Friday, 17 February 2012

ਵਾਸ਼ਿੰਗਟਨ /ਨਵੀਂ ਦਿੱਲੀ,-ਟੀਮ ਇੰਡੀਆ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਅੱਜ ਆਪਣੇ ਟਵਿੱਟਰ ਰਾਹੀਂ ਚੰਗੀ ਖ਼ਬਰ ਦਿੱਤੀ ਹੈ। ਯੁਵਰਾਜ ਨੇ ਲਿਖਿਆ ਹੈ ਕਿ ਕੀਮੋਥਰੈਪੀ ਦੀ ਪਹਿਲੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਆਪਣੇ ਕੈਂਸਰ ਦਾ ਇਲਾਜ ਕੀਮੋਥਰੈਪੀ ਰਾਹੀਂ ਅਮਰੀਕਾ ਵਿਚ ਕਰਵਾ ਰਿਹਾ ਹੈ। ਯੁਵਰਾਜ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ, 'ਮੇਰਾ ਟਿਊਮਰ ਹੁਣ ਖਤਮ ਹੋ ਰਿਹਾ ਹੈ।' ਸਕੈਨ ਰਿਪੋਰਟ ਪੜ੍ਹਨ ਬਾਅਦ ਡਾਕਟਰਾਂ ਨੇ ਦੱਸਿਆ ਕਿ ਯੁਵਰਾਜ ਟਿਊਮਰ ਖਤਮ ਹੋ ਰਿਹਾ ਹੈ ਤੇ ਉਹ ਕੀਮੋਥਰੈਪੀ ਦੀ ਦੂਸਰੀ ਪ੍ਰਕਿਰਿਆ ਨਾਲ ਇਲਾਜ ਕਰਵਾ ਰਿਹਾ ਹੈ। ਯੁਵਰਾਜ ਸਿੰਘ ਦੇ ਪਿਛਲੇ ਸਾਲ ਹੀ ਵਿਸ਼ਵ ਕੱਪ ਦੌਰਾਨ ਤਬੀਅਤ ਖਰਾਬ ਹੋਣ ਦੀ ਖ਼ਬਰ ਮਿਲੀ ਸੀ। ਜਿਸ ਪਿਛੋਂ ਉਸ ਨੇ ਆਪਣਾ ਡਾਕਟਰੀ ਮੁਆਇਨਾ ਕਰਵਾਇਆ ਤਾਂ ਉਸ ਨੂੰ ਕੈਂਸਰ ਹੋਣ ਦੀ ਗੱਲ ਨਿਕਲ ਆਈ।
ਨਵੀਂ ਦਿੱਲੀ, -ਆਮਦਨ ਕਰ ਵਿਭਾਗ ਨੇ 15 ਦਿਨ ਪਹਿਲਾਂ ਕਥਿਤ ਕਰ ਚੋਰੀ ਦੇ ਮਾਮਲੇ ਵਿਚ ਸ਼ਰਾਬ ਦੇ ਵਪਾਰੀ ਪੌਂਟੀ ਚੱਢਾ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਦੌਰਾਨ 11 ਕਰੋੜ ਰੁਪਏ ਮੁੱਲ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਮਿਆਦੀ ਜਮ੍ਹਾਂ ਰਾਸ਼ੀ ਬਰਾਮਦ ਕੀਤੀ ਸੀ ਅਤੇ 13 ਬੈਂਕ ਲਾਕਰਾਂ ਨੂੰ ਸੀਲ ਕੀਤਾ ਗਿਆ ਸੀ। 1 ਫਰਵਰੀ ਨੂੰ ਤਲਾਸ਼ੀ ਆਪਰੇਸ਼ਨ ਦੌਰਾਨ 2.03 ਕਰੋੜ ਰੁਪਏ ਨਕਦ, 5.18 ਕਰੋੜ ਮੁੱਲ ਦੇ ਗਹਿਣੇ, 4.4 ਕਰੋੜ ਰੁਪਏ ਮਿਆਦੀ ਜਮ੍ਹਾਂ ਰਾਸ਼ੀ ਅਤੇ ਵੱਡੀ ਮਾਤਰਾ ਵਿਚ ਦਸਤਾਵੇਜ਼ ਬਰਾਮਦ ਕੀਤੇ ਸਨ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਬੁਲਾਰੇ ਅਨੂਜਾ ਸਾਰੰਗੀ ਨੇ ਇਕ ਬਿਆਨ ਵਿਚ ਕਿਹਾ ਕਿ 13 ਬੈਂਕ ਲਾਕਰਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਦੋ ਥਾਵਾਂ ਦੀ ਤਲਾਸ਼ੀ ਅਜੇ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਮੁਕੰਮਲ ਨਹੀਂ ਹੋਈ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਜਿਹੜੀ ਆਮਦਨ ਕਰ ਵਿਭਾਗ ਦੀ ਪ੍ਰਸ਼ਾਸਕੀ ਅਥਾਰਟੀ ਹੈ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਸ੍ਰੀ ਚੱਢਾ ਜਿਸ ਦਾ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਿਚ ਰੀਅਲ ਅਸਟੇਟ ਅਤੇ ਸ਼ਰਾਬ ਦਾ ਕਾਰੋਬਾਰ ਹੈ ਨੂੰ ਛਾਪਿਆਂ ਬਾਰੇ ਜਾਣਕਾਰੀ ਪਹਿਲਾਂ ਹੀ ਮਿਲ ਗਈ ਸੀ। ਬਿਆਨ ਵਿਚ ਅੱਗੇ ਕਿਹਾ ਕਿ ਕੁਝ ਅਖ਼ਬਾਰਾਂ ਅਤੇ ਚੈਨਲਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਪੌਂਟੀ ਚੱਢਾ ਨੂੰ ਛਾਪਿਆਂ ਬਾਰੇ ਜਾਣਕਾਰੀ ਪਹਿਲਾਂ ਹੀ ਲੀਕ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਬੋਰਡ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਮਾਮਲਾ ਅਜੇ ਵੀ ਜਾਂਚ ਅਧੀਨ ਹੈ ਪਰ ਮੀਡੀਆ ਨੇ ਬਿਨਾਂ ਕਿਸੇ ਠੋਸ ਆਧਾਰ ਦੇ ਕਿਆਸਰਾਈਆਂ ਨਾਲ ਰਿਪੋਰਟਾਂ ਛਾਪੀਆਂ ਹਨ।

ਬਰਨਾਲਾ ਪੁਲਿਸ ਵੱਲੋਂ 78 ਕਿੱਲੋ ਚਾਂਦੀ ਦੇ ਗਹਿਣੇ ਬਰਾਮਦ
ਸੁਨਿਆਰਿਆਂ ਵੱਲੋਂ ਵੱਡੀ ਪੱਧਰ 'ਤੇ ਕੀਤਾ ਜਾਂਦੈ ਹਵਾਲੇ ਦਾ ਕਾਰੋਬਾਰ

ਬਰਨਾਲਾ, )-ਸਦਰ ਥਾਣਾ ਦੀ ਪੁਲਿਸ ਨੇ 78 ਕਿਲੋ 260 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸਦਰ ਥਾਣੇ ਦੇ ਇੰਚਾਰਜ ਧਰਮਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮਾਨਸਾ ਰੋਡ 'ਤੇ ਪਿੰਡ ਛੰਨਾ ਟੀ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ ਤਾਂ ਮਾਨਸਾ ਵੱਲੋਂ ਆਉਂਦੀ ਇਕ ਸਵਿਫਟ ਕਾਰ ਨੂੰ ਰੋਕਿਆ, ਜਿਸ ਵਿਚ ਮਾਲਕ ਅਸ਼ਵਨੀ ਕੁਮਾਰ ਪੁੱਤਰ ਜੋਤੀ ਪ੍ਰਕਾਸ਼ ਨਿਵਾਸੀ ਬਰਨਾਲਾ ਮਾਲਕ ਪ੍ਰਿੰਸ ਜਿਊਲਰਜ਼ ਸੀ ਤੇ ਕਾਰ ਨੂੰ ਮਨਜੀਤ ਸਿੰਘ  ਨਾਂਅ ਦਾ ਚਾਲਕ ਚਲਾ ਰਿਹਾ ਸੀ, ਕਾਰ ਦੀ ਤਲਾਸ਼ੀ ਦੌਰਾਨ ਉਸ 'ਚੋਂ 78 ਕਿਲੋ 260 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਪੁਲਿਸ ਨੇ ਇਸ ਉਪਰੰਤ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ 'ਤੇ ਦੀਪਕਾ ਤੇ ਰੋਹਿਤ ਈ. ਟੀ. ਆਈ ਹਾਜ਼ਰ ਹੋਏ ਤੇ ਉਨ੍ਹਾਂ ਨੂੰ ਇਹ ਸਾਮਾਨ ਸੌਂਪਿਆ ਗਿਆ। ਇਸ ਸਮੇਂ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਕੱਲ੍ਹ ਇਹ ਮਾਲ ਚਲਾਨ ਰਾਹੀਂ ਮਾਨਸਾ ਭੇਜਿਆ ਗਿਆ ਤੇ ਅੱਜ ਇਹ ਓਹੀ ਚਲਾਨ ਰਾਹੀਂ ਸ਼ਹਿਰ ਮਾਨਸਾ ਤੋਂ ਬਰਨਾਲਾ ਭੇਜਿਆ ਜਾ ਰਿਹਾ ਸੀ। ਇਥੇ ਜ਼ਿਕਰਯੋਗ ਹੈ ਕਿ ਸੁਨਿਆਰਿਆਂ ਵਲੋਂ ਵੱਡੀ ਪੱਧਰ 'ਤੇ ਹਵਾਲੇ ਦਾ ਕਾਰੋਬਾਰ ਕੀਤਾ ਜਾਂਦਾ ਹੈ ਜਿਹੜੇ ਕਿ ਅਕਸਰ ਆਮਦਨ ਕਰ ਵਿਭਾਗ, ਸੇਲ ਟੈਕਸ ਵਿਭਾਗ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਕਾਨੂੰਨਾਂ ਵਿਰੁੱਧ ਅੱਖੀਂ ਘੱਟਾ ਪਾਉਂਦੇ ਹਨ ਤੇ ਚੋਖੀ ਕਮਾਈ ਕਰਦੇ ਹੋਏ ਇਸ ਮਾਮਲੇ 'ਚ ਸ਼ਾਮਿਲ ਹੁੰਦੇ ਹਨ। ਇਥੋਂ ਤੱਕ ਹੀ ਨਹੀਂ ਕਿ ਵਾਹਘਾ ਸਰਹੱਦ ਰਾਹੀਂ ਇਹ ਪਾਕਿਸਤਾਨ ਤੋਂ ਵੀ ਸੋਨੇ ਨੂੰ ਕਥਿਤ ਸਮੱਗਲ ਕਰਕੇ ਚੋਖੀ ਕਮਾਈ ਕਰਦੇ ਹਨ ਤੇ ਜਿਥੇ ਇਹ ਭਾਰਤ ਸਰਕਾਰ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ ਉਥੇ ਇਹ ਚੋਖੀ ਮਾਤਰਾ 'ਚ ਟੈਕਸ ਚੋਰੀ ਕਰਦੇ ਹਨ।

ਮੰਡੀ ਰੋੜਾਂ ਵਾਲੀ,-ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੇ ਪਿੰਡ ਰੋਹੀ ਵਾਲਾ ਵਿਚ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਗਤਾਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਰੋਹੀਵਾਲਾ ਦਾ ਵਿਆਹ ਲਗਭਗ 6 ਸਾਲ ਪਹਿਲਾਂ ਰਾਣੀ ਨਾਮਕ ਔਰਤ ਨਾਲ ਹੋਇਆ ਸੀ। ਜੋ ਕੁੱਝ ਸਮੇਂ ਤੋਂ ਆਪਣੀ ਪਤਨੀ ਨਾਲ ਪਿੰਡ ਮਾਨ ਸਿੰਘ ਵਾਲਾ ਜ਼ਿਲ੍ਹਾ ਮੁਕਤਸਰ ਵਿਖੇ ਰਹਿ ਰਿਹਾ ਸੀ ਤੇ ਇੱਕ ਵਿਅਕਤੀ ਨਾਲ ਮਿਲ ਕੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ। ਇਸ ਦੌਰਾਨ ਦੋਸ਼ੀ ਔਰਤ ਦੇ ਇਸ ਵਿਅਕਤੀ ਨਾਲ ਪ੍ਰੇਮ ਸਬੰਧ ਹੋ ਗਏ। ਬੀਤੇ ਤਿੰਨ ਦਿਨ ਤੋਂ ਦੋਸ਼ੀ ਔਰਤ ਸਹੁਰੇ ਘਰ ਪਿੰਡ ਰੋਹੀਵਾਲਾ ਦੀ ਢਾਣੀ ਇਕੱਲੀ ਪਹੁੰਚੀ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਆਪਣੇ ਲੜਕੇ ਦੇ ਨਾਲ ਨਾ ਆਉਣ ਬਾਰੇ ਪੁੱਛਿਆ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਲਦੀ ਰਹੀ। ਪਰਿਵਾਰ ਨੂੰ ਸ਼ੱਕ ਪੈਣ 'ਤੇ ਜਦ ਇਸ ਦੀ ਜਾਣਕਾਰੀ ਪੁਲਿਸ ਚੌਕੀ ਲੱਧੂਵਾਲਾ ਉਤਾੜ ਨੂੰ ਦਿੱਤੀ ਤਾਂ ਪੁਲਿਸ ਵੱਲੋਂ ਉਕਤ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਕਤ ਔਰਤ ਨੇ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਗੱਲ ਮੰਨ ਲਈ। ਇਸ ਬਾਰੇ ਸਬੰਧਿਤ ਏ. ਐੱਸ. ਆਈ. ਨੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਬਠਿੰਡਾ,-ਬਠਿੰਡਾ ਦੇ ਸਿਵੀਆਂ ਰੋਡ 'ਤੇ 20 ਸਾਲਾਂ ਭਾਣਜੇ ਨੇ ਆਪਣੇ ਸਕੇ ਅਪਾਹਜ ਮਾਮੇ ਨੂੰ ਇੱਟਾਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਵਿਚ ਮੁਹੱਲਾ ਨਿਵਾਸੀਆਂ ਨੇ ਭਾਣਜੇ ਦੀ ਚੰਗੀ ਧੁਲਾਈ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਸਿਵੀਆਂ ਰੋਡ 'ਤੇ ਸਥਿੱਤ ਹਰਦੇਵ ਨਗਰ, ਗਲੀ ਨੰਬਰ 4 ਵਿਚ ਉਕਤ ਵਕਤ ਸਨਸਨੀ ਫੈਲ ਗਈ ਜਦ ਉਥੇ ਰਹਿੰਦੇ 40 ਸਾਲਾਂ ਬਲਜੀਤ ਸਿੰਘ ਜੋ ਦੋਵਾਂ ਪੈਰਾਂ ਤੋਂ ਅਪਾਹਜ ਸੀ ਤੇ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰਦਾ ਸੀ, ਨੂੰ ਮੰਡੀ ਕਲਾਂ ਤੋਂ ਆਏ ਉਸ ਦੇ 20 ਸਾਲਾ ਭਾਣਜੇ ਮੇਵਾ ਸਿੰਘ ਨੇ ਇੱਟਾਂ ਮਾਰ-ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਦੇ ਵਲੰਟੀਅਰਾਂ ਨੇ ਮੌਕੇ ਤੋਂ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਬਲਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਲਜੀਤ ਸਿੰਘ ਦੇ ਘਰ ਬੀਤੀ ਰਾਤ ਉਸ ਦਾ ਭਾਣਜਾ ਮੇਵਾ ਸਿੰਘ ਆਇਆ ਅਤੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਬੈਠ ਗਿਆ। ਜਿਸ ਦਾ ਮਾਮੇ ਨੇ ਬੁਰਾ ਮਨਾਉਂਦਿਆਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਤੈਸ਼ ਵਿਚ ਆਏ ਮੇਵਾ ਸਿੰਘ ਨੇ ਆਪਣੇ ਮਾਮੇ ਬਲਜੀਤ ਸਿੰਘ ਦੇ ਸਿਰ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬਲਜੀਤ ਦੋਵੇਂ ਪੈਰਾਂ ਤੋਂ ਅਪਾਹਜ ਹੋਣ ਕਰਕੇ ਭੱਜ ਨਾ ਸਕਿਆ ਤੇ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਗੁਆਂਢੀ ਤੇ ਹੋਰ ਲੋਕ ਵੀ ਮੌਕੇ 'ਤੇ ਪੁੱਜ ਗਏ। ਜਿੰਨ੍ਹਾਂ ਨੇ ਕਥਿੱਤ ਦੋਸ਼ੀ ਮੇਵਾ ਸਿੰਘ ਨੂੰ ਕਾਬੂ ਕਰ ਕੇ ਮਾਮਲੇ ਦੀ ਸੂਚਨਾ ਪੁਲਿਸ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਦੇ ਵਲੰਟੀਅਰਾਂ ਨੂੰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਨੇ ਮੇਵਾ ਸਿੰਘ ਨੂੰ ਕਾਬੂ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਫਾਰੂਖਾਬਾਦ (ਯੂ.ਪੀ.),-ਮੁਸਲਿਮ ਰਾਖਵੇਂਕਰਨ ਦੇ ਸਵਾਲ 'ਤੇ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਤੋਂ ਬਾਅਦ ਹੁਣ ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਯਾਦਵ ਵਰਮਾ ਨੇ ਮੁਸਲਮਾਨਾਂ ਨੂੰ ਵਧੇਰੇ ਰਾਖਵਾਂਕਰਨ ਦੀ ਗੱਲ ਆਖ ਕੇ ਚੋਣ ਕਮਿਸ਼ਨ ਨਾਲ ਨਵਾਂ ਪੰਗਾ ਸਹੇੜ ਲਿਆ ਹੈ। ਇਥੇ ਕਮੀਮਗੰਜ ਵਿਚ ਇਕ ਰੈਲੀ ਦੌਰਾਨ ਬੇਨੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ। ਇਸ ਰੈਲੀ ਵਿਚ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵੀ ਮੌਜੂਦ ਸਨ। ਬੇਨੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾੰਂ ਘੱਟ ਗਿਣਤੀਆਂ ਦਾ ਰਾਖਵਾਂਕਰਨ ਵਧਾਇਆ ਜਾਵੇਗਾ। ਮੁਸਲਮਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਿਆ। ਯੂ.ਪੀ. ਵਿਚ ਸੱਤਾ ਧਿਰ ਨੇ ਮੁਸਲਮਾਨਾਂ ਲਈ ਕੋਈ ਕੰਮ ਨਹੀਂ ਕੀਤਾ। ਬੇਨੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਚੋਣ ਕਮਿਸ਼ਨ ਉਨ੍ਹਾਂ ਖਿਲਾਫ਼ ਕਾਰਵਾਈ ਕਰਦਾ ਹੈ, ਤਾਂ ਵੀ ਉਹ ਆਪਣੇ ਸਟੈਂਡ ਤੋਂ ਪਿਛੇ ਨਹੀਂ ਹੋਣਗੇ। ਦੂਜੇ ਪਾਸੇ ਚੋਣ ਕਮਿਸ਼ਨ ਨੇ ਬੇਨੀ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ। ਚੋਣ ਕਮਿਸ਼ਨ ਵੱਲੋਂ ਬੇਨੀ ਦੇ ਭਾਸ਼ਨ ਦੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।

No comments:

Post a Comment