Thursday, 19 January 2012


ਸ਼੍ਰੋਮਣੀ ਅਕਾਲੀ ਦਲ ਨੇ 9 ਹੋਰ ਬਾਗੀ ਪਾਰਟੀ 'ਚੋਂ ਕੱਢੇ

ਚੰਡੀਗੜ੍ਹ, 19 ਜਨਵਰੀ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਅਤੇ ਮੌਜੂਦਾ ਵਿਧਾਨ ਸਭਾ ਚੋਣਾਂ ਵਿਚ ਆਪਣੇ ਅਧਿਕਾਰਤ ਉਮੀਦਵਾਰਾਂ ਦੇ ਖ਼ਿਲਾਫ਼ ਬਾਗੀ ਹੋ ਕੇ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਪਾਰਟੀ ਦੇ 9 ਹੋਰ ਆਗੂਆਂ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਜਿਹੜੇ ਆਗੂ ਆਜ਼ਾਦ ਤੌਰ 'ਤੇ ਪਾਰਟੀ ਉਮੀਦਵਾਰਾਂ ਦੇ ਖਿਲਾਫ਼ ਚੋਣ ਲੜ ਰਹੇ ਹਨ, ਉਨ੍ਹਾਂ ਵਿਚ ਹਲਕਾ ਘਨੌਰ ਤੋਂ ਸ. ਬਲਵਿੰਦਰ ਸਿੰਘ ਸੈਫਦੀਪੁਰ, ਹਲਕਾ ਸਨੌਰ ਤੋਂ ਸ੍ਰੀ ਰਾਜਿੰਦਰ ਕਾਲਾ ਐੱਮ. ਸੀ., ਹਲਕਾ ਪਟਿਆਲਾ (ਦਿਹਾਤੀ) ਤੋਂ ਯੂਥ ਆਗੂ ਸ. ਸਤਬੀਰ ਸਿੰਘ ਖੱਟੜਾ, ਹਲਕਾ ਡੇਰਾਬੱਸੀ ਤੋਂ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਬੇਟੀ ਮਨਪ੍ਰੀਤ ਕੌਰ ਡੌਲੀ, ਲੁਧਿਆਣਾ (ਪੂਰਬੀ) ਹਲਕੇ ਤੋਂ ਸ. ਦਲਜੀਤ ਸਿੰਘ ਗਰੇਵਾਲ ਕੌਂਸਲਰ, ਹਲਕਾ ਬਾਬਾ ਬਕਾਲਾ ਰਾਖਵਾਂ ਤੋਂ ਸ. ਜਰਨੈਲ ਸਿੰਘ ਕੋਟ ਮਹਿਤਾਬ, ਹਲਕਾ ਤਰਨ ਤਾਰਨ ਤੋਂ ਸ. ਦਵਿੰਦਰ ਸਿੰਘ ਲਾਲੀ ਢਾਲਾ, ਜੋ ਕਿ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੇ ਨਿਕਟਵਰਤੀ ਰਿਸ਼ਤੇਦਾਰ ਵੀ ਹਨ ਅਤੇ ਹਲਕਾ ਦਿੜ੍ਹਬਾ ਐੱਸ. ਸੀ. ਤੋਂ ਸ. ਭੋਲਾ ਸਿੰਘ ਕਮਾਲਪੁਰ ਸ਼ਾਮਿਲ ਹਨ, ਨੂੰ ਪਾਰਟੀ ਵਿਚੋਂ ਕੱਢਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਲਕਾ ਮਹਿਲ ਕਲਾਂ ਵਿਚ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਵਾਲੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਅਜੀਤ ਸਿੰਘ ਕੁਤਬਾ ਨੂੰ ਵੀ ਪਾਰਟੀ ਵਿਚੋਂ ਖਾਰਜ ਕੀਤਾ ਜਾਂਦਾ ਹੈ। ਵਰਨਣਯੋਗ ਹੈ ਕਿ ਪਹਿਲਾਂ ਹੀ ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਬਾਗੀ ਹੋ ਕੇ ਚੋਣ ਲੜਨ ਵਾਲੇ ਕੁਝ ਆਗੂਆਂ ਨੂੰ ਪਾਰਟੀ ਵਿਚੋਂ ਕੱਢੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਅਨੁਸ਼ਾਸਨ ਵਿਚ ਰਹਿ ਕੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ।
ਇਸਲਾਮਾਬਾਦ, 19 ਜਨਵਰੀ -ਪਾਕਿਸਤਾਨ ਦੇ ਇਕ ਉੱਘੇ ਵਕੀਲ ਨੇ ਕਿਹਾ ਹੈ ਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਪਾਕਿਸਤਾਨ ਅਤੇ ਵਿਦੇਸ਼ 'ਚ ਮੁਜਰਮਾਨਾ ਮਾਮਲਿਆਂ 'ਚ ਮੁਕੱਦਮੇ ਤੋਂ ਪੂਰੀ ਤਰ੍ਹਾਂ ਛੋਟ ਹਾਸਿਲ ਹੈ। ਵਕੀਲ ਵੱਲੋਂ ਇਹ ਬਿਆਨ ਰਾਸ਼ਟਰਪਤੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਮੁੜ ਖੋਲ੍ਹਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਮਹੱਤਵਪੂਰਨ ਸੁਣਵਾਈ ਤੋਂ ਪਹਿਲਾਂ ਦਿੱਤਾ ਗਿਆ ਹੈ। ਮਾਣਹਾਨੀ ਨੋਟਿਸ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਬੈਂਚ ਦਾ ਸਾਹਮਣਾ ਕਰਨ ਜਾ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਵਕੀਲ ਅਤੇ ਸਰਬ ਉੱਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਏਤਜ਼ਾਜ਼ ਅਹਸਨ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੋਸ਼ੀ ਨਹੀਂ ਹਨ ਪ੍ਰੰਤੂ ਦਬਾਅ ਦੇ ਸਾਹਮਣੇ ਝੁਕਣਾ ਚਾਹੀਦਾ ਹੈ ਅਤੇ ਸਵਿਟਜ਼ਰਲੈਂਡ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹਣ ਲਈ ਕਿਹਾ ਜਾਣਾ ਚਾਹੀਦਾ ਹੈ। ਅਹਸਨ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮਿਲੀ ਛੋਟ ਦਾ ਐਲਾਨ ਹੋ ਚੁੱਕਾ ਹੈ ਅਤੇ ਸੰਵਿਧਾਨ ਦੇ ਤਹਿਤ ਇਸ ਨੂੰ ਜ਼ਾਮਨੀ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਰਾਸ਼ਟਰਪਤੀ ਨੂੰ ਸੰਵਿਧਾਨਕ ਛੋਟ ਪ੍ਰਾਪਤ ਹੈ ਇਸ ਲਈ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਮਾਣਹਾਨੀ ਦਾ ਨੋਟਿਸ ਸਹੀ ਨਹੀਂ ਹੈ। ਅਹਸਨ ਨੇ ਇਸਲਾਮਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਜਰਮਾਨਾ ਮਾਮਲਿਆਂ 'ਚ ਰਾਸ਼ਟਰਪਤੀ ਨੂੰ ਮਿਲੀ ਛੋਟ ਜਵਾਬਦੇਹੀ ਜਾਂ ਭ੍ਰਿਸ਼ਟਾਚਾਰ ਵਿਰੋਧੀ ਅਦਾਲਤਾਂ 'ਚ ਮੰਨਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਰਾਸ਼ਟਰਪਤੀ ਦੇ ਖ਼ਿਲਾਫ਼ ਸਵਿਟਜ਼ਰਲੈਂਡ 'ਚ ਮਾਮਲੇ ਸ਼ੁਰੂ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਵਿਆਨਾ ਸੰਧੀ ਦੇ ਤਹਿਤ ਉਸ ਦੇਸ਼ 'ਚ ਵੀ ਛੋਟ ਪ੍ਰਾਪਤ ਹੈ। ਅਹਸਨ ਨੇ ਕਿਹਾ ਕਿ ਵਿਆਨਾ ਸੰਧੀ ਤਹਿਤ ਜ਼ਰਦਾਰੀ ਨੂੰ ਉਸ ਸਮੇਂ ਤੱਕ ਛੋਟ ਪ੍ਰਾਪਤ ਹੈ ਜਦੋਂ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਹਨ। ਇਕ ਸਵਾਲ ਦੇ ਜਵਾਬ 'ਚ ਅਹਸਨ ਨੇ ਦੱਸਿਆ ਕਿ ਜੇ ਕਰ ਪਾਕਿਸਤਾਨ ਦੀ ਸਰਕਾਰ ਜ਼ਰਦਾਰੀ ਵਿਰੁੱਧ ਮੁਕੱਦਮੇ ਮੁੜ ਖੋਲ੍ਹੇ ਜਾਣ ਬਾਰੇ ਪੱਤਰ ਲਿਖ ਵੀ ਦੇਵੇ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ।
ਨਵੀਂ ਦਿੱਲੀ, 19 ਜਨਵਰੀ -ਉਤਰ ਪ੍ਰਦੇਸ਼ 'ਚ ਲੋਕਾਂ ਦੇ ਪੈਸੇ ਨਾਲ ਬਣਾਏ ਗਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਚੋਣ ਨਿਸ਼ਾਨ ਹਾਥੀ ਅਤੇ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਬੁੱਤਾਂ ਨੂੰ ਢੱਕਣ ਦੇ ਚੋਣ ਕਮਿਸ਼ਨ ਦੇ ਫੈਸਲੇ 'ਤੇ ਪਾਰਟੀ ਵੱਲੋਂ ਕੀਤੀ ਗਈ ਮੁੜ ਵਿਚਾਰ ਕਰਨ ਦੀ ਅਪੀਲ ਚੋਣ ਕਮਿਸ਼ਨ ਨੇ ਖਾਰਜ ਕਰ ਦਿੱਤੀ ਹੈ। ਬਸਪਾ ਦੇ ਨੇਤਾ ਸਤੀਸ਼ ਚੰਦਰ ਮਿਸ਼ਰਾ ਦੀ ਸ਼ਿਕਾਇਤ ਦਾ ਜਵਾਬ ਦਿੰਦਿਆਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਹਾਥੀ ਦੇ ਬੁੱਤ ਪਾਰਟੀ ਦੇ ਫੰਡ ਖਰਚ ਕੇ ਬਣਾਏ ਗਏ ਹਨ ਅਤੇ ਬੁੱਤਾਂ ਵਿਚਲੇ ਹਾਥੀਆਂ ਦਾ ਆਸਣ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਹਾਥੀ ਨਾਲੋਂ ਅਲੱਗ ਹੈ। ਮਿਸ਼ਰਾ ਨੂੰ ਲਿਖੇ ਪੱਤਰ 'ਚ ਚੋਣ ਕਮਿਸ਼ਨ ਦੇ ਮੁੱਖ ਸਕੱਤਰ ਆਰ.