Saturday, 4 February 2012


 ਪੌਂਟੀ ਚੱਢਾ ਤੇ ਯੂ. ਪੀ. ਸਰਕਾਰ ਦੀ ਮਿਲੀਭੁਗਤ 
ਨਾਲ ਖਜ਼ਾਨੇ ਨੂੰ ਲੱਗਾ ਹਜ਼ਾਰਾਂ ਕਰੋੜ ਦਾ ਚੂਨਾ
ਕੈਗ ਨੇ ਕੀਤਾ ਖੁਲਾਸਾ

ਲਖਨਊ, 3 ਫਰਵਰੀ -ਸਨਅਤਕਾਰ ਪੌਂਟੀ ਚੱਢਾ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਮਿਲੀਭੁਗਤ ਕਰਕੇ ਖੰਡ ਮਿੱਲਾਂ ਦੀ ਵਿਕਰੀ 'ਚ ਸਰਕਾਰੀ ਖਜ਼ਾਨੇ ਨੂੰ ਭਾਰੀ ਚੂਨਾ ਲਾਇਆ। ਇਹ ਪ੍ਰਗਟਾਵਾ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਵਿਚ ਕੈਗ ਨੇ ਕਿਹਾ ਹੈ ਕਿ 21 ਸਰਕਾਰੀ ਖੰਡ ਮਿੱਲਾਂ ਦੀ ਵਿਕਰੀ ਵਿਚ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾਇਆ ਗਿਆ। ਰਿਪੋਰਟ ਅਨੁਸਾਰ 21 ਮਿੱਲਾਂ ਵਿਚੋਂ 5 ਮਿੱਲਾਂ ਪੌਂਟੀ ਚੱਢਾ ਦੇ ਗਰੁੱਪ ਵੇਵ ਇੰਡਸਟਰੀਜ਼ ਤੇ ਪੀ. ਬੀ. ਐਸ. ਫੂਡਜ਼ ਪ੍ਰਾਈਵੇਟ ਲਿਮਟਿਡ ਜਦ ਕਿ 6 ਖੰਡ ਮਿੱਲਾਂ ਇੰਡੀਅਨ ਪੋਟਾਸ਼ ਲਿਮਟਿਡ ਨੂੰ ਵੇਚ ਦਿੱਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ 11 ਬੰਦ ਖੰਡ ਮਿਲਾਂ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਦੇ ਇਕ ਨਜ਼ਦੀਕੀ ਕਾਰੋਬਾਰੀ ਗਰੁੱਪ ਨੂੰ ਦੇ ਦਿੱਤੀਆਂ ਗਈਆਂ। ਕੈਗ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਲ ਵਿੱਤੀ ਬੇਨਿਯਮੀਆਂ 25000 ਕਰੋੜ ਦੇ ਆਸ ਪਾਸ ਹਨ। ਸਰਕਾਰੀ ਖਜ਼ਾਨੇ ਨੂੰ ਇਹ ਚੂਨਾ ਮਿੱਲਾਂ ਦੀ ਅਨੁਮਾਨਤ ਕੀਮਤ ਘਟਾਕੇ ਤੇ ਮਿੱਲਾਂ ਨੂੰ ਨਿਰਧਾਰਤ ਦਰਾਂ ਤੋਂ ਕਿਤੇ ਘੱਟ ਕੀਮਤ ਉਪਰ ਵੇਚਕੇ ਲਾਇਆ ਗਿਆ ਹੈ। ਜਿਹੜੀਆਂ ਮਿੱਲਾਂ ਵੇਚੀਆਂ ਗਈਆਂ ਹਨ ਉਹ ਯੂ. ਪੀ. ਸਟੇਟ ਸ਼ੂਗਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਨ। ਦਿਲਚਸਪ ਗੱਲ ਇਹ ਰਹੀ ਕਿ ਸ਼ੁਰੂ ਵਿਚ ਬਿਰਲਾ ਸ਼ੂਗਰ, ਡਾਲਮੀਆ ਗਰੁੱਪ, ਸਿੰਬੋਲੀ ਸ਼ੂਗਰ, ਧਾਮਪੁਰ ਸ਼ੂਗਰ ਤੇ ਮੋਦੀ ਸ਼ੂਗਰ ਵਰਗੇ ਵੱਡੇ ਨਿੱਜੀ ਉਦਯੋਗ ਮਿੱਲਾਂ ਦੀ ਖਰੀਦ ਲਈ ਸਾਹਮਣੇ ਆਏ ਤੇ ਇਸ ਵਾਸਤੇ ਉਨ੍ਹਾਂ ਨੇ ਟੈਂਡਰ ਭਰੇ ਪਰ ਬਾਅਦ ਵਿਚ ਉਨ੍ਹਾਂ ਨੇ ਆਪਣੇ ਟੈਂਡਰ ਵਾਪਸ ਲੈ ਲਏ ਸਨ।

ਇਸਲਾਮਾਬਾਦ, 3 ਫਰਵਰੀ-ਪਾਕਿਸਤਾਨ ਦੇ ਇਕ ਟੀ.ਵੀ ਚੈਨਲ 'ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ੰਕਰ ਅਈਅਰ ਤੇ ਅੱਤਵਾਦੀ ਸੰਗਠਨ ਜਮਾਤ-ਉੱਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਆਪਸ 'ਚ ਭਿੜ ਗਏ। ਪਾਕਿਸਤਾਨ ਦੇ ਨਿੱਜੀ ਦੌਰੇ 'ਤੇ ਗਏ ਅਈਅਰ ਨੇ ਟੀ.ਵੀ ਚੈਨਲ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਸਈਦ ਨੂੰ ਤਾਂ ਜੇਲ੍ਹ 'ਚ ਹੋਣਾ ਚਾਹੀਦਾ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ 'ਚ ਭੇਜ ਦਿੱਤਾ ਜਾਵੇ। ਇਸ ਗੱਲ 'ਤੇ ਸਈਦ ਨੇ ਭੜਕਦੇ ਹੋਏ ਕਿਹਾ ਕਿ ਉਸਦੇ ਖ਼ਿਲਾਫ ਕੋਈ ਕੇਸ ਨਹੀਂ ਹੈ। ਪਾਕਿਸਤਾਨ ਸੁਪਰੀਮ ਕੋਰਟ ਨੇ ਉਸ ਨੂੰ ਭਾਰਤ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਈਅਰ ਨੇ ਸਈਦ ਦੇ ਉਸ ਦਾਅਵੇ ਦਾ ਖੰਡਨ ਕੀਤਾ ਕਿ ਭਾਰਤ ਹਾਲੇ ਤੱਕ ਪਾਕਿਸਤਾਨ ਨੂੰ ਸਵੀਕਾਰ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਸਈਦ ਵਰਗੇ ਲੋਕ ਹਨ ਜੋ ਰਿਸ਼ਤਿਆਂ ਨੂੰ ਅੱਗੇ ਵਧਦੇ ਹੋਏ ਵੇਖਣਾ ਨਹੀਂ ਚਾਹੁਦੇ ਜਦਕਿ ਆਮ ਲੋਕ ਸੰਬੰਧਾਂ ਨੂੰ ਚੰਗਾ ਵੇਖਣਾ ਚਾਹੁਦੇ ਹਨ। ਸਈਦ ਨੇ ਕਸ਼ਮੀਰ ਮਾਮਲੇ 'ਤੇ ਕਿਹਾ ਕਿ ਭਾਰਤ ਇਸ ਮਾਮਲੇ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹੈ।

