Thursday, 5 April 2012


ਲੁਟੇਰਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ
ਤਰਨ ਤਾਰਨ ਦੇ ਗ੍ਰੰਥੀ ਦੀ ਹੱਤਿਆ

ਤਰਨਤਾਰਨ, 5ਅਪ੍ਰੈਲ -ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਬਾਹਰੋਂ ਦੋ ਲੁਟੇਰਿਆਂ ਨੂੰ ਮੋਟਰਸਾਈਕਲ ਚੋਰੀ ਕਰਨ ਤੋਂ ਰੋਕਣ 'ਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਦੋਵੇਂ ਲੁਟੇਰੇ ਫਰਾਰ ਹੋਣ ਸਮੇਂ ਰਸਤੇ ਵਿਚੋਂ ਕਿਸੇ ਹੋਰ ਦਾ ਮੋਟਰਸਾਈਕਲ ਖੋਹ ਕੇ ਲੈ ਗਏ, ਜੋ ਬਾਠ ਰੋਡ 'ਤੇ ਮੋਟਰਸਾਈਕਲ ਸੁੱਟ ਦਿੱਤੇ ਜਾਣ ਤੋਂ ਬਾਅਦ ਉਹ ਇਕ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਗ੍ਰੰਥੀ ਸੁਖਚੈਨ ਸਿੰਘ ਨੂੰ ਤਰਨਤਾਰਨ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਹਾਲਤ ਨਾਜ਼ੁਕ ਹੋਣ 'ਤੇ ਅੰਮ੍ਰਿਤਸਰ ਭੇਜ ਦਿੱਤਾ, ਪਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਰਜਨ ਸਿੰਘ ਤੇ ਹੋਰ ਮੁਲਾਜ਼ਮਾਂ ਤੋਂ ਇਲਾਵਾ ਡੀ.ਐੱਸ.ਪੀ. ਸਿਟੀ ਦਲਜੀਤ ਸਿੰਘ ਢਿੱਲੋਂ ਤੇ ਐੱਸ. ਐੱਚ. ਓ. ਸਿਟੀ ਗੁਰਚਰਨ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਏ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਰਜਨ ਸਿੰਘ ਦੇ ਬਿਆਨਾਂ 'ਤੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬਤੌਰ ਗ੍ਰੰਥੀ ਸਿੰਘ ਡਿਊਟੀ ਕਰਦੇ ਭਾਈ ਸੁਖਚੈਨ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪੱਟੀ ਦੀ ਸਵੇਰੇ 7 ਵਜੇ ਡਿਊਟੀ ਸੀ, ਜਦ ਉਹ ਸਾਢੇ ਛੇ ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਗੇਟ 'ਤੇ ਪਹੁੰਚੇ ਤਾਂ ਦੋ ਨੌਜਵਾਨ ਇਕ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਨੰਬਰ ਪੀ. ਬੀ. 46-ਕੇ-1121 ਨੂੰ ਘਸੀਟ ਕੇ ਲੈ ਜਾ ਰਹੇ ਸਨ ਤਾਂ ਗ੍ਰੰਥੀ ਸੁਖਚੈਨ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਵਿਚੋਂ ਇਕ ਲੁਟੇਰੇ ਨੇ ਪਿਸਤੌਲ ਕੱਢ ਕੇ ਇਕ ਗੋਲੀ ਸੁਖਚੈਨ ਸਿੰਘ ਦੇ ਮਾਰ ਦਿੱਤੀ, ਜੋ ਉਸਦੇ ਸੱਜੇ ਪਾਸੇ ਛਾਤੀ ਵਿਚ ਲੱਗੀ ਤੇ ਗ੍ਰੰਥੀ ਸੁਖਚੈਨ ਸਿੰਘ ਜ਼ਮੀਨ 'ਤੇ ਡਿੱਗ ਪਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਬਰਾਂਡਿਆਂ ਦੇ ਰਸਤੇ ਲੰਗਰ ਹਾਲ ਦੇ ਬਾਹਰ ਨਿਕਲ ਕੇ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਲੁਟੇਰਿਆਂ ਨੇ ਰਸਤੇ ਵਿਚੋਂ ਪਿਸਤੌਲ ਦੀ ਨੋਕ 'ਤੇ ਇਕ ਵਿਅਕਤੀ ਕੋਲੋਂ ਉਸਦਾ ਮੋਟਰਸਾਈਕਲ ਵੀ ਖੋਹਿਆ ਤੇ ਫਿਰ ਇਹ ਮੋਟਰਸਾਈਕਲ ਵੀ ਕੁਝ ਦੂਰੀ 'ਤੇ ਸੁੱਟ ਕੇ ਇਕ ਕਾਰ ਵਿਚ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼ਹਿਰ ਨਿਵਾਸੀ ਸ੍ਰੀ ਦਰਬਾਰ ਸਾਹਿਬ ਦੇ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਸਬੰਧੀ ਪੁਲਿਸ ਥਾਣਾ ਸਿਟੀ ਦੇ ਐੱਸ.ਐੱਚ.ਓ. ਗੁਰਚਰਨ ਸਿੰਘ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ ਮ੍ਰਿਤਕ ਗ੍ਰੰਥੀ ਦਾ ਸਿਵਲ ਹਸਪਤਾਲ ਤਰਨ ਤਾਰਨ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਐੱਸ.ਐੱਸ.ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆਂ ਦੇ ਸਕੈੱਚ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ।
ਬਟਾਲਾ 'ਚ ਦਿਨ-ਦਿਹਾੜੇ ਡਾਕਾ

ਬਟਾਲਾ ਵਿਖੇ ਲੁਟੇਰਿਆਂ ਵੱਲੋਂ ਖਾਲੀ ਕੀਤੇ ਸੋਨੇ ਨਾਲ ਭਰੇ ਡੱਬੇ ਅਤੇ ਖਿਲਾਰਿਆ ਸਾਮਾਨ।
ਬਟਾਲਾ, 5 ਅਪ੍ਰੈਲ -ਸ਼ਹਿਰ ਦੇ ਭਰੇ ਬਜ਼ਾਰ ਵਿਚ ਵੱਸਦੀ ਕਾਲੋਨੀ ਬਸੰਤ ਐਵੇਨਿਊ ਵਿਚ ਅੱਜ ਦਿਨ-ਦਿਹਾੜੇ ਲੁਟੇਰੇ ਸੁਨਿਆਰੇ ਦੇ ਘਰੋਂ 6 ਕਿਲੋ ਸੋਨਾ, 22 ਕਿਲੋ ਚਾਂਦੀ ਅਤੇ 2 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਮਮਤਾ ਲੂਥਰਾ ਪਤਨੀ ਸਵਰਗੀ ਵਿਜੇ ਕੁਮਾਰ ਲੂਥਰਾ ਅਤੇ ਉਸਦੀ ਨੂੰਹ ਜੋਤੀ ਪਤਨੀ ਅਮਨ ਲੂਥਰਾ ਦੋ ਛੋਟੇ ਬੱਚਿਆਂ ਸਮੇਤ ਘਰ ਵਿਚ ਸਨ। ਬਾਅਦ ਦੁਪਹਿਰ ਕੋਈ ਪੌਣੇ ਤਿੰਨ ਵਜੇ ਦੇ ਕਰੀਬ 6-7 ਨੌਜਵਾਨ ਘਰ ਵਿਚ ਦਾਖਲ ਹੋਏ, ਜਿਨ੍ਹਾਂ ਵਿਚੋਂ ਇਕ ਦਾ ਚਿਹਰਾ ਢਕਿਆ ਨਹੀਂ ਸੀ, ਪਰ ਬਾਕੀ ਸਾਰੇ ਨਕਾਬਪੋਸ਼ ਸਨ। ਮਮਤਾ ਲੂਥਰਾ ਅਤੇ ਉਸਦੀ ਨੂੰਹ ਜੋਤੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਮਨ ਸਵਰਨਕਾਰ ਸੰਘ ਵੱਲੋਂ ਸ਼ਹਿਰ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਗਿਆ ਸੀ ਅਤੇ ਉਨ੍ਹਾਂ ਦੀ ਪੋਤਰੀ 2:30 ਵਜੇ ਸਕੂਲ ਤੋਂ ਘਰ ਆਈ ਸੀ। ਛੋਟਾ ਪੋਤਰਾ ਅਤੇ ਉਹ ਇਕ ਕਮਰੇ ਵਿਚ ਸਨ ਅਤੇ ਨੂੰਹ ਅਤੇ ਪੋਤਰੀ ਦੂਸਰੇ ਕਮਰੇ ਵਿਚ, ਜਦੋਂ ਅਚਨਚੇਤ 6-7 ਨੌਜਵਾਨ ਅੰਦਰ ਦਾਖਲ ਹੋਏ, ਜਿਨ੍ਹਾਂ ਕੋਲ ਬੰਦੂਕ, ਪਿਸਤੌਲ, ਕ੍ਰਿਪਾਨ ਅਤੇ ਚਾਕੂ ਤੋਂ ਇਲਾਵਾ ਹੋਰ ਹਥਿਆਰ ਵੀ ਸਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਲੁਟੇਰੇ ਛੋਟੇ ਕੱਦ ਦੇ ਅਤੇ 20 ਤੋਂ 25 ਸਾਲ ਦੀ ਉਮਰ ਦੇ ਸਨ ਅਤੇ ਉਨ੍ਹਾਂ ਵਿਚੋਂ ਇਕ ਨੇ ਪੱਗ, ਇਕ ਨੇ ਪਟਕਾ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਮੋਨੇ ਸਨ, ਜਿਨ੍ਹਾਂ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਰੌਲਾ ਪਾਇਆ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ।ਇਸ ਤੋਂ ਬਾਅਦ ਸਾਡੇ ਮੂੰਹਾਂ 'ਤੇ ਹੱਥ ਰੱਖ ਕੇ ਹੱਥਾਂ, ਕੰਨਾਂ ਅਤੇ ਉਂਗਲੀਆਂ ਵਿਚੋਂ ਸੋਨਾ ਆਪ ਹੀ ਲਾਹ ਲਿਆ। ਸਾਡੇ ਕੋਲੋਂ ਅਲਮਾਰੀਆਂ ਅਤੇ ਲਾਕਰ ਦੀ ਚਾਬੀ ਮੰਗਣ 'ਤੇ ਜਦੋਂ ਅਸੀਂ ਨਾਂਹ ਕਰ ਦਿੱਤੀ ਤਾਂ ਸਾਨੂੰ ਚਾਰਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਸਾਰੇ ਘਰ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ ਅਤੇ ਪਤਾ ਹੀ ਨਹੀਂ ਚੱਲਿਆ, ਕਿਸ ਤਰ੍ਹਾਂ ਉਨ੍ਹਾਂ ਨੇ ਲਾਕਰ ਅਤੇ ਅਲਮਾਰੀਆਂ ਵਿਚ ਪਿਆ 6 ਕਿਲੋ ਸੋਨਾ ਅਤੇ 22 ਕਿਲੋ ਚਾਂਦੀ ਅਤੇ 2 ਲੱਖ ਦੇ ਕਰੀਬ ਨਕਦੀ, 2 ਮੋਬਾਈਲ, ਇਕ ਲੈਪਟਾਪ ਅਤੇ ਇਕ ਟੈਬ ਕੱਢ ਕੇ ਫਰਾਰ ਹੋ ਗਏ, ਜਦੋਂ ਥੋੜ੍ਹੀ ਦੇਰ ਤੱਕ ਬਾਹਰੋਂ ਕੋਈ ਅਵਾਜ਼ ਨਾ ਆਈ ਤਾਂ ਅਸੀਂ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਦੋਂ ਤੱਕ ਉਹ ਜਾ ਚੁੱਕੇ ਸਨ। ਮੌਕੇ 'ਤੇ ਐਸ. ਐਸ. ਪੀ. ਬਟਾਲਾ ਸ: ਗੁਰਕ੍ਰਿਪਾਲ ਸਿੰਘ, ਐਸ.ਪੀ. ਪਰਮਜੀਤ ਸਿੰਘ ਗੋਰਾਇਆ ਅਤੇ ਡੀ. ਐਸ. ਪੀ. ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।

ਬਟਾਲਾ ਵਿਖੇ ਹੋਈ ਲੁੱਟ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ.ਆਈ.ਜੀ. ਬਾਰਡਰ ਰੇਂਜ਼ ਰਾਮ ਸਿੰਘ, ਐਸ.ਐਸ.ਪੀ. ਗੁਰਕ੍ਰਿਪਾਲ ਸਿੰਘ ਪੁਲਿਸ ਪਾਰਟੀ ਸਮੇਤ ਜਾਇਜ਼ਾ ਲੈਂਦੇ ਹੋਏ।
ਘਰ ਦੇ ਮਾਲਕ ਅਮਨ ਲੂਥਰਾ ਨੇ ਦੱਸਿਆ ਕਿ ਸਵਰਨਕਾਰਾਂ ਅਤੇ ਜਿਊਲਰਜ਼ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਦੁਕਾਨ ਵਿਜੇ ਜਿਊਲਰਜ਼ 'ਤੇ ਪਿਆ ਸੋਨਾ ਅਤੇ ਚਾਂਦੀ ਘਰ ਵਿਚ ਲਿਆ ਕੇ ਰੱਖਿਆ ਹੋਇਆ ਸੀ। ਇਸ ਮੌਕੇ 'ਤੇ ਸਥਾਨਕ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਅਤੇ ਬਟਾਲਾ ਸਵਰਨਕਾਰ ਸੰਘ ਦੇ ਪ੍ਰਧਾਨ ਅਸ਼ੋਕ ਲੂਥਰਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਏਨੀ ਵੱਡੀ ਘਟਨਾ ਪਹਿਲੀ ਵਾਰ ਹੋਈ ਹੈ। ਸ਼ਹਿਰ ਵਾਸੀਆਂ ਦੇ ਮਨਾਂ ਵਿਚ ਰੋਸ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸ: ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਸ੍ਰੀ ਜਗਦੀਸ਼ ਰਾਜ ਸਾਹਨੀ, ਸਾਬਕਾ ਚੇਅਰਮੈਨ ਸ੍ਰੀ ਦੇਵ ਰਾਜ ਚਾਚੋਵਾਲੀਆ ਨੇ ਵੀ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਬਾਅਦ ਦੇਰ ਸ਼ਾਮ ਡੀ.ਆਈ.ਜੀ. ਬਾਰਡਰ ਰੇਂਜ਼ ਸ: ਰਾਮ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ

ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਵਿਚ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ।
ਚੰਡੀਗੜ੍ਹ, 5 ਅਪ੍ਰੈਲ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਰਾਜ ਵਿੱਚ ਅਨਾਜ ਭੰਡਾਰ ਦੀ ਸਮੱਸਿਆ ਦਾ ਹੱਲ ਕਰਨ ਲਈ ਸੂਬੇ ਵਿੱਚ ਕਣਕ ਤੇ ਚਾਵਲ ਦੇ ਸਟਾਕ ਨੂੰ ਹੋਰਨਾਂ ਰਾਜਾਂ 'ਚ ਲਿਜਾਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਖੁਰਾਕ ਮੰਤਰੀ ਪ੍ਰੋ. ਕੇ.ਵੀ. ਥਾਮਸ ਨੂੰ ਮਿਲ ਕੇ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕਰਨਗੇ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ ਭੰਡਾਰ ਹੋਏ ਕਣਕ ਅਤੇ ਚਾਵਲ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਲਿਜਾਣ ਲਈ ਜੇਕਰ ਵਿਸ਼ੇਸ਼ ਰੇਲਵੇ ਰੈਕ ਦੀ ਲੋੜ ਪਈ ਤਾਂ ਸ. ਬਾਦਲ ਇਸ ਮਾਮਲੇ ਨੂੰ ਵੀ ਕੇਂਦਰੀ ਰੇਲਵੇ ਮੰਤਰੀ ਕੋਲ ਮਿਲ ਕੇ ਉਠਾਉਣਗੇ। ਮੁੱਖ ਮੰਤਰੀ ਜੋ ਅੱਜ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਆਖਿਆ ਕਿ ਸੂਬੇ ਵਿੱਚ ਘੱਟੋ ਘੱਟ 25 ਲੱਖ ਮੀਟਰਕ ਟਨ ਦੀ ਸਮਰੱਥਾ ਵਾਲਾ ਗੁਦਾਮ ਵਿਗਿਆਨਕ ਢੰਗ ਨਾਲ ਬਣਾਉਣ ਲਈ ਭਾਰਤ ਸਰਕਾਰ ਪਾਸੋਂ ਜਲਦ ਪ੍ਰਵਾਨਗੀ ਲੈਣ ਲਈ ਯਤਨ ਹੋਰ ਤੇਜ਼ ਕੀਤੇ ਜਾਣ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਵੀ ਐਫ.ਸੀ.ਆਈ. ਵਲੋਂ ਖਰੀਦ ਨਾਲ ਸਬੰਧਤ ਬਕਾਇਆ ਮਾਮਲਿਆਂ ਨੂੰ ਨਿਪਟਾਉਣ ਲਈ ਕੇਂਦਰੀ ਖੇਤੀ ਅਤੇ ਖੁਰਾਕ ਮੰਤਰਾਲੇ ਨਾਲ ਤਾਲਮੇਲ ਕਰਨ ਦਾ ਆਦੇਸ਼ ਦਿੱਤਾ। ਸ. ਬਾਦਲ ਨੇ ਮੁੱਖ ਸਕੱਤਰ ਨੂੰ 20 ਲੱਖ ਮੀਟਰਕ ਟਨ ਦੀ ਵਾਧੂ ਭੰਡਾਰਨ ਸਮਰੱਥਾ ਜਿਸ ਨੂੰ ਹੋਰਨਾਂ ਰਾਜਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਨੂੰ ਵਾਪਸ ਪੰਜਾਬ ਨੂੰ ਪ੍ਰਵਾਨਗੀ ਦਿਵਾਉਣ ਲਈ ਇਹ ਮਾਮਲਾ ਵੀ ਮੰਤਰਾਲੇ ਕੋਲ ਉਠਾਉਣ ਲਈ ਆਖਿਆ ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਅਨਾਜ ਭੰਡਾਰ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ. ਬਾਦਲ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸਕੱਤਰ ਨੂੰ ਆਦੇਸ਼ ਦਿੱਤਾ ਕਿ ਖਰੀਦ ਪ੍ਰਕਿਰਿਆ ਨਿਰਵਿਘਨ ਹੋਣ ਨੂੰ ਯਕੀਨੀ ਬਣਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਪਲਾਈ ਨਾਲ ਨੇੜਿਓਂ ਤਾਲਮਾਲੇ ਰੱਖਿਆ ਜਾਵੇ। ਇਸ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ. ਡੀ.