Saturday, 21 January 2012

ਧੁੰਦ ਕਾਰਨ ਦਰਜਨ ਵਾਹਨ ਟਕਰਾਏ-ਇਕ ਵਿਦਿਆਰਥੀ ਸਮੇਤ ਦੋ ਦੀ ਮੌਤ
8 ਜ਼ਖ਼ਮੀ -ਭੜਕੇ ਹੋਏ ਲੋਕਾਂ ਵੱਲੋਂ ਚੱਕਾ ਜਾਮ-ਕਾਂਗਰਸੀ ਆਗੂ ਖਿਲਾਫ਼ ਨਾਅਰੇਬਾਜ਼ੀ

ਕਿਸ਼ਨਗੜ੍ਹ, 21 ਜਨਵਰੀ-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਰਾਉਵਾਲੀ ਦੇ ਨਜ਼ਦੀਕ ਸਵੇਰੇ ਸੰਘਣੀ ਧੁੰਦ ਕਾਰਨ ਕਰੀਬ ਇਕ ਦਰਜਨ ਵਾਹਨ ਟਕਰਾ ਗਏ ਜਿਸ ਵਿਚ ਇਕ ਵਿਦਿਆਰਥੀ ਸਮੇਤ ਦੋ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤਿੰਨ ਵਿਦਿਆਰਥਣਾਂ ਸਮੇਤ ਅੱਠ ਜ਼ਖਮੀ ਹੋ ਗਏ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 8.30 ਵਜੇ ਦੇ ਕਰੀਬ ਕੰਨਿਆ ਮਹਾਵਿਦਿਆਲਿਆ ਦੀ ਬੱਸ ਵਿਦਿਆਰਥਣਾਂ ਨੂੰ ਕਾਲਜ ਲੈ ਕੇ ਜਾ ਰਹੀ ਸੀ ਤਾਂ ਰਾਉਵਾਲੀ ਦੇ ਨਜ਼ਦੀਕ ਉਸ ਦੀ ਇੰਡੀਗੋ ਕਾਰ, ਪੀ ਬੀ 06-ਜ,ੀ-7371 ਨਾਲ ਟੱਕਰ ਹੋ ਗਈ, ਪਿੱਛੋਂ ਦੋ ਟਰੱਕ ਇਕ-ਦੂਸਰੇ ਨਾਲ ਧੁੰਦ ਕਾਰਨ ਟਕਰਾ ਗਏ ਅਤੇ ਉਨ੍ਹਾਂ ਪਿੱਛੇ ਸੇਂਟ ਸੋਲਜਰ ਸਕੂਲ ਜਲੰਧਰ ਦੀ ਬੱਸ, ਜੋ ਕਿ ਭੋਗਪੁਰ ਵੱਲੋਂ ਆ ਰਹੀ ਸੀ, ਟਕਰਾ ਗਈ। ਜਿਸ ਕਾਰਨ ਪੈਦਲ ਜਾ ਰਹੇ ਮਹਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕਾਹਨਪੁਰ ਦੀ ਬੱਸ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪਿੱਛੇ ਆ ਰਿਹਾ ਟੈਂਕਰ ਪੀ ਬੀ 02 ਏ ਐਨ-9497 ਹੌਲੀ ਹੋ ਗਿਆ। ਸਕੂਲ ਦੀ ਬੱਸ ਵਿਚੋਂ ਵਿਦਿਆਰਥੀ ਹੇਠਾਂ ਉਤਰ ਆਏ ਤੇ ਜਾਮ ਲੱਗਣ ਕਾਰਨ ਉਹ ਬੱਸ ਨੂੰ ਪਿੱਛੇ ਨੂੰ ਕਰਵਾ ਰਹੇ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਰਤਾਰ ਬੱਸ ਪੀ ਬੀ 08 ਬੀ. ਕੇ. 9651 ਨੇ ਟੈਂਕਰ ਨੂੰ ਜਦੋਂ ਟੱਕਰ ਮਾਰੀ ਤਾਂ ਸੇਂਟ ਸੋਲਜਰ ਸਕੂਲ ਦਾ ਵਿਦਿਆਰਥੀ ਜੋ ਕਿ ਬੱਸ ਨੂੰ ਪਿੱਛੇ ਕਰਵਾ ਰਿਹਾ ਸੀ, ਟੱਕਰ ਕਾਰਨ ਵਿਚਕਾਰ ਘੁੱਟਿਆ ਗਿਆ ਜਿਸ ਨੂੰ ਗੰਭੀਰ ਹਾਲਤ ਵਿਚ ਨਜ਼ਦੀਕ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਉਜਵਲ ਜੋਸ਼ੀ ਪੁੱਤਰ ਮਹਿੰਦਰ ਲਾਲ ਵਾਸੀ ਭੋਗਪੁਰ ਦੀ ਮੌਤ ਹੋ ਗਈ। ਬੱਸ ਵਿਚ ਸਵਾਰ ਪੰਜ ਹੋਰ ਵਿਦਿਆਰਥੀ ਅਤੇ ਕੇ. ਐਮ. ਵੀ. ਕਾਲਜ ਦੀਆਂ ਤਿੰਨ ਵਿਦਿਆਰਥਣਾਂ ਵੀ ਜ਼ਖਮੀ ਹੋ ਗਈਆਂ। ਇਸ ਉਪਰੰਤ ਇਕ ਹੋਰ ਕਰਤਾਰ ਬੱਸ ਨੇ ਮੋਟਰ ਸਾਈਕਲ ਨੂੰ ਟੱਕਰ ਮਾਰੀ। ਮੌਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਜਦੋਂ ਕਾਹਨਪੁਰ ਦੇ ਮ੍ਰਿਤਕ ਦੇ ਵਾਰਸਾਂ ਤੋਂ ਕਾਰਵਾਈ ਕਰਨ ਲਈ ਕਰਤਾਰ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਲਈ ਬਿਆਨ ਲੈ ਰਹੇ ਸਨ, ਤਾਂ ਕਰਤਾਰ ਬੱਸ ਦਾ ਮਾਲਕ ਜੂਨੀਅਰ ਅਵਤਾਰ ਹੈਨਰੀ ਕਾਂਗਰਸੀ ਆਗੂ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਪਿੰਡ ਵਾਸੀਆਂ ਨਾਲ ਬਹਿਸ ਪਿਆ ਜਿਸ ਕਾਰਨ ਗੁੱਸੇ 'ਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਹਾਈਵੇ 'ਤੇ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਕਾਂਗਰਸੀ ਆਗੂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਿਸ ਦੇ ਉੱਚ-ਅਧਿਕਾਰੀਆਂ ਵੱਲੋਂ ਜਦੋਂ ਭਰੋਸਾ ਦਿੱਤਾ ਗਿਆ ਕਿ ਬੱਸ ਚਾਲਕ ਅਤੇ ਟੈਂਕਰ ਚਾਲਕ ਖਿਲਾਫ਼ 304 ਏ ਦਾ ਮਾਮਲਾ ਦਰਜ ਕੀਤਾ ਜਾਵੇਗਾ ਤਾਂ ਲੋਕਾਂ ਨੇ ਜਾਮ ਖੋਲ੍ਹਿਆ। ਪੁਲਿਸ ਵੱਲੋਂ ਬੱਸ ਚਾਲਕ ਅਤੇ ਟੈਂਕਰ ਚਾਲਕ ਖਿਲਾਫ਼ 304 ਏ ਦਾ ਮਾਮਲਾ ਦਰਜ ਕਰ ਦਿੱਤਾ ਗਿਆ।
ਪਾਕਿ ਤੋਂ ਆਈ ਇਕ ਲੱਖ ਦੀ ਜਾਅਲੀ ਕਰੰਸੀ ਤੇ
ਪਿਸਤੌਲ ਸਮੇਤ ਦੋ ਗ੍ਰਿਫ਼ਤਾਰ

ਜਲੰਧਰ, 21 ਜਨਵਰੀ-ਜਲੰਧਰ ਪੁਲਿਸ ਨੇ ਚੋਣ ਅਮਲ ਦੌਰਾਨ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪਾਕਿਸਤਾਨ ਤੋਂ ਤਿਆਰ ਹੋ ਕੇ ਆਈ ਇਕ ਲੱਖ ਦੀ ਜਾਅਲੀ ਕਰੰਸੀ ਅਤੇ ਇਕ ਪਿਸਤੌਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਏ. ਡੀ. ਸੀ. ਪੀ. (ਜ਼ੁਰਮ) ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਏ. ਸੀ. ਪੀ. ਰਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਸ੍ਰੀ ਗੌਰਵ ਯਾਦਵ ਦੀਆਂ ਹਿਦਾਇਤਾਂ 'ਤੇ ਸਪੈਸ਼ਲ ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਨਾਰਕੋਟਿਕ ਸੈਲ ਦੇ ਇੰਚਾਰਜ ਐਸ. ਆਈ. ਇੰਦਰਜੀਤ ਸਿੰਘ ਨੇ ਐਸ. ਆਈ. ਹੰਸਰਾਜ ਇੰਚਾਰਜ ਸਰਵੇਲੈਂਸ ਟੀਮ ਥਾਣਾ ਰਾਮਾ ਮੰਡੀ ਨਾਲ ਮਿਲ ਕੇ ਦਕੋਹਾ ਫਾਟਕ ਨੇੜੇ ਨਾਕਾਬੰਦੀ ਕੀਤੀ ਸੀ। ਰੇਲਵੇ ਸਟੇਸ਼ਨ ਵਲੋਂ ਪੈਦਲ ਹੀ ਆ ਰਹੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1 ਲੱਖ ਦੀ ਜਾਅਲੀ ਕਰੰਸੀ ਤੇ ਇਕ ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਉਨ੍ਹਾਂ ਆਪਣੀ ਪਛਾਣ ਅਭੈ ਕੁਮਾਰ ਪੁੱਤਰ ਅਜੇ ਕੁਮਾਰ ਸਿੰਘ ਵਾਸੀ ਸ਼ੇਖੂਪੁਰਾ ਸਰਾਏ, ਜ਼ਿਲ੍ਹਾ ਪਟਨਾ ਤੇ ਦੂਜੇ ਨੇ ਆਪਣੀ ਪਛਾਣ ਵਕੇਸ਼ ਕੁਮਾਰ ਪੁੱਤਰ ਉਮੇਸ਼ ਓਝਾ ਵਾਸੀ ਪਟਨਾ (ਬਿਹਾਰ) ਹਾਲ ਵਾਸੀ ਭੀਮ ਨਗਰ ਪੁਰਹੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਕਰਵਾਈ। ਉਕਤ ਦੋਸ਼ੀ ਇਸ ਤੋਂ ਪਹਿਲਾਂ ਵੀ ਜਲੰਧਰ ਦਾ ਇਕ ਚੱਕਰ ਲਾ ਚੁੱਕੇ ਹਨ। ਪੁਲਿਸ ਨੇ ਦੋਵਾਂ ਖਿਲਾਫ ਥਾਣਾ ਰਾਮਾ ਮੰਡੀ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇੰਡੀਆ ਟੂਡੇ ਦਾ ਚੋਣ ਸਰਵੇਖਣ
ਕਾਂਗਰਸ 69 ਤੇ ਗਠਜੋੜ ਨੂੰ 40 ਸੀਟਾਂ ਦਿੱਤੀਆਂ
ਜਲੰਧਰ, 21 ਜਨਵਰੀ-ਇੰਡੀਆ ਟੂਡੇ ਆਰਗੇ ਸੰਸਥਾ ਵੱਲੋਂ ਪੰਜਾਬ ਵਿਧਾਨ ਸਭਾ ਲਈ ਕਰਵਾਏ ਸਰਵੇਖਣ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਦਿੱਤਾ ਗਿਆ ਹੈ। ਜਦਕਿ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ 40 ਸੀਟਾਂ ਦਿੱਤੀਆਂ ਗਈਆਂ ਹਨ। 3 ਅਤੇ 10 ਜਨਵਰੀ ਦੇ ਦਰਮਿਆਰਨ ਕੀਤੇ ਗਏ ਸਰਵੇਖਣ ਵਿਚ 20 ਹਲਕੇ ਚੁਣ ਕੇ ਫਿਰ 4012 ਵੋਟਰਾਂ ਨੂੰ ਸ਼ਾਮਿਲ ਕੀਤਾ ਗਿਆ। ਸਰਵੇਖਣ ਦੌਰਾਨ ਸਾਰੇ ਵਰਗਾਂ ਦੇ ਵੋਟਰਾਂ ਨੂੰ ਸ਼ਾਮਿਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਦੱਸੀ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਧੜੱਲੇਦਾਰ ਚੋਣ ਮੁਹਿੰਮ ਕਾਰਨ ਕਾਂਗਰਸ ਦੀ ਵੋਟ ਬੈਂਕ ਵਿਚ ਦੋ ਫੀਸਦੀ ਵਾਧਾ ਹੋਵੇਗਾ। ਜਿਸ ਸਦਕਾ ਕਾਂਗਰਸ 25 ਵਧੇਰੇ ਸੀਟਾਂ ਜਿੱਤਣ ਦੇ ਸਮਰੱਥ ਹੋ ਸਕੇਗੀ। ਇਸ ਸਮੇਂ ਕਾਂਗਰਸ ਦੇ 44 ਵਿਧਾਇਕ ਹਨ ਤੇ 25 ਹੋਰ ਵਾਧੇ ਨਾਲ ਇਹ ਗਿਣਤੀ ਹੋ 69 ਹੋ ਜਾਵੇਗੀ। ਦੂਜੇ ਪਾਸੇ ਸਰਵੇਖਣ ਵਿਚ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀਆਂ 27 ਸੀਟਾਂ ਘਟਣਗੀਆਂ। ਇਸ ਵੇਲੇ ਗਠਜੋੜ ਕੋਲ 67 ਵਿਧਾਇਕ ਹਨ। ਸਰਵੇਖਣ ਵਿਚ ਕਿਹਾ ਹੈ ਕਿ ਅਕਾਲੀ ਦਲ ਅੰਦਰ ਫੁੱਟ ਤੇ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਖੜ੍ਹੀ ਕੀਤੀ ਪੀਪਲਜ਼ ਪਾਰਟੀ ਨੂੰ ਵੀ ਸੱਤਾਧਾਰੀ ਗਠਜੋੜ ਦੀ ਕਮਜ਼ੋਰੀ ਦੱਸਿਆ ਗਿਆ। ਪਰ ਸਰਵੇਖਣ ਵਿਚ ਪੀਪਲਜ਼ ਪਾਰਟੀ ਕਾਂਗਰਸ ਦਾ ਵੀ ਕੋਈ ਨੁਕਸਾਨ ਕਰੇਗੀ ਜਾਂ ਕਾਂਗਰਸ ਦੇ ਰਵਾਇਤੀ ਹਮਾਇਤੀ ਕਾਮਰੇਡਾਂ ਦੇ ਮਨਪ੍ਰੀਤ ਸਿੰਘ ਬਾਦਲ ਤੇ ਤੀਜੇ ਮੋਰਚੇ ਵਿਚ ਜਾਣ ਨਾਲ ਕਾਂਗਰਸ ਉੱਪਰ ਕੋਈ ਪ੍ਰਭਾਵ ਪਵੇਗਾ, ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਕਾਂਗਰਸ ਪਾਰਟੀ ਇਸ ਵਾਰ ਬਾਗੀ ਉਮੀਦਵਾਰਾਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹੈ। ਪਰ ਸਰਵੇਖਣ ਵਿਚ ਇਸ ਫੈਕਟਰ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ।
ਇੰਡੀਆ ਟੂਡੇ ਸਰਵੇਖਣ ਹਮੇਸ਼ਾਂ ਗਲਤ ਸਾਬਤ ਹੋਏ-ਗੁਜਰਾਲ
ਜਲੰਧਰ, 21 ਜਨਵਰੀ -ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਇਕ ਟੀ. ਵੀ. ਚੈਨਲ ਉੱਪਰ ਇੰਡੀਆ ਟੂਡੇ ਦੇ ਚੋਣ ਸਰਵੇਖਣ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਸਰਵੇਖਣ ਹਮੇਸ਼ਾਂ ਗਲਤ ਸਾਬਤ ਹੁੰਦਾ ਰਿਹਾ ਹੈ। ਸ੍ਰੀ ਗੁਜਰਾਲ ਨੇ ਕਿਹਾ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਟੂਡੇ ਨੇ 90 ਸੀਟਾਂ ਕਾਂਗਰਸ ਨੂੰ ਦਿੱਤੀਆਂ ਸਨ ਤੇ 20 ਗਠਜੋੜ ਨੂੰ, ਪਰ ਜਦ ਨਤੀਜਾ ਆਇਆ ਤਾਂ ਕਾਂਗਰਸ ਨੂੰ 61 ਤੇ ਅਕਾਲੀ ਦਲ ਨੂੰ 47 ਸੀਟਾਂ ਮਿਲੀਆਂ ਸਨ। ਇੰਡੀਆ ਟੂਡੇ ਦਾ ਸਰਵੇਖਣ ਸੱਚਾਈ ਦੇ ਨੇੜੇ ਤੇੜੇ ਵੀ ਨਹੀਂ ਸੀ। 2007 ਦੀਆਂ ਚੋਣਾਂ ਸਮੇਂ ਵੀ ਇਸ ਗਰੁੱਪ ਵੱਲੋਂ ਕਰਵਾਏ ਸਰਵੇਖਣ ਵਿਚ ਕਾਂਗਰਸ ਨੂੰ ਅੱਗੇ ਦੱਸਿਆ ਸੀ, ਜਦਕਿ ਹਕੀਕਤ ਵਿਚ ਕਾਂਗਰਸ ਨੂੰ 44 ਅਤੇ ਗਠਜੋੜ ਨੂੰ 67 ਸੀਟਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਕੌਮੀ ਪੱਧਰ 'ਤੇ ਕਰਵਾਏ ਸਰਵੇਖਣਾਂ ਦਾ ਹਾਲ ਵੀ ਅਜਿਹਾ ਹੀ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ 20 ਹਲਕਿਆਂ ਦੇ 4 ਹਜ਼ਾਰ ਵੋਟਰਾਂ ਦੇ ਆਧਾਰ ਉੱਪਰ ਕਦੇ ਵੀ ਸੰਤੁਲਤ ਸਰਵੇਖਣ ਨਹੀਂ ਹੋ ਸਕਦਾ।
ਰੇਲਵੇ ਸਟੇਸ਼ਨ 'ਤੇ ਤਲਾਸ਼ੀ ਦੌਰਾਨ ਸਾਢੇ 8 ਲੱਖ ਦੀ
ਚਾਂਦੀ ਬਰਾਮਦ-ਇਕ ਗ੍ਰਿਫਤਾਰ

ਜਲੰਧਰ,21 ਜਨਵਰੀ- ਗੌਰਮਿੰਟ ਰੇਲਵੇ ਪੁਲਿਸ (ਜੀ. ਆਰ. ਪੀ.) ਨੇ ਅੱਜ ਦੁਪਹਿਰ ਬਾਅਦ ਤਲਾਸ਼ੀ ਦੌਰਾਨ ਇਕ ਵਿਅਕਤੀ ਤੋਂ 26 ਪੀਸ ਚਾਂਦੀ (15 ਕਿਲੋ 788 ਗਰਾਮ) ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੀ. ਆਰ. ਪੀ. ਦੇ ਏ. ਆਈ. ਜੀ. ਸ: ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਉਨ੍ਹਾਂ ਨੇ 26 ਜਨਵਰੀ ਅਤੇ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਚੌਕਸੀ ਦਸਤੇ ਕਾਇਮ ਕੀਤੇ ਹੋਏ ਹਨ ਜਿਨ੍ਹਾਂ ਵਿਚੋਂ ਅੱਜ ਇਕ ਵਿਸ਼ੇਸ਼ ਦਸਤੇ ਨੇ ਟਾਟਾ ਮੂਰੀ ਤੋਂ ਉਤਰੇ ਇਕ ਵਿਅਕਤੀ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਕੇਵਲ ਕਪੜੇ ਅਤੇ ਹੋਰ ਸਾਮਾਨ ਹੀ ਨਿਕਲਿਆ ਪਰ ਜਦੋਂ ਉਸ ਦੀ ਜਿਸਮਾਨੀ ਤਲਾਸ਼ੀ ਲਈ ਤਾਂ ਉਸ ਵੱਲੋਂ ਤਿਆਰ ਕਰਾਈ ਗਈ ਫ਼ਤੂਹੀ ਦੀਆਂ ਬਣਾਈਆਂ ਜੇਬਾਂ ਵਿਚੋਂ 26 ਗਿੰਨੀਆਂ ਚਾਂਦੀ ਦੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ 8.52 ਲੱਖ ਦੱਸੀ ਜਾਂਦੀ ਹੈ। ਐਕਸਾਈਜ਼ ਵਿਭਾਗ ਦੇ ਈ. ਟੀ. ਓ. ਮਨਜੀਤ ਸਿੰਘ ਨੇ ਮੌਕੇ ਤੇ ਆ ਕੇ ਚਾਂਦੀ ਕਬਜ਼ੇ ਵਿਚ ਲੈ ਲਈ। ਫੜੇ ਦੋਸ਼ੀ ਦੀ ਪਛਾਣ ਆਦਰਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਭਾਂਡੇ ਬਾਜ਼ਾਰ ਅੰਮ੍ਰਿਤਸਰ ਵਜੋਂ ਕੀਤੀ ਹੈ। ਉਹ ਭਾਂਡਿਆਂ ਵਾਲਾ ਬਜ਼ਾਰ ਦੇ ਵਿਜੇ ਕੁਮਾਰ ਜੋ ਕਿ ਚਾਂਦੀ ਦਾ ਕੰਮ ਕਰਦਾ ਹੈ ਤੇ ਇਹ ਚਾਂਦੀ ਵੀ ਉਸ ਦੀ ਹੀ ਹੈ। ਜੀ. ਆਰ. ਪੀ. ਦੀ ਇਕ ਵਿਸ਼ੇਸ਼ ਪਾਰਟੀ ਵਿਜੇ ਕੁਮਾਰ ਦਾ ਪਤਾ ਲਾਉਣ ਲਈ ਰਵਾਨਾ ਹੋ ਗਈ ਹੈ।ਦੂਜੇ ਪਾਸੇ ਆਬਕਾਰੀ ਵਿਭਾਗ ਨੇ ਉਕਤ ਫੜੀ ਗਈ ਚਾਂਦੀ ਦਾ ਲਗਭਗ ਸਾਢੇ 4 ਲੱਖ ਜੁਰਮਾਨਾ ਬਣਦਾ ਹੈ, ਜੋ ਆਬਕਾਰੀ ਵਿਭਾਗ ਨੇ ਵਸੂਲ ਕਰਨਾ ਹੈ। ਚਾਂਦੀ ਆਬਕਾਰੀ ਵਿਭਾਗ ਨੇ ਕਬਜ਼ੇ ਵਿਚ ਲੈ ਲਈ ਹੈ।
120 ਤੋਂ ਵੱਧ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਪਿੰਡ ਚੋਗਾਵਾਂ ਵਿਖੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਪਰਿਵਾਰਾਂ ਨੂੰ
ਸਨਮਾਨਿਤ ਕਰਨ ਮੌਕੇ ਮਜੀਠੀਆ। ਤਸਵੀਰ : ਗੁਰਪ੍ਰੀਤ ਸਿੰਘ ਮੱਤੇਵਾਲ
ਮੱਤੇਵਾਲ, 21 ਜਨਵਰੀ -ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਸਿਆਸੀ ਸਥਿਰਤਾ ਦੀ ਲੋੜ ਨੂੰ ਅਹਿੰਮ ਦੱਸਦਿਆਂ ਕਿਹਾ ਹੈ ਕਿ ਰਾਜ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਦਾ ਗਠਨ ਹੀ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਬਰਕਰਾਰ ਰੱਖ ਸਕਦਾ ਹੈ। ਅੱਜ ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਪਿੰਡ ਚੋਗਾਵਾਂ, ਬੋਪਾਰਾਏ, ਤਾਹਰਪੁਰਾ, ਤਨੇਲ ਪੁਰਾਣਾ, ਘਣਸ਼ਾਮਪੁਰਾ, ਚੰਨਣਕੇ, ਭੋਏਵਾਲ, ਕਲੇਰ ਬਾਲਾ ਅਤੇ ਅਰਜੁਨਮਾਂਗਾ ਆਦਿ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਮੌਕੇ ਗੁਜਰਾਤ ਵਰਗੇ ਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਜਰਾਤ ਦਾ ਵਿਕਾਸ ਅਤੇ ਨਰਿੰਦਰ ਮੋਦੀ ਦੀ ਕਮਾਨ ਵਾਲੀ ਭਾਜਪਾ ਸਰਕਾਰ ਦਾ ਦੁਹਰਾਅ ਆਪਸ ਵਿਚ ਜੁੜੇ ਹੋਏ ਹਨ। ਇਸੇ ਦੌਰਾਨ ਮਜੀਠੀਆ ਦੀਆਂ ਅੱਜ ਦੀਆਂ ਵੱਖ-ਵੱਖ ਚੋਣ-ਮੀਟਿੰਗਾਂ ਵਿਚ ਤਕਰੀਬਨ 120 ਤੋਂ ਵਧੇਰੇ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਆਮ ਇਜਲਾਸ ਨਾ
ਸੱਦਣਾ ਕੇਂਦਰ ਦੀ ਬਦਨੀਤੀ-ਜਥੇ: ਅਵਤਾਰ ਸਿੰਘ