ਕੇ.ਸ੍ਰੀਵਾਸਤਵ ਨੇ ਕਿਹਾ ਹੈ ਕਿ ਸਾਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੋਈ ਤੁਕ ਨਹੀਂ ਲੱਗਦੀ। ਵਰਨਣਯੋਗ ਹੈ ਕਿ ਬਸਪਾ ਨੇ ਚੋਣ ਕਮਿਸ਼ਨ ਦੇ ਹਾਥੀ ਅਤੇ ਮਾਇਆਵਤੀ ਦੇ ਬੁੱਤ ਢੱਕਣ ਦੇ ਫੈਸਲੇ ਨੂੰ ਇਕਤਰਫ਼ਾ ਕਾਰਵਾਈ ਕਰਾਰ ਦਿੰਦਿਆਂ ਆਪਣੀ ਸ਼ਿਕਾਇਤ ਦਰਜ ਕਰਾਈ ਸੀ।
ਨਵੀਂ ਦਿੱਲੀ, 19 ਜਨਵਰੀ -ਪੂਰਾ ਦੇਸ਼ ਇਸ ਵੇਲੇ ਸਰਦੀ ਦੀ ਜਕੜ 'ਚ ਹੈ ਅਤੇ ਖਾਸ ਕਰ ਕੇ ਉੱਤਰੀ ਅਤੇ ਦੱਖਣੀ ਖੇਤਰ 'ਚ ਠੰਢ ਨੇ ਬੀਤੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਅੱਜ ਗਹਿਰੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ, ਹਵਾਈ, ਰੇਲ ਅਤੇ ਸੜਕੀ ਆਵਾਜਾਈ 'ਚ ਭਾਰੀ ਵਿਘਨ ਪਿਆ। ਕੌਮੀ ਰਾਜਧਾਨੀ 'ਚ ਅੱਜ ਸਵੇਰੇ ਗਹਿਰੀ ਧੁੰਦ ਛਾਈ ਰਹੀ ਅਤੇ ਜੈੱਟ ਏਅਰਵੇਜ਼, ਗੋਅ ਏਅਰ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਦੇਰੀ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਇਥੋਂ ਵੱਖ ਵੱਖ ਥਾਵਾਂ ਨੂੰ ਜਾਣ ਅਤੇ ਆਉਣ ਵਾਲੀਆਂ ਕਰੀਬ ਸਾਰੀਆਂ ਰੇਲ ਗੱਡੀਆਂ ਵੀ ਕਈ ਕਈ ਘੰਟੇ ਪਛੜ ਕੇ ਰਹਿ ਗਈਆਂ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਗਹਿਰੀ ਧੁੰਦ ਪਈ ਅਤੇ ਠੰਢ ਦਾ ਪ੍ਰਭਾਵ ਵੀ ਵਧ ਗਿਆ। ਕਸ਼ਮੀਰ ਵਾਦੀ ਚੌਥੇ ਦਿਨ ਵੀ ਬਾਕੀ ਦੁਨੀਆਂ ਨਾਲੋਂ ਕੱਟੀ ਰਹੀ। ਹਿਮਾਚਲ ਦੀਆਂ ਪਹਾੜੀਆਂ 'ਤੇ ਭਾਰੀ ਬਰਫ਼ਬਾਰੀ ਹੋਈ। ਨਵੀਂ ਦਿੱਲੀ 'ਚ ਅੱਜ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਸ਼ਮੀਰ 'ਚ ਪਹਿਲਗਾਮ ਅਤੇ ਗੁਲਮਰਗ ਸਭ ਤੋਂ ਠੰਢੇ ਰਹੇ ਅਤੇ ਲੇਹ 'ਚ ਤਾਪਮਾਨ ਮਨਫੀ 20 ਡਿਗਰੀ ਸੈਲਸੀਅਸ ਰਿਹਾ। ਪੰਜਾਬ 'ਚ ਅੰਮ੍ਰਿਤਸਰ ਜ਼ਿਲ੍ਹੇ 'ਚ ਤਾਪਮਾਨ 4.4 ਡਿਗਰੀ ਸੈਲਸੀਅਸ ਅਤੇ ਹਰਿਆਣਾ 'ਚ ਕਰਨਾਲ ਜ਼ਿਲ੍ਹੇ 'ਚ ਘੱਟ ਤੋਂ ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ 'ਚ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ। ਹਿਮਾਚਲ 'ਚ ਗੌਹਰ ਵਿਖੇ 13 ਮਿਲੀਮੀਟਰ ਬਰਫ਼ ਰਿਕਾਰਡ ਕੀਤੀ ਗਈ। ਲਾਹੌਲ ਸਪਿਤੀ 'ਚ ਕੀਲਾਂਗ ਦਾ ਤਾਪਮਾਨ ਮਨਫੀ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਜੇ ਅਗਲੇ 2 ਦਿਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲੇਗੀ।
ਇਸਲਾਮਾਬਾਦ, 19ਜਨਵਰੀ -ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਰੱਖਿਆ ਸਕੱਤਰ ਲੈਂਫਟੀਨੈਂਟ ਜਨਰਲ (ਸੇਵਾ ਮੁਕਤ) ਖਾਲਿਦ ਨਈਮ ਲੋਧੀ ਦਾ ਪਟੀਸ਼ਨ 'ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਲਈ ਕਿਹਾ ਹੈ। ਲੋਧੀ ਨੇ ਸਰਕਾਰ ਵੱਲੋਂ ਉਨ੍ਹਾਂ ਨੂੰ ਬਰਤਰਫ਼ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਜਸਟਿਸ ਸ੍ਰੀ ਰਿਆਜ਼ ਖਾਨ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪ੍ਰਸ਼ਾਸਨ ਸਕੱਤਰ ਅਤੇ ਮੌਜੂਦ ਰੱਖਿਆ ਸਕੱਤਰ ਕੋਲੋਂ ਲੋਧੀ ਦੀ ਪਟੀਸ਼ਨ ਤੋਂ ਜਵਾਬ ਮੰਗਿਆ ਅਤੇ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਫਰਵਰੀ ਦੇ ਦੂਸਰੇ ਹਫਤੇ ਲਈ ਮੁਲਤਵੀ ਕਰ ਦਿੱਤੀ। ਫ਼ੌਜ ਮੁੱਖੀ ਜਨਰਸ ਅਸ਼ਫਾਕ ਪ੍ਰਵੇਜ਼ ਕਿਆਨੀ ਦੇ ਵਫਾਦਾਰ ਲੋਧੀ ਨੂੰ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਬੀਤੇ ਹਫ਼ਤੇ ਸਰਕਾਰ ਅਤੇ ਫ਼ੌਜ ਵਿਚਾਲੇ ਮੀਮੋ ਕਾਂਡ 'ਚ ਗਲਤ ਫਹਿਮੀਆਂ ਪੈਦਾ ਕਰਨ ਦੇ ਦੋਸ਼ ਤਹਿਤ ਬਰਤਰਫ਼ ਕਰ ਦਿੱਤਾ ਸੀ।
ਗੁਰਦਾਸਪੁਰ, 19 ਜਨਵਰੀ-ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵੱਲੋਂ ਅੱਜ ਇੱਕ ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਪਿੱਛੋਂ ਉਸ ਦਾ ਕਤਲ ਕਰਨ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਥਾਣੇ ਅਧੀਨ ਪੈਂਦੇ ਪਿੰਡ ਕਾਲਾ ਅਫ਼ਗਾਨਾ ਦੇ ਨਵਰਾਜ ਸਿੰਘ ਪੁੱਤਰ ਸੰਤੋਖ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 2009 ਵਿਚ 15-16 ਜੂਨ ਦੀ ਰਾਤ ਨੂੰ 11.30 ਵਜੇ ਦੇ ਕਰੀਬ ਪਿੰਡ ਦੇ ਹੀ ਨੰਬਰਦਾਰ ਗੁਰਬਖਸ਼ ਸਿੰਘ ਦੇ ਨਾਲ ਇੱਕ ਗਲੀ ਵਿਚੋਂ ਗੁਜ਼ਰ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੇ ਗਲੀ ਵਿਚ ਉਸ ਦੀ ਮਾਸੀ ਦੀ ਨੂੰਹ ਦਲਜੀਤ ਕੌਰ ਦੇ ਘਰੋਂ ਚੀਕਾਂ ਦੀ ਆਵਾਜ਼ ਸੁਣੀ। ਇਸ ਦੇ ਬਾਅਦ ਉਨ੍ਹਾਂ ਦੋਵਾਂ ਨੇ ਅੰਦਰ ਜਾ ਕੇ ਦੇਖਿਆ ਕਿ ਉਨ੍ਹਾਂ ਦੇ ਹੀ ਪਿੰਡ ਦਾ ਸਲੀਮ ਮਸੀਹ ਪੁੱਤਰ ਦਾਰਾ ਮਸੀਹ ਦਲਜੀਤ ਕੌਰ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੇ ਦੇਖਦਿਆਂ-ਦੇਖਦਿਆਂ ਹੀ ਦਲਜੀਤ ਕੌਰ ਵੱਲੋਂ ਵਿਰੋਧ ਕਰਨ 'ਤੇ ਸਲੀਮ ਮਸੀਹ ਨੇ ਉਸ ਦੇ ਸਿਰ ਵਿਚ 2 ਵਾਰ ਇੱਟਾਂ ਮਾਰੀਆਂ ਜਿਸ ਨਾਲ ਉਹ ਲਹੂ ਲੁਹਾਣ ਹੋ ਗਈ। ਉਨ੍ਹਾਂ ਨੂੰ ਅੰਦਰ ਆਇਆਂ ਦੇਖ ਕੇ ਸਲੀਮ ਮਸੀਹ ਉੱਥੋਂ ਫ਼ਰਾਰ ਹੋ ਗਿਆ ਅਤੇ ਉਨ੍ਹਾਂ ਨੇ ਦਲਜੀਤ ਕੌਰ ਨੂੰ ਗੰਭੀਰ ਹਾਲਤ ਵਿਚ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ। ਇਹ ਮਾਮਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਕੇਵਲ ਕ੍ਰਿਸ਼ਨ ਗਰਗ ਦੀ ਅਦਾਲਤ ਵਿਚ ਚੱਲ ਰਿਹਾ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਅੱਜ ਉਕਤ ਕੇਸ ਦੀ ਸੁਣਵਾਈ ਕਰਦਿਆਂ ਦੋਸ਼ੀ ਸਲੀਮ ਮਸੀਹ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਰਾਂਚੀ, 19 ਜਨਵਰੀ -ਝਾਰਖੰਡ 'ਚ ਸੀ. ਬੀ. ਆਈ. ਦੀ ਇਕ ਅਦਾਲਤ ਨੇ 41 ਵਿਅਕਤੀਆਂ ਨੂੰ 4 ਤੋਂ 7 ਸਾਲ ਦੀ ਕੈਦ ਅਤੇ 2 ਲੱਖ ਤੋਂ 30 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੱਜ ਪੀ.ਕੇ.ਸਿੰਘ ਨੇ ਅੱਜ ਇਹ ਸਜ਼ਾ ਸੁਣਾਈ। ਉਕਤ ਮਾਮਲੇ 'ਚ 61 ਲੋਕਾਂ ਨੂੰ ਦੋਸ਼ੀ ਮੰਨਦੇ ਹੋਏ 20 ਲੋਕਾਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਸੀ ਅਤੇ 41 ਦੋਸ਼ੀਆਂ ਦਾ ਫ਼ੈਸਲਾ ਅੱਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਜਗਨ ਨਾਥ ਮਿਸ਼ਰਾ ਇਸ ਮਾਮਲੇ 'ਚ ਦੋਸ਼ੀ ਹਨ ਅਤੇ ਅਦਾਲਤ 'ਚ ਇਨ੍ਹਾਂ ਦੇ ਖ਼ਿਲਾਫ ਕੇਸ ਚਲ ਰਹੇ ਹਨ।
ਗੁਹਾਟੀ, 19 ਜਨਵਰੀ - ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ 11 ਜਾਪਾਨੀ ਸੈਨਿਕਾਂ ਦੀਆਂ ਕਬਰਾਂ ਦੀ ਖੁਦਾਈ ਅੱਜ ਇਥੇ ਗੁਹਾਟੀ ਦੇ ਕਬਰਸਤਾਨ 'ਚ ਸ਼ੁਰੂ ਹੋ ਗਈ। ਕਮਰੂਪ ਸ਼ਹਿਰ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਅਗਨੀਹੋਤਰੀ ਨੇ ਦੱਸਿਆ ਕਿ ਜਾਪਾਨ ਦੇ ਤਿੰਨ ਅਧਿਕਾਰੀ ਕੱਲ੍ਹ ਇਥੇ ਪਹੁੰਚ ਗਏ ਸਨ ਅਤੇ ਉਹ ਅੰਤਿਮ ਰਸਮਾਂ ਆਪਣੇ ਦੇਸ਼ 'ਚ ਪੂਰੀਆਂ ਕਰਨ ਲਈ ਯੁੱਧ ਦੇ ਸ਼ਹੀਦਾਂ ਦੇ ਅੰਸ਼ ਲੈ ਕੇ ਜਾਣਗੇ। ਅਗਨੀਹੋਤਰੀ ਨੇ ਦੱਸਿਆ ਕਿ ਇਸ ਮੁੱਦੇ 'ਤੇ ਜਾਪਾਨ ਦੀ ਸਰਕਾਰ ਨੇ ਭਾਰਤ ਸਰਕਾਰ ਤਕ ਪਹੁੰਚ ਕੀਤੀ ਸੀ ਜਿਸ ਅਨੁਸਾਰ ਕਬਰਾਂ ਦੀ ਖੁਦਾਈ ਸ਼ੁਰੂ ਕੀਤੀ ਗਈ ਹੈ ਜੋ ਕਿ ਕੱਲ੍ਹ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਕਬਰਸਤਾਨ 'ਚੋਂ ਲੱਭੇ ਅੰਸ਼ਾ ਨੂੰ ਫੌਰੈਂਸਿਕ ਪ੍ਰਯੋਗਸ਼ਾਲਾ 'ਚ ਭੇਜਿਆ ਜਾਵੇਗਾ ਅਤੇ ਲੋੜੀਂਦੇ ਟੈਸਟ ਕਰਨ ਤੋਂ ਬਾਅਦ ਜਾਪਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।
ਨਵੀਂ ਦਿੱਲੀ, 19 ਜਨਵਰੀ - ਟੀਮ ਅੰਨਾ ਨੇ ਅੱਜ ਯੋਗ ਗੁਰੂ ਬਾਬਾ ਰਾਮਦੇਵ ਨੂੰ ਉਨ੍ਹਾਂ ਦੇ ਨਾਲ ਮਿਲ ਕੇ ਉਤਰਾਖੰਡ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ। ਟੀਮ ਅੰਨਾ ਭ੍ਰਿਸ਼ਟਾਚਾਰ ਦੇ ਖਿਲਾਫ ਅਤੇ ਮਜ਼ਬੂਤ ਲੋਕਪਾਲ ਬਿੱਲ ਲਈ ਉਨ੍ਹਾਂ ਸਾਰੇ ਰਾਜਾਂ 'ਚ ਪ੍ਰਚਾਰ ਕਰੇਗੀ ਜਿਨ੍ਹਾਂ 'ਚ ਚੋਣਾਂ ਹੋਣ ਵਾਲੀਆਂ ਹਨ। ਬਾਬਾ ਰਾਮਦੇਵ ਨੂੰ ਇਹ ਸੱਦਾ ਉਨ੍ਹਾਂ ਉਪਰ ਸਿਆਹੀ ਦੁਆਰਾ ਹਮਲਾ ਹੋਣ ਤੋਂ 2 ਦਿਨ ਬਾਅਦ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਕਾਲੇ ਧਨ ਦੇ ਖਿਲਾਫ ਪਿਛਲੇ ਕਾਫੀ ਸਮੇਂ ਤੋਂ ਪ੍ਰਚਾਰ ਕਰ ਰਹੇ ਹਨ।
