Friday, 17 February 2012

ਪੰਜਾਬ ਦੀਆਂ 69 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇ ਮਤੇ ਕੀਤੇ ਪਾਸ
ਸੰਗਰੂਰ. -ਪੰਜਾਬ ਦੀਆਂ 69 ਪੰਚਾਇਤਾਂ ਨੇ ਆਪੋ-ਆਪਣੇ ਪਿੰਡਾਂ ਵਿਚ ਨਵੇਂ ਸਾਲ ਤੋਂ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇ ਮਤੇ ਪਾ ਰੱਖੇ ਹਨ। ਸਭ ਤੋਂ ਵੱਧ 50 ਪੰਚਾਇਤਾਂ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਹਨ। ਜ਼ਿਲ੍ਹਾ ਪਟਿਆਲਾ ਦੀਆਂ 10, ਜ਼ਿਲ੍ਹਾ ਮੋਗਾ ਦੀਆਂ 3, ਜ਼ਿਲ੍ਹਾ ਮਾਨਸਾ ਦੀਆਂ 2, ਜ਼ਿਲ੍ਹਾ ਬਰਨਾਲਾ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਦੀ1-1 ਪੰਚਾਇਤ ਨੇ ਨਿਰਧਾਰਤ ਸਮੇਂ ਇਕ ਅਪ੍ਰੈਲ 2011 ਤੋਂ 30 ਸਤੰਬਰ 2011 ਤੱਕ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇਣ ਲਈ ਮਤੇ ਪਾ ਰੱਖੇ ਹਨ। 'ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ', 'ਪੀਪਲ ਫਾਰ ਟਰਾਂਸਪੇਰੈਂਸੀ' ਅਤੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਵੱਲੋਂ ਵਿੱਢੀ ਮੁਹਿੰਮ ਤਹਿਤ ਇਹ ਜਾਗਰੂਕਤਾ ਹੌਲੀ-ਹੌਲੀ ਆਪਣੇ ਨਿਸ਼ਾਨੇ ਵੱਲ ਵੱਧ ਰਹੀ ਹੈ।
ਸੂਚਨਾ ਅਧਿਕਾਰ ਐਕਟ ਵਰਕਰ ਪ੍ਰਿੰ. ਸ਼ਾਮ ਲਾਲ ਸਿੰਗਲਾ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਅਧੀਨ ਪੰਚਾਇਤਾਂ ਜੇ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦੇਣਾ ਚਾਹੁੰਦੀਆਂ ਹੋਣ ਤਾਂ ਉਸ ਵਰ੍ਹੇ ਇਕ ਅਪ੍ਰੈਲ ਤੋਂ 30 ਸਤੰਬਰ ਦੇ ਦਰਮਿਆਨ ਸਰਬਸੰਮਤੀ ਨਾਲ ਮਤਾ ਪਾਸ ਕਰ ਸਕਦੀਆਂ ਹਨ। ਫੋਰਮ ਦੇ ਪ੍ਰਧਾਨ ਡਾ. ਏ. ਐੱਸ. ਮਾਨ ਨੇ ਦੱਸਿਆ ਕਿ ਪਿਛਲੇ ਸਾਲ 32 ਪਿੰਡਾਂ ਵਿਚ ਸ਼ਰਾਬ ਦੇ ਠੇਕੇ ਬੰਦ ਹੋਏ ਅਤੇ 10 ਪਿੰਡਾਂ ਵਿਚੋਂ ਠੇਕੇ ਬਾਹਰ ਕੱਢੇ ਗਏ। ਉਨ੍ਹਾਂ ਕਿਹਾ ਕਿ ਜਿਸ ਪਿੰਡ ਵਿਚੋਂ ਥੋੜ੍ਹੀ ਜਿਹੀ ਵੀ ਨਜਾਇਜ਼ ਸ਼ਰਾਬ ਫੜ੍ਹੀ ਜਾਂਦੀ ਹੈ ਉਸ ਪਿੰਡ ਦਾ ਠੇਕਾ ਬੰਦ ਨਹੀਂ ਕਰਵਾਇਆ ਜਾ ਸਕਦਾ। ਸ੍ਰੀ ਮੋਹਨ ਸ਼ਰਮਾ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਨੇ ਦੱਸਿਆ ਕਿ ਪਿਛਲੀ ਵਿਧਾਨ ਸਭਾ ਵਿਚ ਇਸ ਸੰਬੰਧੀ ਇਹ ਧਾਰਾ ਖ਼ਤਮ ਕਰਵਾਉਣ ਲਈ ਕਾਂਗਰਸੀ ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਇਹ ਪ੍ਰਸ਼ਨ ਉਠਾਇਆ ਸੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਵਿਧਾਨ ਸਭਾ ਵਿਚ ਇਹ ਮਤਾ ਪਾਸ ਹੋ ਜਾਵੇਗਾ। ਇਸ ਮੁਹਿੰਮ ਨੂੰ ਸ੍ਰੀ ਕਮਲ ਆਨੰਦ ਐਡਵੋਕੇਟ, ਸ੍ਰੀ ਰਾਜਿੰਦਰਜੀਤ ਸਿੰਘ ਕਾਲਾਬੂਲਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸ੍ਰੀ ਬ੍ਰਿਜ ਲਾਲ ਸ਼ਰਮਾ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿਚ ਸਰਗਰਮ ਕਰਨ ਲਈ ਯਤਨ ਜਾਰੀ ਹਨ।

ਮੁਕਤਸਰ ਦੀ ਰਾਜਬੀਰ ਕੌਰ ਕੈਂਥ 'ਜ਼ੀ ਪੰਜਾਬੀ' ਲਈ ਚੁਣੀ ਗਈ
ਸ੍ਰੀ ਮੁਕਤਸਰ ਸਾਹਿਬ,- ਲੋਕ ਗਾਇਕ ਇੰਦਰਜੀਤ ਮੁਕਤਸਰੀ ਦੀ ਬੇਟੀ ਰਾਜਬੀਰ ਕੌਰ ਕੈਂਥ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱੈਮ. ਫਿਲ (ਵੋਕਲ ਮਿਊਜ਼ਿਕ) ਕਰ ਰਹੀ ਹੈ, 'ਜ਼ੀ ਪੰਜਾਬੀ' ਚੈਨਲ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਵਰਾਇਟੀ ਪ੍ਰੋਗਰਾਮ ਸਾ. ਰੇ. ਗਾ. ਮਾ. ਪਾ. ਲਈ ਚੁਣੀ ਗਈ ਹੈ। ਚੈਨਲ ਵੱਲੋਂ ਪਟਿਆਲਾ ਵਿਖੇ ਉਕਤ ਪ੍ਰੋਗਰਾਮ ਦੇ ਅਡੀਸ਼ੀਨ ਲਏ ਗਏ ਸਨ, ਜਿਸ ਵਿਚ 150 ਗਾਇਕਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਪਹਿਲਾ 30 ਗਾਇਕ ਚੁਣੇ ਗਏ ਅਤੇ ਬਾਅਦ ਵਿਚ ਇਨ੍ਹਾਂ 30 ਵਿਚੋਂ 4 ਗਾਇਕ ਚੁਣੇ ਗਏ। ਜ਼ਿਕਰਯੋਗ ਹੈ ਕਿ ਰਾਜਬੀਰ ਕੌਰ ਇਕੋ-ਇਕ ਲੜਕੀ ਚੁਣੀ ਗਈ ਹੈ ਤੇ ਬਾਕੀ ਤਿੰਨੇ ਲੜਕੇ ਹਨ। ਗਾਇਕ ਇੰਦਰਜੀਤ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਇਸ ਤੋਂ ਪਹਿਲਾਂ ਪੀ.ਟੀ.ਸੀ. ਚੈਨਲ ਦੇ ਪ੍ਰੋਗਰਾਮ ਵਾਈਸ ਆਫ਼ ਪੰਜਾਬ ਵਿਚ ਵੀ ਹਿੱਸਾ ਲਿਆ ਸੀ ਅਤੇ ਦੂਰਦਰਸ਼ਨ ਜਲੰਧਰ ਸਮੇਤ ਵੱਖ-ਵੱਖ ਹੋਰ ਪੰਜਾਬੀ ਚੈਨਲਾਂ 'ਤੇ ਵੀ ਆਪਣੀ ਕਲਾਂ ਦੇ ਜੌਹਰ ਵਿਖਾ ਚੁੱਕੀ ਹੈ।

ਸਕੂਲ 'ਚ ਲੜਾਈ ਦੌਰਾਨ ਚੱਲੀ ਗੋਲੀ ਕਾਰਨ 4 ਵਿਦਿਆਰਥੀ ਜ਼ਖ਼ਮੀ

ਮਜੀਠਾ.-ਇਥੋਂ ਥੋੜੀ ਦੂਰ ਪੈਂਦੇ ਪਿੰਡ ਭੰਗਾਲੀ ਕਲਾਂ ਦੇ ਸੀਨੀਅਰ ਸਕੈਂਡਰੀ ਸਕੂਲ ਵਿਖੇ ਵਿਦਿਆਰਥੀਆਂ ਦੀ ਆਪਸੀ ਲੜਾਈ ਦੌਰਨ ਇੱਕ ਧੜੇ ਵੱਲੋਂ ਚਲਾਈ ਗੋਲੀ ਕਾਰਨ ਚਾਰ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੰਗਾਲੀ ਕਲਾਂ ਵਿਖੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਸਕੂਲ ਦੇ ਕੰਪਲੈਕਸ ਅੰਦਰ ਇਸੇ ਸਕੂਲ ਦੇ ਵਿਦਿਆਰਥੀਆਂ ਦੀ ਆਪਸੀ ਰੰਜਿਸ਼ ਕਾਰਨ ਇੱਕ ਧੜੇ ਵੱਲੋਂ ਪਿਸਤੌਲ ਨਾਲ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਚਾਰ ਵਿਦਿਆਰਥੀ ਜ਼ਖ਼ਮੀ ਹੋ ਗਏ। ਇਸ ਮੌਕੇ 'ਤੇ ਪੀੜਤ ਸ਼ਹਿਬਾਜ ਸਿੰਘ ਮਰੜ੍ਹੀ ਕਲਾਂ ਤੇ ਗੁਰਵਿੰਦਰ ਸਿੰਘ ਨੇ ਮਜੀਠਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਕੂਲ ਦੇ ਹੀ ਵਿਦਿਆਰਥੀ ਨਵਦੀਪ ਸਿੰਘ ਤੇ ਸਾਜਨ ਸਿੱਧੂ ਨੇ ਪਿਸਤੌਲ ਨਾਲ ਉਨ੍ਹਾਂ ਉਪਰ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਦੇ ਸਮੱਰਥਕ ਅਕਾਸ਼ਦੀਪ ਸਿੰਘ, ਕਾਕਾ, ਮਨਪ੍ਰੀਤ ਸਿੰਘ, ਡੁੱਬੀ, ਸੁੱਖ ਤੇ ਹੋਰ ਅਣਪਛਾਤੇ ਲੜਕਿਆਂ, ਜਿਨ੍ਹਾਂ ਕੋਲ ਹਾਕੀਆਂ ਤੇ ਬੇਸਬਾਲ ਸਨ ਨੇ ਵੀ ਹਮਲਾ ਕਰ ਦਿੱਤਾ। ਇਸੇ ਦੌਰਾਨ ਦੋ ਵਿਦਿਆਰਥੀ ਜੋ ਪੌੜੀਆਂ ਤੋਂ ਉਤਰ ਰਹੇ ਸਨ ਤਾਂ ਉਹ ਵੀ ਗੋਲੀਆਂ ਦੇ ਛਰਿਆਂ ਦੇ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਸਕੂਲ ਵਿੱਚੋਂ ਭੱਜਣ ਵਿੱਚ ਸਫਲ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੀੜਤ ਵਿਦਿਆਰਥੀਆਂ ਦੇ ਵਾਰਿਸ ਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਜ਼ਖ਼ਮੀਂ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਮਜੀਠਾ ਵਿੱਖੇ ਦਾਖ਼ਲ ਕਰਵਾ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਪ੍ਰਿਸੀਪਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਅਜੇ ਸਕੂਲ ਵਿੱਚ ਨਹੀਂ ਹਨ ਅਤੇ ਹੋਰ ਸੀਨੀਅਰ ਅਧਿਆਪਕ ਨੂੰ ਜਦੋਂ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਮਿਲਿਆ। 

