ਚੰਡੀਗੜ੍ਹ, 25 ਮਾਰਚ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੋਂ ਜਾਰੀ ਇੱਕ ਬਿਆਨ ਵਿਚ ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਮੌਤ ਤੋਂ ਘਟਾਕੇ ਉਮਰ ਕੈਦ ਵਿਚ ਤਬਦੀਲ ਕਰਨ ਦੇ ਦਿੱਤੇ ਗਏ ਵਿਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਇਸ ਵਿਚਾਰ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਅਗਰ ਮੌਜੂਦਾ ਰਾਜ ਸਰਕਾਰ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਮੰਤਵ ਲਈ ਅਪੀਲ ਜਾਂ ਪਟੀਸ਼ਨ ਭੇਜੇਗੀ ਤਾਂ ਉਹ ਉਸ ਦਾ ਸਮਰਥਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਮਰਹੂਮ ਸ. ਬੇਅੰਤ ਸਿੰਘ ਨੇ ਸੂਬੇ ਵਿਚ ਸ਼ਾਂਤੀ ਦੀ ਸਥਾਪਤੀ ਲਈ ਆਪਣੀ ਜਾਨ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਅੱਜ ਇਸ ਗੱਲ ਲਈ ਇੱਕਮੁੱਠ ਹਨ ਕਿ ਸੂਬੇ ਵਿਚਲੀ ਸ਼ਾਂਤੀ ਨੂੰ ਹਰ ਕੀਮਤ 'ਤੇ ਬਹਾਲ ਰੱਖਿਆ ਜਾਵੇ ਅਤੇ ਇਸੇ ਲਈ ਉਨ੍ਹਾਂ ਵੱਲੋਂ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੇ ਜਾਣ ਦੀ ਮੰਗ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਉਕਤ ਵਿਚਾਰ ਨਾਲ ਸਹਿਮਤ ਹੈ ਅਤੇ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਮੰਤਵ ਲਈ ਸਰਕਾਰ ਨੂੰ ਵੀ ਕੋਈ ਸਮਰਥਨ ਦੇਣ ਵਿਚ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਵੱਡੀ ਕੀਮਤ ਅਦਾ ਕਰਕੇ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ।
ਲਖਨਊ, 25 ਮਾਰਚ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਉਤਸ਼ਾਹਿਤ ਸਮਾਜਵਾਦੀ ਪਾਰਟੀ (ਸਪਾ) ਮੁਖੀ ਮੁਲਾਇਮ ਸਿੰਘ ਯਾਦਵ ਨੇ ਕਾਰਕੁੰਨਾਂ ਨੂੰ ਕਿਹਾ ਕਿ 2012 ਦਾ ਮਿਸ਼ਨ ਜਿੱਤਣ ਤੋਂ ਬਾਅਦ ਹੁਣ ਸਾਡਾ ਟੀਚਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਰੀ ਜਿੱਤ ਹਾਸਲ ਕਰਕੇ ਦਿੱਲੀ 'ਤੇ ਕਬਜ਼ਾ ਕਰਨਾ ਹੈ। ਪਾਰਟੀ ਦਫ਼ਤਰ 