ਐਸ. ਗਰੇਵਾਲ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਰਤਮਾਨ ਵਿੱਚ ਭਾਰਤ ਸਰਕਾਰ ਵਲੋਂ ਅਨਾਜ ਦੀ ਢੋਆ-ਢੁਆਈ ਸੁਸਤ ਹੋਣ ਕਾਰਨ ਰਾਜ ਵਿੱਚ ਅੰਨ ਭੰਡਾਰ ਵੱਡੀ ਸਮੱਸਿਆ ਬਣੀ ਹੋਈ ਹੈ। ਇੱਕ ਅਪ੍ਰੈਲ, 2012 ਨੂੰ ਸੂਬੇ ਵਿੱਚ 68.5 ਲੱਖ ਮੀਟਰਕ ਟਨ ਅਤੇ 67 ਲੱਖ ਮੀਟਿਰਕ ਟਨ ਚਾਵਲ ਭੰਡਾਰ ਹਨ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 51 ਲੱਖ ਮੀਟਰਕ ਟਨ ਕਣਕ ਅਤੇ 68 ਲੱਖ ਮੀਟਰਕ ਟਨ ਚਾਵਲ ਦਾ ਖੁਲ੍ਹਾ ਸਟਾਕ ਸੀ। ਸ. ਗਰੇਵਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਕਣਕ ਦਾ ਉਤਪਾਦਨ 156 ਲੱਖ ਮੀਟਰਕ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਖਰੀਦ ਏਜੰਸੀਆਂ ਰਾਹੀਂ 115 ਲੱਖ ਮੀਟਰਕ ਟਨ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਣਕ ਦੀ ਨਿਰਵਿਘਨ ਖਰੀਦ ਲਈ ਸੂਬੇ ਵਿੱਚ 1769 ਖਰੀਦ ਕੇਂਦਰ ਸਥਾਪਤ ਕੀਤੇ ਜਾ ਚੁੱਕੇ ਹਨ। ਮੀਟਿੰਗ 'ਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਜੀ.ਐਸ. ਸੰਧੂ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਸ. ਡੀ.ਐਸ. ਗਰੇਵਾਲ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਡਾ. ਹਰੀਕੇਸ਼ ਸਿੰਘ ਸਿੱਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਕੇ.ਐਸ. ਪਨੂੰ, ਐਮ.ਡੀ. ਮਾਰਕਫ਼ੈਡ ਸ. ਏ.ਐਸ. ਪਨੂੰ, ਐਮ.ਡੀ. ਪਨਸਪ ਸ਼੍ਰੀ ਵਿਕਾਸ ਪ੍ਰਤਾਪ, ਸਕੱਤਰ ਮੰਡੀ ਬੋਰਡ ਡਾ. ਕੇ.ਐਸ. ਸਰਾ, ਐਮ.ਡੀ. ਪੰਜਾਬ ਐਗਰੋ ਸ਼੍ਰੀ ਅਸ਼ੋਕ ਗੁਪਤਾ ਅਤੇ ਜਨਰਲ ਮੈਨੇਜਰ ਐਫ.ਸੀ.ਆਈ. ਪੰਜਾਬ ਰੀਜਨ ਸ਼੍ਰੀ ਨੀਲ ਕੰਠ ਸ਼ਾਮਲ ਸਨ।
ਨਵੀਂ ਦਿੱਲੀ, 5 ਅਪ੍ਰੈਲ  -ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਖਿਲਾਫ ਦੋ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ਨੂੰ 11 ਅਪ੍ਰੈਲ ਤਕ ਲਈ ਟਾਲ ਦਿੱਤਾ ਹੈ। ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੀ ਬੀ ਆਈ ਨੂੰ 3 ਹਫਤੇ ਵਿਚ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ 11 ਅਪ੍ਰੈਲ ਤੋਂ 13 ਅਪ੍ਰੈਲ ਨੂੰ ਹੋਵੇਗੀ। ਅਦਾਲਤ ਵਿਚ ਸੁਣਵਾਈ ਟਲ ਜਾਣ ਤੋਂ ਬਾਅਦ ਜਨਤਾ ਪਾਰਟੀ ਦੇ ਪ੍ਰਧਾਨ ਸੁਭਰਾਮਨੀਅਮ ਸਵਾਮੀ ਨੇ ਕਿਹਾ ਕਿ ਮੈਨੂੰ ਕੋਈ ਨਿਰਾਸ਼ਾ ਨਹੀਂ ਹੈ ਕਿ ਅੱਜ ਮੇਰੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ 2 ਜੀ ਮਾਮਲੇ ਵਿਚ ਚਿਦੰਬਰਮ ਸਹਿ ਦੋਸ਼ੀ ਹਨ ਜੇਕਰ ਅਦਾਲਤ ਮੇਰੀ ਪਟੀਸ਼ਨ ਨੂੰ ਖਾਰਜ ਕਰਦੀ ਹੈ ਤਾਂ ਮੈਂ ਫਿਰ ਤੋਂ ਟਰਾਇਲ ਕੋਰਟ ਵਿਚ ਜਾਵਾਂਗਾ। ਸਵਾਮੀ ਦੀ ਪਟੀਸ਼ਨ ਤੋਂ ਇਲਾਵਾ ਦੂਜੀ ਪਟੀਸ਼ਨ ਟੀਮ ਅੰਨਾ ਦੇ ਮੈਂਬਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦਾਖਲ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਦੇ ਰੂਪ ਵਿਚ ਚਿਦੰਬਰਮ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਨੇ ਸਪੈਰਟ੍ਰਮ ਦੀ ਨਿਲਾਮੀ ਦਾ ਪੱਖ ਲਿਆ ਸੀ। ਇੱਥੇ ਵਰਣਨਯੋਗ ਹੈ ਕਿ ਦਿੱਲੀ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਸਵਾਮੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਚਿਦੰਬਰਮ ਨੂੰ ਪਾਕਿ ਸਾਫ ਕਰਾਰ ਦਿੱਤਾ ਸੀ।
