Thursday, 5 April 2012

ਧਰਮਿੰਦਰ, ਸ਼ਬਾਨਾ ਤੇ ਪਾਤਰ ਸਣੇ 51 ਨੂੰ ਪਦਮ ਪੁਰਸਕਾਰ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਪਦਮ ਭੂਸ਼ਨ ਪੁਰਸਕਾਰ ਲੈਂਦੇ ਹੋਏ ਅਦਾਕਾਰ ਧਰਮਿੰਦਰ ਤੇ ਅਦਾਕਾਰਾ ਸ਼ਬਾਨਾ ਆਜ਼ਮੀ।
ਨਵੀਂ ਦਿੱਲੀ, 5 ਅਪ੍ਰੈਲ-ਆਪਣੇ ਜ਼ਮਾਨੇ ਦੇ ਪ੍ਰਸਿੱਧ ਤੇ ਹਰਮਨ ਪਿਆਰੇ ਅਦਾਕਾਰ ਧਰਮਿੰਦਰ ਤੇ ਅਦਾਕਾਰਾ ਸ਼ਬਾਨਾ ਆਜ਼ਮੀ , ਖਿਡਾਰੀ ਜ਼ਫਰ ਇਕਬਾਲ ਤੇ ਲਿੰਬਾ ਰਾਮ, ਕਲਾਕਾਰ ਮਿਨਾਤੀ ਮਿਸ਼ਰਾ, ਸਨਅਤਕਾਰ ਗੋਪੀਨਾਥ ਪਿਲੇ ਤੇ ਸਵਾਤੀ ਪੀਰਾਮਲ ਸਮੇਤ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ 51 ਸ਼ਖਸੀਅਤਾਂ ਨੂੰ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਇਸ ਸਬੰਧੀ ਰਾਸ਼ਟਰਪਤੀ ਭਵਨ ਵਿਖੇ ਹੋਏ ਸਮਰੋਹ ਵਿਚ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂ.ਪੀ.ਏ ਚੇਅਰਪਰਸਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਪੀ.ਚਿਦੰਬਰਮ, ਵਣਜ ਮੰਤਰੀ ਆਨੰਦ ਸ਼ਰਮਾ ਤੇ ਅਨੇਕਾਂ ਹੋਰ ਕੈਬਨਿਟ ਮੰਤਰੀਆਂ ਸਮੇਤ ਅਹਿਮ ਸ਼ਖਸੀਅਤਾਂ ਨੇ ਹਿੱਸਾ ਲਿਆ। ਜਿਨ੍ਹਾਂ ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਆ ਗਿਆ ਉਨ੍ਹਾਂ ਵਿਚ ਭਾਰਤੀ ਕਾਰਟੂਨਿਸਟ ਮਾਰੀਓ ਮਿਰਾਂਡਾ (ਮਰਨ ਉਪਰੰਤ) ਸ਼ਾਮਿਲ ਹੈ ਜਦ ਕਿ ਅਦਾਕਾਰ ਧਰਮਿੰਦਰ , ਅਦਾਕਾਰਾ ਸ਼ਬਾਨਾ ਆਜ਼ਮੀ, ਸਤਿਆ ਨਰਾਇਣ ਗੋਇਨਕਾ, ਵਾਇਲਨਵਾਦਕ ਐਮ. ਐਸ ਗੋਪਾਲਕ੍ਰਿਸ਼ਨਨ, ਉੱਪ ਚੇਅਰਮੈਨ ਟਾਟਾ ਸਟੀਲ ਬੀ. ਮੁਥੂਰਮਨ, ਇਤਿਹਾਸਕਾਰ ਜੋਸ ਪਰੀਰਾ, ਸਰਕਾਰੀ ਅਧਿਕਾਰੀ ਮਾਤਾ ਪ੍ਰਸਾਦ, ਗਣਿਤ ਮਾਹਿਰ ਐਮ. ਐਸ ਰਘੂਨਾਥ, ਪ੍ਰਸਿੱਧ ਜੱਜ ਪੀ. ਸੀ ਰਾਓ, ਸਾਬਕਾ ਵਿਜੀਲੈਂਸ ਕਮਿਸ਼ਨਰ ਨਾਗਅਰਜਨ ਵਿਟਲ ਤੇ ਨਿਓਰੋਲੋਜੀ ਪ੍ਰੋਫੈਸਰ ਮੋਸ਼ੂਰ ਹੋਰਮੂਸਜੀ ਵਾਡੀਆ ਤੇ ਸਿੰਘਾਪੁਰ ਦੇ ਸਾਬਕਾ ਵਿਦੇਸ਼ ਮੰਤਰੀ ਯੰਗ ਬੂਨ ਯਿਓ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਵੰਡ ਸਮਾਰੋਹ ਦੌਰਾਨ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਪਦਮ ਸ੍ਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਲਿੰਬਾ ਰਾਮ, ਸੁਰਜੀਤ ਪਾਤਰ, ਯਗਨਾਸਵਾਮੀ ਸੁੰਦਰਾ ਰਾਜਨ, ਜ਼ਫਰ ਇਕਬਾਲ, ਸਵਾਤੀ ਪਿਰਾਮਲ, ਫੂਲਬਾਸਨ ਯਾਦਵ, ਸਾਕਰ ਖਾਨ ਮਗੰਨੀਅਰ ਅਤੇ ਪਦਮ ਭੂਸ਼ਨ ਪ੍ਰਾਪਤ ਕਰਦੇ ਹੋਏ ਹੋਮੀ ਕੇ ਭਾਭਾ।
 ਇਸ ਤੋਂ ਇਲਾਵਾ ਪ੍ਰਸਿੱਧ ਹਾਕੀ ਖਿਡਾਰੀ ਜਫਰ ਇਕਬਾਲ, ਤੀਰ ਅੰਦਾਜ਼ ਲਿੰਬਾ ਰਾਮ, ਕ੍ਰਿਕਟਰ ਕੁਮੈਂਟੇਟਰ ਰਵੀ ਚਤੁਰਵੇਦੀ, ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਇਸਰੋ ਪ੍ਰੋਫੈਸਰ ਵਾਈ. ਐਸ. ਰਾਜਨ, ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨਾਲੋਜੀ ਬਾਰੇ ਕੌਮਾਂਤਰੀ ਕੇਂਦਰ ਦੇ ਡਾਇਰੈਕਟਰ ਵਰਿੰਦਰ ਸਿੰਘ ਚੌਹਾਨ, ਕੁਈਨ ਆਫ ਲਵਾਨੀ ਯਮੁਨਾਬਾਈ ਵਿਕਰਮ ਜਾਵਲੇ, ਸਿਤਾਰਵਾਦਕ ਸਾਹਿਦ ਪਰਵੇਜ਼ ਖਾਨ, ਪ੍ਰੋ: ਮਹਿਦੀ ਹਸਨ, ਟੈਰਾਕੋਟਾ ਆਰਟਿਸਟ ਮੋਹਨ ਲਾਲ ਕੁੰਮਹਾਰ, ਪ੍ਰਸਿੱਧ ਚਾਰਟਿਡ ਅਕਾਊਂਟੈਂਟ ਯੇਜ਼ਦੀ ਹਿਰਜੀ ਮਾਲੇਗਮ, ਵਾਤਾਵਰਨ ਮਾਹਿਰ ਕੇ.ਵੀ ਸਾਰਾਭਾਈ, ਨਾਵਲਕਾਰ ਇਰਵਿਨ ਐਲਨ ਸੀਲੀ, ਕਲਾ ਇਤਿਹਾਸਕਾਰ ਵਿਜੇ ਸ਼ਰਮਾ, ਚਾਵਲ ਬਰੀਡਰ ਵਿਜੇਪਾਲ ਸਿੰਘ ਸਮੇਤ 38 ਸ਼ਖਸ਼ੀਅਤਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਕਲਾਕਾਰ ਕੇ. ਜੀ ਸੁਬਰਾਮਨੀਅਨ, ਇਤਿਹਾਸਕਾਰ ਜੋਸ ਪਰੀਰਾ ਤੇ ਡਾ ਜੁਗਲ ਕਿਸ਼ੋਰ ਨੂੰ ਮਰਨ ਉਪਰੰਤ ਪੁਰਸਕਾਰਾਂ ਨਾਲ ਸਨਮਾਨਿਆ ਗਿਆ।
 
ਹਾਰੇ ਕਾਂਗਰਸੀ ਉਮੀਦਵਾਰਾਂ ਦੀ ਮੀਟਿੰਗ 'ਚ
ਉੱਠੀ ਕੈਪਟਨ ਦੇ ਅਸਤੀਫੇ ਦੀ ਮੰਗ
ਖਹਿਰਾ, ਸੀਬੀਆ, ਬਾਂਸਲ ਅਤੇ ਨਾਭਾ ਨੇ ਕੀਤਾ ਵਾਕ ਆਊਟ