'ਚ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਮੁਲਾਇਮ ਨੇ ਕਿਹਾ ਕਿ ਤੁਹਾਡੀ ਲੋਕਾਂ ਦੀ ਮਿਹਨਤ ਅਤੇ ਲਗਨ ਤੋਂ ਸਮਾਜਵਾਦੀ ਪਾਰਟੀ ਨੇ ਲਖਨਊ ਦੀ ਲੜਾਈ ਜਿੱਤ ਲਈ। ਹੁਣ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਡਾ ਟੀਚਾ ਸਾਲ 2012 'ਚ ਹੋਣ ਵਾਲੀਆਂ ਆਮ ਚੋਣਾਂ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣਾ ਹੈ। ਯਾਦਵ ਨੇ ਕਿਹਾ ਕਿ ਲੋਕ ਸਭਾ ਦੀਆਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਹੀ ਦਿੱਲੀ 'ਤੇ ਕਬਜ਼ਾ ਕਰ ਸਕਾਂਗੇ। ਯਾਦਵ ਨੇ ਕਿਹਾ ਕਿ ਪਾਰਟੀ ਕਾਰਕੁੰਨ ਆਪਣੇ-ਆਪਣੇ ਖੇਤਰਾਂ 'ਚ ਵਾਪਸ ਜਾਣ। ਜਨਤਾ ਨਾਲ ਸੰਪਰਕ ਕਰਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨ। ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਮਾਮਲਿਆਂ 'ਤੇ ਵਿਸ਼ੇਸ਼ ਧਿਆਨ ਦੇਣ।
ਜੇਠੂਵਾਲ/ਮਜੀਠਾ/ਕੱਥੂਨੰਗਲ, 25 ਮਾਰਚ -ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਮਜਵਿੰਡ ਵਿਖੇ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਹੈ। ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੱਜਵਿੰਡ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਪਿੰਡ ਦੇ ਇੱਕ ਕਿਸਾਨ ਦੀ ਹਵੇਲੀ 'ਚ ਰੱਖੀਆਂ ਗਈਆਂ ਟ੍ਰੈਕਟਰ ਦੀਆਂ ਹੱਲਾਂ ਨੂੰ ਗਿਣੀ-ਮਿਣੀ ਸ਼ਾਜਿਸ਼ ਤਹਿਤ ਚੋਰੀ ਕਰਕੇ ਘੋੜਾਂ-ਰੇੜ੍ਹੇ 'ਤੇ ਲੱਦ ਕੇ ਲੈ ਕੇ ਜਾ ਰਹੇ ਸਨ ਕਿ ਪਿੰਡ ਦੇ ਹੀ ਵਸਨੀਕ ਨੌਜਵਾਨ ਨਿਰਮਲ ਸਿੰਘ ਪੁੱਤਰ ਕਸ਼ਮੀਰ ਸਿੰਘ ਜਿਸ ਦਾ ਘਰ ਪਿੰਡ ਦੇ ਬਾਹਰ ਵਾਰ ਹੋਣ ਕਰਕੇ ਉਸਨੇ ਵੇਖ ਲਿਆ ਤਾਂ ਉਸ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਆਪਣੇ ਘਰ ਆ ਕੇ ਵੀ ਦੱਸਿਆ ਅਤੇ ਨੌਜਵਾਨ ਨੇ ਇਕੱਲਿਆਂ ਹੀ ਦਲੇਰੀ ਕਰਦਿਆਂ ਆਪਣਾ ਮੋਟਰਸਾਈਕਲ ਲੈ ਕੇ ਚੋਰਾਂ ਨੂੰ ਫੜਣ ਲਈ ਉਨ੍ਹਾਂ ਦੇ ਪਿੱਛੇ ਚਲਾ ਗਿਆ, ਜਿਸ 'ਤੇ ਇਕੱਲਾ ਹੋਣ ਕਰਕੇ ਨੌਜਵਾਨ ਨਿਰਮਲ ਸਿੰਘ ਨੂੰ ਚੋਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦਿਆਂ ਕਤਲ ਕਰ ਦਿੱਤਾ। ਨਿਰਮਲ ਸਿੰਘ ਨੂੰ ਕਤਲ ਕਰਕੇ ਚੋਰਾਂ ਨੇ ਉਸ ਦੀ ਲਾਸ਼ ਨੂੰ ਪਿੰਡ ਮੱਜਵਿੰਡ ਦੇ ਖੇਤਾਂ 'ਚ ਸੁੱਟ ਦਿੱਤਾ ਅਤੇ ਚੋਰੀ ਕੀਤੀਆਂ ਟ੍ਰੈਕਟਰ ਦੀਆਂ ਹੱਲਾਂ ਤੇ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਵੀ ਚੋਰ ਲੈ ਕੇ ਰਫੂਚੱਕਰ ਹੋ ਗਏ। ਪੁਲਿਸ ਵੱਲੋਂ ਡੀ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਤੇ ਥਾਣਾ ਮੁਖੀ ਹਰਭਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਸਰਗਰਮੀ ਨਾਲ ਜਾਰੀ ਹੈ। ਮ੍ਰਿਤਕ ਆਪਣੇ ਪਿੱਛੇ ਇਕ ਛੋਟੀ ਬੱਚੀ ਤੇ ਵਿਧਵਾ ਛੱਡ ਗਿਆ ਹੈ।
ਇਸਲਾਮਾਬਾਦ, 25 ਮਾਰਚ -ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਵੀ ਗੈਰ ਫੌਜੀ ਪ੍ਰਮਾਣੂ ਤਕਨੀਕ ਚਾਹੁੰਦਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਭਾਰਤ ਨਾਲ ਕਿਸੇ ਵੀ ਤਰਾਂ ਦਾ ਰਣਨੀਤਕ ਅਸੰਤੁਲਨ ਖੇਤਰ 'ਚ ਅਸਥਿਰਤਾ ਪੈਦਾ ਕਰ ਸਕਦਾ ਹੈ। ਗਿਲਾਨੀ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਇਸ ਸਬੰਧੀ ਗੱਲਬਾਤ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ ਕਿਉਂਕਿ ਜੇਕਰ ਭਾਰਤ ਅਤੇ ਪਾਕਿਸਤਾਨ 'ਚ ਇਸ ਤਰਾਂ ਦਾ ਅਸੰਤੁਲਨ ਹੋਵੇਗਾ ਤਾਂ ਖੇਤਰ 'ਚ ਸਥਿਰਤਾ ਨਹੀਂ ਹੋਵੇਗੀ। ਸਿਓਲ ਵਿਖੇ ਹੋਣ ਵਾਲੇ ਪ੍ਰਮਾਣੂ ਸੁਰੱਖਿਆ ਸੰਮੇਲਨ 'ਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਵਲਪਿੰਡੀ 'ਚ ਸੈਨਾ ਦੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ ਨੂੰ ਕਹਾਂਗੇ ਕਿ ਪ੍ਰਮਾਣੂ ਤਕਨੀਕ ਸਾਡੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਪ੍ਰਮਾਣੂ ਤਕਨੀਕ ਬਾਰੇ ਭਾਰਤ ਵਰਗੀ ਸੰਧੀ ਲਈ ਅਮਰੀਕਾ ਸਮੇਤ ਪੂਰਬੀ ਦੇਸ਼ਾਂ 'ਤੇ ਦਬਾਅ ਬਣਾਉਂਦਾ ਰਿਹਾ ਹੈ।
ਡੇਹਲੋਂ ਨੇੜੇ ਟਰੱਕ ਹਾਦਸੇ 'ਚ 3 ਮੌਤਾਂ, 16 ਜ਼ਖ਼ਮੀ
ਡੇਹਲੋਂ ਨੇੜੇ ਵਾਪਰੇ ਹਾਦਸੇ 'ਚ ਨੁਕਸਾਨੇ ਗਏ ਟਰੱਕ ਅਤੇ ਇੰਨਸੈੱਟ ਮ੍ਰਿਤਕ ਬਿੰਦਰ ਸਿੰਘ, ਗੁਰਦੀਪ ਸਿੰਘ, ਸਾਧੂ ਰਾਮ ਦੀਆਂ ਪੁਰਾਣੀਆਂ ਤਸਵੀਰਾਂ।
ਡੇਹਲੋਂ/ਆਲਮਗੀਰ, 25 ਮਾਰਚ-ਬੀਤੀ ਰਾਤ ਕਰੀਬ 11:30 ਵਜੇ ਲੁਧਿਆਣਾ-ਡੇਹਲੋਂ-ਮਾਲੇਰਕੋਟਲਾ ਸੜਕ ਤੇ ਕਸਬਾ ਡੇਹਲੋਂ ਨਜ਼ਦੀਕ ਵਾਪਰੇ ਟਰੱਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ (ਜਿਹਨਾਂ 'ਚ 21 ਸਾਲਾ ਨੌਜਵਾਨ ਸ਼ਾਮਿਲ ਹੈ) ਅਤੇ 16 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਹੈ। ਜਿਨ੍ਹਾਂ 'ਚੋਂ 7 ਵਿਅਕਤੀ ਦਿਆ ਨੰਦ ਹਸਪਤਾਲ ਲੁਧਿਆਣਾ ਵਿਖੇ ਸਖ਼ਤ ਜ਼ਖ਼ਮੀ ਹੋਣ ਕਾਰਨ ਜ਼ੇਰੇ ਇਲਾਜ ਹਨ, ਜਦਕਿ ਇਨ੍ਹਾਂ 'ਚ ਦੋ ਗੰਭੀਰ ਰੂਪ 'ਚ ਰੀਡ ਦੀ ਹੱਡੀ ਟੁੱਟ ਜਾਣ ਕਾਰਨ ਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਕਸਬਾ ਡੇਹਲੋਂ ਸਮੇਤ ਆਸ ਪਾਸ ਦੇ ਪਿੰਡਾਂ ਰੁੜਕਾ, ਖੱਟੜਾ, ਗੁਰਮ, ਢੋਡੇ ਤੋਂ ਦੋ ਟਰੱਕਾਂ 'ਚ ਸਵਾਰ 125 ਦੇ ਕਰੀਬ ਸੰਗਤਾਂ ਸਿਰਸੇ ਨੂੰ ਮੱਥਾ ਟੇਕਣ ਜਾ ਰਹੇ ਸਨ ਕਿ ਡੇਹਲੋਂ ਤੋਂ ਕਰੀਬ 2 ਕਿਲੋਮੀਟਰ ਦੂਰੀ ਤੇ ਹੀ ਮੰਦਭਾਗਾ ਹਾਦਸਾ ਵਾਪਰ ਗਿਆ। ਹੋਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿ ਸਾਰੀਆਂ ਸੰਗਤਾਂ ਟਰੱਕ ਨੰਬਰ ਪੀ.ਬੀ. 10 ਜੀ 9531 ਅਤੇ ਟਰੱਕ ਨੰਬਰ ਪੀ.ਬੀ. 10 ਸੀ.ਬੀ. 7575 ਦੋ ਟਰੱਕਾਂ 'ਚ ਸਵਾਰ ਹੋ ਕੇ ਜਿਉਂ ਹੀ ਸਿਰਸੇ ਨੂੰ ਚੱਲੀਆਂ ਕਸਬਾ ਡੇਹਲੋਂ ਤੋਂ ਥੋੜੀ ਦੂਰ ਪਿੰਡ ਲਹਿਰੇ ਤੋਂ ਪਹਿਲਾਂ ਲੁਧਿਆਣਾ ਮਲੇਰਕੋਟਲਾ ਸੜਕ 'ਤੇ ਦੋਵੇਂ ਟਰੱਕ ਖੱਬੇ ਪਾਸੇ ਖੜੇ ਕਰ ਦਿੱਤੇ ਟਰੱਕ 'ਚ ਸਵਾਰ ਸੰਗਤਾਂ ਅਨੁਸਾਰ ਕਿ ਦੋਵੇਂ ਟਰੱਕ ਖੜੇ ਕਰਕੇ ਲਾਗਲੇ ਪਿੰਡ ਰੁੜਕਾ ਤੋਂ ਕੋਈ ਭੁੱਲੀ ਚੀਜ਼ ਲੇਣ ਉਡੀਕ ਕਰ ਰਹੇ ਸਨ ਜਦਕਿ ਟਰੱਕਾਂ 'ਚੋਂ ਕੁਝ ਵਿਅਕਤੀ ਹੇਠਾਂ ਉਤਰ ਗਏ ਸਨ ਅਤੇ ਆਪਸ 'ਚ ਗੱਲਾਂ ਹੀ ਕਰ ਰਹੇ ਸਨ ਤਾਂ ਡੇਹਲੋਂ ਵਾਲੇ ਪਾਸਿਓਂ ਪਿੱਛੋਂ ਆਏ ਰੇਤੇ ਦੇ ਭਰੇ ਟਰੱਕ ਨੰਬਰ ਐਚ.