ਬਠਿੰਡਾ, 21 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਅੱਜ ਇਥੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਤੇ ਹਾਊਸ ਦੇ ਪਹਿਲੇ ਇਜਲਾਸ ਵਿਚ ਨਿਯਮਾਂ ਅਨੁਸਾਰ ਮੈਂਬਰ ਵੀ ਨਾਮਜ਼ਦ ਹੋ ਕੇ ਮੈਂਬਰਾਂ ਦੀ ਗਿਣਤੀ 170 ਹੋ ਗਈ ਹੈ, ਤਾਂ ਫਿਰ ਪ੍ਰਧਾਨ ਦੀ ਚੋਣ ਲਈ ਹਾਊਸ ਦੀ ਮੀਟਿੰਗ ਬੁਲਾਉਣ ਵਿਚ ਦੇਰ ਕਰਨ ਪਿੱਛੇ ਕੇਂਦਰ ਸਰਕਾਰ ਦੀ ਬਦਨੀਤੀ ਸਪੱਸ਼ਟ ਨਜ਼ਰ ਆ ਰਹੀ ਹੈ ਜੋ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਅੱਜ ਇਥੇ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਹਾਊਸ ਦੇ ਮੈਂਬਰਾਂ ਦਾ ਨੋਟੀਫੀਕੇਸ਼ਨ ਪਿਛਲੀ 15 ਦਸੰਬਰ ਨੂੰ ਹੋ ਗਿਆ ਸੀ, ਮਹੀਨੇ ਬਾਅਦ ਪ੍ਰਧਾਨ ਦੀ ਚੋਣ ਲਈ ਕੇਂਦਰ ਸਰਕਾਰ ਦੇ ਆਦੇਸ਼ 'ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੀਟਿੰਗ ਬੁਲਾਉਣੀ ਹੁੰਦੀ ਹੈ ਜੋ 20 ਜਨਵਰੀ ਹੋਣ ਦੇ ਬਾਵਜੂਦ ਨਹੀਂ ਬੁਲਾਈ । ਸਹਿਜਧਾਰੀਆਂ ਨੂੰ ਵੋਟ ਦੇ ਅਧਿਕਾਰ ਤੋਂ ਵਰਜਿਤ ਕਰਨ ਵਾਲਾ ਨੋਟੀਫਿਕੇਸ਼ਨ ਅਦਾਲਤ ਵੱਲੋਂ ਰੱਦ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਤਕਨੀਕੀ ਆਧਾਰ 'ਤੇ ਰੱਦ ਹੋਇਆ ਹੈ, ਇਹ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਪ੍ਰਭਾਵਿਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਵਿਤਕਰਾ ਹੁਣ ਇਹ ਖਾੜੀ ਦੇਸ਼ਾਂ ਵਿਚ ਫੈਲ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ ਪਰ ਕੇਂਦਰ ਨੇ ਹੁਣ ਤੱਕ ਗੰਭੀਰਤਾ ਨਾਲ ਨਹੀਂ ਲਿਆ। ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਮਾਮਲੇ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਨੂੰ ਢਾਹੁਣ ਵਿਰੁੱਧ ਇਤਰਾਜ਼ ਕਰਨ 'ਤੇ ਇਹ ਮਾਮਲਾ ਇਕ ਵਾਰ ਰੁਕ ਗਿਆ ਹੈ। ਫਿਰ ਵੀ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਉਥੋਂ ਦੇ ਸਿੱਖ ਗੁਰਧਾਮਾਂ ਤੇ ਸਿੱਖਾਂ ਦੇ ਮਸਲਿਆਂ ਬਾਰੇ ਵਿਚਾਰ ਕਰਨ ਲਈ ਵਫ਼ਦ ਪਾਕਿ ਜਾਵੇਗਾ। ਆਨੰਦ ਮੈਰਿਜ ਐਕਟ ਸਿੱਖਾਂ ਦਾ ਬੁਨਿਆਦੀ ਤੇ ਸੰਵਿਧਾਨਕ ਅਧਿਕਾਰ ਹੈ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਇਸ ਸਬੰਧੀ ਬਿੱਲ ਨੂੰ ਪਾਸ ਕਰਾਉਣ ਲਈ ਟਾਲ ਮਟੋਲ ਕਰ ਰਹੀ ਹੈ। ਪੰਜਾਬ ਚੋਣਾਂ 'ਚ ਸਿੱਖ ਉਮੀਦਵਾਰਾਂ ਦੇ ਡੇਰਾ ਸਿਰਸਾ ਮੁਖੀ ਪਾਸ ਜਾ ਕੇ ਆਸ਼ੀਰਵਾਦ ਲੈਣ ਸਬੰਧੀ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਸਬੰਧੀ ਕੋਈ ਇਲਮ ਨਹੀਂ ਹੈ, ਇਸ ਬਾਰੇ ਸ਼ਿਕਾਇਤ ਮਿਲਣ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਕੋਈ ਕਾਰਵਾਈ ਕਰ ਸਕਦੇ ਹਨ। ਇਸ ਮੌਕੇ ਸ: ਜਗਮੋਹਨ ਸਿੰਘ ਮੱਕੜ, ਮਾਸਟਰ ਹਰਮੰਦਰ ਸਿੰਘ ਆਦਿ ਹਾਜ਼ਰ ਸਨ।
ਫ਼ਿਰੋਜ਼ ਖ਼ਾਨ ਦੀ ਐਲਬਮ 'ਚਿੱਟੀਆਂ ਵੰਗਾਂ' ਰਿਲੀਜ਼

ਜਲੰਧਰ, 21 ਜਨਵਰੀ -ਅਨੇਕਾਂ ਫਿਲਮਾਂ ਵਿਚ ਪਿੱਠਵਰਤੀ ਗਾਇਕ ਵਜੋਂ ਨਾਮਣਾ ਖੱਟ ਚੁੱਕੇ ਸੁਰੀਲੇ ਗਾਇਕ ਫ਼ਿਰੋਜ਼ ਖ਼ਾਨ ਦੀ ਨਵੀਂ ਐਲਬਮ 'ਚਿੱਟੀਆਂ ਵੰਗਾਂ' ਸਥਾਨਕ ਪ੍ਰੈਸ ਕਲੱਬ ਵਿਖੇ ਸੁਰਾਂ ਦੇ ਸਿਕੰਦਰ ਵਜੋਂ ਜਾਣੇ ਜਾਂਦੇ ਗਾਇਕ ਸਰਦੂਲ ਸਿਕੰਦਰ ਨੇ ਰਿਲੀਜ਼ ਕੀਤੀ। ਇਸ ਮੌਕੇ ਉਸਤਾਦ ਸ਼ੌਕਤ ਅਲੀ ਮਤੋਈ, ਗੀਤਕਾਰ ਹਰਜਿੰਦਰ ਬੱਲ, ਜਸਵਿੰਦਰ ਸਿੰਘ, ਬਿੱਟੂ ਸੰਧੂ, ਤਰਨਜੀਤ ਸਿੰਘ ਆਦਿ ਵੀ ਮੌਜੂਦ ਸਨ। ਫ਼ਿਰੋਜ਼ਖਾਨ ਨੇ ਦੱਸਿਆ ਕਿ ਇਸ ਐਲਬਮ ਵਿਚ ਵੀ ਉਸਨੇ ਸਾਫ਼ ਸੁਥਰੀ ਗਾਇਕੀ ਦਾ ਪੱਲਾ ਫੜ ਕੇ ਰੱਖਿਆ ਹੈ ਜਿਸ ਵਿਚ ਬੀਟ, ਉਦਾਸ ਸੁਰ ਤੇ ਰੋਮਾਂਟਿਕ ਤੋਂ ਇਲਾਵਾ ਸਮਾਜ ਨੂੰ ਸੇਧ ਦਿੰਦੇ ਲੋਕ ਤੱਥ 'ਜੋ ਕੁੱਖ ਵਿਚ ਕਤਲ ਕਰਾਉਣ ਧੀਆਂ ਉਹ ਮਾਪੇ ਨਹੀਂ ਹੁੰਦੇ' ਨੂੰ ਵੀ ਸ਼ਾਮਿਲ ਕੀਤਾ ਹੈ। ਪ੍ਰਸਿੱਧ ਗੀਤਕਾਰ ਸ਼ਹਿਬਾਜ਼, ਅਮਨ ਬਿਲਾਸਪੁਰੀ, ਜੱਗੀ ਸਿੰਘ, ਹਰਜਿੰਦਰ ਬੱਲ , ਅਵਤਾਰ ਕੌਂਕੇ ਅਤੇ ਇੰਦਰਜੀਤ ਨਾਭਾ ਦੇ ਲਿਖੇ ਗੀਤਾਂ ਨੂੰ ਉੱਘੇ ਸੰਗੀਤਕਾਰ ਜੈ ਦੇਵ ਨੇ ਸੰਗੀਤਬੱਧ ਕੀਤਾ ਹੈ। ਇਸ ਮੌਕੇ ਉਸਤਾਦ ਸ਼ੌਕਤ ਅਲੀ ਮਤੋਈ ਨੇ ਉਸ ਨੂੰ ਆਪਣਾ ਲਾਡਲਾ ਸ਼ਾਗਿਰਦ ਦੱਸਦੇ ਹੋਏ ਉਸ ਦੇ ਸੁਰੀਲੇ ਗਲੇ ਦੀ ਤਾਰੀਫ਼ ਕੀਤੀ। ਸਰਦੂਲ ਸਿਕੰਦਰ ਨੇ ਫ਼ਿਰੋਜ਼ ਖ਼ਾਨ ਨੂੰ ਨਵੇਂ ਗਾਇਕਾਂ ਲਈ ਰਾਹ ਦਸੇਰਾ ਕਰਾਰ ਦਿੱਤਾ।
600 ਪੇਟੀਆਂ ਸ਼ਰਾਬ ਸਮੇਤ ਟਰੱਕ ਕਾਬੂ

ਬਰਨਾਲਾ, 21 ਜਨਵਰੀ -ਸਥਾਨਕ ਪੁਲਿਸ ਨੇ ਅੰਗਰੇਜ਼ੀ ਸ਼ਰਾਬ ਦੀਆਂ 600 ਪੇਟੀਆਂ ਸਮੇਤ ਇਕ ਟਰੱਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ । ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ 'ਤੇ ਚਲਦੇ ਹੋਏ ਜ਼ਿਲਾ ਬਰਨਾਲਾ ਦੇ ਐਸ. ਐਸ. ਪੀ. ਮੈਡਮ ਧੰਨਪੀਤ ਕੌਰ ਦੇ ਦਿਸ਼ਾ-ਨਿਰਦੇਸਾਂ ਤੇ ਚਲਦੇ ਥਾਣਾ ਸਦਰ ਬਰਨਾਲਾ ਦੇ ਥਾਣਾ ਮੁਖੀ ਸ੍ਰੀ ਧਰਮ ਦੇਵ ਅਤੇ ਥਾਣਾ ਧਨੌਲਾ ਦੇ ਮੁਖੀ ਸ੍ਰੀ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਟਾਂਡੀਆਂ ਢਾਬੇ ਦੇ ਨੇੜੇ ਇਕ ਟਰੱਕ ਦੀ ਤਲਾਸ਼ੀ ਉਪਰੰਤ ਉਸ ਵਿਚੋ 600 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆ। ਐਕਸਾਈਜ਼ ਐਕਟ ਅਧੀਨ ਮਹਿੰਦਰ ਕੁਮਾਰ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਫਾਜ਼ਿਲਕਾ ਰੋਡ ਅਬੋਹਰ ਤੇ ਮਾਮਲਾ ਦਰਜ ਕਰ ਲਿਆ।
ਪੰਜਾਬ ਸੂਚਨਾ ਕਮਿਸ਼ਨ ਦੇ ਦਫਤਰ 'ਚੋਂ ਫਾਇਲਾਂ ਗਾਇਬ
ਰਾਮਪੁਰਾ ਫੂਲ 21 ਜਨਵਰੀ -ਆਰ. ਟੀ. ਆਈ. ਐਕਟ 2005 ਤਹਿਤ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਬਣਾਏ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿੱਚੋਂ ਮਹੱਤਵਪੂਰਨ ਫਾਇਲਾਂ ਅਤੇ ਪੱਤਰ ਗਾਇਬ ਹੋਣ ਨਾਲ ਕਮਿਸ਼ਨ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ । ਗਾਇਬ ਹੋਈ ਫਾਇਲ ਅਤੇ ਪੱਤਰ ਖੁਦ ਕਮਿਸ਼ਨ ਦੇ ਦਫਤਰ ਵਿੱਚ ਆਰਟੀਆਈ ਐਕਟ ਲਾਗੂ ਕਰਨ ਨਾਲ ਸਬੰਧਿਤ ਸਨ । ਉਧਰ, ਸੂਚਨਾ ਕਮਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ 5 ਮਹੀਨੇ ਬਾਅਦ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕਰਨ ਤੇ ਅਪੀਲਾਂਟ ਅਥਾਰਟੀ ਕਮ ਸੈਕਟਰੀ ਵੱਲੋਂ ਦਿੱਤੇ ਹੁਕਮਾਂ ਦੇ ਬਾਵਜੂਦ ਸੂਚਨਾ ਨਹੀਂ ਦਿੱਤਾ ਜਾਣਾ ਮਾਮਲੇ ਨੂੰ ਗੰਭੀਰ ਬਣਾ ਰਹੇ ਹਨ । ਮਾਮਲੇ ਦਾ ਇੱਕ ਰੋਚਕ ਪਹਿਲੂ ਇਹ ਵੀ ਹੈ ਕਿ ਸੂਚਨਾ ਕਮਿਸ਼ਨ ਨੇ ਪਹਿਲਾਂ ਤਾਂ ਬੇਨਤੀਕਰਤਾ ਤੋ ਸੂਚਨਾ ਦੇਣ ਲਈ ਫੀਸ ਮੰਗ ਲਈ ਅਤੇ ਬਾਅਦ ਵਿੱਚ ਸੂਚਨਾ ਮੋਜੂਦ ਹੋਣ ਤੋ ਹੀ ਇਨਕਾਰ ਕਰ ਦਿੱਤਾ । ਪੰਜਾਬ ਦੇ ਸੂਚਨਾ ਤਕਨੀਕੀ ਵਿਭਾਗ (ਪ੍ਰਬੰਧਕ ਸੁਧਾਰ ਸਾਖਾ), ਜਿਹੜੀ ਕਿ ਪ੍ਰਦੇਸ਼ ਵਿੱਚ ਆਰਟੀਆਈ ਲਾਗੂ ਕਰਵਾਉਣ ਲਈ ਨੋਡਲ ਏਜੰਸੀ ਹੈ, ਨੇ ਸੂਚਨਾ ਕਮਿਸ਼ਨਰ ਦੇ ਸੈਕਟਰੀ ਨੂੰ ਪੱਤਰ ਰਾਹੀ ਹਿਦਾਇਤ ਕੀਤੀ ਸੀ ਕਿ ਉਹ ਐਕਟ ਦੀ ਧਾਰਾ 4 (1) (ਏ), 4 (1) (ਬੀ) ਅਤੇ 25 ਨੂੰ ਪੂਰੀ ਤਰ੍ਹਾਂ ਲਾਗੂ ਕਰੇ । ਸੂਚਨਾ ਤਕਨੀਕੀ ਵਿਭਾਗ ਨੇ ਇਹ ਹੁਕਮ ਰਾਮਪੁਰਾ ਫੂਲ ਨਿਵਾਸੀ ਆਰਟੀਆਈ ਕਾਰਕੁੰਨ ਰੰਜੀਵ ਗੋਇਲ ਦੇ ਪੱਤਰ ਉਪਰ ਜਾਰੀ ਕੀਤੇ ਸਨ । ਰੰਜੀਵ ਗੋਇਲ ਅਨੁਸਾਰ ਜਦੋ ਉਸ ਨੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਅਤੇ ਆਪਣੇ ਵੱਲੋ ਸੂਚਨ ਕਮਿਸ਼ਨ ਦੇ ਕੰਮ ਕਾਜ ਸਬੰਧੀ ਲਿਖੇ 2 ਪੱਤਰਾਂ ਸਬੰਧੀ ਸਤੰਬਰ ਮਹੀਨੇ ਵਿੱਚ ਆਰਟੀਆਈ ਰਾਹੀ ਜਾਣਕਾਰੀ ਮੰਗੀ ਤਾਂ ਸੂਚਨਾ ਕਮਿਸ਼ਨ ਦੇ ਸੂਚਨਾ ਅਧਿਕਾਰੀ ਨੇ ਜਾਣਕਾਰੀ ਦੇਣ ਲਈ 35 ਰੁਪਏ ਦੀ ਫੀਸ ਦੀ ਮੰਗ ਕੀਤੀ ਲੇਕਿਨ ਫੀਸ ਮਿਲਣ ਤੋ ਬਾਅਣ ਉਕਤ ਅਧਿਕਾਰੀ ਨੇ ਸਬੰਧਿਤ ਫਾਇਲ ਅਤੇ ਪੱਤਰ ਨਹੀ ਲੱਭਣ ਦੀ ਗੱਲ ਕਹਿ ਕੇ ਉਕਤ ਫੀਸ ਵਾਪਸ ਭੇਜ ਦਿੱਤੀ । ਮਾਮਲੇ ਸਬੰਧੀ ਸੂਚਨਾ ਕਮਿਸ਼ਨ ਦੇ ਸੈਕਟਰੀ ਕਮ ਅਪੀਲਾਂਟ ਅਥਾਰਟੀ ਐਸ ਐਸ ਸੰਧੂ ਆਈਏਐਸ ਨੇ 1 ਦਸੰਬਰ ਨੂੰ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਅਧਿਕਾਰੀਆਂ ਦੇ ਕੰਮ ਕਾਜ ਉਪਰ ਗੰਭੀਰ ਟਿੱਪਣੀਆਂ ਵੀ ਕੀਤੀਆਂ ਹਨ । ਉਨ੍ਹਾਂ ਫਾਇਲ ਤੇ ਪੱਤਰਾਂ ਦੇ ਗਾਇਬ ਹੋਣ ਸਬੰਧੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਤੇ ਨਾਲ ਹੀ ਪਹਿਲਾਂ ਫੀਸ ਭਰਵਾਉਣ ਤੇ ਬਾਅਦ ਵਿੱਚ ਵਾਪਸ ਕਰਨ ਨੂੰ ਗੰਭੀਰਤਾ ਨਾਲ ਲੈਦੇ ਹੋਏ ਭਵਿੱਖ ਵਿੱਚ ਧਿਆਨ ਦੇਣ ਦੀ ਹਦਾਇਤ ਕੀਤੀ ਹੈ । ਸ੍ਰ: ਸੰਧੂ ਨੇ ਸੂਚਨਾ ਅਧਿਕਾਰੀ ਨੂੰ ਮੰਗੀ ਗਈ ਜਾਣਕਾਰੀ 21 ਦਿਨਾਂ ਦੇ ਅੰਦਰ ਦੇਣ ਦੀ ਹਦਾਇਤ ਵੀ ਕੀਤੀ ਸੀ ਲੇਕਿਨ 50 ਦਿਨ ਬੀਤਣ ਦੇ ਬਾਵਜੂਦ ਹਾਲੇ ਤੱਕ ਕਮਿਸ਼ਨ ਵੱਲੋ ਕੋਈ ਜਾਣਕਾਰੀ ਨਹੀ ਦਿੱਤੀ ਗਈ ਹੈ । ਉਥੇ ਸੂਚਨਾ ਤਕਨੀਕੀ ਵਿਭਾਗ (ਪ੍ਰਬੰਧਕ ਸੁਧਾਰ ਸਾਖਾ) ਦੇ ਹੁਕਮ ਵੀ 5 ਮਹੀਨੇ ਬਾਅਦ ਪੂਰੀ ਤਰ੍ਹਾ ਲਾਗੂ ਨਹੀ ਕੀਤੇ ਹਨ ।
ਮਾਮਲਾ ਕੀ ਸੀ :

