Monday, 26 March 2012

ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਵੀਜ਼ਾ ਪ੍ਰਣਾਲੀ ਸਰਲ ਕਰਨ ਬਾਰੇ ਸਮਝੌਤਾ
ਰੱਖਿਆ ਤੇ ਪ੍ਰਮਾਣੂ ਖੇਤਰ 'ਚ ਸਹਿਯੋਗ ਲਈ ਸਹਿਮਤੀ

ਸਿਓਲ 'ਚ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੁੰਗ ਬੱਕ ਮਿਲਦੇ ਹੋਏ।
ਸਿਓਲ, 25 ਮਾਰਚ -ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਅੱਜ ਵੀਜ਼ਾ ਪ੍ਰਕਿਰਿਆ ਸਰਲ ਕਰਨ ਲਈ ਇਕ ਸਮਝੌਤੇ 'ਤੇ ਦਸਤਖ਼ਤ ਹੋਏ। ਇਸ ਸਮਝੌਤੇ ਨਾਲ ਦੋਨਾਂ ਦੇਸ਼ਾਂ ਦੇ ਵਪਾਰੀਆਂ ਨੂੰ ਰਾਹਤ ਮਿਲੇਗੀ ਤੇ ਆਮ ਲੋਕਾਂ ਵਿਚਾਲੇ ਸੰਪਰਕ ਵਧੇਗਾ। ਦੋਵੇਂ ਦੇਸ਼ ਰੱਖਿਆ ਤੇ ਗੈਰ ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ ਹਨ। ਵਫ਼ਦ ਪੱਧਰ ਦੀ ਗੱਲਬਾਤ ਉਪਰੰਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੁੰਗ-ਬੱਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੈਰ ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਵਧਾਉਣ ਤੇ ਰੱਖਿਆ ਸਨਅਤ 'ਚ ਸਬੰਧ ਮਜ਼ਬੂਤ ਕਰਨ ਲਈ ਸਹਿਮਤੀ ਹੋਈ ਹੈ। ਦੋਨਾਂ ਦੇਸ਼ਾਂ ਵੱਲੋਂ ਰੱਖਿਆ ਸਨਅਤ ਜਿਵੇਂ ਸਮੁੰਦਰੀ ਬੇੜਿਆਂ, ਫੌਜੀ ਜਹਾਜ਼ਾਂ ਤੇ ਥਲ ਸੈਨਾ ਦੇ ਨਿਰਮਾਣ ਪ੍ਰਾਜੈਕਟਾਂ ਦੇ ਖੇਤਰ ਵਿਚ ਸਾਂਝੀ ਖੋਜ ਤੇ ਵਿਕਾਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਗੱਲਬਾਤ ਉਪਰੰਤ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 2015 ਤੱਕ 40 ਅਰਬ ਡਾਲਰ ਦੇ ਵਪਾਰ ਦਾ ਟੀਚਾ ਰੱਖਿਆ ਗਿਆ ਹੈ। ਦੋਵੇਂ ਧਿਰਾਂ ਸਹਿਮਤ ਹੋਈਆਂ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਆਰਥਿਕ ਸਬੰਧ ਭਵਿੱਖ ਵਿਚ ਵਪਾਰਕ ਸਬੰਧ ਹੋਰ ਗਹਿਰੇ ਹੋਣ ਦਾ ਸੰਕੇਤ ਹਨ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਹੋਣ ਉਪਰੰਤ ਦੋਵਾਂ ਦੇਸ਼ਾਂ ਵਿਚਾਲੇ ਦੁਪਾਸੜ ਵਪਾਰ 'ਚ 65 ਫ਼ੀਸਦੀ ਵਧਿਆ ਹੈ ਤੇ ਹੁਣ ਅਸੀਂ ਨਵਾਂ ਟੀਚਾ 40 ਅਰਬ ਡਾਲਰ ਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚਹੁੰਦੇ ਹਾਂ ਕਿ ਕੋਰੀਅਨ ਕੰਪਨੀਆਂ ਭਾਰਤ ਵਿਚ ਵੱਡੀ ਪੱਧਰ 'ਤੇ ਨਿਵੇਸ਼ ਕਰਨ। ਪ੍ਰਧਾਨ ਮੰਤਰੀ ਨੇ ਕੋਰੀਅਨ ਕੰਪਨੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਵਿਸ਼ੇਸ਼ ਤੌਰ 'ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਦੱਖਣੀ ਕੋਰੀਆ ਨਾਲ ਸਬੰਧ ਮਜਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਪੁਲਾੜ ਕੇਂਦਰ ਤੋਂ ਕੋਰੀਅਨ ਉੱਪ ਗ੍ਰਹਿ ਦਾਗਣ ਦੀ ਵੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਮਾਣੂ ਸਪਲਾਇਰ ਗਰੁੱਪ ਦਾ ਮੈਂਬਰ ਬਨਣ ਲਈ ਭਾਰਤ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ 'ਚ ਸਿਓਲ ਕੋਲੋਂ ਸਮਰਥਨ ਮੰਗਿਆ। ਇਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਣ 'ਚ ਹਿੱਸਾ ਲੈਣ ਲਈ ਬੀਤੇ ਦਿਨ ਇਥੇ ਪੁੱਜੇ ਸਨ। ਦੋ ਦਿਨਾ ਸਿਖਰ ਸੰਮੇਲਣ ਕੱਲ੍ਹ ਇਥੇ ਆਗੂਆਂ ਦੇ ਦੁਪਹਿਰ ਦੇ ਖਾਣੇ ਮੌਕੇ ਜੁੜਨ ਨਾਲ ਸ਼ੁਰੂ ਹੋਵੇਗਾ।
 
ਮਾਮਲਾ ਭਾਈ ਰਾਜੋਆਣਾ ਦੀ ਫਾਂਸੀ ਦਾ
ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ
ਪੰਜਾਬ ਸਰਕਾਰ ਦੇ ਫ਼ੈਸਲੇ 'ਤੇ ਮੋਹਰ
ਪਾਰਟੀ ਸਜ਼ਾ ਮੁਆਫ਼ੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ
 ਸ਼੍ਰੋਮਣੀ ਕਮੇਟੀ ਨੂੰ ਸਜ਼ਾ ਮੁਆਫ਼ੀ ਦੀ ਅਰਜ਼ੀ ਤੁਰੰਤ ਰਾਸ਼ਟਰਪਤੀ ਕੋਲ ਦਾਇਰ ਕਰਨ ਲਈ ਕਿਹਾ ੲ ਬਾਦਲ ਅੱਜ ਮੁੱਦੇ 'ਤੇ ਵਿਧਾਨ ਸਭਾ 'ਚ ਬਿਆਨ ਦੇਣਗੇ
ਚੰਡੀਗੜ੍ਹ, 25 ਮਾਰਚ -ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਇੱਥੇ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਕਾਨੂੰਨੀ ਅਤੇ ਹੋਰ ਜੋ ਵੀ ਕਦਮ ਲੋੜੀਂਦੇ ਹੋਣ, ਚੁੱਕੇ। ਕਮੇਟੀ ਨੇ ਰਾਜ ਸਰਕਾਰ ਵੱਲੋਂ ਇਸ ਕੇਸ ਸਬੰਧੀ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਪ੍ਰੋੜਤਾ ਕਰਦਿਆਂ ਰਾਜ ਸਰਕਾਰ ਵੱਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਸਬੰਧੀ ਚੰਡੀਗੜ੍ਹ ਦੀ ਅਦਾਲਤ ਦੇ ਹੁਕਮਾਂ ਨੂੰ ਵਾਪਿਸ ਕੀਤੇ ਜਾਣ ਅਤੇ ਰਾਜ ਸਰਕਾਰ ਵੱਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਦੀ ਵੀ ਪ੍ਰੋੜਤਾ ਕਰਦਿਆਂ ਸਪੱਸ਼ਟ ਕੀਤਾ ਕਿ ਅਸਲੀਅਤ ਇਹ ਹੈ ਕਿ ਕਾਨੂੰਨੀ ਤੌਰ 'ਤੇ ਇਨ੍ਹਾਂ ਹੁਕਮਾਂ 'ਤੇ ਅਮਲ ਕੀਤਾ ਜਾਣਾ ਸੰਭਵ ਹੀ ਨਹੀਂ ਸੀ। ਕੋਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਗਿਆ ਕਿ ਉਹ ਤੁਰੰਤ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਦਾਇਰ ਕਰੇ। ਮੀਟਿੰਗ ਵੱਲੋਂ ਇੱਕ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਈ ਰਾਜੋਆਣਾ ਨੂੰ ਸਜ਼ਾ ਮੁਆਫ਼ੀ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ, ਤਾਂ ਜੋ ਵੱਡੀਆਂ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਵਿਚ ਲਿਆਂਦੀ ਗਈ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੋ ਅੱਜ ਦੀ ਇਸ ਮੀਟਿੰਗ ਵਿਚ ਹਾਜ਼ਰ ਸਨ, ਨੇ ਦੱਸਿਆ ਕਿ ਉਹ ਕੱਲ੍ਹ ਵਿਧਾਨ ਸਭਾ ਵਿਚ ਇਸ ਮੁੱਦੇ 'ਤੇ ਬਿਆਨ ਦੇਣਗੇ। ਦਲ ਦੀ ਕੋਰ ਕਮੇਟੀ ਨੇ ਸਾਰੀਆਂ ਸਿਆਸੀ ਪਾਰਟੀਆਂ, ਜਥੇਬੰਦੀਆਂ, ਸੰਸਥਾਵਾਂ ਅਤੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੀ ਮੰਗ ਲਈ ਸਮਰਥਨ ਦੇਣ, ਜੋ ਕਿ ਸੂਬੇ ਅਤੇ ਦੇਸ਼ ਦੇ ਮੁਫਾਦ ਲਈ ਜ਼ਰੂਰੀ ਹੈ। ਸੂਚਨਾ ਅਨੁਸਾਰ ਦਲ ਦੀ ਕੋਰ ਕਮੇਟੀ ਵਿਚ ਅੱਜ ਭਾਜਪਾ ਵੱਲੋਂ ਭਾਈ ਰਾਜੋਆਣਾ ਲਈ ਸਜ਼ਾ ਮੁਆਫ਼ੀ ਦੇ ਮੁੱਦੇ 'ਤੇ ਲਏ ਗਏ ਸਟੈਂਡ ਨੂੰ ਵੀ ਵਿਚਾਰਿਆ ਗਿਆ, ਜਿਸ ਵਿਚ ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਜੋ ਸਟੈਂਡ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਸਬੰਧੀ ਲਿਆ ਹੈ, ਉਹ ਹੀ ਸਟੈਂਡ ਭਾਜਪਾ ਦਾ ਭਾਈ ਰਾਜੋਆਣਾ ਦੇ ਮਸਲ੍ਹੇ ਵਿਚ ਰਹੇਗਾ, ਕਿਉਂਕਿ ਭਾਜਪਾ ਅੱਤਵਾਦੀ ਕਾਰਵਾਈਆਂ ਦੇ ਵਿਰੁੱਧ ਹੈ। ਕਮੇਟੀ ਵੱਲੋਂ ਅੱਜ ਮੀਟਿੰਗ ਤੋਂ ਬਾਅਦ ਜਾਰੀ ਪ੍ਰੈੱਸ ਨੋਟ ਵਿਚ ਕਹੀ ਗਈ ਇਹ ਗੱਲ ਕਿ ਪਾਰਟੀ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਮੁੱਦੇ 'ਤੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋਵੇਗੀ, ਸ਼ਾਇਦ ਉਨ੍ਹਾਂ ਜਮਾਤਾਂ ਲਈ ਹੀ ਸੁਨੇਹਾ ਹੈ, ਜੋ ਇਸ ਮਸਲ੍ਹੇ ਦਾ ਵਿਰੋਧ ਕਰ ਸਕਦੀਆਂ ਹਨ। ਮੀਟਿੰਗ ਦੌਰਾਨ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਬਿਆਨ ਵੀ ਵਿਚਾਰਿਆ ਗਿਆ, ਜਿਸ 'ਤੇ ਪਾਰਟੀ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਅੱਜ ਦੀ ਇਸ ਮੀਟਿੰਗ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਮੌਜੂਦਾ ਮੰਤਰੀ ਸ. ਜਨਮੇਜਾ ਸਿੰਘ ਅਤੇ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਸ੍ਰੀ ਹਰਚਰਨ ਬੈਂਸ ਸ਼ਾਮਿਲ ਸਨ।
 
ਅੰਨਾ ਦੀ ਭੁੱਖ ਹੜਤਾਲ ਨੂੰ ਲੋਕਾਂ ਦਿੱਤਾ ਹੁੰਗਾਰਾ
ਕੇਂਦਰ ਦੇ 14 ਭ੍ਰਿਸ਼ਟ ਮੰਤਰੀਆਂ ਖਿਲਾਫ਼ ਕੇਸ ਦਰਜ ਹੋਵੇ
ਨਵੀਂ ਦਿੱਲੀ, 25 ਮਾਰਚ -ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੋਈ ਵੀ ਕਦਮ ਨਾ ਉਠਾਏ ਜਾਣ ਦੇ ਵਿਰੁੱਧ ਅੱਜ ਇਥੇ ਇਕ ਦਿਨਾ ਭੁੱਖ ਹੜਤਾਲ 'ਤੇ ਬੈਠਦਿਆਂ ਕਿਹਾ ਕਿ ਦੇਸ਼ ਦੀ ਸਰਕਾਰ ਗੂੰਗੀ ਅਤੇ ਬੋਲ਼ੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਨਾ ਜੰਤਰ-ਮੰਤਰ ਵਿਖੇ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਗਏ ਅਤੇ ਉਥੇ 2 ਮਿੰਟ ਦਾ ਮੌਨ ਧਾਰਨ ਕੀਤਾ। ਕਰੀਬ 11 ਵਜੇ ਜੰਤਰ-ਮੰਤਰ ਪਹੁੰਚੇ ਅੰਨਾ ਦਾ ਉਥੇ ਹਾਜ਼ਰ ਵੱਡੀ ਗਿਣਤੀ 'ਚ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾ ਕੇ ਸਵਾਗਤ ਕੀਤਾ। ਅੰਨਾ ਦੀ ਅੱਜ ਦੀ ਭੁੱਖ ਹੜਤਾਲ ਹਾਲ ਹੀ 'ਚ ਮੱਧ ਪ੍ਰਦੇਸ਼ 'ਚ ਖਦਾਨ ਮਾਫੀਆ ਵੱਲੋਂ ਮਾਰੇ ਗਏ ਇਮਾਨਦਾਰ ਆਈ.ਪੀ.ਐਸ. ਅਧਿਕਾਰੀ ਨਰਿੰਦਰ ਕੁਮਾਰ ਨੂੰ ਇਨਸਾਫ ਦਿਵਾਉਣ  ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਹੈ। ਇਸ ਮੌਕੇ ਅੰਨਾ ਦੇ ਨਾਲ ਸਟੇਜ 'ਤੇ ਨਰਿੰਦਰ ਕੁਮਾਰ ਦੇ ਪਰਿਵਾਰ ਸਮੇਤ ਲਈ ਹੋਰ ਅਧਿਕਾਰੀਆਂ ਦੇ ਪਰਿਵਾਰ ਵੀ ਮੌਜ਼ੂਦ ਸਨ ਜੋ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰ ਦੇ ਸ਼ਹੀਦ ਹੋ ਗਏ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਸਮਾਜ ਸੇਵੀ ਅੰਨਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਦਿਆਂ ਸ਼ਹੀਦ ਹੋਏ ਲੋਕਾਂ ਦੇ ਮਾਪੇ, ਪਤਨੀਆਂ ਅਤੇ ਬੱਚੇ ਇਨਸਾਫ ਲਈ ਦਰ ਦਰ ਭਟਕ ਰਹੇ ਹਨ ਪਰ ਸਰਕਾਰ ਗੂੰਗੀ ਅਤੇ ਬੋਲ਼ੀ ਬਣ ਕੇ ਬੈਠੀ ਹੈ ਤੇ ਲੋਕਾਂ ਦੇ ਰੋਣ ਦੀ ਇਸ ਨੂੰ ਕੋਈ ਪਰਵਾਹ ਨਹੀਂ। ਅੰਨਾ ਨੇ ਕਿਹਾ ਕਿ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਲੰਬਾ ਸੰਘਰਸ਼ ਕਰਨਾ ਪਵੇਗਾ। ਦੱਸਣਯੋਗ ਹੈ ਕਿ ਇਸ ਮੌਕੇ ਸ਼ਾਂਤੀ ਭੂਸ਼ਣ, ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਅਤੇ ਮਨੀਸ਼ ਸਿਸੋਦੀਆਂ ਸਮੇਤ ਅੰਨਾ ਟੀਮ ਦੇ ਲਗਭਗ ਸਾਰੇ ਮੈਂਬਰ ਹਾਜਰ ਸਨ। ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਬਾਰੇ ਆਪਣਾ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਅੰਨਾ ਨੂੰ ਇਸ ਤਰਾਂ ਕਰਨ ਦਾ ਪੂਰਾ ਹਕ ਹੈ ਪਰ ਕਾਨੂੰਨ ਸੰਸਦ ਦੁਆਰਾ ਹੀ ਬਣਾਏ ਜਾਂਦੇ ਹਨ ਨਾ ਕਿ ਕਿਸੇ ਇਕ ਵਿਅਕਤੀ ਦੁਆਰਾ।

ਜੰਤਰ-ਮੰਤਰ ਵਿਖੇ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਸਮਰਥਕ ਅਤੇ ਇਕ ਦਿਨਾ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਰਾਜਘਾਟ ਵਿਖੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਸਮਾਜ-ਸੇਵੀ ਅੰਨਾ ਹਜ਼ਾਰੇ ਨਾਲ ਹਨ ਕਿਰਨ ਬੇਦੀ, ਮਨੀਸ਼ ਸਿਸੋਦੀਆ ਤੇ ਹੋਰ।
ਪਾਰਟੀ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਬੇਸ਼ਕ ਸਰਕਾਰ ਲੋਕਪਾਲ ਲਿਆਉਣ ਲਈ ਵਚਨਬੱਧ ਹੈ ਪਰ ਸਾਰੇ ਜਾਣਦੇ ਹਨ ਕਿ ਸਾਡੇ ਕੋਲ ਰਾਜ ਸਭਾ 'ਚ ਬਹੁਮਤ ਨਹੀਂ ਹੈ ਇਸ ਲਈ ਅਸੀਂ ਸੰਸਦ 'ਚ ਲੋਕਪਾਲ ਬਿਲ ਪਾਸ ਕਰਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਾਂਗਰਸ ਦੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੰਨਾ ਦੀ ਭੁੱਖ ਹੜਤਾਲ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਲਵੀ ਨੇ ਕਿਹਾ ਕਿ ਸੰਸਦ ਸਭ ਤੋਂ ਉਪਰ ਹੈ ਜਿੱਥੇ ਲੋਕਾਂ ਨੇ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਿਆ ਹੈ। ਅੱਜ ਅੰਨਾ ਹਜ਼ਾਰੇ ਨੇ ਇਕ ਨਵਾਂ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਯੂ. ਪੀ. ਏ. ਸਰਕਾਰ 'ਚ ਸ਼ਾਮਿਲ 14 ਭ੍ਰਿਸ਼ਟ ਮੰਤਰੀਆਂ ਵਿਰੁੱਧ ਅਗਸਤ ਮਹੀਨੇ ਤਕ ਐਫ.ਆਈ.ਆਰ. ਦਰਜ ਕੀਤੀ ਜਾਵੇ ਨਹੀਂ ਤਾਂ ਜੇਲ੍ਹ ਭਰੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

No comments:

Post a Comment