ਡੀ. ਐੱਸ. ਪੀ. ਕਤਲ ਕਾਂਡ

ਲੁਧਿਆਣਾ, 3 ਫਰਵਰੀ -ਸਥਾਨਕ ਹੰਬੜਾਂ ਸੜਕ 'ਤੇ ਸਥਿਤ ਗੋਲਫ ਲਿੰਕ ਕਾਲੋਨੀ ਵਿਚ ਬੁੱਧਵਾਰ ਦੀ ਅੱਧੀ ਰਾਤ ਉਪ ਪੁਲਿਸ ਕਪਤਾਨ ਅਤੇ ਔਰਤ ਦੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਵੱਲੋਂ ਅੱਜ ਨੂਰਪੁਰ ਬੇਟ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ ਪਰ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ। ਪੁਲਿਸ ਵੱਲੋਂ ਗੋਲਫ ਲਿੰਕ ਦੇ ਨੇੜੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸਵੇਰੇ ਤੋਂ ਹੀ ਕਬਜ਼ੇ ਵਿਚ ਲੈ ਲਿਆ ਸੀ। 200 ਦੇ ਕਰੀਬ ਮੁਲਾਜ਼ਮਾਂ ਨੇ 5 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਇਲਾਕਿਆਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਪਰ ਪੁਲਿਸ ਨੂੰ ਉਥੋਂ ਕੁਝ ਨਹੀਂ ਮਿਲਿਆ। ਪੁਲਿਸ ਵੱਲੋਂ ਉਥੇ ਸਥਿਤ ਕੁਝ ਫਾਰਮ ਹਾਊਸਾਂ 'ਤੇ ਵੀ ਛਾਣ-ਬੀਣ ਕੀਤੀ ਗਈ। ਪੁਲਿਸ ਵੱਲੋਂ ਇਲਾਕੇ ਵਿਚ 2 ਦਰਜਨ ਦੇ ਕਰੀਬ ਸ਼ੱਕੀ ਨੌਜਵਾਨਾਂ  ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਪਰ ਪੁਲਿਸ ਨੂੰ ਉਨ੍ਹਾਂ ਪਾਸੋਂ ਕੋਈ ਸੁਰਾਗ ਨਹੀਂ ਮਿਲਿਆ। ਉਪ ਪੁਲਿਸ ਕਪਤਾਨ ਬਲਰਾਜ ਸਿੰਘ ਗਿੱਲ ਨਾਲ ਕਤਲ ਕੀਤੀ ਔਰਤ ਮੋਨਿਕਾ ਕਪਿਲਾ ਉਰਫ ਮੋਨਾ ਦੇ ਪਰਿਵਾਰਿਕ ਮੈਂਬਰਾਂ ਪਾਸੋਂ ਵੀ ਪੁਲਿਸ ਵੱਲੋਂ ਪੁੱਛ-ਪੜਤਾਲ ਕੀਤੀ ਗਈ ਹੈ ਪਰ ਪੁਲਿਸ ਕਿਸੇ ਸਿੱਟੇ 'ਤੇ ਨਹੀਂ ਪਹੁੰਚੀ। ਕਤਲ ਤੋਂ ਬਾਅਦ ਕਾਤਲ ਜਿਹੜੀਆਂ ਕਾਰਾਂ ਵਿਚ ਫਰਾਰ ਹੋਏ ਸਨ, ਉਨ੍ਹਾਂ ਵਿਚੋਂ ਇਕ ਮੋਨਾ ਅਤੇ ਦੂਜੀ ਸ: ਗਿੱਲ ਦੇ ਦੋਸਤ ਸੀ, ਜਿਸ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਡੀ. ਸੀ. ਪੀ. ਸ੍ਰੀ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿਚ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਦੀ ਮੋਬਾਈਲ ਡਿਟੇਲ ਪ੍ਰਾਪਤ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਜਲਦ ਹੀ ਮਾਮਲਾ ਹੱਲ ਕਰਨ ਬਾਰੇ ਕਿਹਾ ਜਾ ਰਿਹਾ ਹੈ। ਉਪ ਪੁਲਿਸ ਦੇ ਪਰਿਵਾਰ ਦਾ ਕੰਮ ਦੂਜੇ ਪਾਸੇ ਮ੍ਰਿਤਕ ਬਲਰਾਜ ਸਿੰਘ ਗਿੱਲ ਦਾ ਪਰਿਵਾਰ ਇਸ ਗੱਲ ਲਈ ਸਹਿਮਤ ਨਹੀਂ ਹੈ ਕਿ ਸ: ਗਿੱਲ ਕਿਸੇ ਔਰਤ ਨੂੰ ਲੈ ਕੇ ਫਾਰਮ ਹਾਊਸ ਵਿਚ ਗਏ ਹੋਣਗੇ। ਸ: ਗਿੱਲ ਦੇ ਪਿਤਾ ਸ: ਕਸ਼ਮੀਰ ਸਿੰਘ ਨੇ ਪੁਲਿਸ ਪਾਸ ਲਿਖਵਾਈ ਰਿਪੋਰਟ ਵਿਚ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ ਅਤੇ ਪਰਿਵਾਰ ਨੂੰ ਬਦਨਾਮ ਕਰਨ ਲਈ ਮੋਨਾ ਦੀ ਲਾਸ਼ ਉਥੇ ਰੱਖੀ ਗਈ ਹੈ।
ਸੈਰ ਸਮੇਂ ਗਿੱਲ ਦੇ ਸੰਪਰਕ 'ਚ ਆਈ ਸੀ ਮੋਨਾ
ਸਥਾਨਕ ਹੰਬੜਾਂ ਸੜਕ 'ਤੇ ਸਥਿਤ ਗੋਲਫ ਲਿੰਕ ਕਲੋਨੀ ਵਿਚ ਬਣੇ ਫਾਰਮ ਹਾਊਸ ਵਿਚ ਹੋਏ ਉਪ-ਪੁਲਿਸ ਕਪਤਾਨ ਅਤੇ ਔਰਤ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਕੁਝ ਅਹਿਮ ਜਾਣਕਾਰੀਆਂ ਲੱਗੀਆਂ ਹਨ। ਭਾਵੇਂ ਪੁਲਿਸ ਵੱਲੋਂ ਅਜੇ ਖੱਲ੍ਹੇ ਤੌਰ 'ਤੇ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਪਰ ਸੂਤਰਾਂ ਅਨੁਸਾਰ ਮ੍ਰਿਤਕ ਮੋਨਾ ਸਵੇਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸੈਰ ਕਰਨ ਲਈ ਜਾਂਦੀ ਸੀ, ਜਿਥੇ ਉਪ-ਪੁਲਿਸ ਕਪਤਾਨ ਗਿੱਲ ਵੀ ਆਉਂਦੇ ਰਹਿੰਦੇ ਸਨ। ਉਥੇ ਹੀ ਮੋਨਾ ਸ: ਗਿੱਲ ਦੇ ਸੰਪਰਕ ਵਿਚ ਆਈ ਅਤੇ ਲਗਾਤਾਰ ਸੰਪਰਕ ਵਿਚ ਹੀ ਰਹੀ। ਸੂਤਰਾਂ ਅਨੁਸਾਰ ਸ. ਗਿੱਲ ਨੇ ਮੋਨਾ ਲਈ ਇਕ ਵੱਖਰਾ ਮੋਬਾਈਲ ਨੰਬਰ ਵੀ ਲਿਆ ਹੋਇਆ ਸੀ, ਜਿਸ ਤੋਂ ਉਹ ਸਿਰਫ ਮੋਨਾ ਨਾਲ ਹੀ ਗੱਲ ਕਰਦੇ ਸਨ। ਸ: ਗਿੱਲ ਨੇ ਆਪਣੀ ਪਛਾਣ ਵੀ ਮੋਨਾ ਤੋਂ ਲੁਕਾ ਕੇ ਰੱਖੀ ਸੀ ਅਤੇ ਆਪਣੇ ਆਪ ਨੂੰ ਜਲੰਧਰ ਦਾ ਵਪਾਰੀ ਵਰਮਾ ਦੱਸਿਆ ਹੋਇਆ ਸੀ। ਸੂਤਰਾਂ ਅਨੁਸਾਰ ਉਕਤ ਕਤਲਾਂ ਬਾਰੇ ਜ਼ਿਲ੍ਹੇ ਦੇ ਇਕ ਪੁਲਿਸ ਅਧਿਕਾਰੀ ਨੂੰ ਰਾਤ 10.30 ਵਜੇ ਦੇ ਕਰੀਬ ਪਤਾ ਲੱਗ ਗਿਆ ਸੀ ਅਤੇ ਉਹ ਬਿਨਾਂ ਕਿਸੇ ਨੂੰ ਦੱਸੇ ਮੌਕੇ ਦਾ ਮੁਆਇਨਾ ਵੀ ਕਰ ਆਇਆ, ਪਰ ਉਚ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਬਾਰੇ ਰਾਤ 12.30 ਵਜੇ ਦੇ ਕਰੀਬ ਦਿੱਤੀ ਗਈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ।


ਚੰਡੀਗੜ੍ਹ 3 ਫਰਵਰੀ-ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਸਬੰਧੀ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਰਾਜਾਂ ਪੰਜਾਬ, ਉਤਰਾਖੰਡ ਅਤੇ ਮਨੀਪੁਰ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਪੰਜਾਬ, ਮਨੀਪੁਰ ਅਤੇ ਉਤਰਾਖੰਡ ਵਿਖੇ ਕਈ ਗਤੀਵਿਧੀਆਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਦੁਬਾਰਾ ਵੋਟਾਂ ਪੈਣੀਆਂ ਹਨ, ਉਥੇ ਇਹ ਗਤੀਵਿਧੀਆਂ ਸ਼ੁਰੂ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਮੰਤਰੀਆਂ ਨੂੰ ਜ਼ਿਲ੍ਹਿਆਂ ਵਿੱਚ ਦੌਰੇ ਕਰਨ ਅਤੇ ਅਫਸਰਾਂ ਨੂੰ ਉਨ੍ਹਾਂ ਨਾਲ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿੱਚ ਚੱਲ ਰਹੇ ਪ੍ਰੋਗਰਾਮਾਂ ਦਾ ਮੁਲਾਂਕਣ ਕਰਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ। ਇਸ ਦੌਰਾਨ ਮੰਤਰੀ ਖੇਤਰੀ ਅਧਿਕਾਰਿਆਂ ਨਾਲ ਇਨ੍ਹਾਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਵੀ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਅਧਿਕਾਰੀ ਚੋਣ ਡਿਊਟੀ 'ਤੇ ਹਨ ਉਹ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਹੈੱਡਕੁਆਰਟਰਾਂ 'ਤੇ ਰੀਵਿਊ ਮੀਟਿੰਗਾਂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਚੋਣ ਡਿਊਟੀ ਵਾਲੇ ਅਧਿਕਾਰੀ ਇਨ੍ਹਾਂ ਵਿੱਚ ਹਿੱਸਾ ਨਹੀਂ ਲੈਣਗੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਰਾਜ ਬੋਲੀ ਕਰਨ, ਬੋਲੀਆਂ ਦਾ ਮੁਲਾਂਕਣ ਕਰਨ, ਬੋਲੀਆਂ ਨੂੰ ਮੁਕੰਮਲ ਕਰਕੇ ਠੇਕੇ ਵੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਇਸ ਸਬੰਧੀ ਉਕਤ ਤਿੰਨੋਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਮੁੱਖ ਚੋਣ ਅਧਿਕਾਰਿਆਂ ਨੂੰ ਸੂਚਨਾ ਭੇਜ ਦਿੱਤੀ ਹੈ।


ਬਟਾਲਾ/ ਕਾਲਾ ਅਫਗਾਨਾਂ, 3 ਫਰਵਰੀ-ਪੁਲਿਸ ਥਾਣਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਵੀਲਾ ਤੇਜਾ ਵਿਖੇ ਇਕ 32 ਸਾਲਾ ਨ
ੌਜਵਾਨ ਕਿਸਾਨ ਵੱਲੋਂ ਕਰਜ਼ਾਈ ਹੋਣ ਕਰਕੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਵੀਲਾ ਤੇਜਾ ਦੇ ਨੌਜਵਾਨ ਕਿਸਾਨ ਬਲਜਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ, ਜਿਸ ਨੇ ਬੀਤੀ ਰਾਤ ਪਿੰਡੋਂ ਬਾਹਰ ਡੇਰੇ ਉਪਰ ਮੋਟਰ ਵਾਲੇ ਕਮਰੇ ਦੀ ਛੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਬਾਰੇ ਜਾਣਕਾਰੀ ਦਿੰਦੇ ਹੋਏ ਉਸ ਦੀ ਮਾਤਾ ਰਵਿੰਦਰ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਕਤ ਨੌਜਵਾਨ ਜਿਸ ਦਾ ਪਿਤਾ ਕਰੀਬ 18 ਸਾਲ ਪਹਿਲਾਂ ਗਰੀਬੀ ਦੀ ਮਾਰ ਨਾ ਝਲਦਾ ਹੋਇਆ ਦਿਲ ਦਾ ਦੌਰਾ ਪੈਣ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਛੋਟਾ ਭਰਾ ਵੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਚੱਲ ਵਸਿਆ ਸੀ, ਦੇ ਸਿਰ ਉਪਰ ਸੋਸਾਇਟੀ ਅਤੇ ਆੜ੍ਹਤੀਆਂ ਤੋਂ ਇਲਾਵਾ ਹੋਰ ਕਰਜ਼ਾ ਸੀ ਅਤੇ ਉਸ ਦੀ ਆਪਣੀ ਜ਼ਮੀਨ ਥੋੜ੍ਹੀ ਹੋਣ ਕਰਕੇ ਇਸ ਵਾਰ ਠੇਕੇ 'ਤੇ ਲਈ ਜ਼ਮੀਨ ਦਾ ਠੇਕਾ ਵੀ ਨਹੀਂ ਲਾਹ ਸਕਿਆ ਸੀ।



ਚੰਡੀਗੜ੍ਹ, 3 ਫਰਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਪਿਛਲੇ ਸਾਲ 18 ਸਤੰਬਰ ਨੂੰ ਹੋਈਆਂ ਆਮ ਚੋਣਾਂ ਤੋਂ ਪਿੱਛੋਂ ਹੁਣ 11 ਮਾਰਚ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿਚ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਚਾਲੇ ਸਿੱਧੀ ਟੱਕਰ ਹੋਣ ਦੇ ਆਸਾਰ ਹਨ। ਇਹ ਚੋਣਾਂ ਵੀ ਲਗਪਗ 5 ਵਰ੍ਹਿਆਂ ਤੋਂ ਪਿੱਛੋਂ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੇਸ਼ ਦੀ ਰਾਜਧਾਨੀ ਵਿਚ ਰਹਿਣ ਵਾਲੇ ਲਗਪਗ ਸਾਢੇ 4 ਲੱਖ ਸਿੱਖ 46 ਮੈਂਬਰਾਂ ਦੀ ਚੋਣ ਕਰਨਗੇ। ਇਹ ਚੁਣਿਆ ਹੋਇਆ ਸਦਨ 2 ਮੈਂਬਰਾਂ ਦੀ ਕੋਆਪਸ਼ਨ ਕਰੇਗਾ ਜਦੋਂ ਕਿ ਦਿੱਲੀ ਦੀਆਂ ਸਿੰਘ ਸਭਾਵਾਂ 2 ਮੈਂਬਰਾਂ ਦੀ ਚੋਣ ਲਾਟਰੀ ਰਾਹੀਂ ਕਰਨਗੀਆਂ ਤੇ ਇਕ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨਾਮਜ਼ਦ ਕਰੇਗੀ। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ 51 ਮੈਂਬਰਾਂ ਦਾ ਹੋਏਗਾ। ਸੰਪਰਕ ਕਰਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਦੀਆਂ ਸਾਰੀਆਂ 46 ਸੀਟਾਂ 'ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗਾ। ਇਸ ਸਬੰਧ ਵਿਚ ਅਕਾਲੀ ਦਲ ਕੋਰ ਕਮੇਟੀ ਦੀ ਜੋ ਮੀਟਿੰਗ 5 ਫਰਵਰੀ ਨੂੰ ਚੰਡੀਗੜ੍ਹ ਵਿਚ ਬੁਲਾਈ ਗਈ ਹੈ, ਉਸ ਵਿਚ ਸਾਰੀ ਰਣਨੀਤੀ ਤਿਆਰ ਕੀਤੀ ਜਾਏਗੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਮੈਂ ਦਿੱਲੀ ਦੀਆਂ ਚੋਣਾਂ ਬਾਰੇ ਅੱਜ ਦੇਸ਼ ਦੀ ਰਾਜਧਾਨੀ ਵਿਚ ਆਪਣੀ ਪਾਰਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਇਸ ਬਾਰੇ ਮੈਂ 5 ਫਰਵਰੀ ਦੀ ਮੀਟਿੰਗ ਵਿਚ ਰਿਪੋਰਟ ਪੇਸ਼ ਕਰਾਂਗਾ। ਉਧਰ ਦਿੱਲੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਹਰਵਿੰਦਰ ਸਿੰਘ ਸਰਨਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੀ ਸਾਰੀਆਂ ਦੀਆਂ ਸਾਰੀਆਂ 46 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹਾ ਕਰੇਗੀ। ਜਿਨ੍ਹਾਂ ਦਾ ਐਲਾਨ ਛੇਤੀ ਕਰ ਦਿੱਤਾ ਜਾਏਗਾ। ਇਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਰਨਾ ਗਰੁੱਪ ਦਾ ਕਬਜ਼ਾ ਹੈ। ਦਿੱਲੀ ਵਿਚ ਪੋਲਿੰਗ 11 ਮਾਰਚ ਤੇ ਚੋਣ ਨਤੀਜਿਆਂ ਦਾ ਸਰਕਾਰੀ ਤੌਰ 'ਤੇ ਐਲਾਨ 17 ਮਾਰਚ ਨੂੰ ਹੋਏਗਾ। ਸ: ਜਸਜੀਤ ਸਿੰਘ ਦਾ ਗਰੁੱਪ ਵੀ ਦਿੱਲੀ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਚੁੱਕਿਆ ਹੈ ਪਰ ਆਸਾਰ ਦਿਖਾਈ ਦੇ ਰਹੇ ਹਨ ਕਿ ਇਨ੍ਹਾਂ ਚੋਣਾਂ ਵਿਚ ਸ. ਬਾਦਲ ਤੇ ਸ. ਸਰਨਾ ਦੀਆਂ ਪਾਰਟੀਆਂ ਵਿਚ ਹੀ ਅਮਲੀ ਤੌਰ 'ਤੇ ਸਿੱਧੀ ਟੱਕਰ ਹੋਏਗੀ।


ਜਲੰਧਰ, 3 ਫਰਵਰੀ -ਇਸ ਵਾਰ ਰਾਜ ਵਿਚ ਮੌਜੂਦਾ ਸ਼ਰਾਬ ਕਾਰੋਬਾਰੀਆਂ ਦੇ ਲਾਇਸੰਸਾਂ ਦਾ ਸਮਾਂ ਹੋਰ ਦੋ ਮਹੀਨੇ ਤੱਕ ਵਧਾਇਆ ਜਾ ਸਕਦਾ ਹੈ ਕਿਉਂਕਿ ਸਾਲ 2012-13 ਲਈ ਸ਼ਰਾਬ ਦੇ ਠੇਕਿਆਂ ਨੂੰ ਅਲਾਟ ਕਰਨ ਦਾ ਕੰਮ15 ਮਾਰਚ ਤੱਕ ਕੀਤਾ ਜਾਣਾ ਹੈ ਤੇ ਜਿੰਨੀ ਦੇਰ ਤੱਕ ਨਵੀਂ ਸਰਕਾਰ ਨਹੀਂ ਬਣਦੀ ਓਨੀ ਦੇਰ ਤੱਕ ਠੇਕੇ ਅਲਾਟ ਕਰਨ ਦਾ ਕੰਮ ਅੱਗੇ ਪਾਇਆ ਜਾ ਸਕਦਾ ਹੈ। ਪੰਜਾਬ ਵਿਚ ਨਵੀਂ ਸਰਕਾਰ 15 ਮਾਰਚ ਦੇ ਨੇੜੇ ਤੇੜੇ ਬਣ ਜਾਏਗੀ ਪਰ ਇਸ ਦੇ ਬਾਵਜੂਦ ਆਬਕਾਰੀ ਤੇ ਕਰ ਵਿਭਾਗ ਨੂੰ ਠੇਕਿਆਂ ਨੂੰ ਅਲਾਟ ਕਰਨ ਦਾ ਕੰਮ ਕਰਨ ਲਈ ਕਾਫ਼ੀ ਸਮਾਂ ਚਾਹੀਦਾ ਹੈ। ਇਸ ਤੋਂ ਪਹਿਲਾਂ ਰਾਜ ਵਿਚ ਨਵੀਂ ਸ਼ਰਾਬ ਨੀਤੀ ਬਣਾਈ ਜਾਣੀ ਹੈ ਜਿਸ ਦੇ ਤਹਿਤ ਹੀ ਠੇਕਿਆਂ ਦੀ ਅਲਾਟਮੈਂਟ ਕੀਤੀ ਜਾਂਦੀ ਹੈ। ਜਿੰਨੀ ਦੇਰ ਤੱਕ ਆਬਕਾਰੀ ਤੇ ਕਰ ਵਿਭਾਗ ਨਵੇਂ ਠੇਕੇ ਅਲਾਟ ਨਹੀਂ ਕਰਦਾ ਓਨੀ ਦੇਰ ਤੱਕ ਵਿਭਾਗ ਮੌਜੂਦਾ ਕਾਰੋਬਾਰੀਆਂ ਨੂੰ ਹੀ ਕਾਰੋਬਾਰ ਕਰਨ ਦੀ ਇਜਾਜ਼ਤ ਦੇ ਸਕਦਾ ਹੈ ਤੇ ਨਵੇਂ ਠੇਕਿਆਂ ਦਾ ਕੰਮ 1 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉੱਧਰ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਨਜ਼ਰ ਨਹੀਂ ਆਉਂਦੀ ਕਿ ਮੌਜੂਦਾ ਸ਼ਰਾਬ ਦੇ ਕਾਰੋਬਾਰੀ ਦੋ ਮਹੀਨੇ ਤੱਕ ਹੋਰ ਕੰਮ ਕਰਨ ਦੀ ਗੱਲ ਮੰਨ ਜਾਣਗੇ ਕਿਉਂਕਿ ਕਈ ਕਾਰੋਬਾਰੀਆਂ ਨੂੰ ਇਸ ਸਾਲ ਕਾਫ਼ੀ ਨੁਕਸਾਨ ਹੋਇਆ ਹੈ ਤੇ ਕਈ ਕਾਰੋਬਾਰੀ ਦੋ ਮਹੀਨੇ ਹੋਰ ਠੇਕੇ ਚਲਾਉਣ ਤੋਂ ਨਾਂਹ ਕਰ ਸਕਦੇ ਹਨ। ਇਸ ਵਾਰ ਵਿਭਾਗ ਵੱਲੋਂ ਸ਼ਰਾਬ ਦੇ ਕੋਟੇ ਨੂੰ 9 ਫ਼ੀਸਦੀ ਦੇ ਕਰੀਬ ਵਧਾ ਦਿੱਤਾ ਗਿਆ ਸੀ, ਜੋ ਹੋਈਆਂ ਚੋਣਾਂ ਵਿਚ ਵਿਕ ਗਿਆ ਹੈ। ਸ਼ਰਾਬ ਕਾਰੋਬਾਰੀਆਂ ਨੇ ਭਾਵੇਂ ਇਸ ਵਿਚ ਕੋਈ ਕਮਾਈ ਨਹੀਂ ਕੀਤੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਚਿਆ ਕੋਟਾ ਵਿਕ ਗਿਆ ਹੈ ਤੇ ਇਸ ਨਾਲ ਵਿੱਤੀ ਹਾਲਤ ਕਮਜ਼ੋਰ ਹੋਣ ਤੋਂ ਬਚ ਗਈ ਹੈ। ਉੱਧਰ ਇਸ ਸਾਲ ਵੀ ਨਵੀਂ ਸ਼ਰਾਬ ਨੀਤੀ ਵਿਚ ਬਹੁਤਾ ਫੇਰਬਦਲ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਇਸ ਸਾਲ ਵੀ ਮੌਜੂਦਾ ਨੀਤੀ ਪਰਚੀਆਂ ਪਾਉਣ ਵੇਲੇ ਲਾਗੂ ਕੀਤੀ ਜਾ ਸਕਦੀ ਹੈ।