ਆਰਟੀਆਈ ਕਾਰਕੁੰਨ ਰੰਜੀਵ ਗੋਇਲ ਨੇ ਸੂਚਨਾ ਤਕਨੀਕੀ ਵਿਭਾਗ (ਪ੍ਰਬੰਧਕ ਸੁਧਾਰ ਸਾਖਾ) ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਆਰਟੀਆਈ ਐਕਟ ਦੀ ਧਾਰਾ 4 (1) (ਏ), 4 (1) (ਬੀ) ਅਨੁਸਾਰ ਐਕਟ ਲਾਗੂ ਹੋਣ ਦੇ 120 ਦਿਨਾਂ ਦੇ ਅੰਦਰ ਸਾਰੀਆਂ ਪਬਲਿਕ ਅਥਾਰਟੀਆਂ ਨੂੰ ਆਪਣੇ ਕੰਮ ਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਨਿਯਮ, ਉੱਪ ਨਿਯਮ, ਪੱਤਰ, ਰਿਕਾਰਡ ਆਦਿ ਇੰਟਰਨੈਟ ਉੱਪਰ ਦੇਣੇ ਬਣਦੇ ਸਨ । ਪਰ ਇਸ ਦੇ ਬਾਵਜੂਦ ਸੂਚਨਾ ਕਮਿਸ਼ਨ ਨੇ ਇਸ ਸਬੰਧੀ ਉਚਿਤ ਕਦਮ ਨਹੀ ਚੁੱਕੇ ਸਨ । ਐਕਟ ਦੀ ਧਾਰਾ 4 (1) (ਬੀ) (7) ਅਨੁਸਾਰ ਕਮਿਸ਼ਨ ਵੱਲੋ ਲੋਕਾਂ ਤੋ ਪ੍ਰਾਪਤ ਸੁਝਾਅ ਅਤੇ ਉਨ੍ਹਾਂ ਤੇ ਕੀਤੀ ਕਾਰਵਾਈ ਸਬੰਧੀ ਵੀ ਕਮਿਸ਼ਨ ਦੀ ਬੇਵ ਸਾਈਟ ਉਪਰ ਕੋਈ ਜਿਕਰ ਨਹੀ ਹੈ । ਐਕਟ ਦੀ ਧਾਰਾ 25 ਅਨੁਸਾਰ ਸੂਚਨਾ ਕਮਿਸ਼ਨ ਵੱਲੋ ਹਰ ਸਾਲ ਸਮਾਪਤ ਹੋਣ ਦੇ ਬਾਅਦ ਉਸ ਸਾਲ ਦੀ ਸਲਾਨਾ ਰਿਪੋਰਟ ਸਰਕਾਰ ਨੂੰ ਦੇਣ ਤੋ ਬਾਅਦ ਉਸ ਦੀ ਕਾਪੀ ਇੰਟਰਨੈਟ ਉਪਰ ਦੇਣੀ ਬਣਦੀ ਹੈ ਲੇਕਿਨ ਕਮਿਸ਼ਨ ਇਸ ਦੀ ਵੀ ਪਾਲਣਾ ਨਹੀ ਕਰ ਰਿਹਾ ਹੈ । ਇਸ ਦੇ ਨਾਲ ਹੀ ਐਕਟ ਦੀ ਧਾਰਾ 4 (1) (ਏ) ਅਨੁਸਾਰ ਕਮਿਸ਼ਨ ਵੱਲੋ ਆਪਣਾ ਸਾਰਾ ਰਿਕਾਰਡ ਕੰਪਿਊਟਰਾਇਜਡ ਕਰਕੇ ਇੰਟਰਨੈਟ ਉਪਰ ਦੇਣਾ ਬਣਦਾ ਹੈ, ਲੇਕਿਨ ਕਮਿਸ਼ਨ ਨੇ ਇਸ ਨੂੰ ਵੀ ਲਾਗੂ ਨਹੀ ਕੀਤਾ ਹੈ ।
ਕੁਲਬੀਰ ਬਡੇਸਰੋਂ 'ਅਦਾਲਤ' 'ਚ ਅੱਜ ਤੇ ਕੱਲ੍ਹ
ਜਲੰਧਰ, 21 ਜਨਵਰੀ -ਉੱਘੀ ਲੇਖਿਕਾ ਤੇ ਅਦਾਕਾਰਾ ਪਹਿਲੀ ਕੁਲਬੀਰ ਬਡੇਸਰੋਂ ਸੋਨੀ ਟੀ. ਵੀ ਤੋਂ 21 ਤੇ 22 ਜਨਵਰੀ ਨੂੰ ਰਾਤ 8 ਵਜੇ ਪ੍ਰਸਾਰਿਤ ਹੋਣ ਵਾਲੇ ਲੜੀਵਾਰ 'ਅਦਾਲਤ' ਵਿਚ ਇਕ ਗਰੀਬ ਹਰਿਆਣਵੀ ਔਰਤ ਦੀ ਭੂਮਿਕਾ ਵਿਚ ਨਜ਼ਰ ਆਵੇਗੀ, ਜੋ ਆਪਣੇ ਪਤੀ ਨੂੰ ਬਚਾਉਣ ਲਈ ਲੰਬੀ ਲੜਾਈ ਲੜਦੀ ਹੈ। ਕੁਲਬੀਰ ਬਡੇਸਰੋਂ ਨੇ ਦਸਿਆ ਕਿ ਉਹ ਆਪਣੀ ਉਸ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹ ਵਿਚ ਹੈ।
ਲਾਅ ਕਮਿਸ਼ਨ ਅਣਖ ਦੀ ਖਾਤਰ ਕਤਲ ਨੂੰ ਬਣਾ ਰਿਹਾ
ਹੈ ਗੈਰ-ਜ਼ਮਾਨਤੀ ਅਪਰਾਧ
ਨਵੀਂ ਦਿੱਲੀ, 21 ਜਨਵਰੀ -ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਖਾਪ ਪੰਚਾਇਤਾਂ ਵਲੋਂ ਸਜ਼ਾ ਦੇਣ ਦੀ ਕਾਰਵਾਈ ਨੂੰ ਕਾਨੂੰਨ ਦੀ ਘੋਰ ਉਲੰਘਣਾਂ ਦੱਸਦਿਆਂ ਲਾਅ ਕਮਿਸ਼ਨ ਅੱਜ ਇਕ ਬਿੱਲ ਦਾ ਖਰੜਾ ਲੈ ਕੇ ਸਾਹਮਣੇ ਆਇਆ ਹੈ ਜਿਸ ਵਿਚ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੈਰਜ਼ਮਾਨਤੀ ਅਪਰਾਧ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਇਸ ਬਾਰੇ ਲੋਕ ਰਾਇ ਮੰਗਣ ਲਈ ਖਾਪ ਪੰਚਾਇਤਾਂ ਅਤੇ ਇੱਜ਼ਤ ਖਾਤਰ ਕਤਲ ਬਾਰੇ ਸਲਾਹ ਮਸ਼ਵਰਾ ਪੇਪਰ ਵੀ ਜਾਰੀ ਕੀਤਾ ਹੈ। ਗੈਰਕਾਨੂੰਨੀ ਇਕੱਠ ਦੀ ਮਨਾਹੀ ਵਾਲਾ ਖਰੜਾ (ਵਿਆਹ ਬੰਧਨ ਦੀ ਸੁਤੰਤਰਤਾ ਵਿਚ ਦਖਲ ) ਬਿੱਲ 2011 ਦਾ ਕਹਿਣਾ ਕਿ ਇਸ ਕਾਨੂੰਨ ਤਹਿਤ ਪੁਲਿਸ ਕਿਸੇ ਵੀ ਹੁਕਮ ਜਾਂ ਹਦਾਇਤ ਤੋਂ ਬਿਨਾਂ ਹੀ ਕਾਰਵਾਈ ਕਰ ਸਕੇਗੀ, ਅਪਰਾਧ ਗੈਰ-ਜ਼ਮਾਨਤੀ ਹੋਵੇਗਾ ਅਤੇ ਇਸ ਵਿਚ ਰਾਜ਼ੀਨਾਮਾ ਨਹੀਂ ਹੋ ਸਕੇਗਾ। ਬਿੱਲ ਵਿਚ ਇਹ ਵੀ ਤਜਵੀਜ਼ ਪੇਸ਼ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਅਪਰਾਧਾਂ ਲਈ ਸੈਸ਼ਨ ਜੱਜ ਜਾਂ ਵਧੀਕ ਸੈਸ਼ਨ ਜੱਜ ਦੀ ਅਗਵਾਈ ਵਿਚ ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ। ਵਿਸ਼ੇਸ਼ ਅਦਾਲਤਾਂ ਸੂਬਾ ਸਰਕਾਰ ਹਾਈ ਕੋਰਟ ਦੇ ਸਲਾਹ ਮਸ਼ਵਰੇ ਨਾਲ ਸਥਾਪਤ ਕੀਤੀਆਂ ਜਾਣਗੀਆਂ ਅਤੇ ਜੱਜ ਕੋਲ ਸੈਸ਼ਨ ਜੱਜ ਦੀਆਂ ਸ਼ਕਤੀਆਂ ਹੋਣਗੀਆਂ।
ਕੈਪਟਨ ਨੇ ਭਲਿੰਦਰ ਸਿੰਘ ਨੂੰ ਪਾਰਟੀ 'ਚੋਂ ਕੱਢਿਆ
ਚੰਡੀਗੜ੍ਹ, 21ਜਨਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ ਤੋਂ ਪਾਰਟੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਖਿਲਾਫ ਆਜ਼ਾਦ ਉਮੀਦਵਾਰ ਭਲਿੰਦਰ ਸਿੰਘ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਉਥੇ ਹੀ, ਉਨ੍ਹਾਂ ਨੇ ਪਾਰਟੀ ਤੋਂ ਸਾਰੇ ਬਾਗੀਆਂ ਨੂੰ ਕੱਲ੍ਹ ਸਵੇਰ ਤੱਕ ਹੱਟ ਜਾਣ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਨਹੀਂ ਤਾਂ ਸਾਰਿਆਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਨਾਮਜ਼ਦਗੀ ਦੇ ਆਖਰੀ ਦਿਨ 16 ਜਨਵਰੀ ਤੱਕ ਬਾਗੀਆਂ ਦੇ ਚੋਣ ਤੋਂ ਹੱਟ ਜਾਣ ਦਾ ਇੰਤਜ਼ਾਰ ਕੀਤਾ। ਜਿਸ ਦੌਰਾਨ ਉਨ੍ਹਾਂ 'ਚੋਂ ਕੁਝ ਹੱਟ ਗਏ, ਜਦੋਂ ਕਿ ਇਨਕਾਰ ਕਰਨ ਵਾਲਿਆਂ ਨੂੰ ਕੱਲ੍ਹ ਪਾਰਟੀ ਤੋਂ ਕੱਢ ਦਿੱਤਾ ਜਾਵੇਗਾ।
