ਸਾਡੇ ਰੱਖਿਆ ਮੰਤਰੀ ਪੀਟਰ ਮਕੇਅ ਨੇ 4 ਜਨਵਰੀ ਨੂੰ ਆਖਰ ਵਿਆਹ ਕਰ ਹੀ ਲਿਆ। ਉਹਨਾਂ ਦੀ ਪਤਨੀ ਬਣਨ ਦਾ ਮਾਣ ਇਰਾਨ ਦੀ ਜੰਮਪਲ 32 ਵਰ੍ਹਿਆਂ ਦੀ ਖੂਬਸੂਰਤ ਬੀਬੀ ਨਾਜ਼ਨੀਨ ਅਫਸ਼ੀਨ ਜਾਮ ਨੂੰ ਹਾਸਲ ਹੋਇਆ ਹੈ। ਪੀਟਰ ਮਕੇਅ ਇੱਕ ਧੱੜਲੇਦਾਰ, ਰਾਜਨੀਤਕ ਤੌਰ ਉੱਤੇ ਗੰਭੀਰ ਹਨ ਪਰ ਮਨ ਕਰਕੇ ਦਿਲਫੈਂਕ ਕਿਸਮ ਦਾ ਵਿਅਕਤੀ ਹੈ। ਇਸ ਦਿਲਫੈਂਕ ਬਿਰਤੀ ਕਾਰਣ ਹੀ ਉਹਨਾਂ ਨੇ ਉਮਰ ਦੇ 46 ਸਾਲ ਢੁੱਕਵਾਂ ਜੀਵਨ ਸਾਥੀ ਲੱਭਣ ਵਿੱਚ ਲਾ ਕੱਢ ਦਿੱਤੇ। ਇਹ ਨਹੀਂ ਕਿ ਉਹਨਾਂ ਦੇ ਜੀਵਨ ਵਿੱਚ ਔਰਤਾਂ ਨਹੀਂ ਆਈਆਂ ਪਰ ਇੱਕ ਤੋਂ ਬਾਅਦ ਦੂਜਾ ਐਸੇ ਕਾਰਣ ਬਣਦੇ ਗਏ ਕਿ ਸ਼ਗਨਾਂ ਦਾ ਦਿਨ ਲੰਬਾ ਹੁੰਦਾ ਚਲਾ ਗਿਆ।
ਪੀਟਰ ਮਕੇਅ 2007 ਤੋਂ ਕੈਨੇਡਾ ਦੇ ਰੱਖਿਆ ਮੰਤਰੀ ਚਲੇ ਆ ਰਹੇ ਹਨ ਅਤੇ ਉਹ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਜਦੀਕੀ ਸਲਾਹਕਾਰਾਂ ਵਿੱਚੋਂ ਇੱਕ ਹਨ। ਦਰਅਸਲ ਵਿੱਚ ਉਹ 2003 ਤੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸਨ ਜਦੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੈਨੇਡੀਅਨ ਅਲਾਇੰਸ ਨਾਲ ਰਲੇਵਾਂ ਕਰ ਲਿਆ। ਇਸ ਰਲੇਵੇਂ ਦੀ ਕੀਮਤ ਇਹ ਰਹੀ ਕਿ ਪੀਟਰ ਮਕੇਅ ਨੇ ਪਾਰਟੀ ਲੀਡਰਸਿ਼ੱਪ ਦੀ ਕਮਾਨ ਸਟੀਫਨ ਹਾਰਪਰ ਦੇ ਹੱਥਾਂ ਵਿੱਚ ਜਾਣ ਦਿੱਤੀ। ਇਹ ਪੀਟਰ ਮਕੇਅ ਪਾਰਟੀ ਵਾਸਤੇ ਪ੍ਰਤੀਬੱਧਤਾ ਦਾ ਸਿਖਰ ਸੀ।
ਉਮਰ ਦਾ ਲੰਬਾ ਅਰਸਾ ਕੁਆਰਾ ਰਹਿਣ ਪਿੱਛੇ ਪੀਟਰ ਮਕੇਅ ਦਾ ਸਿਆਸੀ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣਾ ਖਾਸ ਕਰਕੇ ਟੋਰੀ ਪਾਰਟੀ ਨੂੰ ਹਰ ਨਿੱਜੀ ਕਦਰ ਕੀਮਤ ਤੋਂ ਉਪਰ ਵੇਖਣਾ ਰਿਹਾ ਹੈ। ਨਹੀਂ ਤਾਂ ਕੋਈ ਕਾਰਣ ਨਹੀਂ ਸੀ ਕਿ ਉਹਨਾਂ ਨੇ ਕੈਨੇਡਾ ਦੀ ਸ਼ਾਨੋ ਸ਼ੌਕਤ ਵਾਲੀ ਮਲਟੀ ਮਿਲੀਅਨ ਡਾਲਰ ਦੇ ਅਸਾਸਿਆਂ ਵਾਲੀ ਕੰਪਨੀ ਮੈਗਨਾ ਦੀ ਜਾਨਸ਼ੀਨ ਅਤੇ ਤਤਕਾਲੀ ਐਮ ਪੀ ਬਲਿੰਡਾ ਸਟਰੋਨੈਕ ਨਾਲ ਸਨ 2004 ਵਿੱਚ ਵਿਆਹ ਨਾ ਕਰਵਾਇਆ ਹੁੰਦਾ। ਦੋਵੇਂ ਉਸ ਵੇਲੇ ਨੌਜਵਾਨ ਸਨ, ਟੋਰੀ ਪਾਰਟੀ ਦੇ ਐਮ ਪੀ ਸਨ ਅਤੇ ਦੋਵਾਂ ਦੇ ਰੋਮਾਂਸ ਦੇ ਚਰਚੇ ਹਰ ਪਾਸੇ ਸਨ। ਇਸ ਰਿਸ਼ਤੇ ਦਾ ਅੰਤ ਉਸ ਵੇਲੇ ਹੋਇਆ ਜਦੋਂ ਪੀਟਰ ਮਕੇਅ ਨੂੰ ਆਪਣੇ ਦਿਲ ਦੀ ਗੱਲ ਅਤੇ ਦਿਮਾਗ ਦੇ ਤਰਕ ਵਿੱਚੋਂ ਇੱਕ ਨੂੰ ਚੁਣਨਾ ਪਿਆ। ਜਿਵੇਂ ਕਿ ਪਾਰਟੀ ਰਾਜਨੀਤੀ ਨਾਲ ਜੁੜੇ ਆਗੂਆਂ ਬਾਰੇ ਸੁਭਾਵਿਕ ਹੂੰਦਾ ਹੈ, ਪੀਟਰ ਨੇ ਦਿਲ ਦੇ ਤਰਕ ਨੂੰ ਚੁਣਿਆ।
ਮਸਲਾ ਇਹ ਸੀ ਕਿ ਬਲਿੰਡਾ ਉਸ ਵੇਲੇ ਪ੍ਰਧਾਨ ਮੰਤਰੀ ਪਾਲ ਮਾਰਟਿਨ ਦੀ ਘੱਟ ਗਿਣਤੀ ਸਰਕਾਰ ਨੂੰ ਬਚਾਉਣ ਵਾਸਤੇ ਟੋਰੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਈ। ਪੀਟਰ ਨੂੰ ਉਸਦੀ ‘ਸਿਆਸੀ ਦਲ ਬਦਲੀ’ ਅਸਲ ਵਿੱਚ ‘ਦਿਲ ਬਦਲੀ’ ਜਾਪੀ ਅਤੇ ਉਹਨਾਂ ਨੇ ਪਾਰਟੀ ਛੱਡਣ ਵਾਲੀ ਬਲਿੰਡਾ ਦਾ ਸਦਾ ਲਈ ਸਾਥ ਛੱਡ ਦਿੱਤਾ। ਇੰਝ ਸਿਆਸੀ ਸਮੀਕਰਣਾਂ ਨੇ ਪੀਟਰ ਦੇ ਰੋਮਾਂਸ ਦਾ ਅੰਤ ਕਰ ਦਿੱਤਾ।
ਪੀਟਰ ਦੇ ਕੁਆਰੇਪਣ ਉੱਤੇ ਹੋਰ ਕਿੰਨੀਆਂ ਕੁ ਔਰਤਾਂ ਡੋਰੇ ਪਾਉਂਦੀਆਂ ਹੋਣਗੀਆਂ, ਇਸ ਬਾਰੇ ਆਖਣਾ ਮੁਸ਼ਕਲ ਹੈ ਲੇਕਿਨ ਉਹ ਇੱਕ ਹੋਰ ਉੱਚ ਸਖਸਿ਼ਅਤ ਦੇ ਪਰੇਮ ਵਿੱਚ ਜਰੂਰ ਗੜੁੱਚ ਹੋਇਆ। ਉਸਦਾ ਅਗਲਾ ਪਿਆਰ ਕੋਈ ਹੋਰ ਨਹੀਂ ਸਗੋਂ ਅਮਰੀਕਾ ਦੀ ਸਟੇਟ ਸਕੱਤਰ (ਭਾਵ ਰੱਖਿਆ਼ ਮੰਤਰੀ) ਕੌਂਡੋਲੀਜ਼ਾ ਰਾਈਸ ਸੀ। ਦੋਵੇਂ ਉਸ ਵਕਤ ਆਪੋ ਆਪਣੇ ਮੁਲਕਾਂ ਦੇ ਰੱਖਿਆ ਮੰਤਰੀ ਸਨ ਪਰ ਉਹਨਾਂ ਦੇ ਆਪਸੀ ਰਿਸ਼ਤੇ ਵਿੱਚ ਪੈਦਾ ਹੋ ਰਹੀਆਂ ਨਜ਼ਦੀਕੀਆਂ ਦੀ ਕੋਈ ਰੱਖਿਆ ਕਰਨ ਵਾਲਾ ਨਹੀਂ ਸੀ। ਇੱਥੇ ਤੱਕ ਕਿ ਉਹ ਕੁੱਲ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਇੱਕਲੇ ਸਮਾਂ ਬਿਤਾਉਂਦੇ ਰਹੇ। ਸਿਆਸੀ ਉੱਚ ਸਖਸਿ਼ਅਤਾਂ ਦਾ ਇਕਾਂਤ ਵੀ ਇਕਾਂਤ ਨਹੀਂ ਹੁੰਦਾ, ਸੋ ਉਹਨਾਂ ਦੇ ਰੋਮਾਂਸ ਨੂੰ ਕੈਮਰਿਆਂ ਵਿੱਚ ਜਕੜਿਆ ਗਿਆ। ਆਖਿਆ ਜਾਂਦਾ ਹੈ ਕਿ ਕੌਂਡੋਲੀਜ਼ਾ ਰਾਈਸ ਵੱਲੋਂ ਝਿਜਕ ਵਿਖਾਉਣ ਕਾਰਣ 2006 ਵਿੱਚ ਇਹ ਰਿਸ਼ਤਾ ਵੀ ਆਪਣੀ ਮਿਆਦ ਪੁਗਾ ਗਿਆ।
ਇਸਤੋਂ ਬਾਅਦ ਪੀਟਰ ਮਕੇਅ ਸਾਹਿਬ ਨੂੰ ‘ਸੀ ਟੀ ਵੀ’ ਦੀ ਜਾਨਾ ਜੁਗਨੋਵਿਕ ਨਾਲ ਅਫਵਾਹਾਂ ਉੱਡਣ ਲੱਗੀਆਂ। ਉਹਨਾਂ ਦਾ ਗੁਪਤ ਮੇਲ ਜੋਲ ਆਖਰ ਨੂੰ ਪਬਲਿਕ ਹੋ ਗਿਆ ਅਤੇ ਦੋਵਾਂ ਵਿਚਕਾਰ ਕੁੜਮਾਈ ਹੋਣ ਦੇ ਬਾਜੂਦ ਉਹ ਇੱਕ ਦੂਜੇ ਤੋਂ ਜਲਦ ਹੀ ਦੂਰ ਹੋ ਗਏ।
ਆਖਦੇ ਹਨ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਸੋ ਪੀਟਰ ਸਾਹਿਬ ਨੂੰ ਵੀ 2003 ਵਿੱਚ ਮਿਸ ਵਰਲਡ ਕੈਨੇਡਾ ਜੇਤੂ ਅਤੇ ਮਿਸ ਵਰਲਡ ਵਿੱਚ ਦੂਜੇ ਨੰਬਰ ਉੱਤੇ ਆਉਣ ਵਾਲੀ ਇਰਾਨੀ ਮੂਲ ਦੀ ਬੀਬੀ ਨਾਜ਼ਨੀਨ ਅਫਸ਼ੀਨ ਜਾਮ ਮਿਲ ਗਈ ਹੈ। ਅਫਸ਼ੀਨ ਮਨੁੱਖ ਅਧਿਕਾਰਾਂ ਦੀ ਰਖਵਾਲੀ ਕਰਨ ਲਈ ਜਾਣੀ ਜਾਂਦੀ ਹੈ। ਕੈਨੇਡੀਅਨ ਰੇਸ ਰੀਲੇਸ਼ਨ ਫਾਉਂਡੇਸ਼ਨ ਦੀ ਜਨਮ-ਦਾਤਾ ਬੀਬੀ ਅਫਸ਼ੀਨ ਨੇ ਕਈ ਵੱਡੀਆਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ ਹੈ। ਆਓ ਉਮੀਦ ਕਰੀਏ ਕਿ ਹੁਣ ਉਹ ਪੀਟਰ ਮਕੇਅ ਦੇ ਚੁੱਲੇ ਵਿੱਚ ਅੱਗ ਹੀ ਨਹੀਂ ਬਾਲੇਗੀ ਸਗੋਂ ਉਸਨੂੰ ਬਲਦਾ ਰੱਖਣ ਲਈ ਹਰ ਸੰਭਵ ਹੀਲਾ ਵਰਤੇਗੀ। ਪੀਟਰ ਨੂੰ ਵੀ 46 ਸਾਲਾਂ ਬਾਅਦ ਘਰ ਦੀ ਪੱਕੀ ਮਿਲਣ ਲੱਗੇਗੀ। ਸ਼ਾਇਦ ਘਰ ਦੀ ਰੋਟੀ ਹੀ ਉਸਨੂੰ ਘਰ ਨਾਲ ਬੰਨ ਕੇ ਰੱਖੇ ਜਿਵੇਂ ਸਿਆਸੀ ਪ੍ਰਤੀਬੱਧਤਾ ਪੀਟਰ ਨੂੰ ਟੋਰੀ ਪਾਰਟੀ ਨਾਲ ਪੱਕਾ ਬੱਝ ਕੇ ਰੱਖ ਰਹੀ ਹੈ।
No comments:
Post a Comment