ਆਦਮਪੁਰ, 3 ਫਰਵਰੀ -ਇਥੋਂ ਨੇੜਲੇ ਪਿੰਡ ਕੰਦੋਲਾ ਵਿਖੇ ਇਕ ਪ੍ਰੇਮੀ ਜੋੜੇ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰ ਲਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਮਨੋਹਰ ਸਿੰਘ ਸੈਣੀ ਅਤੇ ਐਸ.ਐਚ.ਓ ਆਦਮਪੁਰ ਪਰਮਜੀਤ ਸਿੰਘ  ਨੇ ਦੱਸਿਆ ਕਿ ਸ਼ਕੂਰਾ (19) ਪੁੱਤਰੀ ਹਾਸ਼ਮਦੀਨ ਵਾਸੀ ਡਰੋਲੀ ਕਲਾਂ 1 ਫਰਵਰੀ ਤੋਂ ਲਾਪਤਾ ਸੀ ਜਿਸ ਸੰਬੰਧੀ ਉਸ ਦੇ ਮਾਪਿਆਂ ਵੱਲੋਂ ਅੱਜ ਸਵੇਰੇ 4 ਵਜੇ ਰਿਪੋਰਟ ਦਰਜ ਕਰਵਾਈ ਗਈ। ਅੱਜ ਕਰੀਬ 10.30 ਵਜੇ ਕੰਦੋਲਾ ਪਿੰਡ ਦੇ ਅਮਰਜੀਤ ਸਿੰਘ ਦੇ ਹਵੇਲੀ ਦੇ ਨੇੜੇ ਇਕ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ਪਿੱਛੋਂ ਉਨ੍ਹਾਂ ਪਿੰਡ ਜਾ ਕੇ ਮੌਕਾ ਵੇਖਿਆ ਅਤੇ ਲਾਸ਼ ਦੀ ਸ਼ਨਾਖਤ ਸ਼ਕੂਰਾ ਵਜੋਂ ਕੀਤੀ ਗਈ। ਲਾਸ਼ ਦੇ ਨੇੜੇ ਹੀ ਹਵੇਲੀ ਦੇ ਮਾਲਿਕ ਅਮਰਜੀਤ ਸਿੰਘ (29) ਪੁੱਤਰ ਸੁਰਿੰਦਰ ਸਿੰਘ ਜੋ ਕਿ ਪਰਸੋਂ ਤੋਂ ਲਾਪਤਾ ਸੀ, ਨੂੰ ਵੀ ਬੇਹੋਸ਼ੀ ਦੀ ਹਾਲਤ ਵਿਚ ਹੀ ਪਾਇਆ ਗਿਆ। ਜਿਸ ਨੂੰ ਇਲਾਜ ਹਿੱਤ ਆਦਮਪੁਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਅਮਰਜੀਤ ਸਿੰਘ ਪਰਿਵਾਰ ਦਾ ਇਕਲੌਤਾ ਲੜਕਾ ਸੀ ਅਤੇ ਵਿਆਹਿਆ ਹੋਇਆ ਸੀ ਪਰ ਛੇ ਮਹੀਨੇ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਉਸ ਦੀ ਇਕ ਸਾਲ ਦੇ ਕਰੀਬ ਬੇਟੀ ਹੈ ਜਦੋਂ ਕਿ ਸ਼ਕੂਰਾ ਦਾ ਪਤੀ ਵੀ ਮਰ ਚੁੱਕਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਬਿਜਲੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਡੈਮਾਂ ਤੋਂ ਉਤਪਾਦਨ ਵਧਾਇਆ

ਪਟਿਆਲਾ, 3 ਫਰਵਰੀ-ਮੌਸਮ ਵਿਚ ਕਾਫੀ ਤਬਦੀਲੀ ਹੋ ਰਹੀ ਹੈ। ਮਾਹਿਰਾਂ ਵੱਲੋਂ ਇਸ ਦਾ ਮੁੱਖ ਕਾਰਨ ਵਾਤਾਵਰਨ ਵਿਚ ਵਧ ਰਿਹਾ ਪ੍ਰਦੂਸ਼ਣ ਅਤੇ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਮੰਨਿਆ ਜਾ ਰਿਹਾ ਹੈ। ਹਾਲ ਹੀ 'ਚ ਬਸੰਤ ਪੰਚਮੀ ਲੰਘਕੇ ਗਈ ਹੈ। ਆਮ ਕਹਾਵਤ ਹੈ ਕਿ 'ਆਈ ਬਸੰਤ ਪਾਲਾ ਉਡੰਤ'। ਬਸੰਤ ਲੰਘੀ ਨੂੰ ਵੀ ਹਫ਼ਤਾ ਹੋ ਗਿਆ ਹੈ ਪਰ ਮੌਸਮ ਨੇ ਜੋ ਕਰਵਟ ਲਈ ਹੈ ਉਸਨੇ ਮੁੜ ਹੱਡ ਚੀਰਵੀਂ ਠੰਢ ਲਿਆ ਕੇ ਮਨੁੱਖ ਨੂੰ ਠੁਰ-ਠੁਰ ਕਰਨ ਲਾ ਦਿੱਤਾ ਹੈ। ਇਸ ਦਾ ਪਹਾੜਾਂ 'ਤੇ ਕਾਫ਼ੀ ਅਸਰ ਪਿਆ ਹੈ। ਸਿੱਟਾ ਇਹ ਨਿਕਲਿਆ ਹੈ ਕਿ ਪਹਾੜਾਂ ਦੀਆਂ ਟੀਸੀਆਂ 'ਤੇ ਹੋਈ ਬਰਫ਼ਬਾਰੀ ਕਾਰਨ ਸਾਡੇ ਡੈਮਾਂ 'ਚ ਪਾਣੀ ਦੀ ਆਮਦ ਘਟ ਗਈ ਹੈ। ਜੇਕਰ ਭਾਖੜਾ ਡੈਮ ਦੀ ਪ੍ਰਮੁੱਖ ਗੋਬਿੰਦ ਸਾਗਰ ਝੀਲ 'ਤੇ ਝਾਤੀ ਮਾਰੀ ਜਾਵੇ ਤਾਂ ਇੱਥੇ ਪਾਣੀ ਦਾ ਪੱਧਰ 1625.58 ਫੁੱਟ ਹੈ। ਜਦੋਂ ਕਿ ਪਿਛਲੇ ਵਰ੍ਹੇ ਪਾਣੀ ਦਾ ਪੱਧਰ 1628 ਫੁੱਟ ਤੋਂ ਵੱਧ ਸੀ। ਇਸ ਦਾ ਮੁੱਖ ਕਾਰਨ ਪਹਾੜਾਂ 'ਤੇ ਹੋਈਂ ਤਾਜ਼ਾ ਬਰਫ਼ਬਾਰੀ ਕਾਰਨ ਤਾਪਮਾਨ ਦੀ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ। ਇਸ ਡੈਮ ਦੀ ਝੀਲ ਵਿਚ ਇਸ ਵੇਲੇ ਪਾਣੀ ਦੀ ਆਮਦ 4885 ਕਿਊਸਕ ਹੈ ਪਿਛਲੇ ਵਰ੍ਹੇ ਇਸ ਝੀਲ ਵਿਚ ਪਾਣੀ ਦੀ ਆਮਦ 6085 ਕਿਊਸਕ ਸੀ। ਹਾਲਾਂ ਕਿ ਭਾਖੜਾ ਮੈਨੇਜਮੈਂਟ ਬੋਰਡ ਨੇ ਇੱਥੋਂ ਪਾਣੀ ਨਿਕਾਸੀ ਵਧਾਈ ਹੋਈ ਹੈ ਤਾਂ ਜੋ ਬਿਜਲੀ ਉਤਪਾਦਨ ਪ੍ਰਭਾਵਿਤ ਨਾ ਹੋਵੇ। ਜੇਕਰ ਡੇਹਰ ਡੈਮ ਦੀ ਝੀਲ 'ਤੇ ਝਾਤੀ ਮਾਰੀ ਜਾਵੇ ਤਾਂ ਇੱਥੇ ਪਾਣੀ ਦਾ ਪੱਧਰ 2922.44 ਫੁੱਟ ਹੈ। ਇਸ ਝੀਲ ਵਿਚ ਪਾਣੀ 1670 ਕਿਊਸਕ ਦਰ ਨਾਲ ਆ ਰਿਹਾ ਹੈ ਜਦੋਂ ਕਿ ਪਿਛਲੇ ਵਰ੍ਹੇ ਪਾਣੀ ਦੀ ਆਮਦ 1973 ਕਿਊਸਕ ਸੀ ਜੋ ਕਿਤੇ ਵੱਧ ਹੈ। ਇੱਥੇ ਵੀ ਤਾਪਮਾਨ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਪਾਣੀ ਦੀ ਘੱਟ ਆਮਦ ਦੇ ਬਾਵਜੂਦ ਇੱਥੋਂ ਪਾਣੀ ਦੀ ਨਿਕਾਸੀ ਵਧਾਉਣ ਕਾਰਨ ਬਿਜਲੀ ਉਤਪਾਦਨ ਅੰਦਾਜ਼ਨ 28ਲੱਖ ਯੂਨਿਟ ਦੇ ਲਗਭਗ ਹੋ ਰਿਹਾ ਹੈ। ਪੰਜਾਬ ਦਾ ਤੀਜਾ ਵੱਡਾ ਡੈਮ ਪੌਂਗ ਡੈਮ ਹੈ ਜਿਸ ਦਾ ਪਾਣੀ ਪੱਧਰ ਇਸ ਵੇਲੇ 1348 ਫੁੱਟ ਹੈ ਜਦੋਂ ਕਿ ਪਿਛਲੇ ਵਰ੍ਹੇ ਇਹ 1369 ਫੁੱਟ ਤੱਕ ਅੱਪੜ ਗਿਆ ਸੀ। ਇਸ ਵੇਲੇ ਇਸ ਡੈਮ ਦੀ ਝੀਲ ਵਿਚ ਪਾਣੀ ਦੀ ਆਮਦ 2207 ਕਿਊਸਕ ਹੈ । ਕੁੱਝ ਦਿਨ ਪਹਿਲਾਂ ਪਾਣੀ ਦੀ ਆਮਦ 2600 ਦਾ ਅੰਕੜਾ ਪਾਰ ਕਰ ਗਈ ਸੀ। ਪਾਣੀ ਦੀ ਨਿਕਾਸੀ ਇੱਥੇ ਵੀ 9300 ਦੇ ਮੁਕਾਬਲੇ ਇਸ ਵਰ੍ਹੇ 10 ਹਜ਼ਾਰ ਕਿਊਸਕ ਤੋਂ ਵੱਧ ਹੈ । ਇਸ ਡੈਮ ਤੋਂ ਚੱਲਣ ਵਾਲੇ ਬਿਜਲੀ ਘਰ ਤੋਂ ਅੰਦਾਜ਼ਨ 41 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ ਰਣਜੀਤ ਸਾਗਰ ਡੈਮ ਦੀ ਮਹੱਤਤਾ ਵੀ ਕਿਸੇ ਤੋਂ ਘੱਟ ਨਹੀਂ ਹੈ। ਇਸ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ 503. 26 ਮੀਟਰ ਹੈ ਜੋ ਪਿਛਲੇ ਵਰ੍ਹੇ 506 ਮੀਟਰ ਦਾ ਅੰਕੜਾ ਪਾਰ ਕਰ ਗਿਆ ਸੀ। ਇਸ ਡੈਮ 'ਚ ਪਾਣੀ ਦੀ ਆਮਦ 1341 ਕਿਊਸਕ ਹੈ ਜਦੋਂ ਕਿ ਪਿਛਲੇ ਵਰ੍ਹੇ ਪਾਣੀ 2000 ਕਿਊਸਕ ਦਰ ਨਾਲ ਆ ਰਿਹਾ ਸੀ। ਇਸ ਡੈਮ ਦੀ ਝੀਲ 'ਚੋਂ ਪਾਣੀ ਦੀ ਨਿਕਾਸੀ 7800 ਕਿਊਸਕ ਤੋਂ ਵੱਧ ਕੀਤੀ ਜਾ ਰਹੀ ਹੈ ਜਿਸ ਕਾਰਨ ਬਿਜਲੀ ਦਾ ਉਤਪਾਦਨ 47 ਲੱਖ ਯੂਨਿਟ ਹੋ ਰਿਹਾ ਹੈ। ਜੇਕਰ ਭਾਖੜਾ ਦੇ ਪ੍ਰਾਜੈਕਟਾਂ ਦੇ ਬਿਜਲੀ ਉਤਪਾਦਨ ਨੂੰ ਦੇਖਿਆ ਜਾਵੇ ਤਾਂ ਬਿਜਲੀ ਨਿਗਮ ਨੇ ਬਿਜਲੀ ਦੀ ਮੰਗ ਦੀ ਪੂਰਤੀ ਲਈ ਪਾਣੀ ਦੀ ਨਿਕਾਸੀ ਵਧਾ ਕੇ ਬਿਜਲੀ ਉਤਪਾਦਨ ਪਿਛਲੇ ਵਰ੍ਹੇ ਦੇ ਬਰਾਬਰ 95 ਲੱਖ ਯੂਨਿਟ ਤੇ ਬਰਕਰਾਰ ਰੱਖਿਆ ਹੈ। ਗੌਰਤਲਬ ਹੈ ਕਿ ਬਿਜਲੀ ਨਿਗਮ ਨੇ ਆਪਣਾ ਉਤਪਾਦਨ ਵਧਾਕੇ ਬਿਜਲੀ ਦੀ ਪਿਛਲੇ ਵਰ੍ਹੇ ਦੇ ਮੁਕਾਬਲੇ ਅੰਦਾਜ਼ਨ 60 ਲੱਖ ਯੂਨਿਟ ਹੋਰ ਰਾਜਾਂ ਤੋਂ ਬਿਜਲੀ ਦੀ ਘੱਟ ਖ਼ਰੀਦ ਕੀਤੀ ਹੈ। ਅਗਲੇ ਵਰ੍ਹੇ ਪੰਜਾਬ ਦੇ ਨਵੇਂ ਤਾਪ ਬਿਜਲੀ ਘਰਾਂ ਤੋਂ ਉਤਪਾਦਨ ਸ਼ੁਰੂ ਹੋਣ ਨਾਲ ਬਿਜਲੀ ਨਿਗਮ ਕੋਲ ਆਪਣੀ ਪੈਦਾ ਕੀਤੀ ਬਿਜਲੀ ਦਾ ਹਿੱਸਾ ਵਧ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਮੌਸਮ ਦੀ ਠੰਢਕ ਕਾਰਨ ਪੰਜਾਬ ਵਿਚ ਬਿਜਲੀ ਦੀ ਖਪਤ ਵਧ ਗਈ ਹੈ। ਪਿਛਲੇ ਵਰ੍ਹੇ ਬਿਜਲੀ ਦੀ ਖਪਤ 874 ਲੱਖ ਯੂਨਿਟ ਸੀ, ਜੋ ਵਧ ਕੇ 952 ਲੱਖ ਯੂਨਿਟ 'ਤੇ ਪਹੁੰਚ ਗਈ ਹੈ। ਬਿਜਲੀ ਨਿਗਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵੱਧ ਸਰਦੀ ਕਾਰਨ ਬਿਜਲੀ ਉਪਕਰਨਾਂ ਦੀ ਵਰਤੋਂ ਵੀ ਵੱਧ ਕਰਨੀ ਪੈਂਦੀ ਹੈ ਜਿਸ ਕਾਰਨ ਖਪਤ ਵਧ ਜਾਂਦੀ ਹੈ।

ਨਵੀਂ ਦਿੱਲੀ, 3 ਫਰਵਰੀ -ਸੈਨਾ ਮੁਖੀ ਵੀ ਕੇ ਸਿੰਘ ਦੀ ਉਮਰ ਵਿਵਾਦ ਬਾਰੇ ਸਰਕਾਰ ਵਲੋਂ ਅਟਾਰਨੀ ਜਨਰਲ ਤੋਂ ਦੁਬਾਰਾ ਕਾਨੂੰਨੀ ਰਾਇ ਮੰਗਣ ਦੀ ਸਰਕਾਰ ਦੀ ਕਾਰਵਾਈ ਨੂੰ ਸਹੀ ਆਖਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਅੱਜ ਕਿਹਾ ਕਿ ਇਹ ਰਾਇ ਮੁੱਦੇ 'ਤੇ ਤਾਜ਼ਾ ਸਮੱਗਰੀ ਅਤੇ ਕੁਝ ਗੱਲਾਂ ਸਾਹਮਣੇ ਆਉਣ ਨੂੰ ਦੇਖਦੇ ਹੋਏ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਨਵੀਆਂ ਗੱਲਾਂ ਸਾਹਮਣੇ ਆਉਣ ਕਾਰਨ ਅਟਾਰਨੀ ਜਨਰਲ ਦੀ ਦੁਬਾਰਾ ਰਾਇ ਮੰਗੀ ਗਈ ਸੀ। ਅੰਬਿਕਾ ਸੋਨੀ ਨੇ ਕਿਹਾ ਕਿ ਅਟਾਰਨੀ ਜਨਰਲ ਕਾਨੂੰਨੀ ਰਾਇ ਦੇਣ ਲਈ ਸਭ ਤੋਂ ਉੱਚੀ ਕਾਨੂੰਨੀ ਅਥਾਰਟੀ ਹੈ ਅਤੇ ਉਨ੍ਹਾਂ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਟਿੱਪਣੀ ਕਰਨ ਸਮੇਂ ਸੰਜਮ ਤੋਂ ਕੰਮ ਲੈਣ ਅਤੇ ਸਿਆਸੀ ਲਾਹਾ ਲੈਣ ਲਈ ਹਥਿਆਰਬੰਦ ਸੈਨਾਵਾਂ ਨੂੰ ਸ਼ਾਮਿਲ ਨਾ ਕਰਨ।