ਨਵੀਂ ਦਿੱਲੀ, 5 ਅਪ੍ਰੈਲ- ਮਸ਼ਹੂਰ ਫਿਲਮ ਨਿਰਦੇਸ਼ਕ ਸੁਭਾਸ਼ ਘਈ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦਿਆਂ ਕਿਹਾ ਹੈ ਕਿ ਉਹ ਗੋਰੇਗਾਓਂ ਸਥਿਤ ਫਿਲਮ ਸਿਟੀ 'ਚ ਫਿਲਮ ਅਕੈਡਮੀ ਵਿਸਲਿੰਗ ਵੁੱਡਸ ਦੇ ਲਈ ਖਰੀਦੀ ਗਈ ਜ਼ਮੀਨ ਨੂੰ ਵਾਪਸ ਕਰਨ। ਸੁਪਰੀਮ ਕੋਰਟ ਨੇ ਮੁੰਬਈ ਹਾਈ ਕੋਰਟ ਦੇ ਫੈਸਲੇ ਨੂੰ ਬਰਕਾਰ ਰੱਖਿਆ ਹੈ ਜਿਸ 'ਚ ਘਈ ਨੂੰ 14.5 ਏਕੜ ਜ਼ਮੀਨ ਵਾਪਸ ਕਰਨ ਲਈ ਕਿਹਾ ਗਿਆ ਸੀ ਤੇ 5.5 ਏਕੜ ਜ਼ਮੀਨ 2014 ਤਕ ਸਰਕਾਰ ਨੂੰ ਵਾਪਸ ਕਰਨ ਲਈ ਕਿਹਾ ਸੀ ਤਾਂ ਜੋ ਅਕੈਡਮੀ 'ਚ ਪੜ੍ਹਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਬਿਨਾਂ ਕਿਸੇ ਮੁਸ਼ਕਿਲ ਦੇ ਪੂਰੀ ਕਰ ਲੈਣ ਨਾਲ ਹੀ ਘਈ ਨੂੰ 2000 ਤੋਂ 5 ਕਰੋੜ ਦਾ ਜੁਰਮਾਨਾ ਵੀ ਦੇਣ ਨੂੰ ਕਿਹਾ ਸੀ। ਘਈ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਦਾਖਲ ਕੀਤੀ ਸੀ।
ਚੰਡੀਗੜ੍ਹ, 5 ਅਪ੍ਰੈਲ -ਪੰਜਾਬ ਸਰਕਾਰ ਨੇ ਨੌਕਰੀ ਦੌਰਾਨ ਮਰਨ ਵਾਲੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਂਦੀ 'ਫੈਮਿਲੀ ਪੈਨਸ਼ਨ' ਵਿੱਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦੀ ਮੌਤ ਹੋਣ ਤੋਂ 15 ਸਾਲਾਂ ਤੱਕ ਜਾਂ ਸਰਕਾਰੀ ਮੁਲਾਜ਼ਮ ਦੀ 65 ਸਾਲ ਉਮਰ ਹੁਣ ਤੱਕ (ਜੋ ਵੀ ਸਮਾਂ ਘੱਟ ਹੋਵੇ) 10 ਹਜ਼ਾਰ ਰੁਪਏ ਤੱਕ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ 'ਫੈਮਿਲੀ ਪੈਨਸ਼ਨ' ਨੂੰ 60 ਫੀਸਦੀ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ 'ਫੈਮਿਲੀ ਪੈਨਸ਼ਨ' ਨੂੰ 50 ਫੀਸਦੀ ਤੱਕ ਵਧਾ ਦਿੱਤਾ ਹੈ ਜੋ ਕਿ ਘੱਟੋ-ਘੱਟ 6000 ਰੁਪਏ ਹੋਵੇਗੀ। ਸਰਕਾਰੀ ਬੁਲਾਰੇ ਅਨੁਸਾਰ ਮ੍ਰਿਤਕ ਮੁਲਾਜ਼ਮ ਦੀ ਮੌਤ ਹੋਣ ਤੋਂ 15 ਸਾਲਾਂ ਬਾਅਦ ਜਾਂ ਸਰਕਾਰੀ ਮੁਲਾਜ਼ਮ ਦੀ 65 ਸਾਲ ਉਮਰ ਤੋਂ ਬਾਅਦ (ਜੋ ਵੀ ਸਮਾਂ ਘੱਟ ਹੋਵੇ) 10 ਹਜ਼ਾਰ ਰੁਪਏ ਤੱਕ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ 'ਫੈਮਿਲੀ ਪੈਨਸ਼ਨ' ਨੂੰ 40 ਫੀਸਦੀ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ 'ਫੈਮਿਲੀ ਪੈਨਸ਼ਨ' ਨੂੰ 30 ਫੀਸਦੀ ਤੱਕ ਵਧਾ ਦਿੱਤਾ ਹੈ ਜੋ ਕਿ ਘੱਟੋ-ਘੱਟ 4000 ਰੁਪਏ ਹੋਵੇਗੀ।
ਜਲੰਧਰ, 5 ਅਪ੍ਰੈਲ -ਕਰੀਬ 16 ਸਾਲ ਦੀ ਲੰਬੀ ਅਦਾਲਤੀ ਪ੍ਰਕਿਰਿਆ ਬਾਅਦ ਵੀ ਖਾੜਕੂ ਲਹਿਰ ਦੌਰਾਨ ਅਤੇ ਤਿੰਨ ਪੁਲਿਸ ਜ਼ਿਲ੍ਹਿਆਂ ਵਿਚ 2097 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣ-ਪਛਾਤੀਆਂ ਕਹਿ ਕੇ ਪੁਲਿਸ ਵੱਲੋਂ ਸਾੜ ਦਿੱਤੇ ਜਾਣ ਦੇ ਮਾਮਲੇ 'ਚ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਨਹੀਂ ਮਿਲਿਆ। 1994-1995 ਵਿਚ ਪੁਲਿਸ ਵੱਲੋਂ ਚੁੱਕ ਕੇ ਕਥਿਤ ਰੂਪ 'ਚ ਕਤਲ ਕਰ ਦਿੱਤੇ ਗਏ ਮਨੁੱਖੀ ਅਧਿਕਾਰ ਆਗੂ ਜਸਵੰਤ ਸਿੰਘ ਖਾਲੜਾ ਨੇ ਤਰਨ ਤਾਰਨ, ਅੰਮ੍ਰਿਤਸਰ ਤੇ ਮਜੀਠਾ ਤਿੰਨ ਪੁਲਿਸ ਜ਼ਿਲ੍ਹਿਆਂ ਦੇ ਖੇਤਰਾਂ ਦੇ ਸ਼ਮਸ਼ਾਨਘਾਟਾਂ ਤੋਂ ਕੀਤੀ ਪੜਤਾਲ 'ਚ ਇਹ ਤੱਥ ਸਾਹਮਣੇ ਲਿਆਂਦਾ ਸੀ ਕਿ 2097 ਵਿਅਕਤੀਆਂ ਦੀਆਂ ਲਾਸ਼ਾਂ ਪੁਲਿਸ ਨੇ ਅਣ-ਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਸਨ। ਸ: ਖਾਲੜਾ ਨੇ ਆਪਣੀ ਪੜਤਾਲ ਵਿਚ ਅਣ-ਪਛਾਤੀਆਂ ਲਾਸ਼ਾਂ ਕਹਿ ਕੇ ਮਾਰੇ ਗਏ ਨੌਜਵਾਨਾਂ ਬਾਰੇ ਅਨੇਕ ਵੇਰਵੇ ਵੀ ਦਰਜ ਕੀਤੇ ਸਨ। ਸ: ਖਾਲੜਾ ਦੇ ਗੁੰਮ ਕਰ ਦਿੱਤੇ ਜਾਣ ਬਾਅਦ ਇਹ ਸਾਰੀ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ਵਿਚ ਕਈ ਸੰਗਠਨਾਂ ਵੱਲੋਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਵਜੋਂ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸਾਰੇ ਮਾਮਲੇ ਦੀ ਸੁਣਵਾਈ ਕਰਦਿਆਂ 12 ਦਸੰਬਰ, 1996 ਨੂੰ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੌਂਪਦਿਆਂ ਇਹ ਹਦਾਇਤ ਕੀਤੀ ਸੀ ਕਿ ਅਣ-ਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਾੜੇ ਗਏ ਵਿਅਕਤੀਆਂ ਦੇ ਮਾਮਲਿਆਂ ਦੇ ਅਪਰਾਧ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਬਾਰੇ ਉਹ ਖੁਦ ਪੜਤਾਲ ਕਰੇ ਅਤੇ ਫੈਸਲਾ ਲਵੇ। ਮੁਆਵਜ਼ੇ 'ਤੇ ਅਪਰਾਧਕ ਕੇਸਾਂ ਬਾਰੇ ਕਮਿਸ਼ਨ ਨੂੰ ਖੁਦ ਹੀ ਅਧਿਕਾਰ ਦੇਣ ਦਾ ਫੈਸਲਾ ਬੜਾ ਹੀ ਨਿਵੇਕਲਾ ਸੀ। 2097 ਕੇਸਾਂ ਵਿਚੋਂ ਮੁੱਖ ਸੀ. ਬੀ. ਆਈ. ਨੇ ਸਿਰਫ 35 ਕੇਸਾਂ 'ਚ ਚਾਰਜਸ਼ੀਟ ਦਾਇਰ ਕੀਤੀ ਪਰ ਮੁਕੱਦਮਾ ਅੱਜ ਤੱਕ ਕਿਸੇ ਇਕ ਉੱਪਰ ਵੀ ਨਹੀਂ ਚੱਲਿਆ। ਇਹ ਸਾਰੇ ਕੇਸ ਅਜੇ ਵੀ ਸੁਪਰੀਮ ਕੋਰਟ ਵਿਚ ਸਟੇਅ ਅਧੀਨ ਹਨ। 2001 ਵਿਚ ਫਿਰ 18 ਪੀੜਤ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕਮਿਸ਼ਨ ਨੇ ਕੀਤਾ। ਪਰ ਗੁੱਸੇ 'ਚ ਆਏ ਪੀੜਤ ਪਰਿਵਾਰਾਂ ਨੇ ਕਮਿਸ਼ਨ ਵੱਲੋਂ ਦਿੱਤੇ ਫੈਸਲੇ ਨੂੰ ਭੱਦਾ ਮਜ਼ਾਕ ਕਰਾਰ ਦਿੰਦਿਆਂ ਇਹ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਹਦਾਇਤ ਉੱਪਰ ਭੱਲਾ ਕਮੇਟੀ ਬੈਠੀ ਤੇ ਆਈ. ਜੀ. ਦੀ ਅਗਵਾਈ ਵਾਲੀ ਕਮੇਟੀ ਨੇ ਵੀ ਗਵਾਹੀਆਂ ਲਈਆਂ। ਅਖੀਰ ਹੁਣ 16 ਸਾਲ ਬਾਅਦ 2097 ਵਿਅਕਤੀਆਂ ਨੂੰ ਅਣ-ਪਛਾਤੀਆਂ ਲਾਸ਼ਾਂ ਕਹਿਕੇ ਸਾੜੇ ਗਏ ਵਿਅਕਤੀਆਂ ਵਿਚੋਂ 1513 ਵਿਅਕਤੀਆਂ ਨੂੰ ਪੌਣੇ ਦੋ ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਫੈਸਲਾ ਸੁਣਾਇਆ ਹੈ। ਵਰਨਣਯੋਗ ਹੈ ਕਿ 1513 ਜਿਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਗਿਆ ਹੈ, ਉਨ੍ਹਾਂ ਵਿਚ 195 ਅਜਿਹੇ ਵਿਅਕਤੀ ਹਨ, ਜਿਨ੍ਹਾਂ ਬਾਰੇ ਖੁਦ ਕਮਿਸ਼ਨ ਇਹ ਆਖ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਈ ਸੀ ਤੇ ਇਸ ਕਾਰਨ ਇਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਢਾਈ-ਢਾਈ ਲੱਖ ਰੁਪਏ ਦਿੱਤਾ ਜਾ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ 2097 ਵਿਅਕਤੀਆਂ ਦੀ ਖਾਲੜਾ ਵੱਲੋਂ ਤਿਆਰ ਸੂਚੀ ਵਿਚੋਂ 532 ਵਿਅਕਤੀਆਂ ਨੂੰ ਤਾਂ ਇਹ ਕਹਿ ਕੇ ਬਾਹਰ ਕੱਢ ਦਿੱਤਾ ਹੈ ਕਿ ਉਨ੍ਹਾਂ ਬਾਰੇ ਕੋਈ ਸਬੂਤ ਹੀ ਨਹੀਂ ਮਿਲੇ। ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਵਿਅਕਤੀਆਂ ਬਾਰੇ ਭੱਲਾ ਕਮੇਟੀ ਤੇ ਆਈ. ਜੀ. ਸਾਹਮਣੇ ਤੱਥ ਤੇ ਸਬੂਤ ਪੇਸ਼ ਕੀਤੇ ਗਏ ਸਨ ਪਰ ਉਨ੍ਹਾਂ ਨੂੰ ਕਿਸੇ ਨੇ ਰਿਕਾਰਡ ਉੱਪਰ ਹੀ ਨਹੀਂ ਲਿਆਂਦਾ। ਸੁਪਰੀਮ ਕੋਰਟ ਨੇ ਕਮਿਸ਼ਨ ਨੂੰ ਮੁਆਵਜ਼ੇ ਦੇ ਨਾਲ ਅਪਰਾਧਕ ਮਾਮਲੇ ਪੜਤਾਲਣ ਲਈ ਵੀ ਜ਼ਿੰਮੇਵਾਰੀ ਸੌਂਪੀ ਸੀ। ਇਸ ਮਾਮਲੇ ਦੀ ਅਦਾਲਤੀ ਪੈਰਵਾਈ ਕਰਦੇ ਆ ਰਹੇ ਸ: ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਦਾ ਕਹਿਣਾ ਹੈ ਕਿ ਅਪਰਾਧਕ ਮਾਮਲਿਆਂ ਬਾਰੇ ਕਮਿਸ਼ਨ ਨੇ ਕੋਈ ਕਾਰਵਾਈ ਹੀ ਨਹੀਂ ਕੀਤੀ। ਸ: ਬੈਂਸ ਦਾ ਕਹਿਣਾ ਹੈ ਕਿ ਸਾਰੀ ਅਦਾਲਤੀ ਕਾਰਵਾਈ ਪੰਜਾਬ ਸਰਕਾਰ ਦੇ ਅਸਹਿਯੋਗ ਦੌਰਾਨ ਹੀ ਨੇਪਰੇ ਚੜ੍ਹੀ ਹੈ ਕਿਉਂਕਿ ਸਰਕਾਰ ਨੇ ਕਦੇ ਵੀ ਐਫ. ਆਈ. ਆਰ. ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ। ਜੇ ਦਿੱਤੀਆਂ ਵੀ ਤਾਂ ਉਸ ਵਿਚੋਂ ਸਬੰਧਿਤ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਨਾਂਅ ਕੱਟ ਦਿੱਤੇ, ਅਜਿਹੀ ਹਾਲਤ 'ਚ ਕਿਸੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ।
ਮੁੰਬਈ, 5 ਅਪ੍ਰੈਲ-ਅੱਜ ਆਦਰਸ਼ ਘੁਟਾਲੇ ਵਿਚ ਸ਼ਾਮਿਲ 7 ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਨੂੰ ਵਿਸ਼ੇਸ਼ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ। ਜੱਜ ਐਮ. ਵੀ. ਕੁਲਕਰਨੀ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਕੇਸ ਵਿਚ ਕਾਰਵਾਈ ਮਹੱਤਵਪੂਰਨ ਪੜਾਅ 'ਤੇ ਪੁੱਜ ਚੁੱਕੀ ਹੈ। ਇਸ ਕਰਕੇ ਦੋਸ਼ੀਆਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਇਨ੍ਹਾਂ 7 ਦੋਸ਼ੀਆਂ ਵਿਚ ਸਾਬਕਾ ਕਾਂਗਰਸ ਵਿਧਾਇਕ ਕੇ. ਐਲ. ਗਿਡਵਾਨੀ, ਪ੍ਰਦੀਪ ਵਿਆਸ, ਸਾਬਕਾ ਮੇਜਰ ਜਨਰਲ ਟੀ. ਕੇ. ਕੌਲ, ਸਾਬਕਾ ਮੇਜਰ ਜਨਰਲ ਏ. ਆਰ. ਕੁਮਾਰ, ਸਾਬਕਾ ਬ੍ਰਿਗੇਡੀਅਰ ਐਮ. ਐਮ. ਬਾਂਚੂ, ਸਾਬਕਾ ਅਧਿਕਾਰੀ ਆਰ. ਸੀ. ਠਾਕੁਰ ਅਤੇ ਪੀ. ਵੀ. ਦੇਸ਼ਮੁਖ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ 17 ਅਪ੍ਰੈਲ ਤੱਕ ਰਿਮਾਂਡ ਲਈ ਭੇਜਿਆ ਗਿਆ ਹੈ।
ਇਸਲਾਮਾਬਾਦ, 5 ਅਪ੍ਰੈਲ - ਸੱਤਾਧਾਰੀ ਪੀਪਲਜ਼ ਪਾਰਟੀ ਪਾਕਿਸਤਾਨ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੁਪਰੀਮ ਕੋਰਟ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਉਹ ਜ਼ੁਲਫਕਾਰ ਅਲੀ ਭੁੱਟੋ ਦੇ ਨਿਆਇਕ ਕਤਲ ਵਿਚ ਨਿਭਾਈ ਭੂਮਿਕਾ ਲਈ ਮੁਆਫੀ ਮੰਗੇ ਤੇ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵਿਰੁੱਧ ਚੱਲ ਰਹੇ ਮਾਣਹਾਨੀ ਦੇ ਮਾਮਲੇ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣਗੇ। 23 ਸਾਲਾ ਬਿਲਾਵਲ ਨੇ ਇਹ ਸਖਤ ਸ਼ਬਦਾਵਲੀ ਵਾਲਾ ਭਾਸ਼ਣ ਬੀਤੀ ਰਾਤ ਸਾਬਕਾ ਰਾਸ਼ਟਰਪਤੀ ਜ਼ੁਲਫਕਾਰ ਅਲੀ ਭੁੱਟੋ ਦੀ ਸ਼ਹਾਦਤ ਦੀ ਵਰ੍ਹੇਗੰਢ ਮੌਕੇ ਸਿੰਧ ਰਾਜ ਵਿਚ ਨਾਉਦੇਰੋ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ। ਇਹ ਖੇਤਰ ਭੁੱਟੋ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਪਾਰਟੀ ਵੱਲੋਂ ਸਾਬਕਾ ਰਾਸ਼ਟਰਪਤੀ ਨੂੰ ਦਿੱਤੀ ਮੌਤ ਦੀ ਸਜ਼ਾ ਬਾਰੇ ਦਾਇਰ ਜਾਇਜ਼ਾ ਮਾਮਲੇ ਦਾ ਹਵਾਲਾ ਦਿੰਦਿਆਂ ਬਿਲਾਵਲ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸੁਪਰੀਮ ਕੋਰਟ ਅੜਿੱਕਾ ਨਹੀਂ ਬਣੇਗੀ ਤੇ ਆਖਰਕਾਰ ਸਾਨੂੰ ਨਿਆਂ ਮਿਲੇਗਾ।
ਭੁਵਨੇਸ਼ਵਰ, 5 ਅਪ੍ਰੈਲ  - ਓਡੀਸ਼ਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਟਲੀ ਦੇ ਅਗਵਾ ਕੀਤੇ ਸੈਲਾਨੀ ਤੇ ਬੀ. ਜੇ. ਡੀ. ਦੇ ਵਿਧਾਇਕ ਦੀ ਰਿਹਾਈ ਬਦਲੇ 8 ਨਕਸਲੀਆਂ ਸਮੇਤ 27 ਜਾਣਿਆ ਨੂੰ ਜੇਲ੍ਹ ਤੋਂ ਰਿਹਾਅ ਕਰੇਗੀ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਗਵਾ ਕੀਤੇ ਵਿਅਕਤੀਆਂ ਦੀ ਰਿਹਾਈ ਬਦਲੇ ਰਿਹਾਅ ਕੀਤੇ ਜਾਣ ਵਾਲਿਆਂ ਦੇ ਨਾਂਅ ਕੱਲ੍ਹ ਨੂੰ ਐਲਾਨੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਇਟਲੀ ਦੇ ਸੈਲਾਨੀ ਤੇ ਵਿਧਾਇਕ ਦੀ ਰਿਹਾਈ ਲਈ ਹਰ ਸੰਭਵ ਕਦਮ ਉਠਾ ਰਹੀ ਹੈ।