...ਜਦੋਂ ਕੈਪਟਨ ਨੇ ਮੁਆਫੀ ਮੰਗੀ
ਚੰਡੀਗੜ੍ਹ, 21 ਜਨਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ 'ਚ ਆਪਣੇ ਭਾਸ਼ਣ ਦੌਰਾਨ ਪਾਰਟੀ ਤੋਂ ਬਾਗੀਆਂ ਖਿਲਾਫ ਕਾਰਵਾਈ ਦੀ ਗੱਲ ਕਰਨ ਵੇਲੇ ਕਤਲ -ਏ-ਆਮ ਸ਼ਬਦ ਦਾ ਇਸਤੇਮਾਲ ਕਰਨ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਭਾਸ਼ਣ ਦੌਰਾਨ ਇਸ ਸ਼ਬਦ ਦੇ ਇਸਤੇਮਾਲ 'ਤੇ ਅਫਸੋਸ ਹੈ ਅਤੇ ਇਸ ਲਈ ਮੁਆਫੀ ਮੰਗਦਾ ਹਾਂ। ਜਦਕਿ ਉਨ੍ਹਾਂ ਦੇ ਕਹਿਣ ਦਾ ਅਰਥ ਇਹ ਸੀ ਕਿ ਕੱਲ੍ਹ ਤੱਕ ਨਾਂ ਵਾਪਿਸ ਨਾ ਲੈਣ ਵਾਲੇ ਬਾਗੀ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਵੇਗਾ।
125 ਸਾਲਾ ਮਾਤਾ ਸੰਤ ਕੌਰ ਚੱਲ ਵਸੀ

125 ਸਾਲਾ ਮਾਤਾ ਸੰਤ ਕੌਰ
ਕੋਟਫੱਤਾ, 21 ਜਨਵਰੀ - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਵਸਨੀਕ ਮਾਤਾ ਸੰਤ ਕੌਰ ਪਤਨੀ ਸਵ: ਹੀਰਾ ਸਿੰਘ ਆਪਣੀ 125 ਸਾਲਾ ਦੀ ਲੰਬੀ ਉਮਰ ਭੋਗ ਕੇ ਚੱਲ ਵਸੀ। ਦੋ ਪੁੱਤਰਾਂ ਅਤੇ ਛੇ ਧੀਆਂ ਦੀ ਮਾਤਾ ਸੰਤ ਕੌਰ ਦੇ ਸਿਰ ਦੇ ਵਾਲ ਚਿੱਟਿਆਂ ਤੋਂ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਨਿਗ੍ਹਾ ਸਹੀ ਕੰਮ ਕਰਦੀ ਸੀ। ਮਾਤਾ ਹਰ ਆਏ ਗਏ ਨੂੰ ਦੂਰ ਤੋਂ ਪਛਾਣ ਲੈਂਦੀ ਸੀ। ਕੁੱਝ ਸਮਾਂ ਪਹਿਲਾ ਮਾਤਾ ਤੁਰਨ-ਫ਼ਿਰਨ ਤੋਂ ਅਸਮਰੱਥ ਹੋ ਗਈ, ਜਿਸ ਕਰਕੇ ਮਾਤਾ ਦੀ ਸਾਂਭ-ਸੰਭਾਲ ਉਸ ਦੀ ਨੂੰਹ ਚਰਨਜੀਤ ਕੌਰ ਅਤੇ ਸਪੁੱਤਰ ਸੁਖਦੇਵ ਸਿੰਘ ਕਾਕਾ ਕਰਦੇ ਸਨ। 2008 ਵਿਚ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ 26 ਜਨਵਰੀ 'ਤੇ ਮਾਤਾ ਨੂੰ ਲੰਬੀ ਉਮਰ ਭੋਗਣ ਬਦਲੇ ਸਨਮਾਨਿਤ ਵੀ ਕੀਤਾ ਗਿਆ ਸੀ। ਮਾਤਾ ਦਾ ਇਕ ਪੁੱੱਤਰ ਨੰਦ ਸਿੰਘ ਸਵਰਗਵਾਸ ਹੋ ਚੁੱਕਾ ਜਦੋਂ ਕਿ ਇਕ ਧੀ ਕਰਤਾਰ ਕੌਰ ਵੀ 7 ਸਾਲ ਪਹਿਲਾਂ 90 ਸਾਲ ਦੀ ਉਮਰ ਭੋਗ ਕੇ ਚੱਲ ਵਸੀ ਸੀ। ਮਾਤਾ ਸੰਤ ਕੌਰ 6 ਪੋਤਰੇ, 2 ਪੋਤਰੀਆਂ ਤੇ 22 ਦੋਹਤੇ-ਦੋਹਤੀਆਂ ਸਮੇਤ ਵੱਡਾ ਪਰਿਵਾਰ ਛੱਡ ਗਈ। ਬਲਾਕ ਸੰਮਤੀ ਮੈਂਬਰ ਸੁਰੇਸ ਰਾਣੀ ਪਤਨੀ ਰਾਜ ਕੁਮਾਰ ਨੇ ਦੱਸਿਆ ਕਿ ਮਾਤਾ ਸੰਤ ਕੌਰ ਦਾ ਸੁਭਾਅ ਬਹੁਤ ਨਿਮਰ ਅਤੇ ਸਾਊ ਸੀ ਅਤੇ ਉਹ ਹਰ ਆਏ ਮਹਿਮਾਨ ਦਾ ਦਿੱਲੋਂ ਸਤਿਕਾਰ ਕਰਦੀ ਸੀ। ਮਾਤਾ ਨਮਿੱਤ ਪਾਠ ਦਾ ਭੋਗ 27 ਜਨਵਰੀ ਨੂੰ ਕੋਟਸ਼ਮੀਰ ਵਿਖੇ ਪਵੇਗਾ।
ਮਨਸੂਰ ਇਜਾਜ਼ ਨੂੰ ਪਾਕਿ ਦਾ ਵੀਜ਼ਾ ਮਿਲਿਆ
ਲੰਡਨ,21 ਜਨਵਰੀ-ਪਾਕਿਸਤਾਨੀ ਮੂਲ ਦੇ ਅਮਰੀਕੀ ਵਪਾਰੀ ਮਨਸੂਰ ਇਜਾਜ਼ ਜੋ ਕਿ ਮੈਮੋ ਸਕੈਂਡਲ ਦੇ ਕੇਂਦਰ ਬਿੰਦੂ ਹਨ,ਨੂੰ ਪਾਕਿਸਤਾਨੀ ਅਦਾਲਤ 'ਚ ਪੇਸ਼ ਹੋਣ ਲਈ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਹੈ। ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਇਜਾਜ਼ ਨੂੰ 24 ਤਰੀਕ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕੱਲ੍ਹ ਵੀਜ਼ਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਨਸੂਰ ਇਜਾਜ਼ ਵੱਲੋਂ ਵਿਵਾਦਪੂਰਨ ਦੋਸ਼ਾ ਦੇ ਕਾਰਨ ਪਾਕਿਸਤਾਨ ਦੇ ਅਮਰੀਕਾ 'ਚ ਸਾਬਕਾ ਰਾਜਦੂਤ ਹੁਸੇਨ ਹਕਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਖ਼ਿਲਾਫ ਦੇਸ਼ ਨਾਲ ਗੱਦਾਰੀ ਕਰਨ ਦੇ ਦੋਸ਼ ਲੱਗ ਸਕਦੇ ਹਨ।
ਅਫ਼ਗਾਨੀ ਸੈਨਿਕ ਨੇ ਕੀਤੀ ਚਾਰ ਵਿਦੇਸ਼ੀ ਸੈਨਿਕਾਂ ਦੀ ਹੱਤਿਆ
ਚਾਰੀਕਾਰ (ਅਫ਼ਗਾਨਿਸਤਾਨ), 21 ਜਨਵਰੀ -ਨਾਟੋ ਅਧੀਨ ਕੰਮ ਕਰਦੇ ਕੌਮਾਂਤਰੀ ਸੁਰੱਖਿਆ ਸਹਾਇਕ ਬਲ ਦੇ ਬੁਲਾਰੇ ਨੇ ਦੱਸਿਆ ਕਿ ਪੂਰਬੀ ਅਫ਼ਗਾਨਿਸਤਾਨ 'ਚ ਪੈਂਦੇ ਤਾਘਬ ਘਾਟੀ 'ਚ ਇਕ ਅਫ਼ਗਾਨੀ ਸੈਨਿਕ ਨੇ ਫਰਾਂਸ ਦੇ ਚਾਰ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਅਤੇ 17 ਨੂੰ ਜ਼ਖਮੀ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਹੱਤਿਆਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਹੱਤਿਆਵਾਂ ਅਫ਼ਗਾਨੀ ਅਤੇ ਇਥੇ ਤਾਇਨਾਤ ਪੱਛਮੀ ਦੇਸ਼ਾਂ ਦੀਆਂ ਦੀਆਂ ਫੌਜਾਂ ਦੇ ਆਪਸੀ ਵਿਸ਼ਵਾਸ਼ 'ਚ ਆ ਰਹੀ ਗਿਰਾਵਟ ਦਾ ਨਤੀਜਾ ਹੈ। ਵੈਸੇ 2014 'ਚ ਇਥੋਂ ਸਾਰੀਆਂ ਵਿਦੇਸ਼ੀ ਸੈਨਾਵਾਂ ਵਾਪਸ ਚਲੇ ਜਾਣਗੀਆਂ।
ਬਠਿੰਡਾ 'ਚ ਸਰਦੀ ਲੱਗਣ ਨਾਲ ਬੇਸਹਾਰਾ ਦੀ ਮੌਤ