ਚੰਡੀਗੜ੍ਹ ਵਿਖੇ ਹੋਈ ਕਾਂਗਰਸ ਦੀ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਾਲ ਹਾਰੇ ਹੋਏ ਕਾਂਗਰਸੀ ਵਿਧਾਨਕਾਰ।
ਚੰਡੀਗੜ੍ਹ, 5 ਅਪ੍ਰੈਲ -ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਪਾਰਟੀ ਦੇ ਹਾਰੇ ਜਿਨ੍ਹਾਂ 71 ਉਮੀਦਵਾਰਾਂ ਦੀ ਅੱਜ ਇਥੇ ਬੈਠਕ ਸੱਦੀ ਸੀ ਉਸ ਵਿਚ ਪਹਿਲਾਂ ਤੋਂ ਐਲਾਨੇ ਜਾ ਰਹੇ ਪਾਰਟੀ ਦੀ ਹਾਰ ਦੇ ਕਾਰਨ ਵਿਚਾਰਨ ਦੀ ਥਾਂ ਇਸ ਮੀਟਿੰਗ ਨੂੰ ਕੇਵਲ ਇਕ ਚਾਹ ਪਾਰਟੀ ਤੱਕ ਹੀ ਸੀਮਤ ਕਰ ਦਿੱਤਾ ਗਿਆ, ਹਾਲਾਂਕਿ ਹਾਜ਼ਰ ਹੋਏ ਹਾਰੇ ਉਮੀਦਵਾਰਾਂ ਵਿਚੋਂ ਚਾਰ ਪਾਰਟੀ ਆਗੂਆਂ ਸ. ਸੁਖਪਾਲ ਸਿੰਘ ਖਹਿਰਾ, ਸੁਰਿੰਦਰਪਾਲ ਸਿੰਘ ਸੀਬੀਆ, ਮੰਗਤ ਰਾਏ ਬਾਂਸਲ ਅਤੇ ਰਣਦੀਪ ਸਿੰਘ ਨਾਭਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਕਾਰਗੁਜ਼ਾਰੀ ਸਬੰਧੀ ਨੁਕਤਾਚੀਨੀ ਕਰਦਿਆਂ ਮੀਟਿੰਗ ਤੋਂ ਵਾਕਆਊਟ ਕਰ ਦਿੱਤਾ ਅਤੇ ਇਸ ਗੱਲ 'ਤੇ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਦਾ ਸੱਦਾ ਪੱਤਰ ਇਹ ਕਹਿ ਕੇ ਦਿੱਤਾ ਗਿਆ ਸੀ ਕਿ ਅੱਜ ਦੀ ਮੀਟਿੰਗ ਵਿਚ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਕੀਤੀ ਜਾਣੀ ਹੈ। ਵਾਕਆਊਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਆਗੂਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਗਈ,  ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਲਗਾਤਾਰ ਦੋ ਵਾਰ ਚੋਣਾਂ ਹਾਰ ਗਈ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਹਾਰ ਕਾਰਨ ਜਦੋਂ ਵਰਕਰ ਬੇਹੱਦ ਮਾਯੂਸੀ ਅਤੇ ਸਹਿਮ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ, ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਉਨ੍ਹਾਂ ਦੀ ਜੁੰਡਲੀ ਹੋਲੀ ਦੀਆਂ ਪਾਰਟੀਆਂ ਕਰ ਰਹੀ ਸੀ। ਜਦੋਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾ ਸ਼ਹੀਦ ਭਗਤ ਸਿੰਘ ਦੇ ਸਮਾਗਮ ਵਿਚ ਹਾਜ਼ਰ ਹੋਏ ਅਤੇ ਨਾ ਹੀ ਪਾਰਟੀ ਦੇ ਵਿਧਾਨਕਾਰ ਸੰਨੀ ਬਰਾੜ ਦੇ ਭੋਗ 'ਤੇ ਹੀ ਪੁੱਜੇ। ਸ੍ਰੀ ਮੰਗਤ ਰਾਏ ਬਾਂਸਲ ਨੇ ਦੋਸ਼ ਲਗਾਇਆ ਕਿ ਦਲਾਲਾਂ ਨੇ ਪਾਰਟੀ ਨੂੰ ਇਸ ਚੋਣ ਵਿਚ ਹਰਾ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਦੇ ਬਾਗੀਆਂ ਨੂੰ ਪਾਰਟੀ ਅੰਦਰੋਂ ਹੀ ਮਾਲੀ ਮੱਦਦ ਦਿੱਤੀ ਗਈ। ਸ. ਰਿਪਜੀਤ ਸਿੰਘ ਬਰਾੜ ਨੇ ਵੀ ਇਸੇ ਦੋਸ਼ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਚੋਣ ਲੜ ਰਹੇ ਇਕ ਬਾਗੀ ਉਪਿੰਦਰ ਸ਼ਰਮਾ ਨੂੰ ਲੋਕ ਸਭਾ ਚੋਣ ਤੋਂ ਪਹਿਲਾਂ ਪਾਰਟੀ ਵਿਚ ਸ਼ਾਮਿਲ ਕਰਨ ਦਾ ਭਰੋਸਾ ਦੇਣ ਨਾਲ ਮਾਲੀ ਮੱਦਦ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨਾਲੋਂ ਉਨ੍ਹਾਂ ਦੇ ਸਾਥੀਆਂ ਨੇ ਪਾਰਟੀ ਦਾ ਵਧੇਰੇ ਨੁਕਸਾਨ ਕੀਤਾ। ਸ. ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਲਾਪ੍ਰਵਾਹੀ ਵਾਲੀ ਸੋਚ ਕਾਰਨ ਅਕਾਲੀਆਂ ਨੂੰ ਇਕ ਤਰ੍ਹਾਂ ਨਾਲ ਕਾਂਗਰਸ ਨੇ ਥਾਲੀ ਵਿਚ ਪਰੋਸ ਕੇ ਸਰਕਾਰ ਦੇ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਆਪਣੀ ਜੋ ਗੱਲ ਕਹਿਣੀ ਸੀ ਅੰਦਰ ਮੀਟਿੰਗ ਵਿਚ ਕਹਿ ਦਿੱਤੀ ਹੈ ਅਤੇ ਬਾਕੀ ਪਾਰਟੀ ਹਾਈ ਕਮਾਨ ਸਾਹਮਣੇ ਰੱਖਾਂਗਾ। ਸੁਰਿੰਦਰਪਾਲ ਸਿੰਘ ਸੀਬੀਆ ਨੇ ਆਪਣੀ ਹਾਰ ਲਈ ਧੂਰੀ ਤੋਂ ਪਾਰਟੀ ਵਿਧਾਨਕਾਰ ਸ੍ਰੀ ਅਰਵਿੰਦ ਖੰਨਾ ਨੂੰ ਜ਼ਿੰਮੇਵਾਰ ਦੱਸਿਆ, ਜਦੋਂਕਿ ਪਠਾਨਕੋਟ ਤੋਂ ਚੋਣ ਹਾਰਨ ਵਾਲੇ ਸ੍ਰੀ ਰਮਨ ਭੱਲਾ ਨੇ ਵੀ ਮੀਟਿੰਗ ਅੰਦਰ ਦੋਸ਼ ਲਗਾਇਆ ਕਿ ਉਨ੍ਹਾਂ ਵਿਰੁੱਧ ਚੋਣ ਲੜਨ ਵਾਲੇ ਪਾਰਟੀ ਦੇ ਇਕ ਬਾਗੀ ਉਮੀਦਵਾਰ ਨੂੰ ਪਾਰਟੀ ਵੱਲੋਂ ਬਰਾਬਰ ਮੱਦਦ ਮਿਲਦੀ ਰਹੀ। ਲੇਕਿਨ ਦੂਸਰੇ ਪਾਸੇ ਅਗਰ ਦੇਖਿਆ ਜਾਵੇ ਤਾਂ ਵਾਕਆਊਟ ਕਰਨ ਵਾਲੇ ਉਕਤ ਚਾਰੋ ਆਗੂਆਂ ਨੂੰ ਛੱਡ ਬਾਕੀ ਹਾਜ਼ਰ ਦੂਜੇ ਸਾਰੇ ਉਮੀਦਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਚਾਹ ਪਾਰਟੀ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਵਾਕਆਊਟ ਕਰਨ ਵਾਲੇ ਆਗੂਆਂ ਦਾ ਸਾਥ ਦੇਣ ਤੋਂ ਗੁਰੇਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਅੱਜ ਦੀ ਇਸ ਮੀਟਿੰਗ ਦਾ ਮੰਤਵ ਹਾਰੇ ਹੋਏ ਪਾਰਟੀ ਉਮੀਦਵਾਰਾਂ ਨੂੰ ਮਿਲਣ ਦਾ ਸੀ, ਜਿਨ੍ਹਾਂ ਨੂੰ ਉਹ ਮਗਰਲੇ ਦਿਨਾਂ ਦੌਰਾਨ ਨਹੀਂ ਮਿਲ ਸਕੇ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਕੇਵਲ ਗੈਰ ਸਿਆਸੀ ਚਾਹ ਪਾਰਟੀ ਸੀ ਅਤੇ ਸਿਆਸੀ ਗੱਲਬਾਤ ਕਰਨ ਲਈ ਅਗਰ ਉਨ੍ਹਾਂ ਮੀਟਿੰਗ ਸੱਦਣੀ ਹੁੰਦੀ ਤਾਂ ਉਹ ਪ੍ਰਦੇਸ਼ ਕਾਂਗਰਸ ਭਵਨ ਵਿਚ ਸੱਦੀ ਜਾਣੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਰੱਖਣ ਜਾਂ ਨਾ ਰੱਖੇ ਜਾਣ ਸਬੰਧੀ ਫੈਸਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਲਿਆ ਜਾਣਾ ਹੈ ਅਤੇ ਉਹ ਜਦੋਂ ਵੀ ਚਾਹੁਣਗੇ ਉਹ ਬਿਨਾਂ ਕਿਸੇ ਦੇਰੀ ਆਪਣਾ ਅਹੁਦਾ ਤਿਆਗ ਦੇਣਗੇ। ਉਨ੍ਹਾਂ ਇਸ ਗੱਲ ਨੂੰ ਫਿਰ ਦੁਹਰਾਇਆ ਕਿ ਇਸ ਚੋਣ ਵਿਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਉਹ ਆਪਣੇ ਸਿਰ ਲੈ ਚੁੱਕੇ ਹਨ, ਇਸ ਲਈ ਕਿਸੇ ਹੋਰ ਨੂੰ ਇਸ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੰਤਵ ਪਾਰਟੀ ਉਮੀਦਵਾਰਾਂ ਨੂੰ ਦੁਬਾਰਾ ਹੌਸਲੇ ਵਿਚ ਲਿਆਉਣਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚੋਂ ਜਾਣ ਵਾਲੇ ਚਾਰ ਆਗੂਆਂ ਨਾਲ ਉਹ ਦਿੱਲੀ ਦੀ ਫੇਰੀ ਤੋਂ ਵਾਪਸ ਆਉਣ 'ਤੇ ਜ਼ਰੂਰ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਵਿਚਾਰ ਲੈਣਗੇ। ਉਨ੍ਹਾਂ ਦੀ ਜੁੰਡਲੀ ਸਬੰਧੀ ਲੱਗ ਰਹੇ ਦੋਸ਼ਾਂ ਦਾ ਜੁਆਬ ਦਿੰਦੇ ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਆਪਣਾ ਕੰਮ ਕਾਜ ਚਲਾਉਣ ਲਈ 3-4 ਬੰਦੇ ਤਾਂ ਆਪਣੇ ਨਾਲ ਰੱਖਣੇ ਹੀ ਪੈਣਗੇ। ਪਹਿਲਾਂ ਚਾਹਲ ਅਤੇ ਸੋਢੀ ਨੂੰ ਮੇਰੀ ਜੁੰਡਲੀ ਦਾ ਨਾਮ ਦੇ ਦਿੱਤਾ ਗਿਆ ਸੀ ਅਤੇ ਹੁਣ ਦੂਸਰੇ ਨਵੇਂ ਬੰਦਿਆਂ ਨੂੰ ਵੀ ਜੁੰਡਲੀ ਦਾ ਨਾਮ ਦੇ ਦਿੱਤਾ ਗਿਆ ਹੈ।


ਚੰਡੀਗੜ੍ਹ ਵਿਖੇ ਹੋਈ ਕਾਂਗਰਸ ਦੀ ਮੀਟਿੰਗ ਵਿਚੋਂ ਵਾਕ ਆਊਟ ਕਰਦੇ ਹੋਏ ਕਾਂਗਰਸੀ ਆਗੂ ਸ: ਸੁਖਪਾਲ ਸਿੰਘ ਖਹਿਰਾ, ਸੁਰਿੰਦਰਪਾਲ ਸਿੰਘ ਸੀਬੀਆ, ਮੰਗਤ ਰਾਏ ਬਾਂਸਲ ਅਤੇ ਰਣਦੀਪ ਸਿੰਘ ਨਾਭਾ ਅਤੇ (ਸੱਜੇ) ਮੀਟਿੰਗ ਵਿਚ ਪੁੱਜੇ ਕਾਂਗਰਸੀ ਵਿਧਾਨਕਾਰ।
ਬੀਬੀ ਜਗੀਰ ਕੌਰ ਨੂੰ ਮਿਲੀਆਂ ਸਹੂਲਤਾਂ ਕੋਈ ਨਵੀਂ ਗੱਲ ਨਹੀਂ-ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੂੰ ਕਪੂਰਥਲਾ ਜੇਲ੍ਹ ਵਿਚ ਮਿਲੀਆਂ ਸਹੂਲਤਾਂ ਨੂੰ ਕੋਈ ਖਾਸ ਮਹੱਤਤਾ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਵੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜੇਲ੍ਹ ਵਿਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਸਨ ਅਤੇ ਉਨ੍ਹਾਂ ਨੂੰ ਨਵੇਂ ਬਾਥਰੂਮਾਂ ਤੋਂ ਇਲਾਵਾ ਟੀ.ਵੀ. ਸੈਟ, ਨਵੇਂ ਬਿਸਤਰੇ ਅਤੇ ਡਾਇਟ ਕੋਕ ਤੱਕ ਵੀ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅਗਰ ਬੀਬੀ ਜਗੀਰ ਕੌਰ ਨੂੰ ਵੀ ਕੋਈ ਟੀ.ਵੀ. ਆਦਿ ਦੀ ਸਹੂਲਤ ਮਿਲ ਗਈ ਹੈ ਤਾਂ ਇਸ ਵਿਚ ਕੋਈ ਨਵੀਂ ਗੱਲ ਨਹੀਂ, ਜਿਸ ਨੂੰ ਬਹੁਤੀ ਮਹੱਤਤਾ ਦਿੱਤੀ ਜਾਵੇ।
ਕੈਪਟਨ ਦੀ ਚੰਡੀਗੜ੍ਹ ਮੀਟਿੰਗ ਮੇਰੀ
ਸਹਿਮਤੀ ਨਾਲ ਹੋਈ-ਚੜਕ

ਗੁਲਚੈਨ ਸਿੰਘ ਚੜਕ
