Wednesday, 2 October 2013

ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਲੱਗਣਗੀਆਂ ਬਾਦਲ ਦੀਆਂ ਫੋਟੋਆਂ : ਬਾਜਵਾ

ਅੰਮ੍ਰਿਤਸਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਯੋਜਨਾ ਵਿਚ ਆਪਣੀਆਂ ਫੋਟੋਆਂ ਲਗਵਾ ਕੇ ਸਿਆਸੀ ਲਾਹਾ ਲੈਣ ‘ਚ ਜੁਟੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਉਣ ਵਾਲੇ ਦਿਨਾਂ ਵਿਚ ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਆਪਣੀਆਂ ਫੋਟੋਆਂ ਲਗਵਾ ਸਕਦੇ ਹਨ। ਅੰਮ੍ਰਿਤਸਰ ਵਿਖੇ ਯੂਥ ਕਾਂਗਰਸ ਦੀ ਅਧਿਕਾਰ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਹੁਣ ਸ਼ਰਾਬ ਦੀਆਂ ਬੋਤਲਾਂ ‘ਤੇ ਮੁੱਖ ਮੰਤਰੀ ਬਾਦਲ ਅਤੇ ਮਜੀਠੀਆ ਦੀਆਂ ਫੋਟੋਆਂ ਲਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ।
ਇਸ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਲਾਗੂ ਕਰਕੇ ਗਰੀਬ ਪਰਿਵਾਰਾਂ ਦੀ ਰੋਟੀ ਯਕੀਨੀ ਬਣਾਈ ਹੈ ਜਦੋਂਕਿ ਬਾਦਲ ਇਸ ਮਾਮਲੇ ਵਿਚ ਵੀ ਖੁਦ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਯੂਥ ਕਾਂਗਰਸ ਦੀ ਇਹ ਅਧਿਕਾਰ ਰੈਲੀ 31 ਅਕਤੂਬਰ ਤੱਕ ਚੱਲੇਗੀ ਅਤੇ ਇਸ ਦੌਰਾਨ ਪੰਜਾਬ ਦੀਆਂ ਕਰੀਬ ਢਾਈ ਦਰਜਨ ਸ਼ਹਿਰਾਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮ ਚੌਧਰੀ ਦੀ ਅਗਵਾਈ ਵਿਚ ਸ਼ੁਰੂ ਹੋਈ ਇਸ ਰੈਲੀ  ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

No comments:

Post a Comment