ਨਵੀਂ ਦਿੱਲੀ, 19 ਜਨਵਰੀ -ਟਿਕਟਾਂ ਦੀ ਦੁਰਵਰਤੋਂ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੀ ਰੇਲਵੇ ਵੱਲੋਂ ਇਹ ਜਰੂਰੀ ਕਰ ਦਿੱਤਾ ਗਿਆ ਹੈ ਕਿ ਏ.ਸੀ. ਕਲਾਸ 'ਚ ਸਫ਼ਰ ਕਰ ਰਹੇ ਸਾਰੇ ਮੁਸਾਫਿਰਾਂ ਕੋਲ ਪਛਾਣ ਪੱਤਰ ਹੋਣਾ ਚਾਹੀਦਾ ਹੈ। ਹੁਣ ਤਕ ਸਿਰਫ ਉਨ੍ਹਾਂ ਯਾਤਰੀਆਂ ਕੋਲ ਹੀ ਪਛਾਣ ਪੱਤਰ ਹੋਣਾ ਜਰੂਰੀ ਸੀ ਜਿਨ੍ਹਾਂ ਕੋਲ ਈ ਟਿਕਟ ਜਾਂ ਤਤਕਾਲ ਟਿਕਟ ਹੁੰਦੀ ਸੀ। ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਭਰ 'ਚ ਰੇਲਵੇ ਦਾ ਨਵਾਂ ਫੈਸਲਾ 15 ਫਰਵਰੀ ਤੋਂ ਲਾਗੂ ਹੋ ਜਾਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਦਲ 'ਚ ਯਾਤਰਾ ਕਰ ਰਹੇ ਯਾਤਰੀਆਂ 'ਚੋਂ ਕਿਸੇ ਇਕ ਕੋਲ ਪਛਾਣ ਪੱਤਰ ਹੋਣਾ ਚਾਹੀਦਾ ਹੈ। ਪਛਾਣ ਪੱਤਰ 'ਚ ਵੋਟਰ ਕਾਰਡ, ਪੈਨਕਾਰਡ, ਡਰਾਈਵਿੰਗ ਲਾਈਸੈਂਸ, ਫੋਟੋ ਲੱਗੀ ਰਾਸ਼ਟਰੀ ਬੈਂਕਾਂ ਦੀ ਪਾਸ ਕਾਪੀ ਜਾਂ ਆਧਾਰ ਕਾਰਡ ਆਦਿ ਮੰਨਣਯੋਗ ਹੋਵੇਗਾ।
ਨਵੀਂ ਦਿੱਲੀ, 19 ਜਨਵਰੀ-ਆਮਦਨ ਕਰ ਵਿਭਾਗ ਨੇ ਦੇਸ਼ ਦੀ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੂੰ ਵਿਦੇਸ਼ਾਂ 'ਚ ਕਾਰੋਬਾਰ ਕਰਨ ਦੇ ਸਬੰਧ 'ਚ 1,067 ਕਰੋੜ ਰੁਪਏ ਬਕਾਏ ਦਾ ਨੋਟਿਸ ਭੇਜਿਆ ਹੈ। ਵਿਭਾਗ ਅਨੁਸਾਰ ਇਹ ਬਕਾਇਆ ਚਾਰ ਵਿੱਤੀ ਸਾਲਾਂ ਲਈ ਹੈ ਜਿਸ ਵਿਚ ਸਾਲ 2007-8 ਲਈ 202.07 ਕਰੋੜ, 2009-09 ਲਈ 329.913 ਕਰੋੜ, 2009-10 ਲਈ 313.577 ਕਰੋੜ ਅਤੇ ਸਾਲ 2010-11 ਲਈ 221.681 ਕਰੋੜ ਹੈ। ਉਧਰ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਉਸ ਨੇ ਆਮਦਨ ਕਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਅਤੇ ਇਸ ਲਈ ਅਸੀਂ ਕਾਨੂੰਨੀ ਮੱਦਦ ਲਵਾਂਗੇ।

No comments:

Post a Comment