ਬਠਿੰਡਾ, 21 ਜਨਵਰੀ -ਬੀਤੀ ਰਾਤ ਸਥਾਨਕ ਨਗਰ ਨਿਗਮ ਦੇ ਦਫ਼ਤਰ ਨਜ਼ਦੀਕ ਇਕ ਦੁਕਾਨ ਦੇ ਬਰਾਂਡੇ ਵਿਚ ਇਕ ਬੇਸਹਾਰਾ ਵਿਅਕਤੀ ਦੀ ਸਰਦੀ ਲੱਗਣ ਨਾਲ ਮੌਤ ਹੋ ਗਈ। ਸਹਾਰਾ ਜਨ ਸੇਵਾ ਦੇ ਵਰਕਰ ਉਸਨੂੰ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਹਾਰਾ ਵਰਕਰਾਂ ਨੇ ਪੋਸਟ ਮਾਰਟਮ ਕਰਾਉਣ ਦੇ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਦੌਰਾਨ ਹੀ ਬਠਿੰਡਾ ਇਲਾਕੇ ਵਿਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਪ੍ਰਕੋਪ ਚੱਲ ਰਿਹਾ ਹੈ। ਅੱਜ ਸਵੇਰੇ 11 ਵਜੇ ਤੱਕ ਧੁੰਦ ਪੈਂਦੀ ਰਹੀ। ਬੀਤੀ ਸ਼ਾਮ 6 ਵਜੇ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਤੇ ਘੱਟੋ ਘੱਟ 2.6 ਡਿਗਰੀ ਸੈਲਸੀਅਸ ਦਿਨ ਦੇ ਸਮੇਂ ਰਿਹਾ। ਧੁੰਦ ਕਾਰਣ ਸਾਰੀਆਂ ਹੀ ਰੇਲ ਗੱਡੀਆਂ 4 ਤੋਂ 5 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਧੁੰਦ ਕਾਰਣ ਕਈ ਸੜਕ ਹਾਦਸੇ ਹੋਣ ਦੀ ਵੀ ਰਿਪੋਰਟ ਹੈ, ਜਿਸ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ ਭਰ 'ਚ ਧਰਨੇ 23 ਤੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜਨਵਰੀ -ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਪਿਛਲੇ 3 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਰਿਲੀਜ਼ ਕਰਾਉਣ ਲਈ 23 ਤੋਂ 25 ਜਨਵਰੀ ਤੱਕ ਸਮੁੱਚੇ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੁੱਖ ਸਕੱਤਰ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਹੈ। ਡੀ. ਟੀ. ਐਫ਼ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਜਨਰਲ ਸਕੱਤਰ ਹਰਚਰਨ ਚੰਨਾ ਅਤੇ ਵਿੱਤ ਸਕੱਤਰ ਅਮਰਜੀਤ ਨੇ ਦੱਸਿਆ ਕਿ ਬਜਟ, ਆਸਾਮੀਆਂ ਦੀਆਂ ਮਨਜੂਰੀਆਂ ਨਾ ਹੋਣ ਕਰਕੇ 7654 ਅਧਿਆਪਕ, ਪ੍ਰਾਇਮਰੀ ਅਧਿਆਪਕ, ਡਾਇਟ ਕਰਮਚਾਰੀ ਅਤੇ ਕੰਪਿਊਟਰ ਅਧਿਆਪਕ ਵਗੈਰ ਤਨਖਾਹੋਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 30 ਜਨਵਰੀ ਤੱਕ ਬਜਟ ਰਿਲੀਜ਼ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਫਰਵਰੀ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਹੁੱਡਾ ਦਾ ਪੰਜਾਬ ਚੋਣ ਦੌਰਾ ਕੱਲ੍ਹ ਤੋਂ

ਚੰਡੀਗੜ੍ਹ, 21 ਜਨਵਰੀ -ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 6 ਦਿਨ ਤੱਕ ਪੰਜਾਬ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ, ਜਿਥੇ ਉਹ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਕਾਂਗਰਸੀ ਉਮੀਦਵਾਰਾਂ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ। ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ ਉਨ੍ਹਾਂ ਦੇ ਨਾਲ ਹੋਣਗੇ। ਸਰਕਾਰੀ ਤੌਰ 'ਤੇ ਦੱਸਿਆ ਗਿਆ ਹੈ ਕਿ ਸ੍ਰੀ ਹੁੱਡਾ ਨਿੱਜੀ ਹੈਲੀਕਾਪਟਰ ਰਾਹੀਂ ਗੁਆਂਢੀ ਰਾਜ ਦਾ ਦੌਰਾ ਕਰਨਗੇ, ਜਿਸ ਦੀ ਸ਼ੁਰੂਆਤ ਉਹ 22 ਜਨਵਰੀ ਤੋਂ ਕੁਰਾਲੀ ਅਤੇ ਨਵਾਂਗਾਉਂ ਤੋਂ ਕਰਨਗੇ। 23 ਜਨਵਰੀ ਨੂੰ ਉਹ ਜ਼ਿਲ੍ਹਾ ਸੰਗਰੂਰ ਦੇ ਮੂਨਕ ਨਗਰ ਵਿਚ ਬੀਬੀ ਰਾਜਿੰਦਰ ਕੌਰ ਭੱਠਲ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਜਦੋਂ ਕਿ 24 ਜਨਵਰੀ ਨੂੰ ਉਹ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਸ: ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਰੈਲੀ ਵਿਚ ਭਾਸ਼ਣ ਦੇਣਗੇ। 25 ਜਨਵਰੀ ਨੂੰ ਉਹ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਤੇ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ, 27 ਜਨਵਰੀ ਨੂੰ ਸਰਦੂਲਗੜ੍ਹ ਅਤੇ 28 ਜਨਵਰੀ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਜ਼ਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਹੈਲੀਕਾਪਟਰ ਮੂਨਕ, ਭੁਲੱਥ, ਰਾਏਕੋਟ, ਮੌੜ ਮੰਡੀ, ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਵਿਚ ਉਤਰੇਗਾ।

No comments:

Post a Comment