ਪੈਟਰੋਲ ਪੰਪ ਲੁੱਟਣ ਵਾਲਾ ਲੁਟੇਰਾ ਗਿਰੋਹ ਕਾਬੂ

ਫ਼ਿਰੋਜ਼ਪੁਰ- ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅੰਤਰਰਾਜ਼ੀ ਲੁਟੇਰਾ ਗਿਰੋਹ ਨੂੰ ਸੀਨੀਅਰ ਪੁਲਿਸ ਕਪਤਾਨ ਹਰਦਿਆਲ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਫ਼ਿਰੋਜ਼ਪੁਰ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਪ੍ਰੈਸ ਕਾਨਫਰੰਸ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਸੀ. ਆਈ. ਸਟਾਫ਼ ਦੇ ਇੰਚਾਰਜ ਕਿੱਕਰ ਸਿੰਘ ਸਬ ਇੰਸਪੈਕਟਰ ਨੇ ਪੁਲਿਸ ਪਾਰਟੀ ਸਮੇਤ ਗੁਰੂਹਸਹਾਏ-ਫਰੀਦਕੋਟ ਰੋਡ 'ਤੇ ਬੇਅਬਾਦ ਪਏ ਇਕ ਸ਼ੈਲਰ ਵਿਚ ਛਾਪਾ ਮਾਰਿਆ ਤਾਂ 4 ਮੁਲਜ਼ਮ ਕਾਬੂ ਆ ਗਏ ਅਤੇ 2 ਹੋਰ ਭੱਜਣ ਵਿਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਪਾਸੋਂ 1 ਰਿਵਾਲਰ .32 ਬੋਰ ਦੇਸੀ ਸਮੇਤ 2 ਰੌਂਦ, ਦੋ ਕਿਰਪਾਨਾਂ, ਇਕ ਕਾਪਾ, ਇਕ ਮੋਬਾਇਲ ਫੋਨ, ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਲੁੱਟੀ ਗਈ ਰਕਮ ਵਿਚੋਂ 50 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ। ਉਕਤ ਗਿਰੋਹ ਦਾ ਆਗੂ ਜੱਜ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੁੰਡੀ ਚੋਲੀਆਂ, ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਹੈ।
ਪੁਲਿਸ ਨੇ ਫੜ੍ਹੇ ਗਏ ਮੁਲਜ਼ਮ ਜੱਜ ਸਿੰਘ ਪੁੱਤਰ ਕਸ਼ਮੀਰ ਸਿੰਘ, ਕੁਲਦੀਪ ਸਿੰਘ ਉਰਫ਼ ਬੱਬੂ ਪੁੱਤਰ ਸੁਰਿੰਦਰ ਸਿੰਘ ਵਾਸੀ ਮੁੰਡੀ ਚੋਲੀਆਂ, ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ, ਹਰਪ੍ਰੀਤ ਸਿੰਘ ਉਰਫ਼ ਹਰੀ ਪੁੱਤਰ ਮਨਜੀਤ ਸਿੰਘ, ਲਖਵਿੰਦਰ ਸਿੰਘ ਉਰਫ਼ ਸ਼ੌਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਗੱਟਾ ਮੁੰਡੀ ਕਾਸੂ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਭੱਜਣ 'ਚ ਸਫ਼ਲ ਰਹੇ ਦਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਾਲੂ ਮੁੰਡੀ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ, ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਭਾਣੂ ਲੰਗੀਆਂ ਜ਼ਿਲ੍ਹਾ ਕਪੂਰਥਲਾ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਮੌਕੇ ਸੁਲੱਖਣ ਸਿੰਘ ਉਪ ਪੁਲਿਸ ਕਪਤਾਨ ਡੀ, ਜਗਜੀਤ ਸਿੰਘ ਸਰੋਆ ਡੀ. ਐੱਸ. ਪੀ., ਹਰਦੇਵ ਸਿੰਘ ਡੀ. ਐੱਸ. ਪੀ. ਅਤੇ ਕਿੱਕਰ ਸਿੰਘ ਐੱਸ. ਐੱਚ. ਓ. ਸੀ. ਆਈ. ਸਟਾਫ਼, ਜਸਵੰਤ ਸਿੰਘ ਐੱਸ. ਐੱਚ. ਓ. ਸਿਟੀ ਆਦਿ ਹਾਜ਼ਰ ਸਨ।


ਪਾਕਿਸਤਾਨ ਤੋਂ ਆਈ ਔਰਤ ਪਿਸਤੌਲ ਸਮੇਤ ਕਾਬੂ
ਅਟਾਰੀ, -ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਭਾਰਤ ਪਹੁੰਚੀ ਇਕ ਔਰਤ ਕੋਲੋਂ ਕਸਟਮ ਅਧਿਕਾਰੀਆਂ ਨੇ ਜਾਂਚ ਦੌਰਾਨ ਇਕ ਪਿਸਤੌਲ, ਦੋ ਮੈਗਜੀਨ ਅਤੇ 10 ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਜਿਵੇਂ ਹੀ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਪਹੁੰਚੀ ਤਾਂ ਭਾਰਤੀ ਕਸਟਮ ਅਧਿਕਾਰੀਆਂ ਵੱਲੋਂ ਯਾਤਰੂਆਂ ਦੇ ਸਾਮਾਨ ਦੀ ਜਾਂਚ ਦੌਰਾਨ ਇਕ ਔਰਤ ਵੱਲੋਂ ਲੁਕਾ ਕੇ ਰੱਖਿਆ ਚੀਨੀ ਮਾਰਕਾ ਪਿਸਤੌਲ, ਉਸ ਦੇ ਦੋ ਮੈਗਜੀਨ ਤੇ 10 ਕਾਰਤੂਸ ਬਰਾਮਦ ਕੀਤੇ। ਇਸ ਔਰਤ ਦੀ ਪਛਾਣ ਬੇਗਮ ਹਸੀਨਾ ਬਾਨੋ (60) ਵਾਸੀ ਜੇ. ਪੀ. ਨਗਰ, ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ। ਇਹ ਔਰਤ ਮਹੀਨਾਂ ਪਹਿਲਾਂ ਹੀ ਲਹੌਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ। 

ਫ਼ਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ
ਰੌਕੀ ਜ਼ਮਾਨਤ 'ਤੇ ਰਿਹਾਅ


ਫ਼ਾਜ਼ਿਲਕਾ- ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਵਾਲੇ ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਰੌਕੀ 'ਤੇ ਉਸ ਦੇ ਇੱਕ ਸਮਰਥੱਕ ਨੂੰ ਸਥਾਨਿਕ ਮਾਣਯੋਗ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਚੋਣਾਂ ਦੌਰਾਨ 24 ਜਨਵਰੀ ਨੂੰ ਥਾਣਾ ਸਦਰ ਪੁਲਿਸ ਨੇ ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਰੌਕੀ 'ਤੇ ਉਨ੍ਹਾਂ ਦੇ ਸਮਰਥਕਾਂ ਮਨੋਹਰ ਸਿੰਘ ਮੂਜੈਦੀਆ, ਨਿਤਿਨ ਕੰਬੋਜ ਤੇ ਅਨੁਰਾਗ ਕੰਬੋਜ ਦੇ ਖ਼ਿਲਾਫ਼ ਲੈੱਡ ਮਾਰਟਗੇਜ ਬੈਂਕ ਦੇ ਚੇਅਰਮੈਨ ਰਜਿੰਦਰ ਸਿੰਘ ਦੇ ਬਿਆਨਾਂ 'ਤੇ ਅਗਵਾ ਕਰਨ 'ਤੇ ਧਮਕੀਆਂ ਦੇਣ ਦਾ ਮੁਕੱਦਮਾ ਦਰਜ ਕੀਤਾ ਸੀ। ਫ਼ਾਜ਼ਿਲਕਾ ਸਦਰ ਪੁਲਿਸ ਨੇ 9 ਫਰਵਰੀ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਅਦਾਲਤ ਨੇ ਉਨ੍ਹਾਂ ਨੂੰ 25 ਫਰਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਰੌਕੀ ਅਤੇ ਉਸ ਦੇ ਸਮਰਥਕ ਮਨੋਹਰ ਸਿੰਘ ਮੂਜੈਦੀਆਂ ਨੂੰ ਅਦਾਲਤ ਨੇ ਅੱਜ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਪੰਜਾਬ ਤੋਂ ਕੈਂਸਰ ਦੇ ਮਰੀਜ਼ ਇਲਾਜ ਲਈ ਜਾਂਦੇ ਨੇ ਰਾਜਸਥਾਨ

ਮੋਗਾ-ਸਮੁੱਚੇ ਭਾਰਤ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਲੋਕ ਕੈਂਸਰ ਦੇ ਇਲਾਜ਼ ਲਈ ਬੀਕਾਨੇਰ, ਰਾਜਸਥਾਨ ਨੂੰ ਜਾ ਰਹੇ ਹਨ। ਪੰਜਾਬ ਨੂੰ ਕੈਲੇਫੋਰਨੀਆ ਜਾਂ ਪੈਰਿਸ ਬਣਾਉਣ ਦੇ ਦਾਅਵੇ ਵਾਰ ਵਾਰ ਦਮ ਤੋੜ ਜਾਂਦੇ ਰਹੇ। ਜਿਸ ਕਾਰਨ ਪੰਜਾਬ ਦੇ ਲੋਕ ਹੁਣ ਰਾਜਸਥਾਨ ਵਿਚ ਜ਼ਿੰਦਗੀ ਲੱਭਣ ਜਾਂਦੇ ਹਨ। ਇਹ ਪ੍ਰਗਟਾਵਾ ਕੈਂਸਰ ਦੇ ਮੁਕੰਮਲ ਖਾਤਮੇ ਲਈ ਜੂਝ ਰਹੀ ਸੰਸਥਾ ਕੈਂਸਰ ਰੋਕੋ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ 'ਅਜੀਤ' ਨਾਲ ਇਕ ਵਿਸ਼ੇਸ਼ ਭੇਟ ਦੌਰਾਨ ਕੀਤਾ। ਧਾਲੀਵਾਲ ਬੀਤੇ ਦਿਨੀਂ ਪੰਜਾਬ ਦੌਰੇ 'ਤੇ ਆਏ ਸਨ ਤੇ ਉਨ੍ਹਾਂ ਬਠਿੰਡਾ-ਬੀਕਾਨੇਰ ਜਾਣ ਵਾਲੀ ਰੇਲ ਗੱਡੀ ਦੇ ਯਾਤਰੂਆਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਕਿ ਕਿਹੜੀ ਵਜ੍ਹਾ ਹੈ ਕਿ ਲੋਕ ਰਾਜਸਥਾਨ ਦੇ ਬੀਕਾਨੇਰ ਸਥਿਤ ਚੈਰੀਟੇਬਲ ਕੈਂਸਰ ਹਸਪਤਾਲ ਦੀ ਪਨਾਹ ਵਿਚ ਜਾਣਾ ਬਿਹਤਰ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਦਾ ਹਾਲ ਇੰਨਾ ਦੁਖਦਾਈ ਸੀ ਕਿ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਮੂੰਹ ਵਿਚੋਂ ਕੱਢਣ ਦੀ ਲਾਲਸਾ ਨਾਲ ਕੜਾਕੇ ਦੀ ਠੰਢ ਵਿਚ ਬੈਠੇ ਰੇਲ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕੈਂਸਰ ਪੀੜਤਾਂ ਪ੍ਰਤੀ ਗੰਭੀਰ ਨਹੀਂ। 


ਫੈਡਰੇਸ਼ਨ ਨਸ਼ਿਆਂ ਖ਼ਿਲਾਫ਼ ਰਾਜ ਭਰ 'ਚ ਕੈਂਪ ਲਾਏਗੀ

ਅੰਮ੍ਰਿਤਸਰ-ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਵੱਲੋਂ ਰਾਜ ਭਰ 'ਚ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਜਾਗਰੂਕ ਕਰਨ ਲਈ ਕੈਂਪ ਲਾਏ ਜਾ ਰਹੇ ਹਨ। ਇਸ ਲਈ ਸਾਰੇ ਜਿਲ੍ਹਿਆਂ 'ਚੋਂ ਨੌਜਵਾਨਾ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਤੇ ਜਿਲ੍ਹਾ ਪ੍ਰਧਾਨ ਸ: ਅਮਰਬੀਰ ਸਿੰਘ ਢੋਟ ਨੇ ਜਿਲ੍ਹਾ ਇਕਾਈ ਦੇ ਢਾਂਚੇ ਦਾ ਪੁਨਰਗਠਨ ਕਰਨ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਦੋ ਸੌ ਤਰਤਾਲੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਮੌਕੇ ਪ੍ਰਸਿੱਧ ਸਿੱਖ ਸਖਸ਼ੀਅਤਾਂ, ਜਿਨ੍ਹਾਂ 'ਚ ਸਰਪ੍ਰਸਤ ਤੇ ਕਾਰਜਕਾਰੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ: ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਸ: ਮਨਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਸ: ਉਪਕਾਰ ਸਿੰਘ ਸੰਧੂ ਪ੍ਰਧਾਨ ਜਿਲ੍ਹਾ ਅਕਾਲੀ ਜੱਥਾ ਸ਼ਹਿਰੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਫੈਡਰੇਸ਼ਨ ਵੱਲੋਂ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਪੁੱਜੇ ਹੋਰ ਅਹੁਦੇਦਾਰਾਂ 'ਚ ਸੀਨੀ: ਮੀਤ ਪ੍ਰਧਾਨ ਜਗਜੀਤ ਸਿੰਘ ਖ਼ਾਲਸਾ, ਚਰਨਜੀਤ ਸਿੰਘ ਧਾਰੀਵਾਲ, ਭੁਪਿੰਦਰ ਸਿੰਘ ਮਾਹਲ, ਜਸਵਿੰਦਰ ਪਾਲ ਸਿੰਘ, ਰਾਜਪਾਲ ਸਿੰਘ ਰਾਜੋਕੇ, ਬਲਜੀਤ ਸਿੰਘ ਸੰਧੂ, ਸ: ਕੁਲਵਿੰਦਰ ਸਿੰਘ ਢੋਟ, ਬਲਵਿੰਦਰ ਸਿੰਘ ਕੰਬੋਜ ਆਦਿ ਆਗੂ ਹਾਜਰ ਸਨ।

ਪੀ. ਐੱਚ. ਡੀ. ਕਰਨ ਦੌਰਾਨ ਗਹਿਰੇ
ਮਾਨਸਿਕ ਜ਼ਖ਼ਮ ਝੱਲਦੇ ਹਨ ਵਿਦਿਆਰਥੀ
ਚੰਡੀਗੜ੍ਹ,-ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਸਕੂਲ ਮਾਸਟਰਾਂ ਵੱਲੋਂ ਵਿਦਿਆਰਥੀਆਂ ਤੋਂ ਨਿੱਕੇ ਮੋਟੇ ਕੰਮ ਕਰਾਉਣ ਦੇ ਲਤੀਫੇ ਸੁਣੇ-ਸੁਣਾਏ ਜਾਂਦੇ ਸਨ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਬਿਲਕੁਲ ਅਜਿਹਾ ਹੀ ਰੁਝਾਨ ਖੋਜ ਕਾਰਜਾਂ ਦਾ ਦਾ ਗੜ੍ਹ ਮੰਨੀਆਂ ਜਾਂਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਵੀ ਭਾਰੂ ਹੋ ਜਾਵੇਗਾ। ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸਾਇੰਸ, ਕਲਾ ਅਤੇ ਭਾਸ਼ਾ ਵਿਸ਼ਿਆਂ ਵਿਚ ਮਾਸਟਰ ਡਿਗਰੀਆਂ ਕਰਨ ਮਗਰੋਂ ਪ੍ਰੋਫੈਸਰ ਜਾਂ ਡਾਕਟਰ ਬਣਨ ਦਾ ਸੁਪਨਾ ਵੇਖਣ ਵਾਲੇ ਕਈ ਵਿਦਿਆਰਥੀ ਜਦੋਂ ਪੀ. ਐੱਚ. ਡੀ. ਆਰੰਭ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝ ਆਉਂਦਾ ਹੈ ਕਿ ਸਿੱਖਿਆ ਦੇ ਇਸ ਪੱਧਰ ਤੇ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਅਜਿਹਾ ਨਹੀਂ, ਜੋ ਉਨ੍ਹਾਂ ਸਕੂਲ ਸਿੱਖਿਆ ਦੌਰਾਨ ਪੜ੍ਹਿਆ ਸੀ। ਇਸ ਰੁਝਾਨ ਬਾਰੇ ਜਦੋਂ ਵੱਖ ਵੱਖ ਯੂਨੀਵਰਸਿਟੀਆਂ ਦੇ ਕੁੱਝ ਸੀਨੀਅਰ ਪ੍ਰੋਫੈਸਰਾਂ, ਸੈਨੇਟ ਮੈਂਬਰਾਂ ਅਤੇ ਪੀ. ਐੱਚ. ਡੀ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀ. ਐੱਚ. ਡੀ. ਕਰਾਉਣ ਵਾਲੇ ਕੁੱਝ ਪ੍ਰੋਫੈਸਰਾਂ ਵੱਲੋਂ 5 ਸਾਲ ਨਾ ਸਿਰਫ ਵਿਦਿਆਰਥੀਆਂ ਤੋਂ ਆਪਣੇ ਘਰੇਲੂ ਕੰਮ ਕਰਾਏ ਜਾਂਦੇ ਹਨ ਬਲਕਿ ਜੇ ਇਹ ਪ੍ਰੋਫੈਸਰ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਤਾਂ ਵਿਦਿਆਰਥੀਆਂ ਨੂੰ ਰਾਜਸੀ ਬੈਠਕਾਂ ਵਿਚ ਚਾਹ ਪਾਣੀ ਪਿਲਾਉਣ ਤੋਂ ਇਲਾਵਾ ਰੈਲੀਆਂ ਵਿਚ ਹਾਜ਼ਰੀ ਵੀ ਲਵਾਉਣੀ ਪੈਂਦੀ ਹੈ ਅਤੇ ਜੇ ਵਿਦਿਆਰਥੀ ਤੰਗ ਆ ਕੇ ਕਿਸੇ ਕੰਮ ਤੋਂ ਨਾਂਹ ਕਰ ਦੇਵੇ ਤਾਂ ਪ੍ਰੋਫੈਸਰ, ਵਿਦਿਆਰਥੀ ਦੀ ਪੀ. ਐੱਚ. ਡੀ. ਪੂਰੀ ਨਹੀਂ ਹੋਣ ਦਿੰਦਾ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਪੀ. ਐੱਚ. ਡੀ. ਕਰਾਉਣ ਵਾਲੇ ਕੁੱਝ ਪ੍ਰੋਫੈਸਰ ਅਜਿਹੇ ਵੀ ਹਨ ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਤੰਗ ਕਰਨ ਲਈ ਉਨ੍ਹਾਂ ਦੀ ਛਿਮਾਹੀ ਰਿਪੋਰਟ ਪੜ੍ਹੇ ਬਿਨਾਂ ਹੀ ਉਸ ਰਿਪੋਰਟ ਵਿਚ ਨੁਕਸ ਕੱਢ ਕੇ ਉਹ ਰਿਪੋਰਟ ਰੱਦ ਕਰ ਦਿੱਤੀ ਜਾਂਦੀ ਹੈ। ਚੇਤੇ ਰਹੇ ਕਿ ਪੀ. ਐੱਚ. ਡੀ. ਦੌਰਾਨ ਵਿਦਿਆਰਥੀ ਨੇ ਹਰ 6 ਮਹੀਨੇ ਬਾਅਦ ਆਪਣੇ ਗਾਈਡ ਪ੍ਰੋਫੈਸਰ ਨੂੰ 6 ਮਹੀਨਿਆਂ ਵਿਚ ਕੀਤੇ ਕੰਮ ਦੀ ਰਿਪੋਰਟ ਦੇਣੀ ਹੁੰਦੀ ਹੈ ਜਿਸ ਨੂੰ ਪ੍ਰਵਾਨ ਕਰਨਾ ਜਾਂ ਰੱਦ ਕਰਨਾ ਗਾਈਡ ਪ੍ਰੋਫੈਸਰ ਦੇ ਹੱਥ ਹੁੰਦਾ ਹੈ। ਪੰਜਾਬ ਯੂਨੀਵਰਸਿਟੀ ੰਚੰਡੀਗੜ੍ਹ ਦੇ ਸੈਨੇਟ ਮੈਂਬਰ ਡਾ. ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਦੱਸਿਆ ਕਿ ਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੀ. ਐੱਚ. ਡੀ. ਕਰਦੀ ਇਕ ਲੜਕੀ ਨੂੰ 8 ਸਾਲ ਹੋ ਗਏ ਹਨ ਪਰ ਉਸ ਦੀ ਪੀ. ਐੱਚ. ਡੀ. ਪੂਰੀ ਨਹੀਂ ਹੋਣ ਦਿੱਤੀ ਗਈ, ਲੜਕੀ ਦਾ ਪਿਤਾ ਕੈਂਸਰ ਦਾ ਮਰੀਜ਼ ਹੈ ਜੋ ਪੀ.ਜੀ.ਆਈ. ਹਸਪਤਾਲ ਵਿਚ ਦਾਖਲ ਹੈ ਜਿਸ ਦੀ ਕੀਮੋਥੈਰੇਪੀ ਹੁੰਦੀ ਹੈ। ਇਕ ਹੋਰ ਬਹੁਤ ਹੀ ਸੀਨੀਅਰ ਪ੍ਰੋਫੈਸਰ ਨੇ ਕਿਹਾ ਕਿ ਸਾਰੇ ਅਧਿਆਪਕ ਮਾੜੇ ਨਹੀਂ ਹੁੰਦੇ ਅਤੇ ਕਈ ਵਿਦਿਆਰਥੀ ਵੀ ਲਾਪ੍ਰਵਾਹੀਆਂ ਕਰਦੇ ਹਨ ਪਰ ਫਿਰ ਵੀ ਕੁੱਝ ਪ੍ਰੋਫੈਸਰ ਹਨ ਜਿਨ੍ਹਾਂ ਵੱਲੋਂ ਕਈ ਵਾਰ ਆਪਣੇ ਨਿੱਜੀ ਮਸਲਿਆਂ ਦੀ ਨਾਕਾਮੀ ਦਾ ਗੁੱਸਾ ਵਿਦਿਆਰਥੀਆਂ 'ਤੇ ਕੱਢ ਦਿੱਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਰੁਝਾਨਾਂ ਕਾਰਨ ਹੀ ਪੰਜਾਬ ਦੀ ਇਕ ਨਾਮੀ ਯੂਨੀਵਰਸਿਟੀ ਵਿਚ ਵਿਦਿਆਰਥੀ ਪੀ. ਐੱਚ. ਡੀ. ਤਾਂ ਇਕ ਪਾਸੇ ਰਹੀ, ਐੱਮ.ਫਿਲ ਤੋਂ ਵੀ ਤੌਬਾ ਕਰ ਗਏ ਅਤੇ ਖੋਜ ਕਾਰਜ ਵਿਚਾਲੇ ਹੀ ਛੱਡ ਗਏ। 

ਹਰਿਆਣਾ 'ਚ ਬੰਬ ਧਮਾਕੇ ਕਰਨ ਵਾਲੇ
ਗਿਰੋਹ ਦੇ 5 ਮੈਂਬਰ ਗ੍ਰਿਫਤਾਰ


ਪਟਿਆਲਾ-ਪਟਿਆਲਾ ਪੁਲਿਸ ਨੇ ਹਰਿਆਣਾ 'ਚ ਬੰਬ ਧਮਾਕਿਆਂ ਦੇ ਦੋਸ਼ੀ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਮਿਲਣੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਡੀ. ਪੀ. ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਰਾਜਪੁਰਾ ਐੱਸ. ਆਈ. ਕੁਲਜਿੰਦਰ ਸਿੰਘ ਗਰੇਵਾਲ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਚੱਠਾ ਨੇ ਸਾਗਰ ਉਰਫ ਆਜ਼ਾਦ ਉਰਫ ਸੁਰਿੰਦਰ ਕੁਮਾਰ ਉਰਫ ਜਤਿੰਦਰ, ਉਰਫ ਖੁਸ਼ੀ ਰਾਮ ਉਰਫ ਕਾਲਾ ਪੁੱਤਰ ਉਮੈਦ ਸਿੰਘ ਉਰਫ ਵੇਦ ਪ੍ਰਕਾਸ਼, ਸ਼ਾਮ ਨਿਵਾਸ ਪੁੱਤਰ ਹਰਦਿਆਲ ਸਿੰਘ ਵਾਸੀ ਛੋਟੂ ਰਾਮ ਕਾਲੋਨੀ ਉਚਾਣਾ ਮੰਡੀ ਜੀਂਦ, ਗੁਰਨਾਮ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਪਲਵਾ, ਪ੍ਰਵੀੇਨ ਸ਼ਰਮਾ ਪੁੱਤਰ ਸੱਜਣ ਸ਼ਰਮਾ ਵਾਸੀ ਉਦੈਪੁਰ, ਰਾਜੇਸ਼ ਕੁਮਾਰ ਪੁੱਤਰ ਸੰਮਤ ਸਿੰਘ ਵਾਸੀ ਕੁੰਵਾਰੀ ਜ਼ਿਲ੍ਹਾ ਹਿਸਾਰ ਸ਼ਾਮਿਲ ਹਨ। ਇਨ੍ਹਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 399, 420 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਗਿਰੋਹ ਦਾ ਮੁਖੀ ਸਾਗਰ ਹੈ ਜੋ ਕਿ ਆਜ਼ਾਦ ਸੰਗਠਨ ਦਾ ਮੁਖੀ ਵੀ ਹੈ। ਇਹ ਕਥਿਤ ਦੋਸ਼ੀ ਧਮਾਕਾ ਕਰਨ ਤੋਂ ਅਗਲੇ ਦਿਨ ਅਖ਼ਬਾਰਾਂ ਵਿਚ ਬੰਬ ਧਮਾਕੇ ਦੀ ਜ਼ਿੰਮੇਵਾਰੀ ਵੀ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਪੰਜੇ ਦੋਸ਼ੀ ਹਰਿਆਣਾ ਰਾਜ ਨਾਲ ਸਬੰਧ ਰੱਖਦੇ ਹਨ ਇਸ ਲਈ ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਹਰਿਆਣਾ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਵਿਚ ਐੱਸ. ਪੀ. (ਡੀ) ਸ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ. ਐੱਸ. ਪੀ. (ਐੱਚ) ਸ੍ਰੀ ਗੁਰਿੰਦਰਜੀਤ ਸਿੰਘ ਬੱਗੜ, ਇੰਸਪੈਕਟਰ ਸੁਖਵਿੰਦਰ ਸਿੰਘ ਚੌਹਾਨ ਏ. ਅੱੈਸ. ਆਈ. ਬਲਜਿੰਦਰ ਸਿੰਘ ਚੱਠਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ। 