ਨਵੀਂ ਦਿੱਲੀ, 5 ਅਪ੍ਰੈਲ -ਸੁਪਰੀਮ ਕੋਰਟ ਨੇ 2 ਜੀ ਘੁਟਾਲੇ ਸਬੰਧੀ ਕੇਂਦਰ ਦੁਆਰਾ 122 ਕੰਪਨੀਆਂ ਦੇ ਲਾਇਸੰਸ ਖਾਰਜ ਕਰਨ ਸਬੰਧੀ ਨਜ਼ਰਸਾਨੀ ਪਟੀਸ਼ਨ ਮਨਜ਼ੂਰ ਕਰਦਿਆਂ ਬਾਕੀ 10 ਪਟੀਸ਼ਨਾਂ ਖਾਰਜ ਕਰ ਦਿੱਤੀਆਂ, ਜਿਨ੍ਹਾਂ ਵਿਚ ਸੱਤ ਟੈਲੀਕਾਮ ਕੰਪਨੀਆਂ ਅਤੇ ਸਾਬਕਾ ਮੰਤਰੀ ਏ ਰਾਜਾ ਦੀ ਨਜ਼ਰਸਾਨੀ ਪਟੀਸ਼ਨ ਵੀ ਸ਼ਾਮਿਲ ਸੀ। ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ ਦੀ ਸੁਣਵਾਈ ਲਈ ਅਗਲੀ ਤਰੀਕ 13 ਅਪ੍ਰੈਲ ਪਾਈ ਹੈ। ਨਜ਼ਰਸਾਨੀ ਪਟੀਸ਼ਨਾਂ ਖਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ, ਜਿਸ 'ਤੇ ਮੁੜ-ਵਿਚਾਰ ਕਰਨ ਦੀ ਲੋੜ ਹੈ। ਅਦਾਲਤ ਨੇ ਪਟੀਸ਼ਨਾਂ ਖਾਰਜ ਕਰਦਿਆਂ ਕਿਹਾ ਇਹ ਕਾਨੂੰਨ ਅਧੀਨ ਹੀ ਖਾਰਜ ਕੀਤੀਆਂ ਗਈਆਂ ਹਨ।
ਨਵੀਂ ਦਿੱਲੀ, 5ਅਪ੍ਰੈਲ  -ਨਵੇਂ ਸੈਨਾ ਮੁਖੀ ਦੇ ਰੂਪ 'ਚ ਨਿਯੁਕਤੀ ਤੋਂ ਪਹਿਲਾਂ ਹੀ ਲੈਫ: ਜਨਰਲ ਬਿਕਰਮ ਸਿੰਘ ਵਿਵਾਦਾਂ 'ਚ ਆ ਗਏ ਹਨ। ਸੁਪਰੀਮ ਕੋਰਟ 'ਚ ਬਿਕਰਮ ਸਿੰਘ ਨੂੰ ਅਗਲੇ ਸੈਨਾ ਮੁਖੀ ਦੇ ਰੂਪ 'ਚ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ 'ਚ ਇਕ ਜਨ ਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਬਿਕਰਮ ਸਿੰਘ ਜੰਮੂ-ਕਸ਼ਮੀਰ 'ਚ ਹੋਏ ਇਕ ਕਥਿਤ ਫਰਜ਼ੀ ਮੁਕਾਬਲੇ 'ਚ ਸ਼ਾਮਿਲ ਸਨ। ਸਰਕਾਰ ਨੇ 3 ਮਾਰਚ ਨੂੰ ਅਗਲੇ ਸੈਨਾ ਮੁਖੀ ਦੇ ਰੂਪ 'ਚ ਬਿਕਰਮ ਸਿੰਘ ਦੇ ਨਾਂਅ ਦਾ ਐਲਾਨ ਕੀਤਾ ਸੀ। ਮੌਜੂਦਾ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ।
ਕੋਜ਼ੀਕੋਡ, 5 ਅਪ੍ਰੈਲ-ਸੀ. ਪੀ. ਆਈ. (ਐਮ) ਨੇ ਅੱਜ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਵ ਉਦਾਰਵਾਦੀ ਪ੍ਰਬੰਧ ਦੁਆਰਾ ਅਪਣਾਈਆਂ ਨੀਤੀਆਂ ਦੀ ਪੈਦਾਵਾਰ ਹੈ ਤੇ ਕੇਵਲ ਖੱਬਾ-ਲੋਕਤੰਤਰਿਕ ਬਦਲ ਹੀ ਇਸ ਵਿਰੁੱਧ ਲੜ ਸਕਦਾ ਹੈ। ਪਾਰਟੀ ਨੇ ਕਿਹਾ ਹੈ ਕਿ ਸੱਤਾਧਾਰੀ ਰਾਜਸੀ ਨੇਤਾ ਤੇ ਨੌਕਰਸ਼ਾਹੀ ਜਨਤਿਕ ਫੰਡਾਂ ਤੇ ਦੁਰਲੱਭ ਸਾਧਨਾਂ ਨੂੰ ਲੱਟ ਰਹੇ ਹਨ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਇਥੇ 20 ਵੀਂ ਪਾਰਟੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ ਕਿ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੇ ਰਾਜ ਦੌਰਾਨ ਕੁਦਰਤੀ ਸਾਧਨਾਂ ਦੀ ਲੁੱਟ ਸਿਖਰਾਂ 'ਤੇ ਪੁੱਜ ਗਈ ਹੈ ਜਿਸ ਦੀ ਕਿਤੇ ਮਿਸਾਲ ਨਹੀਂ ਮਿਲਦੀ। ਕਰਾਤ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਕੇਵਲ ਇਕ ਮਜ਼ਬੂਤ ਤੇ ਪ੍ਰਭਾਵੀ ਲੋਕਪਾਲ ਕਾਫੀ ਨਹੀਂ ਹੈ ਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨਵ ਉਦਾਰਵਾਦੀ ਪ੍ਰਬੰਧ ਤੇ ਭ੍ਰਿਸ਼ਟ ਸਬੰਧਾਂ ਵਿਰੁੱਧ ਸੇਧਿਤ ਹੋਣੀ ਚਾਹੀਦੀ ਹੈ ਜੋ ਜਨਤਿਕ ਫੰਡਾਂ ਤੇ ਸਾਧਨਾਂ ਦੀ ਲੁੱਟ ਦਾ ਰਾਹ ਪੱਧਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਦੋ ਦਹਾਕੇ ਦੇ ਉਦਾਰੀਕਰਨ ਦੌਰਾਨ ਬੇਮਿਸਾਲ ਨਾਬਰਾਬਰਤਾ ਵਧੀ ਹੈ ਜਿਸ ਦੇ ਨਤੀਜੇ ਵਜੋਂ ਭਾਰਤ ਨੇ ਕੁਝ ਸਿਖਰ ਦੇ ਅਮੀਰ ਲੋਕ ਪੈਦਾ ਕੀਤੇ ਹਨ ਜਦ ਕਿ ਕਰੋੜਾਂ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਲੋੜਾਂ ਤੋਂ ਵਾਂਝਿਆਂ ਰੱਖਿਆ ਗਿਆ ਹੈ।

No comments:

Post a Comment