ਨਵੀਂ ਦਿੱਲੀ, 3 ਫਰਵਰੀ-2 ਜੀ ਸਪੈਕਟ੍ਰਮ ਮਾਮਲੇ 'ਚ ਸੁਪਰੀਮ ਕੋਰਟ ਦੇ ਆਦੇਸ਼ ਦੇ ਇਕ ਦਿਨ ਬਾਅਦ ਹੀ ਟਰਾਈ ਨੇ ਸਪੈਕਟ੍ਰਮ ਦੀ ਨਿਲਾਮੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਰਾਈ ਨੇ ਦੇਸ਼ ਭਰ 'ਚ 22 ਦੂਰਸੰਚਾਰ ਸਰਕਲਾਂ 'ਚ 2 ਜੀ ਸਪੈਕਟ੍ਰਮ ਦੀ ਵੰਡ ਨਿਲਾਮੀ ਰਾਹੀ ਕਰਨ ਸਬੰਧੀ ਅੱਜ ਪ੍ਰੀ-ਕੰਸਲਟੇਸ਼ਨ ਪੇਪਰ ਜਾਰੀ ਕਰਕੇ ਵੱਖ-ਵੱਖ ਪੱਖਾਂ ਨੂੰ 15 ਫਰਵਰੀ ਤੱਕ ਆਪਣੀ ਰਾਏ ਦੇਣ ਨੂੰ ਕਿਹਾ ਹੈ। ਟਰਾਈ ਨੇ ਕਿਹਾ ਕਿ ਰਾਏ ਦੇਣ ਲਈ ਸਮਾਂ ਸੀਮਾ 'ਚ ਵਾਧਾ ਨਹੀਂ ਕੀਤਾ ਜਾਵੇਗਾ ਕਿਉਂਕਿ ਸਿਫਾਰਸ਼ਾਂ ਤਹਿ ਕਰਨ ਦਾ ਕੰਮ ਤਹਿਸ਼ੁਦਾ ਸਮੇਂ 'ਚ ਹੀ ਕੀਤਾ ਜਾਣਾ ਹੈ।

ਜੰਮੂ, 3 ਫਰਵਰੀ (ਏਜੰਸੀ)-ਇਕ ਫ਼ੌਜੀ ਜਵਾਨ ਨੇ ਜੰਮੂ ਤੇ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਰਾਜੌਰੀ ਵਿਚ ਆਪਣੀ ਹੀ ਯੂਨਿਟ ਦੇ ਜੂਨੀਅਰ ਕਮਿਸ਼ਨਡ ਅਫਸਰ ਸੂਬੇਦਾਰ ਦਿਲਬਾਗ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਇਕ ਗੋਪਾਲ ਸਿੰਘ ਨੇ ਸਿੱਖ ਰੈਜੀਮੈਂਟ ਦੇ ਸੂਬੇਦਾਰ ਦਿਲਬਾਗ ਸਿੰਘ ਨੂੰ ਰਾਜੌਰੀ ਦੇ ਨੌਸ਼ਹਿਰਾ ਸਰਹੱਦ 'ਤੇ ਆਪਣੀ ਰਾਈਫਲ ਨਾਲ ਗੋਲੀਆਂ ਮਾਰ ਕੇ ਭੁੰਨ ਸੁੱਟਿਆ। ਗੰਭੀਰ ਜ਼ਖ਼ਮੀ ਹੋਏ ਸੂਬੇਦਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਪੁਲਿਸ ਮੁਤਾਬਿਕ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।
ਮੁੰਬਈ, 3 ਫਰਵਰੀ -ਮੁੰਬਈ 'ਚ 13 ਜੁਲਾਈ, 2011 ਨੂੰ ਹੋਏ ਹਮਲੇ ਸਬੰਧੀ ਗ੍ਰਿਫਤਾਰ ਕੀਤੇ ਹਾਰੂਨ ਨਾਇਕ ਨੂੰ 'ਇੰਡੀਅਨ ਮੁਜ਼ਾਹਦੀਨ' ਦਾ ਅਹਿਮ ਮੈਂਬਰ ਕਰਾਰ ਦਿੰਦਿਆ ਮਹਾਰਾਸ਼ਟਰ ਏ. ਟੀ. ਐਸ. ਨੇ ਕਿਹਾ ਕਿ ਉਸ ਨੇ ਪਾਕਿਸਤਾਨ 'ਚ ਅੱਤਵਾਦੀ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਜ਼ਿਹਾਦ ਦੇ ਨਾਂਅ 'ਤੇ 'ਦੁਸ਼ਮਣਾਂ' ਖਿਲਾਫ ਅਫਗਾਨਿਸਤਾਨ 'ਚ ਅਲਕਾਇਦਾ ਵੱਲੋਂ ਲੜਿਆ ਸੀ। ਜੇਲ੍ਹ 'ਚ ਬੰਦ ਹਾਰੂਨ ਕੋਲੋਂ ਪੁੱਛਗਿੱਛ ਲਈ ਬੀਤੇ ਕੱਲ੍ਹ ਉਸ ਨੂੰ ਅੱਤਵਾਦ ਵਿਰੋਧੀ ਦਸਤੇ ਕੋਲ ਸੌਂਪਿਆ ਗਿਆ ਸੀ।

ਇਸਲਾਮਾਬਾਦ, 3 ਫਰਵਰੀ -ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਗ੍ਰਸਤ ਇਲਾਕੇ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰਕੇ ਤਾਲਿਬਾਨੀ ਅੱਤਵਾਦੀਆਂ ਨੇ 7 ਸੁਰੱਖਿਆ ਕਰਮੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿਚ ਮੁਕਾਬਲੇ ਦੌਰਾਨ 18 ਅੱਤਵਾਦੀ ਮਾਰੇ ਵੀ ਗਏ ਤੇ ਅੱਤਵਾਦੀਆਂ ਨੇ ਪੰਜ ਸੈਨਿਕਾਂ ਨੂੰ ਅਗਵਾ ਕਰ ਲਿਆ। ਟੀ. ਵੀ. ਚੈਨਲਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਸ਼ਿਦਾਂਨੋ ਡਾਂਡ ਇਲਾਕੇ ਦੀ ਇਕ ਜਾਂਚ ਚੌਕੀ 'ਤੇ ਇਹ ਹਮਲਾ ਕੀਤਾ। ਵਰਨਣਯੋਗ ਹੈ ਕਿ ਕੁਰਮ ਏਜੰਸੀ ਦੇ ਜੋਗੀ ਇਲਾਕੇ ਵਿਚ ਹਾਲ ਹੀ 'ਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ 14 ਸੈਨਿਕ ਤੇ 80 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਸਨ। ਇਸ ਇਲਾਕੇ ਵਿਚ ਅੱਤਵਾਦੀ ਉੱਚੀਆਂ ਪਹਾੜੀਆਂ ਤੋਂ ਸੈਨਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਮੈਲਬੌਰਨ, 3 ਫਰਵਰੀ -ਪਾਪੂਆ ਨਿਊ ਗਿਨੀ ਦੇ ਉੱਤਰੀ ਕਿਨਾਰੇ 'ਤੇ ਡੁੱਬੇ ਇਕ ਜਹਾਜ਼ ਵਿਚ ਸਵਾਰ 120 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਹਾਲਾਂ ਕਿ ਕਈ ਬੇੜੇ ਅਤੇ ਹੈਲੀਕਾਪਟਰ ਗਵਾਚੇ ਲੋਕਾਂ ਦੀ ਭਾਲ ਵਿਚ ਹੁਣ ਵੀ ਲੱਗੇ ਹੋਏ ਹਨ। ਪਾਪੂਆ ਨਿਊ ਗਿਨੀ ਦੇ ਕਿਨਾਰੇ 'ਤੇ ਡੁੱਬੇ ਇਸ ਜਹਾਜ਼ 'ਚ ਕੁੱਲ 350 ਯਾਤਰੀ ਸਵਾਰ ਸਨ। ਇਹ ਜਹਾਜ਼ ਕਿੰਬੇ ਤੋਂ ਪੀ. ਐਨ. ਜੀ. ਉੱਤਰੀ ਕਿਨਾਰੇ ਦੇ ਸ਼ਹਿਰ ਲਈ ਜਾ ਰਿਹਾ ਸੀ। ਆਸਟਰੇਲੀਆਈ ਬਚਾਓ ਦਲ ਦੇ ਮੈਂਬਰਾਂ ਨੇ 238 ਯਾਤਰੀਆਂ ਨੂੰ ਜ਼ਿੰਦਾ ਬਚਾਅ ਲਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਅਤੇ ਸਿਖਿਆਰਥੀ ਅਧਿਆਪਕ ਹਨ, ਪਰ ਹੁਣ ਤੱਕ ਲਾਪਤਾ 120 ਤੋਂ ਜ਼ਿਆਦਾ ਹੋਰ ਯਾਤਰੀਆਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