ਮਾਰਚ 'ਚ ਪ੍ਰਾਪਰਟੀ ਬਾਜ਼ਾਰ ਵਿਚ ਤੇਜ਼ੀ ਆਉਣ ਦੀ ਸੰਭਾਵਨਾ
ਜਲੰਧਰ, -ਮਾਰਚ ਦੇ ਮਹੀਨੇ ਤੋਂ ਪੰਜਾਬ ਦੇ ਪ੍ਰਾਪਰਟੀ ਬਾਜ਼ਾਰ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਆਉਂਦੇ ਸਮੇਂ ਵਿਚ ਵੱਡੀਆਂ ਤੇ ਛੋਟੀਆਂ ਕੰਪਨੀਆਂ ਦੁਬਾਰਾ ਪੰਜਾਬ ਵੱਲ ਮੂੰਹ ਕਰ ਸਕਦੀਆਂ ਹਨ। ਇਸ ਵੇਲੇ ਜ਼ੀਰਕਪੁਰ, ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਨਿਵੇਸ਼ ਕਰਨ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਜਿਥੇ ਕਈ ਅਸਟੇਟ ਕੰਪਨੀਆਂ ਆਪਣੇ ਪ੍ਰਾਜੈਕਟ ਲੈ ਕੇ ਆ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਛੋਟੇ ਨਿਵੇਸ਼ਕਾਂ ਦੇ ਦੂਰ ਰਹਿਣ ਕਰ ਕੇ ਕੁੱਝ ਵੱਡੀਆਂ ਕੰਪਨੀਆਂ ਨੇ ਇਸ ਕਾਰੋਬਾਰ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਕਾਰੋਬਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਤਾਂ ਕਾਲੋਨੀਆਂ ਕੱਟਣ ਲਈ ਵਿਕਾਸ ਫ਼ੀਸ 3.50 ਲੱਖ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 35 ਲੱਖ ਰੁਪਏ ਕਰ ਦਿੱਤੀ ਗਈ ਸੀ ਤੇ ਵਪਾਰਕ ਵਿਕਾਸ ਫ਼ੀਸ 3.30 ਲੱਖ ਤੋਂ ਵਧਾ ਕੇ 3 ਕਰੋੜ ਰੁਪਏ ਕਰ ਦਿੱਤੀ ਗਈ ਸੀ। ਬਾਅਦ ਵਿਚ ਇਸ ਦੀ ਫ਼ੀਸ ਘਟਾ ਕੇ 20 ਲੱਖ ਤੇ 1.60 ਕਰੋੜ ਰੁਪਏ ਕਰ ਦਿੱਤੀ ਗਈ ਸੀ। ਫ਼ੀਸ ਵਧਣ ਨਾਲ ਹੀ ਜਿੱਥੇ ਛੋਟੇ ਕਾਰੋਬਾਰੀ ਬਾਹਰ ਹੋ ਗਏ ਤੇ ਦੂਸਰੇ ਪਾਸੇ ਕਈ ਵੱਡੀਆਂ ਕੰਪਨੀਆਂ ਪੰਜਾਬ ਵਿਚ ਆਈਆਂ ਸਨ ਪਰ ਉਨ੍ਹਾਂ ਦੇ ਪੈਕੇਜ ਵੀ ਆਮ ਨਿਵੇਸ਼ਕਾਂ ਨੂੰ ਪਸੰਦ ਨਹੀਂ ਆਏ ਜਿਸ ਕਰ ਕੇ ਪ੍ਰਾਪਰਟੀ ਬਾਜ਼ਾਰ ਉਨ੍ਹਾਂ ਲਈ ਕਾਮਯਾਬ ਸਾਬਤ ਨਹੀਂ ਹੋ ਸਕਿਆ ਸੀ। ਕਾਰੋਬਾਰੀ ਸੂਤਰ ਦੱਸਦੇ ਹਨ ਕਿ ਛੋਟੇ ਕਾਲੋਨਾਈਜਰ ਤਾਂ ਆਪਣੇ ਪਲਾਟ ਆਮ ਲੋਕਾਂ ਲਈ ਸਸਤੇ ਭਾਅ 'ਤੇ ਦੇ ਦਿੰਦੇ ਹਨ ਤੇ ਥੋੜ੍ਹੀ ਕਮਿਸ਼ਨ ਵਿਚ ਹੀ ਉਹ ਆਪਣੇ ਪਲਾਟ ਵੱਡੀ ਮਾਤਰਾ ਵਿਚ ਵੇਚ ਲੈਂਦੇ ਹਨ ਪਰ ਉਨ੍ਹਾਂ ਦੇ ਮੁਕਾਬਲੇ ਵੱਡੀਆਂ ਕੰਪਨੀਆਂ ਨੂੰ ਪਲਾਟਾਂ ਦੀ ਵਿਕਰੀ ਲਈ ਕਾਫ਼ੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਹੁਣ ਵੱਡੀਆਂ ਕੰਪਨੀਆਂ ਨੇ ਪੰਜਾਬ ਵਿਚ ਆਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਿਚ ਇੱਕ ਵੱਡੀ ਕੰਪਨੀ ਐਲਡੈਕੋ ਨੇ ਤਾਂ ਜਲੰਧਰ ਵਿਚ ਵੱਡਾ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਆਉਂਦੇ ਦਿਨਾਂ ਵਿਚ ਹੋਰ ਕੰਪਨੀਆਂ ਵੀ ਪੰਜਾਬ ਵਿਚ ਨਿਵੇਸ਼ ਕਰਨ ਲਈ ਆ ਰਹੀਆਂ ਹਨ। 

