ਆਰਥਿਕ ਤੰਗੀ ਕਾਰਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ-ਬੁੱਢਾਪਾ ਪੈਨਸ਼ਨ ਵੀ ਨਹੀਂ ਸੀ ਮਿਲਦੀ
ਅਬੋਹਰ,
2 ਅਕਤੂਬਰ (ਕੁਲਦੀਪ ਸਿੰਘ ਸੰਧੂ)-ਆਰਥਿਕ ਤੰਗੀ ਨਾਲ ਜੂਝਦਿਆਂ ਪਿੰਡ ਕਿੱਲਿਆਂਵਾਲੀ ਦੇ
ਇੱਕ ਬਜ਼ੁਰਗ ਪ੍ਰਵਾਸੀ ਜੋੜੇ ਨੇ ਜੀਵਨ ਦੇ ਆਖ਼ਰੀ ਪੜਾਅ 'ਚ ਰਿਸ-ਰਿਸ ਕੇ ਮਰਨ ਨਾਲੋਂ
ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਇੱਕੋ ਮੰਜੇ 'ਤੇ ਪਈਆਂ
ਬਜ਼ੁਰਗ ਜੋੜੇ ਦੀਆਂ ਲਾਸ਼ਾਂ ਵੇਖ ਕੇ ਉੱਥੇ ਮੌਜੂਦ ਜਿੱਥੇ ਹਰੇਕ ਵਿਅਕਤੀਆਂ ਦੀਆਂ ਅੱਖਾਂ
ਨਮ ਹੋ ਗਈਆਂ ਉੱਥੇ ਸਰਕਾਰ ਵੱਲੋਂ ਗ਼ਰੀਬਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵੀ
ਪੋਲ ਖੁੱਲ੍ਹ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਕਿੱਲਿਆਂਵਾਲੀ ਵਿਖੇ ਪ੍ਰਵਾਸੀ
ਮਜ਼ਦੂਰ ਰਾਮ ਕੁਮਾਰ ਅਤੇ ਉਸ ਦੀ ਪਤਨੀ ਪਿਛਲੇ ਕਰੀਬ 30 ਸਾਲਾਂ ਤੋਂ ਰਹਿ ਰਹੇ ਸੀ ਅਤੇ
ਦਿਹਾੜੀ ਕਰਕੇ ਆਪਣਾ ਪੇਟ ਪਾਲ ਰਹੇ ਸੀ। ਪਿਛਲੇ ਕੁੱਝ ਸਮੇਂ ਤੋਂ ਰਾਮ ਕੁਮਾਰ (85) ਦੀ
ਪਤਨੀ ਲਕਵੇ ਦੀ ਬਿਮਾਰੀ ਤੋਂ ਪੀੜਤ ਅਤੇ ਅੱਖਾਂ ਤੋਂ ਅੰਨ੍ਹੀ ਹੋ ਗਈ ਸੀ ਅਤੇ ਜ਼ਿਆਦਾ
ਬਜ਼ੁਰਗ ਹੋਣ ਕਾਰਨ ਉਸ ਤੋਂ ਨਾ ਮਜ਼ਦੂਰੀ ਹੁੰਦੀ ਸੀ ਅਤੇ ਨਾ ਹੀ ਕੋਈ ਹੋਰ ਰੋਜ਼ੀ-ਰੋਟੀ
ਦਾ ਸਾਧਨ ਸੀ। ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਬਜ਼ੁਰਗ ਜੋੜੇ ਨੇ
ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ
ਇਸ ਬਜ਼ੁਰਗ ਜੋੜੇ ਨੂੰ ਨਾ ਕੋਈ ਬੁੱਢਾਪਾ ਪੈਨਸ਼ਨ ਮਿਲਦੀ ਸੀ ਅਤੇ ਨਾ ਹੀ ਕੋਈ ਹੋਰ
ਸਰਕਾਰੀ ਸਹੂਲਤ। ਉਹ ਕਿਸੇ ਕਿਸਾਨ ਦੇ ਖੇਤ ਵਿਚ ਇੱਕ ਕੱਚੇ ਕੋਠੇ 'ਚ ਰਹਿੰਦੇ ਸਨ,
ਜਿੱਥੇ ਜੇਕਰ ਕੋਈ ਰਹਿਮ ਦਿਲ ਵਿਅਕਤੀ ਉਨ੍ਹਾਂ ਨੂੰ ਕੁੱਝ ਖਾਣ ਲਈ ਦੇ ਦਿੰਦਾ ਤਾਂ ਖਾ
ਲੈਂਦੇ ਸੀ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚ ਕੇ
ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ।
No comments:
Post a Comment