਸ਼ਨ' ਵਿਚ ਸ਼ਾਮਿਲ ਹੈ। ਕੈਨੇਡੀਅਨ ਪੁਲਿਸ ਵੱਲੋਂ ਦੇਸ਼ ਦੀ ਰਾਜਧਾਨੀ ਔਟਵਾ ਦੀ ਅਦਾਲਤ 'ਚ ਕੈਨੇਡੀਅਨ ਭਾਰਤੀ ਵਪਾਰੀ ਨਜ਼ੀਰ ਕਾਰੀਗਰ ਖਿਲਾਫ਼, ਭਾਰਤੀ ਮੰਤਰੀ ਨੂੰ ਰਿਸ਼ਵਤ ਦੇ ਕੇ 'ਏਅਰ ਇੰਡੀਆ ਕੰਟਰੈਕਟ' ਲੈਣ ਦੇ ਕੇਸ ਦਰਜ ਹੋਣ ਮਗਰੋਂ, ਅਣਕਿਆਸੇ ਕੈਨੇਡੀਅਨ ਸਕੈਂਡਲ ਨੂੰ ਲੈ ਕੇ ਭਾਰਤੀ ਵਜ਼ਾਰਤ ਅੰਦਰ ਖਲਬਲੀ ਮਚ ਗਈ ਹੈ।
ਪ੍ਰਫੁਲ ਪਟੇਲ ਵੱਲੋਂ ਇਨਕਾਰ
ਰੋਜ਼ਾਨਾ ਕੈਨੇਡੀਅਨ ਅਖ਼ਬਾਰ 'ਗਲੋਬ ਐਂਡ ਮੇਲ' ਦੇ ਨਾਲ ਗੱਲਬਾਤ ਮਗਰੋਂ ਕੇਂਦਰੀ ਮੰਤਰੀ ਪ੍ਰਫੁਲ ਪਟੇਲ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ, ਉਕਤ ਦੋਸ਼ਾਂ ਦਾ ਖੰਡਨ ਕੀਤਾ ਹੈ ਤੇ ਕੈਨੇਡੀਅਨ ਭਾਰਤੀ ਤੋਂ ਢਾਈ ਲੱਖ ਦੀ ਰਿਸ਼ਵਤ ਲੈਣ ਤੋਂ ਇਨਕਾਰ ਕੀਤਾ ਹੈ। ਉਧਰ ਮੁੰਬਈ ਦੇ ਸਾਬਕਾ ਕਮਿਸ਼ਨਰ ਪੁਲਿਸ ਹਸਨ ਗਫੂਰ ਨੇ ਵੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੌਰਾਨ ਵਿਦੇਸ਼ੀ ਕੰਪਨੀਆਂ ਨਾਲ ਸੌਦਿਆਂ ਦੇ ਮਾਮਲੇ 'ਚ ਕੈਨੇਡਾ ਦੀ ਢਿੱਲੀ ਪਹੁੰਚ ਨੂੰ ਲੈ ਕੇ ਵੀ ਤਿੱਖੀ ਆਲੋਚਨਾ ਹੋ ਰਹੀ ਹੈ।
ਜਾਂਚ ਨਹੀਂ ਹੋਵੇਗੀ-ਅਜੀਤ ਸਿੰਘ
ਇਸ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ੍ਰੀ ਅਜੀਤ ਸਿੰਘ ਨੇ ਕਿਹਾ ਕਿ ਸ੍ਰੀ ਪਟੇਲ 'ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਪਟੇਲ ਨੇ ਕੋਈ ਗਲਤ ਨਹੀਂ ਕੀਤਾ ਤੇ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਮੰਤਰਾਲੇ ਵੱਲੋਂ ਜਾਂਚ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਵੇਗਾ।