ਕਸ਼ਮੀਰ ਵਾਦੀ 'ਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਸੜਕ ਤੋਂ
ਬਰਫ਼ ਹਟਾਏ ਜਾਣ ਦਾ ਦ੍ਰਿਸ਼। ਤਸਵੀਰ : ਤਾਰਿਕ

ਸ੍ਰੀਨਗਰ, 3 ਫਰਵਰੀ (ਏਜੰਸੀ)-ਕਸ਼ਮੀਰ ਵਾਦੀ ਵਿਚ ਅੱਜ ਸਵੇਰੇ ਵਿਸ਼ਵ ਪ੍ਰਸਿੱਧ ਗੁਲਮਰਗ ਸੈਲਾਨੀ ਕੇਂਦਰ ਤੇ ਹੋਰ ਉੱਚੀਆਂ ਥਾਵਾਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਜਦ ਕਿ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ ਸਮੇਤ ਅਨੇਕਾਂ ਥਾਵਾਂ 'ਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕਾ ਹੈ ਕਿ ਕਸ਼ਮੀਰ ਵਾਦੀ, ਲਦਾਖ ਤੇ ਜੰਮੂ ਦੇ ਖੇਤਰਾਂ ਵਿਚ ਅੱਜ ਸ਼ਾਮ ਤੋਂ ਅਗਲੇ 5 ਦਿਨਾਂ ਦੌਰਾਨ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ ਜਦ ਕਿ ਪੱਛਮੀ ਖੇਤਰ ਦੇ ਵਿਗੜੇ ਮੌਸਮ ਦਾ ਅਸਰ ਪਹਿਲਾਂ ਹੀ ਇਸ ਖੇਤਰ ਵਿਚ ਪੈ ਚੁੱਕਾ ਹੈ। ਤਾਜਾ ਬਰਫ਼ਬਾਰੀ ਨੇ ਸੈਲਾਨੀਆਂ ਤੇ ਸਥਾਨਕ ਲੋਕਾਂ ਦੇ ਚਿਹਰੇ 'ਤੇ ਰੌਣਕ ਲੈ ਆਂਦੀ ਹੈ। ਖਿਲਾਨਮਾਰਗ, ਅਫਾਰਵਤ ਤੇ ਕੋਂਗਡੋਰੀ ਸਮੇਤ ਹੋਰ ਉੱਚੀਆਂ ਥਾਵਾਂ 'ਤੇ ਦਰਮਿਆਨੀ ਬਰਫ਼ਬਾਰੀ ਹੋਈ ਹੈ। ਕੇਰਨ, ਕਰਨਾਹ, ਤੰਗਧਾਰ, ਮਚਿਲ, ਸਾਧਨਾ ਤੇ ਰਾਜ਼ਦਾਨ ਮਾਰਗਾਂ ਸਮੇਤ ਸਮੁੱਚੇ ਉਤਰੀ ਕਸ਼ਮੀਰ ਤੇ ਨਿਯੰਤਰਣ ਰੇਖਾ ਦੇ ਨਾਲ ਲਗਦੇ ਪਿੰਡਾਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਦਸੰਬਰ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕੁਪਵਾੜਾ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ। ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ 'ਤੇ ਵੀ ਤਾਜ਼ਾ ਬਰਫ਼ਬਾਰੀ ਹੋਈ ਜਦ ਕਿ ਅਸਮਾਨ ਉਪਰ ਬਦਲਵਾਈ ਰਹੀ।


ਇਸਲਾਮਾਬਾਦ, 3 ਫਰਵਰੀ -ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਖਿਲਾਫ਼ ਮਾਣਹਾਨੀ ਦੇ ਲਾਏ ਦੋਸ਼ਾਂ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਗਿਲਾਨੀ ਦੇ ਵਕੀਲ ਐਤਿਜਾਜ਼ ਅਹਿਸਨ ਵੱਲੋਂ ਅਪੀਲ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਸਰਕਾਰ ਇਸ ਸਬੰਧੀ ਕੋਈ ਵੀ ਕਦਮ ਅਗਲੇ ਮਹੀਨੇ ਹੋਣ ਵਾਲੀਆਂ ਸੈਨੇਟ ਚੋਣਾਂ ਨੂੰ ਸਾਹਮਣੇ ਰੱਖ ਕੇ ਚੁੱਕੇਗੀ। ਸਰਕਾਰ ਚਾਹੁੰਦੀ ਹੈ ਕਿ ਉਕਤ ਚੋਣਾਂ 'ਤੇ ਕੋਈ ਬੁਰਾ ਪ੍ਰਭਾਵ ਨਾ ਪਵੇ। ਕਾਨੂੰਨੀ ਮਾਹਿਰਾਂ ਨੂੰ ਵੀ ਇਸੇ ਮੁਤਾਬਿਕ ਰਣਨੀਤੀ ਉਲੀਕਣ ਲਈ ਆਖਿਆ ਗਿਆ ਹੈ। ਉਕਤ ਚੋਣਾਂ ਦੇ ਮੱਦੇਨਜ਼ਰ 54 ਸੀਟਾਂ ਲਈ 2 ਮਾਰਚ ਨੂੰ ਵੋਟਾਂ ਪੈਣੀਆਂ ਹਨ। ਅਦਾਲਤੀ ਫ਼ੈਸਲੇ ਨੂੰ ਲੈ ਕੇ ਪੀਪਲਜ਼ ਪਾਰਟੀ ਦੇ ਜ਼ਿਆਦਾਤਰ ਨੇਤਾ ਚੁੱਪ ਰਹੇ ਹਨ।
ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਾਂਗਾ-ਗਿਲਾਨੀ
ਇਹ ਭਰੋਸਾ ਦਿੰਦਿਆਂ ਕਿ ਸਰਕਾਰ ਨਿਆਂ ਪਾਲਕਾ ਨਾਲ ਕਿਸੇ ਵਿਵਾਦ ਵਿਚ ਨਹੀਂ ਪਵੇਗੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨਗੇ ਜਿਸ ਨੇ ਅਦਾਲਤੀ ਹੱਤਕ ਦੇ ਕੇਸ ਵਿਚ ਉਨ੍ਹਾਂ ਨੂੰ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ਼ ਅਦਾਲਤ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ।

ਇਸਲਾਮਾਬਾਦ, 3 ਫਰਵਰੀ -26/11 ਦੇ ਮੁੰਬਈ ਹਮਲਿਆਂ ਦੀ ਜਾਂਚ ਸਬੰਧੀ ਪਾਕਿਸਤਾਨ ਵੱਲੋਂ ਭੇਜਿਆ ਜਾਣ ਵਾਲੀ ਨਿਆਇਕ ਕਮੇਟੀ ਦੇ 10 ਫਰਵਰੀ ਤੋਂ ਪਹਿਲਾਂ ਭਾਰਤ ਆਉਣ ਦੇ ਆਸਾਰ ਹਨ। ਬੇਸ਼ੱਕ ਕੱਲ੍ਹ ਪਾਕਿਸਤਾਨ ਨੇ ਕੂਟਨੀਤਕ ਚੈਨਲ ਦੇ ਜ਼ਰੀਏ ਭਾਰਤ ਨੂੰ ਇਸ ਵਫ਼ਦ ਦੇ ਫਿਲਹਾਲ ਨਾ ਪੁੱਜ ਜਾਣ ਦੀ ਸੂਚਨਾ ਦੇ ਦਿੱਤੀ ਸੀ ਪਰ ਅੱਜ ਪਤਾ ਲੱਗਾ ਹੈ ਕਿ ਰਾਵਲਪਿੰਡੀ ਦੀ ਵਿਸ਼ੇਸ਼ ਅਦਾਲਤ ਵਿਚ 4 ਫਰਵਰੀ ਨੂੰ ਇਸ ਮਾਮਲੇ ਦੀ ਅਹਿਮ ਸੁਣਵਾਈ ਤੋਂ ਬਾਅਦ ਇਹ ਕਮੇਟੀ ਭਾਰਤ ਪੁੱਜ ਜਾਵੇਗੀ।

No comments:

Post a Comment