ਆਰ. 56-2597 ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਜਿਸ ਕਾਰਨ ਜਿਥੇ ਇਕ ਸੰਗਤਾਂ ਵਾਲਾ ਟਰੱਕ ਟੋਇਆ 'ਚ ਉਤਰ ਗਿਆ ਤੇ ਉਸ ਵਿਚ ਬੈਠੇ ਦੋ ਵਿਅਕਤੀ ਸਖ਼ਤ ਜ਼ਖ਼ਮੀ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਬਿੰਦਰ ਸਿੰਘ ਪੁੱਤਰ ਸਰਨਾ ਸਿੰਘ ਉਮਰ 50 ਸਾਲ, ਪਿੰਡ ਰੁੜਕਾ ਅਤੇ ਗੁਰਦੀਪ ਸਿੰਘ ਪੁੱਤਰ ਮਸਤਾਨ ਸਿੰਘ ਉਮਰ 21 ਸਾਲ ਪਿੰਡ ਖੱਟੜਾ ਚੁਹਾਰਮ ਵਜੋਂ ਹੋਈ, ਜਦਕਿ ਰੁੜਕਾ ਨਿਵਾਸੀ ਤੀਸਰਾ ਸਾਧੂ ਰਾਮ ਪੁੱਤਰ ਪਿਆਰੇ ਲਾਲ ਉਮਰ ਕਰੀਬ 48 ਸਾਲ ਸਖ਼ਤ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦੀਆਂ ਗਈਆਂ ਹਨ। ਇਥੇ ਦੱਸਣਯੋਗ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ ਤਿੰਨ 108 ਐਂਬੂਲੈਸਾਂ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦਾ ਗਿਆ। ਜਿਨ੍ਹਾਂ ਨੂੰ ਮੌਕੇ ਤੇ ਹਾਜ਼ਰ ਡਾ: ਜਸਨੀਬ ਸੰਧੂ, ਫਾਰਮਾਸਿਸਟ ਕਰਮਜੀਤ ਸਿੰਘ, ਸਟਾਫਰ ਪਵਨਦੀਪ ਕੌਰ ਸਮੇਤ ਟੀਮ ਨੇ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਗੰਭੀਰ ਰੂਪ ਸ਼ਿੰਗਾਰਾ ਸਿੰਘ, ਜਿਸਦੀ ਰੀਡ ਦੇ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਹੈ। ਨੌਜਵਾਨ ਮਨਦੀਪ ਸਿੰਘ ਰਿੰਕੂ ਪੁੱਤਰ ਬਲਦੇਵ ਸਿੰਘ ਡੇਹਲੋਂ ਜਿਸ ਦੀਆਂ ਲੱਤਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਦੋਵੇਂ ਜ਼ਿੰਦਗੀ ਮੌਤ ਦੀ ਲੜਾਈ ਦਿਆ ਨੰਦ ਹਸਪਤਾਲ ਵਿਖੇ ਲੜ ਰਹੇ ਹਨ, ਜਦਕਿ ਬਾਕੀ ਗੁਰਮ ਪਿੰਡ ਦੇ ਪੰਜ ਸਖ਼ਤ ਜ਼ਖ਼ਮੀ ਲਖਵਿੰਦਰ ਸਿੰਘ (22 ਸਾਲ), ਕੁਲਵਿੰਦਰ ਸਿੰਘ (23), ਹਰਨੇਕ ਸਿੰਘ (50), ਭੂਸ਼ਣ (40), ਨਰੇਸ਼ 30 ਸਾਲ ਸਾਰੇ ਗੁਰਮ ਨਿਵਾਸੀ ਵੀ ਜ਼ੇਰੇ ਇਲਾਜ ਹਨ, ਜਦੋਂਕਿ ਬਾਕੀ ਹੋਰ ਜ਼ਖ਼ਮੀਆਂ ਦੀ ਪਛਾਣ 16 ਸਾਲਾ ਕੁਲਵਿੰਦਰ ਸਿੰਘ ਪਿੰਡ ਨੰਗਲ, 19 ਸਾਲਾ ਤੇਜਿੰਦਰ ਸਿਘ ਢੋਡੇ, ਭਗਵਾਨ ਸਿੰਘ ਪੁੱਤਰ ਦਲਬਾਰਾ ਸਿੰਘ 40 ਸਾਲ ਪਿੰਡ ਡੇਹਲੋਂ, ਕੁਲਜੀਤ ਸਿੰਘ 14 ਸਾਲ ਪੁੱਤਰ ਨਾਜਰ ਸਿੰਘ, ਤਰਸੇਮ ਸਿੰਘ (18) ਪੁੱਤਰ ਭਗਵਾਨ ਸਿੰਘ ਡੇਹਲੋਂ, ਗੁਰਨਾਮ ਸਿੰਘ (45) ਪੁੱਤਰ ਸੰਤ ਸਿੰਘ ਨੰਗਲ, ਸੁਰਿੰਦਰ ਕੌਰ ਪਤਨੀ ਸ਼ਿੰਗਾਰਾ ਸਿੰਘ, ਮਨਵਿੰਦਰ ਸਿੰਘ ਬੰਟੀ ਪੁੱਤਰ ਸ਼ਿੰਗਾਰਾ ਸਿੰਘ, ਪਲਵਿੰਦਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਜੋਂ ਹੋਈ ਹੈ। ਸਿਵਲ ਹਸਤਪਾਲ ਮ੍ਰਿਤਕਾਂ ਦੇ ਵਾਰਸਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਹਲਕਾ ਗਿੱਲ ਦੇ ਵਿਧਾਇਕ ਸ: ਦਰਸ਼ਨ ਸਿੰਘ ਸ਼ਿਵਾਲਿਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਆਪਣੇ ਅਖਤਿਆਰੀ ਫੰਡ 'ਚੋਂ ਦੇਣ ਦਾ ਐਲਾਨ ਕੀਤਾ, ਜਦਕਿ ਦੁਪਹਿਰ ਬਾਅਦ ਸੀ. ਐਮ. ਓ. ਸ੍ਰੀ ਸੁਭਾਸ਼ ਬੱਤਾ, ਐਸ.ਐਮ.ਓ. ਜਸਵੀਰ ਸਿੰਘ ਵੀ ਮ੍ਰਿਤਕਾਂ ਦੇ ਪੋਸਟ ਮਾਰਟਮ ਸਬੰਧੀ ਪੁੱਜੇ ਪਰ ਕੋਈ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀ ਨਾ ਪੁੱਜਾ।ਡੇਹਲੋਂ ਨੇੜੇ ਵਾਪਰੇ ਹਾਦਸੇ 'ਚ ਨੁਕਸਾਨੇ ਗਏ ਟਰੱਕ ਅਤੇ ਇੰਨਸੈੱਟ ਮ੍ਰਿਤਕ ਬਿੰਦਰ ਸਿੰਘ, ਗੁਰਦੀਪ ਸਿੰਘ, ਸਾਧੂ ਰਾਮ ਦੀਆਂ ਪੁਰਾਣੀਆਂ ਤਸਵੀਰਾਂ।
ਨਵੀਂ ਦਿੱਲੀ, 25 ਮਾਰਚ - ਉਮਰ ਵਿਵਾਦ ਨੂੰ ਲੈ ਕਿ ਆਹਮੋ-ਸਾਹਮਣੇ ਰਹੇ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਤੇ ਰੱਖਿਆ ਮੰਤਰਾਲੇ ਇਕ ਵਾਰ ਫਿਰ ਤੋਂ ਟਕਰਾਅ ਵਾਲੀ ਸਥਿਤੀ 'ਚ ਹਨ। ਇਸ ਵਾਰ ਦੋਵਾਂ ਵਿਚਕਾਰ ਆਸਾਮ ਰਾਈਫਲ ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮੱਤਭੇਦ ਵਧ ਗਏ ਹਨ। ਸੁਪਰੀਮ ਕੋਰਟ 'ਚ ਉਮਰ ਵਿਵਾਦ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਖ਼ਿਲਾਫ ਲੜਾਈ ਹਾਰਨ ਵਾਲੇ ਸੈਨਾ ਮੁਖੀ ਨੇ ਆਸਾਮ ਰਾਈਫਲ ਦੇ ਮੁਖੀ ਲਈ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਜਨਰਲ ਏ. ਕੇ. ਚੌਧਰੀ ਦੇ ਨਾਂਅ ਦੀ ਸਿਫਾਰਸ਼ ਕੇਂਦਰੀ ਗ੍ਰਹਿ ਮੰਤਾਰਲੇ ਕੋਲ ਕੀਤੀ ਸੀ। ਆਸਾਮ ਰਾਈਫਲ ਗ੍ਰਹਿ ਮੰਤਰਾਲੇ ਦੇ ਤਹਿਤ ਆਉਂਦਾ ਹੈ। ਸੂਤਰਾਂ ਮੁਤਾਬਿਕ ਰੱਖਿਆ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਸੈਨਾ ਮੁਖੀ ਦੇ ਪ੍ਰਸਤਾਵ 'ਤੇ ਵਿਚਾਰ ਨਾ ਕਰੇ ਕਿਉਂਕਿ ਇਸ ਨਾਂਅ ਨੂੰ ਭੇਜਣ ਲਈ ਨਾ ਤਾਂ ਰੱਖਿਆ ਮੰਤਰਾਲੇ ਤੋਂ ਤੇ ਨਾ ਹੀ ਕਿਸੇ ਹੋਰ ਸੰਸਥਾ ਤੋਂ ਪ੍ਰਵਾਨਗੀ ਲਈ ਗਈ ਹੈ। ਰੱਖਿਆ ਮੰਤਰਾਲੇ ਨੇ ਹੁਣ ਸੈਨਾ ਨੂੰ ਕਿਹਾ ਹੈ ਕਿ ਉਹ ਨਿਯੁਕਤੀਆਂ ਦੇ ਲਈ ਅਧਿਕਾਰੀਆਂ ਦੇ ਨਾਂਅ ਦੀ ਨਵੀਂ ਸੂਚੀ ਭੇਜੇ ਪਰ ਇਸ ਸਬੰਧ 'ਚ ਉਸ ਵਲੋਂ ਭੇਜੇ ਗਏ ਪੱਤਰ ਦਾ ਕੋਈ ਜਵਾਬ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਸੈਨਾ ਨੇ ਜਨਰਲ ਚੌਧਰੀ ਤੇ ਜਨਰਲ ਜੇ. ਪੀ. ਨੇਹਰਾ ਸਮੇਤ ਤਿੰਨ ਅਧਿਕਾਰੀਆਂ ਦੇ ਨਾਂਅ ਦੀ ਸੂਚੀ ਗ੍ਰਹਿ ਮੰਤਰਾਲੇ ਕੋਲ ਭੇਜੀ ਸੀ। ਅਧਿਕਾਰੀਕ ਸੂਤਰਾਂ ਮੁਤਾਬਿਕ ਇਹ ਬੜੀ ਅਜੀਬ ਗੱਲ ਹੈ ਕਿ ਸੈਨਾ ਮੁਖੀ ਰੱਖਿਆ ਮੰਤਰਾਲੇ ਨੂੰ ਨਜ਼ਰਅੰਦਾਜ਼ ਕਰਕੇ ਸਿੱਧਾ ਗ੍ਰਹਿ ਮੰਤਰਾਲੇ ਨਾਲ ਸੰਪਰਕ ਕਰ ਰਿਹੇ ਹਨ।
ਨਵੀਂ ਦਿੱਲੀ, 25 ਮਾਰਚ-ਸੀ. ਬੀ. ਆਈ. ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਇਹ ਗੰਨ ਮਿਲ ਗਈ ਹੈ ਜਿਸ ਦਾ ਇਸਤੇਮਾਲ ਸਾਹਿਲਾ ਮਹਿਸੂਦ ਦੀ ਹੱਤਿਆ ਲਈ ਕੀਤਾ ਗਿਆ। ਭਾਰਤ ਵਿਚ ਬਣੀ ਇਹ ਗੰਨ ਮਾਮਲੇ 'ਚ ਦੋਸ਼ੀ ਸ਼ਾਕਿਬ ਅਲੀ ਉਰਫ ਡੇਂਜਰ ਤੋਂ ਮਿਲੀ ਹੈ। ਸੀ. ਬੀ. ਆਈ. ਨੇ ਸਨਿਚਰਵਾਰ ਨੂੰ ਕੰਟਰੈਕਟ ਕਿਲਰ ਇਹਫਾਨ ਦਾ ਬਿਆਨ ਦਰਜ ਕੀਤਾ। 2 ਦਿਨ ਪਹਿਲਾਂ ਇਰਫਾਨ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ।
ਲਾਹੌਰ, 25 ਮਾਰਚ -ਪਾਕਿਸਤਾਨ ਸਰਕਾਰ ਲਾਹੌਰ 'ਚ ਮੌਜੂਦਾ ਸ਼ਾਦਮਾਨ ਚੌਂਕ ਦਾ ਨਾਂਅ ਅਮਰ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਰਾਜ਼ੀ ਹੋ ਸਕਦੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੇ ਮੁਤਾਬਿਕ ਪਾਕਿਸਤਾਨ ਦੀ ਭਗਤ ਸਿੰਘ ਸੰਸਥਾ ਦੇ ਮੁਖੀ ਤੇ ਪੰਜਾਬ ਰਾਜ ਦੇ ਰਾਜਪਾਲ ਦੇ ਮਨੁੱਖੀ ਅਧਿਕਾਰ ਸਲਾਹਕਾਰ ਅਬਦੁੱਲਾ ਮਲਿਕ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਬੁਲਾਰੇ ਪਰਵੇਜ਼ ਰਾਸ਼ਿਦ ਨੇ ਭਗਤ ਸਿੰਘ ਸੰਸਥਾ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਇਹ ਭਰੋਸਾ ਦਿੱਤਾ ਹੈ ਕਿ ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਸਬੰਧੀ ਮਤੇ ਨੂੰ ਸੰਸਦ 'ਚ ਪਾਸ ਕਰਵਾਇਆ ਜਾਵੇਗਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਲਾਹੌਰ 'ਚ ਫ਼ਾਂਸੀ ਦੇ ਦਿੱਤੀ ਗਈ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਤਿੰਨਾਂ ਦੇਸ਼ ਭਗਤਾਂ ਨੇ ਸ਼ਾਦਮਾਨ ਚੌਂਕ 'ਚ ਫਾਂਸੀ ਨੂੰ ਗਲੇ ਲਗਾਇਆ ਸੀ। ਪਾਕਿਸਤਾਨ ਦੇ ਕਈ ਸੰਗਠਨ ਇਸ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੀ ਮੰਗ ਕਰ ਰਹੇ ਹਨ।