 
ਰਿਤੇਸ਼ ਤੇ ਜੇਨੇਲੀਆ ਵਿਆਹ ਬੰਧਨ 'ਚ ਬੱਝੇ
ਮੁੰਬਈ, 3 ਫਰਵਰੀ (ਏਜੰਸੀ)-ਬਾਲੀਵੁਡ ਦੇ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਅਦਾਕਾਰਾ ਜੇਨੇਲਿਆ ਡਿਸੂਜਾ ਅੱਜ ਮਰਾਠੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਦੇ ਬੰਧਨ 'ਚ ਬੱਝ ਗਏ। ਸੂਤਰਾਂ ਅਨੁਸਾਰ ਇਸ ਵਿਆਹ ਸਮਾਗਮ 'ਚ ਬਾਲੀਵੁਡ ਦੇ ਕਈ ਵੱਡੇ ਕਲਾਕਾਰ ਵੀ ਸ਼ਾਮਿਲ ਹੋਏ। ਮਾਰਾਠੀ ਰੀਤੀ ਰਿਵਾਜਾਂ ਅਨੁਸਾਰ ਹੋਏ ਇਸ ਵਿਆਹ 'ਚ ਮੰਗਲਵਾਰ ਨੂੰ ਸੰਗੀਤ ਸਮਾਰੋਹ ਕਰਵਾਇਆ ਗਿਆ, ਜਿਸ ਦੀ ਕਰਨ ਜੌਹਰ ਨੇ ਕੀਤੀ। ਬੁੱਧਵਾਰ ਨੂੰ ਰਿਤੇਸ਼ ਦੇ ਘਰ ਵਿਆਹ ਦੀ ਪਹਿਲੀ ਰਸਮ ਰੱਖੀ ਗਈ ਸੀ। ਰਿਤੇਸ਼-ਜੇਨੇਲਿਆ ਦੀ ਜੋੜੀ ਨੂੰ ਵੱਖ-ਵੱਖ ਸ਼ਖਸੀਅਤਾਂ ਨੇ ਟਵਿਟਰ ਰਾਹੀਂ ਵਿਆਹ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ ਟਵਿਟਰ 'ਤੇ ਆਪਣੇ ਸੰਦੇਸ਼ 'ਚ ਲਿਖਿਆ ਹੈ ਕਿ ਮੇਰੀ ਇਹ ਅਰਦਾਸ ਹੈ ਕਿ ਇਸ ਜੋੜੀ ਦਾ ਪਿਆਰ ਦਿਨੋ-ਦਿਨ ਵਧਦਾ ਰਹੇ। ਪੂਨਮ ਪਾਂਡੇ ਨੇ ਆਪਣੇ ਸੰਦੇਸ਼ 'ਚ ਲਿਖਿਆ ਹੈ 'ਏਕ ਕੁਆਰਾ ਫਿਰ ਗਿਆ ਮਾਰਾ।'


1
ਆਸਾਮ 'ਚ ਰੇਲ ਹਾਦਸਾ-3 ਮਰੇ, 50 ਜ਼ਖ਼ਮੀ
ਗੁਹਾਟੀ ਵਿਖੇ ਹਾਦਸੇ ਦਾ ਸ਼ਿਕਾਰ ਰੇਲ ਗੱਡੀ ਕੋਲ ਰਾਹਤ ਕਾਰਜਾਂ ਵਿਚ
ਜੁਟੇ ਕਰਮਚਾਰੀ ਤੇ ਹੋਰ ਲੋਕ।
ਗੁਹਾਟੀ, 3 ਫਰਵਰੀ -ਗੁਹਾਟੀ ਦੇ ਕਾਮਰੂਪ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਬੋਂਗਾਈ ਪਿੰਡ ਗੁਹਾਟੀ ਚਿਲਰਾਈ ਐਕਸਪ੍ਰੈੱਸ ਰੇਲ ਜੇ. ਸੀ. ਬੀ. ਨਾਲ ਟਕਰਾ ਗਈ, ਜਿਸ ਤੋਂ ਬਾਅਦ ਰੇਲ ਦੀਆਂ ਪੰਜ ਬੋਗੀਆਂ ਪਟੜੀ ਤੋਂ ਉਤਰ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਦੁਰਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 50 ਲੋਕ ਜ਼ਖਮੀ ਹੋ ਗਏ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਸਾਰੇ ਜ਼ਖ਼ਮੀਆਂ ਨੂੰ ਨੇੜੇ ਦੇ ਰੇਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਗੁਹਾਟੀ ਆ ਰਹੀ ਚਿਲਰਾਈ ਐਕਸਪ੍ਰੈੱਸ ਮਨੁੱਖ ਰਹਿਤ ਕਰਾਸਿੰਗ 'ਤੇ ਸੜਕ ਸਾਫ ਕਰਨ ਵਾਲੀ ਜੇ. ਸੀ. ਬੀ. ਨਾਲ ਟਕਰਾ ਗਈ, ਜਿਸ ਨਾਲ ਇੰਜਣ ਦੇ ਨਾਲ ਪੰਜ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਟੱਕਰ ਤੋਂ ਬਾਅਦ ਜੇ. ਸੀ. ਬੀ. 'ਚ ਬੈਠੇ ਡਰਾਈਵਰ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਗੱਡੀ ਦੇ 50 ਯਾਤਰੀ ਜ਼ਖਮੀ ਹੋ ਗਏ। ਦੁਰਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਚਾਉ ਅਤੇ ਰਾਹਤ ਦਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਏ। ਹਾਲਾਂਕਿ ਰੇਲਵੇ ਦਾ ਕਹਿਣਾ ਹੈ ਕਿ ਦੁਰਘਟਨਾ 'ਚ 16 ਲੋਕ ਜ਼ਖਮੀ ਹੋਏ ਹਨ।

No comments:

Post a Comment