ਬੋਰਡ ਕੈਮਰੇ ਲਗਾਉਣ ਫ਼ੈਸਲਾ ਵਾਪਿਸ ਲਵੇ-ਰਾਸਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਐਫੀਲੀਏਟਿਡ ਸਕੂਲਾਂ ਦੀ ਜੱਥੇਬੰਦੀ (ਰਾਸਾ) ਦੇ ਪ੍ਰਧਾਨ ਡਾ: ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਇੱਕ ਵਫਦ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਦਲਬੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਸੀ. ਸੀ. ਟੀ. ਵੀ ਕੈਮਰੇ ਲਗਾਉਣ ਦਾ ਕੀਤਾ ਫ਼ੈਸਲਾ ਵਾਪਸ ਲਿਆ ਜਾਵੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ ਨੇ ਐਫੀਲੀਏਟਿਡ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿੱਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਦੇ ਫੈਸਲੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਪ੍ਰੀਖਿਆ ਲੈਣਾ ਸਿੱਖਿਆ ਬੋਰਡ ਦੀ ਡਿਊਟੀ ਹੈ ਇਸ ਲਈ ਪ੍ਰੀਖਿਆ ਲਈ ਕੀਤੇ ਜਾ ਰਹੇ ਪ੍ਰਬੰਧ ਉਹ ਖੁਦ ਕਰੇ। ਉਨ੍ਹਾਂ ਕਿਹਾ ਕਿ ਐਫੀਲੀਏਟਿਡ ਸਕੂਲ ਨਕਲ ਦੇ ਕੋਹੜ ਨੂੰ ਖਤਮ ਕਰਨ ਲਈ ਸਿੱਖਿਆ ਬੋਰਡ ਦੀ ਨੀਤੀ ਦੇ ਨਾਲ ਹਨ, ਪਰ ਸਕੂਲ ਆਪਣੀ ਪੱਧਰ 'ਤੇ ਕੈਮਰੇ ਲਗਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ 820 ਸਕੂਲਾਂ ਦੀ ਮਾਨਤਾ ਰੱਦ ਕਰਨ ਸਬੰਧੀ ਦਿੱਤੇ ਕਾਰਨ ਨੋਟਿਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਓਪਨ ਸਕੂਲ ਪ੍ਰਣਾਲੀ ਦੀ ਕੇਵਲ 6 ਵਿਸ਼ਿਆਂ ਦੀ ਪ੍ਰੀਖਿਆ ਲੈਣ ਦਾ ਫ਼ੈਸਲਾ ਹੋਇਆ ਸੀ ਪਰ ਅੱਜ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ, ਡੀ. ਆਰ ਪਠਾਣੀਆਂ, ਸ੍ਰੀ ਸੰਧੂ ਅਤੇ ਸ੍ਰੀ ਅਗਨੀਹੋਤਰੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।

ਬੱਚਿਆਂ ਨੂੰ ਦੁਨਿਆਵੀਂ ਵਿਦਿਆ ਦੇ ਨਾਲ ਧਾਰਮਿਕ
ਵਿਦਿਆ ਦੇਣੀ ਵੀ ਜ਼ਰੂਰੀ-ਬਾਬਾ ਗੁਰਚਰਨ ਸਿੰਘ

ਸਿੱਧਵਾਂ ਬੇਟ-ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਚੈਰੀਟੇਬਲ ਟਰੱਸਟ (ਨਾਨਕਸਰ ਕਲੇਰਾਂ) ਵੱਲੋਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਬਾਬਾ ਗੁਰਚਰਨ ਸਿੰਘ, ਬਾਬਾ ਸੇਵਾ ਸਿੰਘ ਤੇ ਬਾਬਾ ਬਲਜੀਤ ਸਿੰਘ ਨਾਨਕਸਰ ਪਾਂਤੜਾ ਦੀ ਸ੍ਰਪਰਸਤੀ ਹੇਠ ਅਤੇ ਏਕਜੋਤ ਨਿਰਵੈਰ ਕਲੱਬ ਸਲੇਮਪੁਰਾ ਤੇ ਬਾਬਾ ਨੰਦ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਕੀੜੀ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੇ ਵੱਖ-ਵੱਖ ਸਕੂਲਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਧਾਰਮਿਕ, ਵਿੱਦਿਅਕ ਮੁਕਾਬਲੇ ਕਰਵਾਏ ਗਏ ਤਾਂ ਜੋ ਉਨ੍ਹਾਂ ਨੂੰ ਸਿੱਖੀ ਸਿਧਾਤਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸ ਧਾਰਮਿਕ ਪ੍ਰਤੀਯੋਗਤਾ 'ਚ 285 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਨ੍ਹਾਂ ਬੱਚਿਆਂ ਨੂੰ ਬਾਬਾ ਈਸ਼ਰ ਸਿੰਘ ਚੈਰੀਟੇਬਲ ਵੱਲੋਂ ਸਨਮਾਨਿਤ ਕਰਦੇ ਹੋਏ ਬਾਬਾ ਗੁਰਚਰਨ ਸਿੰਘ ਨੇ ਆਖਿਆ ਕਿ ਸਾਡੀ ਨੌਜਵਾਨ ਪੀੜ੍ਹੀ ਜਿਥੇ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਹੈ, ਉਥੇ ਸਾਡੇ ਸਿੱਖ ਬੱਚੇ ਸਾਡੀ ਕੌਮ ਦੇ ਆਉਣ ਵਾਲੇ ਵਾਰਿਸ ਵੀ ਹਨ, ਇਸ ਲਈ ਸਮੂਹ ਧਾਰਮਿਕ ਸੰਸਥਾਵਾਂ, ਸੰਤ ਸਮਾਜ, ਸ਼੍ਰੋਮਣੀ ਕਮੇਟੀ, ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਦੇਣ 'ਚ ਆਪਣਾ ਬਣਦਾ ਸਹਿਯੋਗ ਦੇਣ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਸਵੰਤ ਸਿੰਘ ਪੁੜੈਣ, ਮੁਲਾਜ਼ਮ ਆਗੂ ਭੁਪਿੰਦਰ ਸਿੰਘ ਬਰਾੜ, ਗੁ: ਸਾਹਿਬ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ, ਬਾਬਾ ਸੇਵਾ ਸਿੰਘ, ਕਲੱਬ ਦੇ ਪ੍ਰਧਾਨ ਕਮਲਜੀਤ ਸਿੰਘ, ਪ੍ਰਧਾਨ ਹਰਭਜਨ ਸਿੰਘ, ਸਾਬਕਾ ਪ੍ਰਧਾਨ ਮੋਹਨ ਸਿੰਘ, ਚਰਨਜੀਤ ਸਿੰਘ, ਬਲਜੀਤ ਸਿੰਘ, ਸਰਪੰਚ ਰਵਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਪ੍ਰਮਜੀਤ ਸਿੰਘ, ਜਤਿੰਦਰਪਾਲ ਸਿੰਘ ਬੱਬੀ ਮਾਨ, ਨੰਬਰਦਾਰ ਹਰਿੰਦਰ ਸਿੰਘ, ਅਜੀਤ ਸਿੰਘ, ਸੁਖਦੇਵ ਸਿੰਘ, ਸੁਖਦਿਆਲ ਸਿੰਘ ਪੰਨੂੰ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਸ਼ਰਮਾ ਜੀ ਆਦਿ ਤੋਂ ਇਲਾਵਾ ਨਗਰ ਸਲੇਮਪੁਰਾ ਸਿੱਧਵਾਂ ਬੇਟ ਦੇ ਹੋਰ ਪਤਵੰਤੇ ਸੱਜਣ ਅਤੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।

No comments:

Post a Comment