ਚੰਡੀਗੜ੍ਹ, 5 ਅਪ੍ਰੈਲ -ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਗੁਲਚੈਨ ਸਿੰਘ ਚੜੱਕ ਨੇ ਇਹ ਦਿਲਚਸਪ ਪ੍ਰਗਟਾਵਾ ਕੀਤਾ ਹੈ ਕਿ ਅੱਜ ਚੰਡੀਗੜ੍ਹ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਚੋਣ ਹਾਰਨ ਵਾਲੇ ਕਾਂਗਰਸੀ ਉਮੀਦਵਾਰਾਂ ਦੀ ਜੋ ਮੀਟਿੰਗ ਬੁਲਾਈ ਸੀ, ਉਹ ਮੇਰੀ ਸਹਿਮਤੀ ਨਾਲ ਹੀ ਹੋਈ ਹੈ। ਸੰਭਵ ਹੈ ਕਿ ਉਸ ਵਿਚ ਕੁਝ ਇਹੋ ਜਿਹੇ ਕਾਂਗਰਸੀ ਵੀ ਬੁਲਾਏ ਗਏ ਹੋਣ, ਜਿਨ੍ਹਾਂ ਨੂੰ ਮੈਂ ਵੀ ਅੱਜ ਦੇ ਦਿਨ ਉਨ੍ਹਾਂ ਦੀ ਗੱਲ ਇਕੱਲੇ ਇਕੱਲੇ ਤੌਰ 'ਤੇ ਸੁਣਨ ਲਈ ਦੇਸ਼ ਦੀ ਰਾਜਧਾਨੀ ਵਿਚ ਬੁਲਾਇਆ ਸੀ, ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੀ ਹਾਰ ਨੂੰ ਲੈ ਕੇ ਖੁੱਲ੍ਹੇਆਮ ਬਿਆਨਬਾਜ਼ੀ ਕੀਤੀ ਸੀ। ਅੱਜ ਟੈਲੀਫੋਨ ਰਾਹੀਂ ਸੰਪਰਕ ਕਰਨ 'ਤੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸ੍ਰੀ ਚੜੱਕ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਲੋਕ ਤਾਂ ਮੈਨੂੰ ਇਕ-ਇਕ ਕਰਕੇ ਕੱਲ੍ਹ 3 ਅਪ੍ਰੈਲ ਨੂੰ ਅਤੇ ਕੁਝ ਇਕ ਅੱਜ ਨਵੀਂ ਦਿੱਲੀ ਆ ਕੇ ਮਿਲ ਗਏ ਹਨ। ਇਨ੍ਹਾਂ 'ਚ ਬੀਬੀ ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ ਤੇ ਮੁਨੀਸ਼ ਤਿਵਾੜੀ ਸ਼ਾਮਿਲ ਹਨ। ਮੈਂ ਪੰਜਾਬ ਦੇ ਇਨ੍ਹਾਂ ਕਾਂਗਰਸੀਆਂ ਦੀ 4 ਅਪ੍ਰੈਲ ਨੂੰ ਦਿੱਲੀ ਵਿਚ ਕੋਈ ਬਕਾਇਦਾ ਮੀਟਿੰਗ ਨਹੀਂ ਸੀ ਬੁਲਾਈ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ 5 ਅਪ੍ਰੈਲ ਵਾਲੇ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਲੀ ਬੁਲਾਇਆ ਹੈ ਤਾਂ ਕਿ ਉਨ੍ਹਾਂ ਦਾ ਪੱਖ ਵੀ ਸੁਣ ਲਿਆ ਜਾਏ। ਸ੍ਰੀ ਚੜੱਕ ਦੇ ਸ਼ਬਦਾਂ ਅਨੁਸਾਰ 'ਮੈਂ ਤੇ ਕੈਪਟਨ ਨੇ ਇਕੋ ਦਿਨ ਬਰਾਬਰ ਮੀਟਿੰਗਾਂ ਨਹੀਂ ਸਨ ਬੁਲਾਈਆਂ।''

No comments:

Post a Comment