ਜਲਗਾਓਂ, 25 ਮਾਰਚ-ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਕੇਵਲ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਅਜਿਹੀ ਸ਼ਕਤੀ ਸਨ ਜਿਨ੍ਹਾਂ ਦੀਆਂ ਸਿੱਖਿਆਵਾਂ ਤੋਂ ਨੌਜਵਾਨ ਪੀੜੀ ਨਵੀਂ ਤਾਕਤ ਤੇ ਦੂਰ ਦ੍ਰਿਸ਼ਟੀ ਲੈ ਸਕਦੀ ਹੈ। ਜਲਗਾਓਂ 'ਚ ਗਾਂਧੀ ਖੋਜ ਸੰਸਥਾ ਦਾ ਉਦਘਾਟਨ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਸ਼ਟਰ ਪਿਤਾ ਦੀਆਂ ਰਚਨਾਵਾਂ ਤੇ ਯਾਦਗਾਰਾਂ ਨੂੰ ਉਨਾਂ ਦੇ ਜੱਦੀ ਸ਼ਹਿਰ 'ਚ ਇਕੱਤਰ ਕਰਕੇ ਰੱਖਿਆ ਜਾ ਰਿਹਾ ਹੈ। ਰਾਸ਼ਟਰਪਤੀ ਪਾਟਿਲ ਨੇ ਕਿਹਾ ਕਿ ਗਾਂਧੀ ਜੀ 1922 'ਚ ਜਲਗਾਓਂ ਆਏ ਸਨ। ਉਨ੍ਹਾਂ ਕਿਹਾ ਕਿ ਸਿਰਫ ਇਹੋ ਜਾਣਨਾ ਜ਼ਰੂਰੀ ਨਹੀਂ ਕਿ ਗਾਂਧੀ ਜੀ ਕੌਣ ਸਨ ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਝਣਾ ਚਾਹੀਦਾ ਹੈ ਜੇਕਰ ਨੌਜਵਾਨ ਗਾਂਧੀ ਜੀ ਨੂੰ ਚੰਗੀ ਤਰ੍ਹਾਂ ਸਮਝ ਜਾਣ ਤਾਂ ਉਨ੍ਹਾਂ 'ਚ ਨਵੀਂ ਤਾਕਤ ਤੇ ਦੂਰ ਦ੍ਰਿਸ਼ਟੀ ਪੈਦਾ ਹੋ ਜਾਵੇਗੀ।
ਨਵੀਂ ਦਿੱਲੀ, 25 ਮਾਰਚ - ਅੱਜ ਤੋਂ ਲਾਗੂ ਹੋ ਰਹੀ ਨਵੀਂ ਵੀਜ਼ਾ ਪ੍ਰਣਾਲੀ ਤਹਿਤ ਆਸਟ੍ਰੇਲੀਆ 'ਚ ਉਚੇਰੀ ਸਿੱਖਿਆ ਲਈ ਜਾਣਾ ਆਸਾਨ ਹੋ ਜਾਵੇਗਾ। ਹੁਣ ਆਸਟ੍ਰੇਲੀਆ ਦੀਆਂ ਪ੍ਰਵਾਨਤ ਯੁਨੀਵਰਸਿਟੀਆਂ ਵਿਚ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਜਾਂ ਪੀ. ਐਚ. ਡੀ ਕਰਨ ਲਈ ਵੀਜ਼ਾ ਲੈਣ ਵਾਸਤੇ ਘੱਟ ਦਸਤਾਵੇਜ਼ ਦੇਣੇ ਪੈਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਕੰਮ ਕਰਨ ਦੀਆਂ ਸ਼ਰਤਾਂ ਵੀ ਨਰਮ ਕਰ ਦਿੱਤੀਆਂ ਗਈਆਂ ਹਨ ਤੇ ਵਿਦਿਆਰਥੀ ਦੋ ਹਫਤਿਆਂ ਦੌਰਾਨ ਵਧ ਤੋਂ ਵਧ 40 ਘੰਟੇ ਕੰਮ ਕਰ ਸਕਣਗੇ ਜਦ ਕਿ ਪਹਿਲਾਂ ਹਰੇਕ ਵਿਦਿਆਰਥੀ ਇਕ ਹਫਤੇ ਦੌਰਾਨ 20 ਘੰਟੇ ਤੋਂ ਵਧ ਕੰਮ ਨਹੀਂ ਸੀ ਕਰ ਸਕਦਾ।
No comments:
Post a Comment